| . |
|
‘ਚੇਲਾ’
ਹਰਦੇਵ ਸਿੰਘ, ਜੰਮੂ
ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
(ਸਿਧ ਗੋਸ਼ਟਿ, ਪੰਨਾ 943, ਸ਼ਬਦ ਗੁਰੂ
ਗ੍ਰੰਥ ਸਾਹਿਬ ਜੀ)
ਸਿਧ ਗੋਸ਼ਟਿ ਦਾ ਉਪਰੋਕਤ ਹਵਾਲਾ ਬੜਾ ਮਹੱਤਵਪੁਰਣ ਹੋਣ ਕਰਕੇ
‘ਸ਼ਬਦ ਗੁਰੂ’
ਬਾਰੇ ਚਰਚਾਵਾਂ ਦੇ ਕੇਂਦਰ ਬਿੰਦੂ ਦੇ ਰੂਪ ਵਿੱਚ ਚਰਚਿਤ
ਰਹਿੰਦਾ ਹੈ। ਆਖ਼ਰ ਇਹ ਕੋਈ ਮਾਮੂਲੀ ਹਵਾਲਾ ਨਹੀਂ। ਇਹ ਸ਼ਬਦ ਇੱਕ ਦਾਰਸ਼ਨਕ ਗੋਸ਼ਟਿ ਵਿੱਚ ੳੱਠੇ ਇੱਕ
‘ਅਹਿਮ ਸਵਾਲ’ ਤੇ ਗੁਰੂ ਨਾਨਕ ਜੀ ਦੇ ਉੱਤਰ ਦਾ ਪ੍ਰਗਟਾਵਾ ਹਨ।
‘ਸ਼ਬਦ ਗ ੁਰੂ’ ਬਾਰੇ ਵਰਤੇ ਜਾਣ ਵਾਲੇ ਇਸ
ਹਵਾਲੇ ਵਿੱਚ ਛੁੱਪੇ ਹਏ
`ਚੇਲਾ’ ਪੱਖ ਦੀ ਵਿਚਾਰ ਵੱਲ ਵਿਸ਼ੇਸ਼ ਧਿਆਨ ਨਹੀਂ
ਦਿੱਤਾ ਜਾਂਦਾ। ਗੁਰੂ ਕੋਂਣ
ਹੈ? ਇਹ ਸਵਾਲ ਤਾਂ ਚਰਚਾ ਦਾ ਵਿਸ਼ਾ ਰਹਿੰਦਾ ਹੀ
ਹੈ ਜਿਸ ਵਿੱਚ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਸਦੀਵੀਂ ਗੁਰੁਤਾ ਨਿਰਵਿਵਾਦ ਰੂਪ ਵਿੱਚ ਸਥਾਪਤ
ਹੁੰਦੀ ਹੈ। ਪਰ ਇਸਦੇ ਨਾਲ ਹੀ ਇਸ ਗੱਲ ਨੂੰ ਵੀ ਸਮਝਣਾ ਜ਼ਰੂਰੀ ਹੈ ਕਿ
`ਚੇਲਾ’ ਕੋਣ ਹੈ?
ਜੇਕਰ ਸਰੀਰ ਗੁਰੂ ਨਹੀਂ ਹੋ ਸਕਦਾ ਤਾਂ ਕੀ ਸਰੀਰ ਚੇਲਾ ਹੋ ਸਕਦਾ ਹੈ?
ਇਹ ਸਵਾਲ ਮਹੱਤਵਪੁਰਣ ਹੈ ਜਿਸ ਨੂੰ ‘ਸਬਦੁ ਗੁਰੂ ਸੁਰਤਿ
ਧੁਨਿ ਚੇਲਾ’ ਦੇ ਸੰਧਰਭ ਵਿੱਚ ਹੀ ਵਿਚਾਰਨਾ ਪਵੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ‘ਸ਼ਬਦ ਗੁਰੂ’ ਹੈ
ਪਰ ਨਾਲ ਹੀ ਗੁਰੂ ਨਾਨਕ ਨੇ ਸਰੀਰ ਨੂੰ ਨਹੀਂ ਬਲਕਿ ‘ਸੁਰਤ’ ਨੂੰ ਚੇਲਾ ਕਿਹਾ ਹੈ। ਗੁਰੂ ਨਾਨਕ ਨੂੰ
ਗੁਰੂ ਨਾ ਕਹਿਣ ਲਈ ਇਸ ਪੰਕਤੀ ਨੂੰ ਵਰਤਣ ਵਾਲੇ ਸੱਜਣ ਇਸ ਪੰਕਤੀ ਮੁਤਾਬਕ ‘ਸਿੱਖ’ ਕਿਸ ਨੂੰ ਕਹਿਣ
ਗੇ? ਜੇ ਕਰ ਗੁਰੂ ਨਾਨਕ ਸਰੀਰ ਕਾਰਨ ਗੁਰੂ ਨਾ ਸਵੀਕਾਰਿਆ ਜਾਏ ਤਾਂ ਚੇਲਾ ਵੀ ਸਰੀਰ ਕਰਕੇ ਚੇਲਾ
ਸਵੀਕਾਰ ਨਹੀਂ ਹੁੰਦਾ।
ਜੇਕਰ ‘ਸਬੁਦ ਗੁਰੂ ਸੁਰਤਿ
ਧੁਨਿ ਚੇਲਾ’ ਦੇ ਅਰਥਾਂ ਅਨੁਸਾਰ ਹਰ ਸੰਧਰਭ ਵਿੱਚ
ਭਾਵ ਇਹ ਕੱਡ ਲਿਆ ਜਾਏ ਕਿ ਗੁਰੂ ਗੁਰੂ ਨਹੀਂ ਸਨ ਤਾਂ ਇਹ ਵੀ ਸਵੀਕਾਰ ਕਰਨਾ ਪਵੇਗਾ ਕਿ ਸਰੀਰ ਚੇਲੇ
ਵੀ ਨਹੀਂ ਹਨ। ਜੇ ਕਰ ਸਰੀਰ ਚੇਲਾ ਨਹੀਂ ਹੁੰਦਾ ਤਾਂ ਚੇਲਾ ਕੋਂਣ ਹੈ? ਸਿੱਖ ਕੋਂਣ ਹਨ? ਇਸ ਹਿਸਾਬ
ਨਾਲ ਤਾਂ ਨਾ ਸਰੀਰ ਗੁਰੂ ਹੈ ਨਾ ਸਰੀਰ ਚੇਲਾ। ਕਾਵਿਯ ਰੂਪ ਅਭਵਿਯਤਕਤੀਆਂ (ਐਕਸਪ੍ਰੇਸ਼ਨਸ) ਨੂੰ
ਜੇਕਰ ਰੂੜੀਵਾਦਤਾ ਦੇ ਕਠੋਰ ਅਰਥਾਂ ਵਿੱਚ ਬੰਨ ਲਿਆ ਜਾਏ ਤਾਂ ਸੱਮਸਿਆਵਾਂ ਵੀ ਖੜੀਆਂ ਹੁੰਦੀਆਂ ਹਨ।
ਫ਼ਿਰ ਤਾਂ ਸਰੀਰ ਸਿੱਖ ਵੀ ਸਾਬਤ ਨਹੀਂ ਹੁੰਦਾ।
ਸ਼ਬਦਾ ਦੇ ਭਾਵ ਅਰਥ ਨੂੰ ਜੇਕਰ ਨਾ ਸਮਝਿਆ ਜਾਵੇ ਤਾਂ ਗੁਰੂ ਨਾਨਕ ਨੇ ਆਪਣੇ ਆਪ ਨੂੰ ਚੇਲਾ ਕਿਹਾ
ਹੈ ਨਾ ਕਿ ‘ਪਾਤਿਸ਼ਾਹ’
ਜਾਂ
‘ਬਾਬਾ’।
ਪਰ ਜੇ ਕਰ ਭਾਵ ਅਰਥ ਦੀ ਡੁੰਗੀ ਪੜਚੋਲ ਕਰੀਏ ਤਾਂ ਗੁਰੂ
ਨਾਨਕ ਨੇ ਸਰੀਰ ਨੂੰ ਨਹੀਂ ਬਲਕਿ ਸੁਰਤ ਨੂੰ ਚੇਲਾ ਕਿਹਾ ਹੈ। ਵਾਸਤਵ ਵਿੱਚ
ਸਰੀਰ ਗੁਰੂ ਨਹੀਂ ਹੁੰਦਾ ਸ਼ਖ਼ਸੀਅਤ
ਗੁਰੂ ਹੁੰਦੀ ਹੈ ਜਿਸ ਵਿੱਚ ‘ਕੁਲ ਵਿਚਾਰ’ ਅਤੇ ‘ਕੁਲ ਵਿਵਹਾਰ’ ਦਾ ਸੁਮੇਲ ਹੁੰਦਾ ਹੈ।
ਠੀਕ ਇਸੇ ਤਰ੍ਹਾਂ ਸਰੀਰ ਚੇਲਾ ਨਹੀਂ
ਹੁੰਦਾ ਸ਼ਖ਼ਸੀਅਤ ਚੇਲਾ ਹੁੰਦੀ ਹੈ ਜਿਸ ਵਿੱਚ ਵਿਚਾਰ ਅਤੇ ਵਿਵਹਾਰ (ਸੁਰਤ ਅਤੇ ਸੀਰਤ) ਦਾਸੁਮੇਲ
ਹੁੰਦਾ ਹੈ। ਸ਼ਬਦ ਗੁਰੂ, ਪਰਮਾਤਮਾ ਰਾਹੀਂ ਬਖ਼ਸੀ
ਹੋਈ ਗੁਰੂ ਨਾਨਕ ਦੀ ਸੁਰਤ ਵਿੱਚ ਉਤਰੇ ‘ਰੱਬੀ ਵਿਚਾਰ’ ਸਨ ਜਿਨ੍ਹਾਂ ਦਾ ਪਾਲਨ ਵੀ ਗੁਰੂ ਨਾਨਕ ਦੀ
ਸੁਰਤ ਨੇ ਹੀ ਕੀਤਾ ਸੀ। ਗੁਰੂ ਨਾਨਕ ਜੀ ਅਪਣੇ ਰੱਬੀ ਵਿਚਾਰਾਂ ਦੇ ਹੀ ਚੇਲੇ ਸਨ ਅਤੇ ਸਿੱਖਾਂ ਦੇ
ਪਹਿਲੇ ਗੁਰੂ।
ਪਰਮਾਤਮਾ ਨਾਲ ਸਾਂਝ ਕਿਸੇ ਅਧਿਆਤਮਕਜ਼ਿਹਨ ਦੀ ਤਲਬ ਹੋ ਸਕਦੀ ਹੈ ਪਰ ਜਿੱਥੋਂ ਤਕ ਸਿੱਖ ਦਾ ਸਬੰਧ
ਹੈ ਤਾਂ ਉਸਨੂੰ ਅਪਣੀ ਇਸ ਤਲਬ ਤੇ ਤੁਰਨ ਲਈ ਗੁਰੂ ਨਾਨਕ ਨਾਲ ਸਾਂਝ ਪਾਉਂਣੀ ਪਵੇਗੀ। ਇੱਕ ਨਾਸਤਕ
ਵੀਰ ਨੇ ਜਿਸ ਵੇਲੇ ਮੈਂਨੂੰ ਇਹ ਸਵਾਲ ਕੀਤਾ ਕਿ ਤੁਸੀ ਕਦੇ ਪਰਮਾਤਮਾ ਨੂੰ ਵੇਖਿਆ ਹੈ? ਜੇ ਨਹੀਂ
ਤਾਂ ਉਸ ਤਕ ਕਿਵੇਂ ਪਹੁੰਚੋ ਗੇ? ਤਾਂ ਦਾਸ ਦਾ ਜਵਾਬ ਸੀ; ਵੀਰ ਜੀ ਮੇਰੀ ਤਲਬ ਤਾਂ ਗੁਰੂ ਨਾਨਕ ਤਕ
ਹੈ। ਉਸ ਜਗਤ ਗੁਰੂ ਤਕ ਪਹੁੰਚ ਸਕੀਏ ਤਾਂ ਜਿੱਥੇ ਉਹ ਲੇ ਜਾਏ ਉਹੀ ਮੰਜਿਲ ਹੈ। ਬਾਕੀ ਇਹ ਮੇਰਾ
ਸਾਮਰਥ ਹੈ ਕਿ ਮੰਜ਼ਿਲ ਤੋਂ ਕਿਤਨਾ ਕੁ ਨੇੜੇ ਅਤੇ ਕਿਤਨਾ ਕੁ ਦੂਰ ਕਿਸੇ ਪੜਾਅ ਤਕ ਪਹੁੰਚ ਪਾਵਾਂਗਾ।
ਜੋ ਗੁਰੂ ਨਾਨਕ ਨੂੰ ਨਹੀਂ ਸਮਝਿਆ ਉਹ ਉਸਦੇ ਰੱਬੀ ਗਿਆਨ ਨੂੰ ਵੀ ਨਹੀਂ ਸਮਝ ਸਕਦਾ। ਗੁਰੂ ਨਾਨਕ
ਮਤਾਰ ਇੱਕ ਫ਼ਿਲਾਸਫ਼ਰ ਨਹੀਂ ਸਨ ਉਹ ਲੋਕਿਕਤਾ ਵਿੱਚ ਉਤਰੀ ਆਲੋਕਿਕਤਾ ਸਨ। ਉਹ ਗੁਰੂ ਸਨ! ਸਿੱਖਾਂ ਲਈ
ਪੁਰੇ ਜਗਤ ਵਿੱਚ ਪਹਿਲੇ ਗੁਰੂ! ਜਗਤ ਗੁਰੂ! ਜਿਹੜੇ ਉਸ ਨੂੰ ਗੁਰੂ ਨਹੀਂ ਮੰਨਦੇ ਉਹ ਗੁਰੂ ਨਾਨਕ
ਨੂੰ ਨਹੀਂ ਸਮਝ ਸਕਦੇ!
ਹਰਦੇਵ ਸਿੰਘ, ਜੰਮੂ
11. 03. 2012
|
. |