.

ਅਰਥ ਨਿਖਾਰ-ਪਉੜੀ ੧੬, ਵਾਰ ਮਾਝ ਕੀ ਵਾਰ ਮ: ੧

ਭਗਤਾ ਤੈ ਸੈਸਾਰੀਆ

ਜੋੜੁ ਕਦੇ ਨ ਆਇਆ

(ਭਾਗ-੨)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਇਸ ਤੋਂ ਪਹਿਲਾ ਭਾਗ ਜ਼ਰੂਰ ਪੜੋ ਜੀ)

“ਕਲਿ ਕਾਤੀ ਰਾਜੇ ਕਾਸਾਈ” - ਵਿਚਾਰ ਅਧੀਨ ਪਉੜੀ “ਮਾਝ ਕੀ ਵਾਰ ਮ: ੧” ਦੀ ਪਉੜੀ ਨੰਬਰ ੧੬ ਹੈ। ਪਉੜੀ ਨਾਲ ਦੋ ਸਲੋਕ ਹਨ। ਇਨ੍ਹਾਂ ਸਲੋਕਾਂ `ਚੋਂ ਪਹਿਲਾ ਸਲੋਕ ਮਹਲੇ ਪਹਿਲੇ ਦਾ ਹੈ ਤੇ ਦੂਜਾ ਮਹਲੇ ਤੀਜੇ ਭਾਵ ਦੂਜਾ ਸਲੋਕ ਤੀਜੇ ਪਾਤਸ਼ਾਹ ਦੀ ਰਚਨਾ ਹੈ। ਉਪ੍ਰੰਤ ਪਉੜੀ, ਪਹਿਲੇ ਪਾਤਸ਼ਾਹ ਦੀ ਹੈ। ਇਸ ਤਰ੍ਹਾਂ ਸਲੋਕਾਂ ਸਮੇਤ ਇਹ ਪਉੜੀ ਇਸ ਤਰ੍ਹਾਂ ਹੈ:-

ਸਲੋਕੁ ਮਃ ੧॥ ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥ ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥ ੧ 

ਮਃ ੩॥ ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ॥ ਗੁਰਮੁਖਿ ਕੋਈ ਉਤਰੈ ਪਾਰਿ॥ ਜਿਸ ਨੋ ਨਦਰਿ ਕਰੇ ਤਿਸੁ ਦੇਵੈ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ॥ ੨ 

ਪਉੜੀ॥ ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ॥ ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ॥ ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ॥ ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ॥ ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ॥ ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ॥ ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪਿ ਗਵਾਇਆ॥ ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ॥ ੧੬ 

ਵਿਸ਼ੇ ਵੱਲ ਹੋਰ ਅੱਗੇ ਵਧਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਪਹਿਲਾਂ ਉਪ੍ਰੋਕਤ ਪਉੜੀ ਤੇ ਇਸ ਪਉੜੀ ਨਾਲ ਸਬੰਧਤ ਦੋਨਾਂ ਸਲੋਕਾਂ ਦੇ ਸਿਧੇ ਅਰਥ ਲਏ ਜਾਣ ਜੋ ਇਸ ਪ੍ਰਕਾਰ ਹਨ। ਤਾਂ ਤੇ:

ਸਲੋਕੁ ਮ: ੧॥ ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ॥ ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥ ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥ ੧॥ {ਪੰਨਾ ੧੪੫}

ਅਰਥ: ਮਨੁੱਖਾ ਜੀਵਨ `ਚ ਕਲਹਿ ਕਲੇਸ਼ ਦੇ ਵਾਤਾਵਰਣ ਦਾ ਮੂਲ ਕਾਰਨ, ਮਨੁੱਖ ਦੇ ਮਨ ਦਾ ਸੁਭਾਉ ਹੀ ਮਾਨੋ ਛੁਰੀ ਹੁੰਦਾ ਹੈ। ਇਸ ਤਰ੍ਹਾਂ ਜਦੋਂ ਮਨੁੱਖ ਦੇ ਸਰੀਰ ਅੰਦਰ, ਇਸ ਦਾ ਮਨ ਰੂਪ ਰਾਜਾ ਹੀ ਜ਼ਾਲਮ ਤੇ ਕਸਾਈ ਬਣਿਆ ਹੁੰਦਾ ਹੈ। ਉਸ `ਤੇ ਮਨੁੱਖਾ ਜੀਵਨ ਦੀ ਅਜਿਹੀ ਮਾਨਸਿਕ ਅਵਸਥਾ ਸਮੇਂ ਮਨੁੱਖਾ ਜੀਵਨ ਦਾ ਸਮੂਚਾ ਵਾਤਾਵਰਣ ਹੀ ਕਲਿਹ ਕਲੇਸ਼ ਦਾ ਯੁਗ ਬਣਿਆ ਹੁੰਦਾ ਹੈ। ਮਨੁੱਖਾ ਜੀਵਨ ਦੀ ਅਜਿਹੀ ਬਣ ਚੁੱਕੀ ਮਾਨਸਿਕ ਅਵਸਥਾ `ਚ ਸੱਚ ਧਰਮ ਦਾ ਇਸ ਤਰ੍ਹਾਂ ਬੀਜ ਨਾਸ ਹੋਇਆ ਹੁੰਦਾਂ ਹੈ ਜਿਵੇਂ ਮਸਿਆ ਦੀ ਕਾਲੀ ਰਾਤ ਸਮੇਂ ਪੂਰਨਮਾਸ਼ੀ ਦੇ ਚੰਦ੍ਰਮਾ ਦਾ ਪ੍ਰਕਾਸ਼ ਦਿਖਾਈ ਵੀ ਨਹੀਂ ਦਿੰਦਾ।

ਮਨੁੱਖਾ ਜੀਵਨ ਵਿਚਲੇ ਇਸ ਅਗਿਆਨਤਾ ਦੇ ਹਨੇਰੇ ਦਾ ਮੂਲ ਕਾਰਨ ਹੀ, ਇਸ ਤਰ੍ਹਾਂ ਮਨੁੱਖ ਦੀ ਆਪਣੀ ਹਉਮੈ ਹੁੰਦੀ ਹੈ। ਅਜਿਹੇ ਅਗਿਆਨਤਾ ਭਰਪੂਰ ਜੀਵਨ ਅੰਦਰੋਂ ਢੂੰਡਿਆਂ ਵੀ ਸੱਚ ਧਰਮ ਦਾ ਪ੍ਰਕਾਸ਼ ਦਿਖਾਈ ਨਹੀਂ ਦਿੰਦਾ। ਉਪ੍ਰੰਤ ਇਸ ਸਬੰਧੀ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਮਨੁੱਖ ਜਦੋਂ ਖ਼ੁੱਦ ਹੀ, ਹਉਮੈ ਕਾਰਨ ਅਗਿਆਨਤਾ ਭਰਪੂਰ ਜੀਵਨ ਜੀਊਣ ਦਾ ਆਦੀ ਹੋ ਚੁੱਕਾ ਹੁੰਦਾ ਹੈ ਤਾਂ ਉਸ ਦੇ ਜੀਵਨ ਦੀ ਅਜਿਹੀ ਮਾਨਸਿਕ ਅਵਸਥਾ ਸਮੇਂ ਉਸ ਦੀ ਜੀਵਨ ਪੱਖੋਂ ਸੰਭਾਲ ਹੋ ਸਕੇ, ਅਜਿਹਾ ਸੰਭਵ ਨਹੀਂ।

ਭਾਵ ਜੀਵਨ ਦੀ ਬਾਜ਼ੀ ਨੂੰ ਜਿੱਤਣ ਲਈ ਜ਼ਰੂਰੀ ਹੈ ਕਿ ਮਨੁੱਖ ਪਹਿਲਾਂ ਆਪਣੀ ਹਉਮੈ ਦਾ ਤਿਆਗ ਕਰੇ ਤਾਂ ਹੀ ਉਸ ਦੇ ਜੀਵਨ ਅੰਦਰ ਸੱਚ ਧਰਮ ਦਾ ਪ੍ਰਕਾਸ਼ ਸੰਭਵ ਹੈ। ੧।

ਮ: ੩॥ ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ॥ ਗੁਰਮੁਖਿ ਕੋਈ ਉਤਰੈ ਪਾਰਿ॥ ਜਿਸ ਨੋ ਨਦਰਿ ਕਰੇ ਤਿਸੁ ਦੇਵੈ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ॥ ੨॥ {ਪੰਨਾ ੧੪੫}

ਅਰਥ: ਇਸ ਤਰ੍ਹਾਂ ਮਨੁੱਖਾ ਜੀਵਨ `ਚੋਂ ਇਸ ਅਗਿਆਨਤਾ ਦੇ ਘੁਪ ਹਨੇਰੇ ਨੂੰ ਦੂਰ ਕਰਣ ਲਈ ਕੇਵਲ ਪ੍ਰਭੂ ਕਰਤੇ ਦੀ ਸਿਫ਼ਤਿ-ਸਾਲਾਹ ਹੀ ਸਮ੍ਰਥ ਹੁੰਦੀ ਹੈ। ਕਿਉਂਕਿ ਕਰਤੇ ਪ੍ਰਭੂ ਦੀ ਇਹ ਸਿਫ਼ਤਿ-ਸਾਲਾਹ ਹੀ ਸੰਸਾਰ ਭਰ ਦੇ ਮਨੁੱਖਾਂ ਦੇ ਜੀਵਨ ਲਈ, ਇਕੋ ਇੱਕ ਚਾਨਣ ਮੁਨਾਰਾ ਹੁੰਦਾ ਹੈ। ਜਦਕਿ ਫ਼ਿਰ ਵੀ ਸਚਾਈ ਇਹੀ ਹੈ ਕਿ ਜੀਵਨ ਦੇ ਇਸ ਚਾਨਣ ਦਾ ਲਾਭ, ਆਪਣੇ ਜੀਵਨ `ਚ ਗੁਰੂ ਗਿਆਨ ਦੀ ਕਮਾਈ ਕਰਕੇ ਅਥਵਾ ਗੁਰੂ ਦੇ ਸਨਮੁਖ ਹੋ ਕੇ, ਵਿਰਲੇ ਹੀ ਲੈਂਦੇ ਤੇ ਸੰਸਾਰ ਸਮੁੰਦਰ ਤੋਂ ਪਾਰ ਹੁੰਦੇ ਹਨ।

ਉਪ੍ਰੰਤ ਤੀਜੇ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਇਹ ਵੀ ਕਿ ਪ੍ਰਭੂ ਆਪ ਹੀ ਜਿਸ `ਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਦੇ ਜੀਵਨ `ਚ ਕਰਤੇ ਦੀ ਸਿਫ਼ਤ ਸਲਾਹ ਵਾਲਾ ਪ੍ਰਕਾਸ਼ ਹੁੰਦਾ ਹੈ; ਜਿਸਤੋਂ ਕੇਵਲ ਅਜਿਹੇ ਗੁਰਮੁਖ ਜਨ, ਗੁਰੂ ਦੇ ਸਨਮੁਖ ਹੋ ਕੇ (ਇਹ ਨਾਮ-ਰੂਪ) ਰਤਨ ਨੂੰ ਲੱਭ ਲੈਂਦੇ ਹਨ। ੨।

ਪਉੜੀ।। ਭਗਤਾ ਤੈ ਸੈਸਾਰੀਆ, ਜੋੜੁ ਕਦੇ ਨ ਆਇਆ।। ਕਰਤਾ ਆਪਿ ਅਭੁਲੁ ਹੈ, ਨ ਭੁਲੈ ਕਿਸੈ ਦਾ ਭੁਲਾਇਆ।। ਭਗਤ ਆਪੇ ਮੇਲਿਅਨੁ, ਜਿਨੀ ਸਚੋ ਸਚੁ ਕਮਾਇਆ।। ਸੈਸਾਰੀ ਆਪਿ ਖੁਆਇਅਨੁ, ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ।। ਚਲਣ ਸਾਰ ਨ ਜਾਣਨੀ, ਕਾਮੁ ਕਰੋਧੁ ਵਿਸੁ ਵਧਾਇਆ।। ਭਗਤ ਕਰਨਿ ਹਰਿ ਚਾਕਰੀ, ਜਿਨੀ ਅਨਦਿਨੁ ਨਾਮੁ ਧਿਆਇਆ।। ਦਾਸਨਿਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ।। ਓਨਾ ਖਸਮੈ ਕੈ ਦਰਿ ਮੁਖ ਉਜਲੇ, ਸਚੈ ਸਬਦਿ ਸੁਹਾਇਆ।। ੧੬।। {ਪੰਨਾ ੧੪੫}

ਅਰਥ: — (ਸੰਸਾਰ `ਚ ਨਿੱਤ ਦੇਖਦੇ ਹਾਂ ਕਿ) ਭਗਤਾਂ ਤੇ ਦੁਨੀਆਦਾਰਾਂ ਦੇ ਜੀਵਨ `ਚ ਕਦੇ ਜੋੜ ਨਹੀਂ ਆਉਂਦਾ। (ਜਦਕਿ ਜਗਤ ਰਚਨਾ ਵਿਚਲੀ ਅਜਿਹੀ ਖੇਡ ਕਿ ਇਨ੍ਹਾਂ ਦੋਨਾਂ ਰਹਿਣੀਆਂ ਤੇ ਸੁਭਾਵਾਂ ਕਾਰਨ, ਮਨੁੱਖ-ਮਨੁੱਖ ਵਿਚਾਲੇ ਜੋੜ ਨਹੀਂ ਆਉਂਦਾ, ਤਾਂ ਵੀ ਇਸ `ਚ ਕਰਤੇ ਪ੍ਰਭੂ ਵਲੋਂ ਉਕਾਈ ਨਹੀਂ)। ਕਿਉਂਕਿ ਕਰਤਾ ਉਕਾਈ ਖਾਣ ਵਾਲਾ ਨਹੀਂ ਅਤੇ ਅਭੁੱਲ ਹੈ। ਇਹ ਵੀ ਕਿ ਕਰਤਾ ਅਕਾਲਪੁਰਖ ਕਿਸੇ ਦੇ ਖੁੰਝਾੳੇਣ ਨਾਲ ਵੀ ਨਹੀਂ ਖੁੰਝਦਾ। ਇਹ ਵੀ ਉਸਦੇ ਹੁਕਮ, ਨਿਆਂ ਤੇ ਰਜ਼ਾ `ਚ ਹੀ ਹੁੰਦਾ ਹੈ ਕਿ) ਉਹ ਕੇਵਲ ਉਨ੍ਹਾਂ ਭਗਤਾਂ ਨੂੰ ਹੀ ਆਪਣੇ ਚਰਨਾਂ ਨਾਲ ਜੋੜਦਾ ਹੈ ਜੋ ਨਿਰੋਲ ਪ੍ਰਭੂ ਰੰਗ `ਚ ਰੰਗੇ ਰਹਿ ਕੇ ਤੇ ਉਸ ਦੀ ਰਜ਼ਾ ਭਾਣੇ `ਚ ਆਪਣੇ ਜੀਵਨ ਦੀ ਸੰਭਾਲ ਕਰਦੇ ਹਨ।

ਇਸ ਵਿਰੁਧ ਦੁਨੀਆਦਾਰ (ਸੰਸਾਰੀ ਲੋਕ) ਜਿਹੜੇ ਆਪਹੁੱਦਰੇ ਹੋ ਕੇ ਆਪਣੇ ਮਨ ਪਿੱਛੇ ਟੁਰਦੇ ਤੇ ਮੋਹ ਮਾਇਆ `ਚ ਖੱਚਤ ਰਹਿ ਕੇ ਜੀਵਨ ਬਤੀਤ ਕਰ ਦਿੰਦੇ ਹਨ, ਦਰਅਸਲ ਅਜਿਹੇ ਲੋਕ ਆਪਣੀ ਕਰਣੀ ਕਾਰਨ ਹੀ ਜੀਵਨ ਭਰ ਕੁਰਾਹੇ ਪਏ ਰਹਿੰਦੇ ਹਨ। ਇਸੇ ਦਾ ਨਤੀਜਾ ਹੁੰਦਾ ਹੈ ਕਿ ਅਜਿਹੇ ਲੋਕ ਇਸੇ ਤੋਂ ਕਰਤੇ ਦੇ ਦਰ ਤੋਂ ਖੁੰਝੇ ਰਹਿੰਦੇ ਤੇ ਧੱਕੇ ਜਾਂਦੇ ਹਨ।

ਇਸ ਤਰ੍ਹਾਂ ਉਨ੍ਹਾਂ ਨੂੰ ਇਹ ਵੀ ਭੁਲਿਆ ਰਹਿੰਦਾ ਹੈ ਤੇ ਸਮਝ ਨਹੀਂ ਆ ਰਹੀ ਹੁੰਦੀ ਕਿ ਉਹ ਇੱਥੇ, ਇਸ ਸੰਸਾਰ `ਚ ਰਹਿਣ ਲਈ ਨਹੀਂ ਆਏ ਤੇ ਉਨ੍ਹਾਂ ਨੇ ਵੀ ਇਥੋਂ ਜਾਣਾ ਹੈ। ਭਾਵ ਉਨ੍ਹਾਂ ਨੇ ਤਾਂ ਆਪਣੇ ਦੁਰਲਭ ਮਨੁੱਖਾ ਜਨਮ ਦੇ ਮਕਸਦ ਨੂੰ ਹੀ ਹਰ ਸਮੇਂ ਭੁਲਾਇਆ ਹੁੰਦਾ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ਉਹ ਸੰਸਾਰ `ਚ ਰਹਿ ਕੇ ਵੀ ਜੀਵਨ ਭਰ, ਕਾਮ ਕ੍ਰੋਧ ਆਦਿ ਵਿਕਾਰਾਂ ਵਾਲੇ ਜ਼ਹਿਰ ਨੂੰ ਘਟਾਉਣ ਦੀ ਬਜਾਏ, ਸੰਸਾਰ `ਚ ਵਧਾ ਰਹੇ ਹੁੰਦੇ ਹਨ।

ਜਦਕਿ ਦੂਜੇ ਪਾਸੇ ਪ੍ਰਭੂ ਪਿਆਰੇ, ਭਗਤ ਜਨ; ਕਰਤੇ ਦੀ ਰਜ਼ਾ `ਚ ਜੀਵਨ ਜੀਊ ਕੇ ਤੇ ਉਸ ਦੇ ਰੰਗ `ਚ ਰੰਗੇ ਰਹਿ ਕੇ ਵਿਕਾਰ ਰਹਿਤ ਨਿਰਮਾਣਤ ਭਰਪੂਰ ਜੀਵਨ ਬਤੀਤ ਕਰਦੇ ਹਨ।

ਇਸ ਤਰ੍ਹਾਂ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੇ ਸੇਵਕਾਂ ਦੇ ਸੇਵਕ ਬਣ ਕੇ ਆਪਣੇ ਅੰਦਰੋਂ ਹਉਮੈ ਦੂਰ ਕੀਤੀ ਹੁੰਦੀ ਹੈ, ਦਰਅਸਲ ਪ੍ਰਭੂ ਦਰ `ਤੇ ਕੇਵਲ ਉਨ੍ਹਾਂ ਦੇ ਹੀ ਮੂੰਹ ਉਜਲੇ ਹੁੰਦੇ ਹਨ। ਅਜਿਹੇ ਗੁਰਮੁਖ ਜਨ, ਸੱਚੇ ਸ਼ਬਦ ਭਾਵ ਆਪਣੇ ਜੀਵਨ `ਚ ਗੁਰੂ ਗਿਆਨ ਦੀ ਕਮਾਈ ਕਾਰਨ, ਪ੍ਰਭੂ-ਦਰ `ਤੇ ਸ਼ੋਭਾ ਪਾਉਂਦੇ ਹਨ। ੧੬।

ਇਸ ਤੋਂ ਬਾਅਦ ਪਉੜੀ ਨਾਲ ਸਬੰਧਤ ਇੱਕ ਇੱਕ ਵਿਸ਼ੇ ਨੂੰ ਖੋਲਣ ਦਾ ਯਤਣ ਕਰਾਂਗੇ ਤਾ ਕਿ ਗੁਰਮੱਤ ਪਾਠ “ਭਗਤਾ ਤੈ ਸੈਸਾਰੀਆ, ਜੋੜੁ ਕਦੇ ਨ ਆਇਆ” ਵਾਲਾ ਵਿਸ਼ਾ ਸਬੰਧਤ ਪਉੜੀ ਦੇ ‘ਅਰਥ ਨਿਖਾਰ’ ਵਾਲੇ ਵਿਸ਼ੇ ਅਨੁਸਾਰ ਵੀ ਸਪਸ਼ਟ ਹੋ ਸਕੇ। ਤਾਂ ਤੇ:-

ਵਿਸ਼ਾ-੧ “ਭਗਤਾ ਤੈ ਸੈਸਾਰੀਆ. .”- ਹੱਥਲੇ ਗੁਰਮੱਤ ਪਾਠ ਦੇ ਭਾਗ ਪਹਿਲੇ `ਚ ਦੇਖ ਆਏ ਹਾਂ ਕਿ ਅਜੋਕੀਆਂ ਗੁਰੂ ਕੀਆਂ ਸੰਗਤਾਂ ਦਾ ਇੱਕ ਵੱਡਾ ਹਿੱਸਾ ਵੀ ਇਹੀੰ ਮੰਨ ਰਿਹਾ ਹੈ ਕਿ ਭਗਤਾਂ ਤੇ ਸੰਸਾਰੀਆ ਦਾ ਆਪਸੀ ਰਹਿਣੀ `ਚ ਜੋੜ ਨਹੀਂ ਹੁੰਦਾ। ਜਦਕਿ ਸਬੰਧਤ ਪਉੜੀ ਦੇ ਅਰੰਭ `ਚ ਗੁਰਦੇਵ ਵੀ ਇਹੀ ਕਹਿ ਰਹੇ ਹਨ ਤਾਂ ਦੇਖਣਾ ਹੈ ਕਿ ਫ਼ਿਰ ਦੋਨਾਂ `ਚ ਫ਼ਰਕ ਕਿੱਥੇ ਹੈ?

ਗਹੁ ਨਾਲ ਦੇਖਿਆ ਜਾਏ ਤਾਂ ਇਹ ਮੁਖ ਫ਼ਰਕ ਲਫ਼ਜ਼ ‘ਭਗਤਾਂ’ ਤੇ ‘ਸੰਸਾਰੀਆਂ’ ਵਿਚਕਾਰ ਗੁਰਮੱਤ ਅਰਥਾਂ ਅਤੇ ਪੁਰਾਤਨ ਬ੍ਰਾਹਮਣੀ ਅਰਥਾਂ ਵਿਚਾਲੇ ਹੈ। ਇਸੇ ਗੁਰਮੱਤ ਪਾਠ ਦੇ ਪਹਿਲੇ ਭਾਗ `ਚ ਭਲੀ ਪ੍ਰਕਾਰ ਦੇਖ ਚੁੱਕੇ ਹਾਂ ‘ਭਗਤਾਂ’ ਅਥਵਾ ‘ਧਰਮੀ’ ਲਫ਼ਜ਼ਾਂ ਦੇ ਬ੍ਰਾਹਮਣੀ ਅਰਥਾਂ `ਚ ਉਹ ਸਾਰੇ ਲੋਕ ਆ ਜਾਂਦੇ ਹਨ ਜੋ ਪੁਰਾਤਨ ਸਮੇਂ ਤੋਂ ਰਿਸ਼ੀ, ਮੁਨੀ, ਜੋਗੀ, ਬਿਭੂਤਧਾਰੀ, ਸਨਿਆਸੀ, ਬੈਰਾਗੀ, ਨਾਂਗੇ, ਬ੍ਰਹਮਚਾਰੀ ਤੇ ਭਿੰਨ ਭਿੰਨ ਭੇਖਾਂ ਕਾਰਨ ਸੰਤ, ਸਾਧ, ਭਗਤ, ਮਹਾਤਮਾ, ਮਹਾਰਾਜ ਜੀ, ਗੁਰੂ, ਸਤਿਗੁਰੂ ਆਦਿ ਅਖਵਾਉਂਦੇ ਤੇ ਬਣੇ ਫ਼ਿਰਦੇ ਹਨ। ਫ਼ਿਰ ਭਾਵੇਂ ਉਨ੍ਹਾਂ `ਚੋਂ ਕੁੱਝ ਲੋਕ ਆਬਾਦੀਆਂ ਤੇ ਸ਼ਹਿਰਾਂ `ਚ ਰਹਿੰਦੇ ਹੋਣ ਜਾਂ ਘਰ-ਪ੍ਰਵਾਰਾਂ ਆਦਿ ਦਾ ਤਿਆਗ ਕਰਕੇ ਜੰਗਲਾਂ, ਪਹਾੜਾਂ ਤੇ ਤੀਰਥਾਂ `ਤੇ ਜਾ ਕੇ ਵੱਸੇ ਹੋਏ ਹੋਣ।

ਜਦਕਿ ਇਸ ਗੁਰਮੱਤ ਪਾਠ ਦੇ ਹੀ ਪਹਿਲੇ ਭਾਗ `ਚ ਗੁਰਬਾਣੀ ਫ਼ੁਰਮਾਨਾਂ ਰਾਹੀਂ ਸਾਬਤ ਕਰ ਚੁੱਕੇ ਹਾਂ ਕਿ “ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ॥ ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ” (ਪੰ: ੪੬੯) ਭਾਵ ਅਜਿਹੇ ਸਾਰੇ ਲੋਕ, ਗੁਰਮੱਤ ਅਨੁਸਾਰ ਨਾ ਧਰਮੀ ਹਨ ਤੇ ਨਾ ਭਗਤ, ਬਲਕਿ ਵੇਹਲੜ ਤੇ ਘਰ ਪ੍ਰਵਾਰਾਂ ਦਾ ਤਿਆਗ ਕਰਕੇ, ਆਪਣੇ ਦੁਰਲਭ ਤੇ ਅਮੁੱਲੇ ਮਨੁੱਖਾ ਜਨਮ ਨੂੰ ਬਿਰਥਾ ਕਰ ਰਹੇ ਹੁੰਦੇ ਹਨ। ਇਸ ਤੋਂ ਬਾਅਦ ਇੱਥੇ ਅਸਾਂ ਵਾਰੀ ਵਾਰੀ ਇਹ ਵੀ ਦੇਖਣਾ ਹੈ ਕਿ ਸਬੰਧਤ ਪਉੜੀ ਵਿਚਲੇ ‘ਭਗਤਾਂ’ ਤੇ ‘ਸੈਸਾਰੀਆ’ ਭਾਵ ਗੁਰਮੱਤ ਅਨੁਸਾਰ ਇਨ੍ਹਾਂ ਦੋਨਾਂ ਲਫ਼ਜ਼ਾਂ ਦੇ ਅਰਥ ਕੀ-ਕੀ ਹਨ? ਤਾਂ ਤੇ ਇਸ ਸਬੰਧ `ਚ ਪਹਿਲਾਂ:-

(ੳ) ਗੁਰਬਾਣੀ ਵਿਚਲੇ ੧੫ ਭਗਤ- ਦੂਜਿਆਂ ਨੂੰ ਤਾਂ ਕੀ ਕਹਿਣਾ, ਅਜੋਕੇ ਸਮੇਂ ਅਨ ਅਧੀਕਾਰੀ ਗੁਰਮੱਤ ਪ੍ਰਚਾਰ ਦਾ ਹੀ ਨਤੀਜਾ ਹੈ ਕਿ, ਅਜੋਕੀਆਂ ਕੇਵਲ ਸਾਧਾਰਣ ਸੰਗਤਾਂ ਹੀ ਨਹੀਂ ਬਲਕਿ ਉਨ੍ਹਾਂ ਤੋਂ ਇਲਾਵਾ, ਬਹੁਤੀਆਂ ਸੂਝਵਾਣ ਗੁਰੂ ਕੀਆਂ ਸੰਗਤਾਂ ਵੀ ਇਸ ਪੱਖੋਂ ਕੁੱਝ ਸੁਆਲ ਕਰਦੀਆਂ ਹਨ। ਉਨ੍ਹਾਂ ਸੱਜਨਾਂ ਅਨੁਸਾਰ ਜਦੋਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸਮੂਚੀ ਵਿਚਾਰਧਾਰਾ ਹੀ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” (ਪੰ: ੬੪੬) ਤੇ ਆਧਾਰਿਤ ਹੈ।

ਇਸ ਤੋਂ ਇਲਾਵਾ ਇਹ ਵੀ ਸਚਾਈ ਹੈ ਕਿ ਗੁਰਬਾਣੀ ਦੇ ਸੰਪੂਰਣ ਸਰੂਪ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਸੰਮੁਖ ਹਰੇਕ ਮਨੁੱਖ ਰਾਹੀਂ, ਸਿਰ ਵੀ ਇਕਸਾਰ ਤੇ ਬਿਨਾ ਵਿਤਕਰਾ ਝੁਕਾਇਆ ਜਾਂਦਾ ਹੈ। ਇਹ ਵੀ ਕਿ ਪੰਦਰ੍ਹਾਂ ਭਗਤਾਂ ਦੀ ਬਾਣੀ ਵੀ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਅਟੁੱਟ ਅੰਗ ਹੈ। ਤਾਂ ਫ਼ਿਰ ਕੀ ਕਾਰਨ ਹੈ ਕਿ ਦਸ ਗੁਰੂ ਹਸਤੀਆਂ ਵਾਸਤੇ ਤਾਂ ਲਫ਼ਜ਼ ‘ਗੁਰੂ’ ਵਰਤਿਆ ਜਾਂਦਾ ਹੈ ਤੇ ਭਗਤਾਂ ਵਾਸਤੇ ਲਫ਼ਜ਼ ਵਖਰਾ ਭਾਵ ਭਗਤ ਤਾਂ ਅਜਿਹਾ ਕਿਉਂ?

ਦਰਅਸਲ ਓਪਰੀ ਨਜ਼ਰੇ ਇਸ ਸ਼ੰਕੇ ਤੇ ਸੁਆਲ `ਚ ਵਜ਼ਨ ਹੈ ਪਰ ਗੁਰਬਾਣੀ ਦੀ ਮੂਲ ਸਚਾਈ ਨੂੰ ਸਮਝਣ ਤੋਂ ਬਾਅਦ ਇਸਦਾ ਸਮਾਧਾਰਨ ਵੀ ਗੁਰਬਾਣੀ `ਚੋਂ ਹੀ ਮਿਲੇਗਾ। ਲੋੜ ਹੈ ਤਾਂ ਇਸ ਪੱਖੋਂ ਗਹਿਰਾਈ ਨਾਲ ਗੁਰਬਾਣੀ ਸਿਧਾਂਤ ਨੂੰ ਸਮਝਣ ਤੇ ਪਹਿਚਾਨਣ ਦੀ। ਦੇਖਆ ਜਾਏ ਤਾਂ ਅਜਿਹੇ ਸੱਜਨ, ਜੋ ਅਜਿਹੇ ਸ਼ੰਕੇ ਤੇ ਸੁਆਲ ਕਰਦੇ ਹਨ, ਸਪਸ਼ਟ ਹੈ ਕਿ ਉਨ੍ਹਾਂ ਨੂੰ ਵੀ ਅਜੇ ਇਹ ਸਮਝ ਨਹੀਂ ਆਈ ਹੁੰਦੀ ਕਿ ਗੁਰਬਾਣੀ ਤੱਲ ਤੇ ਲਫ਼ਜ਼ ਭਗਤ ਤੇ ਗੁਰੂ ਆਦਿ ਦੇ ਅਰਥ ਵਿਸ਼ੇਸ਼ ਹਨ। ਜਦਕਿ ਪੁਰਾਤਨ ਅਥਵਾ ਸਨਾਤਨ ਤੱਲ `ਤੇ ਹਜ਼ਾਰਾਂ ਸਾਲਾਂ ਤੋਂ ਵਰਤੇ ਜਾ ਰਹੇ ਲਫ਼ਜ਼ ਗੁਰੂ ਜਾਂ ਭਗਤ ਆਦਿ ਦੇ ਅਰਥ ਹੋਰ ਹਨ। ਇਸ ਤਰ੍ਹਾਂ ਦੂਜੇ ਪਾਸੇ, ਗੁਰੂ ਕੀਆਂ ਸੰਗਤਾਂ `ਚੋਂ ਵੀ ਜੋ ਸੱਜਨ ਅਜਿਹਾ ਸ਼ੰਕਾ ਜਾਂ ਸੁਆਲ ਕਰਦੇ ਹਨ ਉਨ੍ਹਾਂ ਦੇ ਮਨ `ਤੇ ਵੀ ਇੱਥੇ ਵਰਤੇ ਗਏ ਲਫ਼ਜ਼ ਭਗਤ ਦਾ ਅਰਥ ਵੀ ਪੁਰਾਤਨ ਤੇ ਸਨਾਤਨੀ ਹੀ ਹੁੰਦਾ ਹੈ, ਗੁਰਮੱਤ ਅਰਥ ਨਹੀਂ।

ਇਸ ਲਈ ਅਜਿਹੇ ਸੱਜਨਾਂ ਦੀ ਸਭ ਤੋਂ ਪਹਿਲੀ ਲੋੜ ਹੈ ਕਿ ਅਜਿਹੇ ਸੱਜਨ, ਇਹ ਸਮਝਣ ਦਾ ਯਤਣ ਕਰਣ, ਆਖ਼ਿਰ ਗੁਰਬਾਣੀ `ਚ ਲਫ਼ਜ਼ ਕੇਵਲ ਭਗਤ ਹੀ ਨਹੀਂ ਬਲਕਿ ਗੁਰੂ, ਸੰਤ, ਸਾਧ, ਬ੍ਰਹਮਗਿਆਨੀ, ਭਗਉਤੀ ਆਦਿ ਵੀ ਜਦੋਂ ਗੁਰਬਾਣੀ ਅਰਥਾਂ `ਚ ਆਏ ਹਨ ਤਾਂ ਇਨ੍ਹਾਂ ਸਾਰੇ ਲਫ਼ਜ਼ਾਂ ਦੇ ਅਰਥ, ਪੁਰਾਤਨ ਤੇ ਸਨਾਤਨੀ ਅਰਥ ਨਹੀਂ ਹਨ ਬਲਕਿ ਵਿਸ਼ੇਸ਼ ਤੇ ਗੁਰਮੱਤ ਅਰਥ ਹਨ।

ਉਥੇ, ਕੇਵਲ ਭਗਤ ਬਾਣੀ ਲਈ ਹੀ ਲਫ਼ਜ਼ ‘ਬਾਣੀ ਭਗਤਾਂ ਕੀ’ ਭਾਵ ਲਫ਼ਜ਼ ਭਗਤ ਨਹੀਂ ਆਇਆ ਬਲਕਿ ਸੰਪੂਰਣ ਗੁਰਬਾਣੀ `ਚ ਗੁਰੂ ਜਾਂ ਸਤਿਗੁਰੂ ਆਦਿ ਵੀ ਜਿਨ੍ਹਾਂ ਅਰਥਾਂ `ਚ ਆਏ ਹਨ, ਉਹ ਅਰਥ ਵੀ ਸਿਵਾਏ ਦਸ ਪਾਤਸ਼ਾਹੀਆਂ ਜਾਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ, ਸੰਸਾਰ ਭਰ ਦੇ ਕਿਸੇ ਵੀ ਦੂਜੇ ਮਨੁੱਖ ਜਾਂ ਗ੍ਰੰਥ ਤੇ ਲਾਗੂ ਨਹੀਂ ਹੁੰਦੇ।

ਇਸ ਤੋਂ ਬਾਅਦ ਗੁਰਦੇਵ ਰਾਹੀਂ ਜਿਨ੍ਹਾਂ ਪ੍ਰਵਾਣਤ ਪੰਦਰ੍ਹਾਂ ਸੱਜਨਾਂ ਲਈ ਲਫ਼ਜ਼ ‘ਭਗਤ’ ਵਰਤਿਆ ਹੈ ਉਨ੍ਹਾਂ ਦੀਆਂ ਉਹ ਰਚਨਾਵਾਂ ਜਿਹੜੀਆਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਦਰਜ ਹਨ ਉਹ ਸਦੀਆਂ ਬਾਅਦ ਅੱਜ ਵੀ ਗੁਰਬਾਣੀ ਦੇ ਮੂਲ ਸਿਧਾਂਤ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” (ਪੰ: ੬੪੬) `ਤੇ ਉਸੇ ਤਰ੍ਹਾਂ ਪੂਰੀਆਂ ਉਤਰਦੀਆਂ ਹਨ ਜਿਤਣੀਆਂ ਸਦੀਆਂ ਪਹਿਲਾਂ ਉਤਰਦੀਆਂ ਸਨ। ਕਿਉਂਕਿ ਧੁਰ ਕੀ ਬਾਣੀ ਦੀ ਮਾਪਦੰਡ ਆਪਣਾ ਤੇ ਨਿਵੇਕਲਾ ਹੈ। ਉਹ ਮਾਪਦੰਡ ਹੈ “ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ” (ਪੰ: ੬੨੮) ਅਤੇ ਜਿਸਦੇ ਫ਼ੈਸਲੇ ਦਾ ਹੱਕ ਵੀ ਕੇਵਲ ਦਸ ਗੁਰੂ ਹਸਤੀਆਂ ਪਾਸ ਸੀ। ਉਨ੍ਹਾਂ ਤੋਂ ਇਲਾਵਾ ਨਾ ਕਿਸੇ ਹੋਰ ਕੋਲ ਨਾ ਸੀ ਨਾ ਹੋਵੇਗਾ ਹੀ।

ਇਹੀ ਨਹੀਂ ਬਲਕਿ ਉਨ੍ਹਾਂ ਪੰਦਰ੍ਹ੍ਰਾਂ ਭਗਤਾਂ ਵਿੱਚੋਂ ਹੀ ਅਜਿਹੇ ਭਗਤ ਵੀ ਹਨ ਜਿਵੇਂ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਜੈਦੇਵ ਜੀ ਆਦਿ ਜਿਨ੍ਹਾਂ ਦੀਆਂ ਕੁੱਝ ਰਚਨਾਵਾਂ ਨੂੰ ਗੁਰਬਾਣੀ ਅੰਦਰ ਪ੍ਰਵਾਣਗੀ ਨਹੀਂ ਮਿਲੀ। ਇਸੇ ਕਾਰਨ, ਉਹ ਰਚਨਾਵਾਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਦਰਜ ਨਹੀਂ ਹੋਈਆਂ ਤੇ ਨਾ ਗੁਰਬਾਣੀ ਦਾ ਹਿੱਸਾ ਹਨ। ਜਦਕਿ ਉਨ੍ਹਾਂ ਦੀਆਂ ਉਹ ਰਚਨਾਵਾਂ ਉਦੋਂ ਵੀ ਮੌਜੂਦ ਸਨ, ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਪ, ਆਪਣੇ ਪ੍ਰਚਾਰ ਦੌਰਿਆਂ ਸਮੇਂ ਇਨ੍ਹਾਂ ਭਗਤਾਂ ਦੀਆਂ ਰਚਨਾਵਾਂ ਨੂੰ ਆਪ ਆਪਣੇ ਕੋਲ ਸੰਭਾਲਿਆ, ਪ੍ਰਵਾਣ ਕੀਤਾ ਤੇ ਆਪਣੀ ਬਰਾਬਰੀ ਦਿੱਤੀ।

ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ”- ਕਿਉਂਕਿ ਉਨ੍ਹਾਂ ਹੀ ਭਗਤਾਂ ਦੀਆਂ ਅਮੁੱਕੀਆਂ ਰਚਨਾਵਾਂ ਗੁਰਬਾਣੀ ਦੇ ‘ਜੁਗੋ ਜੁਗ ਅਟੱਲ` ਵਾਲੇ ਸਿਧਾਂਤ `ਤੇ ਉਦੋਂ ਵੀ ਪੂਰੀਆਂ ਨਹੀਂ ਸਨ ਉਤਰਦੀਆਂ ਤੇ ਅੱਜ ਵੀ ਪ੍ਰਵਾਣਤ ਰਚਨਾਵਾਂ ਦੇ ਮੁਕਾਬਲੇ ਕੱਚੀਆਂ ਹਨ। ਗੁਰਬਾਣੀ ਦਾ ਦਰਜਾ ਕੇਵਲ ਤੇ ਕੇਵਲ ਉਹ ਰਚਨਾਵਾਂ ਹੀ ਰਖਦੀਆਂ ਹਨ ਜਿਨ੍ਹਾਂ ਦੀ ਰਚਨਾ ਗੁਰੂ ਪਾਤਸ਼ਾਹੀਆਂ ਨੇ ਆਪ ਕੀਤੀ ਜਾਂ ਆਪ ਪ੍ਰਵਾਣ ਕੀਤੀਆਂ। ਫ਼ਿਰ ਚਾਹੇ ਉਹ ਛੇ ਗੁਰੂ ਹਸਤੀਆਂ ਦੀਆਂ ਆਪਣੀਆਂ ਰਚਨਾਵਾਂ ਹਨ, ਸਬੰਧਤ ਪੰਦਰ੍ਹਾਂ ਭਗਤਾਂ ਦੀਆਂ ਪ੍ਰਵਾਣਤ ਰਚਨਾਵਾਂ ਹਨ, ਯਾਰਾਂ ਭੱਟਾਂ ਦੀਆਂ ਜਾਂ ਸੱਤਾ-ਬਲਵੰਡ ਤੇ ਸੁੰਦਰ ਜੀ ਤਿੰਨ ਸਿੱਖਾਂ ਦੀਆਂ ਰਚਨਾਵਾਂ ਹਨ ਕਿਉਂਕਿ ਇਸ ਬਾਰੇ ਗੁਰਬਾਣੀ ਦਾ ਸਪਸ਼ਟ ਫ਼ੈਸਲਾ ਹੈ ਸਤਿਗੁਰੂ ਬਿਨਾ, ਹੋਰ ਕਚੀ ਹੈ ਬਾਣੀ।। ਬਾਣੀ ਤ ਕਚੀ ਸਤਿਗੁਰੂ ਬਾਝਹੁ, ਹੋਰ ਕਚੀ ਬਾਣੀ।। ਕਹਦੇ ਕਚੇ, ਸੁਣਦੇ ਕਚੇ, ਕਚਂØੀ ਆਖਿ ਵਖਾਣੀ।। ਹਰਿ ਹਰਿ ਨਿਤ ਕਰਹਿ ਰਸਨਾ, ਕਹਿਆ ਕਛੂ ਨ ਜਾਣੀ।। ਚਿਤੁ ਜਿਨ ਕਾ ਹਿਰਿ ਲਇਆ ਮਾਇਆ, ਬੋਲਨਿ ਪਏ ਰਵਾਣੀ।। ਕਹੈ ਨਾਨਕੁ, ਸਤਿਗੁਰੂ ਬਾਝਹੁ, ਹੋਰ ਕਚੀ ਬਾਣੀ” (ਪੰ: ੯੨੦

ਇਤਨਾ ਹੀ ਨਹੀਂ, ਸਮਝਣ ਦੀ ਗੱਲ ਇਹ ਵੀ ਹੈ ਕਿ ਗੁਰਦੇਵ ਨੇ ਭਗਤਾਂ ਦੇ ਨਾਮ `ਤੇ ਜੇ ਰਚਨਾਵਾਂ ਹੀ ਇਕੱਠੀਆਂ ਕਰਣੀਆਂ ਹੁੰਦੀਆਂ ਤਾਂ ਰਚਨਾਵਾਂ ਤਾਂ ਆਪ ਆਪਣੇ ਨੇੜੇ ਤੇੜੇ ਤੋਂ ਵੀ ਇਕੱਠਆਂ ਕਰ ਸਕਦੇ ਸਨ। ਕਿਉਂਕਿ ਅੱਜ ਦੀ ਤਰ੍ਹਾਂ ਉਦੋਂ ਵੀ ਅਖ਼ੌਤੀ ਭਗਤਾਂ ਦੀ ਗਿਣਤੀ ਦਾ ਘਾਟਾ ਤਾਂ ਹੈ ਹੀ ਨਹੀਂ ਸੀ। ਤਾਂ ਤੇ ਗੁਰਦੇਵ ਨੂੰ ਲੋੜ ਹੀ ਨਹੀਂ ਸੀ ਕਿ ਗੁਰਦੇਵ ਉਨ੍ਹਾਂ ਰਚਨਾਵਾਂ ਨੂੰ ਇਕਤ੍ਰ ਕਰਣ ਲਈ ਕਬੀਰ ਜੀ ਤੇ ਰਵਿਦਾਸ ਜੀ ਲਈ ਬਨਾਰਸ ਤੱਕ ਜਾਂਦੇ। ਮਹਾਰਾਸ਼ਟਰ `ਚ ਨਾਮਦੇਵ ਜੀ ਲਈ ਜਾਂਦੇ, ਗੁਜਰਾਤ `ਚ ਜੈਦੇਵ ਜੀ ਲਈ ਬਲਕਿ ਬੰਗਾਲ ਤੱਕ ਤ੍ਰਲੋਚਨ ਜੀ ਤੇ ਭਾਰਤ ਤੋਂ ਬਾਹਰ ਉਚੇਚੇ ਪਾਕਪਟਣ ਤੱਕ ਸ਼ੇਖ਼ ਫ਼ਰੀਦ ਜੀ ਲਈ ਜਾਂਦੇ। ਹੋਰ ਤਾਂ ਹੋਰ ਉਸ ਸਮੇਂ ਸ਼ੇਖ਼ ਫ਼ਰੀਦ ਦੀ ਗੱਦੀ `ਤੇ ਤਾਂ ਸ਼ੇਖ਼ ਬ੍ਰਹਮ ਵੀ ਸਨ, ਪਰ ਗੁਰਦੇਵ ਨੇ ਉਨ੍ਹਾਂ ਦੀ ਵੀ ਕੋਈ ਰਚਨਾ ਨਹੀਂ ਸੰਭਾਲੀ ਤਾਂ ਕਿਉਂ?

ਇਹ ਵੀ ਕਿ ਸਬੰਧਤ ਵੇਰਵਿਆਂ ਦੀ ਸਚਾਈ ਦੀ ਤਹਿ ਤੱਕ ਪਹੁੰਚਣਾ ਔਖਾ ਨਹੀਂ, ਬਸ ਲੋੜ ਹੈ ਤਾਂ ਅਜਿਹੇ ਸ਼ੰਕੇ ਸੁਆਲਾਂ ਨੂੰ ਗੁਰਬਾਣੀ ਦੀਆਂ ਗਹਿਰਾਈਆ `ਚੋਂ ਢੂੰਡਣ ਦੀ। ਉਸੇ ਦਾ ਨਤੀਜਾ ਹੋਵੇਗਾ ਕਿ ਕੇਵਲ ਇਹੀ ਨਹੀਂ ਬਲਕਿ ਅਜਿਹੇ ਕੱਚੇ ਸ਼ੰਕੇ ਤੇ ਸੁਆਲ ਉਠਣ ਗੇ ਹੀ ਨਹੀਂ ਅਤੇ ਜੇ ਹੈਣ ਵੀ ਤਾਂ ਉਨ੍ਹਾਂ ਦੇ ਸਮਾਧਾਨ ਵੀ ਗੁਰਬਾਣੀ `ਚੋਂ ਹੀ ਮਿਲ ਜਾਣਗੇ।

ਹੋਰ ਲਵੋ! ਕੁੱਝ ਹੋਰ ਗਹਿਰਾਈ `ਚ ਜਾਂਵਾਂਗੇ ਤਾਂ ਇਹ ਵੀ ਸਮਝਦੇ ਦੇਰ ਨਹੀਂ ਲਗੇਗੀ ਕਿ ਦਸੋਂ ਹੀ ਗੁਰੂ ਹਸਤੀਆਂ, ਸਾਡੀ ਤਰ੍ਹਾਂ ਅਨੇਕਾਂ ਜਨਮਾਂ-ਜੂਨਾਂ ਨੂੰ ਭੋਗਣ ਤੋਂ ਮਨੁੱਖਾ ਚੋਲੇ `ਚ ਨਹੀਂ ਸਨ ਆਈਆਂ। ਬਲਕਿ ਇਹ ਹਸਤੀਆਂ ਜਮਾਂਦਰੂ, ਗੁਰੂ ਹਸਤੀਆਂ ਤੇ ਧੁਰੋਂ ਸਥਾਪਤ ਇਲਾਹੀ ਗੁਰੂ ਦਾ ਸਰੀਰਕ ਪ੍ਰਗਟਾਵਾ ਸਨ। ਉਸ ਗੁਰੂ ਤੇ ਸਤਿਗੁਰੂ ਦਾ ਜਿਸ ਬਾਰੇ ਫ਼ੁਰਮਾਨ ਹਨ ਜਿਵੇਂ “ਸਤਿਗੁਰੁ ਮੇਰਾ ਸਦਾ ਸਦਾ, ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ, ਸਭ ਮਹਿ ਰਹਿਆ ਸਮਾਇ” (ਪੰ: ੭੫੯) ਅਥਵਾ “ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ” (ਪੰ: ੯੨੦) ਅਤੇ ਉਹ ਜਨਮਾਂਦਰੂ ਗੁਰੂ ਹਸਤੀਆਂ ਸਨ।

ਇਹੀ ਕਾਰਨ ਹੈ, ਹੈ ਕਿ ਦਸਵੇਂ ਜਾਮੇਂ ਸਮੇਂ, ਸੰਸਾਰ `ਚ ਗੁਰਬਾਣੀ ਸਰੂਪ ਨੂੰ ਕਾਇਮ ਕਰਣ ਵਾਲੀ, ਗੁਰਦੇਵ ਦੀ ਜਦੋਂ ਧੁਰੋਂ ਥਾਪੀ ਇਲਾਹੀ ਤੇ ਸਰੀਰਕ ਜ਼ਿਮੇਵਾਰੀ ਸਮਾਪਤ ਹੋ ਗਈ ਤਾਂ ਅਚਾਨਕ ਛੇ ਅਕਤੂਬਰ ਸੰਨ ੧੭੦੮ ਸ਼ਾਮ ਨੂੰ ਦਸਮੇਸ਼ ਜੀ ਨੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸੰਪੂਰਣਤਾ ਤੇ ਗੁਰਗੱਦੀ ਦਾ ਐਲਾਨ ਵੀ ਆਪ ਹੀ ਕਰ ਦਿੱਤਾ। ਬਲਕਿ ਇਤਨਾ ਹੀ ਨਹੀਂ, ਉਸ ਤੋਂ ਦੂਜੇ ਦਿਨ ਸਵੇਰੇ ਭਾਵ ਸੱਤ ਅਕਤੂਬਰ ਸੰਨ ੧੭੦੮ ਨੂੰ ਜੋਤੀ ਜੋਤ ਵੀ ਸਮਾ ਗਏ। ਇਸ ਤਰ੍ਹਾਂ ਵਿਸਾਖੀ ਸੰਨ ੧੪੬੯ ਨੂੰ ਪਹਿਲੇ ਸਰੀਰਕ ਜਾਮੇ ਦੇ ਰੂਪ `ਚ ਜਿਸ ਸਰੀਰਕ ਗੁਰੂ ਪ੍ਰਥਾ ਨੂੰ ਅਰੰਭ, ਗੁਰਦੇਵ ਨੇ ਗੁਰੂ ਨਾਨਕ ਪਾਤਸ਼ਾਹ ਦੇ ਰੂਪ `ਚ ਕੀਤਾ ਸੀ ਅੱਜ ਦਸਵੇਂ ਜਾਮੇ ਸਮੇਂ ਦਸਮੇਸ਼ ਰੂਪ `ਚ ਆਪ ਨੇ ਖ਼ੁਦ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸੰਪੂਰਣਤਾ ਤੇ ਉਨ੍ਹਾਂ ਦੇ “ਜੁਗੋ ਜੁਗ ਅਟੱਲ ਗੁਰੂ” ਹੋਣ ਵਾਲਾ ਐਲਾਨ, ਕਰਕੇ ਉਸ ਸਰੀਰਕ ਪ੍ਰਥਾ ਨੂੰ ਵੀ ਆਪ ਹੀ ਸਮਾਪਤ ਕਰ ਦਿੱਤਾ।

“ਭਉ ਭਗਤਿ ਕਰਿ ਨੀਚੁ ਸਦਾਏ” -ਇਹੀ ਨਹੀਂ ਜੇ ਕਰ ਗੁਰਬਾਣੀ ਵਿਚਲੇ ਭਗਤਾਂ ਤੇ ਉਨ੍ਹਾਂ ਸਬੰਧੀ ਇਸ ਪੱਖੋਂ ਸਬੂਤਾਂ ਨੂੰ ਵੀ ਗੁਰਬਾਣੀ ਦੀਆਂ ਗਹਿਰਾਈਆਂ ਚੋਂ ਪਹਿਚਾਨਣ ਲਈ ਥੋੜਾ ਯਤਣ ਕੀਤਾ ਜਾਏ ਤਾਂ ਸਾਬਤ ਹੁੰਦੇ ਦੇਰ ਨਹੀਂ ਲਗੇਗੀ ਕਿ ਇਹ ਸਾਰੇ ਭਗਤ ਜਮਾਂਦਰੂ, ਜੀਵਨ ਦੀ ਅਜਿਹੀ ਸਫ਼ਲ ਅਵਸਥਾ ਨੂੰ ਪ੍ਰਾਪਤ ਨਹੀਂ ਸਨ। ਬਲਕਿ ਆਪਣੀ ਭਗਤੀ ਭਾਵਨਾ ਤੇ ਇੱਕ ਦੂਜੇ ਦੀ ਸੰਗਤ `ਚ ਆ ਕੇ ਹੀ ਸਮੇਂ-ਸਮੇਂ ਨਾਲ ਜੀਵਨ ਦੀ ਇਸ ਸਫ਼ਲ ਤੇ ਉੱਚ ਅਵਸਥਾ ਨੂੰ ਪੁੱਜੇ ਤੇ ਪ੍ਰਾਪਤ ਹੋਏ ਸਨ। ਇਸ ਤਰ੍ਹਾਂ ਗੁਰਦੇਵ ਰਾਹੀਂ, ਉਨ੍ਹਾਂ ਦੀ ਪ੍ਰਵਾਣਗੀ ਸਮੇਂ ਉਨ੍ਹਾਂ ਦੇ ਜੀਵਨ ਦੀ ਅਵਸਥਾ “ਪੰਚ ਪਰਵਾਣ ਪੰਚ ਪਰਧਾਨੁ॥ ਪੰਚੇ ਪਾਵਹਿ ਦਰਗਹਿ ਮਾਨੁ॥ ਪੰਚੇ ਸੋਹਹਿ ਦਰਿ ਰਾਜਾਨੁ॥ ਪੰਚਾ ਕਾ ਗੁਰੁ ਏਕੁ ਧਿਆਨੁ” (ਬਾਣੀ ਜਪੁ) ਵਾਲੀ ਬਣ ਚੁੱਕੀ ਹੋਈ ਸੀ।

ਬੇਸ਼ੱਕ ਉਨ੍ਹਾਂ ਦੀਆਂ ਹੀ ਕੱਚੇ ਸਮੇਂ ਦੀਆਂ ਰਚਨਾਵਾਂ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਜੀਵਨ ਦੀਆਂ ਸਫ਼ਲ ਅਵਸਥਾ ਦੀਆਂ ਰਚਨਾਵਾਂ ਜਿਹੜੀਆਂ ਪਾਤਸ਼ਾਹ ਨੇ ਗੁਰਬਾਣੀ ਖਜ਼ਾਨੇ ਲਈ ਆਪ ਪ੍ਰਵਾਣ ਕੀਤੀਆਂ ਤੇ ਆਪਣੀ ਬਰਾਬਰੀ ਦਿੱਤੀ, ਦੋਨਾਂ ਬਾਰੇ ਜ਼ਿਕਰ ਕਰ ਚੁੱਕੇ ਹਾਂ। ਫ਼ਿਰ ਵੀ ਗੁਰਬਾਣੀ `ਚ ਅਜਿਹੇ ਸਬੂਤ ਵੀ ਬਹੁਤ ਹਨ, ਜੋ ਸਾਬਤ ਕਰਦੇ ਹਨ ਕਿ ਇਹ ਸਾਰੇ ਭਗਤ ਜਮਾਂਦਰੂ ਇਸ ਸਫ਼ਲ ਅਵਸਥਾ ਨੂੰ ਪ੍ਰਾਪਤ ਨਹੀਂ ਸਨ। ਬਲਕਿ ਇਹ ਸਾਰੇ ਇੱਕ ਦੂਜੇ ਦੀ ਸੰਗਤ `ਚ ਆ ਕੇ ਅਤੇ ਆਪਣੀ-ਆਪਣੀ ਭਗਤੀ ਭਾਵਨਾ ਨਾਲ ਜੀਵਨ ਦੀ ਇਸ ਉੱਚ ਅਵਸਥਾ ਨੂੰ ਪ੍ਰਾਪਤ ਹੋਏ ਸਨ। ਜੀਵਨ ਦੀ ਉਹ ਉੱਚ ਅਵਸਥਾ ਜਿਸ ਬਾਰੇ ਗੁਰਬਾਣੀ ਫ਼ੁਰਮਾਨ ਹੈ “ਭਉ ਭਗਤਿ ਕਰਿ ਨੀਚੁ ਸਦਾਏ”॥ ਤਉ ਨਾਨਕ ਮੋਖੰਤਰੁ ਪਾਏ” (ਪੰ: ੪੭੦) ਜਾਂ ਜਿਸ ਉੱਚ ਅਵਸਥਾ ਦੀ ਪ੍ਰਾਪਤੀ ਦਾ ਐਲਾਨ ਕਬੀਰ ਸਾਹਿਬ ਖ਼ੁਦ ਵੀ ਕਰਦੇ ਹਨ ਜਿਵੇਂ “ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ” (ਪੰ: ੯੬੯) ਜਾਂ “ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ+” (ਪੰ: ੭੯੨)

“ਧੰਨੈ ਧਨੁ ਪਾਇਆ ਧਰਣੀਧਰੁ” - ਇਹੀ ਨਹੀਂ ਇਸੇ ਸਿਲਸਲੇ `ਚ ਮਿਸਾਲ ਵੱਜੋਂ ਰਾਗ ਆਸਾ, ਪੰਨਾਂ 487 `ਤੇ ਭਗਤ ਧੰਨਾ ਜੀ ਆਪ ਦੱਸ ਰਹੇ ਹਨ ਕਿ ਮੈਨੂੰ ਅਕਾਲਪੁਰਖੁ ਦੀ ਪ੍ਰਾਪਤੀ ਸੰਤ ਜਨਾਂ ਦੀ ਸੰਗਤ ਵਿੱਚੋਂ ਹੋਈ ਭਾਵ ਮੈਂ ਅਰੰਭ ਤੋਂ ਜੀਵਨ ਦੀ ਇਸ ਅਵਸਥਾ ਨੂੰ ਪ੍ਰਾਪਤ ਨਹੀਂ ਸਾਂ। ਫ਼ੁਰਮਾਉਂਦੇ ਹਨ “ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ”। ਤਾਂ ਫ਼ਿਰ ਇਹ ‘ਸੰਤ ਜਨ’ ਕਿਹੜੇ ਸਨ? ਧੰਨਾ ਜੀ ਦੇ ਸ਼ਬਦਾਂ ਵਿਚਕਾਰ ਹੀ, ਅਗਲੇ ਸ਼ਬਦ ਰਾਹੀਂ ਇਸ ਸਚਾਈ ਨੂੰ ਸੰਸਾਰ ਸਾਹਮਣੇ ਖੋਲਿਆ ਹਠ ਤਾਂ ਖੁਦ ਪੰਜਵੇਂ ਪਾਤਸ਼ਾਹ ਨੇ। ਸ਼ਬਦ ਹੈ “ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ…”। ਇਸ ਤਰ੍ਹਾਂ ਪੰਜਵੇ ਪਾਤਸ਼ਾਹ ਆਪ ਇਨ੍ਹਾਂ ਸੰਤ ਜਨਾਂ ਦਾ ਵੇਰਵਾ ਦਿੰਦੇ ਹਨ ਕਿ ਇਹ ਸੰਤ ਜਨ ਸਨ ‘ਨਾਮਦੇਵ, ਕਬੀਰ, ਰਵੀਦਾਸ ਤੇ ਸੈਨ’ ਜੀ। ਫ਼ਿਰ ਇਸੇ ਸ਼ਬਦ ਦੇ ਅੰਤਮ ਬੰਦ `ਚ ਗੁਰਦੇਵ ਫ਼ੁਰਮਾਉਂਦੇ ਹਨ “ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ” ਭਾਵ ਇਨ੍ਹਾਂ ਸੰਤ ਜਨਾ ਦੀ ਸੰਗਤ `ਚ ਆਉਣ ਕਾਰਨ ਧੰਨੇ ਨੇ ਵੀ ਪ੍ਰਭੂ ਨੂੰ ਪਾ ਲਿਆ। ਇਹ ਸੀ ਧੰਨਾ ਜੀ ਦੀ ਘਾਲ ਕਮਾਈ ਜਿਸਨੇ ਉਨ੍ਹਾਂ ਨੂੰ ਸਫ਼ਲ ਜੀਵਨ ਦੀ ਅਵਸਥਾ `ਚ ਪਹੁੰਚਾ ਦਿਤਾ। ਇਸੇ ਤਰ੍ਹਾਂ ਬਾਕੀ ‘ਨਾਮਦੇਵ, ਕਬੀਰ, ਰਵੀਦਾਸ ਤੇ ਸੈਨ’ ਜੀ ਵੀ ਇੱਕ ਦੂਜੇ ਦੇ ਸੰਗ `ਚ ਆ ਕੇ।

ਹੋਰ ਦੇਖਦੇ ਹਾਂ ਕਿ ਇਸੇ ਤਰ੍ਹਾਂ ਗੁਰਬਾਣੀ ਵਿਚਲੇ ਭਗਤ ਤਰਲੋਚਨ ਜੀ ਵੀ ਬੰਗਾਲ ਦੇ ਵਾਸੀ ਤੇ ਜਨਮ ਦੇ ਬ੍ਰਾਹਮਣ ਸਨ। ਗੁਰਬਾਣੀ ਰਚਨਾ `ਚ ਇਨ੍ਹਾਂ ਦੇ ਸ਼ਬਦਾਂ ਦੀ ਸ਼ੈਲੀ, ਇਸ ਸਚਾਈ ਦਾ ਸਬੂਤ ਹੈ ਕਿ ਆਪਣੇ ਸਮੇਂ, ਆਪਣੇ ਆਪ `ਚ ਇਹ ਉਚ ਕੋਟੀ ਦੇ ਵਿਦਵਾਨ ਵੀ ਸਨ। ਚੂੰਕਿ ਇਹ ਵਿਦਵਤਾ ਬ੍ਰਾਹਮਣ ਪੱਧਰ ਦੀ ਸੀ, ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਦੇ ਜੀਵਨ ਅੰਦਰ ਬ੍ਰਾਹਮਣੀ ਸੰਸਕਾਰ ਵੀ ਪ੍ਰਬਲ ਰਹੇ ਹੋਣਗੇ।

ਠੀਕ ਉਸੇ ਤਰ੍ਹਾਂ ਜਿਵੇਂ ਜੀਵਨ ਦੀ ਸਫ਼ਲ ਅਵਸਥਾ `ਚ ਪੁਜਣ ਤੋਂ ਪਹਿਲਾਂ ਰਾਮਾਨੰਦ ਜੀ ਦੇ ਵਡੇ ਕਰਮਕਾਂਡੀ ਹੋਣ ਬਾਰੇ ਬਹੁਤ ਘਟਨਾਵਾਂ ਪ੍ਰਚਲਤ ਹਨ। ਇਸਦੇ ਉਲਟ, ਦਰਸ਼ਨ ਕਰੋ ਜਦੋਂ ਉਹੀ ਰਾਮਾਨੰਦ ਜੀ ਜੀਵਨ ਦੀ ਸਫ਼ਲ ਅਵਸਥਾ ਨੂੰ ਪੁਜਦੇ ਹਨ ਤਾਂ- “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ, ਰਾਗ ਬਸੰਤ ਪੰਨਾ ੧੧੯੫ ਉਪਰ ਉਨ੍ਹਾਂ ਦਾ ਇਕੋ ਹੀ ਸ਼ਬਦ “ਕਤ ਜਾਈਐ ਰੇ ਘਰ ਲਾਗੋ ਰੰਗੁ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ” ਇਸ ਸਚਾਈ ਨੂੰ ਸਾਬਤ ਕਰਦਾ ਹੈ ਕਿ ਸਫ਼ਲ ਅਵਸਥਾ `ਚ ਪੁੱਜਣ ਤੋਂ ਬਾਅਦ ਇਹ ਆਪਣੇ ਪੁਰਾਤਨ ਬ੍ਰਾਹਮਣੀ ਤੇ ਕਰਮਕਾਂਡੀ ਜੀਵਨ ਦੇ ਵੱਡੇ ਵਿਰੋਧੀ ਵੀ ਹੋ ਚੁੱਕੇ ਹੋਏ ਸਨ। (ਚਲਦਾ)

#G0108-IIs012.02s012#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No G0108-II

ਅਰਥ ਨਿਖਾਰ-ਪਉੜੀ ੧੬ ਵਾਰ ਮਾਝ ਕੀ ਵਾਰ ਮ: ੧

ਭਗਤਾ ਤੈ ਸੈਸਾਰੀਆ

ਜੋੜੁ ਕਦੇ ਨ ਆਇਆ (ਭਾਗ-੨)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.