.

ਆਓ … ਸਿੱਖ ਵਾਤਾਵਰਨ ਦਿਵਸ ਤੇ ਕੁੱਝ ਨਵਾਂ ਕਰੀਏ।
-ਰਘਬੀਰ ਸਿੰਘ ਮਾਨਾਂਵਾਲੀ


ਦੁਨੀਆਂ ਦੀ ਲਗਾਤਾਰ ਵੱਧ ਰਹੀ ਅਬਾਦੀ ਕਰਕੇ ਧਰਤੀ `ਤੇ ਤਪਸ਼ ਵੱਧ ਰਹੀ ਹੈ। ਗਲੇਸ਼ੀਅਰ ਪਿਘਲਣ ਲਗ ਪਏ ਹਨ। ਜਿਸ ਨਾਲ ਬਰਸਾਤਾਂ ਜੋ਼ਰ ਨਾਲ ਪੈਣ ਲਗ ਪਈਆਂ ਹਨ ਅਤੇ ਹੜ੍ਹ ਆ ਰਹੇ ਹਨ। ਗਲੋਬਲ ਵਾਰਮਿੰਗ ਮਨੁੱਖਤਾ ਲਈ ਬਹੁਤ ਵੱਡਾ ਖਤਰਾ ਬਣਦਾ ਜਾ ਰਿਹਾ ਹੈ। ਵਾਤਾਵਰਨ ਪੂਰੀ ਤਰ੍ਹਾਂ ਪ੍ਰਦੂਸ਼ਤ ਹੋ ਚੁਕਿਆ ਹੈ। ਇਸ ਕਰਕੇ ਲਾ-ਇਲਾਜ਼ ਬੀਮਾਰੀਆਂ ਪੈਦਾ ਹੋ ਗਈਆਂ ਹਨ। ਅੱਜ ਮਨੁੱਖਤਾ ਗੰਭੀਰ ਖਤਰੇ ਵਿੱਚ ਘਿਰੀ ਹੋਈ ਹੈ।
ਗੈਰ-ਯੋਜਨਾਬੱਧ ਤਰੱਕੀ ਅਤੇ ਮਨੁੱਖ ਦੀ ਲਾਲਸਾ ਭਰੀ ਜਿੰਦਗੀ ਬਿਤਾਉਣ ਦੀ ਇੱਛਾ ਕੁਦਰਤ ਦੇ ਸੰਤੁਲਨ ਨੂੰ ਵਿਗਾੜ ਰਹੀ ਹੈ। ਅੱਜ ਕੱਲ ਵਾਤਾਵਰਨ ਵਿੱਚ ਹਵਾ ਦਾ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਰਹਿੰਦ-ਖੂੰਹਦ ਦਾ ਪ੍ਰਦੂਸ਼ਣ ਅਤੇ ਸ਼ੋਰ ਪ੍ਰਦੂਸ਼ਣ ਬੁਰੀ ਤਰ੍ਹਾਂ ਫੈਲ ਚੁਕਿਆ ਹੈ। ਇਹ ਸਾਰੇ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਭਾਰੀ ਨੁਕਸਾਨਦਾਇਕ ਹਨ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰੂ ਸਿੱਧ ਹੋਣਗੇ। ਦੁਨੀਆਂ ਭਰ ਵਿੱਚ ਵਾਤਾਵਰਨ ਸੰਸਥਾਵਾਂ ਅਤੇ ਬੁੱਧੀਜੀਵੀ ਇਸ ਨੂੰ ਬਚਾਉਣ ਦੇ ਉਪਰਾਲੇ ਕਰ ਰਹੀਆਂ ਹਨ।
ਸਿੱਖ ਕੌਮ ਵਲੋਂ ਵੀ ਵਾਤਾਵਰਨ ਦੇ ਸੁਧਾਰ ਲਈ ਇੱਕ ਵੱਡਮੁੱਲਾ ਉਪਰਾਲਾ ਕਰਨ ਦੇ ਯਤਨ ਅਰੰਭੇ ਜਾ ਚੁੱਕੇ ਹਨ। ਸਿੱਖਾਂ ਦੇ ਸਤਵੇਂ ਗੁਰੂ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਪ੍ਰਕਾਸ਼ ਪੁਰਬ `ਤੇ ਹਰ ਸਾਲ 14 ਮਾਰਚ ਦੇ ਦਿਨ ਨੂੰ ‘ਸਿੱਖ ਵਾਤਾਵਰਨ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਉਪਰਾਲਾ ਬਹੁਤ ਸੁਲਾਹਣਯੋਗ ਹੈ। ਇਸ ਨੂੰ ਦੇਰ ਨਾਲ ਚੁੱਕਿਆ ਗਿਆ ਇੱਕ ਦਰੁਸਤ ਕਦਮ ਕਿਹਾ ਜਾ ਸਕਦਾ ਹੈ। ਸਿੱਖ ਕੌਮ ਨੂੰ ਅਜਿਹਾ ਉਪਰਾਲਾ ਬਹੁਤ ਦੇਰ ਪਹਿਲਾਂ ਹੀ ਕਰਨ ਦਾ ਫੈਸਲਾ ਲੈ ਲੈਣਾ ਚਾਹੀਦਾ ਸੀ। ਵੈਸੇ ਤਾਂ ਗੁਰੂ ਨਾਨਕ ਸਾਹਿਬ ਨੇ ਵਾਤਾਵਰਨ ਨੂੰ ਸੰਭਾਲਣ ਲਈ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਬਾਣੀ ਜੁਪਜੀ ਸਾਹਿਬ ਦੇ ਸਲੋਕ ਵਿੱਚ “ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ ।।” ਲਿਖ ਕੇ ਸਾਨੂੰ ਇਲਾਹੀ ਹੁਕਮ ਕਰ ਦਿਤਾ ਸੀ। ਉਹਨਾਂ ਹਵਾ, ਪਾਣੀ ਅਤੇ ਧਰਤੀ ਨੂੰ ਉੱਤਮ ਦਰਜ਼ਾ ਦੇ ਕੇ ਸਾਨੂੰ ਕਿਹਾ ਸੀ ਕਿ ਇਹ ਮਨੁੱਖੀ ਜੀਵਨ ਦਾ ਅਧਾਰ ਹੈ। ਜੇ ਇਹ ਸਾਫ ਅਤੇ ਸ਼ੁੱਧ ਨਾ ਰਹੇ ਤਾਂ ਮਨੁੱਖਤਾ ਲਈ ਜੀਣਾ ਦੁੱਭਰ ਹੋ ਜਾਏਗਾ। ਗੁਰਬਾਣੀ ਵਿੱਚ ਅਨੇਕਾਂ ਥਾਵਾਂ `ਤੇ ਕੁਦਰਤ ਦੀ ਮਹੱਤਤਾ ਬਾਰੇ ਦੱਸਿਆ ਗਿਆ ਹੈ। ਤੇ ਗੁਰੂ ਨਾਨਕ ਸਾਹਿਬ ਨੇ ਕੁਦਰਤੀ ਸੋਮਿਆਂ ਨੂੰ ਸਾਂਭਣ ਦੀ ਹਦਾਇਤ ਕੀਤੀ ਸੀ। ਪਰ ਅਫਸੋਸ ਦੀ ਗੱਲ ਹੈ ਕਿ ਸਿੱਖ ਕੌਮ ਹਰ ਰੋਜ਼ ਦੋ ਵੇਲੇ ਗੁਰਬਾਣੀ ਪੜ੍ਹਦੇ ਅਤੇ ਨਿੱਤਨੇਮ ਕਰਦੇ ਕੁਦਰਤ ਦੀ ਮਹੱਤਤਾ ਅਤੇ ਗੁਰੂ ਸਾਹਿਬ ਦਾ ਵਾਤਾਵਰਨ ਪ੍ਰਤੀ ਕੀਤਾ ਹੁਕਮ ਸੁਣਦੇ ਹਨ। ਪਰ ਵਾਤਾਵਰਨ ਅਤੇ ਕੁਦਰਤ ਦੀ ਸੰਭਾਲ ਕਰਨ ਦੀ ਮਤ ਨੂੰ ਖੂਹ ਖਾਤੇ ਹੀ ਪਾਈ ਰੱਖਦੇ ਹਨ। ਤੇ ਵਾਤਾਵਰਨ ਨੂੰ ਪ੍ਰਦੂਸ਼ਤ ਕਰਨ ਲਈ ਬਾਣੀ ਦੇ ਸਾਰੇ ਸਿਧਾਂਤਾਂ ਨੂੰ ਛਿੱਕੇ ਟੰਗ ਦਿੰਦੇ ਹਨ।
ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਸੁਭਾਅ ਇਤਨਾ ਨਰਮ ਅਤੇ ਦਿਆਲੂ ਸੀ ਕਿ ਜ਼ਿਕਰ ਆਉਂਦਾ ਹੈ ਕਿ ਇੱਕ ਵਾਰੀ ਆਪ ਜਦੋਂ ਦਾਦਾ ਗੁਰਦੇਵ (ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ) ਨਾਲ ਬਾਗ਼ `ਚ ਸੈਰ ਕਰ ਰਹੇ ਸਨ ਤਾਂ ਆਪ ਦੇ ‘ਕਲੀਆਂ ਵਾਲੇ ਚੋਲੇ’ ਨਾਲ ਅਟਕ ਕੇ ਇੱਕ ਫੁੱਲ ਟੁੱਟ ਗਿਆ। ਆਪ ਤੋਂ ਇਹ ਬਰਦਾਸ਼ਤ ਨਾ ਹੋਇਆ। ਕਿਉਂਕਿ ਇਹ ਫੁੱਲ ਕਿਸੇ ਫੁੱਲ ਦੀ ਲੋੜ ਵਾਸਤੇ ਨਹੀਂ; ਬਲਕਿ ਅਜ਼ਾਈਂ ਟੁੱਟਾ ਸੀ। ਆਪ ਦੇ ਚਿਹਰੇ `ਤੇ ਵਿਰਾਗ਼ਮਈ ਉਦਾਸੀ ਛਾ ਗਈ। ਆਪ ਨੂੰ ਉਦਾਸ ਵੇਖਕੇ ਗੁਰਦੇਵ ਪਿਤਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੁਰਮਾਇਆ “ਪੁੱਤਰ … ਵੱਡਾ ਚੋਲਾ ਪਾ ਕੇ ਵੱਡੀ ਜ਼ਿੰਮੇਵਾਰੀ ਵੀ ਜਰੂਰੀ ਹੈ। " ਤੇ ਫਿਰ ਸਾਰੀ ਜ਼ਿੰਦਗੀ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਚੱਲਣ ਸਮੇਂ ਆਪਣੇ ਚੋਲੇ ਨੂੰ ਫੜ੍ਹ ਕੇ ਹੀ ਚਲਦੇ ਸਨ। ਇਸ ਵਿਰਾਗ਼ਮਈ ਉਦਾਸੀ ਵਜੋਂ ਉਹਨਾਂ ਦਾ ਰੁੱਖਾਂ ਅਤੇ ਫੁੱਲਾਂ ਪ੍ਰਤੀ ਮੋਹ ਜਾਗਿਆ। ਉਹਨਾਂ ਆਪਣੇ ਜੀਵਨ ਵਿੱਚ ਅਨੇਕਾਂ ਬਾਗ਼ ਲਗਾਏ ਅਤੇ ਪਾਰਕ ਬਣਾਏ ਸਨ। ਗੁਰੂ ਸਾਹਿਬ ਦੇ ਨਰਮ ਅਤੇ ਦਿਆਲੂ ਸੁਭਾਅ ਕਰਕੇ ਹੀ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ‘ਸਿੱਖ ਵਾਤਾਵਰਨ ਦਿਵਸ’ ਵਜੋਂ ਮਨਾਏ ਜਾਣ ਦਾ ਉਪਰਾਲਾ ਕੀਤਾ ਗਿਆ ਹੈ। ਮੈਨੂੰ ਮਨੋਂ ਖਦਸ਼ਾ ਹੈ ਕਿ ਗੁਰੂ ਸਾਹਿਬਾਨਾਂ ਦੇ ਗੁਰਬਾਣੀ ਰਾਹੀਂ ਸਿੱਖਾਂ ਨੂੰ ਕੀਤੇ ਬਾਕੀ ਹੁਕਮਾਂ ਵਾਂਗ ਵਾਤਾਵਰਨ ਪ੍ਰਤੀ ਕੀਤੇ ਹੁਕਮਾਂ ਨੂੰ ਵੀ ਸਿੱਖਾਂ ਵਲੋਂ ਅਣਦੇਖੀ ਕਰ ਦਿਤੀ ਜਾਵੇਗੀ।
‘ਸਿੱਖ ਵਾਤਾਵਰਨ ਦਿਵਸ’ ਬਹੁਤ ਪ੍ਰਭਾਵਸ਼ਾਲੀ ਬਣੇ। ਇਸ ਲਈ ਜਰੂਰੀ ਹੈ ਕਿ ਗੁਰਦੁਆਰਿਆਂ ਵਿੱਚ ਹਰ ਪ੍ਰੋਗਰਾਮ ਸਮੇਂ ਪ੍ਰਦੂਸ਼ਤ ਹੋਏ ਵਾਤਾਵਰਨ ਦੇ ਨੁਕਸਾਨ ਸੰਬੰਧੀ ਸੰਗਤ ਨੂੰ ਦੱਸਿਆ ਜਾਵੇ ਕਿ ਜੇ ਅਸੀਂ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਇਸੇ ਤਰ੍ਹਾਂ ਹੀ ਕਰਦੇ ਰਹੇ ਅਤੇ ਹੋਰ ਰੁੱਖ ਨਾ ਲਗਾਏ ਅਤੇ ਵਾਤਾਵਰਨ ਏਸੇ ਤਰ੍ਹਾਂ ਪ੍ਰਦੂਸ਼ਤ ਹੁੰਦਾ ਰਿਹਾ ਤਾਂ ਆਕਸੀਜਨ ਦੀ ਭਾਰੀ ਕਮੀ ਹੋ ਜਾਵੇਗੀ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਬੱਚਿਆਂ ਨੂੰ ਮੋਢਿਆਂ ਉਤੇ ਕਿਤਾਬਾਂ ਦੇ ਬਸਤੇ ਨਹੀਂ … ਆਕਸੀਜਨ ਦੇ ਸਿਲੰਡਰ ਲੈ ਕੇ ਸਕੂਲ ਜਾਣਾ ਪਿਆ ਕਰੇਗਾ। ਕਿਉਂਕਿ ਪ੍ਰਦੂਸ਼ਤ ਵਾਤਾਵਰਨ ਵਿੱਚ ਉਹਨਾਂ ਦਾ ਸਾਹ ਲੈਣਾ ਔਖਾ ਹੋ ਜਾਵੇਗਾ। ਉਹ ਸਾਨੂੰ ਕਦੀ ਮੁਆਫ਼ ਨਹੀਂ ਕਰਨਗੇ। ਪ੍ਰਦੂਸ਼ਤ ਵਾਤਾਵਰਨ ਕਰਕੇ ਓਜ਼ੋਨ ਪਰਤ ਨੂੰ ਭਾਰੀ ਨੁਕਸਾਨ ਹੋਣ `ਤੇ ਹਰ ਮਨੁੱਖ ਨੂੰ ਚਮੜੀ ਦਾ ਕੈਂਸਰ ਹੋ ਜਾਏਗਾ। ਮਨੁੱਖਤਾ ਖ਼ਤਮ ਹੋਣ ਵੱਲ ਵੱਧੇਗੀ। ਸਾਰੀ ਸਿੱਖ ਕੌਮ ਨੂੰ ਇਹ ਸਖ਼ਤ ਹਦਾਇਤ ਕੀਤੀ ਜਾਵੇ ਕਿ ਹਰ ਸਾਲ ਉਹ ਸਿੱਖ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਸਮੇਂ ਇਕ-ਇਕ ਦਰਖ਼ਤ ਜਰੂਰ ਲਗਵਾਏ। ਉਹਨਾਂ ਲਈ ਇਹ ਵੀ ਜਰੂਰੀ ਹੋਵੇ ਕਿ ਜਿੰਨੇ ਵੀ ਉਹ ਦਰਖ਼ਤ ਲਗਾਉਣ, ਉਹਨਾਂ ਦੇ ਜਵਾਨ ਹੋਣ ਤੱਕ ਉਹਨਾਂ ਦਾ ਪਾਲਣ-ਪੋਸ਼ਣ ਉਹ ਆਪਣੇ ਬੱਚਿਆਂ ਵਾਂਗ ਕਰਨ। ਇਹ ਹਦਾਇਤ ਵੀ ਕੀਤੀ ਜਾਵੇ ਕਿ ਦਰਖ਼ਤ ਲਗਾਉਣ ਸਮੇਂ ਉਹ ਫੋਟੋ ਖਿੱਚਵਾਉਣ ਅਤੇ ਅਖਬਾਰਾਂ ਵਿੱਚ ਛਪਵਾਉਣ ਤੱਕ ਹੀ ਸੀਮਤ ਨਾ ਰਹਿਣ। ਹੁਣ ਤੱਕ ਵਾਤਾਵਰਨ ਸੰਸਥਾਵਾਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਬਹੁਤ ਰੁੱਖ ਲਗਾ ਲਏ ਹਨ। (ਭਾਂਵੇਂ ਲੱਗੇ ਹੋਏ ਰੁੱਖਾਂ ਦੀ ਸੰਭਾਲ ਨਾ ਕਰਨ ਕਰਕੇ ਉਹ ਕਿਧਰੇ ਨਜ਼ਰ ਨਹੀਂ ਆ ਰਹੇ।) ਰੁੱਖ ਲਗਾਉਣ ਦੀਆਂ ਫੋਟੋ ਵੀ ਬਹੁਤ ਖਿੱਚਵਾ ਕੇ ਅਖਬਾਰਾਂ ਵਿੱਚ ਛਪਵਾ ਲਈਆਂ ਹਨ। ਵਾਤਾਵਰਨ ਸੰਬੰਧੀ ਸੈਮੀਨਾਰ ਅਤੇ ਮਾਰਚਾਂ ਵੀ ਕੱਢ ਲਈਆਂ ਹਨ। ਫੋਟੋ ਖਿਚਵਾਉਣ ਅਤੇ ਛਪਵਾਉਣ ਨਾਲ, ਨਾ ਹੀ ਰੁੱਖਾਂ ਵਿੱਚ ਵਾਧਾ ਹੋਇਆ ਹੈ ਤੇ ਨਾ ਹੀ ਵਾਤਾਵਰਨ ਸੰਵਾਰਿਆ ਗਿਆ ਹੈ। ਅੱਜ ਜ਼ਰੂਰਤ ਹੈ ਕਿ ਵਾਤਾਵਰਨ ਸੰਬੰਧੀ ਦਿਖਾਵੇ ਦੇ ਕਾਰਜ ਛੱਡ ਕੇ ਸਮਰਪਤ ਭਾਵਨਾ ਨਾਲ ਸ਼ਹਿਰਾਂ, ਪਿੰਡਾਂ, ਸੜਕਾਂ, ਰਸਤਿਆਂ ਅਤੇ ਖ਼ਾਲੀ ਥਾਵਾਂ `ਤੇ ਆਪ ਜਾ ਕੇ ਰੁੱਖ ਲਗਾਏ ਜਾਣ। ਅਤੇ ਉਹਨਾਂ ਦੀ ਸਾਂਭ-ਸੰਭਾਲ ਦੀ ਜਿੰ਼ਮੇਵਾਰੀ ਅਪਨਾਈ ਜਾਵੇ। ਅਕਸਰ ਇੱਕ ਦੂਸਰੇ ਨੂੰ ਕਿਹਾ ਜਾਂਦਾ ਹੈ ਕਿ ਰੁੱਖ ਲਗਾਓ … ਪਰ ਹੱਥੀਂ ਇਹ ਕੰਮ ਕਰਨ ਲਈ ਕੋਈ ਅੱਗੇ ਨਹੀਂ ਆ ਰਿਹਾ। ਸਿਰਫ ਇੱਕ ਦੂਸਰੇ ਨੂੰ ਕਹਿਣ ਤੱਕ ਹੀ ਸੀਮਤ ਹਨ।
ਕਿਸਾਨ ਕਣਕ ਤੇ ਝੋਨੇ ਦੀ ਪ੍ਰਾਲੀ ਸਾੜ੍ਹ ਕੇ ਵਾਤਾਵਰਨ ਨੂੰ ਗੰਦਾ ਕਰਦੇ ਹਨ ਅਤੇ ਸੜਕਾਂ ਦੇ ਨਾਲ-ਨਾਲ ਲੱਗੇ ਛੋਟੇ ਦਰਖ਼ਤਾਂ ਨੂੰ ਸਾੜ ਦਿੰਦੇ ਹਨ। ਗੁਜ਼ਰ ਭਾਈਚਾਰੇ ਦੇ ਪਸ਼ੂ ਘਾਹ ਚਰਦੇ-ਚਰਦੇ ਇਹਨਾਂ ਦਰਖ਼ਤਾਂ ਨੂੰ ਵੀ ਖਾ ਜਾਂਦੇ ਹਨ। ਬਹੁਤ ਸਾਰੇ ਲਾਏ ਹੋਏ ਦਰਖ਼ਤ ਪਾਣੀ ਖੁਣੋ ਵੀ ਸੁਕ ਜਾਂਦੇ ਹਨ। ਬੜ੍ਹੇ ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਲੱਗੇ ਹੋਏ ਵੱਡੇ ਦਰਖ਼ਤਾਂ ਨੂੰ ਆਪਣੇ ਨਿੱਜੀ ਸਵਾਰਥ ਲਈ ਵੱਢ ਦਿੰਦੇ ਹਨ। ਕਈ ਲੋਕ ਉਹਨਾਂ ਨੂੰ ਬਾਲਣ ਲਈ ਵੱਢਦੇ ਹਨ। ਕਈ ਵੇਚਣ ਲਈ ਚੋਰੀਂ ਵੱਢਦੇ ਹਨ। ਕਈ ਕਿਸੇ ਰੰਜਸ਼ ਤਹਿਤ ਵੱਢਦੇ ਹਨ। ਕਈ ਲੋਕ ਘਰਾਂ ਦੇ ਨੇੜੇ ਲੱਗੇ ਦਰੱਖ਼ਤਾਂ ਨੂੰ ਇਸ ਕਰਕੇ ਵੱਢ ਦਿੰਦੇ ਹਨ ਕਿ ਸਰਦੀਆਂ ਵਿੱਚ ਉਹਨਾਂ ਦਰਖ਼ਤਾਂ ਕਰਕੇ ਘਰ ਵਿੱਚ ਧੁੱਪ ਨਹੀਂ ਆਉਂਦੀ। ਕਈ ਥਾਂਈ ਆਵਾਜਾਈ ਵਿੱਚ ਰੁਕਾਵਟ ਪੈਂਦੀ ਦੱਸ ਕੇ ਵੱਡੇ ਹੋਏ ਦਰਖ਼ਤ ਵੱਢ ਦਿੰਦੇ ਹਨ। ਸ਼ਹਿਰਾਂ ਵਿੱਚ ਕਈ ਲੋਕ ਆਪਣੀਆਂ ਦੁਕਾਨਾਂ ਦੇ ਅੱਗਿਓ ਅੜਿਕਾ ਸਮਝਦੇ ਹੋਏ ਚੋਰੀ-ਛਿੱਪੇ ਦਰਖ਼ਤਾਂ ਦੀ ਕਟਾਈ ਕਰ ਦਿੰਦੇ ਹਨ। ਅਫਸੋਸ ਦੀ ਗੱਲ ਹੈ ਕਿ ਵਾਤਾਵਰਨ ਸੰਸਥਾਵਾਂ ਅਤੇ ਲੋਕ, ਵਾਤਾਵਰਨ ਨੂੰ ਬਚਾਉਣ ਦੇ ਉਪਰਾਲੇ ਤਾਂ ਕਰਦੇ ਹਨ। ਪਰ ਰੁੱਖ ਵੱਢਣ ਵਾਲਿਆਂ ਨੂੰ ਕਿਸੇ ਕਿਸਮ ਦੀ ਕੋਈ ਸਜ਼ਾ ਦਿਵਾਉਣ ਦੀ ਕਾਰਵਾਈ ਨਹੀਂ ਕਰਦੇ। ਲੱਗੇ ਹੋਏ ਵੱਡੇ ਦਰਖ਼ਤਾਂ ਨੂੰ ਵੱਢਣਾ ਇੱਕ ਸੰਗੀਨ ਜ਼ੁਰਮ ਹੈ ਅਤੇ ਇਸ ਦੀ ਸੰਗੀਨ ਸਜ਼ਾ ਵੀ ਦਿਤੀ ਜਾਣੀ ਚਾਹੀਦੀ ਹੈ।
ਕਈ ਵਾਰ ਕਿਸੇ ਡੇਰੇ ਦੇ ਸਾਧਾਂ-ਸੰਤਾਂ ਦੇ ਚੇਲੇ ਜੰਗਲ ਵਿਚੋਂ ਭਾਰੀ ਮਾਤਰਾ ਵਿੱਚ ਦਰਖ਼ਤ ਚੋਰੀਂ ਵੱਢ ਕੇ ਡੇਰੇ ਵਿੱਚ ਲਿਆਉਂਦੇ ਹਨ। ਉਹਨਾਂ ਨੂੰ ਇਹ ਨਹੀਂ ਪਤਾ ਕਿ ਜੰਗਲ ਮਨੁੱਖਤਾ ਲਈ ਵਰਦਾਨ ਹਨ। ਜੇ ਇੱਕ ਰੁੱਖ ਵੱਢਿਆ ਜਾਂਦਾ ਹੈ ਤਾਂ ਉਸ ਥਾਂ ਦੋ ਰੁੱਖ ਹੋਰ ਲਗਾਉਣੇ ਚਾਹੀਦੇ ਹਨ। ਧਾਰਮਿਕ ਡੇਰਿਆਂ `ਤੇ ਚੋਰੀਂ ਕਰਨ ਵਰਗੇ ਕਾਰਜ ਸ਼ੋਭਾ ਨਹੀਂ ਦਿੰਦੇ। ਅਜਿਹੇ ਡੇਰੇਦਾਰਾਂ `ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਅਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਵਾਤਾਵਰਨ ਪ੍ਰਤੀ ਬਹੁਤ ਅਹਿਮ ਕਾਰਜ ਕੀਤੇ ਹਨ। ਜੋ ਸਹੀ ਅਰਥਾਂ ਵਿੱਚ ਗੁਰੂ ਸਾਹਿਬਾਂ ਦੇ ਹੁਕਮਾਂ ਦੀ ਪਾਲਣਾ ਹੈ। ਪੰਜਾਬ ਵਿੱਚ ਖੁੰਬਾਂ ਵਾਂਗ ਪੈਦਾ ਹੋਏ ਡੇਰਿਆਂ ਦੇ ਸਾਰੇ ਸਾਧ-ਬਾਬਿਆਂ ਨੂੰ ਆਪੋ-ਆਪਣੇ ਇਲਾਕੇ ਵਿੱਚ ਅਜਿਹੇ ਕਾਰਜ ਕਰਨੇ ਚਾਹੀਦੇ ਹਨ। ਉਹ ਕਿਉਂ ਸੁੱਤੇ ਪਏ ਹਨ?
ਮੈਂ ਸਤਵੇਂ ਪਾਤਿਸ਼ਾਹ ਸ਼੍ਰੀ ਗੁਰੁ ਹਰਿ ਰਾਇ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ‘ਸਿੱਖ ਵਾਤਾਵਰਨ ਦਿਵਸ’ ਵਜੋਂ ਮਨਾਉਣ ਦੇ ਫੈਸਲੇ `ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੇ ਸਮੂਹ ਮੈਂਬਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਉਹਨਾਂ ਨੂੰ ਵੀ ਵਾਤਾਵਰਨ ਦੇ ਪ੍ਰਦੂਸ਼ਤ ਹੋਣ ਦੇ ਨੁਕਸਾਨ ਬਾਰੇ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ। ਕੀ ਸਿੱਖ ਵਾਤਾਵਰਨ ਦਿਵਸ ਮਨਾਉਣ ਦੇ ਅਹਿਮ ਫੈਸਲੇ ਤੋਂ ਬਾਅਦ ਉਹ ਭਵਿੱਖ ਵਿੱਚ ਦਰਬਾਰ ਸਾਹਿਬ ਸਿਰੀ ਅੰਮ੍ਰਿਤਸਰ ਵਿੱਚ ਆਤਿਸ਼ਬਾਜ਼ੀ ਕਰਨੀ ਬੰਦ ਕਰ ਦੇਣਗੇ? ਕਿਉਂਕਿ ਆਤਿਸ਼ਬਾਜ਼ੀ ਵਾਤਾਵਰਨ ਨੂੰ ਭਾਰੀ ਪ੍ਰਦੂਸ਼ਤ ਕਰਦੀ ਹੈ। ਅਗਰ ਉਹਨਾਂ ਨੇ ਇਹ ਆਤਿਸ਼ਬਾਜ਼ੀ ਬੰਦ ਨਾ ਕੀਤੀ ਤਾਂ ਸਿੱਖ ਵਾਤਾਵਰਨ ਦਿਵਸ ਸਿਰਫ ਦਿਖਾਵੇ ਦੇ ਤੌਰ `ਤੇ ਇੱਕ ਮਜ਼ਾਕ ਬਣ ਕੇ ਹੀ ਰਹਿ ਜਾਏਗਾ। ਤੇ ਸਿੱਖ ਕੌਮ ਦੀ ਬੜੀ ਹਾਸੋ-ਹੀਣੀ ਹੋਵੇਗੀ। ਗੁਰੂ ਸਾਹਿਬਾਨਾਂ ਦੀ ਗੁਰਬਾਣੀ ਦੇ ਉੱਚੇ ਸਿਧਾਂਤਾਂ ਨੂੰ ਢਾਅ ਲੱਗੇਗੀ।
ਅੱਜ ਸਿੱਖਾਂ ਦੇ ਬੱਚਿਆਂ ਦੇ ਵਿਆਹਾਂ `ਤੇ ਵਾਤਾਵਰਨ ਨੂੰ ਪ੍ਰਦੂਸ਼ਤ ਕਰਨ ਲਈ ਵੱਡੀ ਪੱਧਰ `ਤੇ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ਡੀ. ਜੇ. ਲਗਾ ਕੇ ਅਵਾਜ਼ ਦਾ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ। ਨਗਰ ਕੀਰਤਨ ਕੱਢਣ ਸਮੇਂ ਪਟਾਕਿਆਂ ਦੀਆਂ ਲੜੀਆਂ ਨੂੰ ਅੱਗ ਲਗਾ ਕੇ ਜ਼ਹਿਰੀਲਾ ਧੂੰਆਂ ਫੈਲਾਇਆ ਜਾ ਰਿਹਾ ਹੈ। ਕੀ ਇਸ ‘ਸਿੱਖ ਵਾਤਾਵਰਨ ਦਿਵਸ’ ਮਨਾਉਣ ਤੋਂ ਬਾਅਦ ਉਹ ਲੋਕ ਵਾਤਾਵਰਨ ਨੂੰ ਸ਼ੁਧ ਰੱਖਣ ਲਈ ਆਤਿਸ਼ਬਾਜ਼ੀ ਬੰਦ ਕਰ ਦੇਣਗੇ? ਕੀ ਕਿਸਾਨ ਕਣਕ ਅਤੇ ਝੋਨੇ ਦੀ ਪ੍ਰਾਲੀ ਸਾੜਨੀ ਬੰਦ ਕਰ ਦੇਣਗੇ? ਲੋਕ ਬੇਲੋੜਾ ਸ਼ੋਰ-ਸ਼ਰਾਬਾ ਬੰਦ ਕਰ ਦੇਣਗੇ? ਪਾਣੀ ਦੀ ਬੇਲੋੜੀ ਵਰਤੋਂ ਨੂੰ ਬੰਦ ਕਰ ਦੇਣਗੇ? ਇਸ ਦਿਨ `ਤੇ ਸਮੂਹ ਸਿੱਖ ਕੌਮ ਨੂੰ ਗੁਰੂ ਸਾਹਿਬਾਨਾਂ ਨੂੰ ਸਮਰਪਤ ਹੋ ਕੇ ਵਾਤਾਵਰਨ ਨੂੰ ਪ੍ਰਦੂਸ਼ਤ ਕਰਨ ਦੇ ਕਾਰਜ ਬੰਦ ਕਰਨ ਦਾ ਸੰਕਲਪ ਕਰਨਾ ਚਾਹੀਦਾ ਹੈ। ਬਾਣੀ ਦੇ ਹੁਕਮਾਂ ਤੇ ਚਲਣ ਦਾ ਪ੍ਰਣ ਕਰਨਾ ਚਾਹੀਦਾ ਹੈ। ਤਾਂਕਿ ਸਾਡੇ ਗੁਰੂ ਸਾਹਿਬਾਨ ਦੀ ਉੱਚੀ ਤੇ ਅਦਰਸ਼ ਵਿਚਾਰਧਾਰਾ ਦੂਸਰੀਆਂ ਕੌਮਾਂ ਲਈ ਉਦਾਹਰਣ ਬਣ ਸਕੇ। ਤੇ ਸਾਡਾ ਨਿਆਰਾਪਨ ਕਾਇਮ ਰਹਿ ਸਕੇ।
ਸਿੱਖ ਕੌਮ ਨੂੰ ਇਹ ਵੀ ਹਦਾਇਤ ਹੋਵੇ ਕਿ ਨਗਰ ਕੀਰਤਨ ਕੱਢਣ ਦੀ ਬਜਾਇ ਆਸੇ-ਪਾਸੇ ਵੱਡੀ ਪੱਧਰ `ਤੇ ਦਰਖ਼ਤ ਲਗਾਉਣ ਦੇ ਉਪਰਾਲੇ ਕੀਤੇ ਜਾਣ। ਛਬੀਲਾਂ ਲਗਾ ਕੇ ਲੋਕਾਂ ਨੂੰ ਧੱਕੇ ਨਾਲ ਪਾਣੀ ਪਿਲਾਉਣ ਦੀ ਬਜਾਇ ਗਰਮੀਆਂ ਦੇ ਮੌਸਮ ਵਿੱਚ ਵੱਡੀ ਪੱਧਰ `ਤੇ ਦਰਖ਼ਤਾਂ ਨੂੰ ਪਾਣੀ ਲਗਾ ਕੇ ਉਹਨਾਂ ਨੂੰ ਸੁਕਣ ਤੋਂ ਬਚਾਇਆ ਜਾਵੇ। ਗੁਰਦੁਆਰੇ ਦੀ ਗੋਲਕ ਦੀ ਦੁਰਵਰਤੋਂ ਰੋਕ ਕੇ ਉਸ ਪੈਸੇ ਨਾਲ ਦਰੱਖ਼ਤ ਲਗਾਏ ਜਾਣ। ਦਰਖ਼ੱਤਾਂ ਨੂੰ ਵੱਢਣ ਵਾਲਿਆਂ `ਤੇ ਸਖ਼ਤ ਕਾਰਵਾਈ ਕਰਵਾਈ ਜਾਵੇ। ਪੰਜਾਬ ਦੇ ਸਾਰੇ ਪਿੰਡਾਂ ਦੇ ਸਾਰੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਦਰਖ਼ਤ ਲਗਾਉਣ ਦੀ ਹਦਾਇਤ ਕੀਤੀ ਜਾਵੇ। ਲਗਾਏ ਗਏ ਦਰਖ਼ੱਤਾਂ ਦੀ ਸੰਭਾਲ ਕਰਨ ਦਾ ਜੁੰਮਾ ਵੀ ਉਹਨਾਂ ਨੂੰ ਸੌਪਿਆਂ ਜਾਵੇ। ਲਗਾਏ ਗਏ ਰੁੱਖਾਂ ਦੀ ਪੜਤਾਲ ਕੀਤੀ ਜਾਵੇ। ਜਿਸ ਗੁਰਦੁਆਰਾ ਕਮੇਟੀ ਨੇ ਵੱਧ ਰੁੱਖ ਲਗਾਏ ਹੋਣ ਅਤੇ ਵੱਧ ਤੋਂ ਵੱਧ ਰੁੱਖ ਜਿਊਂਦੇ ਹੋਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਗੁਰਦੁਆਰਾ ਕਮੇਟੀ ਨੂੰ ਸਨਮਾਨਤ ਕਰੇ।
‘ਸਿੱਖ ਵਾਤਾਵਰਨ ਦਿਵਸ’ ਨੂੰ ਇੱਕ ਦਿਖਾਵੇ ਦਾ ਕਾਰਜ ਨਾ ਬਣਾਇਆ ਜਾਵੇ। ਸਹੀ ਅਰਥਾਂ ਵਿੱਚ ਸਾਨੂੰ ਮਨੋ-ਤਨੋਂ ਤਿਆਰ ਹੋ ਕੇ ਖੇਤਾਂ, ਬੰਨਿਆਂ, ਰਸਤਿਆਂ, ਸੜਕਾਂ ਦੇ ਕਿਨਾਰਿਆਂ ਅਤੇ ਖ਼ਾਲੀ ਪਈਆਂ ਥਾਵਾਂ ਅਤੇ ਸ਼ਾਮਲਾਟਾਂ ਵਿੱਚ ਵੱਧ ਤੋਂ ਵੱਧ ਦਰਖ਼ਤ ਲਗਾ ਕੇ ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਤੱਦ ਹੀ ਗੁਰੂਆਂ ਪ੍ਰਤੀ ਸਾਡੀ ਸੱਚੀ ਅਤੇ ਉਹਨਾਂ ਦੇ ਹੁਕਮ ਨੂੰ ਮੰਨਣ ਦੀ ਸਮਰਪਤ ਭਾਵਨਾ ਹੋ ਸਕਦੀ ਹੈ। ਤੱਦ ਹੀ ਅਸੀਂ ਗੁਰਮਤਿ ਸਿਧਾਂਤਾਂ ਦੇ ਪਹਿਰੇਦਾਰ ਅਖਵਾ ਸਕਦੇ ਹਾਂ। ਅਜਿਹਾ ਨਾ ਹੋਵੇ ਕਿ ਸਿੱਖ ਵਾਤਾਵਰਨ ਦਿਵਸ ਦਿਖਾਵੇ ਦਾ ਹੀ ਕਾਰਜ ਹੋ ਕੇ ਰਹਿ ਜਾਏ। ਇਸ ਸੰਬੰਧ ਵਿੱਚ ਸਾਨੂੰ ਜਰੂਰ ਸਮਰਪਤ ਭਾਵਨਾ ਨਾਲ ਕੁੱਝ ਨਾ ਕੁੱਝ ਨਵਾਂ ਕਰਨਾ ਚਾਹੀਦਾ ਹੈ।

ਪਿੰਡ ਮਾਨਾਂਵਾਲੀ ਡਾਕ: ਚਾਚੋਕੀ (ਫਗਵਾੜਾ)
ਮੋਬਾਇਲ: 88728-54500
.