.

ਅਰਥ ਨਿਖਾਰ-ਪਉੜੀ ੧੬, ਵਾਰ ਮਾਝ ਕੀ ਵਾਰ ਮ: ੧

ਭਗਤਾ ਤੈ ਸੈਸਾਰੀਆ

ਜੋੜੁ ਕਦੇ ਨ ਆਇਆ

(ਭਾਗ-੬)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਇਸ ਤੋਂ ਪਹਿਲੇ ਪੰਜ ਭਾਗ ਜ਼ਰੂਰ ਪੜ੍ਹ ਲਵੋ ਜੀ)

“ਗੁਰਮੁਖਿ ਚਾਨਣੁ ਜਾਣੀਐ”-ਤਾਂ ਤੇ ਜੀਵਨ ਦੀ ਇਸ ਸਚਾਈ ਨੂੰ ਕਿ ਕਰਤਾ ਕਿਸੇ ਨਾਲ ਅਨਿਯਾਯ ਨਹੀਂ ਕਰਦਾ, ਕੇਵਲ ਤੇ ਕੇਵਲ ਅਜਿਹੇ ਗੁਰਮੁਖ ਜਨ` ਹੀ, ਜੋ ਜੀਵਨ-ਮੁਕਤ ਅਵਸਥਾ ਨੂੰ ਪ੍ਰਾਪਤ ਹੋਏ ਹੁੰਦੇ ਹਨ, ਬੁਝ ਸਕਦੇ ਹਨ। ਅਜਿਹੇ ਗੁਰਮੁਖ ਜਨ` ਹੀ, ਜੋ ਕਰਤੇ ਦੀ ਸਿਫ਼ਤ ਸਲਾਹ ਰਾਹੀਂ ਜੀਊਂਦੇ ਜੀਅ, ਪ੍ਰਭੂ ਪ੍ਰਮਾਤਮਾ `ਚ ਅਭੇਦ ਹੋ ਚੁੱਕੇ ਹੁੰਦੇ ਹਨ।

ਦੂਜੇ ਪਾਸੇ, ਮਨਮਤੀਏ ਹੋਣ ਕਾਰਨ, ਜੋ ਲੋਕ ਬੇਸ਼ਕ ਵੱਡੇ ਧਾਰਮਿਕ ਕਰਮਕਾਂਡੀ ਹੋਣ ਜਾਂ ਜੁਰਮਾਂ, ਗੁਣਾਹਾਂ ਤੇ ਕੁਕਰਮਾਂ ਭਰਿਆ ਮਨਮੱਤੀਆ, ਹੂੜਮੱਤੀਆ, ਆਪਹੁਦਰਾਂ ਤੇ ਦੁਰਮੱਤੀਆ ਜੀਵਨ ਬਤੀਤ ਕਰਦੇ ਹੋਣ। ਦਰਅਸਲ ਅਜਿਹੇ ਲੋਕ ਅਜਿਹੇ ਗੁਣਾਹ ਵੀ ਇਸ ਲਈ ਕਰਦੇ ਹਨ ਕਿ ਉਨ੍ਹਾਂ ਦੇ ਜੀਵਨ ਦੀ ਤਿਆਰੀ ਹੀ ਮਨਮੱਤੀਏ ਹੋਣ ਕਾਰਨ, ਹਉਮੈ ਅਧੀਨ ਕੁਰਾਹੇ ਪਏ ਹੋਏ ਜੀਵਨ ਦਾ ਹੀ ਨਤੀਜਾ ਹੁੰਦੀ ਹੈ। ਇਸੇ ਤੋਂ ਮਨਮੁਖਿ ਮੁਗਧੁ ਗੁਬਾਰੁ” ਅਜਿਹੇ ਮਨਮੱਤੀਆਂ ਦੇ ਜੀਵਨ ਅੰਦਰ ਸਿਵਾਏ ਫ਼ੋਕਟ ਕਰਮਕਾਂਡਾਂ ਜਾਂ ਫ਼ਿਰ ਕੁਕਰਮਾ, ਹੂੜਮੱਤਾਂ, ਦੁਰਮੱਤਾ ਤੋਂ ਪੈਦਾ ਹੋਏ ਗੁਣਾਹਾਂ ਤੇ ਜੁਰਮਾਂ ਦੀ ਸੜਾਂਦ ਦੇ ਹੋਰ ਕੁੱਝ ਵੀ ਚੰਗਾ ਤੇ ਕਰਤੇ ਦੇ ਮਿਲਾਪ ਵਾਲੇ ਰਾਹ `ਤੇ ਨਹੀਂ ਹੁੰਦਾ।

ਕੇਵਲ ਇਸੇ ਲਈ ਅਜਿਹੇ ਲੋਕਾਂ ਦੇ ਜੀਵਨ `ਚ ਹੋ ਰਹੇ ਗੁਣਾਹ ਤੇ ਜੁਰਮ ਵੀ ਕਰਤੇ ਦੀ ਰਜ਼ਾ `ਚ ਤੇ ਉਸ ਦੇ ਨਿਆਂ `ਚ ਹੀ ਹੋ ਰਹੇ ਹੁੰਦੇ ਹਨ। ਫ਼ਰਕ ਹੁੰਦਾ ਹੈ ਗੁਰਮੁਖਿ ਚਾਨਣੁ ਜਾਣੀਐ, ਮਨਮੁਖਿ ਮੁਗਧੁ ਗੁਬਾਰੁ” (ਪੰ: ੨੦) ਦੋਨਾਂ ਦੇ ਸੁਭਾਅ ਵਿਚਲੇ ਅੰਤਰ `ਚ। ਇੱਕ ਪਾਸੇ ਹਉਮੈ ਰਹਿਤ ਗੁਰਮੁਖਾਂ ਵਾਲਾ ਸੁਭਾਅ ਹੋਣ ਕਾਰਨ ਜੀਵਨ ਤੇ ਰਹਿਣੀ `ਚ ਉੱਚਤਾ ਆਈ ਹੁੰਦੀ ਹੈ। ਜਦਕਿ ਦੂਜੇ ਪਾਸੇ ਮਨਮਤੀਆਂ ਦੀ, ਹਉਮੈ ਭਰਪੂਰ ਸੁਭਾਅ ਹੋਣ ਕਾਰਣ, ਉਨ੍ਹਾਂ ਦੇ ਜੀਵਨ ਤੇ ਰਹਿਣੀ ਨੀਵੇਂ, ਅਤਿ ਨੀਵੇਂ ਤੇ ਘਟੀਆ ਪੱਧਰ ਦੀ ਹੁੰਦੀ ਹੈ।

ਇਸੇ ਤੋਂ ਉਨ੍ਹਾਂ ਦੇ ਜੀਵਨ `ਚ ਹਉਮੈ ਏਹਾ ਜਾਤਿ ਹੈ, ਹਉਮੈ ਕਰਮ ਕਮਾਹਿ… ਹਉਮੈ ਦੀਰਘ ਰੋਗੁ ਹੈ” (ਪੰ: ੪੬੬) ਅਨੁਸਾਰ ਹਉਮੈ ਹੀ ਵਧਦੀ ਤੇ ਉਸੇ ਤੋਂ ਕੁਕਰਮ ਆਦਿ ਉਪਜਦੇ ਹਨ। ਇਸ ਲਈ ਮਨੁੱਖਾ ਜੀਵਨ ਦੇ ਇਹ ਦੋਵੇਂ ਵਿਰੋਧੀ ਰਾਹ ਮਨਮੁਖ` ਤੇ ਗੁਰਮੁਖ` ਉਪ੍ਰੰਤ ਉਨ੍ਹਾਂ ਦੀਆਂ ਆਪਾ ਵਿਰੋਧੀ ਜੀਵਨ ਰਹਿਣੀਆਂ ਤੇ ਉੱਚੇ-ਨੀਵੇਂ ਸੁਭਾਅ ਵੀ ਕਰਤੇ ਦੇ ਨਿਆਂ ਤੇ ਰਜ਼ਾ `ਚ ਹੀ ਪ੍ਰਗਟ ਹੋ ਰਹੇ ਹੁੰਦੇ ਹਨ। ਲੋੜ ਹੈ ਤਾਂ ਗੰਦੇ ਤੇ ਕੁਕਰਮੀ ਜੀਵਨ ਵਾਲਿਆਂ ਨੂੰ ਵੀ ਸਾਧਸੰਗਤ `ਚ ਆ ਕੇ ਗੁਰੂ ਗਿਆਨ ਦੀ ਕਮਾਈ ਰਾਹੀਂ, ਕਰਤੇ ਦੀ ਬਖ਼ਸ਼ਿਸ਼ ਦਾ ਭਾਗੀ ਬਣਨ ਤੇ ਆਪਣੇ ਜੀਵਨ ਦੀ ਸੰਭਾਲ ਕਰਣ ਦੀ। ਇਸੇ ਤੋਂ ਅਜਿਹੇ ਮਨਮਤੀ ਜੀਵਨ ਵੀ ਨਾ ਕੁਕਰਮੀ ਰਹਿਣ ਗੇ ਤੇ ਨਾ ਹੀ ਫ਼ਿਰ

ਤੋਂ ਜਨਮ ਮਰਨ ਦੇ ਗੇੜ ਵੱਲ ਧੱਕੇ ਜਾਣਗੇ। ਇਸ ਤਰ੍ਹਾਂ ਇਹ ਵੀ ਆਪਣੇ ਦੁਰਲਭ ਤੇ ਅਮੁੱਲੇ ਮਨੁੱਖਾ ਜਨਮ ਨੂੰ ਅਸਫ਼ਲ` ਤੋਂ ਸਫ਼ਲ` ਅਤੇ ਮਨਮੁਖ` ਤੋਂ ਗੁਰਮੁਖ` ਜੀਵਨ `ਚ ਬਦਲ ਲੈਣਗੇ।

ਸਪਸ਼ਟ ਹੈ ਜੇ ਕਰ ਕੁਕਰਮੀ ਤੇ ਗੁਣਾਹਾਂ ਭਰੇ ਜੀਵਨ ਵਾਲੇ ਮਨਮਤੀੲ` ਵੀ ‘ਸਤਿਗੁਰੂ` ਦੀ ਮੱਤ ਵਾਲੇ ਜੀਵਨ ਰਾਹ `ਤੇ ਚੱਲਣ। ਉਸੇ ਦਾ ਨਤੀਜਾ ਹੋਵੇਗਾ ਕਿ ਅਜਿਹੇ ਘੋਰ ਮਨਮਤੀਏ` ਵੀ ਗੁਰਮੁਖਾਂ ਵਾਲੇ` ਭਾਵ ਹਉਮੈ ਰਹਿਤ` ਜੀਵਨ ਨੂੰ ਪ੍ਰਾਪਤ ਕਰ ਲੈਣ ਗੇ। ਉਪ੍ਰੰਤ ਉਨ੍ਹਾਂ ਦੀ ਸੋਚਣੀ ਅੰਦਰ ਵੀ ਉਪ੍ਰੋਕਤ ਸ਼ੰਕੇ ਸੁਆਲ ਪੈਦਾ ਨਹੀਂ ਹੋਣਗੇ। ਉਨ੍ਹਾਂ ਦੀ ਸੋਚਣੀ ਅੰਦਰ ਵੀ ਕਰਤੇ ਦੀ ਇਸ ਖੇਡ ਬਾਰੇ ਸ਼ੰਕਾ ਨਹੀਂ ਰਹੇਗਾ ਕਿ ਅਜਿਹੀ ਬਿਰਤੀ ਦੇ ਲੋਕ ਅਜਿਹੇ ਕੁਕਰਮ ਤੇ ਗੁਣਾਹ ਕਿਉਂ ਤੇ ਕਿਵੇਂ ਕਰਦੇ ਹਨ? ਉਨ੍ਹਾਂ ਨੂੰ ਵੀ ਦਿਨ ਦੇ ਚਾਨਣ ਵਾਂਙ ਸਪਸ਼ਟ ਹੋ ਜਾਏਗਾ ਕਿ ਸੁਭਾਅ ਤੇ ਰਹਿਣੀ ਕਰ ਕੇ ਪ੍ਰਭੂ ਦਰ `ਤੇ ਉਭਰੇ ਹੋਏ ਭਗਤਾਂ` ਵਾਲੇ ਜੀਵਨ ਤੇ ਦੂਜੇ ਪਾਸੇ ਉਨ੍ਹਾਂ ਸੰਸਾਰੀਆਂ` ਦੇ ਜੀਵਨ ਵਿਚਕਾਰ “ਜੋ ਦੂਜਿਆਂ ਦੇ ਕੱਤਲ ਕਰਦੇ ਹਨ… ਵਿਭਚਾਰੀ ਹੁੰਦੇ ਹਨ… ਵੱਡੇ ਵੱਡੇ ਜੁਰਮ ਕਰਦੇ ਹਨ … ਉਧਾਲੇ ਕਰਦੇ ਤੇ ਹੋਰ ਸਾਮਾਜਿਕ, ਰਾਜਸੀ ਕੁਕਰਮ ਕਰਦੇ ਹਨ” ਫ਼ਰਕ ਕਿੱਥੇ ਹੈ?

ਇਸ ਤਰ੍ਹਾਂ ਉਨ੍ਹਾਂ ਨੂੰ ਸਪਸ਼ਟ ਹੋ ਜਾਂਦਾ ਹੈ ਕਿ ਅਜਿਹੇ ਲੋਕਾਂ ਨੇ ਆਪਣੇ ਮਨੁੱਖਾ ਜਨਮ ਦੀ ਸੰਭਾਲ ਨਹੀਂ ਕੀਤੀ। ਮਨਮੱਤੀਏ` ਹੋਣ ਕਾਰਨ ਹੀ ਅਜਿਹੇ ਲੋਕ ਕਰਤੇ ਦੇ ਨਿਆਂ ਤੇ ਰਜ਼ਾ `ਚ ਹੀ ਆਪਣੇ ਜਨਮ ਨੂੰ ਅਜ਼ਾਈਂ ਕਰਦੇ ਹਨ। ਗੁਰਮੁਖਾਂ` ਦੀ ਜੀਵਨ ਰਹਿਣੀ ਦੇ ਉਲਟ ਅਜਿਹੇ ਲੋਕ, ਅਗਿਆਨਤਾ ਦੇ ਹਨੇਰੇ `ਚ ਜੀਊਂਦੇ ਜੀਅ ਤਾਬੜ ਤੋੜ ਵਿਕਾਰਾਂ ਦੀਆਂ ਚੋਟਾਂ ਖਾਂਦੇ ਹਨ। ਇਸ ਤਰ੍ਹਾਂ ਅਜਿਹੇ ਅਗਿਆਨੀ ਹੀ ਮਨਮੁਖਿ ਮੁਗਧੁ ਗੁਬਾਰੁ” (ਪੰ: ੨੦) ਅਨੁਸਾਰ ਬਦੋਬਦੀ ਆਪਣੇ ਆਪ ਲਈ ਮੁੜ ਜਨਮਾਂ, ਜੂਨਾਂ, ਗਰਭਾਂ `ਚ ਪੈਣ ਲਈ ਅੰਨਾਂ ਤੇ ਗਹਿਰਾ ਖੂਹ ਵੀ ਖੋਦ ਰਹੇ ਹੁੰਦੇ ਹਨ।

ਉਸੇ ਦਾ ਨਤੀਜਾ, ਜਿੱਥੇ ਪ੍ਰਭੂ ਪਿਆਰੇ ਜੀਊਂਦੇ ਜੀਅ ਟਿਕਾਅ ਵਾਲਾ, ਸੰਤੋਖੀ ਤੇ ਅਨੰਦਮਈ, ਰੱਬੀ ਗੁਣਾਂ ਨਾਲ ਭਰਪੂਰ ਤੇ ਸ਼ਾਤ ਜੀਵਨ ਬਤੀਤ ਕਰਦੇ ਹਨ। ਉਨ੍ਹਾਂ ਦੇ ਜੀਵਨ ਅੰਦਰ ਗੁਰਮੁਖਿ ਚਾਨਣੁ ਜਾਣੀਐ” (ਪੰ: ੨੦) ਗਿਆਨ ਦਾ ਚਾਨਣ ਹੁੰਦਾ ਹੈ। ਸਰੀਰਕ ਮੌਤ ਬਾਅਦ ਵੀ ਪੁਨਰਪਿ ਜਨਮੁ ਨਾਹੀ ਜਨ ਸੰਗਤਿ, ਜੋਤੀ ਜੋਤਿ ਮਿਲਾਈ” (ਪੰ: ੫੦੫) ਪ੍ਰਭੂ `ਚ ਹੀ ਅਭੇਦ ਹੋ ਜਾਂਦੇ ਹਨ।

ਜਦਕਿ ਮਨਮੁਖਿ ਸੁਖੁ ਨ ਪਾਈਐ” (ਪੰ: ੨੧) ਅਨੁਸਾਰ ਮਨਮਤੀਏ` ਅਜੋਕਾ ਜਨਮ ਵੀ ਭਟਕਣਾ, ਚਿੰਤਾਵਾਂ, ਅਗਿਆਨਤਾ ਦੇ ਹਨੇਰੇ `ਚ ਠੋਕਰਾਂ ਖਾਂਦੇ, ਵਿਕਾਰਾਂ ਦੀ ਮਾਰ ਹੇਠ ਬਲਕਿ ਬਹਤ ਵਾਰੀ ਤਾਂ ਗੁਣਾਹਾਂ ਨਾਲ ਭਰਪੂਰ ਜਨਮ ਬਤੀਤ ਕਰਦੇ ਹਨ। ਉਪ੍ਰੰਤ ਕਰਤੇ ਦੇ ਨਿਆਂ ਤੇ ਰਜ਼ਾ `ਚ ਹੀ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ” (ਬਾਣੀ ਜਪੁ) ਅਨੁਸਾਰ ਅਪਣੇ ਲਈ ਫ਼ਿਰ ਤੋਂ ਕਰਮਾਂ ਦਾ ਜਾਲ ਵਿਛਾ ਕੇ ਜਾਂਦੇ ਹਨ। ਅਜਿਹੇ ਮਨਮੁਖ ਗੁਰਬਾਣੀ ਅਨੁਸਾਰ, ਸਰੀਰ `ਚ ਹੁੰਦਿਆਂ ਵੀ ਆਤਮਕ ਮੌਤੇ ਮਰੇ ਰਹਿੰਦੇ ਹਨ। ਉਪ੍ਰੰਤ ਸਰੀਰਕ ਮੌਤ ਬਾਅਦ ਵੀ ਸੁੰਝੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ ॥ ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ” (ਪੰ: ੩੫) ਜਾਂ “ਸਤਿਗੁਰੁ ਜਿਨੀ ਨ ਸੇਵਿਓ ਸੇ ਕਿਤੁ ਆਏ ਸੰਸਾਰਿ ॥ ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ ॥ ਬਿਰਥਾ ਜਨਮੁ ਗਵਾਇਆ ਮਰਿ ਜੰਮਹਿ ਵਾਰੋ ਵਾਰ” (ਪੰ: ੬੯) ਅਨੁਸਾਰ ਫ਼ਿਰ ਤੋਂ ਜਨਮ ਮਰਨ ਦੇ ਗੇੜ `ਚ ਹੀ ਪੈਂਦੇ ਹਨ।

ਪਉੜੀ ਨੰ: ੧੫, ੧੬ ਤੇ ੧੭ `ਚ ਵੀ- ਜਿਵੇਂ ਕਿ ਇਸ ਗੁਰਮੱਤ ਪਾਠ ਦੇ ਪਹਿਲੇ ਭਾਗ `ਚ ਹੀ ਵਾਰਾਂ ਦੀ ਬਣਤਰ ਤੇ ਵਾਰਾਂ `ਚ ਸਲੋਕਾਂ ਬਾਰੇ ਕੁੱਝ ਵਿਸ਼ਾ ਸਪਸ਼ਟ ਕੀਤਾ ਗਿਆ ਸੀ। ਹੁਣ ਉਸੇ ਸੱਚ ਦੀ ਹੋਰ ਪਹਿਚਾਣ ਅਤੇ ਮੂਲ ਵਿਸ਼ੇ ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ” ਲਈ ਪਉੜੀ ਨੰ: ੧੫, ੧੬, ੧੭ `ਚ ਲੜੀਬੰਧ ਝਾਤ ਵੀ ਮਾਰਾਂਗੇ।

ਇਹ ਵੱਖਰੀ ਗੱਲ ਹੈ ਕਿ ਵੇਰਵੇ ਤੋਂ ਬਚਣ ਲਈ, ਇਥੇ ਇਹ ਉੱਦਮ ਕੇਵਲ ਬਾਣੀ ਨੂੰ ਉਸ ਦੇ ਮੂਲ ਰੂਪ `ਚ ਤੇ ਬਿਨਾ ਅਰਥਾਂ ਦੇ ਰਹੇ ਹਾਂ। ਇਸ ਦੇ ਬਾਵਜੂਦ ਪਉੜੀ ਨੰ: ੧੬ ਵਿਚਲੇ ਵਿਚਾਰ ਅਧੀਨ ਵਿਸ਼ੇ ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ” ਨੂੰ ਪਛਾਨਣ ਲਈ, ਇਸੇ ‘ਮਾਝ ਕੀ ਵਾਰ ਮ: ੧` `ਚ ਇਸ ਤੋਂ ਪਹਿਲਾਂ ਆ ਚੁੱਕੀ ਪਉੜੀ ਨੰ: ੧੫, ਫ਼ਿਰ ਹੱਥਲੀ ਪਉੜੀ ੧੬ ਤੇ ਇਸ ਤੋਂ ਬਾਅਦ ਆਉਣ ਵਾਲੀ ਪਉੜੀ ਨੰ: ੧੭ `ਚ ਸਰਸਰੀ ਝਾਤ ਜ਼ਰੂਰ ਮਾਰਾਂ ਗੇ। ਉਹ ਵੀ ਇਸ ਲਈ ਕਿ ਸਬੰਧਤ ਵਿਸ਼ੇ ਨਾਲ ਜੁੜੇ ਰਹਿਣ ਲਈ ਅਸਾਂ ਇਥੇ ਇੱਕ ਨਿਵੇਕਲਾ ਤੇ ਹੋਰ ਢੰਗ ਵਰਤਿਆ ਹੈ।

ਇਥੇ ਨੰਬਰਵਾਰ ਇਨ੍ਹਾਂ ਤਿੰਨਾਂ ਪਉੜੀਆਂ `ਚ ਸਾਡੇ ਹੱਥਲੇ ਤੇ ਮੂਲ ਵਿਸ਼ੇ ਨਾਲ ਸਬੰਧਤ ਗੁਰਬਾਣੀ ਆਧਾਰਤ ਭਗਤਾਂ` ਲਈ ਜੋ ਕਿਹਾ ਗਿਆ ਹੈ ਉਸ ਨੂੰ ਅਸਾਂ ਇਥੇ ਲਾਲ ਰੰਗ ਨਾਲ ਉਘਾੜਿਆ ਹੈ ਜਦਕਿ ਪਾਤਸ਼ਾਹ ਨੇ ਇਥੇ ਜੋ ਗੁਰਬਾਣੀ ਆਧਾਰਿਤ ਸੰਸਾਰੀਆਂ` ਲਈ ਸ਼ਬਦਾਵਲੀ ਵਰਤੀ ਹੈ ਉਸ ਨੂੰ ਨੀਲੇ ਰੰਗ ਨਾਲ ਸਪਸ਼ਟ ਕੀਤਾ ਹੈ। ਤਾਂ ਤੇ ਨੰਬਰਵਾਰ ਇਨ੍ਹਾਂ ਤਿੰਨਾਂ ਪਉੜੀਆਂ `ਚ ਗੁਰਬਾਣੀ ਆਧਾਰਤ ਭਗਤਾਂ ਤੇ ਸੰਸਾਰੀਆਂ` ਪ੍ਰਤੀ ਵੇਰਵਾ ਤੇ ਪਹਿਚਾਣ ਇਸ ਤਰ੍ਹਾਂ ਹੈ:

ਮਾਝ ਕੀ ਵਾਰ ਮ: ੧ ਪਉੜੀ-੧੫

ਸਲੋਕੁ ਮਃ ੧ ॥ ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥ ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਙੀ ਨਾਦੁ ਵਜਾਵਹਿ ॥ ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾ ਸੇਖ ਕਹਾਵਹਿ ॥ ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ ॥ ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥ ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ ॥ ਜਾ ਤੁਧੁ ਭਾਵੈ ਨਾਇ ਰਚਾਵਹਿ ਤੁਧੁ ਭਾਣੇ ਤੂੰ ਭਾਵਹਿ ॥ ਨਾਨਕੁ ਏਕ ਕਹੈ ਬੇਨੰਤੀ ਹੋਰਿ ਸਗਲੇ ਕੂੜੁ ਕਮਾਵਹਿ ॥  

ਮਃ ੧ ॥ ਜਾ ਤੂੰ ਵਡਾ ਸਭਿ ਵਡਿਆਂਈਆ ਚੰਗੈ ਚੰਗਾ ਹੋਈ ॥ ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਨ ਕੋਈ ॥ ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥ ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥  

ਪਉੜੀ ॥ ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥ ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ ॥ ਸਤਿਗੁਰੁ ਹੋਇ ਦਇਆਲੁ ਤ ਨਾਮੁ ਧਿਆਈਐ ॥ ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਈਐ ॥ ਮਨਮੁਖਿ ਕੂੜੁ ਗੁਬਾਰੁ ਕੂੜ ਕਮਾਈਐ ॥ ਸਚੇ ਦੈ ਦਰਿ ਜਾਇ ਸਚੁ ਚਵਾਂਈਐ ॥ ਸਚੈ ਅੰਦਰਿ ਮਹਲਿ ਸਚਿ ਬੁਲਾਈਐ ॥ ਨਾਨਕ ਸਚੁ ਸਦਾ ਸਚਿਆਰੁ ਸਚਿ ਸਮਾਈਐ ॥ ੧੫ 

ਮਾਝ ਕੀ ਵਾਰ ਮ: ੧ ਪਉੜੀ-੧੬

ਸਲੋਕੁ ਮਃ ੧ ॥ ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥ ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥  

ਮਃ ੩ ॥ ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥ ਗੁਰਮੁਖਿ ਕੋਈ ਉਤਰੈ ਪਾਰਿ ॥ ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥  

ਪਉੜੀ ॥ ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥ ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ ॥ ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ ॥ ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ ॥ ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ ॥ ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ ॥ ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪਿ ਗਵਾਇਆ ॥ ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ ॥ ੧੬ 

ਮਾਝ ਕੀ ਵਾਰ ਮ: ੧ ਪਉੜੀ-੧੭

ਸਲੋਕੁ ਮਃ ੧ ॥ ਸਬਾਹੀ ਸਾਲਾਹ ਜਿਨੀ ਧਿਆਇਆ ਇੱਕ ਮਨਿ ॥ ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ ॥ ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ ॥ ਬਹੁਤੁ ਪਏ ਅਸਗਾਹ ਗੋਤੇ ਖਾਹਿ ਨ ਨਿਕਲਹਿ ॥ ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ ਭਉਕੀਆ ॥ ਖਾਧਾ ਹੋਇ ਸੁਆਹ ਭੀ ਖਾਣੇ ਸਿਉ ਦੋਸਤੀ ॥ ਚਉਥੈ ਆਈ ਊਂਘ ਅਖੀ ਮੀਟਿ ਪਵਾਰਿ ਗਇਆ ॥ ਭੀ ਉਠਿ ਰਚਿਓਨੁ ਵਾਦੁ ਸੈ ਵਰਿਆ ਕੀ ਪਿੜ ਬਧੀ ॥ ਸਭੇ ਵੇਲਾ ਵਖਤ ਸਭਿ ਜੇ ਅਠੀ ਭਉ ਹੋਇ ॥ ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ ਹੋਇ ॥  

ਮਃ ੨ ॥ ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ॥ ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥ ਦਰਸਨਿ ਰੂਪਿ ਅਥਾਹ ਵਿਰਲੇ ਪਾਈਅਹਿ ॥ ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ ॥ ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲੁ ॥  

ਪਉੜੀ ॥ ਜਾ ਤੂੰ ਤਾ ਕਿਆ ਹੋਰਿ ਮੈ ਸਚੁ ਸੁਣਾਈਐ ॥ ਮੁਠੀ ਧੰਧੈ ਚੋਰਿ ਮਹਲੁ ਨ ਪਾਈਐ ॥ ਏਨੈ ਚਿਤਿ ਕਠੋਰਿ ਸੇਵ ਗਵਾਈਐ ॥ ਜਿਤੁ ਘਟਿ ਸਚੁ ਨ ਪਾਇ ਸੁ ਭੰਨਿ ਘੜਾਈਐ ॥ ਕਿਉ ਕਰਿ ਪੂਰੈ ਵਟਿ ਤੋਲਿ ਤੁਲਾਈਐ ॥ ਕੋਇ ਨ ਆਖੈ ਘਟਿ ਹਉਮੈ ਜਾਈਐ ॥ ਲਈਅਨਿ ਖਰੇ ਪਰਖਿ ਦਰਿ ਬੀਨਾਈਐ ॥ ਸਉਦਾ ਇਕਤੁ ਹਟਿ ਪੂਰੈ ਗੁਰਿ ਪਾਈਐ ॥ ੧੭ 

ਤਾਂ ਤੇ ਚਲਦੇ ਪ੍ਰਕਰਣ ਅਨੁਸਾਰ ਇਨ੍ਹਾਂ ਪਉੜੀਆਂ `ਚ ਜੋ ਮੁੱਖ ਵਿਸ਼ਾ ਪਛਾਨਣਾ ਹੈ ਉਹ ਇਹ ਕਿ ਕੇਵਲ ਪਉੜੀ ਨੰ: ੧੬ `ਚ ਭਗਤਾ ਤੈ ਸੈਸਾਰੀਆ, ਜੋੜੁ ਕਦੇ ਨ ਆਇਆ” ਵਾਲੀ ਪੰਕਤੀ ਨਾਲ ਹੀ ਨਹੀਂ; ਬਲਕਿ ਇਸ ਤੋਂ ਪਹਿਲੀਆਂ ਤੇ ਬਾਅਦ ਦੀਆਂ ਪਉੜੀਆਂ `ਚ ਵੀ ਮਨੁੱਖਾ ਜੀਵਨ ਨਾਲ ਸਬੰਧਤ ਮੂਲ ਵਿਸ਼ਾ ਇਹੀ ਹੈ। ਹਰੇਕ ਪਉੜੀ `ਚ ਫ਼ਰਕ ਹੈ ਤਾਂ ਕੇਵਲ ਸ਼ਬਦਾਵਲੀ ਵਿਚਲਾ। ਦਰਅਸਲ ਉਸੇ ਮੂਲ ਵਿਸ਼ੇ ਨੂੰ ਹੀ ਗੁਰਦੇਵ ਨੇ ਭਿੰਨ ਭਿੰਨ ਢੰਗ ਨਾਲ ਬਿਆਣਿਆ ਹੈ। ਬਦਲੇ `ਚ ਕੁਰਾਹੇ ਪਈ ਲੋਕਾਈ ਨੂੰ ਸਮਝਾਉਣ ਲਈ ਵੀ ਬਾਰ ਬਾਰ ਸੁਚੇਤ ਕੀਤਾ ਹੈ ਤਾ ਕਿ ਮਨੁੱਖ ਆਪਣੇ ਇਸ ਜਨਮ ਨੂੰ ਬਿਰਥਾ ਨਾ ਕਰੇ ਤੇ ਇਸ ਦੀ ਸੰਭਾਲ ਕਰ ਲਵੇ।

ਹਉ ਭਾਲਿ ਵਿਕੁੰਨੀ ਹੋਈ”- ਇਸ ਤਰ੍ਹਾਂ ਚਲਦੇ ਵਿਸ਼ੇ ਭਗਤਾ ਤੈ ਸੈਸਾਰੀਆ, ਜੋੜੁ ਕਦੇ ਨ ਆਇਆ” `ਚ ਜੋ ਖ਼ਾਸ ਧਿਆਨ ਦੇਣ ਦੀ ਗੱਲ ਹੈ ਉਹ ਇਹ ਕਿ ਕੇਵਲ “ਮਾਝ ਕੀ ਵਾਰ ਮ: ੧” ਦੀਆਂ ਪਉੜੀਆਂ ੧੫, ੧੬ ਤੇ ੧੭ ਦੀ ਗੱਲ ਹੀ ਨਹੀਂ ਬਲਕਿ ਗੁਰਬਾਣੀ `ਚ ਅਰੰਭ ਤੋਂ ਸਮਾਪਤੀ, ‘< ` ਤੋਂ ਤਨੁ ਮਨੁ ਥੀਵੈ ਹਰਿਆ` ਤੱਕ ਜਿੱਥੋਂ ਵੀ ਗੁਰਬਾਣੀ ਦੇ ਦਰਸ਼ਨ ਕਰੀਏ, ਮਨੁੱਖਾ ਜੀਵਨ ਦੇ ਇਨਾਂ ਦੋ ਵਿਰੋਧੀ ਰੂਪਾਂ ਗੁਰਮੁਖ` ਤੇ ਮਨਮੁਖ` ਦਾ ਹੀ ਜ਼ਿਕਰ ਮਿਲੇਗਾ। ਜੀਵਨ ਦੇ ਇਨ੍ਹਾਂ ਦੋ ਰੂਪਾਂ ਦਾ ਹੀ ਪ੍ਰਗਟਾਵਾ ਹਨ ਗੁਰਬਾਣੀ ਆਧਾਰਤ ਭਗਤ` ਦਾ ਜੀਵਨ ਤੇ ਸੰਸਾਰੀ` ਦਾ ਜੀਵਨ। ਇਸੇ ਨੂੰ ਵਡਭਾਗੀ` ਤੇ ਭਾਗਹੀਨ`, ‘ਸਫ਼ਲ` ਤੇ ‘ਅਸਫ਼ਲ`, ‘ਸਚਿਆਰੇ` ਤੇ ‘ਕੂੜਿਆਰੇ` ਵਾਲੀ ਸਬਦਾਵਲੀ ਤੋਂ ਇਲਾਵਾ ਵੀ ਵਿਸ਼ੇ ਨਾਲ ਸਬੰਧਤ ਹੋਰ ਬਹੁਤ ਸਬਦਾਵਲੀ ਵੀ ਆਈ ਹੈ।

ਇਸੇ ਤਰ੍ਹਾਂ ਪਉੜੀ ਨੰ: ੧੬ ਨਾਲ ਸਬੰਧਤ ਸਲੋਕ ਮਃ ੧ ॥ ਕਲਿ ਕਾਤੀ “ਰਾਜੇ ਕਾਸਾਈ” “ਧਰਮੁ ਪੰਖ ਕਰਿ ਉਡਰਿਆ” ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ “ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ” ॥ ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥  ॥“ `ਚ ਵੀ ਵਿਸ਼ੇ ਤੇ ਪ੍ਰਕਰਣ ਮੁਤਾਬਿਕ ਜੇਕਰ ਸਮਝਣ ਦਾ ਯਤਣ ਕੀਤਾ ਜਾਏ ਤਾਂ ਸਪਸ਼ਟ ਹੋ ਜਾਏਗਾ ਕਿ ਇਥੇ ਵੀ ਕਿਸੇ ‘ਸੰਸਾਰੀ ਰਾਜੇ` ਜਾਂ ‘ਕਸਾਈ` ਦਾ ਜ਼ਿਕਰ ਨਹੀਂ ਅਤੇ ਨਾ ਹੀ ‘ਮਸਿਆਵਾਂ` ਤੇ ‘ਪੂਰਨਮਾਸ਼ੀਆਂ` ਦਾ। ਇਸ ਸਲੋਕ `ਚ ਮੂਲ ਵਿਸ਼ਾ ਵੀ ਗੁਰਬਾਣੀ ਆਧਾਰਤ ਭਗਤਾਂ` ਤੇ ‘ਸੰਸਾਰੀਆਂ` ਅਥਵਾ ਗੁਰਮੁਖਾਂ` ਤੇ ਮਨਮੁਖਾਂ` ਆਦਿ ਦਾ ਹੀ ਹੈ।

ਬੇਸ਼ੱਕ ਸਾਰੀ ਗੁਰਬਾਣੀ ਦਾ ਮੂਲ ਵਿਸ਼ਾ ਵੀ ਇਹੀ ਹੈ ਤੇ ਵਿਸ਼ਾ ਹੈ ਕਿ ਮਨੁੱਖ ਆਪਣੇ ਇਸ ਜਨਮ ਨੂੰ ਮਨਮੁਖਤਾ` `ਚ ਬਿਰਥਾ ਨਾ ਕਰੇ। ਗੁਰਮੁਖ` ਬਣ ਕੇ ਆਪਣੇ ਦੁਰਲਭ ਮਨੁੱਖਾ ਜਨਮ ਨੂੰ ‘ਸਫ਼ਲ` ਬਨਾਵੇ। ਫ਼ਿਰ ਵੀ ਗੁਰਬਾਣੀ ਅਨੁਸਾਰ ਹੀ ਉਸ ਬੇਅੰਤ ਪ੍ਰੇਰਣਾ ਦੇ ਬਾਵਜੂਦ ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥ ਵਿਚਿ ਹਉਮੈ ਕਰਿ ਦੁਖੁ ਰੋਈ” ਭਾਵ ਵੱਡੀ ਗਿਣਤੀ `ਚ ਲੋਕਾਈ, ਆਪਣੇ ਅਮੁੱਲੇ ਮਨੁੱਖਾ ਜਨਮ ਨੂੰ ਬਿਰਥਾ ਕਰ ਕੇ ਹੀ ਜਾਂਦੀ ਤੇ ਫ਼ਿਰ ਤੋਂ ਜਨਮਾਂ ਦੇ ਗੇੜ `ਚ ਹੀ ਪੈਂਦੀ ਹੈ। ਦਰਅਸਲ ਗੁਰਦੇਵ ਇਸ ਸਲੋਕ `ਚ ਵੀ ਮਨੁੱਖ ਨੂੰ ਹਉ ਭਾਲਿ ਵਿਕੁੰਨੀ ਹੋਈ” ਕਹਿ ਕੇ ਇਹੀ ਉਲਾਹਮਾ ਦੇ ਰਹੇ ਹਨ ਕਿ ਜਨਮ ਨੂੰ ਸਫ਼ਲਾ ਕਰਣ ਲਈ ਇਤਨੀ ਵਧ ਪ੍ਰੇਰਣਾ ਦੇ ਬਾਵਜੂਦ, ਮਨੁੱਖ ਆਪਣੀ ਸੰਭਾਲ ਨਹੀਂ ਕਰਦਾ ਤੇ ਆਖ਼ਿਰ ਜਨਮ ਨੂੰ ਜ਼ਾਇਆ ਕਰਕੇ ਹੀ ਜਾਂਦਾ ਹੈ।

ਇਸੇ ਤਰ੍ਹਾਂ ਜਦੋਂ ਅਸਾਂ ਇਸ ਗੁਰਮੱਤ ਪਾਠ ਦੇ ਦੂਜੇ ਭਾਗ `ਚ ਇਸ ਸਲੋਕ ਦੇ ਅਰਥ ਕੀਤੇ ਤਾਂ ਵੀ ਉਹ ਅਰਥ ਵੀ ਇਸ ਪ੍ਰਕਾਰ ਸਨ ਮਨੁੱਖਾ ਜਨਮ `ਚ ਕਲਹਿ ਕਲੇਸ਼ ਵਾਲੇ ਵਾਤਾਵਰਣ (ਕਲਿ) ਦਾ ਮੂਲ ਕਾਰਨ, ਮਨੁੱਖ ਦੇ ਹਉਮੈ ਭਰਪੂਰ ਮਨ` ਦੇ ਸੁਭਾਉ ਦਾ ਹੀ ਜੀਵਨ ਲਈ ਛੁਰੀ (ਕਾਤੀ) ਹੋਣਾ ਹੈ। ਇਸ ਤਰ੍ਹਾਂ ਜਦੋਂ ਮਨੁੱਖ ਦੇ ਸਰੀਰ ਅੰਦਰ, ਇਸ ਦਾ ਮਨ` ਰਾਜਾ ਹੀ ਜ਼ਾਲਮ ਤੇ ਕਸਾਈ ਬਣਿਆ ਹੁੰਦਾ ਹੈ। ਉਸੇ ਤੋਂ ਮਨੁੱਖਾ ਜੀਵਨ ਦੀ ਅਜਿਹੀ ਮਾਨਸਿਕ ਅਵਸਥਾ ਸਮੇਂ ਮਨੁੱਖਾ ਜੀਵਨ ਦਾ ਸਮੂਚਾ ਵਾਤਾਵਰਣ ਹੀ ਕਲਿਹ ਕਲੇਸ਼ ਦਾ ਯੁਗ ਬਣ ਜਾਂਦਾ ਹੈ। ਮਨੁੱਖਾ ਜੀਵਨ ਦੀ ਅਜਿਹੀ ਬਣ ਚੁੱਕੀ ਮਾਨਸਿਕ ਅਵਸਥਾ `ਚ ਸੱਚ ਧਰਮ ਦਾ ਇਸ ਤਰ੍ਹਾਂ ਬੀਜ ਨਾਸ ਹੋਇਆ ਹੁੰਦਾ ਹੈ ਜਿਵੇਂ ਮਸਿਆ ਦੀ ਕਾਲੀ ਰਾਤ ਸਮੇਂ ਪੂਰਨਮਾਸ਼ੀ ਦੇ ਚੰਦ੍ਰਮਾ ਦਾ ਪ੍ਰਕਾਸ਼ ਦਿਖਾਈ ਨਹੀਂ ਦਿੰਦਾ।

ਮਨੁੱਖਾ ਜੀਵਨ ਵਿਚਲੇ ਇਸ ਅਗਿਆਨਤਾ ਦੇ ਹਨੇਰੇ ਦਾ ਮੂਲ ਕਾਰਨ, ਮਨੁੱਖ ਦੀ ਆਪਣੀ ਤੇ ਉਸ ਦੇ ਮਨ` ਵਿਚਲੀ ਹਉਮੈ` ਹੀ ਹੁੰਦੀ ਹੈ। ਅਜਿਹੇ ਅਗਿਆਨਤਾ ਭਰਪੂਰ ਜੀਵਨ ਅੰਦਰੋਂ ਸੱਚ ਧਰਮ ਦਾ ਪ੍ਰਕਾਸ਼ ਢੂੰਡਿਆਂ ਵੀ ਦਿਖਾਈ ਨਹੀਂ ਦਿੰਦਾ। ਉਪ੍ਰੰਤ ਇਸ ਸਬੰਧੀ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਮਨੁੱਖ ਜਦੋਂ ਖ਼ੁੱਦ ਹੀ, ਆਪਣੀ ਹਉਮੈ` ਕਾਰਨ ਅਗਿਆਨਤਾ ਭਰਪੂਰ ਜੀਵਨ ਜੀਊਣ ਦਾ ਆਦੀ ਹੋ ਜਾਂਦਾ ਹੈ ਤਾਂ ਉਸ ਦੇ ਜੀਵਨ ਦੀ ਅਜਿਹੀ ਮਾਨਸਿਕ ਅਵਸਥਾ ਸਮੇਂ ਉਸ ਦੀ ਜੀਵਨ ਪੱਖੋਂ ਸੰਭਾਲ ਹੋ ਜਾਏ, ਅਜਿਹਾ ਸੰਭਵ ਹੀ ਨਹੀਂ ਰਹਿੰਦਾ।

ਭਾਵ ਜੀਵਨ ਦੀ ਬਾਜ਼ੀ ਨੂੰ ਜਿੱਤਣ ਲਈ ਜ਼ਰੂਰੀ ਹੈ ਕਿ ਮਨੁੱਖ ਪਹਿਲਾਂ ਆਪਣੇ ਮਨ` ਦੀ ‘ਹਉਮੈ` ਦਾ ਤਿਆਗ ਕਰੇ ਤਾਂ ਹੀ ਉਸ ਦੇ ਜੀਵਨ ਅੰਦਰ ਸੱਚ ਧਰਮ ਦਾ ਪ੍ਰਕਾਸ਼ ਹੋਵੇਗਾ। ੧। “

ਉਪ੍ਰੰਤ ਜੇ ਪ੍ਰਕਰਣ ਅਨੁਸਾਰ ਸਲੋਕ ਦੇ ਅਰਥਾਂ ਨੂੰ ਗਹੁ ਨਾਲ ਵਿਚਾਰਿਆ ਜਾਏ ਤਾਂ ਆਪਣੇ ਆਪ ਸਪਸ਼ਟ ਹੋ ਜਾਏਗਾ ਕਿ ਗੁਰਦੇਵ ਨੇ ਇਸ ਸਲੋਕ `ਚ ਕਿਸੇ ਸੰਸਾਰਕ ਰਾਜੇ ਦੀ ਗੱਲ ਨਹੀਂ ਕੀਤੀ ਬਲਕਿ ਮਨੁੱਖ ਦੇ ਮਨ` ਨੂੰ ਹੀ, ਇਸ ਮਨੁੱਖਾ ਸਰੀਰ ਦਾ ਰਾਜਾ ਕਹਿ ਕੇ ਬਿਆਣਿਆ ਹੈ ਠੀਕ ਉਸੇ ਤਰ੍ਹਾਂ ਜਿਵੇਂ ਗੁਰਬਾਣੀ `ਚ ਹੋਰ ਵੀ ਅਨੇਕਾਂ ਥਾਵੇਂ। ਮਿਸਾਲ ਦੇ ਤੌਰ `ਤੇ ਅਸਾਂ ਇਸੇ ਗੁਰਮੱਤ ਪਾਠ ਦੇ ਚੌਥੇ ਭਾਗ `ਚ ਵੀ ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ” (ਪੰ: ੪੬੮) ਵਾਲੀ ਮਿਸਾਲ ਨੂੰ ਦਿੱਤਾ ਤਾਂ ਉਥੇ ਵੀ ਮੂਲ ਰੂਪ `ਚ ਗੁਰਮੱਤ ਆਧਾਰਤ ਸੰਸਾਰੀਆਂ` ਬਾਰੇ ਹੀ ਜ਼ਿਕਰ ਸੀ ਤੇ ਉਥੇ ਵੀ ਮਨੁੱਖਾ ਮਨ` ਦੇ ਕੁਰਾਹੇ ਪੈ ਜਾਣ ਵਾਲਾ ਹੀ ਵਿਸ਼ਾ ਸੀ, ਭਾਵ ਮਨਮੁਖ, ਬੇਮੁੱਖ, ਅਭਾਗੇ, ਕੂੜਿਆਰ ਤੇ ਗੁਰਬਾਣੀ ਆਧਾਰਤ ਪ੍ਰਭੂ ਤੋਂ ਟੁੱਟੇ ਹੋਏ ਸੰਸਾਰੀ`, ‘ਦੁਨੀਆਦਾਰੀ` ਦਾ।

ਕਿਉਂਕਿ ਉਥੇ ਵੀ ਮਨੁੱਖਾ ਸਰੀਰ ਅੰਦਰ ਕੁਰਾਹੇ ਪਏ, ਪ੍ਰਭੂ ਤੋਂ ਅੱਡਰੀ ਹਸਤੀ ਬਣਾਏ ਬੈਠੇ, ਹਉਮੈ` ਅਧੀਨ ਵਿਚਰ ਰਹੇ ਮਨ` ਨੂੰ ਹੀ ਇਸ ਸਰੀਰ ਦਾ ਰਾਜਾ ਕਰ ਕੇ ਬਿਆਣਿਆ ਤੇ ਸਬੰਧਤ ਵਿਸ਼ੇ ਨੂੰ ਸਪਸ਼ਟ ਕੀਤਾ ਹੋਇਆ ਸੀ। ਫ਼ਰਕ ਹੈ ਕਿ ਇਥੇ ਜਿਨ੍ਹਾਂ ਗੁਰਮੁਖਾਂ` ਦੀ ਅਣਹੋਂਦ ਦਾ ਜ਼ਿਕਰ ਕਰਣ ਸਮੇਂ ਗੁਰਦੇਵ ਨੇ ਹਉ ਭਾਲਿ ਵਿਕੁੰਨੀ ਹੋਈ” ਸ਼ਬਦਾਵਲੀ ਵਰਤੀ ਹੈ ਉਥੇ ਇਸੇ ਮਨ` ਰੂਪ ਰਾਜੇ ਦੇ ਕੁਰਾਹੇ ਪਏ ਹੋਣ ਕਾਰਨ ਗਿਆਨੀਆਂ, ਵਿਦਵਾਨਾ, ਪੰਡਿਤਾਂ, ਅਖੌਤੀ ਧਰਮੀਆਂ ਤੇ ਭੇਖ ਧਾਰੀ ਜਤੀਆਂ ਆਦਿ ਦੇ ਕੁਰਾਹੇ ਪਏ ਜਨਮ ਨੂੰ ਹੀ ਨਿਖਾਰਿਆ ਹੋਇਆ ਹੈ। (ਚਲਦਾ) #G0108-VIs012.02s012#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ` ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਸਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ` ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ` ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ। 
.