.

ਮਨੁੱਖਾ ਸਰੀਰ ਅੰਦਰ ‘ਮਨ’ ਕੀ ਹੈ? ‘ਮਨ’ ਸਬੰਧੀ ਕੁੱਝ ਸ਼ਬਦਾਂ ਦੇ ਆਧਾਰ `ਤੇ

“ਮਨ ਤਨ ਭਏ ਅਰੋਗਾ” (ਪੰ: ੬੧੧) (ਭਾਗ-੩)

(“ਇਸੁ ਤਨ ਮਹਿ ਮਨੁ, ਕੋ ਗੁਰਮੁਖਿ ਦੇਖੈ”) (ਪੰ: ੬੮੬)

(ਲੜੀ ਜੋੜਣ ਲਈ ਇਸ ਤੋਂ ਪਹਿਲੇ ਦੋ ਭਾਗ ਜ਼ਰੂਰ ਪੜੋ ਜੀ)

“ਗਿਆਨ ਕਾ ਬਧਾ ਮਨੁ ਰਹੈ” -ਚੂੰਕਿ ਮਨੁੱਖ ਨੂੰ ਮਨ ਮਿਲਦਾ ਹੀ ਪ੍ਰਭੂ ਮਿਲਾਪ ਲਈ ਹੈ ਪਰ ਗੁਰੂ ਗਿਆਨ ਤੋਂ ਬਿਨਾ ਮਨੁੱਖ ਨੂੰ ਇਸ ਮਨ ਦੀ ਅਸਲੀਅਤ ਸਮਝ `ਚ ਨਹੀਂ ਆ ਸਕਦੀ। ਇਸੇ ਅਗਿਆਨਤਾ ਦਾ ਨਤੀਜਾ, ਅਨਜਾਣੇ `ਚ ‘ਮਨ’ ਦੀ ਕੁਵਰਤੋਂ ਹੀ ਮਨੁੱਖ ਨੂੰ ਮਨਮੁਖ, ਮਨਮਤੀਆ, ਹੂੜਮਤੀਆ, ਦੁਰਮਤੀਆ, ਦੁਰਾਚਾਰੀ, ਵਿਭਚਾਰੀ ਬਲਕਿ ਕਈ ਵਾਰ ਤਾਂ ਇਸ ਨੂੰ ਵੱਡੇ ਵੱਡੇ ਅਉਗੁਣਾ ਦੇ ਸਮੁੰਦਰ `ਚ ਧਕੇਲਣ ਦਾ ਵੀ ਕਾਰਣ ਬਣ ਜਾਂਦਾ ਹੈ। ਫ਼ਿਰ ਜਦੋਂ ਇਸੇ ਮਨ ਦੀ ਘਾੜਤ ਗੁਰੂ ਗਿਆਨ ਭਾਵ ਗੁਰਬਾਣੀ ਨਾਲ ਹੋ ਜਾਂਦੀ ਹੈ ਤਾਂ ਇਹੀ ‘ਮਨ’ ਮਨੁੱਖ ਨੂੰ ਸਚਿਆਰਾ, ਗੁਰਮੁਖ, ਵਡਭਾਗੀ, ਗੁਰਮੱਤੀਆ, ਜੀਵਨਮੁੱਕਤ, ਭਗਉਤੀ ਆਦਿ ਪੂਜਣਯੋਗ ਤੇ ਉੱਚੇ ਆਚਰਣ ਵਾਲਾ, ਸਦਾਚਾਰੀ, ਸਦਗੁਣਾਂ ਦਾ ਪੁਤਲਾ ਵੀ ਬਣਾ ਦਿੰਦਾ ਹੈ। ਲੋੜ ਹੈ ਤਾਂ ਮਨ ਦੀ ਅਸਲੀਅਤ ਨੂੰ ਗੁਰਬਾਣੀ `ਚੋਂ ਸਮਝਣ ਤੇ ਪਛਾਨਣ ਦੀ ਕਿ ਸਾਡੇ ਸਰੀਰ ਅੰਦਰ ਇਹ ਮਨ ਹੈ ਕੀ।

ਘੁਰਦੇਵ ਤਾਂ ਗੁਰਬਾਣੀ `ਚ ਇਸੇ ‘ਮਨ’ ਬਾਰੇ ਇਥੋਂ ਤੱਕ ਫ਼ੁਰਮਾਉਂਦੇ ਹਨ, “ਕੁੰਭੇ ਬਧਾ ਜਲੁ ਰਹੈ, ਜਲ ਬਿਨੁ ਕੁੰਭੁ ਨ ਹੋਇ॥ ਗਿਆਨ ਕਾ ਬਧਾ ਮਨੁ ਰਹੈ, ਗੁਰ ਬਿਨੁ ਗਿਆਨੁ ਨ ਹੋਇ” (ਪੰ: ੪੬੯) ਅਤੇ ਅਰਥ ਭਾਵ ਹਨ: “ਜਿਵੇਂ ਪਾਣੀ ਦਾ ਸੁਭਾਅ ਢਲਾਣ ਨੂੰ ਵਧਣ ਦਾ ਹੈ। ਇਸ ਲਈ ਜੇ ਪਾਣੀ ਨੂੰ ਰੋਕ ਨਾ ਲਗਾਈ ਜਾਵੇ ਤਾਂ ਪਾਣੀ ਆਪਣੇ ਆਪ ਢਲਾਣ ਵੱਲ ਵਧਦਾ ਹੋਇਆ ਅੰਤ ਆਪਣੀ ਹੋਂਦ ਵੀ ਗੁਆ ਲੈਂਦਾ ਹੈ। ਜਦਕਿ ਉਸੇ ਪਾਣੀ ਤੋਂ ਤਿਆਰ ਹੋਇਆ ਘੜਾ ਇਨਾਂ ਵਧ ਸਮ੍ਰਥ ਹੋ ਜਾਂਦਾ ਹੈ ਕਿ ਚਲਦੇ ਪਾਣੀ ਨੂੰ ਵੀ ਆਪਣੇ ਅੰਦਰ ਰੋਕ ਲੈਂਦਾ ਹੈ।

ਇਸੇ ਤਰ੍ਹਾਂ ਮਨ ਤੇ ਗਿਆਨ ਦਾ ਵੀ ਆਪਸੀ ਰਿਸ਼ਤਾ ਇਸੇ ਤਰ੍ਹਾ ਹੈ। ਮਨ ਨੂੰ ਵੀ ਜੇ ਪਾਣੀ ਵਾਂਗ ਖੁੱਲਾ ਛੱਡ ਦਿੱਤਾ ਜਾਏ ਤਾਂ ਬੇ-ਲਗਾਮ ਮਨ, ਮਨੁੱਖ ਦੇ ਜੀਵਨ ਨੂੰ ਗੁਣਾਹਾਂ ਦੀ ਖਾਣ ਤੱਕ ਬਣਾ ਦਿੰਦਾ ਹੈ। ੳੇੁਪ੍ਰੰਤ ਜੇ ਪਾਣੀ ਤੇ ਘੜੇ ਦੀ ਮਿਸਾਲ ਵਾਂਗ, ਪ੍ਰਭੂ ਬਖਸ਼ੇ ਮਨ ਨੂੰ ਵੀ ਗੁਰੂ ਗਿਆਨ ਨਾਲ ਘੜ ਲਿਆ ਜਾਵੇ, ਤਾਂ ਮਨ ਇਨਾਂ ਬਲਵਾਨ ਤੇ ਸਮ੍ਰਥ ਹੋ ਜਾਂਦਾ ਹੈ ਕਿ ‘ਗੁਰੂ ਗਿਆਨ’ ਤੱਕ ਨੂੰ ਵੀ ਆਪਣੇ ਅੰਦਰ ਬੰਨ ਲੈਂਦਾ ਹੈ। ਉਪ੍ਰੰਤ ਮਨ, ਇਧਰ ਉਧਰ ਨਹੀਂ ਭਟਕਦਾ, ਜਿਵੇਂ ਘੜੇ `ਚ ਬਝਾ ਪਾਣੀ। ਇਸ ਤਰ੍ਹਾਂ ਹਰ ਸਮੇਂ ਦੌੜਣ ਵਾਲਾ ਇਹ ਮਨ ਵੀ ਪ੍ਰਭੂ ਦੀ ਰਜ਼ਾ `ਚ ਟਿੱਕ ਜਾਂਦਾ ਹੈ ਤੇ ਉਸ ਤੋਂ ਮਨੁੱਖ ਦਾ ਜੀਵਨ ਸਫ਼ਲ ਹੋ ਜਾਂਦਾ ਹੈ”।

ਇਸ ਲਈ ਮਨੁੱਖਾ ਜਨਮ ਨੂੰ ਸਫ਼ਲ ਕਰਣ ਦਾ ਇਕੋ ਰਾਹ ਹੈ ਤੇ ਉਹ ਰਾਹ ਹੈ ਇਸ ਮਨ ਨੂੰ ਸਾਧ ਸੰਗਤ `ਚ ਲਿਆ ਕੇ, ਇਸ ਦੀ ਘਾੜਤ, ਗੁਰਬਾਣੀ-ਗੁਰੂ ਦੇ ਗਿਆਨ ਨਾਲ ਕੀਤੀ ਜਾਵੇ। ਜੇ ਅਜਿਹਾ ਨਾ ਕੀਤਾ ਜਾਵੇ ਤਾਂ ਇਸ ਮਨ ਦਾ ਸੁਭਾਅ ਵੀ “ਜੇਹਾ ਵੇਖਹਿ ਤੇਹਾ ਵੇਖੁ” (ਪੰ: ੪੬੭) ਭਾਵ ਜਿਸ ਵਾਤਾਵਰਣ `ਚ ਇਨਸਾਨ ਰਹਿੰਦਾ ਤੇ ਪਲਦਾ ਹੈ, ਉਸ ਦੇ ਮਨ ਨੂੰ ਵੀ ਉਹੀ ਰੰਗ ਚੜ੍ਹ ਜਾਂਦਾ ਹੈ। ਇਸੇ ਤੋਂ ਉਸ ਦੇ ਕਰਮ-ਸੰਸਕਾਰ ਵੀ ਉਸੇ ਤਰ੍ਹਾਂ ਦੇ ਬਣਦੇ ਹਨ। ਉਪ੍ਰੰਤ ਉਨ੍ਹਾਂ ਕਰਮਾਂ-ਸੰਸਕਾਰਾਂ ਅਨੁਸਾਰ ਹੀ ਮਨੁੱਖ ਦਾ ਚੰਗਾ ਜਾਂ ਮਾੜਾ ਭਾਵ ਗੁਰਮੁਖ ਜਾਂ ਮਨਮੁਖ ਜੀਵਨ ਤਿਆਰ ਹੁੰਦਾ ਹੈ।

ਇਸੇ ਤਰ੍ਹਾਂ “ਕਬੀਰ ਮਨੁ ਪੰਖੀ ਭਇਓ, ਉਡਿ ਉਡਿ ਦਹ ਦਿਸ ਜਾਇ॥ ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ” (ਪੰ: ੧੩੬੯) ਅਥਵਾ “ਮਤਿ ਪੰਖੇਰੂ ਕਿਰਤੁ ਸਾਥਿ, ਕਬ ਉਤਮ ਕਬ ਨੀਚ॥ ਕਬ ਚੰਦਨਿ ਕਬ ਅਕਿ ਡਾਲਿ, ਕਬ ਉਚੀ ਪਰੀਤਿ॥ ਨਾਨਕ ਹੁਕਮਿ ਚਲਾਈਐ, ਸਾਹਿਬ ਲਗੀ ਰੀਤਿ” (ਪੰ: ੧੪੮) ਅਰਥ ਹਨ ਕਿ ਮਨੁੱਖ ਦੀ ਮੱਤ ਤੋਂ ਤਿਆਰ ਹੋਇਆ ਮਨ ਮਾਨੋ, ਇੱਕ ਪੰਛੀ ਹੈ। ਪਿਛਲੇ ਕੀਤੇ ਕਰਮਾਂ-ਸੰਸਕਾਰਾਂ ਕਾਰਣ ਬਣਿਆ ਹੋਇਆ ਸੁਭਾਅ ਹੀ ਇਸ ਦਾ ਸਾਥੀ ਹੁੰਦਾ ਹੈ। ਉਨ੍ਹਾਂ ਕਰਮਾਂ-ਸੰਸਕਾਰਾਂ ਕਾਰਣ ਹੀ ਇਹ ਮੱਤ-ਰੂਪ ਪੰਛੀ, ਕਦੇ ਚੰਗੀ ਤੇ ਕਦੇ ਨੀਵੀਂ ਭਾਵ ਮਾੜੀ ਜਗ੍ਹਾ `ਤੇ; ਕਦੇ ਚੰਦਨ ਦੇ ਬੂਟੇ `ਤੇ ਤੇ ਕਦੇ ਅੱਕ ਦੀ ਡਾਲ `ਤੇ ਜਾ ਬੈਠਦਾ ਹੈ। ਇਸੇ ਤੋਂ ਹੀ ਕਦੇ ਇਸ ਅੰਦਰ ਪ੍ਰਭੂ ਚਰਨਾਂ ਦੀ ਉੱਚੀ ਪ੍ਰੀਤ ਵੀ ਬਣ ਆਉਂਦੀ ਹੈ।

ਪਰ ਗੁਰਦੇਵ ਇਹ ਵੀ ਸਪਸ਼ਟ ਕਰਦੇ ਹਨ ਕਿ “ਨਾਨਕ ਹੁਕਮਿ ਚਲਾਈਐ ਸਾਹਿਬ ਲਗੀ ਰੀਤਿ” ਕਿ ਜੀਵ ਆਪਣੇ ਕੀਤੇ ਕਰਮਾਂ-ਸੰਸਕਾਰਾਂ ਦੇ ਆਧਾਰ `ਤੇ ਹੀ ਪ੍ਰਭੂ ਦੇ ਸੱਚੇ ਨਿਆਂ ਅਥਵਾ ਹੁਕਮ ਵਾਲੀ ਖੇਡ `ਚ ਹੀ, ਇਸ ਮਨੁੱਖ ਦੇ ਭਿੰਨ ਭਿੰਨ ਜੀਵਨ ਤਿਆਰ ਹੁੰਦੇ ਹਨ, ਜਦਕਿ ਪ੍ਰਭੂ ਆਪਣੇ ਵੱਲੋਂ ਕਿਸੇ ਨਾਲ ਧੱਕਾ ਜ਼ਿਆਦਤੀ ਜਾਂ ਰਿਆਇਤ ਨਹੀਂ ਕਰਦਾ।

“ਤਰਵਰੁ ਕਾਇਆ ਪੰਖਿ ਮਨ” - ਸਾਡੇ ਸਰੀਰ ਅੰਦਰ ਮਨ ਵਾਲੀ ਹੋਂਦ ਨੂੰ ਗੁਰਦੇਵ ਇਸ ਢੰਗ ਨਾਲ ਵੀ ਸਪਸ਼ਟ ਕਰਦੇ ਹਨ, ਫ਼ੁਰਮਾਨ ਹੈ ਤਰਵਰੁ ਕਾਇਆ ਪੰਖਿ ਮਨੁ, ਤਰਵਰਿ ਪੰਖੀ ਪੰਚ॥ ਤਤੁ ਚੁਗਹਿ ਮਿਲਿ ਏਕਸੇ, ਤਿਨ ਕਉ ਫਾਸ ਨ ਰੰਚ॥ ਉਡਹਿ ਤ ਬੇਗੁਲ ਬੇਗੁਲੇ, ਤਾਕਹਿ ਚੋਗ ਘਣੀ॥ ਪੰਖ ਤੁਟੇ ਫਾਹੀ ਪੜੀ, ਅਵਗੁਣਿ ਭੀੜ ਬਣੀ” (ਇਸ ਲਈ) “ਬਿਨੁ ਸਾਚੇ ਕਿਉ ਛੂਟੀਐ, ਹਰਿ ਗੁਣ ਕਰਮਿ ਮਣੀ॥ ਆਪਿ ਛਡਾਏ ਛੂਟੀਐ, ਵਡਾ ਆਪਿ ਧਣੀ॥ ਗੁਰ ਪਰਸਾਦੀ ਛੂਟੀਐ, ਕਿਰਪਾ ਆਪਿ ਕਰੇਇ॥ ਅਪਣੈ ਹਾਥਿ ਵਡਾਈਆ, ਜੈ ਭਾਵੈ ਤੈ ਦੇਇ” (ਪੰ: ੯੩੪) ਅਰਥ ਭਾਵ ਹਨ, ਜੇ ਮੰਨ ਲਿਆ ਜਾਵੇ ਕਿ ਮਨੁੱਖ ਦਾ ਸਰੀਰ ਇੱਕ ਬਿਰਖ ਹੈ ਤਾਂ ਇਸ ਬਿਰਖ `ਚ ਇੱਕ ਮਨ ਰੂਪ ਪੰਖੀ ਦਾ ਵੀ ਵਾਸ ਹੈ। ਫ਼ਿਰ ਇਸੇ ਬਿਰਖ `ਚ ਪੰਜ ਹੋਰ ਪੰਛੀ ਭਾਵ ਪੰਜ ਗਿਆਨ ਇੰਦਰੇ ਵੀ ਹਨ।

ਖੂਬੀ ਇਹ ਕਿ ਇਹ ਪੰਜੇ ਗਿਆਨ ਇੰਦਰੇ, ‘ਮਨ’ ਰੂਪ ਪੰਛੀ ਦੀ ਆਗਿਆ `ਚ ਇਕੋ ਹੀ ਦਿਸ਼ਾ ਨੂੰ ਉਡਦੇ ਹਨ, ਭਿੰਨ ਭਿੰਨ ਦਿਸ਼ਾਵਾਂ ਨੂੰ ਨਹੀਂ ਉਡਦੇ। ਇਸ ਤਰ੍ਹਾਂ ਚੂੰਕਿ ਇਹ ਪੰਜੇ ਪੰਛੀ (ਗਿਆਨ ਇੰਦਰੇ) ਚਲਦੇ ਇਕੋ ਰੁਖ ਨੂੰ ਹਨ, ਵੱਖ ਵੱਖ ਰੁਖਾਂ ਨੂੰ ਨਹੀੇਂ। ਇਸ ਲਈ ਜਦੋਂ ਇਹ ਗਿਆਨ ਇੰਦਰੇ, ਜੀਵਨ ਦੇ ਤਤ ਭਾਵ ਪ੍ਰਭੂ ਨਾਲ ਜੁੜ ਕੇ ਉਡਦੇ ਹਨ ਤਾਂ ਇਨ੍ਹਾਂ ਨੂੰ ਵਿਕਾਰ, ਤ੍ਰਿਸ਼ਨਾ, ਮੋਹ-ਮਾਇਆ ਆਦਿ ਵਾਲੀ ਫਾਹੀ ਨਹੀਂ ਪੈਂਦੀ।

ਇਸ ਦੇ ਉਲਟ, ਜਦੋਂ ਇਹੀ ਪੰਜੇ ਪੰਛੀ (ਗਿਆਨ ਇੰਦਰੇ) ਸੰਸਾਰਕ ਭੁਖਾਂ ਤੇ ਪਦਾਰਥਵਾਦ ਵੱਲ ਉਡਦੇ ਹਨ ਤਾਂ ਇਨ੍ਹਾਂ ਨੂੰ ਮੋਹ ਮਾਇਆ, ਵਿਕਾਰ, ਭਟਕਣਾਂ, ਤ੍ਰਿਸ਼ਣਾ, ਅਸ਼ਾ-ਮਨਸ਼ਾ ਚਿੰਤਾਂਵਾਂ ਆਦਿ ਵਾਲੀ ਭੁੱਖ ਹੀ ਅਜਿਹੀ ਦੌੜ ਲਗਵਾਉਂਦੀ ਹੈ ਕਿ ਇਹ ਆਪਣੀਆਂ ਭੁੱਖਾਂ ਦੇ ਗ਼ੁਲਾਮ ਹੋ ਕੇ ਹੀ ਰਹਿ ਜਾਂਦੇ ਹਨ। ਜੀਵਨ ਦਾ ਚੋਗਾ ਚੁਗਦੇ ਵੀ ਜਾਂਦੇ ਹਨ ਪਰ “ਭੁਖਿਆ ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ” (ਜਪੁ) ਅਨੁਸਾਰ ਇਨ੍ਹਾਂ ਦਾ ਰੱਜ ਨਹੀਂ ਹੁੰਦਾ।

ਇਸ ਤਰ੍ਹਾਂ ਕੁਰਾਹੇ ਪੈ ਚੁੱਕੇ ‘ਮਨ’ ਦੇ ਗ਼ੁਲਾਮ ਇਹ ਪੰਜ ਗਿਆਨ ਇੰਦ੍ਰਿਆਂ ਦਾ ਆਗੂ, ਮਨੁੱਖਾ ਸਰੀਰ ਵਿਚਲਾ ਮਨ, ਜ਼ਿੰਦਗੀ ਭਰ ਧੰਨ ਪਦਾਰਥਾਂ ਦੀ ਲਾਲਸਾ `ਚ ਲਗਾ ਰਹਿ ਕੇ ਜੀਵਨ ਦੀ ਬਾਜ਼ੀ ਹਾਰ ਜਾਂਦਾ ਹੈ। ਜ਼ਿੰਦਗੀ ਤਾਂ ਮੁੱਕਣੀ ਹੁੰਦੀ ਹੈ ਅਤੇ ਇੱਕ ਦਿਨ ਮੁੱਕ ਵੀ ਜਾਂਦੀ ਹੈ ਭਾਵ ਮੌਤ ਆ ਜਾਂਦੀ ਹੈ; ਪਰ ਇਸ ਦੀ ਤ੍ਰਿਸ਼ਨਾ ਵਾਲੀ ਭੁੱਖ ਨਹੀਂ ਮੁੱਕਦੀ; ਉਲਟਾ ਉਦੋਂ ਤੱਕ ਕਈ ਗੁਣਾਂ ਹੋਰ ਵੱਧ ਚੁੱਕੀ ਹੁੰਦੀ ਹੈ। ਉਸੇ ਤੋਂ ਜੀਵਨ `ਚ ਪੈਦਾ ਹੋ ਚੁੱਕੇ ਬੇਅੰਤ ਅਉਗਣਾਂ ਕਾਰਣ, ਇਸ ਦੇ ਗਲ `ਚ ਫਾਹੀ ਭਾਵ ਮੁੜ ਭਿੰਨ ਭਿੰਨ ਜੂਨਾਂ ਵਾਲੇ ਜਨਮ-ਮਰਣ ਦੇ ਗੇੜ ਵਾਲੀ ਫਾਹੀ ਪੈ ਜਾਂਦੀ ਹੈ।

ਉਪ੍ਰੰਤ ਗੁਰਦੇਵ ਨਿਰਣਾ ਦਿੰਦੇ ਹਨ ਕਿ ਜਨਮ-ਮਰਣ ਦੇ ਗੇੜ ਤੋਂ ਛੁਟਕਾਰੇ ਦਾ ਇਕੋ ਰਾਹ ਹੈ, ਤੇ ਉਹ ਹੈ ਇਸ ਮਨ ਨੂੰ ਗੁਰੂ ਗਿਆਨ ਦੀ ਆਗਿਆ `ਚ ਲਿਆ ਕੇ, ਪ੍ਰਭੂ ਦੀ ਸਿਫ਼ਤ ਸਲਾਹ ਤੇ ਪ੍ਰਭੂ ਪਿਆਰ ਵਾਲਾ ਰੰਗ ਚੜ੍ਹਾਇਆ ਜਾਵੇ। ਇਸੇ ਤੋਂ, ਪ੍ਰਭੂ ਆਪ ਬਖਸ਼ਿਸ਼ ਕਰ ਕੇ ਜੀਵ ਨੂੰ ਜਨਮ-ਮਰਣ ਦੇ ਗੇੜ ਚੋਂ ਕੱਢ ਲੈਂਦਾ ਹੈ। ਇਸ ਦੇ ਉਲਟ ਜਦੋਂ ਤੱਕ ਮਨੁੱਖ ਦੀ ਸੁਰਤ ਹੀ ਮੋਹ-ਮਾਇਆ ਤੇ ਪਦਾਰਥਵਾਦ `ਚ ਟਿਕੀ ਰਵੇਗੀ ਤਾਂ ਅਜਿਹੀ ਖਿੰਡੀ ਹੋਈ ਸੁਰਤ ਦੇ ਹੁੰਦਿਆਂ ਜੀਵਨ `ਚ ਪ੍ਰਭੂ ਦਾ ਵਾਸਾ ਤੇ ਮਿਲਾਪ ਸੰਭਵ ਹੀ ਨਹੀਂ।

“ਇਹੁ ਮਨੁ ਪੰਚ ਤਤ ਕੋ ਜੀਉ” - ਕਬੀਰ ਸਾਹਿਬ ਬਾਣੀ ‘ਬਾਵਨ ਅਖਰੀ’ ਬੰਦ ੩੧ ਤੋਂ ੩੩ `ਚ ਮਮਾ ਅੱਖਰ ਨਾਲ ਵੀ ਇਸ ਮਨ ਦੀ ਹੀ ਬਹੁਤ ਸੁੰਦਰ ਵਿਆਖਿਆ ਕਰਦੇ ਹਨ। ਦਸਦੇ ਹਨ ਕਿ ਮਨੁੱਖਾ ਸਰੀਰ `ਚ ਇਸ ਮਨ ਦਾ ਮੂਲ ਕੀ ਹੈ? ਪ੍ਰਭੂ ਨੇ ਮਨੁੱਖ ਨੂੰ ਮਨ ਬਖਸ਼ਿਆ ਕਿਉਂ ਹੈ? ਮਨੁੱਖ, ਕੁਰਾਹੇ ਕਿਉਂ ਤੇ ਕਿਵੇਂ ਪੈਂਦਾ ਹੈ? ਉਪ੍ਰੰਤ ਇਸ ਮਨ ਦੇ ਕੁਰਾਹੇ ਪੈ ਜਾਣ ਦਾ ਨਤੀਜਾ ਕੀ ਹੁੰਦਾ ਹੈ? ਫ਼ਿਰ ਇਸ ਮਨ ਦਾ ਅੰਤ ਕਿਵੇਂ ਤੇ ਕਦੋਂ ਹੁੰਦਾ ਹੈ?

ਫ਼ੁਰਮਾਉਂਦੇ ਹਨ:- “ਮਮਾ ਮੂਲ ਗਹਿਆ, ਮਨੁ ਮਾਨੈ॥ ਮਰਮੀ ਹੋਇ ਸੁ ਮਨ ਕਉ ਜਾਨੈ॥ ਮਤ ਕੋਈ ਮਨ ਮਿਲਤਾ ਬਿਲਮਾਵੈ॥ ਮਗਨ ਭਇਆ ਤੇ ਸੋ ਸਚੁ ਪਾਵੈ॥ ੩੧॥” ਭਾਵ ਜੇਕਰ ਜਗਤ ਦੇ ਮੂਲ-ਪ੍ਰਭੂ ਨੂੰ ਆਪਣੇ ਮਨ `ਚ ਵਸਾ ਲਵੀਏ, ਤਾਂ ਮਨ ਭਟਕਣੋਂ ਹੱਟ ਜਾਂਦਾ ਹੈ। ਜੋ ਮਨੁੱਖ ਇਸ ਭੇਤ ਨੂੰ ਜਾਣ ਲੈਂਦਾ ਹੈ ਕਿ ਪ੍ਰਭੂ-ਚਰਨਾਂ `ਚ ਜੁੜਿਆਂ ਮਨ ਟਿੱਕਦਾ ਹੈ। ਇਸ ਤਰ੍ਹਾਂ ਉਸ ਨੂੰ ਮਨ ਦੀ ਉਛਲ-ਕੂਦ ਤੇ ਦੌੜ-ਭਜ ਦਾ ਕਾਰਣ ਵੀ ਸਮਝ `ਚ ਆ ਜਾਂਦਾ ਹੈ।

ਤਾਂ ਤੇ ਜੇਕਰ ਮਨ, ਪ੍ਰਭੂ-ਚਰਨਾਂ `ਚ ਜੁੜਣ ਲੱਗੇ ਤਾਂ ਉਸ `ਚ ਢਿੱਲ ਨਹੀਂ ਕਰਣੀ (ਬਿਲਮਾਵੈ) ਚਾਹੀਦੀ। ਕਿਉਂਕਿ ਮਨ ਦੇ ਪ੍ਰਭੂ-ਚਰਨਾਂ `ਚ ਜੁੜਣ (ਮਗਨ ਭਇਆ) ਦੀ ਬਰਕਤ ਨਾਲ ਹੀ ਪ੍ਰਭੂ `ਚ ਲੀਨ ਹੋਇਆ ਜਾ ਸਕਦਾ ਹੈ। ਦਰਅਸਲ, ਮਨੁੱਖ ਦੇ ਜੀਵਨ ਦੀ ਇਹੀ ਅਵਸਥਾ ਹੈ ਜਦੋਂ ਮਨੁੱਖ ਜੀਊਂਦੇ ਜੀਅ, ਸਦਾ-ਥਿਰ ਪ੍ਰਭੂ `ਚ ਅਭੇਦ ਹੋ ਜਾਂਦਾ ਤੇ ਪ੍ਰਭੂ `ਚ ਹੀ ਸਮਾਅ ਜਾਂਦਾ ਹੈ। ੩੧।

“ਮਮਾ ਮਨ ਸਿਉ ਕਾਜੁ ਹੈ, ਮਨ ਸਾਧੇ ਸਿਧਿ ਹੋਇ॥ ਮਨ ਹੀ ਮਨ ਸਿਉ ਕਹੈ ਕਬੀਰਾ, ਮਨ ਸਾ ਮਿਲਿਆ ਨ ਕੋਇ॥ ੩੨ ॥” ਭਾਵ ਹਰੇਕ ਜੀਵ ਦਾ ਜਗਤ `ਚ ਆਉਣ ਦਾ ਅਸਲ ਮਕਸਦ ਹੀ ਮਨ ਨਾਲ ਸਿਰੇ ਚੜ੍ਹਦਾ ਹੈ। ਤਾਂ ਤੇ ਇਹ ਮਕਸਦ ਹੱਲ ਵੀ ਤਾਂ ਹੀ ਹੁੰਦਾ ਹੈ ਜਦੋਂ ਮਨੁੱਖ ਆਪਣੇ ਇਸ “ਮਨ ਸਾਧੇ ਸਿਧਿ ਹੋਇ” ਅਨੁਸਾਰ ਮਨ ਨੂੰ ਕਾਬੂ `ਚ ਰੱਖੇ। ਇਸ ਤਰ੍ਹਾਂ ਮਨ ਨੂੰ ਵੱਸ `ਚ ਰਖਿਆਂ, ਮਨੁੱਖ ਨੂੰ ਜੀਵਨ ਦੇ ਪ੍ਰਭੂ ਮਿਲਾਪ ਵਾਲੇ ਮਨੋਰਥ `ਚ ਸਫ਼ਲਤਾ ਮਿਲ ਜਾਂਦੀ ਹੈ। ਕਬੀਰ ਜੀ ਫ਼ੁਰਮਾਉਂਦੇ ਹਨ, ਮਨੁੱਖਾ ਜਨਮ ਦਾ ਅਸਲ ਮਤਲਬ ਹੀ ਮਨ ਨਾਲ ਹੈ। ਇਸ ਲਈ ਮਨੁੱਖ ਦੇ ਸਰੀਰ `ਚ ਮਨ ਵਰਗੀ ਹੋਰ ਕੋਈ ਚੀਜ਼ ਹੈ ਹੀ ਨਹੀਂ, ਜਿਸ ਨਾਲ ਇਸ ਸਰੀਰ ਦਾ ਪ੍ਰਭੂ ਮਿਲਾਪ ਵਾਲਾ ਮਕਸਦ ਪੂਰਾ ਹੋ ਸਕੇ। ੩੨।

“ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕੋ ਜੀਉ॥ ਇਹੁ ਮਨੁ ਲੇ ਜਉ ਉਨਮਨਿ ਰਹੈ॥ ਤਉ ਤੀਨਿ ਲੋਕ ਕੀ ਬਾਤੈ ਕਹੈ॥ ੩੩ ॥” (ਪੰ: ੩੪੨) ਪਰ ਮਾਇਆ (ਸ਼ਕਤੀ) ਨਾਲ ਮਿਲ ਕੇ ਇਹ ਮਨ ‘ਪੰਚ ਤਤ ਕੋ ਜੀਉ’ ਭਾਵ ਮਾਇਆ ਦਾ ਰੂਪ ਹੀ ਬਣ ਜਾਂਦਾ ਹੈ। ਇਸ ਦੀ ਸੀਮਾ ਕੇਵਲ ਸਰੀਰ ਤੇ ਸੰਸਾਰ ਹੀ ਰਹਿ ਜਾਂਦੀ ਹੈ। ਇਸ ਤਰ੍ਹਾਂ ਕਰਤੇ ਪ੍ਰਭੂ ਨਾਲੋਂ ਇਸ ਦੀ ਵਿੱਥ ਬਣਦੀ ਤੇ ਵਧਦੀ ਜਾਂਦੀ ਹੈ। ਉਸ ਸਮੇਂ ਇਹ ਆਪਣੇ ਆਪ ਨੂੰ ਸਰੀਰ ਤੋਂ ਵੱਖਰਾ ਨਹੀਂ ਸਮਝਦਾ; ਇਸ ਦੀ ਸੀਮਾ ਖਾਣ-ਪਾਣ ਆਦਿ ਸਰੀਰਕ ਲੋੜਾਂ ਤੇ ਪਦਾਰਥਵਾਦ ਤੱਕ ਹੀ ਮਹਿਦੂਦ ਹੋ ਕੇ ਰਹਿ ਜਾਂਦੀ ਹੈ।

ਫ਼ਿਰ ਜਦੋਂ ਇਹੀ ਮਨ (ਉਨਮਨਿ ਰਹੈ) ਅਨੰਦ-ਸਰੂਪ ਹਰੀ `ਚ ਮਸਤ ਹੋ ਜਾਂਦਾ ਹੈ ਤਾਂ ਹਰੀ ਦਾ ਹੀ ਰੂਪ ਹੋ ਜਾਂਦਾ ਹੈ। ਇਸ ਤਰ੍ਹਾਂ ਮਨੁੱਖ ਜਦੋਂ ਮਨ ਨੂੰ ਵੱਸ `ਚ ਰੱਖ ਕੇ ਪ੍ਰਭੂ ਦੇ ਰੰਗ `ਚ ਰੰਗਿਆ ਜਾਂਦਾ ਹੈ ਤਾਂ ਇਸਦਾ ਜੀਵਨ ਪੂਰਨ ਖਿੜਾਉ `ਚ ਆ ਜਾਂਦਾ ਹੈ। ਅਜਿਹੀ ਅਵਸਥਾ `ਚ ਇਹੀ ਮਨ ਰਚਨਾ `ਚ ਵਿਆਪਕ ਕੇਵਲ ਤੇ ਕੇਵਲ ਪ੍ਰਭੂ ਦੀਆਂ ਬਾਤਾਂ ਹੀ ਕਰਦਾ ਹੈ। ੩੩।

“ਮਮਾ ਮੂਲ ਗਹਿਆ, ਮਨੁ ਮਾਨੈ” -ਇਸ ਤਰ੍ਹਾਂ ਕਬੀਰ ਜੀ ਦੇ ਉਪ੍ਰੋਕਤ ਬੰਦਾਂ `ਚ ‘ਮਨ ਸਿਉ ਕਾਜੁ’ ਦੇ ਅਰਥ ਹਨ ਕਿ ਮਨੁੱਖਾ ਜਨਮ ਦੀ ਸਫ਼ਲਤਾ-ਅਸਫ਼ਲਤਾ ਦਾ ਸਾਰਾ ਦਾਰੋ-ਮਦਾਰ ਹੀ ਇਸ ‘ਮਨ’ ਦੀ ਸੁਵਰਤੋਂ ਜਾਂ ਕੁਵਰਤੋਂ ਹੀ ਹੈ। ਭਾਵ ਜੇ ਮਨੁੱਖ ਮਨ ਨੂੰ ਇਸ ਦੇ ਮੂਲ ਕਰਤੇ ਨਾਲ ਜੋੜ ਲੈਂਦਾ ਹੈ (ਮਨ ਸਾਧੇ) ਤਾਂ ਮਨੁੱਖ ਇਸੇ ਮਨ ਦੀ ਮਦਦ ਨਾਲ (ਇਹੁ ਮਨੁ ਸੀਉ) ਜੀਵਨ ਨੂੰ ਸਿਧੇ ਰਾਹ (ਸਿਧਿ ਹੋਇ) ਤੋਰ ਲੈਂਦਾ ਹੈ। ਨਤੀਜਾ, “ਇਹੁ ਮਨੁ ਲੇ ਜਉ ਉਨਮਨਿ ਰਹੈ॥ ਤਉ ਤੀਨਿ ਲੋਕ ਕੀ ਬਾਤੈ ਕਹੈ” ਮਨੁੱਖ, ਆਪਣਾ ਜਨਮ ਸਫ਼ਲਾ ਕਰਕੇ, ਜੀਵਨ ਦੀ ਸਰਬ-ਉੱਚ ਆਤਮਕ ਅਵਸਥਾ ਭਾਵ ਪ੍ਰਭੂ `ਚ ਹੀ ਸਮਾ ਜਾਂਦਾ ਹੈ।

ਇਸ ਦੇ ਉਲਟ, “ਇਹੁ ਮਨੁ ਪੰਚ ਤਤ ਕੋ ਜੀਉ” ਜੇਕਰ ਮਨੁੱਖ ਦੇ ਇਸ ਮਨ ਦੀ ਘਾੜਤ ਹੀ ਪੰਜ ਤੱਤਾਂ ਭਾਵ ਪਦਾਰਥਵਾਦ ਦੀ ਪਕੜ `ਚ ਹੁੰਦੀ ਹੈ; ਤਾਂ “ਇਹੁ ਮਨੁ ਸਕਤੀ’ ਭਾਵ ਮਾਇਆ ਨਾਲ ਰੱਲ ਕੇ, ਹਰ ਸਮੇਂ ਕਰਤਾਰ ਦੀ ਰਚਨਾ ਚੋਂ ਦਾਤਾਂ ਪ੍ਰਤੀ ਲਾਲਸਾ-ਹਵਸ-ਤ੍ਰਿਸ਼ਨਾ ਦਾ ਹੀ ਸ਼ਿਕਾਰ ਹੋਇਆ ਰਹਿੰਦਾ ਤੇ ਉਸੇ `ਚ ਹੀ ਡੁੱਬਾ ਰਹਿੰਦਾ ਹੈ।

ਜਿਵੇਂ “ਲਖ ਚਉਰਾਸੀਹ ਫਿਰਿ ਫਿਰਿ ਆਵੈ, ਬਿਰਥਾ ਜਨਮੁ ਗਵਾਇਆ” (ਪੰ: ੬੯) ਜਾਂ “ਸਤਿਗੁਰੁ ਜਿਨੀ ਨ ਸੇਵਿਓ, ਸੇ ਕਿਤੁ ਆਏ ਸੰਸਾਰਿ॥ ਜਮ ਦਰਿ ਬਧੇ ਮਾਰੀਅਹਿ, ਕੂਕ ਨ ਸੁਣੈ ਪੂਕਾਰ॥ ਬਿਰਥਾ ਜਨਮੁ ਗਵਾਇਆ, ਮਰਿ ਜੰਮਹਿ ਵਾਰੋ ਵਾਰ” (ਪੰ: ੬੯) ਭਾਵ ਅਜਿਹਾ ਮਨੁੱਖ, ਮਨੁੱਖਾ ਜਨਮ ਪਾ ਕੇ ਵੀ ਪ੍ਰਭੂ ਮਿਲਾਪ ਅਤੇ ਪ੍ਰਭੂ ਦੀਆਂ ਦਾਤਾਂ ਦੇ ਸਦੀਵੀ ਆਨੰਦ ਨੂੰ ਨਹੀਂ ਮਾਨ ਸਕਦਾ। ਸਰੀਰ ਦੇ ਬਿਨਸਨ ਬਾਅਦ ਵੀ ਇਸਨੂੰ ਫ਼ਿਰ ਤੋਂ ਬਾਰ ਬਾਰ ਦੇ ਜਨਮ-ਮਰਣ ਤੇ ਜੂਨਾਂ-ਗਰਭਾਂ ਦੇ ਦੁਖ ਹੀ ਭੋਗਣੇ ਪੈਂਦੇ ਹਨ।

“ਤਨ ਮਹਿ ਮਨੂਆ, ਮਨ ਮਹਿ ਸਾਚਾ. .”- ਸਾਡੇ ਸਰੀਰ ਅੰਦਰ ਮਨ ਦੀ ਹੋਂਦ ਤੇ ਇਸ ਦੀ ਯੋਗ ਤੇ ਅਯੋਗ ਵਰਤੋਂ ਕੀ ਹੈ? ਧਨਾਸਰੀ ਰਾਗ ਦੇ ਅਠ ਬੰਦਾ ਵਾਲੇ ਇੱਕ ਸ਼ਬਦ `ਚ ਗੁਰੂ ਨਾਨਕ ਪਾਤਸ਼ਾਹ ਇਸ ਦਾ ਵੇਰਵਾ ਵੀ ਬੜੇ ਪ੍ਰਭਾਵੀ ਤੇ ਸੁਆਦਲੇ ਢੰਗ ਨਾਲ ਦਿੰਦੇ ਹਨ ਜਿਵੇਂ:

“ਗੁਰਮੁਖਿ ਭਗਤਿ ਸਹਜ ਘਰੁ ਪਾਈਐ॥ ਬਿਨੁ ਗੁਰ ਭੇਟੇ ਮਰਿ ਆਈਐ ਜਾਈਐ॥  ॥ ਰਹਾਉ॥” ਇਹ ਹੈ ਸ਼ਬਦ ਦਾ ਰਹਾਉ ਵਾਲਾ ਤੇ ਸ਼ਬਦ ਦੇ ਕੇਂਦਰੀ ਭਾਵ ਨੂੰ ਸਪਸ਼ਟ ਕਰਣ ਵਾਲਾ ਬੰਦ। ਇਸ ਬੰਦ `ਚ ਗੁਰਦੇਵ ਫ਼ੁਰਮਾਉਂਦੇ ਹਨ, “ਗੁਰਮੁਖ, ਪ੍ਰਭੂ ਰੰਗ `ਚ ਭਿੱਜ ਕੇ ਪ੍ਰਭੂ ਨਾਲ ਇੱਕ ਮਿਕ ਹੋ ਜਾਂਦੇ ਹਨ। ਦੂਜੇ ਜੋ ਗੁਰੂ-ਗੁਰਬਾਣੀ ਦੀ ਆਗਿਆ `ਚ ਨਹੀਂ ਚਲਦੇ, ਬਾਰ ਬਾਰ ਦੇ ਜਨਮ ਮਰਣ ਦੇ ਗੇੜ `ਚ ਹੀ ਪਏ ਰਹਿੰਦੇ ਹਨ”। ਉਪ੍ਰੰਤ ਸ਼ਬਦ ਦੇ ਪੰਕਤੀਵਾਰ ਅਰਥ ਭਾਵ ਇਸ ਤਰ੍ਹਾਂ ਹਨ:

“ਸਹਜਿ ਮਿਲੈ ਮਿਲਿਆ ਪਰਵਾਣੁ॥ ਨਾ ਤਿਸੁ ਮਰਣੁ ਨ ਆਵਣੁ ਜਾਣੁ॥ ਠਾਕੁਰ ਮਹਿ ਦਾਸੁ, ਦਾਸ ਮਹਿ ਸੋਇ॥ ਜਹ ਦੇਖਾ ਤਹ ਅਵਰੁ ਨ ਕੋਇ॥ ੧ ॥” ਕੇਵਲ ਉਹੀ ਪ੍ਰਭੂ `ਚ ਇੱਕ ਮਿਕ ਹੁੰਦੇ ਹਨ ਜਿਨ੍ਹਾਂ ਅੰਦਰ ਕਰਮਕਾਂਡ ਜਾਂ ਦਿਖਾਵੇ ਦੇ ਕੰਮ ਨਹੀਂ ਹੁੰਦੇ। ਜੋ ਸਹਿਜ ਸੁਭਾਅ ਪ੍ਰਭੂ ਰੰਗ `ਚ ਰੰਗੇ ਰਹਿੰਦੇ ਹਨ। ਉਨ੍ਹਾਂ ਨੂੰ ਆਪਣੇ ਤੇ ਸਮੂਚੀ ਰਚਨਾ `ਚੋਂ ਕੇਵਲ ਇੱਕ ਅਕਾਲਪੁਰਖ ਦੇ ਹੀ ਦਰਸ਼ਨ ਹੁੰਦੇ ਹਨ। ਅਜਿਹੇ ਲੋਕ ਜੀਵਨਮੁੱਕਤ ਹੋ ਜਾਂਦੇ ਹਨ, ਜੀਊਂਦੇ ਜੀਅ ਪ੍ਰਭੂ `ਚ ਸਮਾ ਜਾਂਦੇ ਹਨ ਤੇ ਮੁੜ ਜਨਮ ਮਰਣ ਦੇ ਗੇੜ `ਚ ਨਹੀਂ ਆਉਂਦੇ।

“ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ॥ ਅਕਥੁ ਕਥਾਵੈ ਸਬਦਿ ਮਿਲਾਵੈ॥ ਹਰਿ ਕੇ ਲੋਗ ਅਵਰ ਨਹੀ ਕਾਰਾ॥ ਸਾਚਉ ਠਾਕੁਰੁ ਸਾਚੁ ਪਿਆਰਾ॥  ॥” ਅਜਿਹੇ ਲੋਕਾਂ ਨੂੰ ਗੁਰੂ ਵੀ ਉਹੀ ਭਾਉਂਦਾ ਹੈ ਜੋ ਆਤਮਕ ਜੀਵਨ ਦੇਣ ਵਾਲਾ ਅਤੇ ਇਕੋ ਇੱਕ ਕਰਤੇ ਦਾ ਮਿਲਾਵਾ ਹੋਵੇ। ਅਜਿਹੇ ਮਨੁੱਖ ਨੂੰ ਕੇਵਲ ਪ੍ਰਭੂ ਪਿਆਰਿਆਂ ਦਾ ਸੰਗ ਹੀ ਚੰਗਾ ਲਗਦਾ ਹੈ।

“ਤਨ ਮਹਿ ਮਨੂਆ, ਮਨ ਮਹਿ ਸਾਚਾ॥ ਸੋ ਸਾਚਾ ਮਿਲਿ, ਸਾਚੇ ਰਾਚਾ॥ ਸੇਵਕੁ ਪ੍ਰਭ ਕੈ ਲਾਗੈ ਪਾਇ॥ ਸਤਿਗੁਰੁ ਪੂਰਾ ਮਿਲੈ ਮਿਲਾਇ॥  ॥” ਅਜਿਹੇ ਜੀਵਨ ਵਾਲਿਆਂ ਨੂੰ ਸੋਝੀ ਹੁੰਦੀ ਹੈ ਕਿ ਕਰਤਾਰ ਨੇ ਇਸ ਸਰੀਰ `ਚ ਮਨੁੱਖ ਨੂੰ ਜੋ ਮਨ ਬਖਸ਼ਿਆ ਹੋਇਆ ਹੈ, ਇਸ ਦਾ ਮੂਲ ਵੀ ਪ੍ਰਭੂ ਆਪ ਹੀ ਹੈ। ਇਸ ਲਈ ਜੀਵਨ ਦੀ ਸਫ਼ਲ ਅਵਸਥਾ, ਇਸ ਮਨ ਨੂੰ ਸਤਿਗੁਰੂ ਦੀ ਆਗਿਆ `ਚ ਢਾਲ ਕੇ ਹੀ ਪ੍ਰਾਪਤ ਹੋ ਸਕਦੀ ਹੈ, ਉਸ ਤੋਂ ਬਿਨਾ ਨਹੀਂ।

“ਆਪਿ ਦਿਖਾਵੈ ਆਪੇ ਦੇਖੈ॥ ਹਠਿ ਨ ਪਤੀਜੈ ਨਾ ਬਹੁ ਭੇਖੈ॥ ਘੜਿ ਭਾਡੇ ਜਿਨਿ ਅੰਮ੍ਰਿਤੁ ਪਾਇਆ॥ ਪ੍ਰੇਮ ਭਗਤਿ ਪ੍ਰਭਿ ਮਨੁ ਪਤੀਆਇਆ॥  ॥” ਅਜਿਹੇ ਪ੍ਰਭੂ ਪਿਆਰੇ ਜਾਣਦੇ ਹਨ ਕਿ ਮਨੁੱਖ ਨੂੰ ਸੋਝੀ ਵੀ ਕਰਤਾ ਆਪ ਬਖਸ਼ਦਾ ਹੈ। ਪ੍ਰਭੂ ਨੂੰ ਹਠ ਕਰਮਾਂ ਤੇ ਭੇਖਾਂ ਨਾਲ ਨਹੀਂ ਪਾਇਆ ਜਾ ਸਕਦਾ। ਪ੍ਰਭੂ ਨੇ ਮਨੁੱਖਾ ਸਰੀਰ ਰੂਪ ਭਾਂਡੇ ਘੜ ਕੇ, ਇਨ੍ਹਾਂ ਭਾਂਡਿਆਂ `ਚ ਨਾਮ ਅੰਮ੍ਰਿਤ ਪਾਇਆ ਹੁੰਦਾ ਹੈ। ਜਦਕਿ ਜੀਵਨ ਦੀ ਅਜਿਹੀ ਦ੍ਰਿੜਤਾ ਮਨ ਨੂੰ ਪ੍ਰਭੂ ਰੰਗ `ਚ ਰੰਗੇ ਬਿਨਾ ਪ੍ਰਗਟ ਹੋਣੀ ਸੰਭਵ ਹੀ ਨਹੀਂ।

“ਪੜਿ ਪੜਿ ਭੂਲਹਿ ਚੋਟਾ ਖਾਹਿ॥ ਬਹੁਤੁ ਸਿਆਣਪ ਆਵਹਿ ਜਾਹਿ॥ ਨਾਮੁ ਜਪੈ ਭਉ ਭੋਜਨੁ ਖਾਇ॥ ਗੁਰਮੁਖਿ ਸੇਵਕ ਰਹੇ ਸਮਾਇ॥  ॥” ਗੁਰਦੇਵ ਫ਼ੁਰਮਾਉਂਦੇ ਹਨ ਕਿ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ; ਇੱਕ ਉਹ ਜੋ ਆਪਣੇ ਅੰਦਰ ਬਹੁਤੀਆਂ ਸਿਆਣਪਾਂ ਤੇ ਗਿਆਨ ਤਾਂ ਪੈਦਾ ਕਰ ਲੈਂਦੇ ਹਨ। ਪਰ ਉਸ ਦੇ ਬਦਲੇ ਇਸ ਮਨ ਦੀ ਵਰਤੋਂ ਆਪਣੇ ਅੰਦਰ ਹਉਮੈ ਨੂੰ ਵਧਾਉਣ ਲਈ ਹੀ ਕਰਦੇ ਹਨ। ਇਸ ਤਰ੍ਹਾਂ ਅਜਿਹੇ ਲੋਕ ਫ਼ਿਰ ਤੋਂ ਜਨਮ-ਮਰਣ ਦੇ ਗੇੜ `ਚ ਪਏ ਰਹਿੰਦੇ ਹਨ। ਦੂਜੇ ਉਹ, ਜੋ ਇਸੇ ਮਨ ਦੀ ਸੁਵਰਤੋਂ ਕਰਕੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਦੇ ਹਨ। ਗੁਰਮੁਖ ਤੇ ਪ੍ਰਭੂ ਦੇ ਸੇਵਕ ਬਣ ਕੇ ਜੀਊਂਦੇ ਜੀਅ, ਪ੍ਰਭੂ `ਚ ਹੀ ਸਮਾ ਜਾਂਦੇ ਹਨ।

“ਪੂਜਿ ਸਿਲਾ ਤੀਰਥ ਬਨ ਵਾਸਾ॥ ਭਰਮਤ ਡੋਲਤ ਭਏ ਉਦਾਸਾ॥ ਮਨਿ ਮੈਲੈ ਸੂਚਾ ਕਿਉ ਹੋਇ॥ ਸਾਚਿ ਮਿਲੈ ਪਾਵੈ ਪਤਿ ਸੋਇ॥  ॥” ਇਸ ਤਰ੍ਹਾਂ ਜੋ ਲੋਕ ਮਨ ਦੀ ਅਸਲੀਅਤ ਨੂੰ ਨਹੀਂ ਪਛਾਣਦੇ ਤੇ ਪੱਥਰ ਪੂਜਾ, ਤੀਰਥ ਇਸ਼ਨਾਨਾਂ, ਭੇਖਾਂ ਆਦਿ `ਚ ਹੀ ਪਏ ਰਹਿੰਦੇ ਹਨ। ਅਜਿਹੇ ਲੋਕ ਆਪਣੇ ਮਨ ਨੂੰ ਹਊਮੈ ਆਦਿ ਵਿਕਾਰਾਂ ਨਾਲ ਗੰਦਾ ਕਰ ਲੈਂਦੇ ਹਨ। ਜੀਵਨ ਭਰ ਮੇਰ-ਤੇਰ ਤੇ ਮਾਨਸਿਕ ਉਖਾੜ ਦਾ ਹੀ ਸ਼ਿਕਾਰ ਰਹਿੰਦੇ ਹਨ। ਕਿਉਂਕਿ ਮਨ ਨੂੰ ਇਸ ਦੇ ਮੂਲ ਪ੍ਰਭੂ ਨਾਲ ਜੋੜੇ ਬਿਨਾ, ਪ੍ਰਭੂ ਦਰ `ਤੇ ਪ੍ਰਵਾਣ ਨਹੀਂ ਹੋਇਆ ਜਾ ਸਕਦਾ।

“ਆਚਾਰਾ ਵੀਚਾਰੁ ਸਰੀਰਿ॥ ਆਦਿ ਜੁਗਾਦਿ ਸਹਜਿ ਮਨੁ ਧੀਰਿ॥ ਪਲ ਪੰਕਜ ਮਹਿ ਕੋਟਿ ਉਧਾਰੇ॥ ਕਰਿ ਕਿਰਪਾ ਗੁਰੁ ਮੇਲਿ ਪਿਆਰੇ॥  ॥” ਤਾਂ ਤੇ ਹੇ ਪ੍ਰਭੂ! ਮੇਹਰ ਕਰ ਕੇ ਮੈਨੂੰ ਅਜਿਹਾ ਗੁਰੂ ਮਿਲਾ ਜੋ ਅੱਖ ਝਮਕਣ ਦੇ ਸਮੇਂ `ਚ ਕ੍ਰੋੜਾਂ ਨੂੰ ਵਿਕਾਰਾਂ ਦੀ ਦਲ-ਦਲ `ਚੋਂ ਕੱਢ ਦਿੰਦਾ ਹੈ। ਅਜਿਹਾ ਗੁਰੂ ਜਿਸ ਦਾ ਮਨ ਸਦਾ ਅਡੋਲ ਅਵਸਥਾ `ਚ ਟਿਕਿਆ ਰਹਿੰਦਾ ਤੇ ਗੰਭੀਰ ਰਹਿੰਦਾ ਹੈ। ਜਿਸ ਅੰਦਰ ਉੱਚਾ ਆਚਰਨ ਤੇ ਉੱਚੀ (ਆਤਮਕ) ਸੂਝ ਵੀ ਹੁੰਦੀ ਹੈ। ੭।

“ਕਿਸੁ ਆਗੈ ਪ੍ਰਭ ਤੁਧੁ ਸਾਲਾਹੀ॥ ਤੁਧੁ ਬਿਨੁ ਦੂਜਾ ਮੈ ਕੋ ਨਾਹੀ॥ ਜਿਉ ਤੁਧੁ ਭਾਵੈ ਤਿਉ ਰਾਖੁ ਰਜਾਇ॥ ਨਾਨਕ ਸਹਜਿ ਭਾਇ ਗੁਣ ਗਾਇ॥  ॥ ੨ ॥” (ਪੰ: ੬੮੬) ਇਸ ਤਰ੍ਹਾਂ ਮਨ ਜਦੋਂ ਉੱਤਮ ਆਤਮਕ ਅਵਸਥਾ `ਚ ਆ ਜਾਂਦਾ ਹੈ ਤਾਂ ਅਜਿਹਾ ਮਨੁੱਖ ਕੇਵਲ ਪ੍ਰਭੂ ਦਰ `ਤੇ ਹੀ ਅਰਦਾਸਾਂ ਕਰਦਾ ਹੈ, ਇਧਰ ਓਧਰ ਨਹੀਂ ਭਟਕਦਾ। ਤਾਂ ਤੇ ਗੁਰੂ ਨਾਨਕ ਪਾਤਸ਼ਾਹ ਸਾਡੇ ਵੱਲੌਂ ਕਰਤਾਰ ਦੇ ਚਰਨਾਂ `ਚ ਅਰਦਾਸ ਕਰਦੇ ਹਨ “ਹੇ ਪ੍ਰਭੂ! ਮੈਂ ਹੋਰ ਕਿਸ ਦੀ ਸਿਫ਼ਤਿ-ਸਲਾਹ ਕਰਾਂ? ਕਿਉਂਕਿ ਮੈਨੂੰ ਤੈਥੋਂ ਬਿਨਾ ਹੋਰ ਕੋਈ ਦਿੱਸਦਾ ਹੀ ਨਹੀਂ। ਜਿਵੇਂ ਤੇਰੀ ਮਿਹਰ ਹੋਵੇ, ਤੂੰ ਮੈਨੂੰ ਆਪਣੀ ਰਜ਼ਾ `ਚ ਰੱਖ ਤਾਕਿ ਤੇਰਾ ਦਾਸ ਨਾਨਕ, ਅਡੋਲ ਆਤਮਕ ਅਵਸਥਾ `ਚ ਟਿੱਕ ਕੇ ਸਦਾ ਤੇਰੇ ਹੀ ਗੁਣ ਗਾਵੇ”। ੮। ੭।

“…ਤਿਨ ਭੀ ਤਨ ਮਹਿ ਮਨੁ, ਨ ਦਿਖਾਵਣਿਆ” - ਅੰਤ `ਚ ਹੱਥਲੇ ਗੁਰਮੱਤ ਪਾਠ ਦੀ ਸਮਾਪਤੀ, ਤੀਜੇ ਪਾਤਸ਼ਾਹ ਦੀਆਂ ਇਨ੍ਹਾਂ ਪੰਕਤੀਆਂ ਨਾਲ ਕਰ ਰਹੇ ਹਾਂ। ਫ਼ੁਰਮਾਨ ਹੈ

“ਇਕਿ ਕੂੜਿ ਲਾਗੇ, ਕੂੜੇ ਫਲ ਪਾਏ॥ ਦੂਜੈ ਭਾਇ ਬਿਰਥਾ ਜਨਮੁ ਗਵਾਏ॥ ਆਪਿ ਡੁਬੇ ਸਗਲੇ ਕੁਲ ਡੋਬੇ, ਕੂੜੁ ਬੋਲਿ ਬਿਖੁ ਖਾਵਣਿਆ॥ ੬ ਭਾਵ “ਇੱਕ ਉਹ ਹਨ ਜੋ ਬਿਨਸਨਹਾਰ ਪਦਾਰਥਾਂ ਨਾਲ ਮੋਹ ਪਾਈ ਰਖਦੇ ਹਨ। ਇਸ ਤਰ੍ਹਾਂ ਸਾਰੀਆਂ ਦਾਤਾਂ ਦੇਣ ਵਾਲੇ ਦਾਤੇ ਪ੍ਰਭੂ ਦਾ ਲੜ ਛਡ ਕੇ ਜਨਮ ਨੂੰ ਬਿਰਥਾ ਗੁਆਂਦੇ ਹਨ। ਇਸ ਤਰ੍ਹਾਂ ਅਜਿਹੇ ਲੋਕ ਆਪ ਤਾਂ ਆਪਣਾ ਜਨਮ ਬਿਰਥਾ ਕਰਦੇ ਹੀ ਹਨ, ਜੋ ਉਨ੍ਹਾਂ ਪਿਛੇ ਚਲਦੇ ਹਨ ਉਨ੍ਹਾਂ ਦੇ ਜਨਮ ਵੀ ਅਜ਼ਾਈਂ ਕਰ ਦਿੰਦੇ ਹਨ। ੬।

ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ॥ ਭਾਇ ਭਗਤਿ ਜਾ ਹਉਮੈ ਸੋਖੈ॥ ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ, ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ॥ ੭ ਭਾਵ ਵਿਰਲੇ ਗੁਰਮੁਖ ਹੀ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਇਸ ਸਰੀਰ ਅੰਦਰ ਮਨ ਦੀ ਅਸਲੀਅਤ ਬਾਰੇ ਸੋਝੀ ਆ ਜਾਂਦੀ ਹੈ। ਅਜਿਹੇ ਗੁਰਮੁਖ ਜਨ, ਆਪਣੇ ਇਸ ਮਨ ਰਾਹੀਂ ਪ੍ਰਭੂ ਪਿਆਰ `ਚ ਜੁੜ ਕੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਲੈਂਦੇ ਹਨ। ਨਹੀਂ ਤਾਂ ਵੱਡੇ ਵੱਡੇ ਸਿਧ-ਸਾਧਿਕ, ਮੋਨਧਾਰੀ ਵੀ ਲੰਮੀਆਂ ਸਮਾਧੀਆਂ ਲਾ ਹਟੇ, ਪਰ ਉਨ੍ਹਾਂ ਨੂੰ ਵੀ ਆਪਣੇ ਸਰੀਰ ਅੰਦਰੋ, ਇਸ ਮਨ ਬਾਰੇ ਸੋਝੀ ਨਹੀਂ ਆਈ। ੭।

ਆਪਿ ਕਰਾਏ ਕਰਤਾ ਸੋਈ॥ ਹੋਰੁ ਕਿ ਕਰੇ ਕੀਤੈ ਕਿਆ ਹੋਈ॥ ਨਾਨਕ ਜਿਸੁ ਨਾਮੁ ਦੇਵੈ ਸੋ ਲੇਵੈ, ਨਾਮੋ ਮੰਨਿ ਵਸਾਵਣਿਆ॥ ੮ ॥” (ਪੰ: ੧੨੪)। ਭਾਵ-ਇਸ ਲਈ ਜੋ ਲੋਕ ਸਮਰਪਣ ਦੀ ਭਾਵਨਾ ਨਾਲ ਪ੍ਰਭੂ ਦੇ ਰੰਗ `ਚ ਰੰਗੇ ਜਾਂਦੇ ਹਨ। ਪ੍ਰਭੂ ਉਨ੍ਹਾਂ `ਤੇ ਆਪ ਬਖਸ਼ਿਸ਼ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਜਦਕਿ “ਹੋਰੁ ਕਿ ਕਰੇ ਕੀਤੈ ਕਿਆ ਹੋਈ” ਭਾਵ-ਦੂਜੇ ਜੋ ਆਪਣੇ ਮਨ ਦੇ ਅਧੀਨ ਹੋ ਕੇ ਆਪ ਮਿੱਥੇ ਕਰਮਾਂ ਭਾਵ ਸਮਾਧੀਆਂ, ਭੇਖਾਂ, ਕਰਮਕਾਂਡਾਂ ਆਦਿ `ਚ ਰੁਝੇ ਰਹਿਕੇ ਹੀ ਆਪਣੇ ਜਨਮ ਨੂੰ ਬਿਰਥਾ ਕਰ ਲੈਂਦੇ ਹਨ। ੮।

ਸਿੱਟਾ- ਮਨੁਖਾ ਜੂਨ `ਚ, ਅਕਾਲਪੁਰਖ ਨੇ ਸਾਨੂੰ ਮਨ ਬਖਸ਼ਿਆ ਹੁੰਦਾ ਹੈ ਜਦਕਿ ਦੂਜੀਆਂ ਜੂਨਾਂ `ਚ ਜੀਵਾਂ ਨੂੰ ਇਹ ਮਨ ਵਾਲੀ ਦਾਤ ਨਹੀਂ ਮਿਲਦੀ। ਦਰਅਸਲ ਪ੍ਰਭੂ ਨੇ ਮਨੁੱਖ ਨੂੰ ਮਨ ਬਖਸ਼ਿਆ ਹੀ ਇਸ ਲਈ ਹੁੰਦਾ ਹੈ ਕਿ ਮਨੁੱਖ, ਸਾਧ ਸੰਗਤ `ਚ ਆ ਕੇ, ਗੁਰੂ-ਗੁਰਬਾਣੀ ਦੇ ਗਿਆਨ ਦੀ ਕਮਾਈ ਰਾਹੀਂ ਇਸ ਮਨ ਦੀ ਅਸਲੀਅਤ ਨੂੰ ਪਛਾਣੇ। ਪ੍ਰਭੂ ਦੀ ਸਿਫ਼ਤ ਸਲਾਹ ਤੇ ਗੁਰੂ-ਗੁਰਬਾਣੀ ਦੇ ਆਦੇਸ਼ਾ ਦੀ ਕਮਾਈ ਕਰਕੇ ਮਨ ਦੀ ਸੁਵਰਤੋਂ ਕਰੇ ਅਤੇ ਇਸ ਦੁਰਲਭ ਜਨਮ ਸੰਭਾਲ ਕਰੇ। ਇਸ ਤਰ੍ਹਾਂ ਜੀਵਨ ਨੂੰ ਇਲਾਹੀ ਗੁਣਾਂ ਨਾਲ ਭਰਪੂਰ ਕਰੇ। ਜਿਸ ਤੋਂ ਜੀਵ ਜੀਊਂਦੇ ਜੀਅ ਅਸਲੇ ਪ੍ਰਭੂ `ਚ ਹੀ ਅਭੇਦ ਹੋ ਜਾਵੇ ਤੇ ਸਰੀਰਕ ਮੌਤ ਬਾਅਦ ਵੀ ਕਰਤੇ ਪ੍ਰਭੂ `ਚ ਹੀ ਸਮਾ ਜਾਵੇ। ਇਸ ਤਰ੍ਹਾਂ ਇਸਨੂੰ ਫ਼ਿਰ ਤੋਂ ਜਨਮ ਮਰਣ ਦੇ ਦੁਖ ਨਾ ਭੋਗਣੇ ਪੈਣ।

ਉਪ੍ਰੰਤ ਮਨ ਦੀ ਅਸਲੀਅਤ ਤੋਂ ਅਨਜਾਣ ਜਦੋਂ ਇਹੀ ਮਨੁੱਖ, ਹਉਮੈ, ਵਿਕਾਰਾਂ ਦਾ ਸ਼ਿਕਾਰ ਹੋ ਕੇ, ਮਨ ਨੂੰ ਚੰਗੇ ਮੰਦੇ ਕਰਮਾਂ-ਸੰਸਕਾਰਾਂ ਦਾ ਸਮੂਹ ਬਣਾ ਲੈਂਦਾ ਹੈ। ਇਸ ਤਰ੍ਹਾਂ, ਇਸ ਦਾ ਇਹੀ ਮਨ ਇਸ ਲਈ ਪ੍ਰਭੂ ਤੋਂ ਵਿਛੋੜੇ ਦਾ ਕਾਰਣ ਬਣ ਜਾਂਦਾ ਹੈ। ਇਸ ਮਨ ਦੀ ਪ੍ਰਭੂ ਤੋਂ ਅੱਡਰੀ ਹਸਤੀ ਕਾਇਮ ਹੋ ਜਾਂਦੀ ਹੈ। ਇਸੇ ਤੋਂ ਮਨੁੱਖ ਦਾ ਜਨਮ ਵੀ ਬਿਰਥਾ ਹੋ ਜਾਂਦਾ ਹੈ। ਜਦਕਿ ਇਹ ਵੀ ਪ੍ਰਭੂ ਦੇ ਹੁਕਮ ਤੇ ਸਚੇ ਨਿਆਂ `ਚ ਹੀ ਹੁੰਦਾ ਹੈ ਕਿ ਮਨੁੱਖ ਆਪਣੇ ਪ੍ਰਾਪਤ ਜਨਮ ਨੂੰ ਇਸ ਤਰ੍ਹਾਂ ਬਿਰਥਾ ਕਰਣ ਬਾਅਦ ਫ਼ਿਰ ਤੋਂ ਜਨਮ-ਮਰਣ ਦੇ ਗੇੜਾਂ `ਚ ਹੀ ਪੈਂਦਾ ਹੈ। ਇਸ ਨੂੰ ਫ਼ਿਰ ਤੋਂ ਜੂਨਾਂ-ਗਰਭਾਂ ਤੇ ਭਿੰਨ ਭਿੰਨ ਸਰੀਰਾਂ ਵਾਲੇ ਦੁਖ ਭੋਗਣੇ ਪੈਂਦੇ ਹਨ।

ਇਸ ਤਰ੍ਹਾਂ ਫ਼ਿਰ ਤੋਂ ਇਹ ਸਿਲਸਿਲਾ ਉਦੋਂ ਤੱਕ ਚਲਦਾ ਹੈ ਜਦੋਂ ਤੱਕ “ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ॥” (ਪੰ: ੯੨੦) ਅਥਵਾ “ਸਤਿਗੁਰ ਕੀ ਪਰਤੀਤਿ ਨ ਆਈਆ, ਸਬਦਿ ਨ ਲਾਗੋ ਭਾਉ॥ ਓਸ ਨੋ ਸੁਖੁ ਨ ਉਪਜੈ, ਭਾਵੈ ਸਉ ਗੇੜਾ ਆਵਉ ਜਾਉ॥॥ ਨਾਨਕ ਗੁਰਮੁਖਿ ਸਹਜਿ ਮਿਲੈ, ਸਚੇ ਸਿਉ ਲਿਵ ਲਾਉ” (ਪੰ: ੫੯੧) ਅਨੁਸਾਰ ਜੀਵ ਫ਼ਿਰ ਤੋਂ ਕਿਸੇ ਮਨੁਖਾ ਜਨਮ ਸਮੇਂ ਹੀ, ਜੀਵਨ ਨੂੰ ਸਫ਼ਲਾ ਕਰਕੇ ਪ੍ਰਭੂ `ਚ ਅਭੇਦ ਹੀ ਨਾ ਹੋ ਜਾਵੇ। #G00107-IIIs012.02.012# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 0G-III.107

“ਮਨ ਤਨ ਭਏ ਅਰੋਗਾ” (ਪੰ: ੬੧੧) (ਭਾਗ-੩)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org  
.