.

ਸੱਤ ਸਵੀਏ ਮਹਲਾ ਪੰਜ ਕੇ, ਭੱਟ ਮਥਰਾ

ਹਰਮੇਨਾਟਕਸ ਦੀ ਵਰਤੋਂ ਦੁਆਰਾ ਅਰਥ ਕੀਤੇ ਗਏ ਹਨ

ਸਰਜੀਤ ਸਿੰਘ ਸੰਧੂ, ਯੂ ਐੱਸ ਏ

ਧਾਰਮਿੱਕ ਗ੍ਰੰਥਾਂ ਦੇ ਅਰਥ ਕਰਨ ਲਈ ਪਹਿਲੀ ਵਾਰ ਇਹ ਢੰਗ ਗਰੀਸ ਦੇ ਲੋਕਾਂ ਨੇ ਵਰਤਿਆ ਸੀ। ਗੁਰਬਾਣੀ ਦੇ ਅਰਥ ਕਰਨ ਲਈ ਇੱਸ ਢੰਗ ਅਨੁਸਾਰ, ਸਾਨੂੰ ਬਾਣੀ ਦੇ ਅਰਥ ਕਰਨ ਲਈ ਬਾਣੀ ਵਿੱਚੋਂ ਹੀ ਅਗਵਾਈ ਲੱਭਣੀ ਪੈਂਦੀ ਹੈ। ਕਈ ਸੱਜਣ ਹੋਰ ਧਰਮਾਂ ਦੇ ਗ੍ਰੰਥਾਂ ਵਿੱਚੋਂ ਸਿੱਖ ਧਰਮ ਦੇ ਅਰਥ ਲੱਭਣ ਦੀ ਖੇਚਲ ਕਰਕੇ ਗ਼ਲਤੀਆਂ ਕਰਨ ਨਾਲ ਸਿੱਖਾਂ ਨੂੰ ਭੰਬਲ ਭੂਸੇ ਵਿੱਚ ਪਾਈ ਜਾਂਦੇ ਰਹੇ ਹਨ। ਇੱਸ ਤੋਂ ਹੋਏ ਨੁਕਸਾਨ ਕਾਰਨ ਸਿੱਖ ਧਰਮ ਨੂੰ ਹਿੰਦੂ ਧਰਮ ਨਾਲੋਂ ਨਖੇੜਣਾ ਔਖਾ ਕਰ ਦਿੱਤਾ ਗਿਆ ਹੈ। ਗੁਰਬਾਣੀ ਆਪਣੇ ਆਪ ਵਿੱਚ ਸੰਪੂਰਨ ਹੈ। ਪਰ ਇੱਸ ਨੂੰ ਸਮਝਣ ਲਈ ਬਹੁਤ ਮਿਹਨੱਤ ਮੁਸ਼ੱਕਤ ਕਰਨੀ ਪੈਂਦੀ ਹੈ। ਆਉ ਇੱਸ ਢੰਗ ਨੂੰ ਵਰਤਣ ਦੀਆਂ ਮਿਸਾਲਾਂ ਰਾਹੀਂ ਵਿਚਾਰੀਏ ਅਤੇ ਸਮਝੀਏ।

ਗੁਰਾਬਾਣੀ ਕਵਿਤਾ ਰਾਹੀਂ ਲਿਖੀ ਗਈ ਹੈ ਅਤੇ ਇੱਸ ਵਿੱਚ ਅਲੰਕਾਰਾਂ ਦੀ ਵਰਤੋਂ ਕੀਤੀ ਗਈ ਹੈ। ਰੋਜ਼ਾਨਾ ਜ਼ਿੰਦਗੀ ਦੀ ਬੋਲੀ ਦੀ ਵਰਤੋਂ ਕਰਕੇ ਇੱਸ ਨੂੰ ਸੁਖਾਲ਼ਾ ਕੀਤਾ ਗਿਆ ਸੀ। ਪਰ ਇਹ ਬੋਲੀ ਪੁਰਾਣੇ ਸਮੇਂ ਦੀ ਹੈ, ਇੱਸ ਨੂੰ ਅੱਜ ਸਮੱਝਣ ਲਈ ਕਾਫੀ ਮਿਹਨੱਤ ਕਰਨ ਤੋਂ ਬਿਨਾ ਗੱਲ ਨਹੀਂ ਬਣਦੀ। ਮਿਹਨੱਤ ਧੀਰਜ ਦਾ ਆਸਰਾ ਮੰਗਦੀ ਹੈ। ਬਾਣੀ ਵਿੱਚ ਤਾਰੀਖ਼ੀ ਅੰਸ਼ ਵੀ ਹਨ; ਜਿਨ੍ਹਾਂ ਦੀ ਪਛਾਣ ਅਤੇ ਸ਼ਾਨਬੀਨ ਕਰਨ ਲਈ ਸੋਚ ਦਾ ਸੌੜਾ ਦਾਇਅਰਾ ਸਹੀ ਅਰਥ ਲੱਭਣ ਵਿੱਚ ਰੁਕਾਵਟ ਪਾਉਂਦਾ ਹੈ। ਇਹ ਸੱਤ ਸਲੋਕ ਇੱਸ ਕਰਕੇ ਚੁਣੇ ਗਏ ਹਨ ਕਿ ਕਈ ਸੱਜਣ ਭੱਟਾਂ ਦੀ ਬਾਣੀ ਨੂੰ ਹਿੰਦੂ ਧਰਮ ਦਾ ਪਾਹ ਦੇ ਕੇ ਪੈਸ਼ ਕਰਦੇ ਹੋਏ ਵੀ ਆਪਣੇ ਆਪ ਨੂੰ ਸਿੱਖੀ ਦੇ ਥੰਮ ਕਬੂਲ ਕਰਨ ਦੀ ਜ਼ਿਆਦਤੀ ਕਰ ਰਹੇ ਹਨ। ਜਿੱਸ ਨੂੰ ਪਰਵਾਨ ਕਰਨਾ ਔਖਾ ਹੀ ਨਹੀ, ਸਗੋਂ ਸਿੱਖ ਧਰਮ ਦੀ ਹਾਨੀ ਕਬੂਲ ਕਰਨ ਦੇ ਬਰਾਬਰ ਹੈ।

ਇੱਸ ਖੋਜ `ਤੇ ਅਧਾਰਤ ਲੇਖ ਵਿੱਚ ਦੋ ਉੱਘੇ ਵਿਦਵਾਨਾਂ ਦੇ ਪੰਜਾਬੀ ਵਿੱਚ ਕੀਤੇ ਅਰਥ ਦੇ ਰੇਹੇ ਹਾਂ। ਇਹ ਹਨ ਭਾਈ ਸਹਿਬ ਸਿੰਘ (੧) ਅਤੇ ਸ. ਮਨਮੋਹਣ ਸਿੰਘ (੨)। ਹੋਰ ਵਿਦਵਾਨਾਂ ਦੇ ਅੰਗ੍ਰਜ਼ੀ ਵਿੱਚ ਕੀਤੇ ਗੁਰਬਾਣੀ ਦੇ ਅਰਥ ਕਿਸੇ ਹੋਰ ਖੋਜ `ਤੇ ਅਧਾਰਤ ਲੇਖ ਵਿੱਚ ਦਿੱਤੇ ਜਾਣ ਗੇ।

ਜੋਤਿ ਰੂਪਿ ਹਰਿ ਆਪਿ, ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ, ਤਤੁ ਮਿਲਾਯਉ॥

(੧) ਅਰਥ: ਪ੍ਰਕਾਸ-ਰੂਪ ਹਰੀ ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਅ। ਉਸ (ਗੁਰੂ ਨਾਨਕ) ਤੋਂ ਗੁਰੂ ਅੰਗਦ ਪ੍ਰਗਟ ਹੋਇਆ, ਗੁਰੂ ਨਾਨਕ ਦੀ ਜੋਤਿ ਗੁਰੂ ਅੰਗਦ ਦੀ ਜੋਤਿ ਨਾਲ ਮਿਲ ਗਈ।

(੨) ਅਰਥ: ਪ੍ਰਕਾਸ਼ ਦੇ ਸਰੂਪ, ਵਾਹਿਗੁਰੂ, ਨੇ ਆਪਣੇ ਆਪ ਨੂੰ ਗੁਰੂ ਨਾਨਕ ਅਖਵਾਇਆ ਹੈ। ਉਨ੍ਹਾਂ ਤੋਂ ਅੰਗਦ ਗੁਰੂ ਹੋਇਆ, ਜਿੱਸ ਨੂੰ ਉਨ੍ਹਾਂ ਨੇ ਤੁਰਤ ਹੀ, ਆਦੀ ਪ੍ਰਭੂ ਨਾਲ ਮਿਲਾ ਦਿੱਤਾ।

ਅਰਥ: ਕਿਹਾ ਜਾਂਦਾ ਹੈ, ਕਿ ਗੁਰੂ ਨਾਨਕ ਵਿੱਚ ਇੱਕੋਓ ਨੇ ਆਪਨੀ ਜੋਤ ਪ੍ਰਕਾਸ਼ ਕੀਤੀ ਹੋਈ ਸੀ। ਓਹ ਹੀ ਜੋਤ ਫਿਰ ਗੁਰੂ ਨਾਨਕ ਤੋਂ ਗੁਰੂ ਅੰਗੱਦ ਵਿੱਚ ਪ੍ਰਗਟ ਹੋ ਗਈ ਸੀ।

ਅੰਗਦਿ ਕਿਰਪਾ ਧਾਰ, ਅਮਰੁ ਸਤਿਗੁਰੁ ਥਿਰੁ ਕੀਅਉ॥ ਅਮਰ ਦਾਸਿ ਅਮਰਤੁ ਛਤਰੁ, ਗੁਰ ਰਾਮਹਿ ਦੀਅਉ॥

(੧) ਅਰਥ: ਗੁਰੂ ਅੰਗੱਦ ਨੇ ਕਿਰਪਾ ਕਰ ਕੇ ਅਮਰਦਾਸ ਨੂੰ ਗੁਰੂ ਥਾਪਿਆ; ਗੁਰੂ ਅਮਰਦਾਸ ਨੇ ਆਪਣੇ ਵਾਲਾ ਛਤਰ ਗੁਰੂ ਰਾਮਦਾਸ ਨੂੰ ਦੇ ਦਿੱਤਾ।

(੨) ਅਰਥ: ਆਪਣੀ ਮਿਹਰ ਨਿਛਾਵਰ ਕਰਕੇ, ਅੰਗੱਦ ਨੇ ਅਮਰਦਾਸ ਨੂੰ ਸੱਚਾ ਗੁਰੂ ਅਸਥਾਪਨ ਕੀਤਾ। ਅਮਰਦਾਸ ਨੇ ਅੰਮ੍ਰਿਤਮਈ ਚੌਰ ਛਤ੍ਰ ਗੁਰੂ ਰਾਮਦਾਸ ਨੂੰ ਬਖ਼ਸ਼ਿਆ।

ਅਰਥ: ਗੁਰੂ ਅੰਗੱਦ ਦੀ ਕਿਰਪਾ ਦੁਆਰਾ ਗੁਰੂ ਅਮਰਦਾਸ ਨੂੰ ਗੁਰਿਆਈ ਮਿਲੀ ਸੀ। ਗੁਰੂ ਅੰਗੱਦ ਨੇ ਆਪਣਾ ਗੁਰਿਆਈ ਦਾ ਛੱਤਰ ਗੁਰੂ ਰਾਮਦਾਸ ਨੂੰ ਸੌਂਪ ਦਿੱਤਾ।

ਗੁਰ ਰਾਮਦਾਸ ਦਰਸਨੁ ਪਰਸਿ, ਕਹਿ ਮਥੁਰਾ ਅੰਮ੍ਰਿਤ ਬਯਣ॥ ਮੂਰਤਿ ਪੰਚ ਪ੍ਰਮਾਣੁ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ॥ ੧॥ {ਪੰਨਾ ੧੪੦੮}

(੧) ਅਰਥ: ਮਥਰਾ ਆਖਦਾ ਹੈ, ਗੁਰੂ ਅਮਰਦਾਸ ਦਾ ਦਰਸ਼ਨ ਕਰ ਕੇ ਗੁਰੂ ਅਰਜਨ ਦੇ ਬਚਣ ਆਤਮਿਕ ਜੀਵਨ ਦੇਣ ਵਾਲੇ ਹੋ ਗਏ ਹਨ। ਪੰਜਵੇਂ ਸਰੂਪ ਅਕਾਲਪੁਰਖ ਰੂਪ ਗੁਰੂ ਅਰਜਨ ਨੂੰ ਅੱਖਾਂ ਨਾਲ ਵੇਖੋ।

(੨) ਅਰਥ: ਮਥਰਾ ਆਖਦਾ ਹੈ, ਗੁਰੂ ਰਾਮਦਾਸ ਦਾ ਦੀਦਾਰ ਦੇਖ, ਅੰਮ੍ਰਿਤ-ਵਰਗੇ ਮਿੱਠੇ ਥੀ ਗਏ ਅਰਜਨ ਦੇ ਬਚਨ-ਬਿਲਾਸ। ਆਪਣੇ ਨੇਤ੍ਰਾਂ ਨਾਲ ਤੂੰ ਪ੍ਰਮਾਣੀਕ ਪੁਰਸ਼, ਅਰਜਨ, ਪੰਜਵੇਂ ਗੁਰੂ ਦੇ ਸਰੂਪ ਨੂੰ ਵੇਖ। ੧।

ਅਰਥ: ਮਥਰਾ ਆਖ! ਰਾਮਦਾਸ ਗੁਰੂ ਦੇ ਗਿਆਨ ਦੀ ਸਿਆਨ ਅਤੇ ਵਿਚਾਰ ਕਰਕੇ ਗੁਰੂ ਅਰਜਨ ਦੇ ਬੱਚਨ ਆਤਮਿੱਕ ਜੀਵਨ ਦੇ ਅੰਮ੍ਰਿਤ ਦਾ ਸੋਮਾ ਬਣ ਗਏ। ਹੇ ਲੋਕੋ! ਅਕਾਲਪੁਰਖ ਵਲੋਂ ਪੰਜਾਂ ਵਰਨਾਂ ਦੇ ਲੋਕਾਂ ਨੂੰ ਮਿਲੀ ਪਰਮਾਨਤਾ ਅਰਜਨ ਗੁਰੂ ਦੀਆਂ ਅੱਖਾਂ ਵਿੱਚ ਤੱਕੋ। ੧। In Tamalnadu untouchables are Panchma Varna--tricities.com

(੩)। ਸਵਾਮੀ ਰਾਮ ਤੀਰਥ ਅਨੁਸਾਰ ਹਿੰਦੂ ਧਰਮ ਵਿੱਚ ਪੰਜ ਵਰਨ ਹਨ; ਬ੍ਰਹਾਮਨ, ਕਛੱਤਰੀ, ਵੈਸ਼, ਸ਼ੂਦਰ ਅਤੇ ਅਛੂਤ (੪)।

ਸਤਿ ਰੂਪੁ ਸਤਿ ਨਾਮਿ, ਸਤੁ ਸੰਤੋਖੁ ਧਰਿਓ ਉਰਿ॥ ਆਦਿ ਪੁਰਖਿ ਪਰਤਖਿ ਲਿਕ੍ਹਓ ਅਚਰੁ, ਮਸਤਕਿ ਧੁਰਿ॥

(੧) ਅਰਥ: ਗੁਰੂ ਅਰਜਨ ਨੇ ਸੱਤ ਸੰਤੋਖ ਹਿਰਦੇ ਵਿੱਚ ਧਾਰਨ ਕੀਤਾ ਹੈ। ਉੱਸ ਹਰੀ ਨੂੰ ਆਪਣੇ ਅੰਦਰ ਟਿਕਾਇਆ ਹੈ, ਜਿੱਸ ਦਾ ਰੂਪ ਸਤਿ ਹੈ ਅਤੇ ਨਾਮ ਸਦਾ ਥਿਰ ਹੈ। ਪਰਤੱਖ ਤੌਰ ਤੇ ਅਕਾਲਪੁਰਖ ਨੇ ਧੁਰੋਂ ਹੀ ਆਪ ਦੇ ਮੱਥੇ ਤੇ ਲੇਖ ਲਿਖਿਆ ਹੈ।

(੨) ਅਰਥ: ਸੱਚ ਦੇ ਸਰੂਪ ਹਰੀ ਦਾ ਸੱਚਾ ਨਾਮ, ਸੱਚਾਈ ਤੇ ਸੰਤੁਸ਼ਟਤਾ, ਗੁਰੂ ਅਰਜਨ ਨੇ ਆਪਣੇ ਮਨ ਅੰਦਰ ਟਿਕਾਈਆਂ ਹੋਈਆਂ ਹਨ। ਆਰੰਭ ਤੋਂ ਹੀ, ਆਦੀ ਪ੍ਰਭੂ ਨੇ ਪ੍ਰਗਟ ਤੌਰ ਤੇ ਉਨ੍ਹਾਂ ਦੇ ਮੱਥੇ ਉੱਤੇ ਇਹ ਪ੍ਰਾਲਭਤਾ ਲਿਖੀ ਹੋਈ ਸੀ।

ਅਰਥ:: ਗੁਰੂ ਅਰਜਨ ਨੇ ਸਤਿ ਨਾਮ ਅਤੇ ਸੱਤ ਸੰਤੋਖ ਆਪਣੇ ਹਿਰਦੇ ਅੰਦਰ ਧਰੇ ਹੋਏ ਸਨ। ਇੱਕੋਓ, ਸੱਚ ਦਾ ਰੂਪ, ਆਪਣੇ ਹਿਰਦੇ ਵਿੱਚ ਹਾਜ਼ਰ ਨਾਜ਼ਰ ਰੱਖਿਆ ਹੋਇਆ ਹੈ, ਜਿੱਸ ਨੇ ਧੁਰ ਤੋਂ ਹੀ ਬਖ਼ਸ਼ੱਸ਼ਾਂ ਦੀ ਮਿਹਰ ਗੁਰੂ ਅਰਜਨ ਉੱਪਰ ਕੀਤੀ ਹੋਈ ਹੈ।

ਪ੍ਰਗਟ ਜੋਤਿ ਜਗਮਗੈ, ਤੇਜੁ ਭੂਅ ਮੰਡਲਿ ਛਾਯਉ॥ ਪਾਰਸੁ ਪਰਸਿ ਪਰਸੁ ਪਰਸਿ, ਗੁਰਿ ਗੁਰੂ ਕਹਾਯਉ॥

(੧) ਅਰਥ: ਆਪ ਦੇ ਅੰਦਰ ਪ੍ਰਗਟ ਤੌਰ ਤੇ ਹਰੀ ਦੀ ਜੋਤਿ ਜਗਮਗ ਜਗਮਗ ਕਰ ਰਹੀ ਹੈ, ਆਪ ਦਾ ਤੇਜ ਧਰਤੀ ਉੱਤੇ ਛਾਇਆ ਹੋਇਆ ਹੈ। ਗੁਰੂ (ਪਾਰਸ) ਨੂੰ ਛੋਹ ਕੇ ਆਪ ਗੁਰੂ ਤੋਂ ਗੁਰੂ ਅਖਵਾਏ।

(੨) ਅਰਥ: ਉਨ੍ਹਾਂ ਦਾ ਈਸ਼ਵਰੀ ਨੂਰ ਪ੍ਰਤੱਖ ਹੀ ਚਮਕ ਰਿਹਾ ਹੈ ਅਤੇ ਉਨ੍ਹਾਂ ਦਾ ਪਰਤਾਪ ਸੰਸਾਰ ਦੀ ਪੁਰੀ ਅੰਦਰ ਫੈਲ ਰਿਹਾ ਹੈ। ਗੁਰੂ ਰਸਾਇਣ ਨਾਲ ਮਿਲ, ਮਿਲ ਅਤੇ ਪਰਸ ਕੇ ਉਹ ਗੁਰੂ ਕਹਿਲਾਏ।

ਅਰਥ: ਆਪ ਦੇ ਅੰਦਰ ਇੱਕੋਓ ਦੀ ਜੋਤ ਪ੍ਰਗੱਟ ਹੋ ਕੇ ਚਮੱਕ ਰਹੀ ਹੈ, ਜਿੱਸ ਦਾ ਪਰਤਾਪ ਸਾਰੇ ਸੰਸਾਰ ਵਿੱਚ ਫੈਲਿਆ ਹੋਇਆ ਹੋਇਆ ਹੈ। ਪਾਰਸ ਗੁਰੂ ਨੂੰ ਅਤੇ ਪਰਸੱਣ ਜੋਗ ਗੁਰੂ ਨੂੰ ਛੋਹਕੇ ਆਪ ਨੇ ਗੁਰੂ ਤੋਂ ਆਪਣੇ ਆਪ ਨੂੰ ਗੁਰੂ ਅਖਵਾਇਆ ਹੈ।

ਭਨਿ ਮਥੁਰਾ, ਮੂਰਤਿ ਸਦਾ ਥਿਰੁ ਲਾਇ ਚਿਤੁ ਸਨਮੁਖ ਰਹਹੁ॥ ਕਲਜਗਿ ਜਹਾਜੁ, ਅਰਜੁਨੁ ਗੁਰੂ, ਸਗਲ ਸ੍ਰਿਸਿਟ ਲਗਿ ਬਿਤਰਹੁ॥ ੨॥ {ਪੰਨਾ ੧੮੦੮}

(੧) ਅਰਥ: ਹੇ ਮਥਰਾ! ਆਖ- ਗੁਰੂ ਅਰਜਨ ਦੇ ਸਰੂਪ ਵਿੱਚ ਮਨ ਭਲੀ ਪ੍ਰਕਾਰ ਜੋੜ ਕੇ ਸਨਮੁੱਖ ਰਹੇ। ਗੁਰੂ ਅਰਜਨ ਕਲਜੁਗ ਵਿੱਚ ਜਹਾਜ਼ ਹੈ। ਹੇ ਦੁਨੀਆ ਦੇ ਲੋਕੋ! ਉਸ ਦੇ ਚਰਨੀ ਲੱਗ ਕੇ ਸੰਸਾਰ ਸਾਗਰ ਤੋਂ ਸਹੀ ਸਲਾਮਿੱਤ ਪਾਰ ਲੰਘੋ। ੨।

(੨) ਅਰਥ: ਮਥਰਾ ਆਖਦਾ ਹੈ, ਮੈਂ ਆਪਣੀ ਬਿਰਤੀ ਸਦੀਵ ਹੀ ਉਨ੍ਹਾਂ ਦੇ ਸਰੂਪ ਨਾਲ ਜੋੜਦਾ ਹਾਂ ਤੇ ਉਨ੍ਹਾਂ ਦਾ ਆਗਿਆਕਾਰੀ ਰਹਿੰਦਾ ਹਾਂ। ਕਲਯੁਗ ਅੰਦਰ, ਗੁਰੂ ਅਰਜਨ ਬੋਹਿਥ ਹਨ। ਉਨ੍ਹਾਂ ਨਾਲ ਜੁੜ ਕੇ ਸਾਰਾ ਸੰਸਾਰ ਸਹੀ ਸਲਾਮਤ ਪਾਰ ਉਤਰ ਜਾਂਦਾ ਹੈ। ੨।

ਅਰਥ: ਹੇ ਮਥਰਾ! ਕਹੁ ਕਿ ਮੈਂ ਸਦਾ ਅਪਣੀ ਬਿਰਤੀ ਗੁਰੂ ਅਰਜਨ ਦੇ ਸਰੂਪ ਵਿੱਚ ਜੋੜ ਕੇ ਸਨਮੁੱਖ ਰਹਾਂ। ਗੁਰੂ ਅਰਜਨ ਇੱਸ ਕਲਜੁੱਗੀ ਸਮੇਂ ਵਿੱਚ ਇੱਕ ਜਹਾਜ਼ ਦੀ ਤਰ੍ਹਾਂ ਸੰਸਾਰ ਸਮੁੰਦਰ ਵਿੱਚੋਂ ਸਾਨੂੰ ਸਹੀ ਸਲਾਮੱਤ ਪਾਰ ਲੈ ਜਾਵੇਗਾ। ੨।

ਤਿਹ ਜਨ ਜਾਚਹੁ, ਜਗਤ੍ਰ ਪਰ ਜਾਨੀਅਤੁ, ਬਾਸੁਰ ਰਯਨਿ, ਬਾਸੁ ਜਾ ਕੋ ਹਿਤੁ ਨਾਮ ਸਿਉ॥ ਪਰਮ ਅਤੀਤੁ, ਪਰਮੇਸੁਰ ਕੈ ਰੰਗਿ ਰੰਗ੍ਹੌ, ਬਾਸਨਾ ਤੇ ਬਾਹਰਿ, ਪੈ ਦੇਖੀਅਤੁ ਧਾਮ ਸਿਉ॥

(੧) ਅਰਥ: ਹੇ ਲੋਕੋ! ਉੱਸ ਗੁਰੂ ਦੇ ਦਰ ਤੋਂ ਮੰਗੋ, ਜੋ ਸਾਰੇ ਸੰਸਾਰ ਵਿੱਚ ਪ੍ਰਗਟ ਹੈ, ਤੇ ਦਿਨ ਰਾਤ ਜਿੱਸ ਦਾ ਪਿਆਰ ਅਤੇ ਵਾਸਾ ਨਾਮ ਨਾਲ ਹੈ। ਜੋ ਪੂਰਨ ਵੈਰਾਗਵਾਨ ਹੈ, ਹਰੀ ਦੇ ਪਿਆਰ ਵਿੱਚ ਭਿੱਜਾ ਹੋਇਆ ਹੈ। ਵਾਸਨਾ ਤੋਂ ਪਰੇ ਹੈ, ਪਰ ਉੰਞ ਗ੍ਰਿਹਸਤ ਵਿੱਚ ਵੇਖੀਦਾ ਹੈ।

(੨) ਅਰਥ: ਮੈਂ ਕੇਵਲ ਉੱਸ ਪੁਰਸ਼ ਪਾਸੋਂ ਮੰਗਦਾ ਹਾਂ, ਜੋ ਜਹਾਨ ਉੱਤੇ ਪਰਸਿੱਧ ਹੈ ਅਤੇ ਜੋ ਦਿਹੁੰ ਅਤੇ ਰਾਤ ਨਾਮ ਅੰਦਰ ਵੱਸਦਾ ਅਤੇ ਉੱਸ ਨੂੰ ਪਿਆਰ ਕਰਦਾ ਹੈ। ਉਹ ਮਹਾਨ ਨਿਰਲੇਪ, ਸ੍ਰੋਮਣੀ ਸਾਹਿਬ ਦੇ ਪ੍ਰੇਮ ਵਿੱਚ ਰੰਗੇ ਹੋਏ ਅਤੇ ਖਾਹਿਸ਼-ਰਹਿਤ ਹਨ ਪਰ ਦੇਖਣ ਨੂੰ ਗ੍ਰਿਹਸਤੀ ਹਨ।

ਅਰਥ: ਹੇ ਜਗਿਆਸੂਓ! ਸੰਸਾਰ ਵਿੱਚ ਜਾਣੇ ਅਤੇ ਪਛਾਣੇ ਗੁਰੂ ਤੋਂ ਮੰਗੋ, ਜੋ ਨਾਮ ਅਤੇ ਗਿਆਨ ਨਾਲ ਪਿਆਰ ਕਰਦਾ ਹੈ। ਉਹ ਇੱਕੋਓ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਅਤੇ ਦੁਨੀਆਵੀ ਮਾਇਆ ਅਤੇ ਮੋਹ ਤੋਂ ਪਰੇ ਹੈ। ਉਂਜ ਭਾਵੇਂ ਉਹ ਗ੍ਰਿਹਸਤੀ ਨਜ਼ਰ ਆਉਂਦਾ ਹੈ।

ਅਪਰ ਪਰੰਪਰ ਪੁਰਖ ਸਿਉ, ਪ੍ਰੇਮੁ ਲਾਗ੍ਹੌ, ਬਿਨੁ ਭਗਵੰਤ, ਰਸੁ ਨਾਹੀ ਅਉਰੈ ਕਾਮਿ ਸਿਉ॥ ਮਥੁਰਾ ਕੋ ਪ੍ਰਭੁ ਸ੍ਰਬਮਯ, ਅਰਜੁਨ ਗੁਰੁ, ਭਗਤਿ ਕੈ ਹੇਤਿ ਪਾਇ ਕਹਿਓ ਮਿਲਿ ਰਾਮ ਸਿਉ॥ ੩॥ {ਪੰਨਾ ੧੪੦੮}

(੧) ਅਰਥ: ਜਿੱਸ ਗੁਰੂ ਅਰਜਨ ਦਾ ਪਿਆਰ ਬੇਅੰਤ ਹਰੀ ਨਾਲ ਲੱਗਾ ਹੋਇਆ ਹੈ, ਤੇ ਜਿੱਸ ਨੂੰ ਹਰੀ ਤੋਂ ਬਿਨਾ ਕਿਸੇ ਹੋਰ ਕੰਮ ਨਾਲ ਗਉਂ ਨਹੀਂ ਹੈ। ਉਹ ਗੁਰੂ ਅਰਜਨ ਹੀ ਮਥਰਾ ਦਾ ਸਰਬ ਵਿਆਪਕ ਪ੍ਰਭੂ ਹੈ, ਉਹ ਭਗਤੀ ਦੀ ਖ਼ਾਤਰ ਹਰੀ ਦੇ ਚਰਨਾਂ ਵਿੱਚ ਜੁੜਿਆ ਹੋਇਆ ਹੈ। ੩।

(੨) ਅਰਥ: ਉਨ੍ਹਾਂ ਦੀ ਬੇਅੰਤ ਅਤੇ ਹੱਦਬੰਨਾ-ਰਹਿਤ ਪ੍ਰਭੂ ਨਾਲ ਪ੍ਰੀਤ ਪਈ ਹੋਈ ਹੈ ਅਤੇ ਆਪਣੇ ਮਾਲੱਕ ਦੇ ਬਗੈਰ, ਉਨ੍ਹਾਂ ਦਾ ਕਿਸੈ ਹੋਰ ਸੁਆਦ ਨਾਲ ਕੋਈ ਵਾਸਤਾ ਨਹੀਂ। ਮਥਰੇ ਭੱਟ ਦਾ ਸਾਂਈ, ਗੁਰੂ ਅਰਜਨ ਸਰਬ ਵਿਆਪਕ ਹਰੀ ਹੈ। ਉੱਸ ਦੇ ਸਿਮਰਨ ਦੀ ਖ਼ਾਤਰ, ਉਹ ਸੁਆਮੀ ਦੇ ਪੈਰਾਂ ਨਾਲ ਜੁੜਿਆ ਰਹਿੰਦਾ ਹੈ।

ਵਿਆਖਿਆਂ: ਭਾਈ ਸਾਹਿਬ ਸਿੰਘ ਅਤੇ ਭਾਈ ਮਨਮੋਹਨ ਸਿੰਘ ਦੇ ਉੱਪਰ ਦਿੱਤੇ ਅਰਥਾਂ ਵਿੱਚ ਕੁੱਝ ਸ਼ਬਦ ਵਰਤੇ ਗਏ ਹਨ, ਜਿਨ੍ਹਾਂ ਦੀ ਗੁਰਬਾਨੀ ਦੀ ਕਸਵੱਟੀ ਤੇ ਪਰੱਖ ਅਤੇ ਪੜਤਾਲ ਕਰਨ ਦੀ ਲੋੜ ਪਈ ਹੈ। ਇੱਸ ਪਰਸੰਗ ਵਿੱਚ ਅਸੀਂ ਗੁਰੂ ਅਰਜਨ ਅਤੇ ਭਗਤ ਕਬੀਰ ਦੇ ਦੋ ਸਲੋਕ ਅਰਥਾਂ ਸਮੇਤ ਹੇਠਾਂ ਦੇ ਰਹੇ ਹਾਂ।

ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ॥ ਕਬੀਰ ਕੋ ਸੁਆਮੀ ਐਸੋ ਠਾਕੁਰ ਜਾ ਕੈ ਮਾਈ ਨ ਬਾਪੋ ਰੇ॥

ਕਬੀਰ ਅਗਗਸ ਪੰਨਾ ੩੩੯

ਇੱਕੋਓ, ਅਕਾਲਪੁਰੱਖ, ਜੂਨਾਂ ਵਿੱਚ ਨਹੀਂ ਪੈਂਦਾ ਅਤੇ ਮਰਨ ਜੀਵਨ ਦੇ ਝੰਜੱਟ ਵਿੱਚ ਵੀ ਨਹੀਂ ਪੈਂਦਾ। ਉੱਸਦਾ ਕੋਈ ਮਾਤਾ ਜਾਂ ਪਿਤਾ ਵੀ ਨਹੀਂ ਹੈ।

ਜਨਮਿ ਨ ਮਰੈ ਨ ਆਵੈ ਨ ਜਾਇ॥ ਨਾਨਕ ਕਾ ਪ੍ਰਭੁ ਰਹਿਓ ਸਮਾਇ॥ ੪॥ ੧॥

ਮ-੫ ਅਗਗਸ ਪੰਨਾ ੧੧੩੬

ਇੱਕੋਓ, ਅਕਾਲਪੁਰੱਖ, ਪੈਦਾ ਹੋਣ ਦੇ ਜਾਂ ਮਰਨ ਦੇ ਝੰਜਟ ਵਿੱਚ ਨਹੀਂ ਪੈਂਦਾ। ਨਾ ਹੀ ਉਹ ਅਵਤਾਰ ਧਾਰਨ ਕਰਦਾ ਹੈ। ਨਾਨਕ ਦਾ ਗੁਰੂ ਤਾਂ ਸੰਸਾਰ ਵਿੱਚ ਹੀ ਰਮਇਆ ਹੋਇਆ ਹੈ। ੪। ੧।

ਉੱਪਰ ਦਿੱਤੀ ਦਲੀਲ ਅਤੇ ਜਾਣਕਾਰੀ ਜੋ ਆਦਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲੀ ਹੈ, ਇੱਸ ਅਨੁਸਾਰ ਇੱਸ ਸਲੋਕ ਦੇ ਅਰਥ ਹੇਠਾਂ ਕੀਤੇ ਗਏ ਹਨ। ੪। ੧।

ਅਰਥ: ਗੁਰੂ ਅਰਜਨ ਦਾ ਉਚਤੱਮ ਅਕਾਲਪੁਰਖ ਨਾਲ ਪ੍ਰੇਮ ਪਿਆ ਹੋਇਆ ਹੈ, ਇੱਕੋਓ ਤੋਂ ਬਿਨਾ ਕਿਸੇ ਹੋਰ ਨਾਲ ਉਹ ਦਾ ਕੋਈ ਵਾਸਤਾ ਨਹੀਂ ਹੈ। ਮਥਰੇ ਦਾ ਗੁਰੂ ਜੋ ਸੱਭ ਵਿੱਚ ਹੈ; ਉਹ ਅਰਜਨ ਦਾ ਗੁਰੂ ਇੱਕੋਓ ਹੈ। ਉਹ (ਮਥਰਾ) ਭਗਤਾਂ ਨੂੰ ਸਲਾਹ ਦੇਂਦਾ ਹੈ ਕਿ ਤੁਸੀਂ ਵੀ ਇੱਕੋਓ, ਜਿੱਸ ਨੂੰ ਰਾਮ ਵੀ ਆਖਦੇ ਹਨ, ਉੱਸ ਦਾ ਪੱਲਾ ਪਕੜੋ। ੩।

ਅੰਤੁ ਨ ਪਾਵਤ ਦੇਵ ਸਬੈ ਮੁਨਿ, ਇੰਦ੍ਰ ਮਹਾ ਸਿਵ ਜੋਗ ਕਰੀ॥ ਫੁਨਿ, ਬੇਦ ਬਿਰੰਚਿ ਬਿਚਾਰਿ ਰਹਿਓ, ਹਰਿ ਜਾਪੁ ਨ ਛਾਡ੍ਹਉ ਏਕ ਘੜੀ॥

(੧) ਅਰਥ: ਇੰਦਰ ਅਤੇ ਸ਼ਿਵ ਨੇ ਜੋਗ-ਸਾਧਨਾ ਕੀਤੀ, ਬ੍ਰਹਮਾ ਬੇਦ ਵਿਚਾਰ ਕੇ ਥੱਕ ਗਿਆ, ਉੱਸ ਨੇ ਹਰੀ ਦਾ ਜਾਪ ਇੱਕ ਘੜੀ ਨ ਛੱਡਿਆ। ਪਰ ਇਨ੍ਹਾਂ ਸਾਰੇ ਦੇਵਤਿਆਂ ਤੇ ਮੁਨੀਆਂ ਨੇ ਗੁਰੂ ਅਰਜਨ ਦਾ ਅੰਤ ਨ ਪਾਇਆ।

(੨) ਅਰਥ: ਸਾਰਿਆਂ ਦੇਵਤਿਆਂ, ਰਿਸ਼ੀਆਂ, ਇੰਦ੍ਰ ਅਤੇ ਯੋਗ ਕਮਾਉਣ ਵਾਲੇ ਵੱਡੇ ਸ਼ਿਵਜੀ ਨੂੰ ਸੁਆਮੀ ਦੇ ਓੜਕ ਦਾ ਪਤਾ ਨਹੀਂ ਲੱਗਾ ਅਤੇ ਬ੍ਰਹਮੇ ਨੂੰ ਵੀ ਨਹੀਂ, ਜੋ ਵੇਦਾਂ ਦੀ ਸੋਚ-ਵਿਚਾਰ ਕਰੀ ਜਾ ਰਿਹਾਂ ਸੀ। ਇੱਸ ਲਈ ਮੈਂ ਸੁਆਮੀ ਦੇ ਸਿਮਰਨ ਨੂੰ ਇੱਕ ਪੱਲ ਭਰ ਲਈ ਵੀ ਨਹੀਂ ਛੱਡਦਾ।

ਅਰਥ: ਇੰਦਰ ਅਤੇ ਸ਼ਿਵ ਨੇ ਜੋਗ ਅਭਿਆਸ ਕੀਤਾ; ਬ੍ਰਹਮ ਬੇਦਾਂ ਦਾ ਵਿਚਾਰ ਕਰਦਾ ਥੱਕ ਗਿਆ। ਉਨ੍ਹਾਂ ਨੇ ਅਕਾਲਪੁਰਖ ਦਾ ਜਾਪ ਪੱਲ ਵਾਸਤੇ ਵੀ ਨ ਛੱਡਿਆ, ਪਰ ਇਨ੍ਹਾਂ ਸਾਰੇ ਦੇਵਤਿਆਂ, ਰਿਸ਼ੀਆਂ ਅਤੇ ਮੁਨੀਆਂ ਨੇ (ਗੁਰੂ ਅਰਜਨ) ਦਾ ਅੰਤ ਨ ਪਾਇਆ।

ਮਥੁਰਾ ਜਨ ਕੋ ਪ੍ਰਭੁ ਦੀਨ ਦਯਾਲ ਹੈ, ਸੰਗਤਿ ਸ੍ਰਿਸਿਟ ਨਿਹਾਲੁ ਕਰੀ॥ ਰਾਮ ਦਾਸਿ ਗੁਰੂ, ਜਗ ਤਾਰਨ ਕਉ, ਗੁਰ ਜੋਤਿ, ਅਰਜੁਨ ਮਾਹਿ ਧਰੀ॥ ੪॥ {ਪੰਨਾ ੧੪੦੮}

(੧) ਅਰਥ: ਦਾਸ ਮਥਰਾ ਦਾ ਪ੍ਰਭੂ ਗੁਰੂ ਅਰਜਨ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਆਪ ਨੇ ਸੰਗਤ ਅਤੇ ਸ੍ਰਿਸ਼ਟੀ ਨੂੰ ਨਿਹਾਲ ਕੀਤਾ ਹੈ। ਗੁਰੂ ਰਾਮਦਾਸ ਨੇ ਜਗਤ ਨੂੰ ਤਾਰਨ ਲਈ ਗੁਰੂ ਵਾਲੀ ਜੋਤਿ ਗੁਰੂ ਅਰਜਨ ਵਿੱਚ ਰੱਖ ਦਿੱਤੀ। ੪।

(੨) ਅਰਥ: ਗੋਲੇ ਮਥਰੇ ਦਾ ਮਾਲੱਕ ਮਸਕੀਨਾਂ ਉੱਤੇ ਮਿਹਰਬਾਨ ਹੈ। ਸਾਰੇ ਸੰਸਾਰ ਅੰਦਰ ਉਹ ਸਾਧ ਸੰਗਤ ਨੂੰ ਵਰੋਸਾਉਂਦਾ ਹੈ। ਸੰਸਾਰ ਦਾ ਪਾਰ ਉਤਾਰਾ ਕਰਨ ਦੇ ਲਈ, ਗੁਰੂ ਰਾਮਦਾਸ ਨੇ ਗੁਰਾਂ ਦਾ ਨੂਰ ਗੁਰੂ ਅਰਜਨ ਦੇ ਅੰਦਰ ਟਿਕਾ ਦਿੱਤਾ।

ਅਰਥ: ਦਾਸ ਮਥਰੇ ਦਾ ਅਕਾਲਪੁਰਖ ਮਸਕੀਨਾਂ ਉੱਪਰ ਮਿਹਰ ਕਰਨ ਵਾਲਾ ਹੈ; ਸੰਗਤ ਅਤੇ ਸਾਰੀ ਸ੍ਰਿਸ਼ਟੀ ਨੂੰ ਨਿਹਾਲ ਕਰਨ ਵਾਲਾ ਹੈ। ਗੁਰੂ ਰਾਮਦਾਸ ਨੇ ਜਗਤ ਨੂੰ ਤਾਰਨ ਲਈ ਗੁਰੂ ਵਾਲਾ ਨੂਰ ਗੁਰੂ ਅਰਜਨ ਅੰਦਰ ਟਿਕਾ ਕੇ ਉੱਸ ਨੂੰ ਇੱਕੋਓ ਦੀ ਸੇਵਾ ਸਾਲਾਹ ਬਖ਼ਸ਼ ਦਿੱਤੀ। ੪।

ਜਗ ਅਉਰੁ ਨ ਯਾਹਿ ਮਹਾ ਤਮ ਮੈ ਅਵਤਾਰੁ ਉਜਾਗਰੁ ਆਨਿ ਕੀਅਉ॥ ਤਿਨ ਕੇ ਦੁਖ ਕੋਟਿਕ ਦੂਰਿ ਗਏ ਮਥੁਰਾ ਜਿਨ ਅੰਮ੍ਰਿਤ ਨਾਮੁ ਪੀਅਉ॥

(੧) ਅਰਥ: ਜਗਤ ਦੇ ਇੱਸ ਘੋਰ ਹਨੇਰੇ ਵਿੱਚ ਗੁਰੂ ਅਰਜਨ ਤੋਂ ਬਿਨਾਂ ਕੋਈ ਹੋਰ ਰਾਖਾ ਨਹੀਂ ਹੈ, ਉੱਸ ਨੂੰ ਹਰੀ ਨੇ ਲਿਆ ਕੇ ਉਜਾਗਰ ਅਵਤਾਰ ਬਣਾਇਆ ਹੈ। ਹੇ ਮਥਰਾ! ਜਿਨ੍ਹਾਂ ਨੇ ਉੱਸ ਪਾਸੋਂ ਨਾਮ ਅੰਮ੍ਰਿਤ ਪੀਤਾ ਹੈ ਉਨ੍ਹਾਂ ਦੇ ਕਰੋਰਾਂ ਦੁੱਖ ਦੂਰ ਹੋ ਗਏ ਹਨ।

(੨) ਅਰਥ: ਇੱਸ ਜਹਾਨ ਵਿੱਚ, ਕੋੲੌ ਹੋਰ ਮਹਾਤਮਾ ਨਹੀਂ ਸੀ। ਅਰਜਨ ਨੂੰ ਪ੍ਰਭੂ ਨੇ ਖ਼ੁੱਦ ਆਪਣਾ ਪੈਗੰਬਰ ਪ੍ਰਗੱਟ ਕੀਤਾਂ ਹੈ। ਉਨ੍ਹਾਂ ਦੇ ਕ੍ਰੋੜਾਂ ਹੀ ਦੁੱਖ ਦੂਰ ਹੋ ਜਾਂਦੇ ਹਨ, ਜੋ ਉਨ੍ਹਾਂ ਦੇ ਰਾਹੀਂ ਨਾਮ-ਸੁਧਾਰਸ ਨੂੰ ਪਾਨ ਕਰਦੇ ਹਨ, ਮਥਰਾ ਆਖਦਾ ਹੈ।

ਵਿਆਖਿਆ: ਅਸੀਂ ਪਹਿਲੋਂ ਭਗਤ ਕਬੀਰ ਦਾ ਸਲੋਕ ਅਰਥਾਂ ਸਮੇਤ ਦੇ ਆਏ ਹਾਂ; ਜਿੱਸ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ, ਕਿ ਇੱਕੋਓ ਜੂਨੀਆਂ ਵਿੱਚ ਜਨਮ ਨਹੀਂ ਲੈਂਦਾ। ਸੋ ਏਥੇ ਗੁਰੂ ਅਰਜਨ ਨੂੰ ਪੈਗੰਬਰ ਜਾਂ ਅਵਤਾਰ ਕਹਿਣਾਂ ਠੀਕ ਨਹੀਂ ਜਾਪਦਾ।

ਇੱਸ ਕੱਥਨ ਦੁਆਰਾ ਗੁਰਬਾਣੀ ਦੀ ਵਿਰੋਧਤਾ ਹੁੰਦੀ ਹੈ।

ਅਰਥ: ਜਿੱਸ ਵੱਕਤ ਗੁਰੂ ਅਰਜਨ ਦਾ ਜਨਮ ਹੋਇਆ ਸੀ, ਉਦੋਂ ਸੰਸਾਰ ਵਿੱਚ ਗੁਰੂ ਰਾਮਦਾਸ ਤੋਂ ਬਿਨਾਂ ਕੋਈ ਹੋਰ ਮਹਾਂ ਪੁਰਸ਼ ਨਹੀਂ ਸੀ। ਇੱਕੋਓ ਦੀ ਮਿਹਰ ਸਦਕਾ ਗੁਰੂ ਅਰਜਨ ਦਾ ਜਨਮ ਹੋਇਆ ਸੀ। ਹੇ ਮਥਰਾ! ਜਿਨ੍ਹਾਂ ਨੇ ਗੁਰੂ ਅਰਜਨ ਤੋਂ ਅੰਮ੍ਰਿਤ ਨਾਮ ਪ੍ਰਾਪਤ ਕੀਤਾ ਹੈ, ਉਨ੍ਹਾਂ ਦੇ ਬੇਅੰਤ ਦੁੱਖ ਦੂਰ ਹੋ ਗਏ ਹਨ।

ਇਹ ਪਧਤਿ ਤੇ, ਮਤ ਚੁਕਿਹ, ਹੇ ਮਨ, ਭੇਦੁ ਬਿਭੇਦੁ ਨ ਜਾਨ ਬੀਉ॥ ਪਰਤਛਿ, ਰਿਦੈ ਗੁਰ ਅਰਜੁਨ ਕੈ, ਹਰਿ ਪੂਰਨ ਬ੍ਰਹਮਿ, ਨਿਵਾਸੁ ਲੀਉ॥ ੫॥ {ਪੰਨਾ ੧੪੦੯}

(੧) ਅਰਥ: ਹੇ ਮੇਰੇ ਮਨ ਕਿਤੇ ਇੱਸ ਰਾਹ ਤੋਂ ਖੁੰਝ ਨ ਜਾਈਂ, ਕਿਤੇ ਇਹ ਵਿੱਥ ਨ ਸਮਝੀਂ, ਕਿ ਗੁਰੂ ਅਰਜਨ ਹਰੀ ਤੋਂ ਵੱਖਰਾ ਦੂਜਾ ਹੈ। ਪੂਰਨ ਬ੍ਰਹਮ ਹਰੀ ਨੇ ਗੁਰੂ ਅਰਜਨ ਦੇ ਹਿਰਦੇ ਵਿੱਚ ਪ੍ਰਤੱਖ ਤੌਰ ਤੇ ਨਿਵਾਸ ਕੀਤਾ ਹੈ। ੫।

(੨) ਅਰਥ: ਹੇ ਬੰਦੇ, ਤੂੰ ਗੁਰਾਂ ਦੇ ਇੱਸ ਮਾਰਗ ਤੋਂ ਨਾ ਖੁੰਝ ਅਤੇ ਗੁਰੂ ਅਤੇ ਵਾਹਿਗੁਰੂ ਦੇ ਵਿਚਾਰ ਫ਼ਰਕ ਦੇ ਖਿਆਲ ਨੂੰ ਹੀ ਨਾਸ ਕਰਦੇ ਅਤੇ ਗੁਰਾਂ ਨੂੰ ਉੱਸ ਤੋਂ ਵੱਖਰਾ ਬਿਲਕੁੱਲ ਨ ਜਾਣ। ਸਰਬ-ਵਿਆਪੱਕ ਸੁਵਾਮੀ ਵਾਹਿਗੁਰੂ ਨੇ ਪ੍ਰਗੱਟ ਹੀ ਗੁਰੂ ਅਰਜਨ ਕੇ ਹਿਰਦੇ ਅੰਦਰ ਵਾਸਾ ਇਖ਼ਤਿਆਰ ਕਰ ਲਿਆ ਹੈ। ੫।

ਅਰਥ: ਹੇ ਵਿਅੱਕਤੀ! ਤੂੰ ਇੱਸ ਮਾਰਗ ਤੋਂ ਨ ਖੁੰਝ ਜਾਈਂ। ਗੁਰੂ ਅਰਜਨ ਅਤੇ ਇੱਕੋਓ ਵਿੱਚ ਕੋਈ ਫਰਕ ਨ ਸਮਝ, ਉਹਦੇ ਮਨ ਵਿੱਚ ਤਾਂ ਇੱਕੋਓ ਨੇ ਟਿਕਾਨਾ ਕੀਤਾ ਹੋਇਆ ਹੈ। ੫।

ਜਬ ਲਉ, ਨਹੀ ਭਾਗ ਲਿਲਾਰ ਉਦੈ, ਤਬ ਲਉ, ਭ੍ਰਮਤੇ ਫਿਰਤੇ, ਬਹੁ ਧਾਯਉ॥ ਕਲਿ ਘੋਰ ਸਮੁਦ੍ਰ ਮੈ ਬੂਡਤ ਥੇ, ਕਬਹੁ ਮਿਟਿ ਹੈ ਨਹੀ ਰੇ ਪਛੁਤਾਯਉ॥

(੧) ਅਰਥ: ਹੇ ਭਾਈ ਜਦ ਤਾਈਂ ਮੱਥੇ ਤੇ ਭਾਗ ਨਹੀਂ ਸਨ ਜਾਗੇ, ਤਦ ਤਾਈਂ ਬਹੁਤ ਭਟਕਦੇ ਤੇ ਭੱਜੇ ਫਿਰਦੇ ਸਨ, ਕਲਜੁਗ ਦੇ ਡਰਾਉਣੇ ਸਮੁੰਦਰ ਵਿੱਚ ਡੁੱਬ ਰਹੇ ਸਨ, ਪੱਛਤਾਵਾ ਕਿਸੇ ਵੇਲੇ ਮਿਟਦਾ ਨਹੀਂ ਸੀ।

(੨) ਅਰਥ: ਜੱਦ ਤਾਈ ਮੇਰੇ ਮੱਥੇ ਦੀ ਪ੍ਰਾਲਭਧ ਨਹੀਂ ਸੀ ਉੱਘੜੀ, ਉਦੋਂ ਤਾਈਂ ਭੱਟਕਦਾ ਅਤੇ ਕਈ ਥਾਂਈਂ ਭੱਜਿਆ ਫਿਰਦਾ ਸਾਂ। ਮੈਂ ਇੱਸ ਕਲਯੁੱਗ ਭਿਆਨਕ ਸਾਗਰ ਅੰਦਰ ਡੁੱਬ ਰਿਹਾ ਸਾਂ ਅਤੇ ਮੇਰਾ ਅਫਸੋਸ ਕਰਨਾ ਕਦੇ ਵੀ ਮੁਕਣਾ ਨਹੀਂ ਸੀ।

ਅਰਥ: ਜਦੋਂ ਤੱਕ ਮੇਰੀ ਪਰਾਲੱਭਤ ਦਾ ਸਤਾਰਾ ਨਹੀਂ ਸੀ ਚਮਕਿਆ, ਭਟਕਦਾ ਅਤੇ ਥਾਂ ਥਾਂ ਭੱਜਾ ਫਿਰਦਾ ਸਾਂ। ਕਲਜੁੱਗ ਦੇ ਡਰਾਉਣੇ ਸਮੁੰਦਰ ਵਿੱਚ ਡੁੱਬ ਰਿਹਾ ਸਾਂ। ਪੱਛਤਾਵਾ ਕਿਸੇ ਵੇਲੇ ਵੀ ਪਿੱਛਾ ਨਹੀਂ ਸੀ ਛੱਡਦਾ।

ਤਤੁ ਬਿਚਾਰੁ ਯਹੈ, ਮਥੁਰਾ, ਜਗ ਤਾਰਨ ਕਉ, ਅਵਤਾਰੁ ਬਨਾਯਾਉ॥ ਜਪ੍ਹਉ ਜਿਨ੍ਹ, ਅਰਜੁਨ ਦੇਵ ਗੁਰੂ, ਫਿਰਿ ਸੰਕਟ ਜੋਨਿ ਗਰਭ, ਨ ਆਯਉ॥ ੬॥ {ਪੰਨਾ ੧੪੦੯}

(੧) ਅਰਥ: ਪਰ ਹੇ ਮਥਰਾ! ਹੁਣ ਸੱਚੀ ਵਿਚਾਰ ਇਹ ਹੈ ਕਿ ਜਗਤ ਨੂੰ ਤਾਰਨ ਲਈ ਹਰੀ ਨੇ ਗੁਰੂ ਅਰਜਨ ਅਵਤਾਰ ਬਣਾਇਆ ਹੈ, ਜਿਨ੍ਹਾਂ ਨੇ ਗੁਰੂ ਅਰਜਨ ਨੂੰ ਜਪਿਆ ਹੈ, ਉਹ ਪਰਤ ਕੇ ਗਰਭ ਜੂਨ ਦੇ ਦੁੱਖਾਂ ਵਿੱਚ ਨਹੀਂ ਆਏ। ੬।

(੨) ਅਰਥ: ਹੇ ਮਥਰਾ! ਤੂੰ ਇੱਸ ਨੂੰ ਸਾਰੀ ਅਸਲੀਅੱਤ ਖ਼ਿਆਲ ਕਰ ਕਿ ਸੰਸਾਰ ਦਾ ਪਾਰ ਉਤਾਰਾ ਕਰਨ ਲਈ ਸੁਆਮੀ ਨੇ ਆਪੇ ਹੀ ਅਵਤਾਰ ਧਾਰਿਆ ਹੈ। ਜੇ ਕੋਈ ਗੁਰੂ ਅਰਜਨ ਦਾ ਸਿਮਰਨ ਕਰਦਾ ਹੈ; ਉਹ ਮੁੜ ਕੇ ਜੂਨੀਆਂ ਅਤੇ ਉਦਰ ਦੀਆਂ ਤਕਲੀਫ਼ਾਂ ਅੰਦਰ ਦੀ ਨਹੀਂ ਲੰਘਦਾ। ੬।

ਅਰਥ: ਹੇ ਮਥਰਾ! ਤੂੰ ਅਸਲੀਅੱਤ ਨੂੰ ਸਮਝਣ ਦਾ ਯਤਨ ਕਰ, ਕਿ ਕੁਰਾਹੇ ਪਏ ਸੰਸਾਰ ਨੂੰ ਸੱਚ ਦਾ ਮਾਰਗ ਵਖਾਉਣ ਲਈ ਇੱਕੋਓ ਨੇ ਗੁਰੂ ਅਰਜਨ ਨੂੰ ਚੁਣਿਆ ਹੈ। ਜੇਹੜਾ ਸੱਚ ਦਾ ਮਾਰਗ ਉਹ ਦੱਸਦਾ ਹੈ, ਉੱਸ ਉੱਪਰ ਚੱਲਣ ਵਾਲਾ ਵਿਅੱਕਤੀ ਆਪਣੀ ਜ਼ਿੰਦਗੀ ਦੀਆਂ ਅਤੇ ਦੁਨੀਆਂ ਦੀਆਂ ਮੁਸ਼ਕਲਾਂ ਉੱਪਰ ਕਾਬੂ ਪਾਕੇ ਸੁਖਾਲਾ ਪਾਰ ਉਤਾਰਾ ਕਰ ਲੈਂਦਾ ਹੈ।

ਕਲਿ ਸਮੁਧ੍ਰ, ਭਏ ਰੂਪ ਪ੍ਰ੍ਰਗਟਿ ਹਰਿ ਨਾਮੁ ਉਧਾਰਨੁ॥ ਬਸਹਿ ਸੰਤ ਜਿਸੁ ਰਿਦੈ, ਦੁਖ ਦਾਰਿਦ੍ਰ ਨਿਵਾਰਨੁ॥

(੧) ਅਰਥ: ਕਲਜੁੱਗ ਦੇ ਸਮੁੰਦਰ ਤੋਂ ਤਰਨ ਲਈ ਗੁਰੂ ਅਰਜਨ ਹਰੀ ਦਾ ਨਾਮ ਰੂਪ ਪ੍ਰਗਤ ਹੋਏ ਹਨ। ਆਪ ਦੇ ਹਿਰਦੇ ਵਿੱਚ ਸੰਤ (ਸ਼ਾਂਤੀ ਦਾ ਸੋਮਾ ਪ੍ਰਭੂ) ਵੱਸ ਦੇ ਹਨ। ਆਪ ਦੁੱਖਾਂ ਦਰਿਦ੍ਰ੍ਰਾਂ ਦੇ ਦੂਰ ਕਰਨ ਵਾਲੇ ਹਨ।

(੨) ਅਰਥ: ਕਲਯੁੱਗ ਦੇ ਸਾਗਰ ਅੰਦਰ, ਦੁਨੀਆ ਦਾ ਪਾਰ ਉਤਾਰਾ ਕਰਨ ਲਈ ਪ੍ਰਭੂ ਦਾ ਨਾਮ ਗੁਰਾਂ ਦੇ ਸਰੂਪ ਵਿੱਚ ਪ੍ਰਤੱਖ ਹੋਇਆ ਹੈ। ਜਿੱਸ ਦੇ ਅੰਤਰ ਆਤਮੇ ਸਾਧੂ ਵੱਸਦਾ ਹੈ, ਉੱਸ ਦੀ ਪੀੜ ਅਤੇ ਗਰੀਬੀ ਦੂਰ ਹੋ ਜਾਂਦੀਆਂ ਹਨ।

ਅਰਥ: ਕਲਜੁੱਗ ਦੇ ਸਮੇਂ ਵਿੱਚ ਗੁਰੂ ਅਰਜਨ ਇੱਕੋਓ ਦੇ ਨਾਮ ਦਾ ਪਰਚਾਰ ਕਰਨ ਲਈ ਆਇਆ ਹੈ। ਜਿੱਸ ਨੂੰ ਸੰਤਾਂ ਵਾਲੀ ਸ਼ਾਤੀ ਦੇ ਸੋਮੇ ਦਾ ਤੋਹਫਾ ਮਿਲਿਆ ਹੋਇਆ ਹੈ, ਇੱਸ ਦੀ ਮਦਦ ਨਾਲ ਉਹ ਜਗਿਆਸੂਆਂ ਦੇ ਦੁੱਖ ਅਤੇ ਦਰਦ ਦੂਰ ਕਰ ਰਿਹਾ ਹੈ।

ਨਿਰਮਲ ਭੇਖ ਅਪਾਰ, ਤਾਸ ਬਿਨੁ ਅਵਰ ਨ ਕੋਈ॥ ਮਨ ਬਚ ਜਿਨਿ ਜਾਣਿਅਉ, ਭਯਉ ਤਿਹ ਸਮਸਰਿ ਸੋਈ॥

(੧) ਅਰਥ: ਉਸ ਗੁਰੂ ਅਰਜਨ ਤੋਂ ਬਿਨਾ ਕੋਈ ਹੋਰ ਨਹੀਂ ਹੈ, ਆਪ ਅਪਾਰ ਹਰੀ ਦਾ ਨਿਰਮਲ ਰੂਪ ਹਨ। ਜਿੱਸ ਮਨੁੱਖ ਨੇ ਮਨ ਤੇ ਬਚਨ ਕਰਕੇ ਹਰੀ ਨੂੰ ਪਛਾਣਿਆ ਹੈ, ਉਹ ਹਰੀ ਵਰਗਾ ਹੀ ਹੋ ਗਿਆ ਹੈ।

(੨) ਅਰਥ: ਗੁਰੂ ਅਰਜਨ ਬੇਅੰਤ ਪ੍ਰਭੂ ਦੇ ਪਵਿੱਤਰ ਸਰੂਪ ਹਨ। ਉੱਸ ਤੋਂ ਬਗੈਰ ਕੋਈ ਹੋਰ ਹੈ ਹੀ ਨਹੀਂ। ਜੇ ਕੋਈ ਖ਼ਿਆਲ ਅਤੇ ਬੱਚਨ ਰਾਹੀਂ ਗੁਰੂ ਨੂੰ ਜਾਣ ਲੈਂਦਾ ਹੈ, ਉਹ ਉਨ੍ਹਾਂ ਵਰਗਾ ਹੀ ਥੀ ਵੰਞਦਾ ਹੈ।

ਅਰਥ: ਗੁਰੂ ਅਰਜਨ ਦਾ ਭੇਸ ਬੜਾ ਸੋਹਣਾ ਹੈ ਅਤੇ ਉਹ ਰੱਬ ਦਾ ਰੂਪ ਜਾਪਦਾ ਹੈ। ਜਿੱਸ ਵਿਅੱਕਤੀ ਨੇ ਆਪਣੇ ਮਨ ਦੀ ਅੱਖ ਅਤੇ ਬਚਨ ਦੀ ਅਵਾਜ਼ ਨਾਲ ਉੱਸ ਦੀ ਪਹਿਚਾਣ ਕੀਤੀ ਹੈ ਉੱਸ ਨੂੰ ਉਹ ਰੱਬ ਵਰਗਾ ਹੀ ਜਾਪਿਆ ਹੈ।

ਧਰਨਿ ਗਗਨ ਨਵ ਖੰਡ ਮਹਿ, ਜੋਤਿ ਸਵਰੂਪੀ ਰਹਿਓ ਭਰਿ॥ ਭਨਿ ਮਥੁਰਾ, ਕਛੁ ਭੇਦੁ ਨਹੀ, ਗੁਰੁ ਅਰਜੁਨ ਪਰਤਖ੍ਹ ਹਰਿ॥ ੭॥ ੧੯॥ {ਪੰਨਾ ੧੪੦੯}

(੧) ਅਰਥ: ਗੁਰੂ ਅਰਜਨ ਹੀ ਜੋਤਿ ਰੂਪ ਹੋ ਕੇ ਧਰਤੀ, ਅਕਾਸ਼ ਅਤੇ ਨੌਂ ਖੰਡਾਂ ਵਿੱਚ ਵਿਆਪ ਰਹਿਾ ਹੈ। ਹੇ ਮਥਰਾ! ਆਖਿ- ਗੁਰੂ ਅਰਜਨ ਸਾਖਿਆਤ ਅਕਾਲਪੁਰਖ ਹੈ। ਕੋਈ ਫਰਕ ਨਹੀਂ ਹੈ। ੭। ੧੯।

(੨) ਅਰਥ: ਗੁਰੂ ਅਰਜਨ ਪ੍ਰਭੂ ਦੇ ਪ੍ਰਕਾਸ਼ ਰੂਪ ਵਿੱਚ ਧਰਤੀ, ਅਕਾਸ਼ ਅਤੇ ਨੌਂ ਖਿਤਿਆਂ ਵਿੱਚ ਪਰੀਪੂਰਨ ਹੋ ਰਿਹਾ ਹੈ। ਮਥਰਾ ਆਖਦਾ ਹੈ, ਗੁਰੂ ਅਰਜਨ ਅਤੇ ਵਾਹਿਗੁਰੂ ਵਿਚਕਾਰ ਕੋਈ ਫ਼ਰਕ ਨਹੀਂ। ਗੁਰੂ ਅਰਜਨ ਪ੍ਰਗਟ ਤੌਰ ਤੇ ਖ਼ੁੱਦ ਹੀ ਪ੍ਰਭੂ ਹੈ। ੭।

ਅਰਥ: ਧਰਤੀ, ਅਕਾਸ਼ ਅਤੇ ਨੌ ਖੰਡਾਂ ਵਿੱਚ ਇੱਕੋਓ ਦੀ ਜੋਤ ਦਾ ਚਾਨਣ ਭਰਿਆ ਹੋਇਆ ਹੈ। ਹੇ ਮਥਰਾ! ਆਖ, ਇੱਸ ਵਿੱਚ ਕੋਈ ਸ਼ੱਕ ਨਹੀਂ ਕਿ ਅਰਜਨ ਦਾ ਗੁਰੂ ਇੱਕੋਓ ਆਪ ਹੀ ਹੈ। ੭।

ਕੀ ਨਵਾਂ ਹੈ? ਭਾਈ ਜੋਧ ਸਿੰਘ ਤੋਂ ਚੱਲ ਕੇ ਪ੍ਰਫੈੱਸਰ ਮਲਕੀਅਤ ਸਿੰਘ ਬੈਂਸ ਤੱਕ, ਲੱਗ ਭੱਗ ਇੱਕ ਸੌ ਪੰਝੀ ਵਰੇ ਲੰਘ ਜਾਣ ਪਿਛੋਂ ਵੀ ਅਸੀਂ ਸਬਦ ਗੁਰੂ ਅਤੇ ਗੁਰੁ ਜਾਂ ਗੁਰ ਦੇ ਅਰਥਾਂ ਵਿੱਚ ਫ਼ਰਕ ਸਮਝਣ ਜੋਗ ਨਹੀਂ ਹੋਏ। ੪। ਅਸੀਂ ਆਦਿ ਗੁਰੂ ਗ੍ਰੰਥ ਸਾਹਿਬ ਦਾ ਅਕਤੂਬਰ ੧੭੦੮ ਈਸਵੀ ਤੋਂ ਸਬਦ ਗੁਰੂ ਸਥਾਪਤ ਕੀਤੈ ਜਾਣ ਦਾ ਦਿਹਾੜਾ ਮਨਾਉਂਦੇ ਆ ਰਹੇ ਹਾਂ। ਪਰ ਕਿੰਨੇ ਕੁ ਸਿੱਖਾਂ ਨੇ ਇੱਸ ਗੱਲ ਨੂੰ ਯਾਦ ਰੱਖਣ ਦੀ ਲੋੜ ਸਮਝੀ ਹੈ, ਕਿ ਸਿੱਖ ਧਰਮ ਵਿੱਚ ਸਿੱਖਾਂ ਦਾ ਸਬਦ ਗੁਰੂ ਅਵਤਾਰੀ ਨਹੀਂ ਹੈ। ਅਤੇ ਨਾ ਹੀ ਸਾਡੇ ਦਸ ਗੁਰੂ ਅਵਤਾਰੀ ਸਨ। ਭਾਵੈਂ ਜੋਤਿ ਦੇ ਸਬਦ ਦੀ ਵਰਤੋਂ ਗੁਰਬਾਣੀ ਵਿੱਚ ਕੀਤੀ ਗਈ ਹੈ, ਪਰ ਇੱਸ ਦਾ ਮਤਲਬ ਸਿੱਖ ਧਰਮ ਵਿੱਚ ਆਤਮਿਕ ਵਿਚਾਰ ਧਾਰਾ ਜਾਂ ਧਾਰਮਿੱਕ ਮਾਰਗ ਜਾਂ ਫਿਲਾਸਫੀ ਦਸਾਂ ਗੁਰੂ ਦੀ ਕੇਵਲ ਇੱਕ ਹੀ ਸੀ। ਅੱਜ ਵੀ ਅਸੀਂ ਭਾਵੇਂ ਇਹ ਜਾਣਦੇ ਹੋਏ ਦਸਾਂ ਗੁਰੂ ਦੇ ਜਨਮ ਅਤੇ ਸ਼ਹੀਦੀ ਦਿਨ ਬੜੀ ਧੂਮ ਧਾਮ ਨਾਲ ਮਨਾ ਰਹੇ ਹਾਂ। ਇੱਸ ਸਿੱਖੀ ਦੇ ਇੱਕੋ ਮਾਰਗ ਦੀ ਗੱਲ ਕੋਈ ਨਹੀਂ ਕਰ ਰਿਹਾ। ਅਸੀਂ ਅੱਜ ਡੇਰਿਆਂ ਦੇ ਚੌਧਰੀਆਂ ਦੀਆਂ ਸਿਫਾਰਸ਼ਾ ਪੁਆ ਕੇ ਸਰਕਾਰੀ ਕਰਮਚਾਰੀਆਂ ਅਤੇ ਸਿਆਸੀ ਸੰਸਥਾਵਾਂ ਦੇ ਚੌਧਰੀਆਂ ਦੇ ਅੱਗੇ ਪਿੱਛੇ ਫਿਰਨ ਬਿਨਾ ਹੋਰ ਕੁੱਝ ਨਹੀਂ ਕਰ ਰਹੇ। ਸਿੱਖੋ! ਤੁਸੀਂ ਸਿੱਖੀ ਨੂੰ ਨੇੜਿਉੇਂ ਵੇਖਣ ਤੋਂ ਬਿਨਾ ਕੁੱਝ ਨਹੀੰ ਹਾਸਲ ਕਰ ਰਹੇ। ਕੇਵਲ ਅਪਣਾ ਕੀਮਤੀ ਸਮ੍ਹਾ ਗੁਆ ਰਹੇ ਹੋ ਅਤੇ ਸੱਚੇ ਮਾਰਗ ਉੱਤੇ ਚੱਲਣ ਦਾ ਕੋਈ ਯੱਤਨ ਨਹੀਂ ਕਰ ਰਹੇ।

ਹਵਾਲੇ:

੧- ਸਾਹਿਬ ਸਿੰਘ; ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ੧੦, ਰਾਜ ਬ੍ਰਦਰਜ਼, ਜਾਲ਼ੰਧਰ।

੨- Manmohan Singh; Sri Guru Granth Sahib {English & Punjabi Translation}, Vol.8, Shiromani Gurduara Parbandhk Committee, Amritsar, 1983.

3- wwwtricities.com

੪-ਸਵਾਮੀ ਰਾਮ ਤੀਰਥ; ਆਦਿ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਪੰਥ; ਧਰਮ ਪਰਚਾਰ ਕਮੇਟੀ {SGPC}, ਅੰਮ੍ਰਿਤਸਰ, ੧੯੯੭।

੫-ਸਰਜੀਤ ਸਿੰਘ ਸੰਧੂ; ਸਿੱਖਮਾਰਗ. ਕੌਮ, ਜਨਵਰੀ ੨੦੧੨
.