.

ਫਿਲਮੀ ਤਰਜਾਂ ਤੇ ਕੀਰਤਨ

ਗੁਰਮਤਿ ਦੇ ਧਾਰਨੀ ਸੱਜਣ ਫਿਲਮੀ ਤਰਜਾਂ ਤੇ ਕੀਰਤਨ ਕਰਨਾ ਗੁਰਮਤਿ ਦੀ ਵਿਚਾਰਧਾਰਾ ਦੇ ਵਿਰੁਧ ਸਮਝਦੇ ਹਨ। ਬਚਪਨ ਦੇ ਸਮੇ ਮੈ ਵੇਖਿਆ ਕਰਦਾ ਸਾਂ ਕਿ ਝੰਡੇ ਬੁੰਗੇ ਦੀ ਇਮਾਰਤ ਉਪਰ, ਸ੍ਰੀ ਦਰਬਾਰ ਸਾਹਿਬ ਜੀ ਦੇ ਪਾਸੇ ਵੱਲ ਇਕ ਸੂਚਨਾ ਬੋਰਡ ਲੱਗਿਆ ਹੋਇਆ ਹੁੰਦਾ ਸੀ। ਉਸ ਬੋਰਡ ਉਪਰ ਕੀਰਤਨ ਸਬੰਧ ਰਾਗੀ ਸਿੰਘਾਂ ਵਾਸਤੇ ਹਿਦਾਇਤਾਂ ਲਿਖੀਆਂ ਹੋਈਆਂ ਹੁੰਦੀਆਂ ਸਨ। ਉਹਨਾਂ ਹਿਦਾਇਤਾਂ ਵਿਚ ਇਕ ਇਹ ਵੀ ਸੀ ਕਿ ਫਿਲਮੀ ਟਿਊਨ ਅਤੇ ਗੀਤ ਉਪਰ ਕੀਰਤਨ ਨਹੀ ਕਰਨਾ। ਓਦੋਂ ‘ਟਿਊਨ’ ਸ਼ਬਦ ਦੀ ਸਮਝ ਨਾ ਹੋਣ ਕਰਕੇ, ਇਸ ਨੂੰ ‘ਟੀਨ’ ਨਾਲ਼ ਹੀ ਜੋੜ ਕੇ ਇਸ ਦੇ ਅਰਥ ਦਾ ਕੁਝ ਅਟਕਲਪੱਚੂ ਜਿਹਾ ਲਾਇਆ ਕਰਦਾ ਸਾਂ ਕਿ ਸ਼ਾਇਦ ਟੀਨ ਉਪਰ ਵਜਾ ਕੇ ਕੀਰਤਨ ਨਾ ਕਰਨ ਲਈ ਆਖਦੇ ਹੋਣ!
ਥੋਹੜਾ ਹੀ ਸਮਾ ਹੋਇਆ ਕਿ ਅੰਮ੍ਰਿਤਸਰ ਦੇ ਬੀ.ਬੀ.ਕੇ. ਬੀਬੀਆਂ ਦੇ ਕਾਲਜ ਵਿਚ, ਸ. ਜਸਦੇਵ ਸਿੰਘ ਜੱਸੋਵਾਲ ਦੇ ਜਨਮ ਦਿਨ ਤੇ ਉਹਨਾਂ ਦੇ ਸਨਮਾਨ ਹਿਤ, ਇਕ ਸਮਾਗਮ ਰਚਿਆ ਗਿਆ ਸੀ। ਓਥੇ ਇਕ ਬੁਲਾਰੇ ਨੇ ਸਾਹਿਤਕ ਰੰਗਣ ਵਾਲ਼ੇ ਲਹਿਜ਼ੇ ਵਿਚ ਇਕ ਗੱਲ ਬੜੀ ਵਧਾ ਕੇ ਕੀਤੀ ਕਿ ਅੱਜ ਸ੍ਰੀ ਦਰਬਾਰ ਸਾਹਿਬ ਜਾਈਏ ਤਾ ਪਤਾ ਨਹੀਂ ਲੱਗਦਾ ਕਿ ਓਥੇ ਗੁਰਸਿੱਖਾਂ ਦਾ ਪ੍ਰਬੰਧ ਹੈ ਜਾਂ ਕਿ ਸਮੇ ਦੇ ਸਰਕਾਰੀ ਜ਼ਾਲਮਾਂ ਦਾ! (ਉਸ ਵਿਦਵਾਨ ਸੱਜਣ ਨੇ ਧਾਰਮਿਕ ਸੂਝ ਤੋਂ ਖਾਲੀ ਹੋਣ ਕਰਕੇ ਜੋ ਅਪਮਾਨ ਜਨਕ ਸ਼ਬਦ ਵਰਤੇ ਸਨ ਉਹ ਮੈਂ ਏਥੇ ਦੁਹਰਾਉਣੇ ਯੋਗ ਨਹੀਂ ਸਮਝਦਾ) ਉਸ ਦਾ ਇਸ਼ਾਰਾ ਸੀ ਕਿ ਕਈ ਵਾਰ ਰਾਗੀ ਸਿੰਘ ਫਿਲਮੀ ਤਰਜਾਂ ਉਪਰ ਕੀਰਤਨ ਕਰਦੇ ਸੁਣਾਈ ਦਿੰਦੇ ਹਨ। ਵੈਸੇ ਕਦੀ ਕਦੀ ਮੈਨੂੰ ਵੀ ਅਜਿਹਾ ਭੁਲੇਖਾ ਪੈ ਜਾਂਦਾ ਹੈ ਜਿਵੇਂ ਕਿ ਰਾਗੀ ਸਿੰਘ ਕਿਸੇ ਫਿਲਮੀ ਤਰਜ ਉਪਰ ਕੀਰਤਨ ਕਰ ਰਹੇ ਹੋਣ ਅਤੇ ਅਜਿਹਾ ਉਸ ਸਮੇ ਵੀ ਹੁੰਦਾ ਹੈ ਜਦੋਂ ਕਿ ਟੀ.ਵੀ. ਉਪਰ ਲਾਈਵ ਕੀਰਤਨ ਸਾਰੀ ਦੁਨੀਆ ਉਪਰ ਸੁਣਾਈ ਤੇ ਵਿਖਾਈ ਦੇ ਰਿਹਾ ਹੁੰਦਾ ਹੈ।
ਇਕ ਦਿਨ ਹੋਰ ਵੀ ਕਦੇ ਨਾ ਸੁਣਾਈ ਦੇਣ ਵਾਲ਼ੇ ਸ਼ਬਦ ਦਾ ਕੀਰਤਨ ਵੀ ਅੰਦਰੋਂ ਸੁਣਾਈ ਦਿਤਾ। ਅੰਮ੍ਰਿਤਸਰ ਵਿਚਲੇ ਪੜਾ ਸਮੇ, ਸਦਾ ਦੀ ਤਰ੍ਹਾਂ ਇਕ ਦਿਨ ਸਵੇਰੇ ਜਦੋਂ ਗਲਿਆਰੇ ਵਿਚ ਨਿਤਨੇਮ ਪੂਰਾ ਕਰਨ ਉਪ੍ਰੰਤ ਮੈਂ ਪ੍ਰਕਰਮਾਂ ਦੇ ਅੰਦਰ ਦਾਖਲ ਹੋ ਕੇ ਜਦੋਂ ਕੜਾਹ ਪ੍ਰਸ਼ਾਦ ਵਾਲ਼ੇ ਸਥਾਨ ਤੱਕ ਪਹੁੰਚਿਆ ਤਾਂ ਅੰਦਰੋਂ ਆਸਾ ਦੀ ਵਾਰ ਦੇ ਕੀਰਤਨ ਦੌਰਾਨ ਸਵੇਰੇ ਸਵੇਰੇ, “ਤੂੰ ਹੀ ਨਿਸ਼ਾਨੀ ਜਗਤ ਕੀ ਆਜ ਤੂੰ ਹੀ ਤਦਬੀਰ॥” ਦੀ ਧੁਨੀ ਰਾਗੀ ਸਿੰਘਾਂ ਦੀ ਰਸਨਾ ਤੋਂ ਸੁਣਾਈ ਦਿਤੀ। ਸਵੇਰੇ ਸਵੇਰੇ ਆਸਾ ਦੀ ਵਾਰ ਦੇ ਕੀਰਤਨ ਦੌਰਾਨ ਇਹ ਪੰਗਤੀ ਕੁਝ ਵੱਖਰੀ ਜਿਹੀ ਲੱਗੀ। ਸ਼ਾਇਦ ਇਸ ਕਰਕੇ ਕਿ ਪਹਿਲਾਂ ਕਦੀ ਰਾਗੀ ਸਿੰਘਾਂ ਪਾਸੋਂ ਇਸ ਦਾ ਕੀਰਤਨ ਸੁਣਿਆ ਨਹੀਂ ਸੀ। ਸੋਚ ਵੀ ਆਈ ਕਿ ਅੰਮ੍ਰਿਤਵੇਲ਼ੇ ਸ੍ਰੀ ਆਸਾ ਦੀ ਵਾਰ ਦੇ ਕੀਰਤਨ ਵਿਚ ਇਸ ਦਾ ਉਚੇਚਾ ਉਚਾਰਨ ਕਰਨ ਦੀ ਕੀ ਜ਼ਰੂਰਤ ਸੀ! ਇਹ ਸ਼ਬਦ ਦਸਮ ਗ੍ਰੰਥ ਵਿਚੋਂ ਸਮਝਿਆ ਜਾਂਦਾ ਹੈ। ਇਸ ਗ੍ਰੰਥ ਦੀ ਜਿਲਦਬੰਦੀ ਦੇ ਸਮੇ ਤੋਂ ਹੀ ਪੰਥ ਵਿਚ ਇਸ ਵਿਚਲੀਆਂ ਬਾਣੀਆਂ ਬਾਰੇ ਮੱਤ ਭੇਦ ਚਲੇ ਆਉਂਦੇ ਹਨ। ਇਹਨੀਂ ਦਿਨੀਂ ਇੰਟਰਨੈਟ ਦੇ ਵਸੀਲੇ ਸਦਕਾ, ਇਸ ਬਾਰੇ ਬਾਹਵਾ ਹੀ ਵਾਦ ਵਿਵਾਦ ਚੱਲ ਰਿਹਾ ਹੈ। ਇਸ ਲਈ ਹੋ ਸਕਦਾ ਹੈ ਕਿ ਦਸਮ ਗ੍ਰੰਥ ਦੇ ਹਿਮਾਇਤੀ ਸੱਜਣਾਂ ਵੱਲੋਂ ਉਚੇਚੇ ਤੌਰ ਤੇ ਇਸ ਦੀਆਂ ਰਚਨਾਵਾਂ ਨੂੰ ਕੀਰਤਨ ਵਿਚ ਸ਼ਾਮਲ ਕਰਨ ਦਾ ਉਦਮ ਕੀਤਾ ਜਾ ਰਿਹਾ ਹੋਵੇ!
ਗੱਲ ਕਰ ਲਈਏ ਫਿਲਮੀ ਟਿਊਨਾਂ ਉਪਰ ਕੀਰਤਨ ਦੀ: ਮੈਂ ਇਸ ਗੱਲ ਦਾ ਮੁਕੰਮਲ ਤੌਰ ਤੇ ਵਿਰੋਧੀ ਨਹੀ। ਗੁਰੂ ਸਾਹਿਬਾਨ ਨੇ ਵੀ ਆਪਣੇ ਸਮੇ ਦੀਆਂ ਪ੍ਰਚੱਲਤ ਲੋਕ-ਸੰਗੀਤ ਦੀਆਂ ਧੁਨਾਂ ਉਪਰ ਬਾਣੀ ਰਚੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਸਾਨੂੰ ਵੱਖ ਵੱਖ ਬਾਣੀਆਂ ਦੇ ਆਰੰਭ ਵਿਚ ਦਿਤੇ ਸਿਰਲੇਖਾਂ ਤੋਂ ਪਤਾ ਲੱਗਦਾ ਹੈ ਕਿ ਇਹ ਬਾਣੀ ਜਾਂ ਸ਼ਬਦ ਕਿਸ ਲੋਕ ਗੀਤ ਦੀ ਧੁਨ ਉਪਰ ਗਾਉਣਾ ਹੈ! ਜਿਵੇਂ ਬਾਰਹ ਮਾਹ, ਸਤਵਾਰੇ, ਵਾਰ, ਬਾਵਨ ਅਖਰੀ, ਘੋੜੀਆਂ, ਅਲਾਹਣੀਆਂ, ਥਿਤਾਂ, ਛੰਤ, ਰਹੋਏ ਕੇ ਛੰਤ, ਜੁਮਲਾ, ਏਕ ਸੁਆਨ ਕੈ ਘਰਿ ਗਾਵਣਾ ਆਦਿ। ਫਿਰ ਬਾਈ ਵਾਰਾਂ ਵਿਚੋਂ ਨੌ ਵਾਰਾਂ ਨੂੰ ਉਸ ਸਮੇ ਤੋਂ ਪਹਿਲਾਂ ਹੋ ਚੱੁਕੇ ਸੂਰਮਿਆਂ ਦੀ ਬਹਾਦਰੀ ਬਾਰੇ ਵਾਰਾਂ, ਜੋ ਢਾਡੀ/ ਡੂਮ/ਮਰਾਸੀ ਆਦਿ ਗਵੱਈਏ ਗਾਇਆ ਕਰਦੇ ਸਨ, ਉਹਨਾਂ ਦੀਆਂ ਧੁਨਾਂ ਉਪਰ ਗਾਉਣ ਦੀ ਹਿਦਾਇਤ, ਖ਼ੁਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਰ ਗਏ ਹਨ। ਇਸ ਲਈ ਸਮੇ ਨਾਲ਼ ਪ੍ਰਚੱਲਤ ਪਾਪੂਲਰ ਸੰਗੀਤ ਦੀਆਂ ਧੁਨਾਂ ਉਪਰ ਕੀਰਤਨ ਕਰਨਾ, ਮੇਰੇ ਖਿਆਲ ਵਿਚ ਕੋਈ ਪਾਪ ਨਹੀਂ ਪਰ ਸਮੱਸਿਆ ਓਦੋਂ ਪੈਦਾ ਹੁੰਦੀ ਹੈ ਜਦੋਂ ਸਰੋਤਿਆਂ ਨੂੰ ਸ਼ਬਦ ਦੀ ਸਮਝ ਆਉਣ ਦੀ ਥਾਂ, ਉਸ ਗੀਤ ਨੂੰ ਗਾਏ ਜਾਣ ਸਮੇ ਸਿਨਮੇ ਦੇ ਪਰਦੇ ਉਪਰ ਹੀਰੋਇਨ ਲੱਕ ਮਚਕੋੜਦੀ ਹੋਈ ਗਾਉਂਦੀ, ਸਰੋਤੇ ਦੀ ਸੋਚ ਵਿਚ ਉਭਰ ਆਉਂਦੀ ਹੈ। ਅਜਿਹੇ ਸਮੇ ਸ਼ਬਦ ਅਤੇ ਉਸ ਦੇ ਅਰਥ ਤਾਂ ਪਤਾ ਨਹੀਂ ਕਿਥੇ ਰਹਿ ਜਾਂਦੇ ਹਨ!
ਮੈ ਆਪਣੀ ਗੱਲ ਦੱਸਦਾ ਹਾਂ। ਭਾਵੇਂ ਕਿ ਮੈ ਹੁਣ ਜਵਾਨ ਨਹੀ ਹਾਂ ਪਰ ਫਿਰ ਵੀ ਇਕ ਸਮੇ ਦਾ ਵਾਕਿਆ ਹੈ। ਵੈਸਾਖੀ ਤੇ ਅੰਮ੍ਰਿਤਸਰ ਵਿਚ ਭਾਈਆ ਜੀ ਕੁਝ ਸਮੇ ਲਈ ਘਰ ਨਾ ਆਏ ਤੇ ਸਾਡੀ ਭੈਣ ਨੂੰ ਫਿਕਰ ਹੋਇਆ ਕਿ ਏਨਾ ਚਿਰ ਘਰੋਂ ਬਾਹਰ ਰਹਿ ਸਕਣ ਦੀ ਭਾਈਆ ਜੀ ਦੀ ਸੇਹਤ ਉਹਨਾਂ ਨੂੰ ਆਗਿਆ ਨਹੀਂ ਦਿੰਦੀ। ਉਹਨਾਂ ਨਾਲ਼ ਕਿਤੇ ਮਾੜੀ ਘਟਨਾ ਨਾ ਵਾਪਰ ਗਈ ਹੋਵੇ! ਮੈ ਉਹਨਾਂ ਨੂੰ, ਘਰ ਦੇ ਨੇੜੇ ਵਾਲ਼ੇ ਗੁਰਦੁਆਰਾ ਸਾਹਿਬ ਵਿਚ ਸਜ ਰਹੇ, ਧਾਰਮਿਕ ਦੀਵਾਨ ਵਿਚੋਂ ਲਭਣ ਲਈ ਗਿਆ ਕਿ ਸ਼ਾਇਦ ਉਹ ਓਥੇ ਕੀਰਤਨ ਸੁਣ ਰਹੇ ਹੋਣ! ਉਸ ਦੀਵਾਨ ਵਿਚ ਗੁਰਮੁਖ ਪਹਿਰਾਵੇ ਵਿਚ ਸਜੀਆਂ ਨੌਜਵਾਨ ਬੱਚੀਆਂ ਕੀਰਤਨ ਕਰ ਰਹੀਆਂ ਸਨ ਤੇ ਸ਼ਬਦ ਤਰਜ ਕੇਹੜੀ ਉਪਰ ਗਾਇਆ ਜਾ ਰਿਹਾ ਸੀ, ਇਹ ਤਾਂ ਮੈਨੂੰ ਹੁਣ ਤੱਕ ਵੀ ਯਾਦ ਹੈ ਪਰ ਉਸ ਟਿਊਨ ਉਪਰ ਸ਼ਬਦ ਕੇਹੜਾ ਸੀ, ਕਦੋਂ ਦਾ ਭੁੱਲ ਚੁੱਕਿਆ ਹੈ। ਗਾਣਾ ਵੀ ਉਹ ਸੀ ਜਿਸ ਨੂੰ ਪਤਾ ਲੱਗਾ ਸੀ ਕਿ ਸੈਂਸਰ ਬੋਰਡ ਨੇ ਅਸ਼ਲੀਲ ਸਮਝ ਕੇ ਫਿਲਮ ਵਿਚੋਂ ਕਟਵਾ ਦਿਤਾ ਹੋਇਆ ਸੀ:
ਚੁਨਰੀ ਕੇ ਨੀਚੇ ਕਿਆ ਹੈ, ਚੁਨਰੀ ਕੇ ਨੀਚੇ।
ਚੋਲੀ ਕੇ ਪੀਛੇ ਕਿਆ ਹੈ, ਚੋਲੀ ਕੇ ਪੀਛੇ।
ਇਸ ਕਰਕੇ ਪ੍ਰਚੱਲਤ ਫਿਲਮੀ ਗਾਣਿਆਂ ਦੀਆਂ ਧੁਨਾਂ ਉਪਰ ਕੀਰਤਨ ਕਰਨਾ ਅਮਲੀ ਤੌਰ ਤੇ ਵਾਜਬ ਨਹੀ। ਹਾਂ ਜੇਕਰ ਕੋਈ ਏਨੀ ਪੁਰਾਣੀ ਕਿਤੇ ਸ਼ਾਸਤਰੀ ਰਾਗ ਦੀ ਧੁਨ ਹੋਵੇ, ਤੇ ਉਸ ਉਪਰ ਢੁਕਵਾਂ ਸ਼ਬਦ ਗਾਇਆ ਜਾ ਸਕੇ, ਜਿਸ ਗਾਣੇ ਦੀ ਸਰੋਤਿਆਂ ਨੂੰ ਸਮਝ ਨਾ ਹੋਵੇ ਤਾਂ ਕੋਈ ਪਾਪ ਵਾਲ਼ੀ ਗੱਲ ਨਹੀ।
ਪੰਜਾਹਵਿਆਂ ਵਾਲ਼ੇ ਦਹਾਕੇ ਦੌਰਾਨ ਬੰਬਈਆ ਫਿਲਮ ‘ਨਾਗਨ’ ਬੜੀ ਪ੍ਰਸਿਧ ਹੋਈ ਸੀ। ਇਸ ਦੇ ਗਾਣਿਆਂ ਦੀਆਂ ਜਿੰਨੀਆਂ ਧੁੰਮਾਂ ਪਈਆਂ ਸਨ ਉਸ ਦੇ ਬਰਾਬਰ ਅਜੇ ਤੱਕ ਕੋਈ ਹੋਰ ਫਿਲਮੀ ਗਾਣਾ ਨਹੀਂ ਅੱਪੜ ਸਕਿਆ। ਇਹ ਫਿਲਮ ਉਸ ਸਮੇ ਤਾਂ ਮੈਂ ਨਹੀ ਸੀ ਵੇਖ ਸਕਿਆ ਪਰ ਪੰਜਾਬ ਭਰ ਵਿਚ ਥਾਂ ਥਾਂ ਤੇ ਇਸ ਦੇ ਗਾਣਿਆਂ ਦੇ ਹੀ ਰਿਕਾਰਡ ਸੁਣਾਈ ਦਿਆ ਕਰਦੇ ਸਨ। ਇਸ ਦਾ ਇਕ ਗਾਣਾ, “ਮਨ ਡੋਲੇ ਮੇਰਾ ਤਨ ਡੋਲੇ ਮੇਰੇ ਦਿਲ ਕਾ ਗਿਆ ਕਰਾਰ ਰੇ ਕੌਨ ਬਜਾਵੇ ਬੰਸਰੀਆ।” ਤੇ ਇਸ ਦੇ ਨਾਲ਼ ਹੀ ਸੱਪ ਕੱਢਣ ਵਾਲ਼ਿਆਂ ਦੀ ਬੀਨ ਦੀ ਧੁਨ ਤਾਂ ਬੱਚੇ ਤੋਂ ਲੈ ਕੇੇ ਬੁਢੇ ਤੱਕ ਦੇ ਦਿਲ ਦਾ ਕਰਾਰ ਵੀ ਖੋ ਦਿੰਦੀ ਹੁੰਦੀ ਸੀ। ਫਿਰ ਇਸ ਦੀ ਕੰਪੋਸਿੰਗ ਏਨੀ ਸਾਦੀ ਸੀ ਕਿ ਹਰ ਕੋਈ ਇਸ ਨੂੰ ਗੁਣਗੁਣਾ ਸਕਦਾ ਸੀ ਤੇ ਗੁਰਬਾਣੀ ਦਾ ਹਰੇਕ ਹੀ ਸ਼ਬਦ ਇਸ ਉਪਰ ਫਿੱਟ ਕਰ ਕੇ ਗਾਇਆ ਜਾ ਸਕਦਾ ਸੀ। ੨੦੧੧ ਦੇ ਨਵੰਬਰ ਮਹੀਨੇ ਵਿਚ ਹੀ ਪਰਥ ਸ਼ਹਿਰ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਬਹੁਤ ਸਾਰੀਆਂ ਸ਼ਬਦਾਂ ਦੀਆਂ ਸੀ.ਡੀਆਂ ਵਿਚੋਂ ਇਕ ਸੀ.ਡੀ. ਸੁਣਾਈ ਦਿਤੀ। ਬੜਾ ਸਮਾ ਸੋਚਣ ਪਿੱਛੋਂ ਇਹ ਤਾਂ ਪਤਾ ਲੱਗ ਗਿਆ ਕਿ ਇਹ ਸ਼ਬਦ ਵੀ ਸੁਰੀਲੇ ਗਾਇਕ ਨੇ ਓਸੇ ਫਿਲਮ ਦੇ ਇਕ ਹੋਰ ਗਾਣੇ, “ਭੀਗਾ ਭੀਗਾ ਹੈ ਸਮਾ, ਐਸੇ ਮੇ ਹੈਂ ਤੂੰ ਕਹਾਂ, ਮੇਰਾ ਦਿਲ ਯੇ ਪੁਕਾਰੇ ਆ ਜਾ।” ਦੀ ਤਰਜ ਉਪਰ ਹੀ ਗਾਇਆ ਹੈ।
ਇਸ ਤੋਂ ਸੱਠਵਿਆਂ ਦਾ ਸਮਾ ਚੇਤੇ ਆ ਗਿਆ। ਮੈ ਪਟਿਆਲਾ ਵਿਖੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਰਾਗੀ ਦੀ ਸੇਵਾ ਕਰਦਾ ਸਾਂ। ਓਸੇ ਸਮੇ ਓਥੇ ਹੀ ਇਕ ਹੋਰ ਰਾਗੀ ਸਿੰਘ ਵੀ, ਭਾਈ ਸੰਤੋਖ ਸਿੰਘ ਸੰਧੂ ਨਾਮੀ ਵੀ ਸਨ। ਉਹ ਆਪਣੇ ਸਮੇ ਦੇ ਪਹਿਲੇ ਰਾਗੀ ਸਿੰਘ ਸਨ ਜੋ ਆਪਣੇ ਨਾਂ ਨਾਲ਼ ਆਪਣੀ ਗੋਤ ਦਾ ਨਾਂ ਵਰਤਣਾ ਫਖ਼ਰ ਸਮਝਦੇ ਸਨ। ਜ਼ਿਲ੍ਹਾ ਅੰਮ੍ਰਿਤਸਰ ਵਿਚਲਾ ਭਕਨਾ ਉਹਨਾਂ ਦਾ ਪਿੰਡ ਸੀ। ਉਹਨਾਂ ਦਾ ਕੱਦ ਮਧਰਾ ਤੇ ਸਰੀਰ ਕੁਝ ਭਾਰਾ ਸੀ ਪਰ ਬੜੇ ਬਣ ਸਵਰ ਕੇ ਰਿਹਾ ਕਰਦੇ ਸਨ ਤੇ ਸਰੀਰ ਵੀ ਉਹਨਾਂ ਦਾ ਐਕਟਿਵ ਸੀ। ਸ਼ਾਇਦ ਮੇਰੀ ਜਾਣਕਾਰੀ ਵਿਚ ਉਸ ਸਮੇ ਉਹ ਹੀ ਅਹਿਜੇ ਰਾਗੀ ਸਿੰਘ ਸਨ ਜੋ ਲਾਇਸੈਂਸੀ ਬੰਦੂਕ ਵੀ ਰੱਖਦੇ ਸਨ। ਉਹਨਾਂ ਨੇ ਘੱਗੀ ਜਿਹੀ ਆਵਾਜ਼ ਵਿਚ ਨੀਵੀਂਆਂ ਜਿਹੀਆਂ ਸੁਰਾਂ ਉਪਰ ਅਜਿਹਾ ਖਿੱਚ ਪਾਊ ਕੀਰਤਨ ਕਰਨਾ ਕਿ ਸੰਗਤਾਂ ਨੇ ਬਾਕੀ ਦੂਸਰੇ ਰਾਗੀ ਸਿੰਘਾਂ ਨਾਲ਼ੋਂ ਉਹਨਾਂ ਦੇ ਕੀਰਤਨ ਦਾ ਵਧ ਆਨੰਦ ਮਾਨਣਾ। ਬਾਅਦ ਵਿਚ ਉਹਨਾਂ ਦੇ ਸਾਥੀਆਂ ਤੋਂ ਪਤਾ ਲੱਗਾ ਕਿ ਉਹ ਰਾਤ ਸਮੇ ਰੇਡੀਉ ਤੋਂ ਦੂਜੇ ਸੂਬਿਆਂ ਦੀਆਂ ਬੋਲੀਆਂ ਦੀਆਂ ਫਿਲਮਾਂ ਦੇ ਗਾਣੇ ਸੁਣ ਕੇ, ਉਹਨਾਂ ਦੀਆਂ ਧੁਨਾਂ ਉਪਰ ਸ਼ਬਦ ਫਿੱਟ ਕਰਕੇ, ਗਾਇਆ ਕਰਦੇ ਸਨ। ਬੰਗਾਲੀ, ਮਰਾਠੀ, ਗੁਜਰਾਤੀ, ਉੜੀਆ ਆਦਿ ਫਿਲਮਾਂ ਦੀਆਂ ਧੁਨਾਂ ਦਾ ਉਹ ਸੁਚੱਜਾ ਪ੍ਰਯੋਗ ਅਜਿਹੇ ਕਲਾਤਮਿਕ ਢੰਗ ਨਾਲ਼ ਕਰਿਆ ਕਰਦੇ ਸਨ ਕਿ ਸਰੋਤਿਆਂ ਨੂੰ ਕਦੀ ਸ਼ੰਕਾ ਹੀ ਨਹੀਂ ਸੀ ਹੁੰਦੀ ਕਿ ਉਹ ਫਿਲਮੀ ਧੁਨਾਂ ਦਾ ਪ੍ਰਯੋਗ ਕਰਦੇ ਹਨ। ਉਹ ਧੁਨਾਂ ਵੀ ਤਾਂ ਸੰਗੀਤ ਦੇ ਮਾਹਰ ਪ੍ਰੋਫ਼ੈਸ਼ਨਲ ਸੰਗੀਤਕਾਰਾਂ ਦੀਆਂ ਕੰਪੋਜ਼ ਕੀਤੀਆਂ ਹੁੰਦੀਆਂ ਹਨ। ਉਹਨਾਂ ਦਾ ਸੁਚੱਜਾ ਪ੍ਰਯੋਗ ਕਰਨ ਵਿਚ ਮੈਨੂੰ ਕੋਈ ਹਰਜ ਵੀ ਨਹੀਂ ਜਾਪਦਾ। ਫਿਰ ਸਭ ਤੋਂ ਵੱਧ ਚੰਗੀ ਗੱਲ ਇਹ ਕਿ ਪੰਜਾਬੀਆਂ ਨੇ ਨਾ ਉਹ ਫਿਲਮਾਂ ਵੇਖੀਆਂ ਹੁੰਦੀਆਂ ਸਨ, ਨਾ ਹੀ ਉਹ ਗਾਣੇ ਸੁਣੇ ਤੇ ਨਾ ਹੀ ਅਭਿਨੇਤਰੀਆਂ ਦੇ ਵਾਸ਼ਨਾ ਉਕਸਾਊ ਸੀਨ ਵੇਖੇ ਹੁੰਦੇ ਸਨ। ਇਸ ਕਰਕੇ ਸਰੋਤਿਆਂ ਦੀ ਸੁਰਤ ਓਧਰ ਨਹੀ ਸੀ ਜਾਂਦੀ ਤੇ ਉਹ ਸ਼ਬਦ ਦਾ ਆਨੰਦ ਮਾਣਦੇ ਸਨ।
ਇਹ ਵੀ ਉਹਨਾਂ ਦੇ ਪ੍ਰਸੰਸਕਾਂ ਪਾਸੋਂ ਸੁਣਿਆ ਹੈ ਕਿ ਸੰਤ ਬਾਬਾ ਅਤਰ ਸਿੰਘ ਜੀ ਆਪਣੇ ਸਮੇ ਮਾਲਵੇ ਦੀਆਂ ਲੋਕ ਧੁਨਾਂ ਉਪਰ ਸੰਗਤਾਂ ਨੂੰ ਬਾਣੀ ਸੁਣਾਇਆ ਕਰਦੇ ਸਨ ਜਿਨ੍ਹਾਂ ਨੂੰ ਧਾਰਨਾਂ ਵਾਲ਼ਾ ਕੀਰਤਨ ਆਖਿਆ ਜਾਂਦਾ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਧਾਰਨਾਵਾਂ ਨੂੰ ਕੱਚੀ ਬਾਣੀ ਆਖ ਕੇ ਅਜਿਹੇ ਕੀਰਤਨ ਦੀ ਮਨਾਹੀ ਕੀਤੀ ਗਈ ਹੋਈ ਹੈ ਪਰ ਸੰਤ ਮੱਤ ਦੇ ਕਈ ਸੁਘੜ ਕੀਰਤਨੀਏ ਧਾਰਨਾਂ ਉਪਰ ਕੀਰਤਨ ਕਰਦੇ ਹਨ ਤੇ ਸੰਗਤ ਸੁਣ ਕੇ ਆਨੰਦ ਮਾਣਦੀ ਹੈ।
ਸਾਡੇ ਵੇਲ਼ੇ ਤਾਂ ਬਹੁਤ ਕਰਕੇ ਰਾਗੀ ਸਿੰਘ ਅਨਪੜ੍ਹ ਜਾਂ ਅੱਧਪੜ੍ਹ ਜਿਹੇ ਹੁੰਦੇ ਸਨ ਜੋ ਕਿ ਰਾਗ, ਤਾਲ ਆਦਿ ਵਿਚ ਤਾਂ ਅੱਜ ਨਾਲ਼ੋਂ ਕਿਤੇ ਵਧ ਪ੍ਰਬੀਨ ਹੁੰਦੇ ਸਨ ਪਰ ਅਜੋਕੀ ਸਕੂਲੀ ਵਿਦਿਆ ਤੋਂ ਅਧੂਰੇ ਹੀ ਹੁੰਦੇ ਸਨ। ਇਸ ਤੋਂ ਇਲਾਵਾ ਸੱਬਰਕੱਤੀ ਗਿਣਤੀ ਵਿਚ ਰਾਗੀ ਸਿੰਘ ਅੱਖਾਂ ਤੋਂ ਅਧੂਰੇ ਹੁੰਦੇ ਸਨ। ਸਿੱਖ ਸੂਰਮੇ ਦਾ ਰਾਗੀ ਹੋਣ ਬਾਰੇ ਲੋਕਾਂ ਵਿਚ ਏਨਾ ਯਕੀਨ ਹੁੰਦਾ ਸੀ ਕਿ ਮਾਲਵੇ ਵਿਚ ਕਈ ਵਾਰ ਸੂਰਮੇ ਸਿੰਘ ਨੂੰ, ਭਾਵੇਂ ਉਹ ਰਾਗੀ ਨਾ ਵੀ ਹੋਵੇ, ‘ਰਾਗਾ ਸਿੰਘ’ ਕਰਕੇ ਸੰਬੋਧਨ ਕਰ ਲਿਆ ਜਾਂਦਾ ਸੀ। ਇਹਨੀਂ ਦਿਨੀਂ ਤਾਂ ਯੂਨੀਵਰਸਿਟੀ ਤੱਕ ਪੜ੍ਹੇ ਲਿਖੇ ਨੌਜਵਾਨ, ਕਈ ਡਾਕਟ੍ਰੇਟ ਤੱਕ ਦੀਆਂ ਡਿਗਰੀਆਂ ਵਾਲ਼ੇ ਵੀ ਰਾਗੀ ਸਿੰਘ ਹਨ। ਪਿਛਲੀ ਅੱਧੀ ਕੁ ਸਦੀ ਤੋਂ ਗੁਰਮਤਿ ਸੰਗੀਤ ਦੀ ਹਰੇਕ ਪੱਖੋਂ ਬਹੁਤ ਤਰੱਕੀ ਵੀ ਹੋਈ ਹੈ। ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਸੰਗੀਤ ਵਿਭਾਗ ਵੀ ਖੁਲ੍ਹ ਗਏ ਹਨ ਅਤੇ ਕਈ ਥਾਂਈਂ ਨਾਲ਼ ਨਾਲ਼ ਗੁਰਮਤਿ ਸੰਗੀਤ ਵਿਭਾਗ ਵੀ ਜਾਰੀ ਹਨ ਜਿਥੇ ਗੁਰਬਾਣੀ ਆਧਾਰਤ ਸੰਗੀਤ ਦੀ ਵਿੱਦਿਆ ਪ੍ਰਸਾਰੀ ਜਾ ਰਹੀ ਹੈ। ਮੌਜੂਦਾ ਸਮੇ ਕਈ ਸਫ਼ਲ ਕੀਰਤਨੀਏ ਸਿੰਘ ਇਸ ਤਰੀਕੇ ਨਾਲ਼ ਸ਼ਬਦ ਦੀਆਂ ਧੁਨਾਂ ਕੰਪੋਜ਼ ਕਰਦੇ ਹਨ ਕਿ ਉਹ ਫਿਲਮੀ ਗਾਣਿਆਂ ਦੀਆਂ ਧੁਨਾਂ ਦਾ ਮੁਕਾਬਲਾ ਕਰਦੀਆਂ ਹਨ। ਇਸ ਕਰਕੇ ਗੁਰਮਤਿ ਸੰਗੀਤ ਸੰਸਾਰ, ਹੁਣ ਅਨਪੜ੍ਹਾਂ, ਅੱਧਪੜ੍ਹਾਂ ਜਾਂ ਸੂਰਮੇ ਸਿੰਘਾਂ ਦਾ ਹੀ ਖੇਤਰ ਨਾ ਰਹਿ ਕੇ ਇਕ ਵਿਸ਼ਾਲ ਸੰਸਾਰ ਦੇ ਰੂਪ ਵਿਚ ਸਿਰਜਿਆ ਜਾ ਚੁੱਕਾ ਹੈ।
ਸੰਤੋਖ ਸਿੰਘ




.