.

ਗੁਰਮਤਿ ਦੀ ਘੋਰ ਖੰਡਨਾ

ਧਿਆਨ ਰਹੇ ਕਿ, ਵਿਚਾਰ ਅਧੀਨ ਇਸ ਪੁਸਤਕ ਵਿੱਚ ਲਿਖਾਰੀ ਨੇ, ਹੇਠਾਂ ਲਿਖੀ ਕਰਤੂਤ, (ਏਸੇ ਪੁਸਤਕ ਵਿਚ) ਹੋਰ ਕਈ ਥਾਂਈਂ ਕੀਤੀ ਹੈ।
ਚੌਪਈ॥ ਗੁਰ ਨਾਨਕ ਅਸਥਾਨ ਉਦਾਰੇ। ਨਨਕਾਣਾ ਜਿਹ ਨਾਮੁ ਸੁਧਾਰੇ।
ਜੋਊ ਜਾਇ ਤਹ ਮੱਜਨੁ ਕਰੈ। ਮੁਕਤਿ ਰੂਪ ਹੁਇ ਪਾਪਨ ਹਰੈ॥ 14॥
ਤਹਾਂ ਨਿਮਾਣੀ ਮੇਲਾ ਹੋਵੈ। ਦਰਸ ਨ੍ਹਾਇ ਸੰਗਤਿ ਦੁਖ ਖੋਵੈ।
ਦੂਰ ਦੂਰ ਤੇ ਸੰਗਤਿ ਆਵੈ। ਮਨਬਾਂਛਤ ਫਲ ਨਿਸਚੈ ਪਾਵੈ॥ 15॥
ਸੰਪਾਦਕ ਸਾਹਿਬ ਦੇ ਲਿਖੇ ਹੋਏ ਹੇਠਾਂ ਟੂਕ ਵਿਚਲੇ ਅਰਥ:-ਉਦਾਰੇ=ਸ੍ਰੇਸ਼ਟ। ਸੁਦਾਰੇ=ਨਿਸਚੇ ਪੂਰਵਕ ਜਣਨਾ ਕਰੋ। ਮੱਜਨ=ਇਸ਼ਨਾਨ। ਹਰੈ=ਨਾਸ਼ ਕਰ ਲੈਂਦਾ ਹੈ। ਨਿਮਾਣੀ=ਨਿਰਜਲਾ ਏਕਾਦਸੀ ਭਾਵ 11 ਜੇਠ ਨੂੰ। ਦਰਸ=ਦਰਸ਼ਨ ਕਰਕੇ। ਨ੍ਹਾਇ=ਇਸ਼ਨਾਨ ਕਰਕੇ। ਨਿਸਚੈ=ਯਕੀਨਨ। ਇਨ੍ਹਾਂ ਦੋ ਚੌਪਈਆਂ ਵਿੱਚ ਦੋ ਪ੍ਰਕਾਰ ਦਾ ਗੁਰਮਤਿ ਵਿਰੋਧੀ ਨਿਰਮੂਲ ਭਰਮ ਪਾਇਆ ਹੋਇਆ ਹੈ।
(ੳ) ਕਿਸੇ ਥਾਂ ਨੂੰ ਬ੍ਰਾਹਮਣੀ ਅਰਥਾਂ ਵਾਲਾ ਤੀਰਥ ਮੰਨ ਕੇ ਉਥੋਂ ਦੇ ਦਰਸ਼ਨ ਇਸ਼ਨਾਨ ਨਾਲ ਹੀ. ਪਾਪਾਂ ਦਾ ਨਾਸ ਹੋ ਜਾਣ ਦੇ ਨਾਲ ਮਨ ਇਛੇ ਫਲਾਂ ਦੀ ਪ੍ਰਾਪਤੀ।
ਤੀਰਥਾਂ ਦੇ ਦਰਸ਼ਨ ਇਸ਼ਨਾਨ ਤੋਂ ਪਾਪਾਂ ਦਾ ਨਾਸ ਹੋ ਕੇ ਮਨ ਇਛੇ ਫਲ਼ਾ ਦੀ ਪ੍ਰਾਪਤ ਹੋਣ ਵਾਲੇ ਫੋਕਟ ਭਰਮ ਬਾਰੇ ਗੁਰਮਤਿ ਦਾ ਪੱਖ ਪੁਸਤਕ- “ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ” - ਦੇ ਤੀਸਰੇ ਭਾਗ ਦੇ ਚੌਥੇ ਕਾਂਡ ਵਿੱਚ ਬੜੇ ਵਿਸਥਾਰ ਨਾਲ ਲਿਖਿਆ ਹੋਇਆ ਹੈ। ਗੁਰਮਤਿ ਤੋਂ ਜਣੂ ਹੋਣ ਦਾ ਸ਼ੌਕ ਰੱਖਣ ਵਾਲੇ ਗੁਰਮਖਾਂ ਲਈ ਬੜੀਆਂ ਲਾਹੇਵੰਦ ਗੁਰਮਤਿ-ਵਿਚਰਾਂ ਹਨ। ਏਥੇ ਤੀਰਥ-ਇਸ਼ਨਾਨਾਂ ਤੋਂ ਪਾਪ ਨਾਸ ਕਰਨ ਵਾਲਿਆਂ ਭਰਮੀਆਂ ਬਾਰੇ ਕੇਵਲ ਵੰਨਗੀ ਮਾਤਰ ਗੁਰੂ ਫ਼ੁਰਮਾਨ:-
14 - ਪਾਪ ਕਰਹਿ ਪੰਚਾਂ ਕੇ ਬਸਿ ਰੇ॥ ਤੀਰਥਿ ਨਾਇ ਕਹਹਿ ਸਭਿ ਉਤਰੇ॥
ਬਹੁਰਿ ਕਮਾਵਹਿ ਹੋਇ ਨਿਸੰਕ॥ ਜਮ ਪੁਰਿ ਬਾਂਧਿ ਖਰੇ ਕਾਲੰਕ॥ 2॥ {1388}
ਅਰਥ:- (ਜਿਹੜੇ ਮਨੁੱਖ ਕਾਮਾਦਿਕ) ਪੰਜਾਂ ਦੇ ਵੱਸ ਵਿੱਚ (ਰਹਿ ਕੇ) ਪਾਪਕਰਦੇ ਰਹਿੰਦੇ ਹਨ, (ਫਿਰ ਕਿਸੇ) ਤੀਰਥ ਤੇ ਇਸ਼ਨਾਨ ਕਰ ਕੇ ਆਖਦੇ ਹਨ (-ਵਿਸ਼ਵਾਸ਼ ਬਣਾ ਲੈਂਦੇ ਹਨ ਕਿ ਸਾਡੇ) ਸਾਰੇ (ਪਾਪ) ਲਹਿ ਗਏ ਹਨ, ਉਹ ਝਾਕਾ ਲਾਹ ਕੇ ਮੁੜ ਮੁੜ (ਉਹੀ ਪਾਪ) ਕਰੀ ਜਾਂਦੇ ਹਨ (ਤੀਰਥ-ਇਸ਼ਨਾਨ ਉਹਨਾਂ ਨੂੰ (ਕਥਿਤ) ਜਮ-ਡੰਡ ਤੋਂ ਬਚਾ ਨਹੀਂ ਸਕਦਾ, ਕੀਤੇ ਪਾਪਾਂ ਦੇ ਕਾਰਨ ਉਹ ਬੰਨ੍ਹ ਕੇ ਜਮਰਾਜ ਦੇ ਦੇਸ ਵਿੱਚ ਅਫੜਾਏ ਜਾਂਦੇ ਹਨ। ਭਾਵ ਤੀਰਥ ਦਾ ਇਸ਼ਨਾਨ ਮਨੁੱਖ ਦੇ ਪਾਪਾਂ ਦਾ ਨਾਸ ਨਹੀਂ ਕਰ ਸਕੇ ਇਹ ਸਾਰਾ ਬ੍ਰਾਲਮਣੀ ਮਾਇਆਜਾਲ ਲੁੱਟ ਨੀਤੀ ਦੀ ਹੀ ਉਪਜ ਹੈ॥
ਦੂਜਾ ਫੋਕਟ ਭਰਮ-
(ਅ) ਥਿੱਤਾਂ ਵਾਰਾਂ, ਮਹੂਰਤਾਂ ਨੂੰ ਕਿਸੇ ਪੱਖੋ ਵੀ ਪਵਿੱਤਰ ਮੰਨਣਾ ਪ੍ਰੋਹਿਤਵਾਦੀ ਫੋਕਟ-ਭਰਮ ਹੀ ਹੈ। ਉਪਰੋਕਤ ਵਰਣਨ ਪੁਸਤਕ ਦੇ ਚੌਥਾ ਭਾਗ ਦੇ ਪਹਿਲੇ ਕਾਂਡ ਵਿੱਚ ਹੀ, ਲਿਖੀਆਂ ਗੁਰਮਤਿ ਵਿਚਾਰ ਸਾਰੇ ਭਰਮਾਂ ਦਾ ਨਾਸ ਕਰ ਰਹੀਆਂ ਹਨ। ਉਹੀ ਥਾਂ ਚੰਗਾ ਹੈ ਜਿਥੇ ਭਲੇ ਪੁਰਸ਼ ਬੈਠਕੇ ਨੇਕੀ ਫੈਲਾਉਣ ਦੀ ਵਿਚਾਰਾਂ ਕਰਦੇ ਹਨ, ਜਿਥੇ ਪ੍ਰਭੂ ਦੀਆਂ ਵਡਿਆਈਆਂ ਦੀ ਵਿਚਾਰਾਂ ਕੀਤੀਆਂ ਜਾਂਦੀਆਂ ਹੋਣ ਕੱਲ ਦਾ ਗੰਦਾ ਥਾਂ ਅੱਜ ਉਹੀ ਪਵਿੱਤਰ ਬਣ ਜਾਂਦਾ ਹੈ। ਪਰ ਜਿਥੇ ਪਾਪ ਕਮਾਇਆ ਜਾਣ ਦਾ ਅਡਾ ਬਣ ਜਾਵੇ ਉਹ ਵਡੇ ਤੋਂ ਵਡਾ ਪਾਵਨ ਪਵਿੱਤਰ ਮੰਨਿਆਂ ਗਿਆ ਥਾਂ ਉਜਾੜ ਬਣ ਕੇ ਰਹਿ ਜਾਂਦਾ ਹੈ; -
15- ਮੇਰੈ ਮਨਿ ਬਾਸਿਬੋ ਗੁਰ ਗੋਬਿੰਦ॥ ਜਹਾਂ ਸਿਮਰਨੁ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ॥ 1॥ ਰਹਾਉ॥ ਜਹਾਂ ਬੀਸਰੈ ਠਾਕੁਰੁ ਪਿਆਰੋ ਤਹਾਂ ਦੂਖ ਸਭ ਆਪਦ॥ ਜਹ ਗੁਨ ਗਾਇ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ॥ 1॥ ਜਹਾ ਸ੍ਰਵਨ ਹਰਿ ਕਥਾ ਨ ਸੁਨੀਐ ਤਹ ਮਹਾ ਭਇਆਨ ਉਦਿਆਨਦ॥ ਜਹਾਂ ਕੀਰਤਨੁ ਸਾਧਸੰਗਤਿ ਰਸੁ ਤਹ ਸਘਨ ਬਾਸ ਫਲਾਂਨਦ॥ 2॥ ਬਿਨੁ ਸਿਮਰਨ ਕੋਟਿ ਬਰਖ ਜੀਵੈ ਸਗਲੀ ਅਉਧ ਬ੍ਰਿਥਾਨਦ॥ ਏਕ ਨਿਮਖ ਗੋਬਿੰਦ ਭਜਨੁ ਕਰਿ ਤਉ ਸਦਾ ਸਦਾ ਜੀਵਾਨਦ॥ 3॥ ਸਰਨਿ ਸਰਨਿ ਸਰਨਿ ਪ੍ਰਭ ਪਾਵਉ ਦੀਜੈ ਸਾਧਸੰਗਤਿ ਕਿਰਪਾਨਦ॥ ਨਾਨਕ ਪੂਰਿ ਰਹਿਓ ਹੈ ਸਰਬ ਮੈ ਸਗਲ ਗੁਣਾ ਬਿਧਿ ਜਾਂਨਦ॥ 4॥ 7॥ {1204}

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
.