.

ਇਹੁ ਹਮਾਰਾ ਜੀਵਣਾ

1

ਗੁਰਦੁਆਰੇ ਵਿੱਚ ਕਿਸੇ ਸ਼ਰਧਾਲੂ ਵਲੋਂ ਰਖਾਏ ਗਏ ਅਖੰਡ ਪਾਠ ਦਾ ਭੋਗ ਪਿਆ ਹੈ। ਅਰਦਾਸ ਉਪਰੰਤ ਸਟੇਜ ਸੈਕਟਰੀ ਨੇ ਰਾਗੀ ਜਥੇ ਨੂੰ ਕੀਰਤਨ ਵਾਸਤੇ ਸਮਾਂ ਦਿਤਾ ਹੈ। ਰਾਗੀ ਸਟੇਜ `ਤੇ ਬੈਠ ਕੇ ਸਾਜ਼ ਸੁਰ ਕਰਨ ਲਗਦੇ ਹਨ ਤਦੇ ਹੀ ਦੀਵਾਨ ਵਿਚੋਂ ਪੰਜ ਚਾਰ ਨੌਜੁਆਨ ਮੁੰਡੇ ਉਠ ਕੇ ਬਾਹਰ ਨੂੰ ਜਾਣ ਲਗਦੇ ਹਨ। ਗੁਰਦੁਆਰੇ ਦਾ ਪ੍ਰਧਾਨ ਜੋ ਕਿ ਸਟੇਜ ਸਕੱਤਰ ਦੇ ਕੋਲ ਬੈਠਾ ਹੈ, ਸਕੱਤਰ ਦੇ ਕੰਨ ਕੋਲ਼ ਹੋ ਕੇ ਕਹਿੰਦਾ ਹੈ, “ਇਹ ਛੋਕਰੇ ਪਤਾ ਨਹੀਂ ਦੀਵਾਨ `ਚ ਕਿਉਂ ਨਹੀਂ ਬਹਿੰਦੇ, ਖਵਰੇ ਚਮੂਣੇ ਲੜਦੇ ਆ ਏਹਨਾਂ ਦੇ”
ਅੱਗਿਉਂ ਸਟੇਜ ਸਕੱਤਰ ਬੋਲਿਆ, “ਜਾਣ ਦੇ, ਦਫ਼ਾ ਹੋਣ ਦੇਹ, ਇਹਨਾਂ ਨੇ ਕਿਹੜਾ ਰਾਗੀਆਂ ਨੂੰ ਪੌਂਡ ਦੇਣੇ ਆਂ”।
ਹੁਣ ਪ੍ਰਧਾਨ ਸਾਹਿਬ ਦੇ ਚਿਹਰੇ `ਤੇ ਤਸੱਲੀ ਸੀ।

2

ਟੈਲੀਵੀਯਨ `ਤੇ ਦਿਖਾਏ ਜਾ ਰਹੇ ਇੱਕ ਪ੍ਰੋਗਰਾਮ ਵਿੱਚ ਕਿਸੇ ਸਾਧ ਬਾਬੇ ਦੀ ਬਰਸੀ ਮਨਾਈ ਜਾ ਰਹੀ ਸੀ। ਗੁਰਬਾਣੀ ਦੀਆਂ ਬੜੀਆਂ ਆਸਾਨ ਤੁਕਾਂ ਨੂੰ ਵੀ ਇੱਕ ਸਾਧ ਤੋੜ-ਮਰੋੜ ਕੇ ਲੋਕ ਗੀਤ ਵਾਂਗ ਆਪਣੀ ਹੀ ਧਾਰਨਾ `ਤੇ ਗਾ ਰਿਹਾ ਸੀ।
ਤਦੇ ਇੱਕ ਹੋਰ ਸਾਧ ਨੇ ਉਸ ਨੂੰ ਰੋਕ ਕੇ ਮਾਈਕ `ਤੇ ਅਨਾਊਂਸਮੈਂਟ ਕੀਤੀ, “ਪਿਆਰੀ ਸਾਧ ਸੰਗਤ ਜੀ, ਹੁਣ ਆਪ ਜੀ ਸਾਰੀਆਂ ਸੰਗਤਾਂ ਪਿੱਛੇ ਵਲ ਨੂੰ ਮੂੰਹ ਘੁੰਮਾ ਲਉ (ਯਾਨੀ ਕਿ ਗੁਰੂ ਸਾਹਿਬ ਵਲ ਨੂੰ ਪਿੱਠ ਕਰ ਲਉ) ਕਿਉਂਕਿ ਬਾਬਾ ਜੀ ਦੀ ਆਤਮਾ ਦੀ ਖ਼ੁਸ਼ੀ ਲਈ ਆਤਿਸ਼ਬਾਜ਼ੀ ਸ਼ੁਰੂ ਹੋਣ ਲੱਗੀ ਹੈ। ਸਾਧ ਸੰਗਤ ਜੀ, ਆਤਿਸ਼ਬਾਜ਼ੀ ਦਾ ਆਨੰਦ ਲਉ ਤੇ ਬਾਬਾ ਜੀ (ਸਾਧ) ਦੀਆਂ ਖ਼ੁਸ਼ੀਆਂ ਪ੍ਰਾਪਤ ਕਰੋ ਜੀ”।
ਆਤਿਸ਼ਬਾਜ਼ੀਆਂ `ਚੋ ਸੰਗਤਾਂ ਨੂੰ ਖ਼ੁਸ਼ੀਆਂ ਦੇਣ ਵਾਲੇ ਬਾਬਿਉ ਧੰਨ ਹੋ ਤੁਸੀਂ ਤੇ ਧੰਨ ਤੁਹਾਡੀ ਸਿੱਖੀ।

3

ਇਕ ਬੂਬਨਾ ਸਾਧ ਗੁਰੂ ਹਰ ਰਾਇ ਸਾਹਿਬ ਜੀ ਦੇ ਜੀਵਨ ਬਾਰੇ ਟੈਲੀਵੀਯਨ ਉੱਪਰ ਕਥਾ ਸੁਣਾ ਰਿਹਾ ਸੀ। ਵਿਖਿਆਨ `ਚ ਕਹਿ ਰਿਹਾ ਸੀ ਕਿ ਗੁਰੂ ਹਰ ਰਾਇ ਸਾਹਿਬ ਜੀ ਰੋਜ਼ ਸਵੇਰੇ 101 ਗਾਗਰਾਂ ਦੇ ਜਲ ਨਾਲ਼ ਖੂਹ ਉੱਪਰ ਇਸ਼ਨਾਨ ਕਰਿਆ ਕਰਦੇ ਸਨ। ਮੈਂ ਸੋਚ ਰਿਹਾ ਸਾਂ ਕਿ ਸਾਰੇ ਹੀ ਗੁਰੂ ਸਾਹਿਬਾਨ ਜੀ ਨੇ ਆਪਣੇ ਜੀਵਨ ਵਿੱਚ ਜਿੱਥੇ ਹੋਰ ਉੱਚੀਆਂ ਸੁੱਚੀਆ ਕਦਰਾਂ –ਕੀਮਤਾਂ ਮਨੁੱਖਤਾ ਨੂੰ ਦਿਤੀਆਂ ਉੱਥੇ ਹੀ ਸੰਜਮ ਵਾਲਾ ਜੀਵਨ ਜਿਉਣ ਦੀਆਂ ਜੁਗਤਾਂ ਵੀ ਦਿੱਤੀਆਂ। ਗੁਰੂ ਸਾਹਿਬਾਨ ਨੇ ਆਪ ਪੂਰਨੇ ਪਾ ਕੇ ਦੱਸੇ। ਗੁਰੂ ਹਰ ਰਾਇ ਸਾਹਿਬ ਦੇ ਜੀਵਨ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਚੋਲ਼ੇ ਨਾਲ਼ ਅੜ ਕੇ ਇੱਕ ਟੁੱਟੇ ਹੋਏ ਫੁੱਲ ਦਾ ਹੀ ਉਹਨਾਂ ਨੇ ਕਿਤਨਾ ਪਛਤਾਵਾ ਕੀਤਾ ਸੀ।
ਕੀ ਅਜਿਹੀ ਸੋਚ ਵਾਲ਼ਾ ਗੁਰੂ 101 ਗਾਗਰਾਂ ਪਾਣੀ ਦੀਆਂ ਐਵੇਂ ਹੀ ਰੋੜ੍ਹ ਦੇਵੇਗਾ?
ਨਿਰਮਲ ਸਿੰਘ ਕੰਧਾਲਵੀ
ਵਿਲਨਹਾਲ (ਯੂ. ਕੇ.)
.