.

ਸਿਰੋਪਾ

ਸਿਰੋਪਾ ਜਾਂ ਸਿਰੋਪਾਉ ਦਾ ਸ਼ਬਦੀ ਅਰਥ ਹੈ ਸਿਰ ਤੋਂ ਲੈ ਕੇ ਪੈਰਾਂ ਤਕ ਪਰਦਾ ਕੱਜਣ ਵਾਲਾ ਬਸਤਰ। ਗੁਰੂ ਜੀ ਦੀ ਬਖ਼ਸ਼ਿਸ਼ ਦਾ ਸਦਕਾ ਗੁਰੂ ਦੇ ਸਿੱਖਾਂ ਦੇ ਪਰਦੇ ਗੁਰੂ ਆਪ ਕੱਜਦਾ ਹੈ। ਹੁਕਮ ਵੀ ਹੈ :
ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ। (੫੨੦)
ਗੁਰੂ ਘਰ ਵੱਲੋਂ ਕਿਸੇ ਵਿਅਕਤੀ ਦੀ ਸੇਵਾ ਦੀ ਪ੍ਰਸੰਸਾ ਵਜੋਂ ਉਸ ਨੂੰ ਸਿਰੋਪੇ ਦੀ ਬਖ਼ਸ਼ਿਸ਼ ਕੀਤੀ ਜਾਂਦੀ ਹੈ। ਅੱਜ ਕਲ੍ਹ ਆਮ ਤੌਰ `ਤੇ ਗਲ ਵਿੱਚ ਪਾਉਣ ਵਾਲੇ ਬਸੰਤੀ ਰੰਗ ਦੇ ਹਜ਼ੂਰੀਏ ਦੇ ਰੂਪ ਵਿੱਚ ਜਾਂ ਲੋਈ, ਪੁਸਤਕਾਂ ਆਦਿ ਦੇ ਰੂਪ ਵਿਚ, ਗੁਰਦੁਆਰਾ ਸਾਹਿਬ ਵਿਖੇ ਮਹਾਰਾਜ ਦੀ ਹਜ਼ੂਰੀ ਵਿਚ, ਸੰਗਤ ਦੇ ਸਨਮੁਖ, ਗੁਰੂ ਘਰ ਦੇ ਸੇਵਾਦਾਰਾਂ ਵੱਲੋਂ, ਬਖ਼ਸ਼ਿਆ ਜਾਂਦਾ ਹੈ। ਬਖ਼ਸ਼ਿਆ ਵੀ ਉਸ ਸੱਜਣ ਨੂੰ ਜਾਂਦਾ ਹੈ ਜਿਸ ਨੇ ਕੋਈ ਧਰਮ ਲਈ, ਮਨੁੱਖਤਾ ਦੀ ਸੇਵਾ ਜਾਂ ਗੁਰੂ ਘਰ ਦੀ ਕੋਈ ਉਚੇਚੀ ਵਰਨਣ ਯੋਗ ਸੇਵਾ ਕੀਤੀ ਹੋਵੇ। ਇਸ ‘ਬਖ਼ਸ਼ਿਸ਼’ ਨੂੰ ਕਿਸੇ ਕਿਸਮ ਦੇ ਆਰਥਕਤਾ ਦੇ ਪੱਖ ਤੋਂ ਨਹੀਂ ਬਲਕਿ ਸਨਮਾਨਤ ‘ਬਖ਼ਸ਼ੀਸ਼’ ਵਜੋਂ ਬਖ਼ਸ਼ਿਆ ਅਤੇ ਪ੍ਰਾਪਤ ਕੀਤਾ ਜਾਂਦਾ ਹੈ। ਇਸ ਨੂੰ ਪ੍ਰਾਪਤ ਕਰਨ ਦਾ ਦਾਅਵੇਦਾਰ ਨਹੀਂ ਕੋਈ ਬਣ ਸਕਦਾ ਬਲਕਿ ਇਸ ਦੀ, ਸਤਿਗੁਰੂ ਜੀ ਦੀ ਮੇਹਰ ਸਦਕਾ, ਗੁਰੂ ਘਰ ਵੱਲੋਂ ਬਖ਼ਸ਼ਿਸ਼ ਦੇ ਰੂਪ ਵਿੱਚ ਹੀ ਪ੍ਰਾਪਤੀ ਹੁੰਦੀ ਹੈ। ਇਹ ਇੱਕ ਚਿੰਨ੍ਹਾਤਮਿਕ ਸਨਮਾਨ ਹੈ ਉਸ ਵਿਅਕਤੀ ਵੱਲੋਂ ਕੀਤੀ ਗਈ ਸੇਵਾ ਨੂੰ ਸਵੀਕਾਰਨ ਦਾ।
ਮੇਰੀ ਇਹਨਾਂ ਸੰਖੇਪ ਸ਼ਬਦਾਂ ਰਾਹੀਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ, ਗ੍ਰੰਥੀ ਸਿੰਘਾਂ, ਮੀਡੀਆ ਵਾਲਿਆਂ ਅਤੇ ਹੋਰ ਸਰਬੱਤ ਸਬੰਧਤ ਸੱਜਣਾਂ ਦੀ ਸੇਵਾ ਵਿਚ, ਨਿਮਰਤਾ ਸਹਿਤ ਬੇਨਤੀ ਹੈ ਕਿ ਉਹ “ਸਿਰੋਪਾ ਭੇਟ ਕੀਤਾ ਗਿਆ” ਆਖਣ ਦੀ ਬਜਾਏ “ਸਿਰੋਪਾ ਬਖ਼ਸ਼ਿਸ਼ ਕੀਤਾ ਗਿਆ” ਕਿਹਾ ਕਰਨ; ਕਿਉਂਕਿ ਭੇਟਾ ਹਮੇਸ਼ਾਂ ਛੋਟੇ ਵੱਲੋਂ ਵੱਡੇ ਨੂੰ ਦਿੱਤੀ ਜਾਂਦੀ ਹੈ ਜਦੋਂ ਕਿ ਸਿਰੋਪਾ, ਮਾਣ ਵਧਾਉਣ ਵਾਸਤੇ ਹਮੇਸ਼ਾਂ ਵੱਡੇ ਵੱਲੋਂ ਛੋਟੇ ਨੂੰ, ਬਖ਼ਸ਼ਿਸ਼ ਦੇ ਰੂਪ ਵਿਚ, ਦਿੱਤਾ ਜਾਂਦਾ ਹੈ। ਸੋ ਜਦੋਂ ਸਤਿਗੁਰੂ ਜੀ ਦੇ ਦਰ ਤੋਂ, ਕਿਸੇ ਗੁਰੂ ਕੇ ਲਾਲ ਨੂੰ, ਉਸ ਦੀ ਸੇਵਾ `ਤੇ ਪ੍ਰਸੰਨ ਹੋ ਕੇ ਸਿਰੋਪੇ ਦੀ ਬਖ਼ਸ਼ਿਸ਼ ਕੀਤੀ ਜਾਂਦੀ ਹੈ ਤਾਂ ਅਸੀਂ “ਸਿਰੋਪਾ ਭੇਂਟ ਕੀਤਾ ਗਿਆ” ਬੋਲ ਕੇ ਜਾਂ ਲਿਖ ਕੇ, ਸਤਿਗੁਰੂ ਜੀ ਦੇ ਸਨਮਾਨ ਨੂੰ ਘਟਾਉਣ ਦਾ ਪਾਪ ਕਰ ਰਹੇ ਹੁੰਦੇ ਹਾਂ।
ਇਹ ਵੱਖਰੀ ਗੱਲ ਹੈ ਕਿ ਇਹਨੀਂ ਦਿਨੀਂ ਸਿਰੋਪੇ ਦੀ ਏਨੀ ਬੇਕਦਰੀ ਹੋ ਗਈ ਹੈ ਕਿ ਜਦੋਂ ਕਿਸੇ ਗੁਰਦੁਆਰਾ ਸਾਹਿਬ ਤੋਂ ਰਾਗੀ ਜਥੇ ਨੂੰ ਵਿਦਾਇਗੀ ਵਿੱਚ ਸਿਰੋਪਾ ਦਿੱਤਾ ਜਾਂਦਾ ਹੈ ਤਾਂ ਉਹ ਜਿਸ ਕਮਰੇ ਵਿੱਚ ਰਹਿ ਰਹੇ ਹੁੰਦੇ ਹਨ, ਓਥੋਂ ਜਾਣ ਸਮੇ ਓਥੇ ਹੀ ਸਿਰੋਪੇ ਵੀ ਛੱਡ ਜਾਂਦੇ ਹਨ ਜਿਥੇ ਉਹ ਆਪਣੇ ਪੁਰਾਣੇ ਕੱਪੜੇ, ਵਾਹ ਕੇ ਸੁੱਟੇ ਹੋਏ ਕੇਸ, ਜੂਠੇ ਭਾਂਡੇ ਆਦਿ ਛੱਡ ਜਾਂਦੇ ਹਨ।
ਸਿਰੋਪਾ ਕਿਸੇ ਗੁਰਸਿੱਖ ਦੀ ਖ਼ਾਸ ਸੇਵਾ ਤੋਂ ਪ੍ਰਭਾਵਤ ਹੋ ਕੇ, ਗੁਰੂ ਘਰਾਂ ਦੇ ਪ੍ਰਬੰਧਕ ਬਖ਼ਸ਼ਿਆ ਕਰਦੇ ਸਨ ਪਰ ਹੁਣ ਤਾਂ ਇਹ ਗੱਲ ਏਨੀ ਆਮ ਹੋ ਗਈ ਹੈ ਕਿ ਕਿਸੇ ਨੂੰ ਇਸ ਦੀ ਕਦਰ ਹੀ ਨਹੀਂ ਰਹੀ। ਰਹੇ ਵੀ ਕਿਵੇਂ ਜਦੋਂ ਕਿ ਹਰੇਕ ਜਣਾ ਖਣਾ ਉਠ ਕੇ ਹਰੇਕ ਜਣੇ ਖਣੇ ਨੂੰ ਸਿਰੋਪਾ ‘ਭੇਂਟ’ ਕਰਨ ਲੱਗ ਪਿਆ ਹੈ। ਏਥੋਂ ਤੱਕ ਕਿ ਕਿਸੇ ਪੋਲੀਟੀਕਲ ਪਾਰਟੀ ਦੀ ਆ ਰਹੀ ਚੋਣ ਵਿੱਚ ਹਾਰ ਜਾਣ ਦੀ ਭਿਣਕ ਲੱਗਣ `ਤੇ ਹੀ, ਸਾਲਾਂ ਬਧੀ ਉਸ ਪਾਰਟੀ ਦਾ ਖੱਟਿਆ ਖਾਣ ਵਾਲਾ, ਉਸ ਪਾਰਟੀ ਨਾਲ ਗ਼ਦਾਰੀ ਕਰ ਕੇ, ਜਦੋਂ ਜੇਤੂ ਹੋ ਰਹੀ ਪਾਰਟੀ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ਦੀ ਗ਼ਦਾਰੀ ਨੂੰ ਪ੍ਰਮਾਣਤ ਕਰਨ ਲਈ, ਉਸ ਨੂੰ ਜਨਤਕ ਤੌਰ `ਤੇ ਸਿਰੋਪਾ ‘ਭੇਂਟ’ ਕਰਨ ਦਾ ਡਰਾਮਾ ਕਰਨ ਦਾ ਰਿਵਾਜ ਵੀ ਹੁਣ ਆਮ ਹੀ ਦਿਸਣ ਲੱਗ ਪਿਆ ਹੈ। ਕਿਤੇ ਅਜਿਹਾ ਨਾ ਹੋਵੇ ਕਿ ਇਹ ਮਹਾਨ ਰਸਮ ਵੀ ਕੇਵਲ ਇੱਕ ਦਿਖਾਵਾ ਹੀ ਬਣ ਕੇ ਰਹਿ ਜਾਵੇ!
ਨਾਨਕ ਪ੍ਰਕਾਸ਼ ਵਿੱਚ ਸਾਖੀ ਆਉਂਦੀ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਪ੍ਰਸੰਨ ਹੋ ਕੇ ਬਾਬਾ ਬੁੱਢਾ ਜੀ ਨੂੰ ‘ਭਾਈ’ ਪਦ ਬਖ਼ਸ਼ਿਆ:
ਭਾਈ ਪਦ ਬਖ਼ਸ਼ਨ ਕਰਿਉ, ਸੁਨਤ ਸਿੱਖ ਸਮੁਦਾਇ। (ਨਾਨਕ ਪ੍ਰਕਾਸ਼)
ਫੇਰ ਜਦੋਂ ਢੋਲਕੀ ਵਾਲਾ ਭਾਈ, ਚਿਮਟੇ ਵਾਲਾ ਭਾਈ, ਰੇਹੜੀ ਵਾਲਾ ਭਾਈ, ਵਾਜੇ ਵਾਲਾ ਭਾਈ, ਗੱਲ ਕੀ ਹਰੇਕ ਬੰਦੇ ਨੂੰ ਤ੍ਰਿਸਕਾਰਤ ਢੰਗ ਨਾਲ, ਭਾਈ ਆਖ ਕੇ ਸੰਬੋਧਨ ਕਰਨ ਦਾ ਰਿਵਾਜ ਹੋ ਗਿਆ ਤਾਂ ਲੋਕ ਭਾਈ ਅਖਵਾਉਣੋ ਆਨਾ ਕਾਨੀ ਕਰਨ ਲੱਗ ਪਏ। ਏਹੋ ਹਾਲ ‘ਗਿਆਨੀ’ ਪਦ ਦਾ ਹੋਇਆ, ਜਦੋਂ ਕਿਸੇ ਨੌਜਵਾਨ ਸਿੱਖ ਨੂੰ ਉਸ ਦੇ ਸਾਥੀ ਟਾਂਚ ਵਜੋਂ ‘ਓਇ ਗਿਆਨੀ’ ਆਖ ਕੇ ਸੰਬੋਧਨ ਕਰਨ ਲੱਗ ਪਏ ਜੋ ਕਿ ਦਾਹੜੀ ਨਹੀਂ ਸੀ ਤਰਾਸ਼ਿਆ ਕਰਦਾ। ਉਤਰ ਵਿੱਚ ਅੱਗੋਂ ਉਹ ਕੁੱਝ ਗ਼ੁੱਸੇ ਤੇ ਰੋਸੇ ਜਿਹੇ ਵਿੱਚ ਇਉਂ ਆਖਿਆ ਕਰਦਾ ਸੀ, “ਤੈਂ ਮੇਰਾ ਕੀ ਗਿਆਨੀ ਵੇਖਿਆ ਓਇ!” ਕੁੱਝ ਸਮਾ ਹੋਇਆ ਏਥੇ ਇੱਕ ਪੜ੍ਹੇ ਲਿਖੇ ਸੱਜਣ ਨੂੰ, ਜੋ ਕਿ ਖ਼ੁਸ਼ਕਿਸਮਤੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਕਰ ਲੈਂਦਾ ਹੈ, ਨੂੰ ਗੁਰਦੁਆਰਾ ਕਮੇਟੀ ਦੇ ਇੱਕ ਆਗੂ ਨੇ ‘ਗਿਆਨੀ ਜੀ’ ਆਖ ਕੇ ਸੰਬੋਧਨ ਕਰ ਲਿਆ ਜਿਸ ਦਾ ਉਸ ਵਿਦਵਾਨ ਸੱਜਣ ਨੇ ਬੜਾ ਬੁਰਾ ਮਨਾਇਆ। ਏਹੋ ਹਾਲ ਮੈਨੂੰ ‘ਸੰਤ’ ਤੇ ‘ਬਾਬਾ’ ਪਦ ਦਾ ਹੋ ਜਾਣ ਦੇ ਅਮਕਾਨ ਵੀ ਭਾਸਦੇ ਹਨ। ਕਿਥੇ ਬਾਬਾ ਬੁੱਢਾ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਤੇ ਕਿਥੇ ਅੱਜ ਦਾ ਹਰੇਕ ਡੇਰੇਦਾਰ ਸਾਧ, ਮੰਗਤਾ ‘ਬਾਬਾ’ ਬਣ ਗਿਆ ਹੈ।
ਮੈਨੂੰ ਡਰ ਹੈ ਕਿ ਕਿਤੇ ਗੁਰੂ ਜੀ ਦੇ ਦੁਆਰੇ ਤੋਂ ਪ੍ਰਾਪਤ ਹੋਣ ਵਾਲੇ ਇਸ ਅਤੀ ਮਹਾਨ, ਪਵਿੱਤਰ ਤੇ ਸਤਿਕਾਰ ਸਰੂਪ ਚਿੰਨ੍ਹ, ਸਿਰੋਪੇ ਦਾ ਵੀ ਏਹੀ ਹਾਲ ਨਾ ਹੋ ਜਾਵੇ!
ਸੰਤੋਖ ਸਿੰਘ




.