.

ਅਰਥ ਨਿਖਾਰ-ਪਉੜੀ ੧੬ ਵਾਰ ਮਾਝ ਕੀ ਵਾਰ ਮ: ੧

ਭਗਤਾ ਤੈ ਸੈਸਾਰੀਆ

ਜੋੜੁ ਕਦੇ ਨ ਆਇਆ

(ਭਾਗ-)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਉਚੇਚੇ ਲੋੜ ਕਿਉਂ? -ਉਂਝ ਤਾਂ ਪਾਹਿਲੇ ਪਾਤਸ਼ਾਹ ਵੱਲੋਂ ਹੀ ਜੰਜੂ ਪਾਉਣ ਤੋਂ ਸਾਫ਼ ਇਨਕਾਰ ਕਰ ਦੇਣ `ਤੇ ਇਸ ਬਾਰੇ ਤੌਖ਼ਲਾ ਨਹੀਂ ਰਹਿ ਜਾਣਾ ਚਾਹੀਦਾ ਕਿ ਗੁਰਮੱਤ ਅਤੇ ਬ੍ਰਾਹਮਣ ਮੱਤ ਦੀ ਵਿਚਾਰਧਾਰਾ ਵਿਚਕਾਰ ਇਤਨਾ ਵੱਧ ਅੰਤਰ ਤੇ ਫ਼ਾਸਲਾ ਹੈ ਜਿਤਨਾ ਕਿ ਦਿਨ ਤੇ ਰਾਤ ਵਿਚਕਾਰ। ਦੋਨਾਂ ਵਿਚਾਰਧਾਰਾਂਵਾਂ ਦਾ ਆਪਸ `ਚ ਕਿਧਰੇ ਵੀ ਕੋਈ ਜੋੜ ਨਹੀਂ। ਇਸ ਤੋਂ ਬਾਅਦ ਗੁਰਬਾਣੀ ਦੀ, ਭਾਵ ਆਰੰਭ ਤੋਂ ਸਮਾਪਤੀ ਭਾਵ “ਤਨੁ ਮਨੁ ਥੀਵੈ ਹਰਿਆ” ਤੱਕ ਜਿਥੋਂ ਵੀ ਅਰਥ ਵਿਚਾਰ ਕਰ ਲਈ ਜਾਵੇ ਤਾਂ ਵੀ ਇਸ ਬਾਰੇ ਸ਼ੰਕਾ ਨਹੀਂ ਰਹਿ ਜਾਂਦਾ। ਦਰਅਸਲ ਸੰਪੂਰਣ ਗੁਰਬਾਣੀ ਵਿਚਾਰਧਾਰਾ ਹੀ, ਆਪਣੇ ਆਪ `ਚ ਵਾਲੇ ਇਲਾਹੀ ਸੱਚ ਦਾ ਹੀ ਅਕੱਟ ਸਬੂਤ ਹੈ। ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵੀ ਜਿਵੇਂ “ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਯਾ” (ਭਾ: ਗੁ: ੧/੪੫) ਤੇ “ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ” (ਭਾ: ਗੁ: ੧/੩੧) ਪੂਰੀ ਤਰ੍ਹਾਂ ਇਸੇ ਇਲਾਹੀ ਸੱਚ ਦੀ, ਪ੍ਰੌੜਤਾ ਕਰ ਰਹੀਆਂ ਹਨ ਕਿ ਗੁਰਮੱਤ ਵਿਚਾਰਧਾਰਾ ਬਿਲਕੁਲ ਨਿਵੇਕਲੀ ਤੇ ਨਿਰਾਲੀ ਵਿਚਾਰਧਾਰਾ ਹੈ ਭਾਵ ਜੋ ਕਿਸੇ ਨਾਲ ਨਹੀਂ ਰਲਦੀ।

ਇਸ ਦੇ ਬਾਵਜੂਦ, ਅੱਜ ਵੀ ਬੇਅੰਤ ਗੁਰੂ ਕੀਆਂ ਸੰਗਤਾਂ ਮਿਲਦੀਆਂ ਹਨ ਜੋ ਗੁਰਬਾਣੀ ਦੀ ਉਪ੍ਰੋਕਤ ਪੰਕਤੀ “ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ” ਨੂੰ ਮੂਲੋਂ ਹੀ, ਗ਼ਲਤ ਅਰਥਾਂ `ਚ ਲੈ ਰਹੀਆਂ ਹਨ। ਹੋਰ ਤਾਂ ਹੋਰ, ਬਲਕਿ ਕਈ ਤਾਂ ਗੁਰਬਾਣੀ ਦੀ ਇਸ ਪੰਕਤੀ ਨੂੰ ਵੀ ਮੁਹਾਵਰੇ ਦੇ ਤੌਰ `ਤੇ ਅਤੇ ਇਸ ਦੇ ਇਲਾਹੀ ਸੱਚ ਨੂੰ, ਇਸਦੇ ਉਲਟੇ ਪ੍ਰਭਾਵ `ਚ ਪੇਸ਼ ਕਰਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਇਸ ਦੇ ਅਸਲ ਅਰਥਾਂ ਦਾ ਪਤਾ ਨਹੀਂ ਹੁੰਦਾ। ਫ਼ਿਰ ਬਹੁਤ ਵਾਰੀ ਤਾਂ ਅਜਿਹੇ ਸੱਜਨ ਵੀ ਮਿਲਦੇ ਹਨ ਜੋ ਉਪ੍ਰੋਕਤ ਪੰਕਤੀ ਦੀ ਕੁਵਰਤੋਂ ਕਰਦੇ ਹੋਏ ਇਨਾਂ ਵਧ ਅੱਗੇ ਨਿਕਲ ਜਾਂਦੇ ਤੇ ਬੜੇ ਗਰਵ ਨਾਲ ਇਥੋਂ ਤੱਕ ਵੀ ਕਹਿ ਦਿੰਦੇ ਹਨ “ਦੇਖੋ ਜੀ! ਜਦੋਂ ਗੁਰੂ ਸਾਹਿਬ ਆਪ ਕਹਿ ਰਹੇ ਹਨ “ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ”, ਫ਼ਿਰ ਦੱਸੋ ਅਸੀਂ ਗੁਰੂ ਸਾਹਿਬ ਤੋਂ ਵਧ ਸਿਆਣੇ ਤੇ ਗੁਰੂ ਸਾਹਿਬ ਤੋਂ ਵੱਡੇ ਤਾਂ ਹਾਂ ਨਹੀਂ। ਕਿਉਂਕਿ ਅਸੀਂ ਤਾਂ ਠਹਿਰੇ ਹੀ ਸੰਸਾਰੀ ਲੋਕ, ਅਸੀਂ ਧਰਮ ਬਾਰੇ ਬਹੁਤਾ ਕਿਵੇਂ ਜਾਣ ਸਕਦੇ ਹਾਂ ਵਗ਼ੈਰਾ, ਵਗ਼ੈਰਾ? ਕਿਉਂਕਿ ਉਨ੍ਹਾਂ ਦੇ ਮਨਾਂ `ਤੇ ਬੈਠੇ ਪੁਰਾਤਨ ਪ੍ਰਭਾਵਾਂ ਕਾਰਣ, ਉਨ੍ਹਾਂ ਅਨੁਸਾਰ ਇਥੇ ਭਗਤਾਂ ਦਾ ਅਰਥ ਵੀ ਪੁਰਾਤਨ ਧਾਰਮਿਕ ਭੇਖ ਹੀ ਹੁੰਦੇ ਹਨ ਜਿਵੇਂ ਜੋਗੀ, ਸਨਿਆਸੀ, ਬੈਰਾਗੀ, ਭਗਤ ਆਦਿ। ਜਦਕਿ ਗੁਰਮੱਤ ਅਨੁਸਾਰ ਲਫ਼ਜ਼ ਭਗਤ ਦੇ ਅਰਥ ਵੀ ਉਹ ਤੇ ਉਤਨੇ ਨਹੀਂ ਅਤੇ ਨਾ ਹੀ ਸੰਸਾਰੀਆਂ ਦੇ ਉਹ ਅਰਥ ਹਨ।

ਇਹ ਤੋਖ਼ਲਾ ਤੇ ਸਬੰਧਤ ਸੰਗਤਾਂ-ਦਰਅਸਲ ਅਜਿਹੇ ਸੱਜਨਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਗੁਰਬਾਣੀ `ਚ ਇਹ ਪੰਕਤੀ ਹੈ ਕਿੱਥੇ ਅਤੇ ਉਥੇ ਗੁਰੂ ਸਾਹਿਬ ਫ਼ੁਰਮਾਅ ਕੀ ਰਹੇ ਹਨ? ਅਜਿਹੇ ਸੱਜਨ ਤਾਂ ਬਦੋ ਬਦੀ, ਜਿਵੇਂ ਕਿ ਆਪਣੀ ਮੂੰਹ ਚੜ੍ਹੀ ਨੂੰ ਵਰਤਣ ਦੇ ਹੀ ਆਦੀ ਹੋਏ ਹੁੰਦੇ ਹਨ। ਉਹ ਤਾਂ ਆਪਣੀ ਕੱਚੀ ਬੋਲੀ ਕਾਰਣ, ਅਸਲ `ਚ ਇਸ ਪੱਖੌਂ ਗੁਰਬਾਣੀ ਦੀ ਵੀ ਘੋਰ ਬੇਅਦਬੀ ਕਰਣ ਦਾ ਕਾਰਣ ਤੱਕ ਬਣੇ ਹੁੰਦੇ ਹਨ। ਫ਼ਿਰ ਵੀ ਸਮੂਹ ਸੰਗਤਾਂ ਦੀ ਜਾਣਕਾਰੀ ਲਈ, ਅਜਿਹੇ ਸੱਜਨ ਅਸਲ `ਚ ਮਾਝ ਕੀ ਵਾਰ ਮ: ੧ ਦੀ ਪਉੜੀ ਨੰਬਰ ੧੬ ਦੀ ਕੇਵਲ ਪਹਿਲੀ ਪੰਕਤੀ ਅਤੇ ਉਹ ਪੰਕਤੀ ਵੀ ਪੂਰੀ ਨਹੀਂ ਬਲਕਿ ਉਸ `ਚੋਂ ਵੀ ਅੱਧੀ “ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ” ਹੀ ਲੈ ਰਹੇ ਹੁੰਦੇ ਹਨ ਜਦਕਿ ਸਬੰਧਤ ਸਥਾਨ `ਤੇ, ਇਹ ਪੂਰੀ ਪੰਕਤੀ ਵੀ ਇਸ ਤਰ੍ਹਾਂ ਹੈ “ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ॥ ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ”। ਇਹ ਵੱਖਰੀ ਗੱਲ ਹੇ ਕਿ ਕੁੱਝ ਅੱਗੇ ਚੱਲ ਕੇ ਅਸੀਂ ਇਸ ਪੂਰੀ ਪਉੜੀ ਦੇ ਅਰਥਾਂ ਸਹਿਤ ਦਰਸ਼ਨ ਵੀ ਕਰਾਂਗੇ। ਬਲਕਿ ਇਸ ਪਉੜੀ ਨਾਲ ਲਗਦੇ ਸਲੋਕਾਂ ਤੇ ਪਉੜੀ ਵਿਚਲੇ ਅਰਥਾਂ ਨੂੰ, ਉਨ੍ਹਾਂ ਦੇ ਮੂਲ ਅਰਥਾਂ ਤੌਂ ਵਧ, ਗੁਰਮੱਤ ਅਨੁਸਾਰ ਕੁੱਝ ਹੋਰ ਖੋਲਣ ਦੀ ਵੀ ਲੋੜ ਹੈ ਅਤੇ ਉਹ ਵੀ ਕਰਾਂਗੇ। ਤਾ ਕਿ ਸੰਗਤਾਂ ਪਉੜੀ ਦਾ ਪੂਰਾ ਪੂਰਾ ਲਾਭ ਵੀ ਲੈ ਸਕਣ।

ਖ਼ੈਰ! ਇਹੀ ਨਹੀਂ ਜਿਥੋਂ ਤੱਕ ਕੇਵਲ ਪਹਿਲੀ ਪੰਕਤੀ ਦਾ ਹੀ ਸਬੰਧ ਹੈ, ਉਥੇ ਤੇ ਉਨ੍ਹਾਂ ਲੋਕਾਂ `ਚੋਂ ਵੀ ਜਿਹੜੇ ਕਿ ਇਹ ਅੱਧੀ ਪੰਕਤੀ ਤੇ ਉਹ ਵੀ ਆਪਣੇ ਹਿਸਾਬ ਨਾਲ ਲੈ ਰਹੇ ਹੁੰਦੇ ਹਨ। ਉਨ੍ਹਾਂ `ਚੋਂ ਵੀ ਕਈ ਸੱਜਨ ਤਾਂ ਆਪਣੇ ਆਪ ਨੂੰ ਇਸ ਬਾਰੇ ਠੀਕ ਸਾਬਤ ਕਰਣ ਲਈ, ਆਪਣੀ ਸਫ਼ਾਈ ਪੇਸ਼ ਕਰਦੇ ਸਮੇਂ ਕਹਿੰਦੇ ਹਨ, “ਛਡੋ ਜੀ! ਅਸੀਂ ਤਾਂ ਠਹਿਰੇ ਕੇਵਲ ਦੁਨੀਆਦਾਰ, ਅਸਾਂ ਤਾਂ ਆਪਣੇ ਬਾਲ ਬੱਚੇ ਵੀ ਪਾਲਣੇ ਹਨ। ਆਪਣਾ ਗ੍ਰਿਹਸਥ ਵੀ ਚਲਾਉਣਾ ਹੈ ਇਸ ਲਈ ਬਹੁਤਾ ਕਰਕੇ ‘ਧਰਮ’ ਤਾਂ ਸਾਡਾ ਵਿਸ਼ਾ ਹੈ ਹੀ ਨਹੀਂ। ਸਾਡੇ ਵਾਸਤੇ ਤਾਂ ਇਨਾਂ ਹੀ ਬਹੁਤ ਤੇ ਕਾਫ਼ੀ ਹੈ ਕਿ ਰੋਜ਼ ਸਵੇਰੇ ਪਹਿਲਾਂ ਗੁਰਦੁਆਰੇ ਜਾ ਕੇ ਮੱਥਾ ਟੇਕ ਆਉਂਦੇ ਹਾਂ ਤੇ ਇਸ ਤੋਂ ਬਾਅਦ ਹੀ ਕਿਧਰੇ ਦਫ਼ਤਰ… ਦੁਕਾਨ… ਕੰਮ ਕਾਰ… ਕਾਰ ਵਿਹਾਰ `ਤੇ ਜਾਂਦੇ ਹਾਂ, ਉਸ ਤੋਂ ਪਹਿਲਾਂ ਨਹੀਂ। ਇਸ ਤੋਂ ਬਾਅਦ ਗੁਰਬਾਣੀ ਨੂੰ ਸਮਝਣਾ ਨਾ ਸਾਡਾ ਵਿਸ਼ਾ ਹੈ ਤੇ ਨਾ ਸਾਡੇ ਵੱਸ ਦਾ ਹੈ। ਬਲਕਿ ਕਈ ਵਾਰ ਤਾਂ ਅਜਿਹੇ ਸੱਜਨ ਇਥੋਂ ਤੱਕ ਕਹਿ ਦਿੰਦੇ ਹਨ ਕਿ ਗੁਰਬਾਣੀ ਦੇ ਅਰਥ ਬੋਧ ਆਦਿ, ਇਹ ਵਿਸ਼ਾ ਤਾਂ ਹੈ ਹੀ ਭਾਈਆਂ, ਗ੍ਰੰਥੀਆਂ, ਪ੍ਰਚਾਰਕਾਂ ਦਾ, ਸਾਡਾ ਹੈ ਹੀ ਨਹੀਂ।

ਕਿਉਂਕਿ ਉਨ੍ਹਾਂ ਅਨੁਸਾਰ ਗੁਰਬਾਣੀ ਸਾਡੇ ਜੀਵਨਜਾਚ ਦਾ ਵਿਸ਼ਾ ਨਹੀਂ, ਅਨਧਰਮੀਆਂ ਵਾਂਗ ਕੇਵਲ ਗੁਰਦੁਆਰੇ ਜਾ ਕੇ ਮੱਥਾ ਟੇਕਣ ਦਾ ਵਿਸ਼ਾ ਹੀ ਹੈ। ਜੇ ਅਜਿਹੇ ਸੱਜਣ, ਜੋ ਕਿ ਹੈਣ ਵੀ ਗੁਰੂ ਦੇ ਸਿੱਖ ਤੇ ਗੁਰੂ ਕੀਆਂ ਸੰਗਤਾਂ, ਜੇ ਕਰ ਆਪਣੇ ਲਫ਼ਜ਼ਾਂ `ਤੇ ਹੀ ਥੋੜਾ ਗਹੁ ਨਾਲ ਵਿਚਾਰ ਕਰ ਲੈਣ। ਤਾ ਕਿ ਜਿਸ ਗੁਰੂ ਦਾ ਫ਼ੈਸਲਾ ਭਾਵ, ਉਸ ਸਬੰਧਤ ਪੰਕਤੀ “ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ” ਜਿਸਨੂੰ ਉਹ ਆਪਣੀ ਗੱਲ ਬਾਤ ਵਿਚਕਾਰ ਲਿਆ ਕੇ ਆਪਣੇ ਆਪ ਦੀ ਅਤੇ ਆਪਣੇ ਕੱਚੇ ਜੀਵਨ ਦੀ ਪ੍ਰੌੜਤਾ ਲਈ ਵਰਤ ਰਹੇ ਹੁੰਦੇ ਹਨ। ਉਹ ਵਿਚਾਰਣ ਕਿ, ਕੀ ਗੁਰਬਾਣੀ ਦੀ ਸਬੰਧਤ ਸ਼ਬਦਾਵਲੀ ਨੂੰ ਫ਼ੈਸਲੇ ਵੱਜੋਂ ਦੇਣ ਵਾਲੇ ਖ਼ੁਦ ਗੁਰੂ ਸਾਹਿਬਾਣ, ਆਪ ਗ੍ਰਿਹਸਥੀ ਨਹੀਂ ਸਨ? ਇਤਨਾ ਹੀ ਨਹੀਂ, ਫ਼ਿਰ ਉਨ੍ਹਾਂ ਗੁਰੂ ਹਸਤੀਆਂ ਨੇ, ਆਪਣੇ-ਆਪਣੇ ਜੀਵਨ ਕਾਲ `ਚ, ਉਹ ਕਿਹੜਾ ਪ੍ਰਵਾਰਿਕ ਫ਼ਰਜ਼ ਸੀ ਜੋ ਨਹੀਂ ਨਿਭਾਇਆ? ਜਿਹੜੀਆਂ ਪ੍ਰਵਾਰਕ ਜ਼ਿਮੇਵਾਰੀਆਂ ਕਿ ਸਾਡੇ ਅਜਿਹੇ ਸੱਜਨ, ਗੁਰੂ ਸਾਹਿਬਾਨ ਤੋਂ ਵੀ ਵਧ ਨਿਭਾਅ ਰਹੇ ਹਨ? ਜੇ ਕਰ ਸਾਡੇ ਅਜਿਹੇ ਸੱਜਨ, ਇਸ ਬਾਰੇ ਕੇਵਲ ਇਤਨੀ ਹੀ ਵਿਚਾਰ ਲੈਣ, ਤਾਂ ਵੀ ਸ਼ਾਇਦ ਉਹ ਲੋਕ, ਗੁਰਬਾਣੀ ਵਾਲੇ ਸੱਚ ਦੇ ਨੇੜੇ ਆ ਜਾਣ। ਇਹ ਵੀ ਹੋ ਸਕਦਾ ਹੈ ਕਿ ਜੇ ਅਕਾਲਪੁਰਖ ਇਸੇ ਤੋਂ ਹੀ ਉਨ੍ਹਾਂ `ਤੇ ਮਿਹਰ ਕਰ ਦੇਵੇ, ਤਾਂ ਸ਼ਾਇਦ ਇਸੇ ਤੋਂ ਹੀ ਉਨ੍ਹਾਂ ਅੰਦਰ ਵੀ ਗੁਰਬਾਣੀ ਨੂੰ ਹੋਰ ਸਮਝਣ ਲਈ ਸ਼ੌਂਕ ਪੈਦਾ ਹੋ ਜਾਵੇ ਅਤੇ ਆਪਣੇ-ਆਪਣੇ ਅਮੁੱਲੇ ਮਨੁੱਖਾ ਜਨਮ ਦੀ ਸੰਭਾਲ ਕਰਣ ਯੋਗ ਵੀ ਹੋ ਜਾਣ।

ਦੁਨੀਆਦਾਰ ਅਤੇ ਧਰਮੀ? - ਇਸ ਤੋਂ ਬਾਅਦ ਇਹ ਦੇਖਣਾ ਵੀ ਜ਼ਰੂਰੀ ਕਿ ਗੁਰੂ ਕੀਆਂ ਸੰਗਤਾਂ ਵਿਚਕਾਰ ਅਜਿਹੀ ਤੇ ਗੁਰਮੱਤ ਵਿਰੁਧ ਵਿਚਾਰਧਾਰਾ ਦੀ ਜੜ੍ਹ ਹੈ ਕਿੱਥੇ? ਜੋ ਕਿ ਭਗਤਾਂ ਤੇ ਸੰਸਾਰੀਆਂ ਵਾਲੀ ਗੁਰਬਾਣੀ ਸ਼ਬਦਾਵਲੀ ਦਾ ਅਰਥ ਵੀ ਉਹ ਆਪਣੇ ਢੰਗ ਨਾਲ ਲੈ ਰਹੇ ਹੁੰਦੇ ਹਨ। ਕਿਉਂਕਿ ਕੋਈ ਵੀ ਗੁਰੂ ਕਾ ਲਾਲ, ਗੁਰਬਾਣੀ ਦੇ ਅਰਥਾਂ ਨਾਲ, ਜਾਣ ਬੁਝ ਕੇ ਅਜਿਹਾ ਅਨਰਥ ਤੇ ਖਿਲਵਾੜ ਨਹੀਂ ਕਰਦਾ। ਅਸਲੀਅਤ ਇਹ ਹੈ ਕਿ ਅਜਿਹੇ ਸੱਜਨਾਂ ਨੂੰ ਨਾ ਤਾਂ ਬਹੁਤਾ ਕਰਕੇ ਗੁਰਮੱਤ ਅਨੁਸਾਰ ਭਗਤ ਅਥਵਾ ਧਰਮ ਤੇ ਧਰਮੀ ਦੇ ਅਰਥ ਪਤਾ ਹੁੰਦੇ ਹਨ। ਇਸੇ ਤਰ੍ਹਾਂ ਨਾ ਉਨ੍ਹਾਂ ਨੂੰ ਗੁਰਮੱਤ ਅਨੁਸਾਰ ਦੁਨੀਆਦਾਰ, ਗ੍ਰਿਹਸਥੀ ਅਥਵਾ ਸੰਸਾਰੀ ਦੇ ਅਰਥ ਪਤਾ ਹੁੰਦੇ ਹਨ। ਦਰਅਸਲ ਅਜਿਹੇ ਸੱਜਨ, ਇਸ ਪੱਖੋਂ ਗੁਰਮੱਤ ਦੇ ਮੂਲ ਤੇ ਸਿਧਾਂਤਕ ਅਰਥਾਂ ਨੂੰ ਸਮਝੇ ਬਿਨਾ, ਅੱਜ ਵੀ ਪੁਰਾਤਨ ਤੇ ਬ੍ਰਾਹਮਣੀ ਪ੍ਰਭਾਵਾਂ ਤੇ ਵਿਸ਼ਵਾਸਾਂ `ਚ ਹੀ ਫਸੇ ਹੁੰਦੇ ਹਨ। ਉਹ ਬ੍ਰਾਹਮਣੀ ਵਿਚਾਰਧਾਰਾ ਜਿੱਥੇ ਕਿ ਹਜ਼ਾਰਾਂ ਸਾਲਾਂ ਤੋਂ ਇਹੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਧਰਮੀ ਹੋਣਾ, ਹਰੇਕ ਮਨੁੱਖ ਦਾ ਕੰਮ ਹਨ। ਧਰਮੀ ਲੋਕ ਹੋਰ ਹੁੰਦੇ ਹਨ ਤੇ ਸੰਸਾਰੀ ਜਾਂ ਦੁਨੀਆਦਾਰ ਹੋਰ, ਜਦਕਿ ਉਹ ਵੀ ਬ੍ਰਾਹਮਣੀ ਅਰਥਾਂ `ਚ ਹੀ, ਗੁਰਮੱਤ ਅਰਥਾਂ `ਚ ਨਹੀਂ।

ਇਸ ਲਈ, ਉਨ੍ਹਾਂ ਅਨੁਸਾਰ ਇਹ ਕੰਮ ਕੇਵਲ ਧਰਮੀਆਂ ਦਾ ਹੈ, ਲੋਕਾਂ ਭਾਵ ਸੰਸਾਰੀਆਂ ਕੋਲੋਂ ਧਰਮ ਕਰਮ ਕਰਵਾਉਣੇ ਤੇ ਉਨ੍ਹਾਂ ਤੋਂ, ਆਪਣੇ ਧਾਰਮਿਕ ਕਰਮਕਾਂਡਾ ਦੀ ਪਾਲਣਾ ਕਰਵਾਉਣੀ। ਜਦਕਿ ਦੂਜੇ ਕੇਵਲ ਸਾਧਾਰਨ ਦੁਨੀਆਦਾਰ ਤੇ ਗ੍ਰਿਹਸਥੀ ਹੀ ਹੁੰਦੇ ਹਨ। ਉਨ੍ਹਾਂ ਦੀ ਧਰਮ ਪੱਖੋਂ ਕੇਵਲ ਇਤਨੀ ਹੀ ਸੀਮਾਂ ਤੇ ਜ਼ਿਮੇਵਾਰੀ ਹੁੰਦੀ ਹੈ ਕਿ, ਉਨ੍ਹਾਂ ਦੇ ਜੰਮਣੇ, ਮਰਣੇ, ਸ਼ਾਦੀਆਂ ਆਦਿ ਸਮੇਂ ਜਿਵੇਂ ਉਨ੍ਹਾਂ ਦੇ ਧਾਰਮਿਕ ਆਗੂ, ਉਨ੍ਹਾਂ ਕੋਲੋਂ ਧਾਰਮਿਕ ਕਰਮਕਾਂਡ ਕਰਵਉਣ ਜਾਂ ਉਨ੍ਹਾਂ ਲਈ ਕਰਣ, ਬੱਸ ਉਹ ਲੋਕ ਅੱਖਾਂ, ਬੰਦ ਕਰਕੇ ਉਹੀ ਕੁੱਝ ਕਰਦੇ ਜਾਣ ਜਾਂ ਧਾਰਮਿਕ ਆਗੂਆਂ ਕੋਲੋਂ ਕਰਵਾਉਂਦੇ ਜਾਣ। ਜਿਵੇਂ ਕਿ ਅੱਜ ਵੀ ਬ੍ਰਹਾਮਣੀ ਤੇ ਵੈਦਿਕ ਵਿਸ਼ਵਾਸਾਂ ਵਾਲੇ ਪ੍ਰਵਾਰਾਂ `ਚ ਹੋ ਰਿਹਾ ਹੈ। ਬਲਕਿ ਇਹ ਤਾਂ ਸਹਿਜੇ ਹੀ ਆਪਣੇ ਆਸ ਪਾਸ, ਨਿੱਤ ਦੇਖਿਆ ਵੀ ਜਾ ਸਕਦਾ ਹੈ। ਜਦਕਿ ਗੁਰਮੱਤ ਜੀਵਨ ਇਹ ਨਹੀਂ, ਉਸ ਤੋਂ ਬਿਲਕੁਲ ਵੱਖਰਾ ਅਤੇ ਨਿਰੋਲ ਗੁਰਬਾਣੀ ਅਨੁਸਾਰ ਹੈ।

“ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ” -ਬਲਕਿ ਇਹ ਤਾਂ ਸੰਸਾਰ ਭਰ `ਚ ਬਿਲਕੁਜ ਪਹਿਲੀ ਵਾਰ ਗੁਰਮੱਤ ਨੇ ਹੀ ਸਪਸ਼ਟ ਕੀਤਾ ਕਿ ਸੰਸਾਰ ਤੱਲ `ਤੇ ਹਰੇਕ ਮਨੁੱਖ ਦਾ ਧਰਮ ਇੱਕੋ ਹੀ ਹੈ, ਵੱਖ ਵੱਖ ਧਰਮ ਨਹੀਂ ਹਨ। ਇਸ ਤਰ੍ਹਾਂ ਹਰੇਕ ਮਨੁੱਖ ਦਾ ਧਰਮ, ਸੱਚ ਅਥਵਾ ਇਲਾਹੀ ਧਰਮ ਹੈ। ਦੂਜਾ, ਇਸ ਸੱਚ ਧਰਮ ਨੇ, ਪ੍ਰਗਟ ਵੀ ਹੋਣਾ ਹੈ, ਗੁਰਬਾਣੀ ਗੁਰੂ ਦੀ ਸਿਖਿਆ ਦੀ ਕਮਾਈ ਰਾਹੀਂ, ਇਲਾਹੀ ਗੁਣਾਂ ਦੇ ਰੂਪ `ਚ, ਬਿਨਾ ਵਿਤਕਰਾ ਹਰੇਕ ਮਨੁੱਖ ਦੇ ਜੀਵਨ ਅੰਦਰੋਂ। ਤੀਜੀ ਗੱਲ, ਸੱਚ ਧਰਮ, ਮਨੁੱਖ ਦੇ ਸੁਆਸ ਸੁਆਸ ਦੀ ਕਮਾਈ ਦਾ ਵਿਸ਼ਾ ਹੈ ਨਾ ਕਿ ਕਿਸੇ ਖਾਸ ਸਮੇਂ `ਤੇ ਕੁੱਝ ਲੋਕਾਂ ਵੱਲੋਂ ਨਿਰਧਾਰਤ ਕਰਮਕਾਂਡਾਂ ਦਾ ਕਰ ਲੈਣਾ ਜਾਂ ਮਾਇਕ ਭੇਟਾ ਦੇ ਕੇ ਉਨ੍ਹਾਂ ਤੋਂ ਕਰਮਕਾਂਡ ਕਰਵਾ ਲੈਣੇ ਜਾਂ ਉਨ੍ਹਾਂ ਦੇ ਕਹੇ ਅਨੁਸਾਰ ਦਾਨ-ਪੁੰਨ-ਯਗ ਆਦਿ ਕਰ ਤੇ ਕਰਵਾ ਲੈਣੇ, ਇਹ ਸਭ ਗੁਰਮੱਤ ਅਨੁਸਾਰ ਨਹੀਂ।

ਇਸ ਤਰ੍ਹਾਂ ਹਰੇਕ ਮਨੁੱਖ ਰਾਹੀਂ, ਸੁਆਸ ਸੁਆਸ ਉਸ ਸੱਚ ਧਰਮ `ਚ ਵਿਚਰਨਾ, ਉਸ ਸੱਚ ਧਰਮ ਦੀ ਕਮਾਈ ਕਰਣਾ ਹੀ-ਕਿਸੇ ਮਨੁੱਖ ਦਾ ਸੰਸਾਰੀ, ਗ੍ਰਿਹਸਥੀ, ਸਾਮਾਜਿਕ, ਰਾਜਸੀ ਆਗੂ ਆਦਿ ਹੋਣਾ ਹੈ। ਉਸ ਸੱਚ ਧਰਮ ਦੀ ਕਮਾਈ ਤੋਂ ਬਿਨਾ ਮਨੁੱਖ ਚਾਹੇ ਜਿਨੇਂ ਚਾਹੇ ਕਰਮਮਕਾਂਡ ਕਰ ਲਵੇ ਪਰ ਗੁਰਮੱਤ ਅਨੁਸਾਰ ਉਹ ਕਦਾਚਿਤ ਧਰਮੀ ਨਹੀਂ।

ਸਪਸ਼ਟ ਹੈ ਗੁਰਮੱਤ ਅਨੁਸਾਰ ਉਸ ਸੱਚ ਧਰਮ ਦੀ, ਸੁਆਸ ਸੁਆਸ ਕਮਾਈ ਤੋਂ ਬਿਨਾ, ਕਰਤੇ ਦੇ ਨਿਆਂ `ਚ ਮਨੁੱਖ ਅਥਵਾ ਗੁਰੂ ਕਾ ਸਿੱਖ ਨਾ ਸੰਸਾਰੀ ਹੁੰਦਾ ਹੈ ਨਾ ਗ੍ਰਿਹਸਥੀ, ਨਾ ਸਮਾਜਕ ਤੇ ਨਾ ਰਾਜਸੀ ਆਗੂ। ਬਲਕਿ ਗੁਰਬਾਣੀ ਅਨੁਸਾਰ ਤਾਂ ਅਜਿਹਾ ਮਨੁੱਖ, ਮਨੁੱਖਾ ਸਰੀਰ `ਚ ਹੁੰਦਾ ਹੌਇਆ ਵੀ “ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ” (ਪੰ: ੧੪੧੮)। ਸ਼ਾਇਦ ਗੁਰੂ ਕੀਆਂ ਅਜਿਹੀਆਂ ਸੰਗਤਾਂ ਨੂੰ, ਅਜੇ ਵੀ ਇਸ ਪੱਖੋਂ ਬ੍ਰਾਹਮਣੀ ਤੇ ਗੁਰਮੱਤ ਵਿਚਾਰਧਾਰਾ ਵਿਚਲਾ ਅੰਤਰ ਸਮਝ `ਚ ਨਹੀਂ ਆਇਆ ਜਿਸਨੂੰ ਗੁਰਬਾਣੀ ਜੀਵਨ ਜਾਚ `ਚ ਚੁੱਭੀ ਲਗਾ ਕੇ ਪਹਿਚਾਨਣ ਦੀ ਲੋੜ ਹੈ।

ਦਰਅਸਲ ਗੁਰਮੱਤ ਦਾ ਇਹ ਸਿਧਾਂਤ ਹੈ ਹੀ ਨਹੀਂ ਕਿ ਧਰਮੀ ਹੋਰ ਹੁੰਦਾਂ ਹੈ ਤੇ ਸੰਸਾਰੀ ਹੋਰ। ਗੁਰਮੱਤ ਅਨੁਸਾਰ ਤਾਂ, ਮੂਲ ਰੂਪ `ਚ ਇਕੋ ਮਨੁੱਖ ਦੇ ਹੀ ਦੋ ਤਰ੍ਹਾਂ ਦੇ ਭਿੰਨ ਭਿੰਨ ਜੀਵਨ ਹਨ। ਮਨੁੱਖਾ ਜੀਵਨ ਦਾ ਹੀ ਇੱਕ ਪੱਖ ਹੈ ਮਨੁੱਖਾ ਜੀਵਨ ਬਾਰੇ ਅਗਿਆਨਤਾ। ਉਪਦੂਜਾ ਪੱਖ ਹੈ ਮਨੁੱਖਾ ਜਨਮ ਦੀ ਸੰਭਾਲ ਕਰਣੀ, ਭਾਵ ਇਸ ਅਮੁਲੇ ਤੇ ਦੁਰਲਭ ਮਨੱਖਾ ਜਨਮ ਨੂੰ, ਗੁਰੂ-ਗੁਰਬਾਣੀ ਦੀ ਆਗਿਆ `ਚ ਜੀਵਨ ਨੂੰ ਜੀਵਨ ਸਿਧੇ ਰਾਹ `ਤੇ ਚਲਾਉਣਾ।

ਇਸ ਤਰ੍ਹਾਂ ਇਹ ਉਹ, ਸਫ਼ਲ ਜੀਵਨ, ਮਨੁੱਖ ਹੁੰਦੇ ਹਨ, ਜਿਹੜੇ ਆਪਣੇ ਪ੍ਰਵਾਰ ਦੀ ਪਾਲਣਾ ਵਾਲਾ ਫ਼ਰਜ਼ ਵੀ ਨਿਭਾਉਂਦੇ ਹਨ, ਆਪਣੇ ਕਾਰ ਵਿਆਰ ਵੀ ਕਰਦੇ ਹਨ, ਸਮਾਜ-ਦੇਸ਼ ਤੇ ਮਾਨਵਤਾ ਪ੍ਰਤੀ ਆਪਣੀਆਂ ਜ਼ਿਮੇਵਾਰੀਆਂ ਵੀ ਨਿਭਾਉਂਦੇ ਹਨ। ਪਰ ਉਨ੍ਹਾਂ ਦੇ ਜੀਵਨ ਦੀ ਸਮੂਚੀ ਚਾਲ “ਨਾਮਾ ਕਹੈ ਤਿਲੋਚਨਾ, ਮੁਖ ਤੇ ਰਾਮੁ ਸੰਮਾੑਲਿ॥ ਹਾਥ ਪਾਉ ਕਰਿ ਕਾਮੁ ਸਭੁ, ਚੀਤੁ ਨਿਰੰਜਨ ਨਾਲਿ” (ਪੰ: ੧੩੭੬) ਅਨੁਸਾਰ ਹੁੰਦੀ ਹੈ। ਇਸੇ ਤਰ੍ਹਾਂ “ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ॥ ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ” (ਪੰ: ੫੫੪)। ਅਜਿਹੇ ਗੁਰੂ ਕੇ ਲਾਲ ਵੇਹਲੜ ਭਗਤਾਂ, ਸੰਤਾਂ, ਸਾਧਾਂ, ਬੈਰਾਗੀਆਂ, ਸਨਿਆਸੀਆ, ਬ੍ਰਹਮਚਾਰੀਆਂ, ਮੋਨੀਆਂ ਆਦਿ ਵਾਲੇ ਭੇਖ ਧਾਰਨ ਕਰਕੇ ਆਪਣੇ ਜੀਵਨ ਨੂੰ ਬਿਰਥਾ ਨਹੀਂ ਕਰਦੇ। ਇਨ੍ਹਾਂ ਦਾ ਜੀਵਨ ਸੁਆਸ ਸੁਆਸ ਸੱਚ ਧਰਮ `ਚ ਓੁਤ-ਪ੍ਰੋਤ ਹੁੰਦਾ ਹੈ ਅਤੇ ਨਾਲ ਹੀ ਸੰਸਾਰਕ ਫ਼ਰਜ਼ਾਂ ਨਾਲ ਭਰਪੂਰ। ਦਰਅਸਲ ਇਹੀ ਹੁੰਦੇ ਹਨ ਗੁਰਬਾਣੀ ਅਨੁਸਾਰ ਭਗਤ ਜਿਨ੍ਹਾਂ ਬਾਰੇ ਹੋਰ ਵਰਵਾ ਅੱਗੇ ਚੱਲ ਕੇ ਦੇਖਾਂਗੇ।

ਭੇਖ ਪਾਖੰਡ ਤੇ ਧਰਮ-ਸਮਝਣ ਦਾ ਵਿਸ਼ਾ ਹੈ ਕਿ ਗੁਰਮੱਤ ਨੇ ਕਿਸੇ ਵੀ ਪ੍ਰਕਾਰ ਦੇ ਬਾਹਰਲੇ ਭੇਖ ਨੂੰ ਧਰਮ ਨਹੀਂ ਮੰਨਿਆ ਅਤੇ ਨਾ ਹੀ ਅਜਿਹੀ ਕਿਸੇ ਸਰੀਰਕ ਕਰਣੀ ਨੂੰ ਹੀ ਧਰਮ ਮੰਨਿਆ ਹੈ। ਬਲਕਿ ਧਰਮ, ਜੀਵਨ ਦੀ ਉਸ ਰਹਿਣੀ ਦਾ ਨਾਮ ਹੈ ਜਿਸ ਜੀਵਨ `ਚੋਂ ਇਲਾਹੀ ਜੀਵਨ ਤੇ ਇਲਾਹੀ ਗੁਣਾਂ ਦਾ ਪ੍ਰਗਟਾਵਾ ਹੁੰਦਾ ਹੋਵੇ। ਫ਼ੁਰਮਾਨ ਹੈ “ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ॥ ਹਉਮੈ ਬਿਆਪਿਆ ਸਬਦੁ ਨ ਚੀਨੈੑ ਫਿਰਿ ਫਿਰਿ ਜੂਨੀ ਆਵੈ” (ਪੰ: ੭੩੨) ਇਥੇ ਤਾਂ “ਨਾਨਕ ਨਦਰਿ ਕਰੇ ਸੋ ਬੂਝੈ, ਸੋ ਜਨੁ ਨਾਮੁ ਧਿਆਏ॥ ਗੁਰ ਪਰਸਾਦੀ ਏਕੋ ਬੂਝੈ, ਏਕਸੁ ਮਾਹਿ ਸਮਾਏ” (ਉਹੀ ਪੰ: ੭੩੨)।

ਗੁਰਬਾਣੀ ਅਨੁਸਾਰ “ਬੇਦੁ ਪੁਕਾਰੈ ਮੁਖ ਤੇ ਪੰਡਤ ਕਾਮਾਮਨ ਕਾ ਮਾਠਾ॥ ਮੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ॥ ਹੋਇ ਉਦਾਸੀ ਗ੍ਰਿਹੁ ਤਜਿ ਚਲਿਓ ਛੁਟਕੈ ਨਾਹੀ ਨਾਠਾ॥ ੧ ॥ ਜੀਅ ਕੀ ਕੈ ਪਹਿ ਬਾਤ ਕਹਾ॥ ਆਪਿ ਮੁਕਤੁ ਮੋ ਕਉ ਪ੍ਰਭੁ ਮੇਲੇ ਐਸੋ ਕਹਾ ਲਹਾ॥ ੧ ॥ ਰਹਾਉ॥ ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ॥ ਬ੍ਰਹਮਚਾਰਿ ਬ੍ਰਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ॥ ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ ਉਸੁ ਮਹਿ ਕ੍ਰੋਧੁ ਬਿਗਾਨਾ॥ ੨ ॥ ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ॥ ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖ ਦਿਖਾਵਾ॥ ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ” (ਪੰ: ੧੦੦੩) ਬਲਕਿ ਧਰਮੀ ਹੋਣਾ ਤਾਂ “ਹਰਖ ਸੋਗ ਲੋਭ ਮੋਹ ਰਹਤ ਹਹਿ ਨਿਰਮਲ ਹਰਿ ਕੇ ਸੰਤਾ॥ ਤਿਨ ਕੀ ਧੂੜਿ ਪਾਏ ਮਨੁ ਮੇਰਾ ਜਾ ਦਇਆ ਕਰੇ ਭਗਵੰਤਾ॥ ਕਹੁ ਨਾਨਕ ਗੁਰੁ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ” (ਉਹੀ ਪੰ: ੧੦੦੩)

ਬਲਕਿ ਗੁਰਮੱਤ ਨੇ ਤਾਂ ਧਰਮ ਕਮਾਉਣ ਲਈ, ਧਾਰਮ ਦੇ ਖੇਤ੍ਰ `ਚ ਕਿਸੇ ਧਾਰਮਿਕ ਵਿਚੋਲੇ ਦੀ ਲੋੜ ਨੂੰ ਵੀ ਪੂਰੀ ਤਰ੍ਹਾਂ ਕੱਟਿਆ ਹੈ। ਇਥੌਂ ਤੱਕ ਕਿ ਜਿਹੜੇ ਅੱਜ ਸਾਡੇ ਵਿਚਕਾਰ ਵੀ ਧਾਰਮਿਕ ਆਗੂ ਬਣੇ ਬੈਠੇ ਹਨ, ਪਰ ਸਿੱਕ ਧਰਮ ਦੇ ਵਿਚੋਲੇ ਬਣ ਕੇ, ਲੋਕਾਈ ਨਾਲ ਧਰਮ ਦੇ ਨਾਮ `ਤੇ ਠਗੀਆਂ ਤੇ ਧੋਖੇ ਕਰਦੇ ਹਨ। ਗੁਰਮੱਤ ਦਾ ਅਜਿਹੇ ਸਮੂਹ ਵਿਚੋਲਿਆਂ ਬਾਰੇ ਫ਼ੈਸਲਾ ਹੈ, ਕਿ ਜਦੋਂ ਤੱਕ ਉਹ ਲੋਕ ਆਪਣੇ-ਆਪਣੇ ਕਿੱਤੇ ਨਾਲ ਨਿਆਂ ਨਾ ਕਰਣ ਉਹ ਵੀ ਇਸੇ ਗਿਣਤੀ `ਚ ਹਨ ਜਿਵੇਂ “ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ ੨ ॥ ਸੋ ਜੋਗੀ ਜੋ ਜੁਗਤਿ ਪਛਾਣੈ॥ ਗੁਰ ਪਰਸਾਦੀ ਏਕੋ ਜਾਣੈ॥ ਕਾਜੀ ਸੋ ਜੋ ਉਲਟੀ ਕਰੈ॥ ਗੁਰ ਪਰਸਾਦੀ ਜੀਵਤੁ ਮਰੈ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ॥ ਆਪਿ ਤਰੈ ਸਗਲੇ ਕੁਲ ਤਾਰੈ” (ਪੰ: ੬੬੨) ਕਿਉਂਕਿ ਗੁਰਮੱਤ ਕਾਜ਼ੀ, ਬ੍ਰਾਹਮਣ, ਜੋਗੀ ਆਦਿ ਕਿਸੇ ਧਾਰਮਿਕ ਕਿੱਤੇ ਦਾ ਨਹੀਂ ਨਾਮ ਨਹੀਂ ਬਲਕਿ ਉਥੇ ਵੀ ‘ਸੱਚ ਧਰਮ’ ਆਧਾਰਤ ਧਾਰਮਿਕ ਜੀਵਨ ਦਾ ਨਾਮ ਹਨ। ਜੇਕਰ ਅਜਿਹੇ ਲੋਕ ਵੀ, ਆਪਣੇ ਜੀਵਨ ਅੰਦਰੋਂ ਸੱਚ ਧਰਮ ਦਾ ਤਿਆਗ ਕਰਕੇ ਵਿਚਰਦੇ ਹਨ ਤਾਂ ਗੁਰਮੱਤ ਅਨੁਸਾਰ ਉਹ ਵੀ ਧਰਮੀ ਨਹੀਂ ਬਲਕਿ ਪਾਖੰਡੀ ਤੇ ਕਪਟੀ ਹੀ ਹਨ।

ਤਾਂ ਤੇ ਇਸੇ ਤਰ੍ਹਾਂ ਹੋਰ “ਇਕਿ ਵਣ ਖੰਡਿ ਬੈਸਹਿ ਜਾਇ ਸਦੁ ਨ ਦੇਵਹੀ॥ ਇਕਿ ਪਾਲਾ ਕਕਰੁ ਭੰਨਿ ਸੀਤਲੁ ਜਲੁ ਹੇਂਵਹੀ॥ ਇਕਿ ਭਸਮ ਚੜਾੑਵਹਿ ਅੰਗਿ ਮੈਲੁ ਨ ਧੋਵਹੀ॥ ਇਕਿ ਜਟਾ ਬਿਕਟ ਬਿਕਰਾਲ ਕੁਲੁ ਘਰੁ ਖੋਵਹੀ॥ ਇਕਿ ਨਗਨ ਫਿਰਹਿ ਦਿਨੁ ਰਾਤਿ ਨੀਂਦ ਨ ਸੋਵਹੀ॥ ਇਕਿ ਅਗਨਿ ਜਲਾਵਹਿ ਅੰਗੁ ਆਪੁ ਵਿਗੋਵਹੀ॥ ਵਿਣੁ ਨਾਵੈ ਤਨੁ ਛਾਰੁ ਕਿਆ ਕਹਿ ਰੋਵਹੀ” (ਪੰ: ੧੨੮੪)

ਅਥਵਾ “ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥ ਗਲੀ ਜਿਨਾੑ ਜਪਮਾਲੀਆ ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥ ੧ ॥ ਐਸੇ ਸੰਤ ਨ ਮੋ ਕਉ ਭਾਵਹਿ॥ ਡਾਲਾ ਸਿਉ ਪੇਡਾ ਗਟਕਾਵਹਿ॥ ੧ ॥ ਰਹਾਉ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ॥ ਬਸੁਧਾ ਖੋਦਿ ਕਰਹਿ ਦੁਇ ਚੂਲੇੑ ਸਾਰੇ ਮਾਣਸ ਖਾਵਹਿ॥ ੨ ॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ” (ਪੰ: ੪੭੬) ਇਸੇ ਤਰ੍ਹਾਂ ਅਜੋਕੇ ਸਮੇਂ ਵੀ ਜੇ ਕਰ ਕੁੱਝ ਲੋਕ “ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ” (ਪੰ: ੪੫੦) ਸਪਸ਼ਟ ਹੈ ਜੋ ਲੋਕ, ਗੁਰੂਦਰ `ਤੇ ਵੀ ਭਾਵੇਂ ਪੰਜ ਕਕਾਰ ਧਾਰਣ ਕੀਤੇ ਹੋਣ ਪਰ ਸੰਗਤਾਂ ਨੂੰ ਗੁਰਬਾਣੀ ਜੀਵਨ ਨਾਲੋਂ ਤੋੜਦੇ ਹੋਣ। ਅਥਵਾ ਅਜਿਹੇ ਧਾਰਮਿਕ ਪਹਿਰਾਵਿਆਂ ਦੀ ਟੇਕ ਲੈ ਕੇ ਸੰਗਤਾਂ ਦਾ ਹੀ ਸ਼ੋਸ਼ਣ ਕਰਦੇ ਹੋਣ, ਗੁਰਬਾਣੀ ਦਾ ਉਨ੍ਹਾਂ ਲਈ ਵੀ ਇਹੀ ਫ਼ੈਸਲਾ ਤੇ ਮਾਪਦੰਡ ਹੈ, ਦੂਜਾ ਨਹੀਂ।

ਕਿਉਂਕਿ ਗੁਰਦਰ `ਤੇ ਧਰਮੀ ਭਾਵ ਭਗਤ ਹੋਣਾ, ਜੀਵਨ ਰਹਿਣੀ ਦਾ ਨਾਮ ਹੈ ਨਾ ਕਿ ਬਾਹਰ ਦੇ ਦਿਖਾਵਿਆਂ ਜਾਂ ਕੇਵਲ ਧਾਰਮਿਕ ਪ੍ਰਭਾਵ ਦੇਣ ਦਾ। ਉਪ੍ਰੰਤ ਇਸ ਵਿਸ਼ੇ ਨੂੰ ਸਪਸ਼ਟ ਕਰਣ ਲਈ ਇਸ ਵਿਸ਼ਟਞੇ ਨਾਲ ਸਬੰਧਤ ਹੋਰ ਵੀ ਬੇਅੰਤ ਗੁਰਬਾਣੀ ਫ਼ੁਰਮਾਨ ਹਨ। ਇਸ ਤਰ੍ਹਾਂ ਅੱਗੇ ਚੱਲ ਕੇ ਅਸਾਂ ਇਹੀ ਵੀ ਦੇਖਣਾ ਹੈ ਕਿ ਸਬੰਧਤ ਪੰਕਤੀ ਜੋ ਭਗਤ ਤੇ ਸੰਸਾਰੀ ਦੋ ਲਫ਼ਜ਼ ਆਏ ਹਨ, ਦਰਅਸਲ ਗੁਰਬਾਣੀ ਅਨੁਸਾਰ ਇਹ ਕਿਨ੍ਹਾਂ ਅਰਥਾਂ `ਚ ਆਏ ਹਨ, ਤਾ ਕਿ ਗੁਰੂ ਕੀਆਂ ਸੰਗਤਾਂ ਇਸ ਪੰਕਤੀ ਤੋਂ ਅਜਿਹਾ ਟਪਲਾ ਨਾ ਖਾਣ, ਜੈਸਾ ਕਿ ਬਹੁਤਾ ਕਰਕੇ ਉਹ ਅੱਜ ਖਾ ਰਹੀਆਂ ਹਨ। ਫ਼ਿਰ ਵੀ ਉਸ ਤੋਂ ਪਹਿਲਾ ਇਹ ਪੂਰੀ ਪਉੜੀ ਦੇ ਦਰਸ਼ਨ ਕਰਦੇ ਹਾਂ ਜੋ ਇਸ ਤਰ੍ਹਾਂ ਹੈ:-

“ਕਲਿ ਕਾਤੀ ਰਾਜੇ ਕਾਸਾਈ” - ਇਹ ਪਉੜੀ ਮਾਝ ਕੀ ਵਾਰ ਮ: ੧ `ਚ ਪਉੜੀ ਨੰਬਰ ੧੬ ਹੈ। ਇਸ ਪਉੜੀ ਨਾਲ ਦੋ ਸਲੋਕ ਹਨ। ਇਨ੍ਹਾਂ ਸਲੋਕਾਂ `ਚੋਂ ਪਹਿਲਾ ਸਲੋਕ ਮਹਲੇ ਪਹਿਲੇ ਦਾ ਹੈ ਅਤੇ ਦੂਜਾ ਮਹਲੇ ਤੀਜੇ ਭਾਵ ਦੂਜਾ ਸਲੋਕ ਤੀਜੇ ਪਾਤਸ਼ਾਹ ਦੀ ਰਚਨਾ ਹੈ। ਉਪ੍ਰੰਤ ਪਉੜੀ, ਪਹਿਲੇ ਪਾਤਸ਼ਾਹ ਦੀ ਹੀ ਹੈ। ਇਸ ਤਰ੍ਹਾਂ ਸਲੋਕਾਂ ਸਮੇਤ ਇਹ ਪਉੜੀ ਇਸ ਤਰ੍ਹਾਂ ਹੈ:-

ਸਲੋਕੁ ਮਃ ੧॥ ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥ ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥ ੧ ॥

ਮਃ ੩॥ ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ॥ ਗੁਰਮੁਖਿ ਕੋਈ ਉਤਰੈ ਪਾਰਿ॥ ਜਿਸ ਨੋ ਨਦਰਿ ਕਰੇ ਤਿਸੁ ਦੇਵੈ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ॥ ੨ ॥

ਪਉੜੀ॥ ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ॥ ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ॥ ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ॥ ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ॥ ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ॥ ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ॥ ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪਿ ਗਵਾਇਆ॥ ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ॥ ੧੬ ॥

ਫ਼ਿਰ ਵੀ ਸਾਨੂੰ ਇਹ ਪਉੜੀ ਤੇ ਸਲੋਕ ਇਥੇ ਦੇਣ ਦੀ ਲੋੜ ਪਈ ਤਾਂ ਕਿਉਂ? ਕਿਉਂਕਿ ਇਸ ਪਉੜੀ ਵਿਚਲੇ ਕੁੱਝ ਵਿਸ਼ੇ, ਖਾਸ ਧਿਆਣ ਮੰਗਦੇ ਹਨ। ਫ਼ਿਰ ਵੀ ਉਨ੍ਹਾਂ ਵੱਲ ਵਧਣ ਤੋਂ ਪਹਿਲਾਂ ਵੀ ਦੋ ਵਿਸ਼ੇ ਪ੍ਰਮੁੱਖ ਹਨ। ਜਿਨ੍ਹਾਂ `ਚੋਂ ਪਹਿਲਾ- ਉਹ, ਜਿਸਦਾ ਅਰੰਭ `ਚ ਵਰਨਣ ਕਰ ਆਏ ਹਾਂ ਕਿ ਗੁਰਮੱਤ ਦੇ ਮੂਲ ਅਰਥਾਂ ਤੇ ਸਿਧਾਂਤ ਨੂੰ ਸਮਝੇ ਬਿਨਾ ਬਹੁਤਾ ਕਰਕੇ, ਸਾਡੇ ਹੀ ਬਹੁਤੇ ਸੱਜਨ, ਇਸ ਬਾਰੇ ਅੱਜ ਵੀ ਪੁਰਾਤਨ ਪ੍ਰਭਾਵਾਂ `ਚ ਫਸੇ ਪਏ ਹਨ। ਉਹ ਲੋਕ ਇਸ ਪਉੜੀ ਨਾਲ ਸਬੰਧਤ ਕੇਵਲ ਪਹਿਲੀ ਤੇ ਉਹ ਵੀ ਅਧੀ ਪੰਕਤੀ ਚੁੱਕ ਲੈਂਦੇ ਹਨ। ਫ਼ਿਰ ਕਹਿੰਦੇ ਹਨ, ਛਡੋ ਜੀ! ਅਸੀਂ ਤਾਂ ਦੁਨੀਆਦਾਰ ਹਾਂ, ਅਸਾਂ ਤਾਂ ਆਪਣੇ ਬਾਲ ਬੱਚੇ ਪਾਲਣੇ ਤੇ ਗ੍ਰਿਹਸਥ ਨੂੰ ਚਲਾਉਣਾ ਹੈ ਇਸ ਲਈ ਧਰਮ ਸਾਡਾ ਵਿਸ਼ਾ ਨਹੀਂ ਆਦਿ …. . । ਕਿਉਂਕਿ ਉਨ੍ਹਾਂ ਨੂੰ ਇਸ ਵਿਚਲੇ ਗੁਰਮੱਤ ਪੱਖੋਂ ‘ਭਗਤਾਂ’ ਤੇ ‘ਸੈਸਾਰੀਆ’ ਦੇ ਅਰਥ ਪਤਾ ਨਹੀਂ ਹੁੰਦੇ।

ਦੂਜਾ- ਦੂਜਿਆਂ ਨੂੰ ਕੀ ਕਹਿਣਾ, ਖ਼ੁਦ ਗੁਰੂ ਕੀਆਂ ਸੰਗਤਾਂ `ਚੋਂ ਹੀ ਅਜਿਹੇ ਅਨੇਕਾਂ ਸੱਜਨ ਮਿਲਦੇ ਹਨ ਜੋ, ਇਸ ਪਉੜੀ ਵਿਚਲੇ ਗੁਰਮੱਤ ਸਿਧਾਂਤ ਨੂੰ ਸਮਝੇ ਬਿਨਾ, ਇਸਦੇ ਕੇਵਲ ਉਪਰਲੇ ਅਰਥ ਲੈ ਕੇ ਹੀ ਸੁਆਲ ਕਰ ਦਿੰਦੇ ਹਨ-ਜਦੋਂ ਸਭ ਕੁੱਝ ਅਕਾਲਪੁਰਖ ਦੇ ਹੀ ਹੁਕਮ ਤੇ ਉਸ ਦੀ ਰਜ਼ਾ `ਚ ਹੁੰਦਾ ਹੈ ਤਾਂ- “ਜੋ ਲੋਕ ਦੂਜਿਆਂ ਦਾ ਕੱਤਲ ਕਰਦੇ ਹਨ… ਵਿਭਚਾਰੀ ਹੁੰਦੇ ਹਨ… ਵੱਡੇ ਜੁਰਮ ਕਰਦੇ ਹਨ … ਉਧਾਲੇ ਕਰਦੇ ਜਾਂ ਹੋਰ ਸਮਾਜਿਮ ਕੁਕਰਮ ਕਰਦੇ ਹਨ, ਤਾਂ ਫ਼ਿਰ ਉਨ੍ਹਾਂ ਕੀ ਕਸੂਰ? ਕਿਉਂਕਿ ਸਭ ਕੁੱਝ ਤਾਂ ਕਰਤੇ ਦੀ ਰਜ਼ਾ ਹੀ ਹੋ ਰਿਹਾ ਹੁੰਦਾ ਹੈ”। ਇਸ ਤਰ੍ਹਾਂ ਪਉੜੀ ਤੇ ਸਲੋਕਾਂ ਨਾਲ ਸਬੰਧਤ ਵਿਸ਼ਿਆਂ ਵੱਲ ਹੀ ਵਧਣ ਦੀ ਕੋਸ਼ਿਸ਼ ਕਰੀਏ ਕਿਉਂਕਿ ਇਸ ਪਉੜੀ `ਚ ਗੁਰਦੇਵ ਨੇ ਕੇਵਲ ਇਹੀ ਨਹੀਂ, ਹੋਰ ਵੀ ਕਈ ਗੁਰਮੱਤ ਵਿਸ਼ੇ ਸੁਲਝਾਏ ਹਨ। ਇਸ ਲਈ ਉਨਾਂ ਸਬੰਧੀ, ਇਥੇ ਕੇਵਲ ਇਸ ਦੇ ਸਿਧੇ ਅਰਥਾ ਤੱਕ ਸੀਮਿਤ ਨਾ ਰਹਿਕੇ ਇਨ੍ਹਾਂ ਸਬੰਧੀ ਕੁੱਝ ਗੁਰਮੱਤ ਵੇਰਵੇ `ਚ ਜਾਣ ਦੀ ਵੀ ਲੋੜ ਹੈ।

ਕੁਝ ਗੁਰਬਾਣੀ ਵਿਚਲੀਆਂ ਵਾਰਾਂ ਬਾਰੇ ਵੀ-ਤਾਂ ਵੀ ਉਨ੍ਹਾਂ ਸਮ੍ਹੂਹ ਵਿਸ਼ਿਆਂ ਵੱਲ ਵਧਣ ਤੋਂ ਪਹਿਲਾਂ ਵੀ ਕੁੱਝ ਹੋਰ ਗੱਲਾਂ ਵੱਲ ਖਾਸ ਧਿਆਣ ਦੇਣ ਦੀ ਲੋੜ ਹੈ। ਕਿਉਂਕਿ ਇਹ ਪਉੜੀ ‘ਮਾਝ ਕੀ ਵਾਰ ਮ: ੧’ ਚੋਂ ਹੈ ਇਸ ਲਈ-ਪਹਿਲਾ, ਸਾਹਿਬ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਵਾਰਾਂ ਦੀ ਕੁਲ ਗਿਣਤੀ ਬਾਈ ਆਈ ਹੈ ਅਤੇ ਉਨ੍ਹਾਂ `ਚੋਂ ਕੇਵਲ ਦੋ ਵਾਰਾਂ ਨੂੰ ਛੱਡ ਕੇ ਬਾਕੀ ਵੀਹ ਵਾਰਾਂ `ਚ ਪਉੜੀਆਂ ਤੋਂ ਪਹਿਲਾਂ ਸਲੋਕ ਵੀ ਹਨ। ਦੂਜਾ, ਇਹ ਕਿ ਮੂਲ ਰੂਪ `ਚ ਬਾਈ ਦੀਆਂ ਬਾਈ ਵਾਰਾਂ ਹੀ ਲੜੀਵਾਰ ਹਨ। ਤੀਜਾ, ਬਾਕੀ ਵੀਹ ਵਾਰਾਂ `ਚ ਜੋ ਸਲੋਕ ਦਰਜ ਹੋਏ ਹਨ, ਉਨ੍ਹਾਂ ਸਲੋਕਾਂ ਲਈ ਚੋਣ ਵੀ ਪੰਜਵੇਂ ਪਾਤਸ਼ਾਹ ਦੀ ਆਪਣੀ ਹੈ। ਚੌਥਾ, “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸੰਪਾਦਨਾ ਅਤੇ ਬਾਣੀ ਨੂੰ ਤਰਤੀਬ ਦੇਣ ਸਮੇਂ ਇਹ ਸਾਰੇ ਸਲੋਕ ਵੀ ਪੰਜਵੇਂ ਪਾਤਸ਼ਾਹ ਨੇ ਲੋੜ ਅਨੁਸਾਰ ਆਪ ਲਗਾਏ ਹਨ।

ਪੰਜਵਾਂ-ਇਹੀ ਨਹੀਂ ਬਲਕਿ ੧੫੨ ਸਲੋਕ ਜੋ ਵਾਰਾਂ `ਚ ਦਰਜ ਨਹੀਂ ਹੋਏ, ਗੁਰਦੇਵ ਨੇ ਉਨ੍ਹਾਂ ਨੂੰ ਇੱਕ ਵੱਖਰਾ ਸਿਰਲੇਖ ‘ਸਲੋਕ ਵਾਰਾਂ ਤੇ ਵਧੀਕ’ ਦਿੱਤਾ ਹੈ। ਇਹ ੧੫੨ ਸਲੋਕ “ਸਾਹਿਬ ਸ੍ਰੀ ਗੁਰੂ ਗ੍ਰੰਥ ਜੀ” ਦੇ ਪੰਨਾਂ ਨੰ: ੧੪੧੦ ਤੋਂ ਪੰਨਾਂ ਨੰ: ੧੪੨੬ ਤੱਕ ਦਰਜ ਹਨ। ਛੇਵਾਂ, ਬਾਣੀ ਨੂੰ ਤਰਤੀਬ ਤੇ ਆਦਿ ਬੀੜ ਦੀ ਸੰਪਾਦਨਾ ਦੇ ਨਾਲ ਨਾਲ, ਸਲੋਕਾਂ ਬਾਰੇ ਵੀ ਗੁਰਦੇਵ ਦੀ ਇਤਨੀ ਵਧ ਦੂਰਅੰਦੇਸ਼ੀ ਹੈ ਕਿ ਬੇਸ਼ਕ ਹਰੇਕ ਵਾਰ ਆਪਣੇ ਆਪ `ਚ ਲੜੀਬਧ ਭਾਵ ਇੱਕ-ਇੱਕ ਉਦੇਸ਼ ਤੇ ਵਿਸ਼ੇ ਨੂੰ ਸਾਹਮਣੇ ਰੱਖ ਕੇ ਲਿਖੀ ਗਈ ਹੈ ਅਤੇ ਇੱਕ-ਇੱਕ ਲੜੀ `ਚ ਹੈ, ਇਸ ਦੇ ਬਾਵਜੂਦ ਹਰੇਕ ਇਕੱਲੀ ਇਕੱਲੀ ਪਉੜੀ ਦੇ ਮੂਲ ਭਾਵ ਨੂੰ ਹੋਰ ਖੋਲਣ ਲਈ, ਹਰੇਕ ਪਉੜੀ ਨਾਲ, ਗੁਰਦੇਵ ਨੇ ਢੁਕਵੇਂ ਸਲੋਕ ਲਗਾਏ ਹਨ। ਸਤਵਾਂ-ਇਹੀ ਕਾਰਣ ਹੈ ਕਿ ਹਰੇਕ ਪਉੜੀ ਨਾਲ ਲਗਾਏ ਗਏ ਸਲੋਕਾਂ ਨੂੰ ਜੇਕਰ ਪਉੜੀ ਨਾਲ ਜੋੜ ਕੇ ਲਿਆ ਜਾਵੇ ਤਾਂ ਪਉੜੀ ਦੇ ਅਰਥ ਹੋਰ ਵੀ ਖੁੱਲਦੇ ਹਨ। ਜਿਵੇਂ ਕਿ ਹੱਥਲੀ ਪਉੜੀ `ਤੇ, ਗੁਰਬਾਣੀ ਤਰਤੀਬ ਤੇ ਵਾਰਾਂ ਵਾਲਾ ਇਹੀ ਨਿਯਮ ਲਾਗੂ ਹੁੰਦਾ ਹੈ।

ਅਠਵਾਂ-ਇਨਾਂ ਹੀ ਨਹੀਂ, ਇਸੇ ਲੜੀ `ਚ ਇਹ ਵੀ ਕਿ ਸਮੂਹ ਵਾਰਾਂ ਚੂੰਕਿ ਲੜੀਬਧ ਹਨ, ਇਸ ਲਈ ਹਰੇਕ ਪਉੜੀ ਵੀ ਆਪਣੇ ਆਪ `ਚ ਆਜ਼ਾਦ ਨਹੀਂ। ਇਸ ਲਈ ਸਬੰਧਤ ਪਉੜੀ ਦੇ ਮੂਲ ਅਰਥਾਂ ਨੂੰ ਸਮਝਣ ਲਈ, ਉਸ ਤੋਂ ਪਿਛਲੀ ਪਉੜੀ `ਚ ਆ ਰਹੇ ਵਿਸ਼ੇ ਨੂੰ ਹੀ ਗੁਰਦੇਵ ਨੇ ਉਸ ਤੋਂ ਅਗ਼ਲੀ ਪਉੜੀ `ਚ ਅੱਗੇ ਟੋਰਿਆ ਹੁੰਦਾ ਹੈ। ਇਸ ਲਈ ਹਰੇਕ ਪਉੜੀ ਦੇ ਅਰਥਾਂ ਨੂੰ ਸਮਝਣ ਲਈ ਵਿਸ਼ੇ ਦੇ ਚਲੰਤ ਰੂਪ ਨੂੰ ਵੀ ਦੇਖਣਾ ਹੁੰਦਾ ਹੈ।

ਮਿਸਾਲ ਵੱਜੋਂ ਵਿਚਾਰ ਅਧੀਨ ਪਉੜੀ ਨੰ: ੧੬ ਦਾ ਆਰੰਭ ਹੈ “ਭਗਤਾ ਤੈ ਸੈਸਾਰੀਆ, ਜੋੜੁ ਕਦੇ ਨ ਆਇਆ” ਜਦਕਿ ਪਉੜੀ ਨੰਬਰ ੧੫ `ਚ ਵੀ ਸਮਾਪਤੀ `ਤੇ ਵਿਸ਼ਾ ਹੈ “ਲਾਹਾ ਭਗਤਿ ਸੁ ਸਾਰੁ, ਗੁਰਮੁਖਿ ਪਾਈਐ॥ ਮਨਮੁਖਿ ਕੂੜੁ ਗੁਬਾਰੁ ਕੂੜ ਕਮਾਈਐ”। ਇਸ ਲਈ ਪਿਛੋਂ ਚਲਦੇ ਆ ਰਹੇ ਵਿਸ਼ੇ ਨੂੰ ਪਛਾਨਣ ਤੋੰ ਬਿਨਾ ਪਉੜੀ ਦੇ ਅਰਥਾਂ ਨੁੰ ਸਮਝਣਾ ਆਸਾਨ ਨਹੀਂ ਬਲਕਿ ਕੁਰਾਹੇ ਵੀ ਪਿਆ ਜਾ ਸਕਦਾ ਹੈ।

ਉਪ੍ਰੰਤ ਪਉੜੀ ਨੰ: ੧੭ `ਚ ਵੀ ਗੁਰਦੇਵ ਇਸੇ ਵਿਸ਼ੇ ਨੂੰ ਹੋਰ ਅੱਗੇ ਟੋਰਿਆ ਹੈ। ਉਥੇ ਵੀ ਅਜਿਹੇ ਭਗਤਾਂ ਦੇ ਉਚਤੱਮ ਆਤਮਕ ਜੀਵਨ ਨੂੰ ਹੀ ਸਪਸ਼ਟ ਕੀਤਾ ਜਿਵੇਂ “ਜਾ ਤੂੰ ਤਾ ਕਿਆ ਹੋਰਿ, ਮੈ ਸਚੁ ਸੁਣਾਈਐ” ਦੂਜੇ ਪਾਸੇ ਸੰਸਾਰੀਆਂ ਲਈ ਵੀ “ਮੁਠੀ ਧੰਧੈ ਚੋਰਿ ਮਹਲੁ ਨ ਪਾਈਐ॥ ਏਨੈ ਚਿਤਿ ਕਠੋਰਿ ਸੇਵ ਗਵਾਈਐ…” ਇਸ ਤਰ੍ਹਾਂ ਉਸ ਸਾਰੇ ਦਾ ਹੀ ਨਤੀਜਾ ਹੁੰਦਾ ਹੈ ਕਿ “ਲਈਅਨਿ ਖਰੇ ਪਰਖਿ, ਦਰਿ ਬੀਨਾਈਐ॥ ਸਉਦਾ ਇਕਤੁ ਹਟਿ ਪੂਰੈ ਗੁਰਿ ਪਾਈਐ” (ਪਉੜੀ੧੭)।

(ਚਲਦਾ) #G0108-Is012.02s012#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No G0108-I

ਅਰਥ ਨਿਖਾਰ-ਪਉੜੀ ੧੬ ਵਾਰ ਮਾਝ ਕੀ ਵਾਰ ਮ: ੧

ਭਗਤਾ ਤੈ ਸੈਸਾਰੀਆ

ਜੋੜੁ ਕਦੇ ਨ ਆਇਆ (ਭਾਗ-੧)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org  
.