.

ਅਰਥ ਨਿਖਾਰ-ਪਉੜੀ ੧੬, ਵਾਰ ਮਾਝ ਕੀ ਵਾਰ ਮ: ੧

ਭਗਤਾ ਤੈ ਸੈਸਾਰੀਆ

ਜੋੜੁ ਕਦੇ ਨ ਆਇਆ (ਭਾਗ-੭)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਇਸ ਤੋਂ ਪਹਿਲੇ ਛੇ ਭਾਗ ਜ਼ਰੂਰ ਪੜ੍ਹ ਲਵੋ ਜੀ)

“ਕਲਿ ਕਾਤੀ” ਤੋਂ “ਕਲਿ ਕੀਰਤਿ” ਤੱਕ- ਹੋਰ ਤਾਂ ਹੋਰ, ਇਥੇ ਇਹ ਵਿਸ਼ਾ ਖ਼ਾਸ ਧਿਆਨ ਮੰਗਦਾ ਹੈ ਕਿ ਇਸੇ ਪਉੜੀ ਨਾਲ ਸਬੰਧਤ ਮ: ਪਹਿਲਾ ਦੇ ਵਾਲੇ ਪਹਿਲੇ ਸਲੋਕ “ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ” ਤੇ ਉਸ ਤੋਂ ਅਗਲੇ ਭਾਵ ਤੀਜੇ ਮਹਲੇ ਦੇ ਸਲੋਕ “ਮ: ੩॥” ਕਲਿ ਕੀਰਤਿ” ਪਰਗਟੁ ਚਾਨਣੁ ਸੰਸਾਰਿ॥ ਗੁਰਮੁਖਿ ਕੋਈ ਉਤਰੈ ਪਾਰਿ॥ ਜਿਸ ਨੋ ਨਦਰਿ ਕਰੇ ਤਿਸੁ ਦੇਵੈ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ॥ ੨॥” {ਪੰਨਾ ੧੪੫} ‘ਚ ਵੀ ਪਾਤਸ਼ਾਹ ਨੇ ਉਹੀ “ਕਲਿ ਕਾਤੀ” ਦੇ ਬਦਲੇ “ਕਲਿ ਕੀਰਤਿ” ਲਫ਼ਜ਼ ਵਰਤੇ ਹਨ ਪਰ ਕਿਸ ਅਰਥ ‘ਚ? ਇਹੀ ਨਹੀਂ ਉਸੇ “ਮਨ ਰੂਪ ਰਾਜੇ” ਬਾਰੇ ਫ਼ੁਰਮਾਇਆ ਹੈ ਕਿ ਸਰੀਰ ਅੰਦਰਲਾ ਉਹੀ ‘ਮਨ ਰਾਜਾ’ ਜਦੋਂ ‘ਮਨਮੁਖ’ ਤੋਂ “ਗੁਰਮੁਖਿ” ਬਣ ਜਾਂਦਾ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ਉਹੀ ‘ਮਨ ਰੂਪ ਰਾਜਾ’ ਭਾਵ ਮਨੁੱਖ ਦਾ ਮਨ ਜੋ “ਕਾਸਾਈ” ਬਣਿਆ ਹੂੰਦਾ ਹੈ ਤੇ ਜਿਸ ‘ਮਨ ਰੂਪ ਰਾਜੇ’ ਪਾਸੋਂ “ਧਰਮੁ ਪੰਖ ਕਰਿ ਉਡਰਿਆ” ਵਾਲੀ ਹਾਲਤ ਬਣੀ ਹੋਈ ਹੁੰਦੀ ਹੈ। ਹੁਣ ਇਸ ਦੇ ‘ਗੁਰਮੁਖਾਂ’ ਵਾਲੇ ਬਦਲ ਚੁੱਕੇ ਸੁਭਾਅ ਕਾਰਨ ਉਹੀ “ਮਨ ਰੂਪ ਰਾਜਾ” ਭਾਵ ਮਨ ਹੁਣ “ਰਤਨੁ ਸੋ ਲੇਵੈ” ਵਾਲੇ ਸੁਭਾਅ ਵਾਲਾ ‘ਮਨ ਰੂਪ ਰਾਜਾ’ ਬਣ ਜਾਂਦਾ ਹੈ। ਇਸੇ ਤੋਂ ਉਹੀ ਮਨੁੱਖ “ਕਲਿ ਕਾਤੀ” ਤੇ “ਕਾਸਾਈ” ਤੋਂ “ਕਲਿ ਕੀਰਤਿ” ਵਾਲੇ ਸੁਭਾਅ ਕਾਰਨ ‘ਸਫ਼ਲ ਜੀਵਨ, ਵਡਭਾਗੀ, ਸਚਿਆਰਾ ਤੇ ਸਚਮੁਚ ਪ੍ਰਭੂ ਬਗਤ’ ਬਣ ਜਾਂਦਾ ਹੈ।

“ਸਚਿ ਕਾਲੁ ਕੂੜੁ ਵਰਤਿਆ” -ਇਹੀ ਨਹੀਂ, “ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ” ਵਾਲੇ ਸਬੰਧਤ ਵਿਸ਼ੇ ਨੂੰ ਹੋਰ ਸਪਸ਼ਟ ਕਰਣ ਲਈ ਅਸੀਂ ਬਾਣੀ ‘ਆਸਾ ਕੀ ਵਾਰ’ ਕੀ ਪਉੜੀ ਯਾਰਾਂ ‘ਚੋਂ ਵੀ, ਗੁਰਦੇਵ ਰਾਹੀਂ ਬਖ਼ਸ਼ਿਆ ਇੱਕ ਸਲੋਕ ਲੈ ਰਹੇ ਹਾਂ। ਗੁਰਦੇਵ ਦਾ ਬਖ਼ਸ਼ਿਆ ਇਹ ਸਲੋਕ ਹੈ “ਸਲੋਕੁ ਮਃ ੧॥ ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ॥ ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ॥ ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ॥ ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ॥ ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ॥ ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ॥ ੧ ॥” (ਪੰ: ੪੬੮) ਤਾਂ ਤੇ ਇਸ ਸਲੋਕ ਦੇ ਮੂਲ ਅਰਥ ਪਰ ਕੁੱਝ ਲੋੜੀਂਦੀ ਵਿਆਖਿਆ ਸਹਿਤ ਇਸ ਤਰ੍ਹਾਂ ਹਨ।

ਸਲੋਕ ਦੀ ਪਹਿਲੀ ਹੀ ਪੰਕਤੀ ‘ਚ ਹੀ ਗੁਰਦੇਵ ਸਪਸ਼ਟ ਕਰਦੇ ਹਨ ਹਨ ਲੋਕਾਈ ਦੇ ਹਿਰਦੇ ‘ਚੋਂ ਕਰਤੇ ਦਾ ਨਿਰਮਲ ਭਉ ਅਥਵਾ ਸੱਚ ਧਰਮ ਦੀ ਹੋਂਦ ਹੀ ਮੁੱਕੀ ਪਈ ਹੈ।

ਉਸੇ ਦਾ ਨਤੀਜਾ ਹੈ ਕਿ ਸਾਰੇ ਪਾਸੇ ਕੂੜ ਦੀ ਕਾਲਖ ਛਾਈ ਪਈ ਹੈ। ਇਸ ਕੂੜ ਦੇ ਹਨੇਰੇ ‘ਚ ਲੋਕਾਈ ਬੇਤਾਲ ਹੋਈ ਨੱਚ ਰਹੀ ਹੈ। ਭਾਵ ਮਨੁੱਖ ਸੰਸਾਰਕ ਖਿੱਚਾਂ ਤੇ ਮੋਹ ਮਾਇਆ, ਵਿਕਾਰਾਂ ‘ਚ ਪੂਰੀ ਤਰ੍ਹਾਂ ਡੁੱਬਾ ਪਿਆ ਹੈ। ਲੋਕਾਂ ਦੇ ਜੀਵਨ ‘ਚ ਸੰਸਾਰਕ ਪਦਾਰਥਾਂ ਦਾ ਮੋਹ ਤੇ ਮਮਤਾ ਹੀ ਪ੍ਰਬਲ ਹੈ ਜਦਕਿ ਲੋਕਾਈ ਦੇ ਮਨਾਂ ਅੰਦਰੋਂ ਸਿਰਜਣਹਾਰ ਨਾਲ ਸਾਂਝ ਪਾਉਣ ਵਾਲਾ ਖਿਆਲ ਹੀ ਮੁੱਕਾ ਪਿਆ ਹੈ।

ਕਰਤੇ ਨੂੰ ਵਿਸਾਰ ਕੇ ਮਾਇਕ ਅਗਿਆਨਤਾ ਦੇ ਹਨੇਰੇ ‘ਚ ਲੋਕ ਮਾਨੋ ਭੂਤਨੇ ਬਣੇ ਪਏ ਹਨ। ਇਸ ਤਰ੍ਹਾਂ ਦੁਰਲਭ ਮਨੁੱਖਾ ਜਨਮ ਪ੍ਰਾਪਤ ਹੋ ਜਾਣ ਤੋਂ ਬਾਅਦ ਵੀ ਮਨੁੱਖ ਇਸ ਜਨਮ ਦੇ ਬਹੁਮੁਲੇ ਮਕਸਦ ਤੋਂ ਅਨਜਾਣ ਹੈ। ਇਸੇ ਅਗਿਆਨਤਾ ਕਾਰਨ, ਕੁਰਾਹੇ ਪਿਆ ਮਨੁੱਖ ਆਪਣੇ ਅਮੁੱਲੇ ਮਨੁੱਖਾ ਜਨਮ ਨੂੰ ਵੀ ਬਰਬਾਦ ਕਰ ਰਿਹਾ ਹੈ)

ਜਿਨ੍ਹਾਂ ਗੁਰਮੁਖਾਂ ਨੇ ਆਪਣੇ ਹਿਰਦਿਆਂ ‘ਚ ਹਰੀ ਦੇ ਦ੍ਰਿੜ੍ਹ ਵਿਸ਼ਵਾਸ ਵਾਲਾ ਬੀਜ ਬੀਜਿਆ ਹੈ, ਉਹ ਜਗਤ ਤੋਂ ਸ਼ੋਭਾ ਖੱਟ ਕੇ ਜਾਂਦੇ ਹਨ। ਪਰ ਅਗਿਆਨਤਾ ਦੇ ਇਸ ਦੌਰ ‘ਚ ਲੋਕਾਂ ਨੇ ਆਪਣੇ ਮਨ ਰੂਪੀ ਬੀਜ ਨੂੰ ਹੀ ਦਾਲ ਬਣਾ ਰਖਿਆ ਹੈ। ਇਨ੍ਹਾਂ ਦੇ ਮਨ ਅੰਦਰ ਕਰਤੇ ਦੀ ਕਰਨੀ ਬਾਰੇ “ਏ ਮਨ ਹਰਿ ਜੀ ਧਿਆਇ ਤੂ ਇੱਕ ਮਨਿ ਇੱਕ ਚਿਤਿ ਭਾਇ” (ਪੰ: ੬੫੪) ਅਥਵਾ “ਜਿਨਾ ਇੱਕ ਮਨਿ ਇੱਕ ਚਿਤਿ ਧਿਆਇਆ” (ਪੰ: ੧੪੨੩) ਵਾਲੀ ਅਵਸਥਾ ਨਹੀਂ ਬਣ ਪਾ ਰਹੀ ਜਿਸ ਤੋਂ ਇਹ ਲੋਕ ਜੀਵਨ ਭਰ ਦੁਚਿੱਤੀ ‘ਚ ਪਏ ਹੀ ਆਪਣੇ ਅਮੁੱਲੇ ਜਨਮ ਨੂੰ ਬਿਰਥਾ ਕਰ ਕੇ ਜਾਂਦੇ ਹਨ।

ਠੀਕ ਉਸੇ ਤਰ੍ਹਾਂ ਜਿਵੇਂ ਗੁਰਦੇਵ ਇਸ ਸਲੋਕ ‘ਚ ਵੀ ਫ਼ੁਰਮਾਉਂਦੇ ਹਨ “ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥ ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ” ਇਸ ਤੋਂ ਅਗਲੇ ਸਲੋਕ “…. ਜਿਸ ਨੋ ਨਦਰਿ ਕਰੇ ਤਿਸੁ ਦੇਵੈ॥ ਨਾਨਕ ਗੁਰਮੁਖਿ ਰਤਨੁ ਸੋ ਲੇਵ” ਵਿਚਲੇ ਅਰਥਾਂ ਤੇ ਉਸ ਦੇ ਸਿਧਾਂਤਕ ਭਾਵ ਨੂੰ ਸਮਝਣ ਤੋਂ ਬਾਅਦ “ਸਚਿ ਕਾਲੁ ਕੂੜੁ ਵਰਤਿਆ” ਵਾਲੇ ਸਲੋਕ ਦੇ ਬਾਕੀ ਅਰਥ ਭਾਵਾਂ ਨੂੰ ਵੀ ਦੇਖਾਂਗੇ। ਇਥੇ ਗੁਰਦੇਵ ਫ਼ੁਰਮਾਅ ਰਹੇ ਹਨ:-

“ਉਸੇ ਤਰ੍ਹਾਂ ਜਿਵੇਂ ਬੀਜ ਦੋ-ਫਾੜ ਹੋ ਜਾਏ ਤਾਂ ਉੱਗ ਨਹੀਂ ਸਕਦਾ। ਇਸੇ ਤਰ੍ਹਾਂ ਦੁਚਿੱਤੇਪਣ ਕਾਰਨ, ਮਨੁੱਖ ਦਾ ਮਨ ਵੀ ਕਰਤੇ ਦੀ ਸਿਫ਼ਤ ਸਲਾਹ (ਨਾਮ) ‘ਚ ਨਹੀਂ ਪਤੀਜਦਾ ਅਤੇ ਇਸ ਦਾ ਇਹ ਮਨੁੱਖਾ ਜਨਮ ਵੀ ਵਿਅਰਥ ਹੀ ਚਲਾ ਜਾਂਦਾ ਹੈ)। ਦਰਅਸਲ, ਬੀਜ ਉੱਗਦਾ ਹੀ ਓਦੋਂ ਹੈ, ਜਦੋਂ ਸਾਬਤ ਹੋਵੇ ਤੇ ਬੀਜਣ ਦੀ ਰੁੱਤ ਵੀ ਫੱਬਵੀਂ ਹੋਵੇ। ਇਸੇ ਤਰ੍ਹਾਂ ਰੱਬ ਨਾਲ ਸਾਂਝ ਵੀ ਤਾਂ ਹੀ ਬਣ ਸਕਦੀ ਹੈ ਜੇਕਰ ਕਰਤੇ ਦੀਆਂ ਦਾਤਾਂ-ਬਖਸ਼ਿਸ਼ਾਂ ਬਾਰੇ ਮਨੁੱਖ ਦੇ ਮਨ ‘ਚ ਜਾਗ੍ਰਤੀ ਹੋਵੇ; ਮਨ ਰੱਬ ਦੇ ਰੰਗ ‘ਚ ਰੰਙਿਆ ਹੋਵੇ। ਦੂਜਾ, ਇਹ ਵੀ ਕਿ ਜਿਵੇਂ ਬੀਜ ਲਈ ਫੱਬਵੀਂ ਰੁੱਤ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਅਨੇਕਾਂ ਜੂਨਾਂ ‘ਚੋਂ ਮਨੁੱਖਾ ਜਨਮ (ਜੂਨੀ) ਹੀ ਪ੍ਰਭੂ ਮਿਲਾਪ ਲਈ ਵਿਸ਼ੇਸ਼ ਰੁੱਤ ਹੁੰਦੀ ਹੈ)

ਇਸ ਤੋਂ ਅੱਗੇ ਕੱਪੜੇ ਰੰਙਣ ਦੀ ਮਿਸਾਲ ਦੇ ਕੇ ਗੁਰਦੇਵ ਵਿਸ਼ੇ ਨੂੰ ਹੋਰ ਸਪਸ਼ਟ ਕਰਦੇ ਹਨ। ਫ਼ੁਰਮਾਉਂਦੇ ਹਨ ਜੇ ਕਰ ਰੰਙਣ ਲਈ ਕਪੜਾ ਤਾਂ ਹੈ ਭਾਵ ਅਨੰਤ ਜੂਨਾਂ ‘ਚੋਂ ਜੀਵ ਕੋਲ ਮਨੁੱਖਾ ਜਨਮ ਤਾਂ ਹੈ ਪਰ ਫ਼ਿਰ ਵੀ ਜੇਕਰ ਲਾਗ ਨ ਵਰਤੀ ਗਈ ਤਾਂ ਵੀ ਕੱਪੜੇ ਨੂੰ ਰੰਗ ਨਹੀਂ ਚੜ੍ਹੇਗਾ। ਜਿਹੜਾ ਰੰਙ ਕਿ ਪਾਂ ਲਗਾਉਣ ਤੋਂ ਬਾਅਦ ਹੀ ਚੜ੍ਹਣਾ ਹੁੰਦਾ ਹੈ। ਇਸ ਤਰ੍ਹਾਂ ਜ਼ਰੂਰੀ ਹੈ ਜੇਕਰ ਇਸ ਮਨੁੱਖਾ ਜਨਮ ਨੂੰ ਵੀ ਪ੍ਰਭੂ ਦੇ ਸੋਹਣੇ ਰੰਗ ‘ਚ ਰੰਙਣਾ ਹੋਵੇ, ਤਾਂ ਇਸ ਮਨ ਨੂੰ ਪ੍ਰਭੂ ਦੀ ਸਿਫ਼ਤ ਸਲਾਹ ਵਾਲੀ ਪਾਂ ਲਗਾਈ ਜਾਏ ਭਾਵ ਆਦਤ ਪਾਈ ਜਾਏ।

ਫ਼ਿਰ ਇਸ ਆਦਤ ਨੂੰ ਪ੍ਰਭੂ ਰੰਗ ਦੀ ਖੁੰਬ ਰੂਪ ਭੱਠੀ ‘ਤੇ ਚੜ੍ਹਾਇਆ ਜਾਏ। ਪ੍ਰਭੂ ਗੁਣਾਂ ਨਾਲ ਇਸ ਮਨੁੱਖਾ ਜੀਵਨ ਨੂੰ ਰੰਙਿਆ ਜਾਏ। ਕਰਤਾਰ ਦੀ ਹਰੇਕ ਬਖਸ਼ਿਸ਼ ਤੇ ਦੇਣ ‘ਚੋਂ ਉਸ ਦੀਆਂ ਦਾਤਾਂ ਰਾਹੀਂ, ਦਾਤੇ ਦੇ ਦਰਸ਼ਨਾਂ ਲਈ ਅਭਿਆਸ ਕੀਤਾ ਜਾਏ। ਇਸ ਤਰ੍ਹਾਂ ਕਰਤੇ ਦੀ ਬੇਅੰਤਤਾ ਤੇ ਦਾਤਾਂ ਵੱਲੋਂ ਜਾਗ੍ਰਿਤ ਹੋ ਕੇ ਵਿਸਮਾਦ ‘ਚ ਪੁੱਜ ਚੁੱਕਾ ਮਨੁੱਖ ਦਾ ਮਨ, ਵਾਪਿਸ ਸੰਸਾਰ ਦੇ ਕੱਚੇ ਰਸਾਂ ‘ਚ ਨਹੀਂ ਡੁੱਬੇਗਾ, ਖੱਚਤ ਨਹੀਂ ਹੋਏਗਾ। ਅਜਿਹੇ ਜੀਵਨ ‘ਚ ਪ੍ਰਭੂ ਦੀਆਂ ਦਾਤਾਂ ਬਾਰੇ ਆ ਚੁੱਕੀ ਜਾਗ੍ਰਿਤੀ ਹੀ ਮਨੁੱਖ ਲਈ ਪ੍ਰਭੂ ਮਿਲਾਪ ਦਾ ਕਾਰਨ ਬਣ ਜਾਏਗੀ।

ਇਸ ਤੋਂ ਪਹਿਲਾਂ ਇਹ ਵੀ ਜ਼ਰੂਰੀ ਹੈ ਜਿਵੇਂ ਕੱਪੜੇ ਨੂੰ ਖੁੰਬ ‘ਤੇ ਚੜ੍ਹਾਉਣ ਤੋਂ ਪਹਿਲਾਂ ਉਸ ਦੀ ‘ਕੋਰ’ ਕੱਢਣੀ ਹੁੰਦੀ ਹੈ, ਨਹੀਂ ਤਾਂ ਕੱਪੜਾ ਰੰਗ ਨੂੰ ਵੀ ਨਹੀਂ ਪਕੜਦਾ। ਇਸੇ ਤਰ੍ਹਾਂ ਮਨੁੱਖੀ ਮਨ ਨੂੰ ਪ੍ਰਭੂ ਦੇ ਰੰਗ ‘ਚ ਰੰਙਣ ਲਈ ਵੀ ਪਹਿਲਾਂ ਇਸ ਮਨ ਦੀ ਕੋਰ ਨੂੰ ਵੀ ਕੱਢਣਾ ਹੁੰਦਾ ਹੈ। ਭਾਵ ਇਸ ਮਨ ਨੂੰ ਕਰਤਾਰ ਦੇ ਨਿਰਮਲ ਭਉ ਤੇ ਦ੍ਰਿੜ੍ਹ ਵਿਸ਼ਵਾਸ ‘ਚ ਲਿਆਉਣਾ ਹੁੰਦਾ ਹੈ। ਇਸ ਚੋਂ ਪੁਰਾਣੇ ਬੇਅੰਤ ਇਸ਼ਟਾਂ ਵਾਲੇ ਵਿਸ਼ਵਾਸਾਂ ਤੇ ਕਰਮ ਕਾਂਡਾ ਵਾਲੇ ਕੋੜ੍ਹ ਨੂੰ ਕਢਣਾ ਹੁੰਦਾ ਹੈ। ਭਾਵ ਮਨ ਨੂੰ ਦ੍ਰਿੜ ਵਿਸ਼ਵਾਸ ‘ਚ ਲਿਆਉਣਾ ਹੈ ਕਿ ਕਰਤਾਰ ਤੋਂ ਬਿਨਾ ਮਨੁੱਖ ਦੀ ਆਪਣੀ ਕੁੱਝ ਹਸਤੀ ਨਹੀਂ। ਕਿਉਂਕਿ ਇੱਕ ਕਾਦਿਰ ਤੋਂ ਬਿਨਾ, ਭਿੰਨ ਭਿੰਨ ਦੀ ਟੇਕ, ਹੀ ਮਨੁੱਖ ਜੀਵਨ ਨੂੰ ਤਬਾਹ ਤੇ ਬਿਰਥਾ ਕਰਣ ਦ ਮੁੱਖ ਕਾਰਨ ਹੁੰਦੀ ਹੈ।

ਇਸ ਤਰ੍ਹਾਂ ਗੁਰਦੇਵ ਪੱਕਾ ਕਰਦੇ ਹਨ, ਇਸ ਤਰੀਕੇ ਪ੍ਰਭੂ ਦੇ ਰੰਗ ‘ਚ ਰੰਙੇ ਜਾ ਚੁੱਕੇ ਮਨ ‘ਤੇ, ਫ਼ਿਰ ਸੰਸਾਰਕ ਮੋਹ ਮਾਇਆ-ਛਲਾਂ-ਖਿੱਚਾਂ-ਛਲਾਵੇ ਆਪਣਾ ਮਾੜਾ ਪ੍ਰਭਾਵ ਨਹੀਂ ਪਾ ਸਕਣਗੀਆਂ। ਭਾਵ, ਇੱਕ ਵਾਰੀ ਪ੍ਰਭੂ ਰੰਗ ‘ਚ ਰੰਙੇ ਜਾ ਚੁੱਕੇ ਮਨ ਲਈ, ਪ੍ਰਭੂ ਦੀਆਂ ਬੇਅੰਤ ਦਾਤਾਂ ਹੀ, ਮਨੁੱਖ ਲਈ ਪ੍ਰਭੂ ਮਿਲਾਪ ਦਾ ਸਾਧਨ ਬਣ ਜਾਣਗੀਆਂ। ੧।

“ਸਚਿ ਕਾਲੁ ਕੂੜੁ ਵਰਤਿਆ” ਅਤੇ “ਕਲਿ ਕਾਤੀ ਰਾਜੇ ਕਾਸਾਈ” - ਇਸ ਤਰ੍ਹਾਂ “ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ॥ ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ” ਉਪ੍ਰੰਤ ਵਿਚਾਰ ਅਧੀਨ ਪਉੜੀ ੧੬ ਨਾਲ ਸਬੰਧਤ ਸਲੋਕ “ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ” ਤੇ ਇਸ ਤੋਂ ਅਗਲਾ ਸਲੋਕ “ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ” ਜੇਕਰ ਇਨ੍ਹਾਂ ਸਲੋਕਾਂ ਦੇ ਮੂਲ ਅਰਥਾਂ ਨੂੰ ਗਹਿਰਾਈ ਤੋਂ ਘੋਖਿਆ ਜਾਏ ਤਾਂ ਸਪਸ਼ਟ ਹੁੰਦੇ ਦੇਰ ਨਹੀਂ ਲਗੇਗੀ ਕਿ ਵਿਚਾਰ ਅਧੀਨ ਪਉੜੀ ਨੰ: ੧੬ ਦੇ ਇਨ੍ਹਾਂ ਦੋਨਾਂ ਸਲੋਕਾਂ ਵਿਚਕਾਰ ਕੇਵਲ ਸ਼ਬਦਾਵਲੀ ਦਾ ਹੀ ਅੰਤਰ ਹੈ ਜਦਕਿ ਸਿਧਾਂਤਕ ਪੱਖੋਂ ਦੋਨਾਂ ਸਲੋਕਾਂ ਦੇ ਅਰਥਾਂ ‘ਚ ਉੱਕਾ ਫ਼ਰਕ ਨਹੀਂ ਮਿਲੇਗਾ।

ਖਾਸ ਤੌਰ ‘ਤੇ ਇਥੇ ਦੋਨਾਂ ਪਾਸਿਆਂ ਦੇ ਇਨ੍ਹਾਂ ਸਲੋਕਾਂ ‘ਚ ਦੇਖਣ ਦੀ ਗੱਲ ਇਹ ਹੈ ਕਿ ਦੋਵੇਂ ਪਾਸੇ ਮੂਲ ਵਿਸ਼ਾ ਤੇ ਗੁਰਮੱਤ ਦਾ ਸਿਧਾਂਤ ਇਕੋ ਹੀ ਚੱਲ ਰਿਹਾ ਹੈ। ਉਪ੍ਰੰਤ ਇਹ ਵਿਸ਼ਾ ਹੈ ਕਿ ਅਕਾਲ ਪੁਰਖ ਤਾਂ ਜੀਵ ਨੂੰ ਅਰਬਾਂ ਖਰਬਾਂ ਜੂਨਾਂ ‘ਚੋਂ ਕੱਢ ਕੇ ਜੀਵ ਨੂੰ ਮਨੁੱਖਾ ਜਨਮ ਵਾਲਾ ਅਵਸਰ ਤੇ ਵਾਰੀ ਬਖ਼ਸ਼ੀ ਹੁੰਦੀ ਹੈ। ਕਰਤਾ ਪੁਰਖ, ਜੀਵ ਨੂੰ ਮਨੁੱਖਾ ਜੂਨ ਵਾਲਾ ਇਹ ਅਵਸਰ ਇਸ ਲਈ ਬਖ਼ਸ਼ਦਾ ਹੈ ਤਾ ਕਿ ਜੀਵ ਇਸ ਦਾ ਲਾਭ ਲੈ ਕੇ ਆਪਣੇ ਜੀਵਨ ਨੂੰ ਸਫ਼ਲਾ ਕਰੇ। ਇਸ ਤਰ੍ਹਾਂ ਇਹ ਜਨਮ ਮਰਨ ਦੇ ਗੇੜ ਚੋਂ ਛੁਟਕਾਰਾ ਪਾਵੇ। ਇਸ ਤੋਂ ਇਹ ਆਪਣੇ ਇਸ ਜਨਮ ਨੂੰ ਵੀ ਸੁਆਦਲਾ, ਰਸੀਲਾ, ਅਨੰਦਮਈ, ਟਿਕਾਅ ਵਾਲਾ, ਚਿੰਤਾ-ਭਟਕਣਾ ਰਹਿਤ ਤੇ ਸੰਤੋਖੀ ਬਣਾ ਕੇ ਜੀਏ। ਉਪ੍ਰੰਤ ਸਰੀਰ ਦੇ ਬਿਨਸਨ ਬਾਅਦ ਵੀ, ਆਪਣੇ ਅਸਲੇ ਪ੍ਰਭੂ ‘ਚ ਅਭੇਦ ਹੋ ਜਾਏ, ਇਸ ਨੂੰ ਮੁੜ ਜਨਮ ਮਰਨ ਦੇ ਗੇੜ ‘ਚ ਨਾ ਪੈਣਾ ਪਵੇ।

ਜਦਕਿ ਇਤਨਾ ਹੋ ਜਾਣ ਦੇ ਬਾਵਜੂਦ, ਬਹੁਤਾ ਕਰਕੇ ਮਨੁੱਖ ਦੀ ਹਾਲਤ “ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥ ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ” ਅਥਵਾ “ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ” ਵਾਲੀ ਹੀ ਬਣੀ ਰਹਿੰਦੀ ਹੈ। ਸਪਸ਼ਟ ਹੈ ਕਿ ਜੀਵ ਇਸ ਵਿਸ਼ੇਸ਼ ਅਵਸਰ ਦਾ ਵੀ ਲਾਭ ਨਹੀਂ ਲੈਂਦਾ ਤੇ ਮੁੜ ਜੂਨਾਂ, ਜਨਮਾਂ, ਗਰਭਾਂ ਦੇ ਗੇੜ ‘ਚ ਹੀ ਪੈਂਦਾ ਹੈ। “ਢਾਕ ਤੇ ਤੀਨ ਪਾਤ” ਦੀ ਤਰ੍ਹਾਂ ਇਹ ਇਸ ਅਮੁੱਲੇ ਜਨਮ ਨੂੰ ਪਾ ਕੇ ਵੀ ਇਸ ਦੀ ਪਛਾਣ ਨਹੀਂ ਕਰਦਾ। ਇਸ ਦੀ ਜੀਵਨ ਪੱਖੋਂ ਸਫ਼ਲਤਾ ਦਾ ਨਤੀਜਾ “ਗੁਰਮੁਖਿ ਕੋਈ ਉਤਰੈ ਪਾਰਿ” ਵਾਲਾ ਹੀ ਰਹਿੰਦਾ ਹੈ। ਸਪਸ਼ਟ ਹੈ ਇਥੇ ਵੀ “ਕੋਈ” ਭਾਵ ਵਿਰਲੇ ਹੀ ਇਸ ਅਵਸਰ ਦਾ ਲਾਭ ਲੈਂਦੇ ਹਨ, ਜਦਕਿ ਬਾਕੀ ਪੂਰਾਂ ਦੇ ਪੂਰ ਤਾਂ ਇਸ ਪ੍ਰਾਪਤ ਵਿਸ਼ੇਸ਼ ਅਵਸਰ ਦਾ ਲਾਭ ਵੀ ਨਹੀਂ ਲੈਂਦੇ।

“ਤੂ ਕਰਤਾ ਆਪਿ ਅਭੁਲੁ ਹੈ” - ਇਸ ਤੋਂ ਬਾਅਦ ਅਸੀਂ ਮੁੜਦੇ ਹਾਂ ਆਪਣੇ ਮੂਲ ਵਿਸ਼ੇ “ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ” ਵੱਲ। ਸ਼ੱਕ ਨਹੀਂ ਹੁਣ ਤੱਕ ਇਸ ਗੁਰਮੱਤ ਪਾਠ ਦੇ ਮੂਲ ਵਿਸ਼ੇ ਭਾਵ ਗੁਰਬਾਣੀ ਅਨੁਸਾਰ ‘ਭਗਤ’ ਕੋਣ ਹਨ ਤੇ ‘ਸੰਸਾਰੀ’ ਕੌਣ? ਇਸ ਵਿਸ਼ੇ ‘ਤੇ ਹੁਣ ਤੱਕ ਕਾਫ਼ੀ ਖੁੱਲੀ ਵਿਚਾਰ ਕਰ ਚੁੱਕੇ ਹਾਂ। ਇਹ ਵੀ ਕਿ ਸਨਾਤਨੀ ਪ੍ਰਭਾਵਾਂ ਅਥਵਾ ਬ੍ਰਾਹਮਣ ਮੱਤ ਅਨੁਸਾਰ, ਹਜ਼ਾਰਾਂ ਸਾਲਾਂ ਤੋਂ ਜਿਨ੍ਹਾਂ ਨੂੰ ‘ਭਗਤ, ਧਰਮੀ’ ਆਦਿ ਕਿਹਾ ਜਾਂਦਾ ਹੈ, ਗੁਰਬਾਣੀ ਅਨੁਸਾਰ ਉਹ ‘ਭਗਤ’ ਅਥਵਾ ‘ਧਰਮੀ’ ਨਹੀਂ ਹਨ। ਇਹ ਵੀ ਕਿ ਸਨਾਤਨੀ ਅਥਵਾ ਬ੍ਰਾਹਮਣੀ ਵਿਸ਼ਵਾਸਾਂ ਅਨੁਸਾਰ ਜਿਨ੍ਹਾਂ ਨੂੰ ‘ਸੰਸਾਰੀ’ ਕਿਹਾ ਤੇ ਮੰਨਿਆਂ ਜਾਂਦਾ ਹੈ, ਗੁਰਬਾਣੀ ਅਨੁਸਾਰ ਉਹ ਸੰਸਾਰੀ ਵੀ ਨਹੀਂ ਹਨ।

ਇਹ ਵੀ ਕਿ ਗੁਰਬਾਣੀ ਅਥਵਾ ਗੁਰਮੱਤ ਅਨੁਸਾਰ ‘ਭਗਤਾਂ’ ਤੇ ‘ਸੰਸਾਰੀਆਂ’ ਦੀ ਪ੍ਰੀਭਾਸ਼ਾ ਨਿਤਾਂਤ ਭਿੰਨ ਹੈ। ਇਸ ਤੋਂ ਬਾਅਦ ਇਹ ਵੀ ਕਿ ‘ਭਗਤਾਂ’ ਤੇ ‘ਸੰਸਾਰੀਆਂ’ ਸਬੰਧੀ ਗੁਰਬਾਣੀ ਆਧਾਰਤ ਪ੍ਰੀਭਾਸ਼ਾ ਜੋ ਕਿ ਬਿਲਕੁਲ ਨਿਵੇਕਲੀ ਹੈ ਉਸ ਨੂੰ ਸਮਝਣ ਲਈ ਵੀ ਗੁਰਬਾਣੀ ਅਰਥ, ਬੋਧ, ਸਿਧਾਂਤ ਦੀ ਸੋਝੀ ਦਾ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ ਫ਼ਿਰ ਇਹ ਵੀ ਚੰਗੀ ਤਰ੍ਹਾਂ ਦੇਖ ਚੁੱਕੇ ਹਾਂ ਕਿ ਗੁਰਬਾਣੀ ਅਨੁਸਾਰ ਇਨ੍ਹਾਂ ਦੋਨਾਂ ਭਾਵ ‘ਭਗਤਾਂ’ ਤੇ ‘ਸੰਸਾਰੀਆਂ’ ਦੇ ਜੀਵਨ, ਸੋਚਣੀ, ਰਹਿਣੀ ਆਦਿ ਵਿਚਕਾਰ ਇਹ ਫ਼ੁਰਮਾਇਆ ਹੈ ਕਿ “ਜੋੜੁ ਕਦੇ ਨ ਆਇਆ” ਤਾਂ ਫ਼ਿਰ ਇਹ ਜੋੜ ਕਿਉਂ ਨਹੀਂ ਤੇ ਰਕ ਕਿੱਥੇ ਹੈ?

ਇਸ ਲਈ ਕੇਵਲ ਵਿਸ਼ੇ ਨੂੰ ਤਾਜ਼ਾ ਕਰਣ ਲਈ ਅੰਤ ‘ਚ ਗੁਰਬਾਣੀ ਆਧਾਰਤ ‘ਭਗਤਾਂ’ ਤੇ ‘ਸੰਸਾਰੀਆਂ’ ਬਾਰੇ ਅਤਿ ਸੰਖੇਪ ਪਰ ਵੱਖ ਵੱਖ ਝਾਤ ਇਸ ਤਰ੍ਹਾਂ ਹੈ:-

ਗੁਰਮੱਤ ਤੇ ਗੁਰਬਾਣੀ ਅਨੁਸਾਰ ਜਿਨ੍ਹਾਂ ਨੂੰ ‘ਭਗਤ’ ਕਿਹਾ ਗਿਆ ਹੈ ਉਨ੍ਹਾਂ ਨੂੰ ਹੀ ਗੁਰਮੁਖ, ਸਚਿਆਰੇ, ਵਡਭਾਗੀ ਤੇ ਜੀਵਨ ਮੁਕਤ ਆਦਿ ਲਫ਼ਜ਼ਾਂ ਨਾਲ ਵੀ ਸਪਸ਼ਟ ਕੀਤਾ ਹੈ। ਉਪ੍ਰੰਤ ਜਿਨ੍ਹਾਂ ਨੂੰ ਗੁਰਮੱਤ ਤੇ ਗੁਰਬਾਣੀ ਮੁਤਾਬਿਕ ‘ਸੰਸਾਰੀ’ ਕਿਹਾ ਹੈ ਉਨ੍ਹਾਂ ਨੂੰ ਹੀ ਮਨਮੁਖ, ਕੂੜਿਆਰ, ਦੁਨੀਦਾਰ, ਕਰਮਕਾਂਡੀ, ਮਾਇਆਧਾਰੀ ਆਦਿ ਲਫ਼ਜ਼ਾਂ ਨਾਲ ਉਜਾਗਰ ਕੀਤਾ ਹੈ।

ਇਹੀ ਨਹੀਂ, ਗੁਰਮੱਤ ਅਨੁਸਾਰ ‘ਭਗਤ’ ਹੋਣ ਜਾਂ ‘ਸੰਸਾਰੀ’ -ਸੰਸਾਰ ਤਲ ‘ਤੇ ਦੋਵੇਂ ਹੀ ਗ੍ਰਿਹਸਤੀ, ਬਾਲ ਬੱਚੇ ਦਾਰ, ਆਪਣਾ-ਆਪਣਾ ਕਾਰ ਵਿਹਾਰ ਕਰਣ ਵਾਲੇ, ਪ੍ਰਵਾਰਿਕ, ਸਮਾਜਿਕ ਭਾਵੇਂ ਰਾਜਨੀਤਕ ਭਾਵ ਸੰਸਾਰ ਤਲ ‘ਤੇ ਸਾਰੀਆਂ ਜ਼ਿਮੇਵਾਰੀਆਂ ਵੀ ਨਿਭਾਉਂਦੇ ਹਨ। ਇਸ ਤਰ੍ਹਾਂ ਗੁਰਮੱਤ ਅਨੁਸਾਰ ਇਹ ਦੋਵੇਂ ‘ਭਗਤ’ ਹੋਣ ਭਾਵੇਂ ‘ਸੰਸਾਰੀ’ ਜ਼ਾਹਿਰਾ ਇਕੋ ਜਿਹੇ ਜੀਵਨ ਹੀ ਬਤੀਤ ਕਰ ਰਹੇ ਹੁੰਦੇ ਹਨ। ਇਥੋਂ ਤੱਕ ਕਿ ਉਨ੍ਹਾਂ ਦੇ ਪਹਿਰਾਵਿਆਂ ‘ਚ ਵੀ ਵਿਸ਼ੇਸ਼ ਅੰਤਰ ਨਹੀਂ ਹੁੰਦਾ, ਫ਼ਰਕ ਹੁੰਦਾ ਹੈ ਸੁਭਾਅ ਤਲ ਦਾ।

ਫ਼ਿਰ ਵੀ ਕਿ ਇਨ੍ਹਾਂ ‘ਭਗਤਾਂ’ ਭਾਵ ‘ਗੁਰਮੁਖਾਂ’ ‘ਚੋਂ ਜਿਹੜੇ ਕੇਵਲ ਤੇ ਕੇਵਲ ਪੂਰਣਤਾ ਧਰਮ ਅਥਵਾ ਗੁਰਮੱਤ ਪ੍ਰਚਾਰ ਨੂੰ ਸਮ੍ਰਪਤ ਹੁੰਦੇ ਹਨ ਉਨ੍ਹਾਂ ਦੀ ਆਜੀਵਕਾ ਦੇ ਢੰਗ ‘ਚ ਰਕ ਆ ਜਾਣਾ ਵੀ ਕੁਦਰਤੀ ਹੈ। ਮਿਸਾਲ ਵੱਜੋਂ ਜਿਹੜੀਆਂ ਬੀਬੀਆਂ ਜਾਂ ਵੀਰ ਕਿਸੇ ਧਰਮ ਸਥਾਨ ਅਥਵਾ ਗੁਰਦੁਆਰੇ ਆਦਿ ‘ਚ ਭਾਈ-ਗ੍ਰੰਥੀ ਸਾਹਿਬਾਨ ਆਦਿ ਵੱਜੋਂ, ਦਿਨ ਰਾਤ ਤੇ ਤਨੋ ਮਨੋ ਸੇਵਾ ਨਿਭਾਅ ਰਹੇ ਹੋਣ ਜਾਂ ਜਿਹੜੇ ਬੀਬੀਆਂ ਜਾਂ ਵੀਰ ਪੂਰਣ ਸਮ੍ਰਪਿਤ ਭਾਵਨਾ ਨਾਲ ਗੁਰਮੱਤ ਪ੍ਰਚਾਰ ਦੇ ਖੇਤ੍ਰ ‘ਚ ਬਲਕਿ ਦੇਸ਼ ਵਿਦੇਸ਼ ‘ਚ ਵੀ ਵਿਚਰਦੇ ਹੋਣ, ਉਨ੍ਹਂਾਂ ਦੀਆਂ ਆਪਣੀਆਂ ਗ੍ਰਿਹਸਤ ਤੇ ਪ੍ਰਵਾਰਕ ਜ਼ਿਮੇਵਾਰੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਨੂੰ ਤਾਂ ਉਨ੍ਹਾਂ ਨੇ ਵੀ ਨਿਭਾਉਣਾ ਹੈ। ਇਸ ਲਈ ਅਜਿਹੇ ਸੱਜਨਾਂ ਦੀ ਆਜੀਵਕਾ ਦਾ ਗੁਰੂ ਕੀਆਂ ਸੰਗਤਾਂ ‘ਤੇ ਆਧਾਰਤ ਹੋਣਾ ਕੁਦਰਤੀ ਹੈ। ਜਦਕਿ ਇਹ ਵੀ ਉਦੋਂ ਤੱਕ, ਜਦੋਂ ਤੱਕ, ਉਨ੍ਹਾਂ ਦਾ ਕਿੱਤਾ ਹੀ ਕਿਸੇ ਧਰਮ ਸਥਾਨ, ਗੁਰਦੁਆਰੇ ਆਦਿ ਦੀ ਸੇਵਾ ਸੰਭਾਲ ਜਾਂ ਤਨੋ ਮਨੋ ਸਮ੍ਰਪਿਤ ਭਾਵਨਾ ਨਾਲ ਗੁਰਮੱਤ ਦਾ ਪ੍ਰਚਾਰ ਹੀ ਹੋਵੇ।

ਫ਼ਰਕ ਕਿਥੋਂ ਤੇ ਬੇਜੋੜ ਕਿੱਥੋਂ? - ਫ਼ਿਰ ਮੂਲ ਵਿਸ਼ਾ ਵੀ ਇਹੀ ਚੱਲ ਰਿਹਾ ਹੈ ਕਿ “ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ”। ਇਸ ਲਈ ਹੁਣ ਇਹ ਵੀ ਦੇਖਣਾ ਬਾਕੀ ਹੈ ਕਿ ਗੁਰੂ ਕੀਆਂ ਸੰਗਤਾਂ ‘ਚੋਂ ਇਹ ਪਹਿਚਾਣ ਕਿਵੇਂ ਆਵੇ ਕਿ ‘ਭਗਤ’ ਕੌਣ ਹੈ ਤੇ ‘ਸੰਸਾਰੀ’ ਕੌਣ? ਉਪ੍ਰੰਤ ਇਹ ਪਤਾ ਕਿਵੇਂ ਲੱਗੇ ਕਿ ਦੋਨਾਂ ਦੀ ਤੇ ਰਹਿਣੀ ਜੀਵਨ ਆਦਿ ਵਿਚਾਲੇ ਆਪਸੀ ਜੋੜ ਨਹੀਂ

ਕਿਉਂਕਿ ਗੁਰਮੱਤ ਅਨੁਸਾਰ ‘ਭਗਤ’ ਹੋਣ ਜਾਂ ‘ਸੰਸਾਰੀ’ ਜਦੋਂ ਉਹ ਸਾਰੇ ਗ੍ਰਿਹਸਤੀ ਹੁੰਦੇ ਹਨ, ਆਪਣਾ ਆਪਣਾ ਕਾਰ ਵਿਹਾਰ ਕਰਦੇ ਹਨ, ਪ੍ਰਵਾਰਿਕ, ਸਾਮਾਜਿਕ ਹੀ ਨਹੀਂ ਬਲਕਿ ਰਾਜਸੀ ਜ਼ਿਮੇਵਾਰੀਆਂ ਤੱਕ ਵੀ ਨਿਭਾਉਂਦੇ ਹਨ। ਤਾਂ ਫ਼ਿਰ ਉਨ੍ਹਾਂ ਦੇ ਜੀਵਨ ‘ਚ ਫ਼ਰਕ ਤੇ ਬੇਜੋੜ ਹੋਣ ਦਾ ਪਤਾ ਕਿਵੇਂ ਲੱਗੇ। ਇਹ ਪਤਾ ਕਿਵੇਂ ਲੱਗੇ ਕਿ ਉਨ੍ਹਾਂ ਦੇ ਜੀਵਨ ਰਹਿਣੀ ਆਦਿ ‘ਚ “ਜੋੜੁ ਕਦੇ ਨ ਆਇਆ” ਅਨੁਸਾਰ ਆਪਸੀ ਜੋੜ ਨਹੀਂ ਚਲ ਰਿਹਾ। ਇਹ ਵੀ ਕਿ ਉਨ੍ਹਾਂ ਵਿਚਕਾਰ ‘ਭਗਤ’ ਕਿਹੜੇ ਹਨ ਤੇ ‘ਸੰਸਾਰੀ’ ਕੌਣ? ਕਿਉਂਕਿ ਬ੍ਰਾਹਮਣੀ ਵਿਚਾਰਧਾਰਾ ਦੇ ਉਲਟ ਇਥੇ ਜ਼ਾਹਿਰਾ ਫ਼ਰਕ ਤਾਂ ਬਿਲਕੁਲ ਵੀ ਨਹੀਂ।

ਦਰਅਸਲ ਇਸ ਵਿਸ਼ੇ ਸਬੰਧੀ, ਯੋਗ ਗੁਰਬਾਣੀ ਪ੍ਰਚਾਰ ਨਾ ਹੋਣ ਕਰਕੇ ਗੁਰੂ ਕੀਆਂ ਸੰਗਤਾਂ ਦੇ ਮਨਾਂ ‘ਚ ਅਜਿਹੇ ਸ਼ੰਕਿਆਂ ਤੇ ਸੁਆਲਾ ਦਾ ਪੈਦਾ ਹੋਣਾ ਵੀ ਕੁਦਰਤੀ ਹੈ ਤੇ ਹੁੰਦੇ ਵੀ ਹਨ। ਇਹੀ ਨਹੀਂ ਕੁੱਝ ਗਹਿਰਾਈ ‘ਚ ਜਾਵੀਏ ਤਾਂ ਅਜਿਹੇ ਸ਼ੰਕਿਆਂ ਤੇ ਸੁਆਲਾ ਦਾ ਆਧਾਰ ਵੀ ਹੈ ਅਤੇ ਅਜਿਹੇ ਸ਼ੰਕੇ ਨਿਰਾਧਾਰ ਵੀ ਨਹੀਂ ਹਨ। ਇਨ੍ਹਾਂ ਸ਼ੰਕਿਆਂ ਤੇ ਸੁਆਲਾਂ ਦਾ ਆਧਾਰ ਹੈ ਕਿ ਇਸ ਵਿਸ਼ੇ ਨਾਲ ਸਬੰਧਤ ਬ੍ਰਾਹਮਣੀ ਵਿਚਾਰਧਾਰਾ ਹੋਵੇ ਜਾਂ ਗੁਰਬਾਣੀ ਦੀ, ਦੋਵੇਂ ਪਾਸੇ ਸ਼ਬਦਾਵਲੀ ਲਗਭਗ ਇਕੋ ਹੈ ਜਦਕਿ ਅਰਥ ਤੇ ਵਿਚਾਰਧਾਰਾ ਦੋਵੇਂ ਪਾਸੁ ਇੱਕ ਦੂਜੇ ਦੇ ਬਿਲਕੁਲ ਉਲਟ। ਜਿਵੇਂ ਕਿ ਇਥੇ ਵੀ ਦੇਖ ਰਹੇ ਹਾਂ “ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ” ‘ਚ ਸ਼ਬਦਾਵਲੀ ਦੋਵੇਂ ਪਾਸੇ ਇਕੋ ਹੀ ਹੈ।

ਜਦਕਿ ਹੁਣ ਤੱਕ ਇਹ ਵੀ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਦੋਵੇਂ ਪਾਸੇ ਵਿਚਾਰਧਾਰਾ ਤੇ ਅਰਥਾਂ ‘ਚ ਜ਼ਮੀਨ ਅਸਮਾਨ ਦਾ ਅੰਤਰ ਹੈ। ਤਾਂ ਤੇ ਦ੍ਰਿੜਤਾ ਨਾਲ ਇਹ ਵੀ ਸਮਝਣਾ ਪਵੇਗਾ ਕਿ ਬਿਨਾ ਗੁਰਬਾਣੀ ਦੇ ਸਿੱਕੇ ਬੰਦ ਤੇ ਯੋਗ ਟਕਸਾਲੀ ਗੁਰਮੱਤ ਪ੍ਰਚਾਰ ਦੇ ਭੋਲੀ ਭਾਲੀ ਲੋਕਾਈ ਇਸ ਫ਼ਰਕ ਦੀ ਪਹਿਚਾਣ ਕਿਵੇਂ ਕਰੇਗੀ? ਇਸ ਲਈ ਸੰਗਤਾਂ ਵਿਚਕਾਰ ਅਜਿਹੇ ਸ਼ੰਕੇ ਤੇ ਸੁਆਲਾਂ ਦਾ ਪੈਦਾ ਹੋਣਾ ਵੀ ਕੁਦਰਤੀ ਹੈ ਅਤੇ ਇਸਦੇ ਨਾਲ ਨਾਲ ਅਜਿਹੇ ਸ਼ੰਕਿਆਂ ਦੇ ਸਮਾਧਾਨ ਲਈ ਸੁਚੇਤ ਪੰਥ ਨੂੰ ਹੋਣਾ ਵੀ ਜ਼ਰੂਰੀ ਹੈ। ੳੇੁਪ੍ਰੰਤ ਇਸ ਦੇ ਲਈ ਇਨ੍ਹਾਂ ਕੁੱਝ ਨੁੱਕਤਿਆਂ ਵੱਲ ਵੀ ਧਿਆਨ ਦੇਣ ਦੀ ਵੱਡੀ ਲੋੜ ਹੈ ਜਿਵੇਂ:-

ਨੁੱਕਤਾ ੧- ਸਿੱਖ ਧਰਮ ਦਾ ਅਰੰਭ ਤੇ ਗੁਰਮੱਤ ਵਿਚਾਰਧਾਰਾ ਦਾ ਪ੍ਰਕਾਸ਼ ਨਿਰੋਲ ਬ੍ਰਾਹਮਣੀ ਵਿਚਾਰਧਾਰਾ ਦੇ ਘੇਰੇ ‘ਚ ਹੋਇਆ ਹੈ। ਫ਼ਿਰ ਇਤਨਾ ਹੀ ਨਹੀਂ ਭਾਰਤੀ ਲੋਕਾਂ ਦੇ ਮਨਾਂ ‘ਚ, ਇਸ ਬ੍ਰਾਹਮਣੀ ਵਿਚਾਰਧਾਰਾ ਦੀ ਪਕੜ ਪਿਛਲੇ ਹਜ਼ਾਰਾਂ ਸਾਲਾਂ ਤੋਂ ਹੈ। ਇਸੇ ਕਾਰਨ ਹਰ ਪੱਖੋਂ ਬ੍ਰਾਹਮਣੀ ਵਿਚਾਰਧਾਰਾ ਤਾਂ ਭਾਰਤੀ ਲੋਕਾਂ ਦੀ ਰਗ ਰਗ ‘ਚ ਧਸੀ ਪਈ ਹੈ। ਬਲਕਿ ਇਸ ਸਚਾਈ ਬਾਰੇ ਹੀ ਉਰਦੂ ਦੇ ਕਾਬਿਲ ਸ਼ਾਇਰ ਇਕਬਾਲ ਤੱਕ ਨੂੰ ਵੀ ਕਹਿਣਾ ਪਿਆ “ਦੀਨੇ ਇਜਾਜ਼ੀ ਕਾ ਬੇਬਾਕ ਬੇੜਾ ਕੀਏ ਪਾਰ ਜਿਸ ਨੇ ਸਾਤੋਂ ਸਮੁੰਦਰ ਨਾ ਜੇਹੂੰ ਮੇ ਅਟਕਾ ਨਾ ਸੇਹੂੰ ਮੇ ਭਟਕਾ ਅਟਕਾ। ਡੂਬਾ ਤੋ ਆ ਕੇ ਗੰਗਾ ਕੇ ਦਹਾਨੇ ਮੇਂ ਡੂਬਾ”।

ਨੁੱਕਤ ਨੰ: ੨-ਜਦਕਿ ਇਸ ਪਾਸੇ ਅਜਿਹੇ ਸ਼ੰਘਣੇ ਬ੍ਰਾਹਮਣੀ ਜੀਵਨ ਦੇ ਘੁਪ ਹਨੇਰੇ ਦੇ ਹੁੰਦਿਆਂ, ਗੁਰਮੱਤ ਦੇ ਪ੍ਰਕਾਸ਼ ਦਾ ਹੋਣਾ ਉਸ ਦੇ ਮੁਕਾਬਾਲੇ ਅਜੇ ਕਲ ਦੀ ਗੱਲ ਹੈ। ਇਹੀ ਨਹੀਂ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਭਾਵ ਈਸਵੀ ਸੰਨ ੧੭੧੬ ਤੋਂ ਇੱਕ ਦੰਮ ਬਾਅਦ ਤਾਂ ਗੁਰਮੱਤ ਪ੍ਰਚਾਰ ਦਾ ਅੰਤ ਕਰਣ ਲਈ ਖੁੱਲਾ ਅਵਸਰ ਵੀ ਹਾਸਲ ਹੋ ਗਿਆ ਤੇ ਉਨ੍ਹਾਂ ਨੇ ਆਪਣੇ ਵੱਲੋਂ ਇਸ ‘ਚ ਕੋਈ ਕਸਰ ਵੀ ਨਾ ਰਹਿਣ ਦਿੱਤੀ। ਫ਼ਿਰ ਇਸ ਤੋਂ ਬਾਅਦ ਸੰਨ ੧੯੨੫ ਤੋਂ ਕੁੱਝ ਸਮਾਂ ਬਾਅਦ ਹੀ ਕੌਮ ‘ਚ ਨਿੱਤ ਪੈਦਾ ਹੋ ਰਹੇ ਗੁਰਦੁਆਰਾ ਚੋਣਾਂ ਦਾ ਬੁਰਕੇ ਵਿੱਚ ਕੰਮ ਕਰ ਰਹੇ, ਅਖੌਤੀ ਗੁਰਦੁਆਰਾ ਪ੍ਰਬੰਧਕਾਂ ਦੀ ਡਾਣੀਆਂ ਹਨ ਜੋ ਅੱਜ ਤੱਕ ਬਾਕੀ ਰਹਿੰਦੀ ਵੀ ਕਸਰ ਪੂਰੀ ਕਰ ਰਹੇ ਹਨ।

ਨੁੱਕਤ ਨੰ: ੩- ਭਾਰਤ ‘ਚ ਹਜ਼ਾਰਾਂ ਸਾਲਾਂ ਤੋਂ ਜੋਗੀ, ਸਨਿੰਆਸੀ ਆਦਿ ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ੰਿਭੰਨ ਭਿੰਨ ਪਹਿਰਾਵਿਆਂ (ਭੇਖਾਂ) ਕਰਕੇ ‘ਧਰਮੀ’ ਜਾਂ ‘ਭਗਤ’ ਕਿਹਾ ਤੇ ਮੰਨਿਆ ਜਾ ਰਿਹਾ ਹੈ, ਗੁਰਮੱਤ ਅਨੁਸਾਰ ਉਹ ‘ਭਗਤ’ ਜਾਂ ‘ਧਰਮੀ’ ਨਹੀਂ ਬਲਕਿ ਉਨ੍ਹਾਂ ਚੋਂ ਬਹੁਤੇ ਤਾਂ ਹੈਣ ਹੀ ਭੇਖੀ, ਪਰ ਵੇਹਲੜ ਤੇ ਗੁਰਮੱਤ ਵਿਚਾਰਧਾਰਾ ਅਨੁਸਾਰ ‘ਸੰਸਾਰੀ’। ਫ਼ਿਰ ਗੁਰੂ ਕੀਆਂ ਸੰਗਤਾਂ ਨੂੰ ਉਨ੍ਹਾਂ ਦੇ ਧਰਮੀ ਤੇ ਭਗਤ ਹੋਣ ਵਾਲੇ ਪ੍ਰਭਾਵ ‘ਚੋਂ ਕਿਸ ਨੇ ਕਢਣਾ ਹੈ? ਬ੍ਰਾਹਮਣਾ ਨੇ ਜਾਂ ਦੂਜੇ ਅਨਧਰਮੀਆਂ ਨੇ?

ਨੁੱਕਤ ਨੰ: ੪- ਅਜੋਕੇ ਸਮੇਂ ਗੁਰਬਾਣੀ ਦਾ ਯੋਗ ਪ੍ਰਚਾਰ ਨਾ ਹੋਣ ਕਾਰਨ, ਗੁਰੂ ਕੀਆਂ ਸੰਗਤਾਂ ਵਿਚਕਾਰ ਬਹੁਤਾ ਕਰਕੇ ਇਸ ਵਿਸ਼ੇ ਸਬੰਧੀ ਬਹੁਤੀ ਰਲ-ਗਢ ਵੀ ਇਸ ਲਈ ਹੋ ਜਾਂਦੀ ਹੈ ਕਿ ਇਸ ਵਿਸ਼ੇ ਨਾਲ ਸਬੰਧਤ ਦੋਨਾਂ ਪਾਸੇ ਸ਼ਬਦਾਵਲੀ ‘ਭਗਤ’ ਤੇ ‘ਸੰਸਾਰੀ’ ਇਕੋ ਹੈ ਬੇਸ਼ੱਕ ਅਰਥਾਂ ਤੇ ਵਿਚਾਰਧਾਰਾ ਵਿਚਕਾਰਾ ਵਿਚਕਾਰ ਦਿਨ ਤੇ ਰਾਤ ਦਾ ਅੰਤਰ ਹੈ। ਇਹੀ ਨਹੀਂ ਬੇਸ਼ੱਕ ਇਥੇ ਉਨ੍ਹਾਂ ਭਾਵ ਭ੍ਰਾਹਮਣ ਮੱਤ ਅਨੁਸਾਰ ਵੀ ਇਨ੍ਹਾਂ ਦਾ ਆਪਸ ‘ਚ ਜੋੜ ਨਹੀਂ ਜਦਕਿ ਇਧਰ ਗੁਰਮੱਤ ਦਾ ਸੰਦੇਸ਼ ਵੀ ਇਹੀ ਹੈ ਕਿ “ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ”। ਉਪ੍ਰੰਤ ਵੱਡਾ ਸੁਆਲ ਤਾਂ ਇਹ ਹੈ ਕਿ ਇਸ ਪੱਖੋਂ ਵਿਚਲੇ ਵੇਰਵੇ ਨੂੰ ਸੰਗਤਾਂ ਤੱਕ ਕੌਣ ਸਪਸ਼ਟ ਕਰੇਗਾ? ਇਸੇ ਤਰ੍ਹਾਂ ਕੇਵਲ ਇਸ ਇਕੱਲੇ ਵਿਸ਼ੇ ਨਾਲ ਹੀ ਹੋਰ ਅਜਿਹੇ ਨੁੱਕਤੇ ਵੀ ਬਹੁਤ ਹਨ ਜਿਨ੍ਹਾਂ ਵੱਲ ਦਰਦੀ ਤੇ ਵਿਦਵਾਨ ਸੱਜਨ ਜ਼ਰੂਰ ਹੋਰ ਧਿਆਨ ਦੇਣ।

ਗੁਰਮੱਤ ਆਧਾਰ ‘ਤੇ ਭਗਤਾਂ ਤੇ ਸੰਸਾਰੀਆਂ ‘ਚ ਜੋੜ ਨਹੀਂ ਪਰ ਕਿਵੇਂ? ਗੁਰਮੱਤ ਆਧਾਰਤ ‘ਭਗਤਾਂ’ ਤੇ ‘ਸੰਸਾਰੀਆਂ’ ਵਿਚਕਾਰ ਵੱਡਾ ਫ਼ਰਕ ਉਹ ਹੋਵੇਗਾ, ਜਿਹੜਾ ਫ਼ਰਕ ਕਿਸੇ ‘ਗੁਰਮੁਖ’ ਤੇ ‘ਮਨਮੁਖ’ ਦੇ ਜੀਵਨ ਦੀ ਰਹਿਣੀ, ਸੋਚਣੀ ਤੇ ਵਿਹਾਰ ਆਦਿ ‘ਚ ਹੁੰਦਾ ਹੈ, ਇਥੇ ਫ਼ਰਕ ਹੈ ਤਾਂ ਕੇਵਲ ਸ਼ਬਦਾਵਲੀ ਵਿਚਕਾਰ। ਇਸ ਲਈ ਇਸੇ ਵਿਸ਼ੇ ਨੂੰ ਜੇਕਰ ਅਸੀਂ ‘ਗੁਰਮੁਖ’ ਤੇ ‘ਮਨਮੁਖ’ ਦੇ ਆਧਾਰ ‘ਤੇ ਪਹਿਚਾਨਣ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਸਬੰਧ ‘ਚ ਮਿਲਵੀਂ ਬ੍ਰਾਹਮਣੀ ਸ਼ਬਦਾਵਲੀ ਤੋਂ ਨਾਲ ਵੀ ਰਲ ਗਢ ਨਹੀਂ ਹੋਵਾਂਗੇ। ਜਾਂ ਫ਼ਿਰ ਬਹੁਤ ਘਟ ਧੋਖਾ ਖਾਣ ਵਾਲੀ ਗੱਲ ਰਹਿ ਜਾਏਗੀ।

ਤਾਂ ਤੇ ਫ਼ਿਰ ਵੀ ਕੁੱਝ ਵਿਸ਼ੇ ਨੂੰ ਸਮਝਣ ਲਈ ਸੰਖੇਪ ਝਾਤ। ਗੁਰਮੱਤ ਆਧਾਰਤ ‘ਭਗਤ’ ਅਥਵਾ ‘ਧਰਮੀ’ ਤਨ ਤੇ ਮਨ ਕਰ ਕੇ ਗੁਰਬਾਣੀ ਜੀਵਨ ਜਾਚ ਨਂੂੰ ਸਮ੍ਰਪਿਤ ਹੁੰਦੇ ਹਨ। ਉਨ੍ਹਾਂ ਦੇ ਵਿਸ਼ਵਾਸ, ਬੋਲ ਚਾਲ ਤੇ ਕਰਣੀ ‘ਚੋਂ ਹੀ ਗੁਰਬਾਣੀ ਦੀਆਂ ਸਚਾਈਆਂ ਹੁੰਦੀਆਂ ਹਨ ਤੇ ਸੁਗੰਧੀ ਆਉਂਦੀ ਹੈ। ਉਨ੍ਹਾਂ ਦਾ ਜੀਵਨ ਹੀ ਰਜ਼ਾ ਤੇ ਭਾਣੇ ਦਾ ਜੀਵਨ ਹੁੰਦਾ ਹੈ ਠੀਕ ਇਸ ਤਰ੍ਹਾਂ ਜਿਵੇਂ “ਤੂ ਕਰਤਾ ਆਪਿ ਅਭੁਲੁ ਹੈ, ਭੁਲਣ ਵਿਚਿ ਨਾਹੀ॥ ਤੂ ਕਰਹਿ ਸੁ ਸਚੇ ਭਲਾ ਹੈ, ਗੁਰ ਸਬਦਿ ਬੁਝਾਹੀ॥ ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ” (ਪੰ: ੩੦੧) ਇਤਿਆਦਕ ਇਸ ਵਿਸ਼ੇ ਨਾਲ ਸਭੰਧਤ ਬੇਅੰਤ ਗੁਰਬਾਣੀ ਫ਼ੁਰਮਾਨ। ਗੁਰਬਾਣੀ ਦੀਆਂ ਅਜਿਹੀਆਂ ਸਚਾਈਆਂ ਉਨ੍ਹਾਂ ਦੀ ਰਹਿਣੀ ਚੋਂ ਡੁੱਲ ਡੁੱਲ ਪੈਂਦੀਆਂ ਹਨ।

ਅਜਿਹੇ ਗੁਰਬਾਣੀ ਆਧਾਰਤ ‘ਭਗਤਾਂ’ ਅਥਵਾ ‘ਗੁਰਮੁਖਾਂ’ ਦਾ ਕਰਤੇ ਦੀ ਕਰਣੀ ਪ੍ਰਤੀ ਦ੍ਰਿੜ ਵਿਸ਼ਵਾਸ, ਉਨ੍ਹਾਂ ਦੇ ਨਿਜੀ ਜੀਵਨ ‘ਚ ਟਿਕਾਅ, ਪਰਉਪਕਾਰ ਦੀ ਭਾਵਨਾ, ਸਦੀਵੀ ਖੇੜਾ, ਸੰਤੋਖ, ਦਿਆਲਤਾ ਆਦਿ ਇਲਾਹੀ ਗੁਣ ਉਨ੍ਹਾਂ ਦੇ ਜੀਵਨ ਅੰਦਰ ਪਣਪਦੇ ਹਨ। ਉਨ੍ਹਾਂ ਦੇ ਜੀਵਨ ਦੀ ਅਜਿਹੀ ਉੱਤਮ ਰਹਿਣੀ ‘ਚ ਮੰਗਾਂ, ਤ੍ਰਿਸ਼ਨਾ, ਵਾਸ਼ਨਾਵਾਂ, ਚਿੰਤਾਵਾਂ. ਭਟਕਣਾ, ਵਹਿਮਾਂ ਭਰਮਾਂ ਆਦਿ ਤੇ ਸਾਮਾਜਿਕ ਅਉਗੁਣਾਂ ਨੂੰ ਵੀ ਕੋਈ ਜਗ੍ਹਾ ਨਹੀਂ ਹੁੰਦੀ।

ਅਜਿਹੇ ਗੁਰਬਾਣੀ ਆਧਾਰਤ ‘ਭਗਤਾਂ’ ਅਥਵਾ ‘ਗੁਰਮੁਖਾਂ’ ਦੇ ਜੀਵਨ ਅੰਦਰ ਫੋਕਟ ਕਰਮ ਕਾਂਡ, ਇਕੋ ਇੱਕ ਕਰਤੇ ਅਕਾਲ ਪੁਰਖ ਨੂੰ ਛੱਡ ਕੇ ਧਿਰ ਧਿਰ ਦੀਆਂ ਪੂਜਾਵਾਂ, ਸਮਾਜਿਕ ਰੀਤੀ ਰਿਵਾਜ, ਫੋਕਟ ਪ੍ਰੰਪਰਾਵਾਂ, ਲੋਕਾਚਾਰੀਆਂ ਆਦਿ ਦੀਆਂ ਬੰਦਸ਼ਾ ਭਾਰੂ ਨਹੀਂ ਹੁੰਦੀਆਂ। ਉਨ੍ਹਾਂ ਦੀ ਰਹਿਣੀ ਅੰਦਰ ਜਾਤ ਪਾਤ ਵਾਲੀ ਹੁਉਮੈ ਜਾਂ ਆਤਮਹੀਣਤਾ, ਵਿਖਾਵੇ, ਹੂੜਮੱਤਾਂ, ਦੁਰਮੱਤਾਂ, ਮੇਰ ਤੇਰ, ਵਿਤਕਰੇ, ਠੱਗੀਆਂ, ਫ਼ਰੇਬ. ਝੁਠ ਆਦਿ ਅਉਗੁਣ ਵੀ ਲਗਭਗ ਨਦਾਰਦ ਹੁੰਦੇ ਹਨ।

ਜਦਕਿ ਦੂਜੇ ਪਾਸੇ ਗੁਰਬਾਣੀ ਆਧਾਰਤ ‘ਸੰਸਾਰੀਆਂ’ ਅਥਵਾ ‘ਦੁਨੀਦਾਰਾਂ’ ਦੀ ਜੀਵਨ ਰਹਿਣੀ, ਸੋਚਣੀ ਕਰਣੀ ਆਦਿ ਇਸ ਸਾਰੇ ਭਾਵ ਗੁਰਬਾਣੀ ਆਧਾਰਤ ‘ਭਗਤਾਂ’ ਅਥਵਾ ‘ਗੁਰਮੁਖਾਂ’ ਦੇ ਨਿਤਾਂਤ ਉਲਟ ਹੁੰਦੀ ਹੈ। ਇਸ ਤਰ੍ਹਾਂ ਜ਼ਾਹਿਰਾ ਨਹੀਂ ਪਰ ਗੁਰਬਾਣੀ ਆਧਾਰਤ ‘ਸੰਸਾਰੀਆਂ’ ਅਥਵਾ ‘ਦੁਨੀਦਾਰਾਂ’ ਤੇ ਦੂਜੇ ਪਾਸੇ ਗੁਰਮੱਤ ਆਧਾਰਤ ‘ਭਗਤਾਂ’ ਤੇ ‘ਸੰਸਾਰੀਆਂ’ ਦੇ ਜੀਵਨ ਤੇ ਰਹਿਣੀ ਵਿਚਕਾਰ ਦਿਨ ਤੇ ਰਾਤ ਦਾ ਅੰਤਰ ਹੁੰਦਾ ਹੈ ਜੋ ਕਿਸੇ ਤਰ੍ਹਾਂ ਵੀ ਦੂਜਿਆਂ ਤੋਂ ਛੁਪਿਆ ਨਹੀਂ ਰਹਿੰਦਾ।

ਇਸੇ ਫ਼ਰਕ ਦਾ ਕਾਲਾ ਪੱਖ ਵੀ-ਇਸ ਦੇ ਨਾਲ ਨਾਲ ਇਹ ਵੀ ਕਿ ਜਿਵੇਂ ਗੁਰਮੱਤ ਅਨੁਸਾਰ ਸਨਾਤਨੀ ਜੋਗੀ, ਸਨਿਆਸੀ, ਬੈਰਾਗੀ, ਬਿਭੂਤ ਧਾਰੀ, ਨਾਂਗੇ, ਸਾਧੂ, ਸੰਤ, ਭਗਤ ਤੇ ਮਹਾਤਮਾ ਆਦਿ ਕੇਵਲ ਭੇਖਾਂ ਕਾਰਨ ਹੀ ਧਰਮੀ ਮੰਨੇ ਜਾਂਦੇ ਹਨ ਪਰ ਗੁਰਮੱਤ ਦੇ ਤਰਾਜ਼ੂ ‘ਤੇ ਭਾਵੇਂ ਇਹ ਸਾਰੇ ਨਹੀਂ ਪਰ ਉਨ੍ਹਾਂ ‘ਚੌ ਬਹੁਤੇ ‘ਭਗਤ’ ਅਥਵਾ ‘ਧਰਮੀ’ ਨਹੀਂ ਹੁੰਦੇ ਬਲਕਿ ‘ਸੰਸਾਰੀ’ ਤੇ ਕਈ ਹਾਲਤਾਂ ‘ਚ ਕੇਵਲ ਵੇਹਲੜ ਅਤੇ ਗ੍ਰਿਹਸਤੀਆਂ ਤੇ ਸਮਾਜ ‘ਤੇ ਵੀ ਵਾਧੂ ਦਾ ਭਾਰ ਹੀ ਹੁੰਦੇ ਹਨ।

ਠੀਕ ਉਨ੍ਹਾਂ ਹੀ ਲੀਹਾਂ ‘ਤੇ ਜੇ ਕਰ ਸਿੱਖ ਮੱਤ ‘ਚ ਵੀ ਕੋਈ ਬੀਬੀ ਜਾਂ ਵੀਰ ਕਿਸੇ ਵੀ ਭੇਖ ਦਾ ਸਹਾਰਾ ਲੈ ਕੇ ਇਸੇ ਤਰ੍ਹਾਂ ‘ਧਰਮੀ’ ‘ਭਗਤ’ ਜਾਂ ਸੰਤ, ਸਾਧ, ਬ੍ਰਹਮਗਿਆਨੀ. ਸਤਿਗੁਰੂ, ਮਹਾਰਾਜ ਜੀ ਆਦਿ ਕੁੱਝ ਵੀ ਅਖਵਾਉਂਦਾ ਦਾ ਅਖਵਾਉਣਾ ਚਾਹੁੰਦਾ ਹੈ। ਜਦਕਿ ਸਪਸ਼ਟ ਲਫ਼ਜ਼ਾਂ ‘ਚ ਗੁਰਮੱਤ ਅਨੁਸਾਰ ਉਹ ‘ਭਗਤ’ ਨਹੀਂ ਹਨ ਬਲਕਿ ‘ਸੰਸਾਰੀ’ ਹਨ। ਠੀਕ ਉਸੇ ਤਰ੍ਹਾਂ ਜਿਵੇਂ ਅਜੋਕੇ ਸਮੇਂ ਖਾਸ ਕਰ ਪੰਜਾਬ ਦੀ ਧਰਤੀ ‘ਤੇ ਵੀ (ਉਨ੍ਹਾਂ ‘ਚੋਂ ਵੀ ਵਿਰਲਿਆ ਨੂੰ ਛੱਡ ਕੇ ਬਾਕੀ ਲਗਭਗ) ਸੌਲਾ ਹਜ਼ਾਰ ਬਾਬੇ ਤੇ ਭੇਖੀ ਹੀ ਲੋਕਾਈ ਨੂੰ ਦਿਨ ਦੀਵੀਂ ਲੁੱਟ ਰਹੇ ਹਨ ਤੇ ਉਨ੍ਹਾਂ ਦਾ ਖੁਨ ਹੀ ਬਲਕਿ ਜੀਵਨ ਵੀ ਲੁੱਟ ਰਹੇ ਹਨ। ਇਨ੍ਹਾਂ ਤੋਂ ਇਲਾਵਾ ਅਜੋਕੇ ਸਮੇਂ ਰਾਗੀ, ਢਾਡੀ, ਪ੍ਰਚਾਰਕਾਂ ਵਿਚਕਾਰ ਵੀ ਵੱਡੀ ਗਿਣਤੀ ‘ਚ ਉਹੀ ਲੋਕ ਛਾਏ ਹੋਏ ਹਨ ਜੋ ਗੁਰਮੱਤ ਤੇ ਗੁਰਬਾਣੀ ਵਿਚਾਰਧਾਰਾ ਦੀ ਕਸਵੱਟੀ ‘ਤੇ ‘ਭਗਤ’ ਅਥਵਾ ‘ਧਰਮੀ’ ਸਾਬਤ ਨਹੀਂ ਹੁੰਦੇ ਨਹੀਂ ਬਲਕਿ ‘ਸੰਸਾਰੀ’ ਹੀ ਹਨ।

“ਕਰਤਾ ਆਪਿ ਅਭੁਲੁ ਹੈ” -ਜਦਕਿ ਇਸ ਤੋਂ ਬਾਅਦ ਚਲਦੇ ਵਿਸ਼ੇ ਸਬੰਧੀ ਇਸ ਪਉੜੀ ਨੰ: ੧੬ ਨਾਲ ਸਬੰਧਤ ਕੇਵਲ ਇਸ ਪੱਖ ਨੂੰ ਕਿ “ਕਰਤਾ ਆਪਿ ਅਭੁਲੁ ਹੈ, ਨ ਭੁਲੈ ਕਿਸੈ ਦਾ ਭੁਲਾਇਆ” (ਪੰ: ੩੦੧) ਕੁੱਝ ਹੋਰ ਖੋਲਣ ਦੀ ਲੋੜ ਹੈ। ਬੇਸ਼ੱਕ ਇਸ ਸਬੰਧੀ ਵੀ ਅਰੰਭ ‘ਚ ਕੁੱਝ ਵਿਚਾਰ ਹੋ ਚੁੱਕੀ ਹੈ ਕਿ ਕਰਤਾ ਨਾ ਤਾਂ ਕਿਸੇ ਨਾਲ ਬੇਇਨਸਾਫ਼ੀ ਕਰਦਾ ਹੈ ਤੇ ਨਾ ਜ਼ਿਆਦਤੀ। ਇਹ ਵੀ ਕਿ ਸੰਸਾਰ ‘ਚ ਜਿਨੇਂ ਵੀ ਕੁਕਰਮ, ਜੁਰਮ, ਅਪਰਾਧ ਤੇ ਗੁਣਾਹ ਆਦਿ ਹੁੰਦੇ ਹਨ ਉਹ ਕਰਤਾ ਅਕਾਲ ਪੁਰਖ ਨਹੀਂ ਕਰਵਾਉਂਦਾ। ਉਹ ਕੇਵਲ ਮਨੁੱਖ ਦੇ ‘ਮਨਮੁਖ’ ਤੇ ‘ਗੁਰਮੁਖ’ ਦੇ ਵਾਲੇ ਸੁਭਾਵਾਂ ਵਿਚਕਾਰ ‘ਮਨਮੁਖਾਂ’ ਦੇ ਕਰੂਪ ਸੁਭਾਅ ਦਾ ਹੀ ਨਤੀਜਾ ਹੀ ਹੁੰਦੇ ਹਨ। ਇਸੇ ਤੋਂ ਹੀ ਅੱਗੇ ਵਧ ਕੇ ਸਮਾਜਿਕ ਬਲਕਿ ਸੰਸਾਰ ਤਲ ‘ਤੇ ਵੀ ਇਨ੍ਹਾਂ ‘ਮਨਮੁਖ’ ਤੇ ‘ਗੁਰਮੁਖ’ ਵਾਲੇ ਦੋ ਵਿਰੋਧੀ ਸੁਭਾਵਾਂ ਦੇ ਵਿਰੋਧੀ ਨਤੀਜੇ ਹੀ ਸਾਹਮਣੇ ਆਉਂਦੇ ਹਨ।

ਸਪਸ਼ਟ ਹੈ ਕਿ ਇਹ ਵਿਸ਼ਾ ਹੀ ਮਨੁੱਖ ਦਾ ਆਪਣਾ ਹੈ ਕਿ ਉਸ ਨੇ ਸਤਿਸੰਗੀਆਂ ਦੀ ਸੰਗਤ ‘ਚ ਜਾ ਕੇ ਆਪਣੇ ਸੁਭਾਅ ਨੂੰ ਅਤੇ ਆਪਣੇ ਜੀਵਨ ਨੂੰ ‘ਗੁਰਮੁਖ’ ਬਨਾਉਣਾ ਹੈ ਜਾਂ ਇਸ ਦੇ ਉਲਟ “ਮਨ ਅੰਤਰਿ ਹਉਮੈ ਰੋਗੁ ਹੈ, ਭ੍ਰਮਿ ਭੂਲੇ ਮਨਮੁਖ ਦੁਰਜਨਾ” ਅਨੁਸਾਰ ਹਉਮੈ ਤੋਂ ਅਰੰਭ ਕਰ ਕੇ ‘ਮਨਮੁਖਾਂ’ ਵਾਲੇ ਜੀਵਨ ਰਾਹ ਨੂੰ ਅਪਨਾਉਣਾ ਹੈ। ਇਸ ਲਈ ਜੇਕਰ ਉਹ ਲੋਕ ਵੀ ਚਾਹੁਣ ਤਾਂ “ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ” (ਉਹੀਪੰ: ੩੦੧) ਅਨੁਸਾਰ ਪ੍ਰਭੂ ਕਰਤੇ ਦੀ ਰਜ਼ਾ ‘ਚ ਹੀ ਅਜਿਹੇ ਕੁਕਰਮਾਂ ਵਾਲੇ ਜੀਵਨ ਤੋਂ ਬੱਚ ਸਕਦੇ ਹਨ।

ਇਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਮਨੁੱਖ ਦੀਆਂ ਇਹ ਦੋਂਵੇ ਵਿਰੋਧੀ ਮੱਤਾਂ ਵੀ “ਜੈਸੀ ਮਤਿ ਦੇਇ ਤੈਸਾ ਪਰਗਾਸ” (ਪੰ: ੨੭੫) ਕਰਤੇ ਦੀ ਰਜ਼ਾ ‘ਚ ਹੀ ਤਿਆਰ ਹੁੰਦੀਆਂ ਹਨ। ਲੋੜ ਹੈ ਤਾਂ ਮਨੁੱਖਾ ਜਨਮ ਪਾਉਣ ਤੋਂ ਗੁਰੂ ਗਿਆਨ ਦੀ ਕਮਾਈ ਰਾਹੀਂ ਇਸ ਜਨਮ ਦੇ ਮਕਸਦ ਤੇ ਜੀਵਨ ਦੀ ਸੰਭਾਲ ਕਰਣ ਦੀ। ਇਸੇ ਇਲਾਹੀ ਸਿਧਾਂਤ ਦੇ ਆਧਾਰ ‘ਤੇ ਹੀ ਕਿਸੇ ਇੱਕ ਮਨੁੱਖ ਦੇ ਜੀਵਨ ਅੰਦਰ ਤਾਂ ਉੱਚ ਕਰਮ ਤਿਆਰ ਹੁੰਦੇ ਹਨ ਜਦਕਿ ਦੂਜੇ ਦੇ ਜੀਵਨ ਅੰਦਰ ਦੁਸ਼ਕਰਮ ਅਥਵਾ ਗੁਣਾਹ ਆਦਿ ਵੀ ਪ੍ਰਭੂ ਦੀ ਰਜ਼ਾ ‘ਚ ਹੀ ਤਿਆਰ ਹੁੰਦੇ ਹਨ।

“ਮਨ ਭਾਵਨੀ ਤੇ ਸਿਧਿ ਹੋਇ” - ਜਦਕਿ ਇਸ ਸਾਰੇ ਦਾ ਮੂਲ ਹੁੰਦਾ ਹੈ ਮਨੁੱਖ ਦੇ ਜੀਵਨ ਦੀ ਨਿਜ ਤਿਆਰੀ। ਮਨੁੱਖਾ ਜਨਮ ਦੇ ਉੱਤਮ ਮਕਸਦ ਨੂੰ ਪਹਿਚਾਣ ਕੇ ਇਸ ਦੀ ਸੰਭਾਲ ਕਰਣੀ ਹੈ ਜਾਂ ਫ਼ਿਰ ਇਸ ਦੇ ਮਕਸਦ ਨੂੰ ਵਿਸਾਰ ਕੇ ਫ਼ਿਰ ਤੋਂ ਜਨਮਾਂ ਜੂਨਾਂ ‘ਚ ਰੁਲਣਾ। ਪਰ ਮਨੁੱਖਾ ਜੀਵਨ ਦੀਆਂ ਇਨ੍ਹਾਂ ਸਚਾਈਆਂ ਨੂੰ ਵੀ “ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ॥ ਏਕ ਦ੍ਰਿਸਟਿ ਕਰਿ ਦੇਖਦਾ, ਮਨ ਭਾਵਨੀ ਤੇ ਸਿਧਿ ਹੋਇ” (ਪੰ: ੩੦੦) ਅਨੁਸਾਰ ਕੇਵਲ ‘ਗੁਰਮੁਖ’ ਹੀ ਬੁੱਝ ਤੇ ਪਹਿਚਾਣ ਸਕਦੇ ਹਨ, ‘ਮਨਮੁਖ’ ਉੱਕਾ ਨਹੀਂ ਪਹਿਚਾਣ ਸਕਦੇ।

ਇਹ ਵੀ ਕੇਵਲ ਗੁਰਮੁਖ ਹੀ ਸਮਝ ਸਕਦੇ ਹਨ ਕਿ ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ॥ ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ” (ਪੰ: ੩੦੧)। ਜਦਕਿ ਜੀਵਨ ਦੇ ਉਲਟੇ ਰਾਹ ‘ਤੇ ਚੱਲ ਰਹੇ ‘ਮਨਮੁਖ’ ਲੋਕ ਤਾਂ ਇਸ ਇਲਾਹੀ ਸੱਚ ਦੀ ਪਹਿਚਾਣ ਵੀ ਨਹੀਂ ਕਰ ਸਕਦੇ। ਉਹ ਲੋਕ ਤਾਂ ਕੇਵਲ ਕਰਤੇ ਨੂੰ ਉਲਾਹਮੇ ਦੇ ਸਕਦੇ ਹਨ ਜਾਂ ਆਪਣੇ ਹਰੇਕ ਗੁਣਾਹ ਤੇ ਕੁਕਰਮ ਨੂੰ ਆਪਣੀ ਅਗਿਆਨਤਾ ਦੇ ਹਨੇਰੇ ‘ਚ ਡੁੱਬੇ ਹੋਏ, ਉਲਟਾ ਕਰਤੇ ਦੀ ਰਜ਼ਾ ਵਾਲਾ ਤੇ ਉਹ ਵੀ ਆਪਣੇ ਅਰਥਾਂ ‘ਚ, ਪਰਦਾ ਪਾ ਕੇ ਹੀ ਤਸੱਲੀ ਕਰ ਲੈਂਦੇ ਹਨ। ਉਂਜ ਜੇ ਕਰ ਗਹੁ ਨਾਲ ਵਿਚਾਰਿਆ ਜਾਏ ਤਾਂ ਇਸ ਦਾ ਸਪਸ਼ਟ ਉੱਤਰ ਵੀ ਗੁਰਦੇਵ ਨੇ ਵਿਚਾਰ ਅਧੀਨ ਪਉੜੀ ਨੰ: ੧੬ ‘ਚ ਹੀ ਇਸ ਵੇਰਵੇ ਨਾਲ ਦਿੱਤਾ ਹੋਇਆ ਹੈ ਜਿਵੇਂ ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ॥ ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ॥ ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ॥ ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ” (ਪੰ: ੩੦੦) ਲੋੜ ਹੈ ਤਾਂ ਇਸ ਬਾਰੇ ਜਾਗਣ ਦੀ ਸਚਾਈ ਤੱਕ ਪਹੁੰਚਣ ਦੀ।

ਦਰਅਸਲ ਇਹ ਸਾਰਾ ਵਿਸ਼ਾ ਵੀ ਨਿਰੋਲ ਗੁਰਮੱਤ ਆਧਾਰਤ ਕਰਮ ਫ਼ਿਲਾਸਫ਼ੀ ਨਾਲ ਸਬੰਧਤ ਹੈ। ਉਪ੍ਰੰਤ ਕਰਮ ਫ਼ਿਲਾਸਫ਼ੀ ਦੇ ਵਿਸ਼ੇ ਨੂੰ ਵੀ ਜੇਕਰ ਗੁਰਮੱਤ ਪੱਖੋਂ ਅਜੋਕੀ ਕਮਜ਼ੋਰ ਬਲਕਿ ਨਾ ਦੇ ਬਰਾਬਰ ਹੋ ਰਹੀ ਤਿਆਰੀ ਦੀ ਟੇਕ ਲੈ ਕੇ ਇਸ ਦਾ ਵੀ ਬ੍ਰਾਹਮਣੀ ਕਰਮ ਫ਼ਿਲਾਸਫ਼ੀ ਨਾਲ ਰਲ ਗਢ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀ ਕੁਰਾਹੇ ਹੀ ਪਵਾਂਗੇ। ਕਿਉਂਕਿ ਚਲਦੇ ਪ੍ਰਕਰਣ ਵਾਂਙ ਹੀ ਗੁਰਮੱਤ ਕਰਮ ਫ਼ਿਲਾਸਫ਼ੀ ਅਤੇ ਦੂਜੇ ਪਾਸੇ ਬ੍ਰਾਹਮਣੀ ਕਰਮ ਫ਼ਿਲਾਸਫ਼ੀ ਦੋਵੇਂ ਬਿਲਕੁਲ਼ ਭਿੰਨ ਹਨ।

(ਸਮਾਪਤ) #G0108-VIIs012.02s012#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਸਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No G0108-VII

ਅਰਥ ਨਿਖਾਰ-ਪਉੜੀ ੧੬, ਵਾਰ ਮਾਝ ਕੀ ਵਾਰ ਮ: ੧

ਭਗਤਾ ਤੈ ਸੈਸਾਰੀਆ

ਜੋੜੁ ਕਦੇ ਨ ਆਇਆ (ਭਾਗ-੭)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.