.

ਪੰਜਾਬ ਅਤੇ ਪੰਜਾਬੀ ਸਭਿਆਚਾਰ ਨੂੰ ਤਬਾਹ ਕਰ ਰਹੀ ਹੈ ਅਜੋਕੀ ਗਾਇਕੀ

-ਰਘਬੀਰ ਸਿੰਘ ਮਾਨਾਂਵਾਲੀ


ਪੰਜਾਬੀ ਗਇਕੀ ਨੂੰ ਸੁਣਦਿਆਂ ਇੱਕ ਦਰਦ ਭਰੀ ਹੂਕ ਮਨ ਵਿਚੋਂ ਉੱਠਦੀ ਹੈ। ਸ਼ਰਮ ਨਾਲ ਅੱਖਾਂ ਝੁਕ ਜਾਂਦੀਆਂ ਹਨ। ਮਾਨਸਿਕ ਤੌਰ `ਤੇ ਪੀੜਾ ਮਹਿਸੂਸ ਹੁੰਦੀ ਹੈ ਕਿ ਪੰਜਾਬ ਕੀ ਸੀ ਤੇ ਇਸ ਨੂੰ ਕੀ ਬਣਾਇਆ ਜਾ ਰਿਹਾ ਹੈ? ਗਾਇਕਾਂ ਦੁਆਰਾ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਨੂੰ ਕਿਵੇਂ ਆਪਣੇ ਸੌੜੇ ਹਿੱਤਾਂ ਅਤੇ ਝੂਠੀ ਸ਼ੁਹਰਤ ਲਈ ਤਬਾਹ ਕੀਤਾ ਜਾ ਰਿਹਾ ਹੈ।
ਅੱਜ ਪੰਜਾਬੀ ਗਾਇਕਾਂ ਦੀ ਸੂਚੀ ਬਹੁਤ ਲੰਮੀ ਹੋ ਗਈ ਹੈ। ਪੰਜਾਬ ਦੀ ਵਸੋਂ ਦਾ ਇੱਕ ਵੱਡਾ ਹਿੱਸਾ ਗਾਇਕ ਬਣ ਚੁਕਿਆ ਹੈ ਜਾਂ ਗਾਇਕ ਬਣਨ ਲਈ ਹੱਥ ਪੈਰ ਮਾਰ ਰਿਹਾ ਹੈ। ਇਹਨਾਂ ਵਿਚੋਂ ਬਹੁਤੇ ਗਾਇਕਾਂ ਨੇ ਗਾਉਣ ਦੀ ਇਹ ਕਲਾ ਕਿਸੇ ਸੰਗੀਤ ਦੇ ਮਾਹਰ ਉਸਤਾਦ ਕੋਲੋਂ ਨਹੀਂ ਸਿੱਖੀ ਹੋਈ। ਇਸ ਲਈ ਉਹਨਾਂ ਨੂੰ ਸੰਗੀਤ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਨਹੀਂ ਹੈ। ਬਹੁਤੇ ਗਾਇਕ ਪੰਜਾਬੀ ਸਾਹਿਤ ਨਾਲ ਵੀ ਨਹੀਂ ਜੁੜੇ ਹੋਏ ਇਸ ਕਰਕੇ ਉਹਨਾਂ ਦੀ ਲੇਖਣੀ ਵਿੱਚ ਪ੍ਰਪੱਕਤਾ ਤੇ ਸੰਜ਼ੀਦਗੀ ਨਹੀਂ ਹੈ। ਜਿਸ ਦੇ ਨਤੀਜੇ ਵਜੋਂ ਉਹਨਾਂ ਦੇ ਗੀਤਾਂ ਦੀ ਸ਼ਬਦਾਵਲੀ ਵੀ ਬਹੁਤ ਹਲਕੇ ਪੱਧਰ ਦੀ ਹੁੰਦੀ ਹੈ। ਪੰਜਾਬੀ ਸਭਿਆਚਾਰਕ ਵਿਰਸੇ ਤੋਂ ਤਾਂ ਉਹ ਇਕਦਮ ਅਣਜਾਣ ਹੀ ਜਾਪਦੇ ਹਨ।
ਕਿਸੇ ਸਮੇਂ ਗਾਇਕੀ ਨੂੰ ਇੱਕ ਕਲਾ ਮੰਨਿਆ ਜਾਂਦਾ ਸੀ। ਤੇ ਉਦੋਂ ਗਾਇਕ ਕਈ ਸਾਲ ਤੱਕ ਗਾਇਕੀ ਦੀਆਂ ਬਾਰੀਕੀਆਂ ਸਿੱਖਣ ਲਈ ਕਿਸੇ ਸੰਗੀਤ ਦੇ ਮਾਹਿਰ ਉਸਤਾਦ ਦੀ ਸ਼ਗਿਰਦੀ ਕਰਦੇ ਸਨ। ਤੇ ਜਦੋਂ ਉਹ ਗਾਇਕੀ ਦੀ ਕਲਾ ਸਿਖ ਕੇ ਸਟੇਜ਼ `ਤੇ ਆ ਕੇ ਆਪਣੀ ਪ੍ਰਪੱਕ ਅਤੇ ਸਾਫ ਸੁਥਰੀ ਗਾਇਕੀ ਕਰਦੇ ਸਨ ਤਾਂ ਉਹਨਾਂ ਦੀ ਗਾਇਕੀ ਦਿਲਾਂ ਨੂੰ ਧੂਹ ਪਾਉਂਦੀ ਸੀ।
ਹੁਣ ਗਾਇਕੀ ਕਲਾ ਨਹੀਂ ਰਹੀ ਇੱਕ ਵਪਾਰਕ ਧੰਦਾ ਬਣ ਚੁੱਕੀ ਹੈ। ਗਾਇਕਾਂ ਵਿੱਚ ਵੱਧ ਤੋਂ ਵੱਧ ਪੈਸਾ ਕਮਾਉਣ ਦੀ ਦੌੜ ਲੱਗੀ ਹੋਈ ਹੈ। ਅੱਜ ਦਾ ਗਾਇਕ ਪੈਸੇ ਅਤੇ ਸ਼ੁਹਰਤ ਲਈ ਆਪਣੀ ਗਾਇਕੀ ਵਿੱਚ ਲੱਚਰਤਾ ਅਤੇ ਨੌਜਵਾਨਾਂ ਨੂੰ ਅਕਰਸ਼ਤ ਕਰਨ ਲਈ ਗੀਤਾਂ ਦਾ ਘਟੀਆਂ ਤੇ ਕਾਮੁਕ ਫਿਲਮਾਂਕਣ ਕਰ ਰਿਹਾ ਹੈ। ਸ਼ਾਇਦ ਉਹਨੂੰ ਇਹ ਭਰਮ ਹੈ ਕਿ ਇਸ ਤਰ੍ਹਾਂ ਦੀ ਪੇਸ਼ਕਾਰੀ ਕਰਕੇ ਉਸ ਨੂੰ ਪੈਸਾ ਅਤੇ ਸ਼ੁਹਰਤ ਮਿਲ ਜਾਵੇਗੀ। ਪਰ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਪਾਲੀ ਦੇਤਵਾਲੀਆ ਅਤੇ ਕੁਲਦੀਪ ਮਾਣਕ ਨੇ ਕੋਈ ਲੱਚਰ ਨਹੀਂ ਗਾਇਆ। ਫਿਰ ਵੀ ਹਰ ਵਰਗ ਲਈ ਉਹ ਹਰਮਨ ਪਿਆਰੇ ਹਨ। ਪਾਲੀ ਜੀ ਦੇ ਪਰਿਵਾਰਿਕ ਗੀਤ ਅਤੇ ਮਾਣਕ ਜੀ ਦੀਆਂ ਕਲੀਆਂ ਸਦਾ ਲੋਕ ਮਨਾ ਵਿੱਚ ਰਾਜ ਕਰਦੇ ਰਹਿਣਗੇ। ਗੁਰਦਾਸ ਮਾਨ ਦੀਆਂ `ਪਿੰਡ ਦੀਆਂ ਗਲੀਆਂ` ਵਾਲਾ ਗੀਤ ਭਵਿੱਖ ਵਿੱਚ ਵੀ ਪੰਸਦ ਕੀਤਾ ਜਾਂਦਾ ਰਹੇਗਾ। ਅਤੇ ਸੁਰਜੀਤ ਬਿੰਦਰੱਖੀਆ ਦਾ ਗੀਤ `ਪੇਕੇ ਹੁੰਦੇ ਮਾਵਾਂ ਨਾਲ…। ` ਟੁੱਟਦੇ ਰਿਸ਼ਤਿਆਂ ਦੀ ਤਰਜ਼ਮਾਨੀ ਕਰਦਾ ਦਿਲਾਂ ਨੂੰ ਧੁਰ ਤੱਕ ਛੂਹ ਜਾਣ ਵਾਲਾ ਗੀਤ ਉਹਦੇ ਨਾਮ ਨੂੰ ਹਮੇਸ਼ਾ ਜ਼ਿੰਦਾ ਰੱਖੇਗਾ।
ਅੱਜ ਪੰਜਾਬੀ ਗਾਇਕਾਂ ਦੁਆਰਾ ਬੇਝਿਜਕ ਅਤੇ ਬੇ-ਖੌਫ਼ ਹੋ ਕੇ ਪੰਜਾਬੀਆਂ ਦੀ ਜੋ ਪੇਸ਼ਕਾਰੀ ਕੀਤੀ ਜਾ ਰਹੀ ਹੈ ਉਹ ਆਪਣੀ ਵਿੱਲਖਣ ਅਤੇ ਨਿਵੇਕਲੇ ਪਛਾਣ ਚਿੰਨ੍ਹ ਤੋਂ ਟੁੱਟ ਚੁੱਕੀ ਹੈ। ਪੰਜਾਬੀ ਗਾਇਕਾਂ ਨੇ ਆਪਣੇ ਗੀਤਾਂ ਵਿਚਲੇ ਪੰਜਾਬੀ ਗਭਰੂ ਦੀ ਪਛਾਣ ਅਜਿਹੀ ਬਣਾ ਦਿਤੀ ਹੈ, ਜਿਸ ਨੂੰ ਸੈਕਸ, ਸ਼ਰਾਬ, ਸ਼ੋਹਰਤ, ਰਫ਼ਲਾਂ, ਬੰਦੂਕਾਂ ਅਤੇ ਅਮਰੀਕਾ ਕੈਨੇਡਾ ਤੋਂ ਬਿਨ੍ਹਾਂ ਕੁੱਝ ਨਜ਼ਰ ਹੀ ਨਹੀਂ ਆਉਂਦਾ। ਪੰਜਾਬੀ ਗੱਭਰੂ ਨਾ ਪੰਜਾਬੀ ਸਭਿਆਚਾਰਕ ਵਿਰਸੇ ਦੇ ਤੌਰ ਤੇ ਸੁਚੇਤ ਹੈ ਤੇ ਨਾ ਹੀ ਆਪਣੇ ਨਿਵੇਕਲੇ ਪਛਾਣ ਚਿੰਨ੍ਹ ਬਾਰੇ ਫਿਕਰਮੰਦ ਹੈ। ਇਸ ਕਰਕੇ ਉਪਰੋਕਤ ਪੇਸ਼ਕਾਰੀ ਨੌਜਵਾਨ ਪੰਜਾਬੀਆਂ ਨੂੰ ਲਗਾਤਾਰ ਤੇਜ਼ੀ ਨਾਲ ਪ੍ਰਭਾਵਿਤ ਕਰ ਰਹੀ ਹੈ। ਮੀਡੀਏ ਦੁਆਰਾ ਪੰਜਾਬੀ ਗਾਇਕੀ ਰਾਹੀਂ ਉਸ ਅੰਦਰ ਅਜਿਹੀ ਜੀਵਨ ਜਾਚ ਦਾ ਪ੍ਰਵੇਸ਼ ਕਰਾਇਆ ਜਾ ਰਿਹਾ ਹੈ। ਜਿਹੜੀ ਹੱਕ, ਮਿਹਨਤ ਤੇ ਸਬਰ ਦੀ ਥਾਂ ਬਦਮਾਸ਼ੀ, ਦਿਸ਼ਾ ਹੀਣ ਸੂਰਮਗਤੀ, ਧੱਕੇਸ਼ਾਹੀ, ਸੈਕਸ ਅਤੇ ਦਾਰੂ ਨੂੰ ਆਪਣਾ ਉਦੇਸ਼ ਮਿੱਥ ਰਹੀ ਹੈ। ਅੱਜ ਅਫਸੋਸ ਨਾਲ ਕਿਹਾ ਜਾ ਸਕਦਾ ਹੈ ਕਿ ਪੰਜਾਬ ਦਾ ਸੰਗੀਤਕ ਭਾਸ਼ਾਈ ਵਿਰਸਾ ਅਤਿ ਹਲਕੇ ਗੀਤਾਂ ਦੇ ਬੋਲਾਂ ਅਤੇ ਨੀਵੇਂ ਪੱਧਰ ਦੇ ਫਿਲਮਾਂਕਣਾਂ ਦੁਆਲੇ ਸਿਮਟ ਕੇ ਰਹਿ ਗਿਆ ਹੈ। ਜਿਸ ਦੇ ਨਤੀਜੇ ਵਜੋਂ ਪੰਜਾਬ ਬਦਲ ਰਿਹਾ ਹੈ। ਪੰਜਾਬੀ ਸਭਿਆਚਾਰਕ ਕਦਰਾਂ ਕੀਮਤਾਂ ਬਦਲ ਰਹੀਆਂ ਹਨ। ਜਿਹਨਾਂ ਲਈ ਪੰਜਾਬੀ ਗਾਇਕਾਂ ਨੂੰ ਜੁ਼ੰਮੇਵਾਰ ਠਹਿਰਾਇਆ ਜਾਣਾ ਉਚਿਤ ਹੈ।
ਪੰਜਾਬੀ ਦੇ ਬਹੁਤੇ ਗਾਣੇ ਜੱਟ ਭਾਈਚਾਰੇ ਦੇ ਆਲੇ-ਦੁਆਲੇ ਘੁੰਮ ਰਹੇ ਹਨ। ਗਾਇਕਾਂ ਦੁਆਰਾ ਆਪਣੇ ਗੀਤਾਂ ਵਿੱਚ ਵੱਖ-ਵੱਖ ਢੰਗ ਨਾਲ ਠਿੱਬੀਆਂ ਲਗਾ ਕੇ ਜੱਟਾਂ ਦੀਆਂ ਚੰਗੀਆਂ ਕਲਾਬਾਜ਼ੀਆਂ ਪੁਵਾਈਆਂ ਜਾ ਰਹੀਆਂ ਹਨ। ਲਗਭਗ ਸਾਰੇ ਗਾਣਿਆਂ ਦੇ ਬੋਲਾਂ ਅਤੇ ਉਹਨਾਂ ਦੇ ਫਿਲਮਾਂਕਣਾਂ ਵਿੱਚ ਪੰਜਾਬੀ ਜੱਟ ਨੂੰ ਹੰਕਾਰਿਆ ਦਿਖਾਇਆ ਗਿਆ ਹੈ। ਜਿਹੜਾ ਲਲਕਾਰੇ ਮਾਰ ਰਿਹਾ ਹੈ। ਜਿਹੜਾ ਦੂਜੇ ਨੂੰ ਮਾਰਨ ਅਤੇ ਆਪ ਮਰਨ ਲਈ ਤਿਆਰ ਬੈਠਾ ਹੈ। ਸ਼ਰਾਬ ਦਾ ਨਾ ਕੇਵਲ ਉਹ ਸੇਵਨ ਕਰ ਰਿਹਾ ਹੈ। ਸਗੋਂ ਇਸ ਵਿੱਚ ਮਾਣ ਵੀ ਮਹਿਸੂਸ ਕਰ ਰਿਹਾ ਹੈ। ਗੀਤਾਂ ਵਿੱਚ ਜੱਟ ਨੂੰ ਸ਼ਰਾਬ ਦਾ ਪਿਆਕੜ, ਅਮੀਰੀ ਠਾਠ ਦੀ ਜ਼ਿੰਦਗੀ, ਵੱਡੀਆਂ ਕਾਰਾਂ ਅਤੇ ਕੋਠੀਆਂ ਦੇ ਮਾਲਿਕ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਅਸਲੀਅਤ ਤਾਂ ਇਹ ਹੈ ਕਿ ਅੱਜ ਜੱਟ ਕਰਜ਼ਾਈ ਹੋਇਆ ਖੁਦਕਸ਼ੀਆਂ ਦੇ ਰਾਹ ਪੈ ਚੁੱਕਿਆ ਹੈ। ਜੋ ਗਾਇਕਾਂ ਨੂੰ ਨਜ਼ਰ ਨਹੀਂ ਆ ਰਿਹਾ। ਗੀਤਾਂ ਵਿੱਚ ਇਹ ਵੀ ਨਹੋਰਾ ਮਾਰਿਆ ਜਾ ਰਿਹਾ ਹੈ ਕਿ ਜੇ ਜੱਟਾਂ ਨੇ ਪੀਣੀ ਛੱਡ ਦਿਤੀ ਤਾਂ ਫੇਰ ਲਲਕਾਰੇ ਕੌਣ ਮਾਰੂਗਾ? ਜਿਸ ਦਾ ਭਾਵ ਅਰਥ ਹੈ ਕਿ ਜੱਟਾਂ ਨੂੰ ਲਗਾਤਾਰ ਸ਼ਰਾਬ ਪੀਣੀ ਜਾਰੀ ਰੱਖਣੀ ਚਾਹੀਦੀ ਹੈ ਅਤੇ ਸਾਰੀ ਜੱਟ ਕੌਮ ਸ਼ਰਾਬੀ ਅਤੇ ਪਿਆਕੜਾਂ ਦੀ ਹੈ। ਉਹਨਾਂ ਅਨੁਸਾਰ ਗੁਰੂ ਦੇ ਲੜ੍ਹ ਲੱਗੇ ਜੱਟ ਵੀ ਸ਼ਰਾਬੀਆਂ ਦੀ ਸੂਚੀ ਵਿੱਚ ਆਉਂਦੇ ਹਨ। ਇਹ ਕਿੱਡੀ ਸ਼ਰਮ ਵਾਲੀ ਗੱਲ ਹੈ। ਮਿਹਨਤੀ, ਸਿਰੜੀ ਅਤੇ ਕੁਰਬਾਨੀ ਦੇ ਪੁੰਜ ਜੱਟ ਭਾਈਚਾਰੇ ਦਾ ਅਕਸ ਗਾਇਕਾਂ ਦੁਆਰਾ ਕਿੰਨਾ ਕੋਝਾ ਅਤੇ ਨਫਰਤ ਭਰਿਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।
ਪੰਜਾਬੀ ਬੰਦਾ ਜਿਹੜਾ ਆਪਣੀ ਜ਼ਮੀਨ ਨੂੰ ਮਾਂ ਦਾ ਦਰਜ਼ਾ ਦਿੰਦਾ ਸੀ। ਤੇ ਜ਼ਮੀਨ ਵੇਚਣ ਬਾਰੇ ਸੋਚ ਵੀ ਨਹੀਂ ਸੀ ਸਕਦਾ। ਪਰ ਗਾਇਕਾਂ ਨੇ ਗੀਤਾਂ ਵਿੱਚ ਪੰਜਾਬੀ ਬੰਦੇ ਨੂੰ ਔਰਤ ਦੇ ਨਖਰਿਆਂ ਦੇ ਵਪਾਰੀ ਬਣਾ ਕੇ ਉਹਦੀ ਜ਼ਮੀਨ ਵਿਕਣ ਦੀ ਗੱਲ `ਤੇ ਤਸਦੀਕ ਕਰ ਦਿਤੀ ਹੈ। ਮਤਲਬ ਅੱਜ ਉਹ ਆਸ਼ਕੀ ਕਰਨ ਲਈ ਮਾਂ ਵਰਗੀ ਜ਼ਮੀਨ ਵੇਚਣ ਲਈ ਝਿਜਕਦਾ ਨਹੀਂ ਹੈ।
ਪੰਜਾਬੀ ਗਾਣਿਆਂ ਵਿੱਚ ਪੰਜਾਬੀ ਨੌਜਵਾਨਾਂ ਦੇ ਹੱਥਾਂ ਵਿੱਚ ਮਾਰੂ ਹੱਥਿਆਰ ਫੜਾ ਕੇ ਇੱਕ ਹਿੰਸਕ, ਅੜ੍ਹਬ, ਅੱਖੜ੍ਹ, ਮੂਲੀ ਗਾਜਰ ਵਾਂਗ ਬੰਦਾ ਵੱਢ ਦੇਣ ਵਾਲੀ ਪੇਸ਼ਕਾਰੀ ਕੀਤੀ ਜਾ ਰਹੀ ਹੈ। ਪੰਜਾਬੀ ਨੌਜਵਾਨ ਨੂੰ ਵਿਹਲੜ੍ਹ, ਸ਼ਰਾਬੀ, ਹਰ ਸਮੇਂ ਨੱਚਣ-ਟੱਪਣ, ਆਸ਼ਕੀ ਕਰਨ, ਔਰਤ ਖਾਤਿਰ ਲੜ੍ਹਨ ਮਰਨ ਵਾਲਾ ਅਤੇ ਨਿਰਦਈ ਕਿਸਮ ਦੇ ਕਿਰਦਾਰ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਸਕੂਲਾਂ, ਕਾਲਜਾਂ ਦੇ ਵਿਦਿਆਰਥੀ, ਸਮੇਤ ਸਮੂਹ ਪੰਜਾਬੀ ਨੌਜਵਾਨ ਪੀੜ੍ਹੀ ਦਾ ਰੋਲ ਮਾਡਲ ਹੁਣ ਕੋਈ ਗੁਰੂ, ਸੂਰਮਾ, ਦੇਸ਼ ਭਗਤ ਜਾਂ ਕੋਈ ਫਿਲਾਸਫ਼ਰ ਨਹੀਂ ਹੈ। ਉਹਨਾਂ ਦੇ ਰੋਲ ਮਾਡਲ ਤਾਂ ਲੱਚਰ ਗਾਇਕੀ ਦੇ ਗਾਇਕ ਅਤੇ ਕਾਮੁਕ ਅਦਾਵਾਂ ਪੇਸ਼ ਕਰਦੀਆਂ ਮਾਡਲਾਂ ਹਨ।
ਪਰਵਾਸੀ ਪੰਜਾਬੀਆਂ ਦੀ ਦੂਸਰੇ ਮੁਲਕਾਂ ਵਿੱਚ ਜੰਮੀ ਪਲੀ ਪੀੜ੍ਹੀ ਅੱਜ ਦੇ ਗੀਤਾਂ ਅਤੇ ਫਿਲਮਾਂ ਦੁਆਰਾ ਪੇਸ਼ ਕੀਤੇ ਜਾ ਰਹੇ ਪੰਜਾਬੀ ਸਭਿਆਚਾਰ ਨਾਲ ਜੁੜੀ ਹੋਈ ਹੈ ਜਾਂ ਜੁੜ ਰਹੀ ਹੈ। ਅਸਲੀ ਪੰਜਾਬੀ ਸਭਿਆਚਾਰ ਦੇ ਗਿਆਨ ਤੋਂ ਵਾਂਝੀ ਇਸ ਪੀੜ੍ਹੀ ਨੂੰ ਢੋਲ ਦੀ ਬੀਟ ਖਿੱਚ ਪਾਉਂਦੀ ਹੈ। ਉਹ ਪੀੜ੍ਹੀ ਢੋਲ ਦੀ ਬੀਟ ਸਦਕਾ ਪੰਜਾਬੀ ਗੀਤਾਂ ਨੂੰ ਵੱਧ ਸੁਣਨ ਅਤੇ ਉਹਨਾਂ ਗੀਤਾਂ ਤੇ ਬਣੀਆਂ ਫਿਲਮਾਂ ਨੂੰ ਵੱਧ ਵੇਖਣ ਲਈ ਭਰਪੂਰ ਮੰਨੋਰੰਜਨ ਦੇ ਅਮਲ ਵਿਚੋਂ ਲੰਘ ਰਹੀ ਹੈ। ਉਹ ਇਹਨਾਂ ਗੀਤਾਂ ਅਤੇ ਗੀਤਾਂ `ਤੇ ਹਲਕੇ ਪੱਧਰ ਨਾਲ ਕੀਤੇ ਫਿਲਮਾਂਕਣ ਰਾਹੀਂ ਸਿਰਜੇ ਜਾ ਰਹੇ ਪੰਜਾਬੀ ਸਭਿਆਚਾਰ ਨੂੰ ਅਸਲੀ ਸਭਿਆਚਾਰ ਸਮਝ ਕੇ ਉਸ ਨੂੰ ਅਪਨਾ ਰਹੀ ਹੈ। ਅੱਜ ਦੇ ਗੀਤਾਂ ਅਤੇ ਉਹਨਾਂ ਦੇ ਫਿਲਮਾਂਕਣਾਂ ਦੀ ਘਟੀਆ ਪੇਸ਼ਕਾਰੀ ਨੂੰ ਪ੍ਰਵਾਸੀ ਨੌਜਵਾਨ ਪੀੜ੍ਹੀ ਦਾ ਅਪਨਾਉਣਾ ਇੱਕ ਚਿੰਤਾ ਦਾ ਵਿਸ਼ਾ ਹੈ।
ਗਾਇਕਾਂ ਦੇ ਗਾਣਿਆਂ ਵਿੱਚ ਅੱਜ ਦੀ ਪੰਜਾਬੀ ਔਰਤ ਦੀ ਸਥਿਤੀ ਕੀ ਹੈ? ਇਸ ਅਹਿਮ ਮਸਲੇ ਬਾਰੇ ਵਿਚਾਰ ਕਰਨੀ ਵੀ ਬਹੁਤ ਜਰੂਰੀ ਹੈ। ਗਾਣਿਆਂ ਅਤੇ ਉਹਨਾਂ ਤੇ ਬਣਾਈਆਂ ਫਿਲਮਾਂ ਵਿੱਚ ਬੰਦੇ ਦੀ ਕਾਮੁਕ ਲੋੜ ਨੂੰ ਧਿਆਨ ਵਿੱਚ ਰੱਖ ਕੇ ਔਰਤ ਦੇ ਕਾਮੁਕ ਦ੍ਰਿਸ਼ ਅਤੇ ਕਾਮੁਕ ਅਦਾਵਾਂ ਦੇ ਸੀਨ ਫਿਲਮਾਏ ਜਾਂਦੇ ਹਨ। ਜੋ ਮਰਦ ਦੀ ਕਮਜ਼ੋਰੀ ਬਣ ਜਾਣ ਤੇ ਉਹ ਇਸ ਤਰ੍ਹਾਂ ਦੇ ਗੀਤਾਂ ਅਤੇ ਨੰਗੇਜ਼ ਦੇ ਸ਼ੁਦਾਈ ਬਣ ਕੇ ਉਹਨਾਂ ਦੀਆਂ ਐਲਬਮਾਂ ਦੀ ਭਾਰੀ ਖਰੀਦ ਕਰਨ। ਪੰਜਾਬੀ ਗਾਣਿਆਂ ਦੇ ਬੋਲ ਪੰਜਾਬੀ ਔਰਤ ਨੂੰ ਸੰਬੋਧਿਤ ਜਰੂਰ ਹਨ। ਪਰ ਫਿਲਮਾਂਕਣ ਵਿੱਚ ਪੰਜਾਬੀ ਔਰਤ ਅਸਲੋਂ ਹੀ ਗੈਰ-ਹਾਜ਼ਿਰ ਹੁੰਦੀ ਹੈ। ਜਿਹੜੀ ਔਰਤ ਦਾ ਬਿੰਬ ਇਹਨਾਂ ਗੀਤਾਂ ਦੇ ਫਿਲਮਾਂਕਣ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਹ ਮਾਡਲ ‘ਸ਼ਕੀਰਾ` ਅਤੇ ‘ਬ੍ਰਿਟਨੀ ਸਪੀਅਰਜ਼` ਦਾ ਹੀ ਕਲੋਨ ਜਾਪਦੀ ਹੈ। ਪੰਜਾਬੀ ਗਾਇਕਾਂ ਦੁਆਰਾ ਸਿਰਜੀ ਇਹ ਅੱਧ ਨੰਗੀ ਔਰਤ ਪੰਜਾਬੀ ਸਭਿਆਚਾਰ ਵਿਚਲੀ ਸਾਲੂ ਵਿੱਚ ਵਲ੍ਹੇਟੀ ਪੰਜਾਬੀ ਔਰਤ ਨਹੀਂ ਹੈ। ਤਨ `ਤੇ ਡੇੜ ਕੁ ਮੀਟਰ ਤੋਂ ਘੱਟ ਕਪੜੇ `ਤੇ ਕਾਮੁਕ ਅਦਾਵਾਂ ਉਹਨਾਂ ਨੌਜਵਾਨਾਂ ਨੂੰ ਤਾਂ ਅਕਰਸ਼ਤ ਕਰਦੀਆਂ ਹਨ, ਜੋ ਔਰਤ ਦੇ ਇਸ ਤਰ੍ਹਾਂ ਦੇ ਬਿੰਬ ਨੂੰ ਮਾਨਣ ਦੇ ਅਮਲ ਵਿਚੋਂ ਗੁਜ਼ਰ ਰਿਹਾ ਹੈ। ਪਰ ਅੱਜ ਦੀ ਗਾਇਕੀ ਔਰਤ ਨੂੰ ਬਜ਼ਾਰੂ ਵਸਤੂ, ਨੁਮਾਇਸ਼ ਦੀ ਚੀਜ਼ ਅਤੇ ਇੱਕ ਸੈਕਸੀ ਖਿਡੌਣੇ ਦੇ ਰੂਪ ਵਿੱਚ ਸਿਰਜ ਕੇ ਖੁਦ ਔਰਤ ਅਤੇ ਸੂਝਵਾਨ ਸਮਾਜ ਨੂੰ ਸ਼ਰਮਸ਼ਾਰ ਕਰ ਰਹੀ ਹੈ।
ਪੰਜਾਬੀ ਗਾਇਕਾਂ ਦੇ ਸਭ ਗਾਣੇ ਇੱਕ ਔਰਤ, ਉਸ ਦੇ ਜਿਸਮ ਅਤੇ ਹੁਸਨ ਦੁਆਲੇ ਹੀ ਘੁੰਮਦੇ ਹਨ। ਉਹਨਾਂ ਦੁਆਰਾ ਅੱਜ ਔਰਤ ਦੇ ਸਰੀਰ ਦਾ ਕੋਝੇ ਸ਼ਬਦਾਂ ਰਾਹੀਂ ਨਾਮ ਤੋਲ ਕਰਕੇ ਸ਼ਰਮ ਹਯਾ ਦੀਆਂ ਸਾਰੀਆਂ ਹੱਦਾਂ ਤੋੜ ਦਿਤੀਆਂ ਹਨ। ਪੰਜਾਬੀ ਗੀਤਕਾਰਾਂ ਅਤੇ ਗਾਇਕਾਂ ਦੀ ਮਿਲੀ ਭੁਗਤ ਨਾਲ ਵਿਦੇਸ਼ਾਂ ਵਿਚੋਂ ਕਮਾਏ ਪੌਂਡਾਂ ਅਤੇ ਡਾਲਰਾਂ ਨਾਲ ਔਰਤ ਪ੍ਰਤੀ ਗਾਏ ਗੀਤਾਂ ਵਿੱਚ ਘਟੀਆ ਤੁੱਕ-ਬੰਦੀ ਅਤੇ ਹਲਕੀ ਪੱਧਰ ਦੀ ਸ਼ਬਦਾਵਲੀ ਵਰਤ ਕੇ ਲੱਚਰ ਅਤੇ ਗੰਦ-ਮੰਦ ਲਿਖਿਆ ਤੇ ਗਾਇਆ ਜਾ ਰਿਹਾ ਹੈ। ਜਿਸ ਨੂੰ ਸੁਣ ਅਤੇ ਦੇਖ ਕੇ ਸ਼ਰਮ ਨਾਲ ਅੱਖਾਂ ਝੁਕ ਜਾਂਦੀਆਂ ਹਨ। ਬਹੁਤ ਜਰੂਰੀ ਹੈ ਕਿ ਮਾਂ ਬੋਲੀ ਪੰਜਾਬੀ ਵਿੱਚ ਲਿਖਿਆ ਅਤੇ ਗਾਇਆ ਜਾਵੇ। ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਜੋ ਗੀਤਕਾਰਾਂ ਦੁਆਰਾ ਲਿਖਿਆ ਅਤੇ ਗਾਇਕਾਂ ਦੁਆਰਾ ਗਾਇਆ ਜਾਵੇ ਉਹ ਸਾਫ ਸੁਥਰਾ ਅਤੇ ਸਿਹਤਮੰਦ ਹੋਵੇ। ਨਾ ਅਜਿਹਾ ਲਿਖਿਆ ਜਾਵੇ ਅਤੇ ਨਾ ਗਾਇਆ ਜਾਵੇ, ਜਿਸ ਨਾਲ ਮਾਂ ਬੋਲੀ ਪੰਜਾਬੀ ਦਾ ਨਿਰਾਦਰ ਅਤੇ ਅਪਮਾਨ ਹੋਵੇ। ਅਜੋਕੀ ਗਾਇਕੀ ਦੇ ਲੱਚਰਪੁਣੇ ਅਤੇ ਗੰਦ-ਮੰਦ ਲਈ ਤਾਂ ਅਸਲ ਥਾਂ ਕੂੜੇ ਦਾ ਢੇਰ ਹੀ ਹੈ। ਸਾਨੂੰ ਅਸਲ ਵਿੱਚ ਇਹ ਦੇਖਣਾ ਚਾਹੀਦਾ ਹੈ ਕਿ ਜੋ ਗੀਤਕਾਰਾਂ ਦੁਆਰਾ ਲਿਖਿਆ ਅਤੇ ਗਾਇਕਾਂ ਦੁਆਰਾ ਗਾਇਆ ਜਾ ਰਿਹਾ ਹੈ। ਉਸ ਦਾ ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਅਤੇ ਪੰਜਾਬੀ ਲੋਕਾਂ ਨੂੰ ਕੀ ਲਾਭ ਹੋ ਰਿਹਾ ਹੈ? ਅਸਲੀਅਤ ਇਹ ਹੈ ਕਿ ਅੱਜ ਦੇ ਗਾਇਕਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਆਦੀ, ਵਿਹਲੇ ਰਹਿਣ, ਗੁੰਡਾ ਗਰਦੀ ਅਤੇ ਆਸ਼ਕੀ ਕਰਨ ਦੀਆਂ ਭੈੜੀਆਂ ਆਦਤਾਂ ਪਾ ਦਿਤੀਆਂ ਹਨ। ਜੋ ਮਿਹਨਤੀ ਪੰਜਾਬੀ ਲੋਕਾਂ ਦੇ ਮੱਥੇ `ਤੇ ਕਲੰਕ ਹੈ।
ਪੰਜਾਬੀ ਗੀਤਾਂ ਦੇ ਫਿਲਮਾਂਕਣਾਂ ਵਿੱਚ ਗੁੰਡਿਆਂ ਦੇ ਗੈਂਗ, ਸਿਰ ਅਤੇ ਦਾੜ੍ਹੀ ਦੇ ਵਾਲਾਂ ਦੇ ਤਰ੍ਹਾਂ-ਤਰ੍ਹਾਂ ਦੇ ਹੇਅਰ ਸਟਾਇਲ, ਕੰਨਾਂ ਵਿੱਚ ਮੁੰਦਰਾਂ ਅਤੇ ਨਿਵੇਕਲਾ ਪਹਿਰਾਵਾ ਪੁਆ ਕੇ ਮਾਰੂ ਹਥਿਆਰ ਲੈ ਕੇ ਖੁਲ੍ਹੀਆਂ ਜੀਪਾਂ ਵਿੱਚ ਘੁੰਮਦੇ ਦਿਖਾ ਕੇ ਉਹਨਾਂ ਨੂੰ ਬਦਮਾਸ਼, ਹਿੰਸਕ, ਗੁੰਡੇ, ਲੁਟੇਰੇ, ਵਿਹਲੜ, ਅੱਖੜ ਅਤੇ ਅੜ੍ਹਬ ਸੁਭਾਅ ਦੇ ਧਾਰਨੀ ਵਜੋਂ ਪੇਸ਼ ਕੀਤਾ ਹੈ। ਜਿਸ ਕਰਕੇ ਆਤਮਾਵਾਂ ਮਰ ਰਹੀਆਂ ਹਨ। ਦਿੱਲਾਂ ਵਿੱਚ ਕਠੋਰਤਾ ਪੈਦਾ ਹੋ ਰਹੀ ਹੈ। ਵਤੀਰੇ ਬੇਲਚਕ ਬਣਦੇ ਜਾ ਰਹੇ ਹਨ। ਇਹ ਸਭ ਕੁੱਝ ਸਾਨੂੰ ਸਭਿਆਚਾਰਕ ਮੌਤੇ ਮਾਰ ਰਿਹਾ ਹੈ। ਕਾਸ਼! ਅਸੀਂ ਹੁਣ ਵੀ ਜਾਗ ਪਈਏ!
ਪੰਜਾਬੀ ਗਾਇਕਾਂ ਨੇ ਗੀਤਾਂ ਵਿੱਚ ਸਮੱਸਿਆਵਾਂ ਨਾਲ ਓਤਪੋਤ ਜੱਟ ਦਾ ਜ਼ਿਕਰ ਨਹੀਂ ਕੀਤਾ। ਅੰਨ੍ਹ ਦਾਤਾ ਕਹਾਉਣ ਵਾਲਾ ਕਿਸਾਨ (ਜੱਟ) ਅੱਜ ਮੰਗਤਾ ਬਣਿਆ ਹੋਇਆ ਹੈ। ਉਸ ਦੀਆਂ ਪੁੱਤਰਾਂ ਵਾਂਗ ਪਾਲੀਆਂ ਫਸਲਾਂ ਜੋ ਗੜ੍ਹਿਆਂ ਅਤੇ ਹੜ੍ਹਾਂ ਨਾਲ ਤਬਾਹ ਹੋਈਆਂ ਹਨ, ਦਾ ਜ਼ਿਕਰ ਨਹੀਂ ਕੀਤਾ। ਕਮਜ਼ੋਰ ਕਿਸਾਨ ਦੀ ਰੁੜ੍ਹ ਗਈ ਫਸਲ, ਸਿਰ ਚੜ੍ਹੇ ਕਰਜ਼ੇ ਦੀ ਭਾਰੀ ਪੰਡ, ਕੋਠੇ ਜਿੱਡੀ ਹੋਈ ਦਰ `ਤੇ ਬੈਠੀ ਕੁਆਰੀ ਧੀ, ਜਿਸ ਨੂੰ ਦਰੋਂ ਤੋਰਨ ਲਈ ਤਬਾਹ ਹੋਈ ਫਸਲ ਤੋਂ ਬਾਅਦ ਜੱਟ ਕੋਲ ਦੁਆਨੀ ਵੀ ਨਹੀਂ ਬਚੀ, ਦਾ ਜ਼ਿਕਰ ਨਹੀਂ ਕੀਤਾ। ਜੇ ਕਦੀ ਕਿਸੇ ਗੀਤ ਵਿੱਚ ਰੀਣ ਮਾਤਰ ਜ਼ਿਕਰ ਹੋਇਆ ਵੀ ਹੈ ਤਾਂ ਇਹਨਾਂ ਮਸਲਿਆਂ ਨੂੰ ਇਸ ਕਦਰ ਗੈਰ-ਸੰਜੀਦਾ ਕਰ ਦਿਤਾ ਜਾਂਦਾ ਹੈ ਕਿ ਲੋਕ ਇਹਨਾਂ ਵਿਚੋਂ ਵੀ ਲੱਚਰ ਗੀਤਾਂ ਅਤੇ ਕਾਮੁਕ ਫਿਲਮਾਂ ਵਾਲਾ ਅਨੰਦ ਭਾਲਣ ਲਾ ਦਿਤੇ ਗਏ ਹਨ।
ਅੱਜ ਹਰ ਗਾਇਕ ਦਾ ਮਕਸਦ ਤਾਂ ਲੱਚਰਤਾ ਪ੍ਰੋਸ ਕੇ ਵੱਧ ਤੋਂ ਵੱਧ ਪੈਸਾ ਅਤੇ ਸਸਤੀ ਸ਼ੁਹਰਤ ਖੱਟਣ ਤੋਂ ਹੈ। ਉਹ ਆਪਣਾ ਹਰ ਕੋਝਾ ਹਰਬਾ ਵਰਤ ਕੇ ਔਰਤ ਨੂੰ ਸ਼ਰੇ-ਬਜ਼ਾਰ ਇੱਕ ਬਜ਼ਾਰੂ ਵਸਤੂ ਵਜ਼ੋਂ ਪੇਸ਼ ਕਰ ਰਿਹਾ ਹੈ। ਗਾਇਕਾਂ ਨੇ ਸਿੱਧ ਕਰ ਦਿਤਾ ਹੈ ਕਿ ਉਹਨਾਂ ਦੀ ‘ਆਪਣੀ` ਧੀ ਅਤੇ ਭੈਣ ਹੀ ‘ਆਪਣੀ` ਹੈ। ਬਾਕੀ ਸਭ ਧੀਆਂ ਅਤੇ ਭੈਣਾਂ ਦੇ ਜਿਸਮ ਦੀ ਤਾਂ ਉਹ ਪੈਮਾਇਸ਼ ਕਰਨ ਦੇ ਹੱਕਦਾਰ ਹਨ ਅਤੇ ਪੈਮਾਇਸ਼ ਕਰ ਵੀ ਰਹੇ ਹਨ। ਪੰਜਾਬੀ ਸਭਿਆਚਾਰ ਦੇ ਅਨੁਸਾਰ ਪਿੰਡ ਦੀ ਹਰ ਧੀ ਨੂੰ ਸਾਰੇ ਪਿੰਡ ਦੀ ਧੀ ਮੰਨਿਆ ਜਾਂਦਾ ਸੀ। ਪਰ ਅੱਜ ਗਾਇਕ ਸਾਹਮਣੇ ਚੁਬਾਰੇ ਵਾਲੀ ਖੁਲ੍ਹਦੀ ਖਿੜਕੀ ਵਿਚੋਂ ਵੀ ਗੁਆਂਢੀਆਂ ਦੀ ਧੀ ਦੀਆਂ ਕਾਮੁਕ ਅਦਾਵਾਂ ਅਤੇ ਕਾਮੁਕ ਦ੍ਰਿਸ਼ ਵੇਖਣ ਦੀ ਗੱਲ ਕਰ ਰਹੇ ਹਨ।
ਪੰਜਾਬੀ ਗਾਣਿਆਂ ਵਿੱਚ ਕੈਂਸਰ ਵਾਂਗ ਘਰ ਕਰ ਗਈ ਲੱਚਰਤਾ ਤੋਂ ਕਿਸੇ ਵੀ ਗਾਇਕ ਨੂੰ ਕਲੀਨ ਚਿੱਟ ਨਹੀਂ ਦਿਤੀ ਜਾ ਸਕਦੀ। ਪੰਜਾਬੀ ਦੇ ਹਰ ਗਾਇਕ ਨੇ ਲੱਚਰਤਾ ਤੇ ਥੋੜ੍ਹੀ ਬਹੁਤੀ ਹੱਥ ਅਜ਼ਮਾਈ ਜਰੂਰ ਕੀਤੀ ਹੈ। ਮੋਹਰਲੀ ਕਤਾਰ ਦੇ ਸਥਾਪਿਤ ਗਾਇਕਾਂ ਨੂੰ ਵੀ ਮੂਲੋਂ ਹੀ ਦੋਸ਼ ਮੁਕਤ ਨਹੀਂ ਕੀਤਾ ਜਾ ਸਕਦਾ। ਕਿਉਂਕਿ ਉਹਨਾਂ ਨੇ ਵੀ ਆਪਣੀ ਗਾਇਕੀ ਵਿੱਚ ਅਜਿਹਾ ਕੁੱਝ ਕਦੀ ਕਦਾਂਈ ਜਰੂਰ ਪੇਸ਼ ਕੀਤਾ ਹੈ। ਪਰ ਉਹਨਾਂ ਦੀਆਂ ਪੰਜਾਬੀ ਭਾਸ਼ਾ, ਪੰਜਾਬੀ ਸਭਿਆਚਾਰ ਅਤੇ ਪੰਜਾਬੀ ਸਮਾਜ ਪ੍ਰਤੀ ਵੱਡੀਆਂ ਪ੍ਰਾਪਤੀਆਂ ਦੇ ਸਾਹਮਣੇ ਇਹ ਦੋਸ਼ ਨਿਗੂਣੇ ਹਨ।
ਕਿਸੇ ਇੰਟਰਵਿਊ ਸਮੇਂ ਹਰ ਗਾਇਕ ਆਪਣੀ ਜ਼ੁਬਾਨ ਤੋਂ ਇਕੋ ਗੱਲ ਲਗਾਤਾਰ ਉਚਾਰਦਾ ਹੈ ਕਿ ਉਹ ਤਾਂ ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ ਦੀ ਸੇਵਾ ਕਰ ਰਿਹਾ ਹੈ। ਕੀ ਇਹ ਗਾਇਕ ਸਾਜ਼ਿਸੀ ਹਨ ਜਾਂ ਧੋਖੇਬਾਜ਼ ਹਨ, ਜੋ ਕਹਿੰਦੇ ਕੁੱਝ ਹਨ ਤੇ ਕਰਦੇ ਕੁੱਝ ਹਨ। ਕੀ ਉਹ ਸਭਿਆਚਾਰਕ ਗਾਇਕੀ ਰਾਹੀਂ ਸਭਿਅਕ ਔਰਤ ਅਤੇ ਸਭਿਅਕ ਕਦਰਾਂ ਕੀਮਤਾਂ ਦੀ ਪੇਸ਼ਕਾਰੀ ਕਰ ਰਹੇ ਹਨ? ਜਾਂ ਮੌਜੂਦਾ ਸਥਿਤੀ ਵਿੱਚ ਲਲਕਾਰਿਆਂ, ਰਫ਼ਲਾਂ/ਬੰਦੂਕਾਂ ਦਾਰੂ, ਕਾਮੁਕ ਔਰਤ ਦੀਆਂ ਅਦਾਵਾਂ, ਨੰਗੇਜ਼ਵਾਦ, ਲੱਚਰਤਾ, ਸ਼ਰਮ ਹਯਾ ਵਾਲੀ ਸ਼ਬਦਾਵਲੀ, ਗੁੰਡਾ ਗਰਦੀ, ਧੱਕੇਸ਼ਾਹੀ, ਲੜਾਈ ਝਗੜੇ ਆਦਿ ਦੀ ਪੇਸ਼ਕਾਰੀ ਕਰ ਰਹੇ ਹਨ। ਕੀ ਏਹੀ ਸਭਿਆਚਾਰ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਹੈ? ਅਜਿਹੀ ਸੇਵਾ ਖੁਣੋਂ ਕੀ ਥੁੜਿਆ ਸੀ?
ਮੇਰਾ ਇਹ ਲੇਖ ਛੱਪਣ ਤੋਂ ਬਾਅਦ ਗਾਇਕ ਮੈਨੂੰ ਅਤੇ ਇਸ ਅਖਬਾਰ ਨੂੰ ਆਪਣਾ ਵਿਰੋਧੀ ਆਖਣਗੇ। ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਨਾ ਤਾਂ ਮੈਂ ਅਤੇ ਨਾ ਹੀ ਇਹ ਅਖ਼ਬਾਰ ਉਹਨਾਂ ਦੀ ਵਿਰੋਧੀ ਹੈ। ਅਸੀਂ ਤਾਂ ਅਸਭਿਅਕ ਅਤੇ ਉਸ ਲੱਚਰ ਗਾਇਕੀ ਦੇ ਵਿਰੋਧੀ ਹਾਂ ਜਿਸ ਨੂੰ ਪਰਿਵਾਰ ਨਾਲ ਬੈਠ ਕੇ ਨਾ ਸੁਣਿਆ ਜਾ ਸਕਦਾ ਹੈ ਤੇ ਨਾ ਹੀ ਵੇਖਿਆ ਜਾ ਸਕਦਾ ਹੈ। ਜੋ ਆਪਣੀ ਗੰਦੀ-ਮੰਦੀ ਸ਼ਬਦਾਵਲੀ ਨਾਲ ਪੰਜਾਬੀ ਮਾਂ ਬੋਲੀ ਦਾ ਅਪਮਾਨ ਅਤੇ ਨਿਰਾਦਰ ਕਰਦੀ ਹੈ। ਜੋ ਔਰਤ ਨੂੰ ਕਾਮੁਕ ਚੀਜ਼ ਵਜ਼ੋਂ ਪੇਸ਼ ਕਰਕੇ ਉਸ ਨੂੰ ਨੀਵਾਂ ਦਿਖਾਅ ਰਹੀ ਹੈ। ਜੋ ਪੰਜਾਬੀ ਸਭਿਆਚਾਰ ਦੀਆਂ ਉੱਚੀਆਂ ਕਦਰਾਂ-ਕੀਮਤਾਂ ਨੂੰ ਘੱਟੇ-ਮਿੱਟੀ ਰੋਲ ਰਹੀ ਹੈ।
ਜੇ ਬਾਲੀਵੁੱਡ ਫਿਲਮਾਂ ਤੇ ਸੈਂਸਰ ਬੋਰਡ ਬਣਾਇਆ ਗਿਆ ਹੈ ਤਾਂ ਅੱਜ ਸਖ਼ਤ ਜਰੂਰਤ ਹੈ ਕਿ ਪੰਜਾਬੀ ਗੀਤਾਂ ਅਤੇ ਉਹਨਾਂ ਤੇ ਬਣਾਈਆਂ ਜਾ ਰਹੀਆਂ ਵੀਡੀਓਜ਼ `ਤੇ ਵੀ ਸੈਂਸਰ ਬੋਰਡ ਬਣਾਇਆ ਜਾਵੇ। ਪੰਜਾਬੀ ਗਾਇਕਾਂ ਦੀਆਂ ਖੁਲ੍ਹੀਆਂ ਵਾਂਗਾਂ ਨੂੰ ਵੀ ਲਗਾਮਾਂ ਲਗਾਈਆਂ ਜਾਣੀਆਂ ਬਹੁਤ ਜਰੂਰੀ ਹਨ। ਤਾਂ ਕਿ ਉਹਨਾਂ `ਤੇ ਲੱਚਰਤਾ ਅਤੇ ਗੰਦ-ਮੰਦ ਫੈਲਾਉਣ ਤੋਂ ਰੋਕਣ ਲਈ ਨੱਥ ਪਾਈ ਜਾ ਸਕੇ। ਪੰਜਾਬ ਦੇ ਬੁਧੀਜੀਵੀ, ਦਾਨਿਸ਼ਵਰਾਂ ਅਤੇ ਪੰਜਾਬੀ ਹਿਤੈਸ਼ੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਲੱਚਰ ਗਾਇਕੀ ਅਤੇ ਲੱਚਰ ਫਿਲਮਾਂਕਣਾਂ ਬਾਰੇ ਵੱਡੇ ਪੱਧਰ `ਤੇ ਚਰਚਾ ਕਰਕੇ ਇਸ ਦੀਆਂ ਸੀਮਾਂਵਾਂ ਤਹਿ ਕਰਨੀਆਂ ਚਾਹੀਦੀਆਂ ਹਨ। ਅੱਜ ਪੰਜਾਬ, ਪੰਜਾਬੀ ਭਾਸ਼ਾ ਅਤੇ ਪੰਜਾਬੀ ਲੋਕਾਂ ਲਈ ਇਹ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਜੋ ਪੰਜਾਬੀ ਸਭਿਆਚਾਰ ਨੂੰ ਗਲਤ ਰੂਪ ਵਿੱਚ ਪੇਸ਼ ਕਰਕੇ ਆਉਣ ਵਾਲੇ ਸਮੇਂ ਲਈ ਸੰਕਟ ਪੈਦਾ ਕਰ ਰਹੀ ਹੈ। ਤੇ ਭਵਿੱਖ ਵਿੱਚ ਇਸ ਦੇ ਨਤੀਜੇ ਸਾਡੇ ਸਮਾਜ ਲਈ ਖਤਰਨਾਕ ਹੋਣਗੇ। ਇਸ ਪਨਮ ਰਹੇ ਗਲਤ ਰੁਝਾਨ ਨੂੰ ਠੱਲ੍ਹ ਪਾਉਣ ਲਈ ਸਾਨੂੰ ਉਪਰਾਲੇ ਕਰਨ ਲਈ ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ ਦੇ ਹਿਤੈਸ਼ੀਆਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ।
ਅੱਜ ਪੰਜਾਬੀ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਵੱਡੀ ਪੱਧਰ `ਤੇ ਇਸ ਲੱਚਰਤਾ ਦੇ ਵਿਰੁੱਧ ਲਾਮ-ਵਧ ਹੋਣ। ਗੁਰਬਾਣੀ ਵਿੱਚ ਗੁਰੂ ਨਾਨਕ ਨੇ ਜਿਸ ਔਰਤ ਨੂੰ ਮਹਾਨ ਦਰਜ਼ਾ ਦਿਤਾ ਸੀ, ਇਹ ਗਾਇਕ ਅੱਜ ਉਸ ਔਰਤ ਨੂੰ ਬੇਵਫ਼ਾ, ਬਦਕਾਰ, ਬਦਚਲਨ ਅਤੇ ਧੋਖੇਬਾਜ਼ ਦੱਸ ਕੇ ਉਸ ਦਾ ਅਪਮਾਨ ਕਰ ਰਹੇ ਹਨ। ਕਵੀ ਨੰਦ ਲਾਲ ਨੂਰਪੁਰੀ ਨੇ ਆਪਣੇ ਗੀਤਾਂ ਵਿੱਚ ਔਰਤ ਨੂੰ “ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ…” ਕਿਹਾ ਸੀ। ਕੀ ਅੱਜ ਦੀ ਪੜ੍ਹੀ ਲਿਖੀ ਅਗਾਂਹ ਵਧੂ, ਵੱਖ-ਵੱਖ ਖੇਤਰਾਂ ਵਿੱਚ ਅਣਮੁੱਲੀਆਂ ਪ੍ਰਾਪਤੀਆਂ ਕਰਨ ਵਾਲੀ ਔਰਤ, ਅਜੋਕੇ ਗਾਇਕਾਂ ਦੇ ਗੀਤਾਂ ਵਿਚਲੀ ਔਰਤ ਦੀ ਪੇਸ਼ਕਾਰੀ ਸਵੀਕਾਰ ਕਰਨ ਲਈ ਤਿਆਰ ਹੈ? ਔਰਤ ਨੂੰ ਆਪਣੇ ਸਵੈ-ਮਾਣ ਲਈ ਲੱਚਰ ਗੀਤਕਾਰੀ ਅਤੇ ਗਾਇਕੀ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ। ਔਰਤਾਂ ਦੁਆਰਾ ਇਸ ਦਾ ਵਿਰੋਧ ਨਾ ਕੀਤਾ ਗਿਆ ਤਾਂ ਭਵਿੱਖ ਵਿੱਚ ਉਹਨਾਂ ਲਈ ਸੰਕਟ ਪੈਦਾ ਹੋ ਜਾਵੇਗਾ। ਸਾਨੂੰ ਸਭ ਨੂੰ ਰਲ ਮਿਲ ਕੇ ਅਜਿਹੀ ਗਾਇਕੀ `ਤੇ ਰੋਕ ਲਗਾਉਣ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਤਾਂਕਿ ਅਮੀਰ ਪੰਜਾਬੀ ਸਭਿਆਚਾਰਕ ਵਿਰਸੇ ਦੀਆਂ ਉਚੱੀਆਂ ਕਦਰਾਂ ਕੀਮਤਾਂ ਨੂੰ ਘੱਟੇ-ਮਿੱਟੀ ਨਾ ਰੋਲਿਆ ਜਾ ਸਕੇ।

-ਪਿੰਡ ਮਾਨਾਂਵਾਲੀ ਤਹਿ: ਫਗਵਾੜਾ (ਕਪੂਰਥਲਾ)
ਮੋਬਾਇਲ: 88728-54500
.