.

ਠੀਕ ਹੈ ਬਿਪਰ ਜੀ ਠੀਕ ਹੈ

ਛੋਟੇ ਹੁੰਦਿਆਂ ਤੋਂ ਹੀ ਇੱਕ ਕਹਾਣੀ ਪੜ੍ਹਦੇ ਸੁਣਦੇ ਆ ਰਹੇ ਹਾਂ ਕਿ ਟਟੀਰੀ ਰਾਤ ਨੂੰ ਸੌਣ ਲੱਗੀ ਲੱਤਾਂ ਉਪਰ ਨੂੰ ਕਰਕੇ ਸੌਂਦੀ ਹੈ। ਕਹਿੰਦੇ ਹਨ ਕਿ ਉਸ ਨੂੰ ਇੱਕ ਭਰਮ ਪਿਆ ਹੋਇਆ ਹੈ ਕਿ ਜੇ ਕਰ ਮੈਂ ਇਸ ਤਰ੍ਹਾਂ ਨਾ ਕਰਾਂ ਤਾਂ ਸ਼ਾਇਦ ਅਸਮਾਨ ਥੱਲੇ ਡਿਗ ਪਵੇਗਾ ਭਾਵ ਕਿ ਉਹ ਇਹੀ ਸੋਚਦੀ ਹੈ ਕਿ ਅਸਮਾਨ ਮੇਰੇ ਕਰਕੇ ਹੀ ਉਪਰ ਟਿਕਿਆ ਹੋਇਆ ਹੈ ਨਹੀਂ ਤਾਂ ਪਤਾ ਨਹੀਂ ਕਿ ਕਦੋਂ ਦਾ ਹੀ ਹੇਠਾਂ ਡਿਗ ਪੈਂਦਾ। ਇਸੇ ਤਰ੍ਹਾਂ ਇੱਕ ਬਿਪਰ ਜੀ ਨੂੰ ਵੀ ਇਹ ਭਰਮ ਪਿਆ ਹੋਇਆ ਹੈ ਕਿ ਜੇ ਕਰ ਮੈਂ ਨਾ ਹੁੰਦਾ ਤਾਂ ਸ਼ਾਇਦ ਸਿੱਖੀ ਕਦੋਂ ਦੀ ਹੀ ਖਤਮ ਹੋ ਗਈ ਹੁੰਦੀ। ਇਹ ਬਿਪਰ ਜੀ ਥੋੜੇ ਕੁ ਦਿਨਾ ਬਾਅਦ ਜਾਂ ਕਈ ਵਾਰੀ ਹਰ ਰੋਜ ਹੀ ਹਾਫਲੇ ਹੋਏ ਆਪਣੇ ਮੂੰਹ ਵਿਚੋਂ ਝੱਗ ਸੁੱਟੀ ਰੱਖਦੇ ਹਨ। ਸਿੱਖ ਮਾਰਗ ਤੋਂ ਤਾਂ ਇਸ ਨੂੰ ਫੋਬੀਆ ਹੋ ਗਿਆ ਲਗਦਾ ਹੈ। ਕਦੀ ਤਾਂ ਕਹਿੰਦੇ ਹਨ ਕਿ ਇਸ ਨੂੰ ਹੁਣ ਲੋਕੀ ਪੜ੍ਹਨ ਤੋਂ ਹਟੀ ਜਾਂਦੇ ਹਨ ਕਦੀ ਕਹਿੰਦੇ ਹਨ ਕਿ ਇਸ ਤੇ ਅਡਿੱਕਟਡ ਹੋਏ ਹਨ। ਪੁਜਾਰੀ ਅਤੇ ਡਿਕਟੇਟਰਾਂ ਵਾਂਗ ਕਦੀ ਕੋਈ ਫਤਵਾ ਦਿੰਦੇ ਹਨ ਅਤੇ ਕਦੀ ਕੋਈ। ਜੇ ਕਰ ਕੁੱਝ ਦਿਨ ਮੂੰਹ ਵਿਚੋਂ ਝੱਗ ਨਾ ਸੁੱਟਣ ਤਾਂ ਸ਼ਾਇਦ ਹਾਜਮਾਂ ਖਰਾਬ ਹੋਣ ਦਾ ਡਰ ਹੋਵੇ। ਇਸ ਬਿਪਰ ਜੀ ਨੂੰ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਵਰਗੇ ਬਿਪਰਾਂ ਦੀ ਪਿਛਲੇ ਲਗਭਗ 15 ਸਾਲਾਂ ਵਿੱਚ ਰਤੀ ਭਰ ਵੀ ਪਰਵਾਹ ਨਹੀਂ ਕੀਤੀ ਅਤੇ ਨਾ ਹੀ ਅਗਾਂਹ ਨੂੰ ਕਦੀ ਕਰਾਂਗੇ। ਸਾਨੂੰ ਜੋ ਸੱਚ ਲਗਦਾ ਹੈ ਉਸ ਨੂੰ ਪਾਠਕਾਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ ਰਹਾਂਗੇ, ਇਸ ਨੂੰ ਘੱਟ ਪੜ੍ਹਨ ਜਾਂ ਵੱਧ ਪੜ੍ਹਨ ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਕਿਸੇ ਨਾਲ ਇੱਥੇ ਨਾ ਤਾਂ ਨਫਰਤ ਕਰਦੇ ਹਾਂ ਅਤੇ ਨਾ ਹੀ ਲਿਖਤਾਂ ਪਉਣ ਵਿੱਚ ਕਿਸੇ ਨਾਲ ਵਿਤਕਰਾ ਕਰਦੇ ਹਾਂ। ਹਾਂ, ਜੋ ਅਸੂਲ ਬਣਾਏ ਹਨ ਉਹ ਸਾਰਿਆਂ ਤੇ ਇਕੋ ਜਿਹੇ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਵੀ ਜੇ ਕਰ ਕਿਸੇ ਦਾ ਕੋਈ ਵੀ ਸਵਾਲ ਹੋਵੇ ਤਾਂ ਉਹ ਸਾਰਿਆਂ ਦੇ ਸਾਹਮਣੇ ਸਾਡੇ ਕੋਲੋਂ ਪੁੱਛ ਸਕਦਾ ਹੈ। ਕਿਸ ਤਰ੍ਹਾਂ ਦੀਆਂ ਲਿਖਤਾਂ ਅਸੀਂ ਨਹੀਂ ਪਾ ਸਕਦੇ ਉਸ ਬਾਰੇ ਵੀ ਜਾਣਕਾਰੀ ਦਿੰਦੇ ਰਹਿੰਦੇ ਹਾਂ।

ਪਿਛਲੇ ਦੋ ਕੁ ਮਹੀਨੇ ਤੋਂ ਤਾਂ ਇਸ ਬਿਪਰ ਜੀ ਦਾ ਹਾਜਮਾ ਕੁੱਝ ਜਿਆਦਾ ਹੀ ਖਰਾਬ ਹੋਇਆ ਲਗਦਾ ਹੈ। ਉਸ ਦਾ ਕਾਰਨ ਹੈ ਇੱਕ ਸੰਪਾਦਕੀ ਟਿੱਪਣੀ। ਜਿਹੜੀ ਕਿ ਅਸੀਂ ਤੱਤ ਗੁਰਮਤਿ ਦੀ ਇੱਕ ਚਿੱਠੀ ਦੇ ਸੰਬੰਧ ਵਿੱਚ ਕੀਤੀ ਸੀ। ਇਹ ਚਿੱਠੀ ਪ੍ਰੋ: ਸਰਬਜੀਤ ਸਿੰਘ ਧੁੰਦਾ ਨਾਲ ਸੰਬੰਧਿਤ ਸੀ ਅਤੇ ਇਹ ‘ਸਿੱਖ ਮਾਰਗ’ ਤੇ 16 ਜਨਵਰੀ 2012 ਨੂੰ ਛਪੀ ਸੀ। ਪਾਠਕ ਇਹ ਚਿੱਠੀ ਪਾਠਕਾਂ ਦੇ ਪੰਨੇ ਤੇ ਪੜ੍ਹ ਸਕਦੇ ਹਨ ਪਰ ਅਸੀਂ ਜੋ ਟਿੱਪਣੀ ਕੀਤੀ ਸੀ ਉਹ ਹੂ-ਬ-ਹੂ ਇੱਥੇ ਦੁਬਾਰਾ ਛਾਪ ਰਹੇ ਹਾਂ ਜੋ ਕਿ ਇਸ ਤਰ੍ਹਾਂ ਹੈ:

(ਸੰਪਾਦਕੀ ਟਿੱਪਣੀ:- ਆਪ ਜੀ ਨੇ ਜੋ ਲਿਖਿਆ ਹੈ ਬਹੁਤ ਹੀ ਵਧੀਆ ਲਿਖਿਆ ਹੈ। ਪਰ ਸਾਰੀਆਂ ਗੱਲਾਂ ਤੁਸੀਂ ਵੀ ਜੋ ਕਹਿਣੀਆਂ ਚਾਹੁੰਦੇ ਹੋ ਖੁੱਲ ਕੇ ਸਪਸ਼ਟ ਰੂਪ ਵਿੱਚ ਨਹੀਂ ਕਹਿ ਰਹੇ। ਅਕਾਲ ਤਖ਼ਤ ਬਾਰੇ ਆਪਣੀ ਗੱਲ ਪੂਰੀ ਤਰ੍ਹਾਂ ਸਪਸ਼ਟ ਨਹੀਂ ਕਰ ਰਹੇ। ਆਪ ਜੀ ਸਿੱਧੇ ਤੇ ਸਪਸ਼ਟ ਲਫਜਾਂ ਵਿੱਚ ਇਹ ਖਿਆਲ ਸਭ ਦੇ ਸਾਹਮਣੇ ਰੱਖੋ ਕਿ ਤੁਸੀਂ ਅਕਾਲ ਤਖ਼ਤ ਕਿਸ ਨੂੰ ਮੰਨਦੇ ਹੋ? ਉਸ ਬਿੱਲਡਿੰਗ ਨੂੰ, ਜਿਸ ਨੂੰ ਕਿ ਬਾਕੀ ਦੇ 99. 99% ਸਿੱਖ ਮੰਨਦੇ ਹਨ। ਜਿਹੜੀ ਕਿ ਗੁਰਮਤਿ ਵਿਰੋਧੀ ਪੁਸਤਕ ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਦੀ ਦੇਣ ਹੈ ਅਤੇ ਇਹ ਲਿਖੀ ਹੀ ਸਿੱਖੀ ਦਾ ਸਤਿਆਨਾਸ ਕਰਨ ਲਈ ਸੀ। ਇਸ ਦੇ ਹੀ ਹੁਣ ਤੱਕ ਸਾਰੇ ਹਵਾਲੇ ਦਿੰਦੇ ਆਏ ਹਨ। ਜਿਸ ਵਿੱਚ ਲਿਖਿਆ ਹੈ ਕਿ ਇਸ ਤਖ਼ਤ ਨੂੰ ਬਣਾਉਣ ਲਈ: ਕਿਸੀ ਰਾਜ ਨਹਿ ਹਾਥ ਲਗਾਯੋ। ਬੁੱਢੇ ਔ ਗੁਰਦਾਸ ਬਣਾਯੋ।

ਕੀ ਇਹ ਇੱਟਾਂ, ਪੱਥਰ, ਸੀਮਿੰਟ ਤੇ ਮਿੱਟੀ ਆਦਿ ਬਾਕੀਆਂ ਦੇ ਹੱਥ ਲੱਗਣ ਨਾਲ ਭਿੱਟੇ ਜਾਣੇ ਸਨ? ਕੀ ਇਹ ਗੁਰਮਤਿ ਹੈ? ਜਿਤਨਾ ਚਿਰ ਇਹ ਗੱਲਾਂ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੁੰਦੀਆਂ ਉਤਨਾ ਚਿਰ ਇਕੱਲੇ ਪ੍ਰੋ: ਸਰਬਜੀਤ ਸਿੰਘ ਧੁੰਦੇ ਤੇ ਗੁਰਮਤਿ ਵਿਰੋਧੀ ਸਟੈਂਡ ਦਾ ਇਲਜ਼ਾਮ ਲਉਣਾ ਠੀਕ ਨਹੀਂ ਹੈ। ਜਦ ਬਾਕੀ ਸਾਰੇ ਮੀਡੀਏ ਵਿੱਚ ਅਤੇ ਗੁਰਦੁਆਰਿਆਂ ਵਿੱਚ ਰੋਜ ਇਹ ਪ੍ਰਚਾਰ ਹੁੰਦਾ ਹੈ ਕਿ ਅਸੀਂ ਤਾਂ ਜੀ ਅਕਾਲ ਤਖ਼ਤ ਨੂੰ ਪੂਰੀ ਤਰ੍ਹਾਂ ਸਮਰਪਤਿ ਹਾਂ। ਸਿੱਖ ਕੌਮ ਨੇ ਸੇਧ ਉਥੋਂ ਹੀ ਲੈਣੀ ਹੈ ਤਾਂ ਇਕੱਲਾ ਧੁੰਦਾ ਵਿਚਾਰਾ ਕੀ ਕਰ ਸਕਦਾ ਹੈ। ਸ਼ਾਇਦ ਕੋਈ ਵਿਰਲਾ ਹੀ ਇਹ ਕਹਿੰਦਾ ਹੋਵੇਗਾ ਕਿ ਦਸਵੇਂ ਗੁਰੂ ਤਾਂ ਜਾਣ ਸਮੇਂ ਸੇਧ ਗੁਰੂ ਗ੍ਰੰਥ ਸਾਹਿਬ ਤੋਂ ਲੈਣ ਲਈ ਕਹਿ ਕੇ ਗਏ ਸਨ ਨਾ ਕਿ ਕਿਸੇ ਤਖ਼ਤ ਜਾਂ ਪੁਜਾਰੀ ਕੋਲੋਂ। ਇਹ ਗੱਲ ਵੀ ਤੁਹਾਡੇ ਸਾਹਮਣੇ ਹੀ ਹੈ ਕਿ ਕਈ ਇਸ ਵਿਸ਼ੇ ਬਾਰੇ ਆਪਣੇ ਖੁਦ ਲਿਖੇ ਹੋਏ ਵਿਚਾਰਾਂ ਤੋਂ ਹੀ ਮੁਨਕਰ ਹੋ ਕਿ ਧੜੇ ਬਾਜ਼ੀ ਵਿੱਚ ਪੈ ਕੇ ਦੂਸਰਿਆਂ ਦੇ ਵਿਰੋਧੀ ਬਣ ਗਏ ਸਨ। ਪਹਿਲਾਂ ਸਾਰੇ ਆਪਣੇ ਆਪ ਨੂੰ ਜਾਗਰਕ ਕਹਾਉਂਦੇ ਹੋਏ ਸਾਰੇ ਵਿਸ਼ਿਆਂ ਬਾਰੇ ਸਪਸ਼ਟ ਹੋਣ ਫਿਰ ਗੱਲ ਸਹੀ ਦਿਸ਼ਾ ਵੱਲ ਤੁਰ ਸਕਦੀ ਹੈ ਵਰਨਾ ਨਹੀਂ)

ਇਸ ਸੰਪਾਦਕੀ ਟਿੱਪਣੀ ਨੂੰ ਪੜ੍ਹ ਕੇ ਬਿਪਰ ਜੀ ਆਪੇ ਹੀ ਅੰਦਾਜੇ ਲਉਣ ਲੱਗ ਪਏ ਕਿ ਸ਼ਾਇਦ ਅਸੀਂ ਪ੍ਰੋ: ਧੁੰਦਾ ਜੀ ਨੂੰ ਪੁਜਾਰੀਆਂ ਸਾਹਮਣੇ ਪੇਸ਼ ਕਰਵਾਉਣਾ ਚਾਹੁੰਦੇ ਹਾਂ ਹਾਲਾਂ ਕਿ ਇਸ ਟਿੱਪਣੀ ਦਾ ਮੁੱਖ ਮਕਸਦ ਤੱਤ ਗੁਰਮਤਿ ਵਾਲਿਆਂ ਤੋਂ ਇਸ ਵਿਸ਼ੇ ਤੇ ਗੱਲ ਨੂੰ ਸਪਸ਼ਟ ਕਰਵਾਉਣ ਦਾ ਸੀ, ਜੋ ਕਿ ਉਹ ਕਿਸੇ ਮਜਬੂਰੀ ਕਾਰਨ ਨਹੀਂ ਕਰ ਸਕੇ। ਅਸੀਂ ਆਪਣੇ ਵਲੋਂ ਅੱਜ ਤੱਕ ਕਦੀ ਵੀ ਇਹ ਨਹੀਂ ਲਿਖਿਆ ਕਿ ਪ੍ਰੋ: ਧੁੰਦਾ ਜੀ ਨੂੰ ਉਥੇ ਪੁਜਾਰੀਆਂ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ ਜਾਂ ਨਹੀਂ। ਅਸੀਂ ਇੱਥੇ ਸਿੱਖ ਮਾਰਗ ਤੇ ਦੋਹਾਂ ਪਾਸਿਆਂ ਦੇ ਵਿਚਾਰ ਛਾਪਦੇ ਰਹੇ ਹਾਂ ਜਿਹੜੇ ਕਿ ਦਲੀਲ ਨਾਲ ਚੰਗੀ ਸ਼ਬਦਾਵਲੀ ਵਿੱਚ ਪੇਸ਼ ਕੀਤੇ ਜਾਂਦੇ ਸਨ।

ਪ੍ਰੋ: ਸਰਬਜੀਤ ਸਿੰਘ ਧੁੰਦਾ ਜੀ ਦੇ ਲੇਖ, ਸਿੱਖ ਮਾਰਗ ਤੇ ਬਾਕੀ ਲੇਖਕਾਂ ਵਾਂਗ ਤਕਰੀਬਨ ਤਿੰਨ ਕੁ ਸਾਲ 2007 ਤੋਂ 2010 ਤੱਕ ਛਪਦੇ ਰਹੇ ਹਨ ਇਹ ਤਕਰੀਬਨ 15 ਲੇਖ ਹਨ। ਇਹਨਾ ਤੋਂ ਬਿਨਾ ਸ਼ਾਇਦ ਕੋਈ ਪਾਠਕਾਂ ਦੇ ਪੰਨੇ ਤੇ ਵੀ ਛਪਿਆ ਹੋਵੇ। ਕਿਸੇ ਵਿੱਚ ਲਿਖਣ ਦਾ ਚੰਗਾ ਗੁਣ ਹੁੰਦਾ ਹੈ ਅਤੇ ਕਿਸੇ ਵਿੱਚ ਬੋਲਣ ਦਾ। ਕਈਆਂ ਵਿੱਚ ਦੋਵੇ ਹੀ ਹੁੰਦੇ ਹਨ। ਪ੍ਰੋ: ਧੁੰਦਾ ਜੀ ਹੁਣ ਚੰਗੇ ਬੁਲਾਰੇ ਬਣ ਚੁਕੇ ਹਨ ਇਸ ਲਈ ਹੁਣ ਉਹ ਸ਼ਾਇਦ ਲਿਖਣ ਨਾਲੋਂ ਕਥਾ ਕਰਨ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨਾਲ ਜਿੰਨੇ ਵੀ ਸੰਬੰਧਿਤ ਪ੍ਰਚਾਰਕ ਹਨ ਉਹਨਾ ਵਿਚੋਂ ਘੱਗਾ ਜੀ ਤੋਂ ਬਿਨਾ ਮੈਂ ਅੱਜ ਤੱਕ ਕਿਸੇ ਨੂੰ ਵੀ ਨਿੱਜੀ ਤੌਰ ਤੇ ਨਹੀਂ ਮਿਲਿਆ। ਇਸ ਦਾ ਕਾਰਨ ਇਹ ਹੈ ਕਿ ਮੈਂ ਪਿਛਲੇ 32 ਸਾਲਾਂ ਤੋਂ ਇੰਡੀਆ ਨਹੀਂ ਗਿਆ ਅਤੇ ਜਿੱਥੇ ਮੈਂ ਰਹਿੰਦਾ ਹਾਂ ਉਹ ਬਹੁਤ ਹੀ ਛੋਟਾ ਜਿਹਾ ਸ਼ਹਿਰ ਹੈ ਜੋ ਕਿ ਵੈਨਕੂਵਰ ਤੋਂ ਲਗਭੱਗ 650 ਕਿਲੋਮੀਟਰ ਦੂਰ ਉਤਰ ਵੱਲ ਹੈ। ਇਸ ਲਈ ਇੱਥੇ ਹੁਣ ਕੋਈ ਵੀ ਪ੍ਰਚਾਰਕ ਥੋੜੇ ਕੀਤੇ ਨਹੀਂ ਆਉਂਦਾ ਇਸ ਦੇ ਦੋ ਮੁੱਖ ਕਾਰਨ ਹਨ ਇੱਕ ਤਾਂ ਹੈ ਪੰਜਾਬੀਆਂ ਦੀ ਇੱਥੇ ਅਬਾਦੀ ਦਾ ਘਟਣਾ ਅਤੇ ਦੂਸਰਾ ਹੈ ਭਾਈ ਰਣਜੀਤ ਸਿੰਘ ਘਟੋੜਾ ਦੀ ਬੇਵਕੂਫੀ ਜਿਹੜੀ ਕਿ ਉਸ ਨੇ ਲੰਗਰ ਬਾਰੇ ਹੁਕਮਨਾਵਾ ਭੇਜ ਕੀ ਕੀਤੀ ਸੀ ਜਿਸ ਨੇ ਇਸ ਬਚੀ ਹੋਈ ਥੋੜੀ ਜਿਹੀ ਅਬਾਦੀ ਵਿੱਚ ਵੀ ਮਧਾਣੀ ਚੀਰਾ ਦੇ ਦਿੱਤਾ ਸੀ।

ਪ੍ਰੋ: ਧੁੰਦਾ ਜੀ ਨੇ ਮੇਰੇ ਕੋਲੋਂ ਨਿੱਜੀ ਤੌਰ ਤੇ ਕੋਈ ਵੀ ਸਲਾਹ ਨਹੀਂ ਸੀ ਮੰਗੀ ਕਿ ਮੈਂ ਉਥੇ ਜਾਵਾਂ ਕਿ ਨਾ ਜਾਵਾਂ। ਇਸ ਲਈ ਮੈਂ ਨਿੱਜੀ ਤੌਰ ਤੇ ਉਸ ਨੂੰ ਕੋਈ ਦਿੱਤੀ ਵੀ ਨਹੀਂ। ਉਸ ਨੇ ਉਥੇ ਜਾ ਕੇ ਚੰਗਾ ਕੀਤਾ ਜਾਂ ਮਾੜਾ ਕੀਤਾ ਇਸ ਬਾਰੇ ਤਾਂ ਉਹੀ ਜਵਾਬ ਦੇਹ ਹਨ ਅਤੇ ਜਾਂ ਫਿਰ ਕਾਲਜ ਵਾਲੇ। ਜੇ ਕਰ ਉਹ ਆਪਣੇ ਵਿਚਾਰਾਂ ਤੋਂ ਥਿੜਕ ਕੇ ਪ੍ਰਚਾਰ ਕਰਨਗੇ ਤਾਂ ਵੀ ਪਤਾ ਲੱਗ ਜਾਵੇਗਾ ਅਤੇ ਜੇ ਕਰ ਪਹਿਲਾਂ ਦੀ ਤਰ੍ਹਾਂ ਕਰਦੇ ਰਹੇ ਤਾਂ ਵੀ। ਕਹਿਣੀ ਅਤੇ ਕਰਨੀ ਨੂੰ ਪਰਖਣ ਵਾਲੇ ਪੈਮਾਨੇ ਵੀ ਇਕੋ ਜਿਹੇ ਹੀ ਹੋਣੇ ਚਾਹੀਦੇ ਹਨ। ਜਿਹੜੇ ਹਜਾਰਾਂ ਦੀ ਗਣਤੀ ਵਿੱਚ ਪ੍ਰੋ: ਧੁੰਦੇ ਨੂੰ ਗੁਰਦੁਆਰਿਆਂ ਵਿੱਚ ਸੁਣਦੇ ਸਨ, ਮੈਡਲਾਂ ਨਾਲ ਸਨਮਾਨਦੇ ਸਨ ਅਤੇ ਇੰਟਰਵੀਓ ਲੈਂਦੇ ਸਨ, ਉਹਨਾ ਸਾਰਿਆਂ ਨੂੰ ਤਾਂ ਇਹ ਕਹਿੰਦੇ ਰਹੇ ਕਿ ਮੈਂ ਜਾ ਕੇ ਉਥੇ ਆਪਣਾ ਸਪਸ਼ਟੀਕਰਨ ਦੇਵਾਂਗਾ। ਨਾ ਜਾਣ ਦੇ ਕਾਰਨ ਇਹਨਾ ਵਲੋਂ ਝੂਠੇ ਪੈਣ ਵਾਲੀ ਗੱਲ ਵੀ ਕਹਿਣੀ ਅਤੇ ਕਰਨੀ ਦੇ ਪੈਮਾਨਿਆਂ ਵਾਲਿਆਂ ਨੂੰ ਧਿਆਨ ਵਿੱਚ ਰੱਖਣੀ ਚਾਹੀਦੀ ਸੀ।

ਜਦੋਂ ਤੋਂ ਹੀ ਮੈਨੂੰ ਗਰੁਬਾਣੀ ਦੀ ਸੂਝ ਆਉਣੀ ਸ਼ੁਰੂ ਹੋਈ ਤਾਂ ਇਹ ਗੱਲ ਸਪਸ਼ਟ ਹੋ ਗਈ ਕਿ ਗੁਰਬਾਣੀ ਦਾ ਹੁਕਮ, ਸੰਦੇਸ਼ ਅਥਵਾ ਗਿਆਨ ਹੀ ਸਿੱਖੀ ਦੇ ਜੀਵਨ ਜਾਂਚ ਲਈ ਸਭ ਤੋਂ ਉਪਰ ਹੈ ਇਸ ਤੋਂ ਉਪਰ ਹੋਰ ਕੋਈ ਵੀ ਹੁਕਮ ਨਹੀਂ ਹੋ ਸਕਦਾ। ਇਸੇ ਕਰਕੇ ਹੀ ਜਦੋਂ 1998 ਵਿੱਚ ਲੰਗਰ ਵਾਲਾ ਹੁਕਮਨਾਮਾਂ ਅਸਲ ਵਿੱਚ ਗੁਰੂ ਕੀ ਨਿੰਦਾ ਵਾਲਾ ਪਖੰਡਨਾਮਾਂ ਆਇਆ ਸੀ ਤਾਂ ਮੈਂ ਇਸ ਦਾ ਗੁਰਮਤਿ ਅਨੁਸਾਰ ਵਿਰੋਧ ਕੀਤਾ ਸੀ। ਇਸ ਬਾਰੇ ਪਾਠਕ ਮੇਰਾ ਇਹ ਲੇਖ ਕੋਈ ਅੱਠ ਸਾਲ ਪਹਿਲਾਂ ਦਾ ਛਪਿਆ ਹੋਇਆ ਇੱਥੇ ਪੜ੍ਹ ਸਕਦੇ ਹਨ। ਇਹ ਨਹੀਂ ਇਸ ਦੇ ਆਉਣ ਤੋਂ ਪਹਿਲਾਂ ਵੀ ਰੱਜ ਕੇ ਝੂਠ ਬੋਲਣ ਵਾਲੇ ਡੇਰੇਦਾਰ ਸਾਧਾਂ ਤੋਂ ਅਤੇ ਉਹਨਾ ਅਖੌਤੀ ਜਥੇਦਾਰਾਂ ਪੁਜਾਰੀਆਂ ਕੋਲੋਂ ਜਿਹੜੇ ਕਿ, ਕੇ ਧਰ ਦੀ ਪੁਸਤਕ ਮੁਤਾਬਕ ਦਿੱਲੀ ਸਰਕਾਰ ਤੋਂ ਪੈਸਿਆਂ ਦੇ ਥੈਲੇ ਭਰ ਕੇ ਲਿਆਉਂਦੇ ਸਨ ਉਹਨਾਂ ਤੋਂ ਥੱਲੇ ਬੈਠ ਕੇ ਲੰਗਰ ਛਕਣ ਬਾਰੇ ਚਿੱਠੀਆਂ ਮੰਗਵਾ ਕੇ ਇੱਥੇ ਦੇ ਅਖਬਾਰਾਂ ਵਿੱਚ ਛਪਵਾਉਂਦੇ ਸਨ ਤਾਂ ਮੈਂ ਉਦੋਂ ਵੀ ਇਸ ਦੇ ਖਿਲਾਫ ਅਖਬਾਰਾਂ ਵਿੱਚ ਲਿਖਦਾ ਰਹਿੰਦਾ ਸੀ। ਜਦੋਂ ਇਹ ਹੁਕਮਨਾਮਾਂ ਆ ਗਿਆ ਤਾਂ ਫਿਰ ਤਾਂ ਇੱਕ ਕਿਸਮ ਦੇ ਗੁਰਦੁਆਰੇ ਲੜਾਈ ਦਾ ਮੈਦਾਨ ਬਣ ਗਏ। ਬੜੇ ਵੱਡੇ ਕਹਿੰਦੇ ਕਹਾਉਂਦੇ ਥੱਲੇ ਬੈਠ ਕੇ ਘੀਸੀਆਂ ਕਰਕੇ ਧਰਮੀ ਬਣਨ ਲਈ ਮਜਬੂਰ ਹੋ ਗਏ। ਵੱਡੀਆਂ-ਵੱਡੀਆਂ ਡਿਗਰੀਆਂ ਵਾਲੇ ਇਸ ਨੂੰ ਰੱਬੀ ਹੁਕਮ ਕਹਿਣ ਲੱਗ ਪਏ। ਉਸ ਸਮੇਂ ਮੈਨੂੰ ਇਹ ਮਹਿਸੂਸ ਹੋਇਆ ਕੇ ਜੇ ਕਰ ਪੜ੍ਹੇ ਲਿਖਿਆਂ ਦਾ ਇਹ ਹਾਲ ਹੈ ਤਾਂ ਆਮ ਸਾਧਾਰਣ ਬੰਦੇ ਦਾ ਕੀ ਹੋਵੇਗਾ। ਉਦੋਂ ਤੋਂ ਹੀ ਸੋਚਦਾ ਆ ਰਿਹਾ ਸੀ ਕਿ ਐਸਾ ਕਿਉਂ ਹੋ ਰਿਹਾ ਹੈ? ਸਿੱਖ ਆਪਣੇ ਗੁਰੂ ਦੀ ਗੱਲ ਨੂੰ ਸਭ ਤੋਂ ਉਚਤਮ ਕਿਉਂ ਨਹੀਂ ਮੰਨਦੇ? ਉਪਰ ਦਿੱਤੀ ਟੱਪਣੀ ਵਿਚਲੀ ਭਿੱਟਣ ਵਾਲੀ ਗੱਲ ਤਾਂ ਪਹਿਲਾਂ ਵੀ ਕਈ ਵਾਰੀ ਪੜ੍ਹੀ ਸੀ ਪਰ ਜਦੋਂ ਕਾਲੇ ਅਫਗਾਨੇ ਨੇ ਗੁਰ ਬਿਲਾਸ ਪਾ: ਛੇਵੀ ਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਕੇ ਸੰਗਤਾਂ ਵਿੱਚ ਪੇਸ਼ ਕੀਤਾ ਤਾਂ ਇਸ ਨੂੰ ਪੜ੍ਹ ਕੇ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਕਿ ਬਿਪਰ ਜੀ ਕਿੰਨੇ ਦੂਰ ਦੀ ਸੋਚਦੇ ਹਨ ਕਿ ਸਿੱਖਾਂ ਨੂੰ ਗੁਰਬਾਣੀ ਨਾਲੋਂ ਤੋੜ ਕੇ ਇਮਾਰਤਾਂ ਨਾਲ ਅਤੇ ਇੱਥੇ ਬੈਠੇ ਬੰਦਿਆਂ ਨਾਲ ਕਿਵੇਂ ਜੋੜਨਾ ਹੈ ਅਤੇ ਫਿਰ ਕਿਵੇ ਸਿੱਖਾਂ ਦੀ ਮਾਨਸਿਕਤਾ ਨੂੰ ਕਾਬੂ ਕਰਕੇ ਸਿੱਖੀ ਦਾ ਖਾਤਮਾ ਕਰਨਾ ਹੈ। ਇਸ ਵਿੱਚ ਬਿਪਰ ਜੀ ਪੂਰੇ ਕਾਮਯਾਬ ਹੋਏ ਹਨ ਅਤੇ ਨਵੇਂ ਬਿਪਰ ਜੀ ਇਹਨਾ ਦਾ ਪੂਰਾ ਸਾਥ ਦੇ ਰਹੇ ਹਨ। ਤਾਹੀਂਉਂ ਤਾਂ ਇਹ ਬਾਰ-ਬਾਰ ਆਪਣੇ ਪਹਿਲੇ ਬਿਪਰ ਦੀ ਕਹੀ ਹੋਈ ਗੱਲ ਨੂੰ ਠੀਕ ਦੱਸ ਰਹੇ ਹਨ ਕਿ ਵਾਕਿਆ ਹੀ ਭਾਈ ਗੁਰਦਾਸ ਜੀ ਅਤੇ ਬਾਬੇ ਬੁੱਢੇ ਨੇ ਬਣਾਇਆ ਸੀ ਤਾਂ ਕਿ ਆਮ ਸਿੱਖ ਸੰਗਤ ਦੇ ਹੱਥ ਲੱਗਣ ਨਾਲ ਇਹ ਕਿਤੇ ਭਿੱਟ ਨਾ ਜਾਵੇ ਜਿਵੇਂ ਕਿ ਪਹਿਲੇ ਸਮਿਆਂ ਵਿੱਚ ਛੂਦਰ ਦਾ ਪ੍ਰਛਾਵਾਂ ਪੈਣ ਨਾਲ ਬਿਪਰ ਜੀ ਭਿੱਟ ਜਾਂਦੇ ਸਨ। ਇਸ ਸੁੱਚ ਭਿੱਟ ਨੂੰ ਦੂਰ ਕਰਨ ਲਈ ਤਾਂ ਗੁਰੂਆਂ ਨੇ ਸਾਂਝੇ ਸਰੋਵਰ, ਬਉਲੀਆਂ ਅਤੇ ਲੰਗਰ ਲਗਾਏ ਸਨ। ਪਰ ਬਿਪਰ ਜੀ ਨੂੰ ਇਸ ਨਾਲ ਕੀ ਉਹਨਾ ਨੇ ਤਾਂ ਆਪਣੇ ਤੋਂ ਪਹਿਲਾਂ ਕਹੀ ਹੋਈ ਬਿਪਰ ਜੀ ਦੀ ਗੱਲ ਨੂੰ ਸਹੀ ਸਿੱਧ ਕਰਨਾ ਹੈ।

ਡੇਰਿਆਂ ਵਿਚੋਂ ਇੱਕ ਵੱਡੇ ਡੇਰੇ ਨਾਲ ਸੰਬੰਧਿਤ ਬਿਪਰ ਜੀ ਜੋ ਕਿ ਸਭ ਤੋਂ ਜਿਆਦਾ ਹੀ ਬਿਪਰ ਜੀ ਦੇ ਸ਼ਰਧਾਲੂ ਹਨ ਉਹ ਵੀ ਆਪਣੀਆਂ ਕਿਤਾਬਾਂ ਵਿੱਚ ਅਤੇ ਕਥਾਵਾਂ ਵਿੱਚ ਵੀ ਇਸ ਬਿਪਰੀ ਕਿਤਾਬ ਨੂੰ ਹੀ ਜਿਆਦਾ ਮਹੱਤਤਾ ਦਿੰਦੇ ਹਨ। ਇਸੇ ਕਰਕੇ ਜੋ ਵੀ ਉਸ ਡੇਰੇ ਵਿਚੋਂ ਪੜ੍ਹ ਕੇ ਆਉਂਦੇ ਹਨ ਉਹ ਹੀ ਕੇਂਦਰੀ ਸਥਾਂਨਾ ਤੇ ਆ ਕੇ ਲੱਗਦੇ ਹਨ ਅਤੇ ਫਿਰ ਪੁਰਾਤਨ ਮਰਯਾਦਾ ਦਾ ਰਾਗ ਅਲਾਪ ਕੇ ਹਰ ਹੀਲੇ ਹੀ ਇੱਥੇ ਬਿਪਰਵਾਦੀ ਮਰਯਾਦਾ ਚਲਦੀ ਰੱਖਣੀ ਚਾਹੁੰਦੇ ਹਨ। ਇਸ ਵਿੱਚ ਉਹ ਹਾਲੇ ਤੱਕ ਪੂਰੀ ਤਰ੍ਹਾਂ ਕਾਮਯਾਬ ਹਨ। ਤਾਂਹੀਉਂ ਤਾਂ ਬੀਬੀਆਂ ਨੂੰ ਪਾਠ ਕੀਰਤਨ ਅਤੇ ਹੋਰ ਸੇਵਾਂਵਾਂ ਕਰਨ ਵਿੱਚ ਪਬੰਦੀ ਹੈ। ਇਹ ਠੀਕ ਹੈ ਨਾ ਬਿਪਰ ਜੀ ਕਿ ਨਹੀਂ?

ਨਵੇਂ ਬਿਪਰ ਜੀ ਨੇ ਹੁਣੇ ਹੀ ਇੱਕ ਕਾਰ ਸੇਵਾ ਦੀ ਫੋਟੋ ਆਪਣੀ ਇੱਕ ਲਿਖਤ ਨਾਲ ਛਪਵਾਈ ਹੈ ਜਿਸ ਵਿੱਚ ਕੇ ਕਾਫੀ ਸਾਰਾ ਸਰੀਆ ਲੱਗਾ ਹੋਇਆ ਵੀ ਨਜਰ ਆਉਂਦਾ ਹੈ। ਇਹ ਨਹੀਂ ਪਤਾ ਕਿ ਇਹ ਸਰੀਆਂ ਵੀ ਆਪਣੇ ਕੋਲੋਂ ਹੀ ਤਿਆਰ ਕੀਤਾ ਹੈ ਜਾਂ ਕਿ ਬਾਹਰੋਂ ਕਿਤੇ ਮਜਦੂਰਾਂ ਦੇ ਹੱਥਾਂ ਦਾ ਭਿੱਟਿਆ ਹੋਇਆ ਤਾਂ ਨਹੀਂ ਲੱਗ ਗਿਆ? ਵੱਡੇ ਬਿਪਰ ਦੀ ਲਿਖਤ ਅਨੁਸਾਰ ਤਾਂ ਕਿਸੇ ਰਾਜ ਮਿਸਤਰੀ ਦੇ ਹੱਥ ਲੱਗਣ ਨਾਲ ਤਾਂ ਇਹ ਭਿੱਟਿਆ ਜਾਣਾ ਸੀ ਭਾਵ ਕਿ ਪੂਰਾ ਪਵਿੱਤਰ ਨਹੀਂ ਸੀ ਰਹਿਣਾ। ਪਰ ਇਸ ਕਾਰ ਸੇਵਾ ਵਿੱਚ ਪਤਾ ਨਹੀਂ ਕਿ ਕਿਸੇ ਮਿਸਤਰੀ ਨੇ ਹੱਥ ਲਾਇਆ ਹੈ ਜਾਂ ਬਾਬਿਆਂ ਨੇ ਆਪ ਹੀ ਬਣਾਇਆ ਹੈ? ਇਸ ਕਾਰ ਸੇਵਾ ਵਿੱਚ ਵੀ ਮੁੱਖੀ ਇੱਕ ਰੱਜ ਕੇ ਝੂਠ ਬੋਲਣ ਵਾਲੇ ਸਾਧ ਬਿਪਰ ਜੀ ਸਨ ਜੋ ਕਿ ਆਪਣੇ ਤੋਂ ਪਹਿਲੇ ਸਾਧ ਬਿਪਰ ਜੀ ਬਾਰੇ ਰੱਜ ਕੇ ਝੂਠ ਬੋਲਦੇ ਰਹੇ ਸਨ। ਇਹ ਪਹਿਲੇ ਬਿਪਰ ਸਾਧ ਜੀ ਥਰਡ ਏਜੰਸੀ ਦੀਆਂ ਹਦਾਇਤਾਂ ਅਨੁਸਾਰ ਹੀ ਅੰਦਰੋਂ ਹਿੰਸਕ ਕਾਰਵਾਈਆਂ ਚਲਾ ਰਹੇ ਸਨ ਅਤੇ ਇਹਨਾ ਨੇ ਕਹੀ ਜਾਂਦੀ ਪਵਿੱਤਰ ਇਮਾਰਤ ਨੂੰ ਅੱਧੀ ਕੁ ਨੂੰ ਤਾਂ ਆਪੇ ਹੀ ਮਘੋਰੇ ਕਰਕੇ ਢਾਅ ਦਿੱਤਾ ਸੀ ਅਤੇ ਬਾਕੀ ਦੀ ਉਸ ਪਾਲਿਸੀ ਅਨੁਸਾਰ ਦਿੱਲੀ ਦੇ ਬਿਪਰਾਂ ਨੇ ਢਾਅ ਦਿੱਤਾ ਸੀ। ਥੋੜੇ ਕੁ ਹਫਤੇ ਪਹਿਲਾਂ ਇਸ ਡੇਰੇ ਵਾਲੇ ਵੱਡੇ ਬਿਪਰ ਜੀ ਦੇ ਖਾਸ ਸ਼ਰਧਾਲੂ ਵਿਦਵਾਨ ਜੀ ਨੇ ਆਪੇ ਹੀ ਖੁਲਾਸਾ ਕਰ ਦਿੱਤਾ ਸੀ ਕਿ ਦਿੱਲੀ ਸਰਕਾਰ ਨੇ ਜੋ ਥਰਡ ਏਜੰਸੀ ਕਾਇਮ ਕੀਤੀ ਸੀ ਉਸ ਨੇ ਹੀ ਜਰਰਲ ਜਸਵੰਤ ਸਿੰਘ ਭੁੱਲਰ ਰਾਂਹੀ ਹਥਿਆਰ ਆਪ ਹੀ ਅੰਦਰ ਦਰਬਾਰ ਸਾਹਿਬ ਦੇ ਅਹਾਤੇ ਵਿੱਚ ਪਹੁੰਚਾਏ ਸਨ। ਸੋ ਕਹਿਣ ਤੋਂ ਭਾਵ ਹੈ ਕਿ ਥਰਡ ਏਜੰਸੀ ਰਾਂਹੀ ਦੂਹਰੀ ਖੇਡ ਖੇਡੀ ਜਾ ਰਹੀ ਸੀ। ਇੱਕ ਪਾਸੇ ਤਾਂ ਉਹ ਬਾਹਰ ਪੁਲੀਸ ਅਤੇ ਹੋਰ ਬੰਦਿਆਂ ਰਾਂਹੀ ਨਿਰਦੋਸ਼ੇ ਸਿੱਖਾਂ ਨੂੰ ਮਾਰ ਅਤੇ ਜ਼ਲੀਲ ਕਰ ਰਹੀ ਸੀ ਅਤੇ ਅੰਦਰੋਂ ਇਸ ਦੇ ਬਦਲੇ ਦੀ ਭਾਵਨਾਂ ਲਈ ਸਮਾਨ ਮੁਹਈਆ ਕਰਵਾਇਆ ਜਾ ਰਿਹਾ ਸੀ। ਸਿਆਣੇ ਬੰਦਿਆਂ ਨੂੰ ਤਾਂ ਉਦੋਂ ਦਾ ਹੀ ਪਤਾ ਸੀ ਪਰ ਜਿਹਨਾ ਨੇ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਉਹਨਾ ਨੂੰ ਹਾਲੇ ਵੀ ਸਮਝ ਨਹੀਂ ਆਵੇਗੀ ਕਿ ਇਹ ਇੰਦਰਾ ਗਾਂਧੀ ਦੀ ਇਲੈਕਸ਼ਨਾ ਜਿੱਤਣ ਲਈ ਇਹ ਇੱਕ ਸੋਚੀ ਸਮਝੀ ਸਕੀਮ ਸੀ। ਜਿਸ ਦਾ ਫਲ ਉਹ ਆਪ ਤਾਂ ਮੌਤ ਦੇ ਰੂਪ ਵਿੱਚ ਹੀ ਲੈ ਸਕੀ ਪਰ ਵੋਟਾਂ ਦੇ ਰੂਪ ਵਿੱਚ ਇਸ ਦਾ ਫਲ ਆਪਣੇ ਪੁੱਤਰ ਨੂੰ ਦੁਆ ਗਈ। ਇੱਥੇ ਇੱਕ ਗੱਲ ਹੋਰ ਵੀ ਸੋਚਣ ਵਾਲੀ ਹੈ ਕਿ ਜਿਸ ਵਿਦਵਾਨ ਨੇ ਇਹ ਆਪ ਮੰਨਿਆ ਹੈ ਕਿ ਅੰਦਰ ਹਥਿਆਰ ਥਰਡ ਏਜੰਸੀ ਨੇ ਪਹੁੰਚਾਏ ਸਨ, ਉਸੇ ਵਿਦਵਾਨ ਅਨੁਸਾਰ ਏਅਰ ਇੰਡੀਆ ਦੇ ਜਹਾਜ ਡੇਗਣ ਵਿੱਚ ਜਿਸ ਬੰਦੇ ਦਾ ਨਾਮ ਮੁਖੀ ਦੇ ਤੌਰ ਤੇ ਬੋਲਦਾ ਸੀ ਉਸ ਨੂੰ ਵੀ ਪੈਸੇ ਦੇ ਕੇ ਇਹ ਕਾਰਾ ਸਰਕਾਰ ਨੇ ਆਪ ਹੀ ਕਰਵਾਇਆ ਸੀ। ਹੁਣ ਇਹ ਦੋਵੇ ਬੰਦੇ ਸਰਕਾਰੀ ਫੋਰਸਾਂ ਦੁਆਰਾ ਮਾਰੇ ਗਏ ਸਨ ਅਤੇ ਦੋਹਾਂ ਨੇ ਹੀ ਸਰਕਾਰ ਤੋਂ ਸਿੱਧੇ ਜਾਂ ਅਸਿੱਧੇ ਤੌਰ ਤੇ ਸਹਾਇਤਾ ਲਈ ਸੀ। ਇਸ ਵਿਦਵਾਨ ਅਨੁਸਾਰ ਜਿਸ ਡੇਰੇਵਾਦੀ ਬਿਪਰਵਾਦੀ ਸੋਚ ਦੇ ਧਾਰਨੀ ਸਾਧ ਦਾ ਇਹ ਖਾਸ ਸ਼ਰਧਾਲੂ ਹੈ, ਉਸ ਨੂੰ ਤਾਂ ਇਹ ਹੱਦ ਤੋਂ ਜਿਆਦਾ ਵਡਿਆਈ ਦਿੰਦਾ ਹੈ ਅਤੇ ਦੂਸਰੇ ਨੂੰ ਬਿੱਲਕੁੱਲ ਹੀ ਛੁਟਿਆਉਣ ਦਾ ਯਤਨ ਕਰਦਾ ਹੈ।

ਨਵੇਂ ਬਿਪਰ ਜੀ ਨੇ ਇੱਕ ਗੱਲ ਹੋਰ ਬੜੇ ਮਾਣ ਨਾਲ ਇਹ ਕਹੀ ਕਿ ਇਸ ਪਵਿੱਤਰ ਇਮਾਰਤ ਨੂੰ ਢਾਉਣ ਵਾਲੇ ਨੂੰ ਸਜਾ ਮੌਤ ਦੇ ਰੂਪ ਵਿੱਚ ਦਿੱਤੀ ਗਈ ਸੀ। ਹਾਂ, ਠੀਕ ਹੈ ਬਿਪਰ ਜੀ ਕਿਸੇ ਨੂੰ ਉਕਸਾਹਟ ਕਰਕੇ ਵਿਸ਼ਵਾਸ਼ ਘਾਤ ਕਰਨ ਲਈ ਤਿਆਰ ਕਰਨਾ ਵੀ ਕਿਸੇ ਵੱਡੇ ਬੰਦੇ ਦਾ ਹੀ ਕੰਮ ਹੋ ਸਕਦਾ ਹੈ ਜੀ। ਇਹ ਵਿਸ਼ਵਾਸ਼ ਘਾਤ ਕਰਕੇ ਇੱਕ ਵਿਆਕਤੀ ਨੂੰ ਸਜਾ ਦੇਣ ਬਦਲੇ ਹਜ਼ਾਰਾਂ ਹੀ ਨਿਰਦੋਸ਼ੇ ਸਿੱਖਾਂ ਦਾ ਕਤਲ ਕਰਵਾਉਣਾ, ਬਲਾਤਕਾਰ ਕਰਵਾਉਣੇ, ਜ਼ਿਉਂਦਿਆਂ ਨੂੰ ਅੱਗਾਂ ਵਿੱਚ ਸੜਵਾਉਣਾਂ, ਕਰੋੜਾਂ ਦੀ ਸੰਪਤੀ ਨਸ਼ਟ ਕਰਵਾਉਣਾ ਅਤੇ ਕਸਾਈਆਂ ਨੂੰ ਇਸ ਤਰ੍ਹਾਂ ਦੇ ਸਾਰੇ ਅਣਮਨੁੱਖੀ ਕਾਰੇ ਕਰਨ ਲਈ ਬਹਾਨਾ ਦੇਣਾ ਵੀ ਤਾਂ ਤੁਹਾਡੇ ਵਰਗੇ ਨਵੀਨ ਬਿਪਰਾਂ ਨੂੰ ਹੀ ਸੋਭਦਾ ਹੈ ਜੀ। ਠੀਕ ਹੈ ਨਾ ਬਿਪਰ ਜੀ?

ਅਗਾਂਹ ਹੁਣ ਅਸੀਂ ਵੱਡੇ ਬਿਪਰ ਜੀ ਅਥਵਾ ਗੁ: ਬਿਲਾਸ ਪਾਤਸ਼ਾਹੀ ਛੇਵੀਂ ਵਿਚੋਂ ਇਸ ਕਹੇ ਜਾਂਦੇ ਅਕਾਲ ਤਖ਼ਤ ਨਾਲ ਸੰਬੰਧਿਤ ਕੁੱਝ ਹੋਰ ਜਾਣਕਾਰੀ ਪਾ ਰਹੇ ਹਾਂ ਇਹ ਜਾਣਕਾਰੀ ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ ਦੀ ਲਿਖੀ ਹੋਈ ਲਿਖਤ ਵਿਚੋਂ ਲੈ ਕੇ ਪਾ ਰਹੇ ਹਾਂ ਜੋ ਕਿ ਕੋਈ 10-12 ਸਾਲ ਪਹਿਲਾਂ ਦੀ ਲਿਖੀ ਹੋਈ ਹੈ ਅਤੇ ਇਸ ਨੂੰ ਦੁਬਾਰਾ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਇੱਥੇ ਸਿੱਖ ਮਾਰਗ ਤੇ ਪਾਇਆ ਸੀ:

ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਅਕਾਲ ਤਖ਼ਤ ਦਾ ਵਰਨਣ

ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਜੀਵਨ ਕਾਲ ਵਿਚਲੀ ਕੇਵਲ ਅਕਾਲ ਤਖ਼ਤ ਸਿਰਜੇ ਜਾਣ ਵਾਲੀ ਘਟਨਾਂ ਦਾ ਹੀ ਵੇਦਾਂਤੀ ਜੀ ਨੇ ਜ਼ਿਕਰ ਕੀਤਾ ਹੈ। ਪਰ ਕੀ, ਸ੍ਰੀ ਅਕਾਲ ਤਖ਼ਤ ਦੇ ਇਤਿਹਾਸ ਬਾਰੇ ਗੁਰਬਿਲਾਸ ਵਿਚਲੀ ਲਿਖਤ ਪੁਰਾਣਕ ਝੂਠ ਵਿੱਚ ਹੀ ਗਲੇਫੀ ਹੋਈ ਤਾਂ ਨਹੀਂ ਹੈ? ਕੀ ਗੁਰਬਿਲਾਸ ਵਿਚਲਾ ਇਹ ਪੱਖ ਗੁਰੂ ਬਾਣੀ ਦੀ ਕਸਵੱਟੀ ਤੇ ਠੀਕ ਪੂਰਾ ਉੱਤਰਦਾ ਹੈ? ਵੇਦਾਂਤੀ ਜੀ ਦੀ ਸੇਵਾ ਵਿੱਚ ਮਿਤੀ 28 ਜਨਵਰੀ 2001 ਨੂੰ ਲਿਖੀ ਚਿੱਠੀ ਜੋ ਮਾਸਕ ਪੱਤਰ ਸਪੋਕਸਮੈਨ ਵਿੱਚ ਛਪਣ ਦੇ ਨਾਲ ਹੋਰ ਵੀ ਕਈ ਅਖ਼ਬਾਰਾਂ ਵਿੱਚ ਛਪੀ ਅਤੇ ਅੱਜ Internet ਤੋਂ ਵੀ ਮਿਲ ਸਕਦੀ ਹੈ, ਵਿਚਲੀ ਚਨੌਤੀ ਦੇ ਇਹ ਬਚਨ -“ਗੁਰਮਤਿ ਦੇ ਵੈਰੀ ਇਸ ਲਿਖਾਰੀ ਦੇ ਲਿਖੇ ਵਿਚੋ, ਜੇ ਤੁਸੀਂ ਗੁਰੂ ਇਤਿਹਾਸ ਦੇ ਅਜੇਹੇ ਇੱਕ ਵੀ ਪੱਖ ਦੀ ਦੱਸ ਪਾ ਦਿਉ ਜਿਸ ਨੂੰ ਤੁਸੀਂ ਗੁਰੂ ਸ਼ਬਦਾਂ ਦੇ ਅਧਾਰ ਤੇ ਗੁਰਮਤਿ ਦੀ ਕਸਵੱਟੀ ਤੇ ਪੂਰਾ ਉਤਰਦਾ ਸਿੱਧ ਕਰ ਸਕਦੇ ਹੋਵੋ ਤਾਂ ਦਾਸ ਪੰਥ ਨੂੰ ਕੁਰਾਹੇ ਪਾਉਣ ਦਾ ਅਪਰਾਧ ਕਬੂਲ ਕਰਦਾ ਹੋਇਆ, ਹਰ ਪ੍ਰਕਾਰ ਦਾ ਡੰਨ ਭੁਗਤਨ ਲਈ ਤਿਆਰ ਹੈ”?

(ੳ) - ਪੁਸਤਕ ਦੇ 210 ਸਫ਼ੇ ਤੇ “ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ” ਦੇਂ ਪ੍ਰਸੰਗ ਦਾ ਵੇਰਵਾ ਇਸ ਪ੍ਰਕਾਰ ਹੈ:-

ਹਾੜ ਪੰਚ ਪੰਚਮੀ ਜਾਨੁ। ਸ੍ਰੀ ਗੁਰ ਉੱਦਮੁ ਕੀਨ ਮਹਾਨ॥ 35॥

ਗੁਰਦਾਸ ਬੁੱਢੇ ਕੋ ਲੈ ਨਿਜ ਸਾਥਿ। ਤਖ਼ਤ ਅਰੰਭ ਕਰਿ ਦੀਨਾ ਨਾਥ।

ਜਹ ਭਗਵੰਤ ਥੀ ਆਗਿਆ ਦਈ। ਤਹਾਂ ਆਰੰਭ ਗੁਰੂ ਜੀ ਕਈ॥ 36॥

ਦੋਹਰਾ॥ ਸੁਰ ਗੁਰ ਦਿਨ ਇਸਥਿਰੁ ਲਗਨ ਉੱਤਮ ਸਮਾ ਵਿਚਾਰਿ॥ ਅਤਿ ਮੰਗਲ ਸੋਂ ਸ੍ਰੀ ਗੁਰ ਬਾਜੇ ਅਧਿਕ ਸੁਧਾਰ॥ 37॥ ਕਰਿ ਅਰਦਾਸਿ ਸ੍ਰੀ ਗੁਰ ਤਹਾ ਪੁਨਿ ਪ੍ਰਸ਼ਾਦਿ ਵਰਤਾਏ। ਪ੍ਰਿਥਮ ਨੀਵ ਸ੍ਰੀ ਗੁਰ ਰਖੀ ਅਬਿਚਲ ਤਖ਼ਤ ਸੁਹਾਇ॥ 38॥

ਅਰਥ:-ਪੰਜ ਹਾੜ ਦੀ ਪੰਚਮੀ ਥਿਤ ਜਾਣ ਕੇ ਸਤਿਗੁਰੂ ਜੀ ਨੇ ਬੜਾ ਵਡਾ ਉੱਦਮ ਕੀਤਾ। ਭਾਈ ਗੁਰਦਾਸ ਤੇ ਬਾਬਾ ਬੁਢਾ ਜੀ ਨੂੰ ਨਾਲ ਲਿਆ ਤੇ ਤਖ਼ਤ ਦੀ ਉਸਾਰੀ ਦਾ ਕੰਮ ਉਸ ਥਾਂ ਸ਼ੁਰੂ ਕੀਤਾ ਜਿਸ ਥਾਂ ਤੇ ਬਣਾਉਣ ਲਈ (ਚਤੁਰਭੁਜੀ ਰੂਪ ਵਿਸ਼ਨੂੰ) ਭਗਵੰਤ ਨੇ ਆਗਿਆ ਕੀਤੀ ਸੀ। (-ਪੰਜਵੇ ਅਧਿਆਇ ਦੇ 124 ਸਫ਼ੇ ਤੇ ਜਦੋਂ ਵਿਸ਼ਨੂੰ ਜੀ ਨੇ ਚਤੁਰਭੁਜੀ ਭਗਵਾਨ ਦੇ ਰੂਪ ਵਿੱਚ ਪ੍ਰਗਟ ਹੋ ਕੇ ਗੁਰੂ ਅਰਜਨ ਸਾਹਿਬ ਨੂੰ ਅਜੋਕੇ ਕੋਠਾ ਸਾਹਿਬ ਦੇ ਥਾਂ ਤੇ ਆਪਣੀ ਰਿਹਾਇਸ਼ ਬਣਾਉਣ ਲਈ ਅਖਿਆ, ਤਾਂ ਨਾਲ ਇਉਂ ਕਿਹਾ ਵੀ ਲਿਖਾਰੀ ਨੇ ਦਰਸਾਇਆ ਹੋਇਆ ਹੈ-“ਤੁਮਰੋ ਸੁਤ ਤੁਮ ਨਿਕਟਿ ਹੀ ਮੇਰੋ ਤਖ਼ਤ ਬਨਾਇ “॥ 50॥) ਸੁਰ=ਵੀਰ ਵਾਰ ਦੇ ਦਿਨ ਚੰਗੀ ਰਾਸ ਦਾ ਉਦੇ ਹੋਣਾ, ਮਹੂਰਤ, ਭਾਵ ਅਚੱਲ ਤੇ ਸ੍ਰੇਸ਼ਟ ਸਮਾਂ ਜਾਣਕੇ ਬੜੇ ਸੋਹਣੇ ਵਾਜਿਆ ਗਾਜਿਆਂ ਨਾਲ ਸ੍ਰੀ ਅਕਾਲ ਤਖ਼ਤ ਦੀ ਰਚਨਾ ਆਰੰਭ ਕਰ ਦਿੱਤੀ। ॥ 37॥ (ਇਹ ਅਰਥ ਟੂਕ ਵਿੱਚ ਲਿਖੇ ਵੇਦਾਂਤੀ ਜੀ ਦੇ ਅਰਥਾਂ ਦੇ ਅਧਾਰ ਤੇ ਲਿਖੇ ਹਨ) ਅਰਦਾਸ ਕਰਕੇ ਪ੍ਰਸ਼ਾਦਿ ਵਰਤਾਇਆ ਤੇ ਫਿਰ ਸੋਭਨੀਕ ਤੇ ਸਦੀਵ ਕਾਲ ਰਹਿਣ ਵਾਲੇ ਤਖ਼ਤ ਦੀ ਰਚਨਾ ਆਰੰਭ ਕਰ ਦਿਤੀ॥ 38॥ {ਵੇਦਾਂਤੀ ਜੀ ਵਲੋਂ ਤਖ਼ਤ ਨੂੰ ਸਦੀਵ ਕਾਲ ਰਹਿਣ ਵਾਲਾ ਜਾਂ ਲਿਖਾਰੀ ਵਲੋਂ ਅਬਿਚਲ ਲਿਖਣਾ ਗੁਰਮਤਿ ਦੇ ਉਲਟ ਹੈ। ਕਿਉਂਕਿ ਗੁਰੂ ਫ਼ੁਰਮਾਨ ਇਉਂ ਹਨ- (1) -ਜੋ ਦੀਸੈ ਸੋ ਹੋਇ ਬਿਨਾਸਾ॥ {1167} - (2) -ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ॥ 1॥ {1231} - (3) - ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ॥ 2॥ {808} ਗੁਰਮਤਿ ਦਾ ਇਹ ਪੱਕਾ ਸਿਧਾਂਤ ਹੈ ਕਿ, ਨਜ਼ਰ ਆਉਣ ਵਾਲਾ ਸਾਰਾ ਸੰਸਾਰ ਹੀ ਨਾਸਵੰਤ ਹੈ। ਅਕਾਲ ਤਖ਼ਤ ਤਾਂ ਇੱਕ ਤੋਂ ਵੱਧ ਵਾਰੀ ਢਾਇਆ ਬਣਾਇਆ ਜਾ ਚੁਕਿਆ ਹੈ। ਇਸ ਵਿੱਚ ਲਿਖਾਰੀ ਨੇ “ਅਕਾਲ ਤਖ਼ਤ” ਨਾਮ ਨਹੀਂ ਦਰਸਾਇਆ, ਪਰ ਵੇਦਾਂਤੀ ਜੀ ਨੇ ਅਰਥਾਂ ਵਿੱਚ “ਅਕਾਲ ਤਖ਼ਤ” ਲਿਖਣਾ ਸ਼ੁਰੂ ਕੀਤਾ ਹੋਇਆ ਹੈ}

ਦੋਹਰਾ। ਇਹ ਬਿਧਿ ਤਖ਼ਤ ਬਨਾਇਯੋ ਸ੍ਰੀ ਗੁਰ ਅਪਨੈ ਹਾਥ। ਮਨਹੁ ਜਹਾਜ਼ ਜਗੁ ਤਰਨ ਕੋ ਰਚਯੋ ਸੁ ਦੀਨਾਨਾਥ। 41.

ਗੁਰਮਤਿ ਦਾ ਖ਼ਾਤਮਾ ਕਰ ਰਹੇ ਲਿਖਾਰੀ ਨੇ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਘਟਾਉਣ ਦੀ ਯੋਜਨਾ ਅਧੀਨ ਲੋਕਾਂ ਦੇ ਪਾਰ ਉਤਾਰੇ ਲਈ ਤਖ਼ਤ-ਰੂਪ Building ਮਾਨੋ ਇੱਕ ਕਰਾਮਾਤੀ ਜਹਾਜ਼ ਬਣਵਾ ਲਿਆ। ਗੁਰਦੇਵ ਜੀ ਦਾ ਹੁਕਮ ਹੋਇਆ ਤਾਂ ਦੇਸਾਂ ਪਰਦੇਸਾਂ ਤੋਂ ਹਥਿਆਰ ਘੋੜੇ, ਊਠ, ਆਦ ਭੇਟਾ ਲੈ ਕੇ ਸੰਗਤਾਂ ਦੇ ਨਾਲ ਅਬਦੁਲ ਨਾਮੀ ਢਾਢੀ ਨੇ ਵੀ ਆ ਰੌਣਕਾਂ ਲਾਈਆਂ। {ਪੜ੍ਹੋ 210 ਸਫ਼ੇ ਤੋਂ ਸਵੈਯਾ 42 ਅਤੇ-211 ਸਫ਼ੇ ਤੋਂ ਕੁੰਡਲੀਆ 43}

ਅੜਿਲ॥ ਅਕਾਲ ਪੁਰਖ ਤਬ ਆਯੋ ਬਹੁ ਸੁਖ ਪਾਇ ਕੈ। ਬੁੱਢੇ ਭਾਈ ਕੋ ਦਰਸੁ ਦੇ ਆਇ ਕੈ। ਮੁਖ ਸੋਂ ਭਾਖੇ ਬੈਨ ਦੇਰਿ ਨਹਿ ਠਾਨੀਅਏ। ਹੋ ਦਸਮੀ ਥਿਤ ਰਵਿਵਾਰ ਅਮੋਲਕ ਜਾਨੀਏ। 44.

ਅਕਾਲ ਪੁਰਖ ਜੀ ਨੇ ਆਪ ਪ੍ਰਤੱਖ ਹੋ ਕੇ ਥਿਤ ਵਾਰ ਦਾ ਭਰਮ ਪ੍ਰਪੱਕ ਕੀਤਾ? ਅਤੇ ਵਿਸ਼ਨੂ-ਰੂਪ ਅਕਾਲ ਪੁਰਖ ਦੀ ਆਗਿਆ ਅਨੁਸਾਰ ਗੁਰੂ ਹਰਿਗੋਬਿੰਦ ਜੀ ਨੇ-

ਸਵੱਯਾ॥ ਪੀਤ ਪੁਸ਼ਾਕ ਧਰੀ ਸੁਖਸਾਗਰ, ਔ ਕਲਗ਼ੀ ਗੁਰ ਸੀਸ ਸੁਹਾਵੈ। ਔ ਭੁਜਅੰਗਦ ਸੋਹਤ ਹੈ, ਪੁਨਿ ਪੀਠ ਪੈ ਚਰਮ ਧਰੀ ਛਬਿ ਪਾਵੈ। “. .

ਦੋ ਅਸਿ ਲੈ ਭਗਵੰਤ ਤਬੈ ਗੁਰ ਕੈ ਗਰ ਡਾਰ ਦੀਏ ਹਰਖਾਵੈ। ਮੀਰ ਕੀ ਮੀਰ ਔਰ ਪੀਰ ਕੀ ਪੀਰ, ਸੁ ਦੋਊ ਧਰੀ ਭਗਵੰਤ ਅਲਾਵੈ॥ 47॥ ਅਰਥ:- (ਕ੍ਰਿਸ਼ਨ ਜੀ ਵਾਂਗ) ਪੀਲੇ ਰੰਗ ਦੇ ਬਸਤ੍ਰ ਤੇ ਸੀਸ ਤੇ ਕਲਗ਼ੀ ਸੋਹੰਦੀ ਹੈ। ਬਾਹਾਂ ਤੇ ਬਾਜੂ-ਬੰਦ। ਪਿਠ ਤੇ ਢਾਲ ਸੋਭਦੀ ਹੈ। ਭਗਵਾਨ ਨੇ ਦੋ ਅਸ=ਭਾਵ ਦੋ ਤਲਵਾਰਾਂ ਫੜ ਖ਼ੁਸ਼ੀ ਨਾਲ ਗੁਰੂ ਜੀ ਦੇ ਗਲ ਵਿੱਚ ਪਾ ਦਿੱਤੀਆਂ। ਫਿਰ ਵਿਸ਼ਨੂੰ ਰੱਬ ਜੀ ਨੇ ਆਖਿਆ ਕਿ ਬਾਦਸ਼ਾਹਾਂ ਦੀ ਬਾਦਸ਼ਾਹੀ ਵਾਲੀ ਅਤੇ ਫ਼ਕੀਰਾਂ ਦੀ ਫ਼ਕੀਰੀ ਵਾਲੀ, ਇਹ ਦੋ ਤਲਵਾਰਾਂ ਹਨ।। 47.

ਭਾਵ ਇਹ ਕਿ, ਅਕਾਲ ਤਖ਼ਤ ਦਾ ਅਤੇ ਮੀਰੀ ਪੀਰੀ ਦਾ ਸੰਕਲਪ ਵੀ ਉਸੇ ਵਿਸ਼ਨੂ ਰੂਪ ਬ੍ਰਾਹਮਣ ਦੀ ਹੀ ਦੇਣ ਹੈ ਜਿਹੜਾ ਜਨੇਊ ਨਾ ਪਾਉਣ ਵਾਲੇ ਦਿਨ ਤੋਂ ਹੀ ਸਤਿਗੁਰੂ ਨਾਨਕ ਜੀ ਦੀ ਸਿੱਖੀ ਦਾ ਕੱਟੜ ਵੈਰੀ ਬਣ ਖਲੋਤਾ ਹੋਇਆ ਸੀ/ਹੈ?

ਸੱਜ ਧੱਜ ਕੇ ਗੁਰੂ ਹਰਿਗੋਬਿੰਦ ਜੀ ਨੇ-ਤਖ਼ਤ ਬੰਦਨਾ ਕਰਿ ਮਨ ਲਾਈ। ਬੈਠੇ ਤਖ਼ਤ ਨਿਕਟਿ ਸੁਖ ਪਾਈ। 48. ਆਪਣੇ ਹਥੀਂ ਬਣਾਏ ਮਿਟੀ ਗਾਰੇ ਆਦਿ ਦੇ ਨਿਰਜਿੰਦ ‘ਤਖ਼ਤ’ ਨੂੰ ਨਮਸਕਾਰਾਂ ਕੀਤੀਆਂ ਤੇ ਅਦਬ ਸਤਿਕਾਰ ਨਾਲ ਕੋਲ ਬੈਠ ਗਏ। ਵਿਸ਼ਨੂੰ ਭਗਵਾਨ ਜੀ ਨੇ ਗੁਰੂ ਹਰਿ ਗੋਬਿੰਦ ਜੀ ਨੂੰ ਤਖ਼ਤ ਉਤੇ ਬੈਠ ਕੇ ਆਪਣੇ ਵੈਰੀਆਂ ਦਾ ਨਾਸ ਕਰਦੇ ਰਹਿਣ ਲਈ ਆਖਿਆ, ਅਗੋਂ ਉਨ੍ਹਾਂ ਨੇ ਬੇਨਤੀ ਕੀਤੀ -ਮੈਂ ਤਾਂ ਸੇਵਕ ਹਾਂ, ਸੇਵਕ ਨੂੰ ਅਰਦਾਸ ਤੇ ਸੇਵਾ ਕਰਨੀ ਹੀ ਸੋਭਦੀ ਹੈ {ਟੂਕ ਵਿਚਲੇ 211 ਸਫ਼ੇ ਤੇ ਅਰਥਾਂ ਸਹਿਤ ਵੇਖੋ ਚੌਪਈ ਨੰ: 49} ਦੋਹਰਾ॥ ਕਹਿ ਭਗਵੰਤ ਨਿਜ ਮੋਹਿ ਮੈ ਭੇਦ ਕਛੂ ਨਹਿ ਚੀਨ।

ਅਕਾਲ ਤਖ਼ਤ ਯਹ ਨਾਮ ਧਰਿ ਤੋਹਿ ਨਾਮੁ ਨਹਿ ਕੀਨ॥ 50॥ {ਸਫ਼ਾ 212}

ਚੌਪਈ॥ ਜਬ ਲਗ ਤੁਮਰੀ ਦੇਹ ਰਹਾਵੋ। ਤਬ ਲਗ ਤੁਮ ਯਾ ਪਰਿ ਛਬ ਪਾਵੋ ।

ਪਾਛੈ ਸ਼ਸਤ੍ਰ ਰੂਪ ਮਮ ਜਾਨੋ। ਮਮ ਪੂਜਾ ਹਿਤਿ ਇਹ ਠਾਂ ਠਾਨੋਂ॥ 51॥ {212

ਅਰਥ:-ਵਿਸ਼ਨੂੰ ਭਗਵਾਨ ਨੇ ਆਖਿਆ ਮੇਰੇ ਤੇ ਆਪਣੇ ਵਿੱਚ ਕੋਈ ਫ਼ਰਕ ਨਾ ਸਮਝੋ। (ਪਰ) ਮੈਂ ਇਹ ਤਖ਼ਤ ਤੇਰੇ ਨਮ ਤੇ (ਗੁਰੂ ਤਖ਼ਤ) ਨਾਮ ਨਹੀਂ ਸਗੋਂ ਆਪਣੇ (ਅਕਾਲ ਪੁਰਖ) ਨਾਮ ਤੇ ਇਸ ਤਖ਼ਤ ਦਾ ਨਾਮ ਅਕਾਲ-ਤਖ਼ਤ ਰੱਖਿਆ ਹੈ। ਜਿੰਨਾ ਚਿਰ ਤੁਸੀਂ (ਮਨੁੱਖਾ) ਸਰੀਰ ਵਿੱਚ ਹੋ (ਭਾਵ. ਜਿੰਨਾ ਚਿਰ ਤਸੀਂ ਜੀਵਤ ਹੋ) ਉਨਾ ਚਿਰ ਤੁਸੀਂ ਇਸ ਥਾਂ ਤੇ ਸੋਭਾ ਪਾਵੋ। (ਪਰ) ਤੁਹਾਡੇ ਮਗਰੋ ਸ਼ਸਤ੍ਰਾਂ ਨੂੰ ਮੇਰਾ ਰੂਪ ਜਾਨਣਾ ਹੈ। ਮੇਰੀ ਪੂਜਾ ਵਾਸਤੇ ਹਥਿਅਰਾਂ ਨੂੰ ਹੀ ਇਸ ਥਾਂ ਤੇ ਟਿਕਾਉਣਾ ਹੈ। 50-51.

ਐਸੋ ਕਹਿ ਗੁਰ ਭੁਜਾ ਗਹਾਏ। ਅਕਾਲ ਪੁਰਖ ਮਨ ਮੈਂ ਹਰਖਾਏ।

ਸ੍ਰੀ ਗੁਰ ਊਪਰਿ ਤਖ਼ਤ ਬਹਾਯੋ। ਨਭ ਭੂਮਿ ਜੈ ਜੈਕਾਰੁ ਅਲਾਯੋ॥ 52॥

ਅਰਥ:-ਇਹ ਕਹਿ ਕੇ ਭਗਵਾਨ ਜੀ ਨੇ ਬਾਹੋਂ ਫੜ ਕੇ ਹਰਿਗੋਬਿੰਦ ਜੀ ਨੂੰ ਤਖ਼ਤ ਦੇ ਬਿਠਾ ਦਿੱਤਾ ਤੇ ਧਰਤੀ ਅਤੇ ਅਸਮਾਨ ਤੇ ਜੈ ਜੈਕਾਰ ਦੀ ਧੁਨੀ ਗੂੰਜ ਪਈ। {ਚੌਪਈ 51-52}

ਵਿਸ਼ਨੂੰ ਭਗਵਾਨ ਦੀ ਜ਼ਬਾਨੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਸ਼ੋਭਤ ਹੋਣ ਦੇ ਜ਼ਿਕਰ ਵਿੱਚ ਲਿਖਾਰੀ ਨੇ ਸੰਪਾਦਨਾਂ ਦੇ ਸਮੇ ਤੋਂ ਹੀ ਬਣਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਖੋਂ ਪਰੋਖੇ ਤਾਂ ਕਰਨਾ ਹੀ ਸੀ, ਪਰ ਉਸ ਦੀ ਕੁਟਲਤਾ ਦੀ ਹਦ ਵੇਖੋ ਕਿ ਉਸ ਨੇ ਉਨ੍ਹਾਂ ਗੁਰੁ ਸਰੂਪਾਂ ਦਾ ਜ਼ਿਕਰ ਵੀ ਨਾ ਦਰਸਾਇਆ ਜਿਨ੍ਹਾਂ ਬਾਰੇ 209 ਸਫ਼ੇ ਤੇ 24 ਨੰਬਰ ਚੌਪਈ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਹੀ ਜ਼ਬਾਨੀ ਇਹ ਬਚਨ “ਚਾਰਿ ਅਵਤਾਰ ਅਗ੍ਰ ਹੈਂ ਧਰਨੇ। ਕੌਤਕ ਅਨਿਕ ਜਗਤਮੈ ਕਰਨੇ”। ਕਹੇ ਦਰਸਾਏ ਹੋਏ ਹਨ। ਉਨ੍ਹਾਂ ਚਾਰ ਗੁਰੂ ਸਾਹਿਬਾਨ ਨੂੰ ਅਥਵਾ ਸਤਿਗੁਰੂ ਨਾਨਕ ਸਾਹਿਬ ਦੀ ਜੋਤਿ ਜੁਗਤਿ ਦੇ ਸਦੀਵੀ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਆਪਣੇ ਵਿਸ਼ਨੂੰ ਰੱਬ ਦੀ ਜ਼ਬਾਨੀ ਅਕਾਲ ਤਖ਼ਤ ਦੇ ਵਾਰਸ ਨਾ ਦਰਸਾਇਆ? ਸਗੋਂ ਆਪਣੇ ਪਰਾਏ ਦੀ ਪਛਾਣ ਤੋਂ ਹੀਣੇ, ਅਪਣੇ ਪੁਜਾਰੀ ਦਾ ਘਾਤ ਕਰਨ ਤੋਂ ਵੀ ਇਨਕਾਰੀ ਨਾ ਹੋਣ ਵਾਲੇ ਨਿਰਜਿੰਦ ਹਥਿਆਰਾਂ ਨੂੰ ਵਿਸ਼ਨੂੰ-ਰੂਪ ਅਕਾਲ-ਪੁਰਖ ਜਾਣ ਕੇ ਪੂਜਨੀਕ ਬਣਾਉਣ ਦੀ ਗਲ ਲਿਖ ਦਿੱਤੀ। ਗੁਰੂ ਫ਼ੁਰਮਾਨ- (1) -ਜੈ ਸਿਉ ਰਾਤਾ ਤੈਸੋ ਹੋਵੈ॥ {411} - (2) -ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ॥ {755} ਸ਼ਸਤਰਾਂ ਦਾ ਪੁਜਾਰੀ ਕਦੇ ਵੀ ਮਿਠਬੋਲੜਾ, ਸਭਨਾ ਦੀ ਰੇਣਕਾ, ਸਰਬਤ ਦੇ ਭਲੇ ਦੀ ਲੋਚਨਾਂ ਕਰਨ ਵਾਲਾ, ਨਿਰਵੈਰ ਤੇ ਖਿਮਾ ਗੁਣ ਦਾ ਧਾਰਨੀ ਨਹੀਂ ਹੋ ਸਕਦਾ। ਫਿਰ ਗੁਰੂ ਇਤਿਹਾਸ ਦੀ ਇਸ ਸਚਾਈ ਤੋਂ ਵੀ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੀ ਜਵਾਨ ਅਵਸਥਾ ਵਿੱਚ ਹੀ ਇਸ ਤਖ਼ਤ ਨੂੰ ਤਿਆਗ ਕੇ “ਕੀਰਤਪੁਰ” ਸਾਹਿਬ ਜਾ ਟਿਕੇ ਸਨ ਅਤੇ ਦਸਵੇਂ ਸਰੂਪ ਤੱਕ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਵਲ ਨਾ ਸੀ ਪਰਤੇ। ਭਾਵ, ਛੇਵੇਂ ਗੁਰੂ ਜੀ ਨੇ ਕਥਿਤ ਅਕਾਲਪੁਰਖ ਵਿਸ਼ਨੂ ਜੀ ਦੀ ਇਸ ਆਗਿਆ ਦੀ-“ਜਬ ਲਗ ਤੁਮਰੀ ਦੇਹ ਰਹਾਵੇ। ਤਬ ਲਗੁ ਤੁਮ ਯਾ ਪੋਰ ਛਬਿ ਪਾਵੋ” {ਚੌਪਈ-51-ਸਫ਼ਾ 212} -ਜ਼ਰਾ ਵੀ ਪਰਵਾਹ ਨਾ ਸੀ ਕੀਤੀ।

ਲਓ ਹੁਣ ਵੱਡੇ ਬਿਪਰ ਜੀ ਦੀ ਇੱਕ ਹੋਰ ਚੋਰੀ ਵਾਲੀ ਸਾਖੀ ਵੀ ਸੁਣ ਲਓ ਕਿ ਕਿਵੇਂ ਉਹ ਛੇਵੇਂ ਗੁਰੂ ਜੀ ਦੇ ਮਹਿਲ, ਮਾਤਾ ਨਾਨਕੀ ਜੀ ਵਲੋਂ ਭਾਈ ਵਿਧੀ ਚੰਦ ਨੂੰ ਘੋੜੇ ਚੋਰੀ ਕਰਕੇ ਲਿਆਉਣ ਤੋਂ ਬਾਅਦ ਆਪਣੇ ਲਈ ਕਿਸੇ ਰਾਣੀ ਦੇ ਚੰਗੇ ਦੁਸ਼ਾਲੇ ਚੋਰੀ ਕਰਕੇ ਲਿਆਉਣ ਲਈ ਕਹਿ ਰਹੇ ਹਨ:

ਸ਼ਾਹ ਅਸੑ ਗੁਰ ਹਿਤਿ ਅਏ, ਮਮ ਹਿਤਿ ਭੂਖਨ ਲਯਾਇ॥ ਜਰ ਚੂਨੀ ਬੇਗਮ ਸੁਖਦ ਰੰਕ ਨ ਕੋਇ ਦੁਖਾਇ।। 120. (ਅਧਿਆਇ-20). ਬਿਧੀ ਚੰਦ ਨੇ, ਮਲਕਾ ਦੇ ਅਨਮੋਲ ਦੁਸ਼ਾਲਿਆਂ ਦੇ ਨਾਲ ਬੇਅੰਤ ਗਹਿਣੇ ਵੀ ਚੋਰੀ ਕਰਕੇ, ਮਾਤਾ ਜੀ ਦੇ ਅੱਗੇ ਲਿਆ ਧਰੇ:-

ਬਿਧੀ ਚੰਦ ਤਿਹ ਨਜ਼ਰ ਬਚਾਇ। ਲਾਂਘ ਬਿਪਾਸਾ ਗੁਰ ਗੁਨ ਗਾਇ॥ ਆਇ ਮਾਤ ਕੋ ਬੰਦਨ ਧਾਰੀ। ਭੂਖਨ ਆਗੇ ਧਰੇ ਅਪਾਰੀ॥ 131॥

ਦੋਹਰਾ॥ ਦਿਖਿ ਭੂਖਨ ਬਹੁ ਮੋਲ ਕੇ ਜ਼ਰ ਨਗ ਤੇਜ ਅਪਾਰ। ਮਾਤ ਨਾਨਕੀ ਬਰੁ ਦੀਯੋ ਹੇ ਸੁਤ ਪਰਉਕਾਰ॥ 132॥ (ਅਧਿਆਇ 20)

ਚੌਪਈ॥ ਦਯਾਸਿੰਧੁ ਜਬ ਮਹਲੀ ਆਏ। ਮਾਤਾ ਭੂਖਨ ਸਕਲ ਦਿਖਾਏ।

ਬਿਧੀ ਚੰਦ ਕੀ ਕਰੀ ਬਡਾਈ। ਹੇ ਪ੍ਰਭ ਇਹ ਕੇ ਬਲ ਅਧਿਕਾਈ॥ 136॥

ਸਤਿਗੁਰੂ ਜੀ ਨੂੰ ਬੜੇ ਪ੍ਰਸੰਨ ਚਿਤ ਹੋਏ, ਭਾਈ ਬਿਧੀ ਚੰਦ ਜੀ ਲਈ ਇਹ ਬਚਨ ਕਹਿੰਦੇ ਚਤੁਰ ਲਿਖਾਰੀ ਨੇ ਪਹਿਲਾਂ ਹੀ ਦਰਸਾ ਲਿਆ ਹੋਇਆ ਹੈ-

ਦੋਹਰਾ॥ ਬਿਧੀਏ ਸਮ ਕੋ ਚੋਰ ਨਹਿ ਪੁਨਾ ਬਲੀ ਨਹਿ ਕੋਇ।

ਗੁਰਸੇਵਕ ਤਨਿ ਮਨਿ ਭਯੋ ਪਾਛੇ ਹੋਇ ਨ ਹੋਇ॥ 71॥ {ਅਧਿਾਇ 20}

ਨਵੇਂ ਬਿਪਰ ਜੀ ਕਿਉਂ ਜੀ ਕੀ ਤੁਸੀਂ ਆਪਣੇ ਵੱਡੇ ਬਿਪਰ ਜੀ ਦੀ ਇਸ ਗੱਲ ਨਾਲ ਵੀ ਸਹਿਮਤ ਹੋ ਕਿ ਗੁਰੂ ਜੀ ਅਤੇ ਉਹਨਾ ਦੇ ਮਹਿਲ ਇਸ ਤਰ੍ਹਾਂ ਦੇ ਕੰਮ ਕਰਵਾਉਂਦੇ ਰਹੇ ਹਨ ਅਤੇ ਜਾਂ ਫਿਰ ਆਪਣੇ ਮਤਲਬ ਦੀਆਂ ਕੁੱਝ ਪੰਗਤੀਆਂ ਨਾਲ ਹੀ ਸਹਿਮਤ ਹੋ ਜੀ? ਸਾਡਾ ਲਈ ਤਾਂ ਜੀ ਗੁਰੂ ਬਾਣੀ ਦਾ ਸੰਦੇਸ਼ ਹੀ ਸਭ ਤੋਂ ਉਤਮ ਹੈ ਜੀ ਅਤੇ ਇਸ ਬਾਣੀ ਦੇ ਉਪਦੇਸ਼ ਅਨੁਸਾਰ ਤਾਂ ਜੀ ਚੋਰ ਦੀ ਕਿਸੇ ਵੀ ਤਰ੍ਹਾਂ ਦੀ ਹਾਮੀ ਨਹੀਂ ਭਰੀ ਜਾ ਸਕਦੀ:

ਚੋਰ ਕੀ ਹਾਮਾ ਭਰੇ ਨ ਕੋਇ॥ ਚੋਰੁ ਕੀਆ ਚੰਗਾ ਕਿਉ ਹੋਇ॥ ਪੰਨਾ 662)

ਹੇ ਨਵੇਂ ਬਿਪਰ ਜੀ ਅਤੇ ਇਸ ਦੇ ਸਾਥੀਓ ਤੁਸੀਂ ਸਾਰੇ ਆਪ ਹੀ ਅਜੇ ਤੱਕ ਇੱਕ ਗੱਲ ਨਾਲ ਸਹਿਮਤ ਨਹੀਂ ਹੋ ਕਿ ਤੁਸੀਂ ਅਕਾਲ ਤਖ਼ਤ ਕਿਸ ਨੂੰ ਕਹਿੰਦੇ ਹੋ? ਕਦੀ ਤੁਸੀਂ ਇੱਕ ਇਮਾਰਤ ਨੂੰ ਪਵਿੱਤਰ ਜਾਣ ਕੇ ਅਕਾਲ ਤਖ਼ਤ ਕਹਿੰਦੇ ਹੋ, ਕਦੀ ਸਿਧਾਂਤ ਦੀ ਗੱਲ ਕਰਦੇ ਹੋ, ਕਦੀ ਇਸ ਨੂੰ ਸੁਪਰੀਮ ਕੋਰਟ ਨਾਲ ਤੁਲਨਾ ਦੇ ਦਿੰਦੋ ਹੋ, ਕਦੀ ਇਸ ਨੂੰ ਕਾਨੂੰਨ ਬਣਾਉਣ ਵਾਲੀ ਪਾਰਲੀਮਿੰਟ ਬਣਾ ਧਰਦੇ ਹੋ, ਕਦੀ ਫਲਸਫਾ ਕਹਿੰਦੇ ਹੋ ਅਤੇ ਕਦੀ ਗੁਰਬਾਣੀ ਵਿਚਲੇ ਸਿਧਾਂਤ ਨੂੰ ਇੱਥੋਂ ਲਾਗੂ ਕਰਨ ਦੀ ਗੱਲ ਕਹਿੰਦੇ ਹੋ। ਭਾਵ ਕਿ ਇੱਕ ਝੂਠ ਨੂੰ ਸੱਚ ਵਿੱਚ ਬਦਲਣ ਲਈ ਸੈਂਕੜੇ ਹੋਰ ਝੂਠਾਂ ਦਾ ਸਹਾਰਾ ਲੈਂਦੇ ਹੋ। ਦਰਅਸਲ ਤੁਹਾਡਾ ਸਾਰਿਆਂ ਦਾ ਨਿਸ਼ਾਨਾ ਇਕੋ ਹੈ ਉਹ ਹੈ ਕਿ ਸਿੱਖਾਂ ਨੂੰ ਗੁਰਬਾਣੀ ਨਾਲੋਂ ਤੋੜ ਕੇ ਇਸ ਅਕਾਲ ਤਖ਼ਤ ਦਾ ਹਊਆ ਖੜਾ ਕਰਕੇ ਸਿੱਖਾਂ ਨੂੰ ਮਾਨਸਿਕ ਤੌਰ ਤੇ ਰਾਜਨੀਤਕ ਲੀਡਰਾਂ ਅਤੇ ਪੁਜਾਰੀਆਂ ਦਾ ਗੁਲਾਮ ਬਣਾ ਕੇ ਰੱਖਣਾ ਅਤੇ ਇਹ ਅਗਾਂਹ ਸਿੱਖਾਂ ਨੂੰ ਆਰ: ਐੱਸ: ਐੱਸ: ਦਾ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਨ। ਜਿਸ ਵਿੱਚ ਕਿ ਇਹ ਹੁਣ ਪੂਰੀ ਤਰ੍ਹਾਂ ਕਾਮਯਾਬ ਹਨ। ਪਹਿਲਾਂ ਟੋਹੜਾ ਝੂਠ ਬੋਲ-ਬੋਲ ਕੇ ਅਕਾਲ ਤਖ਼ਤ ਦੇ ਹੁਕਮਨਾਮਿਆਂ ਨੂੰ ਰੱਬੀ ਹੁਕਮ ਕਹਿ ਕੇ 25 ਸਾਲ ਤੋਂ ਵੀ ਵੱਧ ਸਮਾ ਸਿੱਖਾਂ ਨੂੰ ਬੇਵਕੂਫ ਬਣਾਉਂਦਾ ਰਿਹਾ ਹੈ ਅਤੇ ਇਹੀ ਕੰਮ ਹੁਣ ਬਾਦਲ ਕਰ ਰਿਹਾ ਹੈ, ਘੱਟੋ ਘੱਟ ਅਗਲੇ ਪੰਜ ਸਾਲ ਹੋਰ ਤਾਂ ਇਸ ਤਰ੍ਹਾਂ ਕਰਨ ਦੀ ਪੂਰੀ ਸੰਭਾਵਨਾ ਹੈ। ਹੋਰਨਾਂ ਨੂੰ ਇਹ ਰੱਬੀ ਹੁਕਮ ਕਹਿੰਦੇ ਹਨ ਅਤੇ ਆਪ ਇਹਨਾ ਨੂੰ ਟਿਚ ਸਮਝਦੇ ਹਨ। ਕਿਉਂ ਬਿਪਰ ਜੀ ਲੱਗੀ ਕੁੱਝ ਸਮਝ? ਮੇਰਾ ਖਿਆਲ ਹੈ ਕਿ ਇਸ ਲੇਖ ਨੂੰ ਪੜ੍ਹ ਕੇ ਤੁਹਾਡਾ ਹਾਜਮਾ ਕੁੱਝ ਜ਼ਿਆਦਾ ਹੀ ਖਰਾਬ ਹੋਣ ਦਾ ਡਰ ਹੈ। ਚਲੋ ਕੋਈ ਗੱਲ ਨਹੀਂ ਹੁਣ ਤੁਹਾਨੂੰ ਅਗਲੇ ਕਈ ਹਫਤੇ ਮੂੰਹ ਵਿਚੋਂ ਝੱਗ ਸੁਟਣ ਦਾ ਬਹਾਨਾ ਮਿਲ ਜਾਵੇਗਾ ਜਿਸ ਨਾਲ ਤੁਹਾਡਾ ਹਾਜਮਾ ਕੁੱਝ ਠੀਕ ਰਹੇਗਾ। ਹੇ ਬਿਪਰ ਜੀਓ ਮੈਂ ਤੁਹਾਨੂੰ ਸਿੱਧਾ ਇਹ ਜਵਾਬ ਇੱਕ ਸਾਲ ਤੋਂ ਵੀ ਬਆਦ ਦਿੱਤਾ ਹੈ ਭਾਵ ਕਿ ਜੋ ਤੁਸੀਂ ਪਿਛਲੇ ਇੱਕ ਸਾਲ ਤੋਂ ਵੀ ਵੱਧ ਮੇਰੇ ਅਤੇ ਸਿੱਖ ਮਾਰਗ ਦੇ ਖਿਲਾਫ ਝੱਗ ਸੁਟਦੇ ਰਹੇ ਹੋ ਉਸ ਦਾ ਇਕੱਠਾ ਜਵਾਬ ਹੁਣ ਦਿੱਤਾ ਹੈ। ਅਗਾਂਹ ਜਵਾਬ ਦੇਣ ਲਈ ਕਿਤਨਾ ਕੁ ਚਿਰ ਲੱਗੇ ਕੁੱਝ ਨਹੀਂ ਕਿਹਾ ਜਾ ਸਕਦਾ। ਇਹ ਸਮਾਂ ਅਤੇ ਤੁਹਾਡੀ ਬੋਲੀ ਤੇ ਨਿਰਭਰ ਕਰੇਗਾ। ਮੈਂ ਆਪਣੇ ਵਲੋਂ ਤੁਹਾਨੂੰ ਜਾਣ ਬੁੱਝ ਕੇ ਨੀਵਾਂ ਦਿਖਾਉਣ ਦੀ ਨੀਯਤ ਨਾਲ ਇਹ ਜਵਾਬ ਨਹੀਂ ਦਿੱਤਾ ਪਰ ਜਿਸ ਤਰ੍ਹਾਂ ਦੀ ਸ਼ਬਦਾਵਲੀ ਤੁਸੀਂ ਹੁਣ ਤੱਕ ਵਰਤੀ ਹੈ ਉਤਨੀ ਕੀ ਹੀ ਵਰਤ ਕੇ ਇਹ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰ ਫਿਰ ਵੀ ਜੇ ਕਰ ਤੁਸੀਂ ਇਹ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੁੱਝ ਵਧੀਕੀ ਕੀਤੀ ਹੈ ਤਾਂ ਮੈਂ ਉਸ ਦੀ ਖਿਮਾ ਮੰਗਦਾ ਹਾਂ। ਅਗਾਂਹ ਦਾ ਜਵਾਬ ਵੀ ਤੁਹਾਡੀ ਬੋਲੀ ਅਤੇ ਲਿਖਤ ਤੇ ਹੀ ਨਿਰਭਰ ਕਰੇਗਾ।

ਮੱਖਣ ਸਿੰਘ ਪੁਰੇਵਾਲ

ਮਾਰਚ 11, 2012.




.