.

ਜਸਬੀਰ ਸਿੰਘ ਵੈਨਕੂਵਰ

ਲੰਗਰ ਚਲੈ ਗੁਰ ਸਬਦਿ. .

ਸਿੱਖ ਜਗਤ ਵਿੱਚ ਸੰਗਤ ਅਤੇ ਪੰਗਤ ਦੀ ਪ੍ਰਥਾ ਗੁਰੂ ਨਾਨਕ ਸਾਹਿਬ ਤੋਂ ਪ੍ਰਾਰੰਭ ਹੋਈ ਹੈ ਅਤੇ ਓਦੋਂ ਤੋਂ ਹੀ ਨਿਰੰਤਰ ਰੂਪ ਵਿੱਚ ਚਲ ਰਹੀ ਹੈ। ਸੰਗਤ ਵਿੱਚ ਰੂਹ ਦੀ ਖ਼ੁਰਾਕ ਦਾ ਪ੍ਰਬੰਧ ਹੈ ਅਤੇ ਲੰਗਰ ਵਿੱਚ ਤਨ ਦੀ ਖ਼ੁਰਾਕ ਦਾ। ਜਿਸ ਤਰ੍ਹਾਂ ਸੰਗਤ ਵਿੱਚ ਹਰੇਕ ਮਨੁੱਖ ਮਾਤਰ ਬੈਠ ਕੇ ਆਤਮਕ ਭੋਜਨ ਛੱਕ ਸਕਦਾ ਹੈ, ਉਸੇ ਤਰ੍ਹਾਂ ਪੰਗਤ ਵਿੱਚ ਹਰੇਕ ਪ੍ਰਾਣੀ ਲੰਗਰ ਛੱਕ ਸਕਦਾ ਹੈ। ਸੰਗਤ ਅਤੇ ਪੰਗਤ ਵਿੱਚ ਕਿਸੇ ਨਾਲ ਵੀ ਜਾਤ-ਪਾਤ, ਊਚ-ਨੀਚ, ਗ਼ਰੀਬ-ਅਮੀਰ ਦਾ ਭਿੰਨ-ਭੇਦ ਨਹੀਂ ਕੀਤਾ ਜਾਂਦਾ ਹੈ। ਇਸ ਤਰ੍ਹਾਂ ਗੁਰਦੁਆਰੇ ਵਿਖੇ ਤਨ ਅਤੇ ਮਨ ਦੋਹਾਂ ਦੀ ਖ਼ੁਰਾਕ ਦਾ ਯਥਾਯੋਗ ਪ੍ਰਬੰਧ ਹੈ। ਜੀਵਨ ਨੂੰ ਸਾਂਵਾਂ ਪੱਧਰਾ ਅਤੇ ਸੰਤੁਲਤ ਰੱਖਣ ਲਈ ਇਹਨਾਂ ਦੋਹਾਂ ਦੀ ਜ਼ਰੂਰਤ ਹੈ। ਭਾਈ ਬਲਵੰਡ ਰਾਇ ਅਤੇ ਸਤੇ ਦੀ ਵਾਰ ਵਿੱਚ ਗੁਰੂ ਘਰ ਦੀ ਇਸ ਰੀਤ ਦਾ ਇਉਂ ਵਰਣਨ ਕੀਤਾ ਗਿਆ ਹੈ:-
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ ਅਰਥ: (ਜਿਵੇਂ ਗੁਰੂ ਅੰਗਦ ਦੇਵ ਜੀ ਦੇ ਸਤਸੰਗ-ਰੂਪ) ਲੰਗਰ ਵਿੱਚ (ਨਾਮ ਦੀ) ਦੌਲਤ ਵੰਡੀ ਜਾ ਰਹੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵੰਡਿਆ ਜਾ ਰਿਹਾ ਹੈ (ਤਿਵੇਂ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿੱਚ ਸਭ ਨੂੰ) ਘਿਉ ਵਾਲੀ ਖੀਰ ਵੰਡੀ ਜਾ ਰਹੀ ਹੈ।
ਲੰਗਰ ਦਾ ਮਨੋਰਥ ਜਿੱਥੇ ਸਰੀਰਕ ਲੋੜ ਦੀ ਪੂਰਤੀ ਹੈ, ਉੱਥੇ ਨਾਲ ਇਕੋ ਹੀ ਥਾਂ ਬੈਠ ਕੇ ਇਕੋ ਜਿਹਾ ਹੀ ਲੰਗਰ ਸਾਰਿਆਂ ਨੂੰ ਮੁਹੱਈਆ ਕਰਕੇ ਭਿੱਟ, ਛੂਤ-ਛਾਤ, ਊਚ-ਨੀਚ ਦੇ ਵਿਤਕਰੇ ਨੂੰ ਮਿਟਾ ਕੇ ਭਰਾਤਰੀ ਭਾਵ ਪੈਦਾ ਕਰਨਾ ਵੀ ਹੈ। ਲੰਗਰ ਵਿਚੋਂ ਪ੍ਰਸ਼ਾਦਾ ਛਕਣ ਵਾਲੇ ਦੇ ਮਨ ਵਿੱਚ ਨਾ ਤਾਂ ਹੀਣਤਾ-ਭਾਵ ਪੈਦਾ ਹੁੰਦਾ ਹੈ ਅਤੇ ਨਾ ਹੀ ਇਸ ਵਿੱਚ ਯਥਾਯੋਗ ਹਿੱਸਾ ਪਾਉਣ ਵਾਲੇ ਨੂੰ ਹੰਕਾਰ; ਕਿਉਂਕਿ ਤਿੱਲ-ਫੁੱਲ ਭੇਟਾ ਕਰਨ ਵਾਲਾ ਕਿਸੇ ਵਿਅਕਤੀ ਦੇ ਮੂੰਹ ਵਿੱਚ ਨਹੀਂ ਗੁਰੂ ਕੇ ਲੰਗਰ ਵਿੱਚ ਭੇਟ ਕਰ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਪ੍ਰਸ਼ਾਦਾ ਛਕਣ ਵਾਲਾ ਕਿਸੇ ਵਿਅਕਤੀ ਦੇ ਘਰ ਵਿਚੋਂ ਨਹੀਂ, ਗੁਰੂ ਕੇ ਲੰਗਰ ਵਿਚੋਂ ਛਕ ਰਿਹਾ ਹੁੰਦਾ ਹੈ। ਗੁਰੂ ਕਾ ਲੰਗਰ ਕਿਸੇ ਵਿਅਕਤੀ ਦਾ ਨਹੀਂ, ਗੁਰੂ ਦਾ ਹੈ। ਇਸ ਵਿੱਚ ਯੋਗਦਾਨ ਪਾਉਣ ਵਾਲਾ ਤਾਂ ਟਹਿਲੂਆ ਹੈ, ਦਾਤਾ ਨਹੀਂ; ਦਾਤਾ ਤਾਂ ਪ੍ਰਭੂ ਆਪ ਹੈ। ਇਸ ਧਾਰਨਾ ਕਾਰਨ ਨਾ ਤਾਂ ਲੰਗਰ ਵਿੱਚ ਤਿਲ-ਫੁਲ ਭੇਟ ਕਰਨ ਵਾਲੇ ਦੇ ਮਨ ਵਿੱਚ ਭੇਟ ਕਰਨ ਦਾ ਅਭਿਮਾਨ ਪੈਦਾ ਹੁੰਦਾ ਹੈ ਅਤੇ ਨਾ ਹੀ ਲੰਗਰ ਵਿਚੋਂ ਪ੍ਰਸ਼ਾਦਾ ਛਕਣ ਵਾਲੇ ਦੇ ਮਨ ਵਿੱਚ ਹੀਣਤਾ-ਭਾਵ ਪੈਦਾ ਹੁੰਦਾ ਹੈ। ਗੁਰਦੁਆਰਾ ਸੰਸਥਾ ਵਿੱਚ ਲੰਗਰ ਦਾ ਇੱਕ ਨਵੇਕਲਾ ਅਤੇ ਵਿਸ਼ੇਸ਼ ਸਥਾਨ ਹੋਣ ਕਾਰਨ ਵਿਸ਼ੇਸ਼ ਮਹੱਤਵ ਹੈ। ਲੰਗਰ ਸੰਸਥਾ ਖ਼ਾਲਸੇ ਦੀ ਨਿਆਰੀ ਜੀਵਨ-ਜੁਗਤ ਦਾ ਇੱਕ ਵਿਸ਼ੇਸ਼ ਅੰਗ ਹੈ।
ਗੁਰਦੁਆਰਾ ਸਾਹਿਬ ਵਿਖੇ ਜੋ ਅਤਿ ਮਹੱਤਵ ਪੂਰਨ ਅਤੇ ਵਿਸ਼ੇਸ਼ ਲੰਗਰ ਦਾ ਰੂਪ ਹੈ, ਉਹ ਗੁਰ-ਸ਼ਬਦ ਅਥਵਾ ਗੁਰਬਾਣੀ ਦਾ ਹੈ। ਇਹ ਠੀਕ ਹੈ ਕਿ ਗੁਰਦੁਆਰਾ “ਵਿਦਯਾਰਥੀਆਂ ਲਈ ਸਕੂਲ, ਆਤਮ ਜਿਗਯਾਸਾ ਵਾਲਿਆਂ ਲਈ ਗਯਾਨ ਉਪਦੇਸ਼ਕ ਆਚਰਯ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨ ਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼੍ਰਾਮ ਦਾ ਅਸਥਾਨ ਹੈ” (ਮਹਾਨ ਕੋਸ਼)। ਗੁਰਬਾਣੀ ਗੁਰਮਤਿ ਦੀ ਜੀਵਨ-ਜੁਗਤ ਦਾ ਧੁਰਾ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠਣ ਦਾ ਮੁੱਖ ਮਨੋਰਥ ਗੁਰਬਾਣੀ ਦੀ ਜੀਵਨ-ਜੁਗਤ ਨੂੰ ਸਮਝਣਾ ਹੈ। ਗੁਰੂ ਨਾਨਕ ਸਾਹਿਬ ਤਥਾ ਬਾਕੀ ਗੁਰੂ ਸਾਹਿਬਾਨ ਕੋਲ ਸੰਗਤਾਂ ਇਸ ਭੋਜਨ ਨੂੰ ਛਕਣ ਲਈ ਹੀ ਨੇੜੇ-ਤੇੜਿਓਂ ਹੀ ਨਹੀਂ ਦੂਰ-ਦੂਰਡਿਆਂ ਤੋਂ ਹੁਮ-ਹੁਮਾ ਕੇ ਆਉਂਦੀਆਂ ਸਨ। ਭਾਈ ਗੁਰਦਾਸ ਆਪਣੀ ਅੱਖੀ ਦੇਖੀਂ ਗਵਾਹੀ ਭਰਦਿਆਂ ਲਿਖਦੇ ਹਨ:
ਚਾਰੇ ਚਕ ਨਿਵਾਇਓਨੁ ਸਿਖ ਸੰਗਤਿ ਆਵੈ ਅਗਣਤਾ॥ ਲੰਗਰੁ ਚਲੈ ਗੁਰ ਸਬਦਿ ਪੂਰੇ ਪੂਰੀ ਬਣੀ ਬਣਤਾ॥ (ਵਾਰ ੨੪, ਪਉੜੀ ੨੦)
ਇਸ ਭੋਜਨ ਨਾਲ ਹੀ ਅਸੀਂ ਆਤਮਕ ਤੌਰ `ਤੇ ਬਲਵਾਨ ਬਣ ਸਕਦੇ ਹਾਂ। ਇਹ ਭੋਜਨ ਹੀ ਸਾਨੂੰ ਮਨਮੁਖ ਤੋਂ ਗੁਰਮੁਖ ਬਣਨ ਵਿੱਚ ਸਹਾਇਤਾ ਕਰਦਾ ਹੈ। ਇਸ ਭੋਜਨ ਦੀ ਬਦੌਲਤ ਹੀ ਸਾਡੇ ਮਨ ਵਿਚੋਂ ਮੇਰ-ਤੇਰ, ਈਰਖਾ ਦਵੈਸ਼ ਆਦਿ ਵਿਕਾਰ ਦੂਰ ਹੁੰਦੇ ਹਨ।
ਆਮ ਤੌਰ `ਤੇ ਇਹ ਆਮ ਦੀ ਦੇਖਣ ਵਿੱਚ ਆ ਰਿਹਾ ਹੈ ਕਿ ਸਿੱਖ ਸੰਗਤਾਂ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਵਾਲਿਆਂ `ਚ ਜਿਹੋ ਜਿਹੀ ਸੁਚੇਤਤਾ ਲੰਗਰ ਪ੍ਰਤੀ ਦੇਖਣ ਨੂੰ ਮਿਲ ਰਹੀ ਹੈ ਉਸ ਤਰ੍ਹਾਂ ਦੀ ਸੁਚੇਤਤਾ ਆਤਮਕ ਭੋਜਨ ਸਬੰਧੀ ਦੇਖਣ ਨੂੰ ਨਹੀਂ ਮਿਲ ਰਹੀ ਹੈ। ਇਸ ਭੋਜਨ ਵਲੋਂ ਅਵੇਸਲੇਪਣ ਕਾਰਨ ਹੀ ਇਹ ਘੱਟ ਹੀ ਦੇਖਣ ਸੁਣਨ ਨੂੰ ਮਿਲਦਾ ਹੈ ਕਿ ਕਿਸੇ ਮਾਈ ਭਾਈ ਨੇ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਗੁਰਬਾਣੀ ਦੀ ਜੀਵਨ-ਜੁਗਤ ਤੋਂ ਉਲਟ ਕਥਾ ਕਹਾਣੀਆਂ ਸੁਣਾਉਣ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਪੁੱਛ-ਗਿੱਛ ਕੀਤੀ ਹੋਵੇ ਜਾਂ ਜ਼ਿੰਮੇਵਾਰ ਸੱਜਣਾਂ ਪਾਸ ਸ਼ਿਕਾਇਤ ਕੀਤੀ ਹੋਵੇ। ਸਿੱਖ ਸੰਗਤਾਂ ਵਲੋਂ ਇਸ ਤਰ੍ਹਾਂ ਦੀ ਸ਼ਿਕਾਇਤ ਤਾਂ ਆਮ ਹੀ ਸੁਣੀ ਜਾਂਦੀ ਹੈ ਕਿ ਕੜਾਹ ਪ੍ਰਸ਼ਾਦ ਜ਼ਿਆਦਾ ਗਰਮ ਗਰਮ ਵਰਤਾ ਦਿੱਤਾ ਹੈ, ਜ਼ਿਆਦਾ ਠੰਡਾ ਹੈ, ਇਸ ਵਿੱਚ ਘਿਉ ਜ਼ਿਆਦਾ ਹੈ, ਆਟਾ ਚੰਗੀ ਤਰ੍ਹਾਂ ਨਹੀਂ ਭੁੰਨਿਆ ਜਾਂ ਜ਼ਿਆਦਾ ਭੁੰਨਿਆ ਹੋਇਆ ਹੈ, ਪ੍ਰਸ਼ਾਦ ਵਰਤਾਉਣ ਵਾਲੇ ਨੇ ਪ੍ਰਸ਼ਾਦ ਵਰਤਾਉਣ ਲਗਿਆਂ ਹੱਥ ਨਹੀਂ ਧੋਤੇ, ਲੰਗਰ ਵਰਤ ਮਰਯਾਦਾ ਅਨੁਸਾਰ ਨਹੀਂ ਬਣਾਇਆ ਗਿਆ, ਵਰਤਾਉਣ ਵਾਲਿਆਂ ਨੇ ਠੀਕ ਢੰਗ ਨਾਲ ਨਹੀਂ ਵਰਤਾਇਆ, ਇਹ ਵਸਤੂ ਲੰਗਰ ਵਿੱਚ ਨਹੀਂ ਬਣਨੀ ਚਾਹੀਦਾ ਆਦਿ। ਪਰੰਤੂ ਗੁਰਦੁਆਰੇ ਸਾਹਿਬ ਦੀ ਸਟੇਜ ਤੋਂ ਹੋ ਰਹੇ ਗੁਰਮਤਿ ਵਿਰੋਧੀ ਪ੍ਰਚਾਰ ਸਬੰਧੀ ਘੱਟ ਹੀ ਸੰਗਤਾਂ ਵਲੋਂ ਸਬੰਧਤ ਧਿਰਾਂ ਨੂੰ ਪੁੱਛ-ਗਿੱਛ ਕੀਤੀ ਜਾਂਦੀ ਹੈ ਜਾਂ ਇਤਰਾਜ਼ ਕੀਤਾ ਜਾਂਦਾ ਹੈ।
ਸਾਡਾ ਇਹ ਭਾਵ ਨਹੀਂ ਹੈ ਕਿ ਜੇਕਰ ਪ੍ਰਰਬੰਧਕ ਢਾਂਚੇ ਦੇ ਕਿਸੇ ਰੂਪ ਵਿੱਚ ਕੋਈ ਤਰੁੱਟੀ ਜਾਂ ਕਮਜ਼ੋਰੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਦੇ ਧਿਆਨ ਵਿੱਚ ਨਾ ਲਿਆਂਦੀ ਜਾਵੇ। ਸਾਡਾ ਇਹ ਮੰਨਣਾ ਹੈ ਕਿ ਹਰੇਕ ਸਿੱਖ ਨੂੰ ਜਿੱਥੇ ਕਿਤੇ ਵੀ ਕੋਈ ਕਮਜ਼ੋਰੀ ਜਾਂ ਤਰੁੱਟੀ ਨਜ਼ਰ ਆਉਂਦੀ ਹੈ, ਉਸ ਨੂੰ ਜ਼ਿੰਮੇਵਾਰ ਸੱਜਣਾਂ ਦੇ ਧਿਆਨ ਵਿੱਚ ਲਿਆਉਣ ਦੀ ਲੋੜ ਹੈ। ਗੁਰਦੁਆਰਾ ਸਾਹਿਬ ਕਿਸੇ ਦੀ ਨਿਜੀ ਮਲਕੀਅਤ ਨਹੀਂ ਸਗੋਂ ਖ਼ਾਲਸਾ ਪੰਥ ਦੀ ਮਲਕੀਅਤ ਹੈ। ਇਸ ਲਈ ਇਸ ਦੇ ਅਦਰਸ਼ ਨੂੰ ਕਾਇਮ ਰੱਖਣ ਲਈ ਹਰੇਕ ਸਿੱਖ ਨੂੰ ਸਭਿਅਕ ਢੰਗ ਦੁਆਰਾ ਯਥਾਯੋਗ ਯੋਗਦਾਨ ਪਾਉਣ ਦੀ ਲੋੜ ਹੈ। ਜਿੱਥੇ ਵੀ ਕਿਤੇ ਕੋਈ ਘਾਟ ਨਜ਼ਰ ਆਉਂਦੀ ਹੈ, ਉਸ ਨੂੰ ਜ਼ਿੰਮੇਵਾਰ ਸੱਜਣਾਂ ਦੇ ਧਿਆਨ ਵਿੱਚ ਲਿਆਉਣਾ ਜ਼ਰੂਰੀ ਹੈ। ਇਸ ਤਰ੍ਹਾਂ ਨਾਲ ਹੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਸੁਧਾਰ ਹੋ ਸਕਦਾ ਹੈ। ਇਸ ਤਰ੍ਹਾਂ ਦਾ ਕਦਮ ਉਠਾਉਣ ਨਾਲ ਹੀ ਗੁਰਧਾਮਾਂ ਵਿਚੋਂ ਗੁਰਬਾਣੀ ਦੀ ਜੀਵਨ-ਜੁਗਤ ਦੀ ਸੁਗੰਧੀ ਆਵੇਗੀ। ਪਰ ਇਹ ਤਾਂ ਹੀ ਸੰਭਵ ਹੈ ਜੇਕਰ ਹਰੇਕ ਸਿੱਖ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੇ। ਇਸ ਤਰ੍ਹਾਂ ਦੀ ਸੇਵਾ ਨਿਭਾਉਣ ਵਾਲਿਆਂ ਨੂੰ ਇਸ ਗੱਲ ਦਾ ਜ਼ਰੂਰ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਤਰੁੱਟੀ ਵਲ ਜ਼ਿੰਮੇਵਾਰ ਸੱਜਣਾਂ ਦਾ ਧਿਆਨ ਦੁਆਉਣ ਪਿੱਛੇ ਭਾਵਨਾ ਕਿਸੇ ਨੂੰ ਨੀਵਾਂ ਦਿਖਾਉਣ ਦੀ ਜਾਂ ਆਪਣਾ ਆਪ ਜਣਾਉਣ ਦੀ ਨਹੀਂ ਸਗੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਸੁਚੱਜਾ ਬਣਾਉਣ ਦੀ ਹੋਣੀ ਚਾਹੀਦੀ ਹੈ। ਜ਼ਿੰਮੇਵਾਰ ਸੱਜਣਾਂ ਨੂੰ ਵੀ ਕਿਸੇ ਵਲੋਂ ਸਭਿਅਕ ਢੰਗ ਦੁਆਰਾ ਕੀਤੇ ਇਤਰਾਜ਼ ਜਾਂ ਸ਼ਿਕਾਇਤ/ਸੁਝਾਅ ਨੂੰ ਇਸ ਨਿਗਾਹ ਨਾਲ ਹੀ ਦੇਖਣ ਦੀ ਜ਼ਰੂਰਤ ਹੈ ਨਾ ਕਿ ਇਸ ਨੂੰ ਨਿਜੀ ਵਕਾਰ ਬਣਾਉਣ ਦੀ।
ਹਾਂ, ਇਸ ਗੱਲ ਦਾ ਜ਼ਰੂਰ ਧਿਆਨ ਰੱਖਣ ਦੀ ਲੋੜ ਹੈ ਕਿ ਸ਼ਿਕਾਇਤ ਕਰਨ ਵਾਲੇ ਦੀ ਸ਼ਿਕਾਇਤ ਜਾਇਜ਼ ਹੈ ਜਾਂ ਨਜਾਇਜ਼। ਅਰਥਾਤ ਇਤਰਾਜ਼ ਠੀਕ ਹੈ ਜਾਂ ਨਹੀਂ। ਕਈ ਵਾਰ ਕਈ ਸੱਜਣ ਕਿਸੇ ਪਰਚਾਰਕ ਆਦਿ ਵਲੋਂ ਗੁਰਮਤਿ ਆਸ਼ੇ ਅਨੁਸਾਰ ਆਖੀ ਹੋਈ ਗੱਲ ਸਬੰਧੀ (ਗੁਰਮਤਿ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ) ਵੀ ਇਤਰਾਜ਼ ਕਰਨ ਲੱਗ ਪੈਂਦੇ ਹਨ। ਇਸੇ ਤਰ੍ਹਾਂ ਕਿਸੇ ਗੁਰਦੁਆਰਾ ਸਾਹਿਬ ਵਿਖੇ ਪੰਥ ਪਰਵਾਣਤ ਰਹਿਤ ਮਰਯਾਦਾ ਅਨੁਸਾਰ ਕਿਸੇ ਕਾਰਜ ਨੂੰ ਹੁੰਦਾ ਦੇਖ ਕੇ ਕਿਸੇ ਡੇਰੇ ਨਾਲ ਸਬੰਧਤ ਸੱਜਣ ਇਤਰਾਜ਼ ਕਰਦੇ ਹਨ ਕਿ ਫ਼ਲਾਣੇ ਗੁਰਦੁਆਰਾ ਸਾਹਿਬ ਵਿਖੇ ਤਾਂ ਇਸ ਤਰ੍ਹਾਂ ਨਹੀਂ ਹੁੰਦਾ। ਇਸ ਲਈ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਇਤਰਾਜ਼ ਕਰਨ ਵਾਲੇ ਦਾ ਇਤਰਾਜ਼ ਠੀਕ ਹੈ ਜਾਂ ਨਹੀਂ। ਜੇਕਰ ਜਾਇਜ਼ ਹੈ ਤਾਂ ਉਸ ਨੂੰ ਜ਼ਰੂਰ ਮੰਨਣ ਵਿੱਚ ਕਿਸੇ ਤਰ੍ਹਾਂ ਦੀ ਹਿਚਕਿਚਾਹਟ ਨਹੀਂ ਹੋਣੀ ਚਾਹੀਦੀ।
ਆਤਮਕ ਭੋਜਨ ਵਲੋਂ ਸਾਡੀ ਇਸ ਅਣਗਹਿਲੀ ਕਾਰਨ ਹੀ ਸਟੇਜਾਂ ਤੋਂ ਆਮ ਤੌਰ `ਤੇ ਬਹੁਤ ਕੁੱਝ ਅਜਿਹਾ ਸੁਣਨ ਨੂੰ ਮਿਲਦਾ ਹੈ ਜਿਸ ਦਾ ਗੁਰਮਤਿ ਦੀ ਰਹਿਣੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਜਿਸ ਨਾਲ ਸਾਡਾ ਆਤਮਕ ਜੀਵਨ ਪਲ੍ਹਰਦਾ ਨਹੀਂ ਸਗੋਂ ਤਬਾਹ ਹੁੰਦਾ ਹੈ। ਇਹ ਆਮ ਹੀ ਦੇਖਣ ਸੁਣਨ ਵਿੱਚ ਆਉਂਦਾ ਹੈ ਕਿ ਕਥਿਤ ਬਾਬੇ, ਕਥਾਵਾਚਕ/ ਪਰਚਾਰਕ ਅਤੇ ਰਾਗੀ ਸਾਹਿਬਾਨ ਗੁਰਬਾਣੀ ਦੇ ਕਿਸੇ ਸ਼ਬਦ ਨੂੰ ਲੈ ਕੇ ਸ਼ਬਦ ਵਿਚਲੇ ਭਾਵਾਰਥ ਨੂੰ ਸਮਝਾਉਣ ਦੀ ਬਜਾਏ ਪੁਰਾਣਾਂ, ਸ਼ਾਸਤਰਾਂ, ਮਹਾਂਭਾਰਤ ਅਤੇ ਰਾਮਾਇਣ ਦੀਆਂ ਕਥਾ ਕਹਾਣੀਆਂ ਸੁਣਾਉਣ ਲੱਗ ਪੈਂਦੇ ਹਨ ਜਾਂ ਸ਼ਰਾਬੀ-ਕਬਾਬੀ ਸ਼ਾਇਰਾਂ ਦੇ ਟੋਟਕੇ ਜਾਂ ਚੁਟਕਲੇ ਸੁਣਾਉਣ ਲੱਗ ਪੈਂਦੇ ਹਨ। ਜਿਸ ਦਲਦਲ ਵਿਚੋਂ ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਬਾਹਰ ਕੱਢਿਆ ਸੀ, ਅਜਿਹੇ ਸੱਜਣਾਂ ਵਲੋਂ ਉਸੇ ਹੀ ਦਲਦਲ ਵਿੱਚ ਫਿਰ ਧਕੇਲਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਪਾਵਨ ਗੁਰਦੁਆਰੇ ਪੂਜਾ ਸਥਾਨ ਬਣ ਕੇ ਰਹਿ ਗਏ ਹਨ। ਗੁਰਬਾਣੀ ਦੀ ਜੀਵਨ-ਜੁਗਤ ਨਾਲ ਜੋੜਨ ਦੀ ਥਾਂ ਗੁਰੂ ਸਾਹਿਬਾਨ ਦੀਆਂ ਵਸਤੂਆਂ ਜਾਂ ਸਥਾਨਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ ਅਤੇ ਕਿਧਰੇ ਕਰਮ ਕਾਂਡਾਂ ਦੀ ਸਿੱਖਿਆ ਦ੍ਰਿੜ ਕਰਵਾਈ ਜਾ ਰਹੀ ਹੈ। ਆਮ ਸਿੱਖ ਸੰਗਤ ਨੂੰ ਇਹਨਾਂ ਗੱਲਾਂ ਨਾਲ ਕੋਈ ਸਰੋਕਾਰ ਹੀ ਨਹੀਂ। ਜ਼ਿਆਦਾਤਰ ਸੰਗਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਅਤੇ ਯਥਾਸ਼ਕਤ ਮਾਇਆ ਭੇਟ ਕਰਨ ਤੀਕ ਹੀ ਆਪਣੇ ਆਪ ਨੂੰ ਸੀਮਤ ਰੱਖਦੀਆਂ ਹਨ। ਉਨ੍ਹਾਂ ਦੀ ਇਸ ਗੱਲ ਵਿੱਚ ਕੋਈ ਦਿਲਚਸਪੀ ਨਹੀਂ ਹੈ ਕਿ ਸਟੇਜ ਤੋਂ ਕੀ ਸੁਣਾਇਆ ਜਾ ਰਿਹਾ ਹੈ ਜਾਂ ਗੁਰਦੁਆਰਾ ਸਾਹਿਬ ਵਿਖੇ ਕਿਸ ਤਰ੍ਹਾਂ ਦਾ ਪਰਚਾਰ ਹੋ ਰਿਹਾ ਹੈ।
ਇਸ ਆਤਮਕ ਭੋਜਨ ਵਲੋਂ ਅਣਗਹਿਲੀ ਦਾ ਇਹ ਸਿੱਟਾ ਹੈ ਕਿ ਗੁਰਦੁਆਰਾ ਸਾਹਿਬ ਦੀਆਂ (ਜ਼ਿਆਦਾਤਰ) ਸਟੇਜਾਂ ਤੋਂ ਜੋ ਕੁੱਝ ਪਰਚਾਰਿਆ ਜਾ ਰਿਹਾ ਹੈ, ਉਸ ਨਾਲ ਸਾਡੀ ਦੂਜਿਆਂ ਨਾਲ ਤਾਂ ਸਾਂਝ ਕੀ ਪੈਣੀ ਹੈ ਅਸੀਂ ਆਪਸ ਵਿੱਚ ਵੀ ਬੁਰੀ ਤਰ੍ਹਾਂ ਵੰਡੇ ਗਏ ਹਾਂ। ਧੜੇਬਾਜ਼ੀ, ਗੁੱਟਬੰਦੀ ਦਿਨੋ ਦਿਨ ਵਧ ਰਹੀ ਹੈ। ਆਪਸ ਵਿੱਚ ਭਰਾਤਰੀ ਭਾਵ ਦੀ ਥਾਂ ਵੈਰ ਵਿਰੋਧ ਪੈਦਾ ਹੋ ਰਿਹਾ ਹੈ। ਗੁਰਦੁਆਰੇ ਜੋ ਸਿੱਖੀ ਦੀ ਪਾਠਸ਼ਾਲਾ ਹਨ, ਸਾਡੀ ਇਸ ਅਣਗਹਿਣੀ ਕਾਰਨ ਹੀ ਸਾਡੇ ਗੁਰਦੁਆਰਾ ਸਾਹਿਬਾਨ (ਜ਼ਿਆਦਤਰ) ਧੜੇਬੰਦੀ ਅਤੇ ਜੰਗ ਦਾ ਅਖਾੜਾ ਬਣੇ ਹੋਏ ਹਨ। ਗੁਰੂ ਕੀ ਗੋਲਕ ਦੀ ਮਾਇਆ ਸਿੱਖੀ ਦੀਆਂ ਕਦਰਾਂ-ਕੀਮਤਾਂ ਨੂੰ ਪਰਚਾਰਨ ਦੀ ਥਾਂ ਇੱਕ ਦੂਜੇ ਨੂੰ ਭੰਡਨ ਅਤੇ ਮੁਕਦਮਿਆਂ `ਤੇ ਖ਼ਰਚ ਹੋ ਰਹੀ ਹੈ।
ਸਟੇਜ ਤੋਂ ਜੋ ਕੁੱਝ ਵੀ ਸਾਡੇ ਅੱਗੇ ਪਰੋਸ ਕੇ ਰੱਖ ਦਿੱਤਾ ਜਾਂਦਾ ਹੈ ਅਸੀਂ ਬਿਨਾਂ ਕਿਸੇ ਕਿੰਤੂ-ਪਰੰਤੂ ਦੇ ਉਸ ਨੂੰ ਆਪਣੀ ਝੋਲੀ ਵਿੱਚ ਪਵਾ ਲੈਂਦੇ ਹਾਂ। ਇਸ ਤਰ੍ਹਾਂ ਦਾ ਰਵੱਈਆ ਸਾਡੀ ਅਣਗਹਿਲੀ ਅਤੇ ਅਗਿਆਨਤਾ ਦਾ ਹੀ ਲਖਾਇਕ ਹੈ।
ਗੁਰਦੁਆਰਾ ਸਾਹਿਬ ਵਿਖੇ ਜਿੱਥੇ ਲੰਗਰ ਦਾ ਯੋਗ ਪ੍ਰਬੰਧ ਕਰਨ ਦੀ ਲੋੜ ਹੈ, ਉੱਥੇ ਆਤਮਕ ਭੋਜਨ ਵਲ ਵੀ ਧਿਆਨ ਦੀ ਲੋੜ ਹੈ। ਗੁਰਦੁਆਰਾ ਮੁੱਖ ਰੂਪ ਵਿੱਚ ਆਤਮਕ ਭੋਜਨ ਦਾ ਕੇਂਦਰ ਹੈ। ਸਾਨੂੰ ਇਸ ਸਥਾਨ ਤੋਂ ਮਿਲ ਰਹੀ ਇਸ ਖ਼ੁਰਾਕ ਵਲ ਪੂਰਾ ਧਿਆਨ ਦੀ ਲੋੜ ਹੈ। ਜੇਕਰ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਕੋਈ ਅਜਿਹੀ ਗੱਲ ਕੀਤੀ ਜਾ ਰਹੀ ਹੈ ਜਿਹੜੀ ਗੁਰਮਤਿ ਦੀ ਜੀਵਨ-ਜੁਗਤ ਦਾ ਭਾਗ ਨਹੀਂ ਹੈ ਤਾਂ ਅਜਿਹੀ ਗੱਲ ਕਰਨ ਵਾਲੇ ਸੱਜਣ ਦੇ ਜਾਂ ਪ੍ਰਬੰਧਕਾਂ ਦੇ ਧਿਆਨ ਵਿੱਚ ਯੋਗ ਢੰਗ ਅਤੇ ਸਭਿਅਕ ਸ਼ਬਦਾਂ ਰਾਂਹੀਂ ਲਿਆਉਣਾ ਜ਼ਰੂਰੀ ਹੈ। ਅਜਿਹਾ ਕਰਨ ਲਈ ਸਾਨੂੰ ਆਪ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਨ ਵਿਚਾਰਨ ਦੀ ਲੋੜ ਹੈ। ਜੇਕਰ ਸਾਨੂੰ ਗੁਰਬਾਣੀ ਦੀ ਸਮਝ ਹੀ ਨਹੀਂ ਹੋਵੇਗੀ ਤਾਂ ਕਿਸ ਤਰ੍ਹਾਂ ਨਾਲ ਨਿਰਣਾ ਕਰ ਸਕਾਂਗੇ ਕਿ ਜੋ ਕੁੱਝ ਸਟੇਜ ਤੋਂ ਸੁਣਾਇਆ ਜਾ ਰਿਹਾ ਹੈ, ਇਹ ਗੁਰਮਤਿ ਦੇ ਆਸ਼ੇ ਅਨੁਸਾਰ ਹੈ ਜਾਂ ਨਹੀਂ। ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਕਰਨ ਵਾਲੇ ਪ੍ਰਬੰਧਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹਾ ਪ੍ਰਬੰਧ ਕਰਨ ਕਿ ਸਟੇਜ ਤੋਂ ਬੋਲਣ ਵਾਲੇ ਕਥਾਵਾਚਕ ਜਾਂ ਪਰਚਾਰਕ ਆਦਿ ਲਈ ਦੀਵਾਨ ਦੀ ਸਮਾਪਤੀ ਮਗਰੋਂ ਘੱਟੋ ਘੱਟ ਪੰਦਰਾਂ ਵੀਹ ਮਿੰਟ ਦਾ ਸਮਾਂ ਨੀਯਤ ਕੀਤਾ ਹੋਵੇ, ਅਤੇ ਇਸ ਸਮੇਂ ਵਿੱਚ ਕਿਸੇ ਦਾ ਵੀ ਕੋਈ ਉਸ ਦੇ ਵਖਿਆਣ ਸਬੰਧੀ ਕੋਈ ਸ਼ੰਕਾ ਆਦਿ ਹੋਵੇ ਤਾਂ ਵਿਦਵਾਨ ਸੱਜਣ ਉਸ ਦਾ ਉੱਤਰ ਦੇਵੇ। ਇਸ ਸਮੇਂ ਪ੍ਰਬੰਧਕ ਸੱਜਣਾਂ ਵਿਚੋਂ ਵੀ ਇੱਕ ਅੱਧ ਮੈਂਬਰ ਹਾਜ਼ਰ ਰਹੇ ਜੋ ਇਸ ਗੱਲ ਦਾ ਪੂਰਾ ਖ਼ਿਆਲ ਰੱਖੇ ਕਿ ਇਸ ਸਮੇਂ ਕਿਸੇ ਤਰ੍ਹਾਂ ਦਾ ਵਾਦ-ਵਿਵਾਦ ਪੈਦਾ ਨਾ ਹੋਵੇ ਅਤੇ ਸਭਿਅਕ ਢੰਗ ਅਤੇ ਸੁਖਾਵੇਂ ਮਾਹੌਲ ਵਿੱਚ ਇਹ ਗੱਲ ਬਾਤ ਹੋਵੇ। ਜੇਕਰ ਸਾਡੇ ਗੁਰਦੁਆਰਾ ਸਾਹਿਬ ਵਿਖੇ ਅਜਿਹੀ ਵਿਵਸਥਾ ਕਾਇਮ ਹੋ ਜਾਵੇ ਤਾਂ ਫਿਰ ਸਟੇਜ ਤੇ ਬੋਲਣ ਵਾਲੇ, ਕਿਸੇ ਵੀ ਵਿਸ਼ੇ ਸਬੰਧੀ ਬੋਲਣ ਤੋਂ ਪਹਿਲਾਂ ਉਸ ਬਾਰੇ ਖੋਜ ਪੜਤਾਲ ਕਰਨਾ ਨਹੀਂ ਭੁਲਣਗੇ। ਇਤਨਾ ਹੀ ਨਹੀਂ, ਇਸ ਦੇ ਨਾਲ ਗੁਰਮਤਿ ਵਿਰੋਧੀ ਗੱਲ ਜਾਂ ਕਿਸੇ ਕਥਿੱਤ ਬਾਬਿਆਂ ਦੀ ਮਹਾਨਤਾ ਦਰਸਾਉਣ ਲਈ ਮਨਘੜਤ ਕਹਾਣੀਆਂ ਘੜ ਕੇ ਸੁਣਾਉਣ ਵਾਲੇ ਜ਼ਰੂਰ ਸੰਕੋਚ ਕਰਨਗੇ। ਪਰ ਇਹ ਸਭ ਕੁੱਝ ਤਾਂ ਹੀ ਸੰਭਵ ਹੈ ਜੇਕਰ ਪ੍ਰਬੰਧਕ ਅਤੇ ਸੰਗਤਾਂ ਇਸ ਗੱਲ ਨੂੰ ਮਹਿਸੂਸ ਕਰਨ ਕਿ ਗੁਰਦੁਆਰਾ ਸਾਹਿਬ ਵਿਖੇ ਆਤਮਕ ਭੋਜਨ ਦੀ ਸ਼ੁਧਤਾ ਦਾ ਖ਼ਿਆਲ ਰੱਖਣਾ ਜ਼ਰੂਰੀ ਹੈ ਤਾਂ ਜੋ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਕਿਸੇ ਤਰ੍ਹਾਂ ਵੀ ਗੁਰਬਾਣੀ ਦੀ ਜੀਵਨ-ਜੁਗਤ ਤੋਂ ਕੋਈ ਭਿੰਨ ਸੁਨੇਹਾ ਸੰਗਤਾਂ ਨੂੰ ਨਾ ਮਿਲੇ।
ਸੋ ਗੱਲ ਕੀ, ਜਿੱਥੇ ਲੰਗਰ ਦਾ ਪ੍ਰਬੰਧ ਗੁਰੂ ਆਸ਼ੇ ਅਨੁਸਾਰ ਚਲਾਉਣ ਦੀ ਲੋੜ ਹੈ ਉੱਥੇ ਗੁਰਬਾਣੀ ਦੀ ਜੀਵਨ-ਜੁਗਤ ਨੂੰ ਵੀ ਗੁਰ ਆਸ਼ੇ ਅਨੁਸਾਰ ਪ੍ਰਚਾਰਨ ਦੀ ਜ਼ਰੂਰਤ ਹੈ ਤਾਂ ਕਿ ਸਿੱਖ ਸੰਗਤਾਂ ਨੂੰ ਸ਼ੁੱਧ ਆਤਮਕ ਭੋਜਨ ਮਿਲ ਸਕੇ।
.