.

ਸੂਰਬੀਰਤਾ ਭੰਗ ਦੇ ਭਾੜੇ ਕਿਉਂ?
ਰਾਮ ਸਿੰਘ ਗ੍ਰੇਵਜ਼ੈੰਡ

ਕੁਛ ਖਾਸ ਖੂਬੀਆਂ ਤੇ ਗੁਣ ਕਈ ਬੰਦਿਆਂ ਤੇ ਕਈ ਕੌਮਾਂ ਨੂੰ ਪ੍ਰਮਾਤਮਾ ਵਲੋਂ ਐਸੇ ਮਿਲੇ ਹੁੰਦੇ ਹਨ ਜੋ ਉਨ੍ਹਾਂ ਦਾ ਵਿਰਸਾ ਹੀ ਬਣ ਜਾਂਦੇ ਹਨ। ਐਸੇ ਗੁਣ ਆਦਿ ਆਮ ਬੰਦੇ ਤੇ ਆਮ ਕੌਮਾਂ ਵਿੱਚ ਨਹੀਂ ਹੋ ਸਕਦੇ। ਜੇ ਉਹ ਖਾਸ ਉੱਦਮ ਕਰਨ ਤਾਂ ਸ਼ਾਇਦ ਐਸੇ ਗੁਣਾਂ ਦਾ ਉਹ ਕੁਛ ਅਸਰ ਕਬੂਲ ਕਰ ਲੈਣ, ਪਰ ਫੇਰ ਭੀ ਉਹ ਉਨ੍ਹਾਂ ਖਾਸ ਬੰਦਿਆਂ ਵਾਂਗ ਨਹੀਂ ਬਣ ਸਕਦੇ, ਜਿਹੜੇ ਬੰਦੇ ਤੇ ਕੌਮਾਂ ਕੁਦਰਤ ਵਲੋਂ ਖਾਸ ਖੂਬੀਆਂ ਤੇ ਗੁਣਾਂ ਨਾਲ ਸ਼ਿੰਗਾਰੇ ਹੁੰਦੇ ਹਨ। ਇਨ੍ਹਾਂ ਖਾਸ ਗੁਣਾਂ ਆਦਿ (ਸੂਰਬੀਰਤਾ, ਸਿਆਣਪ, ਦਾਨੀਂ ਹੋਣਾਂ, ਬਚਨ ਦੇ ਬਲੀ ਹੋਣਾਂ ਆਦਿ) ਦੇ ਮਾਲਿਕ ਬੰਦੇ ਭਾਵੇਂ ਇੱਕ ਦੂਜੇ ਦੇ ਦੁਸ਼ਮਣ ਵੀ ਕਿਉਂ ਨਾ ਹੋਣ ਉਹ ਫਿਰ ਵੀ ਦੂਸਰੇ ਦੇ ਐਸੇ ਗੁਣਾਂ, ਖਾਸ ਕਰਕੇ ਸੂਰਬੀਰਤਾ ਦਾ ਸਤਿਕਾਰ ਤੇ ਸ਼ਲਾਘਾ ਕਰਦੇ ਹਨ। ਪਰ ਇਨ੍ਹਾਂ ਗੁਣਾਂ ਤੋਂ ਸੱਖਣੇ ਬੰਦੇ, ਉਹ ਭਾਵੇਂ ਗੁਣਵਾਨ ਬੰਦਿਆਂ ਦੀ ਓਪਰੇ ਓਪਰੇ ਮਨ ਨਾਲ ਹਾਮੀਂ ਵੀ ਕਿਉਂ ਨਾ ਭਰਦੇ ਹੋਣ, ਉਹ ਦੂਸਰੇ ਦੇ ਗੁਣਾਂ ਦੀ ਦਿਲੋਂ ਕਦਰ ਨਹੀਂ ਕਰ ਸਕਦੇ ਅਤੇ ਨਾ ਹੀ ਕਰਦੇ ਹਨ, ਸਗੋਂ ਉਨ੍ਹਾਂ ਦੇ ਗੁਣਾਂ ਨੂੰ ਕਿਸੇ ਨਾ ਕਿਸੇ ਤਰਾਂ ਛੁਟਿਆਉਣ ਦੀਆਂ ਚਾਲਾਂ ਹੀ ਚਲਦੇ ਹਨ। ਇਹ ਹੀ ਨਹੀਂ, ਉਹ ਈਰਖਾ ਵੱਸ ਹੋ ਕੇ ਕਿਸੇ ਨਾ ਕਿਸੇ ਤਰਾਂ ਗੁਣਾਂ ਦੇ ਮਾਲਿਕ ਬੰਦੇ ਜਾ ਬੰਦਿਆਂ ਦਾ ਨੁਕਸਾਨ ਹੀ ਨਹੀਂ, ਉੱਸ ਜਾ ੳਨ੍ਹਾਂ ਨੂੰ ਖਤਮ ਕਰਨ ਤੱਕ ਜਾਂਦੇ ਹਨ। ਐਸਾ ਕਰਨਾ ਸਦਾ ਹੀ ਆਪਣੇ ਪੈਰ ਆਪ ਕੁਹਾੜਾ ਮਾਰਨ ਤੁੱਲ ਸਿੱਧ ਹੋਇਆ ਹੈ। ਚਾਹੀਦਾ ਸਗੋਂ ਇਹ ਹੈ ਕਿ ਐਸੇ ਸੂਰਬੀਰ, ਦਾਨੀਂ ਆਦਿ ਬੰਦਿਆਂ ਨੂੰ ਨੁਕਸਾਨ ਆਦਿ ਪਹੁੰਚਾਉਣ ਦੀ ਥਾਂ ਉਨ੍ਹਾਂ ਦੇ ਇਨ੍ਹਾਂ ਗੁਣਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਅਤੇ ਆਪ ਖਾਸ ਗੁਣਾਂ ਤੋਂ ਸੱਖਣੇ ਬੰਦਿਆਂ ਨੂੰ ਜਿੱਸ ਤੱਲ ਤੇ ਉਹ ਖੜੇ ਹਨ ਉਸ ਮੁਤਾਬਿਕ ਕੌਮੀ ਉਸਾਰੀ ਵਿੱਚ ਭਾਗ ਪਾਉਂਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਜਾ ਕਰਨ ਦੀ ਥਾਂ ਦੇਸ਼ ਦੀ ਉਸਾਰੀ ਵਿੱਚ ਜ਼ਿਆਦਾ ਤੋਂ ਜ਼ਿਆਦਾ ਮੱਲਾਂ ਮਾਰੀਆਂ ਜਾ ਸਕਦੀਆਂ ਹਨ।
ਇਸ ਤਰ੍ਹਾਂ ਆਪਣੇ ਦੇਸ਼ ਦੀ ਉਸਾਰੀ ਵਿੱਚ ਵਾਧਾ ਕਰਨ ਦੀ ਬੜੀ ਉੱਚੀ ਸੁੱਚੀ ਸੋਚ ਨੂੰ ਮੁੱਖ ਰਖਦਿਆਂ ਕਿਸੇ ਭਿੰਨ ਤੇ ਘੱਟ ਗਿਣਤੀ ਕੌਮੀ ਗੁੱਟ ਦੀ ਸੂਰਬੀਰਤਾ ਦਾ ਅਮਰੀਕਾ ਦੇ ਸਿਆਣਿਆਂ ਨੇ ਖੂਬ ਫਾਇਦਾ ਉਠਾਇਆ ਹੈ ਤੇ ਉਠਾ ਰਹੇ ਹਨ। ਉਹ ਇਸ ਤਰ੍ਹਾਂ ਕਿ ਕਈ ਸੌ ਸਾਲ ਪਹਿਲੇ ਜਾਪਾਨ ਤੋਂ ਆ ਕੇ ਅਮਰੀਕਾ ਵਿੱਚ ਵਸੇ ਇੱਕ ਕਬੀਲੇ ਦੀ ਕਹਾਣੀ ਹੈ ਜੋ ਬਹਾਦਰੀ ਤੇ ਸੂਰਬੀਰਤਾ ਲਈ ਕਾਫੀ ਪ੍ਰਸਿੱਧ ਹੈ। ਅਮਰੀਕਾ ਦੇ ਸਿਆਣਿਆਂ ਨੇ ਉਸ ਕਬੀਲੇ ਦੇ ਰਹਿਣ ਸਹਿਣ ਦੇ ਢੰਗ ਅਤੇ ਸਭਿਅਤਾ ਨੂੰ ਬਿਲਕੁੱਲ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਉਨ੍ਹਾਂ ਨੂੰ ਆਪਣੀ ਸਭਿਅਤਾ ਵਿੱਚ ਵਧਣ ਫੁੱਲਣ ਅਤੇ ਆਪਣੇ ਹੀ ਢੰਗ ਨਾਲ ਰਹਿਣ ਦਿੱਤਾ ਗਿਆ ਤਾਂਕਿ ਉਹ ਹਰ ਤਰ੍ਹਾਂ ਦੀ ਸਮਾਜਿਕ, ਧਾਰਮਿਕ ਤੇ ਸਭਿਅਕ ਆਜ਼ਾਦੀ ਮਾਣਦੇ ਹੋਏ ਚੰਗੇ ਤੰਦਰੁਸਤ ਵਾਤਾਵਰਨ ਵਿੱਚ ਵਿਚਰਨ ਅਤੇ ਜੋ ਉਨ੍ਹਾਂ ਦਾ ਸੂਰਬੀਰਤਾ ਦਾ ਗੁਣ ਹੈ ਉੱਸ ਨੂੰ ਕੋਈ ਠੇਸ ਨਾ ਪੁੱਜੇ। ਉਹ ਬਹਾਦਰ ਲੋਕ ਆਪਣੇ ਆਪ ਨੂੰ ਜਾਪਾਨੀ ਸਮਝਦੇ ਹੋਏ ਵੀ ਅਮਰੀਕਨ ਬਾਸ਼ਿੰਦੇ ਕਹਾਉਣ ਵਿੱਚ ਬੜਾ ਮਾਣ ਮਹਿਸੂਸ ਕਰਦੇ ਹਨ। ਅਮਰੀਕਨ ਫੌਜ ਵਿੱਚ ਉਨ੍ਹਾਂ ਦੀ ਅਲੱਗ ਟੁਕੜੀ ਹੈ ਜਿੱਸ ਤੇ ਅਮਰੀਕਾ ਨੂੰ ਬੜਾ ਵਿਅਵਾਸ਼ ਹੈ, ਕਿਉਂਕਿ ਉਨ੍ਹਾਂ ਨੇ ਅਮਰੀਕਨ ਸੈਨਾ ਵਿੱਚ ਬੜਾ ਨਾਮਣਾ ਖੱਟਿਆ ਹੈ। ਕਿਤਨੀ ਸਿਆਣੀ ਤੇ ਉਸਾਰੂ ਸੋਚ ਹੈ ਅਮਰੀਕਨ ਸਿਆਣਿਆਂ ਦੀ ਜਿਨ੍ਹਾਂ ਨੇ ਪਰਾਏ ਮੁਲਕ ਤੋਂ ਆ ਕੇ ਆਪਣੇ ਦੇਸ਼ ਵਿੱਚ ਰਹਿ ਰਹੇ ਬਾਸ਼ਿੰਦਿਆਂ ਨੂੰ ਉਨ੍ਹਾਂ ਦੀ ਪਿਆਰੀ ਸਭਿਅਤਾ ਆਦਿ ਨੂੰ ਜਿਉਂ ਦਾ ਤਿਉਂ ਰੱਖਣ ਦੀ ਆਗਿਆ ਦੇ ਕੇ ਦੇਸ਼ ਦੀ ਉਸਾਰੀ ਵਿੱਚ ਕੋਈ ਵਿਘਨ ਨਹੀਂ ਪੈਣ ਦਿੱਤਾ, ਸਗੋਂ ਵੱਧ ਤੋਂ ਵੱਧ ਪ੍ਰਾਪਤ ਹੀ ਕੀਤਾ ਅਤੇ ਕਰ ਰਹੇ ਹਨ।
ਜਦੋਂ ਅੰਗਰੇਜ਼ ਭਾਰਤ ਤੇ ਕਾਬਜ਼ ਹੋਏ ਤਾਂ ਉਨ੍ਹਾਂ ਨੇ ਭਾਰਤ ਦੇ ਵੱਖੋ ਵੱਖ ਕੌਮੀਂ ਗੁੱਟਾਂ ਦੇ ਗੁਣਾਂ ਦੀ ਬੜੀ ਸਿਆਣਪ ਨਾਲ ਖੋਜ ਕਰਕੇ ਉਨ੍ਹਾਂ ਤੋਂ ਹਰ ਮਹਿਕਮੇ ਵਿੱਚ ਢੁੱਕਵਾਂ ਕੰਮ ਲਿਆ। ਵਫਾਦਾਰ, ਸੂਰਬੀਰ ਆਦਿ ਵੱਖੋ ਵੱਖ ਮਹਿਕਮਿਆਂ ਵਿੱਚ ਕੰਮ ਕਰਨ ਵਾਲੇ ਅਤੇ ਇਥੋਂ ਤੱਕ ਕਿ ਗੱਦਾਰ ਭੀ ਲੱਭ ਕੇ ਉਨ੍ਹਾਂ ਨੂੰ ਸਿਆਣਪ ਨਾਲ ਵਰਤਿਆ। ਗੱਦਾਰਾਂ ਨੂੰ ਵਰਤਣਾ ਵਿਦੇਸ਼ੀ ਤੇ ਬਾਹਰਲੀ ਤਾਕਤ ਦਾ ਕੰਮ ਤਾਂ ਹੋ ਸਕਦਾ ਹੈ ਪਰ ਦੇਸੀ ਹੁਕਮਰਾਨਾਂ ਨੂੰ ਉਹ ਭਾਵੇਂ ਕੋਈ ਵੀ ਦੇਸ਼ ਹੋਵੇ, ਵਰਤਣਾ ਬਿਲਕੁਲ ਨਹੀਂ ਸ਼ੋਭਦਾ, ਕਿਉਂਕਿ ਇਸ ਤਰ੍ਹਾਂ ਆਪਣੇ ਆਪ ਹੀ ਲੜਾਈ ਮੁੱਲ ਸਹੇੜਨ ਤੁੱਲ ਹੋ ਜਾਂਦਾ ਹੈ। ਪਰ ਇੱਥੇ ਅਸੀਂ ਸੂਰਬੀਰਤਾ ਦੀ ਹੀ ਗੱਲ ਕਰਨੀ ਹੈ। ਸੋ ਅੰਗ੍ਰੇਜ਼ਾਂ ਨੇ ਭਾਰਤ ਦੀਆਂ ਸੂਰਬੀਰ ਕੌਮਾਂ, ਸਿੱਖ, ਰਾਜਪੂਤ ਅਤੇ ਪਠਾਣ, ਜਿਨ੍ਹਾਂ ਨਾਲ ਭਾਰਤ ਤੇ ਕਾਬਜ਼ ਹੋਣ ਤੋਂ ਪਹਿਲਾਂ ਉਹ ਆਪ ਲੜ ਕੇ ਉਨ੍ਹਾਂ ਦੀ ਬਹਾਦਰੀ ਦੇ ਹੱਥ ਦੇਖ ਚੁੱਕੇ ਸਨ, ਉਨ੍ਹਾਂ ਨੂੰ ਆਪਣੀ ਆਪਣੀ ਸਭਿਅਤਾ ਤੇ ਖਾਸ ਕਰਕੇ ਧਾਰਮਿਕ ਅਸੂਲਾਂ ਤੇ ਪਹਿਰਾ ਦੇਣ ਦੀ ਖੁੱਲੀ ਆਗਿਆ ਦੇ ਦਿੱਤੀ ਤਾਂਕਿ ਉਹ ਆਪਣੀ ਮਾਨਸਿਕ ਆਜ਼ਾਦੀ ਦੇ ਤੁਫੈਲ ਪ੍ਰਫੁੱਲਤ ਹੋ ਕੇ, ਭਾਰਤੀ ਸੈਨਾ ਦੀ ਕਾਰਗੁਜ਼ਾਰੀ ਵਿੱਚ ਵੱਧ ਤੋਂ ਵੱਧ ਢੁੱਕਵਾਂ ਰੋਲ ਅਦਾ ਕਰ ਸਕਣ। ਇਨ੍ਹਾਂ ਕੌਮੀ ਗੁੱਟਾਂ ਨੇ ਤੇ ਖਾਸ ਕਰਕੇ ਸਿੱਖਾਂ ਨੇ ਉਸ ਵੇਲੇ ਦੀ ਭਾਰਤੀ ਸੈਨਾ ਲਈ ਜੋ ਕੁੱਛ ਕੀਤਾ ਉਸਦਾ ਆਪਣਾ ਖਾਸ ਇਤਿਹਾਸ ਹੈ। ਦੋਨੋਂ ਸੰਸਾਰ ਯੁੱਧਾਂ (ਬਾਅਦ ਵਿੱਚ ਚੀਨ ਅਤੇ ਪਾਕਿਸਤਾਨ ਨਾਲ ਹੋਈਆਂ ਜੰਗਾਂ) ਵਿੱਚ ਸਿੱਖ ਸੂਰਬੀਰਾਂ ਨੇ ਖਾਸ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਣ ਵਾਲਾ ਇਤਿਹਾਸ ਸਿਰਜਿਆ। ਇਹ ਕਿਉਂ? ਇਹ ਇਸ ਲਈ ਕਿ ਸਿੱਖਾਂ ਨੂੰ ਆਪਣੇ ਧਾਰਮਿਕ ਅਤੇ ਸਭਿਅਕ ਅਕੀਦੇ ਨਾਲ ਅੰਮ੍ਰਿਤ ਛਕਣ, ਪੰਜ ਕਕਾਰ ਰੱਖਣ ਤੇ ਹਰ ਤਰ੍ਹਾਂ ਧਾਰਮਿਕ ਆਜ਼ਾਦੀ ਸੀ, ਜਿਸ ਨਾਲ ਸਿੱਖ ਫੌਜੀ (ਫੌਜੀ ਹੀ ਨਹੀਂ ਹਰ ਖੇਤਰ ਵਿੱਚ ਹੀ ਸਿੱਖ) ਸੰਤੁਸ਼ਟ ਸੀ ਅਤੇ ਉਸ ਨੇ ਪੂਰੀ ਵਫਾਦਾਰੀ ਤੇ ਈਮਾਨਦਾਰੀ ਦਿਖਾਈ, ਜਿੱਥੇ ਵੀ ਉਸ ਦਾ ਜ਼ਿੰਮਾ ਲਾਇਆ ਗਿਆ ਜਾ ਭੇਜਿਆ ਗਿਆ।
ਪਰ ਅੱਜ ਭਾਰਤ ਵਿੱਚ ਸਿੱਖ ਕੌਮ ਦੇ ਗੁਣਾਂ ਅਤੇ ਖਾਸ ਕਰਕੇ ਸੂਰਬੀਰਤਾ ਨੂੰ ਸਹੀ ਵਰਤਣ ਤੇ ਉਸ ਤੋਂ ਦੇਸ਼ ਦੀ ਰੱਖਿਆ ਵਿੱਚ ਵੱਧ ਤੋਂ ਵੱਧ ਸਹਾਇਤਾ ਲੈਣ ਦੀ ਥਾਂ ਉਸ ਦੀ ਹੋਂਦ ਨੂੰ ਹੀ ਖਤਮ ਕਰਨ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਿੱਚ ਕਿਹੜੀ ਸਿਆਣਪ ਕੰਮ ਕਰ ਰਹੀ ਹੈ? ਜੇ ਸਿੱਖਾਂ ਨੂੰ ਸੂਰਬੀਰਤਾ ਤੇ ਅਣਖ ਆਦਿ ਵਿਰਸੇ ਵਿੱਚ ਮਿਲੇ ਗੁਣ ਹਨ, ਜਿਨ੍ਹਾਂ ਦੇ ਬਲਬੂਤੇ ਸਿੱਖ ਹਰ ਸੰਕਟ ਤੋਂ ਬਾਅਦ ਵੱਧ ਤੋਂ ਵੱਧ ਨੁਕਸਾਨ ਕਰਵਾ ਕੇ ਵੀ ਮੁੜ ਪੈਰਾਂ ਤੇ ਖੜ ਜਾਂਦੇ ਹਨ ਤਾਂ ਬਿਪਰਨ ਸ਼੍ਰੇਣੀ ਨੂੰ ਇਹ ਨੀਤੀ ਵਿਰਸੇ ਵਿੱਚ ਮਿਲੀ ਹੈ ਕਿ ਇਸ ਨੂੰ ਕਿਸੇ ਦੀ ਸੂਰਬੀਰਤਾ ਕਦੇ ਚੰਗੀ ਨਹੀਂ ਲੱਗਦੀ, ਭਾਵੇਂ ਆਪ ਉਸ ਸੁਰੱਖਿਆ ਪ੍ਰਦਾਨ ਕਰਨ ਵਾਲੀ ਸੂਰਬੀਰਤਾ ਤੋਂ ਸੱਖਣੇ ਹੋ ਕੇ ਹੋਰਨਾਂ ਦੇ ਗੁਲਾਮ ਹੀ ਕਿਉਂ ਨਾ ਰਹਿਣਾ ਪਵੇ, ਜਿੱਸ ਲਈ ਇਤਿਹਾਸ ਗਵਾਹ ਹੈ। ਰਮਾਇਣ ਅਤੇ ਮਹਾਂਭਾਰਤ, ਮਿਥਿਹਾਸ ਹੈ ਜਾ ਸੱਚ, ਪਰ ਉਨ੍ਹਾਂ ਵਿੱਚ ਜੋ ਤੱਥ ਉੱਭਰ ਕੇ ਬਾਹਰ ਆਉਂਦੇ ਹਨ ਉਹ ਬਿਪਰਨ ਨੀਤੀ ਦੇ ਸੱਚ ਨੂੰ ਚੰਗੀ ਤਰ੍ਹਾਂ ਦ੍ਰਿਸਟਉਂਦਾ ਹੈ। ਸ੍ਰੀ ਰਾਮ ਚੰਦਰ ਦੇ ਸਮੇਂ ਜੋ ਪੰਡਤ ਪਰਸ ਰਾਮ ਕੁਸ਼ੱਤਰੀਆਂ ਦਾ ਬੀਜ ਨਾਸ ਕਰਨ ਲਈ ਤੁਰਿਆ ਸੀ ਉਸ ਨੇ ਦੇਸ਼ ਦੀ ਸੂਰਬੀਰਤਾ ਦੀ ਲਗਭੱਗ ਅਲਖ ਹੀ ਮੁਕਾ ਦਿੱਤੀ ਸੀ, ਸਿਰਫ ਟਾਵੇਂ ਟਾਵੇਂ ਕੁਸ਼ੱਤਰੀ ਰਹਿ ਗਏ ਸਨ ਜੋ ਦੇਸ਼ ਦੀ ਠੀਕ ਰੱਖਿਆ ਵੀ ਨਾ ਸੀ ਕਰ ਸਕਦੇ। ਸ੍ਰੀ ਕ੍ਰਿਸ਼ਨ ਜੀ ਦੇ ਸਮੇਂ ਜੋ ਮਹਾਂਭਾਰਤ ਦੇ ਯੁੱਧ ਵਿੱਚ ਹੋਇਆ ਉਸ ਨੇ ਤਾਂ ਦੇਸ਼ ਵਿੱਚੋਂ ਬਹਾਦਰਾਂ ਦਾ ਖਾਤਮਾ ਹੀ ਕਰ ਦਿੱਤਾ।
ਬਿਪਰਨ ਨੀਤੀ ਅਧੀਨ ਜੈ ਚੰਦ ਵਰਗਿਆਂ ਪ੍ਰਿਥਵੀ ਰਾਜ ਚੌਹਾਨ ਵਰਗੇ ਸੂਰਮਿਆਂ ਨੂੰ ਵਿਦੇਸ਼ੀ ਦੁਸ਼ਮਣਾਂ ਨੂੰ ਆਪ ਬੁਲਾ ਕੇ ਖਤਮ ਕਰਵਾਇਆ ਅਤੇ ਦੇਸ਼ ਦੀ ਗੁਲਾਮੀ ਦਾ ਮੁੱਢ ਬੰਨ੍ਹ ਦਿੱਤਾ। ਦੇਸ਼ ਵਿੱਚੋਂ ਜ਼ੁਲਮੀ ਤੇ ਵਿਦੇਸ਼ੀ ਰਾਜ ਦੀ ਜੜ੍ਹ ਪੁੱਟਣ ਦੇ ਇਰਾਦੇ ਨਾਲ ਪਹਿਲਕਦਮੀ ਕਰਨ ਵਾਲੇ ਮਹਾਨ ਸੂਰਬੀਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਇਸ ਬਿਪਰਨ ਨੀਤੀ ਨੇ ਕੀ ਤੇ ਕੀ ਕੀਤਾ ਤੇ ਕਰਵਾਇਆ, ਕਿਸੇ ਤੋਂ ਗੁੱਝਾ ਨਹੀਂ। ਗੁਰੂ ਸਾਹਿਬਾਨ ਤੇ ਉਨ੍ਹਾਂ ਵਲੋਂ ਤਿਆਰ ਕੀਤੀ ਹਿੰਦੋਸਤਾਨੀ ਇਤਿਹਾਸ ਵਿੱਚ ਨਿਰਾਲੀ ਸਿੱਖ ਕੌਮ ਦੇ ਸਿਰਲੱਥ ਯੋਧਿਆਂ ਅਤੇ ਇੱਕ ਤਿਆਗੀ ਬੈਰਾਗੀ ਨੇ ਅੰਮ੍ਰਿਤ ਛਕ ਕੇ ਮਹਾਨ ਬੰਦਾ ਸਿੰਘ ਬਹਾਦਰ ਬਣ ਕੇ ਜ਼ੁਲਮੀ ਰਾਜ ਦੀਆਂ ਜੜ੍ਹਾਂ ਖੋਖਲੀਆਂ ਕਰਕੇ ਗੁਰੂ ਸਾਹਿਬਾਨ ਵਲੋਂ ਬਿਆਨਿਆ ਹਲੇਮੀ ਰਾਜ ਕਾਇਮ ਕਰ ਦਿੱਤਾ, ਪਰ ਐਸੀ ਨੀਤੀ ਨੇ ਉਹ ਵੀ ਬਹੁਤ ਦੇਰ ਰਹਿਣ ਨਾ ਦਿੱਤਾ। ਉਨ੍ਹਾਂ ਲੀਹਾਂ ਤੇ ਹੀ ਗੁਰੂ ਸਾਹਿਬ ਦੇ ਯੋਧਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਨਿਗਰਾਨੀ ਹੇਠ ਫਿਰ ਹਲੇਮੀ ਰਾਜ ਕਾਇਮ ਕਰ ਲਿਆ। ਉਸ ਸਮੇਂ ਖਾਲਸਾ ਫੌਜ ਐਸੇ ਸੰਜਮ ਵਿੱਚ ਵਿਚਰ ਰਹੀ ਸੀ ਕਿ ਜੇ ਉਹ ਚਾਹੁੰਦੇ ਤਾਂ ਅੰਗ੍ਰੇਜ਼ਾਂ ਨੂੰ ਵੀ ਸਾਰੇ ਹਿੰਦੋਸਤਾਨ ਵਿੱਚੋਂ ਕੱਢ ਸਕਦੇ ਸਨ। ਪਰ ਬਿਪਰਨ ਨੀਤੀ ਹੋਰ ਕੁੱਛ ਹੀ ਸੋਚੀ ਬੈਠੀ ਸੀ। ਸਾਰੀ ਦੁਨੀਆਂ ਜਾਣਦੀ ਹੈ ਕਿ ਕਿਵੇਂ ਡੋਗਰਿਆਂ ਤੇ ਪੂਰਬੀ ਮਿਸਰਾਂ, ਬਣਾਉਟੀ ਬਣੇ ਸਿੱਖਾਂ ਲਾਲ ਸਿੰਘ ਤੇ ਤੇਜ ਸਿੰਘ ਨੇ ਬਿਪਰਨ ਨੀਤੀ ਅਧੀਨ ਬਹਾਦਰ ਸਿੱਖ ਫੌਜ ਨੂੰ ਤਬਾਹ ਕਰਵਾ ਕੇ ਸਿਰਫ ਪੰਜਾਬ ਹੀ ਨਹੀਂ ਸਾਰੇ ਹਿੰਦੋਸਤਾਨ ਤੇ ਅੰਗ੍ਰੇਜ਼ਾਂ ਦਾ ਕਬਜ਼ਾ ਪੱਕਾ ਕਰਵਾ ਦਿੱਤਾ ਅਤੇ ਗੁਲਾਮੀ ਦਾ ਪਟਾ ਦੁਬਾਰਾ ਗਲ ਵਿੱਚ ਪੁਆ ਕੇ ਖਬਰੇ ਕਿਤਨੀ ਕੁ ਖੁਸ਼ੀ ਪ੍ਰਾਪਤ ਕੀਤੀ ਹੋਵੇਗੀ?
ਇਹ ਤਾਂ ਰੋਣਾ ਹੈ ਬਿਪਰਨ ਨੀਤੀ ਦੀ ਕਾਰਗੁਜ਼ਾਰੀ ਦਾ ਜੋ ਇਨ੍ਹਾਂ ਬਿੱਪਰਾਂ ਅਤੇ ਬਿਪਰਨ ਨੀਤੀ ਦੇ ਪੈਰੋਕਾਰਾਂ ਦੇ ਖੁਨ ਵਿੱਚ ਘਰ ਕਰ ਗਈ ਹੈ ਅਤੇ ਇੱਕ ਆਦਤ ਬਣ ਗਈ ਹੈ, ਜਿੱਸ ਦਾ ਇਨ੍ਹਾਂ ਦੇ ਖੂਨ ਵਿੱਚੋਂ ਜਾਣਾ ਬਹੁਤ ਮੁਸ਼ਕਲ ਹੈ। ਇਹ ਇਨ੍ਹਾਂ ਦੀ ਨੀਤੀ ਭੋਲੇ ਭਾਲੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਤੇ ਝੂਠੇ ਮੂਠੇ ਢੰਗਾਂ ਰਾਹੀਂ ਦੇਵੀ ਦੇਵਤਿਆਂ ਦੀਆਂ ਕਰਾਮਾਤਾਂ ਦਿਖਾ ਕੇ (ਜਿਵੇਂ ਸੋਮਨਾਥ ਦੇ ਮੰਦਰ ਵਿੱਚ ਬਿੱਪਰ ਵਲੋਂ ਮੰਦਰ ਦੀਆਂ ਕੰਧਾਂ ਵਿੱਚ ਚੁੰਬਕ ਲਾ ਕੇ ਦੇਵੀ ਦੀ ਮੂਰਤੀ ਨੂੰ ਹਵਾ ਵਿੱਚ ਲਟਕਾ ਕੇ ਲੋਕਾਂ ਨੂੰ ਹੈਰਾਨੀ ਵਿੱਚ ਪਾ ਕੇ ਚੜ੍ਹਾਵੇ ਲਏ ਜਾਂਦੇ ਸਨ ਪਰ ਇਸ ਦੀ ਅਸਲੀਅਤ ਦਾ ਪਤਾ ਉਸ ਵੇਲੇ ਲੱਗਾ ਜਦ ਮਹਿਮੂਦ ਗਜ਼ਨਵੀ ਨੇ ਮੰਦਰ ਦੀਆਂ ਕੰਧਾਂ ਢਾ ਦਿੱਤੀਆਂ ਤੇ ਮੂਰਤੀ ਹੇਠਾਂ ਡਿਗ ਪਈ) ਕਿਸੇ ਤਰ੍ਹਾਂ ਦਾ ਕੰਮ ਕੀਤੇ ਬਿਨਾਂ ਆਪਣਾ ਪੇਟ ਪਾਲਣ ਲਈ ਬਿਲਕੁੱਲ ਫਰੇਬ ਭਰੇ ਢੰਗਾਂ ਤੇ ਨਿਰਭਰ ਹੈ। ਇਸ ਦੀ ਪੁਸ਼ਟੀ ਵਾਰਸ ਸ਼ਾਹ ਜੀ ਇਸ ਤਰ੍ਹਾਂ ਕਰਦੇ ਹਨ, “ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ”। ਪਰ, ਕੀ ਐਸੀ ਹਾਨੀਕਾਰਕ ਤੇ ਘਾਤਕ ਆਦਤ, ਜੋ ਆਪਣੇ ਪੈਰ ਆਪ ਕੁਹਾੜਾ ਮਾਰਨ ਤੁੱਲ ਹੈ, ਤੋਂ ਛੁਟਕਾਰਾ ਪਾਉਣ ਲਈ ਹਰ ਕੋਸ਼ਿਸ਼ ਨਹੀਂ ਕਰਨੀ ਚਾਹੀਦੀ? ਜੇ ਦੇਸ਼ ਦਾ ਹਿੱਤ ਦਿਲ ਵਿੱਚ ਹੈ ਤਾਂ ਜ਼ਰੂਰ ਕਰਨੀ ਚਾਹੀਦੀ ਹੈ ਤਾਂਕਿ ਦੇਸ਼ ਵਲੋਂ ਵੀ ਅਤੇ ਪ੍ਰਮਾਤਮਾ ਵਲੋਂ ਵੀ ਸੁਰਖਰੂ ਹੋਇਆ ਜਾ ਸਕੇ। ਪੁਰਾਣੇ ਸਮੇਂ ਅਮ੍ਰੀਕੀ ਸਿਆਣਿਆਂ ਵਲੋਂ ਜਪਾਨੀ ਬਹਾਦਰ ਕਬੀਲੇ ਪ੍ਰਤੀ ਅਪਨਾਈ ਨੀਤੀ ਅਤੇ ਭਾਰਤ ਵਿੱਚ ਅੰਗ੍ਰੇਜ਼ਾਂ ਵਲੋਂ ਬਹਾਦਰ ਕੌਮਾਂ ਪ੍ਰਤੀ ਅਪਨਾਈ ਨੀਤੀ ਜੋ ਬੜੀ ਉਸਾਰੂ ਅਤੇ ਸਿਆਣਪ ਤੇ ਨਿਰਭਰ ਹੈ, ਤੋਂ ਬਿਪਰਨ ਨੀਤੀ ਨੂੰ ਉਚਿੱਤ ਸਬਕ ਸਿੱਖ ਕੇ ਬਹਾਦਰ, ਅਣਖੀ ਅਤੇ ਸੂਰਬੀਰ ਸਿੱਖ ਕੌਮ ਨੂੰ ਸਫਾ ਹਸਤੀ ਤੋਂ ਮਿਟਾਉਣ ਬਾਰੇ ਸੋਚਣ ਅਤੇ ਕੋਝੇ ਹਥਿਆਰ ਵਰਤਣ ਦੀ ਥਾਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਭਿਅਕ, ਸਮਾਜਿਕ ਤੇ ਖਾਸ ਕਰਕੇ ਧਾਰਮਿਕ ਅਜ਼ਾਦੀ ਦੇ ਕੇ ਆਪਣੀ ਪਹਿਲੀ ਸ਼ਾਨ ਬਰਕਰਾਰ ਕਰਨ ਤੇ ਰੱਖਣ ਦੀ ਅਜ਼ਾਦੀ ਹੋਣੀ ਚਾਹੀਦੀ ਹੈ, ਤਾਂਕਿ ਜਿੱਸ ਕੌਮ ਨੇ ਪਹਿਲਾਂ ਮੁਗਲਾਂ ਦੀ ਜ਼ਾਲਮ ਹਕੂਮਤ ਦਾ ਦੇਸ਼ ਦੇ ਗਲੋਂ ਜੂਲਾ ਲਾਹਿਆ ਹੋਵੇ ਤੇ ਫਿਰ ਅੰਗ੍ਰੇਜ਼ਾਂ ਤੋਂ ਅਜ਼ਾਦੀ ਪ੍ਰਾਪਤ ਕਰਨ ਲਈ ਸਿਰ ਧੜ ਦੀ ਬਾਜ਼ੀ ਲਾਕੇ ਅਜ਼ਾਦੀ ਤੋਂ ਪਹਿਲਾਂ ਅਤੇ ਅਜ਼ਾਦੀ ਮਿਲਦੇ ਸਾਰ ਵੀ ਵੱਧ ਤੋਂ ਵੱਧ ਜਾਨੀ ਤੇ ਮਾਲੀ ਨੁਕਸਾਨ ਉਠਾ ਕੇ ਉਸ ਬਾਰੇ ਕਿਸੇ ਨੂੰ ਇਲਜ਼ਾਮ ਵੀ ਨਾ ਦਿੱਤਾ ਹੋਵੇ, ਉਸ ਨੂੰ ਦੇਸ਼ ਦੀ ਰੱਖਿਆ ਹੀ ਨਹੀਂ, ਹਰ ਪੱਖੋਂ ਤਰੱਕੀ ਵਿੱਚ ਆਪਣੇ ਵਿੱਤ ਅਨੁਸਾਰ ਹੀ ਨਹੀਂ, ਵੱਧ ਤੋਂ ਵੱਧ, (ਜੋ ਸਿੱਖ ਕੌਮ ਦਾ ਪਰਮ ਧਰਮ ਹੀ ਬਣ ਗਿਆ ਹੈ) ਹਿੱਸਾ ਪਾਉਂਦੇ ਰਹਿਣ ਦਿੱਤਾ ਜਾਵੇ।
ਇਹ ਇਨਸਾਨੀਅਤ ਦੇ ਤੌਰ ਤੇ ਕੀਤਾ ਜਾਵੇ ਤਾਂ ਬਿੱਪਰ ਨੀਤੀ ਜੋ ਸਿੱਖਾਂ ਨੂੰ ਸਦਾ ਹੀ ਹਿੰਦੂਆਂ ਦਾ ਹੀ ਇੱਕ ਫਿਰਕਾ ਕਹਿੰਦੀ ਹੈ ਕੁੱਛ ਸਮਝ ਆ ਸਕਦਾ ਹੈ, ਪਰ ਇਨਸਾਨੀਅਤ ਦੇ ਪੱਖੋਂ ਜਦ ਸਿੱਖ ਆਪਣੇ ਜਾਇਜ਼ ਹੱਕ ਮੰਗਦੇ ਹਨ, ਤਾਂ ਸਿੱਖ ਇੱਕ ਵੱਖਰੀ ਕੌਮ ਬਣਾ ਕੇ ਸਿੱਖਾਂ ਨੂੰ ਦਹਿਸ਼ਤਗਰਦ ਅਤੇ ਦੇਸ਼ ਦੇ ਗੱਦਾਰ ਕਹਿ ਕਹਿ ਕੇ ਉਨ੍ਹਾਂ ਤੇ ਅਕਹਿ ਤੇ ਅਸਹਿ ਜ਼ੁਲਮ ਢਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਂਦੀ। ਸਿੱਖਾਂ ਦੀ ਸਮਾਜਿਕ, ਸਭਿਅਕ ਤੇ ਸੱਭ ਤੋਂ ਪਿਆਰੀ ਧਾਰਮਿਕ ਆਜ਼ਾਦੀ ਤੇ ਹਮਲੇ ਕਰਨ ਵਾਲੀ ਅਤੇ ਵਾਇਦੇ ਕਰਕੇ ਮੁੜ ਮੁੜ ਮੁਕਰਨ ਦੀ ਇਸ ਬਿੱਪਰ ਨੀਤੀ ਨੇ ਸਿੱਖਾਂ ਨੂੰ ਆਪਣੇ ਲਈ ਵੱਖਰੇ ਦੇਸ਼ ਦੀ ਮੰਗ ਵਲ ਤੋਰ ਦਿੱਤਾ ਹੋਇਆ ਹੈ, ਜਿੱਸ ਨਾਲ ਵੱਧ ਤੋਂ ਵੱਧ ਨੁਕਸਾਨ ਹਰ ਪੱਖੋਂ ਤੇ ਪਾਸਿਓਂ ਹੋਇਆ ਤੇ ਹੋ ਰਿਹਾ ਹੈ। ਇਹ ਬਿਪਰਨ ਨੀਤੀ ਜੋ ਈਰਖਾ ਤੇ ਨਫਰਤ ਤੋਂ ਪੈਦਾ ਹੋਈ ਹੈ ਆਪਣੇ ਟੀਚੇ ਵਿੱਚ ਕਾਮਯਾਬ ਨਹੀਂ ਹੋ ਸਕਦੀ। ਕਿਉਂਕਿ ਜਿਵੇਂ ਜਰਮਨ ਦੋ ਮਹਾਨ ਸੰਸਾਰ ਯੁੱਧਾਂ ਵਿੱਚ ਪੂਰੀ ਦੀ ਪੂਰੀ ਤਬਾਹੀ ਹੋਣ ਦੇ ਬਾਵਜੂਦ ਵੀ ਮੁੜ ਪੈਰਾਂ ਤੇ ਹੀ ਨਹੀਂ ਖੜਾ ਹੋਇਆ ਸਗੋਂ ਇਸ ਵੇਲੇ ਦੁਨੀਆਂ ਦੀ ਹਰ ਪੱਖੋਂ ਅਮੀਰ ਕੌਮ ਵੀ ਹੈ ਕਿਉਂਕਿ ਇਨ੍ਹਾਂ ਅਣਖੀ ਸੂਰਬੀਰਾਂ (ਜਰਮਨ ਲੋਕਾਂ) ਨੂੰ ਆਪਣੇ ਪੈਰਾਂ ਤੇ ਖੜਨਾ, ਭਾਵੇਂ ਤਬਾਹ ਹੀ ਕਿਉਂ ਨਾ ਹੋ ਜਾਣ, ਵਿਰਸੇ ਵਿੱਚ ਮਿਲਿਆ ਹੈ। ਇਸ ਤਰ੍ਹਾਂ ਦਾ ਹੀ ਵਿਰਸਾ ਜਪਾਨੀ ਕੌਮ ਨੂੰ ਮਿਲਿਆ ਹੈ ਜੋ ਦੂਜੇ ਮਹਾਨ ਵਿਸ਼ਵ ਯੁੱਧ ਸਮੇਂ ਬਿਲਕੁੱਲ ਤਬਾਹ ਹੋ ਕੇ ਅੱਜ ਫਿਰ ਦੁਨੀਆਂ ਦੇ ਸਿਰਕੱਢ ਮੁਲਕਾਂ ਵਿੱਚੋਂ ਹੈ, ਅਤੇ ਅਮਰੀਕਾ ਵਰਗੇ ਧਨਾਢ ਦੇਸ਼ ਵੀ ਉਸ ਦੀ ਆਰਥਿਕ ਸ਼ਕਤੀ ਦਾ ਪਾਣੀ ਭਰਦੇ ਹਨ। ਇਹ ਹੀ ਤੇ ਇਸ ਤਰ੍ਹਾਂ ਦਾ ਅਮੀਰ ਤੇ ਅਣਖੀ ਵਿਰਸਾ ਸਿੱਖ ਕੌਮ ਦੇ ਪੱਲੇ ਗੁਰੂ ਸਾਹਿਬਾਨ ਨੇ ਪਾਇਆ ਹੋਇਆ ਹੈ ਜਿੱਸ ਦੇ ਬੱਲ ਬੂਤੇ ਸਿੱਖ, ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਜੀ ਵਾਂਗ, ਦੋ ਦੀ ਗਿਣਤੀ ਵਿੱਚ ਹੁੰਦੇ ਹੋਏ ਵੀ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਸਮਝਦੇ ਹਨ। ਮਿਸਾਲ ਦੇ ਤੌਰ ਤੇ ਗੁਰੂ ਜੀ ਦੀ ਬਖਸ਼ਿਸ਼ ਜ਼ਾਹਰਾ ਦੇਖੀ ਜਾ ਸਕਦੀ ਹੈ। ਕੀ ਪੁਰਾਤਨ ਘੱਲੂਘਾਰਿਆਂ ਵਿੱਚ, ਕੀ ਪਾਕਿਸਤਾਨ ਬਣਨ ਸਮੇਂ ਘਰੋਂ ਬੇਘਰ ਹੋਇਆਂ ਵੀ, ਸਿੱਖੀ ਵਿਰਸੇ ਨੇ ਸਿੱਖ ਕੌਮ ਨੂੰ ਝੱਟ ਆਪਣੇ ਪੈਰਾਂ ਤੇ ਖੜਾ ਕਰ ਦਿੱਤਾ।
ਸੋ ਇਨ੍ਹਾਂ ਅਤੇ ਐਸੇ ਘੱਲੂਘਾਰਿਆਂ ਦੇ ਵਰਤਾਉਣ ਜਾ ਕਿਸੇ ਦੀ ਸੂਰਬੀਰਤਾ, ਜਿੱਸ ਨੇ ਸਦਾ ਹੀ ਸਵਾਰਥ-ਰਹਿਤ ਹੋ ਕੇ ਦੇਸ਼ ਤੇ ਦੇਸ਼ ਦੀ ਇੱਜ਼ਤ ਆਬਰੂ ਬਰਕਰਾਰ ਰੱਖਣ ਲਈ ਆਪਾ ਤੱਕ ਵਾਰਨ ਤੋਂ ਵੀ ਕਦੇ ਸੰਕੋਚ ਨਾ ਕੀਤਾ ਹੋਵੇ, ਨੂੰ ਖਤਮ ਕਰਨ ਬਾਰੇ ਸੋਚਿਆ ਹੀ ਕਿਉਂ ਜਾਵੇ, ਜਿਸ ਬਾਰੇ ਇਹ ਵੀ ਪਤਾ ਹੋਵੇ ਕਿ, ਇਸ ਨੇ ਵੱਧ ਤੋਂ ਵੱਧ ਨੁਕਸਾਨ ਹੋਣ ਦੇ ਬਾਵਜੂਦ ਹੋਰ ਵੀ ਤਕੜੀ ਹੋ ਕੇ ਨਿਕਲਣਾ ਹੈ। ਜੇ ਨੁਕਸਾਨ ਕਰਨ, ਕਰਾਉਣ ਤੋਂ ਬਿਨਾਂ ਹੀ ਸਿਆਣਪ ਨਾਲ ਉਸ ਨੂੰ ਦੇਸ਼ ਦੇ ਹਿੱਤਾਂ ਲਈ ਵਰਤਿਆ ਜਾ ਸਕਦਾ ਹੋਵੇ ਤਾਂ ਇੱਕ ਈਮਾਨਦਾਰ ਤੇ ਭਰੋਸੇਯੋਗ ਕੌਮ ਦੀ ਸੂਰਬੀਰਤਾ ਨੂੰ ਕੋਝੀ ਤੇ ਕੁਟਲ-ਨੀਤੀ ਰਾਹੀਂ ਭੰਗ ਦੇ ਭਾੜੇ ਗੁਆਉਣਾ ਸਿਆਣਪ ਨਹੀਂ ਆਖਿਆ ਜਾ ਸਕਦਾ। ਸਿਆਣਪ ਤੇ ਸੁੱਖ ਤਾਂ ਸਦਾ “ਜੀਓ ਤੇ ਜੀਓਣ ਦਿਓ” ਤੇ “ਸਰਬੱਤ ਦਾ ਭਲਾ” ਦੀ ਸੱਚੀ ਸੁੱਚੀ ਨੀਤੀ ਵਿੱਚ ਹੀ ਹੈ, ਜਿੱਸ ਨੂੰ ਅੱਜ ਸਾਰੀ ਦੁਨੀਆਂ ਹੀ ਭੁੱਲ ਗਈ ਜਾਪਦੀ ਹੈ, ਤਾਹੀਉਂ ਤਾਂ ਹਰ ਥਾਂ ਦੂਸਰੇ ਦੀ ਖੋਹਮ-ਖੋਹੀ, ਕਟਾ-ਵਢੀ ਆਦਿ ਰਾਹੀਂ ਆਪਸੀ ਜਾਨੀ, ਮਾਲੀ ਤੇ ਖਾਸ ਕਰਕੇ ਪ੍ਰਮਾਰਥਕ ਨੁਕਸਾਨ ਵੱਧ ਤੋਂ ਵੱਧ ਝੱਲ ਰਹੀ ਹੈ। ਗੁਰੂ ਜੀ ਐਸੀ ਖਤਰਨਾਕ ਨੀਤੀ ਦਾ ਸਹਾਰਾ ਲੈਣ ਵਾਲਿਆਂ ਨੂੰ ਸੁਮੱਤ ਬਖਸ਼ਣ!
.