.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੁਰਮਤ ਅਨੁਸਾਰ ਮੁਕਤੀ
ਭਾਗ ਤੀਜਾ

ਆਮ ਸਮਝਿਆ ਜਾ ਰਿਹਾ ਹੈ ਕਿ ਏੱਥੇ ਧੜੱਲੇ ਨਾਲ ਉੱਚੀ ਉੱਚੀ ਨਾਮ ਜੱਪਿਆ ਜਾਏ ਤਾਂ ਸਵਰਗ ਵਿੱਚ ਬੰਦੇ ਨੂੰ ਮੁਕਤੀ ਮਿਲਦੀ ਹੈ ਗੁਰਬਾਣੀ ਇਸ ਖ਼ਿਆਲ ਨਾਲ ਸਹਿਮਤ ਨਹੀਂ ਹੋਈ—
ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ।।
ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨੑ ਪਾਇਆ।।
ਹੇ ਭਾਈ ! ਮੂੰਹ ਨਾਲ (ਬਾਹਰੋਂ ਬਾਹਰੋਂ) ਤਾਂ ਹਰੇਕ ਪਰਮਾਤਮਾ ਦਾ ਨਾਮ ਉਚਾਰ ਦੇਂਦਾ ਹੈ, ਪਰ ਕਿਸੇ ਵਿਰਲੇ ਨੇ ਹਰਿ-ਨਾਮ ਆਪਣੇ ਹਿਰਦੇ ਵਿੱਚ ਵਸਾਇਆ ਹੈ। ਹੇ ਨਾਨਕ ! (ਆਖ—) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ।
ਗੁਰਬਾਣੀ ਅਨੁਸਾਰ ਜਿਸ ਨੇ ਆਪਣੇ ਹਿਰਦੇ ਵਿੱਚ ਗੁਰ-ਗਿਆਨ ਨੂੰ ਸਮਝਿਆ ਹੈ ਉਸ ਨੇ ਸੰਸਾਰੀ ਬੰਧਨਾਂ ਵਲੋਂ ਮੁਕਤੀ ਪ੍ਰਾਪਤ ਕਰ ਲਈ ਹੈ---
ਅੰਤਰਿ ਗੁਰ ਗਿਆਨੁ ਹਰਿ ਰਤਨੁ ਹੈ ਮੁਕਤਿ ਕਰਾਵਣਹਾਰਾ।।
ਮ: ੩ ਪੰਨਾ ੫੯੩

ਸਾਡੇ ਮੁਲਕ ਵਿੱਚ ਬ੍ਰਹਾਮਣੀ ਵਿਚਾਰਧਾਰਾ, ਤੇ ਹੁਣ ਸਾਡੀ ਪ੍ਰਚਾਰ ਪ੍ਰਣਾਲ਼ੀ ਨੇ ਇਹ ਸਮਝਾਇਆ ਹੈ ਕਿ ਜੋ ਕੇਵਲ ਧਰਮ ਦੇ ਨਾਂ `ਤੇ ਕਰਮ-ਕਾਂਡ ਨਿਭਾਏਗਾ ਉਹ ਹੀ ਮੁਕਤ ਹੋ ਸਕਦਾ ਹੈ ਜਦ ਕਿ ਗੁਰਬਾਣੀ ਨੇ ਮੁਕਤੀ ਦਾ ਅਦਰਸ਼ ਕਿਰਤ ਕਰਦਿਆਂ ਹੱਸਦਿਆਂ, ਖੇਡਦਿਆਂ, ਕਪੜੇ ਪਹਿਨਦਿਆਂ ਤੇ ਖਾਂਦਿਆਂ ਸਮਝਾਇਆ ਹੈ, ਜੇਹਾ ਕਿ---
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ।।
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ।। ੨।।
ਸਲੋਕ ਮ: ੫ ਪੰਨਾ ੫੨੨
ਗੁਰਬਾਣੀ ਨੇ ਪ੍ਰਭੂ ਦੀ ਰਜ਼ਾ ਵਿੱਚ ਤੁਰਨ ਵਾਲੇ ਨੂੰ ਮੁਕਤ ਕਿਹਾ ਹੈ। ਐਸੀ ਕਰਨੀ ਵਾਲੇ ਦੇ ਜੀਵਨ ਵਿੱਚ ਇੱਕ ਤਬਦੀਲੀ ਆਉਂਦੀ ਹੈ। ਜੋ ਵਿਕਾਰਾਂ ਵਲੋਂ ਤੋੜ ਕੇ ਅੰਮ੍ਰਿਤ ਵਾਲੇ ਜੀਵਨ ਵਿੱਚ ਤਬਦੀਲ ਹੁੰਦੀ ਹੈ। ਜੇਹਾ ਕਿ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਆਉਂਦਾ ਹੈ---
ਪ੍ਰਭ ਕੀ ਆਗਿਆ ਆਤਮ ਹਿਤਾਵੈ।। ਜੀਵਨ ਮੁਕਤਿ ਸੋਊ ਕਹਾਵੈ।।
ਤੈਸਾ ਹਰਖੁ ਤੈਸਾ ਉਸੁ ਸੋਗੁ।। ਸਦਾ ਅਨੰਦੁ ਤਹ ਨਹੀ ਬਿਓਗੁ।।
ਤੈਸਾ ਸੁਵਰਨੁ ਤੈਸੀ ਉਸੁ ਮਾਟੀ।। ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ।।
ਤੈਸਾ ਮਾਨੁ ਤੈਸਾ ਅਭਿਮਾਨੁ।। ਤੈਸਾ ਰੰਕੁ ਤੈਸਾ ਰਾਜਾਨੁ।।
ਜੋ ਵਰਤਾਏ ਸਾਈ ਜੁਗਤਿ।। ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ।।
ਸੁਖਮਨੀ ਪੰਨਾ ੨੭੫

ਏੱਥੇ ਕਚਹੁ ਕੰਚਨ ਭਇਓ ਵਾਲਾ ਸਵੱਯਾ ਵੀ ਵਿਚਾਰਿਆ ਜਾ ਸਕਦਾ ਹੈ--
ਪ੍ਰਭੂ ਦੇ ਗੁਣਾਂ ਨੂੰ ਮਨ ਕਰਕੇ ਮੰਨਦਾ ਹੈ ਅਸਲ ਵਿੱਚ ਉਹ ਹੀ ਜੀਵਨ ਵਿੱਚ ਮੁਕਤ ਹੁੰਦਾ ਹੈ। ਚਿੰਤਾ ਖੁਸ਼ੀ ਵਿੱਚ ਬਦਲਦੀ ਨਜ਼ਰ ਆਉਂਦੀ ਹੈ। ਸੁਭਾਅ ਵਿੱਚ ਵਿਕਾਰਾਂ ਵਲੋਂ ਵਿਛੋੜਾ ਹੁੰਦਾ ਹੈ ਜੋ ਹਮੇਸ਼ਾਂ ਅਨੰਦ ਦੀ ਦਸ਼ਾ ਵਿੱਚ ਰਹਿੰਦਾ ਹੈ। ਇੰਜ ਕਿਹਾ ਜਾ ਸਕਦਾ ਹੈ ਕਿ ਉਸ ਪ੍ਰਾਣੀ ਦਾ ਪ੍ਰਭੂ ਗੁਣਾਂ ਵਲੋਂ ਕਦੇ ਵੀ ਵਿਛੋੜਾ ਨਹੀਂ ਹੁੰਦਾ। ਮਿੱਟੀ ਦੀ ਢੇਰੀ ਬਣਿਆ ਹੋਇਆ ਸੋਨੇ ਵਾਂਗ ਕੀਮਤੀ ਹੋ ਜਾਂਦਾ ਹੈ। ਵਿਕਾਰੀ ਬਿਰਤੀ ਆਤਮਕ ਜੀਵਨ ਵਿੱਚ ਬਦਲ ਜਾਂਦੀ ਹੈ। ਹੰਕਾਰੀ ਬਿਰਤੀ ਆਦਰ ਦੇਣ ਵਿੱਚ ਤਬਦੀਲ ਹੁੰਦੀ ਹੈ। ਰਾਜਿਆਂ ਵਾਲੀ ਬਰਤੀ ਵਿੱਚ ਗਰੀਬੀ ਭਾਵ ਹਮੇਸ਼ਾਂ ਨਿਮਰਤਾ ਬਣੀ ਰਹਿੰਦੀ ਹੈ। ਏਹੀ ਜ਼ਿੰਦਗੀ ਜਿਉਣ ਦੀ ਜਾਚ ਹੈ ਤੇ ਏਸੇ ਨੂੰ ਹੀ ਜੀਵਨ ਮੁਕਤ ਕਿਹਾ ਹੈ।
ਰੱਬ ਜੀ ਦਾ ਮਨ ਵਿੱਚ ਵੱਸ ਜਾਣ ਨੂੰ ਹੀ ਮੁਕਤ ਕਹਾਉਂਦਾ ਹੈ। ਸਤ, ਸੰਤੋਖ, ਹਲੀਮੀ, ਪਿਆਰ ਤੇ ਧੀਰਜ ਵਰਗੀਆਂ ਹਕੀਕਤਾਂ ਹੀ ਰੱਬ ਦਾ ਰੂਪ ਹਨ। ਅਸਲ ਧੰਨ ਵਾਲਾ, ਉੱਚੀ ਕੁਲ ਵਾਲਾ, ਅਤੇ ਇਜ਼ਤ ਵਾਲਾ ਬਣ ਜਾਂਦਾ ਹੈ—ਅਗੰਮੀ ਵਾਕ ਹੈ—
ਓਹੁ ਧਨਵੰਤੁ ਕੁਲਵੰਤੁ ਪਤਿਵੰਤੁ।। ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ।।
ਸੁਖਮਨੀ ਪੰਨਾ ੨੯੩-੯੪

ਗੁਰਬਾਣੀ ਧਾਰਮਕ ਸਮਜਾਕ ਬੰਧਨਾਂ ਤੋਂ ਮੁਕਤ ਕਰਾਉਂਦੀ ਹੈ---
ਮੋ ਕਉ ਤੂੰ ਨ ਬਿਸਾਰਿ, ਤੂ ਨ ਬਿਸਾਰਿ।। ਤੂ ਨ ਬਿਸਾਰੇ ਰਾਮਈਆ।। ੧।। ਰਹਾਉ।।
ਆਲਾਵੰਤੀ ਇਹੁ ਭ੍ਰਮੁ ਜੋ ਹੈ, ਮੁਝ ਊਪਰਿ ਸਭ ਕੋਪਿਲਾ।।
ਸੂਦੁ ਸੂਦੁ ਕਰਿ ਮਾਰਿ ਉਠਾਇਓ, ਕਹਾ ਕਰਉ ਬਾਪ ਬੀਠੁਲਾ।। ੧।।
ਮੂਏ ਹੂਏ ਜਉ ਮੁਕਤਿ ਦੇਹੁਗੇ, ਮੁਕਤਿ ਨ ਜਾਨੈ ਕੋਇਲਾ।।
ਏ ਪੰਡੀਆ ਮੋ ਕਉ ਢੇਢ ਕਹਤ, ਤੇਰੀ ਪੈਜ ਪਿਛੰਉਡੀ ਹੋਇਲਾ।। ੨।।
ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ, ਅਤਿਭੁਜ ਭਇਓ ਅਪਾਰਲਾ।।
ਫੇਰਿ ਦੀਆ ਦੇਹੁਰਾ ਨਾਮੇ ਕਉ, ਪੰਡੀਅਨ ਕਉ ਪਿਛਵਾਰਲਾ।। 3
ਰਾਗ ਮਲਾਰ ਬਾਣੀ ਭਗਤ ਨਾਮਦੇਵ ਜੀ ਕੀ ਪੰਨਾ ੧੨੯੨

ਹੇ ਸੁਹਣੇ ਰਾਮ! ਮੈਨੂੰ ਤੂੰ ਨਾ ਵਿਸਾਰੀਂ, ਮੈਨੂੰ ਤੂੰ ਨਾ ਭੁਲਾਈਂ, ਮੈਨੂੰ ਤੂੰ ਨਾ ਵਿਸਾਰੀਂ। ੧। ਰਹਾਉ।
(ਇਹਨਾਂ ਪਾਂਡਿਆਂ ਨੂੰ) ਇਹ ਵਹਿਮ ਹੈ ਕਿ ਇਹ ਉੱਚੀ ਜਾਤੀ ਵਾਲੇ ਹਨ, (ਇਸ ਕਰਕੇ ਇਹ) ਸਾਰੇ ਮੇਰੇ ਉੱਤੇ ਗੁੱਸੇ ਹੋ ਗਏ ਹਨ; ਸ਼ੂਦਰ ਸ਼ੂਦਰ ਆਖ ਆਖ ਕੇ ਤੇ ਮਾਰ-ਕੁਟਾਈ ਕਰ ਕੇ ਮੈਨੂੰ ਇਹਨਾਂ ਨੇ ਉਠਾਲ ਦਿੱਤਾ ਹੈ; ਹੇ ਮੇਰੇ ਬੀਠੁਲ ਪਿਤਾ! ਇਹਨਾਂ ਅੱਗੇ ਮੇਰੀ ਇਕੱਲੇ ਦੀ ਪੇਸ਼ ਨਹੀਂ ਜਾਂਦੀ। ੧।
ਜੇ ਤੂੰ ਮੈਨੂੰ ਮਰਨ ਪਿੱਛੋਂ ਮੁਕਤੀ ਦੇ ਦਿੱਤੀ, ਤੇਰੀ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ; ਇਹ ਪਾਂਡੇ ਮੈਨੂੰ ਨੀਚ ਆਖ ਰਹੇ ਹਨ, ਇਸ ਤਰ੍ਹਾਂ ਤਾਂ ਤੇਰੀ ਆਪਣੀ ਹੀ ਇੱਜ਼ਤ ਘੱਟ ਰਹੀ ਹੈ (ਕੀ ਤੇਰੀ ਬੰਦਗੀ ਕਰਨ ਵਾਲਾ ਕੋਈ ਬੰਦਾ ਨੀਚ ਰਹਿ ਸਕਦਾ ਹੈ?)। ੨।
(ਹੇ ਸੁਹਣੇ ਰਾਮ!) ਤੂੰ ਤਾਂ (ਸਭਨਾਂ ਉੱਤੇ, ਚਾਹੇ ਕੋਈ ਨੀਚ ਕੁਲ ਦਾ ਹੋਵੇ ਚਾਹੇ ਉੱਚੀ ਕੁਲ ਦਾ) ਦਇਆ ਕਰਨ ਵਾਲਾ ਹੈਂ, ਤੂੰ ਮਿਹਰ ਦਾ ਘਰ ਹੈਂ, (ਫਿਰ ਤੂੰ) ਹੈਂ ਭੀ ਬੜਾ ਬਲੀ ਤੇ ਬੇਅੰਤ। (ਕੀ ਤੇਰੇ ਸੇਵਕ ਉੱਤੇ ਕੋਈ ਤੇਰੀ ਮਰਜ਼ੀ ਤੋਂ ਬਿਨਾ ਧੱਕਾ ਕਰ ਸਕਦਾ ਹੈ?) (ਮੇਰੀ ਨਾਮਦੇਵ ਦੀ ਅਰਜ਼ੋਈ ਸੁਣ ਕੇ ਪ੍ਰਭੂ ਨੇ) ਦੇਹੁਰਾ ਮੈਂ ਨਾਮਦੇਵ ਵਲ ਫੇਰ ਦਿੱਤਾ, ਤੇ ਪਾਂਡਿਆਂ ਵਲ ਪਿੱਠ ਹੋ ਗਈ। ੩। ੨।
ਨੋਟ: — ਜੇ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੇ ਪੁਜਾਰੀ ਹੁੰਦੇ, ਤਾਂ ਉਹ ਪੂਜਾ ਆਖ਼ਰ ਤਾਂ ਬੀਠੁਲ ਦੇ ਮੰਦਰ ਵਿੱਚ ਜਾ ਕੇ ਹੀ ਹੋ ਸਕਦੀ ਸੀ, ਤੇ ਬੀਠੁਲ ਦੇ ਮੰਦਰ ਵਿੱਚ ਰੋਜ਼ ਜਾਣ ਵਾਲੇ ਨਾਮਦੇਵ ਨੂੰ ਇਹ ਪਾਂਡੇ ਧੱਕੇ ਕਿਉਂ ਮਾਰਦੇ? ਇਸ ਮੰਦਰ ਵਿਚੋਂ ਧੱਕੇ ਖਾ ਕੇ ਨਾਮਦੇਵ ਬੀਠੁਲ ਅੱਗੇ ਪੁਕਾਰ ਕਰ ਰਿਹਾ ਹੈ, ਇਹ ਮੰਦਰ ਜ਼ਰੂਰ ਬੀਠੁਲ ਦਾ ਹੀ ਹੋਵੇਗਾ। ਇਥੋਂ ਧੱਕੇ ਪੈਣ ਤੋਂ ਹੀ ਸਾਫ਼ ਜ਼ਾਹਰ ਹੈ ਕਿ ਨਾਮਦੇਵ ਇਸ ਤੋਂ ਪਹਿਲਾਂ ਕਦੇ ਕਿਸੇ ਮੰਦਰ ਵਿੱਚ ਨਹੀਂ ਸੀ ਗਿਆ, ਨਾ ਹੀ ਕਿਸੇ ਮੰਦਰ ਵਿੱਚ ਧਰੀ ਕਿਸੇ ਬੀਠੁਲ-ਮੂਰਤੀ ਦਾ ਉਹ ਪੁਜਾਰੀ ਸੀ। ਬੀਠੁਲ-ਮੂਰਤੀ ਕ੍ਰਿਸ਼ਨ ਜੀ ਦੀ ਹੈ, ਪਰ ‘ਰਹਾਉ` ਦੀ ਤੁਕ ਵਿੱਚ ਨਾਮਦੇਵ ਆਪਣੇ ‘ਬੀਠੁਲ` ਨੂੰ ‘ਰਮਈਆ` ਕਹਿ ਕੇ ਬੁਲਾਉਂਦਾ ਹੈ। ਕਿਸੇ ਇੱਕ ਅਵਤਾਰ ਦੀ ਮੂਰਤੀ ਦਾ ਪੁਜਾਰੀ ਆਪਣੇ ਇਸ਼ਟ ਨੂੰ ਦੂਜੇ ਅਵਤਾਰ ਦੇ ਨਾਮ ਨਾਲ ਯਾਦ ਨਹੀਂ ਕਰ ਸਕਦਾ। ਸੋ, ਇੱਥੇ ਨਾਮਦੇਵ ਉਸੇ ਮਹਾਨ ‘ਬਾਪ` ਨੂੰ ਸੱਦ ਰਿਹਾ ਹੈ ਜਿਸ ਨੂੰ ਰਾਮ, ਬੀਠੁਲ, ਮੁਕੰਦ ਆਦਿਕ ਸਾਰੇ ਪਿਆਰੇ ਨਾਮਾਂ ਨਾਲ ਬੁਲਾਇਆ ਜਾ ਸਕਦਾ ਹੈ।
ਸ਼ਬਦ ਦਾ ਭਾਵ: — ਸਿਮਰਨ ਦਾ ਨਤੀਜਾ—ਨਿਰਭੈਤਾ ਅਤੇ ਅਣਖ-ਸ੍ਵੈਮਾਨ।
ਅਸੀਂ ਸਮੁੱਚੇ ਤੌਰ `ਤੇ ਕਹਿ ਸਕਦੇ ਹਾਂ ਕਿ ਗੁਰਬਾਣੀ ਸਾਨੂੰ ਏਸੇ ਜਨਮ ਵਿੱਚ ਹੀ ਅੰਦਰੋਂ ਬਾਹਰੋਂ ਵਿਕਾਰਾਂ ਵਲੋਂ ਮੁਕਤ ਕਰਾਉਂਦੀ ਹੈ। ਬ੍ਰਾਹਮਣ ਕਹਿੰਦਾ ਹੈ ਕਿ ਜੇ ਸਵਰਗ ਵਿੱਚ ਕੋਈ ਮੁਕਤੀ ਲੈਣੀ ਹੈ ਤਾਂ ਮੇਰੇ ਕਹੇ ਅਨੁਸਾਰ ਦਾਨ ਪੁੰਨ ਤੇ ਧਰਮ ਦੇ ਨਾਂ `ਤੇ ਕਰਮ-ਕਾਂਡ ਨਿਭਾਏ, ਨਹੀਂ ਤਾਂ ਨਰਕ ਭੋਗਣ ਲਈ ਤਿਆਰ ਰਹੋ। ਬ੍ਰਾਹਮਣ ਵਾਲੀ ਮੁਕਤੀ ਨੂੰ ਗੁਰਬਾਣੀ ਨੇ ਨਿਕਾਰਿਆ ਹੈ। ਗੁਰਬਾਣੀ ਨੇ ਤਾਂ ਏਸੇ ਜਨਮ ਵਿੱਚ ਹੀ ਸਚਿਆਰ ਬਣਨ ਦਾ ਸੁਨੇਹਾਂ ਦਿੱਤਾ ਹੈ। ਸੁਖਮਨੀ ਸਾਹਿਬ ਵਿੱਚ ਵਾਕ ਹੈ----
ਜਿਸ ਕੈ ਅੰਤਰਿ ਰਾਜ ਅਭਿਮਾਨੁ।। ਸੋ ਨਰਕਪਾਤੀ ਹੋਵਤ ਸੁਆਨੁ।।
ਜੋ ਜਾਨੈ ਮੈ ਜੋਬਨਵੰਤੁ।। ਸੋ ਹੋਵਤ ਬਿਸਟਾ ਕਾ ਜੰਤੁ।।
ਆਪਸ ਕਉ ਕਰਮਵੰਤੁ ਕਹਾਵੈ।। ਜਨਮਿ ਮਰੈ ਬਹੁ ਜੋਨਿ ਭ੍ਰਮਾਵੈ।।
ਧਨ ਭੂਮਿ ਕਾ ਜੋ ਕਰੈ ਗੁਮਾਨੁ।। ਸੋ ਮੂਰਖੁ ਅੰਧਾ ਅਗਿਆਨੁ।।
ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ।। ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ।।

ਜਿਸ ਮਨੁੱਖ ਦੇ ਮਨ ਵਿੱਚ ਰਾਜ ਦਾ ਮਾਣ ਹੈ, ਉਹ ਕੁੱਤਾ ਨਰਕ ਵਿੱਚ ਪੈਣ ਦਾ ਸਜ਼ਾਵਾਰ ਹੁੰਦਾ ਹੈ।
ਜੋ ਮਨੁੱਖ ਆਪਣੇ ਆਪ ਨੂੰ ਬੜਾ ਸੋਹਣਾ ਸਮਝਦਾ ਹੈ, ਉਹ ਵਿਸ਼ਟਾ ਦਾ ਹੀ ਕੀੜਾ ਹੁੰਦਾ ਹੈ (ਕਿਉਂਕਿ ਸਦਾ ਵਿਸ਼ੇ-ਵਿਕਾਰਾਂ ਦੇ ਗੰਦ ਵਿੱਚ ਪਿਆ ਰਹਿੰਦਾ ਹੈ)।
ਜੇਹੜਾ ਆਪਣੇ ਆਪ ਨੂੰ ਚੰਗੇ ਕੰਮ ਕਰਨ ਵਾਲਾ ਅਖਵਾਉਂਦਾ ਹੈ, ਉਹ ਸਦਾ ਜੰਮਦਾ ਮਰਦਾ ਹੈ, ਕਈ ਜੂਨਾਂ ਵਿੱਚ ਭਟਕਦਾ ਫਿਰਦਾ ਹੈ।
ਜੋ ਮਨੁੱਖ ਧਨ ਤੇ ਧਰਤੀ (ਦੀ ਮਾਲਕੀ) ਦਾ ਅਹੰਕਾਰ ਕਰਦਾ ਹੈ, ਉਹ ਮੂਰਖ ਹੈ, ਬੜਾ ਜਾਹਿਲ ਹੈ।
ਮੇਹਰ ਕਰ ਕੇ ਜਿਸ ਮਨੁੱਖ ਦੇ ਦਿਲ ਵਿੱਚ ਗਰੀਬੀ (ਸੁਭਾਉ) ਪਾਂਦਾ ਹੈ, ਹੇ ਨਾਨਕ ! (ਉਹ ਮਨੁੱਖ) ਇਸ ਜ਼ਿੰਦਗੀ ਵਿੱਚ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਪਰਲੋਕ ਵਿੱਚ ਸੁਖ ਪਾਂਦਾ ਹੈ।
ਏਸੇ ਜੀਵਨ ਵਿੱਚ ਗੁਰਬਾਣੀ ਸਾਨੂੰ ਮੁਕਤੀ ਦਾ ਰਸਤਾ ਦਿਖਾਉਂਦੀ ਹੈ।




.