.

ਹੁਕਮੁ ਬੂਝੈ ਸੋ ਸਚਿ ਸਮਾਣਾ

ਗੁਰਬਾਣੀ ਪਰਮਾਤਮਾ ਦੇ ਹੁਕਮ ਨੂੰ ਬੁੱਝਣ ਦੀ ਪ੍ਰੌੜਤਾ ਕਰਦੀ ਹੈ ਪਰ ਦੂਜੇ ਪਾਸੇ ਇਹ ਵੀ ਸੂਝ ਬਖਸ਼ਦੀ ਹੈ ਕਿ ਉਸ ਪਰਮਾਤਮਾ ਦਾ ਹੁਕਮ ਉਤਨਾ ਹੀ ਅਸੀਮ ਹੈ ਜਿਤਨਾ ਕਿ ਉਹ ਪਰਮਾਤਮਾ ਆਪ ਹੈ ਇਸ ਲਈ ਉਸ ਅਸੀਮ ਕਰਤੇ ਦੇ ਅਸੀਮ ਹੁਕਮ ਨੂੰ ਪੂਰਨ ਤੌਰ ਤੇ ਜਾਨਣਾ ਅਸੰਭਵ ਹੈ (ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਜਪ।) ਪਰ ਗੁਰਬਾਣੀ ਅਨੁਸਾਰ ਇਹ ਗਲ ਜ਼ਰੂਰ ਸਪਸ਼ਟ ਹੈ ਕਿ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥ (ਜਪ)। ਭਾਵ: ਹਰੇਕ ਜੀਵ ਪਰਮਾਤਮਾ ਦੇ ਹੁਕਮ ਵਿੱਚ ਹੀ ਹੈ ਤੇ ਕੋਈ ਵੀ ਉਸ ਦੇ ਹੁਕਮ ਤੋਂ ਬਾਹਰ (ਆਕੀ) ਨਹੀ ਹੋ ਸਕਦਾ। ਜੋ ਮਨੁੱਖ ਉਸਦੇ ਹੁਕਮ ਦੀ ਸੂਝ ਪ੍ਰਾਪਤ ਕਰੇਗਾ ਉਹ ਫਿਰ ਸੁਆਰਥੀ (ਹਉਮੈ, ਅਹੰਕਾਰ ਭਰਿਆ) ਜੀਵਨ ਛੱਡ ਦੇਵੇਗਾ। ਇਸ ਦਾ ਭਾਵ ਇਹ ਨਹੀ ਕਿ ਜੋ ਮਨੁੱਖ ਪ੍ਰਭੂ ਦੇ ਹੁਕਮ ਦੀ ਸੂਝ ਨਹੀ ਰੱਖਦਾ ਤੇ ਸੁਆਰਥੀ ਹੈ, ਉਹ ਉਸ ਦੇ ਹੁਕਮ ਵਿੱਚ ਨਹੀ ਹੈ। ਅਸਲ ਭਾਵ ਤਾਂ ਇਹ ਹੈ ਕਿ ਹੁਕਮ ਵਿੱਚ ਤਾਂ ਹਰ ਕੋਈ ਹੈ ਪਰ ਸੁਖੀ, ਸ਼ਾਂਤ ਤੇ ਅਨੰਦਤ ਜੀਵਨ ਉਹੀ ਬਿਤਾ ਸਕਦਾ ਹੈ ਜੋ ਪ੍ਰਭੂ ਦੇ ਹੁਕਮ ਨੂੰ ਬੁੱਝ ਕੇ ਉਸ ਤੇ ਚੱਲੇਗਾ। ਜਿਵੇਂ ਵਗਦੇ ਦਰਿਆ ਨੂੰ ਪਾਰ ਕਰਨ ਵਾਲਾ ਤੈਰਾਕ ਇਹ ਜਾਣਦਾ ਹੈ ਕਿ ਪਾਣੀ ਦੇ ਵਹਿਣ (ਨਿਯਮ) ਨਾਲ ਤੈਰ ਕੇ ਦਰਿਆ ਨੂੰ ਸੁਖਿਆਈ ਨਾਲ ਪਾਰ ਕੀਤਾ ਜਾ ਸਕਦਾ ਹੈ ਪਰ ਵਹਿਣ ਦੇ ਵਿਰੁੱਧ ਤੈਰ ਕੇ ਪਾਰ ਕਰਨਾ ਖਤਰੇ ਤੋਂ ਖਾਲੀ ਹੀ ਨਹੀ ਬਲਿਕੇ ਅਤਿ ਕਠਨ ਤੇ ਨਿਸਫਲ ਵੀ ਹੈ ਤਿਵੇਂ ਇਸ ਸੰਸਾਰ ਸਮੁੰਦਰ (ਭਵਜਲ ਨਿਧਿ ਭਾਰੀ) ਨੂੰ ਸਹਿਜੇ ਪਾਰ ਕਰਨ ਲਈ (ਭਾਵ ਜੀਵਨ ਸੁਖੀ, ਸ਼ਾਂਤ ਤੇ ਅਨੰਦਤ ਬਨਾਉਣ ਲਈ) ਕਰਤੇ ਦੇ ਹੁਕਮ (ਨਿਯਮ, ਵਹਿਣ) ਨੂੰ ਬੁੱਝ ਕੇ ਉਸ ਤੇ ਚੱਲਣਾ ਪਵੇਗਾ। ਉਸ ਦੇ ਹੁਕਮ (ਨਿਯਮਾ) ਤੋਂ ਬੇਮੁੱਖ ਹੋ ਕੇ, ਜਾਂ ਵਿਰੋਧਤਾ ਵਿੱਚ ਚੱਲ ਕੇ ਜੀਵਨ ਦੁਖੀ ਤੇ ਨਿਸਫਲ ਚਲਾ ਜਾਵੇਗਾ। ਗੁਰਬਾਣੀ ਦਾ ਫੁਰਮਾਨ ਹੈ ਕਿ ਜੋ ਵੀ ਉਸ ਪਰਮਾਤਮਾ ਦੇ ਹੁਕਮ ਨੂੰ ਬੁੱਝ ਲੈਂਦਾ ਹੈ ਉਹ ਉਸ ਵਿੱਚ ਹੀ ਸਮਾ ਜਾਂਦਾ ਹੈ: ਜੋ ਕਿਛੁ ਵਰਤੈ ਸਭ ਤੇਰਾ ਭਾਣਾ ॥ ਹੁਕਮੁ ਬੂਝੈ ਸੋ ਸਚਿ ਸਮਾਣਾ ॥ (੧੯੩)। ਭਾਵ: ਹੇ ਪ੍ਰਭੂ, ਸੰਸਾਰ ਵਿੱਚ ਸਭ ਕੁਛ ਤੇਰੀ ਰਜ਼ਾ ਅਨੁਸਾਰ ਹੀ ਵਾਪਰ ਰਿਹਾ ਹੈ। ਜੋ ਤੇਰੀ ਰਜ਼ਾ ਨੂੰ ਬੁੱਝ ਲੈਂਦਾ ਹੈ ਉਹ ਤੇਰੇ ਵਿੱਚ ਲੀਨ ਹੋ ਜਾਂਦਾ ਹੈ। ਉਸ ਵਿੱਚ ਲੀਨ ਹੋਣਾ ਹੀ ਜੀਵਨ ਦੀ ਸਫਲਤਾ ਹੈ। ਇਥੇ ਹੁਕਮ ਨੂੰ ਬੁੱਝਣ ਤੋਂ ਭਾਵ ਹੁਕਮ ਵਿੱਚ ਚੱਲਣ ਤੋਂ ਹੀ ਹੈ ਕਿਉਂਕਿ ਸਤਿਗੁਰ ਦਾ ਫੁਰਮਾਨ ਹੈ:

ਕਥਉ ਨ ਕਥਨੀ ਹੁਕਮੁ ਪਛਾਨਾ ॥ ਨਾਨਕ ਗੁਰਮਤਿ ਸਹਜਿ ਸਮਾਨਾ ॥{ਪੰਨਾ 221} ਭਾਵ: ਹੇ ਨਾਨਕ, ਆਖ! ਮੈਂ ਤਾਂ ਸਤਿਗੁਰੂ ਦੀ ਮਤ ਦੁਆਰਾ ਹੀ ਪਰਮਾਤਮਾ ਦੇ ਹੁਕਮ ਨੂੰ ਪਛਾਣਿਆ ਹੈ, (ਭਾਵ ਇਹ ਕਿ ਮੈਂ ਜਾਣ ਲਿਆ ਕਿ ਪ੍ਰਭੂ ਦੇ ਹੁਕਮ ਵਿੱਚ ਚੱਲਣਾ ਹੀ ਸਹੀ ਰਸਤਾ ਹੈ) ਤੇ ਮੈਂ ਅਡੋਲ ਅਵਸਥਾ ਵਿੱਚ ਟਿਕ ਗਿਆ ਹਾਂ। ਗੁਰਬਾਣੀ (ਸ਼ਬਦ, ਗਿਆਨ) ਦੁਆਰਾ ਪਰਮਾਤਮਾ ਦੇ ਹੁਕਮ ਨੂੰ ਜਾਣ, ਬੁੱਝ ਕੇ (ਭਾਵ ਉਸ ਤੇ ਚੱਲ ਕੇ) ਹੀ ਪਰਮਾਤਮਾ ਵਿੱਚ ਸਮਾਇਆ ਜਾ ਸਕਦਾ ਹੈ (ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥ {ਪੰਨਾ 139}) ਅਤੇ ਇਹ (ਪਰਮਾਤਮਾ ਵਿੱਚ ਸਮਾਉਣ ਦਾ) ਕਰਮ ਕੇਵਲ ਮਨ ਦੀ ਹੀ ਕਾਰਵਾਈ ਹੈ ਕਿਉਂਕਿ ਪਰਮਾਤਮਾ ਨਾਲ ਅਭੇਦਤਾ ਮਨ ਕਰਕੇ ਹੀ ਹੈ, ਤਨ ਕਰਕੇ ਨਹੀ। ਮਨ ਦੀ ਅਦ੍ਰਿਸ਼ਟ ਸਾਧਨਾ ਕਠਨ ਹੋਣ ਦੇ ਕਾਰਨ ਮਨੁੱਖ (ਦੀ ਛੋਟੇ ਤੇ ਸੌਖੇ ਰਾਹ ਦੀ ਭਾਲ) ਨੇ ਮਨ ਨੂੰ ਸਾਧਣ ਲਈ ਦਿਸਦੇ ਤਨ ਨੂੰ ਸਾਧਣਾ ਸ਼ੁਰੂ ਕਰ ਦਿੱਤਾ। ਫਿਰ ਸ਼ੁਰੂ ਹੋ ਗਏ ਦਿਖਾਵੇ ਦੇ ਨਿਸਫਲ ਜਪ, ਤਪ, ਪਾਠ, ਪੂਜਾ, ਭਜਨ, ਤੀਰਥ ਭਰਮਨ ਤੇ ਇਸ਼ਨਾਨ, ਦਾਨ, ਪੁੰਨ, ਸੇਵਾ ਆਦਿਕ ਦੇ ਕਰਮ ਕਾਂਡ ਜੋ ਮਨੁੱਖ ਨੂੰ ਇਤਨਾ ਪਰਭਾਵਤ ਕਰ ਚੁੱਕੇ ਹਨ ਕਿ ਮਨੁੱਖ ਨੂੰ ਮਨ ਦੀ ਸਾਧਨਾ ਕੁਨੀਨ ਦੀ ਗੋਲੀ ਵਾਂਗ ਕੌੜੀ ਲਗਦੀ ਹੈ। ਧਰਮ ਅਸਥਾਨਾਂ ਵਲ ਨਿਗ੍ਹਾ ਮਾਰਿਆ ਇਹਨਾਂ ਰੀਤਾਂ ਰਸਮਾਂ ਤੇ ਕਰਮ ਕਾਂਡਾਂ, ਜਿਨ੍ਹਾ ਤੋਂ ਗੁਰਬਾਣੀ ਵਰਜਦੀ ਹੈ, ਦੀ ਇਹ ਹਕੀਕਤ ਸਾਹਮਣੇ ਆ ਜਾਵੇਗੀ। ਗੁਰੂ ਦਾ ਤਾਂ ਇਹ ਫਰੁਮਾਨ ਹੈ ਕਿ:

ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ ॥ ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ ॥ (੮੭)। ਭਾਵ: ਹੇ ਭਾਈ, ਗੁਰਮੁੱਖਾਂ ਵਾਲੀ ਕਾਰ ਕਰਕੇ (ਭਾਵ ਗੁਰਸਿਖਿਆ ਤੇ ਚਲ ਕੇ) ਸਦਾ ਨਾਮ ਅੰਮ੍ਰਿਤ ਪੀਵੀਏ। ਮਨ ਨੂੰ ਛੱਡ ਕੇ ਜੋ ਜੀਵ (ਸਰੀਰ ਆਦਿਕ) ਹੋਰ ਨਾਲ ਝਗੜਾ ਪਾਉਂਦਾ ਹੈ (ਭਾਵ ਤਨ ਰਾਹੀਂ ਮਨ ਦੀ ਸਾਧਨਾ ਕਰਦਾ ਹੈ) ਉਹ ਜਨਮ ਬਿਰਥਾ ਗਵਾ ਲੈਂਦਾ ਹੈ। ਗੁਰੂ ਦੀ ਸਿਖਿਆ ਤੇ ਚੱਲਣਾ ਹੀ “ਤੇਰਾ ਕੀਆ ਮੀਠਾ ਲਾਗੈ” ਜਾਂ ਅੰਮ੍ਰਿਤ ਨਾਮ ਭੁੰਚਣਾ ਹੈ ਜੋ ਕੇਵਲ ਮਨ ਦਾ ਹੀ ਕਾਰਜ ਹੈ। ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥ ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ ॥{ਪੰਨਾ 342} ਭਾਵ: (ਹਰੇਕ ਜੀਵ ਦਾ) ਅਸਲ ਕੰਮ ਮਨ (ਨੂੰ ਕਾਬੂ ਰੱਖਣ) ਨਾਲ ਹੈ ਜਿਸ ਨਾਲ ਜੀਵਨ ਦੇ ਅਸਲ ਮਨੋਰਥ ਦੀ ਕਾਮਯਾਬੀ ਹੁੰਦੀ ਹੈ। ਕਬੀਰ ਆਖਦਾ ਹੈ ਕਿ ਅਸਲ ਕੰਮ ਕੇਵਲ ਮਨ ਨਾਲ ਹੀ ਹੈ, ਮਨ ਵਰਗਾ (ਜੀਵ ਨੂੰ) ਹੋਰ ਕੋਈ ਨਹੀ ਮਿਲਿਆ (ਜਿਸ ਨਾਲ ਇਸ ਦਾ ਅਸਲ ਵਾਹ ਪੈਂਦਾ ਹੋਵੇ)। ਸਪਸ਼ਟ ਹੈ ਕਿ ਧਰਮ ਦਾ ਸਾਰਾ ਕੰਮ ਮਨ ਨੂੰ ਸਾਧਣਾ, ਪਵਿੱਤ੍ਰ ਕਰਨਾ ਹੀ ਹੈ ਜੋ ਕੇ ਸਰੀਰ ਉੱਤੇ ਜਾਂ ਸਰੀਰ ਨਾਲ ਕੀਤੇ ਕਰਮ ਕਾਂਡਾਂ ਨਾਲ ਨਹੀ ਹੋ ਸਕਦਾ। ਜੋ ਜਨ ਲੂਝਹਿ ਮਨੈ ਸਿਉ ਸੇ ਸੂਰੇ ਪਰਧਾਨਾ ॥ ਹਰਿ ਸੇਤੀ ਸਦਾ ਮਿਲਿ ਰਹੇ ਜਿਨੀ ਆਪੁ ਪਛਾਨਾ ॥ (੧੦੮੯)। ਭਾਵ: ਜੋ ਮਨੁੱਖ ਆਪਣੇ ਮਨ ਨਾਲ ਲੜਦੇ ਹਨ (ਭਾਵ ਮਨ ਦੀ ਸਾਧਨਾ ਕਰਦੇ ਹਨ) ਉਹ ਮੰਨੇ ਪ੍ਰਮੰਨੇ ਸੂਰਮੇ ਹਨ। ਜਿਨ੍ਹਾ ਨੇ (ਮਨ ਦੁਆਰਾ) ਆਪਣੇ ਆਪ ਨੂੰ ਪਛਾਣਿਆ ਹੈ ਉਹ ਸਦਾ ਪਰਮਾਤਮਾ ਨਾਲ ਮਿਲੇ ਰਹਿੰਦੇ ਹਨ। ਗੁਰ ਸ਼ਬਦ ਦੁਆਰਾ ਮਨ ਨੂੰ ਸਾਧੇ ਬਿਨਾ ਧਰਮੀ ਨਹੀ ਹੋਇਆ ਜਾ ਸਕਦਾ। ਸਚੁ ਕਮਾਵੈ ਸੋਈ ਕਾਜੀ ॥ ਜੋ ਦਿਲੁ ਸੋਧੈ ਸੋਈ ਹਾਜੀ ॥ (੧੦੮੩)। ਭਾਵ: ਹੇ ਖੁਦਾ ਦੇ ਬੰਦੇ, ਜਿਹੜਾ ਬੰਦਾ (ਸਦਾ ਕਾਇਮ ਰਹਿਣ ਵਾਲੇ) ਪਰਮਾਤਮਾ ਦੀ ਬੰਦਗੀ ਕਰਦਾ ਹੈ ਉਹੀ ਅਸਲ ਕਾਜ਼ੀ (ਧਰਮੀ) ਹੈ। ਜਿਹੜਾ ਮਨੁੱਖ ਆਪਣੇ ਦਿਲ (ਮਨ) ਨੂੰ ਪਵਿੱਤ੍ਰ ਰੱਖਣ ਦਾ ਜਤਨ ਕਰਦਾ ਹੈ ਉਹੀ ਅਸਲ ਹੱਜ ਕਰਨ ਵਾਲਾ (ਭਾਵ ਧਰਮ ਦਾ ਪਾਂਧੀ) ਹੈ। ਦਿਲ ਨੂੰ ਸੋਧਣਾ ਹੀ ਸਚ ਕਮਾਉਣਾ ਹੈ ਤੇ ਇਹੀ ਰੱਬ ਦੀ ਬੰਦਗੀ ਹੈ। ਸੋ ਇਹ ਸਪਸ਼ਟ ਹੈ ਕਿ ਪਰਮਾਤਮਾ ਦੇ ਹੁਕਮ (ਨਿਯਮਾ) ਨੂੰ ਗੁਰਮਤਿ ਦੁਆਰਾ ਬੁੱਝ ਕੇ ਉਸ ਉੱਤੇ ਚਲਣਾ ਦਾ ਹੀ ਮਨ ਨੂੰ ਸੋਧਣਾ ਅਤੇ ਰੱਬ ਦੀ ਬੰਦਗੀ ਹੈ ਜੋ ਕਿਸੇ ਬਾਹਰਲੇ ਕਰਮ ਕਾਂਡ ਜਾਂ ਵੇਸ ਤੇ ਨਿਰਭਰ ਨਹੀ। ਮਨ ਤੋਂ ਬਿਨਾ ਕਿਸੇ ਹੋਰ ਬਾਹਰਲੇ ਕਰਮ ਕਾਂਡ ਜਾਂ ਵੇਸ ਨਾਲ ਲੁੱਝਣਾ ਗੁਰਮਤਿ ਅਨਕੂਲ ਨਹੀ। ਸਦੀਆਂ ਤੋਂ ਪਏ ਹੋਏ ਭਰਮ ਭੁਲੇਖੇ ਇਸ ਨੁਕਤੇ ਨੂੰ ਹਜ਼ਮ ਨਹੀ ਹੋਣ ਦਿੰਦੇ ਇਸ ਲਈ ਜਿਨੀ ਦੇਰ ਤਕ ਮਨੁੱਖ ਕੋਈ ਬਾਹਰਲਾ ਸਰੀਰ ਨਾਲ ਕਰਮ ਕਾਂਡ ਨਹੀ ਕਰ ਲੈਂਦਾ ਉਸ ਨੂੰ ਇਹ ਯਕੀਨ ਹੀ ਨਹੀ ਬੱਝਦਾ ਕਿ ਉਸ ਨੇ ਕੋਈ ਧਰਮ ਦਾ ਕਰਮ ਕੀਤਾ ਹੈ। ਮਨ ਵਿਚੋਂ ਅਦ੍ਰਿਸ਼ਟ ਵਿਕਾਰਾਂ (ਕਾਮ, ਕ੍ਰੌਧ, ਲੋਭ, ਮੋਹ, ਅਹੰਕਾਰ) ਨੂੰ ਕੱਢਣਾ ਤੇ ਰੱਬੀ ਗੁਣਾ (ਸਤ, ਸੰਤੋਖ, ਦਇਆ, ਨਿਮਰਤਾ, ਖਿਮਾ ਤੇ ਪਿਆਰ ਆਦਿਕ) ਨੂੰ ਧਾਰਨ ਕਰਨਾ ਮਨੁੱਖ ਨੂੰ ਧਰਮ ਦਾ ਕਰਮ ਨਹੀ ਲੱਗਦਾ ਕਿਉਂਕਿ ਇੱਕ ਤਾਂ ਇਹ ਕਠਨ ਲੱਗਦਾ ਹੈ ਤੇ ਦੂਜਾ ਇਸ ਵਿੱਚ ਬਾਹਰੋਂ ਸਰੀਰ ਨਾਲ/ਉੱਤੇ ਕਰਨ ਤੇ ਦਿਖਾਉਣ ਨੂੰ ਕੁੱਝ ਨਹੀ ਬਚਦਾ। ਧਰਮ ਕਰਮ ਦੇ ਦਿਖਾਵੇ ਬਿਨਾ ਪ੍ਰਤਿਸ਼ਠਾ ਨਹੀ ਪਲਦੀ, ਅਹੰਕਾਰ ਨਹੀ ਜਾਗਦਾ, ਹਉਮੈ ਦਾ ਸਬੂਤ ਹੀ ਨਹੀ ਰਹਿ ਜਾਂਦਾ ਤੇ ਸਬੂਤ ਤੋਂ ਬਿਨਾ ਧਰਮੀ ਹੋਣ ਦਾ ਮਜ਼ਾ ਹੀ ਨਹੀ ਰਹਿ ਜਾਂਦਾ। ਦੂਜੇ ਨੂੰ ਕਿਵੇਂ ਪਤਾ ਲੱਗੇ ਕਿ ਮੈ ਕਿਤਨਾ ਧਰਮੀ ਹਾਂ। ਇਹੀ ਕਾਰਨ ਹੈ ਕਿ ਅੱਜ ਧਰਮ ਦੇ ਸਾਰੇ ਕਰਮ ਬਾਹਰਲੇ ਦਿਖਾਵੇ ਤੇ ਹੀ ਨਿਰਭਰ ਹਨ। ਹਰ ਕੋਈ ਇਹੀ ਦੱਸਣਾ ਤੇ ਦਿਖਾਉਣਾ ਚਹੁੰਦਾ ਹੈ ਕਿ ਉਸ ਵਿੱਚ ਧਰਮ ਦੀ ਕਿਹੜੀ ਵਿਲੱਖਣਤਾ ਹੈ। ਇਤਿਹਾਸ ਗਵਾਹੀ ਭਰਦਾ ਹੈ ਕਿ ਸੱਜਣ ਠੱਗ ਦੇ ਬਾਹਰਲੇ ਧਾਰਮਕ ਕਰਮ ਕਾਂਡ ਤੇ ਵੇਸ ਬਾਬੇ ਨਾਨਕ ਦੀ ਪਾਰਖੂ ਅੱਖ ਨੂੰ ਧੋਖਾ ਨਾ ਦੇ ਸਕੇ ਪਰ ਸਿੱਖ ਨੇ ਫਿਰ ਵੀ ਇਸ ਤੋਂ ਕੋਈ ਸਬਕ ਨਹੀ ਸਿਖਿਆ ਭਾਵੇਂ ਗੁਰੂ ਜਿਨੀ ਵਾਰ ਮਰਜ਼ੀ ਕਹੀ ਜਾਵੇ:

ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥ (੪੭੩)। ਜੋ ਮਨੁੱਖ ਮਨੋ ਤਾਂ ਝੂਠੇ ਹਨ ਪਰ ਬਾਹਰ (ਧਾਰਮਕ ਕਰਮ ਕਾਂਡਾਂ ਤੇ ਵੇਸਾਂ ਨਾਲ) ਕੂੜੀ ਇਜ਼ਤ ਬਣਾਈ ਬੈਠੇ ਹਨ ਅਤੇ ਜਗਤ ਵਿੱਚ ਵਖਾਵੇ ਤੋਂ ਧਰਮੀ ਲਗਦੇ ਹਨ, ਉਹ ਭਾਵੇਂ ਅਠਾਹਠ ਤੀਰਥਾਂ ਉਤੇ (ਜਾ ਕੇ ਵੀ) ਇਸ਼ਨਾਨ ਕਰਨ ਉਹਨਾ ਦੇ ਮਨ ਦੀ ਕਪਟ ਦੀ ਮੈਲ ਕਦੇ ਨਹੀ ਉਤਰਦੀ। ਅਠਾਹਠ ਤੀਰਥਾਂ ਤੇ ਜਾਣਾਂ ਤਾਂ ਇੱਕ ਪਾਸੇ ਉਹ ਭਾਵੇਂ ਤੀਰਥਾਂ ਤੇ ਰਹਿੰਦੇ ਵੀ ਹੋਣ ਫਿਰ ਵੀ ਮਨ ਦੀ ਮੈਲ ਅੰਦਰੋਂ ਨਹੀ ਜਾਂਦੀ ਤੇ ਇਹ ਹਕੀਕਤ ਅੱਜ ਧਰਮ ਆਗੂਆਂ ਵਿੱਚ ਦੇਖੀ ਜਾ ਸਕਦੀ ਹੈ। ਜਦੋਂ ਤਕ ਮਨ ਮੈਲਾ ਹੈ ਤਦ ਤਕ ਮਨ ਦਾ ਕੀਤਾ ਹਰ ਧਰਮ ਕਰਮ ਮੈਲਾ ਹੀ ਹੋਵੇਗਾ ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ ੫੫੮। ਸਰੀਰ ਨੂੰ ਬਾਹਰੋਂ ਧੋਣ (ਸਾਧਣ) ਦਾ ਕਰਮ ਸਰੀਰ ਦੀ ਮੈਲ ਨੂੰ ਤਾਂ ਜ਼ਰੂਰ ਧੋ ਦੇਵੇਗਾ ਪਰ ਇਹ ਅੰਦਰੂਨੀ (ਮਨ ਦੇ ਵਿਕਾਰਾਂ ਦੀ) ਮੈਲ ਨੂੰ ਨਹੀ ਧੋ ਸਕਦਾ, ਮਨ ਨੂੰ ਪਵਿੱਤ੍ਰ ਨਹੀ ਕਰ ਸਕਦਾ। ਸਰੀਰਕ ਕਰਮ ਕਾਂਡ ਮਨ ਨੂੰ ਨਹੀ ਸਾਧ ਸਕਦੇ। ਘਰਿ ਘਰਿ ਪੜਿ ਪੜਿ ਪੰਡਿਤ ਥਕੇ ਸਿਧ ਸਮਾਧਿ ਲਗਾਇ ॥ ਇਹੁ ਮਨੁ ਵਸਿ ਨ ਆਵਈ ਥਕੇ ਕਰਮ ਕਮਾਇ ॥ {ਪੰਨਾ 644} ਭਾਵ: ਅਨੇਕਾਂ ਪੰਡਿਤ ਲੋਕ ਪੜ੍ਹ ਪੜ੍ਹ ਕੇ ਤੇ ਸਿਧ ਸਮਾਧੀਆਂ ਲਾ ਲਾ ਕੇ ਥੱਕ ਗਏ, ਕਈ ਕਰਮ ਕਾਂਡ ਕਰ ਕੇ ਥੱਕ ਗਏ ਹਨ ਪਰ ਇਹਨਾ (ਬਾਹਰਲੇ ਕਰਮ ਕਾਂਡਾਂ) ਨਾਲ ਮਨ ਵਸ ਨਹੀ ਆਉਂਦਾ। ਅਸਲ ਵਿੱਚ ਸੱਚ ਤਾਂ ਇਹ ਹੈ ਕਿ ਮਨੁੱਖ ਦਾ ਮੌਜੂਦਾ ਰਵਈਆ ਆਪਣੇ ਮਨ ਨੂੰ ਵਸ ਕਰਨ ਦਾ ਹੈ ਹੀ ਨਹੀ ਬਲਿਕੇ ਧਰਮ ਦਾ ਦਿਖਾਵਾ ਕਰਕੇ ਦੂਸਰਿਆਂ ਨੂੰ ਆਪਣੇ ਵਸ ਕਰਨ ਦਾ ਹੈ ਤੇ ਇਹ ਕਰਨ ਲਈ ਇਸ ਨੂੰ ਦਿਖਾਵੇ ਦੇ ਭੇਖਾਂ ਤੇ ਕਰਮ ਕਾਂਡਾਂ ਦਾ ਸਹਾਰਾ ਲੈਣਾ ਪੈਂਦਾ ਹੈ।। ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ॥ ਮਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ ॥ {ਪੰਨਾ 644} ਭਾਵ: ਧਾਰਮਕ ਭੇਖ ਕਰਨ ਵਾਲੇ ਮਨੁੱਖ ਕਈ ਭੇਖ ਕਰਕੇ ਤੇ ਅਠਾਹਠ ਤੀਰਥਾਂ ਤੇ ਨ੍ਹਾ ਕੇ ਥੱਕ ਗਏ, ਪਰ ਹਉਮੈ ਤੇ ਭਰਮ ਵਿੱਚ ਭੁੱਲੇ ਹੋਇਆਂ ਨੂੰ, ਮਨ ਦੀ ਸਾਰ ਨਹੀ ਆਈ। ਸਪਸ਼ਟ ਹੈ ਕਿ ਬਾਹਰਲੇ ਵਖਾਵੇ ਦੇ ਸਰੀਰਕ ਕਰਮ ਕਾਂਡਾਂ, ਭੇਖਾਂ ਤੇ ਸੰਕੇਤਾਂ ਨਾਲ ਮਨ ਨਹੀ ਸਾਧਿਆ ਜਾ ਸਕਦਾ। ਇਹ ਇੱਕ ਨਿੱਜੀ ਮਾਮਲਾ ਹੈ ਜਿਸ ਵਿੱਚ ਕਿਸੇ ਹੋਰ ਦਾ ਦਖਲ ਨਹੀ ਹੋ ਸਕਦਾ ਤੇ ਨਾ ਹੀ ਇਸ ਨੂੰ ਮਾਇਆ ਨਾਲ ਖਰੀਦਿਆ ਜਾ ਸਕਦਾ ਹੈ। ਮਨ ਮਹਿ ਕ੍ਰੋਧੁ ਮਹਾ ਅਹੰਕਾਰਾ ॥ ਪੂਜਾ ਕਰਹਿ ਬਹੁਤੁ ਬਿਸਥਾਰਾ ॥ ਕਰਿ ਇਸਨਾਨੁ ਤਨਿ ਚਕ੍ਰ ਬਣਾਏ ॥ ਅੰਤਰ ਕੀ ਮਲੁ ਕਬ ਹੀ ਨ ਜਾਏ ॥੧॥ ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ ॥ ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ ॥੧॥ ਰਹਾਉ ॥ ਪਾਪ ਕਰਹਿ ਪੰਚਾਂ ਕੇ ਬਸਿ ਰੇ ॥ ਤੀਰਥਿ ਨਾਇ ਕਹਹਿ ਸਭਿ ਉਤਰੇ ॥ ਬਹੁਰਿ ਕਮਾਵਹਿ ਹੋਇ ਨਿਸੰਕ ॥ ਜਮ ਪੁਰਿ ਬਾਂਧਿ ਖਰੇ ਕਾਲੰਕ ॥੨॥ ਘੂਘਰ ਬਾਧਿ ਬਜਾਵਹਿ ਤਾਲਾ ॥ ਅੰਤਰਿ ਕਪਟੁ ਫਿਰਹਿ ਬੇਤਾਲਾ ॥ ਵਰਮੀ ਮਾਰੀ ਸਾਪੁ ਨ ਮੂਆ ॥ ਪ੍ਰਭੁ ਸਭ ਕਿਛੁ ਜਾਨੈ ਜਿਨਿ ਤੂ ਕੀਆ ॥੩॥ ਪੂੰਅਰ ਤਾਪ ਗੇਰੀ ਕੇ ਬਸਤ੍ਰਾ ॥ ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ ॥ ਦੇਸੁ ਛੋਡਿ ਪਰਦੇਸਹਿ ਧਾਇਆ ॥ ਪੰਚ ਚੰਡਾਲ ਨਾਲੇ ਲੈ ਆਇਆ ॥੪॥ {ਪੰਨਾ 1348} ਭਾਵ: ਮੋਹ ਮਾਇਆ ਵਿੱਚ ਫਸਿਆ ਮਨ ਸਰੀਰ ਉਤੇ ਧਾਰਮਕ ਚਿਹਨ ਬਣਾਂਦਾ ਰਹੇ ਇਸ ਤਰਾਂ ਨਾਲ ਕਿਸੇ ਨੇ ਵੀ ਪ੍ਰਭੂ ਮਿਲਾਪ ਹਾਸਲ ਨਹੀ ਕੀਤਾ। ਕ੍ਰੌਧੀ ਤੇ ਹੰਕਾਰੀ ਮਨ ਮੋਹ ਮਾਇਆ ਤੇ ਅਹੰਕਾਰ ਦੇ ਵਸ ਹੋਇਆ ਅਨੇਕ ਰੀਤਾਂ ਰਸਮਾਂ ਦੇ ਖਿਲਾਰੇ ਖਿਲਾਰ ਕੇ ਬਾਹਰਲੇ ਕਰਮ ਧਰਮ ਕਰਦਾ ਰਹੇ, ਬਾਹਰੋਂ ਤਨ ਨਾਲ ਤੇ ਤਨ ਉਤੇ ਧਾਰਮਕ ਚਿਹਨ ਤੇ ਉਹਨਾਂ ਦੇ ਨਿਸ਼ਾਨ ਬਣਾਉਂਦਾ ਰਹੇ ਪਰ ਇਸ ਤਰਾਂ ਕੀਤਿਆਂ ਵੀ ਮਨ ਤੋਂ ਵਿਕਾਰਾਂ ਦੀ ਮੈਲ ਕਦੇ ਦੂਰ ਨਹੀ ਹੁੰਦੀ। ਜੋ ਪੰਜਾਂ (ਵਿਕਾਰਾਂ) ਵਸ ਹੋ ਕੇ ਪਾਪ ਕਰਦਾ ਹੈ ਤੇ (ਬਾਹਰਲਾ ਇਸ਼ਨਾਨ ਕਰਕੇ) ਪਾਪ ਧੋਤੇ ਗਏ ਸਮਝਕੇ ਮੁੜ ਪਾਪਾਂ ਵਿੱਚ ਖੱਚਤ ਹੋ ਜਾਂਦਾ ਹੈ ਉਹਨਾਂ ਨੂੰ ਬੰਨ੍ਹ ਕੇ ਜਮਰਾਜ ਕੋਲ ਅਪੜਾਇਆ ਜਾਂਦਾ ਹੈ। ਜੋ ਧਰਮ ਦੇ ਨਾਂ ਤੇ ਘੁੰਗਰੂ ਬੰਨ੍ਹ ਕੇ ਤਾਲ ਵਿੱਚ ਨਚਦੇ ਟਪਦੇ ਹਨ ਪਰ ਮਨ ਵਿੱਚ ਠੱਗੀ ਫਰੇਬ ਹੈ ਉਹ (ਅਸਲ ਵਿੱਚ ਸਹੀ) ਜੀਵਨ ਦੀ ਤਾਲ ਤੋਂ ਖੁੰਝ ਗਏ ਹਨ। ਸੱਪ ਦੀ ਖੁੱਡ ਬੰਦ ਕਰਨ ਨਾਲ ਸੱਪ ਨਹੀ ਮਰ ਜਾਂਦਾ ਭਾਵ ਬਾਹਰਲੀਆਂ ਕਿਸੇ ਵੀ ਸਰੀਰਕ ਰੀਤਾਂ ਰਸਮਾਂ, ਕਰਮ ਕਾਂਡਾਂ, ਭੇਖਾਂ ਤੇ ਸੰਕੇਤਾਂ ਨਾਲ ਤਨ ਰੂਪੀ ਖੁੱਡ ਵਿੱਚ ਬੈਠੇ ਮਨ ਨੇ ਨਹੀ ਮਰਨਾ ਜਾਂ ਸੋਧਿਆ ਨਹੀ ਜਾਣਾ। (ਤੇਰੀ ਇਹ ਚਤੁਰਾਈ ਨਹੀ ਚੱਲਣੀ) ਕਿਉਂਕਿ ਤੈਨੂੰ ਪੈਦਾ ਕਰਨ ਵਾਲਾ ਪਰਮਾਤਮਾ ਤੇਰੇ (ਅੰਦਰੂਨੀ) ਦਿਲ (ਮਨ) ਦੀ ਹਰੇਕ ਗਲ (ਚਲਾਕੀ) ਨੂੰ ਜਾਣਦਾ ਹੈ। ਜੋ ਮਨੁੱਖ ਧੂਣੀਆਂ ਤਪਾਂਦਾ ਰਹਿੰਦਾ ਹੈ, ਗੇਰੀ ਰੰਗੇ ਕੱਪੜੇ ਪਾਈ ਫਿਰਦਾ ਹੈ ਪਰ (ਉਂਝ ਕਿਸੇ) ਬਿਪਤਾ ਦਾ ਮਾਰਿਆ ਘਰੋਂ ਭੱਜਾ ਫਿਰਦਾ ਹੈ, ਆਪਣਾ ਵਤਨ ਛੱਡ ਕੇ ਹੋਰ ਦੇਸਾਂ ਵਿੱਚ ਭਟਕਦਾ ਫਿਰਦਾ ਹੈ ਉਹ ਵੀ ਇਹਨਾਂ ਪੰਜਾਂ ਚੰਡਾਲਾਂ ਨੂੰ ਆਪਣੇ ਨਾਲ ਹੀ ਲਈ ਫਿਰਦਾ ਹੈ। ਗੁਰੂ ਨੇ ਸਪਸ਼ਟ ਕਰ ਦਿੱਤਾ ਕਿ (ਗੁਰੂ ਦੀ ਸਿਖਿਆ ਤੇ ਚੱਲ ਕੇ) ਮਨ ਦੀ ਸਾਧਨਾਂ (ਮਨ ਦੀ ਪਵਿੱਤ੍ਰਤਾ) ਤੋਂ ਬਿਨਾ ਕੀਤੇ ਸਰੀਰ ਨਾਲ ਜਾਂ ਸਰੀਰ ਉੱਤੇ ਬਾਹਰਲੇ ਕਰਮ ਧਰਮ ਨਿਸਫਲ ਹਨ ਕਿਉਂਕਿ ਇਹ ਵਖਾਵੇ ਲਈ ਕੀਤਾ ਇੱਕ ਧੋਖਾ ਹੀ ਹੈ, ਮਨੁੱਖ ਦੀ ਚਲਾਕੀ ਹੀ ਹੈ ਜਿਸ ਨੂੰ ਗੁਰਬਾਣੀ ਪੂਰਨ ਤੌਰ ਤੇ ਖੰਡਣ ਕਰਦੀ ਹੈ: ਕਰੈ ਦੁਹਕਰਮ ਦਿਖਾਵੈ ਹੋਰੁ ॥ ਰਾਮ ਕੀ ਦਰਗਹ ਬਾਧਾ ਚੋਰੁ ॥ (੧੯੪)। ਜੋ ਮਨੁੱਖ ਮਨ ਅੰਦਰ ਵਿਕਾਰਾਂ ਦੀ ਮੈਲ ਨਾਲ ਭਰਿਆ ਖੋਟੇ ਕਰਮ ਕਰਦਾ ਹੈ ਪਰ ਬਾਹਰ ਜਗਤ ਨੂੰ ਦਿਖਾਵਾ ਧਰਮੀ ਹੋਣ ਦਾ ਕਰਦਾ ਹੈ ਉਹ ਪਰਮਾਤਮਾ ਦੀ ਦਰਗਾਹ ਵਿੱਚ ਚੋਰਾਂ ਵਾਂਗ ਬੰਨ੍ਹਿਆ ਜਾਂਦਾ ਹੈ। ਗੁਰਬਾਣੀ ਦੀ ਐਨਕ ਲਾ ਕੇ ਵੇਖਿਆਂ ਅੱਜ ਦੇ ਧਰਮ ਆਗੂਆਂ ਦੀ ਅਸਲੀ ਤਸਵੀਰ ਨਜ਼ਰ ਆ ਜਾਵੇਗੀ। ਉਹਨਾਂ ਦੀ ਕਹਿਣੀ ਤੇ ਕਰਨੀ ਵਿੱਚ ਅੰਤਰ ਸਾਫ ਦਿੱਸ ਪਵੇਗਾ। ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ ॥ ਕੂੜੁ ਕਪਟੁ ਕਮਾਵਦੇ ਕੂੜੁ ਪਰਗਟੀ ਆਇਆ ॥ ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛਪਾਇਆ ॥ (੧੨੪੩)। ਭਾਵ: ਜਿਨ੍ਹਾ ਮਨੁੱਖਾਂ ਦੇ ਮਨ ਅੰਦਰ ਸਚਾਈ ਨਹੀ ਧੋਖਾ ਹੈ, ਪਰ ਬਾਹਰੋਂ ਸਰੀਰ ਨੂੰ ਬੜਾ ਧੋ ਧੋ ਰੱਖਦੇ ਹਨ, ਉਹ ਹਰ ਕਰਮ ਵਿੱਚ ਝੂਠ ਤੇ ਧੋਖਾ ਹੀ ਵਰਤਦੇ ਹਨ ਜੋ ਆਖਰ ਉੱਘੜ ਆਉਂਦਾ ਹੈ ਕਿਉਂਕਿ ਮਨ ਅੰਦਰ ਜੋ ਕੁੱਝ ਹੁੰਦਾ ਹੈ ਉਹੀ ਜ਼ਾਹਰ ਹੋ ਜਾਂਦਾ ਹੈ ਤੇ ਲੁਕਾਇਆਂ ਨਹੀ ਲੁਕਦਾ। ਇਸ ਲਈ ਜਿਨੀ ਦੇਰ ਤਕ ਗੁਰਬਾਣੀ ਦੀ ਐਨਕ (ਸਿਖਿਆ) ਪ੍ਰਾਪਤ ਨਹੀ ਹੁੰਦੀ ਉਤਨੀ ਦੇਰ ਤਕ ਇਹਨਾ ਝੂਠੇ, ਧੋਖੇਬਾਜ਼ ਤੇ ਚੋਰਾਂ ਤੋਂ ਬਚਿਆ ਨਹੀ ਜਾ ਸਕਦਾ। ਜੀਵਨ ਸਫਲ ਬਨਾਉਣ ਲਈ ਪਰਮਾਤਮਾ (ਗੁਰੂ) ਦੇ ਹੁਕਮ ਨੂੰ ਗੁਰਬਾਣੀ ਦੁਆਰਾ ਬੁੱਝ ਕੇ ਮਨ ਨੂੰ (ਵਿਕਾਰਾਂ ਦੀ ਮੈਲ ਤੋਂ) ਪਵਿੱਤ੍ਰ ਕਰਨਾ ਪਵੇਗਾ ਕਿਉਂਕਿ ਮਨ ਵਿੱਚ ਵਿਕਾਰਾਂ ਦੀ ਮੈਲ ਦੇ ਹੁੰਦਿਆਂ ਬਾਹਰੋਂ ਧਰਮੀ ਹੋਣ ਦਾ ਦਿਖਾਵਾ ਜਾਂ ਦ੍ਹਾਵਾ ਕਰਨਾ ਇੱਕ ਧੋਖਾ, ਠੱਗੀ ਜਾਂ ਚੋਰੀ ਦੇ ਬਰਾਬਰ ਹੈ। ਗੁਰੂ ਦੀ ਇਹ ਕਸਵੱਟੀ ਕਿਸ ਕਿਸ ਨੂੰ ਇਸ ਧੋਖੇਬਾਜ਼ਾਂ, ਠੱਗਾਂ ਤੇ ਚੋਰਾਂ ਦੀ ਕਤਾਰ ਵਿੱਚ ਖੜਾ ਕਰਦੀ ਹੈ, ਇਸ ਦਾ ਫੈਸਲਾ ਨਿੱਜੀ ਤੌਰ ਤੇ ਆਪਣੇ ਮਨ ਨੂੰ ਪੜ੍ਹ ਕੇ ਹਰ ਕੋਈ ਕਰ ਸਕਦਾ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.