.

ਸਿਧ ਗੋਸਟਿ (ਕਿਸ਼ਤ ਨੰ: 17)

ਅਉਧੂ ਦਾ ਸਵਾਲ: -
ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ।।
ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ।।
ਨਦਰਿ ਕਰੇ ਸਬਦੁ ਘਟ ਮਹਿ ਵਸੈ ਵਿਚਹੁ ਭਰਮੁ ਗਵਾਏ।।
ਤਨੁ ਮਨੁ ਨਿਰਮਲੁ ਨਿਰਮਲ ਬਾਣੀ ਨਾਮ+ ਮੰਨਿ ਵਸਾਏ।।
ਸਬਦਿ ਗੁਰੂ ਭਵਸਾਗਰੁ ਤਰੀਐ ਇਤ ਉਤ ਏਕੋ ਜਾਣੈ।।
ਚਿਹਨੁ ਵਰਨੁ ਨਹੀਂ ਛਾਇਆ ਮਾਇਆ ਨਾਨਕ ਸ਼ਬਦੁ ਪਛਾਣੈ।। ੫੯।।
ਪਦ ਅਰਥ: - ਜੋਗੀ ਵਲੋਂ ਜਵਾਬ। ਸੁ ਸਬਦ – ਅਤਿ ਉੱਚੀ ਬਖ਼ਸ਼ਿਸ਼ ਦਾ ਮਾਲਕ। ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ – ਹੇ ਨਾਨਕ ਮੈਂ ਤਾਂ ਜਿੱਧਰ ਦੇਖਦਾ ਹਾਂ, ਅਤਿ ਉੱਚੀ ਬਖ਼ਸ਼ਿਸ਼ ਦਾ ਮਾਲਕ ਸਾਡਾ ਮੁਖੀ ਹੀ ਨਿਰੰਤਰਿ ਇਕਸਾਰ ਅਲਖੰ, ਉਹ ਹੀ ਨਜ਼ਰ ਆ ਰਿਹਾ ਹੈ। ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ – ਉਹ ਆਪਣੀ ਸੁਆਸਾਂ ਵਿੱਚਲੀ ਕ੍ਰਿਆ ਦੇ ਵਾਸੇ ਨੂੰ ਸਹੀ ਸੱਚ ਰੂਪ ਵਿੱਚ ਉਸਦਾ ਵਾਸਾ ਸਮਝਦਾ ਹੈ। ਉਹ ਮਨੁੱਖ ਸਿੱਧ-ਗੁਰੂ ਦੀ ਨਾ ਜਾਣੀ ਜਾਣ ਵਾਲੀ ਕਲਾ ਸਮਝਦਾ ਹੈ ਕਿ ਕਿਵੇਂ ਉਹ ਸੁਆਸਾਂ ਦੀ ਕ੍ਰਿਆ ਵਿੱਚ, ਅਤੇ ਕਿਵੇਂ ਉਹ ਸ੍ਰਿਸ਼ਟੀ ਵਿੱਚ ਰੰਮਿਆ ਹੋਇਆ ਹੈ। ਅਕਲ – ਨਾ ਜਾਣੀ ਜਾਣ ਵਾਲੀ ਕਲਾ। ਕਲਾ – ਕਲਾ, ਨਾਂ ਬਦਲਣ ਵਾਲਾ ਰੂਪ, ਕਲਾ ਰਹਿਤ, ਤਬਦੀਲੀ ਰਹਿਤ। ਧਰ – ਸ੍ਰਿਸ਼ਟੀ। ਨਦਰਿ ਕਰੇ ਸਬਦੁ ਘਟ ਮਹਿ ਵਸੈ ਵਿਚਹੁ ਭਰਮੁ ਗਵਾਏ – ਜਿਸ ਉੱਪਰ ਉਹ ਆਪਣੀ ਮਿਹਰ ਦੀ ਨਦਰਿ ਕਰੇ, ਉਸਦੇ ਅੰਦਰੋ ਭਰਮ ਖ਼ਤਮ ਕਰ ਦਿੰਦਾ ਹੈ। ਤਨੁ ਮਨੁ ਨਿਰਮਲੁ ਨਿਰਮਲ ਬਾਣੀ ਨਾਮ+ ਮੰਨਿ ਵਸਾਏ – ਉਸਦਾ ਤਨ ਅਤੇ ਮਨ ਨਿਰਮਲ ਹੋ ਜਾਂਦੇ ਹਨ, ਅਤੇ ਉਹ ਉਸਦੀ ਨਿਰਮਲ ਬਖ਼ਸ਼ਿਸ਼ ਸੱਚ ਨੂੰ ਪੂਰਨ ਵਿਸ਼ਵਾਸ ਨਾਲ ਮਨ ਵਿੱਚ ਵਸਾਉਂਦਾ ਹੈ। ਸਬਦਿ ਗੁਰੂ ਭਵਸਾਗਰ ਤਰੀਐ ਇਤ ਉਤ ਏਕੋ ਜਾਣੈ – ਸਿੱਧ-ਗੁਰੂ ਦੀ ਗੁਰੂ ਰੂਪ ਬਖ਼ਸ਼ਿਸ਼ ਨੂੰ ਲੋਕ ਪ੍ਰਲੋਕ ਵਿੱਚ ਜਾਨਣ ਨਾਲ ਹੀ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ। ਚਿਹਨੁ ਵਰਨੁ ਨਹੀਂ ਛਾਇਆ ਮਾਇਆ ਨਾਨਕ ਸਬਦੁ ਪਛਾਣੈ – ਵਰਨ, ਚਿੰਨ ਅਤੇ ਮਾਇਆ ਦਾ ਪਰਛਾਵਾਂ ਉਸ ਨੂੰ ਛੋਹ ਵੀ ਨਹੀਂ ਸਕਦੇ, ਜਿਹੜਾ ਉਸਦੀ ਬਖ਼ਸ਼ਿਸ਼ ਨੂੰ ਪਛਾਣ ਲੈਦਾ ਹੈ।
ਅਰਥ: - ਹੇ ਨਾਨਕ, ਅਤਿ ਉੱਚੀ ਬਖਸ਼ਿਸ਼ ਦਾ ਮਾਲਕ (ਸਾਡਾ ਮੁਖੀ) ਹੀ ਅਲਖੰ ਹੈ ਜਿਸਦੀ ਬਖ਼ਸ਼ਿਸ਼ ਨਿਰੰਤਰਿ ਇੱਕਸਾਰ ਵਰਤ ਰਹੀ ਹੈ। ਜਿਧਰ ਦੇਖਦਾ ਹਾਂ ਉਧਰ ਉਸਦੀ ਹੀ ਬਖਸ਼ਿਸ਼ ਨਜ਼ਰ ਆ ਰਹੀ ਹੈ। ਜੋ ਉਸ ਦੀ ਸੁਆਸਾਂ ਵਿੱਚਲੀ ਕ੍ਰਿਆ ਦੇ ਨਿਵਾਸ ਨੂੰ ਸੱਚ ਰੂਪ ਵਿੱਚ ਉਸਦਾ ਵਾਸਾ ਸਮਝਦਾ ਹੈ, ਉਹ ਮਨੁੱਖ ਸਿੱਧ-ਗੁਰੂ ਦੀ ਨਾ ਜਾਣੀ ਜਾਣ ਵਾਲੀ ਕਲਾ ਸਮਝਦਾ ਹੈ ਕਿ ਕਿਵੇਂ ਉਹ ਸੁਆਸਾਂ ਦੀ ਕ੍ਰਿਆ ਵਿੱਚ, ਅਤੇ ਕਿਵੇਂ ਉਹ ਸ੍ਰਿਸ਼ਟੀ ਵਿੱਚ ਰੰਮਿਆ ਹੋਇਆ ਹੈ। ਉਹ ਅਕਲ ਕਲਾ ਨਾਲ ਸ਼੍ਰਿਸ਼ਟੀ ਵਿੱਚ ਵਸਿਆ ਰੰਮਿਆ ਹੋਇਆ ਵੀ ਸਮਝਦਾ ਹੈ। ਜਿਹੜਾ ਉਸਦੇ ਸੁਆਸਾਂ ਵਿਚਲੀ ਕ੍ਰਿਆ ਨੂੰ ਸਹੀ ਰੂਪ ਵਿੱਚ ਸੱਚ ਅਤੇ ਰੰਮਿਆ ਹੋਇਆ ਜਾਣ ਲੈਂਦਾ ਹੈ, ਉਸ ਉੱਪਰ ਸਾਡਾ ਮੁਖੀ ਬਖ਼ਸ਼ਿਸ਼ ਰੂਪੀ ਨਦਰਿ ਕਰਕੇ ਉਸਦੇ ਹਿਰਦੇ ਵਿੱਚ ਵਸ ਕੇ ਉਸਦਾ ਭਰਮ ਖ਼ਤਮ ਕਰ ਦਿੰਦਾ ਹੈ। ਜਿਸਦਾ ਭਰਮ ਖਤਮ ਕਰ ਦਿੰਦਾ ਹੈ ਉਸ ਦਾ ਤਨ ਅਤੇ ਮਨ ਨਿਰਮਲ ਹੋ ਜਾਂਦਾ ਹੈ, ਅਤੇ ਉਹ ਉਸਦੀ ਨਿਰਮਲ ਬਖ਼ਸ਼ਿਸ਼ ਨੂੰ ਪੂਰਨ ਵਿਸ਼ਵਾਸ ਨਾਲ ਮਨ ਵਿੱਚ ਵਸਾਉਂਦਾ ਹੈ। ਇਸ ਲਈ ਸਾਡੇ ਮੁਖੀ ਨੂੰ ਲੋਕ ਪਰਲੋਕ ਵਿੱਚ ਉਸ ਨੂੰ ਹੀ ਬਖ਼ਸ਼ਿਸ਼ ਕਰਨ ਵਾਲਾ ਸਮਝਣ ਨਾਲ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ। ਹੇ ਨਾਨਕ, ਸਾਡੇ ਮੁਖੀ ਦਾ ਕੋਈ ਵਰਨੁ, ਚਿਨ ਨਹੀਂ ਅਤੇ ਨਾਂ ਹੀ ਉਸ ਉੱਤੇ ਕੋਈ ਮਾਇਆ ਦਾ ਪਰਛਾਵਾਂ ਹੈ। ਲੋਕ ਪਰਲੋਕ ਵਿੱਚ ਉਸ ਨੂੰ ਹੀ ਬਖ਼ਸ਼ਿਸ਼ ਕਰਨਵਾਲਾ ਜਾਣਕੇ, ਪਛਾਨਣ ਨਾਲ ਹੀ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ।
ਨਾਨਕ ਪਾਤਸਾਹ ਜੀ ਦਾ ਜਵਾਬ: -
ਤ੍ਰੈ ਸਤ ਅੰਗੁਲ ਵਾਈ ਅਉਧੂ ਸੁੰਨ ਸਚੁ ਆਹਾਰੋ।।
ਗੁਰਮੁਖਿ ਬੋਲੈ ਤਤੁ ਬਿਰੋਲੈ ਚੀਨੈ ਅਲਖ ਅਪਾਰੋ।।
ਤ੍ਰੈ ਗੁਣ ਮੇਟੈ ਸਬਦੁ ਵਸਾਏ ਤਾ ਮਨਿ ਚੂਕੈ ਅਹੰਕਾਰੋ।।
ਅੰਤਰਿ ਬਾਹਰਿ ਏਕੋ ਜਾਣੈ ਤਾ ਹਰਿ ਨਾਮਿ ਲਗੈ ਪਿਆਰੋ।।
ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ।।
ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ।। ੬੦।।

ਪਦ ਅਰਥ: - ਤ੍ਰੈ ਸਤ ਅੰਗੁਲ ਵਾਈ ਅਉਧੂ – ਦਸ ਉਂਗਲ ਲੰਬੇ ਸਾਹ। ਸੁੰਨ ਸਚੁ ਆਹਾਰੋ – ਸਹੀ ਸੱਚ ਰੂਪ ਵਿੱਚ ਜੀਵਣ ਦਾ ਅਧਾਰ ਜਾਣ ਲਿਆ ਹੈ। ਅਹਾਰੋ – ਅਧਾਰ। ਗੁਰਮੁਖਿ ਬੋਲੈ – ਜੇ ਕਰ ਕੋਈ ਆਪਣੇ ਆਪ ਨੂੰ ਕਰਤਾ ਅਖਵਾਉਣ ਵਾਲਾ। ਤਤੁ ਬਿਰੋਲੈ – ਤਤੁ ਨੂੰ ਸਮਝਕੇ, ਤਤ ਨੂੰ ਪਛਾਣੇ। ਚੀਨੈ ਅਲਖ ਅਪਾਰੋ – ਸੱਚੇ ਅਲਖ ਅਪਾਰ ਨੂੰ ਪਛਾਣੇ। ਤ੍ਰੈ ਗੁਣ ਮੇਟੈ ਸਬਦੁ ਵਸਾਏ – ਆਪਣੇ ਤਿੰਨ ਗੁਣਾਂ ਤੋਂ ਉੱਪਰ ਉੱਠ ਕੇ, ਉਸਦੀ ਬਖਸ਼ਿਸ਼ ਨੂੰ ਆਪਣੇ ਮਨ ਅੰਦਰ ਵਸਾਏ। ਤਾ ਮਨ ਚੂਕੈ ਅਹੰਕਾਰੋ – ਤਾ ਜਿਹੜਾ ਮਨ ਦਾ ਅਹੰਕਾਰ ਹੈ ਚੁੱਕਿਆ ਜਾਂਦਾ ਹੈ, ਭਾਵ ਖ਼ਤਮ ਹੋ ਜਾਂਦਾ ਹੈ। ਅੰਤਰਿ ਬਾਹਰਿ ਏਕੋ ਜਾਣੈ – ਉਹ ਅੰਦਰ ਅਤੇ ਬਾਹਰ ਇੱਕ ਸੱਚੇ ਸਰਬ-ਵਿਆਪਕ ਨੂੰ ਹੀ ਸੱਚ ਜਾਣਦਾ ਹੈ। ਤਾ ਹਰਿ ਨਾਮਿ ਲਗੈ ਪਿਆਰੋ – ਉਹ ਉਸ ਸੱਚੇ ਸਰਬ-ਵਿਆਪਕ ਹਰੀ ਦੇ ਸੱਚੇ ਪਿਆਰ ਵਿੱਚ ਹੀ ਜੁੜਦਾ ਹੈ। ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ – ਜਿਹੜਾ ਇੜਾ ਪਿੰਗੁਲਾ ਅਤੇ ਸੁਖਮਨਾ ਸੁਆਸਾਂ ਦੀ ਕ੍ਰਿਆ ਨੂੰ ਹੀ ਸੱਚ ਜਾਣਨ ਦਾ ਸਾਧਨ ਸਮਝੇ, ਜਾਂ ਆਪਣੇ ਆਪ ਨੂੰ ਅਲਖ, ਨਾ ਜਾਣਿਆ ਜਾਣ ਵਾਲਾ, ਸਮਝੇ, ਜਾਣੇ। ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ – ਨਾਨਕ ਤਾਂ ਭਾਈ ਇਹ ਆਖਦਾ ਹੈ ਕਿ ਜੇਕਰ ਅਜਿਹਾ ਮਨੁੱਖ ਵੀ ਆਪਣੇ ਤੋਂ ਉੱਪਰ ਸੱਚੇ ਸਦੀਵੀ ਸਥਿਰ ਰਹਿਣ ਵਾਲੇ ਨੂੰ ਸੱਚਾ ਸਰਬਵਿਆਕ ਮੰਨ ਲਏ ਤਾਂ ਉਹ ਵੀ ਉਸਦੀ ਬਖ਼ਸ਼ਿਸ਼ ਵਿੱਚ ਸਮਾ ਸਕਦਾ, ਭਾਵ ਮੁੜ ਲੀਨ ਹੋ ਸਕਦਾ ਹੈ।
ਨੋਟ – ਜੋਗ ਮਤ ਦੇ ਪ੍ਰਚਾਰਕਾ ਵਲੋ ਗੁਰੁ ਗ੍ਰੰਥ ਸਹਿਬ ਅੰਦਰੋ ਇਹ ਸੁਖਮਨਾ ਇੜਾ ਪਿੰਗੁਲਾ ਅੱਖਰ ਸੁਣਾ ਕਿ ਅਖੌਤੀ ਸਿਖਾਂ ਨੂੰ ਵੀ ਭਰਮਾਕੇ ਜੋਗ ਮਤ ਦੀਆਂ ਸਿਖਿਆਵਾਂ ਅਪਣਾਉਣ ਵਾਸਤੇ ਪ੍ਰੇਰਿਆ ਜਾਂਦਾ ਹੈ ਅਤੇ ਉਹ ਗੁੰਮਰਾਹ ਹੋ ਰਹੇ ਹਨ। ਗੁਰਦਵਾਰੇ ਦੀਆਂ ਸਟੇਜਾਂ ਤੋਂ ਪ੍ਰਾਣਾਯਾਮ ਹੋਣ ਲੱਗ ਪਿਆ ਹੈ। ਜਦੋ ਕਿ ਸੱਚ ਇਹ ਹੈ ਕਿ ਗੁਰਬਾਣੀ ਨੇ ਸੁਖਮਨਾ ਇੜਾ ਪਿੰਗੁਲਾ ਸੁਖਮਨਾ ਨੂੰ ਭਰਮ ਭੁਲੇਖਾ ਪਾਉ ਦਰਸਾਇਆ ਹੈ ਸੱਚ ਨਹੀ ਹੈ।
ਅਰਥ: - ਹੇ ਅਉਧੂ, ਮਨੁੱਖ ਜਿਸਦਾ ਆਪਣਾ ਜੀਵਣ ਦਸ ਉਂਗਲ ਲੰਮੇ ਸਾਹ ਉੱਪਰ ਖੜਾ ਹੈ। ਜੇਕਰ ਉਸ ਨੇ ਸਹੀ ਰੂਪ ਵਿੱਚ ਆਪਣੇ ਆਪ ਨੂੰ ਹੀ ਜੀਵਾਂ ਦੇ ਜੀਵਣ ਦਾ ਅਧਾਰ, ਕਰਤਾ ਜਾਣ ਲਿਆ ਹੈ, ਆਪਣੇ ਆਪ ਨੂੰ ਕਰਤਾ ਅਖਵਾਉਣ ਵਾਲਾ ਅਜਿਹਾ ਮਨੁੱਖ, ਜੇਕਰ ਅਸਲੀਅਤ ਸਮਝਦਿਆਂ ਸੱਚੇ ਅਲਖ ਅਪਾਰ ਨੂੰ ਪਛਾਣਕੇ, ਆਪਣੀ ਹਉਮੈ ਰੂਪ ਤਿੰਨ ਗੁਣਾਂ ਤੋਂ ਉੱਪਰ ਉੱਠ ਕੇ, ਉਸਦੀ ਬਖ਼ਸ਼ਿਸ਼ ਨੂੰ ਹੀ ਆਪਣੇ ਅੰਦਰ ਵਸਾਏ ਤਾਂ ਉਸਦਾ ਵੀ ਅਹੰਕਾਰ ਖ਼ਤਮ ਹੋ ਸਕਦਾ ਹੈ। ਉਹ ਫਿਰ ਅੰਦਰੋਂ ਅਤੇ ਬਾਹਰੋਂ ਇਕੁ ਸੱਚੇ ਸਰਬਵਿਆਪਕ ਨੂੰ ਹੀ ਸੱਚ ਜਾਣਦਾ ਹੈ। ਜਿਹੜਾ ਅੰਦਰੋ ਅਤੇ ਬਾਹਰੋ ਇੱਕ ਸੱਚੇ ਸਰਬਵਿਆਪਕ ਨੂੰ ਹੀ ਜਾਣੇ ਉਹ ਹੀ ਉਸ ਸੱਚੇ ਸਰਬਵਿਆਪਕ ਹਰੀ ਦੇ ਸੱਚੇ ਸੱਚ ਪਿਆਰ ਵਿੱਚ ਜੁੜਦਾ ਹੈ। ਇਸ ਦੇ ਉਲਟ ਜਿਹੜਾ ਇੜਾ ਪਿੰਗਲਾ ਅਤੇ ਸੁਖਮਨਾ ਦੇ ਸੁਆਸਾ ਦੀ ਕ੍ਰਿਆ ਨੂੰ ਹੀ ਸੱਚ ਪ੍ਰਾਪਤੀ ਦਾ ਸਾਧਨ ਜਾਣੇ ਅਤੇ ਆਪਣੇ ਆਪ ਨੂੰ ਅਲਖ, ਨਾ ਜਾਣਿਆ ਜਾਣ ਵਾਲਾ, ਸਮਝੇ ਉਹ ਰੱਬ ਨਹੀਂ (ਰੱਬ ਦੇ ਨਾ ਤੇ ਗੁਮਰਾਹ ਕਰਨਵਾਲਾ ਲੋਟੂ) ਹੈ। ਨਾਨਕ ਆਖਦਾ ਹੈ, ਜੇਕਰ ਅਜਿਹਾ ਮਨੁੱਖ ਵੀ ਆਪਣੇ ਤੋਂ ਉੱਪਰ ਸੱਚੇ, ਸਦੀਵੀ, ਸਥਿਰ ਰਹਿਣ ਵਾਲੇ ਨੂੰ ਸੱਚਾ ਸਰਬਵਿਆਪਕ ਮੰਨਕੇ ਉਸਦੀ ਰਜਾ ਨੂੰ ਮੰਨੇ, ਤਾਂ ਉਹ ਵੀ ਉਸਦੀ ਬਖ਼ਸ਼ਿਸ਼ ਵਿੱਚ ਸਮਾ ਸਕਦਾ ਹੈ, ਭਾਵ ਮੁੜ ਲੀਨ ਹੋ ਸਕਦਾ ਹੈ। ਭਾਵ ਉਸਦਾ ਆਪਣਾ ਭਰਮ ਵੀ ਦੂਰ ਹੋ ਸਕਦਾ ਹੈ।
ਅਉਧੂ ਦਾ ਸਵਾਲ: -
ਮਨ ਕਾ ਜੀਉ ਪਵਨੁ ਕਥੀਅਲੇ ਪਵਨੁ ਕਹਾ ਰਸੁ ਖਾਈ।।
ਗਿੁਆਨ ਕੀ ਮੁਦ੍ਰਾ ਕਵਨ ਅਉਧੂ ਸਿਧ ਕੀ ਕਵਨ ਕਮਾਈ।।
ਬਿਨੁ ਸਬਦੈ ਰਸੁ ਨ ਆਵੈ ਅਉਧੂ ਹਉਮੈ ਪਿਆਸ ਨ ਜਾਈ।।
ਸਬਦਿ ਰਤੇ ਅੰਮ੍ਰਿਤ ਰਸੁ ਪਾਇਆ ਸਾਚੇ ਰਹੇ ਅਘਾਈ।।
ਕਵਨ ਬੁਧਿ ਜਿਤੁ ਅਸਥਿਰੁ ਰਹੀਐ ਕਿਤੁ ਭੋਜਨਿ ਤ੍ਰਿਪਤਾਸੈ।।
ਨਾਨਕ ਦੁਖੁ ਸੁਖੁ ਸਮ ਕਰਿ ਜਾਪੈ ਸਤਿਗੁਰ ਤੇ ਕਾਲੁ ਨ ਗ੍ਰਾਸੈ।। ੬੧।।

ਪਦ ਅਰਥ: - ਮਨ ਕਾ ਜੀਉ ਪਵਨੁ ਕਥੀਅਲੇ – ਜੀਵ ਦਾ ਆਸਰਾ ਪ੍ਰਾਣ, ਕਹੇ ਜਾਂਦੇ ਹਨ। ਪਵਨੁ ਕਹਾ ਰਸੁ ਖਾਈ – ਪਵਣ ਨੂੰ ਕਾਹਦਾ ਆਸਰਾ ਹੈ, ਪਵਣ ਕਿਹੜਾ ਰਸ ਖਾਂਦੀ ਹੈ। ਗਿਆਨ ਕੀ ਮੁਦ੍ਰਾ ਕਵਨ ਅਉਧੂ ਸਿੱਧ ਕੀ ਕਵਨ ਕਮਾਈ –ਜਿਸ ਸ੍ਰੇਸਟ ਦੇ ਗਿਆਨ ਦੀਆਂ ਮੁੰਦ੍ਰਾਂ ਪਾਉਣ ਲਈ ਅਉਧੂ ਨੂੰ ਕਹਿ ਰਿਹਾ ਹੈਂ, ਉਸਦੀ ਆਪਣੀ ਕੀ ਕਮਾਈ ਹੈ। ਸਿੱਧ – ਸ੍ਰੇਸ਼ਟ, ਉੱਤਮ ਇਹ ਸ਼ਬਦ ਪਹਿਲੀ ਪਉੜੀ ਅੰਦਰ ਨਾਨਕ ਜੀ ਨੇ ਅਕਾਲ ਪੁਰਖ ਲਈ ਵਰਤਿਆ ਸੀ, ਇਸ ਪਉੜੀ ਅੰਦਰ ਸਿੱਧ ਨੇ ਨਾਨਕ ਜੀ ਨੂੰ ਪੁੱਛਿਆ ਹੈ ਕਿ ਜਿਸ ਨੂੰ ਤੂੰ ਸ੍ਰੇਸਟ ਮੰਨਦਾ ਹੈ ਉਸਦੀ ਆਪਣੀ ਕੀ ਕਮਾਈ ਹੈ। ਬਿਨੁ ਸਬਦੈ ਰਸੁ ਨ ਆਵੈ ਅਉਧੂ ਹਉਮੈ ਪਿਆਸ ਨ ਜਾਈ। ਜਿਸਦੀ ਬਖਸ਼ਿਸ਼ ਤੋ ਬਗ਼ੈਰ ਤੂੰ ਅਉਧੂ ਨੂੰ ਕਹਿਨਾ ਰਸੁ ਨਹੀਂ ਆਉਂਦਾ, ਹਉਮੈ ਰੂਪ ਪਿਆਸ ਨਹੀਂ ਜਾਂਦੀ। ਸਬਦਿ ਰਤੇ ਅੰਮ੍ਰਿਤ ਰਸੁ ਪਾਇਆ ਸਾਚੇ ਰਹੇ ਅਘਾਈ – ਜਿਹੜੇ ਪਹਿਲਾ ਹੀ ਬਖ਼ਸ਼ਿਸ਼ ਵਿੱਚ ਰੱਤੇ ਹਨ, ਅੰਮ੍ਰਿਤ ਰਸ ਜਿਨ੍ਹਾਂ ਨੇ ਪ੍ਰਾਪਤ ਕੀਤਾ ਹੋਇਆ ਹੈ, ਸੱਚ ਵਿੱਚ ਜਿਹੜੇ ਪਹਿਲਾਂ ਹੀ ਤ੍ਰਿਪਤ ਹਨ। ਕਵਨ ਬੁਧਿ ਜਿਤੁ ਅਸਥਿਰੁ ਰਹੀਐ ਕਿਤੁ ਭੋਜਨਿ ਤ੍ਰਿਪਤਾਸੈ – ਉਨ੍ਹਾਂ ਲਈ ਹੋਰ ਉਹ ਕਿਹੜੀ ਮੱਤ ਹੈ ਜਿਸ ਨਾਲ ਟਿਕਾਅ ਵਿੱਚ ਰਹਿਆ ਜਾ ਸਕਦਾ ਹੈ, ਹੇ ਨਾਨਕ, ਉਹ ਕਿਹੜਾ ਭੋਜਨ ਹੈ ਜਿਸ ਨਾਲ ਹਮੇਸ਼ਾ ਲਈ ਤ੍ਰਿਪਤਿ ਰਿਹਾ ਜਾ ਸਕਦਾ ਹੈ। ਦੁੱਖਾਂ ਅਤੇ ਸੁੱਖਾਂ ਨੂੰ ਬਰਾਬਰ ਕਰਕੇ ਜਾਣਿਆ ਜਾ ਸਕਦਾ ਹੈ? ਉਹ ਕਿਹੜਾ ਸਾਡੇ ਮੁਖੀ ਤੋ ਉੱਪਰ ਸਤਿਗੁਰ ਹੈ ਜਿਸ ਨੂੰ ਕਾਲ ਨਹੀਂ ਗ੍ਰਸਦਾ। ਜਾਪੈ – ਜਾਣਿਆ ਜਾ ਸਕਦਾ ਹੈ। ਤੇ – ਉੱਪਰ, ਉੱਤੇ।
ਨੋਟ – ਅਉਧੂ ਨੇ ਪਉੜੀ ਨੰ: ੪੯ ਅੰਦਰ ਆਪਣੇ ਮੁਖੀ ਦੇ ਸਨਮੁਖਿ ਨਾਨਕ ਜੀ ਨੂੰ ਇਹ ਕਿਹਾ ਸੀ ਕਿ ਸਾਡੇ ਮੁਖੀ ਅੱਗੇ ਝੁਕਣ ਵਾਲਾ ਹੀ ਦੁਖ ਸੁਖ ਨੂੰ ਬਰਾਬਰ ਕਰਕੇ ਜਾਣਦਾ ਹੈ, ਉਹ ਹੀ ਪਾਰ ਉਤਾਰਾ ਕਰਨ ਵਾਲਾ ਹੈ। ਹੁਣ, ਇਸ ਪਉੜੀ ਅੰਦਰ ਨਾਨਕ ਜੀ ਨੂੰ ਆਖਦਾ ਹੈ ਕਿ ਤੂੰ ਜਿਸ ਨੂੰ ਸਤਿਗੁਰ ਆਖਦਾ ਹੈ ਜਿਸਨੂੰ ਕਾਲ ਨਹੀਂ ਗ੍ਰਸਦਾ, ਉਸ ਬਾਰੇ ਸਪਸ਼ਟ ਕਰ।
ਅਰਥ: - ਜੋਗੀ ਵਲੋਂ ਨਾਨਕ ਜੀ ਨੂੰ ਸੰਬੋਧਨ – ਹੇ ਨਾਨਕ ਜੀਵ ਦਾ ਆਸਰਾ ਪ੍ਰਾਣ ਮੰਨੇ ਜਾਂਦੇ ਹਨ, ਪ੍ਰਾਣ, ਸੁਆਸ ਕਿਹੜਾ ਰਸ ਖਾਦੇ ਹਨ, ਸੁਆਸਾਂ ਨੂੰ ਕਿਸ ਦਾ ਆਸਰਾ ਹੈ। ਜਿਸ ਸ੍ਰੇਸ਼ਟ ਦੇ ਗਿਆਨ ਦੀਆ ਮੁੰਦ੍ਰਾਂ ਪਾਉਣ ਲਈ ਤੂੰ ਅਉਧੂ ਨੂੰ ਕਹਿ ਰਿਹਾਂ ਹੈਂ, ਉਸ ਸ੍ਰੇਸ਼ਟ ਦੀ ਆਪਣੀ ਕੀ ਕਮਾਈ ਹੈ? ਜਿਸਦੀ ਬਖਸ਼ਿਸ਼ ਤੋ ਬਗ਼ੈਰ ਤੂੰ ਅਉਧੂ ਨੂੰ ਕਹਿਨਾ ਰਸੁ ਪ੍ਰਾਪਤ ਨਹੀਂ ਹੁੰਦਾ, ਹਉਮੈ ਨਹੀਂ ਜਾਂਦੀ, ਤ੍ਰਿਸ਼ਨਾ ਨਹੀਂ ਜਾਂਦੀ। ਜਿਹੜੇ ਅਸੀ ਪਹਿਲਾਂ ਹੀ ਬਖ਼ਸ਼ਿਸ ਵਿੱਚ ਰੱਤੇ ਹਨ, ਅੰਮ੍ਰਿਤ ਰਸ ਅਸਾਂ ਜਿੰਨ੍ਹਾਂ ਪਹਿਲਾਂ ਹੀ ਪ੍ਰਾਪਤ ਕੀਤਾ ਹੋਇਆ ਹੈ, ਸੱਚ ਵਿੱਚ ਜਿਹੜੇ ਪਹਿਲਾ ਹੀ ਤ੍ਰਿਪਤ ਹਨ, ਉਨ੍ਹਾਂ ਲਈ ਉਹ ਕਿਹੜੀ ਮੱਤ ਹੈ ਜਿਸ ਨਾਲ ਇੱਕਸਾਰ ਅਤੇ ਅਡੋਲ ਰਿਹਾ ਜਾ ਸਕਦਾ ਹੈ? ਹੇ ਨਾਨਕ, ਉਹ ਕਿਹੜਾ ਭੋਜਨ ਹੈ ਜਿਸ ਨਾਲ ਹਮੇਸ਼ਾ ਲਈ ਤ੍ਰਿਪਤਿ ਰਿਹਾ ਜਾ ਸਕਦਾ ਹੈ? ਦੁੱਖਾਂ ਅਤੇ ਸੁੱਖਾਂ ਨੂੰ ਬਰਾਬਰ ਕਰਕੇ ਜਾਣਿਆ ਜਾ ਸਕਦਾ ਹੈ?
ਨਾਨਕ ਪਾਤਸਾਹ ਜੀ ਦਾ ਜਵਾਬ: -
ਰੰਗਿ ਨ ਰਾਤਾ ਰਸਿ ਨਹੀਂ ਮਾਤਾ।।
ਬਿਨੁ ਗੁਰ ਸਬਦੈ ਜਲਿ ਬਲਿ ਤਾਤਾ।।
ਬਿੰਦੁ ਨ ਰਾਖਿਆ ਸਬਦੁ ਨ ਭਾਖਿਆ।।
ਪਵਨੁ ਨ ਸਾਧਿਆ ਸਚੁ ਨ ਅਰਾਧਿਆ।।
ਅਕਥ ਕਥਾ ਲੇ ਸਮ ਕਰਿ ਰਹੇ।।
ਤਉ ਨਾਨਕ ਆਤਮ ਰਾਮ ਕਉ ਲਹੈ।। ੬੨।।
ਪਦ ਅਰਥ: - ਰੰਗ ਨ ਰਾਤਾ ਰਸਿ ਨਹੀਂ ਮਾਤਾ – ਜਿਸ ਉੱਤਮ ਸ੍ਰਵ-ਸ੍ਰੇਸ਼ਟ ਦੀ ਕਮਾਈ ਬਾਰੇ ਤੂੰ ਪੁੱਛ ਰਿਹਾ ਹੈਂ, ਤੂੰ ਉਸਦੀ ਰਜ਼ਾ ਤੋ ਹੀ ਮੁਨਕਰ ਹੈਂ। ਮਾਤਾ – ਮਾਣਿਆ, ਮਾਨਣਾ, ਰੰਗੇ। ਉਸਦੇ ਰੰਗ ਵਿੱਚ ਤੂੰ ਰੰਗਿਆ ਹੀ ਨਹੀਂ, ਉਹ ਰਸ ਤੂੰ ਮਾਣਿਆ ਹੀ ਨਹੀਂ। ਜੋ ਸੁਆਸ ਬਖ਼ਸ਼ਿਸ਼ ਰੂਪ ਵਿੱਚ ਉਸ ਵਲੋਂ ਮਨੁੱਖ ਨੂੰ ਮਿਲੇ ਹਨ, ਉਸਦੀ ਬਖਸ਼ਿਸ਼ ਹੀ ਉਨ੍ਹਾਂ ਸੁਆਸਾਂ ਦਾ ਭੋਜਨ, ਅਧਾਰ ਹੈ। ਬਿਨੁ ਗੁਰ ਸਬਦੈ ਜਲਿ ਬਲਿ ਤਾਤਾ - ਉਸਦੀ ਬਖ਼ਸ਼ਿਸ਼ ਪ੍ਰਾਪਤ ਕਰਨ ਤੋ ਬਗ਼ੈਰ ਜੋ ਆਤਮਿਕ ਸੁਆਸ ਹਨ ਈਰਖਾ ਦੀ ਅਗਨ ਵਿੱਚ ਜਲਕੇ ਭਸਮ ਖਤਮ ਹੋ ਜਾਂਦੇ ਹਨ। ਤਾਤਾ – ਈਰਖਾ ਮ: ਕੋਸ। ਉਸਦੀ ਬਖ਼ਸ਼ਿਸ਼ ਹੀ ਆਤਮਿਕ ਗਿਆਨ ਦਾ ਰਸ ਸੁਆਸਾਂ ਦੀ ਖੁਰਾਕ ਹੈ। ਬਿੰਦੁ ਨ ਰਾਖਿਆ ਸਬਦੁ ਨ ਭਾਖਿਆ – ਗ੍ਰਿਸਤ ਨਾ ਧਾਰਨਾ ਹੀ ਉਸਦੀ ਬਖਸ਼ਿਸ਼ ਨੂੰ ਨਾ ਜਾਨਣਾ ਹੈ। ਸਬਦੁ – ਬਖਸ਼ਿਸ਼। ਭਾਖਿਆ – ਜਾਨਣਾ। ਤੂੰ ਗ੍ਰਿਸਤ ਨੂੰ ਧਾਰਨ ਹੀ ਨਹੀਂ ਕੀਤਾ, ਤੂੰ ਉਸਦੀ ਬਖਸ਼ਿਸ਼ ਨੂੰ ਤਾਂ ਜਾਣਿਆ ਹੀ ਨਹੀਂ। ਇਸ ਕਰਕੇ ਅਉਧੂ ਤੇਰੀ ਹਉਮੈ ਤੇ ਤ੍ਰਿਸ਼ਨਾ ਕਿਵੇਂ ਖ਼ਤਮ ਹੋ ਸਕਦੇ ਹਨ। ਪਵਨੁ ਨ ਸਾਧਿਆ ਸਚੁ ਨ ਅਰਾਧਿਆ।। ਅਕਥ ਕਥਾ ਲੇ ਸਮ ਕਰ ਰਹੇ – ਜਿਸ ਕਿਸੇ ਨੇ ਸੱਚ ਨੂੰ ਨਹੀ ਅਰਾਧਿਆ ਭਾਵ ਆਪਣੇ ਜੀਵਣ ਦਾ ਅਧਾਰ ਨਹੀ ਬਣਾਇਆ ਸਮਝੋ ਉਸ ਨੇ ਆਪਣੇ ਸੁਆਸ ਸਾਧੇ ਹੀ ਨਹੀ ਭਾਵ ਸਫਲੇ ਹੀ ਨਹੀ ਕੀਤੇ। (ਨੋਟ ਇਹ ਜੋਗੀ ਪ੍ਰਾਣਾਯਾਮ ਨੂੰ ਹੀ ਸੁਆਸ ਸਫਲੇ ਸਮਝਦੇ ਹਨ) ਅਕਥ ਕਥਾ ਲੇ ਸਮ ਕਰਿ ਰਹੇ – ਆਪਣੇ ਜੀਵਣ ਵਿੱਚ ਸੱਚ ਨੂੰ ਅਧਾਰ ਬਣਾਉਣ ਤੋ ਬਗ਼ੈਰ ਅਕਥ ਦੀ ਕਥਾ ਨੂੰ ਸੱਚ ਕਰਕੇ ਜਾਨਣ ਤੋ ਬਗ਼ੈਰ ਕਿਵੇਂ ਕੋਈ ਦੁਖ ਅਤੇ ਸੁਖ ਨੂੰ ਬਰਾਬਰ ਜਾਣਕੇ ਰਹਿ ਸਕਦਾ ਭਾਵ ਜਾਣ ਸਕਦਾ ਹੈ। ਤਉ ਨਾਨਕ ਆਤਮ ਰਾਮ ਕਉ ਲਹੈ – ਨਾਨਕ ਆਖਦਾ ਹੈ, ਆਤਮ ਰਾਮ (ਸੁਆਸਾ ਦੀ ਬਖਸ਼ਿਸ ਕਰਨ ਵਾਲੇ ਕਰਤੇ) ਦੀ ਕਮਾਈ ਬਾਰੇ ਜਾਣ ਸਕਦਾ ਹੈ।
ਅਰਥ: - ਹੇ ਜੋਗੀ ਜਿਸ ਸੱਚੇ ਸਰਵ-ਸ੍ਰੇਸਟ ਦੀ ਕਮਾਈ ਬਾਰੇ ਤੂੰ ਪੁੱਛ ਰਿਹਾ ਹੈਂ, ਤੂੰ ਉਸਦੀ ਰਜ਼ਾ ਤੋਂ ਹੀ ਮੁਨਕਰ ਹੈਂ। ਉਸਦੇ ਰੰਗ ਵਿੱਚ ਤੂੰ ਰੰਗਿਆ ਹੀ ਨਹੀਂ, ਉਹ ਰਸ ਤੂੰ ਮਾਣਿਆ ਹੀ ਨਹੀਂ। ਸੁਆਸ ਉਸਦੀ ਹੀ ਕਮਾਈ ਹੈ ਜੋ ਬਖਸ਼ਿਸ਼ ਰੂਪ ਵਿੱਚ ਮਨੁੱਖ ਨੂੰ ਮਿਲੇ ਹਨ। ਉਸਦੀ ਬਖ਼ਸ਼ਿਸ਼ ਪ੍ਰਾਪਤ ਕਰਨ ਤੋਂ ਬਗ਼ੈਰ ਜੋ ਸੁਆਸ ਹਨ, ਈਰਖਾ ਦੀ ਅਗਨੀ ਵਿੱਚ ਭਸਮ ਹੋ ਜਾਂਦੇ ਹਨ। ਉਂਝ ਵੀ ਇਸ ਰਸ ਤੂੰ ਕਿਵੇਂ ਮਾਣ ਸਕਦਾ ਹੈਂ ਗ੍ਰਿਸਤੀ ਉਸਦੀ ਜੀਵਣ ਤੂੰ ਅਪਣਾਇਆ ਹੀ ਨਹੀ ਉਸਦੀ ਬਖਸ਼ਿਸ਼ ਨੂੰ ਤੂੰ ਜਾਣਿਆ ਹੀ ਨਹੀ। (ਕਿਉਂਕਿ ਤੂੰ ਆਪਣੀ ਸਮਾਜ ਪ੍ਰਤੀ ਬਣਦੀ ਮੁੱਢਲੀ ਜ਼ੁਮੇਵਾਰੀ ਗ੍ਰਿਸਤ ਧਾਰਨ ਕਰਨ ਤੋ ਹੀ ਮੁਨਕਰ ਹੈਂ, ਉਸਦੀ ਬਖ਼ਸ਼ਿਸ਼ ਤੋਂ ਵਾਂਝਾ ਹੈਂ) ਇਸ ਕਰਕੇ ਅਉਧੂ ਤੇਰੀ ਹਉਮੈ ਤੇ ਤ੍ਰਿਸ਼ਨਾ ਕਿਵੇਂ ਖ਼ਤਮ ਹੋ ਸਕਦੇ ਹਨ। (ਇਹ ਵੀ ਇੱਕ ਬਹੁਤ ਵੱਡੀ ਹਉਮੈ ਹੈ ਜੋ ਕੁੱਝ ਅਖੌਤੀ ਸਾਧ ਆਪਣੀ ਪ੍ਰਸੰਸਾ ਲਈ ਇਸ ਗੱਲ ਤੇ ਜ਼ੋਰ ਦਿੰਦੇ ਹਨ ਕਿ ਅਸੀਂ ਤਾਂ ਸ਼ਾਦੀ ਹੀ ਨਹੀਂ ਕਰਵਾਈ) ਅਉਧੂ, ਉਸ ਅਕੱਥ ਦੀ ਕਥਾ ਨੂੰ ਆਪਣੇ ਜੀਵਣ ਦਾ ਅਧਾਰ ਬਣਾਉਣ ਤੋਂ ਬਗ਼ੈਰ ਕੋਈ ਕਿਵੇਂ ਜਾਣ ਸਕਦਾ ਹੈ। ਹੇ ਅਉਧੂ, ਨਾਨਕ ਆਖਦਾ ਹੈ, ਮਨੁੱਖ ਨੂੰ ਸੁਆਸ ਜੋ ਬਖ਼ਸ਼ਿਸ਼ ਰੂਪ ਵਿੱਚ ਪ੍ਰਾਪਤ ਹਨ, ਇਹ ਉਸ ਰਮੇ ਹੋਏ ਕਰਤੇ ਦੀ ਹੀ ਕਿਰਤ ਹਨ। ਇਹ ਉਸਦੀ ਬਖ਼ਸ਼ਿਸ਼ ਪ੍ਰਾਪਤ ਕਰਨ ਤੋ ਬਗ਼ੈਰ ਕੋਈ ਮਨੁੱਖ ਕਿਵੇਂ ਜਾਣ ਸਕਦਾ ਜਾ ਮਾਣ ਸਕਦਾ ਹੈ।
ਅਉਧੂ ਦਾ ਸਵਾਲ: -
ਗੁਰ ਪਰਸਾਦੀ ਰੰਗੇ ਰਾਤਾ।।
ਅੰਮ੍ਰਿਤੁ ਪੀਆ ਸਾਚੇ ਮਾਤਾ।।
ਗੁਰ ਵੀਚਾਰੀ ਅਗਨਿ ਨਿਵਾਰੀ।।
ਅਪਿਉ ਪੀਓ ਆਤਮ ਸੁਖੁ ਧਾਰੀ।।
ਸਚੁ ਅਰਾਧਿਆ ਗੁਰਮੁਖਿ ਤਰੁ ਤਾਰੀ।।
ਨਾਨਕ ਬੂਝੈ ਕੋ ਵੀਚਾਰੀ।। ੬੩।।
ਪਦ ਅਰਥ: - ਗੁਰ ਪਰਸਾਦੀ ਰੰਗੇ ਰਾਤਾ – ਅਉਧੂ ਵਲੋਂ, ਮੈਂ ਤਾਂ ਪਹਿਲਾਂ ਹੀ ਗੁਰ ਬਖ਼ਸ਼ਿਸ਼ ਵਿੱਚ ਰੰਗਿਆ ਹੋਇਆ ਹਾਂ। ਅੰਮ੍ਰਿਤੁ ਪੀਆ ਸਾਚੇ ਮਾਤਾ – ਮੈਂ ਤਾ ਪਹਿਲਾਂ ਹੀ ਸੱਚ ਰੂਪ ਅੰਮ੍ਰਿਤ ਪੀਤਾ ਹੋਇਆ ਹੈ, ਅਤੇ ਸੱਚ ਨੂੰ ਮਾਣਿਆ ਹੋਇਆ ਹੈ। ਗੁਰ ਵੀਚਾਰੀ ਅਗਨਿ ਨਿਵਾਰੀ – ਅਤੇ ਬਖ਼ਸ਼ਿਸ਼ ਰੂਪ ਵੀਚਾਰ ਨਾਲ ਹਉਮੈ ਰੂਪ ਅਗਨਿ ਠੰਡੀ ਕੀਤੀ ਹੋਈ ਹੈ। ਗੁਰ – ਬਖ਼ਸ਼ਿਸ਼। ਅਪਿਉ ਪੀਓ ਆਤਮ ਸੁਖੁ ਧਾਰੀ – ਜਿਹੜਾ ਵੀ ਕੋਈ ਮਨੁੱਖ ਆਤਮਿਕ ਸੁਖ ਪ੍ਰਾਪਤ ਕਰਨਾ ਚਾਹੁੰਦਾ ਹੈ ਸਾਡੇ ਮੁਖੀ ਨੂੰ ਕਰਤਾ ਜਾਣਕੇ ਆਪਾ ਉਸ ਅੱਗੇ ਅਰਪਣ ਕਰੇ? । ਸਚੁ ਅਰਾਧਿਆ ਗੁਰਮੁਖਿ ਤਰੁ ਤਾਰੀ – ਜਿਸ ਕਿਸੇ ਨੇ ਵੀ ਸਾਡੇ ਮੁਖੀ ਨੂੰ ਕਰਤਾ ਰੂਪ ਸੱਚ ਜਾਣਕੇ ਅਰਾਧਿਆ, ਉਹ ਸੰਸਾਰ ਸਮੁੰਦਰ ਤੋ ਪਾਰ ਲੰਘ ਗਿਆ। (ਜੋਗੀ ਲਈ ਸੰਸਾਰ ਤੋਂ ਪਾਰ ਲੰਘਣਾ ਭਾਵ ਗ੍ਰਿਸਤ ਛੱਡਕੇ ਜੋਗ ਮੰਡਲੀ ਦੇ ਡੇਰੇ ਆ ਜਾਣਾ) ਹੇ ਨਾਨਕ, ਇਸ ਸੱਚ ਨੂੰ ਕੋਈ ਵੀਚਾਰਵਾਨ ਮਨੁੱਖ ਹੀ ਬੁੱਝ ਸਕਦਾ ਹੈ।
ਅਰਥ: - ਜੋਗੀ ਵਲੋਂ ਨਾਨਕ ਜੀ ਨੂੰ ਸੰਬੋਧਨ - ਹੇ ਨਾਨਕ, ਮੈਂ ਤਾਂ ਪਹਿਲਾਂ ਹੀ (ਆਪਣੇ ਮੁਖੀ ਦੀ) ਗੁਰ ਬਖ਼ਸ਼ਿਸ਼ ਵਿੱਚ ਰੰਗਿਆ ਹੋਇਆ ਹਾਂ। ਸੱਚ ਰੂਪ ਅੰਮ੍ਰਿਤ ਪਹਿਲਾਂ ਹੀ ਪੀਤਾ ਹੋਇਆ ਹੈ, ਅਤੇ ਸੱਚ ਨੂੰ ਮੈਂ ਮਾਣਿਆ ਹੋਇਆ ਹੈ, ਅਤੇ ਬਖ਼ਸ਼ਿਸ ਰੂਪ ਵੀਚਾਰ ਨਾਲ ਹਉਮੈ ਰੂਪ ਅਗਨੀ ਪਹਿਲਾਂ ਹੀ ਮੈਂ ਠੰਡੀ ਕੀਤੀ ਹੋਈ ਹੈ। ਹੇ ਨਾਨਕ, ਜਿਹੜਾ ਵੀ ਮਨੁੱਖ ਆਤਮਿਕ ਸੁਖ ਪ੍ਰਾਪਤ ਕਰਨਾ, ਅਤੇ ਸੰਸਾਰ ਸਮੁੰਦਰ ਤਰਨਾ ਚਾਹੁੰਦਾ ਹੈ, ਉਹ ਸਾਡੇ ਮੁਖੀ ਨੂੰ ਸੱਚ ਰੂਪ ਕਰਤਾ ਜਾਣ ਕੇ ਆਪਣਾ ਆਪਾ ਉਸ ਅੱਗੇ ਅਰਪਣ ਕਰ ਦੇਵੇ। ਅਜਿਹਾ ਕਰਨ ਵਾਲਾ ਹੀ ਭਵ ਸਾਗਰ ਤਰ ਸਕਦਾ ਹੈ। ਇਹ ਸੱਚ ਕੋਈ ਵਿਰਲਾ ਵੀਚਾਰਵਾਨ ਮਨੁੱਖ ਹੀ ਸਮਝ ਸਕਦਾ ਹੈ।

ਬਲਦੇਵ ਸਿੰਘ ਟੋਰਾਂਟੋ
.