.

☬ ੴ ਸਤਿਗੁਰ ਪ੍ਰਸਾਦਿ॥ ☬
“ਗੁਰ ਬਿਲਾਸ ਪਾਤਸਾਹੀ 6” ਵਿਚੋਂ ਗੁਰਮਤਿ ਵਿਰੋਧੀ ਲਿਖਤਾਂ?
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ-
ਪਹਿਲਾ ਕਾਂਡ

(1) ਇਤਿਹਾਸ ਤਾਂ ਅਰਾੰਭ ਹੋ ਰਿਹਾ ਹੈ ਉਸ ਛੇਵੇਂ ਸਤਿਗੁਰੂ ਨਾਨਕ ਸਾਹਿਬ-ਗੁਰੂ ਹਰਿਗੋਬਿੰਦ ਜੀ ਦਾ, ਕੇਵਲ ਇੱਕ ਦੇ ਪੁਜਾਰੀ ਜਿਸ ਗੁਰਦੇਵ ਜੀ ਦਾ ਕੇਵਲ ਮਾਤ੍ਰ ਸਿਧਾਂਤ ਇੱਕ ਅਕਾਲ ਪੁਰਖ ਸਿਰਜਨਹਾਰ ਦੀ ਸਦੀਵੀ ਯਾਦ, ਉਸੇ ਇੱਕ ਦੀ ਪੂਜਾ ਹੈ, ਜਿਹੜੇ ਸਤਿਗੁਰੂ ਜੀ ਬਾਰ ਬਾਰ ਉਸੇ ਇੱਕ ਦੀ ਮਹਿਮਾ- (1) - “ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ 1॥ ਰਹਾਉ॥”{350} (2) “ਏਕੈ ਰੇ ਹਰਿ ਏਕੈ ਜਾਨ॥ ਏਕੈ ਰੇ ਗੁਰਮੁਖਿ ਜਾਨ॥ 1॥ ਰਹਾਉ॥”{535}
(3) - ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ॥ ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ॥ ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ॥ ਹਰਿ ਤਿਸੈ ਨੋ ਸਾਲਾਹਿ ਜਿ ਤੁਧੁ ਰਖੈ ਬਾਹਰਿ ਘਰਿ॥ ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ॥ 1॥ {83} (4) -ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ 1॥ ਰਹਾਉ॥ ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇਇ॥ ਆਪੇ ਵੇਖੈ ਆਪੇ ਵਿਗਸੈ ਆਪੇ ਨਦਰਿ ਕਰੇਇ॥ 2॥ ਜੋ
ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ॥ ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ॥ 3॥ {350} - (5) -ਏਕੈ ਰੇ ਹਰਿ ਏਕੈ ਜਾਨ॥ ਏਕੈ ਰੇ ਗੁਰਮੁਖਿ ਜਾਨ॥ 1॥ ਰਹਾਉ॥ ਕਾਹੇ ਭ੍ਰਮਤ ਹਉ ਤੁਮ ਭ੍ਰਮਹੁ ਨ ਭਾਈ ਰਵਿਆ ਰੇ ਰਵਿਆ ਸ੍ਰਬ ਥਾਨ॥ 1॥ {535}
-ਉਸੇ ਇੱਕ ਦਾ ਸਿਮਰਣ ਕਰਦੇ ਕਿਦੇ ਰੱਜਦੇ ਹੀ ਨਹੀ ਸਨ, ਉਸ ਦੀ ਕਥਾ ਦਾ ਅਰੰਭ, ਬ੍ਰਾਹਮਣੀ ਬੋਲੀ ਦੀ ਚਤੁਰਾਈ ਨਾਲ ਇੱਕ ਦੇ ਥਾਂ ਅਨੇਕਤਾ ਦੀ ਪੂਜਾ ਦਾ ਭਰਮ? ਪੁਸਤਕ ਦੇ ਤੀਜੇ ਸਫ਼ੇ ਤੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਥਾ ਅਰੰਭ ਕਰਨ ਤੋਂ ਪਹਿਲਾ:-
ਦੋਹਰਾ॥ ਪ੍ਰਿਥਮ ਸਿਮਰਿ ਸ੍ਰੀ ਚਂਡਕਾ ਵਰੁ1 ਦਾਤੀ ਸੁਖਦਾਨ2.
ਮੰਗਲ ਕਰਨ3 ਕਿਲਵਿਖ ਹਰਨ4 ਸਭਿ ਸੰਤਨ ਕੇ ਪ੍ਰਾਨ5॥ 11॥
{ਪ੍ਰਭੂ ਤਿਆਗਿ ਆਨ ਜੋ ਚਾਹਤ ਤਾ ਕੈ ਮੁਖਿ ਲਾਗੈ ਕਾਲੇਖਾ॥ 1॥} {ਪੰਨਾ-1221}

ਸਭ ਤੋਂ ਪਹਿਲਾਂ ਚੰਡਕਾ ਨੂੰ ਸਿਮਰਦਿਆਂ ਉਸ ਨੂੰ ਵਰਾਂ ਅਤੇ ਸੁਖਾਂ ਦੀ ਦਾਤੀ, ਖ਼ੁਸੀਆਂ ਪਰਦਾਨ ਕਰਨ ਵਾਲੀ, ਪਾਪਾਂ ਨੂੰ ਨਾਸ ਕਰਨ ਹਾਰੀ ਸਰਬਤ ਦੀ ਨਹੀਂ ਸਗੋਂ ਕੇਵਲ ਸਭਿ ਸੰਤਨ ਕੀ ਪ੍ਰਾਨ ਕਿਹਾ ਹੈ। ਪਰ, ਇਸ ਸਾਰੇ ਕੁਫ਼ਰ ਦਾ ਉਚਾਰਨਹਾਰੇ, ਦਸ਼ਮੇਸ਼ ਜੀ ਦੇ ਲਾਡਾਂ ਪਿਆਰਾਂ ਪਾਤਰ, ਭਾਈ ਮਨੀ ਸਿੰਘ ਜੀ? ਸਭ ਕੁੱਝ ਉਨ੍ਹਾਂ ਕੋਲੋਂ ਸੁਣਿਆ ਜ਼ਾਹਰ ਕਰਨ ਲਈ, ਚਾਤਰ ਲਿਖਾਰੀ ਨੇ ਨਾਲ ਹੀ ਇਉਂ ਲਿਖ ਦਿੱਤਾ- “ਮਨੀ ਸਿੰਘ ਬਰਨਨ ਕਰੀ ਜੈਸੇ ਕਥਾ ਸੁਖਖਾਨ। ਸੋ ਪ੍ਰਸੰਗ ਬਰਨਨ ਕਰੋਂ ਸੁਨੋ ਸੰਤ ਧਰਿ ਧਯਾਨ”॥ 12॥ ਸਤਿਗੁਰੂ ਨਾਨਕ ਸਾਹਿਬ ਜੀ ਦੇ ਜਿਸ ਛੇਵੇਂ ਸਰੂਪ ਦੀ ਜੀਵਨ ਕਥਾ ਲਿਖੀ ਜਾ ਰਹੀ ਹੈ, ਉਹ ਤਾਂ ਅਕਾਲਪੁਰਖ ਤੋਂ ਬਿਨਾ ਕਿਸੇ ਹੋਰ ਕਥਿਤ ਦੇਸ ਸ਼ਕਤੀ ਨੂੰ ਪਛਾਣਦੇ ਹੀ ਨਹੀ-ਜਉ ਜਾਚਉ ਤਉ ਕੇਵਲ ਰਾਮ॥ ਆਨ ਦੇਵ ਸਿਉ ਨਾਹੀ ਕਾਮ॥ 1॥ ਰਹਾਉ॥ {ਪੰਨਾ 1162}
ਹਜ਼ਾਰਾਂ ਸਾਲਾਂ ਤੋਂ ਘਾਤਕ ਅਸਰਾਂ ਵਾਲੀ, ਬਿੱਪ੍ਰ-ਵਿਧੀ ਸਫ਼ਲਤਾ ਨਾਲ ਵਰਤਦੇ ਆ ਰਹੇ, ਕੁਟਲ ਲਿਖਾਰੀ ਨੇ. ਜਿਸ ਗੁਮਰਾਹ-ਕੁੰਨ ਢੰਗ ਨਾਲ ਸਤਿਗੁਰੂ ਨਾਨਕ ਸਾਹਿਬ ਜੀ ਦੇ ਛੇਵੇਂ ਸਰੂਪ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨ ਕਥਾ ਲਿਖੀ ਹੈ, ਉਸ ਤੋਂ ਇਸ “ਗੁਰ ਬਿਲਾਸ ਗ੍ਰੰਥ “ਵਿਚਲਾ ਹਰ ਬਚਨ ਗੁਰਮਤਿ ਤੋਂ ਅਗਿਆਨੀ ਸਿੱਖ ਦੇ ਮਨ ਤੇ ਡੂੰਘਾ ਅਸਰ ਕਰਨੋ ਕਦੇ ਵਿਰਥਾ ਨਹੀਂ ਜਾਣਾ। ਕਿਉਂਕਿ, ਦੇਵੀ ਦੇਵਤਿਆਂ ਦਾ ਜ਼ਿਕਰ ਇਸ ਗ੍ਰੰਥ ਵਿੱਚ ਬੜੀ ਵਡੀ ਭੂਮਕਾ ਨਿਭਾ ਰਿਹਾ ਹੈ, ਇਸ ਲਈ ਗੁਰਮਤਿ ਦਾ ਪੱਖ ਵਿਸਥਾਰ ਨਾਲ ਏਸੇ ਇੱਕ ਥਾਂ ਲਿਖ ਦੇਣਾ ਠੀਕ ਮੰਨ ਲਿਆ ਹੈ।
{ਨੋਟ:-ਯਾਦ ਰਹੇ ਕਿ, ਸਦੀਵੀ ਸਚੁ ਵਾਲੇ ਸਰਬ ਸਾਂਝੇ ਉਪਦੇਸ਼ ਨੂੰ ਦ੍ਰਿੜ ਕਰਾਉਣ ਲਈ, ਗੁਰਬਾਣੀ ਵਿੱਚ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ॥ ਵਾਲਾ ਗੁਰਮਤਿ ਸਿਧਾਂਤ ਵੀ ਦਰਤਿਆ ਹੈ। ਗੁਰਮਤਿ ਦੇ ਨਿੱਯਮ ਨੂੰ ਦ੍ਰਿੜ ਕਰਾਉਣ ਲਈ ਜਿਵੇਂ (ਕਥਿਤ ਤੌਰ ਤੇ) ਸਤਿਗੁਰੂ ਜੀ ਨੇ ਗੰਦੇ ਪਾਣੀ ਦੇ ਚਲ੍ਹੇ ਵਿੱਚ ਛੰਨਾ ਸੁਟ ਕੇ ਕਢਵਾਉਣ ਵਾਲੇ ਕੌਤਕ ਦਾ ਜ਼ਿਕਰ ਇਤਿਹਾਸ ਵਿੱਚ ਆਇਆ ਹੈ, ਜਾਂ, ਜਿਸ ਅਸੂਲ ਦੀ ਵਰਤੋਂ ਵਿੱਚ ਆਤਮਕ ਰੋਗਾਂ ਦੇ ਪਰਮ ਵੈਦ, ਸਤਿਗੁਰੂ ਜੀ ਨੂੰ ਉਦਾਸੀ ਵੇਸ ਧਾਰਨ ਕਰਨਾ ਪਿਆ ਸੀ, ਗੁਰੂ ਬਾਣੀ ਵਿੱਚ ਪ੍ਰਥਾਇ ਸਾਖੀਆਂ ਵੀ ਉਸੇ ਹੀ ਨਿੱਯਮ ਅਨੁਸਾਰ ਲਿਖਣੀ ਸਮੇਂ ਦੀ ਲੋੜ ਸੀ। ਸਾਨੂੰ ਭਰਮ ਜਾਲ ਵਿਚੋਂ ਕੱਢਣ ਲਈ ਭਰਮ ਗ੍ਰਸੀਆਂ ਪੁਰਾਣਕ ਕਥਾ ਕਹਾਣੀ ਦਾ ਜਿਹੜਾ ਕਿਤੇ ਸੰਕੇਤ ਮਾਤਰ ਜ਼ਿਕਰ ਗੁਰਬਾਣੀ ਵਿੱਚ ਆਇਆ ਹੈ, ਉਸ ਨੂੰ ਗੁਰਮਤਿ ਮੰਨ ਬਹਿਣਾ ਭੁੱਲ ਹੈ।


ਦੇਵੀ ਦੇਵਤੇ ਅਤੇ ਗੁਰਮਤਿ


1995 ਤੋਂ ਛਪ ਕੇ ਸੰਸਾਰ ਭਰ ਦੇ ਦੇਸ਼ਾਂ ਵਿੱਚ ਵੱਸ ਰਹੇ ਗੁਰਸਿਖਾਂ ਦੇ ਹੱਥਾਂ ਵਿੱਚ ਪੁੱਜ ਰਹੀ ਪੁਸਤਕ “ਬਿੱਪ੍ਰਨ ਕੀ ਰੀਤ ਤੋਂ ਸਚੁ ਦਾ ਮਾਰਗ” ਦੇ ਪਹਿਲੇ ਭਾਗ ਵਿੱਚ ਬ੍ਰਾਹਮਣੀ ਲਿਖਤਾਂ ਦੇ ਅਧਾਰ ਤੇ ਕਥਿਤ ਅਵਤਾਰਾਂ, ਭਗਵਾਨਾ ਅਤੇ ਦੇਵੀ ਦੇਵਤਿਆਂ ਦੀ ਕਥਿਤ ਅੱਡਰੀ ਹੋਂਦ ਦੇ ਨਿਰਮੂਲ਼ ਭਰਮ ਦੀ ਅਸਲੀਯਤ ਨੰਗੀ ਕੀਤੀ ਹੋਈ ਹੈ। ਇਨ੍ਹਾਂ ਦੀ ਹੋਂਦ ਦੇ ਅਨੁਭਵ ਦਾ ਮੁੱਢ ਕਿਵੇਂ ਬੱਝਾ, ਇਨ੍ਹਾਂ ਦੀਆਂ ਕਥਿਤ ਦੈਵੀ ਸ਼ਕਤੀਆਂ ਦੀ ਅਸਲੀਯਤ ਬੜੇ ਵਿਸਥਾਰ ਨਾਲ ਸਮਝਾਈ ਹੋਈ ਹੈ। ਪੁਸਤਕ ਉਸੇ ਪਹਿਲੇ ਭਾਗ ਦੇ ਤੀਜੇ ਕਾਂਡ* ਵਿੱਚ ਖ਼ਾਸ ਕਰਕੇ, ਦੇਵੀ ਦੇਵਤਿਆਂ ਦੀ ਹੋਂਦ ਦੇ ਬਹੁਪੱਖੀ ਭਰਮ ਨੂੰ ਦੂਰ ਕਰਨ ਲਈ, ਗੁਰੂ ਬਾਣੀ ਦੇ ਅਨੇਕ ਪਰਮਾਣ ਅਰਥਾਂ ਸਮੇਤ ਲਿਖਣ ਤੋਂ ਇਲਾਵਾ, ਬ੍ਰਾਹਮਣੀ ਗ੍ਰੰਥਾਂ ਵਿਚੋਂ ਬੜੇ ਠੋਸ ਢੁਕਵੇ ਹਵਾਲੇ ਅੰਕਿਤ ਕੀਤੇ ਹੋਏ ਹਨ। ਦੇਵੀ ਦੇਵਤਿਆਂ ਦੇ ਨਾਲ ਪੂਰਾਣਕ ਕਾਲ ਦੇ ਸਾਰੇ ਸਾਰੇ ਅਵਤਾਰਾਂ ਦੀ ਮਨੀ ਕਈ ਹਰ ਤਰ੍ਹਾਂ ਦੀ ਹੋਦ ਨੂੰ ਦਾਸ ਨੇ ਉਸ ਪੁਸਤਕ-ਮਾਲਾ ਵਿੱਚ ਬੜੇ ਸਪੱਸ਼ਟ ਸ਼ਬਦਾਂ ਵਿੱਚ ਰੱਦ ਕੀਤਾ ਹੋਇਆ ਹੈ। ਪਰ, 1995 ਤੋਂ ਅੱਜ 2002 ਤੱਕ, (ਹੰਦੂ ਵੀਰਾਂ ਸਮੇਤ), ਕਿਸੇ ਪੱਖੋ ਵੀ, ਦਾਸ ਕੋਲ, ਕੋਈ ਕਿੰਤੂ ਪ੍ਰੰਤੂ ਨਹੀਂ ਪੁੱਜਾ।
* {Foot note:- ਦੇਵੀ ਦੇਵਤਿਆਂ ਬਾਰੇ ਬਣੇ ਕਈ ਰੰਗਾਂ ਦੇ ਭਰਮਾ ਦੂਰ ਕਰਨ ਦੇ ਯਤਨ ਵਿੱਚ ਇਸ ਤੀਜੇ ਕਾਂਡ ਵਿੱਚ ਜਿਹੜੇ ਲੇਖ ਲਿਖੇ ਹਨ ਉਨ੍ਹਾਂ 22 ਲੇਖਾਂ ਦਾ ਵੇਰਵਾ ਇਸ ਪ੍ਰਕਾਰ ਹੈ:-1 ਬ੍ਰਾਹਮਣ ਬਨਾਮ ਤੇਤੀ ਕ੍ਰੋੜ ਦੇਵੀ ਦੇਵਤੇ, 2-ਵਿਸ਼੍ਵਕਰਮਾ, 3-ਦੇਵੀ ਦੇਵਤਿਆਂ ਦੀ ਸਵਾਰੀ ਦਾ ਪ੍ਰਬੰਧ, 4-ਦੇਵੀ ਦੇਵਤਿਆਂ ਦੀ ਅਪਾਰ ਕਿਰਪਾ, 5-ਵਰਾਂ ਸਰਾਪਾਂ, ਅਥਵਾ ਅਸੀਸਾਂ ਬਦਅਸੀਸਾਂ ਦਾ ਬਿੱਪ੍ਰੀ ਮਾਇਆ ਜਾਲ, 6-ਵਾਰ-ਸਰਾਪ ਅਤੇ ਗੁਰਮਤਿ, 7-ਪੂਜਾ ਅਰਚਾ, 8-ਦੇਵੀ ਦੇਵਤੇ ਦੀ ਪੂਜਾ ਅਤੇ ਗੁਰਮਤਿ, 9-ਪੂਜਾ ਦਾ ਨਿਸਫ਼ਲ ਜ਼ੁਲਮੀ ਪੱਖ, 10-। ਪੂਜਾ ਸਬੰਧੀ ਗੁਰਮਤਿ ਮਰਯਾਦਾ, 11-ਗੁਰ-ਪਰਮੇਸ਼ਰ ਪੂਜੀਐ, 12-ਅਕਾਲ ਪੁਰਖ ਦੀ ਪੂਜਾ, 13-ਆਰਤੀ ਅਤੇ ਗੁਰਮਤਿ, 14-ਦੇਵੀ ਦੇਵਤੇ ਅਤੇ ਮਾਸ ਸ਼ਰਾਬ, 15-ਵੈਸਨੋ ਦੇਵੀ ਨੂੰ ਮਨੁੱਖ ਦਾ ਮਾਸ ਭੇਟਾ ਕਰਨ ਦੀ ਅਜੋਕੀ ਦਰਘਟਨਾ, 16-ਭੋਗ ਲਾਉਣ ਦੀ ਪਰਿਪਾਟੀ, 17-ਕਾਮ-ਵਾਸਨਾ ਦੀ ਤ੍ਰਿਪਤੀ ਦੇ ਸਾਧਨ ਦੇਵਤੇ, 18-ਭੋਗ ਲਾਉਣ ਦੀ ਮਰਯਾਦਾ ਥੋਰ ਪਾਪਾਂ ਦਾ ਮੂਲ? , 19-ਭੋਗ ਲਾਉਣਾ ਅਤੇ ਗੁਰਮਤਿ, 20-ਦੇਵੀ ਦੇਵਤੇ ਅਤੇ ਗੁਰਬਾਣੀ, 21-ਗਾਇਤ੍ਰੀ ਮੰਤ੍ਰ, 22-ਪ੍ਰਭੂ ਆਪੇ ਹੀ ਆਪ ਹੈ।}
ਜੇ ਪਾਠਕ ਸਜਣ ਦੇਵੀ ਦੇਵਤਿਆਂ ਦੀ ਹੋਂਦ ਬਾਰੇ ਬਣੇ ਕਿਸੇ ਭਰਮ ਦੀ ਨਿਵਿਰਤੀ ਕਰਨੀ ਚਾਹੁਣ ਤਾਂ ਉਪਰੋਕਤ ਵਰਣਨ ਪੁਸਤਕ ਧਿਆਨ ਨਾਲ ਪੜ੍ਹ ਲੈਣ। ਏਥੇ ਪੁਸਤਕ ਦੀ ਪਰਖ ਵਿੱਚ ਖ਼ਾਹ ਮਖ਼ਾਹ ਵਾਧਾ ਕਰੀ ਜਾਣਾ ਯੋਗ ਨਹੀ ਹੈ। ਏਥੇ ਹੇਠ ਲਿਖੇ ਅਰਥਾਂ ਸਮੇਤ ਗੁਰੂ ਫ਼ੁਰਮਾਨਾਂ ਤੇ ਹੀ ਸੰਤੁਸ਼ਟਤਾ ਲੋੜੀਏ:--
6- ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ॥
ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ॥ 2॥ {129} -32-33

ਅਰਥ:-ਇਹ ਮਾਇਆ ਹੀ (ਭਾਵ, ਸੁਖਾਂ ਦੀ ਕਾਮਨਾ ਤੇ ਦੁਖਾਂ ਤੋਂ ਡਰ) ਦੇਵੀ ਦੇਵਤਿਆਂ ਦੇ ਰਚੇ ਜਾਣ ਦਾ ਕਾਰਨ ਹੈ, ਇਸ ਮਾਇਆ ਨੇ ਹੀ ਸਿਮ੍ਰਿਤੀਆਂ ਤੇ ਸ਼ਾਸਤਰ ਪੈਦਾ ਕਰ ਦਿੱਤੇ (ਭਾਵ, ਸੁਖਾਂ ਦੀ ਪ੍ਰਾਪਤੀ ਤੇ ਦੁਖਾਂ ਦੀ ਨਿਵਿਰਤੀ ਦੀ ਖ਼ਾਤਰ ਹੀ ਸਿਮ੍ਰਿਤੀਆਂ ਸ਼ਾਸਤਰਾਂ ਦੀ ਰਾਹੀਂ ਕਰਮ ਕਾਂਡ ਰਚੇ ਗਏ)। ਸਾਰੇ ਸੰਸਾਰ ਵਿੱਚ ਸੁਖਾਂ ਦੀ ਲਾਲਸਾ ਤੇ ਦੁਖਾਂ ਤੋਂ ਡਰ ਦਾ ਜਜ਼ਬਾ ਪਸਰ ਰਿਹਾ ਹੈ, ਜਿਸ ਕਰ ਕੇ ਜੀਵ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਦੁੱਖ ਪਾ ਰਹੇ ਹਨ। 2.
ਮਾਇਆ ਧਾਰੀ ਬਿੱਪ੍ਰ ਧਰਮ-ਅਗੂਆਂ ਨੇ ਦੇਵੀ ਦੇਵਤਿਆਂ ਦੀ ਹੋਂਦ ਵਾਲੇ ਇਸ ਭਰਮ-ਜਾਲ ਦੀ ਰਾਹੀ ਲੋਕਾਂ ਨੂੰ ਆਪਣੀ ਲੇਟ ਦਾ ਸਾਧਨ ਬਣਾ ਲਿਆਂ ਹੋਇਆ ਹੈ। ਇਸ ਪੱਖ ਦਾ ਪੂਰਾ ਵਿਸਥਾਰ ਉਪਰੋਕਤ ਵਰਣਨ ਪੁਸਤਕ ਵਿਚੋਂ ਮਿਲ ਸਕਦਾ ਹੇ। ਏਥੇ ਚੰਡਕਾ ਦਾ ਲਿਆ ਵਾੜਨਾ, ਉਸੇ ਭਰਮ ਜਾਲ ਦਾ ਹੀ ਘਿਣਾਵਣਾ ਰੂਪ ਹੈ॥
7- ਜਲਿ ਮਲਿ ਕਾਇਆ ਮਾਜੀਐ ਭਾਈ ਭੀ ਮੈਲਾ ਤਨੁ ਹੋਇ॥ ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ॥ 5॥ ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੁਡਹਿ ਤੇਹਿ॥ 6॥ ਗੁਰ ਬਿਨੁ ਅਲਖੁ ਨ ਲਖੀਐ ਭਾਈ ਜਗੁ ਬੂਡੈ ਪਤਿ ਖੋਇ॥ ਮੇਰੇ ਠਾਕੁਰ ਹਾਥਿ ਵਡਾਈਆ ਭਾਈ ਜੈ ਭਾਵੈ ਤੈ ਦੇਇ॥ 7॥ 4॥ {ਸੋਰ: ਮ: 1 ਪੰਨਾ 636-37} -4
ਤੀਰਥਾਂ ਦੇ ਇਸ਼ਨਾਨ ਨਾਲ ਆਉਂਦੀ ਜਿਸ ਪਵਿੱਰਤਾਂ ਦਾ ਭਰਮ ਅਸਾਂ ਕਬੂਲਿਆ ਹੋਇਆ ਹੈ, ਉਪਰੋਕਤ ਪੰਜਵੀ ਤੁਕ ਵਿੱਚ ਉਸ ਨੂੰ ਗੁਰਦੇਵ ਜੀ ਨਿਸਫ਼ਲ ਫ਼ੁਰਮਾਨ ਕਰਕੇ ਤੀਰਥਾਂ ਦੇ ਇਸ਼ਨਾਨ ਦੇ ਥਾਂ ਪਰਮਾਤਮਾ ਦੇ ਨਾਮ ਨੂੰ ਹੀ ਪਾਵਨ ਕਰਤਾ ਮੰਨਣ ਦਾ ਉਪਦੇਸ਼ ਦ੍ਰਿੜ ਕਰਾਇਆ ਹੈ।
ਅਰਥ:- ਜੇ ਪਾਣੀ ਨਾਲ ਮਲ ਮਲ ਕੇ ਸਰੀਰ ਨੂੰ ਮਾਂਜੀਏ ਤਾਂ ਵੀ ਸਰੀਰ (ਪਾਪਾਂ ਦੀ ਮੈਲ ਤੋਂ) ਮੈਲਾ ਹੀ ਰਹਿੰਦਾ ਹੈ। ਪਰ ਜੇ ਪਰਮਾਤਮਾ ਦੇ ਗਿਆਨ (-ਰੂਪ ਜਲ ਵਿਚ) ਪਰਮਾਤਮਾ ਦੇ ਨਾਮ (-ਅੰਮ੍ਰਿਤ) ਵਿੱਚ ਇਸ਼ਨਾਨ ਕਰੀਏ, ਤਾਂ ਮਨ ਵੀ ਪਵਿਤ੍ਰ ਤੇ ਸਰੀਰ ਵੀ ਪਵਿਤ੍ਰ ਹੋ ਜਾਂਦਾ ਹੈ। 5. ਜੇ ਦੇਵੀ ਦੇਵਤਿਆਂ ਦੀਆਂ ਪੱਥਰ ਆਦਿਕ ਦੀਆਂ ਮੂਰਤੀਆਂ ਦੀ ਪੂਜਾ ਕਰੀਏ, ਤਾਂ ਇਹ ਕੁੱਝ ਵੀ ਨਹੀਂ ਦੇ ਸਕਦੇ, ਮੈਂ ਇਨ੍ਹਾਂ ਪਾਸੋਂ ਕੁੱਝ ਵੀ ਨਹੀਂ ਮੰਗਦਾ। ਪੱਥਰ ਨੂੰ ਪਾਣੀ ਨਾਲ ਧੌਂਦੇ ਰਹੀਏ, ਤਾਂ ਵੀ ਉਹ (ਪੱਥਰ ਦੇ ਬਣਾਏ ਹੋਏ ਦੇਵੀ ਦੇਵਤੇ) ਪਾਣੀ ਵਿੱਚ ਡੁੱਬ ਜਾਂਦੇ ਹਨ (ਆਪਣੇ ਪੁਜਾਰੀ ਨੂੰ ਉਹ ਕਿਵੇਂ ਸੰਸਾਰ ਸਮੁੰਦਰ ਤੋਂ ਪਾਰ ਕਰ ਸਕਦੇ ਹਨ?)। 6. ਪਰਮਾਤਮਾ ਦੀ ਹਸਤੀ ਬਿਆਨ ਤੋਂ ਪਰੇ ਹੈ ਬਿਆਨ ਨਹੀਂ ਕੀਤੀ ਜਾ ਸਕਦੀ। ਹੇ ਭਾਈ! ਗੁਰੂ ਤੋਂ ਬਿਨਾ ਜਗਤ (ਵਿਕਾਰਾਂ ਵਿਚ) ਡੁੱਬਦਾ ਹੈ ਤੇ ਆਪਣੀ ਇਜ਼ੱਤ ਗਵਾਉਂਦਾ ਹੈ। (ਪਰ ਜੀਵਾਂ ਦੇ ਕੀ ਵੱਸ?) ਵਡਿਆਈਆਂ ਪਰਮਾਤਮਾ ਦੇ ਆਪਣੇ ਹੱਥ ਵਿੱਚ ਹਨ। ਜੋ ਉਸ ਨੂੰ ਚੰਗਾ ਲਗਦਾ ਹੈ ਉਸ ਨੂੰ ਦੇਂਦਾ ਹੈ। 7.
ਦੇਵੀ ਦੇਵਤਿਆਂ ਦੀਆਂ ਕਰਾਮਾਤਾ ਆਦਿ ਦਾ ਜ਼ਿਕਰ ਇਸ ਪੁਸਤਕ ਵਿੱਚ ਕਈ ਵਾਰੀ ਆਉਣਾ ਹੈ। ਸੁਜਾਨ ਸੱਜਣ ਇਸ ਗੱਲ ਨਾਲ ਸਹਿਮਤ ਹੋਣਗੇ ਕਿ, ਬਾਰ ਬਾਰ ਏਹੀ ਗੱਲ ਲਿਖੀ ਜਾਣੀ (ਦੇਵੀ ਦੇਵਤਿਆਂ ਦੀ ਕਿਸੇ ਪ੍ਰਕਾਰ ਦੀ ਵੀ ਹੋਂਦ ਨੂੰ ਨਹੀਂ ਮੰਨਦੀ) ਸਮਾ ਨਸ਼ਟ ਕਰਨ ਵਾਲੀ ਬੇਲੋੜੀ ਗੱਲ ਹੈ। ਪਰਮਾਤਾ ਤੋਂ ਬਿਨਾ ਹੋਰ ਕਥਿਤ ਦੈਵੀ ਸ਼ਕਤੀਆਂ ਬਾਰੇ ਇਹ ਅੰਤਮ ਗੁਰਮਤਿ ਵਿਚਾਰ ਸਮਝਣੀ ਚਾਹੀਦੀ ਹੈ।

ਦਾਸਰਾ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.