.

ਜਸਬੀਰ ਸਿੰਘ ਵੈਨਕੂਵਰ

ਤੁਧਨੋ ਸੇਵਹਿ ਤੁਝੁ ਕਿਆ ਦੇਵਹਿ

ਇਹ ਗੱਲ ਵਧੇਰੇ ਵਿਆਖਿਆ ਦੀ ਮੁਥਾਜ਼ ਨਹੀਂ ਹੈ ਕਿ ਆਮ ਮਨੁੱਖ ਪਰਮਾਤਮਾ ਨੂੰ ਡਰ ਅਤੇ ਲਾਲਚ ਕਾਰਨ ਹੀ ਯਾਦ ਕਰਦਾ ਹੈ। ਇਸ ਡਰ ਅਤੇ ਲਾਲਚ ਦਾ ਸਬੰਧ ਮਨੁੱਖ ਦੇ ਵਰਤਮਾਨ ਨਾਲ ਹੀ ਨਹੀਂ ਸਗੋਂ ਮੌਤ ਤੋਂ ਬਾਅਦ ਵੀ ਹੈ। ਇਸ ਧਾਰਨਾ ਕਾਰਨ ਹੀ ਆਮ ਮਨੁੱਖ ਹੀ ਪ੍ਰਭੂ ਦੀ ਆਰਾਧਨ ਕਰਕੇ ਜਿੱਥੇ ਜੀਵਨ ਨੂੰ ਸੁਖੀ ਬਣਾਉਣ ਦਾ ਚਾਹਵਾਨ ਹੈ, ਉੱਥੇ ਨਾਲ ਹੀ ਮਰਨ ਮਗਰੋਂ ਨਰਕ ਤੋਂ ਛੁਟਕਾਰਾ ਅਤੇ ਸੁਰਗ ਦੀ ਪ੍ਰਾਪਤੀ ਦਾ ਚਾਹਵਾਨ ਵੀ ਹੈ।
ਪਰਮਾਤਮਾ ਨੂੰ ਇਸ ਧਾਰਨਾ ਕਾਰਨ ਯਾਦ ਕਰਨ ਕਾਰਨ ਹੀ, ਮਨੁੱਖ ਧਰਮ ਕਰਮ ਕਰਦਾ ਹੋਇਆ ਵੀ ਧਰਮ ਨਾਲ ਆਪਣਾ ਰਿਸ਼ਤਾ ਜੋੜਨੋਂ ਅਸਮਰਥ ਰਹਿੰਦਾ ਹੈ। ਇਹ ਹੀ ਕਾਰਨ ਹੈ ਕਿ ਜ਼ਿਆਦਾਤਰ ਧਰਮ ਕਰਮ ਕਰਨ ਵਾਲਿਆਂ ਦੇ ਜੀਵਨ ਵਿੱਚ ਉਸ ਤਰ੍ਹਾਂ ਦੀ ਪਵਿਤ੍ਰੱਤਾ ਨਜ਼ਰ ਨਹੀਂ ਆਉਂਦੀ ਜੋ ਕੇ ਇੱਕ ਧਰਮੀ ਮਨੁੱਖ ਦੇ ਜੀਵਨ ਵਿੱਚ ਦਿਖਾਈ ਦੇਣੀ ਚਾਹੀਦਾ ਹੈ। ਗੁਰਬਾਣੀ ਵਿੱਚ ਇਸ ਸੱਚ ਨੂੰ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ:
ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ॥ ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ॥ (ਪੰਨਾ ੯੭੩) ਅਰਥ: ਹਰ ਥਾਂ ਪ੍ਰਭੂ ਦਾ ਨਾਮ ਪੜ੍ਹੀਦਾ (ਭੀ) ਹੈ, ਸੁਣੀਦਾ (ਭੀ) ਹੈ ਤੇ ਵਿਚਾਰੀਦਾ (ਭੀ) ਹੈ (ਭਾਵ, ਸਭ ਜੀਵ ਪ੍ਰਭੂ ਦਾ ਨਾਮ ਪੜ੍ਹਦੇ ਹਨ, ਵਿਚਾਰਦੇ ਹਨ, ਸੁਣਦੇ ਹਨ; ਪਰ ਕਾਮਾਦਿਕਾਂ ਦੇ ਕਾਰਨ ਮਨ ਵਿੱਚ ਸਹਿਮ ਦੀ ਗੰਢ ਬਣੀ ਰਹਿਣ ਕਰਕੇ, ਇਹਨਾਂ ਦੇ ਅੰਦਰ} ਪ੍ਰਭੂ ਦਾ ਪਿਆਰ ਪੈਦਾ ਨਹੀਂ ਹੁੰਦਾ, ਪ੍ਰਭੂ ਦਾ ਦਰਸ਼ਨ ਨਹੀਂ ਹੁੰਦਾ; (ਦਰਸ਼ਨ ਹੋਵੇ ਭੀ ਕਿਸ ਤਰ੍ਹਾਂ? ਕਾਮਾਦਿਕ ਦੇ ਕਾਰਨ, ਮਨ ਦੇ ਨਾਲ ਪ੍ਰਭੂ ਦੀ ਛੋਹ ਹੀ ਨਹੀਂ ਬਣਦੀ, ਤੇ) ਜਦ ਤਕ ਲੋਹਾ ਪਾਰਸ ਨਾਲ ਛੁਹੇ ਨਾਹ, ਤਦ ਤਕ ਇਹ ਸ਼ੁੱਧ ਸੋਨਾ ਕਿਵੇਂ ਬਣ ਸਕਦਾ ਹੈ? ।
ਗੁਰਬਾਣੀ ਮਨੁੱਖ ਨੂੰ ਸਾਵੀਂ ਪੱਧਰੀ ਜ਼ਿੰਦਗੀ ਜਿਊਂਣ ਲਈ ਹਰੇਕ ਪੱਖੋਂ ਨਵੀਂ ਨਰੋਈ ਸੇਧ ਪ੍ਰਦਾਨ ਕਰਦੀ ਹੈ। ਗੁਰਬਾਣੀ ਦੀ ਜੀਵਨ-ਜੁਗਤ ਮਨੁੱਖ ਨੂੰ ਧਾਰਮਿਕ ਦੁਨੀਆਂ ਵਿੱਚ ਪ੍ਰਲਚਤ ਬਹੁਤ ਸਾਰੀਆਂ ਧਾਰਨਾ ਤੋਂ ਉਪਰ ਉਠਾਉਂਦਿਆਂ, ਇੱਕ ਨਵੀਂ ਦਿੱਖ ਪ੍ਰਦਾਨ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਮਨੁੱਖ ਨੂੰ ਰੱਬ ਨੂੰ ਯਾਦ ਕਰਨ ਦੀ ਧਾਰਨਾ ਬਾਰੇ ਵੀ ਨਵੀਂ ਨਰੋਈ ਸੇਧ ਦੇਂਦਿਆਂ ਹੋਇਆਂ, ਪ੍ਰਚਲਤ ਧਾਰਨਾ ਤੋਂ ਉੱਪਰ ਉਠਾਉਂਦੇ ਹਨ। ਸਤਿਗੁਰੂ ਜੀ ਇਹ ਸਪਸ਼ਟ ਕਰਦੇ ਹਨ ਕਿ ਜਿੱਥੇ ਡਰ ਦਾ ਅਜਿਹਾ ਰੂਪ ਮੌਜੂਦ ਹੈ ਉੱਥੇ ਪਿਆਰ ਦੀ ਪੀਡੀ ਗੰਢ ਨਹੀਂ ਪੈ ਸਕਦੀ। ਇਹੋ ਜਿਹੇ ਡਰ ਦੀ ਥਾਂ ਹਜ਼ੂਰ ਮਨੁੱਖ ਨੂੰ ਵਾਹਿਗੁਰੂ ਦੇ ਨਿਰਮਲ ਭਉ ਵਿੱਚ ਵਿਚਰਣ ਦੀ ਪ੍ਰੇਰਨਾ ਦੇਂਦੇ ਹਨ। ਇਸੇ ਤਰ੍ਹਾਂ ਜਿੱਥੇ ਲਾਲਚ ਹੈ ਉੱਥੇ ਵੀ ਪਿਆਰ ਦੀ ਸਾਂਝ ਕਾਇਮ ਨਹੀਂ ਰਹਿ ਸਕਦੀ: ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ॥ ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ॥ ੧੮॥ (ਪੰਨਾ ੧੩੭੮) ਅਰਥ: ਹੇ ਫਰੀਦ! ਜੇ (ਰੱਬ ਦੀ ਬੰਦਗੀ ਕਰਦਿਆਂ ਇਵਜ਼ਾਨੇ ਵਜੋਂ ਕੋਈ ਦੁਨੀਆ ਦਾ) ਲਾਲਚ ਹੈ, ਤਾਂ (ਰੱਬ ਨਾਲ) ਅਸਲ ਪਿਆਰ ਨਹੀਂ ਹੈ। (ਜਦ ਤਕ) ਲਾਲਚ ਹੈ, ਤਦ ਤਕ ਪਿਆਰ ਝੂਠਾ ਹੈ। ਟੁੱਟੇ ਹੋਏ ਛੱਪਰ ਉਤੇ ਮੀਂਹ ਪੈਂਦਿਆਂ ਕਦ ਤਾਂਈ ਸਮਾ ਨਿਕਲ ਸਕੇਗਾ? (ਭਾਵ, ਜਦੋਂ ਦੁਨੀਆ ਵਾਲੀ ਗ਼ਰਜ਼ ਪੂਰੀ ਨਾ ਹੋਈ, ਪਿਆਰ ਟੁੱਟ ਜਾਏਗਾ)।
ਅਕਾਲ ਪੁਰਖ ਬਾਰੇ ਗੁਰਬਾਣੀ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਉਸ ਨੂੰ ਆਪਣੀ ਵਡਿਆਈ ਦੀ ਕੋਈ ਚਾਹਤ ਨਹੀਂ ਹੈ: ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ॥ (ਪੰਨਾ ੧੩੬) ਅਰਥ: ਫੱਗਣ ਦੇ ਮਹੀਨੇ ਵਿੱਚ (ਹੋਲੀਆਂ ਆਦਿਕ ਵਿਚੋਂ ਅਨੰਦ ਲੱਭਣ ਦੇ ਥਾਂ) ਸਦਾ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਨੂੰ (ਆਪਣੀ ਵਡਿਆਈ ਕਰਾਣ ਦਾ) ਰਤਾ ਭਰ ਭੀ ਲਾਲਚ ਨਹੀਂ ਹੈ (ਇਸ ਵਿੱਚ ਸਾਡਾ ਹੀ ਭਲਾ ਹੈ)।
ਪਰਮਾਤਮਾ ਦੀ ਮਹਾਨਤਾ ਸਾਡੇ `ਤੇ ਨਿਰਭਰ ਨਹੀਂ ਕਰਦੀ ਅਰਥਾਤ ਸਾਡੇ ਕਹਿਣ ਨਾਲ ਉਹ ਵੱਡਾ ਨਹੀਂ ਹੋਣ ਲੱਗਾ ਅਤੇ ਸਾਡੇ ਵਲੋਂ ਉਸ ਪ੍ਰਤੀ ਧਾਰਨ ਕੀਤੀ ਹੋਈ ਖ਼ਮੋਸ਼ੀ ਨਾਲ ਉਹ ਛੋਟਾ ਨਹੀਂ ਹੋਣ ਲੱਗਾ:
ਜੇ ਸਭਿ ਮਿਲਿ ਕੈ ਆਖਣ ਪਾਹਿ॥ ਵਡਾ ਨ ਹੋਵੈ ਘਾਟਿ ਨ ਜਾਇ॥ (ਪੰਨਾ ੯) ਅਰਥ: ਜੇ (ਜਗਤ ਦੇ) ਸਾਰੇ ਹੀ ਜੀਵ ਰਲ ਕੇ (ਪ੍ਰਭੂ ਦੀ ਵਡਿਆਈ) ਬਿਆਨ ਕਰਨ ਦਾ ਜਤਨ ਕਰਨ, ਤਾਂ ਉਹ ਪ੍ਰਭੂ (ਆਪਣੇ ਅਸਲੇ ਨਾਲੋਂ) ਵੱਡਾ ਨਹੀਂ ਹੋ ਜਾਂਦਾ (ਤੇ, ਜੇ ਕੋਈ ਭੀ ਉਸ ਦੀ ਵਡਿਆਈ ਨਾਹ ਕਰੇ), ਤਾਂ ਉਹ (ਅੱਗੇ ਨਾਲੋਂ) ਘੱਟ ਨਹੀਂ ਜਾਂਦਾ। (ਉਸ ਨੂੰ ਆਪਣੀ ਸੋਭਾ ਦਾ ਲਾਲਚ ਨਹੀਂ)।
ਗੁਰਦੇਵ ਅਕਾਲ ਪੁਰਖ ਦੇ ਬਿਰਧ ਦਾ ਇਹ ਪੱਖ ਵੀ ਸਾਡੇ ਸਾਹਮਣੇ ਰੱਖਦੇ ਹਨ ਕਿ ਅਜਿਹਾ ਨਹੀਂ ਹੈ ਕਿ ਜੇਕਰ ਅਸੀਂ ਉਸ ਕੋਲੋਂ ਕੁੱਝ ਮੰਗਾਂਗੇ ਤਾਂ ਹੀ ਉਹ ਸਾਡੀ ਝੋਲੀ ਵਿੱਚ ਕੁੱਝ ਪਾਵੇਗਾ; ਨਹੀਂ, ਉਹ ਪ੍ਰਭੂ ਤਾਂ ਆਪਣੀ ਰਜ਼ਾ ਵਿੱਚ ਬਿਨਾਂ ਮੰਗਿਆਂ ਹੀ ਸਾਰੇ ਜੀਵਾਂ ਨੂੰ ਦੇ ਰਿਹਾ ਹੈ:
(ੳ) ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ॥ (ਪੰਨਾ ੭੩) ਅਰਥ: ਹੇ ਨਾਨਕ! ਆਖ—ਪ੍ਰਭੂ (ਜੀਵਾਂ ਦੇ) ਮੰਗਣ ਤੋਂ ਬਿਨਾ ਹੀ ਹਰੇਕ ਦਾਤਿ ਬਖ਼ਸ਼ਣ ਵਾਲਾ ਹੈ।
(ਅ) ਜੇ ਚੁਪੈ ਜੇ ਮੰਗਿਐ ਦਾਤਿ ਕਰੇ ਦਾਤਾਰੁ॥ (ਪੰਨਾ ੧੨੪੫) ਅਰਥ: ਭਾਵੇਂ ਚੁੱਪ ਕਰ ਰਹੀਏ ਤੇ ਭਾਵੇਂ ਮੰਗੀਏ, ਦਾਤਾਂ ਦੇਣ ਵਾਲਾ ਕਰਤਾਰ ਆਪ ਹੀ ਦਾਤਾਂ ਦੇਂਦਾ ਹੈ।
ਜੇਕਰ ਪ੍ਰਭੂ ਤੋਂ ਕੁੱਝ ਮੰਗਣ ਦੀ ਲੋੜ ਨਹੀਂ ਚੂੰਕਿ ਉਹ ਬਿਨਾਂ ਮੰਗਿਆਂ ਹੀ ਦੇਣ ਵਾਲਾ ਹੈ ਅਤੇ ਨਾ ਹੀ ਉਸ ਤੋਂ ਡਰਨ ਦੀ ਜ਼ਰੂਰਤ ਹੈ ਤਾਂ ਫਿਰ ਉਸ ਨੂੰ ਧਿਆਉਣ ਦੀ ਕੀ ਲੋੜ ਹੈ? ਗੁਰਬਾਣੀ ਵਿੱਚ ਇਸ ਦਾ ਉੱਤਰ ਇਉਂ ਦਿੱਤਾ ਗਿਆ ਹੈ:
(ੳ) ਨਉਮੀ ਨਵੇ ਛਿਦ੍ਰ ਅਪਵੀਤ॥ ਹਰਿ ਨਾਮੁ ਨ ਜਪਹਿ ਕਰਤ ਬਿਪਰੀਤਿ॥ ਪਰ ਤ੍ਰਿਅ ਰਮਹਿ ਬਕਹਿ ਸਾਧ ਨਿੰਦ॥ ਕਰਨ ਨ ਸੁਨਹੀ ਹਰਿ ਜਸੁ ਬਿੰਦ॥ ਹਿਰਹਿ ਪਰ ਦਰਬੁ ਉਦਰ ਕੈ ਤਾਈ॥ ਅਗਨਿ ਨ ਨਿਵਰੈ ਤ੍ਰਿਸਨਾ ਨ ਬੁਝਾਈ॥ ਹਰਿ ਸੇਵਾ ਬਿਨੁ ਏਹ ਫਲ ਲਾਗੇ॥ ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ॥ (ਪੰਨਾ ੨੯੮)
ਅਰਥ: ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ (ਮਨੁੱਖਤਾ ਦੀ ਮਰਯਾਦਾ ਦੇ) ਉਲਟ (ਮੰਦੇ) ਕਰਮ ਕਰਦੇ ਰਹਿੰਦੇ ਹਨ (ਇਸ ਵਾਸਤੇ ਉਹਨਾਂ ਦੇ ਕੰਨ ਨੱਕ ਆਦਿਕ) ਨੌ ਹੀ ਇੰਦਰੇ ਗੰਦੇ (ਵਿਕਾਰੀ) ਹੋਏ ਰਹਿੰਦੇ ਹਨ। (ਪ੍ਰਭੂ ਦੇ ਸਿਮਰਨ ਤੋਂ ਖੁੰਝੇ ਹੋਏ ਮਨੁੱਖ) ਪਰਾਈਆਂ ਇਸਤ੍ਰੀਆਂ ਭੋਗਦੇ ਹਨ ਤੇ ਭਲੇ ਮਨੁੱਖਾਂ ਦੀ ਨਿੰਦਾ ਕਰਦੇ ਰਹਿੰਦੇ ਹਨ, ਉਹ ਕਦੇ ਰਤਾ ਭਰ ਸਮੇ ਲਈ ਭੀ (ਆਪਣੇ) ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਸੁਣਦੇ। (ਸਿਮਰਨ-ਹੀਨ ਬੰਦੇ) ਆਪਣਾ ਪੇਟ ਭਰਨ ਦੀ ਖ਼ਾਤਰ ਪਰਾਇਆ ਧਨ ਚੁਰਾਂਦੇ ਰਹਿੰਦੇ ਹਨ (ਫੇਰ ਭੀ ਉਹਨਾਂ ਦੀ) ਲਾਲਚ ਦੀ ਅੱਗ ਦੂਰ ਨਹੀਂ ਹੁੰਦੀ, (ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਨਹੀਂ ਮਿਟਦੀ।
ਹੇ ਨਾਨਕ! ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ (ਉਹਨਾਂ ਦੇ ਸਾਰੇ ਉੱਦਮਾਂ ਨੂੰ ਉਪਰ-ਦੱਸੇ ਹੋਏ) ਇਹੋ ਜਿਹੇ ਫਲ ਹੀ ਲੱਗਦੇ ਹਨ, ਪਰਮਾਤਮਾ ਨੂੰ ਵਿਸਾਰਨ ਕਰਕੇ ਉਹ ਭਾਗ-ਹੀਨ ਮਨੁੱਖ ਨਿੱਤ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ।
(ਅ) ਮਨ ਏਕੁ ਨ ਚੇਤਸਿ ਮੂੜ ਮਨਾ॥ ਹਰਿ ਬਿਸਰਤ ਤੇਰੇ ਗੁਣ ਗਲਿਆ॥ (ਪੰਨਾ ੧੨) ਅਰਥ: ਹੇ ਮਨ! ਹੇ ਮੂਰਖ ਮਨ! ਤੂੰ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਤੂੰ ਜਿਉਂ ਜਿਉਂ ਪਰਮਾਤਮਾ ਨੂੰ ਵਿਸਾਰਦਾ ਜਾ ਰਿਹਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ।
ਪ੍ਰਭੂ ਦੀ ਯਾਦ ਤੋਂ ਮੂੰਹ ਮੋੜਿਆਂ ਸਾਡੇ ਅੰਦਰੋਂ ਗੁਣਾਂ ਦੀ ਰਾਸ ਪੂੰਜੀ ਘਟਣ ਲੱਗ ਪੈਂਦੀ ਹੈ ਅਤੇ ਅਉਗੁਣਾਂ ਦੀ ਰਾਸ ਵਿੱਚ ਲਗਾਤਾਰ ਵਾਧਾ ਹੋਣ ਲੱਗ ਪੈਂਦਾ ਹੈ। ਇਸ ਤਰ੍ਹਾਂ ਸਾਡੇ ਆਤਮਕ ਜੀਵਨ ਵਿੱਚ ਨਿਤ ਘਾਟਾ ਪੈਣਾਂ ਸ਼ੁਰੂ ਹੋ ਜਾਂਦਾ ਹੈ:
ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ॥ (ਪੰਨਾ ੬੪੬) ਅਰਥ: ਨਾਮ ਤੋਂ ਬਿਨਾਂ ਸਾਰੇ ਲੋਕ ਭਟਕਦੇ ਫਿਰਦੇ ਹਨ; ਉਹਨਾਂ ਨੂੰ ਸੰਸਾਰ ਵਿੱਚ ਸਦਾ ਘਾਟਾ ਹੀ ਘਾਟਾ ਹੈ। ਇਸ ਆਤਮਕ ਘਾਟੇ ਦਾ ਸ਼ਿਕਾਰ ਹੋਏ ਪ੍ਰਾਣੀ ਮਾਇਆ ਹੱਥੋਂ ਹਮੇਸ਼ਾਂ ਜ਼ਲੀਲ ਹੁੰਦੇ ਰਹਿੰਦੇ ਹਨ:
ਹਰਿ ਬਿਸਰਤ ਸਦਾ ਖੁਆਰੀ॥ (ਪੰਨਾ ੭੧੧) ਅਰਥ: ਹੇ ਭਾਈ! ਪਰਮਾਤਮਾ (ਦੇ ਨਾਮ) ਨੂੰ ਭੁਲਾਇਆਂ ਸਦਾ (ਮਾਇਆ ਦੇ ਹੱਥੋਂ ਮਨੁੱਖ ਦੀ) ਬੇ-ਪਤੀ ਹੀ ਹੁੰਦੀ ਹੈ।
ਪਰਮਾਤਮਾ ਨੂੰ ਅਸੀਂ ਇਸ ਲਈ ਧਿਆਉਣਾ ਹੈ ਕਿ ਇਸ ਵਿੱਚ ਸਾਡੀ ਆਪਣੀ ਹੀ ਕਲਿਆਣ ਦਾ ਰੱਹਸ ਛੁਪਿਆ ਹੋਇਆ ਹੈ। ਪ੍ਰ੍ਰਭੂ ਯਾਦ ਦੁਆਰਾ ਅਸੀਂ ਆਪਣੀਆਂ ਕਮਜ਼ੋਰੀਆਂ ਤੋਂ ਉੱਪਰ ਉੱਠਣਾ ਹੈ। ਆਪਣੇ ਅੰਦਰ ਆਤਮਕ ਗੁਣ ਪੈਦਾ ਕਰਕੇ ਸੱਚੇ-ਸੁੱਚੇ ਇਨਸਾਨ ਬਣਨਾ ਹੈ। ਗੁਰੂ ਨਾਨਕ ਸਾਹਿਬ ਮਨੁੱਖ ਨੂੰ ਪ੍ਰਭੂ ਨਾਮ ਦੀ ਮਹੱਤਤਾ ਦਰਸਾਉਂਦਿਆਂ ਜਦ ਇਹ ਕਹਿੰਦੇ ਹਨ ਕਿ ਭਾਈ ਕੇਵਲ ਇੱਕ ਅਕਾਲ ਪੁਰਖ ਦੇ ਨਾਮ ਨੂੰ ਹੀ ਧਿਆ, ਚੂੰਕਿ ਇਸ ਤਰ੍ਹਾਂ ਨਾਲ ਹੀ ਇਨਸਾਨੀਅਤ ਨੂੰ ਬਰਕਰਾਰ ਰੱਖ ਕੇ, ਪੱਤ ਵਾਲਾ ਜੀਵਨ ਜੀਅ ਸਕੀਦਾ ਹੈ:
ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ॥ ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ॥ ੧॥ ਪ੍ਰਾਣੀ ਏਕੋ ਨਾਮੁ ਧਿਆਵਹੁ॥ ਅਪਨੀ ਪਤਿ ਸੇਤੀ ਘਰਿ ਜਾਵਹੁ॥ ੧॥ ਰਹਾਉ॥ ਤੁਧਨੋ ਸੇਵਹਿ ਤੁਝੁ ਕਿਆ ਦੇਵਹਿ ਮਾਂਗਹਿ ਲੇਵਹਿ ਰਹਹਿ ਨਹੀ॥ ਤੂ ਦਾਤਾ ਜੀਆ ਸਭਨਾ ਕਾ ਜੀਆ ਅੰਦਰਿ ਜੀਉ ਤੁਹੀ॥ ੨॥ ਗੁਰਮੁਖਿ ਧਿਆਵਹਿ ਸਿ ਅੰਮ੍ਰਿਤੁ ਪਾਵਹਿ ਸੇਈ ਸੂਚੇ ਹੋਹੀ॥ ਅਹਿਨਿਸਿ ਨਾਮੁ ਜਪਹੁ ਰੇ ਪ੍ਰਾਣੀ ਮੈਲੇ ਹਛੇ ਹੋਹੀ॥ ੩॥ ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ॥ ਨਾਨਕ ਰੁਤਿ ਸੁਹਾਵੀ ਸਾਈ ਬਿਨੁ ਨਾਵੈ ਰੁਤਿ ਕੇਹੀ॥ ੪॥ (ਪੰਨਾ ੧੨੫੪)
ਅਰਥ: ਹੇ ਪ੍ਰਾਣੀ! ਇੱਕ ਪਰਮਾਤਮਾ ਦਾ ਹੀ ਨਾਮ ਸਿਮਰ। (ਸਿਮਰਨ ਦੀ ਬਰਕਤਿ ਨਾਲ) ਤੂੰ ਆਪਣੀ ਇੱਜ਼ਤ ਨਾਲ ਪ੍ਰਭੂ ਦੇ ਚਰਨਾਂ ਵਿੱਚ ਪਹੁੰਚੇਗਾ। ੧। ਰਹਾਉ।
ਨਿਰਾ ਖਾਣ ਪੀਣ ਹੱਸਣ ਤੇ ਸੌਣ ਦੇ ਆਹਰਾਂ ਵਿੱਚ ਰਿਹਾਂ (ਜੀਵ ਨੂੰ) ਮੌਤ ਭੁੱਲ ਜਾਂਦੀ ਹੈ, (ਮੌਤ ਭੁੱਲਿਆਂ) ਪ੍ਰਭੂ-ਪਤੀ ਨੂੰ ਵਿਸਾਰ ਕੇ ਜੀਵ ਉਹ ਉਹ ਕੰਮ ਕਰਦਾ ਰਹਿੰਦਾ ਹੈ ਜੋ ਇਸ ਦੀ ਖ਼ੁਆਰੀ ਦਾ ਕਾਰਨ ਬਣਦੇ ਹਨ। (ਪ੍ਰਭੂ ਨੂੰ ਵਿਸਾਰ ਕੇ) ਜੀਊਣਾ ਫਿਟਕਾਰ-ਜੋਗ ਹੋ ਜਾਂਦਾ ਹੈ। ਸਦਾ ਇਥੇ ਕਿਸੇ ਟਿਕੇ ਨਹੀਂ ਰਹਿਣਾ (ਫਿਰ ਕਿਉਂ ਨ ਜੀਵਨ ਸੁਚੱਜਾ ਬਣਾਇਆ ਜਾਏ?)। ੧।
ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਸਿਮਰਦੇ ਹਨ (ਤੇਰਾ ਤਾਂ ਕੁੱਝ ਨਹੀਂ ਸਵਾਰਦੇ, ਕਿਉਂਕਿ) ਤੈਨੂੰ ਉਹ ਕੁੱਝ ਭੀ ਦੇ ਨਹੀਂ ਸਕਦੇ (ਸਗੋਂ ਤੈਥੋਂ) ਮੰਗਦੇ ਹੀ ਮੰਗਦੇ ਹਨ, ਤੇ ਤੈਥੋਂ ਦਾਤਾਂ ਨਿੱਤ ਲੈਂਦੇ ਹੀ ਰਹਿੰਦੇ ਹਨ, ਤੇਰੇ ਦਰ ਤੋਂ ਮੰਗਣੋਂ ਬਿਨਾ ਰਹਿ ਨਹੀਂ ਸਕਦੇ। ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਜੀਵਾਂ ਦੇ ਸਰੀਰਾਂ ਵਿੱਚ ਜਿੰਦ ਭੀ ਤੂੰ ਆਪ ਹੀ ਹੈਂ। ੨।
ਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦਾ ਨਾਮ) ਜਪਦੇ ਹਨ, ਉਹ (ਆਤਮਕ ਜੀਵਨ ਦੇਣ ਵਾਲਾ) ਨਾਮ-ਅੰਮ੍ਰਿਤ ਹਾਸਲ ਕਰਦੇ ਹਨ, ਉਹੀ ਸੁੱਚੇ ਜੀਵਨ ਵਾਲੇ ਬਣਦੇ ਹਨ। (ਤਾਂ ਤੇ) ਹੇ ਪ੍ਰਾਣੀ! ਦਿਨ ਰਾਤ ਪਰਮਾਤਮਾ ਦਾ ਨਾਮ ਜਪੋ। ਭੈੜੇ ਆਚਰਨ ਵਾਲੇ ਬੰਦੇ ਭੀ (ਨਾਮ ਜਪ ਕੇ) ਚੰਗੇ ਬਣ ਜਾਂਦੇ ਹਨ। ੩।
(ਇਨਸਾਨੀ ਜੀਵਨ ਵਾਸਤੇ ਦੋ ਹੀ ਰੁਤਾਂ ਹਨ—ਸਿਮਰਨ ਅਤੇ ਨਾਮ-ਹੀਨਤਾ, ਇਹਨਾਂ ਵਿਚੋਂ) ਜੇਹੜੀ ਰੁੱਤ ਦੇ ਪ੍ਰਭਾਵ ਹੇਠ ਮਨੁੱਖ ਜੀਵਨ ਗੁਜ਼ਾਰਦਾ ਹੈ, ਇਸ ਦੇ ਸਰੀਰ ਨੂੰ ਉਹੋ ਜਿਹਾ ਹੀ ਸੁਖ (ਜਾਂ ਦੁਖ) ਮਿਲਦਾ ਹੈ, ਉਸੇ ਪ੍ਰਭਾਵ ਅਨੁਸਾਰ ਹੀ ਇਸ ਦਾ ਸਰੀਰ ਢਲਦਾ ਰਹਿੰਦਾ ਹੈ (ਇਸ ਦੇ ਗਿਆਨ-ਇੰਦ੍ਰੇ ਢਲਦੇ ਰਹਿੰਦੇ ਹਨ)।
ਹੇ ਨਾਨਕ! ਮਨੁੱਖ ਵਾਸਤੇ ਉਹੀ ਰੁੱਤ ਸੋਹਣੀ ਹੈ (ਜਦੋਂ ਇਹ ਨਾਮ ਸਿਮਰਦਾ ਹੈ)। ਨਾਮ ਸਿਮਰਨ ਤੋਂ ਬਿਨਾ (ਕੁਦਰਤਿ ਦੀ ਬਦਲਦੀ ਕੋਈ ਭੀ) ਰੁੱਤ ਇਸ ਨੂੰ ਲਾਭ ਨਹੀਂ ਦੇ ਸਕਦੀ। ੪।
ਇਸ ਗੱਲ ਨੂੰ ਨਾ ਸਮਝਣ ਕਾਰਨ ਹੀ ਆਮ ਮਨੁੱਖ ਸਾਰੀ ਉਮਰ ਧਰਮ ਕਰਮ ਕਰਦਿਆਂ ਹੋਇਆਂ, ਧਾਰਮਿਕ ਰਹੁ ਰੀਤਾਂ ਨਿਭਾਉਂਦਿਆਂ ਹੋਇਆਂ ਵੀ ਧਾਰਮਕਤਾ ਤੋਂ ਕੋਹਾਂ ਦੂਰ ਹੁੰਦਾ ਹੈ। ਇਸ ਲਈ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਵਾਲ ਉਠਾਇਆ ਗਿਆ ਹੈ ਕਿ: ਤੈ ਨਰ ਕਿਆ ਪੁਰਾਨੁ ਸੁਨਿ ਕੀਨਾ॥ ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ॥ ੧॥ ਰਹਾਉ॥ ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ॥ ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ॥ ੧॥ ਬਾਟ ਪਾਰਿ ਘਰੁ ਮੂਸਿ ਬਿਰਾਨੋ ਪੇਟੁ ਭਰੈ ਅਪ੍ਰਾਧੀ॥ ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ॥ ੨॥ ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ॥ ਪਰਮਾਨੰਦ ਸਾਧਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ॥ ੩॥ (ਪੰਨਾ ੧੨੫੩)
ਅਰਥ: ਹੇ ਭਾਈ! ਪੁਰਾਣ ਆਦਿਕ ਧਰਮ ਪੁਸਤਕਾਂ ਸੁਣ ਕੇ ਤੂੰ ਖੱਟਿਆ ਤਾਂ ਕੁੱਝ ਭੀ ਨਹੀਂ; ਤੇਰੇ ਅੰਦਰ ਨਾਹ ਤਾਂ ਪ੍ਰਭੂ ਦੀ ਅਟੱਲ ਭਗਤੀ ਪੈਦਾ ਹੋਈ ਤੇ ਨਾਹ ਹੀ ਤੂੰ ਕਿਸੇ ਲੋੜਵੰਦ ਦੀ ਸੇਵਾ ਕੀਤੀ। ੧। ਰਹਾਉ।
ਹੇ ਭਾਈ! (ਧਰਮ ਪੁਸਤਕ ਸੁਣ ਕੇ ਭੀ) ਨਾਹ ਕਾਮ ਗਿਆ, ਨਾਹ ਕ੍ਰੋਧ ਗਿਆ, ਨਾਹ ਲੋਭ ਮੁੱਕਾ, ਨਾਹ ਮੂੰਹੋਂ ਪਰਾਈ ਨਿੰਦਿਆ (ਕਰਨ ਦੀ ਆਦਤ) ਹੀ ਗਈ, (ਪੁਰਾਣ ਆਦਿਕ ਪੜ੍ਹਨ ਦੀ) ਸਾਰੀ ਮਿਹਨਤ ਹੀ ਐਵੇਂ ਗਈ। ੧।
(ਪੁਰਾਣ ਆਦਿਕ ਸੁਣ ਕੇ ਭੀ) ਪਾਪੀ ਮਨੁੱਖ ਡਾਕੇ ਮਾਰ ਮਾਰ ਕੇ ਪਰਾਏ ਘਰ ਲੁੱਟ ਲੁੱਟ ਕੇ ਹੀ ਆਪਣਾ ਢਿੱਡ ਭਰਦਾ ਰਿਹਾ, ਤੇ (ਸਾਰੀ ਉਮਰ) ਉਹੀ ਮੂਰਖਤਾ ਕਰਦਾ ਰਿਹਾ ਜਿਸ ਨਾਲ ਅਗਲੇ ਜਹਾਨ ਵਿੱਚ ਭੀ ਬਦਨਾਮੀ (ਦਾ ਟਿੱਕਾ) ਹੀ ਮਿਲੇ। ੨।
ਹੇ ਪਰਮਾਨੰਦ! (ਧਰਮ ਪੁਸਤਕ ਸੁਣ ਕੇ ਭੀ) ਤੇਰੇ ਮਨ ਵਿਚੋਂ ਨਿਰਦਇਤਾ ਨਾਹ ਗਈ, ਤੂੰ ਲੋਕਾਂ ਨਾਲ ਪਿਆਰ ਦਾ ਸਲੂਕ ਨਾਹ ਕੀਤਾ, ਤੇ ਸਤਸੰਗ ਵਿੱਚ ਬੈਠ ਕੇ ਤੂੰ ਕਦੇ ਪ੍ਰਭੂ ਦੀਆਂ ਪਵਿੱਤਰ (ਕਰਨ ਵਾਲੀਆਂ) ਗੱਲਾਂ ਨਾਹ ਚਲਾਈਆਂ (ਭਾਵ, ਤੈਨੂੰ ਸਤਸੰਗ ਕਰਨ ਦਾ ਸ਼ੌਕ ਨਾਹ ਪਿਆ)। ੩।
ਅਥਵਾ: ਕਿਆ ਪੜੀਐ ਕਿਆ ਗੁਨੀਐ॥ ਕਿਆ ਬੇਦ ਪੁਰਾਨਾਂ ਸੁਨੀਐ॥ ਪੜੇ ਸੁਨੇ ਕਿਆ ਹੋਈ॥ ਜਉ ਸਹਜ ਨ ਮਿਲਿਓ ਸੋਈ॥ ੧॥ ਹਰਿ ਕਾ ਨਾਮੁ ਨ ਜਪਸਿ ਗਵਾਰਾ॥ ਕਿਆ ਸੋਚਹਿ ਬਾਰੰ ਬਾਰਾ॥ ੧॥ ਰਹਾਉ॥ (ਪੰਨਾ ੬੫੫) ਅਰਥ: ਹੇ ਮੂਰਖ! ਤੂੰ ਪਰਮਾਤਮਾ ਦਾ ਨਾਮ (ਤਾਂ) ਸਿਮਰਦਾ ਨਹੀਂ (ਨਾਮ ਨੂੰ ਵਿਸਾਰ ਕੇ) ਮੁੜ ਮੁੜ ਹੋਰ ਸੋਚਾਂ ਸੋਚਣ ਦਾ ਤੈਨੂੰ ਕੀਹ ਲਾਭ ਹੋਵੇਗਾ? । ੧। ਰਹਾਉ।
(ਹੇ ਗੰਵਾਰ!) ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨਿਰੇ ਪੜ੍ਹਨ ਸੁਣਨ ਤੋਂ ਕੋਈ ਫ਼ਾਇਦਾ ਨਹੀਂ, ਜੇ ਇਸ ਪੜ੍ਹਨ ਸੁਣਨ ਦੇ ਕੁਦਰਤੀ ਨਤੀਜੇ ਦੇ ਤੌਰ ਤੇ ਉਸ ਪ੍ਰਭੂ ਦਾ ਮਿਲਾਪ ਨਾਹ ਹੋਵੇ। ੧।
ਇਸ ਲਈ ਵਾਹਿਗੁਰੂ ਜੀ ਦੀ ਸਿਫ਼ਤ ਸਾਲਾਹ ਇਸ ਲਈ ਕਰਨੀ ਹੈ ਕਿ ਅਸੀਂ ਇਹਨਾਂ ਵਿਕਾਰਾਂ ਤੋਂ ਰਹਿਤ ਹੋ ਕੇ ਪਵਿਤ੍ਰੱਤਾ ਦੀ ਜ਼ਿੰਦਗੀ ਜੀਊ ਸਕੀਏ:
(ੳ) ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ॥ ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ॥ ੪॥ (੭੯੫) ਅਰਥ: (ਹੇ ਪ੍ਰਭੂ! ਇੱਥੇ ਕਾਮਾਦਿਕ) ਅਨੇਕਾਂ ਕੁੱਤੇ ਹਨ, ਮੈਂ (ਇਹਨਾਂ ਵਿਚ) ਓਪਰਾ (ਆ ਫਸਿਆ) ਹਾਂ, (ਜਿਤਨੀ ਕੁ ਤੇਰੀ ਸਿਫ਼ਤਿ-ਸਾਲਾਹ ਕਰਦਾ ਹਾਂ ਉਹ ਭੀ ਮੈਂ) ਆਪਣੇ ਇਸ ਸਰੀਰ ਨੂੰ (ਕਾਮਾਦਿਕ ਕੁੱਤਿਆਂ ਤੋਂ ਬਚਣ ਲਈ ਹੀ ਭੌਂਕਦਾ ਹਾਂ, ਜਿਵੇਂ ਓਪਰਾ ਕੁੱਤਾ ਵੈਰੀ ਕੁੱਤਿਆਂ ਤੋਂ ਬਚਣ ਲਈ ਭੌਂਕਦਾ ਹੈ)। (ਮੈਨੂੰ ਇਹ ਧਰਵਾਸ ਹੈ ਕਿ) ਜੇ (ਤੇਰਾ ਦਾਸ) ਨਾਨਕ ਭਗਤੀ ਤੋਂ ਸਖਣਾ ਹੈ (ਤਾਂ ਭੀ ਤੂੰ ਮੇਰੇ ਸਿਰ ਤੇ ਰਾਖਾ ਖਸਮ ਹੈਂ, ਤੇ ਤੈਂ (ਖਸਮ ਦੀ ਇਹ ਸੋਭਾ ਦੂਰ ਨਹੀਂ ਗਈ (ਕਿ ਤੂੰ ਮੁੱਢ ਕਦੀਮਾਂ ਤੋਂ ਸਰਨ ਆਏ ਦੀ ਸਹੈਤਾ ਕਰਦਾ ਆਇਆ ਹੈਂ)।
(ਅ) ਹਮ ਕੂਕਰ ਤੇਰੇ ਦਰਬਾਰਿ॥ ਭਉਕਹਿ ਆਗੈ ਬਦਨੁ ਪਸਾਰਿ॥ ੧॥ ਰਹਾਉ॥ (੯੭੦)
ਅਰਥ: ਹੇ ਪ੍ਰਭੂ! ਮੈਂ ਤੇਰੇ ਦਰ ਤੇ (ਬੈਠਾ ਹੋਇਆ ਇਕ) ਕੁੱਤਾ ਹਾਂ, ਤੇ ਮੂੰਹ ਅਗਾਂਹ ਵਧਾ ਕੇ ਭੌਂਕ ਰਿਹਾ ਹਾਂ (ਭਾਵ, ਤੇਰੇ ਦਰ ਤੇ ਮੈਂ ਜੋ ਤੇਰੀ ਸਿਫ਼ਤਿ-ਸਾਲਾਹ ਕਰ ਰਿਹਾ ਹਾਂ, ਇਹ ਆਪਣੇ ਸਰੀਰ ਨੂੰ ਵਿਕਾਰ ਰੂਪੀ ਕੁੱਤਿਆਂ ਤੋਂ ਬਚਾਉਣ ਲਈ ਹੈ, ਜਿਵੇਂ ਇੱਕ ਕੁੱਤਾ ਕਿਸੇ ਪਰਾਈ ਗਲੀ ਦੇ ਕੁੱਤਿਆਂ ਤੋਂ ਆਪਣੇ ਆਪ ਦਾ ਬਚਾ ਕਰਨ ਲਈ ਭੌਂਕਦਾ ਹੈ।
ਸੋ ਗੱਲ ਕੀ, ਪ੍ਰਭੂ ਨੂੰ ਧਿਆਉਣ ਵਿੱਚ ਕੇਵਲ ਤੇ ਕੇਵਲ ਸਾਡਾ ਆਪਣਾ ਹੀ ਭਲਾ ਹੈ। ਅਕਾਲ ਪੁਰਖ ਸਾਡੀ ਜ਼ਰੂਰਤ ਹੈ ਨਾ ਕਿ ਅਸੀਂ ਪ੍ਰਭੂ ਦੀ ਜ਼ਰੂਰਤ ਹਾਂ। ਉਸ ਤੋਂ ਬਿਨਾਂ ਸਾਡਾ ਆਤਮਕ ਜੀਵਨ ਤਬਾਹ ਹੋ ਜਾਂਦਾ ਹੈ, ਜਿਸ ਜੀਵਨ ਦੇ ਤਬਾਹ ਹੁੰਦਿਆਂ ਅਸੀਂ ਆਤਮਕ ਮੌਤ ਦਾ ਸ਼ਿਕਾਰ ਹੋ ਜਾਂਦੇ ਹਾਂ। ਇਸ ਲਈ ਪ੍ਰਭੂ ਨੂੰ ਇਸ ਲਈ ਯਾਦ ਨਹੀਂ ਕਰਨਾ ਕਿ ਇਸ ਤਰ੍ਹਾਂ ਕਰਕੇ ਅਸੀਂ ਉਸ ਨੂੰ ਖ਼ੁਸ਼ ਕਰ ਸਕਾਂਗੇ ਬਲਕਿ ਇਸ ਲਈ ਧਿਆਉਣਾ ਹੈ ਤਾਂ ਕਿ ਅਸੀਂ ਸਚਿਆਰ ਬਣ ਸਕੀਏ; ਅਕਾਲ ਪੁਰਖ ਦੇ ਗੁਣਾਂ ਨੂੰ ਧਾਰਨ ਕਰ ਸਕੀਏ। ਰੱਬੀ ਗੁਣਾਂ ਨੂੰ ਧਾਰਨ ਕਰਕੇ ਚੰਗੇ ਇਨਸਾਨ ਬਣ ਕੇ ਆਲੇ-ਦੁਆਲੇ ਨੂੰ ਵੀ ਇਹਨਾਂ ਗੁਣਾਂ ਦੀ ਮਹਿਕ ਨਾਲ ਮਹਿਕਾ ਸਕੀਏ।
ਨੋਟ: ਪ੍ਰਭੂ ਦੀ ਸਿਫ਼ਤ ਸਲਾਹ ਦਾ ਭਾਵ ਰੱਬ ਦੇ ਗੁਣਾਂ ਨੂੰ ਯਾਦ ਕਰਕੇ ਇਹਨਾਂ ਗੁਣਾਂ ਨੂੰ ਧਾਰਨ ਕਰਨ ਤੋਂ ਹੈ।
.