.

ਪਹਿਲਾਂ ਮਰਿਆਦਾ ਤਾਂ ਇੱਕ ਹੋ ਜਾਵੇ
ਸਤਿੰਦਰਜੀਤ ਸਿੰਘ

25/02/2012 ਨੂੰ ਜਥੇਦਾਰਾਂ ਦੀ ਇਕੱਤਰਤਾ ਵਿੱਚ ਸੰਤ ਸਮਾਜ ਦੇ ਕਹਿਣ ‘ਤੇ ਇੱਕ ‘ਅਹਿਮ’ ਫੈਸਲਾ ਲਿਆ ਗਿਆ ਜਿਸ ਤਹਿਤ ਜਥੇਦਾਰਾਂ ਨੇ ਸਾਰੇ ਮਿਸ਼ਨਰੀ ਕਾਲਜਾਂ ਦਾ ਸਿਲੇਬਸ ਇਕਸਾਰ ਕਰਨ ਲਈ 6 ਮਾਰਚ ਨੂੰ ਸਾਰੇ ਮਿਸ਼ਨਰੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਸਿਲੇਬਸ ਸਮੇਤ ਬੁਲਾਇਆ ਸੀ। ਇਹ ਪ੍ਰੋਗਰਾਮ ਕਿਸੇ ਕਾਰਨ ਰੱਦ ਹੋ ਗਿਆ ਹੈ, ਕੁਝ ਸਮੇਂ ਲਈ ਜਾਂ ਪੂਰੀ ਤਰ੍ਹਾਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਸਿਲੇਬਸ ਵਿੱਚ ਇਕਸਾਰਤਾ ਲਿਆਉਣੀ ਠੀਕ ਹੈ ਪਰ ਕੀ ਆਪੇ ਬਣੇ ਸੰਤ ਸਮਾਜ ਦੇ ਨਾਮ ਹੇਠ ਪਲ ਰਿਹਾ ਡੇਰਾਵਾਦ ਕਿਸੇ ਅਜਿਹੀ ਮੰਗ ਨੂੰ ਲਾਗੂ ਕਰਵਾ ਸਕਦਾ ਹੈ...? ਇਹ ਸੰਤ ਸਮਾਜ ਸਾਰੇ ਸਾਧਾਂ ਨੇ ਇਕੱਠੇ ਹੋ ਕੇ ਆਪ ਹੀ ਬਣਾ ਧਰਿਆ ਹੈ, ਜਿਸਦੀ ਕੋਈ ਜ਼ਰੂਰਤ ਨਹੀਂ ਸੀ। ਇਹ ਅਣਚਾਹਿਆ ਸਮਾਜ ਸਰਸੇ ਵਾਲੇ ਭੰਡ ਦੇ ਖਿਲਾਫ ਕਾਰਵਾਈ ਕਰਨ ਲਈ ਹੋਂਦ ਵਿੱਚ ਆਇਆ ਸੀ ਜੋ ਕਿ ਮਿਥੇ ਟੀਚੇ ਦੀ ਪ੍ਰਾਪਤੀ ਤੋਂ ਬਹੁਤ ਦੂਰ ਰਹਿ ਗਿਆ। ਇਸ ਤੋਂ ਬਾਅਦ ਇਸ ਸਮਾਜ ਦੀ ਕਾਰਗੁਜ਼ਾਰੀ ਲੁਧਿਆਣੇ ਭਈਏ ਆਸ਼ੂਤੋਸ਼ ਦੇ ਸਮਾਗਮ ਦੇ ਵਿਰੋਧ ਸਮੇਂ ਨਜ਼ਰ ਆਈ, ਇਸ ਸਮੇਂ ਵੀ ਇਹ ਸਮਾਜ ਫੋਕੀਆਂ ਫੜ੍ਹਾਂ ਨਾਲ ਹੀ ਕੰਮ ਸਾਰ ਕੇ ਨਿਕਲ ਗਿਆ ਅਤੇ ਗੋਲੀ ਆਮ ਸਿੱਖ ਦੀ ਹਿੱਕ ਦਾ ਸ਼ਿੰਗਾਰ ਬਣੀ। ਇਹ ਸਮਾਜ ਖੁਦ ਹੀ ਇਕਸਾਰ ਨਹੀਂ ਹੈ, ਸਾਰੇ ਸਾਧਾਂ ਦੀ ਮਰਿਆਦਾ ਅਲੱਗ-ਅਲੱਗ ਹੈ ਜੋ ਕਿ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਨਾਲ ਵੀ ਮੇਲ ਨਹੀਂ ਖਾਂਦੀ। ਇਸ ਤੋਂ ਉਲਟ ਮਿਸ਼ਨਰੀ ਕਾਲਜ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਨੂੰ ਮੰਨਦੇ ਅਤੇ ਪ੍ਰਚਾਰਦੇ ਵੀ ਹਨ ਅਤੇ ਵਿਦਿਆਰਥੀਆਂ ਨੂੰ ਦ੍ਰਿੜ੍ਹ ਵੀ ਕਰਵਾਉਂਦੇ ਹਨ। ਜਿਸਦੀ ਤਾਜ਼ਾ ਮਿਸਾਲ ਪਟਨਾ ਸਾਹਿਬ ਦੇ ਜਥੇਦਾਰ ਦੇ ਪ੍ਰੋ.ਸਰਬਜੀਤ ਸਿੰਘ ਧੂੰਦਾ ਨੂੰ ਕੀਤੇ ਗਏ ਸਵਾਲ ਕਿ ‘ਤੁਸੀਂ ਦਸਮ ਦੀ ਬਾਣੀ ਨੂੰ ਕਿੰਨਾ ਕੁ ਮੰਨਦੇ ਹੋ?’ ਦੇ ਜਵਾਬ ਵਿੱਚ ਪ੍ਰੋ.ਸਰਬਜੀਤ ਸਿੰਘ ਧੂੰਦਾ ਦੇ ਸ਼ਬਦਾਂ ‘ਜਿੰਨਾ ਕੁ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਮੰਨਦੀ ਹੈ।‘ ਵਿੱਚ ਦੇਖੀ ਜਾ ਸਕਦੀ ਹੈ। ਇਸ ਦੇ ਉਲਟ ਸਾਰੀ ਕੌਮ ਨੂੰ ਏਕਤਾ ਦੇ ‘ਧਾਗੇ’ ਵਿੱਚ ਪਰੋਣ ਲਈ ਹੋਂਦ ਵਿੱਚ ਲਿਆਂਦੀ ਗਈ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਤੋਂ ਮੂੰਹ ਮੋੜ ਕੇ ਖੜ੍ਹਾ ਸੰਤ-ਸਮਾਜ ਕਿਸ ਆਧਾਰ ‘ਤੇ ਇਹਨਾਂ ਕਾਲਜਾਂ ਵਿੱਚ ਦਖਲ-ਅੰਦਾਜ਼ੀ ਦੀ ਸੋਚ ਰੱਖਦਾ ਹੈ...?
ਸੰਤ-ਸਮਾਜ ਦੀ ਇਸ ‘ਦਲੇਰੀ’ ਦੇ ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖਤਾਂ ‘ਤੇ ਕਾਬਜ਼ ਜਥੇਦਾਰਾਂ ਦੀ ਕਮਜ਼ੋਰੀ ਹੈ। ਸਿੱਖ ਧਰਮ ਦੇ ਪ੍ਰਚਾਰ-ਪਾਸਾਰ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਜਿਸ ਕਮੇਟੀ ਦੇ ਸਿਰ ਹੈ, ਉਹ ਕਮੇਟੀ ਕੁਝ ਰਾਜਸੀ ਧਿਰਾਂ ਵੱਲੋਂ ‘ਹਾਈਜੈਕ’ ਹੋ ਚੁੱਕੀ ਹੈ, ਜਿਸ ਕਾਰਨ ਹੁਣ ਇਸ ਕਮੇਟੀ ਨੂੰ ਰਾਜਨੀਤਿਕ ਲੋਕਾਂ ਦਾ ਪ੍ਰਚਾਰ ਕਰਨਾ ਪੈ ਰਿਹਾ ਹੈ। ਅੱਜ ਦੇ ਸਮੇਂ ਰਾਜਨੀਤਿਕ ਪਾਰਟੀਆਂ ਦੀ ਸਫਲਤਾ ਖੁੰਭਾਂ ਵਾਂਗ ਉੱਗੇ ਡੇਰਿਆਂ ਦੇ ਮਾਲਕਾਂ ਦੀ ਸ਼ਹਿ ਨਾਲ ਹੀ ਹੈ ਅਤੇ ਇਹ ਡੇਰੇਦਾਰ ਹੀ ਸੰਤ-ਸਮਾਜ ਦੇ ਰੂਪ ਵਿੱਚ ਇਕੱਠੇ ਹੋਏ ਹਨ। ਗੱਲ ਕੀ ਹੁਣ ਸੰਤ ਸਮਾਜ ਦੀ ‘ਪੌੜੀ’ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਕੁਰਸੀ ਦੇ ਨਾਲ-ਨਾਲ ਸੂਬੇ ਦੇ ਮੁਖੀ, ਮੁੱਖ ਮੰਤਰੀ ਦੀ ਕੁਰਸੀ ਤੱਕ ਵੀ ਪਹੁੰਚਦੀ ਹੈ। ਹੁਣ ਇਸ ਪੌੜੀ ਦੀ ਮੱਦਦ ਨਾਲ ਪ੍ਰਧਾਨ ਪਦ ‘ਤੇ ਪਹੁੰਚਿਆ ਵਿਆਕਤੀ ਇਸ ਪੌੜੀ ਦੀ ‘ਮਜ਼ਬੂਤੀ’ ਲਈ ਸਾਰੇ ਕਦਮ ਉਠਾਏਗਾ ਹੀ। ਬੱਸ ਇਹੀ ਸਾਡੀ ਕੌਮ ਦਾ ਦੁਖਾਂਤ ਹੈ।
ਚਲੋ ਆਪੇ ਬਣਿਆ ਸੰਤ-ਸਮਾਜ ਜੋ ਮਰਜ਼ੀ ਦਮਗਜ਼ੇ ਮਾਰੀ ਜਾਵੇ ਪਰ ਸਿੱਖ ਹਿੱਤਾਂ ਦੀ ਰਾਖੀ ਲਈ ਹੋਂਦ ਵਿੱਚ ਲਿਆਂਦੀ ਗਈ ਕਮੇਟੀ ਅਤੇ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਨਿੱਜੀ ਸਵਾਰਥਾਂ ਨੂੰ ਤਿਆਗ ਕੇ ਅਤੇ ਫੋਕੀਆਂ ਲਾਲਸਾਵਾਂ ਤੋਂ ਉੱਪਰ ਉੱਠ ਕੇ ਕੌਮੀ ਹਿੱਤਾਂ ਲਈ ਵਧਣ। ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਕਾਲਜਾਂ ਵਿੱਚ ਇਕਸਾਰਤਾ ਤੋਂ ਪਹਿਲਾਂ ਕੌਮ ਵਿੱਚ ਇੱਕਸਾਰਤਾ ਲਿਆਉਣ ਲਈ ਇਹਨਾਂ ਡੇਰਿਆਂ ਦੀ ਵੱਖਰੀ-ਵੱਖਰੀ ਮਰਿਆਦਾ ਨੂੰ ਪੰਥ ਪ੍ਰਵਾਣਿਤ ਮਰਿਆਦਾ ਦੇ ਹਾਣ ਦੀ ਕਰਨ ਲਈ ਯਤਨ ਹੀ ਨਾ ਕਰਨ ਬਲਕਿ ਹਕੀਕੀ ਰੂਪ ਵਿੱਚ ਇੱਕਸਾਰ ਕਰਨ ਅਤੇ ਸਾਰੇ ਡੇਰਿਆਂ ‘ਤੇ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਲਾਗੂ ਹੋਵੇ।
ਹੁਣ ਅੱਗੇ ਫਿਰ ‘ਵਖਰੇਵੇਂ’ ਦੀ ਸਮੱਸਿਆ ਮੂੰਹ ਅੱਡੀ ਖੜ੍ਹੀ ਹੈ। ਸਾਰੇ ਡੇਰਿਆਂ ਦੀ ਮਰਿਆਦਾ ਨੂੰ ਇਕਸਾਰ ਕਰਨ ਵਾਲੇ ਜਥੇਦਾਰਾਂ ਦੀ ਮਰਿਆਦਾ ਹੀ ਇੱਕ ਨਹੀਂ। ਪੰਜਾਬ ਤੋਂ ਬਾਹਰਲੇ ਦੋ ਤਾਂ ਬਿਲਕੁਲ ਹੀ ਉਲਟ ਹਨ। ਬੱਕਰੇ ਝਟਕਾਉਣ ਅਤੇ ਟੱਲੀਆਂ ਖੜਕਾਉਣ ਵਾਲੇ ਪਹਿਲਾਂ ਖੁਦ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਨੂੰ ਅਪਨਾਉਣ, ਪੰਜਾਂ ਤਖਤਾਂ ‘ਤੇ ਪਹਿਲਾਂ ਮਰਿਆਦਾ ਇੱਕਸਾਰ ਹੋ ਜਾਵੇ ਫਿਰ ਸਾਰੇ ਪੰਥ ਦੀ ਇਕਸਾਰਤਾ ਆਸਾਨੀ ਨਾਲ ਸੰਭਵ ਹੈ। ਪਰ ਜਿੰਨ੍ਹਾਂ ਦੀ ਜ਼ਿੰਮੇਵਾਰੀ ਮਰਿਆਦਾ ਇੱਕ ਕਰਨ ਦੀ ਹੈ ਉਹਨਾਂ ਖੁਦ ਹੀ ਚੁੱਪ-ਚੁਪੀਤੇ ਅੰਗਰੇਜ਼ੀ ਵਿੱਚ ਦਰਜ਼ ਰਹਿਤ ਮਰਿਆਦਾ ਵਿੱਚ ਬਦਲਾਅ ਕਰ ਦਿੱਤਾ ਹੈ, ਸ਼ਾਇਦ ਇਸ ਵਰਤਾਰੇ ਪਿੱਛੇ ਵੀ ‘ਪੌੜੀ’ ਦੇ ਹਿੱਲਣ ਦਾ ਡਰ ਕੰਮ ਕਰ ਰਿਹਾ ਹੋਵੇ ਪਰ ਇੱਕ ਸਮਾਜ ਦੀ ਪੌੜੀ ਨਾਲੋਂ ਪੂਰੀ ਕੌਮ ਨੂੰ ਮਜ਼ਬੂਤ ਕਰਨਾ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਪਹਿਲ ਹੋਣੀ ਚਾਹੀਦੀ ਹੈ। ਕੌਮ ਪ੍ਰਤੀ ਆਪਣੇ ਫਰਜਾਂ ਨੂੰ ਪਹਿਲ ਦੇ ਕੇ ਕੰਮ ਕਰਨ ਵਾਲੇ ਪ੍ਰਧਾਨ ਅਤੇ ਜਥੇਦਾਰ ਸਮੁੱਚੀ ਕੌਮ ਵਿੱਚ ਸਤਿਕਾਰ ਨਾਲ ਪਹਿਚਾਣੇ ਜਾਣਗੇ ਅਤੇ ਇਹਨਾਂ ਨੂੰ ਸਮੁੱਚੀ ਕੌਮ ਸਹਿਯੋਗ ਵੀ ਦੇਵੇਗੀ, ਇਸ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਤਖਤਾਂ ਦੇ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਸਾਰੀਆਂ ਜਾਗਰੂਕ ਧਿਰਾਂ ਨਾਲ ਰਾਬਤਾ ਬਣਾ ਕੇ ਉਹਨਾਂ ਨੂੰ ਨਾਲ ਲੈ ਕੇ ਚੱਲਣ ਨਾ ਕਿ ਕੌਮ ਦੀ ਕਿਰਤ ‘ਤੇ ਪਲ ਰਹੇ ਅਖੌਤੀ ਡੇਰੇਦਾਰਾਂ ਵੱਲੋਂ ਸਿਰਜੇ ਸੰਤ-ਸਮਾਜ ਦੀਆਂ ਜ਼ਰੂਰਤਾਂ ਦੀ ਪੂਰਤੀ ਹਿੱਤ ਕੰਮ ਕਰਨ। ਅੱਜ ਸਮੇਂ ਦੀ ਮੁੱਖ ਲੋੜ ਮਿਸ਼ਨਰੀ ਕਾਲਜਾਂ ਦੇ ਸਿਲੇਬਸ ਦੀ ਇਕਸਾਰਤਾ ਨਾਲੋਂ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਦਾ ਸਾਰੇ ਤਖਤਾਂ ਅਤੇ ਡੇਰਿਆਂ ਵਿੱਚ ਲਾਗੂ ਹੋਣਾ ਜ਼ਰੂਰੀ ਹੈ, ਇਸ ਲਈ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨੂੰ ਇਸ ਟੀਚੇ ਨੂੰ ਪੂਰਾ ਕਰਨ ਵੱਲ ਕਦਮ ਪੁੱਟਣੇ ਚਾਹੀਦੇ ਹਨ।




.