.

ਮਨੁੱਖਾ ਸਰੀਰ ਅੰਦਰ ‘ਮਨ’ ਕੀ ਹੈ? ‘ਮਨ’ ਸਬੰਧੀ ਕੁੱਝ ਸ਼ਬਦਾਂ ਦੇ ਆਧਾਰ `ਤੇ

“ਮਨ ਤਨ ਭਏ ਅਰੋਗਾ”

(ਪੰ: ੬੧੧) (ਭਾਗ-੨)

(ਲੜੀ ਜੋੜਣ ਲਈ ਇਸ ਤੋਂ ਪਹਿਲਾ ਭਾਗ ਜ਼ਰੂਰ ਪੜੋ ਜੀ)

(“ਇਸੁ ਤਨ ਮਹਿ ਮਨੁ, ਕੋ ਗੁਰਮੁਖਿ ਦੇਖੈ”) (ਪੰ: ੬੮੬)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਇਸ ਤਰ੍ਹਾਂ ਕੁਰਾਹੇ ਪੈ ਚੁੱਕੇ ਮਨ ਕਾਰਣ, ਪ੍ਰਭੂ ਦੇ ਹੁਕਮ (ਨਿਆਂ) `ਚ ਹੀ ਜੀਵ ਨੂੰ ਫ਼ਿਰ ਤੋਂ ਜਨਮ-ਮਰਣ ਤੇ ਜੂਨਾਂ ਦੇ ਗੇੜ `ਚ ਪੈਣਾ ਪੈਂਦਾ ਹੈ। ਇਸ ਤਰ੍ਹਾਂ ਇਹ ਮਨ ਜੀਵ ਨੂੰ ਉਦੋਂ ਤੱਕ ਜੂਨਾਂ ਗਰਭਾਂ `ਚ ਪਾਈ ਰਖਦਾ ਹੈ ਜਦੋ ਤੱਕ ਫ਼ਿਰ ਤੋਂ ਪ੍ਰਾਪਤ ਕਿਸੇ ਮਨੁੱਖਾ ਜਨਮ ਸਮੇਂ ਜੀਵ ਆਪਣੇ ਅਸਲੇ “ਮਨ ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ ਰੰਗੁ ਮਾਣੁ” (ਪੰ: ੪੪੧) ਅਨੁਸਾਰ ਪ੍ਰਭੂ `ਚ ਹੀ ਅਭੇਦ ਨਹੀਂ ਹੋ ਜਾਂਦਾ। ਭਾਵ ਜਦੋਂ ਤੱਕ ਇਸ ਮਨ ਵਾਲੀ ਬਣੀ ਹੋਈ, ਕਰਤੇ ਤੋਂ ਆਪਣੀ ਵੱਖਰੀ ਹੋਂਦ ਹੀ ਮੁੱਕ ਨਹੀਂ ਜਾਂਦੀ।

ਬੇਸ਼ਕ ਇਸ ਵਿਸ਼ੇ ਨਾਲ ਸਬੰਧਤ, ਕਿ ਇਸ ਮਨ ਦੀ ਹੋਂਦ ਕਦੋਂ ਮੁੱਕਦੀ ਹੈ ਤੇ ਕਦ ਤੱਕ ਇਸ ਦੀ ਹੋਂਦ ਕਾਇਮ ਰਹਿੰਦੀ ਹੈ, ਅਨੇਕਾਂ ਗੁਰਬਾਣੀ ਫ਼ੁਰਮਾਨ ਹਨ ਫ਼ਿਰ ਵੀ “ਸਤਿਗੁਰ ਕੀ ਪਰਤੀਤਿ ਨ ਆਈਆ, ਸਬਦਿ ਨ ਲਾਗੋ ਭਾਉ॥ ਓਸ ਨੋ ਸੁਖੁ ਨ ਉਪਜੈ, ਭਾਵੈ ਸਉ ਗੇੜਾ ਆਵਉ ਜਾਉ॥॥ ਨਾਨਕ ਗੁਰਮੁਖਿ ਸਹਜਿ ਮਿਲੈ, ਸਚੇ ਸਿਉ ਲਿਵ ਲਾਉ” (ਪੰ: ੫੯੧) ਸਪਸ਼ਟ ਹੈ ਅਜਿਹੀ ਸਫ਼ਲਤਾ ਦੀ ਪ੍ਰਾਪਤੀ ਲਈ, ਪ੍ਰਭੂ ਵੱਲੋਂ ਜੀਵ ਨੂੰ ਚਾਹੇ ਕਿਤਨੀ ਵਾਰ ਵੀ ਮਨੁੱਖਾ ਜਨਮ ਤੇ ਮਨੁੱਖਾ ਸਰੀਰ ਕਿਉਂ ਨਾ ਮਿਲ ਜਾਣ, ਫ਼ਿਰ ਵੀ ਇਸ ਦੇ ਲਈ ਤਦਤੱਕ ਜਨਮਾਂ-ਜੂਨਾਂ ਤੇ ਭਿੰਨ ਭਿੰਨ ਸਰੀਰਾਂ ਵਾਲੇ ਗੇੜ ਬਣੇ ਹੀ ਰਹਿੰਦੇ ਹਨ ਜਦ ਤੱਕ “ਸਤਿਗੁਰ ਕੀ ਪਰਤੀਤਿ ਨ ਆਈਆ, ਸਬਦਿ ਨ ਲਾਗੋ ਭਾਉ” (ਉਹੀ ਪੰ: ੫੯੧) ਅਥਵਾ “ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ” (ਪੰ: ੯੨੦)।

“ਮਨ ਤੂੰ ਜੋਤਿ ਸਰੂਪੁ ਹੈ” - ਦਰਅਸਲ ਪ੍ਰਭੂ ਮਿਲਾਪ ਲਈ ਮਨੁੱਖਾ ਜੂਨ ਹੀ ਇਕੋ ਇੱਕ ਸਮਾਂ ਹੈ ਅਤੇ ਅਰਬਾਂ-ਖਰਬਾਂ ਜੂਨਾਂ `ਚੋਂ ਹੋਰ ਕਿਸੇ ਵੀ ਜੂਨ ਸਮੇਂ ਅਜਿਹਾ ਸੰਭਵ ਨਹੀਂ। ਇਸ ਲਈ ਮਨ ਵਾਲੀ ਦਾਤ ਵੀ ਜੋ ਪ੍ਰਭੂ ਮਿਲਾਪ ਦਾ ਸਾਧਨ ਹੁੰਦੀ ਹੈ, ਜੀਵ ਨੂੰ ਮਨੁੱਖਾ ਜੂਨ ਸਮੇਂ ਹੀ ਮਿਲਦੀ ਹੈ ਅਤੇ ਕਿਸੇ ਹੋਰ ਜੂਨ ਸਮੇਂ ਇਹ ਮਨ ਵਾਲੀ ਦਾਤ ਨਹੀਂ ਮਿਲਦੀ। ਇਸੇ ਲਈ ਫ਼ੁਰਮਾਨ ਹੈ “ਮਨ ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ, ਮਰਣ ਜੀਵਣ ਕੀ ਸੋਝੀ ਹੋਈ॥ ਗੁਰ ਪਰਸਾਦੀ ਏਕੋ ਜਾਣਹਿ, ਤਾਂ ਦੂਜਾ ਭਾਉ ਨ ਹੋਈ” (ਪੰ: ੪੪੧)।

ਇਹੀ ਕਾਰਣ ਹੈ, ਜਦੋਂ ਮਨੁੱਖ ਦੀ ਸਰੀਰਕ ਮੌਤ ਹੋ ਜਾਂਦੀ ਹੈ ਤਾਂ ਵੀ ਅੱਜ ਤੱਕ ਇਸ ਚੋਂ ਦੋ ਚੀਜ਼ਾਂ ਕਿਸੇ ਵਿਗਿਆਨੀ ਦੀ ਪੱਕੜ `ਚ ਵੀ ਨਹੀਂ ਆਈਆਂ ਤੇ ਨਾ ਆਊਣਗੀਆਂ ਹੀ। ਇਨ੍ਹਾਂ ਚੋਂ ਇੱਕ ਹੈ ਕਰਮਾਂ-ਸੰਸਕਾਰਾਂ ਦਾ ਸਮੂਹ, ਪ੍ਰਭੂ ਤੋਂ ਆਪਣੀ ਅੱਡਰੀ ਹੋਂਦ ਬਣਾਈ ਬੈਠਾ ਸਾਡਾ ਇਹ ‘ਮਨ’ ਤੇ ਦੂਜਾ ‘ਪ੍ਰਭੂ ਦਾ ਨੂਰ’ (ਜੀਵਾਤਮਾ)। ਹਾਲਾਂਕਿ ਇਸ ਸਬੰਧੀ ਅਸੀਂ ਕਾਫ਼ੀ ਵੇਰਵੇ ਗੁਰਮੱਤ ਪਾਠਾਂ ੮੧, ੮੨, ੧੬੦, ੧੮੭ ਨੰਬਰ ਵਾਰ “ਸਰੀਰਾਂ ਵਾਲੀ ਖੇਡ ਤੇ ਦੁਖ-ਸੁਖ” “ਮਨ ਅਤੇ ਆਤਮਾ ਦਾ ਸੁਮੇਲ ਕਿੱਥੇ?” ਮਨ ਅਤੇ ਇਸ ਦੇ ਦੋ ਵਿਰੋਧੀ ਸਫ਼ਰ” “ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ?” ਆਦਿ ਵੱਖਰੇ ਤੌਰ `ਤੇ ਵੀ ਦੇ ਚੁੱਕੇ ਹਾਂ, ਸੰਗਤਾਂ ਉਨ੍ਹਾਂ ਦਾ ਵੀ ਲਾਭ ਲੈ ਸਕਦੀਆਂ ਹਨ।

“ਕਿਵ ਸਚਿਆਰਾ ਹੋਈਐ” ਅਤੇ ‘ਮਨ’ - ਇਥੋਂ ਤੱਕ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੀ ਅਰੰਭਕ ਬਾਣੀ ‘ਜਪੁ’ ਦੀ ਪਹਿਲੀ ਪਉੜੀ `ਚ ਹੀ ਗੁਰਦੇਵ ਨੇ ਫ਼ੁਰਮਾਇਆ ਹੈ “ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥ ਸਹਸ ਸਿਆਣਪਾ ਲਖ ਹੋਹਿ ਤ ਇੱਕ ਨ ਚਲੈ ਨਾਲਿ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧ ॥” ਪਉੜੀ ਦੇ ਅਰਥ ਭਾਵ ਹਨ:-

“ਜੇ ਲਖਾਂ ਸੁੱਚਮਾਂ ਤੇ ਤੀਰਥਾਂ `ਤੇ ਲਖਾਂ ਇਸ਼ਨਾਨ ਵੀ ਕਰ ਲਏ ਜਾਣ ਤਾਂ ਵੀ ਮਨੁੱਖ ਦਾ ਮਨ ਸੁੱਚਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜੇ ਸਾਰੀ ਰਚਨਾ ਦੇ ਧਨ-ਪਦਾਰਥ ਇਕਠੇ ਕਰ ਲਏ ਜਾਣ ਤਾਂ ਵੀ ਇਸ ਮਨ ਦੀ ਭੁੱਖ ਨਹੀਂ ਬੁਝਦੀ। ਲਖਾਂ ਸਮਾਧੀਆਂ, ਤਾੜੀਆਂ ਤੇ ਤੱਪ ਵੀ ਮਨੁੱਖ ਦੇ ਮਨ ਨੂੰ ਸ਼ਾਂਤ ਨਹੀਂ ਕਰ ਸਕਦੇ। ਲਖਾਂ ਚਤੁਰਾਈਆਂ, ਸਿਆਣਪਾਂ ਵੀ ਮਨੁੱਖ ਦੇ ਮਨ ਨੂੰ ਜੀਵਨ ਦੇ ਸਿਧੇ ਰਾਹ ਨਹੀਂ ਪਾ ਸਕਦੀਆਂ। ਸਾਰੇ ਦੇ ਉਲਟ, “ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ, ਕਾਲਾ ਹੋਆ ਸਿਆਹੁ” ਅਨੁਸਾਰ ਮਨ `ਤੇ ਚੜ੍ਹੀ ਹੋਈ ਜਨਮਾਂ-ਜਨਮਾਤ੍ਰਾਂ ਦੀ ਮੈਲ (ਕੂੜ ਦੀ ਕੰਧ) ਕੇਵਲ ਰਜ਼ਾ ਦੇ ਮਾਲਿਕ ਪ੍ਰਭੂ ਦੇ ਹੁਕਮ-ਰਜ਼ਾ ਤੇ ਭਾਣੇ `ਚ ਚਲਿਆਂ ਹੀ ਟੁੱਟਦੀ ਹੈ। ਇਹੀ ਹੈ ਮਨੁੱਖਾ ਜੀਵਨ ਦਾ ਉਹ ਰਾਹ ਜਿਥੋਂ ਮਨੁੱਖ ਦੇ ਮਨ `ਚ ਸ਼ਾਂਤੀ ਤੇ ਜੀਵਨ `ਚ ਟਿਕਾਅ ਆ ਸਕਦਾ ਹੈ। ਜੀਵਨ ਸਚਿਆਰਾ ਭਾਵ ਸਦਾ ਥਿਰ ਅਕਾਲਪੁਰਖ ਦੇ ਗੁਣਾ ਦਾ ਪ੍ਰਗਟਾਵਾ ਬਣ ਸਕਦਾ ਹੈ; ਮਨੁੱਖ ਜੀਊਂਦੇ ਜੀਅ ਪ੍ਰਭੂ `ਚ ਅਭੇਦ ਹੋ ਸਕਦਾ ਹੈ, ਜੀਵਨਮੁਕਤ ਹੋ ਸਕਦਾ ਹੈ”।

ਸਪਸ਼ਟ ਹੈ, ਸਰੀਰਕ ਤੱਲ `ਤੇ ਮਨੁੱਖ ਬੇਸ਼ੱਕ ਜਿਨੇਂ ਚਾਹੇ ਹੱਠ ਕਰਮ, ਸੁੱਚਾਂ-ਭਿਟਾਂ ਜਾਂ ਬ੍ਰਾਹਮਣੀ ਕਰਮਕਾਂਡ ਕਰਦਾ ਫ਼ਿਰੇ, ਵੱਡਾ ਵਿਦਵਾਨ ਅਖਵਾਉਣ ਦੇ ਯਤਣ `ਚ ਬੇਅੰਤ ਗਿਆਨ ਅਰਚਤ ਕਰੇ ਤੇ ਚਾਹੇ ਕੁੱਝ ਵੀ, ਪਰ ਅਜਿਹੇ ਆਪ ਮਿਥੇ ਸਾਰੇ ਕਰਮ ਜੀਵਨ ਅੰਦਰ ਹਉਮੈ ਨੂੰ ਹੀ ਜਨਮ ਦਿੰਦੇ ਤੇ ਹਊਮੈ ਨੂੰ ਹੀ ਵਧਾਉਂਦੇ ਹਨ। ਉਸੇ ਦਾ ਨਤੀਜਾ, ਅਜਿਹੇ ਲੋਕ, ਸ਼ਾਪਣਾ ਅਮੁਲੇ ਤੇ ਦੁਰਲਭ ਜਨਮ ਨੂੰ ਵਿਕਾਰਾਂ-ਮਨਮੱਤਾਂ, ਹੁੜਮੱਤਾਂ, ਦੁਰਮੱਤਾਂ, ਅਨਮੱਤਾਂ ਆਦਿ ਤੋਂ ਨਹੀਂ ਬਚਾਅ ਸਕਦੇ; ਬਲਕਿ ਕਈ ਵਾਰ ਤਾਂ ਅਜਿਹੇ ਕਰਮ ਹੀ, ਚੰਗੇ ਭਲੇ ਮਨੁੱਖਾ ਜੀਵਨ ਨੂੰ ਵੱਡੇ ਤੋਂ ਵੱਡੇ ਜੁਰਮਾਂ, ਗੁਣਾਹਾਂ, ਸਕੈਂਡਲਾਂ ਦੇ ਗੱਢੇ `ਚ ਵੀ ਧਕੇਲ ਦਿੰਦੇ ਹਨ।

ਦੂਜੇ ਪਾਸੇ, ਸਚਿਆਰੇ ਜੀਵਨ ਦੀ ਪ੍ਰਾਪਤੀ ਲਈ, ਮਨੁੱਖ ਨੇ ਆਪਣੇ ਇਸੇ ਮਨ ਨੂੰ ਆਪ ਮਿੱਥੇ ਤੇ ਹਉਮੈ ਨੂੰ ਜਨਮ ਦੇਣ ਵਾਲੇ ਕਰਮਾਂ ਤੋ ਹੀ ਬਚਾਉਣਾ ਹੁੰਦਾ ਹੈ। ਮਨ ਨੂੰ ਪ੍ਰਭੂ ਦਰ ਦਾ ਅਰਦਾਸੀਆ ਬਣਾ ਕੇ, ਇਸ ਨੂੰ ਹਉਮੈ ਰਹਿਤ ਅਵਸਥਾ `ਚ ਰਖਣਾ ਹੁੰਦਾ ਹੈ। ਮਨ ਨੂੰ ਪ੍ਰਭੂ ਦੀ ਰਜ਼ਾ `ਚ ਅਤੇ ਸਮਰਪਣ ਭਾਵਨਾ `ਚ ਜੀਊਣਾ ਸਿਖਾਉਣਾ ਹੁੰਦਾ ਹੈ। ਪ੍ਰਭੂ ਦਰ `ਤੇ ਜੀਵਨ ਨੂੰ ਸਚਿਆਰਾ ਬਨਾਉਣਾ, ਸੁੱਚਜੇ ਤੇ ਸਫ਼ਲ ਜੀਵਨ ਲਈ, ਇਹੀ ਰਾਹ ਹੈ ਜਿਸ ਤੋਂ ਜੀਵਨ `ਚ ਇਲਾਹੀ ਗੁਣਾਂ ਦਾ ਪ੍ਰਵੇਸ਼ ਕਰ ਸਕਦੇ ਹਨ। ਜੀਵਨ, ਸੁਭਾਵਕ ਤੌਰ `ਤੇ ਸਦਾਚਾਰਕ, ਉੱਚ ਆਚਰਣ ਵਾਲਾ, ਸਦੀਵੀ ਆਨੰਦ ਤੇ ਮਾਨਸਿਕ ਟਿਕਾਅ ਵਾਲਾ ਬਣ ਸਕਦਾ ਹੈ। ਲੋੜ ਹੈ ਤਾਂ ਗੁਰੂ-ਗੁਰਬਾਣੀ ਦੇ ਆਦੇਸ਼ਾਂ ਦੀ ਕਮਾਈ ਨਾਲ ਮਨ ਨੂੰ ਇਸ ਦੇ ਮੂਲ, ਪ੍ਰਭੂ ਨਾਲ ਜੋੜਣ ਦੀ। ਤਾ ਕਿ ਸਾਡਾ ਇਹ ਮਨ ਸਹੀ ਅਰਥਾਂ `ਚ ਪ੍ਰਭੂ ਮਿਲਾਪ ਦਾ ਸਾਧਨ ਬਣੇ ਅਤੇ ਕੁਰਾਹੇ ਪੈ ਕੇ ਸਾਡੇ ਅਮੁਲੇ ਜਨਮ ਨੂੰ ਬਿਰਥਾ ਨਾ ਕਰ ਸਕੇ।

ਗੁਰਮੁਖ ਕੀ ਹੈ ਤੇ ਮਨਮੁਖ ਕੀ ਹੈ? -ਦਰਅਸਲ ਗੁਰਬਾਣੀ `ਚੋਂ ਮਨ ਦੇ ਵਿਸ਼ੇ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਗੁਰਬਾਣੀ ਆਧਾਰ `ਤੇ ਮਨ ਸਬੰਧੀ ਸਾਨੂੰ ਕੁੱਝ ਨੁੱਕਤੇ ਸਪਸ਼ਟ ਹੋਣ। ਜਿਵੇਂ (੧) ਗੁਰਬਾਣੀ `ਚ ਮਨ ਦਾ ਵਿਸ਼ਾ ਅਜਿਹਾ ਵਿਸ਼ਾ ਹੈ ਜਿਸ ਨੂੰ ਗੁਰਬਾਣੀ ਅੰਦਰ ਆਦਿ ਤੋਂ ਅੰਤ ਤੱਕ ਨਿਭਾਇਆ ਗਿਆ ਹੈ। (੨) ਪ੍ਰਭੂ ਵਲੋਂ ਜੀਵ ਨੂੰ ‘ਮਨ’ ਵਾਲੀ ਦਾਤ ਕੇਵਲ ਮਨੁੱਖਾ ਜੂਨ ਸਮੇਂ ਮਿਲਦੀ ਹੈ ਜਦਕਿ ਬਾਕੀ ਜੂਨਾਂ ‘ਸੁਰਤ’ ਤੋਂ ਸ਼ੁਰੂ ਹੋ ਕੇ ‘ਮਤ’ ਤੱਕ ਹੁੰਦੀਆਂ ਹਨ। (੩) ਅਕਾਲਪੁਰਖ ਦੀ ਖਾਸ ਮਿਹਰ ਹੁੰਦੀ ਹੈ ਤਾਂ ਬੇਅੰਤ ਜੂਨਾਂ ਚੋਂ ਕਢ ਕੇ ਜੀਵ ਨੂੰ, ਮਨੁੱਖਾ ਜੂਨ ਵਾਲਾ ਅਵਸਰ ਬਖ਼ਸ਼ਦਾ ਹੈ। (੪) ਮਨੁੱਖਾ ਜਨਮ ਦਾ ਮਕਸਦ ਹੀ ਜੀਵ ਦਾ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋਣਾ ਤੇ ਜਨਮ ਨੂੰ ਸਫ਼ਲਾ ਕਰਣਾ ਹੁੰਦਾ ਹੈ। ਇਸ ਲਈ ਕਿ ਇਸ ਨੂੰ ਮੁੜ ਜੂਨਾਂ-ਜਨਮਾਂ ਸੇ ਗੇੜ `ਚ ਨਾ ਪੈਣਾ ਪਵੇ। (੫) ਹਰੇਕ ਜੂਨ, ਪਿਛਲੇ ਮਨੁੱਖਾ ਜਨਮ ਦੇ ਵਿਅਰਥ (ਬਿਰਥਾ) ਹੋਣ ਬਾਅਦ, ਉਸ ਸਮੇਂ ਹਉਮੈ ਅਧੀਨ ਕੀਤੇ ਚੰਗੇ ਤੇ ਮਾੜੇ ਕਮਾਂ ਦਾ ਲੇਖਾ ਜੋਖਾ ਹੀ ਹੁੰਦੀਆਂ ਹਨ। (੬) ਮਨੁੱਖਾ ਜਨਮ ਸਮੇਂ ਮਨ ਦੀ ਸੁਵਰਤੋਂ ਤੇ ਕੁਵਰਤੋਂ ਤੋਂ ਹੀ ਮਨੁੱਖਾ ਜੀਵਨ ਅੰਦਰ ਸੁਬੁਧ, ਕੁਬੁਧ ਜਾਂ ਵਿਵੇਕ ਬੁਧਤਿਆਰ ਹੁੰਦੀ ਹੈ। (੬) ‘ਹਉਮੈ ਰਹਿਤ ਬੁਧ’ ਤੋਂ ਤਿਆਰ ਸੁਬੁਧਤੇ ਉਸੇ ਤੋਂ ਬਣੀ ਵਿਵੇਕ ਬੁਧਕਾਰਣ ਹੀ ਜੀਵਨ `ਚ ਇਲਾਹੀ ਗੁਣ ਪ੍ਰਵੇਸ਼ ਕਰਦੇ ਹਨ। ਇਸ ਤਰ੍ਹਾਂ ਮਨੁੱਖ ਜੀਊਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦਾ ਹੈ। ਮੁੜ ਜਨਮ-ਮਰਣ ਦੇ ਗੇੜ `ਚ ਨਹੀਂ ਆਉਂਦਾ। ਅਜਿਹੇ ਸਫ਼ਲ ਜੀਵਨ ਲਈ ਹੀ ਗੁਰਬਾਣੀ `ਚ ਸਚਿਆਰਾ, ਵਡਭਾਗੀ, ਭਗਉਤੀ, ਗੁਰਮੁਖ ਆਦਿ ਸ਼ਬਦ ਵੀ ਆਏ ਹਨ। (੭) ਹਉਮੈ ਅਧੀਨ ਕੀਤੇ ਕਮਾਂ ਦਾ ਨਤੀਜਾ ਵੀ ਮਨੁੱਖ ਦੇ ਮਨ `ਚ ਤਿਆਰ ਹੋਈ ਬੁਧ ਦੇ ਵੀ ਸੁਬੁਧ ਤੇ ਕੁਬੁੱਧ ਦੋ ਰੂਪ ਹੁੰਦੇ ਹਨ। (੮) ਇਸ ਤਰ੍ਹਾਂ ਸੁਬੁਧ ਭਾਵੇਂ ਕੁਬੁਧ, ਪਰ ਹਊਮੈ ਅਧੀਨ “ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ” (ਬਾਣੀ ਜਪੁ) ਕੀਤੇ ਚੰਗੇ ਤੇ ਮਾੜੇ ਕਮਾਂ ਕਾਰਣ ਹੀ ਮਨੁੱਖ ਫ਼ਿਰ ਤੋਂ ਜਨਮ-ਮਰਣ ਦੇ ਗੇੜ `ਚ ਪੈਂਦਾ ਹੈ। ਅਜਿਹੇ ਅਸਫ਼ਲ ਜੀਵਨ ਲਈ ਗੁਰਬਾਣੀ `ਚ ‘ਅਭਾਗਾ’, ‘ਭਾਗਹੀਨ’, ‘ਮਨਮੁਖ’ ‘ਕਿਤ ਆਏ ਸੰਸਾਰ’, ‘ਬਿਰਥਾ ਜਨਮ ਗਵਾਇਆ’, ‘ਮਨਮਤੀਆ’ ਆਦਿ ਅਨੇਕਾਂ ਸ਼ਬਦ ਆਏ ਹਨ।

ਸਰੀਰ ਨਹੀਂ ਬਲਕਿ ‘ਮਨ’ -ਲਮੇਂ ਸਮੇਂ ਤੋਂ ਧਰਮੀ ਹੋਣ ਲਈ ਮਨੁੱਖ ਦਾ ਸਾਰਾ ਜ਼ੋਰ, ਸਰੀਰਕ ਤਪ ਸਾਧਨਾਵਾਂ, ਬੇਅੰਤ ਕਰਮਕਾਂਡਾਂ ਤੇ ਭੇਖਾਂ ਆਦਿ `ਤੇ ਹੀ ਲੱਗਾ ਹੈ। ਇਨ੍ਹਾਂ ਸਾਰੀਆਂ ਕ੍ਰਿਯਾਵਾਂ ਦਾ ਆਧਾਰ ਕਿਸੇ ਕਲਪਤ ਸੁਰਗ, ਬੈਕੁੰਠ ਆਦਿ ਦੀ ਪ੍ਰਾਪਤੀ ਤੇ ਅਜਿਹੇ ਨਰਕ ਤੋਂ ਬਚਣਾ ਹੀ ਸੀ। ਇਨ੍ਹਾਂ ਕ੍ਰਿਯਾਵਾਂ ਦੇ ਅਨੇਕਾਂ ਰੂਪ ਹਨ ਜਿਵੇਂ ਲੰਮੀਆਂ ਸਮਾਧੀਆਂ, ਤੱਪ ਹਠ ਕਰਮ, ਬਨਾਰਸ ਜਾ ਕੇ ਆਰੇ ਹੇਠ ਸਰੀਰ ਕਟਵਾਉਣਾ, ਪ੍ਰਯਾਗ `ਚ ਵੱਟ ਬਿਰਖ ਤੋਂ ਛਲਾਂਗ ਲਾ ਕੇ ਮਰਣਾ ਆਦਿ। ਇਸੇ ਤਰ੍ਹਾਂ ਭਿੰਨ ਭਿੰਨ ਕਰਮਕਾਂਡ ਜਿਵੇਂ ਤੀਰਥਾਂ ਦੇ ਰਟਣ-ਇਸ਼ਨਾਨ, ਦਾਨ-ਪੁੰਨ, ਚੌਂਕੇ-ਕਾਰਾਂ, ਸੁੱਚਾਂ-ਭਿੱਟਾਂ-ਪ੍ਰਛਾਂਵੇਂ, ਵਰਤ ਨੇਮ ਆਦਿ। ਉਪ੍ਰੰਤ ਬੈਰਾਗੀ, ਨਾਂਗੇ, ਜੋਗੀ, ਬਿਭੂਤਧਾਰੀ, ਬ੍ਰਹਮਚਾਰੀ, ਸੰਤਾਂ, ਸਾਧਾਂ ਆਦਿ ਵਾਲੇ ਭੇਖ ਅਤੇ ਯੋਗ ਸਾਧਨਾਵਾਂ।

ਜਦਕਿ ਇਨ੍ਹਾਂ ਸਾਰੇ ਕਰਮਾਂ ਤੇ ਕ੍ਰਿਆਵਾਂ ਨੂੰ ਗੁਰਮੱਤ ਨੇ ਫੋਕਟ ਕਰਮ ਤੇ ਹਉਮੈ ਵਧਾਉਣ ਵਾਲੇ ਕਰਮ ਹੀ ਦਸਿਆ ਹੈ। ਕਿਉਂਕਿ ਗੁਰਮੱਤ ਅਨੁਸਾਰ ਤਾਂ “ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ॥ ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ” (ਪੰ: ੧੩੮੪)। ਕਿਉਂਕਿ ਗੁਰਮੱਤ ਅਨੁਸਾਰ ਜੀਵਨ ਵਾ ਸਫ਼ਲਤਾ ਦਾ ਵਿਸ਼ਾ ਹੀ ਮਨ ਹੈ, ਸਰੀਰ ਨਹੀਂ।

“ਕੋਟਿ ਕਰਮ ਕਰੈ ਹਉ ਧਾਰੇ” -ਇਸ ਤਰ੍ਹਾਂ ਗੁਰਮੱਤ ਅਨੁਸਾਰ ਪ੍ਰਭੂ ਪ੍ਰਾਪਤੀ ਦਾ ਮਾਰਗ ਸਰੀਰ ਨੂੰ ਤਪਾਉਣਾ, ਅਨੇਕਾਂ ਕਰਮਕਾਂਡ ਜਾਂ ਭੇਖਾਂ ਦਾ ਧਾਰਨ ਕਰਣਾ ਨਹੀਂ। ਬਲਕਿ ਨਾਮ-ਬਾਣੀ, ਪ੍ਰਭੂ ਦੀ ਸਿਫ਼ਤ ਸਲਾਹ ਤੇ ਗੁਰਬਾਣੀ ਆਦੇਸ਼ਾਂ ਦੀ ਕਮਾਈ ਕਰਕੇ ਮਨ ਨੂੰ ਹਉਮੈ ਰਹਿਤ ਕਰਣਾ ਹੈ। ਇਸ ਸਬੰਧ `ਚ ਗੁਰਦੇਵ ਦਾ ਫ਼ੁਰਮਾਨ ਹੈ “ਜਾਪ ਤਾਪ ਗਿਆਨ ਸਭਿ ਧਿਆਨ॥ ਖਟ ਸਾਸਤ੍ਰ ਸਿਮ੍ਰਿਤਿ ਵਖਿਆਨ॥ ਜੋਗ ਅਭਿਆਸ ਕਰਮ ਧ੍ਰਮ ਕਿਰਿਆ॥ ਸਗਲ ਤਿਆਗਿ ਬਨ ਮਧੇ ਫਿਰਿਆ॥ ਅਨਿਕ ਪ੍ਰਕਾਰ ਕੀਏ ਬਹੁ ਜਤਨਾ॥ ਪੁੰਨ ਦਾਨ ਹੋਮੇ ਬਹੁ ਰਤਨਾ॥ ਸਰੀਰੁ ਕਟਾਇ ਹੋਮੈ ਕਰਿ ਰਾਤੀ॥ ਵਰਤ ਨੇਮ ਕਰੈ ਬਹੁ ਭਾਤੀ॥ ਨਹੀ ਤੁਲਿ ਰਾਮ ਨਾਮ ਬੀਚਾਰ॥ ਨਾਨਕ ਗੁਰਮੁਖਿ ਨਾਮੁ ਜਪੀਐ ਇੱਕ ਬਾਰ॥ ੧॥ ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ॥ ਮਹਾ ਉਦਾਸੁ ਤਪੀਸਰੁ ਥੀਵੈ॥ ਅਗਨਿ ਮਾਹਿ ਹੋਮਤ ਪਰਾਨ॥ ਕਨਿਕ ਅਸ੍ਵ ਹੈਵਰ ਭੂਮਿ ਦਾਨ॥ ਨਿਉਲੀ ਕਰਮ ਕਰੈ ਬਹੁ ਆਸਨ॥ ਜੈਨ ਮਾਰਗ ਸੰਜਮ ਅਤਿ ਸਾਧਨ॥ ਨਿਮਖ ਨਿਮਖ ਕਰਿ ਸਰੀਰੁ ਕਟਾਵੈ॥ ਤਉ ਭੀ ਹਉਮੈ ਮੈਲੁ ਨ ਜਾਵੈ॥ ਹਰਿ ਕੇ ਨਾਮ ਸਮਸਰਿ ਕਛੁ ਨਾਹਿ॥ ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ॥ ੨॥ ਮਨ ਕਾਮਨਾ ਤੀਰਥ ਦੇਹ ਛੁਟੈ॥ ਗਰਬੁ ਗੁਮਾਨੁ ਨ ਮਨ ਤੇ ਹੁਟੈ॥ ਸੋਚ ਕਰੈ ਦਿਨਸੁ ਅਰੁ ਰਾਤਿ॥ ਮਨ ਕੀ ਮੈਲੁ ਨ ਤਨ ਤੇ ਜਾਤਿ॥ ਇਸੁ ਦੇਹੀ ਕਉ ਬਹੁ ਸਾਧਨਾ ਕਰੈ॥ ਮਨ ਤੇ ਕਬਹੂ ਨ ਬਿਖਿਆ ਟਰੈ॥ ਜਲਿ ਧੋਵੈ ਬਹੁ ਦੇਹ ਅਨੀਤਿ॥ ਸੁਧ ਕਹਾ ਹੋਇ ਕਾਚੀ ਭੀਤਿ॥ ਮਨ ਹਰਿ ਕੇ ਨਾਮ ਕੀ ਮਹਿਮਾ ਊਚ॥ ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ … “(ਪੰ: ੨੬੬)

ਇਸੇ ਤਰ੍ਹਾਂ “ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ॥ ਅਨਿਕ ਜਤਨ ਕਰਿ ਆਤਮ ਨਹੀ ਦ੍ਰਵੈ॥ ਹਰਿ ਦਰਗਹ ਕਹੁ ਕੈਸੇ ਗਵੈ” (ਪੰ: ੨੭੮) ਹੋਰ “ਇਕ ਕੰਦ ਮੂਲੁ ਚੁਣਿ ਖਾਹਿ, ਵਣ ਖੰਡਿ ਵਾਸਾ॥ ਇਕਿ ਭਗਵਾ ਵੇਸੁ ਕਰਿ ਫਿਰਹਿ, ਜੋਗੀ ਸੰਨਿਆਸਾ॥ ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ॥ ਬਿਰਥਾ ਜਨਮੁ ਗਵਾਇ, ਨ ਗਿਰਹੀ ਨ ਉਦਾਸਾ॥ ਜਮਕਾਲੁ ਸਿਰਹੁ ਨ ਉਤਰੈ, ਤ੍ਰਿਬਿਧਿ ਮਨਸਾ॥” ਜਾਂ “ਤੀਰਥ ਨਾਇ ਨ ਉਤਰਸਿ ਮੈਲੁ॥ ਕਰਮ ਧਰਮ ਸਭਿ ਹਉਮੈ ਫੈਲੁ॥ ਲੋਕ ਪਚਾਰੈ ਗਤਿ ਨਹੀ ਹੋਇ॥ ਨਾਮ ਬਿਹੂਣੇ ਚਲਸਹਿ ਰੋਇ” (ਪੰ: ੮੯) ਅਤੇ ਇਸੇ ਤਰ੍ਹਾਂ ਹਰੇਕ ਸਬੰਧਤ ਪੱਖ `ਤੇ ਬੇਅੰਤ ਤੇ ਵੱਖਰੇ ਵੱਖਰੇ ਗੁਰਬਾਣੀ ਫ਼ੁਰਮਾਨ ਪ੍ਰਾਪਤ ਹਨ।

ਇਸ ਲਈ ਗੁਰੂ ਦਰ `ਤੇ ਸਰੀਰ ਦੀ ਸੀਮਾ ਕੇਵਲ ਸਰੀਰਕ ਅਰੋਗਤਾ ਤੇ ਸਰੀਰਕ ਨਿਖਾਰ ਤੱਕ ਹੀ ਹੈ। ਉਸ ਦੇ ਲਈ ਪ੍ਰਭਾਤੇ ਦਾ ਇਸ਼ਨਾਨ, ਸਰੀਰਕ ਸਫ਼ਾਈ-ਸੁਅਛਤਾ ਉਪ੍ਰੰਤ ਵਾਤਾਵਰਣ ਦਾ ਸਾਫ਼-ਸੁਥਰਾ ਤੇ ਹਵਾਦਾਰ ਹੋਣਾ, ਪੌਸ਼ਟਕ ਭੋਜਨ, ਲੋੜੀਂਦੀ ਕਸਰਤ ਆਦਿ ਹੀ ਹੈ। ਉਹ ਵੀ ਇਸ ਲਈ ਕਿ “ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ॥ ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ” (ਪੰ: ੫੫੪) ਉੇਹ ਵੀ ਇਸ ਲਈ, ਇੱਕ ਤਾਂ ਇਸ ਸਰੀਰ `ਚ ਪ੍ਰਭੂ ਦਾ ਨੂਰ ਵੱਸ ਰਿਹਾ ਹੈ ਉਸਦੇ ਸਤਿਕਾਰ ਪੱਖੋਂ। ਦੂਜਾ, ਪ੍ਰਭੂ ਦੇ ਗੁਨਣਵਾਦ ਤੇ ਜੀਵਨ ਦੀ ਸੰਭਾਲ ਅਤੇ ਸੁਰਤ ਦਾ ਟਿਕਾਅ ਲਈ, ਸਰੀਰਕ ਅਰੋਗਤਾ ਤੇ ਨਿਖਾਰ ਬਣਿਆ ਰਵੇ। ਤਪ ਸਾਧਨਾਵਾਂ, ਸੁੱਚਾਂ-ਭਿਟਾਂ, ਹਠ ਕਰਮ, ਅਨੇਕਾਂ ਭੇਖ ਆਦਿ ਬ੍ਰਾਹਮਣੀ ਜਾਂ ਕਿਸੇ ਤਰ੍ਹਾਂ ਦੇ ਵੀ ਕਰਮਕਾਂਡ ਗੁਰਮੱਤ ਦਾ ਮਾਰਗ ਨਹੀਂ ਹਨ।

“ਇਕੁ ਰਥੁ ਇਕੁ ਰਥਵਾਹੁ” -ਫ਼ੁਰਮਾਨ ਹੈ “ਨਾਨਕ ਮੇਰੁ ਸਰੀਰ ਕਾ, ਇਕੁ ਰਥੁ ਇਕੁ ਰਥਵਾਹੁ॥ ਜੁਗੁ ਜੁਗੁ ਫੇਰਿ ਵਟਾਈਅਹਿ, ਗਿਆਨੀ ਬੁਝਹਿ ਤਾਹਿ॥ ਸਤਜੁਗਿ ਰਥੁ ਸੰਤੋਖੁ ਕਾ, ਧਰਮੁ ਅਗੈ ਰਥਵਾਹੁ॥ ਤ੍ਰੇਤੈ ਰਥੁ ਜਤੈ ਕਾ, ਜੋਰੁ ਅਗੈ ਰਥਵਾਹੁ॥ ਦੁਆਪੁਰਿ ਰਥੁ ਤਪੈ ਕਾ, ਸਤੁ ਅਗੈ ਰਥਵਾਹੁ॥ ਕਲਜੁਗਿ ਰਥੁ ਅਗਨਿ ਕਾ, ਕੂੜੁ ਅਗੈ ਰਥਵਾਹੁ” (ਪੰ: ੪੭੦) ਭਾਵ ਸਾਡੇ ਸਰੀਰ ਦੀ ਅਗਵਾਹੀ, ਸਰੀਰ ਨਹੀਂ ਬਲਕਿ ਇਸ ਅੰਦਰਲਾ ਸਾਡਾ ਮਨ ਕਰਦਾ ਹੈ। ਇਸ ਲਈ ਜਿਸ ਤਰ੍ਹਾਂ ਦੀ, ਮਨੁੱਖ ਦੇ ਮਨ ਦੀ ਤਿਆਰੀ ਹੋਵੇਗੀ, ਸਰੀਰ ਵੀ ਉਸੇ ਤਰ੍ਹਾਂ ਪਿਛੇ ਲਗ ਟੁਰੇਗਾ।

ਮਿਸਾਲ ਵਜੋਂ ਜੇਕਰ ਸਰੀਰ ਨੂੰ ਇੱਕ ‘ਰਥ’ ਮੰਨ ਲਿਆ ਜਾਵੇ ਤਾਂ ਇਸ ਰਥ ਦਾ ‘ਰਥਵਾਹ’ ਜੋ ਇਸ ਨੂੰ ਹਾਂਕਦਾ ਹੈ, ਉਹ ਹੈ ਇਸ ਸਰੀਰ ਅੰਦਰਲਾ ਸਾਡਾ ਮਨ। ਇਹੀ ਕਾਰਣ ਹੈ ਕਿ ਜੇ ਸਾਡਾ ਮਨ ਸੰਤੋਖੀ ਹੋਵੇਗਾ ਤਾਂ ਸਰੀਰ ਅਥਵਾ ਸਾਡੇ ਜੀਵਨ `ਚੋਂ ਵੀ ਆਪਣੇ ਆਪ ਧਰਮ ਪ੍ਰਗਟ ਹੋਵੇਗਾ। ਜੇਕਰ ਮਨੁੱਖ ਮਨ ਕਰਕੇ ਸਦਾਚਾਰੀ ਹੈ ਤਾਂ ਉਸਦਾ ਸਰੀਰ ਭਾਵ ਜੀਵਨ ਵੀ ਵਿਕਾਰ ਰਹਿਤ ਰਵੇਗਾ। ਜੇ ਮਨੁੱਖ ਦਾ ‘ਮਨ’ ਸਦਗੁਣਾਂ ਨਾਲ ਭਰਪੂਰ ਹੈ ਤਾਂ ਉਸੇ ਸਰੀਰ ਤੋਂ ਆਪਣੇ ਆਪ ਉੱਚਾ ਆਚਰਣ ਤੇ ਆਦਰਸ਼ਕ ਜੀਵਨ ਪ੍ਰਗਟ ਹੋਵੇਗਾ। ਇਸ ਤਰ੍ਹਾਂ ਜੇ ਮਨ ਹੈ ਹੀ ਤ੍ਰਿਸ਼ਨਾ-ਭੁੱਖਾਂ-ਲਾਲਸਾਵਾਂ ਦਾ ਭਰਿਆ ਹੋਇਆ ਤਾਂ ਸਾਡਾ ਸਰੀਰ (ਜੀਵਨ) ਵੀ ਸਦਾ ਵਿਕਾਰਾਂ, ਭਟਕਣਾ, ਮੰਗਾ, ਚਿੰਤਾਵਾਂ ਆਦਿ ਦੀ ਭੱਠੀ `ਚ ਹੀ ਸੜਦਾ ਰਵੇਗਾ।

ਇਸ ਲਈ ਗੁਰਬਾਣੀ ਅਨੁਸਾਰ, ਸਾਡਾ ਜੀਵਨ ਕੈਸਾ ਤਿਆਰ ਹੋਵੇ ਇਹ ਵਿਸ਼ਾ ਸਾਡੇ ਸਰੀਰ ਦਾ ਨਹੀਂ ਬਲਕਿ ਸਾਡੇ ਮਨ ਦਾ ਹੈ। ਸਰੀਰ ਤਾਂ, ਕਿਸੇ ਵੀ ਮਾਨਸਿਕ ਅਵਸਥਾ ਦੇ ਪ੍ਰਗਟਾਵੇ ਲਈ ਕੇਵਲ ਸਾਧਨ ਮਾਤ੍ਰ ਹੈ। ਲੋੜ ਹੈ ਤਾਂ ਸਰੀਰ ਅੰਦਰਲੇ ਇਸ ਮਨ ਦੀ ਘਾੜਤ ਨੂੰ ਗੁਰਮੱਤ ਦੇ ਗਿਆਨ ਨਾਲ ਘੜਣ ਦੀ। ਤਾਂ ਤੇ ਸਮਾਂ ਸਥਾਨ ਜਾਂ ਯੁਗ ਭਾਵੇਂ ਕੋਈ ਹੋਵੇ, ਜੀਵਨ ਰਹਿਣੀ ਕਰਕੇ ਕਿਸੇ ਵੀ ਸਰੀਰ ਦਾ ਪ੍ਰਗਟਾਵਾ ਉਹ ਹੋਵੇਗਾ ਜੋ ਕਿਸੇ ਦੇ ਮਨ ਦੀ ਤਿਆਰੀ ਹੋਵੇਗੀ। ਇਹੀ ਕਾਰਣ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਆਦਿ ਤੋਂ ਅੰਤ ਤੱਕ, ਗੁਰਬਾਣੀ ਆਗਿਆ ਤੇ ਸਿਖਿਆ ਅਨੁਸਾਰ ਮਨੁੱਖਾ ਮਨ ਦੀ ਤਿਆਰੀ `ਤੇ ਹੀ ਜ਼ੋਰ ਦਿੱਤਾ ਗਿਆ ਹੈ ਤੇ ਬਹੁਤਾ ਕਰਕੇ ਮਨ ਨੂੰ ਹੀ ਸਬੌੰਧਨ ਕੀਤਾ ਗਿਆ ਹੈ। ਬਲਕਿ ਬਾਣੀ ਦੀ ਸਮਾਪਤੀ `ਤੇ ਵੀ ਉਸੇ ਸਾਰੇ ਦਾ ਨਤੀਜਾ ਵੀ “ਤਨੁ ਮਨੁ ਥੀਵੈ ਹਰਿਆ” ਹੀ ਦੱਸਿਆ ਹੈ।

“ਮਨੁ ਬੇਚੈ ਸਤਿਗੁਰ ਕੈ ਪਾਸਿ” - ਦਰਅਸਲ ਗੁਰਬਾਣੀ ਅਨੁਸਾਰ ਜੀਵਨ ਨੂੰ ਸਫ਼ਲ ਕਰਣ ਦਾ ਢੰਗ ਹੀ, ਆਪਣੇ ਮਨ ਨੂੰ ਗੁਰਬਾਣੀ ਗੁਰੂ ਦੀ ਆਗਿਆ `ਚ ਸੌਪਣਾ ਹੈ ਕਿਉਂਕਿ “ਗੁਰਮਤੀ ਕਾਲੁ ਨ ਆਵੈ ਨੇੜੈ, ਜਾ ਹੋਵੈ ਦਾਸਨਿ ਦਾਸਾ॥ ਸਚਾ ਸਬਦੁ ਸਚੁ ਮਨਿ, ਘਰ ਹੀ ਮਾਹਿ ਉਦਾਸਾ॥ ਨਾਨਕ ਸਤਿਗੁਰੁ ਸੇਵਨਿ ਆਪਣਾ, ਸੇ ਆਸਾ ਤੇ ਨਿਰਾਸਾ” (ਪੰ: ੧੪੦) ਭਾਵ ਪੂਰਣ ਨਿਰਮਾਣਤਾ ਤੇ ਮਨ ਦੇ ਸਮਰਪਣ ਨਾਲ ਪ੍ਰਭੂ ਦੀ ਰਜ਼ਾ `ਚ ਜੀਵਨ ਨੂੰ ਚਲਾਉਣਾ। ਇਹੀ ਹੈ ਜੀਵਨ ਸਫ਼ਲ ਕਰਣ ਦੀ ਸਫ਼ਲਤਾ ਦਾ ਢੰਗ। ਇਸਦੇ ਉਲਟ ਮਨਮੁਖ ਤੇ ਮਨਮਤੀਆ ਰਹਿ ਕੇ ਨਹੀਂ। ਕਿਉਂਕਿ ਜੀਵਨ ਦੀ ਤਿਆਰੀ ਤੇ ਸਫ਼ਲਤਾ ਤਾਂ “ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ॥ ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ” (ਪੰ: ੨੮੬) ਨਾਲ ਹੀ ਹੋਣੀ ਹੈ, ਆਪਣੇ ਮਨ ਪਿਛੇ ਦੌੜ ਕੇ ਜਾਂ ਸਤਿਗੁਰਾਂ ਦੇ ਆਦੇਸ਼ਾਂ ਤੋਂ ਬੇਮੁਖ ਹੋ ਕੇ ਨਹੀਂ।

#G00107-IIs012.02.012# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।




.