.

ਅਰਥ ਨਿਖਾਰ-ਪਉੜੀ ੧੬, ਵਾਰ ਮਾਝ ਕੀ ਵਾਰ ਮ: ੧

ਭਗਤਾ ਤੈ ਸੈਸਾਰੀਆ

ਜੋੜੁ ਕਦੇ ਨ ਆਇਆ (ਭਾਗ-੪)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਇਸ ਤੋਂ ਪਹਿਲੇ ਤਿੰਨੇ ਭਾਗ ਜ਼ਰੂਰ ਪੜ੍ਹੋ ਜੀ)

ਵਿਸ਼ਾ ਨੰ: ੩ “ਭਗਤ ਤੇ ਸੰਸਾਰੀ” ਗੁਰਮਤਿ ਬਨਾਮ ਬ੍ਰਾਹਮਣ ਅਥਵਾ ਸਨਾਤਨ ਮੱਤ” -ਬੇਸ਼ੱਕ ਇਸ ਵਿਸ਼ੇ ਨੂੰ ਚਲਦੇ ਗੁਰਮੱਤ ਪਾਠ `ਚ ਕਿਸੇ ਹੱਦ ਤੱਕ ਪਹਿਲਾਂ ਵੀ ਸਪਸ਼ਟ ਕਰ ਚੁੱਕੇ ਹਾਂ ਤਾਂ ਵੀ ਗੁਰੂ ਕੀਆਂ ਸੰਗਤਾਂ ਤੱਕ ਸਪਸ਼ਟ ਕਰਣ ਲਈ ਇਸ ਵਿਸ਼ੇ ਨੂੰ ਅਜੇ ਕੁੱਝ ਹੋਰ ਖੋਲਣ ਦੀ ਲੋੜ ਹੈ। ਇਸ ਤਰ੍ਹਾਂ ਹੁਣ ਤੱਕ ਇਹ ਦੇਖਣ ਤੋਂ ਬਾਅਦ ਕਿ ਜਦੋਂ ਗੁਰਦੇਵ ਵੀ ਇਹੀ ਫ਼ੁਰਮਾਅ ਰਹੇ ਹਨ ਕਿ “ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ” ਤਾਂ ਗੁਰਬਾਣੀ ਦੀ ਕਸਵਟੀ `ਤੇ ਉਨ੍ਹਾਂ “ਭਗਤਾਂ” ਦਾ ਜੀਵਨ ਪਧਰ ਕੀ ਹੈ ਜਿਨ੍ਹਾਂ ਦੀ ਜੀਵਨ ਰਹਿਣੀ ‘ਸੰਸਾਰੀਆਂ’ ਨਾਲ ਨਹੀਂ ਰਲਦੀ। ਤਾਂ ਤੇ ਇਹ ਵੀ ਕਿ ਗੁਰਮੱਤ ਅਨੁਸਾਰ ‘ਸੰਸਾਰੀ’ ਕੋਣ ਹਨ?

ਇਸ ਵਿਸ਼ੇ ਨੂੰ ਖੋਲਣ ਦੀ ਲੋੜ ਬਹੁਤੀ ਇਸ ਲਈ ਵੀ ਹੈ ਕਿ ਗੁਰਬਾਣੀ `ਚ ਅਜਿਹੀ ਵਿਚਾਰਧਾਰਾ ਗੁਰਦੇਵ ਨੇ ਪਹਿਲੀ ਵਾਰ ਨਹੀਂ ਦਿੱਤੀ ਬਲਕਿ ਬ੍ਰਾਹਮਣੀ ਅਥਵਾ ਸਨਾਤਨੀ ਮੱਤ ਵਿਚਕਾਰ ਹਜ਼ਾਰਾਂ ਸਾਲਾਂ ਤੋਂ ਬਣਿਆ ਹੋਇਆ ਤੇ ਲੋਕਾਈ ਦੇ ਮਨਾਂ `ਚ ਘਰ ਕੀਤਾ ਹੋਇਆ ਵਿਸ਼ਵਾਸ ਵੀ ਇਹੀ ਹੈ। ਫ਼ਿਰ ਵੀ ਫ਼ਰਕ ਕਿਥੇ ਹੈ; ਇਹ ਵੱਡਾ ਫ਼ਰਕ ਹੈ ਤਾਂ ਲਫ਼ਜ਼ ‘ਭਗਤਾਂ’ ਤੇ ‘ਸੰਸਾਰੀਆਂ’ ਦੇ ‘ਗੁਰਮੱਤ’ ਅਤੇ ‘ਬ੍ਰਾਹਮਣੀ’ ਅਰਥਾਂ ਵਿਚਕਾਰ।

ਜਿਵੇਂ ਕਿ ਇਹ ਵੀ ਦੇਖ ਚੁੱਕੇ ਹਾਂ ਕਿ ਬ੍ਰਾਹਮਣ ਤੇ ਸਨਾਤਨ ਮੱਤ ਅਨੁਸਾਰ ਉਹ ਸਾਰੇ ਹੀ ਭਗਤ ਤੇ ਧਰਮੀ ਹੁੰਦੇ ਹਨ ਜਿਨ੍ਹਾਂ ਸੰਸਾਰ ਅਤੇ ਪ੍ਰਵਾਰ ਦਾ ਤਿਆਗ ਕਰ ਦਿੱਤਾ ਤੇ ਬਦਲੇ `ਚ ਕੋਈ ਭੇਖ ਧਾਰਨ ਕਰ ਲਿਆ। ਫ਼ਿਰ ਉਹ ਭੇਖ ਚਾਹੇ ਉਨ੍ਹਾਂ ਅਨੁਸਾਰ ਅਖੌਤੀ ਭਗਤਾਂ, ਸਨਿਆਸੀਆਂ, ਬ੍ਰਹਮਚਾਰੀਆਂ, ਮੋਨੀਆਂ, ਨਾਂਗਿਆਂ, ਜੋਗੀਆਂ, ਬਿਭੂਤਧਾਰੀਆਂ, ਸਾਧੂਆਂ, ਸੰਤਾਂ, ਤਪਸਵੀਆਂ ਦਾ ਹੋਵੇ ਜਾਂ ਕੋਈ ਹੋਰ। ਜਦਕਿ ਇਧਰ ਗੁਰਮੱਤ ਅਨੁਸਾਰ ਉਨ੍ਹਾਂ ਚੋਂ ਬਹੁਤਾ ਕਰਕੇ ਭੇਖੀ ਤੇ ਵਿਹਲੜ ਹੀ ਹੁੰਦੇ ਹਨ ਜੋ ਗ੍ਰਿਹਸਤੀਆਂ `ਤੇ ਵੀ ਭਾਰ ਹੁੰਦੇ ਹਨ। ਇਸ ਤਰ੍ਹਾਂ ਗੁਰਮੱਤ ਅਨੁਸਾਰ ਅਜਿਹੇ ਲੋਕ ਨ ‘ਧਰਮੀ’ ਹੁੰਦੇ ਹਨ ਨਾ ‘ਭਗਤ’ ਤੇ ਨਾ ਰਿਸ਼ੀ-ਮੁਨੀ, ਮਹਾਤਮਾ ਆਦਿ ਤੇ ਨਾ ਧਾਰਮਿਕ ਆਗੂ

ਇਸ ਦੇ ਉਲਟ, ਇਹ ਵੀ ਦੇਖ ਚੁੱਕੇ ਹਾਂ ਕਿ ਗੁਰਬਾਣੀ ਅਨੁਸਾਰ ‘ਭਗਤ’ ਅਥਵਾ ‘ਧਰਮੀ’ ਹੋਣਾ ਵਿਸ਼ੇਸ਼ ਜੀਵਨ ਹੈ ਤੇ ਇਸੇ ਤਰ੍ਹਾਂ ‘ਸਾਧ’ ਤੇ ‘ਸੰਤ’ ਆਦਿ ਹੋਣਾ ਵੀ ਵਿਸ਼ੇਸ਼ ਜੀਵਨ ਹੈ ਨਾ ਕਿ ਕਿਸੇ ਭੇਖ ਤੇ ਪਹਿਰਾਵੇ ਆਦਿ ਦਾ ਧਾਰਨੀ ਹੋਣਾ। ਸਪਸ਼ਟ ਹੈ ਕਿ ਗੁਰਮੱਤ ਅਨੁਸਾਰ ‘ਭਗਤ’ ਅਥਵਾ ‘ਧਰਮੀ’ ਗ੍ਰਿਹਸਤੀ ਵੀ ਹੁੰਦੇ ਹਨ, ਆਪਣੇ ਕਾਰ ਵਿਹਾਰ ਵੀ ਕਰਦੇ ਹਨ, ਉਪ੍ਰੰਤ ਆਪਣੀਆਂ ਧਾਰਮਿਕ, ਸਾਮਾਜਿਕ ਤੇ ਰਾਜਸੀ, ਜ਼ਿਮੇਵਾਰੀਆਂ ਵੀ ਨਿਭਾਉਂਦੇ ਹਨ। ਜਦਕਿ ਇਥੇ ਤਾਂ ਇਸ ਦੇ ਨਾਲ ਨਾਲ “ਭਗਤ ਕਰਨਿ ਹਰਿ ਚਾਕਰੀ, ਜਿਨੀ ਅਨਦਿਨੁ ਨਾਮੁ ਧਿਆਇਆ” ਭਾਵ ਅਜਿਹੇ ‘ਭਗਤ’ ਜਨ ਸੁਰਤ ਤੇ ਲਿਵ ਕਰਕੇ ਅਨਦਿਨ (ਚੌਵੀ ਘੰਟੇ) ਤੇ ਸੁਆਸ ਸੁਆਸ ਕਾਦਿਰ, ਕਰਤੇ, ਪ੍ਰਭੁ ਨਾਲ ਵੀ ਜੁੜੇ ਹੁੰਦੇ ਹਨ। ਹੋਰ ਤਾਂ ਹੋਰ ਗੁਰਬਾਣੀ ਅਨੁਸਾਰ ‘ਭਗਤਾਂ’ ਦੀਆਂ ਅਜਿਹੀਆਂ ਕੁੱਝ ਝਲਕੀਆਂ ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ ਆਦਿ ਗੁਰਬਾਣੀ `ਚ ਪ੍ਰਵਾਣਤ ਭਗਤਾਂ ਦੇ ਜੀਵਨ `ਚੋਂ ਵੀ ਦੇਖ ਚੁੱਕੇ ਹਾਂ ਤੇ ‘ਭਗਤਾਂ’ ਸਬੰਧੀ ਗੁਰਬਾਣੀ ਆਧਾਰਤ ਪ੍ਰਮਾਣਾ `ਚੋਂ ਵੀ।

ਦੂਜੇ ਪਾਸੇ ਬ੍ਰਾਹਮਣ ਅਥਵਾ ਸਨਾਤਨ ਮੱਤ ਅਨੁਸਾਰ ਤਾਂ ਹਰੇਕ ਗ੍ਰਿਹਸਤੀ ਤੇ ਦੁਨੀਆਦਾਰ, ਹੈ ਹੀ ਸੰਸਾਰੀ; ਨਾ ਉਹ ‘ਭਗਤ’ ਹੁੰਦਾ ਹੈ ਤੇ ਨਾ ‘ਧਰਮੀ’ ਤੇ ਨਾ ‘ਧਾਰਮਿਕ ਆਗੂ’, ਫ਼ਿਰ ਭਾਵੇਂ ਸੁਰਤ ਕਰਕੇ ਸੁਆਸ ਸੁਆਸ ਕਰਤੇ ਨਾਲ ਜੁੜਿਆ ਹੋਵੇ ਜਾਂ ਆਪਣੇ ਕਾਰ ਵਿਹਾਰ ਨੂੰ ਕਿਵੇਂ ਵੀ ਚਲਾ ਰਿਹਾ ਹੋਵੇ। ਸ਼ਰਾਫ਼ਤ ਨਾਲ, ਚੰਗਾ ਤੇ ਸਾਹੂ ਮਨੁੱਖ ਬਣ ਕੇ ਜਾਂ ਹੇਰਾ ਫ਼ੇਰੀਆਂ ਠਗੀਆਂ ਨਾਲ। ਆਪਣੇ ਧਾਰਮਿਕ ਆਗੂਆਂ ਅਨੁਸਾਰ ਦਿਖਾਵੇ ਦੇ ਧਰਮ ਕਰਮ ਕਰਦਾ ਹੋਵੇ, ਗ਼ਰੀਬਾਂ-ਮਜ਼ਲੂਮਾ ਤੇ ਨਿਤਾਣਿਆ ਦਾ ਖੂਨ ਚੂਸਣ ਵਾਲਾ, ਵੱਢੀਆਂ ਤੇ ਰਿਸ਼ਵਤਾਂ ਲੈਣ ਵਾਲਾ ਜਾਂ ਸਚਮੁੱਚ ਹੀ ਉੱਚੇ ਸੁੱਚੇ ਗੁਰਮੱਤ ਜੀਵਨ ਵਾਲਾ ਹੋਵੇ; ਬੱਸ ਜੇ ਉਹ ਕਾਰ ਵਿਹਾਰ ਕਰਦਾ ਹੈ, ਗ੍ਰਿਹਸਤੀ ਹੈ ਤਾਂ ਬ੍ਰਾਹਮਣ ਮੱਤ ਅਨੁਸਾਰ ਉਹ ਸੰਸਾਰੀ ਹੀ ਹੈ, ਉਹ ‘ਭਗਤ’ ਨਹੀਂ ਹੁੰਦਾ। ਫ਼ਿਰ ਇਹੀ ਨਹੀਂ ਉਥੇ ਤਾਂ ਇਸ ਬਾਰੇ ਮੂੰਹ ਚੜ੍ਹੀਆਂ ਵੀ ਬਹੁਤ ਹਨ ਜਿਨ੍ਹਾਂ ਦੀ ਗੁਰਮੱਤ ਨਾਲ ਸਾਂਝ ਨਹੀਂ ਜਿਵੇਂ “ਬੱਸ ਜੀ ਅਸੀਂ ਤਾਂ ਸੰਸਾਰੀ ਲੋਕ ਹਾਂ, ਅਸਾਂ ਤਾਂ ਆਪਣੇ ਬਾਲ ਬੱਚੇ ਵੀ ਪਾਲਨੇ ਹਨ, ਉਹ ਤਾਂ ਪੰਡਿਤ ਜੀ (ਜਾਂ…) ਆਪੇ ਆ ਕੇ ਕਰਵਾ ਦੇਣਗੇ, ਅਸੀਂ ਧਰਮੀ ਥੋੜੇ ਹਾਂ ਆਦਿ”

ਫ਼ਿਰ ਇਹ ਵੀ ਸੱਚ ਹੈ ਕਿ ਅਜਿਹੇ ਸੰਸਾਰੀ ਲੋਕ ਸਮੇਂ ਸਮੇਂ `ਤੇ ਮਿੱਥੇ ਹੋਏ ਧਰਮ ਕਰਮ ਵੀ, ਆਪਣੇ ਧਾਰਮਿਕ ਆਗੂਆਂ ਜਿਵੇਂ ਬ੍ਰਾਹਮਣਾ, ਪੰਡਿਤਾਂ, ਮੌਲਵੀਆਂ, ਕਾਜ਼ੀਆਂ ਆਦਿ ਤੋਂ ਕਰਵਾਉਂਦੇ ਹਨ। ਕਿਉਂਕਿ ਉਥੇ ਉਹ ਖ਼ੁਦ ਤਾਂ ਸੰਸਾਰੀ ਹੁੰਦੇ ਹਨ ਜਦਕਿ ਧਰਮੀ ਕੇਵਲ ਕੁੱਝ ਵਿਸ਼ੇਸ਼ ਮਿਥੇ ਹੋਏ ਲੋਕ ਹੀ ਹੁੰਦੇ ਹਨ। ਉਪ੍ਰੰਤ ਇਹੀ ਕਿ ਉਨ੍ਹਾਂ ਲੋਕਾਂ ਅਨੁਸਾਰ, ਉਨ੍ਹਾਂ ਤੋਂ ਇਲਾਵਾ, ਬਾਕੀ ਸਾਰੇ ਗ੍ਰਿਹਸਤੀ ‘ਦੁਨੀਆਦਾਰ’ ਤੇ ‘ਸੰਸਾਰੀ’ ਹੁੰਦੇ ਹਨ। ਫ਼ਿਰ ਉਨ੍ਹਾਂ ਸੰਸਾਰੀਆਂ ਤੇ ਗ੍ਰਿਹਸਤੀਆਂ ਦੇ ਸਾਰੇ ਧਰਮ ਕਰਮ ਜਿਵੇਂ ਯਗ ਹੋਮ, ਮੰਤਰ ਰਟਣ, ਵੇਦ ਪਾਠ, ਦਾਨ-ਪੁੰਨ-ਦਛਣਾ, ਬ੍ਰਹਮ ਭੋਜ ਆਦਿ ਕਰਮ ਕਾਂਡ ਕਰਵਾਉਣ ਦਾ ਹੱਕ ਕੇਵਲ ਉਨ੍ਹਾਂ ਦੇ ਧਾਰਮਿਕ ਆਗੂਆਂ ਪਾਸ ਹੀ ਹੁੰਦਾ ਹੈ।

ਇਸੇ ਤਰ੍ਹਾਂ ਦੂਜਿਆਂ ਦੀ ਦੇਖਾ ਦੇਖੀ ਵਿਗੜੇ ਹੋਏ ਪੰਥਕ ਹਾਲਾਤ `ਚ ਅਜੋਕੇ ਸਿੱਖਾਂ `ਚ ਵੀ ਅਖੰਡ ਪਾਠ (ਕਿਉਂਕਿ ਅਜੋਕੀਆਂ ਬਹੁਤੀਆਂ ਗੁਰੂ ਕੀਆਂ ਸੰਗਤਾਂ `ਚ ਆਪ ਪਾਠ ਜਾਂ ਸਹਿਜ ਪਾਠ ਕਰਣ ਦੀ ਬਹੁਤਾ ਕਰਕੇ ਆਦਤ ਹੀ ਮੁੱਕੀ ਪਈ ਹੈ), ਅਰਦਾਸਾਂ, ਖ਼ੁਸ਼ੀ-ਗ਼ਮੀ ਆਦਿ ਸਾਰੇ ਕੰਮ, ਭਾਈਆਂ, ਗ੍ਰੰਥੀਆਂ ਕੋਲੋਂ ਹੀ ਕਰਵਾਏ ਜਾ ਰਹੇ ਹਨ। ਕਿਉਂਕਿ ਬਦਲੇ `ਚ ਅਜਿਹੇ ਸਿੱਖਾਂ ਨੂੰ ਵੀ ਗੁਰਬਾਣੀ ਜੀਵਨ ਜਾਚ ਤੋਂ ਕੁੱਝ ਲੈਣਾ ਦੇਣਾ ਨਹੀਂ ਰਹਿ ਚੁੱਕਾ ਹੁੰਦਾ।

ਜਦਕਿ ਸਿੱਖ ਧਰਮ `ਚ ਗੁਰਬਾਣੀ ਸੋਝੀ ਰਖਣ ਵਾਲਾ ਜੀਵਨ ਜੀਉਣਾ ਅਤੇ ਅਜਿਹੇ ਸਾਰੇ ਧਰਮ ਕਰਮ ਕਰਣ ਦਾ ਹੱਕ ਹਰੇਕ ਗੁਰੂ ਕੇ ਸਿੱਖ ਪਾਸ ਵੀ ਹੈ। ਇਸ ਲਈ ਅਜੋਕੀਆਂ ਗੁਰੂ ਕੀ ਸੰਗਤਾਂ ਵਿਚਕਾਰ ਬੇਸ਼ੱਕ ਵੱਡੇ ਵੱਡੇ ਗੁਰਬਾਣੀ ਵਿਚਾਰ ਤੇ ਜੀਵਨ ਵਾਲੇ ਸੱਜਨ ਵੀ ਹੁੰਦੇ ਹਨ ਪਰ ਬ੍ਰਾਹਮਣੀ ਵਿਚਾਰਧਾਰਾ ਅਨੁਸਾਰ ਇਹ ਸਭ ਸੰਸਾਰੀ ਹੀ ਹਨ, ਨਾ ‘ਭਗਤ’ ਨਾ ਧਰਮੀ ਅਤੇ ਨਾ ਧਾਰਮਿਕ ਆਗੂ’। ਬਲਕਿ ਅੱਜ ਤਾਂ ਬਹੁਤੇ ਸਿੱਖਾਂ ਦੀ ਜ਼ਬਾਨ ਤੋਂ ਵੀ ਇਹ ਬ੍ਰਾਹਮਣੀ ਵਿਸ਼ਵਾਸ ਸੁਨਣ ਨੂੰ ਮਿਲ ਰਿਹਾ ਹੈ ਜਿਵੇਂ “ਅਜੀ! ਅਸੀਂ ਤਾਂ ਦੁਨੀਆਦਾਰ ਤੇ ਸੰਸਾਰੀ ਲੋਕ ਹਾਂ, ਅਸਾਂ ਤਾਂ ਆਪਣੇ ਬਾਲ ਬੱਚੇ ਪਾਲਣੇ ਹਨ, ਕਾਰ ਵਿਹਾਰ ਵੀ ਕਰਣੇ ਹਨ ਬਾਕੀ ਉਹ ਕੰਮ ਤਾਂ ਭਾਈਆਂ ਗ੍ਰੰਥੀਆਂ ਦਾ ਹੈ, ਆਪੇ ਕਰ ਲੈਂਦੇ ਹਨ, ਵਗ਼ੈਰਾ ਵਗ਼ੈਰਾ. .”। ਇਹ ਸਭ ਇਸ ਤਰ੍ਹਾਂ ਹੈ ਜਿਵੇਂ ਕਿ ਅਜੋਕੀਆਂ ਗੁਰੂ ਕੀ ਸੰਗਤਾਂ `ਚੋਂ ਵੀ ਬਹੁਤਾ ਕਰਕੇ ਗੁਰਮੱਤ ਬੋਲੀ ਤੇ ਗੁਰਮੱਤ ਰਹਿਣੀ ਹੀ ਗ਼ਾਇਬ ਹੋਈ ਪਈ ਹੈ।

ਤਾਂ ਤੇ ਸਮਝਣਾ ਹੈ ਕਿ ਗੁਰਮੱਤ ਅਨੁਸਾਰ ਜਿਵੇਂ ‘ਭਗਤ’ ਦਾ ਅਰਥ ਵਿਸ਼ੇਸ਼ ਹੈ, ਇਸੇ ਤਰ੍ਹਾਂ ਗੁਰਬਾਣੀ ਦੀ ਕਸਵੱਟੀ `ਤੇ ‘ਸੰਸਾਰੀ’ ਦੇ ਅਰਥ ਵੀ ਬ੍ਰਾਹਮਣੀ ਤੇ ਸਨਾਤਨੀ ਨਹੀਂ ਹਨ। ਗੁਰਮੱਤ ਅਨੁਸਾਰ ‘ਸੰਸਾਰੀ’ ਦੇ ਅਰਥ ਕੀ ਹਨ? ਇਹ ਅਰਥ ਤਾਂ ਇਸ ਪਉੜੀ ਨੰਬਰ ੧੬ `ਚ ਹੀ ਸਪਸ਼ਟ ਕੀਤੇ ਹੋਏ ਹਨ, ਜਿਵੇਂ “ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ॥ ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ” ਲੋੜ ਹੈ ਤਾਂ ਇਨ੍ਹਾਂ ਨੂੰ ਸਮਝਣ ਤੇ ਪਛਾਨਣ ਦੀ। ਇਹੀ ਨਹੀਂ, ਗੁਰਬਾਣੀ ਅਨੁਸਾਰ ‘ਸੰਸਾਰੀ’ ਕੌਣ ਹਨ? ਗੁਰਬਾਣੀ `ਚ ਅਜਿਹੇ ‘ਸੰਸਾਰੀ’ ਦੇ ਅਰਥ ਵੀ ਅਨੇਕਾਂ ਵਾਰੀ ਸਪਸ਼ਟ ਕੀਤੇ ਹੋਏ ਹਨ। ਇਸ ਲਈ ਲਫ਼ਜ਼ ‘ਭਗਤ’ ਤੋਂ ਬਾਅਦ ਅਸਾਂ ਹੁਣ ਇਥੇ ‘ਸੰਸਾਰੀ’ ਦੇ ਅਰਥਾਂ ਨੂੰ ਵੀ ਗੁਰਮੱਤ, ਗੁਰਬਾਣੀ ਅਨੁਸਾਰ ਸਮਝਣ ਦਾ ਯਤਣ ਕਰਨਾ ਹੈ।

ਵਿਸ਼ਾ ਨੰ: ੪ “ਸੈਸਾਰੀ ਆਪਿ ਖੁਆਇਅਨੁ” - (ੳ) ਇਸ ਲਈ ਗੁਰਮੱਤ ਅਨੁਸਾਰ ‘ਸੰਸਾਰੀ’ ਕੌਣ ਹਨ, ਵਿਸ਼ੇ ਵੱਲ ਵਧਣ ਲਈ ਅਸੀਂ ਸਭ ਤੋਂ ਪਹਿਲਾਂ ਬਾਣੀ ‘ਆਸਾ ਕੀ ਵਾਰ’ ਦੀ ਪਉੜੀ ਨੰਬਰ ਤਿੰਨ ਲੈ ਰਹੇ ਹਾਂ। ਇਹ ਪਉੜੀ ਹੈ “ਆਪੀਨੈੑ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ॥ ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ॥ ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ॥ ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ॥ ਮਨਿ ਅੰਧੈ ਜਨਮੁ ਗਵਾਇਆ” (ਪੰ: ੪੬੫) ਉਪ੍ਰੰਤ ਪਉੜੀ ਦੇ ਅਰਥ ਹਨ:

ਅਕਾਲਪੁਰਖੁ ਆਪ (ਅੰਸ਼ ਰੂਪ ਹੋ ਕੇ ਜੀਵ) ਅੰਦਰ ਵੱਸ ਰਿਹਾ ਹੁੰਦਾ ਹੈ। (ਇਹ ਵੀ ਕਰਤੇ ਦੀ ਅਜਬ ਖੇਡ ਹੈ ਕਿ ਮਨੁੱਖ ਨੂੰ ਆਪਣੇ ਅੰਦਰ ਵੱਸਦਾ ਪ੍ਰਭੂ ਤਾਂ ਦਿਸਦਾ ਨਹੀਂ ਜਦਕਿ ਉਸੇ ਸਰੀਰ ਰਾਹੀਂ ਕਰਤੇ ਦੀਆਂ ਅਨੰਤ ਦਾਤਾਂ) ਭੋਗ ਰਿਹਾ ਹੁੰਦਾ ਹੈ। ਇਹ ਸਰੀਰ (ਜਿਸ ਰਾਹੀੇਂ ਦਾਤਾਂ ਵਰਤ ਰਿਹਾ ਸੀ ਪਰ ਅੰਦਰ ਵੱਸਦੇ ਦਾਤੇ ਨੂੰ ਨਹੀਂ ਸੀ ਪਛਾਣਦਾ ਫ਼ਿਰ ਜਦੋਂ ਅਚਾਨਕ) ਮਿੱਟੀ ਦਾ ਢੇਰ ਹੋ ਜਾਂਦਾ ਹੈ ਅਤੇ ਇਸ `ਚੋਂ (ਪ੍ਰਭੂ ਦਾ ਅੰਸ਼) ਜੀਵਾਤਮਾ (ਭਉਰ) ਸਰੀਰ ਨੂੰ ਛੱਡ ਕੇ ਤੁਰ ਪੈਂਦੀ ਹੈ

(ਇਸ ਤਰ੍ਹਾਂ) ਦੁਨਿਆਵੀ ਧੰਦਿਆਂ `ਚ ਖਚਤ ਰਹਿ ਕੇ (ਮਨੁੱਖ) ਚਲਾਣਾ ਕਰ ਜਾਂਦਾ ਹੈ (ਵੱਡਾ ਹੋਆ)। ਉਸ ਦੇ ਗਲੇ `ਚ (ਪ੍ਰਭੂ ਦਾ ਹੁਕਮ ਰੂਪੀ) ਸੰਗਲ ਪਾ ਕੇ, ਉਸ ਨੂੰ) ਅਗੇ ਲਾ ਲਿਆ ਜਾਂਦਾ ਹੈ। (ਕਰਤੇ ਨੂੰ ਭੁੱਲਿਆ ਤੇ ਮਾਇਆ ਦੇ ਮੋਹ `ਚ ਖਚਤ ਰਿਹ ਰਿਹਾ ਮਨੁੱਖ ਜਗਤ ਨੂੰ ਛੱਡਣਾ ਨਹੀਂ ਚਾਹੁੰਦਾ ‘ਹੰਸ ਚਲਸੀ ਡੁਮਣਾ’ ਫ਼ਿਰ ਵੀ ਉਸ ਨੂੰ ਜਾਣਾ ਹੀ ਪੈਂਦਾ ਹੈ)।

ਅਗੈ ਭਾਵ ਅਕਾਲਪੁਰਖੁ ਦੇ ਨਿਆਂ `ਚ ਤਾਂ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਕਮਾਈ ਹੀ ਕਬੂਲ ਪੈਂਦੀ ਹੈ (ਅਗੈ ਕਰਣੀ ਕੀਰਤਿ ਵਾਚੀਐ)। ਇਸ ਤਰ੍ਹਾਂ ਨਿਬੇੜੇ ਸਮੇਂ) ਇਸ ਦੇ ਚੰਗੇ-ਮਾੜੇ ਕਰਮਾਂ ਦਾ ਹਿਸਾਬ ਵੀ ਇਸ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਜਾਂਦਾ ਹੈ (ਜਿਸ `ਚ ਜੀਵ ਨਾਲ ਨਾ ਰਿਆਇਤ ਹੋਣੀ ਹੁੰਦੀ ਹੈ ਤੇ ਨਾ ਜ਼ਿਆਦਤੀ)।

(ਉਸ ਸਮੇਂ ਪ੍ਰਭੂ ਨੂੰ ਭੁੱਲੇ ਅਤੇ ਮਾਇਕ ਭੋਗਾਂ `ਚ ਖਚਤ ਰਹਿ ਚੁੱਕੇ (ਉਸ ਦੁਨੀਦਾਰ ਤੇ ਸੰਸਾਰੀ) ਮਨੁੱਖ ਨੂੰ ਉਸ ਦੇ ਆਪਣੇ ਕੀਤੇ ਕਰਮਾਂ ਕਾਰਨ ਜੁੱਤੀਆਂ ਪੈਂਦੇ, ਢੋਈ ਨਹੀਂ ਮਿਲਦੀ। ਨਿਆਂ ਵੇਲੇ ਇਸ ਦਾ ਰੋਣਾ-ਪਿੱਟਣਾ, ਕੂਕ-ਫ਼ਰਿਆਦ ਕੋਈ ਨਹੀਂ ਸੁਣਦਾ। ਅਗਿਆਨੀ ਅਥਵਾ ਮਨ ਦਾ ਅੰਧਾ ਹੋਣ ਕਰ ਕੇ, ਮਨੁੱਖ, (ਆਪਣਾ ਅਮੁੱਲਾ) ਮਨੁੱਖਾ ਜਨਮ ਜ਼ਾਇਆ ਕਰ ਕੇ ਜਾਂਦਾ ਹੈ

(ਜਨਮ ਜ਼ਾਇਆ ਅਥਵਾ ਬਿਰਥਾ ਕਰਣ ਦੇ ਗੁਰਬਾਣੀ ਅਨੁਸਾਰ ਅਰਥ ਹਣ, ਮਨੁੱਖਾ ਜਨਮ ਦੋਹਰਾਨ ਹਉਮੈ ਅਧੀਨ ਕੀਤੇ ਚੰਗੇ ਤੇ ਮਾੜੇ ਕੰਮਾਂ ਮੁਤਾਬਿਕ ਮਨੁੱਖ ਨੂੰ ਫ਼ਿਰ ਤੋਂ ਜਨਮ-ਮਰਨ ਦੇ ਗੇੜ ਤੇ ਭਿੰਨ ਭਿੰਨ ਜੂਨਾਂ ਜਨਮਾਂ `ਚ ਹੀ ਪੈਣਾ ਪੈਂਦਾ ਹੈ। ਇਸ ਤਰ੍ਹਾਂ ਇਹ ਸਿਲਸਿਲਾ ਓੁਦੋ ਤੱਕ ਚਲਦਾ ਹੈ ਜਦੋਂ ਤੱਕ, ਜੀਵ ਫ਼ਿਰ ਕਿਸੇ ਮਨੁੱਖਾ ਜਨਮ ਸਮੇਂ ਗੁਰੂ ਗਿਆਨ ਦੀ ਕਮਾਈ ਕਰਕੇ, ਆਪਣੇ ਜਨਮ ਨੂੰ ਸਫ਼ਲਾ ਨਾ ਕਰ ਲਵੇ)। ੩।

(ਅ) “ਲਬੁ ਪਾਪੁ ਦੁਇ ਰਾਜਾ ਮਹਤਾ” - ਗੁਰਮੱਤ ਅਨੁਸਾਰ ‘ਸੰਸਾਰੀ’ ਕੌਣ ਹਨ, ਇਸ ਵਿਸ਼ੇ ਨੂੰ ਬਾਣੀ ‘ਆਸਾ ਕੀ ਵਾਰ’ ਪਉੜੀ ਨੰ: ਯਾਰਾਂ ਦੇ ਸਲੋਕ “ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ” `ਚ ਵੀ ਗੁਰਦੇਵ ਨੇ ਪੂਰੀ ਤਰ੍ਹਾਂ ਖੋਲ੍ਹਿਆ ਹੈ। ਮਨੁੱਖ ਬੇਸ਼ੱਕ ਸਮਾਜਕ ਤਲ `ਤੇ ਆਪਣੇ ਆਪ ਨੂੰ ਵੱਡਾ ਗਿਆਨੀ, ਸੂਰਮਾ, ਪੰਡਤ, ਜਤੀ, ਧਰਮੀ ਤੇ ਪ੍ਰਭੂ ਭਗਤ ਮੰਨ ਰਿਹਾ ਹੋਵੇ। ਬੇਸ਼ੱਕ ਲੋਕਾਈ ਵੀ ਅਜਿਹੇ ਲੋਕਾਂ ਪਿਛੇ ਲੱਗੀ ਹੋਵੇ। ਜਦਕਿ ਸਲੋਕ ਦੇ ਪਹਿਲੇ ਹੀ ਬੰਦ `ਚ ਗੁਰਦੇਵ ਉਨ੍ਹਾਂ ਦੇ ਜੀਵਨ ਦੀ ਅਸਲੀਅਤ ਨੂੰ ਉਘਾੜ ਕੇ ਸਾਬਤ ਕਰਦੇ ਹਨ ਕਿ ਉਨ੍ਹਾਂ `ਚੋਂ ਇੱਕ ਵੀ ‘ਧਰਮੀ’ ਅਥਵਾ ‘ਪ੍ਰਭੂ ਭਗਤ’ ਨਹੀਂ ਬਲਕਿ ਉਹ ਸਾਰੇ ‘ਸੰਸਾਰੀ’ ਤੇ ‘ਦੁਨੀਆਦਾਰ’ ਹੀ ਹਨ।

ਸਲੋਕ `ਚ ਗੁਰਦੇਵ ਇਸ ਇਲਾਹੀ ਸੱਚ ਨੂੰ ਉਜਾਗਰ ਕਰਦੇ ਹਨ ਕਿ ਦਰਅਸਲ ਮਨੁੱਖਾ ਸਰੀਰ ਅੰਦਰ ਸਾਰੀ ਖੇਡ ਹੀ ਮਨੁੱਖਾ ਮਨ ਦੀ ਹੈ। ਮਨੁੱਖ ਦਾ ਇਹੀ ਮਨ ਜਦੋਂ ਹਉਮੈ ਅਧੀਨ ਕੁਰਾਹੇ ਪੈ ਚੁੱਕਾ ਹੋਵੇ ਤਾਂ ਮਨੁੱਖ ਜ਼ਾਹਿਰਾ ਤੌਰ `ਤੇ ਧਰਮੀ ਹੋਣ ਦੇ ਕੋਈ ਵੀ ਦਿਖਾਵੇ ਕਰੇ ਪਰ ਜੀਵਨ ਕਰਕੇ ਉਹ ਸਚਿਆਰਾ ਤੇ ਪ੍ਰਭੂ ‘ਭਗਤ’ ਨਹੀਂ ਹੋ ਸਕਦਾ। ਇਸ ਤਰ੍ਹਾਂ ਉਸ ਦੇ ਸਾਰੇ ਉੱਦਮ ਤੇ ਕਰਮ ਹੀ ਮਨਮਤੀ ਲੋਕ ਦਿਖਾਵੇ ਦੇ ਅਸਤੇ ‘ਸੰਸਾਰੀ’ ਮਨੁੱਖ ਦੀ ਸੀਮਾ ਤੱਕ ਹੀ ਹੁੰਦੇ ਹਨ।

ਸਲੋਕ ਦੇ ਪਹਿਲੇ ਹੀ ਬੰਦ `ਚ ਗੁਰਦੇਵ ਸਪਸ਼ਟ ਕਰਦੇ ਹਨ ਕਿ ਅਜਿਹੇ ਲੋਕ, ਜਿਨ੍ਹਾਂ ਨੂੰ ਮਨੁੱਖਾ ਜਨਮ ਦਾ ਮਕਸਦ ਹੀ ਪਤਾ ਨਹੀਂ ਹੁੰਦਾ, ਬਾਹਰੋਂ ਧਰਮੀ, ਵਿਦਵਾਨ, ਸੂਰਮੇ ਆਦਿ ਬਹੁਤ ਕੁੱਝ ਹੋ ਕੇ ਵੀ, ਉਨ੍ਹਾਂ ਸਾਰਿਆਂ ਸਰੀਰਾਂ ਦੀ ਅੰਦਰਲੀ ਸੀਮਾ ਇਕੋ ਤੇ ਮਨੁੱਖਾ ਜਨਮ ਦੀ ਕੁਵਰਤੋਂ ਹੀ ਹੁੰਦੀ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ਉਨ੍ਹਾਂ ਸਾਰਿਆਂ ਦੇ ਅਮੁਲੇ ਮਨੁੱਖਾ ਜਨਮ, ਬੇਅੰਤ ਮਿਹਨਤਾਂ ਕਰਕੇ ਵੀ ਬਿਰਥਾ ਹੀ ਜਾਂਦੇ ਹਨ।

ਗੁਰਦੇਵ ਸਲੋਕ ਦੇ ਪਹਿਲੇ ਬੰਦ `ਚ ਇੱਕ ਰਾਜ ਬਣਤਰ ਦਾ ਨਿਰੂਪਣ ਕਰਦੇ ਹਨ। ਜਿਵੇਂ ਕਿਸੇ ਰਾਜ ਪ੍ਰਣਾਲੀ `ਚ ਮੁੱਖ ਤੌਰ `ਤੇ ਰਾਜਾ ਹੁੰਦਾ ਹੈ। ਇਸ ਤੋਂ ਬਾਅਦ ਉਸ ਕੋਲ ਮੰਤ੍ਰੀ ਤੇ ਸਲਾਹਕਾਰ ਹੁੰਦੇ ਹਨ। ਇਸ ਤਰ੍ਹਾਂ ਉਹ ਸਾਰੇ ਲੋਕ ਮਿਲ ਕੇ ਕੁੱਝ ਫ਼ੈਸਲੇ ਕਰਦੇ ਹਨ। ਫ਼ਿਰ ਉਨ੍ਹਾਂ ਫ਼ੈਸਲਿਆਂ ਨੂੰ ਲਾਗੂ ਕਰਦੇ ਹਨ ਉਨ੍ਹਾਂ ਅਧੀਨ ਕੰਮ ਕਰ ਰਹੇ ਆਫ਼ੀਸਰ। ਇਸ ਤਰ੍ਹਾਂ ਰਾਜ ਪ੍ਰਬੰਧ ਚੰਗਾ ਹੋਵੇ ਜਾਂ ਮਾੜਾ, ਉਸੇ ਦਾ ਅਸਰ ਹੁੰਦਾ ਹੈ, ਸਾਰੀ ਪ੍ਰਜਾ `ਤੇ।

ਸਲੋਕ `ਚ ਗੁਰਦੇਵ ਮਨੁੱਖਾ ਸਰੀਰ ਨੂੰ ਵੀ ਰਾਜ ਪ੍ਰਬੰਧ ਦਾ ਰੂਪ ਦੇ ਕੇ ਇਸ ਇਲਾਹੀ ਸੱਚ ਨੂੰ ਪ੍ਰਗਟ ਕਰਦੇ ਹਨ। ਸਾਬਤ ਕਰਦੇ ਹਨ ਕਿ ਮਨੱਖਾ ਸਰੀਰ ਜਿਸ ਦਾ ਰਾਜਾ ‘ਮਨ’ ਹੁੰਦਾ ਹੈ। ਅੱਜੋਕੇ ਸਮੇਂ ਕਿਵੇਂ ਇਸ ਮਨੁੱਖਾ ਸਰੀਰ ਰੂਪੀ ਰਾਜ ਪ੍ਰਬੰਧ ਅਧੀਨ ਇਸੇ ‘ਮਨ’ ਪੱਖੋਂ ਅਗਿਆਨੀ ਮਨੁੱਖ ਦਾ ਅਮੁਲਾ ਤੇ ਦੁਰਲਭ ਜਨਮ ਲੁੱਟਿਆ ਜਾ ਰਿਹਾ, ਬਿਰਥਾ ਹੋ ਰਿਹਾ ਹੈ ਤੇ ਅਜ਼ਾਈਂ ਜਾ ਰਿਹਾ ਹੈ?

ਫ਼ੁਰਮਾਉਂਦੇ ਹਨ, ਅਜਿਹੇ ਮਨੁੱਖ, ਜਿਨ੍ਹਾਂ ਨੂੰ ਆਪਣੇ ਮਨੁੱਖਾ ਜਨਮ ਦੀ ਅਮੁਲਤਾ ਤੇ ਮਕਸਦ ਦਾ ਹੀ ਪਤਾ ਨਹੀਂ ਹੁੰਦਾ। ਬਾਹਰੋਂ ਧਰਮੀ, ਵਿਦਵਾਨ, ਸੂਰਮੇ, ਜਤੀ ਆਦਿ ਹੋ ਕੇ ਵੀ, ਜਦੋਂ ਉਨ੍ਹਾਂ ਰਾਹੀਂ ਆਪਣੇ-ਆਪਣੇ ਸਰੀਰਾਂ ਦੀ ਅਗਿਆਨਤਾ ਪੱਖੋਂ ਅੰਦਰਲੀ ਸੀਮਾ ਇਕੋ ਤੇ ਜੀਵਨ ਦੀ ਕੁਵਰਤੋਂ ਹੀ ਹੁੰਦੀ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ਬਾਹਰੋਂ ਭਿੰਨ ਭਿੰਨ ਧਾਰਮਿਕ ਪ੍ਰਗਟਾਵੇ ਹੋ ਕੇ ਵੀ ਉਨ੍ਹਾਂ ਸਾਰਿਆਂ ਦੇ ਅਮੁਲੇ ਮਨੁੱਖਾ ਜਨਮ ਬਿਰਥਾ ਹੀ ਜਾ ਰਹੇ ਹੁੰਦੇ ਹਨ।

ਪਹਿਲੇ ਹੀ ਬੰਦ `ਚ ਗੁਰਦੇਵ ਫ਼ੁਰਮਾਉਂਦੇ ਹਨ, ਜੇਕਰ ‘ਮਨ’ ਕਰਕੇ ਅਗਿਆਨੀ ਮਨੁੱਖ ਦੇ ਸਰੀਰ ਨੂੰ ਇੱਕ ਰਾਜ-ਬਣਤਰ ਮੰਨ ਲਿਆ ਜਾਏ। ਅਜਿਹੇ ਸਰੀਰ `ਚ ਜੀਭ ਦੇ ਚਸਕੇ, ਹਰ ਸਮੇਂ ਲੋਭ ਵੱਸ ਹੁੰਦੇ ਹਨ। ਪ੍ਰਭੂ ਨੂੰ ਭੁਲਾਅ ਕੇ ਕੀਤੇ ਜਾ ਰਹੇ ਸਮੂਹ ਕੰਮ (ਪਾਪ), ਇਸ ‘ਮਨ’ ਰਾਜੇ ਹੇਠ ਵਜ਼ੀਰ ਹੁੰਦੇ ਹਨ। ਅਜਿਹੀ ਸਰੀਰਕ ਰਾਜ ਪ੍ਰਣਾਲੀ `ਚ ਬਿਨਸਨਹਾਰ ਸੰਸਾਰਕ ਪਦਾਰਥਾਂ ਦਾ ਮੋਹ ਤੇ ਪਕੜ, ਸਿਕਦਾਰ (ਸਰੀਰ ਦੇ ਚੌਧਰੀ ਤੇ ਅਫ਼ਸਰ) ਹੁੰਦੇ ਹਨ। ਸਰੀਰ ਦੀ ਅਜਿਹੀ ਰਾਜ ਬਣਤਰ `ਚ ‘ਕਾਮੁ ਨੇਬੁ ਸਦਿ ਪੁਛੀਐ’ ਅਨੁਸਾਰ ਕਾਮ ਸਲਾਹਕਾਰ (ਨਾਇਬ) ਹੁੰਦਾ ਹੈ ਤੇ ਸਾਰੀਆਂ ਸਲਾਹਵਾਂ ਵੀ ਇਸੇ ਤੋਂ ਲਈਆਂ ਜਾਂਦੀਆਂ ਤੇ ਉਸੇ ਅਨੁਸਾਰ ਸਰੀਰਾਂ ਦੀ ਕਰਣੀ ਨੂੰ ਚਲਾਇਆ ਜਾ ਰਿਹਾ ਹੁੰਦਾ ਹੈ।

ਇਸ ਤਰ੍ਹਾਂ ਅਜਿਹੇ ਸਰੀਰਾਂ `ਚ ਵੀ ਦਸ ਗਿਆਨ ਤੇ ਕਰਮ ਇੰਦਰੇ, ਸਰੀਰ ਰੂਪ ਰਾਜਸ਼ਾਹੀ ਦੀ ਪ੍ਰਜਾ ਹੁੰਦੇ ਹਨ। ਇਹ ਪ੍ਰਜਾ ਵੀ, ਇਲਾਹੀ ਗਿਆਨ ਤੋਂ ਕੋਰੇ ‘ਮਨ’ ਰਾਜੇ ਅਧੀਨ ਅੰਨ੍ਹੀ ਹੋਈ ਚਲਦੀ ਹੈ ਤੇ ਤ੍ਰਿਸ਼ਨਾ ਦੀ ਅੱਗ `ਚ ਅਮੁਲੇ ਮਨੁੱਖਾ ਜਨਮ ਨੂੰ ਚੱਟੀ-ਬੱਧਾ ਹੀ ਖ਼ਤਮ ਕਰ ਰਹੀ ਹੁੰਦੀ ਹੈ।

ਇਸ ਤਰ੍ਹਾਂ ਮਨੁੱਖਾ ਸਰੀਰ ਦੀ ਚੱਲ ਰਹੇ ਅਜਿਹੇ ਰਾਜ-ਪ੍ਰਬੰਧ ਹੇਠ ਅੰਨ੍ਹੀ ਹੋਈ ਪ੍ਰਜਾ (ਕਰਮ ਤੇ ਗਿਆਨ ਇੰਦ੍ਰੇ) `ਚ ਜਿਹੜੇ ਲੋਕ ਆਪਣੇ ਆਪ ਨੂੰ ਗਿਆਨੀ (ਉਪਦੇਸ਼ਕ) ਅਖਵਾਉੇਂਦੇ ਹਨ, ਉਹ ਨੱਚਦੇ ਹਨ, ਵਾਜੇ ਵਜਾਂਦੇ ਤੇ ਲੋਕਾਈ ਨੂੰ ਭਰਮਾਉਣ ਲਈ ਕਈ ਤਰ੍ਹਾਂ ਤਰ੍ਹਾਂ ਦੇ ਰੂਪ ਤੇ ਭੇਸ ਵਟਾਂਦੇ ਹਨ। ਅਨੇਕਾਂ ਸ਼ਿੰਗਾਰ ਤੇ ਸੁਆਂਗ ਕਰਦੇ ਹਨ; ਉੱਚੀ ਉੱਚੀ ਕੂਕਦੇ ਹਨ, ਯੁੱਧਾਂ ਦੇ ਪ੍ਰਸੰਗ ਕਰਦੇ ਤੇ ਸੁਣਾਉਂਦੇ ਹਨ, ਜੋਧਿਆਂ ਦੀਆਂ ਵਾਰਾਂ ਗਾਉਂਦੇ ਹਨ।

ਪੜ੍ਹੇ-ਲਿਖੇ (ਪੰਡਤਾਂ), ਅਸਲੋਂ ਮੂਰਖਾਂ (ਰਾਹੀਂ ਕੀਤੀਆਂ ਵਿਦਵਤਾ ਦੀਆਂ ਗੱਲਾਂ ਅਸਲ `ਚ) ਚਾਲਾਕੀਆ, ਹੁੱਜਤਾਂ ਤੇ ਕਪਟ ਭਰਪੂਰ ਦਲੀਲਾਂ ਹੀ ਹੁੰਦੀਆਂ ਹਨ। ਕਿਉਂਕਿ ਉਨ੍ਹਾਂ ਦੀ ਸਾਰੀ ਦੌੜ ਕੇਵਲ ਪੈਸਾ ਇਕੱਠਾ ਕਰਣ ਲਈ ਹੀ ਹੁੰਦੀ ਹੈ। (ਇਸ ਤੋਂ ਵੱਧ ਗਿਆਨਵਾਣ ਹੋ ਕੇ ਜੀਉਣਾ ਜਾਂ ਗਿਆਨ ਦੇ ਪ੍ਰਸਾਰ ਰਾਹੀਂ ਦੂਜਿਆਂ ਦੇ ਜੀਵਨ ਨੂੰ ਸੁਆਰਣਾ, ਉਨ੍ਹਾਂ ਦਾ ਮਕਸਦ ਨਹੀਂ ਹੁੰਦਾ)।

ਜਿਹੜੇ ਆਪਣੇ ਆਪ ਨੂੰ) ਧਰਮੀ ਮੰਣਦੇ ਹਨ (ਹੋ ਸਕਦਾ ਹੈ) ਆਪਣੇ ਵੱਲੋਂ ਧਰਮ ਕਰਮ ਕਰਦੇ ਹੋਣ ਪਰ ਉਹ ਵੀ ਸਾਰੀ ਮਿਹਨਤ ਗੁਆ ਰਹੇ ਹੁੰਦੇ ਹਨ। (ਕਿਉਂਕਿ ਇਸ ਮਿਹਨਤ ਵੱਟੇ ਉਨ੍ਹਾਂ ਦੀ ਦੌੜ ਵੀ ਪ੍ਰਭੂ ਪ੍ਰਾਪਤੀ ਨਹੀਂ; ਬਲਕਿ ਵਾਸ਼ਨਾ ਬੱਧੇ, ਕਿਸੇ ਫ਼ਰਜ਼ੀ ਮੁਕਤੀ ਬੈਕੁੰਠ ਤੇ ਸੁਰਗ ਆਦਿ ਦੀ ਇਛਾ ਅਧੀਨ ਹੀ ਸਭ ਕੁੱਝ ਕਰ ਰਹੇ ਹੁੰਦੇ ਹਨ।

ਕੁਝ ਜਤੀ ਅਖਵਾਉਂਦੇ ਹਨ ਪਰ ਅਸਲ ਜਤੀ ਕੌਣ ਹੁੰਦਾ ਹੈ ਇਸ ਦੀ ਜੁਗਤ ਉਹ ਜਾਣਦੇ ਤੱਕ ਨਹੀਂ। ਬੱਸ ਦੂਜਿਆਂ ਦੀ ਦੇਖਾ-ਦੇਖੀ ਘਰ-ਪ੍ਰਵਾਰ ਛੱਡ ਕੇ ਜੰਗਲਾਂ `ਚ ਚਲੇ ਜਾਣਾ, ਇਹੀ ਹੁੰਦਾ ਹੈ ਉਨ੍ਹਾਂ ਦਾ ਜਤੀ ਹੋਣਾ, ਨਾ ਕਿ ਵਿਕਾਰਾਂ ਤੋਂ ਬਚਣ ਵਾਲਾ ਕੋਈ ਉੱਦਮ ਤੇ ਯਤਣ।

(ਇਸ ਤਰ੍ਹਾਂ ਲੋਭ, ਪਾਪ, ਕੂੜ, ਕਾਮ ਆਦਿ ਵਿਕਾਰਾਂ ਦੀ ਪਕੜ `ਚ ਚੱਲ ਰਹੇ ਸਰੀਰਾਂ ਦੇ ਅਜਿਹੇ ਰਾਜ ਪ੍ਰਬੰਧ ਹੇਠ ਹੋ ਰਹੀ ਗਿਆਨ ਤੇ ਕਰਮ ਇੰਦ੍ਰਿਆਂ ਦੀ ਕੁਵਰਤੋਂ ਦਾ ਹੀ ਨਤੀਜਾ ਹੁੰਦਾ ਹੈ ਕਿ ਅਮੁਲੇ ਮਨੁੱਖਾ ਜਨਮ ਤਬਾਹ ਹੁੰਦੇ ਜਾਂਦੇ ਹਨ। ਫ਼ਿਰ ਵੀ ਹਰੇਕ, ਆਪਣੇ ਆਪ ਨੂੰ ਸਿਆਣਾ ਤੇ ਪੂਰਨ ਮੰਣਦਾ ਹੈ, ਕੋਈ ਵੀ ਆਪਣੇ ਨੂੰ ਘੱਟ ਨਹੀਂ ਸਮਝਦਾ। ਪ੍ਰਭੂ ਤੋਂ ਵਿਛੋੜੇ ਵਾਲੀ ਜੀਵਨ ਦੀ ਅਸਲ ਘਾਟ ਨੂੰ ਇਨ੍ਹਾਂ `ਚੋਂ ਕੋਈ ਨਹੀਂ ਪਛਾਣਦਾ। ਉਸੇ ਦਾ ਨਤੀਜਾ, ਬਾਹਰੋਂ ਭਿੰਨ ਭਿੰਨ ਰੂਪਾਂ `ਚ ਧਰਮੀ ਹੋ ਤੇ ਅਖਵਾ ਕੇ ਵੀ ਇਨ੍ਹਾਂ `ਚੋਂ ਹਰੇਕ ਦੀ ਦੌੜ ਹੀ ਹਉਮੈ ਤੋਂ ਸ਼ੁਰੂ ਹੋ ਰਹੀ ਹੁੰਦੀ ਹੈ।

ਗੁਰਦੇਵ ਫ਼ੈਸਲਾ ਦਿੰਦੇ ਹਨ, ਅਸਲ `ਚ ਸਫ਼ਲ ਜੀਵਨ ਉਹ ਹੁੰਦਾ ਹੈ ਜਿਹੜਾ ਤੱਕੜੀ ਦੇ ਪਿਛਲੇ ਪੱਲੜੇ `ਚ ਪ੍ਰਭੂ ਦਾ ਇੱਜ਼ਤ ਰੂਪ ਵੱਟਾ ਪੈਣ `ਤੇ ਪੂਰਾ ਉਤਰੇ। ਇਸ ਲਈ ਇਹ ਫ਼ੈਸਲਾ ਤਾਂ ਪ੍ਰਭੂ ਦੇ ਨਿਆਂ ਰੂਪ ਵੱਟੇ ਤੋਂ ਹੋਣਾ ਹੈ ਨਾ ਕਿ ਕੌਣ ਵੱਧ ਹੈ ਤੇ ਕੌਣ ਘੱਟ। ਭਾਵੇਂ ਕਿ ਇਹ ਸਾਰੇ ਹੀ ਆਪਣੇ ਆਪ ਨੂੰ ਸਫ਼ਲ, ਪੂਰਾ ਤੇ ਸਿਆਣਾ ਮੰਨ ਰਹੇ ਹੁੰਦੇ ਹਨ ਪਰ ਸਰੀਰ `ਚ ਚੱਲ ਰਹੇ ਅਜਿਹੇ ‘ਮਨ’ ਦੇ ਨਾਕਸ ਨਿਜ਼ਾਮ ਹੇਠ, ਇਹ ਸਾਰੇ ਕੇਵਲ ਆਪਣੇ ਆਪ ਤੋਂ ਹੀ ਪੂਰੇ ਹੁੰਦੇ ਹਨ। ਸਪਸ਼ਟ ਹੈ ਗੁਰਬਾਣੀ ਆਧਾਰ `ਤੇ ਸਲੋਕ ਵਿਚਲੇ ਵੇਰਵੇ ਅਨੁਸਾਰ ਅਜਿਹੇ ਸਾਰੇ ਹੀ ‘ਸੰਸਾਰੀ’ ਤੇ ‘ਦੁਨੀਦਾਰ’ ਹਨ ਨਾ ਕਿ ‘ਭਗਤ’, ‘ਧਰਮੀ’ ਤੇ ‘ਧਾਰਮਿਕ ਆਗੂ’।

(ੲ) “ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ” -ਇਹੀ ਨਹੀਂ ਪਉੜੀ ਦੇ ਅਰਥ ਕਰਣ ਸਮੇਂ, ਇਸ ਗੁਰਮੱਤ ਪਾਠ ਦੇ ਦੂਜੇ ਭਾਗ `ਚ ਵੀ ਦੇਖ ਚੁੱਕੇ ਹਾਂ। ਉਥੇ ਵੀ, ਗੁਰਦੇਵ ਨੇ ਭਗਤਾਂ ਤੇ ਸੰਸਾਰੀਆਂ ਵਿਚਲੇ ਫ਼ਰਕ ਨੂੰ ਹੀ ਪੂਰੀ ਤਰ੍ਹਾਂ ਸਪਸ਼ਟ ਕੀਤਾ ਹੈ। ਸੰਸਾਰੀਆਂ ਬਾਰੇ ਫ਼ੁਰਮਾਇਆ “ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ॥ ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ” ਭਾਵ ਦੁਨੀਦਾਰ (ਸੰਸਾਰੀ) ਜਿਹੜੇ ਆਪਹੁੱਦਰੇ ਹੋ ਕੇ ਆਪਣੇ ਮਨ ਪਿੱਛੇ ਟੁਰਦੇ ਤੇ ਮੋਹ ਮਾਇਆ `ਚ ਖੱਚਤ ਰਹਿ ਕੇ ਜੀਵਨ ਬਤੀਤ ਕਰਦੇ ਹਨ। ਅਸਲ `ਚ ਅਜਿਹੇ ਲੋਕ ਆਪਣੀ ਕਰਣੀ ਕਾਰਨ ਹੀ ਜੀਵਨ ਭਰ ਕੁਰਾਹੇ ਪਏ ਰਹਿੰਦੇ ਹਨ। ਇਸੇ ਦਾ ਨਤੀਜਾ ਹੁੰਦਾ ਹੈ ਕਿ ਅਜਿਹੇ ਲੋਕ ਇਸੇ ਤੋਂ ਕਰਤੇ ਦੇ ਦਰ ਤੋਂ ਖੁੰਝੇ ਰਹਿੰਦੇ ਤੇ ਧੱਕੇ ਜਾਂਦੇ ਹਨ।

ਇਸ ਤਰ੍ਹਾਂ ਉਨ੍ਹਾਂ ਨੂੰ ਇਹ ਵੀ ਭੁਲਿਆ ਰਹਿੰਦਾ ਹੈ। ਉਨ੍ਹਾਂ ਨੂੰ ਸਮਝ ਹੀ ਨਹੀਂ ਆ ਰਹੀ ਹੁੰਦੀ ਕਿ ਇਸ ਸੰਸਾਰ `ਚ ਰਹਿਣ ਲਈ ਨਹੀਂ ਆਏ ਤੇ ਉਨ੍ਹਾਂ ਵੀ ਇਥੋਂ ਜਾਣਾ ਹੈ। ਭਾਵ ਉਨ੍ਹਾਂ ਨੇ ਆਪਣੇ ਦੁਰਲਭ ਮਨੁੱਖਾ ਜਨਮ ਦੇ ਮਕਸਦ ਨੂੰ ਵੀ ਹਰ ਸਮੇਂ ਭੁਲਾਇਆ ਹੁੰਦਾ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ਉਹ ਸੰਸਾਰ `ਚ ਰਹਿ ਕੇ ਵੀ ਜੀਵਨ ਭਰ, ਕਾਮ ਕ੍ਰੋਧ ਆਦਿ ਵਿਕਾਰਾਂ ਵਾਲੇ ਜ਼ਹਿਰ ਨੂੰ ਘਟਾਉਣ ਦੀ ਬਜਾਏ, ਉਲਟਾ ਵਧਾ ਰਹੇ ਹੁੰਦੇ ਹਨ।

ਉਪ੍ਰੰਤ ਗੁਰਬਾਣੀ ਆਧਾਰ `ਤੇ ਕਬੀਰ ਜੀ ਵੀ ਬਾਣੀ `ਚ ‘ਸੰਸਾਰੀਆਂ’ ਦੀ ਵਿਆਖਿਆ ਇਸੇ ਤਰ੍ਹਾਂ ਕਰਦੇ ਹਨ। ਵਿਸ਼ਾ ਚੱਲ ਰਿਹਾ ਹੈ ਸਰਾਧਾਂ ਦਾ ਤੇ ਫ਼ੁਰਮਾਨ ਹੈ “ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ॥ ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ॥ ੩ ॥ ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮ ਨਹੀ ਜਾਨਾ॥ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ”। ੪। ੧। ੪੫।” (ਪੰ: ੩੩੨) ਭਾਵ ਸਰਾਧ ਕਰਣੇ ਤੇ ਕਰਵਾਉਣੇ, ਦੋਵੇਂ ਪਾਸੇ ਅਗਿਆਨੀ ਲੋਕ ਕਹਿਣ ਨੂੰ ਤਾਂ ਵੱਡੇ ਧਰਮੀ ਹੁੰਦੇ ਹਨ। ਫ਼ਿਰ ਜੇ ਉਨ੍ਹਾਂ ਦੀ ਕਰਣੀ ਵੱਲ ਝਾਤ ਮਾਰੋ ਤਾਂ ਇਹ ਲੋਕ ਮਿੱਟੀ ਦੇ ਦੇਵੀ-ਦੇਵਤੇ ਬਣਾ ਕੇ ਉਨ੍ਹਾਂ ਅੱਗੇ (ਬੱਕਰੇ ਆਦਿ ਦੀ) ਕੁਰਬਾਨੀ ਦਿੰਦੇ ਹਨ।

ਹੇ ਭਾਈ! ਇਸੇ ਤਰ੍ਹਾਂ ਉਥੇ ਮਿੱਟੀ ਦੇ ਬਣਾਏ ਹੋਏ ਤੁਹਾਡੇ ਪਿਤਰ ਵੀ ਅਖਵਾਉਂਦੇ ਹਨ। ਫ਼ਿਰ ਉਨ੍ਹਾਂ ਦੇਵਤਿਆਂ ਤੇ ਪਿੱਤ੍ਰਾਂ ਅੱਗੇ ਵੀ ਜੋ ਤੁਹਾਡਾ ਆਪਣਾ ਚਿੱਤ ਕਰਦਾ ਹੈ ਧਰ ਦਿੰਦੇ ਹੋ ਕਿਉਂਕਿ) ਉਹ ਆਪਣੇ ਮੂੰਹੋਂ ਮੰਗ ਕੇ ਤਾਂ ਕੁੱਝ ਲੈ ਨਹੀਂ ਸਕਦੇ। ੨।

ਇਸ ਤਰ੍ਹਾਂ ਇਹ ਲੋਕ ਲੋਕਾਚਾਰੀ ਰਸਮਾਂ ਦੇ ਡਰ `ਚ ਗ਼ਰਕ ਹੋਏ ਹੁੰਦੇ ਹਨ। ਜਿਸ ਦਾ ਨਤੀਜਾ, ਜੀਉਂਦੇ ਜੀਵਾਂ ਨੂੰ (ਉਨ੍ਹਾਂ ਦੇਵੀ ਦੇਵਤਿਆਂ ਅੱਗੇ ਭੇਟ ਕਰਣ ਲਈ) ਮਾਰਦੇ ਹਨ ਤੇ ਇਸ ਤਰੀਕੇ ਮਿੱਟੀ ਦੇ ਬਣਾਏ ਨਿਰਜਿੰਦ ਦੇਵਤਿਆਂ ਨੂੰ ਪੂਜਦੇ ਹਨ। ਇਸ ਤਰ੍ਹਾਂ ਇਹ ਆਪਣਾ ਅੱਗਾ ਵੀ ਵਿਗਾੜ ਰਹੇ ਹੁੰਦੇ ਹਨ। ਅਸਲ `ਚ ਅਜਿਹੇ ‘ਸੰਸਾਰੀਆਂ’ ਤੇ ‘ਦੁਨੀਦਾਰਾਂ’ ਨੂੰ ਉਸ ਆਤਮਕ ਅਵਸਥਾ ਦੀ ਸਮਝ ਹੀ ਨਹੀਂ ਹੁੰਦੀ ਜੋ ਪ੍ਰਭੂ ਦੀ ਸਿਫ਼ਤ ਸਲਾਹ ਤੋਂ ਤਿਆਰ ਹੋਣੀ ਹੁੰਦੀ ਹੈ। ੩।

ਕਬੀਰ ਜੀ ਕਹਿੰਦੇ ਹਨ ਕਿ ਅਜਿਹੇ ਲੋਕ ਮਿੱਟੀ ਦੇ ਬਣਾਏ ਹੋਏ ਦੇਵੀ-ਦੇਵਤਿਆਂ ਨੂੰ ਪੂਜਦੇ ਵੀ ਹਨ ਤੇ ਫ਼ਿਰ ਵੀ ਸਹਿਮੇ ਰਹਿੰਦੇ ਹਨ (ਕਿਉਂਕਿ ਅਸਲ ‘ਕੁਸ਼ਲ’ ਦੇਣ ਵਾਲੇ) ਅਕਾਲਪੁਰਖ ਨੂੰ ਉਹ ਪਛਾਣਦੇ ਤੱਕ ਨਹੀਂ। ਇਸ ਤਰ੍ਹਾਂ ਇਹ ਲੋਕ ਜਾਤ-ਕੁਲ-ਰਹਿਤ ਪ੍ਰਭੂ ਨੂੰ ਤਾਂ ਸਿਮਰਦੇ ਨਹੀਂ ਪਰ (ਸਦਾ) ਮਾਇਆ ਭਾਵ ਸੰਸਾਰਕ ਮੋਹ ਮਾਇਆ ਨਾਲ ਹੀ ਲਿਪਟੇ ਰਹਿੰਦੇ ਹਨ। ੪। ੧। ੪੫।”

ਇਸ ਤਰ੍ਹਾਂ ਇਥੇ ਵੀ ਸਮਝਣਾ ਹੈ ਕਿ ਗੁਰਬਾਣੀ ਅਨੁਸਾਰ ‘ਸੰਸਾਰੀ’ ਤੇ ‘ਦੁਨੀਆਦਾਰ’ ਉਹ ਲੋਕ ਹਨ ਜਿਨ੍ਹਾਂ ਦੀ ਸੁਰਤ ਕਰਤੇ ਵੱਲੋਂ ਟੁੱਟ ਕੇ ਮਨਮਤਾਂ `ਚ ਅਟਕੀ ਹੁੰਦੀ ਹੈ। ਨਾ ਕਿ, ਇਹ, ਕਿ ਉਹ ਲੋਕ ਗ੍ਰਿਹਸਤ ਧਰਮ ਤੇ ਸੰਸਾਰਕ ਫ਼ਰਜ਼ਾਂ ਤੋਂ ਦੌੜੇ ਹੋਣ ਤਾਂ ਧਰਮੀ ਨਹੀਂ ਤਾਂ ਸੰਸਾਰੀ ਹਨ।

ਇਸ ਤਰ੍ਹਾਂ ਗੁਰਬਾਣੀ ਤੇ ਗੁਰਮੱਤ ਅਨੁਸਾਰ ਸੰਸਾਰੀ ਉਹ ਹਨ ਜੋ ਆਤਮਕ ਪੱਖੋਂ ਕਰਤੇ ਤੋਂ ਟੁੱਟੇ ਹੁੰਦੇ ਹਨ। ਇਸ ਵਿਸ਼ੇ `ਤੇ ਅਨੇਕਾਂ ਗੁਰਬਾਣੀ ਫ਼ੁਰਮਾਨ ਦਿੱਤੇ ਜਾ ਸਕਦੇ ਹਨ। ਗੁਰਬਾਣੀ ਅਨੁਸਾਰ ‘ਭਗਤਾਂ’ ਤੇ ‘ਸੰਸਾਰੀਆਂ’ ਦੀ ਪਰਿਭਾਸ਼ਾ ਉਹ ਨਹੀਂ ਜੋ ਹਜ਼ਾਰਾਂ ਸਾਲਾਂ ਤੋਂ ਬ੍ਰਾਹਮਣ ਅਥਵਾ ਸਨਾਤਨ ਮੱਤ ਰਸਤੇ ਭਾਰਤ ਦੀ ਲੋਕਾਈ ਦੇ ਮਨਾਂ ਤਟੇ ਭਾਰੂ ਹੈ। ਗੁਰਮੱਤ `ਚ ਇਹ ਵਿਸ਼ਾ ਸੰਸਾਰ ਨੂੰ ਤਿਆਗਣ ਜਾਂ ਗ੍ਰਿਹਸਤੀ ਹੋਣ ਦਾ ਨਹੀਂ ਬਲਕਿ ਇਥੇ ‘ਭਗਤਾਂ’ ਤੇ ‘ਸੰਸਾਰੀਆਂ’ ਵਾਲਾ ਵਿਸ਼ਾ ਹੀ ਮਨੁੱਖ ਦੇ ਆਤਮਕ ਜੀਵਨ ਤੇ ਮਨੁੱਖ ਦੀ ਆਤਮਕ ਅਵਸਥਾ ਨਾਲ ਸਬੰਧਤ ਹੈ।

ਇਥੇ ਭਾਵ ਗੁਰਮੱਤ `ਚ ਤਾਂ ਜੀਉਂਦੇ ਜਾਗਦੇ ਪਰ ਆਤਮਕ ਪੱਖੋਂ ਮੁਰਦਾ ਮਨੁੱਖ ਹੀ ‘ਸੰਸਾਰੀ’ ਹਨ। ਜਦਕਿ ਗੁਰਬਾਣੀ ਅਨੁਸਾਰ ਆਤਮਕ ਪੱਖੋਂ ਸੁਚੇਤ ਮਨੁੱਖ ਹੀ ‘ਭਗਤ’ ਹਨ। ਸਪਸ਼ਟ ਹੈ, ‘ਭਗਤ’ ਗੁਰ ਮੱਤੀਆ ਹੁੰਦਾ ਹੈ ਤੇ ‘ਸੰਸਾਰੀ’ ਮੋਹ ਮਾਇਆ ਹਉਮੈ `ਚ ਲਿਪਤ ਮਨਮਤੀਆ। ਇਸੇ ਤੋਂ ਦੋਹਾਂ ਦੀ ਕਰਣੀ, ਰਹਿਣੀ, ਸੋਚਣੀ ਆਦਿ `ਚ ਹਰ ਪੱਖੋਂ ਪਾੜਾ ਤੇ ਫ਼ਰਕ ਹੁੰਦਾ ਹੈ। ਜਦਕਿ ਗੁਰੂ ਦਰ `ਤੇ ‘ਭਗਤ’ ਭਾਵੇਂ ‘ਸੰਸਾਰੀ’ ਗ੍ਰਿਹਸਤੀ ਵੀ ਦੋਵੇਂ ਹੁੰਦੇ ਹਨ ਤੇ ਕਾਰ ਵਿਹਾਰ ਵੀ ਦੋਵੇਂ ਕਰਦੇ ਹਨ, ਫ਼ਰਕ ਹੁੰਦਾ ਹੈ ਤਾਂ ਜੀਵਨ ਰਹਿਣੀ `ਚ।

ਇਸ ਲਈ ਗੁਰਬਾਣੀ ਆਧਾਰਤ ‘ਭਗਤ’ ਜਨ ਕਰਤੇ ਨਾਲ ਇੱਕ ਮਿੱਕ ਤੇ ਉਸ ਦੀ ਸਿਫ਼ਤ ਸਲਾਹ `ਚ “ਹੁਕਮਿ ਰਜਾਈ ਚਲਣਾ” ਵਾਲਾ ਜੀਵਨ ਬਤੀਤ ਕਰਦੇ ਹਨ। ਉਪ੍ਰੰਤ ‘ਸੰਸਾਰੀ’ ਉਹ ਹਨ ਜੋ ਗੁਰਮੱਤ ਤੋਂ ਦੂਰ, ਮਨਮਤੀ ਜੀਵਨ ਬਤੀਤ ਕਰਦੇ ਹਨ। ਅਜਿਹੇ ਮਨਮੱਤੀ ਜੀਵਨਾਂ ਅੰਦਰ ਹੀ ਹੂੜਮੱਤਾਂ, ਅਣਮੱਤਾ, ਆਪਹੁਦਰੀਆਂ, ਗੁਣਾਹ ਤੇ ਵਿਕਾਰ ਆਦਿ ਸੌਖਾ ਪ੍ਰਵੇਸ਼ ਕਰਦੇ ਹਨ। ਬਲਕਿ ਬਹੁਤ ਵਾਰੀ ਤਾਂ ਇਥੇ ਦੁਰਮੱਤਾਂ ਤੇ ਜੁਰਮਾਂ ਆਦਿ ਨੂੰ ਵੀ ਖੁਲ੍ਹਾ ਰਸਤਾ ਮਿਲਦਾ ਹੈ। ਜਦਕਿ ਗੁਰਬਾਣੀ ਆਧਾਰਤ ‘ਭਗਤਾਂ’ ਦੇ ਜੀਵਨ `ਚ ਅਜਿਹਾ ਉੱਕਾ ਨਹੀਂ।

ਉਂਞ ਵੀ ਘਰ `ਚ ਪ੍ਰਵਾਰ ਦਾ ਤਿਆਗ ਕਰਣਾ, ਸ਼ਾਦੀ ਨਾ ਕਰਵਾਉਣਾ, ਭਾਂਤ ਭਾਂਤ ਦੇ ਭੇਖੀ ਜੀਵਨ ਬਤੀਤ ਕਰਣੇ ਇਹ ਸਾਰੇ ਕਰਮ ਗੁਰਬਾਣੀ ਦੇ ਮਾਰਗ ਨਹੀਂ ਹਨ ਬਲਕਿ ਗੁਰਬਾਣੀ ਉਨ੍ਹਾਂ ਸਾਰਿਆਂ ਦਾ ਭਰਵਾਂ ਖੰਡਣ ਤੇ ਨਿਖੇਦੀ ਵੀ ਕਰਦੀ ਹੈ। (ਚਲਦਾ) #G0108-IVs012.02s012#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਸਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No G-0108-IV

ਅਰਥ ਨਿਖਾਰ-ਪਉੜੀ ੧੬, ਵਾਰ ਮਾਝ ਕੀ, ਮ: ੧

ਭਗਤਾ ਤੈ ਸੈਸਾਰੀਆ

ਜੋੜੁ ਕਦੇ ਨ ਆਇਆ (ਭਾਗ-੪)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.