.

ਜਸਬੀਰ ਸਿੰਘ ਵੈਨਕੂਵਰ

ਗੁਰੂ ਕੇ ਚਰਨ ਧੋਇ ਧੋਇ ਪੀਵਾ

ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੇ ਚਰਨ, ਗੁਰੂ ਚਰਨਾਂ ਦੀ ਧੂੜ, ਗੁਰੂ ਦੇ ਚਰਨਾਂ ਨੂੰ ਧੋਣਾ, ਗੁਰੂ ਦੇ ਚਰਨਾਂ ਦਾ ਧਿਆਨ ਧਰਨਾ, ਗੁਰੂ ਦੇ ਚਰਨੀ ਲਗਣਾ, ਗੁਰੂ ਦੇ ਚਰਨਾਂ ਵਿੱਚ ਚਿਤ ਜੋੜਨਾ, ਗੁਰੂ ਦੇ ਚਰਨ ਸਰੇਵਣੇ, ਗੁਰੂ ਦੇ ਚਰਨਾਂ ਦੀ ਧੂੜ ਨੂੰ ਮੱਥੇ `ਤੇ ਲਾਉਣਾ, ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾਉਣਾ ਆਦਿ ਸ਼ਬਦਾਂ ਦੀ ਵਰਤੋਂ ਹੋਈ ਹੋਈ ਹੈ। ਇਨ੍ਹਾਂ ਸ਼ਬਦਾਂ ਇਸ ਤਰ੍ਹਾਂ ਦੀ ਵਰਤੋਂ ਦੇਖ ਕੇ ਕਈ ਸੱਜਣ ਇਨ੍ਹਾਂ ਸ਼ਬਦਾਂ ਦੀ ਖਿੱਚ–ਧੂਹ ਕਰਦਿਆਂ ਹੋਇਆਂ ਮੱਲੋ–ਮੱਲੀ ਗੁਰੂ ਡੰਮ (ਦੇਹਧਾਰੀ ਗੁਰੂ) ਦਾ ਪ੍ਰਚਾਰ ਕਰਦਿਆਂ ਹੋਇਆਂ, ਇਨ੍ਹਾਂ ਸ਼ਬਦਾਂ ਦਾ ਸਬੰਧ ਹੱਡ – ਮਾਸ ਵਾਲੇ ਪੈਰਾਂ ਨਾਲ ਜੋੜਦਿਆਂ ਹੋਇਆਂ ਕਹਿੰਦੇ ਹਨ ਕਿ, ਦੇਖੋ! ਗੁਰਬਾਣੀ ਵਿੱਚ ਵੀ ਗੁਰੂ ਦੇ ਚਰਨਾਂ `ਚ ਚਿੱਤ ਲਾਉਣ, ਚਰਨਾਂ ਨੂੰ ਧੋਣ ਆਦਿ ਦਾ ਜ਼ਿਕਰ ਆਇਆ ਹੈ। ਗੁਰੂ ਗ੍ਰੰਥ ਸਾਹਿਬ ਤਾਂ ਕੇਵਲ ਧਾਰਮਿਕ ਗ੍ਰੰਥ ਹਨ; ਚਰਨ ਤਾਂ ਕਿਸੇ ਜੀਵਤ (ਸਰੀਰ) ਗੁਰੂ ਦੇ ਹੀ ਹੋ ਸਕਦੇ ਹਨ, ਇਤਿਆਦਿਕ ਦਲੀਲਾਂ ਦੁਆਰਾ ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਲੜ੍ਹ ਛੱਡ ਕੇ ਦੇਹਧਾਰੀ ਗੁਰੂ ਦੇ ਲੜ੍ਹ ਫੜਨ ਦੀ ਪ੍ਰੇਰਨਾ ਕਰਦੇ ਹਨ। ਆਮ ਸਿੱਖ ਸੰਗਤਾਂ ਦੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਤਾਂ ਬਹੁਤ ਹੈ ਪਰੰਤੂ ਇਹ ਸ਼ਰਧਾ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਤੱਕ ਹੀ ਸੀਮਤ ਹੈ। ਇਸ ਲਈ ਆਮ ਸਿੱਖ ਗੁਰਬਾਣੀ ਦੇ ਅਰਥ ਭਾਵ ਤੋਂ ਅਣਜਾਣ ਹੈ। ਜਦ ਕਦੀ ਕੋਈ ਗੁਰੂ ਗ੍ਰੰਥ ਸਾਹਿਬ ਵਿਚੋਂ ਇਹੋ ਜਿਹੀਆਂ ਉਦਾਹਰਣਾਂ ਦੇ ਕੇ ਇਹ ਦੱਸਣ ਦੀ ਕੋਸ਼ਸ਼ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਤਾਂ ਗੁਰਬਾਣੀ ਦੇ ਅਰਥ ਭਾਵ ਤੋਂ ਅਣਜਾਣ ਸਿੱਖ ਝੱਟ ਹੀ ਅਜਿਹੇ ਲੋਕਾਂ ਦੇ ਬਹਿਕਾਵੇ ਵਿੱਚ ਆ ਜਾਂਦੇ ਹਨ। ਕਈ ਵੀਰ/ ਭੈਣ ਉਸ ਮੰਜੀ/ਪੀਹੜੇ ਨੂੰ, ਜਿਸ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੁੰਦਾ ਹੈ, ਉਸ ਦੇ ਪਾਵਿਆਂ ਨੂੰ ਹੀ ਗੁਰੂ ਕੇ ਚਰਨ ਸਮਝ ਕੇ ਘੁਟਣ ਲੱਗ ਪੈਂਦੇ ਹਨ।
ਗੁਰਮਤਿ ਵਿੱਚ ਸ਼ਬਦ/ਗੁਰੂ ਗਿਆਨ ਨੂੰ ਹੀ ਸਤਿਗੁਰੂ ਮੰਨਿਆ ਗਿਆ ਹੈ। ਇਸ ਗੁਰ ਸ਼ਬਦ/ਗਿਆਨ ਨੂੰ ਹਿਰਦੇ ਵਿੱਚ ਵਸਾਇਆਂ ਹੀ ਮਨੁੱਖ ਦੀ ਕਲਿਆਣ ਦਾ ਸੰਕਲਪ ਹੈ। ਗੁਰੂ ਨਾਨਕ ਸਾਹਿਬ ਨੂੰ ਜਦ ਸਿੱਧ ਇਹ ਪੁਛਦੇ ਹਨ ਕਿ `ਤੇਰਾ ਕਵਣੁ ਗੁਰੂ ਕਿਸ ਕਾ ਤੂ ਚੇਲਾ’ ਤਾਂ ਹਜ਼ੂਰ ਦਾ ਉੱਤਰ ਸੀ ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’। ਗੁਰਦੇਵ ਸਿੱਧਾਂ ਨੂੰ ਸਪਸ਼ਟ ਕਰਦੇ ਹਨ ਕਿ ਸਰੀਰ ਗੁਰੂ ਜਾਂ ਚੇਲਾ ਨਹੀਂ ਹੁੰਦਾ। ਵਾਸਤਵ ਵਿੱਚ ‘ਸ਼ਬਦ’ ਹੀ ਗੁਰੂ ਹੈ ਅਤੇ ਮਨੁੱਖ ਦੀ ‘ਸੁਰਤ ‘ਹੀ ਚੇਲਾ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਲਈ ਇਹ ਸਪਸ਼ਟ ਕੀਤਾ ਗਿਆ ਹੈ ਕਿ ਗੁਰੂ ਦੇ ਸਰੀਰ ਨੂੰ ਦੇਖਣ ਨਾਲ ਹੀ ਕਿਸੇ ਦੀ ਕਲਿਆਣ ਨਹੀਂ ਹੁੰਦੀ, ਕਲਿਆਣ (ਭਾਵ, ਵਿਕਾਰਾਂ ਤੋਂ ਖਲਾਸੀ) ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਇਆਂ ਹੀ ਹੁੰਦੀ ਹੈ: ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ॥ ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ॥ ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ॥ ੧॥ (ਪੰਨਾ ੫੯੪)
ਅਰਥ: ਜਿਤਨਾ ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸ਼ਨ ਕਰਦਾ ਹੈ (ਪਰ) ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ ਨਹੀਂ ਕਰਦਾ, (ਕਿਉਂਕਿ ਵਿਚਾਰ ਕਰਨ ਤੋਂ ਬਿਨਾ) ਅਹੰਕਾਰ (-ਰੂਪ ਮਨ ਦੀ) ਮੈਲ ਨਹੀਂ ਉਤਰਦੀ ਤੇ ਨਾਮ ਵਿੱਚ ਪਿਆਰ ਨਹੀਂ ਬਣਦਾ।
ਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਮੇਹਰ ਕਰ ਕੇ ਮਿਲਾ ਲਿਆ ਹੈ, ਜਿਨ੍ਹਾਂ ਨੇ ਮੇਰ-ਤੇਰ ਤੇ ਵਿਕਾਰ ਛੱਡੇ ਹਨ। ਹੇ ਨਾਨਕ! ਕਈ ਮਨੁੱਖ (ਸਤਿਗੁਰੂ ਦਾ) ਦਰਸ਼ਨ ਕਰ ਕੇ ਸਤਿਗੁਰੂ ਦੇ ਪਿਆਰ ਵਿੱਚ ਬਿਰਤੀ ਜੋੜ ਕੇ ਮਰ ਕੇ (ਭਾਵ, ਆਪਾ ਗਵਾ ਕੇ) ਹਰੀ ਵਿੱਚ ਮਿਲ ਗਏ ਹਨ।
‘ਨਾਨਕ ਇਕਿ ਦਰਸਨੁ ਦੇਖਿ’ ਵਾਲੀ ਪੰਗਤੀ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਤੋਂ ਭਾਵ ਸਰੀਰ ਦੇ ਦਰਸ਼ਨ ਤੋਂ ਨਹੀਂ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਤੋਂ ਹੈ।
ਇਤਿਹਾਸ ਵਲ ਜਦ ਅਸੀਂ ਨਜ਼ਰ ਮਾਰਦੇ ਹਾਂ ਤਾਂ ਦੇਖਦੇ ਹਾਂ ਕਿ ਗੁਰੂ ਕਾਲ ਵਿੱਚ ਜਿਨ੍ਹਾਂ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਆਈ, ਉਹ ਗੁਰੂ ਸਾਹਿਬਾਨ ਦੇ ਸਰੀਰਕ ਦੀਦਾਰ ਕਰਕੇ ਨਹੀਂ ਬਲਕਿ ਉਨ੍ਹਾਂ ਦੇ ਅੰਮ੍ਰਿਤਮਈ ਬਚਨ ਸੁਣ ਕੇ ਆਈ ਸੀ। ਸਰੀਰਕ ਦਰਸ਼ਨ ਤਾਂ ਪ੍ਰਿਥੀ ਚੰਦ, ਧੀਰਮਲ ਵਰਗੇ ਗੁਰੂ ਕੁਲ ਨਾਲ ਸਬੰਧ ਰੱਖਣ ਵਾਲੇ ਵੀ ਕਰਦੇ ਰਹੇ ਪਰ ਉਨ੍ਹਾਂ ਦੇ ਜੀਵਨ ਵਿੱਚ ਕੋਈ ਪਰਿਵਰਤਨ ਨਹੀਂ ਆਇਆ; ਉਹ ਜੀਵਨ-ਭਰ ਕਲਪਦੇ ਹੀ ਰਹੇ, ਤ੍ਰਿਸ਼ਨਾ ਦੀ ਅੱਗ ਵਿੱਚ ਹੀ ਸੜਦੇ ਰਹੇ। ਪਰ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਉਪਦੇਸ ਨੂੰ ਧਾਰਨ ਕੀਤਾ, ਉਹ ਜੀਵਨ ਮੁਕਤ ਹੋ ਗਏ।
ਗੁਰਮਤਿ ਦੇ ਇਸ ਸਿਧਾਂਤ ਅਨੁਸਾਰ ਹੀ ਜੇਕਰ ਸਿੱਖ ਸੰਗਤਾਂ ਗੁਰੂ ਨਾਨਕ ਸਾਹਿਬ ਜਾਂ ਦੂਜੇ ਗੁਰੂ ਸਾਹਿਬਾਨ ਨੂੰ ਨਮਸਕਾਰ ਕਰਦੀਆਂ ਸਨ ਤਾਂ ਉਨ੍ਹਾਂ ਤੋਂ ਮਿਲਦੇ ਗਿਆਨ ਕਰਕੇ ਹੀ ਕਰਦੀਆਂ ਸਨ। ਗੁਰੂ ਅੰਗਦ ਸਾਹਿਬ, ਗੂਰੂ ਅਮਰਦਾਸ ਜੀ ਜਾਂ ਗੁਰੂ ਰਾਮਦਾਸ ਜੀ ਨੂੰ ਸੰਗਤਾਂ ਨੇ ਉਦੋਂ ਹੀ ਮੱਥਾ ਟੇਕਣਾ ਸ਼ੁਰੂ ਕੀਤਾ ਜਦ ਇਹ ਗੁਰੂ ਨਾਨਕ ਜੋਤ ਦੇ ਪ੍ਰਕਾਸ਼ ਦੇ ਰੂਪ ਵਿੱਚ ਪ੍ਰਗਟ ਹੋਏ। ਜਦ ਤਕ ਇਹ ਭਾਈ ਲਹਿਣਾ, ਅਮਰਦਾਸ, ਭਾਈ ਜੇਠੇ ਦੇ ਰੂਪ ਵਿੱਚ ਵਿਚਰਦੇ ਰਹੇ ਇਨ੍ਹਾਂ ਨੂੰ ਇਹ ਸਨਮਾਣ ਹਾਸਲ ਨਹੀਂ ਸੀ ਹੋਇਆ। ਇਹੀ ਗੱਲ ਦੂਜੇ ਗੁਰੂ ਸਾਹਿਬਾਨ ਬਾਰੇ ਕਹੀ ਜਾ ਸਕਦੀ ਹੈ। ਹੁਣ ਚੂੰਕਿ ਉਹੀ ਗੁਰੂ ਨਾਨਕ ਜੋਤ/ਗਿਆਨ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਇਸ ਲਈ ਸਿੱਖ ਜਗਤ ਗੁਰ ਗ੍ਰੰਥ ਸਾਹਿਬ ਨੂੰ ਸ਼ਰਧਾ ਸਹਿਤ ਨਮਸਕਾਰ ਕਰਦਾ ਹੈ। ਇਹ ਨਮਸ਼ਕਾਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗਿਆਨ ਨੂੰ ਕੀਤੀ ਜਾਂਦੀ ਹੈ।
ਗੁਰਮਤਿ ਦੇ ਇਸ ਨੁਕਤੇ ਨੂੰ ਸਮਝਣ ਮਗਰੋਂ ਚਰਨ ਸ਼ਬਦ ਬਾਰੇ ਸਮਝਣ ਦਾ ਯਤਨ ਕਰਦੇ ਹਾਂ। ਚਰਨ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਅਰਥਾਂ ਵਿੱਚ ਵਰਤਿਆ ਗਿਆ ਹੈ। ਪੈਰ, ਉਪਦੇਸ਼, ਗੁਰਸ਼ਬਦ, ਗਿਆਨ ਆਦਿ। ਗੁਰੂ ਦੇ ਚਰਨਾਂ ਨੂੰ ਧੋ ਕੇ ਪੀਣ ਦੀ ਚਰਚਾ ਕਰਦਿਆਂ ਹਇਆਂ ਹਜ਼ੂਰ ਕਹਿੰਦੇ ਹਨ: ਗੁਰ ਕਾ ਦਰਸਨੁ ਦੇਖਿ ਦੇਖਿ ਜੀਵਾ॥ ਗੁਰ ਕੇ ਚਰਣ ਧੋਇ ਧੋਇ ਪੀਵਾ॥ (ਪੰਨਾ ੨੩੯) ਅਰਥ: (ਹੇ ਭਾਈ!) ਜਿਉਂ ਜਿਉਂ ਮੈਂ ਗੁਰੂ ਦਾ ਦਰਸਨ ਕਰਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ। ਜਿਉਂ ਜਿਉਂ ਮੈਂ ਗੁਰੂ ਦੇ ਚਰਨ ਧੋਂਦਾ ਹਾਂ, {ਭਾਵ ਆਪਾ ਭਾਵ ਤਿਆਗ ਕੇ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕੇ ਇਸ ਅਨੁਸਾਰ ਜੀਵਨ ਗੁਜ਼ਾਰਦਾ ਹੈ} ਮੈਨੂੰ (ਆਤਮਕ ਜੀਵਨ ਦੇਣ ਵਾਲਾ) ਨਾਮ-ਜਲ (ਪੀਣ ਨੂੰ, ਜਪਣ ਨੂੰ) ਮਿਲਦਾ ਹੈ।
ਗੁਰੂ ਦੇ ਚਰਨ ਧੋ ਕੇ ਪੀਣ ਦਾ ਹੀ ਨਹੀਂ, ਗੁਰੂ ਦੇ ਚਰਨਾਂ ਨੂੰ ਧੋ ਕੇ ਪੂਜਣ ਦਾ ਵੀ ਜ਼ਿਕਰ ਕੀਤਾ ਗਿਆ ਹੈ: ਮੇਰੇ ਮਨ ਹਰਿ ਹਰਿ ਗੁਨ ਕਹੁ ਰੇ॥ ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ॥ (ਪੰਨਾ ੧੧੧੮) ਅਰਥ: ਹੇ ਮੇਰੇ ਮਨ! ਪਰਮਾਤਮਾ ਦੇ ਗੁਣ ਗਾਇਆ ਕਰ। ਗੁਰੂ ਦੇ ਚਰਨ ਧੋ ਧੋ ਕੇ ਪੂਜਿਆ ਕਰ (ਭਾਵ, ਅਹੰਕਾਰ ਛੱਡ ਕੇ ਗੁਰੂ ਦੀ ਸਰਨ ਪਿਆ ਰਹੁ)। ਹੇ ਮਨ! ਇਸ ਤਰੀਕੇ ਨਾਲ ਪਿਆਰੇ ਪ੍ਰਭੂ ਨੂੰ ਲੱਭ ਲੈ। ਰਹਾਉ।
ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੇ ਚਰਨਾਂ ਨੂੰ ਧੋ ਕੇ ਪੀਣ ਅਤੇ ਧੋ ਕੇ ਪੂਜਣ ਤੋਂ ਇਲਾਵਾ ਗੁਰੂ ਦੇ ਚਰਨਾਂ ਨੂੰ ਕੇਵਲ ਧੋਣ ਦਾ ਵੀ ਵਰਣਨ ਕੀਤਾ ਗਿਆ ਹੈ: ਗੁਰ ਪਰਸਾਦੀ ਹਰਿ ਨਾਮੁ ਧਿਆਇਓ ਹਮ ਸਤਿਗੁਰ ਚਰਨ ਪਖੇ॥ ੧॥ ਰਹਾਉ॥ (ਪੰਨਾ ੯੭੬) ਅਰਥ: ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। (ਹਰਿ-ਨਾਮਿ ਹੀ ਅਸਲ) ਮਿੱਤਰ ਹੈ। (ਪਰ ਜਿਸ ਨੇ ਭੀ) ਪਰਮਾਤਮਾ ਦਾ ਨਾਮ (ਜਪਿਆ ਹੈ) ਗੁਰੂ ਦੀ ਕਿਰਪਾ ਨਾਲ ਹੀ ਜਪਿਆ ਹੈ। (ਇਸ ਵਾਸਤੇ) ਮੈਂ ਭੀ ਸਤਿਗੁਰੂ ਦੇ ਚਰਨ ਹੀ ਧੋਂਦਾ ਹਾਂ {ਭਾਵ ਆਪਣਾ ਆਪ ਤਿਆਗ ਕੇ ਗੁਰੂ ਦੀ ਸ਼ਰਨ ਵਿੱਚ ਟਿਕਿਆ ਹੋਇਆ ਹਾਂ} ਗੁਰੂ ਦੀ ਸਰਨ ਹੀ ਪਿਆ ਹਾਂ)। ੧। ਰਹਾਉ।
ਗੁਰੂ ਦੇ ਚਰਨ ਧੋ ਕੇ ਪੀਣ ਤੋਂ ਇਲਾਵਾ ਸੰਤ/ਸਾਧ ਦੇ ਚਰਨ ਧੋ ਕੇ ਵੀ ਪੀਣ ਦਾ ਵਰਣਨ ਆਇਆ ਹੈ:
(ੳ) ਸੰਤਹ ਚਰਣ ਧੋਇ ਧੋਇ ਪੀਵਾ॥ ਸੰਤਹ ਦਰਸੁ ਪੇਖਿ ਪੇਖਿ ਜੀਵਾ॥ (ਪੰਨਾ ੮੮੯) ਅਰਥ: ਹੇ ਭਾਈ! (ਜੇ ਪ੍ਰਭੂ ਕਿਰਪਾ ਕਰੇ, ਤਾਂ) ਮੈਂ ਸੰਤ ਜਨਾ ਦੇ ਚਰਨ ਧੋ ਧੋ ਕੇ ਪੀਂਦਾ ਰਹਾਂ, ਸੰਤ ਜਨਾ ਦਾ ਦਰਸ਼ਨ ਕਰ ਕਰ ਕੇ ਮੈਨੂੰ ਆਤਮਕ ਜੀਵਨ ਮਿਲਦਾ ਰਹਿੰਦਾ ਹੈ।
(ਅ) ਚਰਨ ਸਾਧ ਕੇ ਧੋਇ ਧੋਇ ਪੀਉ॥ ਅਰਪਿ ਸਾਧ ਕਉ ਅਪਨਾ ਜੀਉ॥ (ਪੰਨਾ ੨੮੩) ਅਰਥ: (ਹੇ ਭਾਈ!) ਸਾਧੂ ਜਨਾਂ ਦੇ ਪੈਰ ਧੋ ਧੋ ਕੇ (ਨਾਮ-ਜਲ) ਪੀ, ਸਾਧ-ਜਨ ਤੋਂ ਆਪਣੀ ਜਿੰਦ ਭੀ ਵਾਰ ਦੇਹ।
ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ/ਸੰਤ ਦੇ ਚਰਨਾਂ ਨੂੰ ਧੋ ਕੇ ਪੀਣ ਦਾ ਹੀ ਵਰਣਨ ਨਹੀਂ, ਪ੍ਰਭੂ ਦੇ ਚਰਨਾਂ ਨੂੰ ਧੋ ਕੇ ਪੀਣ ਦਾ ਵੀ ਜ਼ਿਕਰ ਆਇਆ ਹੈ: ਚਰਣ ਕਮਲ ਤੇਰੇ ਧੋਇ ਧੋਇ ਪੀਵਾ॥ (ਪੰਨਾ) ਅਰਥ: ਹੇ ਪ੍ਰਭੂ! ਮੈਂ ਤੇਰੇ ਸੋਹਣੇ ਚਰਨ ਧੋ ਧੋ ਕੇ (ਨਿੱਤ) ਪੀਂਦਾ ਹਾਂ ਪ੍ਰਭੂ ਦੇ ਚਰਨ ਧੋ ਕੇ ਪੀਣ ਦਾ ਹੀ ਨਹੀਂ ਬਲਕਿ ਗੁਰੂ ਵਾਂਗ ਅਕਾਲ ਪੁਰਖ ਦੇ ਚਰਨ ਧੋ ਕੇ ਉਸ ਦੀ ਸੇਵਾ ਭਗਤੀ ਦਾ ਵੀ ਵਰਣਨ ਕੀਤਾ ਗਿਆ ਹੈ: ਚਰਨ ਪਖਾਰਉ ਕਰਿ ਸੇਵਾ ਜੇ ਠਾਕੁਰ ਭਾਵੈ॥ ਹੋਹੁ ਕ੍ਰਿਪਾਲ ਦਇਆਲ ਪ੍ਰਭ ਨਾਨਕੁ ਗੁਣ ਗਾਵੈ॥ (ਪੰਨਾ ੮੦੯)
ਅਰਥ: ਹੇ ਪ੍ਰਭੂ! ਹੇ ਮਾਲਕ! ਜੇ ਤੈਨੂੰ ਚੰਗਾ ਲੱਗੇ, ਤਾਂ ਮੈਂ ਤੇਰੀ ਸੇਵਾ-ਭਗਤੀ ਕਰ ਕੇ ਤੇਰੇ ਚਰਨ ਧੋਂਦਾ ਰਹਾਂ (ਭਾਵ, ਹਉਮੈ ਤਿਆਗ ਕੇ ਤੇਰ ਦਰ ਤੇ ਡਿੱਗਾ ਰਹਾਂ)। ਹੇ ਪ੍ਰਭੂ! ਦਇਆਵਾਨ ਹੋ, ਕਿਰਪਾ ਕਰ (ਤਾਂ ਕਿ ਤੇਰੀ ਦਇਆ ਤੇ ਕਿਰਪਤ ਨਾਲ ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ।
ਜਿਹੜੇ ਸੱਜਣ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਜਾਂ ਸੰਤ ਦੇ ਚਰਨ ਧੋ ਕੇ ਪੀਣ ਬਾਰੇ ਪੜ੍ਹ ਕੇ ਕਹਿੰਦੇ ਹਨ ਕਿ ਗੁਰੂ ਸਾਹਿਬ ਨੇ ਪੈਰਾਂ ਨੂੰ ਧੋ ਕੇ ਪੀਣ ਦੀ ਹੀ ਗੱਲ ਕੀਤੀ ਗਈ ਹੈ, ਉਨ੍ਹਾਂ ਸੱਜਣਾ ਨੂੰ ਅਤਿ ਨਿਮਰਤਾ ਸਹਿਤ ਇਹ ਪੁੱਛਣ ਦੀ ਗ਼ੁਸਤਾਖ਼ੀ ਕਰ ਰਹੇ ਹਾਂ ਕਿ ਇੱਥੇ ਚਰਨਾਂ ਨੂੰ ਧੋ ਕੇ ਪੀਣ ਦਾ ਕੀ ਭਾਵ ਹੋਵੇਗਾ? ਕੀ ਪ੍ਰਭੂ ਦੇ ਵੀ ਮਨੁੱਖ ਵਾਂਗ ਹੱਡ ਮਾਸ ਦੇ ਪੈਰ ਹਨ? ਜਿਨ੍ਹਾਂ ਚਰਨਾਂ ਨੂੰ ਹਜ਼ੂਰ ਧੋ ਕੇ ਪੀਣ ਦੀ ਪ੍ਰੇਰਨਾ ਕਰ ਰਹੇ ਹਨ? ਜੇਕਰ ਅਜਿਹੇ ਵੀਰਾਂ/ਭੈਣਾਂ ਦਾ ਉੱਤਰ ਹਾਂ ਵਿੱਚ ਹੈ, ਤਾਂ ਇਨ੍ਹਾਂ ਵੀਰਾਂ/ਭੈਣਾ ਦੀ ਗਿਆਤ ਲਈ ਇਤਨਾ ਕਹਿਣਾ ਹੀ ਕਾਫੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਦੇ ਅਜਿਹੇ ਸਰੂਪ ਨੂੰ ਪਰਵਾਨ ਨਹੀਂ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਉਸ ਅਕਾਲ ਪੁਰਖ ਬਾਰੇ ਇਹ ਕਿਹਾ ਗਿਆ ਹੈ:
ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ (ਪੰਨਾ ੨੮੩)
ਅਰਥ: ਪ੍ਰਭੂ ਦਾ ਨ ਕੋਈ ਰੂਪ ਹੈ, ਨ ਚਿਹਨ-ਚੱਕ੍ਰ ਅਤੇ ਨ ਕੋਈ ਰੰਗ। ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਬੇ-ਦਾਗ਼ ਹੈ।
ਇਸ ਲਈ ਪ੍ਰਭੂ ਦੇ ਚਰਨਾਂ ਨੂੰ ਧੋ ਕੇ ਪੀਣ ਦਾ ਭਾਵ ਮਨੁੱਖ ਦਾ ਹਉਮੈ ਰਹਿਤ ਹੋ, ਪ੍ਰਭੂ ਦੀ ਸਿਫਤ ਸਾਲਾਹ ਕਰਦਿਆਂ ਹੋਇਆਂ, ਉਨ੍ਹਾਂ ਸਿਫਤਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੀ, ਵਾਹਿਗੁਰੂ ਦੇ ਚਰਨਾਂ ਨੂੰ ਧੋ ਕੇ ਪੀਣਾ ਹੈ। ਜਿਸ ਤਰ੍ਹਾਂ ਪ੍ਰਭੂ ਦੇ ਚਰਨਾਂ ਦਾ ਭਾਵ ਹੈ ਉਸੇ ਤਰ੍ਹਾਂ ਗੁਰੂ/ਸੰਤ ਦੇ ਚਰਨਾਂ ਨੂੰ ਧੋ ਕੇ ਪੀਣ ਦਾ ਅਰਥ ਭਾਵ ਹੈ। ਇਹ ਸ਼ਬਦ ਗੁਰੂ ਦੇ ਸ਼ਬਦ/ਉਪਦੇਸ਼ ਆਦਿ ਦੇ ਪ੍ਰਤੀਕ ਹਨ।
ਸਾਡੇ ਇਤਿਹਾਸ ਵਿੱਚ ਭਾਂਵੇ ਬਹੁਤ ਜ਼ਿਆਦਾ ਮਿਲਾਵਟ ਹੈ ਪਰ ਗੁਰੂ ਦੇ ਚਰਨਾਂ ਨੂੰ ਧੋ ਕੇ ਪੀਣ ਦੀ ਗੱਲ ਨਹੀਂ ਲਿਖੀ। (ਨੋਟ: ਕਈਆਂ ਨੇ ਚਰਨਾਂਮ੍ਰਿਤ ਦੀ ਗੱਲ ਲਿਖੀ ਹੈ, ਇਸ ਸਬੰਧ ਵਿੱਚ ਅਸੀਂ ਵੱਖਰੇ ਤੌਰ `ਤੇ ਲਿਖਣ ਦਾ ਯਤਨ ਕਰਾਂਗੇ।) ਹਾਂ, ਇਸ ਗੱਲ ਦਾ ਤਾਂ ਵਰਣਨ ਕੀਤਾ ਗਿਆ ਹੈ ਕਿ ਜੇਕਰ ਕਿਸੇ ਸਿੱਖ ਨੇ ਗੁਰੂ ਸਾਹਿਬ ਪਾਸ ਇਹ ਇੱਛਾ ਜ਼ਾਹਰ ਕੀਤੀ ਕਿ ਉਹ ਹਮੇਸ਼ਾਂ ਉਨ੍ਹਾਂ ਦੇ ਚਰਨਾਂ ਕੋਲ ਹੀ ਰਹਿਣਾ ਚਾਹੁੰਦਾ ਹੈ ਤਾਂ ਗੁਰਦੇਵ ਨੇ ਅਜਿਹੀ ਇੱਛਾ ਪ੍ਰਗਟ ਕਰਨ ਵਾਲੇ ਨੂੰ ਗੁਰਮਤਿ ਦਾ ਦ੍ਰਿਸ਼ਟੀਕੋਣ ਸਮਝਾਉਂਦਿਆਂ ਹੋਇਆਂ ਸਪਸ਼ਟ ਕੀਤਾ ਕਿ ਉਨ੍ਹਾਂ ਦੇ ਚਰਨ ਤਾਂ ਗੁਰੂ ਕਾ ਸ਼ਬਦ ਹੀ ਹੈ; ਸ਼ਬਦ ਨਾਲ ਜੁੜਨਾ ਹੀ ਹਮੇਸ਼ਾਂ ਗੁਰੂ ਚਰਨਾਂ ਨਾਲ ਜੁੜੇ ਰਹਿਣ ਦਾ ਰਹੱਸ ਹੈ।
ਜਿਸ ਤਰ੍ਹਾਂ ਪ੍ਰਭੂ ਦੇ ਚਰਨ ਧੋ ਕੇ ਪੀਣ ਤੋਂ ਭਾਵ ਆਪਣੇ ਆਪ ਦਾ ਤਿਆਗ ਕਰਕੇ ਉਸ ਦੀ ਸਿਫ਼ਤ ਸਾਲਾਹ ਅਰਥਾਤ ਪ੍ਰਭੂ ਦੇ ਗੁਣਾਂ ਦੀ ਚਰਚਾ ਕਰਦਿਆਂ ਹੋਇਆਂ, ਇਨ੍ਹਾਂ ਗੁਣਾਂ ਨੂੰ ਧਾਰਨ ਕਰਨਾ ਹੈ, ਉਸੇ ਤਰ੍ਹਾਂ ਗੁਰੂ ਦੇ ਚਰਨਾਂ ਨੂੰ ਧੋ ਕੇ ਪੀਣ ਦਾ ਵੀ ਇਹੀ ਭਾਵ ਹੈ ਕਿ ਸਤਿਗੁਰੂ ਜੀ ਨੂੰ ਆਪਣੇ ਆਪ ਦਾ ਤਿਆਗ ਕਰਕੇ ਗੁਰੂ ਦੀ ਸ਼ਰਨ ਵਿੱਚ ਆਉਣਾ ਅਤੇ ਉਸ ਦੀ ਆਗਿਆ ਦਾ ਪਾਲਣ ਕਰਨਾ ਹੈ।
ਸੋ, ਗੁਰੂ ਦੇ ਚਰਨ ਧੋ ਕੇ ਪੀਣ ਤੋਂ ਭਾਵ ਹੱਡ ਮਾਸ ਦੇ ਪੈਰਾਂ ਨੂੰ ਧੋ ਕੇ ਪੀਣ ਤੋਂ ਨਹੀਂ ਬਲਕਿ ਗੁਰੂ ਨੂੰ ਆਪਣਾ ਆਪ ਸਮਪਰਪਣ ਕਰਕੇ, ਉਸ ਤੋਂ ਕੁਰਬਾਨ ਹੋਣਾ ਅਥਵਾ ਉਸ ਦੇ ਹੁਕਮ ਦੀ ਪਾਲਣਾ ਕਰਨ ਤੋਂ ਹੈ।
.