.

ਅਰਥ ਨਿਖਾਰ-ਪਉੜੀ ੧੬, ਵਾਰ ਮਾਝ ਕੀ, ਮ: ੧

ਭਗਤਾ ਤੈ ਸੈਸਾਰੀਆ

ਜੋੜੁ ਕਦੇ ਨ ਆਇਆ (ਭਾਗ-੩)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਇਸ ਤੋਂ ਪਹਿਲੇ ਇਸ ਦੇ ਦੋ ਭਾਗ ਜ਼ਰੂਰ ਪੜੋ ਜੀ)

ਚੂੰਕਿ ਇਥੇ ਮਿਸਾਲ ਚੱਲ ਰਹੀ ਹੈ ਭਗਤ ਤਰਲੋਚਨ ਜੀ ਦੀ ਘਾਲ ਕਮਾਈ ਬਾਰੇ। ਕਰਤੇ ਦੀ ਕਰਨੀ, ਜਦੋਂ ਇਨ੍ਹਾਂ ਦੇ ਜੀਵਨ `ਚ ਪਲਟਾ ਆਉਣਾ ਸੀ ਤਾਂ ਉਸ ਸਮੇਂ ਤੱਕ ਤਰਲੋਚਨ ਜੀ, ਨਾਮਦੇਵ ਜੀ ਦੀ ਵਧ ਚੁੱਕੀ ਸਤੁੱਤੀ ਦਾ ਪ੍ਰਭਾਵ ਵੀ ਗ੍ਰਿਹਣ ਕਰ ਚੁੱਕੇ ਹੋਏ ਸਨ। ਜਾਤ-ਵਰਣ ਦਾ ਹਿਸਾਬ ਲਗਾਵੋ ਤਾਂ ਇਨ੍ਹਾਂ ਦੋਨਾਂ ਵਿਚਕਾਰ ਬ੍ਰਾਹਮਣ ਤੇ ਸ਼ੂਦਰ ਵਾਲਾ ਵੱਡਾ ਪਾੜਾ ਵੀ ਸੀ। ਸਾਬਤ ਹੁੰਦਾ ਹੈ ਕਿ ਜਦੋਂ ਇਨ੍ਹਾਂ ਅੰਦਰ ਨਾਮਦੇਵ ਜੀ ਦੇ ਦਰਸ਼ਨਾਂ ਲਈ ਤਾਂਘ ਉਪਜੀ ਤਾਂ ਉਸ ਸਮੇਂ ਤੱਕ ਇਨ੍ਹਾਂ ਅੰਦਰੋ ਬ੍ਰਾਹਮਣੀ ਰਹਿਣੀ, ਹਉਮੇ ਤੇ ਕਰਮਕਾਂਡੀ ਸੋਚ ਵੀ ਖੰਭ ਲਗਾ ਕੇ ਉੱਡ ਚੁੱਕੀ ਹੋਈ ਸੀ। ਇਹੀ ਵਜ੍ਹਾ ਸੀ ਕਿ ਆਪ ਅਖ਼ੌਤੀ ਸ਼ੂਦਰ ਕੁਲ `ਚ ਜਨਮੇਂ ਵਿਸ਼ਵਾਸਾਂ ਦੀ ਪ੍ਰਵਾਹ ਨਾ ਕਰਦੇ ਹੋਏ, ਉਚੇਚੇ ਨਾਮਦੇਵ ਜੀ ਦੇ ਦਰਸ਼ਨਾ ਲਈ ਬੰਗਾਲ ਤੋਂ ਮਹਾਰਾਸ਼ਟਰ ਪੁੱਜੇ। ਗੁਰਬਾਣੀ ਖਜ਼ਾਨੇ `ਚ ਨਾਮਦੇਵ ਜੀ ਅਤੇ ਕਬੀਰ ਸਾਹਿਬ, ਭਾਵ ਦੋਨਾਂ ਦੀ ਬਾਣੀ ਵਿੱਚ ਇਸ ਮਿਲਾਪ ਦਾ ਵੱਖ ਵੱਖ ਜ਼ਿਕਰ ਵੀ ਹੈ।

ਇਸ ਤਰ੍ਹਾਂ ਇਨ੍ਹਾਂ ਦੇ ਆਪਸੀ ਮਿਲਾਪ ਸਮੇਂ ਨਾਮਦੇਵ ਜੀ ਆਪਣੀ ਬਾਣੀ ਰਾਹੀਂ ਜਦੋਂ ਤਰਲੋਚਨ ਜੀ ਨੂੰ ਸੱਚ ਧਰਮ ਦੀ ਗੱਲ ਸਮਝਾਉਂਦੇ ਹੋਏ ਫ਼ੁਰਮਾਉਂਦੇ ਹਨ ਤਾਂ ਫ਼ੁਰਮਾਨ ਹੈ “ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ” (ਪੰ: ੯੭੨)। ਜਦਕਿ ਪੰਨਾਂ ੯੭੨ `ਤੇ ਨਾਮਦੇਵ ਜੀ ਦਾ ਇਹ ਪੂਰਾ ਸ਼ਬਦ ਹੈ ਜਿਸ `ਚ ਭਗਤ ਨਾਮਦੇਵ ਜੀ, ਉਸ ਸਮੇਂ ਤਰਲੋਚਨ ਜੀ ਦੇ ਸ਼ੰਕੇ ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ” ਜਿਸ ਦਾ ਜ਼ਿਕਰ ਕਬੀਰ ਸਾਹਿਬ ਨੇ ਆਪਣੀ ਰਚਨਾ `ਚ ਕੀਤਾ ਹੈ, ਨਾਮਦੇਵ ਜੀ ਉਥੇ ਪੰਜ ਮਿਸਾਲਾਂ ਦੇ ਕੇ ਭਗਤ ਤਰਲੋਚਨ ਜੀ ਨੂੰ ਉੱਤਰ ਦਿੰਦੇ ਹਨ। ਕਹਿੰਦੇ ਹਨ ਕਿ ਐ ਤਰਲੋਚਨ ਜੀ! ਭਗਤ ਹੋਣ ਦਾ ਕਿਸੇ ਤਰ੍ਹਾਂ ਵੀ ਇਹ ਮਤਲਬ ਨਹੀਂ ਕਿ ਮੈਂ ਆਪਣੇ ਕਪੜੇ ਰੰਗਣ ਵਾਲਾ ਕਾਰ ਵਿਹਾਰ ਤੇ ਪ੍ਰਵਾਰ ਦਾ ਤਿਆਗ ਕਰਕੇ, ਕਿਸੇ ਗੁਫ਼ਾ ਜਾਂ ਗੁੱਠ `ਚ ਬੈਠ ਕੇ ਜਾਂ ਕੇਵਲ ਲੰਗੋਟੀ ਆਦਿ ਪਾ ਕੇ ਹੀ ਪ੍ਰਭੂ ਦਾ ਸਿਮਰਨ ਕਰਾਂ।

ਕਰਤੇ ਦਾ ਸਿਮਰਨ ਕਰਨਾ ਅਤੇ ਪ੍ਰਭੂ ਭਗਤ ਹੋਣਾ ਤਾਂ ਇਹ ਹੈ ਕਿ ਪ੍ਰਭੂ ਬਖ਼ਸ਼ੇ ਆਪਣੇ ਬਾਲ ਪ੍ਰਵਾਰ ਸਬੰਧੀ ਆਪਣੇ ਫ਼ਰਜ਼ਾ ਨੂੰ ਨਿਭਾਉਂਦੇ ਹੋਏ ਤੇ ਕਾਰ ਵਿਹਾਰ ਆਦਿ ਕਰਦੇ ਹੋਏ ਆਪਣੀ ਸੁਰਤ ਨੂੰ ਕਰਤੇ ਨਾਲ ਜੋੜ ਕੇ ਜੀਵਨ ਨੂੰ ਚਲਾਉਣਾ। ਇਸ ਤਰ੍ਹਾਂ ਉਸ ਸ਼ਬਦ ਵਿਚਲੀਆਂ ਵਿਸ਼ੇ ਨਾਲ ਸਬੰਧਤ, ਨਾਮਦੇਵ ਜੀ ਵੱਲੋਂ ਪੰਜ ਮਿਸਾਲਾਂ ਦਿੱਤੀਆਂ ਗਈਆਂ ਹਨ। ਜਿਨ੍ਹਾਂ `ਚੋਂ ਪਹਿਲੀ ਮਿਸਾਲ ਹੈ ਬੱਚਿਆਂ ਰਾਹੀਂ ਪਤੰਗ ਉਡਾਉਣ ਦੀ, ਦੂਜੀ ਹੈ ਸੁਨਿਆਰੇ ਦੀ, ਤੀਜੀ ਬੀਬੀਆਂ ਰਾਹੀਂ ਘੜਿਆਂ `ਚ ਨਦੀ ਤੋਂ ਪਾਣੀ ਲਿਆਉਣਾ ਵਾਲੀ। ਇਸੇ ਤਰ੍ਹਾਂ ਉਥੇ ਚੌਥੀ ਮਿਸਾਲ ਹੈ ਤਾਜ਼ੀ ਸੂਈ ਗਊ ਦੀ, ਜਿਸ ਨਂੂੰ ਸ਼ਾਮਲਾਟ `ਚ ਚਰਤਉਣ ਲਈ ਲਿਜਾਇਆ ਜਾਂਦਾ ਹੈ ਜਦਕਿ ਉਸ ਦਾ ਵੀ ਨਵ ਜਨਮਿਆ ਬਛੜਾ ਪਿੱਛੇ ਹੁੰਦਾ ਹੈ ਤੇ ਉਸ ਦੀ ਚਿੰਤਾ ਵੀ ਉਸ ਬਛੜੇ ਲਈ ਹੀ ਹੁੰਦੀ ਹੈ। ਉਪ੍ਰੰਤ ਪੰਜਵੀ ਮਿਸਾਲ ਹੈ ਅਜਿਹੀ ਮਾਂ ਦੀ, ਜਿਸ ਦਾ ਨਵ ਜਨਮਿਆ ਬੱਚਾ ਪੰਘੂੜੇ `ਚ ਪਿਆ ਹੈ ਜਦਕਿ ਉਹ ਉਸ ਬੱਚੇ ਦਾ ਧਿਆਨ ਵੀ ਪੂਰਾ ਕਰ ਰਹੀ ਹੁੰਦੀ ਹੈ ਪਰ ਇਹ ਸਭ, ਘਰ ਦੇ ਕੰਮ ਕਾਜ ਨੂੰ ਵੀ ਤਿਆਗ ਕੇ ਨਹੀਂ। ਇਸ ਤਰ੍ਹਾਂ ਉਨ੍ਹਾਂ ਪੰਜਾਂ ਮਿਸਾਲਾਂ `ਚੋਂ ਹੀ ਪੰਜਵੀ ਤੇ ਆਖ਼ਿਰੀ ਮਿਸਾਲ ਹੈ “ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ” (ਪੰ: ੯੭੨)।

ਇਹੀ ਨਹੀਂ ਬਲਕਿ ਤਰਲੋਚਨ ਜੀ ਤੇ ਨਾਮਦੇਵ ਜੀ ਵਿਚਲੇ ਇਸ ਮਿਲਾਪ ਤੇ ਵਾਰਤਾਲਾਪ ਵਾਲੀ ਘਟਣਾ ਦਾ ਜ਼ਿਕਰ ਕਬੀਰ ਸਾਹਿਬ ਵੀ ਆਪਣੀ ਬਾਣੀ `ਚ ਕਰਦੇ ਹਨ, ਉਥੇ ਫ਼ੁਰਮਾਨ ਹੈ ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥ ੨੧੨ ॥ ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾੑਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ॥ ੨੧੩ ॥” (੧੩੭੫)।

ਅੰਦਾਜ਼ਾ ਲਗਾਓ! ਉਸ ਜ਼ਮਾਨੇ `ਚ, ਜਦੋਂ ਆਵਾਜਈ ਲਈ ਅਜੋਕੇ ਸਾਧਨ ਵੀ ਨਹੀਂ ਸਨ, ਉਸ ਸਮੇਂ ਕਿੱਥੇ ਬੰਗਾਲ ਤੇ ਕਿੱਥੇ ਮਹਾਰਾਸ਼ਟਰ। ਦੂਜਾ, ਬ੍ਰਾਹਮਣੀ ਵਰਣ ਵੰਡ ਅਨੁਸਾਰ, ਕਿੱਥੇ ਉੱਚੀ ਤੇ ਉਹ ਵੀ ਖ਼ੁਦ ਬ੍ਰਾਹਮਣ ਕੁਲ `ਚ ਜਨਮੇ ਤ੍ਰਿਲੋਚਣ ਜੀ ਤੇ ਕਿੱਥੇ ਉਨ੍ਹਾਂ ਸਾਹਮਣੇ, ਉਸੇ ਵਿਚਾਰਧਾਰਾ ਅਨੁਸਾਰ ਨੀਚ ਤੇ ਸ਼ੂਦਰ ਕੁਲ `ਚ ਪੈਦਾ ਹੋਏ ਭਗਤ ‘ਨਾਮਦੇਵ’ ਜੀ। ਇਸ ਤਰ੍ਹਾਂ ਇਹ ਘਟਣਾ ਆਪਣੇ ਆਪ `ਚ ਇਸ ਗੱਲ ਦਾ ਵੀ ਸਬੂਾਤ ਹੈ ਕਿ ਉਸ ਸਮੇਂ ਤੱਕ ਭਗਤ ਤਰਲੋਚਨ ਜੀ ਦੀ ਸੋਚ ਅੰਦਰੋਂ ਵੀ ਜਾਤ ਵਰਣ ਵਾਲਾ ਕੋੜ੍ਹ ਖ਼ਤਮ ਹੋ ਚੁੱਕਾ ਹੋਇਆ ਸੀ। ਇਸੇ ਕਾਰਨ ਤਾਂ ਉਨ੍ਹਾਂ ਦੇ ਮਨ ਤੇ ਜੀਵਨ ਅੰਦਰ ਪੈਦਾ ਹੋ ਚੁੱਕੀ ਲਗਣ ਤੇ ‘ਘਾਲ ਕਮਾਈ’ ਦਾ ਹੀ ਜਾਦੂ, ਪ੍ਰਗਟਾਵਾ, ਬਿਹਬਲਤਾ ਸੀ ਜੋ ਉਨ੍ਹਾਂ ਨੂੰ ਬੰਗਾਲ ਤੋਂ ਮਹਾਰਾਸ਼ਟਰ ਤੱਕ ਖਿੱਚ ਲਿਆਈ।

ਇਹ ਘਟਣਾ ਇਸ ਗੱਲ ਦਾ ਵੀ ਸਬੂਤ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਪ ਜੋ ਭਗਤਾਂ ਦੀ ਬਾਣੀ ਇਕਤ੍ਰ ਕੀਤੀ ਤਾਂ ਇਸ `ਚ ਗੁਰਦੇਵ ਦੀ ਕਿਤਨੀ ਵਧ ਦੂਰ ਦਰਸ਼ਿਤਾ ਸੀ। ਅਜਿਹੀ ਦੂਰ ਦਰਸ਼ਿਤਾ, ਅਜਿਹੇ ਭਗਤਾਂ ਲਈ ਜੋ ਜਨਮ ਤੋਂ ਤਾਂ ਸਫ਼ਲ ਜੀਵਨ ਅਵਸਥਾ `ਚ ਨਹੀਂ ਸਨ ਪਰ ਜਦੋਂ ਗੁਰੂ ਪਾਤਸ਼ਾਹ ਦੀ ਪਹਿਚਾਣ ਦੀ ਕਰਸਵੱਟੀ ਤੇ ਕਸੇ ਗਏ ਤਾਂ ਉਹ ਸਾਰੇ ਆਪਣੀ-ਆਪਣੀ ਪ੍ਰਭੂ ਭਗਤੀ ਤੇ ਘਾਲ ਕਮਾਈ ਕਾਰਨ ਗੁਰਬਾਣੀ ਦੀ ਕਸਵੱਟੀ `ਤੇ “ਪੰਚ ਪਰਵਾਣ ਪੰਚ ਪਰਧਾਨੁ॥ ਪੰਚੇ ਪਾਵਹਿ ਦਰਗਹਿ ਮਾਨੁ॥ ਪੰਚੇ ਸੋਹਹਿ ਦਰਿ ਰਾਜਾਨੁ॥ ਪੰਚਾ ਕਾ ਗੁਰੁ ਏਕੁ ਧਿਆਨੁ” (ਬਾਣੀ ਜਪੁ) ਪੂਰੇ ਉਤਰੇ। ਉਸ ਸਮੇਂ ਉਹ ਸਾਰੇ ਜੀਵਨ ਦੀ ਉਸ ‘ਗੁਰੂ ਪਦ’ ਵਾਲੀ ਅਵਸਥਾ ਨੂੰ ਪ੍ਰਾਪਤ ਹੋ ਚੁੱਕੇ ਹੋਏ ਸਨ। ਇਸੇ ਕਰਕੇ ਗੁਰਦੇਵ ਨੇ ਸਮੇਂ ਦੇ ਹਰੇਕ ਅਖੌਤੀ ਭਗਤ ਨੂੰ ਨਹੀਂ ਪਰ ਉਨ੍ਹਾਂ ਪੰਦਰ੍ਹਾਂ ਨੂੰ ਜਿਨ੍ਹਾਂ ਨੂੰ ਆਪਣੀ ਬਰਾਬਰੀ ਦਿੱਤੀ ਤੇ ਨਾਲ ਨਾਲ ਗੁਰਬਾਣੀ ਆਧਾਰ `ਤੇ ‘ਭਗਤ’ ਵਾਲੀ ਉਪਾਧੀ ਵੀ। ਸਮਝਣ ਦਾ ਵਿਸ਼ਾ ਹੈ ਗੁਰਬਾਣੀ ਆਧਾਰ `ਤੇ ਇਹ ਭਗਤ ਵਾਲੀ ਉਪਾਧੀ ਵੀ ਛੋਟੀ ਉਪਾਧੀ ਸੀ ਕਿ ਦਸੌਂ ਹੀ ਗੁਰੂ ਹਸਤੀਆਂ ਜਮਾਂਦਰੂ ਗੁਰੂ ਪਦ ਦੀ ਅਵਸਥਾ ਨੂੰ ਪ੍ਰਾਪਤ ਸਨ ਜਦਕਿ ਗੁਰਬਾਣੀ `ਚ ਪ੍ਰਵਾਣਤ ਇਹ ਸਾਰੇ ‘ਭਗਤ’, ਆਪਣੀ ਆਪਣੀ ਭਗਤੀ ਭਾਵਨਾ ਤੇ ਘਾਲ ਕਮਾਈ ਨਾਲ ਜੀਵਨ ਦੀ ਉੱਚਤਮ ਅਵਸਥਾ ਨੂੰ ਪ੍ਰਾਪਤ ਹੋਏ। ਇਸੇ ਲਈ ਉਹ ਗੁਰਬਾਣੀ ਕਸਵਟੀ `ਤੇ ਭਗਤ ਸਨ, ਅਖੌਤੀ ਭਗਤ ਨਹੀਂ।

ਫ਼ਿਰ ਇਹੀ ਨਹੀਂ ਗੁਰਬਾਣੀ ਖਜ਼ਾਨੇ `ਚ ਅਜਿਹੇ ਬੇਅੰਤ ਸਬੂਤ ਹਨ; ਇਸ ਲਈ ਇਸ ਸਬੰਧ `ਚ ਜੇ ਹੋਰ ਸਬੂਤਾਂ ਦੀ ਲੋੜ ਹੋਵੇ ਤਾਂ ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਿਟੀ ਪ੍ਰੋ: ਸਾਹਿਬ ਸਿੰਘ ਜੀ ਦੀਆਂ ਦੋ ਰਚਨਾਵਾਂ ‘ਗੁਰਬਾਣੀ ਦਾ ਇਤਿਹਾਸ’ ਤੇ ‘ਆਦਿ ਬੀੜ ਬਾਰੇ’ ਦਾ ਵੀ ਲਾਭ ਉਠਾਇਆ ਜਾ ਸਕਦਾ ਹੈ। ਉਪ੍ਰੰਤ ਇਸੇ ਸਬੰਧ `ਚ ਅਸੀਂ ਭਗਤ ਕਬੀਰ ਜੀ ਦਾ ਇੱਕ ਸ਼ਬਦ ਵੀ ਲੈਣਾ ਚਾਹਾਂਗੇ ਜੋ ਆਪਣੇ ਆਪ `ਚ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪ੍ਰਚਾਰ ਦੌਰਿਆ ਦੌਰਾਨ, ਇਨ੍ਹਾਂ ਭਗਤਾਂ ਦੀ ਬਾਣੀ ਨੂੰ ਸੰਭਾਲਿਆ ਤਾਂ ਉਸ ਸਮੇਂ ਇਨ੍ਹਾਂ ਭਗਤਾਂ ਦੇ ਜੀਵਨ ਦੀ ਅਵਸਥਾ ਕਿਤਨੀ ਉੱਚੀ ਹੋ ਚੁੱਕੀ ਹੋਈ ਸੀ।

ਤਾਂ ਤੇ ਇਸ ਸਬੰਧ `ਚ ਭਗਤ ਕਬੀਰ ਜੀ ਦਾ ਵੀ ਆਸਾ ਰਾਗ `ਚੋਂ ਇੱਕ ਸ਼ਬਦ ਲੈ ਰਹੇ ਹਾਂ ਅਤੇ ਇਹ ਸ਼ਬਦ ਹੈ “ਆਸਾ॥ ਕੋਰੀ ਕੋ, ਕਾਹੂ ਮਰਮੁ ਨ ਜਾਨਾਂ॥ ਸਭੁ ਜਗੁ ਆਨਿ ਤਨਾਇਓ ਤਾਨਾਂ॥ ੧॥ ਰਹਾਉ॥ ਜਬ ਤੁਮ ਸੁਨਿ ਲੇ ਬੇਦ ਪੁਰਾਨਾਂ॥ ਤਬ ਹਮ ਇਤਨ ਕੁ ਪਸਰਿਓ ਤਾਨਾਂ॥ ੧॥ ਧਰਨਿ ਅਕਾਸ ਕੀ ਕਰਗਹ ਬਨਾਈ॥ ਚੰਦੁ ਸੂਰਜੁ ਦੁਇ ਸਾਥ ਚਲਾਈ॥ ੨॥ ਪਾਈ ਜੋਰਿ ਬਾਤ ਇੱਕ ਕੀਨੀ, ਤਹ ਤਾਂਤੀ ਮਨੁ ਮਾਨਾਂ॥ ਜੋਲਾਹੇ ਘਰੁ ਅਪਨਾ ਚੀਨੑਾਂ ਘਟ ਹੀ ਰਾਮੁ ਪਛਾਨਾਂ॥ ੩॥ ਕਹਤੁ ਕਬੀਰੁ ਕਾਰਗਹ ਤੋਰੀ॥ ਸੂਤੈ ਸੂਤ ਮਿਲਾਏ ਕੋਰੀ॥ ੪॥ ੩॥ ੩੬॥” (ਪੰ: ੪੮੪) ਉਪ੍ਰੰਤ ਪ੍ਰੋ: ਸਾਹਿਬ ਸਿੰਘ ਜੀ ਅਨੁਸਾਰ ਹੀ ਇਸ ਸ਼ਬਦ ਦੇ ਅਰਥ ਵੀ ਇਸ ਤਰ੍ਹਾਂ ਹਨ: ਅਰਥ- “(ਹੇ ਪੰਡਿਤ ਜੀ!) ਜਿਤਨਾ ਚਿਰ ਤੁਸੀਂ ਵੇਦ ਪੁਰਾਣ ਸੁਣਦੇ ਰਹੇ, ਮੈਂ ਉਤਨਾ ਚਿਰ ਥੋੜ੍ਹਾ ਜਿਹਾ ਤਾਣਾ ਤਣ ਲਿਆ (ਭਾਵ, ਤੁਸੀ ਵੇਦ ਪੁਰਾਨਾਂ ਦੇ ਪਾਠੀ ਹੋਣ ਦਾ ਮਾਣ ਕਰਦੇ ਹੋ, ਪਰ ਤੁਸਾਂ ਇਸ ਵਿੱਦਿਆ ਨੂੰ ਉਸੇ ਤਰ੍ਹਾਂ ਰੋਜ਼ੀ ਕਮਾਉਣ ਲਈ ਵਰਤਿਆ ਹੈ ਜਿਵੇਂ ਮੈਂ ਤਾਣਾ ਤਣਨ ਤੇ ਕੰਮ ਨੂੰ ਵਰਤਦਾ ਹਾਂ, ਦੋਹਾਂ ਵਿੱਚ ਕੋਈ ਫ਼ਰਕ ਨਾਹ ਪਿਆ। ਤਾਂ ਫਿਰ ਤੁਹਾਡਾ ਵਿਦਵਾਨ ਹੋਣ ਦਾ ਅਤੇ ਬ੍ਰਾਹਮਣ ਹੋਣ ਦਾ ਮਾਣ ਤਾਂ ਕੂੜਾ ਹੀ ਹੈ)। ੧।

(ਤੁਸੀਂ ਸਾਰੇ ਮੈਨੂੰ ‘ਜੁਲਾਹ ਜੁਲਾਹ’ ਆਖ ਕੇ ਛੁਟਿਆਉਣ ਦੇ ਜਤਨ ਕਰਦੇ ਹੋ, ਪਰ ਤੁਹਾਨੂੰ ਪਤਾ ਨਹੀਂ ਕਿ ਪਰਮਾਤਮਾ ਭੀ ਜੁਲਾਹ ਹੀ ਹੈ)। ਤੁਸਾਂ ਕਿਸੇ ਨੇ ਉਸ ਜੁਲਾਹ ਦਾ ਭੇਤ ਨਹੀਂ ਪਾਇਆ, ਜਿਸ ਨੇ ਇਹ ਸਾਰਾ ਜਗਤ ਪੈਦਾ ਕਰ ਕੇ (ਮਾਨੋ) ਤਾਣਾ ਤਣ ਦਿੱਤਾ ਹੈ। ੧। ਰਹਾਉ।

(ਉਸ ਪ੍ਰਭੂ-ਜੁਲਾਹ ਨੇ) ਧਰਤੀ ਤੇ ਅਕਾਸ਼ ਦੀ ਕੰਘੀ ਬਣਾ ਦਿੱਤੀ ਹੈ, ਚੰਦ ਅਤੇ ਸੂਰਜ ਨੂੰ ਉਹ (ਉਸ ਕੰਘੀ ਦੇ ਨਾਲ) ਨਾਲਾਂ ਬਣਾ ਕੇ ਵਰਤ ਰਿਹਾ ਹੈ। ੨।

ਜੁਲਾਹੇ ਦੇ ਪਊਇਆਂ ਦੀ ਜੋੜੀ ਉਸ ਜੁਲਾਹ-ਪ੍ਰਭੂ ਨੇ (ਜਗਤ ਦੀ ਜਨਮ-ਮਰਨ ਦੀ) ਖੇਡ ਰਚ ਦਿੱਤੀ ਹੈ। ਇਸ ਲਈ ਮੈਂ ਜੁਲਾਹੇ ਦਾ ਮਨ ਉਸ ਜੁਲਾਹ-ਪ੍ਰਭੂ ਵਿੱਚ ਟਿਕ ਗਿਆ ਹੈ, ਜਿਸ ਨੇ ਇਹ ਖੇਡ ਰਚੀ ਹੈ। ਮੈਂ ਜੁਲਾਹ ਨੇ (ਉਸ ਜੁਲਾਹ-ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ) ਆਪਣਾ ਹੀ ਘਰ ਲੱਭ ਲਿਆ ਹੈ, ਤੇ ਮੈਂ ਆਪਣੇ ਹਿਰਦੇ ਵਿੱਚ ਹੀ ਉਸ ਪਰਮਾਤਮਾ ਨੂੰ (ਬੈਠਾ) ਪਛਾਣ ਲਿਆ ਹੈ। ੩।

ਕਬੀਰ ਆਖਦਾ ਹੈ—ਜਦੋਂ ਉਹ ਜੁਲਾਹ (ਇਸ ਜਗਤ-) ਕੰਘੀ ਨੂੰ ਤੋੜ ਦੇਂਦਾ ਹੈ ਤਾਂ ਸੂਤਰ ਵਿੱਚ ਸੂਤਰ ਰਲਾ ਦੇਂਦਾ ਹੈ (ਭਾਵ, ਸਾਰੇ ਜਗਤ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ)”। ੪। ੩। ੩੬।

ਨੋਟ : —ਕਬੀਰ ਜੀ ਬਨਾਰਸ ਦੇ ਰਹਿਣ ਵਾਲੇ ਸਨ, ਜਾਤ ਦੇ ਜੁਲਾਹ। ਬ੍ਰਾਹਮਣ ਦੀ ਨਜ਼ਰ ਵਿੱਚ ਉਹ ਇੱਕ ਸ਼ੂਦਰ ਸਨ, ਜਿਸ ਨੂੰ ਸ਼ਾਸਤ੍ਰ ਭਜਨ ਕਰਨ ਦੀ ਆਗਿਆ ਨਹੀਂ ਦੇਂਦੇ। ਫਿਰ, ਉਹ ਲੋਕ ਤਾਂ ਡੁੱਬੇ ਪਏ ਮੂਰਤੀ ਪੂਜਾ-ਵਿਚ, ਤੇ ਕਬੀਰ ਜੀ ਹਰਿ-ਸਿਮਰਨ ਦੀ ਮੌਜ ਵਿੱਚ ਮਗਨ। ਉਹਨਾਂ ਨੂੰ ਇਹ ਗੱਲ ਕਿਵੇਂ ਭਾਵੇ? ਉਹਨਾਂ ਲਈ ਇਹ ਕੁਦਰਤੀ ਸੀ ਕਿ ਕਬੀਰ ਜੀ ਨੂੰ ‘ਜੁਲਾਹ, ਜੁਲਾਹ’ ਆਖ ਆਖ ਕੇ ਆਪਣੇ ਦਿਲ ਦਾ ਸਾੜ ਕੱਢਣ। ਕਬੀਰ ਜੀ ਇਹਨਾਂ ਦੀ ਇਸ ਨਫ਼ਰਤ ਨੂੰ ਮਖ਼ੋਲ ਕਰਦੇ ਹਨ ਕਿ ਇਕੱਲਾ ਮੈਂ ਹੀ ਜੁਲਾਹ ਨਹੀਂ, ਪਰਮਾਤਮਾ ਭੀ ਜੁਲਾਹ ਹੀ ਹੈ। ਵੇਖੋ ਇਸ ਬਾਰੇ ਰਵਿਦਾਸ ਜੀ ਦਾ ਸ਼ਬਦ ਸੋਰਠਿ ਰਾਗ ਵਿਚ— “ਚਮਰਟਾ ਗਾਠਿ ਨ ਜਨਈ।”

ਸਮਝਣ ਦਾ ਵਿਸ਼ਾ ਹੈ ਕਿ ਜਿਸ ਸਮੇਂ ਨਾਲ ਭਗਤ ਜੀ ਦੀ ਇਹ ਰਚਨਾ ਸਬੰਧਤ ਹੈ, ਮਬੀਰ ਜੀ ਆਪਣਾ ਕਾਰ ਰੁਜ਼ਗਾਰ ਵੀ ਕਰਦੇ ਹਨ। ਉਪ੍ਰੰਤ ਇਸ ਕਾਰ ਵਿਹਾਰ ਕਾਰਨ ਹੀ ਉਨ੍ਹਾਂ ਦੀ ਸੁਰਤ ਇਤਨੀ ਉੱਚੀ ਹੋ ਚੁੱਕੀ ਹੋਈ ਸੀ ਕਿ ਉਨ੍ਹਾਂ ਨੂੰ ਆਪਣੇ ਕਾਰ ਰੁਜ਼ਗਾਰ `ਚੌਂ ਵੀ ਕਾਦਿਰ ਦੇ ਦਰਸ਼ਨ ਵੀ ਹੋ ਰਹੇ ਸਨ। ਜਦਕਿ ਇਸ ਨਾਲ ਹੀ ਉਹ ਮਾਇਕ ਪ੍ਰਭਾਵਾਂ ਤੋਂ ਵੀ ਬਹੁਤ ਉਪਰ ਉਠੇ ਹੋਏ ਸਨ।

ਇਸੇ ਤਰ੍ਹਾਂ ਭਗਤ ਰਵਿਦਾਸ ਜੀ ਵੀ ਆਪਣੇ ਇੱਕ ਸ਼ਬਦ `ਚ ਵਰਨਣ ਕਰਦੇ ਹਨ ਜਿਵੇਂ “ਫਲ ਕਾਰਨ ਫੂਲੀ ਬਨਰਾਇ॥ ਫਲੁ ਲਾਗਾ ਤਬ ਫੂਲੁ ਬਿਲਾਇ॥ ਗਿਆਨੈ ਕਾਰਨ ਕਰਮ ਅਭਿਆਸੁ॥ ਗਿਆਨੁ ਭਇਆ ਤਹ ਕਰਮਹ ਨਾਸੁ” (ਪੰ: ੧੧੬੭) ਇਥੇ ਵੀ ਸਾਰੇ ਸ਼ਬਦ ਦੇ ਦਰਸ਼ਨ ਕਰਕੇ ਅਤੇ ਉਸ ਦੇ ਅਰਥ ਦੇਖ ਲਵੋ ਵਿਸ਼ਾ ਸਪਸ਼ਟ ਹੁੰਦੇ ਦੇਰ ਨਹੀਂ ਲਗੇਗੀ। ਜਦਕਿ ਇਸ ਪੰਕਤੀ `ਚ ਵੀ ਭਗਤ ਜੀ ਇਹੀ ਕਹਿ ਰਹੇ ਹਨ ਕਿ ਜਿਵੇਂ ਕਿਸੇ ਪੌਦੇ ਨੂੰ ਫੁਲ ਲਗਦੇ ਹਨ; ਉਪ੍ਰੰਤ ਇਹੀ ਨਹੀਂ ਫ਼ਿਰ ਜਦੋਂ ਉਹੀ ਫੁਲ, ਫਲਾਂ `ਚ ਤਬਦੀਲ ਹੋ ਜਾਂਦੇ ਹਨ ਤਾਂ ਫੁਲ ਰਹਿੰਦੇ ਹੀ ਨਹੀਂ।

ਇਸੇ ਤਰ੍ਹਾਂ ਮਨੁੱਖ ਕਾਰ ਵਿਹਾਰ ਕਰਦਾ ਹੈ ਆਪਣੀ ਰੋਜ਼ੀ ਰੋਟੀ ਤੇ ਜੀਵਨ ਦੇ ਗੁਜ਼ਾਰੇ ਲਈ। ਫ਼ਿਰ ਉਸ ਕਾਰ ਵਿਹਾਰ `ਚੌਂ ਉਸ ਨੂੰ, ਉਸ ਕਾਰ ਰੁਜ਼ਗਾਰ ਕਾਰਨ ਹੀ, ਜਦੋਂ ਰੁਜ਼ਗਾਰ ਤੇ ਪ੍ਰਵਾਰ ਆਦਿ ਦੇਣ ਵਾਲੇ ਅਤੇ ਉਨ੍ਹਾਂ ਦਾਤਾਂ ਨੂੰ ਬਖ਼ਸ਼ਨ ਵਾਲੇ ਦਾਤੇ ਦੇ ਦਰਸ਼ਨ ਹੋਣ ਲਗ ਜਾਂਦੇ ਹਨ ਤਾਂ ਇਹ ਕਾਰ ਰੁਜ਼ਗਾਰ ਹੀ ਉਸ ਲਈ ਕਾਰ ਰੁਜ਼ਗਾਰ ਨਹੀਂ ਬਲਕਿ ਪ੍ਰਭੂ ਮਿਲਾਪ ਦਾ ਸਾਧਨ ਹੋ ਨਿਬੜਦਾ ਹੈ। ਇਹੀ ਨਹੀਂ ਆਪਣੇ ਇੱਕ ਹੋਰ ਸ਼ਬਦ `ਚ ਭਗਤ ਰਵਿਦਾਸ ਜੀ ਆਪਣੇ ਕਾਰ ਰੁਜ਼ਗਾਰ ਨੂੰ ਹੀ ਆਧਾਰ ਬਣਾ ਕੇ, ਪ੍ਰਭੂ ਭੁਲਿਆਂ ਨੂੰ ਵੀ, ਆਪਣੇ ਉਸ ਸ਼ਬਦ ਰਾਹੀਂ ਸਮਝਾਉਂਦੇ ਹਨ।

ਭਗਤ ਰਵਿਦਾਸ ਜੀ ਦਾ ਰਾਗ ਗੂਜਰੀ `ਚ ਸਬੰਧਤ ਸ਼ਬਦ ਹੈ “ਗੂਜਰੀ-ਚਮਰਟਾ ਗਾਂਠਿ ਨ ਜਨਈ॥ ਲੋਗੁ ਗਠਾਵੈ ਪਨਹੀ॥ ੧॥ ਰਹਾਉ॥ ਆਰ ਨਹੀ ਜਿਹ ਤੋਪਉ॥ ਨਹੀ ਰਾਂਬੀ ਠਾਉ ਰੋਪਉ॥ ੧॥ ਲੋਗੁ ਗੰਠਿ ਗੰਠਿ ਖਰਾ ਬਿਗੂਚਾ॥ ਹਉ ਬਿਨੁ ਗਾਂਠੇ ਜਾਇ ਪਹੂਚਾ॥ ੨॥ ਰਵਿਦਾਸੁ ਜਪੈ ਰਾਮ ਨਾਮਾ॥ ਮੋਹਿ ਜਮ ਸਿਉ ਨਾਹੀ ਕਾਮਾ”॥ ੩॥ ੭॥ (ਪੰ: ੬੫੯) ਉਪ੍ਰੰਤ ਪ੍ਰੋ: ਸਾਹਿਬ ਸਿੰਘ ਜੀ ਰਾਹੀਂ ਇਸ ਸ਼ਬਦ ਦੇ ਅਰਥ ਵੀ ਤੇ ਸ਼ਬਦ ਸਬੰਧੀ ਦਿੱਤਾ ਹੋਇਆ ਨੋਟ ਵੀ ਇਸ ਤਰ੍ਹਾਂ ਹੈ:

“ਅਰਥ : —ਮੈਂ ਗ਼ਰੀਬ ਚਮਿਆਰ (ਸਰੀਰ-ਜੁੱਤੀ ਨੂੰ) ਗੰਢਣਾ ਨਹੀਂ ਜਾਣਦਾ, ਪਰ ਜਗਤ ਦੇ ਜੀਵ ਆਪੋ ਆਪਣੀ (ਸਰੀਰ-ਰੂਪ) ਜੁੱਤੀ ਹੀ ਗੰਢਾ ਰਹੇ ਹਨ (ਭਾਵ, ਲੋਕ ਦਿਨ ਰਾਤ ਨਿਰੇ ਸਰੀਰ ਦੀ ਪਾਲਣਾ ਦੇ ਆਹਰ ਵਿੱਚ ਲੱਗ ਰਹੇ ਹਨ। ੧। ਰਹਾਉ।

ਮੇਰੇ ਪਾਸ ਆਰ ਨਹੀਂ ਕਿ ਮੈਂ (ਜੁੱਤੀ ਨੂੰ) ਤ੍ਰੋਪੇ ਲਾਵਾਂ (ਭਾਵ, ਮੇਰੇ ਅੰਦਰ ਮੋਹ ਦੀ ਖਿੱਚ ਨਹੀਂ ਕਿ ਮੇਰੀ ਸੁਰਤ ਸਦਾ ਸਰੀਰ ਵਿੱਚ ਹੀ ਟਿਕੀ ਰਹੇ)। ਮੇਰੇ ਪਾਸ ਰੰਬੀ ਨਹੀਂ ਕਿ (ਜੁੱਤੀ ਨੂੰ) ਟਾਕੀਆਂ ਲਾਵਾਂ (ਭਾਵ, ਮੇਰੇ ਅੰਦਰ ਲੋਭ ਨਹੀਂ ਕਿ ਚੰਗੇ ਚੰਗੇ ਖਾਣੇ ਲਿਆ ਕੇ ਨਿੱਤ ਸਰੀਰ ਨੂੰ ਪਾਲਦਾ ਰਹਾਂ)। ੧।

ਜਗਤ ਗੰਢ ਗੰਢ ਕੇ ਬਹੁਤ ਖ਼ੁਆਰ ਹੋ ਰਿਹਾ ਹੈ (ਭਾਵ, ਜਗਤ ਦੇ ਜੀਵ ਆਪੋ ਆਪਣੇ ਸਰੀਰ ਨੂੰ ਦਿਨ ਰਾਤ ਪਾਲਣ ਪੋਸਣ ਦੇ ਆਹਰੇ ਲੱਗ ਕੇ ਦੁਖੀ ਹੋ ਰਹੇ ਹਨ); ਮੈਂ ਗੰਢਣ ਦਾ ਕੰਮ ਛੱਡ ਕੇ (ਭਾਵ, ਆਪਣੇ ਸਰੀਰ ਦੇ ਨਿੱਤ ਆਹਰੇ ਲੱਗੇ ਰਹਿਣ ਨੂੰ ਛੱਡ ਕੇ) ਪ੍ਰਭੂ-ਚਰਨਾਂ ਵਿੱਚ ਜਾ ਅੱਪੜਿਆ ਹਾਂ। ੨।

ਰਵਿਦਾਸ ਹੁਣ ਪਰਮਾਤਮਾ ਦਾ ਨਾਮ ਸਿਮਰਦਾ ਹੈ, (ਤੇ, ਸਰੀਰ ਦਾ ਮੋਹ ਛੱਡ ਬੈਠਾ ਹੈ; ਇਸੇ ਵਾਸਤੇ) ਮੈਨੂੰ ਰਵਿਦਾਸ ਨੂੰ ਜਮਾਂ ਨਾਲ ਕੋਈ ਵਾਸਤਾ ਨਹੀਂ ਰਹਿ ਗਿਆ। ੩। ੭। “ਸ਼ਬਦ ਦਾ ਭਾਵ : —ਸਰੀਰਕ ਮੋਹ ਖ਼ੁਆਰ ਕਰਦਾ ਹੈ।

ਨੋਟ : —ਰਵਿਦਾਸ ਜੀ ਬਨਾਰਸ ਦੇ ਵਸਨੀਕ ਸਨ, ਤੇ ਇਹ ਸ਼ਹਿਰ ਵਿਦਵਾਨ ਬ੍ਰਾਹਮਣਾਂ ਦਾ ਭਾਰਾ ਕੇਂਦਰ ਚਲਿਆ ਆ ਰਿਹਾ ਹੈ। ਬ੍ਰਾਹਮਣਾਂ ਦੀ ਅਗਵਾਈ ਵਿੱਚ ਇੱਥੇ ਮੂਰਤੀ-ਪੂਜਾ ਦਾ ਜ਼ੋਰ ਹੋਣਾ ਭੀ ਕੁਦਰਤੀ ਗੱਲ ਸੀ। ਇੱਕ ਪਾਸੇ ਉੱਚੀ ਕੁਲ ਦੇ ਵਿਦਵਾਨ ਲੋਕ ਮੰਦਰਾਂ ਵਿੱਚ ਜਾ ਜਾ ਕੇ ਮੂਰਤੀਆਂ ਪੂਜਣ; ਦੂਜੇ ਪਾਸੇ, ਇੱਕ ਬੜੀ ਨੀਵੀਂ ਜਾਤ ਦਾ ਕੰਗਾਲ ਤੇ ਗ਼ਰੀਬ ਰਵਿਦਾਸ ਇੱਕ ਪਰਮਾਤਮਾ ਦੇ ਸਿਮਰਨ ਦਾ ਹੋਕਾ ਦੇਵੇ—ਇਹ ਇੱਕ ਅਜੀਬ ਜਹੀ ਖੇਡ ਬਨਾਰਸ `ਚ ਹੋ ਰਹੀ ਸੀ। ਬ੍ਰਾਹਮਣਾਂ ਦਾ ਚਮਾਰ ਰਵਿਦਾਸ ਨੂੰ ਉਸ ਦੀ ਨੀਵੀਂ ਜਾਤ ਦਾ ਚੇਤਾ ਕਰਾ ਕਰਾ ਕੇ ਉਸ ਨੂੰ ਮਖ਼ੌਲ ਕਰਨਾ ਭੀ ਇੱਕ ਸੁਭਾਵਿਕ ਜਿਹੀ ਗੱਲ ਸੀ। ਅਜਿਹੀ ਦਸ਼ਾ ਹਰ ਥਾਂ ਰੋਜ਼ਾਨਾ ਜੀਵਨ ਵਿੱਚ ਵੇਖੀ ਜਾ ਰਹੀ ਹੈ।

ਇਸ ਸ਼ਬਦ ਵਿੱਚ ਰਵਿਦਾਸ ਜੀ ਲੋਕਾਂ ਦੇ ਇਸ ਮਖ਼ੌਲ ਦਾ ਉੱਤਰ ਦੇਂਦੇ ਹਨ, ਤੇ, ਕਹਿੰਦੇ ਹਨ ਕਿ ਮੈਂ ਤਾਂ ਭਲਾ ਜਾਤ ਦਾ ਹੀ ਚਮਾਰ ਹਾਂ, ਲੋਕ ਉੱਚੀਆਂ ਕੁਲਾਂ ਦੇ ਹੋ ਕੇ ਭੀ ਚਮਾਰ ਬਣੇ ਪਏ ਹਨ। ਇਹ ਜਿਸਮ, ਮਾਨੋ, ਇੱਕ ਜੁੱਤੀ ਹੈ। ਗ਼ਰੀਬ ਮਨੁੱਖ ਮੁੜ ਮੁੜ ਆਪਣੀ ਜੁੱਤੀ ਗੰਢਾਉਂਦਾ ਹੈ ਕਿ ਬਹੁਤਾ ਚਿਰ ਕੰਮ ਦੇ ਜਾਏ। ਇਸੇ ਤਰ੍ਹਾਂ ਮਾਇਆ ਦੇ ਮੋਹ ਵਿੱਚ ਫਸੇ ਹੋਏ ਬੰਦੇ (ਚਾਹੇ ਉਹ ਉੱਚੀ ਕੁਲ ਦੇ ਭੀ ਹਨ) ਇਸ ਸਰੀਰ ਨੂੰ ਗਾਂਢੇ ਲਾਣ ਲਈ ਦਿਨ ਰਾਤ ਇਸੇ ਦੀ ਪਾਲਣਾ ਵਿੱਚ ਜੁੱਟੇ ਰਹਿੰਦੇ ਹਨ, ਤੇ ਪ੍ਰਭੂ ਨੂੰ ਵਿਸਾਰ ਕੇ ਖ਼ੁਆਰ ਹੁੰਦੇ ਹਨ। ਜਿਵੇਂ ਚਮਿਆਰ ਜੁੱਤੀ ਗੰਢਦਾ ਹੈ, ਤਿਵੇਂ ਮਾਇਆ-ਗ੍ਰਸਿਆ ਜੀਵ ਸਰੀਰ ਨੂੰ ਸਦਾ ਚੰਗੀਆਂ ਖ਼ੁਰਾਕਾਂ ਪੁਸ਼ਾਕਾਂ ਤੇ ਦਵਾਈਆਂ ਆਦਿਕ ਦੇ ਗਾਂਢੇ ਤ੍ਰੋਪੇ ਲਾਉਂਦਾ ਰਹਿੰਦਾ ਹੈ। ਸੋ ਸਾਰਾ ਜਗਤ ਹੀ ਚਮਾਰ ਬਣਿਆ ਪਿਆ ਹੈ। ਪਰ, ਰਵਿਦਾਸ ਜੀ ਆਖਦੇ ਹਨ, ਮੈਂ ਮੋਹ ਮੁਕਾ ਕੇ ਸਰੀਰ ਨੂੰ ਗਾਂਢੇ-ਤੋਪੇ ਲਾਉਣੇ ਛੱਡ ਬੈਠਾ ਹਾਂ, ਮੈਂ ਲੋਕਾਂ ਵਾਂਗ ਦਿਨ ਰਾਤ ਸਰੀਰ ਦੇ ਆਹਰ ਵਿੱਚ ਨਹੀਂ ਰਹਿੰਦਾ, ਮੈਂ ਪ੍ਰਭੂ ਦਾ ਨਾਮ ਸਿਮਰਨਾ ਆਪਣਾ ਮੁੱਖ-ਧਰਮ ਬਣਾਇਆ ਹੈ, ਤਾਹੀਏਂ ਮੈਨੂੰ ਕਿਸੇ ਜਮ ਆਦਿਕ ਦਾ ਡਰ ਨਹੀਂ ਰਿਹਾ।” (ਇਥੇ ਵੀ ਦੇਖਣ ਤੇ ਸਮਝਣ ਦੀ ਖਾਸ ਗੱਲ ਇਹ ਹੈ ਕਿ ਰਵੀਦਾਸ ਜੀ ਵੀ ਆਪਣੇ ਚਮਾਰ ਵਾਲੇ ਪੇਸ਼ੇ ਤੇ ਪ੍ਰਵਾਰ ਆਦਿ ਨੂੰ ਤਿਆਗ ਕੇ ਪ੍ਰਭੂ ਭਗਤੀ ਤੇ ਪ੍ਰਭੂ ਦਾ ਸਿਮਰਨ ਨਹੀਂ ਕਰ ਰਹੇ, ਬਲਕਿ ਇਥੇ ਵੀ ਗੱਲ “ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾੑਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ” (ਪੰ: ੧੩੭੫) ਵਾਲੀ ਹੀ ਹੈ ਭਿੰਨ ਨਹੀਂ

ਵਿਸ਼ਾ-੨ “ਦਰਿ ਸੋਹਨਿ ਕੀਰਤਿ ਗਾਵਦੇ”- ਇਸ ਤੋਂ ਬਾਅਦ, ਇਹ ਵੀ ਦੇਖਣਾ ਹੈ ਕਿ ਗੁਰਬਾਣੀ ਵਿਚਲੇ ਭਗਤਾਂ ਲਈ ਜੋ ਗੁਰੂ ਹਸਤੀਆਂ ਤੋਂ ਬਾਅਦ ਲਫ਼ਜ਼ ਭਗਤ ਵਰਤਿਆ ਗਿਆ, ਉਪ੍ਰੰਤ ਜਦੋਂ ਗੁਰੂ ਪਾਤਸ਼ਾਹ ਨੇ ਉਨ੍ਹਾਂ ਨੂੰ ਆਪਣੀ ਬਰਾਬਰੀ ਵੀ ਬਖ਼ਸ਼ੀ ਤਾਂ ਉਹ ਸਚਮੁਚ ਹੀ ਜੀਵਨ ਦੀ ਉਸ ਸਫ਼ਲ ਅਥਵਾ “ਗੁਰੂ ਪਦ ਵਾਲੀ ਅਵਸਥਾ ਨੂੰ ਪ੍ਰਾਪਤ ਹੋ ਚੁੱਕੇ ਹੋਏ ਸਨ। ਜਦਕਿ ਇਸ ਦੇ ਨਾਲ ਇਹ ਵੀ ਕਿ ਇਨ੍ਹਾਂ ਭਗਤਾਂ `ਚੋਂ ਇੱਕ ਵੀ ਜਮਾਂਦਰੂ, ਜੀਵਨ ਦੀ ਇਸ ਉੱਤਮ ਅਵਸਥਾ ਨੂੰ ਪ੍ਰਾਪਤ ਨਹੀਂ ਸੀ, ਬਲਕਿ ਆਪਣੀ ਆਪਣੀ ਪ੍ਰਭੂ ਭਗਤੀ ਤੇ ਘਾਲ ਕਮਾਈ ਕਾਰਨ ਇਸ ਅਵਸਥਾ ਨੂੰ ਪ੍ਰਾਪਤ ਹੋਏ। ਇਸੇ ਕਾਰਨ ਉਹ ਗੁਰਬਾਣੀ ਦੀ ਕਸਵਟੀ `ਤੇ ਜਮਾਂਦਰੂ ‘ਗੁਰੂ` ਨਹੀਂ ਆਪਣੇ ਆਪਣੇ ਜਨਮਾਂ ਤੋਂ ਬਾਅਦ ਉਹ ਵੀ ਅਖੌਤੀ ਭਗਤਾਂ ਦੀ ਨਹੀਂ ਬਲਕਿ ਗੁਰਬਾਣੀ ‘ਭਗਤਾਂ` ਦੀ ਕਸਵਟਿ `ਤੇ ਪੂਰੇ ਉਤਰੇ ਸਨ। ਗੁਰਬਾਣੀ ਭਗਤ ਜਿਨ੍ਹਾਂ ਦਾ ਪੱਧਰ ਹੀ ਅਤੀ ਉੱਤਮ ਤੇ ਵਖਰਾ ਹੈ।

ਉਪ੍ਰੰਤ ਇਹ ਵੀ ਕਿ ਗੁਰਦੇਵ ਜਦੋਂ ਗੁਰਬਾਣੀ ਭਾਵ ਇਸ ਵਿਚਾਰ ਅਧੀਨ ਪਉੜੀ `ਚ ਸ਼ਬਦਾਵਲੀ ਵਰਤ ਰਹੇ ਹਨ “ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ” ਤਾਂ ਉਥੇ ਵੀ ਗੁਰਦੇਵ ਇਹ ਸ਼ਬਦਾਵਲੀ ਉਨ੍ਹਾਂ ਅਖੌਤੀ ਭਗਤਾਂ ਲਈ ਨਹੀਂ ਵਰਤ ਰਹੇ ਜਿਨ੍ਹਾਂ ਨੂੰ ਭਾਰਤ `ਚ ਹਜ਼ਾਰਾਂ ਸਾਲਾਂ ਤੋਂ ਕੇਵਲ ਕਿਸੇ ਵਿਸ਼ੇਸ਼ ਪਹਿਰਾਵੇ ਕਰਕੇ ਹੀ ਧਰਮੀ ਜਾਂ ਭਗਤ ਮੰਨ ਲਿਆ ਜਾਂਦਾ ਸੀ। ਬਲਕਿ ਜਿਨ੍ਹਾਂ ਅਖੌਤੀ ਭਗਤਾਂ ਬਾਰੇ ਜ਼ਿਕਰ ਇਸ ਹੱਥਲੇ ਗੁਰਮੱਤ ਪਾਠ ਦੇ ਪਹਿਲੇ ਭਾਗ `ਚ ਵੀ ਆ ਚੁੱਕਾ ਹੈ। ਹੋਰ ਤਾਂ ਹੋਰ, ਜਿਨ੍ਹਾਂ ਅਖੌਤੀ ਭਗਤਾਂ ਬਾਰੇ ਗੁਰਬਾਣੀ ਦਾ ਫ਼ੁਰਮਾਨ ਹੈ “ਇਕਿ ਮੂਲੁ ਨ ਬੁਝਨਿੑ ਆਪਣਾ ਅਣਹੋਦਾ ਆਪੁ ਗਣਾਇਦੇ” ਅਤੇ ਉਸੇ ਦਾ ਨਤੀਜਾ ਹੁੰਦਾ ਹੈ ਕਿ “ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨੀੑ ਧਾਵਦੇ” (ਪੰ: ੪੬੫)।

ਦੂਜੇ ਪਾਸੇ ਜਿਨ੍ਹਾਂ ਭਗਤਾਂ ਲਈ ਗੁਰਬਾਣੀ `ਚ ਸ਼ਬਦਾਵਲੀ ਹੈ “ਭਗਤਾ ਤੈ ਸੈਸਾਰੀਆ, ਜੋੜੁ ਕਦੇ ਨ ਆਇਆ” ਤਾਂ ਤੇ ਅਜਿਹੇ ਉੱਤਮ ਜੀਵਨ ਭਗਤਾਂ ਲਈ ਹੀ ਫ਼ੁਰਮਾਇਆ ਹੈ “ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ” (ਪੰ: ੪੬੮) ਇਸੇ ਤਰ੍ਹਾਂ ਇਹੀ ਨਹੀਂ ਬਲਕਿ ਗੁਰਬਾਣੀ ਪੱਧਰ ਦੇ ਅਜਿਹੇ ਭਗਤਾਂ ਲਈ ਹੋਰ ਵੀ ਬੇਅੰਤ ਗੁਰਬਾਣੀ ਫ਼ੁਰਮਾਣ ਹਨ ਜਿਵੇਂ “ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ” (ਪੰ: ੪੬੫) ਭਾਵ ਗੁਰਬਾਣੀ ਅਨੁਸਾਰ ਭਗਤ ਤਾਂ ਕੇਵਲ ਉਹ ਹਨ ਜਿਨ੍ਹਾਂ ਅੰਦਰ ਭੁਖ ਹੀ ਕਰਤੇ ਦੀ ਸਿਫ਼ਤ ਸਲਾਹ ਦੀ ਹੁੰਦੀ ਹੈ ਅਤੇ ਜੋ ਸਦਾ ਪ੍ਰਭੂ ਪਿਆਰ ਵਾਲਿਆਂ ਦਾ ਸੰਗ ਹੀ ਲੋੜਦੇ ਹਨ। ਇਸੇ ਤਰ੍ਹਾਂ “ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ” (ਬਾਣੀ ਜਪੁ)। ਅਥਵਾ “ਤਿਥੈ ਭਗਤ ਵਸਹਿ ਕੇ ਲੋਅ॥ ਕਰਹਿ ਅਨੰਦੁ ਸਚਾ ਮਨਿ ਸੋਇ” (ਬਾਣੀ ਜਪੁ) ਜਾਂ “ਹਰਿ ਜਨੁ ਊਤਮੁ ਭਗਤੁ ਸਦਾਵੈ, ਆਗਿਆ ਮਨਿ ਸੁਖੁ ਪਾਈ॥ ਜੋ ਤਿਸੁ ਭਾਵੈ ਸਤਿ ਕਰਿ ਮਾਨੈ, ਭਾਣਾ ਮੰਨਿ ਵਸਾਈ” (ਪੰ: ੪੮੦) ਜਾਂ “ਭਗਤ ਜਨਾ ਕਉ ਸਦਾ ਅਨੰਦੁ ਹੈ, ਹਰਿ ਕੀਰਤਨੁ ਗਾਇ ਬਿਗਸਾਵੈ” (ਪੰ: ੩੭੩। ਸਪਸ਼ਟ ਹੈ ਕਿ ਗੁਰਬਾਣੀ ਅਨੁਸਾਰ ਭਗਤ ਉਹ ਹਨ ਜੋ ਹਰ ਸਮੇਂ ਕਰਤੇ ਦੀ ਰਜ਼ਾ `ਚ ਹੀ ਅਨੰਦਤ ਰਹਿੰਦੇ ਹਨ, ਕਿਉਂ ਕਿੰਤੂ ਨਹੀਂ ਕਰਦੇ। ਮਨ ਕਰਕੇ ਕਰਤੇ ਦੀ ਸਿਫ਼ਤ ਸਲਾਹ ਨਾਲ ਜੁੜੇ ਰਹਿਣਾ ਹੀ ਉਨ੍ਹਾਂ ਦੇ ਜੀਵਨ ਦੀ ਭੁਖ ਲੋੜ ਹੁੰਦੀ ਹੈ।

“ਭਗਤ ਜਨਾ ਕੈ ਮਨਿ ਬਿਸ੍ਰਾਮ” - ਤਾਂ ਤੇ ਵਿਸ਼ੇ ਨੂੰ ਹੋਰ ਸਪਸ਼ਟ ਕਰਣ ਲਈ ਇਸ ਸਬੰਧ `ਚ ਕੁੱਝ ਹੋਰ ਗੁਰਬਾਣੀ ਫ਼ੁਰਮਾਨ ਵੀ ਲੈ ਰਹੇ ਹਾਂ ਜਿਵੇਂ “ਭਗਤੁ ਭਗਤੁ ਸੁਨੀਐ ਤਿਹੁ ਲੋਇ॥ ਜਾ ਕੈ ਹਿਰਦੈ ਏਕੋ ਹੋਇ” (ਪੰ: ੨੮੩) ਭਾਵ ਗੁਰਬਾਣੀ ਅਨੁਸਾਰ ਅਤੇ ਗੁਰਬਾਣੀ ਆਧਾਰ `ਤੇ ‘ਭਗਤ’ ਕੇਵਲ ਉਹ ਹਨ, ਜਿਨ੍ਹਾਂ ਦੀ ਹਰ ਸਮੇਂ ਸੁਰਤ ਤੇ ਲਿਵ ਕੇਵਲ ਤੇ ਕੇਵਲ ਇਕੋ ਇੱਕ ਕਰਤੇ ਨਾਲ ਹੀ ਜੁੜੀ ਰਹਿੰਦੀ ਹੈ। ਇਸੇ ਤਰ੍ਹਾਂ “ਆਦਿ ਪੁਰਖ ਕਾਰਣ ਕਰਤਾਰ॥ ਭਗਤ ਜਨਾ ਕੇ ਪ੍ਰਾਨ ਅਧਾਰ” (ਪੰ: ੨੯੦) ਗੁਰਦੇਵ ਇਥੇ ਵੀ ਗੁਰਬਾਣੀ ਆਧਾਰ `ਤੇ ‘ਭਗਤ’ ਕੇਵਲ ਉਸੇ ਨੂੰ ਬਿਆਣਦੇ ਹਨ ਜਿਨ੍ਹਾਂ ਨੂੰ ਸਿਵਾਏ ਅਕਾਲਪੁਰਖ਼ ਦੇ ਹੋਰ ਕਿਸੇ ਦੀ ਟੇਕ ਨਹੀਂ ਹੁੰਦੀ। ਭਾਵ ਜੋ ਕਰਤੇ ਦਾ ਓਟ-ਆਸਰਾ ਤਿਆਗ ਕੇ ਕਿਧਰੇ ਇਧਰ-ਓਧਰ ਨਹੀਂ ਭਟਕਦੇ।

ਇਹੀ ਨਹੀਂ ਬਲਕਿ “ਹਰਿ ਭਗਤਾ ਹਰਿ ਧਨੁ ਰਾਸਿ ਹੈ, ਗੁਰ ਪੂਛਿ ਕਰਹਿ ਵਾਪਾਰੁ॥ ਹਰਿ ਨਾਮੁ ਸਲਾਹਨਿ ਸਦਾ ਸਦਾ, ਵਖਰੁ ਹਰਿ ਨਾਮੁ ਅਧਾਰੁ” (ਪੰ: ੨੮) ਇਥੇ ਵੀ ਗੁਰਬਾਣੀ ਅਨੁਸਾਰ ‘ਭਗਤ’ ਕੇਵਲ ਉਹੀ ਹਨ ਜੋ ਆਪਣੀ ਜ਼ਿੰਦਗੀ ਦੇ ਹਰੇਕ ਕਾਰ ਵਿਹਾਰ ਤੇ ਦੁਨੀਦਾਰੀ ਦੌਰਾਨ, ਚਿੱਤ ਕਰਕੇ ਸੁਆਸ ਸੁਆਸ ਕਰਤੇ ਨਾਲ ਇੱਕ ਮਿਕ ਹੋਏ ਰਹਿੰਦੇ ਹਨ। ਇਸੇ ਤਰ੍ਹਾਂ ਹੋਰ ਵੀ ਦੇਖ ਸਕਦੇ ਹਾਂ ਕਿ ਗੁਰਬਾਣੀ ਅਨੁਸਾਰ ਭਗਤ ਕਿਸ ਨੂੰ ਕਿਹਾ ਤੇ ਪ੍ਰਵਾਣ ਕੀਤਾ ਹੈ। ਗੁਰਦੇਵ ਦਾ ਹੀ ਫ਼ੁਰਮਾਣ ਹੈ ਕਿ “ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ॥ ਦੁਹਹੂੰ ਤੇ ਰਹਤ ਭਗਤੁ ਹੈ, ਕੋਈ ਵਿਰਲਾ ਜਾਣਾ” (ਪੰ: ੫੧) ਭਾਵ ਸਾਰਾ ਸੰਸਾਰ (ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ) ਮੰਦੇ ਕੰਮਾਂ ਤੇ ਚੰਗੇ ਕੰਮਾਂ (ਦੀ ਉਧੇੜ ਬੁਣ) `ਚ ਹੀ ਪਿਆ ਰਹਿੰਦਾ ਹੈ। ਜਦਕਿ ਪ੍ਰਭੂ ਦੇ ‘ਭਗਤ’ ਅਥਵਾ ਕਰਤਾਰ ਦੀ ਭਗਤੀ ਕਰਣ ਵਾਲੇ ਮਨੁੱਖ ਇਨ੍ਹਾਂ ਦੋਨਾਂ ਵਿਚਾਰਾਂ ਤੋਂ ਲਾਂਭੇ ਰਹਿੰਦੇ ਹਨ (ਕਿ ਸ਼ਾਸਤ੍ਰਾਂ ਅਨੁਸਾਰ ਕਿਹੜੇ ਕਰਮ ‘ਦੁਕ੍ਰਿਤ’ ਤੇ ਕਿਹੜੇ ‘ਸੁਕ੍ਰਿਤ’ ਹਨ)। ਜਦਕਿ ਅਜਿਹੇ ਪ੍ਰਭੂ ਪਿਆਰੇ ਫ਼ਿਰ ਵੀ ਵਿਰਲੇ ਹੀ ਮਿਲਦੇ ਹਨ। ਇਸੇ ਤਰ੍ਹਾਂ “ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ॥ ਭਗਤ ਜਨਾ ਕੈ ਮਨਿ ਬਿਸ੍ਰਾਮ” (ਪੰ: ੨੬੨) ਸਪਸ਼ਟ ਹੈ ਕਿ ਗੁਰਬਾਣੀ ਦੀ ਕਸਵਟੀ `ਤੇ ‘ਭਗਤ’ ਜਨ ਉਹੀ ਹਨ ਜਿਨ੍ਹਾਂ ਦੇ ਹਿਰਦੇ ਘਰ `ਚ ਕੇਵਲ ਤੇ ਕੇਵਲ ਕਰਤੇ ਦੀ ਸਿਫ਼ਤ ਸਲਾਹ ਹੀ ਵਸਦੀ ਹੈ।

ਇਸ ਲਈ ਗੁਰਬਾਣੀ `ਚੋਂ ਬੇਸ਼ੱਕ ਭਗਤਾਂ ਦੀ ਪ੍ਰੌੜਤਾ `ਚ ਸੈਂਕੜੇ ਪ੍ਰਮਾਣ ਵੀ ਲੈ ਲਏ ਜਾਣ, ਤਾਂ ਵੀ ਇੱਕ ਪ੍ਰਮਾਣ ਅਜਿਹਾ ਨਹੀਂ ਮਿਲੇਗਾ ਜਿੱਥੇ ਗੁਰਮੱਤ ਅਨੁਸਾਰ ਕਿਸੇ ਵੇਹਲੜ ਨੂੰ ਭਗਤ ਵੱਜੋਂ ਪ੍ਰਵਾਣਿਆ ਹੋਵੇ। ਉਪ੍ਰੰਤ ਇੱਥੇ ਕਿਸੇ ਵੀ ਅਜਿਹੇ ਮਨੁੱਖ ਨੂੰ ਭਗਤ ਨਹੀਂ ਮਨਿੰਆ ਜੋ ਦੁਨੀਆਦਾਰੀ, ਪ੍ਰਵਾਰ, ਕਾਰ ਰੁਜ਼ਗਾਰ ਤੇ ਗ੍ਰਿਹਸਤ ਤੋਂ ਕਿਨਾਰਾ ਕਰਕੇ ਅਖੌਤੀ ਬੈਰਾਗੀ, ਸਨਿੰਆਸੀ, ਨਾਂਗਾ, ਜੋਗੀ, ਬ੍ਰਹਮਚਾਰੀ, ਮੋਨੀ ਆਦਿ ਦੇ ਰੂਪ `ਚ ਜੀਵਨ ਬਤੀਤ ਕਰ ਰਿਹਾ ਹੌਵੇ; ਇਸੇ ਤਰ੍ਹਾਂ ਕਿਸੇ ਨੂੰ ਕਿਸੇ ਖਾਸ ਪਹਿਰਾਵੇ ਕਰ ਕੇ ਵੀ ਸਾਧੂ, ਭਗਤ, ਸੰਤ ਆਦਿ ਕਿਹਾ ਜਾਂਦਾ ਹੋਵੇ।

ਬਲਕਿ ਜਿਵੇਂ ਇਸ ਗੁਰਮੱਤ ਪਾਠ ਦੇ ਭਾਗ ਪਹਿਲੇ `ਚ ਵੀ ਕੁੱਝ ਪ੍ਰਮਾਣ ਆ ਚੁੱਕੇ ਹਨ ਜਿੱਥੇ ਗੁਰਦੇਵ ਨੇ ਅਜਿਹੇ ਬਹੁਤੇ ਵੇਹਲੜ ਲੋਕਾਂ ਲਈ ਫ਼ੁਰਮਾਇਆ ਹੈ “ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ॥ ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ॥ ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ॥ ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ॥ ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ” ਭਾਵ ਗੁਰਬਾਣੀ ਅਨੁਸਾਰ ਅਜਿਹੇ ਲੋਕ ਤਾਂ ਉਲਟਾ ਆਪਣਾ ਦੁਰਲਭ ਮਨੁੱਖਾ ਜਨਮ ਵੀ ਬਿਰਥਾ ਹੀ ਕਰਕੇ ਜਾਂਦੇ ਹਨ। ਉਪ੍ਰੰਤ ਗੁਰਬਾਣੀ ਅਨੁਸਾਰ ਹੀ ਬਿਰਥਾ ਜਨਮ ਤੋਂ ਭਾਵ ਹੈ ਜੀਊਂਦੇ ਜੀਅ ਵੀ ਵਿਕਾਰਾਂ ਤ੍ਰਿਸ਼ਨਾ ਦੀ ਪਕੜ `ਚ ਰਹਿ ਕੇ ਜੀਵਨ ਬਤੀਤ ਕਰਣਾ ਉਪ੍ਰੰਤ ਸਰੀਰ ਤਿਆਗਣ ਬਾਅਦ ਵੀ ਫ਼ਿਰ ਤੋਂ ਜਨਮ ਮਰਨ ਦੇ ਗੇੜ `ਚ ਪੈਣਾ।

ਦੇਖਿਆ ਜਾਵੇ ਤਾਂ ਇਸ ਸਬੰਧੀ ਕੇਵਲ ਕੁੱਝ ਗੁਰਬਾਣੀ ਪ੍ਰਮਾਣ ਹੀ ਨਹੀਂ ਬਲਕਿ ਗੁਰਬਾਣੀ `ਚੋਂ ਇਸ ਪ੍ਰਥਾਏ ਸੈਂਕੜੇ ਪ੍ਰਮਾਣ ਮਿਲ ਜਾਣਗੇ ਕਿ ਗੁਰਬਾਣੀ ਅਨੁਸਾਰ ‘ਭਗਤ’ ਕਿਸ ਨੂੰ ਕਿਹਾ ਤੇ ਮੰਨਿਆਂ ਹੈ? ਜਦਕਿ ਗੁਰਬਾਣੀ `ਚੋ ਇਸ ਵਿਸ਼ੇ ਸਬੰਧੀ ਇੱਕ ਪ੍ਰਮਾਣ ਵੀ ਅਜਿਹਾ ਨਹੀਂ ਮਿਲੇਗਾ ਜਦੋਂ ਗੁਰਬਾਣੀ ਅਨੁਸਾਰ ਕਿਸੇ ਵੇਹਲੜ ਨੂੰ ਭਗਤ ਮੰਨਿਆ ਹੋਵੇ। ਇਥੇ ਗੁਰਬਾਣੀ ਅਨੁਸਾਰ ‘ਭਗਤ’ ਦਾ ਦਰਜਾ ਇਕੋ ਹੀ ਹੈ ਤੇ ਉਹ ਇਹ ਕਿ ਜੋ ਬਾਲ ਪ੍ਰਵਾਰ ਵਾਲਾ ਤੇ ਗ੍ਰਿਹਸਤੀ ਹੈ। ਜੋ ਆਪਣਾ ਕਾਰ ਰੁਜ਼ਗਾਰ ਵੀ ਕਰਦਾ ਹੈ, ਆਪਣੇ ਸਾਰੇ ਸਾਮਾਜਿਕ-ਸੰਸਾਰਿਕ ਫ਼ਰਜ਼ ਵੀ ਨਿਬਾਹੁੰਦਾ ਹੈ ਪਰ ਜਿਸਦੀ ਸੁਰਤ ਹਰ ਸਮੇ ਕਰਤੇ ਪ੍ਰਭੁ ਨਾਲ ਹੀ ਜੁੜੀ ਰਹਿੰਦੀ ਹੈ। ਹੋਰ ਤਾਂ ਹੋਰ, ਇਸ ਬਾਰੇ ਇਸ ਹੱਥਲੀ ਪਉੜੀ `ਚ ਵੀ ਦਰਸ਼ਨ ਕੀਤੇ ਜਾ ਸਕਦੇ ਜਦੋਂ ਗੁਰਦੇਵ ਗੁਰਬਾਣੀ ਅਨੁਸਾਰ ਇਥੇ ਵੀ ‘ਭਗਤ’ ਦੀ ਪਰਿਭਾਸ਼ਾ ਤੇ ਉਸ ਦੇ ਦਰਜੇ ਬਾਰੇ ਫ਼ੁਰਮਾਉਂਦੇ ਹਨ ਜਿਵੇਂ ਭਗਤ ਕਰਨਿ ਹਰਿ ਚਾਕਰੀ, ਜਿਨੀ ਅਨਦਿਨੁ ਨਾਮੁ ਧਿਆਇਆ॥ ਦਾਸਨਿਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ॥ ਓਨਾ ਖਸਮੈ ਕੈ ਦਰਿ ਮੁਖ ਉਜਲੇ, ਸਚੈ ਸਬਦਿ ਸੁਹਾਇਆ” ਅਤੇ ਇਥੇ ਵੀ ਉਨ੍ਹਾਂ ਰਾਹੀਂ ਕਿਸੇ ਘਰ ਪ੍ਰਵਾਰ ਜਾਂ ਕਾਰ ਵਿਹਾਰ ਦੇ ਤਿਆਗਣ ਦਾ ਜਾਂ ਕਿਸੇ ਭੇਖ ਦੇ ਧਾਰਨ ਕਰਣ ਦਾ ਜ਼ਿਕਰ ਨਹੀਂ ਬਲਕਿ ਸਾਰਾ ਵਿਸ਼ਾ ਹੀ ‘ਅਨਦਿਨੁ’ ਭਾਵ ਦਿਨ ਰਾਤ ਸੁਰਤ ਕਰਕੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਣ ਦਾ ਹੈ।

ਖ਼ੈਰ ਮੂਲ ਵਿਸ਼ਾ “ਭਗਤਾ ਤੈ ਸੈਸਾਰੀਆ…” ਦਾ ਸੀ ਤੇ ਇਹ ਸਾਰਾ ਵੇਰਵਾ ਉਸ ਵਿਸ਼ੇ ਨੂੰ ਲੈ ਕੇ ਕੇਵਲ ਇੱਕ ਇਸ਼ਾਰਾ ਮਾਤ੍ਰ ਹੀ ਸੀ। ਇਸ ਲਈ ਵੀ ਕਿ ਜੋ ਕਈ ਵਾਰੀ ਕੁੱਝ ਸੂਝਵਾਣ ਗੁਰੂ ਕੀਆਂ ਸੰਗਤਾਂ `ਚੋਂ ਵੀ ਜਦੋਂ ਕੁੱਝ ਸੱਜਨ ਸੁਆਲ ਕਰ ਦਿੰਦੇ ਹਨ ਕਿ “ਜਦੋਂ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਸੰਪੂਰਣ ਰੂਪ `ਚ, ਅਦਿ ਤੋਂ ਸਮਾਪਤੀ ਤੱਕ ਇਕੋ ਇੱਕ ‘ਗੁਰੂ’ ਹਨ ਤਾਂ ਉਥੇ ਬਾਣੀ ਦੇ ਕੁੱਝ ਹਿੱਸੇ ਨੂੰ ਤਾਂ ਗੁਰੂ ਸਾਹਿਬਾਨ ਦੀ ਰਚਨਾ ਕਿਹਾ ਜਾਂਦਾ ਹੈ ਤੇ ਉਸ `ਚੋਂ ਹੀ ਕੁੱਝ ਰਚਨਾਵਾਂ ਲਈ ਗੁਰਦੇਵ ਨੇ ਖ਼ੁਦ ਹੀ ਸਿਰਲੇਖ ਵਰਤਿਆ ਹੈ ‘ਬਾਣੀ ਭਗਤਾਂ ਕੀ’ ਤਾਂ ਅਜਿਹਾ ਕਿਉਂ? ਉਪ੍ਰੰਤ ਇਸ ਤੋਂ ਅੱਗੇ ਦੇਖਣਾ ਹੈ ਕਿ ਗੁਰਬਾਣੀ ਅਨੁਸਾਰ ਭਗਤ ਵੀ ਉਹੀ ਹਨ ਜੋ ਦੁਨੀਆਦਾਰ ਤੇ ‘ਸੰਸਾਰੀ’ ਵੀ ਉਹੀ ਹਨ ਤਾਂ ਫ਼ਿਰ ਗੁਰਬਾਣੀ ਅਨੁਸਾਰ ਸੰਸਾਰੀ ਜਾਂ “ਭਗਤਾ ਤੈ ਸੈਸਾਰੀਆ, ਜੋੜੁ ਕਦੇ ਨ ਆਇਆ” `ਚ ਸੰਸਾਰੀ ਕਿਸ ਨੂੰ ਕਿਹਾ ਹੈ?

(ਚਲਦਾ) #G0108-IIIs012.02s012#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਸਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No G-0108-III

ਅਰਥ ਨਿਖਾਰ-ਪਉੜੀ ੧੬, ਵਾਰ ਮਾਝ ਕੀ, ਮ: ੧

ਭਗਤਾ ਤੈ ਸੈਸਾਰੀਆ

ਜੋੜੁ ਕਦੇ ਨ ਆਇਆ (ਭਾਗ-੩)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.