.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੁਰਮਤਿ ਅਨੁਸਾਰ ਮੁਕਤੀ
(ਭਾਗ-4)
ਮੁਕਤੀ ਸਬੰਧੀ ਧਾਰਨਾ----

ਰੰਗਲ਼ੇ ਤੇ ਸੁਹਾਵਣੇ ਸੰਸਾਰ ਨੂੰ ਕੋਈ ਇਨਸਾਨ ਵੀ ਛੱਡਣਾ ਨਹੀਂ ਚਾਹੁੰਦਾ। ਏੱਥੋਂ ਤੀਕ ਕੇ ਪਸ਼ੂ ਪੰਛੀ ਵੀ ਸੰਸਾਰ ਦੀਆਂ ਰੌਣਕਾਂ ਨੂੰ ਛੱਡਣ ਲਈ ਕਦਾਚਿੱਤ ਤਿਆਰ ਨਹੀਂ ਹੁੰਦੇ। ਵੱਖ ਵੱਖ ਧਰਮਾਂ ਦਿਆਂ ਪੁਜਾਰੀਆਂ ਨੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਮਨੁੱਖ ਨੂੰ ਇਹ ਭਰੋਸਾ ਦਿਵਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਕਿ ਜਿਹੜੀ ਸੁੱਖ ਸਹੂਲਤ ਤੁਹਾਨੂੰ ਇਸ ਦੁਨੀਆਂ ਵਿੱਚ ਨਹੀਂ ਮਿਲ ਸਕੀ, ਉਹ ਮਰਨ ਉਪਰੰਤ ਤੂਹਾਨੂੰ ਮਹੱਈਆ ਕਰਵਾਈ ਜਾ ਸਕਦੀ ਹੈ। ਅਰਬ ਮੁਲਕਾਂ ਵਿੱਚ ਤੱਤੀ ਰੇਤ ਨਾਲ ਭੁੱਜ ਰਹੇ ਲੋਕਾਂ ਨੂੰ ਦੱਸਿਆ ਗਿਆ ਕਿ ਕੋਈ ਗੱਲ ਨਹੀਂ ਜੇ ਤੁਹਾਨੂੰ ਸੁੱਖ ਸਹੂਲਤ ਦੀ ਕਮੀ ਰਹਿ ਗਈ ਹੈ ਤਾਂ ਉਹ ਮਰਣ ਉਪਰੰਤ ਪੂਰੀ ਕੀਤੀ ਜਾ ਸਕਦੀ ਹੈ। ਧਰਮ ਦੀਆਂ ਰਸਮਾਂ ਨਿਭਾਉਣ ਨਾਲ ਤੁਹਾਨੂੰ ਅਵੱਸ਼ ਠੰਢੀਆਂ ਛਾਵਾਂ, ਲਹਿ-ਲਰਾਉਂਦੇ ਸੁਹਵਣੇ ਬਾਗ ਤੇ ਤੁਹਾਡੀ ਸੇਵਾ ਵਿੱਚ ਹਰ ਵੇਲੇ ਹੂਰਾਂ ਪਰੀਆਂ ਖੜੀਆਂ ਰਹਿਣਗੀਆਂ। ਭਾਰਤ ਦੇ ਪੁਜਾਰੀਆਂ ਨੇ ਸਵਰਗ ਸ਼ਹਿਦ ਦੁੱਧ ਦੀਆਂ ਨਦੀਆਂ ਵੱਗਦੀਆਂ ਦਿਖਾਈਆਂ ਹਨ। ਚੌਵ੍ਹੀ ਘੰਟੇ ਭਜਨ ਬੰਦਗੀ ਤੇ ਸਦਾ ਲਈ ਮੰਦਰਾਂ ਵਿੱਚ ਨਿਵਾਸ ਦਿਖਾਇਆ ਗਿਆ ਹੈ। ਅਜੇਹੇ ਸਵਰਗ ਵਿੱਚ ਰੋਟੀ ਪਾਣੀ ਦਾ ਕੋਈ ਫ਼ਿਕਰ ਨਹੀਂ ਹੋਏਗਾ। ਪੰਜਾਬ ਦੇ ਟ੍ਰੈਵਲ ਏਜੰਟਾਂ ਵਾਂਗ ਮਰਨ ਉਪਰੰਤ ਮਨੋਕਲਪਤ ਭਵਿੱਖਤ ਦੀ ਸਿਰਜਣਾ ਕੀਤੀ ਹੋਈ ਦੱਸੀ ਜਾਂਦੀ ਹੈ। ਗੱਲ ਕੀ ਪੁਜਾਰੀ ਇਹ ਸਮਝਾਉਣ ਵਿੱਚ ਵੀ ਕਾਮਯਾਬ ਹੋ ਗਏ ਹਨ ਕਿ ਮਰਨ ਉਪਰੰਤ ਤੁਹਾਡਾ ਵਧੀਆ ਬੰਦੋਬਸਤ ਕੀਤਾ ਜਾ ਸਕਦਾ ਹੈ। ਦੁਨੀਆਂ ਵਿੱਚ ਪੁਜਾਰੀਆਂ ਨੇ ਮਨੁੱਖ ਨੂੰ ਅਸਮਾਨੀ ਬਦਲਾਂ ਦੇ ਪੱਏ ਵਰਗਾ ਇੱਕ ਭਰੋਸਾ ਦਿਵਾਇਆ ਹੋਇਆ ਹੈ।
ਮਨੁੱਖ ਨੇ ਆਪਣੇ ਜੀਵਨ ਵਿੱਚ ਜਿੰਨੇ ਮਰਜ਼ੀ ਘੱਟੀਆ ਤੋਂ ਘਟੀਆਂ ਕੰਮ ਕੀਤੇ ਹੋਣ, ਜੇ ਨਿੱਠ ਕੇ ਪੁਜਾਰੀ ਦੇ ਦਰਸਾਏ ਮਾਰਗ `ਤੇ ਚੱਲਿਆ ਜਾਏ ਤਾਂ ਅਵੱਸ਼ ਮੁਕਤੀ ਮਿਲੇਗੀ, ਮਨੁੱਖ ਇਸ ਭਰੋਸੇ ਨੂੰ ਅੰਤਰ ਆਤਮੇ ਨਾਲ ਮੰਨ ਚੁੱਕਿਆ ਹੈ। ਪੁਜਾਰੀ ਦੇ ਦਿਵਾਏ ਭਰੋਸੇ ਆਨੁਸਾਰ ਬੰਦਾ ਆਪਣੇ ਮਰਿਆਂ ਹੋਇਆਂ ਦੀ ਸਵਾਹ ਚੁੱਕੀ ਫਿਰਦਾ ਹੈ ਕਦੇ ਹਰਿਦੁਆਰ ਤੇ ਕਦੇ ਕੀਰਤਪੁਰ ਤੁਰਿਆ ਨਜ਼ਰ ਆਉਂਦਾ ਹੈ।
ਤਸਵੀਰ ਦਾ ਇਹ ਤੇ ਉਹ ਪਾਸਾ ਹੈ ਜਿੱਥੇ ਸਵਰਗ ਦੇ ਝੂਟੇ ਦਰਸਾਏ ਗਏ ਹਨ। ਕਿਸੇ ਵੀ ਧਰਮ ਦੀ ਸਵਰਗ ਸਬੰਧੀ ਆਪਸ ਵਿੱਚ ਕੋਈ ਸਾਂਝੀ ਰਾਏ ਨਹੀਂ ਹੈ। ਹਰ ਪੁਜਾਰੀ ਇੰਝ ਹੀ ਬਿਆਨ ਕਰ ਰਿਹਾ ਹੈ ਜਿਵੇਂ ਇਹ ਖ਼ੁਦ ਦੇਖ ਕੇ ਆਇਆ ਹੋਵੇ। ਤਸਵੀਰ ਦਾ ਦੂਸਰਾ ਨਰਕ ਵਾਲਾ ਪਾਸਾ ਬਹੁਤ ਹੀ ਭਿਆਨਕ ਤੇ ਡਰਾਉਣਾ ਦਰਸਾਇਆ ਗਿਆ ਹੈ। ਨਰਕ ਵਿੱਚ ਪੀਣ ਲਈ ਵਧੀਆ ਪਾਣੀ ਨਹੀਂ ਹੈ, ਰਹਿਣ ਲਈ ਸਾਫ਼ ਸੁੱਥਰੇ ਕਮਰੇ ਨਹੀਂ ਹਨ। ਸੂਰਾਂ ਦੇ ਘੁਰਨਿਆਂ ਤੋਂ ਵੀ ਬਦਤਰ ਨਜ਼ਾਰਾ ਪੇਸ਼ ਕੀਤਾ ਗਿਆ, ਦੱਸਿਆ ਜਾਂਦਾ ਹੈ। ਦੁਨੀਆਂ ਵਿੱਚ ਭੈੜੇ ਕਰਮ ਕਰਨ ਵਾਲੇ ਬੰਦਿਆਂ-ਬੀਬੀਆਂ ਨੂੰ ਤੇਲ ਦੇ ਕੜਾਹੇ ਵਿੱਚ ਪਾ ਕੇ ਭੁੰਨਿਆ ਸਾੜਿਆ ਜਾ ਰਿਹਾ ਹੈ। ਕਿਤੇ ਕੋਹਲੂ ਵਿੱਚ ਪਾ ਕੇ ਪੀੜਿਆ ਜਾ ਰਿਹਾ ਹੈ। ਸੋਹਣੇ ਬਾਗ਼ਾਂ ਦੀ ਥਾਂ `ਤੇ ਗੰਦੇ ਰੇਸ਼ੇ ਪੀਕ ਦੀਆਂ ਨਦੀਆਂ ਚਲ ਰਹੀਆਂ ਦੱਸੀਆਂ ਜਾਂਦੀਆਂ ਹਨ। ਸਾਰੇ ਪਾਸੇ ਕੁਹਰਾਮ ਮੱਚਿਆ ਹੋਇਆ ਦਿਖਾਇਆ ਗਿਆ ਹੈ। ਏੱਥੋਂ ਹੀ ਪੁਜਾਰੀ ਦੀ ਲੁੱਟ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ।
ਧਰਮ ਦੀ ਦੁਨੀਆਂ ਵਿੱਚ ਇਸ ਖ਼ਿਆਲ ਨੂੰ ਬਹੁਤ ਹੀ ਪ੍ਰਪੱਕਤਾ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਜੋ ਲੋਕ ਹੁਣ ਸੌਖੇ ਹਨ ਉਹਨਾਂ ਨੇ ਪਛਲੇ ਜਨਮ ਵਿੱਚ ਬਹੁਤ ਦਾਨ ਪੁੰਨ ਕੀਤਾ ਹੋਵੇਗਾ। ਜਿਹੜੇ ਵਿਚਾਰੇ ਰੋਟੀ ਤੋਂ ਵੀ ਆਤਰ ਹਨ ਉਹਨਾਂ ਨੇ ਪਿੱਛਲੇ ਜਨਮ ਵਿੱਚ ਪੁਜਾਰੀ ਦੀ ਸੇਵਾ ਨਹੀਂ ਕੀਤੀ ਜਨੀ ਕਿ ਦਾਨ ਪੁੰਨ ਵਲੋਂ ਕੰਜੂਸੀ ਕੀਤੀ ਹੈ ਉਹ ਹੁਣ ਤਾਂ ਦੁੱਖ ਭੋਗ ਰਹੇ ਹਨ। ਹਾਂ ਜੇ ਹੁਣ ਦਾਨ ਪੁੰਨ ਕੀਤਾ ਜਾਏ ਤਾਂ ਇਹਨਾਂ ਦਾ ਜ਼ਰੂਰ ਬਚਾ ਹੋ ਸਕਦਾ ਹੈ। ਇਨਸਾਫ਼ ਦੇਖੋ ਕੈਸਾ ਹੈ ਇੱਕ ਤਾਂ ਵਿਚਾਰੇ ਹੁਣ ਗਰੀਬੀ ਨਾਲ ਜੂਝ ਰਹੇ ਹਨ ਦੂਜਾ ਮਰਨ ਉਪਰੰਤ ਇਸ ਨਾਲੋਂ ਵੀ ਘਟੀਆ ਜ਼ਿੰਦਗੀ ਮਿਲੇਗੀ। ਜ਼ਿਆਦਾਤਰ ਸੰਸਾਰ ਦੇ ਲੋਕ ਅਜੇਹੇ ਹੀ ਭਰਮ ਵਿੱਚ ਫਸੇ ਹੋਏ ਹਨ ਕਿ ਮਰਨ ਉਪਰੰਤ ਸਾਨੂੰ ਕੋਈ ਵਧੀਆ ਜੇਹੀ ਮੁਕਤੀ ਮਿਲ ਜਾਏਗੀ।
ਗੁਰਬਾਣੀ ਅਨੁਸਾਰ ਮਨੁੱਖ ਨੇ ਵਰਤਮਾਨ ਜੀਵਨ ਵਿੱਚ ਸਚਿਆਰ ਬਣ ਕੇ ਵਿਕਾਰਾਂ ਵਲੋਂ ਮੁਕਤ ਹੋਣਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਮਾਰੂ ਰਾਗ ਅੰਦਰ ਸਮਝਾਉਂਦੇ ਹਨ ਕਿ ਹੇ ਰੱਬ ਜੀ ਤੁਹਾਡੇ ਹੁਕਮ ਵਿੱਚ ਹੀ ਅਸੀਂ ਨਰਕ ਭੋਗ ਰਹੇ ਹਾਂ ਜਾਂ ਸਵਰਗ ਵਿੱਚ ਰਹਿ ਰਹੇ ਹਾਂ। ਰੱਬ ਜੀ ਦਾ ਹੁਕਮ ਇਕਸਾਰ ਹੈ ਪਰ ਇਸ ਹੁਕਮ ਵਿੱਚ ਕਰਮ ਮਨੁੱਖ ਦਾ ਆਪਣਾ ਹੈ ਇਸ ਕਰਮ ਅਨੁਸਾਰ ਹੀ ਸਾਨੂੰ ਦੁੱਖ ਜਾਂ ਸੁਖ ਮਿਲ ਰਹੇ ਹਨ। ਰੱਬ ਜੀ ਦੇ ਹੁਕਮ ਵਿੱਚ ਜਿੱਥੇ ਇੱਕ ਕਰਮ ਸਾਡਾ ਹੈ ਓੱਥੇ ਦੂਜਾ ਕਰਮ ਸਮੂਹਕ ਤੇ ਵਾਤਾਵਰਣ ਦਾ ਵੀ ਅਸਰ ਹੁੰਦਾ ਹੈ। ਅਸੀਂ ਆਪਣੇ ਸੁਭਾਅ ਕਰਕੇ ਹੀ ਨਰਕ ਸਵਰਗ ਭੋਗ ਰਹੇ ਹੁੰਦੇ ਹਾਂ। ਗੁਰਬਾਣੀ ਸਾਡਾ ਸੁਭਾਅ ਠੀਕ ਕਰਕੇ ਸਵਰਗ ਦਾ ਵਾਸੀ ਬਣਾਉਂਦੀ ਹੈ। ਬੜਾ ਪਿਆਰਾ ਵਾਕ ਹੈ—
ਇਕਿ ਬੈਸਾਇ ਰਖੇ ਗ੍ਰਿਹ ਅੰਤਰਿ।। ਇਕਿ ਪਠਾਏ ਦੇਸ ਦਿਸੰਤਰਿ।।
ਇਕ ਹੀ ਕਉ ਘਾਸੁ ਇੱਕ ਹੀ ਕਉ ਰਾਜਾ ਇਨ ਮਹਿ ਕਹੀਐ ਕਿਆ ਕੂੜਾ।। ੫।।
ਕਵਨ ਸੁ ਮੁਕਤੀ ਕਵਨ ਸੁ ਨਰਕਾ।। ਕਵਨੁ ਸੈਸਾਰੀ ਕਵਨੁ ਸੁ ਭਗਤਾ।।
ਕਵਨ ਸੁ ਦਾਨਾ ਕਵਨੁ ਸੁ ਹੋਛਾ ਕਵਨ ਸੁ ਸੁਰਤਾ ਕਵਨੁ ਜੜਾ।। ੬।।
ਹੁਕਮੇ ਮੁਕਤੀ ਹੁਕਮੇ ਨਰਕਾ।। ਹੁਕਮਿ ਸੈਸਾਰੀ ਹੁਕਮੇ ਭਗਤਾ।।
ਹੁਕਮੇ ਹੋਛਾ ਹੁਕਮੇ ਦਾਨਾ ਦੂਜਾ ਨਾਹੀ ਅਵਰੁ ਧੜਾ।। ੭।।
ਸਾਗਰੁ ਕੀਨਾ ਅਤਿ ਤੁਮ ਭਾਰਾ।। ਇਕਿ ਖੜੇ ਰਸਾਤਲਿ ਕਰਿ ਮਨਮੁਖ ਗਾਵਾਰਾ।।
ਇਕਨਾ ਪਾਰਿ ਲੰਘਾਵਹਿ ਆਪੇ ਸਤਿਗੁਰੁ ਜਿਨ ਕਾ ਸਚੁ ਬੇੜਾ।। ੮।।
ਮਾਰੂ ਮਹਲਾ ੫ ਪੰਨਾ ੧੦੮੧
ਇਸ ਬੰਦ ਦੀ ਅਖੀਰਲੀ ਤੁਕ ਨੂੰ ਦੇਖਾਂਗੇ ਤਾਂ ਸਹਿਜੇ ਹੀ ਸਮਝ ਆ ਜਾਂਦੀ ਹੈ ਕਿ ਸੰਸਾਰ ਰੂਪੀ ਸਮੁੰਦਰ ਵਿਚੋਂ ਤਰਨ ਲਈ ਗਿਆਨ ਦੇ ਬੇੜੇ ਦੀ ਜ਼ਰੂਰਤ ਹੈ। ਇਸ ਗਿਆਨ ਦੇ ਬੇੜੇ `ਤੇ ਅਸਵਾਰ ਹੋਣ ਨਾਲ ਸੰਸਾਰ ਦੀਆਂ ਬਰੀਕੀਆਂ ਨੂੰ ਸਮਝਿਆ ਜਾ ਸਕਦਾ ਹੈ। ਜਿਸ ਤਰ੍ਹਾਂ ਸਮੁੰਦਰੀ ਬੇੜਾ ਪਾਣੀ ਵਿੱਚ ਡੁੱਬਦਾ ਹੈ ਤੇ ਪਾਣੀ ਵਿੱਚ ਹੀ ਤਰਦਾ ਹੈ। ਸਮੁੰਦਰ ਦੀਆਂ ਲਹਿਰਾਂ ਦਾ ਮੁਕਾਬਲਾ ਸਿਆਣਾ ਮਲਾਹ ਹੀ ਕਰ ਸਕਦਾ ਹੈ। ਸੰਸਾਰ ਰੂਪੀ ਸਮੁੰਦਰ ਵਿੱਚ ਤਰਨ ਲਈ ਗੁਰੂ ਦੇ ਗਿਆਨ ਦਾ ਬੇੜਾ ਬਣਾਉਣਾ ਪਏਗਾ। “ਇਕਨਾ ਪਾਰਿ ਲੰਘਾਵਹਿ ਆਪੇ ਸਤਿਗੁਰੁ ਜਿਨ ਕਾ ਸਚੁ ਬੇੜਾ” ਸੱਚ ਦੇ ਬੇੜੇ ਦਾ ਸਵਾਰ ਹੋਣ ਨਾਲ ਜ਼ਿੰਦਗੀ ਵਿੱਚ ਸਵਰਗ ਆ ਸਕਦਾ ਹੈ ਤੇ ਝੂਠ ਦੇ ਬੇੜੇ `ਤੇ ਸਵਾਰ ਹੋਣ ਨਾਲ ਨਰਕ ਨੂੰ ਸੱਦਾ ਪੱਤਰ ਦੇਣ ਵਾਲੀ ਗੱਲ ਹੈ।
ਸੱਚੇ ਗਿਆਨ ਦੇ ਬੇੜੇ `ਤੇ ਸਵਾਰੀ ਕਰਨ ਨਾਲ ਹਰ ਕਿਰਤ ਕਰਦਿਆਂ ਸਵਰਗ ਨੂੰ ਮਾਣਦਾ ਹੈ ਭਾਵ ਬੇ-ਲੋੜੇ ਸੰਸਿਆਂ ਤੋਂ ਮੁਕਤ ਹੁੰਦਾ ਹੈ। ਅਸੀਂ ਕਈ ਵਾਰ ਆਪਣੀ ਸੋਚ ਅਨੁਸਾਰ ਇਹ ਸਮਝ ਲੈਂਦੇ ਹਾਂ ਕਿ ਸ਼ਾਇਦ ਇੱਕ ਘਾਹ ਖੋਤਣ ਵਾਲਾ ਖਵਰੇ ਕਿੰਨਾ ਕੁ ਦੁੱਖੀ ਹੋਏਗਾ? ਅਸੀਂ ਆਪਣੀ ਪਰਖ ਨਾਲ ਉਹਦਾ ਕੰਮ ਦੇਖ ਕੇ ਜਾਂ ਉਹਦੇ ਕਪੜੇ ਦੇਖ ਕੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦੇਂਦੇ ਹਾਂ। ਹੋ ਸਕਦਾ ਹੈ ਉਹ ਆਤਮਕ ਤਲ਼ `ਤੇ ਏੰਨਾ ਖੁਸ਼ ਹੋਵੇ ਜਿਸਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਅਜੇਹਾ ਮਨੱਖ ਸੰਸਾਰ ਦੇ ਸਭ ਝਮੇਲਿਆਂ ਤੋਂ ਮੁਕਤ ਹੋਵੇਗਾ।
ਅੰਧੇਰੇ ਵਿੱਚ ਮਨੁੱਖ ਠੇਡੇ ਖਾਂਦਾ ਹੈ। ਚਾਨਣ ਵਿੱਚ ਤੁਰਨ ਵਾਲਾ ਠੇਡਿਆਂ ਤੋਂ ਬਚ ਜਾਂਦਾ ਹੈ। ਸੰਸਾਰੀ ਲੋਕ ਆਤਮਕ ਸੂਝ ਦੀ ਵਰਤੋਂ ਕਰਦਿਆਂ ਘਰੇਲੂ ਨਰਕ ਦੀਆਂ ਪਉੜੀਆਂ ਚੜ੍ਹਨ ਤੋਂ ਬਚ ਜਾਂਦੇ ਹਨ। ਗੁਣਾਂ ਵਾਲੀ ਭਗਤੀ ਦੀ ਧਾਰ ਹੇਠ ਇਸ਼ਨਾਨ ਕਰਦੇ ਰਹਿੰਦੇ ਹਨ। ਸੂਰਜ ਦੀ ਚਿੱਟੀ ਧੁੱਪ ਵਿੱਚ ਕੋਈ ਪਾਪ ਕਰਦਾ ਹੈ ਜਾਂ ਪੁੰਨ ਕਰਦਾ ਹੈ ਸੂਰਜ ਨੂੰ ਇਹਦਾ ਕੋਈ ਸਰੋਕਾਰ ਨਹੀਂ ਹੈ। ਹਾਂ ਪੁੰਨ ਪਾਪ ਦੀ ਸਾਰੀ ਜ਼ਿੰਮੇਵਾਰੀ ਮਨੁੱਖ ਦੀ ਆਪਣੀ ਹੈ। ਮੂਰਖਾਂ ਵਾਲੀ ਸੋਚ ਰੱਖਣ ਨਾਲ ਹਮੇਸ਼ਾਂ ਗ਼ੁਲਾਮਾਂ ਵਾਲੀ ਜ਼ਿੰਦਗੀ ਹੀ ਜਿਉਂਦਾ ਹੈ। ਜੀਵਨ ਦੀਆਂ ਵਰਤਮਾਨ ਕੜੀਆਂ ਵਿੱਚ ਮੁਕਤ ਹੋਣ ਦਾ ਯਤਨ ਕਰਨਾ ਹੈ। ਨੀਵੇਂ ਪੱਧਰ ਦੀ ਸੋਚ ਵਾਲਾ ਮਨੁੱਖ ਮੁਕਤ ਨਹੀਂ ਹੁੰਦਾ— ‘ਇਕਿ ਖੜੇ ਰਸਾਤਲਿ ਕਰਿ ਮਨਮੁਖ ਗਾਵਾਰਾ` ਇੰਜ ਵੀ ਕਿਹਾ ਜਾ ਸਕਦਾ ਹੈ ਕਿ ਨੀਵੀਂ ਸੋਚ ਵਾਲਾ ਕਦੇ ਵੀ ਅਜ਼ਾਦੀ ਦਾ ਸੁਖ ਨਹੀਂ ਮਾਣ ਸਕਦਾ।
ਗੁਰਮਤ ਵਿੱਚ ਮਨ ਦੀ ਬੇ-ਲੋੜੀਆਂ ਖਾਹਸ਼ਾਂ ਨੂੰ ਸਮਝਣਾ ਹੈ। ਅੱਜ ਦੇ ਯੁੱਗ ਵਿੱਚ ਜਿਹੜਾ ਵਿਆਕਤੀ ਮਨ ਦੀਆਂ ਤੇਜ਼ ਤਰਾਰ ਤਰੰਗਾਂ ਨੂੰ ਗੁਰਮਤ ਅਨੁਸਾਰ ਸਮਝਣ ਦਾ ਯਤਨ ਕਰੇਗਾ ਉਹ ਹੀ ਮੁਕਤੀ ਵਲ ਨੂੰ ਵੱਧੇਗਾ। ਗੁਰੂ ਅਮਰਦਾਸ ਜੀ ਦਾ ਇਸ ਪ੍ਰਥਾਏ ਬੜਾ ਪਿਆਰਾ ਵਾਕ ਹੈ---
ਸਤਿਗੁਰੁ ਮਿਲੈ ਤਾ ਤਤੁ ਪਾਏ।। ਹਰਿ ਕਾ ਨਾਮੁ ਮੰਨਿ ਵਸਾਏ।।
ਸਬਦਿ ਮਰੈ ਮਨੁ ਮਾਰੈ ਅਪੁਨਾ ਮੁਕਤੀ ਕਾ ਦਰੁ ਪਾਵਣਿਆ।।
ਮਾਝ ਮਹਲਾ ੩ ਪੰਨਾ ੧੧੬

ਮੁਕਤੀ ਦੇ ਦਰਵਾਜ਼ੇ ਤੀਕ ਪਹੁੰਚਣ ਲਈ ਸਤਿਗੁਰ ਦੇ ਤੱਤ ਨਾਲ ਮਿਲਣਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ। ਸਿੱਖ ਦਾ ਗੁਰੂ ਨਾਲ ਮਿਲਣਾ ਭਾਵ ਜੋ ਗੁਰੂ ਦੇ ਗੁਣ ਹਨ ਉਹਨਾਂ ਨੂੰ ਅਪਨਾਉਣਾ, ਜਿਸ ਨਾਲ ਅਕਾਲ ਪੁਰਖ ਦੇ ਮਿਲਾਪ ਦੀ ਸਿਰਜਣਾ ਹੁੰਦੀ ਹੈ। ਇਹ ਜਿਉਂਦੇ ਜੀ ਮੁਕਤੀ ਦੀ ਸਾਧਨਾ ਹੈ। ਸਤਿਗੁਰ ਨੂੰ ਮਿਲਣ ਦਾ ਅਰਥ ਭਾਵ ਹੈ ਗੁਰ ਗਿਆਨ ਨੂੰ ਮਨ ਵਿੱਚ ਵਸਾਉਣਾ। ਸ਼ਬਦ ਦਾ ਉਪਦੇਸ਼ ਮਨ ਵਿੱਚ ਵੱਸਣ ਨਾਲ ਵਿਕਾਰਾਂ ਵਲੋਂ ਮੁਕਤੀ ਹੈ।
ਜਿਵੇਂ ਕਿ ਅਰੰਭ ਵਿੱਚ ਦੱਸਿਆ ਗਿਆ ਹੈ ਧਾਰਮਕ ਰੀਤੀ ਰਿਵਾਜ ਨਿਭਾਉਣ ਵਾਲਾ ਕਦੇ ਵੀ ਅਜ਼ਾਦ ਬਿਰਤੀ ਦਾ ਮਾਲਕ ਨਹੀਂ ਹੋ ਸਕਦਾ। ਧਾਰਮਕ ਪੁਜਾਰੀ ਧਰਮ ਦੀਆਂ ਰਸਮਾਂ ਨਿਭਾਉਦਿਆਂ ਦੁਨੀਆਂ ਨੂੰ ਕਰਮ-ਕਾਂਡ ਦੇ ਹਨੇਰਿਆਂ ਵਿੱਚ ਧਕੇਲ ਰਿਹਾ ਹੀ ਨਜ਼ਰ ਆਉਂਦਾ ਹੈ। ਏਸੇ ਹੀ ਸ਼ਬਦ ਵਿੱਚ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ—
ਪੰਡਿਤ ਪੜਹਿ ਸਾਦੁ ਨ ਪਾਵਹਿ।। ਦੂਜੈ ਭਾਇ ਮਾਇਆ ਮਨੁ ਭਰਮਾਵਹਿ।।
ਮਾਇਆ ਮੋਹਿ ਸਭ ਸੁਧਿ ਗਵਾਈ ਕਰਿ ਅਵਗਣ ਪਛੋਤਾਵਣਿਆ।।
ਮਾਝ ਮਹਲਾ ੩ ਪੰਨਾ ੧੧੬

ਪੰਡਤ ਲੋਕ ਕੇਵਲ ਕਰਮ-ਕਾਂਡ ਲਈ ਆਪਣੀ ਪੜ੍ਹਾਈ ਪੜ੍ਹਦੇ ਹਨ ਨਾ ਕਿ ਆਤਮਕ ਸੂਝ ਲਈ। ਕਿਸੇ ਵੀ ਧਾਰਮਕ ਪੁਜਾਰੀ ਨੂੰ ਦੇਖ ਲਓ ਉਹ ਰਸਮਾਂ ਨਿਭਾਉਣ ਵਾਲੇ ਨੂੰ ਹੀ ਧਰਮੀ ਇਨਸਾਨ ਗਿਣਦੇ ਹਨ। ਅਜੇਹੇ ਲੋਕਾਂ ਦੇ ਪਾਸ ਪਛਤਾਵੇ ਤੋਂ ਬਿਨਾਂ ਕੁੱਝ ਵੀ ਪੱਲੇ ਨਹੀਂ ਹੁੰਦਾ। ਪੰਡਤ ਜੀ ਦੇ ਕਰਮ-ਕਾਂਡ ਵਾਲੇ ਜਾਲ ਵਾਲੀ ਮੁਕਤੀ ਤਾਂ ਮਰਨ ਉਪਰੰਤ ਵੀ ਖਹਿੜਾ ਨਹੀਂ ਛੱਡਦੀ ਦੀਦ੍ਹੀ। ਗੁਰੂ ਨਾਨਕ ਸਾਹਿਬ ਜੀ ਨੇ ਆਸਾ ਕੀ ਵਾਰ ਵਿੱਚ ਏਹਦਾ ਪਾਜ ਉਦੇੜਿਆ ਹੈ—
ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ।।
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ।।
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ।।
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ।।
ਸਲੋਕ ਮ: ੧ ਪੰਨਾ ੪੭੨

ਪੰਡਤ ਕਹਿੰਦਾ ਹੈ ਕਿ ਪਿੱਤਰ ਲੋਕ ਵਿਚ, ਪਿੱਤਰਾਂ ਨੂੰ ਭੋਜਨ ਛਕਾਉਣ ਦਾ ਵੀ ਮੇਰੇ ਪਾਸ ਪ੍ਰਬੰਧ ਹੈ। ਗੁਰੂ ਸਾਹਿਬ ਜੀ ਪੰਡਤ ਨੂੰ ਪੁੱਛਦੇ ਹਨ ਕਿ ਮੰਨ ਲਓ ਕੋਈ ਠੱਗ ਬਿਰਤੀ ਵਾਲਾ ਆਦਮੀ ਠੱਗੀਆਂ ਮਰ ਕੇ ਆਪਣੇ ਮਰੇ ਪਿੱਤਰਾਂ ਨਮਿੱਤ ਤੇਰੇ ਕਹੇ `ਤੇ ਸਰਾਧ ਕਰਾਉਂਦਾ ਹੈ। ਤੇਰੇ ਰਾਂਹੀਂ ਉਹ ਭੋਜਨ ਉਹਨਾਂ ਪਿੱਤਰਾਂ ਪਾਸ ਪਹੁੰਚਦਾ ਹੈ, ਅੱਗੇ ਉਸ ਪਰਵਾਰ ਦੇ ਪਿੱਤਰ ਵੀ ਬੈਠੇ ਹੋਣਗੇ ਜਿੰਨ੍ਹਾਂ ਦੀ ਠੱਗਾਂ ਨੇ ਚੋਰੀ ਕੀਤੀ ਹੋਵੇ। ਉਹ ਆਪਣਾ ਸਮਾਨ ਪਛਾਣ ਲੈਣ ਤਾਂ ਕੀ ਫਿਰ ਅਜੇਹੇ ਦਲਾਲ ਪੰਡਤ ਦੇ ਫਿਰ ਹੱਥ ਪੈਰ ਵੱਢਣੇ ਚਾਹੀਦੇ ਹਨ, ਜਿਸ ਨੇ ਝੂਠ ਮਾਰਿਆ ਹੈ।
ਮੁੱਕਦੀ ਗੱਲ ਧਾਰਮਕ ਰਸਮਾਂ ਨਿਭਾਉਣ ਨਾਲ ਮਨੁੱਖ ਅੰਤਰ ਆਤਮੇ ਤੇ ਵਿਕਾਰਾਂ ਵਲੋਂ ਮੁਕਤ ਨਹੀਂ ਹੋ ਸਕਦਾ।
.