.

ਅਰਥ ਨਿਖਾਰ-ਪਉੜੀ ੧੬, ਵਾਰ ਮਾਝ ਕੀ ਵਾਰ ਮ: ੧

ਭਗਤਾ ਤੈ ਸੈਸਾਰੀਆ

ਜੋੜੁ ਕਦੇ ਨ ਆਇਆ (ਭਾਗ-੫)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਇਸ ਤੋਂ ਪਹਿਲੇ ਚਾਰ ਭਾਗ ਜ਼ਰੂਰ ਪੜੋ ਜੀ)

“ਇਤੁ ਰਾਤੇ ਸੰਸਾਰੀ” -ਫ਼ਿਰ ਵੀ ਚੂੰਕਿ ਵਿਸ਼ਾ ਚੱਲ ਰਿਹਾ ਹੈ ਗੁਰਮੱਤ ਆਧਾਰਿਤ ‘ਸੰਸਾਰੀਆਂ’ ਦਾ। ਤਾਂ ਤੇ ਸਮਝਣਾ ਇਹੀ ਹੈ ਕਿ ਗੁਰਬਾਣੀ ਅਨੁਸਾਰ ‘ਭਗਤਾਂ’ ਤੇ ‘ਸੰਸਾਰੀਆਂ’ ਦੇ ਅਰਥ ਉਹ ਨਹੀਂ ਹਨ ਜੋ ਪਰਾਤਨ ਸਮੇਂ ਤੋਂ ਭਾਰਤ `ਚ ਲਗਭਗ ਇਸੇ ਸ਼ਬਦਾਵਲੀ ਦੇ ਲਏ ਜਾ ਰਹੇ ਹਨ। ਇਸ ਲਈ ਗੁਰਮੱਤ ਅਨੁਸਾਰ ‘ਸੰਸਾਰੀ’ ਕੌਣ ਹਨ ਤੇ ‘ਭਗਤ’ ਕੌਣ? ਉਪ੍ਰੰਤ ਗੁਰਮੱਤ ਅਨੁਸਾਰ ਇਨ੍ਹਾਂ ਦੀ ਆਪਸੀ ਰਹਿਣੀ, ਸੋਚਣੀ, ਕਰਣੀ ਵਿਚਕਾਰ ਕਿਸ-ਕਿਸ ਤਰ੍ਹਾਂ ਦਾ ਫ਼ਰਕ ਹੁੰਦਾ ਹੈ? ਭਾਵੇਂ ਇਹ ਵੀ ਕਿ ਕਾਫ਼ੀ ਹੱਦ ਤੱਕ ਇਸ ਵਿਸ਼ੇ ਨੂੰ ਸਪਸ਼ਟ ਕਰ ਵੀ ਚੁੱਕੇ ਹਾਂ। ਫ਼ਿਰ ਵੀ ਗੁਰਮੱਤ ਆਧਾਰਿਤ ‘ਭਗਤਾਂ’ ਸਬੰਧੀ ਦਿੱਤੇ ਜਾ ਚੁੱਕੇ ਭਿੰਨ ਭਿੰਨ ਗੁਰ ਪ੍ਰਮਾਣਾਂ ਤੋਂ ਬਾਅਦ ਗੁਰਮੱਤ ਆਧਾਰਿਤ ‘ਸੰਸਾਰੀਆਂ’ ਪ੍ਰਤੀ ਵੀ ਕੁੱਝ ਗੁਰਬਾਣੀ ਪ੍ਰਮਾਣ ਲੈਣੇ ਚਾਹਾਂਗੇ।

‘ਸੰਸਾਰੀਆਂ’ ਸਬੰਧੀ ਗੁਰ ਫ਼ੁਰਮਾਣ ਹੈ “ਕਿਰਿਆਚਾਰ ਕਰਹਿ ਖਟੁ ਕਰਮਾ, ਇਤੁ ਰਾਤੇ ਸੰਸਾਰੀ॥ ਅੰਤਰਿ ਮੈਲੁ ਨ ਉਤਰੈ ਹਉਮੈ, ਬਿਨੁ ਗੁਰ ਬਾਜੀ ਹਾਰੀ” (ਪੰ: ੪੯੫) ਸਪਸ਼ਟ ਹੈ ਕਿ ਗੁਰਬਾਣੀ ਅਨੁਸਾਰ ਛਿਆਂ ਸ਼ਾਸਤ੍ਰਾਂ ਦੀ ਰੀਤੀ ਅਨੁਸਾਰ ਸਾਰੇ ਕਰਮਕਾਂਡ ਤੇ ਕਿਰਿਆਚਾਰ ਕਰ ਲੈਣ `ਤੇ ਵੀ ਮਨ `ਚੋਂ ਹਉਮੈ ਵਾਲੀ ਮੈਲ ਨਹੀਂ ਉਤਰਦੀ। ਕਿਉਂਕਿ ਗੁਰਬਾਣੀ ਅਨੁਸਾਰ ਜੀਵਨ ਦੀ ਸਫ਼ਲਤਾ ਲਈ ਕਰਮਕਾਂਡਾਂ ਤੇ ਸ਼ਾਸਤ੍ਰੀ ਪ੍ਰੰਪ੍ਰਾਵਾਂ ਵਾਲਾ ਰਾਹ ਹੈ ਹੀ ਨਹੀਂ। ਬਲਕਿ ਇਸ ਦੇ ਵਿਰੋਧ `ਚ ਤਾਂ ਗੁਰਬਾਣੀ ਚੋਂ ਬੇਅੰਤ ਪ੍ਰਮਾਣ ਦਿੱਤੇ ਜਾ ਸਕਦੇ ਹਨ:-

ਜਿਵੇਂ “ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥ ੧ ॥ ਆਪਨ ਨਗਰੁ ਆਪ ਤੇ ਬਾਧਿਆ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ॥ ੧ ॥ ਰਹਾਉ॥ ਕਟੀ ਨ ਕਟੈ ਤੂਟਿ ਨਹ ਜਾਈ॥ ਸਾ ਸਾਪਨਿ ਹੋਇ ਜਗ ਕਉ ਖਾਈ॥ ੨ ॥ ਹਮ ਦੇਖਤ ਜਿਨਿ ਸਭੁ ਜਗੁ ਲੂਟਿਆ॥ ਕਹੁ ਕਬੀਰ ਮੈ ਰਾਮ ਕਹਿ ਛੂਟਿਆ॥ ੩ ॥” (ਪੰ: ੩੨੯) ਅਥਵਾ “ਪਡੀਆ ਕਵਨ ਕੁਮਤਿ ਤੁਮ ਲਾਗੇ॥ ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ॥ ੧ ॥ ਰਹਾਉ॥ ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ॥ ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ॥ ੧ ॥” (ਪੰ: ੧੩੦੨) ਇਸ ਲਈ ਜੀਵਨ ਦੀ ਸੰਭਾਲ ਲਈ ਇਕੋ ਇੱਕ ਰਾਹ ਹੈ ਤੇ ਉਹ ਰਾਹ ਹੈ ਸਦਾ ਥਿਰ ਸਤਿਗੁਰੂ ਦੇ ਗਿਆਨ ਦੀ ਕਮਾਈ ਕਰਕੇ ਜੀਵਨ ਦੀ ਸੰਭਾਲ ਕਰਣੀ ਤੇ ਇਲਾਹੀ ਗੁਣਾਂ ਦਾ ਵਾਰਿਸ ਬਨਣਾ। ਜਿਵੇਂ ਸਬੰਧਤ ਗੁਰ ਫ਼ੁਰਮਾਨਾਂ `ਚ ਵੀ “ਕਹੁ ਕਬੀਰ ਮੈ ਰਾਮ ਕਹਿ ਛੂਟਿਆ” (ਪੰ: ੩੨੯) ਅਥਵਾ “ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ” (ਪੰ: ੧੩੦੨)

ਇਸੇ ਤਰ੍ਹਾਂ ਹੋਰ “ਮਾਧਉ ਜਾ ਕਉ ਹੈ ਆਸ ਤੁਮਾਰੀ॥ ਤਾ ਕਉ ਕਛੁ ਨਾਹੀ ਸੰਸਾਰੀ” (ਪੰ: ੧੮੮) ਜਿਸ ਦੇ ਅਰਥ ਹਨ ਕਿ ਹੇ ਪ੍ਰਭੂ! ਜੋ ਮਨ ਤੇ ਚਿੱਤ ਕਰਕੇ ਤੇਰੇ ਨਾਲ ਜੁੜ ਜਾਂਦੇ ਹਨ, ਉਹ ਸੰਸਾਰਕ ਮੋਹ ਮਾਇਆ ਤੇ ਹਉਮੈ ਆਦਿ ਵਿਕਾਰਾਂ `ਚ ਖੱਚਤ ਨਹੀਂ ਹੁੰਦੇ। ਹੁਣ ਇਥੇ ਵੀ ‘ਸੰਸਾਰੀ’ ਦਾ ਗੁਰਮੱਤ ਅਨੁਸਾਰ ਇਹ ਅਰਥ ਨਹੀਂ ਕਿ ਅਜਿਹਾ ਮਨੁੱਖ ਪ੍ਰਵਾਰ ਤੇ ਕਾਰ ਵਿਹਾਰ ਆਦਿ ਦਾ ਤਿਆਗ ਕਰ ਕੇ ਅਤੇ ਕੋਈ ਖਾਸ ਭੇਖ ਧਾਰਨ ਕਰਕੇ ਜੰਗਲਾਂ ਆਦਿ `ਚ ਚਲਾ ਜਾਂਦਾ ਹੈ। ਇਥੇ ਵੀ ‘ਸੰਸਾਰੀ’ ਲਈ ਪੁਰਾਤਨ ਵਿਸ਼ਵਾਸਾਂ ਅਨੁਸਾਰ ਅਜਿਹਾ ਨਾਮ ਮਾਤ੍ਰ ਵੀ ਜ਼ਿਕਰ ਨਹੀਂ। ਬਲਕਿ ਜ਼ਿਕਰ ਹੈ ਤਾਂ ਸੁਆਸ ਸੁਆਸ ਕਰਤੇ ਦੇ ਓੁਟ ਆਸਰੇ `ਚ ਜੀਵਨ ਬਤੀਤ ਕਰਣ ਲਈ। ਉਪ੍ਰੰਤ ਜੇਕਰ ਪੰਜਵੇਂ ਪਾਤਸ਼ਾਹ ਦੇ ਇਸ ਪੂਰੇ ਸ਼ਬਦ ਨੂੰ ਪੜ੍ਹ ਤੇ ਵਿਚਾਰ ਲਿਆ ਜਾਵੇ ਤਾਂ ਉਥੇ ਸਾਰਾ ਵਿਸ਼ਾ ਹੀ ਕਰਤੇ ਅਕਾਲਪੁਰਖ ਬਾਰੇ ਦ੍ਰਿੜ ਵਿਸ਼ਵਾਸ ਤੇ ਉਸ ਦੀਆਂ ਬਖ਼ਸ਼ਿਸ਼ਾਂ ਨਾਲ ਜੁੜਣ ਦਾ ਹੈ ਨਾ ਕਿ ਘਰ ਪ੍ਰਵਾਰ ਨੂੰ ਤਿਆਗ ਕੇ ਕੋਈ ਜੋਗੀ, ਸੰਨਿਆਸੀ, ਤਪਸਵੀ ਆਦਿ ਬਨਣ ਦਾ ਤੇ ਜੰਗਲਾਂ `ਚ ਚਲੇ ਜਾਣ ਦਾ।

ਇਸੇ ਲੜੀ `ਚ “ਦੁਇ ਪੁਰ ਜੋਰਿ ਰਸਾਈ ਭਾਠੀ ਪੀਉ ਮਹਾ ਰਸੁ ਭਾਰੀ॥ ਕਾਮੁ ਕ੍ਰੋਧੁ ਦੁਇ ਕੀਏ ਜਲੇਤਾ ਛੂਟਿ ਗਈ ਸੰਸਾਰੀ” (ਪੰ: ੯੬੯) ਭਾਵ ਜੋਗੀ ਲੋਕ ਭੱਠੀ ਬਣਾ ਕੇ ਸ਼ਰਾਬ ਕਢਦੇ ਤੇ ਉਸ ਸ਼ਰਾਬ ਦਾ ਨਸ਼ਾ ਕਰਦੇ ਹਨ। ਫ਼ਿਰ ਉਸ ਨਸ਼ੇ ਦੀ ਹਾਲਤ `ਚ “ਅਲਖ ਨਿਰੰਜਨ” ਦਾ ਜਾਪ ਕਰਦੇ ਹਨ। ਗੁਰਦੇਵ, ਜੋਗੀਆਂ ਨੂੰ ਉਪਦੇਸ਼ ਕਰ ਰਹੇ ਹਨ ਕਿ ਐ ਜੋਗੀਓ! ਜੇਕਰ ਤੁਸੀਂ ਕਰਤੇ ਦੀ ਸਾਰੀ ਰਚਨਾ ਨੂੰ ਹੀ ਇੱਕ ਭੱਠੀ ਮੰਨ ਕੇ ਤੇ ਉਸ ਭੱਠੀ `ਚ ਆਪਣੇ ਅੰਦਰੋਂ ਕਾਮ-ਕ੍ਰੌਧ ਆਦਿ ਵਿਕਾਰਾਂ ਨੂੰ ਸਾੜ ਦਿਓ। ਉਪ੍ਰੰਤ ਅਜਿਹੇ ਨਿਖਰੇ ਹੋਏ ਜੀਵਨ ਚੋਂ ਆਪਣੇ ਆਪ, ਜੋ ਪ੍ਰਭੂ ਪਿਆਰ ਵਾਲਾ ਰੱਸ ਪੈਦਾ ਹੋਵੇਗਾ ਤਾਂ ਉਸ ਰੱਸ ਰਾਹੀਂ ਤੁਹਾਡੇ ਜੀਵਨ `ਚੋਂ ਮਾਇਕ ਪਦਾਰਥਾਂ ਦਾ ਮੋਹ ਵੀ ਆਪਣੇ ਆਪ ਮੁੱਕ ਜਾਵੇਗਾ। ਇਸ ਤਰ੍ਹਾਂ ਜੀਵਨ ਅੰਦਰ ਅਜਿਹੀ ਪ੍ਰਭੂ ਪਿਆਰ ਤੇ ਮਾਨਸਿਕ ਟਿਕਾਅ ਵਾਲੀ ਅਵਸਥਾ ਪੈਦਾ ਹੋ ਜਾਣ `ਤੇ ਤੁਹਾਨੂੰ ਆਪਣੇ ਅੰਦਰੋਂ ਮਾਇਕ ਮੋਹ ਤੇ ਵਿਕਾਰਾਂ ਨੂੰ ਮੁਕਾਉਣ ਲਈ, ਪ੍ਰਵਾਰ ਆਦਿ ਦਾ ਤਿਆਗ ਨਹੀਂ ਕਰਣਾ ਪਵੇਗਾ ਤੇ ਨਾ ਹੀ ਜੰਗਲਾਂ ਆਦਿ `ਚ ਜਾਣਾ ਪਵੇਗਾ।

“ਪਾਛੈ ਪਰੀ ਬਹੀਰ” -ਇਹੀ ਨਹੀਂ ਗੁਰਬਾਣੀ `ਚ ਬਹੁਤੇਰੇ ਪ੍ਰਮਾਣ ਹਨ ਜੋ ਸਾਬਤ ਕਰਦੇ ਹਨ ਕਿ ਗੁਰਬਾਣੀ `ਚ ਪ੍ਰਵਾਣ ਹੋਏ ਸਾਰੇ ਭਗਤ ਹੀ ਕਾਰ ਵਿਹਾਰ ਕਰਣ ਵਾਲੇ ਤੇ ਗ੍ਰਿਹਸਤੀ ਸਨ। ਇਸ ਤੋਂ ਪਹਿਲਾਂ ਇਹ ਵੀ ਦੇਖ ਚੁੱਕੇ ਹਾਂ ਕਿ ਨਾਮਦੇਵ ਤੇ ਕਬੀਰ ਜੀ ਆਦਿ ‘ਭਗਤਾਂ’ ਨੇ ਵੀ ਜਦੋਂ ਗੁਰਬਾਣੀ ਆਧਾਰਤ ‘ਭਗਤ’ ਦੀ ਪ੍ਰੀਭਾਸ਼ਾ ਦਿੱਤੀ ਹੈ ਤਾਂ ਉਸ ਵੇਲੇ ਉਹ ਕੀ ਸੀ? ਉਸੇ ਲੜੀ `ਚ ਅਸਾਂ ਹੁਣ ਇਹ ਵੀ ਦੇਖਣਾ ਹੈ ਕਿ ਉਨ੍ਹਾਂ ਹੀ ਗੁਰਬਾਣੀ `ਚ ਪ੍ਰਵਣਿਤ ‘ਭਗਤਾਂ’ ਨੇ ਗੁਰਮੱਤ ਅਨੁਸਾਰ ‘ਸੰਸਾਰੀ’ ਦੀ ਕੀ ਪ੍ਰੀਭਾਸ਼ਾ ਦਿੱਤੀ ਹੈ?

ਮਿਸਾਲ ਵੱਜੋਂ ਕਬੀਰ ਜੀ ਫ਼ੁਰਮਾਉਂਦੇ ਹਨ “ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ॥ ਇੱਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ” (ਪੰ: ੧੩੭੩) ਭਾਵ ਜੀਵਨ ਦੇ ਜਿਸ ਰਾਹ `ਤੇ ਕਰਮਕਾਂਡੀ ਬ੍ਰਾਹਮਣ ਚਲਦੇ ਹਨ, ੳਪ੍ਰੰਤ ਬਹੁਤੇ ਲੋਕ ਤਾਂ ਉਨ੍ਹਾਂ ਨੂੰ ਹੀ ਆਪਣਾ ਧਾਰਮਿਕ ਆਗੂ ਮੰਨ ਕੇ, ਬਿਨਾ ਸੋਚੇ ਉਨ੍ਹਾਂ ਕਰਮਕਾਂਡੀ ਪੰਡਤਾਂ ਪਿਛੇ ਲੱਗ ਟੁਰਦੇ ਹਨ। ਜਦਕਿ ਕਬੀਰ ਜੀ ਇਸ ਦੇ ਨਾਲ ਹੀ ਜੀਵਨ ਦੇ ਉਸ ਮਾਰਗ ਨੂੰ, ਉਨ੍ਹਾਂ ਪੰਡਿਤਾਂ ਤੇ ਸ਼੍ਰਧਾਲੂਆਂ ਦੋਨਾਂ ਲਈ ਅਗਿਆਨੀਆਂ ਤੇ ਗੁਰਬਾਣੀ ਅਨੁਸਾਰ ‘ਸੰਸਾਰੀਆਂ’ ਦਾ ਮਾਰਗ ਕਹਿ ਕੇ ਰੱਦ ਕਰ ਰਹੇ ਹਨ।

ਕਹਿੰਦੇ ਹਨ, ਬੇਸ਼ੱਕ ਸੰਸਾਰ ਦੇ ਉਸ ਮਾਰਗ ਤੋਂ ਹੱਟ ਕੇ ਚਲਣਾ ਔਖਾ ਜ਼ਰੂਰ ਹੈ ਪਰ ਅਸਲੋਂ ‘ਪ੍ਰਭੂ ਭਗਤਾਂ’ ਦਾ ਉਹ ‘ਸੰਸਾਰੀ’ ਭਾਵ ਕਰਮਕਾਂਡੀ ਤੇ ਹਉਮੈ ਆਦਿ ਵਿਕਾਰਾਂ ਨੂੰ ਜਨਮ ਦੇਣ ਵਾਲਾ ਮਾਰਗ ਉੱਕਾ ਹੀ ਨਹੀਂ। ਦਰਅਸਲ ਉਹੀ ਗੱਲ, ਜਿਹੜੀ ਹੱਥਲੀ ਪਉੜੀ `ਚ ਗੁਰਦੇਵ ਫ਼ੁਰਮਾਅ ਰਹੇ ਹਨ “ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ” ਫ਼ਿਰ ਜੇਕਰ ਕਾਰ ਵਿਹਾਰ ਤੇ ਪ੍ਰਵਾਰਾਂ ਦੇ ਸੰਭਾਲ ਵਾਲੀ ਗੱਲ ਕਰੀਏ ਤਾਂ ਕਬੀਰ ਤੇ ਨਾਮਦੇਵ ਆਦਿ ਸਾਰੇ ‘ਅਸਲੋਂ ਭਗਤ’ ਵੀ ਬਾਲ ਪ੍ਰਵਾਰ ਵਾਲੇ ਸਨ ‘ਭਗਤ’ ਕਬੀਰ ਜੀ, ਜੁਲਾਹੇ ਦੀ ਕਾਰ ਵੀ ਆਪਣੇ ਜੀਵਨ ਦੇ ਆਖ਼ਰੀ ਸਮੇਂ ਤੱਕ ਕਰਦੇ ਰਹੇ। ਤਾਂ ਵੀ ਗੁਰਬਾਣੀ ਅਨੁਸਾਰ ਕਬੀਰ ਜੀ ਤੇ ਬਾਕੀ ਸਾਰੇ ਭਗਤ ‘ਸੰਸਾਰੀ’ ਨਹੀਂ ਸਨ। ਬਲਕਿ ‘ਅਸਲੋਂ ਸੰਸਾਰੀਆਂ’ ਬਾਰੇ ਹੀ ਕਬੀਰ ਜੀ ਕਹਿ ਰਹੇ ਹਨ “ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ” ਸਪਸ਼ਟ ਹੋ ਜਾਂਦਾ ਹੈ ਕਿ ਗੁਰਮੱਤ ਅਨੁਸਾਰ ਇਥੇ ‘ਸੰਸਾਰੀ’ ਕੌਣ ਹਨ?

“ਬਿਖੁ ਲਾਦੀ ਸੰਸਾਰਿ” -ਇਸੇ ਤਰ੍ਹਾਂ ਗੁਰਬਾਣੀ ਅਨੁਸਾਰ ‘ਭਗਤ’ ਕਿਨ੍ਹਾਂ ਨੂੰ ਕਿਹਾ ਹੈ? ਵਿਸ਼ੇ ਨੂੰ ਨਿਭਾਹੁਣ ਸਮੇਂ ਬੇਸ਼ੱਕ ਅਸਾਂ ਭਗਤ ਰਵਿਦਾਸ ਜੀ ਬਾਣੀ ਚੋਂ “ਚਮਰਟਾ ਗਾਂਠਿ ਨ ਜਨਈ” (ਪੰ: ੩੫੯) ਵਾਲਾ ਉਹ ਸ਼ਬਦ ਵੀ ਦਿੱਤਾ ਸੀ ਜਿਸ `ਚ ਭਗਤ ਜੀ ਨੇ ਗੁਰਮੱਤ ਅਨੁਸਾਰ ‘ਭਗਤ’ ਤੇ ‘ਸੰਸਾਰੀਆਂ’ ਨੂੰ ਹੀ ਨਿਖੇੜ ਕੇ ਪੇਸ਼ ਕੀਤਾ ਹੋਇਆ ਹੈ। ਜਦਕਿ ਹੁਣ ਇਥੇ ਵੀ ਭਗਤ ਰਵਿਦਾਸ ਜੀ ਦੀ ਬਾਣੀ `ਚੋਂ ਹੀ ਅਸੀਂ ਇੱਕ ਹੋਰ ਪ੍ਰਮਾਣ ਲੈ ਰਹੇ ਹਾਂ ਜਿੱਥੇ ਭਗਤ ਜੀ ਗੁਰਮੱਤ ਆਧਾਰ `ਤੇ ‘ਭਗਤ’ ਦੇ ਨਾਲ ਨਾਲ ‘ਸੰਸਾਰੀ’ ਦੀ ਵਿਆਖਿਆ ਵੀ ਕਰ ਰਹੇ ਹਨ। ਫ਼ੁਰਮਾਨ ਹੈ “ਹਉ ਬਨਜਾਰੋ ਰਾਮ ਕੋ, ਸਹਜ ਕਰਉ ਬ੍ਯ੍ਯਾਪਾਰੁ॥ ਮੈ ਰਾਮ ਨਾਮ ਧਨੁ ਲਾਦਿਆ, ਬਿਖੁ ਲਾਦੀ ਸੰਸਾਰਿ” (ਪੰ: ੩੪੬)

ਭਾਵ ਇਥੇ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਐ ਭਾਈ! ਮੈਂ ਤਾਂ ਕਰਤੇ ਦੇ ਦਰ ਦਾ ਵਿਉਪਾਰੀ ਹਾਂ ਤੇ ਜੀਵਨ ਨੂੰ ਉਸ ਪ੍ਰਭੂ ਦੀ ਰਜ਼ਾ `ਚ ਚਲਾਉਣਾ ਸਿੱਖ ਲਿਆ ਹੈ। ਉਪ੍ਰੰਤ ਨਾਲ ਹੀ ਕਹਿੰਦੇ ਹਨ, ਸ਼ੱਕ ਨਹੀਂ ਜੋ ਸਮੂਚੇ ਮਨੁੱਖ ਮਾਤ੍ਰ ਨੂੰ ਵੀ ਅਜਿਹਾ ਵਿਉਪਾਰ ਹੀ ਕਰਣਾ ਚਾਹੀਦਾ ਸੀ। ਫ਼ਿਰ ਵੀ ਲੋਕਾਈ ‘ਨਾਮ ਧਨ’ ਵਾਲਾ ਉੱਤਮ ਵਿਉਪਾਰ ਨਾ ਕਰ ਕੇ ਅਜਿਹੇ ਜ਼ਹਿਰ ਦਾ ਵਿਉਪਾਰ ਹੀ ਕਰਦੀ ਹੈ, ਜਿਸ ਨਾਲ ਉਸ ਦਾ ਦੁਰਲਭ ਮਨੁੱਖਾ ਜਨਮ ਵੀ ਬਿਰਥਾ ਜਾ ਰਿਹਾ ਹੁੰਦਾ ਹੈ”। ਬਿਖ ਅਥਵਾ ਜ਼ਹਿਰ ਦਾ ਕੰਮ ਹੀ ਇਕੋ ਹੈ, ਬਿਖ ਦਾ ਕੰਮ ਜੀਵਨ ਨੂੰ ਬਨਾਉਣ ਦਾ ਨਹੀਂ ਬਲਕਿ ਤਬਾਹ ਬਰਬਾਦ ਤੇ ਖ਼ਤਮ ਕਰਣਾ ਹੀ ਹੁੰਦਾ ਹੈ। ਉਪ੍ਰੰਤ ਗੁਰਮੱਤ ਅਨੁਸਾਰ ਮਨੁੱਖਾ ਜਨਮ ਨੂੰ ਬਿਰਥਾ ਤੇ ਅਜ਼ਾਈ ਕਰਣ ਦਾ ਮਤਲਬ ਵੀ ਇਕੋ ਹੀ ਹੈ। ਇਹ ਇਕੋ ਹੀ ਅਰਥ ਹੈ ਫ਼ਿਰ ਤੋਂ ਉਨ੍ਹਾਂ ਅਰਬਾਂ-ਖਰਬਾਂ ਜੂਨੀਆਂ `ਚ ਪੈਣਾ ਜਿਥੋਂ ਕਢ ਕੇ ਕਰਤਾਰ ਸਾਨੂੰ ਮਨੁੱਖਾ ਜਨਮ ਵਾਲਾ ਅਵਸਰ ਬਖ਼ਸ਼ਿਆ ਹੁੰਦਾ ਹੈ। ਇਸ ਲਈ, ਤਾ ਕਿ ਅਸੀਂ ਵਾਪਿਸ ਆਪਣੇ ਅਸਲੇ, ਕਰਤੇ ਪ੍ਰਭੂ `ਚ ਅਭੇਦ ਹੋ ਸਕੀਏ ਤੇ ਜਿਉਂਦੇ ਜੀਅ ਜੀਵਨ-ਮੁਕਤ ਅਵਸਥਾ ਨੂੰ ਪ੍ਰਾਪਤ ਕਰ ਸਕੀਏ।

“ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ” -ਹੁਣ ਦੇਖਣ ਦੀ ਗੱਲ ਹੈ ਕਿ ਜਿੱਥੋਂ ਤੱਕ ਸੰਸਾਰਕ ਕਾਰ ਵਿਹਾਰ ਤੇ ਗਿਰ੍ਹਸਤੀ ਹੋਣ ਦਾ ਵਿਸ਼ਾ ਹੈ, ਜੇਕਰ ਕਾਰ ਵਿਹਾਰ ਤੇ ਗ੍ਰਿਹਸਤੀ ਹੋਣ ਕਰਕੇ ਹੀ ਕਿਸੇ ਨੇ ‘ਸੰਸਾਰੀ’ ਹੋਣਾ ਹੈ ਤਾਂ ਤੇ ਆਪਣੇ ਕਾਰ ਵਿਹਾਰ ਤੇ ਪ੍ਰਵਾਰ ਆਦਿ ਨੂੰ ਭਗਤ ਜੀ ਨੇ ਵੀ ਕਦੇ ਨਹੀਂ ਸੀ ਤਿਆਗਿਆ। ਉਲਟਾ ਉਹ ਤਾਂ ਬਾਰ ਬਾਰ ਆਪਣੇ ਉਸ ਕਾਰ ਵਿਹਾਰ ਲਈ ਅਤੇ ਆਪਣੀ ਜਾਤ ਬਾਰੇ ਵੀ ਆਪਣੀ ਬਾਣੀ `ਚ ਬੜੇ ਫ਼ਖ਼ਰ ਨਾਲ, ਇੱਕ ਵਾਰ ਨਹੀਂ ਬਲਕਿ ਬਹੁਤ ਵਾਰ ਸਪਸ਼ਟ ਕਰਦੇ ਹਨ ਜਿਵੇਂ “ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ॥ ਰਿਦੈ ਰਾਮ ਗੋਬਿੰਦ ਗੁਨ ਸਾਰੰ” (ਪੰ: ੧੨੯੩) ਹੋਰ “ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ॥ ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ” (ਉਹੀ ਪੰ: ੧੨੯੩) ਇਸੇ ਤਰ੍ਹਾਂ ਭਗਤ ਜੀ ਆਪਣੇ ਇੱਕ ਹੋਰ ਸ਼ਬਦ `ਚ ਵੀ “ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ, ਅਜਹੁ ਬੰਨਾਰਸੀ ਆਸ ਪਾਸਾ॥ ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ, ਤਿਨ ਤਨੈ ਰਵਿਦਾਸ ਦਾਸਾਨ ਦਾਸਾ” (ਪੰ: ੧੨੯੩) ਇਸ ਤਰ੍ਹਾਂ ਜੇਕਰ ਭਗਤ ਜੀ ਦੇ ਪੂਰੇ ਸ਼ਬਦ ਨੂੰ ਵਿਚਾਰੀਏ ਤਾਂ ਇਸ ਸਬੰਧੀ ਇਲਾਹੀ ਸੱਚ ਵਾਲੇ ਹੋਰ ਵੀ ਕਈ ਪੱਖ ਖੁਲ੍ਹ ਕੇ ਸਾਹਮਣੇ ਆ ਜਾਣਗੇ।

“ਗੋਬਿੰਦ ਗੋਬਿੰਦ ਗੋਬਿੰਦ ਸੰਗਿ” -ਹੋਰ ਤਾਂ ਹੋਰ, ਖ਼ੁਦ ਪੰਜਵੇਂ ਪਾਤਸ਼ਾਹ ਆਪ, ਆਪਣੀ ਬਾਣੀ `ਚ ਵੀ ਸਪਸ਼ਟ ਕਰਦੇ ਹਨ ਕਿ ਨਾਮਦੇਵ, ਕਬੀਰ, ਰਵਿਦਾਸ, ਸੈਣ, ਧੰਨਾ ਆਦਿ ਸਾਰੇ ਭਗਤ ਕਿਰਤ ਕਾਰ ਕਰਣ ਵਾਲੇ ਤੇ ਜੀਵਨ ਦੀ ਉੱਤਮ-ਤਰ ਅਵਸਥਾ ਨੂੰ ਪ੍ਰਾਪਤ ਹੋ ਚੁੱਕੇ ਸਨ। ਇਸ ਬਾਰੇ ਪੰਚਮ ਪਾਤਸ਼ਾਹ ਦਾ ਫ਼ੁਰਮਾਨ ਹੈ “ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥ ੧ ॥ ਰਹਾਉ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ॥ ੧ ॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ॥ ੨ ॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ। ॥ ੩ ॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥ ੪ ॥ ੨ (ਪੰ੪੮੭)। ਉਪ੍ਰੰਤ ਜੇਕਰ ਪੰਜਵੇਂ ਪਾਤਸ਼ਾਹ ਦੇ ਇਸ ਪੂਰੇ ਸ਼ਬਦ ਨੂੰ ਵੀ ਵਿਚਾਰ ਕੇ ਪੜ੍ਹਿਆ ਜਾਵੇ ਸਾਰਾ ਵਿਸ਼ਾ ਆਪਣੇ ਆਪ ਉਗੜ ਹੇ ਸਾਹਮਣੇ ਆ ਜਾਂਦਾ ਹੈ ਕਿ ਗੁਰਮੱਤ ਅਨੁਸਾਰੀ ‘ਸੰਸਾਰੀ’ ਕੌਣ ਹੈ ਤੇ ‘ਭਗਤ’ ਕੋਣ?

ਸਪਸ਼ਟ ਹੈ ਪੁਰਾਤਨ ਅਥਵਾ ਬ੍ਰਾਹਮਣੀ ਵਿਸ਼ਵਾਸਾਂ ਅਨੁਸਾਰ ਉਹ ਪੰਦਰਾਂ ਦੇ ਪੰਦਰਾਂ ਭਗਤ, ਭਗਤ ਨਹੀਂ ਬਲਕਿ ਸੰਸਾਰੀ ਸਨ। ਜਦਕਿ ਗੁਰਮੱਤ ਅਨੁਸਾਰ, ਗੁਰਬਾਣੀ `ਚ ਪ੍ਰਵਾਣਤ ਉਨ੍ਹਾਂ ਪੰਦਰ੍ਹਾਂ ਭਗਤਾਂ `ਚੋ ਇੱਕ ਵੀ ਸੰਸਾਰੀ ਨਹੀਂ ਸੀ। ਬਲਕਿ ਗੁਰਮੱਤ ਦੀ ਕਸਵੱਟੀ `ਤੇ ਅਤੇ ਸਤਿਗੁਰੂ ਜੀ ਅਨੁਸਾਰ, ਉਹ ਸਾਰੇ ਹੀ ਜੀਵਨ ਦੀ ਸਫ਼ਲ ਅਵਸਥਾ ਨੂੰ ਪ੍ਰਾਪਤ ‘ਭਗਤ’ ਸਨ। ਇਸੇ ਲਈ ਗੁਰਦੇਵ ਨੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਆਪ ਸਿਰਲੇਖ ਬਖ਼ਸ਼ਿਆ ‘ਬਾਣੀ ਭਗਤਾਂ ਕੀ’। ਇਸ ਲਈ ਗੁਰਮੱਤ ਅਨੁਸਾਰ ਅਸਾਂ ਇਥੇ ‘ਭਗਤਾਂ’ ਤੇ ‘ਸੰਸਾਰੀਆਂ’ ਵਿਚਲੇ ਇਸ ਮੂਲ ਫ਼ਰਕ ਨੂੰ ਸਮਝਣਾ ਹੈ।

“ਬਿਨਵੰਤ ਨਾਨਕ ਬਿਨੁ ਸਾਧਸੰਗਮ, ਸਭ ਮਿਥਿਆ ਸੰਸਾਰੀ” -ਇਥੇ ਇਸ ਗੁਰ ਪ੍ਰਮਾਣ `ਚ ਵੀ ਦੇਖਣ ਦੀ ਅਸਲ ਗੱਲ ਇਹੀ ਹੈ ਕਿ ਗੁਰੂ ਕੇ ਸਿੱਖ ਨੇ ‘ਸੰਸਾਰੀ’ ਤਾਂ ਬਨਣਾ ਹੈ ਪਰ ਕਿਸ ਤਰ੍ਹਾਂ ਦਾ? ਕਿਉਂਕਿ ਗੁਰਮੱਤ ਅਨੁਸਾਰ ਤਾਂ “ਬਿਨਵੰਤ ਨਾਨਕ ਬਿਨੁ ਸਾਧਸੰਗਮ, ਸਭ ਮਿਥਿਆ ਸੰਸਾਰੀ” (ਪੰ: ੫੪੭) ਭਾਵ ਉਸ ਨੇ ਨਾ ਘਰ ਗ੍ਰਿਹਸਤੀ ਦਾ ਤਿਆਗ ਕਰਣਾ ਹੈ ਤੇ ਨਾ ਆਪਣੀ ਕਿਰਤ ਕਾਰ ਦਾ ਤੇ ਨਾ ਆਪਣੀਆਂ ਸੰਸਾਰਰਿਕ ਜ਼ਿਮੇਵਾਰੀਆਂ ਤੋਂ ਮੂੰਹ ਮੋੜਣਾ ਹੈ। ਬਲਕਿ ਇਸ ਦੇ ਨਾਲ ਨਾਲ ਉਸ ਨੇ ਗੁਰਬਾਣੀ-ਗੁਰੂ ਦੀ ਅਗਿਆ ਤੇ ਆਦੇਸ਼ਾਂ ਅਨੁਸਾਰ ਆਪਣੇ ਜੀਵਨ ਨੂੰ ਤਿਆਰ ਕਰਣਾ ਤੇ ਚਲਾਉਣਾ ਹੈ। ਇਸੇ ਤੋਂ ਉਸ ਨੇ ਗੁਰਬਾਣੀ ਅਨੁਸਾਰ ਸਹੀ ਅਰਥਾਂ `ਚ ਗੁਰਬਾਣੀ ਦਾ ‘ਭਗਤ’ ਤੇ ਨਾਲ ਨਾਲ ‘ਗੁਰਮੁਖ ਸੰਸਾਰੀ’ ਬਨਣਾ ਹੈ। ਇਸ ਤਰ੍ਹਾਂ ਉਸ ਨੇ ਮੋਹ ਮਾਇਆ, ਵਿਕਾਰਾਂ ਆਦਿ ਤੋਂ ਅਲਿਪਤ ਰਹਿੰਦੇ ਹੋਏ ਗੁਰਮੁਖ ਸੰਸਾਰੀ’ ਬਣ ਕੇ ਜੀਵਨ-ਮੁਕਤ ਹੋਣਾ ਤੇ ਗੁਰਮੁਖਾਂ ਵਾਲਾ ਜੀਵਨ ਬਤੀਤ ਕਰਣਾ ਹੈ। ਉਸ ਨੇ ਪ੍ਰਭੂ ਤੋਂ ਟੁੱਟਾ ਹੋਇਆ ਰਹਿ ਕੇ, ਹਉਮੈ ਆਦਿ ਵਿਕਾਰਾਂ ਦਾ ਗ਼ੁਲਾਮ ਬਣ ਕੇ, ਕਰਮਕਾਂਡੀ, ਮਨਮੱਤੀਆ, ਹੂੜਮਤੀਆ ਜਾਂ ਦੁਰਮੱਤੀਆ ‘ਸੰਸਾਰੀ’ ਨਹੀਂ ਬਨਣਾ। ਅਜਿਹ ਸੰਸਾਰੀ ਨਹੀਂ ਬਨਣਾ ਜਿਸ ਦੇ ਲਈ ਗੁਰਦੇਵ ਫ਼ੁਰਮਾਅ ਰਹੇ ਹਨ “ਬਿਨਵੰਤ ਨਾਨਕ ਬਿਨੁ ਸਾਧਸੰਗਮ, ਸਭ ਮਿਥਿਆ ਸੰਸਾਰੀ” (ਪੰ: ੫੪੭)। ਬਸ ਇਹੀ ਮੁਖ ਫ਼ਰਕ ਹੈ ‘ਸੰਸਾਰੀ’ ਤੇ ‘ਗੁਰਮੁਖ ਸੰਸਾਰੀ’ ਦੇ ਜੀਵਨ ਅਥਵਾ ‘ਗੁਰਮੱਤ ਅਨੁਸਾਰ ਭਗਤ’ ਵਿਚਕਾਰ।

ਉਪ੍ਰੰਤ ਇਸੇ ਲੜੀ `ਚ ਗੁਰਬਾਣੀ ਅਨੁਸਾਰ, ਕਰਤੇ ਤੋਂ ਟੁੱਟੇ ਹੋਏ ਸੰਸਾਰੀ, ਜਿਨ੍ਹਾਂ ਲਈ ਗੁਰਦੇਵ ਫ਼ੁਰਮਾਅ ਰਹੇ ਹਨ “ਭਗਤਾ ਤੈ ਸੈਸਾਰੀਆ, ਜੋੜੁ ਕਦੇ ਨ ਆਇਆ” ਤਾਂ ਫ਼ਿਰ ਅਜਿਹੇ ਸੰਸਾਰੀ ਕਿਹੜੇ ਹਨ? ਇਸ ਸਬੰਧੀ ਇਨ੍ਹਾਂ ਗੁਰ ਫ਼ੁਰਮਾਨਾਂ ਤੋਂ ਬਾਅਦ ਕੁੱਝ ਹੋਰ ਗੁਰਬਾਣੀ ਪ੍ਰਮਾਣ ਜਿਵੇਂ “ਸੰਗਿ ਤੇਰੈ ਕਛੁ ਨ ਚਾਲੈ, ਬਿਨਾ ਗੋਬਿੰਦ ਨਾਮਾ॥ ਦੇਸ ਵੇਸ ਸੁਵਰਨ ਰੂਪਾ, ਸਗਲ ਊਣੇ ਕਾਮਾ॥ ਪੁਤ੍ਰ ਕਲਤ੍ਰ ਨ ਸੰਗਿ ਸੋਭਾ, ਹਸਤ ਘੋਰਿ ਵਿਕਾਰੀ॥ ਬਿਨਵੰਤ ਨਾਨਕ ਬਿਨੁ ਸਾਧਸੰਗਮ, ਸਭ ਮਿਥਿਆ ਸੰਸਾਰੀ” (ਪੰ: ੫੪੭) ਹੋਰ “ਸਾਸਤੁ ਬੇਦੁ ਬਕੈ ਖੜੋ ਭਾਈ, ਕਰਮ ਕਰਹੁ ਸੰਸਾਰੀ॥ ਪਾਖੰਡਿ ਮੈਲੁ ਨ ਚੂਕਈ ਭਾਈ, ਅੰਤਰਿ ਮੈਲੁ ਵਿਕਾਰੀ॥ ਇਨ ਬਿਧਿ ਡੂਬੀ ਮਾਕੁਰੀ ਭਾਈ, ਊਂਡੀ ਸਿਰ ਕੈ ਭਾਰੀ” (ਮ: ੧, ਪੰ: ੬੩੫) ਪੁਨ: “ਜਗੁ ਪਰਬੋਧਹਿ ਮੜੀ ਬਧਾਵਹਿ॥ ਆਸਣੁ ਤਿਆਗਿ ਕਾਹੇ ਸਚੁ ਪਾਵਹਿ॥ ਮਮਤਾ ਮੋਹੁ ਕਾਮਣਿ ਹਿਤਕਾਰੀ॥ ਨਾ ਅਉਧੂਤੀ ਨਾ ਸੰਸਾਰੀ” (ਪੰ: ੯੦੩) ਅਤੇ “ਮਾਨੈ ਹਾਟੁ ਮਾਨੈ ਪਾਟੁ, ਮਾਨੈ ਹੈ ਪਾਸਾਰੀ॥ ਮਾਨੈ ਬਾਸੈ ਨਾਨਾ ਭੇਦੀ, ਭਰਮਤੁ ਹੈ ਸੰਸਾਰੀ” (ਪੰ: ੧੩੫੦)। ਸਪਸ਼ਟ ਹੈ, ਬੇਸ਼ੱਕ ਬ੍ਰਾਹਮਣੀ ਤੇ ਸਨਾਤਨੀ ਪ੍ਰਭਾਵਾਂ ਅਨੁਸਾਰ ਵੀ ਲੋਕਾਈ ਦੇ ਚਿੰਤਨ `ਚ ਅਜਿਹੇ ਵਿਚਾਰ ਕਿ ਦੁਨੀਆਦਾਰ ਅਥਵਾ ਸੰਸਾਰੀ ਹੋਰ ਹੁੰਦੇ ਹਨ ਤੇ ਧਰਮੀ ਜਾਂ ਭਗਤ ਹੋਰ, ਲਮੇਂ ਸਮੇਂ ਤੋਂ ਹਨ। ਜਦਕਿ ਗੁਰਮੱਤ ਅੰਦਰ ਵੀ ਇਸੇ ਨਾਲ ਮਿਲਦੀ ਜੁਲਦੀ ਸ਼ਬਦਾਵਲੀ ਹੈ ਜਿਵੇਂ ਕਿ ਹਥਲੀ ਪਉੜੀ `ਚ “ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ”। ਫ਼ਿਰ ਵੀ ਦੋਨਾਂ ਪਾਸੇ ਅਰਥਾਂ `ਚ ਜ਼ਮੀਨ ਆਸਮਾਨ ਦਾ ਅੰਤਰ ਹੈ ਬਲਕਿ ਇੱਕ ਦੂਜੇ ਤੋਂ ਬਿਲਕੁਲ ਉਲਟੇ ਅਰਥ।

ਇਸ ਲਈ ਦਿੱਤੇ ਜਾ ਚੁੱਕੇ ਵੇਰਵੇ ਤੋਂ ਬਾਅਦ ਵੀ ਜੇ ਕਿਸੇ ਗੁਰੂ ਕੇ ਲਾਲ ਰਾਹੀਂ ਆਪਣੇ ਆਪ ਨੂੰ ਗੁਰਬਾਣੀ ਜੀਵਨ ਤੇ ਸੋਝੀ ਤੇ ਵਿਚਾਰ ਤੋਂ ਦੁਰੇਡੇ ਰੱਖਣਾ; ਉਪ੍ਰੰਤ ਬਹਾਨਾ ਤੇ ਢੁਚੱਰ ਵੀ ਇਹੀ ਡਾਹਣੀ ਕਿ “ਅਸਾਂ ਤਾਂ ਆਪਣਾ ਬਾਲ ਬੱਚਾ ਪਾਲਣਾ ਹੈ” ਜਾਂ ਇਹ ਕਹਿਣਾ “ਅਸਾਂ ਤਾਂ ਆਪਣਾ ਗ੍ਰਿਹਸਤ ਚਲਾਉਣਾ ਹੈ” … “ਗੁਰਬਾਣੀ ਨੂੰ ਸਮਝਣਾ ਵਿਚਾਰਣਾ ਸਾਡਾ ਕੰਮ ਨਹੀਂ ਕਿਉਂਕਿ ਅਸੀਂ ਤਾਂ ਸੰਸਾਰੀ ਤੇ ਦੁਨੀਆਦਾਰ ਹਾਂ”। ਸਮਝਣਾ ਹੈ ਕਿ ਅਜਿਹੇ ਸੱਜਨ ਕਿਸੇ ਦਾ ਨੁਕਸਾਨ ਤਾਂ ਬਾਅਦ `ਚ ਕਰਣਗੇ ਪਰ ਪਹਿਲਾਂ ਆਪਣਾ ਹੀ ਦੁਰਲਭ ਮਨੁੱਖਾ ਜਨਮ ਬਿਰਥਾ ਕਰਦੇ ਹਨ। ਜਿਸ ਤੋਂ ਅਜਿਹੇ ਲੋਕ ਆਪਣੇ ਲਈ ਹੀ ਫ਼ਿਰ ਤੋਂ ਜਨਮ ਮਰਨ ਤੇ ਜੂਨਾਂ ਦੇ ਗੇੜ ਦਾ ਭਾਗੀ ਬਣਦੇ ਹਨ।

ਵਿਸ਼ਾ ਨੰ: ੫-ਕਰਤਾ ਆਪਿ ਅਭੁਲੁ ਹੈ” - ਦੂਜਿਆਂ ਨੂੰ ਕੀ ਕਹਿਣਾ, ਖ਼ੁਦ ਗੁਰੂ ਕੀਆਂ ਸੰਗਤਾਂ `ਚੋਂ ਹੀ ਅਜਿਹੇ ਅਨੇਕਾਂ ਸੱਜਨ ਮਿਲਦੇ ਹਨ ਜੋ ਇਸ ਪਉੜੀ ਵਿਚਲੇ ਇਸ ਸਬੰਧੀ ਗੁਰਮੱਤ ਸਿਧਾਂਤ ਨੂੰ ਸਮਝੇ ਬਿਨਾ, ਪਉੜੀ ਦੇ ਕੇਵਲ ਉਪਰਲੇ ਅਰਥ ਲੈ ਕੇ ਹੀ ਕਈ ਤਰ੍ਹਾਂ ਦੇ ਸੁਆਲ ਕਰ ਦਿੰਦੇ ਹਨ। ਉਨ੍ਹਾਂ ਅਨੁਸਾਰ “ਜਦੋਂ ਸਭ ਕੁੱਝ ਅਕਾਲਪੁਰਖ ਦੇ ਹੁਕਮ ਤੇ ਉਸ ਦੀ ਰਜ਼ਾ `ਚ ਹੁੰਦਾ ਹੈ ਤਾਂ-ਜੋ ਲੋਕ ਦੂਜਿਆਂ ਦਾ ਕੱਤਲ ਕਰਦੇ ਹਨ… ਵਿਭਚਾਰੀ ਹੁੰਦੇ ਹਨ… ਵੱਡੇ ਵੱਡੇ ਜੁਰਮ ਕਰਦੇ ਹਨ … ਉਧਾਲੇ ਕਰਦੇ, ਹੋਰ ਸਾਮਾਜਿਕ ਤੇ ਰਾਜਸੀ ਕੁਕਰਮ ਕਰਦੇ ਹਨ, ਤਾਂ ਫ਼ਿਰ ਉਸ `ਚ ਅਜਿਹੇ ਲੋਕਾਂ ਦਾ ਕੀ ਕਸੂਰ? ਕਿਉਂਕਿ ਸਭ ਕੁੱਝ ਤਾਂ ਕਰਤੇ ਦੀ ਰਜ਼ਾ `ਚ ਹੀ ਹੋ ਰਿਹਾ ਹੁੰਦਾ ਹੈ” ਆਦਿ।

ਦਰਅਸਲ ਪਉੜੀ ਤੇ ਸਲੋਕਾਂ ਨਾਲ ਸਬੰਧਤ ਵਿਸ਼ਿਆਂ ਨੂੰ ਜੇਕਰ ਕੁੱਝ ਗਹਿਰਾਈ ਤੋਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਗੁਰਦੇਵ ਨੇ ਇਸ ਪਉੜੀ ਤੇ ਸਬੰਧਤ ਸਲੋਕਾਂ `ਚ ਵੀ ਇਸ ਸ਼ੰਕੇ ਤੇ ਸੁਆਲ ਦਾ ਪੂਰਾ ਪੂਰਾ ਜੁਆਬ ਦਿੱਤਾ ਹੋਇਆ ਹੈ। ਇਸ ਦੇ ਨਾਲ ਇਹ ਵੀ ਸਮਝਣ ਦੀ ਲੋੜ ਹੈ ਕਿ ਸਮੂਚੀ ਗੁਰਬਾਣੀ `ਚ ‘ਮਨਮੁਖ’ ਤੇ ‘ਗੁਰਮੁਖ’ ਦਾ ਵਿਸ਼ਾ ਵੀ “ਅਰੰਭ ਤੋਂ ਸਮਾਪਤੀ ਤੱਕ” ਨਾਲੋ ਨਾਲ ਚੱਲ ਰਿਹਾ ਹੈ ਤਾਂ ਫ਼ਿਰ ਉਹ ਕੀ ਹੈ? ਅਸਲ `ਚ ਉਹ ਮਨੁੱਖਾ ਮਨ ਦੀਆਂ ਹੀ ਦੋ ਅਵਸਥਾਵਾਂ ਹਨ।

ਇੱਕ ‘ਮਨਮੁਖ’, ਦਰਅਸਲ ‘ਮਨਮੁਖ’ ਮਨੁੱਖਾ ਮਨ ਦੀ ਉਹ ਅਵਸਥਾ ਹੈ ਜਦੋਂ ਮਨੁੱਖ ਅਜੇ ਆਪਣੇ ਮਨ ਦਾ ਗ਼ੁਲਾਮ ਹੋ ਕੇ ਅਤੇ ਹਉਮੈ ਅਧੀਨ ਹੀ ਆਪਣੇ ਮਨੁੱਖਾ ਜਨਮ ਨੂੰ ਬਿਰਥਾ ਕਰ ਤੇ ਅਜ਼ਾਈਂ ਰਿਹਾ ਹੁੰਦਾ ਹੈ। ਅਸਲ `ਚ ਇਸ ‘ਮਨਮੁਖ’ ਵਾਲੀ ਮਾਨਸਿਕ ਅਵਸਥਾ ਅਵਸਥਾ `ਚ ਵਿਚਰ ਰਹੇ ਮਨੁੱਖ ਦੇ ਮਨ `ਚ ਹੀ ਅਜਿਹੇ ਸ਼ੰਕੇ ਤੇ ਸੁਆਲ ਪੈਦਾ ਹੁੰਦੇ ਹਨ, ਕਿਸੇ ਗੁਰਮੁਖ ਦੇ ਮਨ `ਚ ਨਹੀਂ।

ਇਸ ਤਰ੍ਹਾਂ ਦੂਜੇ ਹੁੰਦੇ ਹਨ ‘ਗੁਰਮੁਖ’ ਜਨ, ਜਿਨ੍ਹਾਂ ਦੀ ਕਿ ਮਾਨਸਿਕ ਤੇ ਆਤਮਿਕ ਅਵਸਥਾ ਹੀ ਇਤਨੀ ਵਧ ਉਭਰ ਚੁੱਕੀ ਹੁੰਦੀ ਹੈ ਕਿ ਉਨ੍ਹਾਂ ਦਾ ਜੀਵਨ ਤੇ ਰਹਿਣੀ `ਚੋਂ ਹੀ ਹਉਮੈ ਪੂਰੀ ਤਰ੍ਹਾਂ ਮੁੱਕ ਚੁੱਕੀ ਹੁੰਦੀ ਹੈ। ਉਨ੍ਹਾਂ ਨੂੰ ਮਨ ਕਰਕੇ ਸਮਝ ਆ ਚੁੱਕੀ ਹੁੰਦੀ ਹੈ ਕਿ ਜੋ ਲੋਕ ਮਨਮਤੀ ਕਰਮ ਤੇ ਕਰਕਾਂਡੀ ਹੁੰਦੇ ਹਨ ਉਹ ਹੀ ਆਪਣੀ ਕਰਣੀ ਤੇ ਕਰਮਾਂ-ਅਜਿਹੇ ਕੁਕਰਮਾਂ ਕਾਰਨ ਕਰਤੇ ਦੇ ਨਿਆਂ `ਚ ਹੀ ਕਰਤੇ ਦੇ ਦਰ ਤੋਂ ਧੱਕੇ ਜਾਂਦੇ ਹਨ, ਨਹੀਂ ਤਾਂ ਪ੍ਰਭੂ ਕਿਸੇ ਨਾਲ ਵਿਤਕਰਾ ਨਹੀਂ ਕਰਦਾ।

ਇਸ ਦੇ ਨਾਲ ਨਾਲ ‘ਮਨਮੁਖ’ ਤਾਂ ਨਹੀਂ ਪਰ ‘ਗੁਰਮੁਖ’ ਜਨ ਇਸ ਸਚਾਈ ਨੂੰ ਵੀ ਆਪਣੇ ਮਨ ਕਰਕੇ ਪੂਰੀ ਤਰ੍ਹਾਂ ਸਮਝਦੇ ਹਨ ਕਿ ਉਨ੍ਹਾਂ ਦੇ ਜੀਵਨ ਅੰਦਰ ਜੋ ਆਚਰਣਕ ਉੱਚਤਾ ਜਾਂ ਪ੍ਰਭੂ ਪਿਆਰ ਪੈਦਾ ਹੋਇਆ ਹੈ, ਉਹ ਉਨ੍ਹਾਂ ਦੇ ਕਿਸੇ ਆਪਣੇ ਉੱਦਮ ਕਰਕੇ ਨਹੀਂ ਹੋਇਆ, ਬਲਕਿ ਇਹ ਵੀ ਉਨ੍ਹਾਂ `ਤੇ ਕਰਤੇ ਦੀ ਬਖ਼ਸ਼ਿਸ਼ ਹੀ ਹੋਈ ਹੈ ਤੇ ਇਸੇ ਕਾਰਨ ਇਹ ਸਭ ਸੰਭਵ ਹੋਇਆ ਹੈ।

ਕਿਹਣ ਤੋਂ ਭਾਵ, ‘ਮਨਮੁਖ’ ਤਾਂ ਆਪਣੇ ਜੀਵਨ ਅੰਦਰ ਆਪਣੀ ‘ਹਉਮੈ’ `ਚ ਹੀ ਵਿਚਰ ਰਿਹਾ ਹੁੰਦਾ ਹੈ ਤੇ ਇਸੇ ਤੋਂ ਉਸ ਦੇ ਮਨ ਤੇ ਸੋਚਣੀ ਅੰਦਰ ਅਜਿਹੇ ਸ਼ੰਕੇ, ਸੁਆਲ ਉਪਜਦੇ ਹਨ। ਜਦਕਿ ‘ਗੁਰਮੁਖ’ ਦੇ ਮਨ ਤੇ ਸੋਚਣੀ ਅੰਦਰੋਂ ‘ਹਉਮੈ’ ਦਾ ਪੂਰਣਤਾ ਨਾਸ ਹੋ ਚੁੱਕਾ ਹੁੰਦਾ ਹੈ ਇਸ ਲਈ ਉਸ ਨੂੰ ਦੋਵੇਂ ਤਰ੍ਹਾਂ ਦੇ ਵਿਰੋਧੀ ਜੀਵਨ, ਕਰਤੇ ਦੇ ਅਟੱਲ ਨਿਆਂ `ਚ ਹੀ ਸਪਸ਼ਟ ਹੁੰਦੇ ਹਨ ਜਿਸ ਤੋਂ ਉਸ ਦੇ ਮਨ ਤੇ ਸੋਚਣੀ `ਚ ਅਜਿਹੇ ਸ਼ੰਕੇ ਤੇ ਸੁਆਲ ਪੈਦਾ ਹੀ ਨਹੀਂ ਹੁੰਦੇ। ਸਪਸ਼ਟ ਹੈ ਕਿ ਮੁੱਖ ਫ਼ਰਕ ਹੁੰਦਾ ਹੈ ਤਾਂ ਦੋਨਾਂ ਵਿਚਕਾਰ ਮਾਨਸਿਕ ਤਲ `ਤੇ ‘ਹਉਮੈ’ ਦੀ ਹੋਂਦ ਤੇ ਅਣਹੋਂਦ ਦਾ।

“ਹਉਮੈ ਬੂਝੈ ਤਾ ਦਰੁ ਸੂਝੈ” -ਉਪ੍ਰੰਤ ਗੁਰਬਾਣੀ `ਚ ਵੀ ਇਸ ਸਬੰਧੀ ‘ਮਨਮੁਖ’ ਤੇ ‘ਗੁਰਮੁਖ’ ਦੀ ਮਾਨਸਿਕ ਅਵਸਥਾ ਸਬੰਧੀ ਵੱਖ ਵੱਖ ਵੇਰਵੇ ਮਿਲਦੇ ਹਨ। ਜਿਵੇਂ ‘ਮਨਮੁਖ’ ਸਬੰਧੀ “ਹਉਮੈ ਬੂਝੈ ਤਾ ਦਰੁ ਸੂਝੈ॥ ਗਿਆਨ ਵਿਹੂਣਾ ਕਥਿ ਕਥਿ ਲੂਝੈ” (ਪੰ: ੪੬੬) ਜਦਕਿ ਦੂਜੇ ਪਾਸੇ ਬਾਣੀ ਦੀਆਂ ਅਜਿਹੀਆਂ ਵੀ ਬੇਅੰਤ ਪੰਕਤੀਆਂ ਜਿਵੇਂ “ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ” (ਪੰ: ੨੮੭) ਜਾਂ “ਤੂੰ ਕਰਤਾ ਕਰਣਾ ਮੈ ਨਾਹੀ, ਜਾ ਹਉ ਕਰੀ ਨ ਹੋਈ” (ਪੰ: ੪੬੯) ਅਤੇ ਇਸ ਵਿਸ਼ੇ ਨਾਲ ਸਬੰਧਤ ਬੇਅੰਤ ਹੋਰ ਸ਼ਬਦ, ਜਿਨ੍ਹਾਂ ਨੂੰ ‘ਗੁਰਮੁਖ’ ਪਿਆਰੇ ਕੇਵਲ ਪੜ੍ਹਦੇ ਹੀ ਨਹੀਂ; ਬਲਕਿ ਅਜਿਹੀਆਂ ਬੇਅੰਤ ਪੰਕਤੀਆਂ ਤੇ ਸ਼ਬਦ ‘ਗੁਰਮੁਖਾਂ’ ਦੀ ਜੀਵਨ ਰਹਿਣੀ ਤੇ ਸੋਚਣੀ ਦਾ ਹਿੱਸਾ ਹੁੰਦੇ ਹਨ।

ਦੂਜੇ ਪਾਸੇ, ਦੇਖਿਆ ਜਾਵੇ ਤਾਂ ਗੁਰਬਾਣੀ ਦੀਆਂ ਅਜਿਹੀਆਂ ਸਾਰੀਆਂ ਪੰਕਤੀਆਂ ਤੇ ਸ਼ਬਦ ਪੜ੍ਹਦੇ ਉਚਾਰਦੇ ਤਾਂ ‘ਮਨਮੁਖ’ ਵੀ ਹਨ ਪਰ ਇਹ ਸਭ ਉਨ੍ਹਾਂ ਦੀ ਰਹਿਣੀ, ਸੋਚਣੀ ਦਾ ਹਿੱਸਾ ਨਹੀਂ ਹੁੰਦੇ, ਕੇਵਲ ਉਚਾਰਣ ਦਾ ਵਿਸ਼ਾ ਹੀ ਹੁੰਦੇ ਹਨ। ਕਿਉਂਕਿ ਉਹ ਹਉਮੈ ਅਧੀਨ ਚੱਲ ਰਹੇ ਆਪਣੇ ਮਨ ਦੀ ਸੀਮਾ `ਚ ਹੀ ਵਿਚਰ ਰਹੇ ਹੁੰਦੇ ਹਨ। ਫ਼ਿਰ ਗੁਰਬਾਣੀ ਫ਼ੁਰਮਾਨ “ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ॥ ਅਨਿਕ ਜਤਨ ਕਰਿ ਆਤਮ ਨਹੀ ਦ੍ਰਵੈ॥ ਹਰਿ ਦਰਗਹ ਕਹੁ ਕੈਸੇ ਗਵੈ” (੨੭੮) ਅਨੁਸਾਰ ਉਹ ਭਾਵੇਂ ਸਾਮਾਜਿਕ ਤਲ `ਤੇ ਵੱਡੇ ਵੱਡੇ ਧਾਰਮਿਕ ਕਰਮ ਕਰ ਰਹੇ ਹੋਣ ਜਾਂ ਵੱਡੇ ਵੱਡੇ ਕੁਕਰਮ, ਗੁਣਾਹ ਤੇ ਜੁਰਮ ਪਰ ਆਪਣੇ ਜਨਮ ਨੂੰ ਬਿਰਥਾ ਹੀ ਕਰ ਰਹੇ ਹੁੰਦੇ ਹਨ।

“ਭਗਤ ਕਰਨਿ ਹਰਿ ਚਾਕਰੀ” -ਹੁਣ ਇਸ ਪੱਖੋਂ ਮੁੜਦੇ ਹਾਂ ਸਬੰਧਤ ਪਉੜੀ ਨੰ: ੧੬ ਵੱਲ। ਸਪਸ਼ਟ ਹੋ ਜਾਵੇਗਾ ਕਿ ਗੁਰਦੇਵ ਨੇ ਪਉੜੀ `ਚ ਖ਼ੁਦ ਵੀ ਇਸ ਵਿਸ਼ੇ ਨੂੰ ਹੀ ਪੂਰੀ ਤਰ੍ਹਾਂ ਖੋਲਿਆ ਤੇ ਨਿਭਾਇਆ ਹੈ। ਗੁਰਦੇਵ ਨੇ ਸਪਸ਼ਟ ਕੀਤਾ ਹੈ “ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ” ਕਿਉਂਕਿ “ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ” ਤੇ ਉਸੇ ਦਾ ਨਤੀਜਾ ਹੁੰਦਾ ਹੈ “ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪਿ ਗਵਾਇਆ”। ਜਦਕਿ ਦੂਜੇ ਪਾਸੇ “ਸੈਸਾਰੀ ਆਪਿ ਖੁਆਇਅਨੁ, ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ॥ ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ”। ਇਸ ਤਰ੍ਹਾਂ ਸਪਸ਼ਟ ਹੈ ਕਿ ਮਨਮੁਖ ਸੰਸਾਰ `ਚ ਆਪਣੇ ਮਨੁੱਖਾ ਜਨਮ ਦੀ ਬਰਬਾਦੀ ਦੇ ਨਾਲ ਨਾਲ ਉਲਟਾ ਵਿਕਾਰਾਂ ਦੇ ਜ਼ਹਿਰ `ਚ ਹੀ ਵਾਧਾ ਜਰ ਰਹੇ ਹੁੰਦੇ ਹਨ।

ਇਸ ਤਰ੍ਹਾਂ ਆਪਣੇ ਆਪ ਸਪਸ਼ਟ ਹੋ ਜਾਂਦਾ ਹੈ ਕਿ ਮਨੁੱਖ ਦੇ ਜੀਵਨ ਹੀ, ਦੋ ਵਿਰੋਧੀ ਧਿਰਾਂ ਨੂੰ ਤਿਆਰ ਹੁੰਦੇ ਤੇ ਚਲਦੇ ਹਨ। ਇਹ ਹਨ; ‘ਗੁਰਮੁਖ ਜੀਵਨ’ ਜਾਂ ‘ਮਨਮੁਖਤਾ ਦਾ ਸ਼ਿਕਾਰ ਜੀਵਨ’। ਇੱਕ ਪਾਸੇ ਹਉਮੈ ਰਹਿਤ ਜੀਵਨ ਤੋਂ “ਭਗਤ ਕਰਨਿ ਹਰਿ ਚਾਕਰੀ ਤੇ ਦੂਜੇ ਪਾਸੇ “ਸੈਸਾਰੀ ਆਪਿ ਖੁਆਇਅਨੁ” ਭਾਵ ਮਨਮੁੱਖਾਂ ਦੇ ਹਉਮੈ ਤੇ ਮਾਇਕ ਖਿਚਾਂ ਨਾਲ ਗ੍ਰਸੇ ਹੋਏ ਜੀਵਨ।

ਇਕ ਪਾਸੇ ਕਰਤੇ ਪ੍ਰਭੂ ਦੀ ਸਿਫ਼ਤ ਸਲਾਹ `ਚ ਗੜੁੱਚ, ਕਰਤੇ ਪ੍ਰਭੂ ਨਾਲ ਇੱਕ ਮਿੱਕ ਹੋ ਕੇ ਇਲਾਹੀ ਗੁਣਾਂ ਨਾਲ ਭਰਪੂਰ ਜੀਵਨ। ਦੂਜੇ ਪਾਸੇ. ਜਨਮ ਦੇਣ ਵਾਲੇ ਤੇ ਸਰੀਰ ਅੰਦਰ ਵੱਸ ਰਹੇ ਦਾਤੇ ਪ੍ਰਭੂ ਤੋਂ ਵੀ ਅਨਜਾਣ, ਅਕਾਲਪੁਰਖ ਤੋਂ ਟੁੱਟੇ ਹੋਏ ਤੇ ਮਨ ਦੇ ਗ਼ੁਲਾਮ ‘ਮਨਮੱਤੀ ਜੀਵਨ’। (ਚਲਦਾ) #G0108-Vs012.02s012#

Including this Self Learning Gurmat Lesson No G-018V

ਅਰਥ ਨਿਖਾਰ-ਪਉੜੀ ੧੬, ਵਾਰ ਮਾਝ ਕੀ ਵਾਰ ਮ: ੧

ਭਗਤਾ ਤੈ ਸੈਸਾਰੀਆ

ਜੋੜੁ ਕਦੇ ਨ ਆਇਆ (ਭਾਗ-੫)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.