.

ਅਰਦਾਸ ਅਤੇ ਸ਼ਿਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ
ਸਰਜੀਤ ਸਿੰਘ ਸੰਧੂ ਯੂ: ਐੱਸ: ਏ:

ਸਿੱਖ ਧਰਮ ਦੀ ਤਵਾਰੀਖ਼ ਵਿੱਚ ਸਿੰਘ ਸਭਾ ਲਹਿਰ ਦਾ ਆਰੰਭ ੧੮੭੩ ਈ: ਵਿੱਚ ਹੋਇਆ ਦੱਸਿਆ ਜਾਂਦਾ ਹੈ। ਇਹ ਵੀ ਲਿਖਿਆ ਹੋਇਆ ਹੈ ਕਿ ਇਹ ਲਹਿਰ ਆਰੰਭ ਹੋਣ ਪਿਛੋਂ ਛੇਤੀ ਹੀ ਦੋ ਧੜਿਆਂ ਵਿੱਚ ਵੰਡੀ ਗਈ ਸੀ। ਇੱਕ ਧੜਾ ਗੋਰਿਆਂ ਦੀ ਸਰਕਾਰ ਦੇ ਹਾਮੀਆਂ ਦਾ ਸੀ ਅਤੇ ਦੂਜਾ ਧੜਾ ਪੜੇ ਲਿਖੇ ਲੋਕਾਂ ਦਾ ਸੀ। ਇਨ੍ਹਾਂ ਵਿੱਚ ਗੁਰਮੁੱਖ ਸਿੰਘ ਔਰੀਇਨਟਲ ਲੈਂਗੂਏਜਜ਼ ਕਾਲਜ ਲਾਹੌਰ ਵਿੱਚ ਪ੍ਰੋਫੈੱਸਰ ਸੀ। ਸਰਕਾਰੀ ਧੜੇ ਦਾ ਖੇਮ ਸਿੰਘ ਬੇਦੀ ਲੀਡਰ ਸੀ ਅਤੇ ਦਰਬਾਰ ਸਾਹਿਬ ਉੱਪਰ ਕਬਜਾ ਕਰਨ ਵਾਲੇ ਮਹੰਤਾਂ ਦਾ ਸਹਾਇਕ ਸੀ। ੧੮੯੭ ਈ: ਵਿੱਚ ਖੇਮ ਸਿੰਘ ਬੇਦੀ ਅਤੇ ਨਾਭੇ ਦੇ ਰਾਜੇ ਨੇ ਰਲ ਕੇ ਗੁਰਮੱਖ ਸਿੰਘ ਨੂੰ ਸਿੱਖ ਪੰਥ ਵਿੱਚੋਂ ਇਸ ਕਰਕੇ ਕੱਡ ਦਿੱਤਾ ਸੀ ਕਿਉਂਕਿ ਉਸ ਨੇ ਅੰਮ੍ਰਿਤਸਰ ਵਿੱਚ ਹੋਈ ਸੰਯੁਕ ਸਿੰਘ ਸਭਾ ਦੀ ਮੀਟੰਗ ਵਿੱਚ ਉਨ੍ਹਾਂ ਦੋਹਾਂ ਦੀ ਗੱਦੈਲਿਆਂ ਉੱਪਰ ਬੈਠਣ ਦੀ ਮੁਖਾਲਫਤ ਕੀਤੀ ਸੀ। ਗੁਰਮੁਖ ਸਿੰਘ ਦੀ ਦਲੀਲ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਵਿੱਚ ਬੈਠੇ ਸਾਰੇ ਸਿੱਖ ਬਰਾਬਰ ਹਨ।
ਸਰਕਾਰ ਦੇ ਹਮਾਇਤੀਆਂ ਦਾ ਪੱਖ ਭਾਰਾ ਸੀ ਅਤੇ ਮਹੰਤਾਂ ਨਾਲ ਮਿਲੇ ਹੋਇ ਸਨ। ਖੇਮ ਸਿੰਘ ਬੇਦੀ ਨੇ ਦਸਮ ਗ੍ਰੰਥ ਬਾਰੇ ਵੀ ਕਮੇਟੀ ਬਣਾ ਕੇ ਇਸ ਨੂੰ ਛਾਪ ਕੇ ਦਰਬਾਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪਰਕਾਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਭਾਈ ਵੀਰ ਸਿੰਘ ਨੇ ਖਾਲਸਾ ਅਖਬਾਰ ਰਾਹੀਂ ਪਰਚਾਰ ਕਰਕੇ ਉਸ ਦਾ ਇਹ ਮਨੋਰਥ ਪੂਰਾ ਨ ਹੋਣ ਦਿੱਤਾ।
੧੯੦੨ ਈ: ਵਿੱਚ ਗੋਵਿੰਦ ਸਿੰਘ ਨਿਰਮਲ ਉਦਾਸੀ ਨੇ ਖਾਲਸਾ ਤਵਾਰੀਖ ਛਾਪ ਦਿੱਤੀ ਜਿੱਸ ਵਿੱਚ ਉਸ ਨੇ ਦੋ ਕੁ ਸੌ ਸਾਲ ਤੋਂ ਪੋਥੀਆਂ ਵਿੱਚ ਆ ਰਹੀਆਂ ਲਿਖਤਾਂ ਵਿੱਚ ਖੰਡੇ ਦੀ ਪਾਹੁਲ ਨੂੰ ਬਦਲ ਕੇ ਅੰਮ੍ਰਿਤ ਦਾ ਨਾਉਂ ਦੇ ਕੇ ਗੁਰਬਾਣੀ ਵਿੱਚ ਦਿੱਤੇ ਗਏ ਅੰਮ੍ਰਿਤ ਨਾਲ ਵਵਾਦ ਖੜਾ ਕਰ ਦਿੱਤਾ। ਇਹ ਅੱਜ ਵੀ ਅੰਮ੍ਰਿਤ ਸੰਸਕਾਰ ਦੇ ਨਾਮ ਨਾਲ ਸਿੱਖ ਰਹਿਤ ਮਰਯਾਦਾ ਵਿੱਚ ਚਲਿਆ ਆ ਰਿਹਾ ਹੈ। ਸਿੱਖਾਂ ਨੇ ਮਹੰਤਾ ਨੂੰ ਦਰਬਾਰ ਸਾਹਿਬ ਵਿੱਚ ਕੁਰੀਤੀਆਂ ਕਰਨ ਦੇ ਕਾਰਨ ਜਦੋਂ ਕੱਢ ਦਿੱਤਾ ਤਾਂ ਸਿਖ ਰਹਿਤ ਮਰਯਾਦਾ ਦਾ ਸਵਾਲ ਪੈਦਾ ਹੋਇਆ। ਸਾਰਿਆਂ ਗੁਰਦੁਆਰਿਆਂ ਵਿੱਚ ਕੰਮ ਕਾਰ ਕਰਨ ਵਾਲੇ ਰਾਗੀ, ਪਾਠੀ ਆਦਿ ਸਾਰੇ ਬਦਲਣ ਜਾਂ ਟਰੇਨ ਕਰਨ ਦਾ ਕਿਸੇ ਨੂੰ ਖਿਆਲ ਨਾ ਆਇਆ। ਜਾਂ ਇੰਜ ਕਹਿ ਲਉ ਕਿ ਸਾਡੇ ਅਨਪੜ੍ਹ ਨੇਤਾ ਚੌਧਰ ਦੇ ਭੁੱਖੇ ਸਨ। ਉਨ੍ਹਾਂ ਗੁਰਮੁਖ ਸਿੰਘ ਨੂੰ ਇਸ ਕੰਮ ਲਈ ਨਾਲ ਲੈਣਾ ਪਸੰਦ ਨ ਕੀਤਾ।
ਸਿੱਖ ਰਹਿਤ ਮਰਯਾਦਾ ਬਣਾਉਨ ਦਾ ਕੰਮ ਵੀ ਢਿੱਲਾ ਪਿਆ ਰਿਹਾ, ਕੋਈ ਸਹਿਮਤੀ ਨ ਹੋ ਸਕੀ। ਪਰ ਨੁਕਸਾਨ ਪਹੁੰਚਾਨ ਵਾਲਾ ਧੜਾ ਜੋ ਟਕਸਾਲਾਂ ਵਿੱਚੋਂ ਉੱਭਰ ਕੇ ਬਾਹਿਰ ਆਇਆ ਉਨ੍ਹਾਂ ਵਿੱਚ ਸਰਕਾਰੀ ਧੜੇ ਦੇ ਨਿਰਮਲੇ ਅਤੇ ਉਦਾਸੀ ਮੈਦਾਨ ਮੱਲ ਕੇ ਬਹਿ ਗਏ। ਇੱਸ ਵਾਸਤੇ ੨੦ ਸਾਲ ਲੱਗ ਗਏ ਅਤੇ ਸਰਕਾਰੀ ਧੜੇ ਨੇ ਮਨਮਰਜ਼ੀ ਦਾ ਫੈਸਲਾ ੧੯੪੫ ਈ: ਵਿੱਚ ਕੀਤਾ ਜੋ ਅੱਜ ਵੀ ਚੱਲ ਰਿਹਾ ਹੈ।
ਦਸਮ ਗ੍ਰੰਥ ਨੂੰ ਭਾਵੇਂ ਮਾਨਤਾ ਨ ਮਿਲ ਸਕੀ, ਪਰ ਨਿੱਤ ਨੇਮ ਵਿੱਚ ਉਸ ਵਿੱਚੋਂ ਬਾਣੀਆਂ ਲੈ ਕੇ ਪਾਈਆਂ ਗਈਆਂ ਸਨ ਜੋ ਅੱਜ ਵੀ ਗੁਰਦੁਆਰਿਆਂ ਵਿੱਚ ਪੜੀਆਂ ਜਾ ਰਹੀਆਂ ਹਨ। ਇਸ ਵਿੱਚ ਊਣਤਾਈਆਂ ਨੂੰ ਦੂਰ ਕਰਨ ਦਾ ਕਿਸੇ ਕੋਲ ਸਮਾਂ ਵੀ ਨਹੀਂ ਅਤੇ ਨ ਹੀ ਹੌਂਸਲਾ।
ਗੂਰੁ ਗ੍ਰੰਥ ਸਾਹਿਬ ਵਿੱਚ ਤਾਂ ਸਾਰੀ ਬਾਣੀ ਗੁਰੂਆਂ ਦੀ ਹੈ ਜਾਂ ਗੁਰੂ ਅਰਜਨ ਦੀ ਪਰਵਾਨ ਕੀਤੀ ਹੋਈ ਭਗਤਾਂ ਆਦਿ ਦੀ ਹੈ। ਪਰ ਅਰਦਾਸ ਵਿੱਚ ਉਹ ਬਾਣੀ ਵੀ ਹੈ ਜੋ ਨ ਤਾਂ ਦਸਮ ਗ੍ਰੰਥ ਵਿੱਚ ਹੈ ਅਤੇ ਨਾ ਹੀੰ ਗੁਰੂ ਪਰਵਾਨਤ ਹੈ। ਪਰ ਕਿਸੇ ਨਕਲੀ ਗੁਰੂ ਦੀ ਹੈ ਜਿੱਸ ਬਾਰੇ ਕਿਸੇ ਨੇ ਨ ਤਾਂ ਕੋਈ ਇਤਰਾਜ਼ ਕੀਤਾ ਹੈ ਜਾਂ ਖੋਜ ਕੀਤੀ ਹੈ। ਕਈ ਸੱਜਨਾਂ ਨੂੰ ਇਹ ਪਤਾ ਹੈ ਕਿ ਇਹ ਕਿਸੇ ਪਾਖੰਡੀ ਦੀ ਸ਼ਰਾਰਤ ਹੈ। ਤੁਸੀਂ ਆਖੋ ਗੇ ਇਹ ਕੇਹੜੀ ਪੰਗਤੀ ਹੈ? ਸਿੱਖ ਪੰਥ ਵਲੋਂ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀ ਬਨਾਈ ਰਹਿਤ ਮਰਯਾਦ ਦਾ ਪੰਨਾ ੧੧ ਪੜੋ;
“ਨਾਨਕ ਨਾਮ ਚੜ੍ਹਦੀ ਕਲਾ, ਤੇਤੇ ਭਾਣੇ ਸਰਬੱਤ ਕਾ ਭਲਾ”
ਇਹ ਤਾਂ ਕਿਸੇ ਯਾਰਵੇਂ ਗੁਰੂ ਦੀ ਰਚਨਾ ਹੈ ਕਿਉਂਕਿ ਇਹ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਢੂੰਡਿਆਂ ਵੀ ਨਹੀ ਮਿਲਦੀ।
ਇੱਸ ਮਸਲੇ ਨੂੰ ਸੁਲਝਾਉਣ ਲਈ ਸੁਝਾਉ ਦਿੱਤਾ ਜਾਂਦਾ ਹੈ ਕਿ ਹੇਠਾਂ ਦਿੱਤੇ ਸ਼ਬਦ ਵਰਤਣ ਨਾਲ ਇਹ ਮੁਸ਼ਕੱਲ ਦੂਰ ਹੋ ਜਾਂਦੀ ਹੈ।
ਇੱਕੋਓ ਦਾ ਨਾਮ ਚੜ੍ਹਦੀ ਕਲਾ, ਉੱਸ ਦੇ ਭਾਣੇ ਸਰਬਤ ਦਾ ਭਲਾ।
ਏਥੇ ਅਸੀਂ ਅਕਾਲ ਪੁਰਖ ਵਾਸਤੇ ਏਕੁ ਨੂੰ ਇੱਕੋਓ ਰਾਹੀਂ ਸਪਸ਼ਟ ਕਰਨ ਦਾ ਚਾਰਾ ਕੀਤਾ ਹੈ। ਗੁਰੂ ਨਾਨਕ ਦੇ ਨਾਮ ਹੇਠਾਂ ਜੇ ਕੋਈ ਆਪਣੀ ਸ਼ਰਾਰਤੀ ਲ਼ਿਖਤ ਬਾਣੀ ਵਿੱਚ ਰਲ਼ਾ ਪਾਵੇ ਤਾਂ ਉੱਸ ਦੇ ਕਸੂਰ ਨਾਲੋਂ ਉਹ ਸੱਜਨ ਬਹੁਤੇ ਕਸੂਰਵਾਰ ਹਨ ਜੋ ਉੱਸ ਨੂੰ ਸਜ਼ਾ ਦੇਣ ਤੋਂ ਡਰਦੇ ਹਨ ਜਾਂ ਬਾਣੀ ਬਾਰੇ ਅਪਣਾ ਅਗਿਆਨ ਵਰਤ ਕੇ ਸੱਚੀ ਗੱਲ ਕਰਨ ਵਾਲੇ ਦੀ ਮੁਖਾਲਫਤ ਕਰਦੇ ਹਨ।
ਸਿੱਖੋ ਜਾਗੋ! ਤਿੰਨ ਸਦੀਆਂ ਤਾਂ ਹੁਣ ਤੱਕ ਬੀਤ ਚੁੱਕੀਆਂ ਹਨ। ਚੌਥੀ ਸਦੀ ਵਿੱਚ ਪੈਰ ਧਰ ਚੁੱਕੇ ਹਾਂ।




.