.

ਪੜਿ ਪੜਿ ਗਡੀ ਲਦੀਅਹ ਪੜਿ ਪੜਿ ਭਰੀਅਹਿ ਸਾਥ॥ (ਆਦਿ ਗ੍ਰੰਥ ਪੰਨਾ 467)

ਪੰਜਾਬ ਦਾ ਇੱਕ ਪਿੰਡ। ਪਿੰਡ ਦੇ ਨੇੜਿਉਂ ਲੰਘਦੀ ਇੱਕ ਵੱਡੀ ਸੜਕ। ਸੜਕ ਦੇ ਉੱਪਰ ਕਾਫ਼ੀ ਦੁਕਾਨਾਂ। ਇੱਥੇ ਪਿਛਲੇ ਕਈ ਸਾਲਾਂ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਹੋਲੇ ਮੁਹੱਲੇ `ਤੇ ਜਾਣ ਵਾਲ਼ੀਆਂ ਸੰਗਤਾਂ ਲਈ ਲੰਗਰ ਲਗਾਇਆ ਜਾਂਦਾ ਹੈ। ਪਹਿਲਾਂ ਪਹਿਲਾਂ ਸਿਰਫ਼ ਪਿੰਡ ਵਿਚੋਂ ਹੀ ਰਸਦ ਇਕੱਠੀ ਕਰ ਕੇ ਇਹ ਸੇਵਾ ਕੀਤੀ ਜਾਂਦੀ ਸੀ ਪਰ ਜਿਉਂ ਜਿਉਂ ਮਾਇਆ ਵਲੋਂ ਲੋਕਾਂ ਦਾ ਹੱਥ ਖੁੱਲ੍ਹਾ ਹੁੰਦਾ ਗਿਆ ਸੁੱਕੀ ਰਸਦ ਦੇ ਨਾਲ਼ ਨਾਲ਼ ਮਾਇਆ ਦੇ ਖੁੱਲ੍ਹੇ ਗੱਫੇ ਵੀ ਸੰਗਤਾਂ ਅਰਦਾਸ ਕਰਵਾਉਣ ਲੱਗ ਪਈਆਂ। ਇਸ ਪਿੰਡ ਦੇ ਅਤੇ ਆਲ਼ੇ ਦੁਆਲ਼ੇ ਦੇ ਪਿੰਡਾਂ ਦੇ ਐੱਨ. ਆਰ. ਆਈ. ਵੀਰਾਂ ਭੈਣਾਂ ਵਲੋਂ ਵੀ ਖੁੱਲ੍ਹ ਕੇ ਮਾਇਆ ਦੀ ਸੇਵਾ ਕੀਤੀ ਜਾਂਦੀ ਹੈ। ਸੋ ਹੁਣ ਇਹ ਲੰਗਰ ਤਕਰੀਬਨ ਇੱਕ ਹਫ਼ਤਾ ਚਲਦਾ ਹੈ।
ਪਿਛਲੇ ਕੁੱਝ ਸਾਲਾਂ ਤੋਂ ਇਸ ਥਾਂ `ਤੇ ਅਖੰਡ ਪਾਠ ਵੀ ਰੱਖੇ ਜਾ ਰਹੇ ਹਨ। ਸੁਣਿਆ ਹੈ ਕਿ ਕਿਸੇ ਵਿਅਕਤੀ ਨੇ ਐਲਾਨ ਕਰ ਦਿਤਾ ਕਿ ਉਸ ਨੇ ਇਸ ਜਗ੍ਹਾ `ਤੇ ਕੋਈ ਸੁੱਖਣਾ ਸੁੱਖੀ ਸੀ ਤੇ ਉਹ ਪੂਰੀ ਹੋਈ ਹੈ ਇਸ ਕਰੇ ਉਹ ਇੱਥੇ ਅਖੰਡ ਪਾਠ ਕਰਵਾਉਣਾ ਚਾਹੁੰਦਾ ਹੈ ਸੋ ਲੰਗਰ ਕਮੇਟੀ ਨੂੰ ਤਾਂ ਗਿੱਠ ਗਿੱਠ ਲਾਲੀਆਂ ਚੜ੍ਹ ਗਈਆਂ ਤੇ ਉਨ੍ਹਾਂ ਨੇ ਕਮਰ-ਕੱਸੇ ਕਰ ਲਏ ਤੇ ਬੜੀ ਧੂਮ-ਧਾਮ ਨਾਲ਼ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਰਾਗੀਆਂ ਢਾਡੀਆਂ ਵਲੋਂ ਅਖੰਡ ਪਾਠ ਕਰਵਾਉਣ ਵਾਲ਼ੇ ਸ਼ਰਧਾਲੂ, ਲੰਗਰ ਕਮੇਟੀ ਅਤੇ ਇਸ ਜਗ੍ਹਾ ਦੀਆਂ ਮਿਰਾਸੀਆਂ ਵਾਂਗ ਸਿਫ਼ਤਾਂ ਦੇ ਉਹ ਪੁਲ਼ ਬੰਨ੍ਹੇ ਕਿ ਸੰਗਤਾਂ ਅਸ਼ ਅਸ਼ ਕਰ ਉੱਠੀਆਂ। ਹਾਲਾਂਕਿ ਇਸ ਜਗ੍ਹਾ ਦੀ ਕੋਈ ਵੀ ਧਾਰਮਿਕ ਜਾਂ ਸਿੱਖ ਇਤਿਹਾਸ ਮੁਤਾਬਿਕ ਮਹੱਤਤਾ ਨਹੀਂ ਹੈ। ਗੁਰਮਤਿ ਤਾਂ ਸਗੋਂ ਵਾਹਿਗੁਰੂ ਦੇ ਭਾਣੇ ਵਿੱਚ ਜਿਊਣ ਦਾ ਉਪਦੇਸ਼ ਦਿੰਦੀ ਹੈ, ਸੁੱਖਣਾ ਸੁੱਖਣੀ ਹੀ ਮਨਮਤਿ ਹੈ ਪਰ ਜਿੱਥੇ ਮਾਇਆ ਦੇ ਗੱਫਿਆਂ ਦਾ ਅਤੇ ਵੰਨ-ਸੁਵੰਨੇ ਭੋਜਨ-ਪਦਾਰਥਾਂ ਦਾ ਪ੍ਰਤਾਪ ਹੋਵੇ ਉੱਥੇ ਗੁਰਮਤਿ ਨੂੰ ਕੌਣ ਪੁੱਛਦਾ ਹੈ!
ਤੇ ਫੇਰ ਹੋਈ ਭੇਡ-ਚਾਲ ਸ਼ੁਰੂ। ਹਰੇਕ ਸਾਲ ਲੋਕਾਂ ਦੀਆਂ ਸੁੱਖਣਾ ਪੂਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਅਖੰਡ ਪਾਠਾਂ ਦੀ ਗਿਣਤੀ ਹਰੇਕ ਸਾਲ ਵਧਦੀ ਗਈ। ਇਸ ਸਾਲ ਇਹ ਗਿਣਤੀ ਸੋਲ੍ਹਾਂ ਹੋ ਗਈ। ਦਾਸ ਵੀ ਪੰਜਾਬ ਨੂੰ ਗਿਆ ਹੋਇਆ ਸੀ। ਦੱਸਿਆ ਗਿਆ ਕਿ ਸੱਤ ਅਖੰਡ ਪਾਠ ਇਕੱਠੇ ਹੀ ਰੱਖੇ ਹੋਏ ਸਨ। ਜਿੱਥੇ ਇਹੋ ਜਿਹੀ ਮਨਮਤਿ ਹੋ ਰਹੀ ਹੋਵੇ ਦਾਸ ਉੱਥੇ ਜਾਣ ਤੋਂ ਸੰਕੋਚ ਕਰਦਾ ਹੈ। ਪਰ ਪਰਿਵਾਰਕ ਮੈਂਬਰਾਂ ਦੇ ਕਹਿਣ `ਤੇ ਉਨ੍ਹਾਂ ਦੇ ਨਾਲ਼ ਜਾਣਾ ਪਿਆ।
ਗੁਰੂ ਗ੍ਰੰਥ ਸਾਹਿਬ ਜੀ ਦੇ ਸੱਤ ਸਰੂਪਾਂ ਦਾ ਪ੍ਰਕਾਸ਼ ਕਰ ਕੇ ਅਖੰਡ ਪਾਠ ਰੱਖੇ ਹੋਏ ਸਨ। ਖ਼ੈਰ, ਅਸੀਂ ਮੱਥਾ ਟੇਕ ਕੇ ਬੈਠ ਗਏ। ਅਜੇ ਬੈਠਿਆਂ ਨੂੰ ਪੰਜ ਸੱਤ ਮਿੰਨਟ ਹੀ ਹੋਏ ਸਨ ਕਿ ਕਿਸੇ ਨੇ ਆ ਕੇ ਸਪੀਕਰ ਬੰਦ ਕਰ ਦਿੱਤਾ। ਇੱਕ ਪਾਠੀ ਪਾਠ ਕਰਦਾ ਕਰਦਾ ਹੀ ਸਪੀਕਰ ਬੰਦ ਕਰਨ ਵਾਲ਼ੇ ਨੂੰ ਸਪੀਕਰ ਦੁਬਾਰਾ ਚਾਲੂ ਕਰਨ ਦਾ ਆਰਡਰ ਦੇਣ ਲੱਗਾ। ਇੱਕ ਹੋਰ ਪਾਠੀ ਸਪੀਕਰ ਨਾ ਲਾਉਣ ਬਾਰੇ ਆਰਡਰ ਦੇਣ ਲੱਗਾ। ਇਸ ਘੜਮੱਸ ਵਿੱਚ ਦੋ ਹੋਰ ਪਾਠੀ ਵੀ ਸ਼ਾਮਲ ਹੋ ਗਏ। ਦਾਸ ਨੇ ਉੱਠ ਕੇ ਸੰਗਤ ਵਿੱਚ ਬੈਠੇ ਲੰਮੇ ਲੰਮੇ ਦਾਹੜਿਆਂ ਤੇ ਗੋਲ਼ ਦਸਤਾਰਾਂ ਵਾਲ਼ੇ ਪੰਜ ਸੱਤ ਵਿਅਕਤੀਆਂ ਨੂੰ ਲਲਕਾਰਿਆ ਕਿ ਦੇਖੋ ਕੀ ਹੋ ਰਿਹਾ ਹੈ। ਗੁਰ-ਸ਼ਬਦ ਦੀ ਨਿਰਦਾਰੀ ਹੋ ਰਹੀ ਹੈ। ਪਰ ਉਹ ਇੰਜ ਬੈਠੇ ਰਹੇ ਜਿਵੇਂ ਕੁੱਝ ਹੋਇਆ ਹੀ ਨਹੀਂ। ਸ਼ਾਇਦ ਉਹ ਅਜਿਹੀ ਨਿਰਾਦਰੀ ਦੇਖਣ ਦੇ ਆਦੀ ਹੋਣ। ਦਾਸ ਦੇ ਰੌਲ਼ਾ ਪਾਉਣ `ਤੇ ਉਹ ਸਗੋਂ ਹੈਰਾਨ ਹੋ ਰਹੇ ਸਨ।
ਦੂਸਰੇ ਪਾਸੇ ਮੇਰੇ ਪਰਿਵਾਰਕ ਮੈਂਬਰ ਵੀ ਘਬਰਾ ਗਏ ਸਨ ਕਿ ਹੁਣ ਇੱਥੇ ਲੜਾਈ ਝਗੜਾ ਸ਼ੁਰੂ ਹੋ ਜਾਵੇਗਾ। ਏਨੀ ਦੇਰ ਨੂੰ ਲੰਗਰ ਕਮੇਟੀ ਦਾ ਮੁੱਖ ਪ੍ਰਬੰਧਕ ਵੀ ਆ ਗਿਆ। ਦਾਸ ਨੇ ਉਸ ਨੂੰ ਦੱਸਿਆ ਤਾਂ ਉਹਦਾ ਵਤੀਰਾ ਤਾਂ ਠੀਕ ਰਿਹਾ ਪਰ ਉਹਦੇ ਚਿਹਰੇ ਦਾ ਪ੍ਰਤੀਕਰਮ ਵੀ ਇਉਂ ਸੀ ਕਿ ਮੈਂ ਕਿਉਂ ਇਸ ‘ਮਾਮੂਲੀ’ ਜਿਹੀ ਗੱਲ ਬਦਲੇ ਆਪੇ ਤੋਂ ਬਾਹਰ ਹੋ ਰਿਹਾ ਸਾਂ। ਮੇਰੇ ਵਾਰ ਵਾਰ ਜ਼ੋਰ ਦੇਣ ਦੇ ਅਤੇ ਗੁਰ ਮਰਯਾਦਾ ਦੇ ਪੱਖ ਵਿੱਚ ਦਲੀਲਾਂ ਦੇਣ `ਤੇ ਉਹ ਏਨਾ ਹੀ ਕਹਿ ਸਕਿਆ, “ਇਹ ਸਾਰੇ ਪਾਠੀ ਪੜ੍ਹੇ ਲਿਖ਼ੇ ਰੀਟਾਇਰਡ ਟੀਚਰ ਹਨ, ਇਨ੍ਹਾਂ ਨੂੰ ਰੌਲ਼ ਤੋਂ ਬਾਅਦ ਪੁੱਛਾਂਗੇ” ਤੇ ਮੁੱਖ ਪ੍ਰਬੰਧਕ ਕਿਸੇ ਹੋਰ ਕੰਮ ਵਿੱਚ ਮਸਰੂਫ਼ ਹੋਣ ਦਾ ਬਹਾਨਾ ਕਰ ਕੇ ਖਿਸਕ ਗਿਆ।
ਮੈਂ ਅੰਦਾਜ਼ਾ ਲਾ ਲਿਆ ਕਿ ਇਨ੍ਹਾਂ ‘ਪੜ੍ਹੇ ਲਿਖ਼ੇ’ ਰੀਟਾਇਰਡ ਟੀਚਰਾਂ ਨੇ ਆਪਣੀਆਂ ਪੈਂਨਸ਼ਨਾਂ ਨੂੰ ਸਪਲੀਮੈਂਟ ਕਰਨ ਲਈ ਵਧੀਆਂ ਰਾਹ ਚੁਣਿਆ ਹੈ। ਨਾਲ਼ੇ ਤਿੰਨ ਦਿਨ ਲੋਕਾਂ ਤੋਂ ਆਪਣੀ ਸੇਵਾ ਕਰਵਾਉ ਨਾਲ਼ੇ ਮਾਇਆ ਨਾਲ਼ ਝੋਲ਼ੀਆਂ ਭਰੋ। ਹੈ ਕੋਈ ਇਸ ਤੋਂ ਵਧੀਆ ਧੰਦਾ?
ਪਤਾ ਲੱਗਿਆ ਕਿ ਦੂਸਰੇ ਦਿਨ ਇਨ੍ਹਾਂ ਸੱਤ ਅਖੰਡ ਪਾਠਾਂ ਦੇ ਭੋਗ ਤੋਂ ਬਾਅਦ ਨੌਂ ਅਖੰਡ ਪਾਠ ਹੋਰ ਰੱਖੇ ਜਾਣੇ ਹਨ। ਦੋ ਚਾਰ ਸੱਜਣਾਂ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਨੇ ਸਲਾਹ ਦਿੱਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖੀ ਜਾਵੇ। ਮੈਂ ਉਨ੍ਹਾਂ ਦੀ ਸਲਾਹ ਸੁਣ ਕੇ ਹੱਸ ਪਿਆ ਤੇ ਉਨ੍ਹਾਂ ਨੇ ਮੇਰੇ ਹੱਸਣ ਦਾ ਕਾਰਨ ਪੁੱਛਿਆ, ਮੈਂ ਕਿਹਾ, “ਗੁਰਮੁਖੋ, ਕਦੇ ਅਖ਼ਬਾਰ ਪੜ੍ਹਦੇ ਹੋ” ? ਉਨ੍ਹਾਂ ਦੇ ਚਿਹਰਿਆਂ `ਤੇ ਵੱਡਾ ਸਾਰਾ ਪ੍ਰਸ਼ਨ ਚਿੰਨ੍ਹ ਉੱਭਰ ਆਇਆ, ਮੈਂ ਕਿਹਾ, “ਗੁਰਮੁਖੋ, ਤਖ਼ਤਾਂ ਦੇ ਜਥੇਦਾਰ ਤਾਂ ਖ਼ੁਦ ਇਨ੍ਹਾਂ ਮਨਮੱਤਾਂ ਵਿੱਚ ਗੱਜ ਵੱਜ ਕੇ ਸ਼ਾਮਲ ਹੁੰਦੇ ਹਨ। ਡੇਢ ਡੇਢ ਸੌ ਇਕੱਠੇ ਪਾਠ ਰੱਖਣ ਵਾਲ਼ੇ ਬੂਬਨਿਆਂ ਨੂੰ ਇਹ ਜਥੇਦਾਰ ਥਾਪੜੇ ਦਿੰਦੇ ਹਨ ਤੇ ਅਕਾਲ ਤਖ਼ਤ ਦੀ ਮਰਯਾਦਾ ਦੀਆਂ ਖੁਦ ਧੱਜੀਆਂ ਉਡਾ ਕੇ ਆਉਂਦੇ ਹਨ, ਜੇ ਤੁਸੀਂ ਅਖ਼ਬਾਰ ਪੜ੍ਹੀ ਹੁੰਦੀ ਤਾਂ ਇਨ੍ਹਾਂ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਂਦੇ”।
ਮੈਨੂੰ ਸਲਾਹ ਦੇਣ ਵਾਲ਼ੇ ਸੱਜਣਾਂ ਦੇ ਸੰਘ ਖ਼ੁਸ਼ਕ ਹੋ ਗਏ ਸਨ। ਉਨ੍ਹਾਂ ਨੇ ਵੀ ਕਿਸੇ ਨਾ ਕਿਸੇ ਕੰਮ ਦਾ ਬਹਾਨਾ ਬਣਾ ਕੇ ਮੇਰੇ ਕੋਲੋਂ ਖਹਿੜਾ ਛੁਡਾਉਣਾ ਹੀ ਠੀਕ ਸਮਝਿਆ।
ਨਿਰਮਲ ਸਿੰਘ ਕੰਧਾਲਵੀ




.