.

ਲੇਖਾ ਦੇਣਾ ਤੇਰੇ ਸਿਰ ਰਹਿਆ


ਰਾਮ ਸਿੰਘ, ਗ੍ਰੇਵਜ਼ੈਂਡ

ਪ੍ਰਮਾਤਮਾ ਦੀ ਸਾਰੀ ਰਚਨਾ ਹੀ ਬੜੀ ਅਸਚਰਜ-ਜਨਕ ਤੇ ਵੱਧ ਤੋਂ ਵੱਧ ਸਲਾਹੁਣਯੋਗ ਹੈ, ਕਿਉਂਕਿ ਉਸਨੇ ਹਰ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਜੀਵ ਨੂੰ ਆਪਣੀ ਦੈਵੀ ਜੋਤ ਨਾਲ ਨਿਵਾਜਿਆ ਹੈ। ਜਿਵੇਂ, “ਸਰਬ ਜੋਤਿ ਮਹਿ ਜਾਕੀ ਜੋਤਿ॥ (ਅੰਗ ੨੯੪) “ਅਤੇ “ਪ੍ਰਭ ਕੀ ਜੋਤਿ ਸਗਲ ਘਟਿ ਸੋਹੈ॥ (ਅੰਗ ੨੮੨)”। ਹਾਂ ਪਰ ਜੀਵਾਂ ਵਿੱਚ ਇਸ ਜੋਤਿ ਦੀ ਮਾਤਰਾ ਦਾ ਅੰਤਰ ਬੜੇ ਸੂਖਮ ਢੰਗ ਨਾਲ ਅਨੁਭਵ ਕੀਤਾ ਜਾ ਸਕਦਾ ਹੈ। ਇਹ ਹਰ ਜੀਵ ਦੇ ਵਿਉਹਾਰ ਤੋਂ ਸਿੱਧ ਹੋ ਜਾਂਦਾ ਹੈ। ਹੋਰ ਜੀਵਾਂ ਨੂੰ ਛੱਡ ਕੇ ਇਥੇ ਬੰਦੇ ਦੀ ਹੀ ਗੱਲ ਜ਼ਰੂਰੀ ਹੈ, ਕਿਉਂਕਿ ਹਰ ਧਰਮ ਦੇ ਰਹਿਬਰ ਨੇ ਬੰਦੇ ਨੂੰ ਹੀ ਜਿੰਨੀਂ ਕੁ ਹੋ ਸਕੀ ਠੀਕ ਰਾਹ ਤੇ ਚੱਲਣ ਦੀ ਸਿੱਖਿਆ ਦਿੱਤੀ ਹੈ। ਪਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਬੰਦੇ ਨੂੰ ਹਰ ਦੁਨਿਆਵੀ ਪੱਖ ਦੀ ਉਹ ਢੁੱਕਵੀਂ ਸਿੱਖਿਆ ਪ੍ਰਦਾਨ ਕੀਤੀ ਹੈ ਕਿ ਜਿੱਸ ਤੇ ਚੱਲ ਕੇ ਬੰਦਾ ਅੰਤ ਪ੍ਰਮਾਤਮਾ ਦੀ ਗੋਦ ਦਾ ਨਿੱਘ ਮਾਣ ਸਕੇ। ਭਾਵ ਬੰਦਾ ਦੁਨੀਆਂ ਵਿੱਚ ਵਿਚਰਦਾ ਹੋਇਆ ਹੇਰਾਫੇਰੀ, ਰਿਸ਼ਵਤ, ਵਿਸਾਹਘਾਤ, ਤਸ਼ੱਦਦ, ਬੇਇਨਸਾਫੀ ਅਤੇ ਹਰੋ ਮਿਲਦੇ ਜੁਲਦੇ ਬੁਰੇ ਕੰਮਾਂ ਬਾਰੇ ਸੋਚਣ ਜਾ ਕਰਨ ਤੋਂ ਉੱਪਰ ਉੱਠ ਕੇ ਨੇਕ, ਸ਼ੁਭ ਅਤੇ ਪਰਉਪਕਾਰ ਭਰੇ ਕੰਮਾਂ ਦੇ ਸਿਰ ਤੇ ਅੰਤ ਲੇਖਾ ਦੇਣ ਸਮੇਂ ਕਿਸੇ ਤਰ੍ਹਾਂ ਦੀ ਕਾਂਪ ਨਾ ਖਾਂਦਾ ਹੋਇਆ ਖਰੇ ਸਿੱਕੇ ਵਾਂਗ ਖਜ਼ਾਨੇ ਪੈ ਸਕੇ, ਭਾਵ ਪ੍ਰਮਾਤਮਾ ਦੇ ਦਰ ਤੇ ਕਬੂਲ ਹੋ ਸਕੇ।
ਇਸ ਸੰਦਰਭ ਵਿੱਚ ਗੁਰੂ ਸਾਹਿਬ ਨੇ ਬੰਦੇ ਨੂੰ ਹਰ ਤਰ੍ਹਾਂ ਪਹਿਲਾਂ ਹੀ ਸਾਵਧਾਨ ਕਰ ਦਿੱਤਾ। ਉਹ ਇਹ ਕਿ ਬੜੇ ਲੰਬੇ ਗੇੜੇ ਮਗਰੋਂ, ਭਾਵ ਅਨੇਕਾਂ ਜੂਨਾਂ ਵਿੱਚੋਂ ਲੰਘ ਕੇ, ਇਹ ਮਨੁੱਖਾ ਜਨਮ ਮਿਲਿਆ ਹੈ ਜੋ ਦੂਜੀਆਂ ਜੂਨਾਂ ਨਾਲੋਂ ਉੱਤਮ ਹੈ ਅਤੇ ਤੂੰ ਸੱਭ ਦਾ ਸਰਦਾਰ ਹੈਂ। ਇਹ ਮਨੁੱਖਾ ਜਨਮ ਹੀ ਹੈ ਜਿੱਸ ਵਿੱਚ ਚੰਗੇ ਮਾੜੇ ਦੀ ਸੋਝੀ ਹੈ ਜਿੱਸ ਅਨੁਸਾਰ ਸ਼ੁਭ ਕਰਮ ਤੇ ਸੱਭ ਤੋਂ ਸ਼ੁਭ ਕਰਮ, ਨਾਮ ਦੀ ਕਮਾਈ, ਕਰਕੇ ਉਸ ਪ੍ਰਮਾਤਮਾ ਨਾਲ ਇੱਕ ਮਿੱਕ ਹੋਇਆ ਜਾ ਸਕਦਾ ਹੈ। ਕਿਉਂਕਿ ਪ੍ਰਮਾਤਮਾ ਨੇ ਤੈਨੂੰ ਆਪਣੇ ਸਰੂਪ ਵਿੱਚ ਸਾਜਿਆ ਹੈ। ਪਰ ਇਹ ਜਨਮ ਜੇ ਮਨੁੱਖਾਂ ਵਾਲੇ ਭਾਵ ਬੰਦਿਆਂ ਵਾਲੇ ਨੇਕ ਕੰਮ ਕਰਨ ਦੀ ਥਾਂ ਦੂਜੀਆਂ ਜੂਨਾਂ ਦੇ ਜੀਵਾਂ ਵਾਲੇ ਕੰਮ ਕਰਕੇ ਲੰਘਾ ਦਿੱਤਾ ਤਾਂ ਲੇਖਾ ਹੋਣ ਸਮੇਂ ਉਸੇ ਚੌਰਾਸੀ ਦੇ ਲੰਬੇ ਗੇੜੇ ਵਿੱਚ ਸੁੱਟ ਦਿੱਤਾ ਜਾਵੇਂਗਾ। ਉੱਸ ਸੱਚੀ ਸਰਕਾਰੇ ਕੋਈ ਸਿਫਾਰਿਸ਼ ਆਦਿ ਨਹੀਂ ਚਲੇਗੀ। ਬੰਦੇ ਦਾ ਸਰੀਰ ਹੀ ਇੱਕ ਕਿਸਮ ਦਾ ਚਿੜੀਆਘਰ ਹੈ, ਜਿੱਸ ਵਿੱਚ ਸੱਭ ਜਾਨਵਰਾਂ ਵਾਲੀਆਂ ਵਿਰਤੀਆਂ ਕੰਮ ਕਰ ਰਹੀਆਂ ਹਨ ਜਿਨ੍ਹਾਂ ਵਿੱਚੋਂ ਮਨੁਖ ਹੋ ਕੇ ਆ ਰਿਹਾ ਹੈ, ਜਿੱਸ ਬਾਰੇ ਗੁਰਬਾਣੀ ਵਿੱਚ ਕਈ ਥਾਵਾਂ ਤੇ ਵੱਖੋ ਵੱਖ ਜਾਨਵਰਾਂ, ਭਾਵ ਕਾਂ, ਕੁੱਤੇ, ਗਿੱਦੜ, ਸੂਰ, ਗਧੇ, ਹਾਥੀ, ਸੱਪ ਆਦਿ ਦੀਆਂ ਮਿਸਾਲਾਂ ਦਿੱਤੀਆਂ ਗਈਆਂ ਹਨ, ਤਾਕਿ ਬੰਦਾ ਇਨ੍ਹਾਂ ਵਿਰਤੀਆਂ ਦੀ ਠੀਕ ਵਰਤੋਂ ਕਰਕੇ ਆਪਣੀ ਅਕਲ ਸੋਝੀ, ਸ਼ਕਤੀ ਤੇ ਅਨਮੋਲ ਮਨੁੱਖਾ ਜਨਮ ਨੂੰ ਉੱਪਰ ਦੱਸੇ ਹੇਰਾਫੇਰੀ, ਵਿਸਾਹਘਾਤ ਆਦਿ ਜੈਸੇ ਭੈੜੇ ਕਰਮਾਂ ਦੀ ਥਾਂ ਸ਼ੁਭ ਕਰਮ ਕਰਕੇ ਸੱਚੀ ਸਰਕਾਰ ਦੇ ਖਜ਼ਾਨੇ ਵਿੱਚ ਪੈ ਸਕੇ।
ਗੁਰੂ ਸਾਹਿਬਾਨ ਨੇ ਇਹ ਸਿੱਖਿਆ ਚਿਤਾਵਨੀ ਦੇ ਰੂਪ ਵਿੱਚ ਸਮਾਜ ਦੇ ਹਰ ਵਰਗ, ਛੋਟੇ ਬੜੇ, ਰਾਜਾ ਪਰਜਾ, ਇਸਤਰੀ ਮਰਦ, ਮਤਲਬ ਕੀ ਦੁਨੀਆਂ ਦੇ ਹਰ ਬੰਦੇ ਲਈ ਸਾਂਝੇ ਰੂਪ ਵਿੱਚ ਬੜੇ ਪਿਆਰ ਨਾਲ ਦਿੱਤੀ ਜਿਵੇਂ:- “ਲਖ ਚਉਰਾਸੀਹ ਜੋਨਿ ਭ੍ਰਮ ਆਇਉ॥ ਅਬਕੇ ਛੁਟਕੇ ਠਉਰ ਨ ਠਾਇਉ॥” (ਅੰਗ ੧੩੬) “ਅਵਰ ਜੋਨਿ ਤੇਰੀ ਪਨਿਹਾਰੀ॥ ਇਸ ਧਰਤੀ ਮਹਿ ਤੇਰੀ ਸਿਕਦਾਰੀ॥” (ਅੰਗ੩੭੪) “ਲਖ ਚਉਰਾਸੀਹ ਆਪ ਉਪਾਏ॥ ਮਾਨਸ ਜਨਮਿ ਗੁਰੁ ਭਗਤਿ ਦ੍ਰਿੜਾਏ॥ ਬਿਨੁ ਭਗਤੀ ਬਿਸਟਾ ਵਿੱਚ ਵਾਸਾ ਬਿਸਟਾ ਵਿੱਚ ਫਿਰਿ ਪਾਇਦਾ॥” (ਅੰਗ ੧੬੧) “ਉਪਦੇਸੁ ਚਹੁ ਵਰਨਾ ਕਉ ਸਾਂਝਾ॥” (ਅੰਗ ੭੪੭)
ਇਸ ਮਾਨਸ ਜਨਮ ਬਾਰੇ, ਜੋ ਬੰਦੇ ਨੂੰ ਬੜੀ ਖੁਸ਼ਕਿਸਮਤੀ ਨਾਲ ਮਿਲਿਆ ਹੈ, ਕਬੀਰ ਜੀ ਕਹਿੰਦੇ ਹਨ,
“ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੰਬਾਰ॥” (ਅੰਗ ੧੩੬੬)
ਸ਼ੋ, ਬੰਦਾ ਇਸ ਕੀਮਤੀ ਜਨਮ ਨੂੰ ਕਿਵੇਂ ਗੁਜ਼ਾਰਦਾ ਹੈ, ਇਹ ਸੱਭ ਉਸਦੇ ਅਮਲਾਂ ਭਾਵ ਕਰਮਾਂ ਤੇ ਨਿਰਭਰ ਹੈ, ਜਿਸ ਬਾਰੇ ਗੁਰੂ ਸਾਹਿਬ ਦੀ ਸਿੱਖਿਆ ਖਾਸ ਤੌਰ ਤੇ ਧਿਆਨ ਦੇਣ ਯੋਗ ਹੈ। ਐਸੀ ਸਿਖਿਆ, ਜੋ ਮਨ ਨੂੰ ਸੰਬੋਧਨ ਕਰਕੇ ਦਿੱਤੀ ਗਈ ਹੋਵੇ, ਪਹਿਲਾਂ ਘੱਟ ਹੀ ਦੇਖਣ ਸੁਣਨ ਵਿੱਚ ਆਈ ਸੀ। ਇਸਦੇ ਨਾਲ ਨਾਲ ਜੋ ਖਾਸ ਸਿੱਖਿਆ ਗੁਰੂ ਸਾਹਿਬਾਨ ਨੇ ਦਿੱਤੀ ਉਹ ਹਰ ਇੱਕ ਨੂੰ ਆਪਣੇ ਆਪਣੇ ਕੰਮ, ਪੇਸ਼ੇ ਆਦਿ ਨੂੰ ਸਹੀ ਸਹੀ, ਈਮਾਨਦਾਰੀ ਤੇ ਦਿਲ ਲਾ ਕੇ ਨਿਭਾਉਣ ਅਤੇ ਪ੍ਰਮਾਤਮਾ ਦੇ ਭੈ ਵਿੱਚ ਵਿਚਰਨ ਦੀ ਸੀ। ਉਹ ਇਸ ਲਈ ਕਿ ਆਮ ਕਹਾਵਤ ਅਨੁਸਾਰ, “ਉਥੇ ਅਮਲਾਂ ਦੇ ਹੋਣਗੇ ਨਬੇੜੇ ਜਾਤ ਕਿਸੇ ਪੁੱਛਣੀ ਨਹੀਂ,” ਪ੍ਰਮਾਤਮਾ ਦੇ ਦਰ ਤੇ ਸ਼ੁਭ ਕਰਮ ਜੋ ਹਉਮੈਂ ਤੋਂ ਰਹਿਤ ਹੋਣ, ਹੀ ਕਬੂਲ ਹੋਣੇ ਹਨ ਜਿਵੇਂ:-
“ਮਨ ਮੇਰੇ ਭੂਲੇ ਕਪਟੁ ਨ ਕੀਜੈ॥ ਅੰਤਿ ਨਬੇਰਾ ਤੇਰੇ ਜੀਅ ਪਹਿ ਲੀਜੈ॥” (ਅੰਗ ੬੫੬)
“ਜਿਥੇ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ॥” (ਅੰਗ ੧੧੨)
“ਕਰਮੀ ਕਰਮੀ ਹੋਏ ਵੀਚਾਰੁ॥ ਸਚਾ ਆਪਿ ਸਚਾ ਦਰਬਾਰੁ॥” “ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥” (ਜਪੁਜੀ ਸਾਹਿਬ) “ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥” (ਅੰਗ ੪੭੩)
“ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ॥ ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰਬਾਰਿ॥” (ਅੰਗ ੧੪੩)
ਇਹ ਖੋਟੇ ਖਰੇ ਦੀ ਵਿਚਾਰ ਵੀ ਜ਼ਰੂਰੀ ਹੈ। ਉੱਪਰ ਮਾਨਸ ਜਨਮ ਸੱਭ ਤੋਂ ਉੱਤਮ ਤੇ ਦੁਰਲੱਭ ਬਾਰੇ ਲਿਖਿਆ ਗਿਆ ਹੈ ਅਤੇ ਪਵਿੱਤਰ ਗੁਰਵਾਕਾਂ ਰਾਹੀਂ ਪਤਾ ਲਗਦਾ ਹੈ ਕਿ ਬੜੀ ਭਟਕਣ ਤੋਂ ਬਾਅਦ ਰੱਬੀ ਰਹਿਮਤ ਦੁਆਰਾ ਇਹ ਜਨਮ ਮਿਲਿਆ ਹੈ ਅਤੇ ਜੇ ਪ੍ਰਮਾਤਮਾ ਦੀ ਸ਼ੁਕਰਮਈ ਯਾਦ ਮਨ ਵਿੱਚ ਰੱਖਕੇ ਸ਼ੁਭ ਕੰਮ ਨਾ ਕੀਤੇ ਤਾਂ ਖੋਟੇ ਸਿੱਕੇ ਵਾਂਗ ਬਾਹਰ ਸੁਟਿਆ ਜਾਣਾਂ ਹੈ ਭਾਵ ਮੁੜ ਚੌਰਾਸੀ ਦੇ ਗੇੜ ਵਿੱਚ ਪੈਣਾ ਪਵੇਗਾ। ਜਿਵੇਂ “ਕਰਮੀ ਆਵੇ ਕਪੜਾ ਨਦਰੀ ਮੋਖੁ ਦੁਆਰੁ॥” (ਜਪੁਜੀ ਸਾਹਿਬ) ਭਾਵ ਕਰਮਾਂ (ਮੰਦੇ ਚੰਗੇ ਕੰਮਾਂ) ਅਨੁਸਾਰ ਉੱਚੀ ਨੀਵੀਂ ਤੇ ਅਤਿ ਨੀਵੀਂ ਜੂਨੀ ਵਾਲਾ ਸਰੀਰ (ਕੱਪੜਾ) ਮਿਲੇਗਾ ਅਤੇ ਖਰੇ ਸਿੱਕੇ ਵਾਂਗ ਸ਼ੁਭ ਕਰਮਾਂ ਦੀ ਬਿਨਾ ਤੇ ਗੁਰੂ ਪ੍ਰਮਾਤਮਾ ਦੀ ਨਦਰ ਮਿਹਰ ਦੁਆਰਾ ਮੋਖ ਦੁਆਰ ਭਾਵ ਸਿੱਖੀ ਵਾਲੀ ਜੀਵਨ ਮੁਕਤ ਅਵਸਥਾ ਪ੍ਰਾਪਤ ਹੋ ਸਕੇਗੀ।
ਇਹ ਜੂਨਾਂ ਵਿੱਚ ਭਟਕਣ ਤੇ ਨਦਰ ਮਿਹਰ ਨੂੰ ਸਮਝਣਾ ਹੋਰ ਵੀ ਜ਼ਰੂਰੀ ਹੈ ਤਾਂਕਿ ਗੁਰੂ ਪ੍ਰਮਾਤਮਾ ਦੇ ਭੈ ਵਿੱਚ ਰਹਿੰਦੇ ਹੋਏ ਕਪਟਨੁਮਾ ਕੰਮ ਕਰਨ ਦੀ ਥਾਂ ਸ਼ੁਭ ਕੰਮ ਕਰਨ ਦੀ ਸੋਚ ਸਦਾ ਸਦਾ ਬਣੀ ਰਹੇ। ਇਹ ਤਦ ਹੀ ਹੋ ਸਕਦਾ ਹੈ ਜੇ ਬੰਦਾ ਇਸ ਮੁਖਵਾਕ ਨੂੰਮਨ ਵਿੱਚ ਵਸਾ ਲਵੇ, “ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰ ਬਹੁਰ ਦੁਖ ਪਾਇਆ॥” ਅੰਗ ੨੦੭) ਭਾਵ ਪਹਿਲਾਂ ਹੀ ਮੰਦੇ ਕੰਮਾਂ ਕਾਰਨ ਅਨੇਕਾਂ ਜੂਨਾਂ ਵਿੱਚ ਭਟਕ ਭਟਕ ਕੇ ਬੜਾ ਦੁਖ ਪਾਇਆ ਹੈ। ਅਤੇ ਨਾਲ ਦੀ ਤੁਕ, “ਤੁਮਰੀ ਕਿਰਪਾ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ॥” (ਅੰਗ ੨੦੭) ਅਨੁਸਾਰ ਧਾਰ ਲਵੇ ਕਿ ਹੁਣ ਮਨੁਖਾ ਜਨਮ ਪ੍ਰਾਪਤ ਹੋਇਆ ਹੈ ਅਤੇ ਪ੍ਰਮਾਤਮਾ ਦੀ ਨਦਰ ਮਿਹਰ ਦੇ ਪਾਤਰ ਬਣਨ ਲਈ ਸ਼ੁਭ ਕੰਮ ਕਰਨ ਤੇ ਉਸਦੇ ਭੈ ਵਿੱਚ ਵਿਚਰਨ ਦਾ ਹੀ ਉੱਦਮ ਉਪਰਾਲਾ ਕੀਤਾ ਜਾਵੇਗਾ। ਇਹ ਉੱਦਮ ਉਪਾਲਾ ਹੀ ਆਪਣੇ ਕੰਮ ਕਾਰ, ਪੇਸ਼ੇ ਆਦਿ ਨੂੰ ਨੇਕ ਨੀਤੀ ਨਾਲ ਨਿਭਾਉਣ ਲਈ ਜ਼ਰੂਰੀ ਹੈ। ਤਾਹੀਉਂ ਤਾਂ ਗੁਰੂ ਸਾਹਿਬ ਨੇ ਇਥੇ ਖਾਸ ਚਿਤਾਵਨੀ ਦੁਆਰਾ ਬੰਦੇ ਨੂੰ ਖਬਰਦਾਰ ਕੀਤਾ ਕਿ ਮੱਤ ਕੋਈ ਇਹ ਸਮਝੇ ਕਿ ਦੁਨਿਆਵੀ ਸ਼ਕਤੀ (ਰਾਜ ਭਾਗ, ਜ਼ੋਰ ਜ਼ੁਲਮ, ਦਹਿਸ਼ਤ, ਰਿਸ਼ਵਤ, ਗੁੰਡਾ ਗਰਦੀ, ਹੇਰਾ ਫੇਰੀ ਵਿਸਾਹ ਘਾਤ, ਕਿਸੇ ਭੇਸ ਆਦਿ) ਰਾਹੀਂ ਜੇ ਕੋਈ ਇਸ ਦੁਨਿਆਵੀ ਅਖਾੜੇ, ਕਚਹਿਰੀਆਂ ਆਦਿ ਤੋਂ ਬਚ ਨਿਕਲਦਾ ਹੈ ਤਾਂ ਉੱਸ ਸੱਚੇ ਦਰਬਾਰ ਵਿੱਚੋਂ ਕੋਈ ਵੀ ਨੱਸ ਭੱਜ ਨਹੀਂ ਸਕੇਗਾ। ਜਿਵੇਂ:-
“ਮਾਣਸਾ ਕਿਅਹੁ ਦੀਬਾਣਹੁ ਕੋਈ ਨਸ ਭਜ ਨਿਕਲੇ ਹਰਿ ਕਿਅਹੁ ਦੀਬਾਣਹੁ ਕੋਈ ਕਿਥੈ ਜਾਇਆ॥” (ਅੰਗ ੧੫੯)
ਕਿਉਂਕਿ ਹਰ ਛੋਟੇ ਤੋਂ ਬੜੇ ਨੇ ਉਸ ਸੱਚੇ ਦਰਬਾਰ ਵਿੱਵ ਅਵੱਸ਼ ਲੇਖਾ ਦੇਣਾ ਹੈ। ਸੋ ਹਰ ਇੱਕ ਲਈ ਜ਼ਰੂਰੀ ਹੈ ਕਿ ਉੱਪਰ ਲਿਖੇ ਅਨੁਸਾਰ ਹਰ ਕੋਈ ਆਪਣਾ ਕੰਮ ਈਮਾਨਦਾਰੀ ਅਤੇ ਨਿਹਕਪਟ ਹੋ ਕੇ ਕਰੇ ਅਤੇ ਹੋਰ ਵੱਧ ਤੋਂ ਵੱਧ ਸ਼ੁਭ ਕਰਮ ਤੇ ਪ੍ਰਮਾਤਮਾ ਦੀ ਯਾਦ ਮਨ ਵਿੱਚ ਬਣਾਈ ਰੱਖੇ। ਸ਼ੁਭ ਕਰਮ ਕਰਨ ਲਈ ਹਰ ਧਰਮ ਸਿੱਖਿਆ ਦਿੰਦਾ ਹੈ। ਪਰ ਗੁਰੂ ਸਾਹਿਬਾਨ ਨੇ ਇਸ ਤੇ ਮੁੜ ਮੁੜ ਜ਼ੋਰ ਦਿੱਤਾ ਅਤੇ ਚੰਗੀ ਤਰ੍ਹਾਂ ਖੋਲ ਕੇ ਦੱਸ ਦਿੱਤਾ ਕਿ ਭੁੱਲ ਕੇ ਵੀ ਛਲ ਕਪਟ, ਵਿਸਾਹਘਾਤ ਖਾਸ ਕਰਕੇ ਅਤੇ ਹੋਰ ਬੁਰੇ ਕੰਮ ਨਹੀਂ ਕਰਨੇ ਅਤੇ ਅਚੇਤ ਪਾਪ ਕਰਮਾਂ ਤੋਂ ਵੀ ਸਾਵਧਾਨ ਰਹਿਣਾ ਹੈ। ਕਿਉਂਕਿ ਗੁਰੂ ਸਾਹਿਬ ਬੰਦੇ ਦੇ ਕਮਜ਼ੋਰ ਮਨ ਦੀ ਦਸ਼ਾ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਕਿ ਇਹ ਕਿੱਸ ਤਰ੍ਹਾਂ ਇੱਕ ਛਿਨ ਵਿੱਚ ਚੰਗੇ ਤੋਂ ਮੰਦੇ ਕੰਮ ਵਲ ਪਰਤ ਸਕਦਾ ਹੈ। ਤਾਹੀਉਂ ਤਾਂ ਵਾਰ ਵਾਰ ਸਾਵਧਾਨੀ ਵਰਤਣ ਲਈ ਕਈ ਤਰੀਕਿਆਂ ਨਾਲ ਸਮਝਾਉਂਦੇ ਹਨ। ਉਨ੍ਹਾਂ ਨੇ ਸੱਭ ਤੋਂ ਪਹਿਲਾਂ ਧਰਮ ਦੇ ਠੇਕੇਦਾਰਾਂ, ਪੰਡਤ, ਮੁਲਾਂ, ਕਾਜ਼ੀ, ਜੋਗੀ ਸਾਧੂ-ਸੰਤ ਆਦਿ ਨੂੰ ਦਿਖਾਵੇ ਦੇ ਫੋਕਟ ਧਰਮ ਕਰਮਾਂ ਰਾਹੀਂ ਆਮ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਉਨ੍ਹਾਂ ਦੀ ਲੁੱਟ ਖਸੁੱਟ ਕਰਨ ਕਾਰਨ “ੳਜਾੜੇ ਦਾ ਬੰਧ” ਤੇ “ਬਨਾਰਸ ਦੇ ਠਗ” ਆਦਿ ਕਹਿਕੇ ਤਾੜਨਾ ਕੀਤੀ ਕਿ,
“ਹਿਰਦੈ ਜਿਨਕੈ ਕਪਟੁ ਬਾਹਰਹੁ ਸੰਤ ਕਹਾਇਹ॥ ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ॥” (ਅੰਗ ੪੯੧)
“ਜੋਗੀ ਹੋਵਾ ਜਗਿ ਭਵਾ ਘਰਿ ਘਰਿ ਭੀਖਿਆ ਲੇਹੁ॥ ਦਰਗਹ ਲੇਖਾ ਮੰਗੀਐ ਕਿਸੁ ਕਿਸੁ ਉਤਰ ਦੇਉ॥” (ਅੰਗ ੧੦੮੯)
“ਬਹੁ ਪਰਪੰਚ ਕਰਿ ਪਰ ਧਨੁ ਲਿਆਵੈ॥ ਸੁਤ ਦਾਰਾ ਪਹਿ ਆਨਿ ਲੁਟਾਵੈ॥ ਮਨ ਮੇਰੇ ਭੂਲੇ ਕਪਟੁ ਨ ਕੀਜੈ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ॥” ਅੰਗ ੬੫੬)
“ਸਭਨਾ ਕਾ ਦਰਿ ਲੇਖਾ ਹੋਇ॥ ਕਰਣੀ ਬਾਝਹੁ ਤਰੈ ਨ ਕੋਇ॥” (ਅੰਗ ੯੫੨)
ਅਨੁਸਾਰ ਉਸ ਸੱਚੇ ਦਰਬਾਰ ਵਿੱਚ ਖਰੇ ਉਤਰਨ ਲਈ ਸੱਚੇ ਸੁੱਚੇ, ਹਾਂ ਜੀ ਸੱਚੇ ਸੁੱਚੇ, ਜਿੱਸ ਬਾਰੇ ਅੱਗੇ ਚੰਗੀ ਤਰ੍ਹਾਂ ਖੋਲ ਕੇ ਵਿਚਾਰ ਕੀਤਾ ਜਾਵੇਗਾ, ਕੰਮ ਕਰੋ ਤੇ ਆਮ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਉਨ੍ਹਾਂ ਦੀ ਲੁੱਟ ਖਸੁੱਟ ਕਰਨ ਦੀ ਥਾਂ ੳਨ੍ਹਾਂ ਨੂੰ ਵੀ ਧਰਮ ਦੇ ਸੱਚੇ ਮਾਰਗ ਤੇ ਚਲਾਓ, ਜਿੱਸ ਨਾਲ ਆਪ ਭੀ ਰੱਬੀ ਸਜ਼ਾ ਤੋਂ ਬਚੋ ਅਤੇ ਲੋਕਾਂ ਨੂੰ ਭੀ ਉਸ ਸਜ਼ਾ ਤੋਂ ਬਚਾਓ। ਅੱਜ ਦੇ ਧਰਮ ਦੇ ਠੇਕੇਦਾਰਾਂ ਲਈ ਇਹ ਬੜੀ ਲਾਭਦਾਇਕ ਸਿੱਖਿਆ ਹੈ।
ਦੂਸਰੇ ਉਨ੍ਹਾਂ ਨੇ ਰੱਬ ਜੀ ਨੂੰ ਭੁਲਾ ਕੇ ਲੋਕਾਂ ਦਾ ਖੂਨ ਚੂਸ ਰਹੇ ਅਤੇ ਲੋਕਾਂ ਨੂੰ ਇੰਨਸਾਫ ਦੇਣ ਦੀ ਥਾਂ ਉਨ੍ਹਾਂ ਤੇ ਜ਼ੁਲਮ ਕਰਕੇ ਤੇ ਪਰਾਏ ਹੱਕ ਤੇ ਛਾਪਾ (ਰਿਸ਼ਵਤ ਆਦਿ ਰਾਹੀਂ) ਮਾਰ ਕੇ ਮਾਇਆ ਇਕੱਤਰ ਕਰਕੇ ਐਸ਼ ਕਰ ਰਹੇ ਤੇ ਨਾਚ ਰੰਗ ਵਿੱਚ ਮਸਤ ਹੁਕਮਰਾਨ ਟੋਲੇ ਨੂੰ ਜਿੱਥੇ ਸ਼ੀਂਹ, ਕਸਾਈ, ਕੁੱਤੇ ਆਦਿ ਦੀ ਤੁਲਨਾ ਦੇ ਕੇ ਵੰਗਾਰਿਆ ਉੱਥੇ ੳਨ੍ਹਾਂ ਨੂੰ ਜ਼ੁਲਮ ਤੇ ਜਬਰ ਰਾਹੀਂ ਕੀਤੇ ਜਾਂਦੇ ਰਾਜ ਅਤੇ ਲਾਲਚ ਵੱਸ ਹੋ ਕੇ ਇਕੱਤਰ ਕੀਤੀ ਮਾਇਆ ਸੰਬੰਧੀ ਬੜਾ ਖੋਲ ਕੇ ਦੱਸਿਆ। ਜਿਵੇਂ:-
“ਬਹੁ ਪਰਪੰਚ ਕਰਿ ਪਰ ਧਨੁ ਲਿਆਵੈ॥ ਸੁਤਦਾਰਾ ਪਹਿ ਆਨਿ ਲੁਟਾਵੈ॥ ਮਨ ਮੇਰੇ ਭੂਲੇ ਕਪਟੁ ਨ ਕੀਜੈ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ॥” (ਅੰਗ ੬੫੬)
“ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ॥ ਨਵਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ॥” (ਅੰਗ ੭੧੨)
“ਹੈਵਰ ਗੈਵਰ ਰਾਜ ਰੰਗ॥ ਤਿਆਗ ਚਲਿਓ ਹੈ ਮੂੜ ਨੰਗ॥ (ਅੰਗ ੨੧੦)
“ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ॥ ਚਿਤ ਨ ਆਇਓ ਪਾਰਬ੍ਰਹਮ ਸਰਪ ਕੀ ਜੂਨ ਗਇਆ॥” (ਅੰਗ ੭੦) “ਭੂਪਤਿ ਹੋਇ ਕੈ ਰਾਜੁ ਕਮਾਇਆ॥ ਕਰਿ ਕਰਿ ਅਨਰਥ ਵਿਹਾਝੀ ਮਾਇਆ॥” (ਅੰਗ ੩੯੧) “ਪਾਪਾ ਬਾਝਹੁ ਹੋਵੇ ਨਾਹੀ ਮੋਇਆ ਸਾਥ ਨ ਜਾਏ॥” (ਅੰਗ ੪੧੭)
ਅਤੇ ਸਮਝਾਇਆ ਕਿ ਖਰੇ ਉਤਰਨ ਲਈ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ,
“ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥ ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ॥” (ਅੰਗ ੧੦੮੮) “ਨਹਕੰਟਕ ਰਾਜੁ ਭੁੰਚਿ ਤੂੰ ਗੁਰਮੁਖਿ ਸਚੁ ਕਮਾਈ॥ ਸਚੈ ਤਖਤਿ ਬੈਠਾ ਨਿਆਉ ਕਰਿ ਸੰਤ ਸੰਗਤਿ ਮੇਲਿ ਮਿਲਾਈ॥” (ਅੰਗ ੧੦੮੭)
“ਰਾਜੇ ਚੁਲੀ ਨਿਆਵ ਕੀ॥” (ਅੰਗ ੧੨੪੦) “ਸਾਚਿ ਸੀਲਿ ਚਾਲਹੁ ਸੁਲਤਾਨ॥” (ਅੰਗ ੧੧੬੬) ੍ਰ
ਇੱਸ ਤਰ੍ਹਾਂ ੳਨ੍ਹਾਂ ਨੂੰ ਜਣਾ ਦਿੱਤਾ ਕਿ ਉਹ ਲੋਕਾਂ ਦੀ ਲੁੱਟ ਖਸੁੱਟ ਕਰਕੇ ਭਾਵ ਖੂਨ ਚੂਸ ਕੇ ਕੀਤੀ ਕਮਾਈ ਰਾਹੀਂ ਐਸ਼ ਤੇ ਨਾਚ ਰੰਗ ਕਰਨ ਦੀ ਥਾਂ ਸੱਚੇ ਨੂੰ ਮਨ ਵਿੱਚ ਵਸਾ ਕੇ ਲੋਕਾਂ ਨੂੰ ਇੰਨਸਾਫ ਦੇਣ ਅਤੇ ਸੱਚੇ ਮਾਰਗ ਤੇ ਚੱਲਣ ਤਾਕਿ ਲੇਖੇ ਸਮੇਂ ਕਾਂਪ ਨਾ ਖਾਣੀ ਪਵੇ। ਜੇ ਗੁਰੂ ਸਾਹਿਬਾਨ ਨੇ ਧਰਮ ਦੇ ਠੇਕੇਦਾਰਾਂ ਤੇ ਦੁਨਿਆਵੀ ਹੁਕਮਰਾਨਾਂ ਨੂੰ ਉਨ੍ਹਾਂ ਦੀਆਂ ਕਮਜ਼ੋਰੀਆਂ ਤੋਂ ਜਾਣੂੰ ਕਰਾਕੇ ਆਪਣੇ ਆਪਣੇ ਖੇਤਰ ਵਿੱਚ ਸ਼ੁਭ ਅਮਲ ਕਰਕੇ ਅੰਤ ਆਪਣਾ ਹਲਤ ਪਲਤ ਸੰਵਾਰਨ ਲਈ ਸਾਵਧਾਨ ਕੀਤਾ (ਗੁਰੂ ਸਾਹਿਬਾਨ ਦੀ ਸਿੱਖਿਆ ਤੇ ਪਹਿਰਾ ਦਿੰਦੇ ਹੋਇ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਾਹਾਰਾਜਾ ਰੰਣਜੀਤ ਸਿੰਘ ਨੇ ਲੋਕਾਂ ਨੂੰ ਐਸਾ ਰਾਜ ਦਿੱਤਾ ਪਰ ਮਨ ਦੇ ਖੋਟਿਆਂ ਨੂੰ, ਪਤਾ ਨਹੀਂ, ਐਸਾ ਰਾਜ ਕਿਉਂ ਨਾ ਭਾਇਆ, ਅੱਜ ਦੇ ਹੁਕਮਰਾਨਾਂ ਨੂੰ ਤਾਂ ਇਸ ਕਰਕੇ ਵੀ ਹੋਰ ਸਾਵਧਾਨ ਹੋ ਕੇ ਰਾਜ ਕਰਨਾ ਚਾਹੀਦਾ ਹੈ ਜਦਕਿ ਗੁਰੂ ਸਾਹਿਬਾਨ ਦੀ ਸਿੱਖਿਆ ਅਨੁਸਾਰ ਯੂ. ਐਨ. ਓ. ਨੇ ਰਾਜ ਕਾਜ ਦੇ ਕੰਮ ਚਲਾਉਣ ਲਈ ਬਹੁਤ ਵਧੀਆ ਕਾਨੂੰਨ ਬਣਾਏ ਹੋਏ ਹਨ, ਪਰ ਭਾਰਤ ਸਮੇਤ ਕਈ ਮੁਲਕਾਂ ਦੇ ਹੁਕਮਰਾਨ ਚੰਗਾ ਤੇ ਇੰਨਸਾਫ ਪੂਰਬਕ ਰਾਜ ਦੇਣ ਦੀ ਥਾਂ, ਰੱਬ ਜੀ ਨੂੰ ਬਿਲਕੁਲ ਭੁੱਲ ਕੇ, ਘੁਟਾਲਿਆਂ ਰਾਹੀਂ ਲੋਕਾਂ ਦਾ ਖੂਨ ਹੀ ਚੂਸ ਰਹੇ ਹਨ ਅਤੇ ਘੱਟ-ਗਿਣਤੀਆਂ ਨੂੰ ਇੰਨਸਾਫ ਦੇਣ ਸਮੇਂ ਦੋਹਰੇ ਮਾਪ ਦੰਡ ਰਾਹੀਂ ਉਨ੍ਹਾਂ ਦਾ ਘਾਣ ਕਰ ਰਹੇ ਹਨ ਬਿਲਕੁੱਲ ਹੀ ਭੁੱਲ ਕੇ ਕਿ ਕੋਈ ਲੇਖਾ ਹੋਣਾ ਹੈ) ਤਾਂ ਆਮ ਲੋਕਾਂ ਨੂੰ ਵੀ ਆਪਣੇ ਆਪਣੇ ਕੰਮ ਨੇਕ ਨੀਤੀ ਨਾਲ ਕਰਨ ਤੇ ਸ਼ੁਭ ਅਤੇ ਨੇਕ ਵਿਚਾਰਾਂ ਤੇ ਅਧਾਰਤ ਲੋਕ ਭਲਾਈ ਦੇ ਕੰਮ ਕਰਦੇ ਹੋਏ ਧਰਮੀ ਬਣ ਕੇ ਵਾਹਿਗੁਰੂ ਦੇ ਭੈ ਵਿੱਚ ਰਹਿਣ ਲਈ ਕਿਹਾ।
ਢੁੱਕਵੀਂ ਸਿੱਖਿਆ ਨਾ ਹੋਣ ਕਰਕੇ ਜੇ ਕੋਈ ਉੱਪਰ ਦੱਸੇ ਭੈੜੇ ਕੰਮਾਂ ਦਾ ਸ਼ਿਕਾਰ ਹੋਣ ਅਤੇ ਬੁਰੇ ਤੋਂ ਬੁਰੇ ਤੇ ਨੀਚ ਤੋਂ ਨੀਚ ਕੰਮ ਕਰਨ ਉਹ ਤਾਂ ਅਗਿਆਨਤਾ ਰਾਹੀਂ ਕਬੀਰ ਜੀ ਦੇ ਇਸ ਬਚਨ, “ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ॥” (ਅੰਗ ੧੩੧੪) ਅਨੁਸਾਰ ਕਿਸੇ ਫਿਕਰ ਤੇ ਡਰ ਤੋਂ ਐਸੇ ਕਰਮ ਕਰੀ ਜਾ ਰਹੇ ਹਨ। ਪਰ ਗੁਰੂ ਸਾਹਿਬਾਨ ਜੀ ਦੀ ਇਨ੍ਹਾਂ ਬੁਰੇ ਕਰਮਾਂ ਅਨੁਸਾਰ ਲੇਖਾ ਹੋਣ ਤੇ ਸਜ਼ਾ ਮਿਲਣ ਬਾਰੇ ਅਨਮੋਲ ਸਿੱਖਿਆ ਸਾਂਝੇ ਰੂਪ ਵਿੱਚ ਮਿਲਣ ਬਾਅਦ ਭੀ ਜੇ ਇਹ ਕੰਮ ਕੀਤੇ ਜਾਣ ਤਾਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਐਸੇ ਲੋਕ ਸਮਝਦੇ ਹਨ ਕਿ ਜਾਂ ਤਾਂ ਕੋਈ ਲੇਖਾ ਹੀ ਨਹੀਂ ਹੋਣਾ ਜਾਂ “ਸਾਨੂੰ ਕੌਣ ਪੁੱਛਣ ਵਾਲਾ ਹੈ?” ਫਿਰ ਲਿਖਿਆ ਜਾਵੇ, ਕਿ ਗੁਰੂ ਸਾਹਿਬਾਨ ਦੀ ਸਿੱਖਿਆ ਸਿਰਫ ਸਿੱਖਾਂ ਲਈ ਹੀ ਨਹੀਂ ਸੱਭ ਲਈ ਸੀ ਤੇ ਹੈ। ਇਸ ਬਾਰੇ ਡਾ. ਮੁਹੰਮਦ ਇਕਬਾਲ ਨੇ ਵੀ ਕਿਹਾ ਸੀ ਕਿ ਹਿੰਦ ਨੂੰ ਇੱਕ ਕਾਮਲ ਮਰਦ ਭਾਵ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉੱਪਰ ਕਬੀਰ ਵਲੋਂ ਦੱਸੀ ਨੀਂਦ ਤੋਂ ਜਗਾ ਦਿੱਤਾ ਸੀ। ਪਰ ਲੱਗਦਾ ਹੈ ਕਿ ਜੋ ਬਿਨਾਂ ਕੰਮ ਕੀਤੇ ਜ਼ੋਰ ਜਬਰ, ਰਿਸ਼ਵਤ ਅਤੇ ਆਮ ਜੰਤਾ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਮੁਫਤੋ ਮੁਫਤੀ ਪੇਟ ਭਰਨਾ, ਐਸ਼ ਕਰਨਾ ਆਦਿ ਗਿੱਝ ਗਏ ਹੋਣ ਉਹ ਐਸੀ ਆਦਤ ਕਿਉਂ ਛੱਡਣ, ਭਾਵੇਂ ਉੱਸ ਵਿੱਚ ਕਿਸੇ ਤਰ੍ਹਾਂ ਦੇ ਜ਼ੁਲਮ, ਹੇਰਾ ਫੇਰੀ ਆਦਿ ਕਰਮ ਕਰਨੇ ਪੈਣ। ਉਹ ਤਾਂ ਸਗੋਂ ਸੁਚੱਜਾ ਤੇ ਸੱਚਾ ਸੁੱਚਾ ਜੀਵਨ ਜੀਉਣ ਦੀ ਸਿੱਖਿਆ ਦੇਣ ਵਾਲਿਆਂ ਅਤੇ ਉੱਸ ਸਿੱਖਿਆ ਤੇ ਚੱਲਣ ਵਾਲਿਆਂ ਨੂੰ ਭੀ ਖਤਮ ਤੱਕ ਕਰਨ ਦੇ ਬਾਨ੍ਹਣੂੰ ਬੰਨ੍ਹਣ ਲਈ ਹਰ ਹਥਿਆਰ ਤੇ ਹੱਥਕੰਡੇ ਵਰਤਣਗੇ। ਇਸ ਸੰਬੰਧ ਚਿੱਚ ਇਤਿਹਾਸਿਕ ਮਿਸਾਲ ਮਹਾਤਮਾਂ ਬੁੱਧ ਜੀ ਵਲੋਂ ਇੱਕ ਸੁਚੱਜੇ ਜੀਵਨ ਢੰਗ ਜੀਉਣ ਵਾਲਿਆਂ ਨਾਲ ਹੋਈ ਮਿਲਦੀ ਹੈ ਜੋ ਸਿਰਫ ਲੱਖਾਂ ਵਿੱਚ ਮੌਤ ਦੀ ਘਾਟ ਹੀ ਨਹੀਂ ਉਤਾਰੇ ਗਏ ਸਨ, ਹਜ਼ਾਰਾਂ ਦੀ ਗਿਣਤੀ ਵਿੱਚ ਦੇਸ ਵਿੱਚੋਂ ਭੱਜ ਜਾਣ ਲਈ ਵੀ ਮਜਬੂਰ ਕੀਤੇ ਗਏ ਸਨ। ਐਸਾ ਜ਼ੁਲਮ ਕਰਨ ਵਾਲਿਆਂ ਨੂੰ ਜਿੱਥੇ ਪ੍ਰਮਾਤਮਾ ਦੇ ਘਰ ਸਖਤ ਤੋਂ ਸਖਤ ਸਜ਼ਾ ਮਿਲੀ ਹੋਵੇਗੀ, ਭਾਵ ਨਰਕ ਵਾਲਾ ਜੀਵਨ ਜੀਉਣ ਲਈ ਅੱਜ ਦੇ ਅਫਰੀਕਾ ਵਿੱਚ ਕਾਲ ਭਰੇ ਥਾਵਾਂ ਤੇ ਜਨਮ ਮਿਲਿਆ ਹੋਵੇਗਾ, ਉੱਥੇ ਸੋਨੇ ਦੀ ਚਿੜੀ ਦੇਸ ਭਾਰਤ ਨੂੰ ਸਦੀਆਂ ਲਈ ਗੁਲਾਮ ਬਣਨ ਦੀ ਸਜ਼ਾ ਭੁਗਤਣੀ ਪਈ। ਇਹ ਹੀ ਹਾਲ ਇੱਕ ਹੋਰ ਵੀ ਵੱਧ ਉੱਤਮ ਜੀਵਨ ਢੰਗ ਜੋ ਗੁਰੂ ਸਾਹਿਬਾਨ ਨੇ ਬਖਸ਼ਿਆ ਉਨ੍ਹਾਂ ਦੇ ਪੈਰੋਕਾਰਾਂ, ਭਾਵ ਸਿੱਖਾਂ ਨਾਲ ਕੀਤਾ ਜਾ ਰਿਹਾ ਹੈ। ਕੀ ਐਸਾ ਈਰਖਾਲੂ ਤੇ ਜ਼ਾਲਮਾਨਾਂ ਕਰਮ ਕਰਨ ਵਾਲਿਆਂ ਨੂੰ ਪ੍ਰਮਾਤਮਾ ਦੀ ਦਰਗਾਹ ਲੇਖਾ ਦੇਣ ਦਾ ਕੋਈ ਡਰ ਫਿਕਰ ਆਦਿ ਲਗਦਾ ਹੈ ਕਿ ਨਹੀਂ? ਇਹ ਪਿਛਲੀ ਮਿਸਾਲ ਤੋਂ ਭੀ ਕੋਈ ਸਬਕ ਸਿੱਖਣਾ ਨਹੀਂ ਚਾਹੁੰਦੇ, ਸਗੋਂ ਸਰਬੱਤ ਦਾ ਭਲਾ ਚਾਹੁਣ ਵਾਲੀ ਸਿੱਖੀ, ਜਿਸ ਦੇ ਸਿਰਲੱਥ ਨੌਜਵਨਾਂ ਨੇ ਬੜੇ ਔਕੜਾਂ ਭਰੇ ਸਮੇਂ ਅਬਦਾਲੀ ਰਾਹੀਂ ਦੇਸ ਦੀ ਲੁੱਟੀ ਜਾ ਰਹੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝ ਕੇ ਕੁਰਬਾਨੀਆਂ ਦੇ ਕੇ ਘਰੋ ਘਰੀ ਪਹੁੰਚਾਇਆ, ਨੂੰ ਹੀ ਹਰ ਤਰ੍ਹਾਂ ਨਾਲ ਖਤਮ ਕਰਨਾ ਚਾਹੁੰਦੇ ਹਨ। ਇਥੇ ਇਹ ਭੁੱਲ ਜਾਂਦੇ ਹਨ ਕਿ ਸਿੱਖੀ ਬੁੱਧ ਧਰਮ ਨਾਲੋਂ ਬਹੁਤ ਭਿੰਨ ਹੈ। ਜਦ ਬੋਧੀਆਂ ਨੂੰ ਹਿੰਦੂਆਂ ਦਾ ਹੀ ਹਿੱਸਾ ਬਣਾ ਲਿਆ ਗਿਆ ਤਾਂ ਉਨ੍ਹਾਂ ਨੇ ਕਦੇ ਇਹ ਨਹੀਂ ਕਿਹਾ ਕਿ ਉਹ ਬੋਧੀ ਹਨ, ਹਿੰਦੂ ਨਹੀਂ, ਪਰ ਸਿੱਖਾਂ ਨੇ ਵਿਧਾਨ ਧਾਰਾ ੨੫, ਜੋ ਸਿੱਖਾਂ ਨੂੰ ਹਿੰਦੂ ਕਹਿੰਦੀ ਹੈ, ਉਸਨੂੰ ਮੰਨਣ ਤੋਂ ਇਨਕਾਰ ਕੀਤਾ ਹੋਇਆ ਹੈ, ਭਾਵੇਂ ਇਸ ਅਤੇਹੋਰ ਜਾਇਜ਼ ਹੱਕਾਂ ਲਈ ਸੰਘਰਸ਼ ਕਰਦਿਆਂ ਨੂੰ ਲੱਖਾਂ ਵਿੱਚ ਮੌਤ ਦੀ ਘਾਟ ਉਤਾਰ ਦਿੱਤਾ ਗਿਆ, ਜਿਸ ਦਾ ਲੇਖਾ ਇਨ੍ਹਾਂ ਸਿਰ, ਪਤਾ ਨਹੀਂ ਕਿੰਨਾ ਕੁ ਹੋਵੇਗਾ? ਇਸ ਵਿੱਚ ਮਾਣ ਮੱਤਾ ਇਤਿਹਾਸ ਰਚਣ ਵਾਲੀ ਸਿੱਖਾਂ ਦੀ ਮਹਾਨ ਸੰਸਥਾ ਦੇ ਵਾਰਸ ਵੀ ਸ਼ਾਮਲ ਹਨ, ਉਨ੍ਹਾਂ ਵਲੋਂ ਤਾਂ ਸਗੋਂ ਹੱਥ ਵਿੱਚ ਰਾਜ ਹੋਣ ਕਰਕੇ ਸਿੱਖਾਂ ਤੇ ਹੋ ਰਹੇ ਹਮਲਿਆਂ ਨੂੰ ਰੋਕਣ ਦੀ ਥਾਂ ਉਲਟਾ ਆਮ ਭਲਾਈ ਦੇ ਕੰਮ ਕਰ ਰਹੇ ਸਿੱਖ ਨੌਜਵਾਨਾਂ ਨੂੰ ਜਾਂ ਤਾਂ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ਵਿੱਚ ਸੁਟਿਆ ਜਾਂਦਾ ਹੈ ਅਤੇ ਅਸਹਿ ਤੇ ਅਕਹਿ ਤਸੀਹੇ ਤੱਕ ਦਿੰਦੇ ਜਾਂਦੇ ਹਨ ਜਾਂ ਝੂਠਾ ਪੁਲੀਸ ਮੁਕਾਬਲਾ ਬਣਾ ਕੇ ਸ਼ਹੀਦ ਕੀਤਾ ਜਾਂਦਾ ਹੈ। ੧੯੮੦/੯੦ ਵਿਆਂ ਦੇ ਦਹਾਕਿਆਂ ਦੌਰਾਨ ਸਿੱਖ ਨੌਜਵਾਨਾਂ ਵਲੋਂ ਬਿਨਾਂ ਕਿਸੇ ਵਿਤਕਰੇ ਕਈ ਗਰੀਬ ਹਿੰਦੂ, ਸਿੱਖ, ਦਲਿਤ ਆਦਿ ਦੀ ਕਈ ਤਰ੍ਹਾਂ ਦੀ ਮਦਦ ਕਰਨ ਅਤੇ ਵਿਆਹਾਂ ਸਮੇਂ ਘੱਟ ਤੋਂ ਘੱਟ ਬਰਾਤੀ ਲਿਜਾਣ ਅਤੇ ਦਾਜ ਦੇ ਕੋਹੜ ਤੋਂ ਬਚਾਉਣ ਕਰਕੇ ਉਨ੍ਹਾਂ ਨੌਜਵਾਨਾਂ ਤੋਂ ਬਹੁਤ ਸਾਰੇ ਲੋਕ ਬਹੁਤ ਖੁਸ਼ ਸਨ, ਪਰ ਉਨ੍ਹਾਂ ਨੌਜਵਾਨਾਂ ਨੂੰ ਸ਼ਹੀਦ ਕਰਕੇ ਹੀ ਛੱਡਿਆ। ਇਹ ਕਿੱਡਾ ਵੱਡਾ ਜ਼ੁਲਮ ਸੀ ਜਾ ਹੈ, ਇਸਦੀ ਸਜ਼ਾ ਤਾਂ ਆਖਰ ਭੁਗਤਣੀ ਹੀ ਪੈਣੀ ਹੈ।
ਇਹ ਲੋਕ ਇੱਥੇ ਹੀ ਬੱਸ ਨਹੀਂ ਕਰਦੇ, ਬ੍ਰਾਹਮਣੀ ਸੋਚ ਨੇ ਪਹਿਲਾਂ ਭੀ ਬਹੁਤ ਮਿਥਿਹਾਸ ਰਚਿਆ ਹੋਇਆ ਹੈ, (ਬੰਦੇ ਦੇ ਕਈ ਕਈ ਬਾਹਵਾਂ ਲਾ ਕੇ ਅਤੇ ਗਰਦਨ ਤੇ ਹਾਥੀ ਦਾ ਸਿਰ ਲਾ ਕੇ ਆਪਣੇ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਪੂਜਾ ਕਰਨ ਲਾਇਆ ਹੋਇਆ ਹੈ) ਇਨ੍ਹਾਂ ਨੇ ਹੋਰ ਮਿਥਿਹਾਸ ਰਚਣਾ ਸ਼ੁਰੂ ਕੀਤਾ ਹੋਇਆ ਹੈ। ਉਹ ਇਹ ਕਿ ਅਠਵੀਂ ਸਦੀ ਤੋਂ ਲੈ ਕੇ ੧੯੪੭ ਦੇ ਗੁਲਾਮੀਂ ਅਤੇ ਅਤਿ ਦੀ ਬੇਇਜ਼ਤੀ ਭਰੇ ਸਮੇਂ ਦੇ ਇਤਿਹਾਸ ਨੂੰ ਇਹ ਮੁੜ ਕੇ ਆਪਣੇ ਹੀ ਢੰਗ ਨਾਲ ਸ਼ਾਨਾਂ ਭਰਿਆ ਇਤਿਹਾਸ ਲਿਖ ਰਹੇ ਹਨ, ਪਰ ਨਾਲ ਹੀ ਅਸਲੀ ਅਰਥਾਂ ਵਿੱਚ ਸ਼ਾਨਾਂ ਭਰੇ ਸਿੱਖ ਇਤਿਹਾਸ ਨੂੰ, ਜਿੱਸ ਨੂੰ ਪੱਛਮ ਦੇ ਮਹਾਨ ਵਿਦਵਾਨਾਂ ਨੇ ਹੀ ਨਹੀਂ ਕਈ ਹਿੰਦੂ ਵਿਦਵਾਨਾਂ ਨੇ ਵੀ ਬੜੇ ਸ਼ਲਾਘਾ ਭਰੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ, ਵਿਗਾੜ ਕੇ ਅਤੇ ਤ੍ਰੋੜ ਮ੍ਰੋੜ ਕੇ ਲਿਖ ਰਹੇ ਹਨ। ਇਹ ਵੀ ਕਦ, ਬਹੁਤ ਬੜੇ ਅਕ੍ਰਿਤਘਣ ਹੋ ਕੇ ਸਿੱਖ ਕੌਮ ਨਾਲ ਵਿਸਾਹਘਾਤ ਕਰਕੇ ਬਹੁਤ ਬੜੇ ਬੜੇ ਲਾਰੇ ਲਾ ਕੇ ਭਾਰਤ ਦਾ ਅੰਗ ਬਣੇ ਰਹਿਣ ਲਈ ਮਨਾ ਕੇ, ਭਾਵ ਸ਼ੇਰ ਨੂੰ ਪਿੰਜਰੇ ਵਿੱਚ ਬੰਦ ਕਰਕੇ, ਸਿੱਖ ਕੌਮ ਵਿਰੁੱਧ ਇਹ ਸੱਭ ਕੁਛ ਕੀਤਾ ਜਾ ਰਿਹਾ ਹੈ। ਇਸ ਸੱਭ ਕੁਛ ਕਰਨ ਭਾਵ ਬਹੁਤ ਬੜੇ ਝੂਠ ਲਈ ਰੱਬ ਜੀ ਦੇ ਦਰ ਤੇ ਕਿੱਦਾਂ ਕਿੱਦਾਂ ਦਾ ਲੇਖਾ ਹੋਵੇਗਾ ਰੱਬ ਜੀ ਹੀ ਜਾਣੇ।
ਅੰਤ ਵਿੱਚ ਲਿਖਿਆ ਜਾਵੇ ਕਿ ਜੋ ਲੋਕ ਅੱਲ੍ਹੜ ਨੌਜਵਾਨਾਂ ਨੂੰ ਨਸ਼ਿਆਂ ਦੇ ਆਦੀ ਬਣਾ ਕੇ, ਬਚਿੱਆਂ ਦੇ ਅੰਗ ਖਾਸ ਕਰਕੇ ਲੱਤਾਂ ਬਾਹਾਂ ਤੋੜ ਕੇ ਉਨ੍ਹਾਂ ਤੋਂ ਭੀਖ ਮੰਗਵਾ ਕੇ ਆਪ ਐਸ਼ ਕਰਨ, ਇੱਕ ਰੱਬ ਜੀ ਦੀ ਪ੍ਰੀਤ ਨਾਲੋਂ ਤੋੜ ਕੇ ਮਠਾਂ ਤੇ ਮੜ੍ਹੀਆਂ ਦੀ ਪੂਜਾ ਵਲ ਭੋਲੇ ਭਾਲੇ ਲੋਕਾਂ ਨੂੰ ਲਾਉਣ, ਬੱਚੀਆਂ ਦੀ ਬੇਇਜ਼ਤੀ ਕਰਕੇ ਕਤਲ ਕਰਨ, ਪ੍ਰਮਾਤਮਾ ਦੀ ਸਿਫਤ ਸਲਾਹ ਭੁੱਲ ਕੇ ਦੁਨਿਆਵੀ ਨਾਚ ਰੰਗ ਵਿੱਚ ਆਪ ਲੱਗਣ ਤੇ ਹੋਰਨਾਂ ਨੂੰ ਲਾਉਣ, ਹੁਕਮਰਾਨ ਰਾਜ ਦੀ ਕੁਰਸੀ ਪ੍ਰਾਪਤ ਕਰਨ ਲਈ ਪਰਜਾ ਨੂੰ ਅਨਪੜ੍ਹ ਰੱਖ ਕੇ ਤੇ ਨਸ਼ੇ ਵੰਡ ਕੇ ਸਸਤੇ ਭਾਅ ਵੋਟਾਂ ਲੈ ਕੇ ਜਿੱਥੇ ਦੇਸ਼ ਧਰੋਹ ਕਮਾ ਰਹੇ ਹੁੰਦੇ ਹਨ ਉੱਥੇ ਆਪਣੇ ਗਲ ਵਿੱਚ ਜਮਾਂ ਦਾ ਫਾਹਾ ਪਾ ਰਹੇ ਹੁੰਦੇ ਹਨ। ਇਨ੍ਹਾਂ ਸੱਭ ਤੇ ਇਹ ਮੁਖਵਾਕ ਇੱਨ ਬਿੱਨ ਢੁਕਦੇ ਹਨ, “ਪਾਪ ਬੁਰਾ ਪਾਪੀ ਕੋ ਪਿਆਰਾ॥” (ਅੰਗ ੯੩੫) “ਫਾਸਨ ਕੀ ਬਿਧਿ ਸਭ ਕੋਈ ਜਾਨੈ ਛੂਟਨ ਕੀ ਇੱਕ ਕੋਈ॥” (ਅੰਗ ੩੩੧) ਕਿਉਂਂਿਕ ਇਨ੍ਹਾਂ ਸੱਭ ਨੇ ਸਮਝ ਰਖਿਆ ਹੈ ਕਿ ਇਹ ਮਨੁੱਖਾ ਜਨਮ ਹੈ ਹੀ ਇਸ ਤਰ੍ਹਾਂ ਦੀਆਂ ਮਨ ਮਰਜ਼ੀਆਂ ਕਰਨ ਤੇ ਐਸ਼ ਕਰਨ ਲਈ। ਇਨ੍ਹਾਂ ਦੇ ਮਨਾਂ ਵਿੱਚ ਹੀ ਨਹੀਂ, ਫੋਕਟ ਧਰਮ ਕਰਮ ਕਰਨ ਵਾਲਿਆਂ ਦੇ ਮਨਾਂ ਵਿੱਚ ਵੀ ਕਦੇ ਇਹ ਚਿਤਾਵਨੀ ਭਰੇ ਵਿਚਾਰ, “ਬਿਖ ਬੀਜ ਕੇ ਅੰਮ੍ਰਿਤ ਮੰਗਣਾਂ ਅਤੇ ਕਿੱਕਰ ਬੀਜ ਕੇ ਦਾਖਾਂ ਮੰਗਣ ਦੀ ਆਸ ਨਹੀਂ ਰੱਖਣੀ ਚਾਹੀਦੀ”, ਨਹੀਂ ਆਉਂਦੇ। ਇਹ ਸਗੋਂ ਐਸੇ ਵਿਚਾਰਾਂ ਦੇ ਧਾਰਨੀ ਲੋਕਾਂ ਨੂੰ ਸਿਰ-ਫਿਰੇ ਆਖ ਕੇ ਆਪਣੇ ਆਪ ਨੂੰ ਕਿਸੇ ਤਰ੍ਹਾਂ ਦੇ ਲੇਖਾ ਹੋਣ ਤੋਂ ਬਰੀ ਸਮਝੀ ਬੈਠੇ ਹਨ। ਨਹੀਂ ਤਾਂ ਦੁਨੀਆਂ ਵਿੱਚ ਐਸੇ ਪਾਪ ਕਰਮ ਜਾਂ ਤਾਂ ਨਾ ਹੋਣ ਜਾਂ ਇਸ ਕਦਰ ਬਹੁਤਾਤ ਵਿੱਚ ਨਾ ਹੋਣ। ਗੁਰੂ ਸਾਹਿਬਾਨ ਦੀ ਕਲਿਆਣਕਾਰੀ ਰੱਬੀ ਬਾਣੀ ਤਾਂ ਆਖਰ ਠੀਕ ਫੁਰਮਾਉਂਦੀ ਹੈ, “ਸਭਨਾ ਕਾ ਦਰ ਲੇਖਾ ਹੋਇ॥ ਕਰਨੀ ਬਾਝਹੁ ਤਰੈ ਨ ਕੋਇ॥” (ਅੰਗ ੯੫੨) “ਲੇਖਾ ਦੇਣਾ ਤੇਰੈ ਸਿਰਿ ਰਹਿਆ॥” (ਅੰਗ ੪੩੪) ਮੁਖਵਾਕਾਂ ਅਨੁਸਾਰ ਆਖਰ ਉਸ ਸੱਚੇ ਦਰਬਾਰ ਲੇਖਾ ਸਭਨਾਂ ਦਾ ਹੋਣਾ ਹੀ ਹੈ। ਇਨ੍ਹਾਂ ਚਿਤਾਵਨੀ ਭਰੇ ਵਿਚਾਰਾਂ ਨੂੰ ਅੱਖੋਂ ਪਰੋਖੇ ਕਰਨਾ ਆਪਣੇ ਆਪ ਨੂੰ ਆਪ ਧੋਖਾ ਦੇਣ ਤੁੱਲ ਹੈ। ਰੱਬ ਜੀ ਦੇ ਭੈ ਵਿੱਚ ਰਹਿ ਕੇ ਸ਼ੁਭ ਕੰਮ ਕਰਨ ਵਿੱਚ ਹੀ ਸਿਆਣਪ ਹੈ। ਗੁਰੂ ਜੀ ਸੱਭ ਨੂੰ ਸੁਮੱਤ ਬਖਸ਼ਣ।




.