.

‘ਗੁਰਮਤਿ ਅਤੇ ਗੁਰੂਘਰ ਦੇ ਦੋਖੀ`

ਹਰਦੇਵ ਸਿੰਘ, ਜੰਮੂ

ਗੁਰਮਤਿ ਵਿੱਚ ਸਮੁੱਚੀ ਮਨੁੱਖਾ ਜਾਤ ਨੂੰ ‘ਇਕ` ਸਮਝਣ ਦਾ ਸਿਧਾਂਤ ਦ੍ਰਿੜ ਕਰਵਾਇਆ ਗਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਮਤਿ ਵਿੱਚ ਮਨੁੱਖਾ ਜਾਤ ਦੇ ਸੰਧਰਭ ਵਿੱਚ ਨਾ ਕੋਈ ‘ਵੈਰੀ` ਹੈ ਅਤੇ ਨਾ ਹੀ ‘ਬਿਗਾਨਾ`! ਪਰੰਤੂ ਇਸ ਦੇ ਨਾਲ ਹੀ ਇਸ ਵਿੱਚ ਕੋਈ ਵੀ ਕੋਈ ਸ਼ੱਕ ਨਹੀਂ ਕਿ ਸਮਾਨਤਾ ਦਾ ਸਿਧਾਂਤ ਐਸਾ ਵੀ ਨਹੀਂ ਕਿ ਗੁਰਮਤਿ ਸੱਚੇ ਅਤੇ ਝੂਠੇ, ਸਹੀ ਅਤੇ ਗਲਤ, ਸਿਆਣਪ ਅਤੇ ਮੁਰਖਤਾ, ਗੁਰਮਤਿਏ ਅਤੇ ਮਨਮਤਿਏ, ਗੁਰਮੁੱਖ ਅਤੇ ਬੇਮੁੱਖ ਵਿੱਚ ਅੰਤਰ ਨਹੀਂ ਕਰਦੀ। ਇਤਹਾਸ ਪੜਨ ਤੇ ਪਤਾ ਚਲਦਾ ਹੈ ਕਿ ਗੁਰੂਘਰ ਨੇ ਕਈਂ ਵਾਰ ਮਨੁੱਖਤਾ ਦੇ ਫ਼ਲਸਫ਼ੇ ਦੇ ਵਿਰੌਧੀਆਂ ਨੂੰ ਸੰਵਾਦ/ਜੰਗ ਦੇ ਮੈਦਾਨ ਵਿੱਚ ਨਿੱਪਟਿਆ ਅਤੇ ‘ਵਿਸ਼ੇਸ਼ ਹਾਲਾਤਾਂ` ਵਿੱਚ ਕੁੱਝ ਵਿਰੋਧੀਆਂ ਨਾਲ ਅਪਣੇ ਸਬੰਧ ਤਰਕ ਕਰ ਦਿੱਤੇ।

ਇਸਦੇ ਨਾਲ ਹੀ ਗੁਰੂਕਾਲ ਵਿੱਚ ਗੁਰੂਆਂ ਨੇ ਆਪ ਮੀਣੇ, ਮਸੰਦਾ, ਧੀਰਮੱਲੀਏ, ਰਾਮਰਾਈਏ ਤੱਤਵਾਂ ਨਾਲ ਸਬੰਧ ਤਰਕ ਕਰ ਲਏ ਸੀ। ਕੋਈ ਇਸ ਨੂੰ ਮਨਮਤ ਜਾਂ ਝੂਠ ਕਹਿ ਸਕਦਾ ਹੈ? ਹਾਂ ਇਹ ਕਹਿ ਸਕਦਾ ਹੈ ਕਿ ਇਹ ਸਭ ਇਤਹਾਸਕ ਮਿਲਗੋਭਾ ਹੈ ਪੁਜਾਰਿਆਂ ਦੀ ਚਾਲ ਹੈ। ਜਾਂ ਫ਼ਿਰ ਚਿੰਤਨ ਦੇ ਤਰਕਸ਼ ਦਾ ਇੱਕ ਹੋਰ ਤੀਰ ਛੱਡਿਆ ਜਾ ਸਕਦਾ ਹੈ! ਉਹ ਇਹ ਕਿ ਭਾਈ ਗੁਰਦਾਸ ਵਲੋਂ ਮੀਣਿਆਂ (ਬੇ-ਮੁਖ/ਗੁਰੂਘਰ ਦੇ ਵਿਰੌਧੀ) ਬਾਰੇ ਲਿਖੀ ਵਾਰ ਪੁਜਾਰਿਆਂ ਨੇ ਲਿਖ ਕੇ ਵਿੱਚ ਪਾ ਦਿੱਤੀ ਅਤੇ ਮੁਗ਼ਲ ਦਰਬਾਰ ਵਿੱਚ ਬਾਣੀ ਬਾਰੇ ਰਾਮਰਾਏ ਵਲੋਂ ਕੀਤੀ ਗਲਤ ਬਿਆਨੀ ਤੇ ਗੁਰੂਘਰ ਦਾ ਰੱਧੇ ਅਮਲ ਵੀ ਪੁਜਾਰਿਆਂ ਦੀ ਚਾਲ ਸੀ!

ਗੁਰੂਆਂ ਨੇ ਆਪਣੀ ਮਤ (ਗੁਰਮਤਿ) ਨੂੰ ਪ੍ਰਚਾਰਿਆ ਅਤੇ ਵਰਤਿਆ ਸੀ। ਮਨੁੱਖੀ ਹੱਕਾਂ ਅਤੇ ਮਨੁੱਖਾਂ ਦੇ ਏਕੇ ਲਈ ਗੁਰੂਆਂ ਨੇ ਆਪਣੇ ਫ਼ਲਸਫ਼ੇ ਅਤੇ ਵਿਵਹਾਰ ਰਾਹੀਂ ਸੰਘਰਸ਼ ਵੀ ਕੀਤਾ ਅਤੇ ਮਨਮਤਿਆਂ ਦਾ ਵਿਰੌਧ ਵੀ। ਕਿਹਾ ਜਾਂਦਾ ਹੈ ਕਿ ਗੁਰਮਤਿ ਵਿੱਚ ਕਿਸੇ ਦੇ ਨਾਲ ਸਬੰਧ ਤੋੜਨ ਦਾ ਕੋਈ ਸਿਧਾਂਤ ਨਹੀਂ। ਇਹ ਠੀਕ ਵੀ ਹੈ ਪਰ ਇਹ ਗੁਰਮਤਿ ਦੇ ਕੇਵਲ ਇੱਕ ਨੁੱਕਤੇ ਦੀ ‘ਇਕ ਪੱਖੀ` ਵਿਚਾਰ ਹੈ ਸਰਵਪੱਖੀ ਨਹੀਂ। ਮਨੁੱਖਾ ਜਾਤ ਦੇ ਹਰ ਬੰਦੇ ਦਾ ਆਪਸੀ ਜਾਤਿਗਤ ਸਬੰਧ ਹੈ ਜਿਸ ਨੂੰ ਕੋਈ ਤੋੜ ਨਹੀਂ ਸਕਦਾ। ਪਰ ਦੂਜੇ ਪੱਖ ਵਿੱਚ ਮਨੁੱਖੀ ਸਬੰਧ ਵਿਚਾਰਕ ਵਖਰੇਂਵੇ ਕਾਰਨ ਕਈ ਨੁੱਕਤਿਆਂ ਤੋਂ ਵੱਖਰੇ-ਵੱਖਰੇ ਰੂਪ ਧਰਨ ਕਰ ਜਾਂਦੇ ਹਨ। ਮਸਲਨ ਪਿਤਾ ਅਤੇ ਪੁੱਤਰ ਦਾ ਕੁਦਰਤੀ ਸਬੰਧ ਕਈ ਨਹੀਂ ਤੋੜ ਸਕਦਾ ਪਰੰਤੂ ਵਿਚਾਰਕ ਵੱਖਰੇਂਵੇ ਦੀ ਵਿਸ਼ੇਸ ਪਰਸਥਿਤੀਆਂ ਵਿੱਚ ਪਿਤਾ ਪੁੱਤਰ ਨਾਲੋਂ ਸਬੰਧ ਤੋੜਨ ਦਾ ਅਧਿਕਾਰ ਰੱਖਦਾ ਹੈ ਜਿਵੇਂ ਕਿ ਗੁਰੂਘਰ ਵਿੱਚ ਵੀ ਹੋਇਆ। ਇਸ ਅਧਿਕਾਰ ਦੀ ਵਰਤੋਂ ਨੂੰ ਆਧਨਿਕ ਕਾਨੂਨ ਵੀ ਮਾਨਤਾ ਦਿੰਦੇ ਹਨ। ਪਤਿ-ਪਤਨੀ ਦੇ ਵਿਚਕਾਰ ਵਿਸ਼ੇਸ਼ ਹਾਲਤਾਂ ਵਿੱਚ ਸਬੰਧ ਟੂੱਟ ਜਾਂਦੇ ਹਨ।

ਗੁਰਮਤਿ ਵਿਸ਼ੇਸ ਹਾਲਾਤਾਂ ਵਿੱਚ ਵੀ ਸਬੰਧ ਤਰਕ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਐਸਾ ਸੋਚਣ ਵੇਲੇ ਇਸ ਗਲ ਵੱਲ ਧਿਆਨ ਦੇਂਣ ਦੀ ਲੋੜ ਹੈ ਕਿ ਗੁਰਮਤਿ ਦੇ ਸਿਧਾਂਤਾਂ ਤੇ ਚਾਲੇ ਪਾਉਂਣ ਵਾਲੇ ਗੁਰੂਆਂ ਨੇ ਸੱਚਿਆਰਾ ਹੋਂਣ ਲਈ ਜਾਨਾਂ ਦਿੱਤੀਆਂ ਵੀ ਅਤੇ ਜਾਨਾਂ ਲਈਆਂ ਵੀ। ਬਾਬਰ ਦੇ ਜ਼ਾਬਰੀ ਹਮਲੇ ਤੇ ਤਨਜ਼ ਕੱਸਣ ਵਾਲੇ ਗੁਰੂ ਨਾਨਕ ਦੇ ਘਰ ਨੇ ਅਲਗ ਹਾਲਤਾਂ ਵਿੱਚ ਤਲਵਾਰ ਚੁੱਕ ਕੇ ਮਨੁੱਖਤਾ ਨਾਲ ਲਭਰੇਜ਼ ਗੁਰਮਤਿ ਸਿਧਾਂਤਾਂ ਅਨੁਸਾਰ ਦੋਖੀਆਂ ਨਾਲ ਕੇਵਲ ਸਬੰਧ ਹੀ ਨਹੀਂ ਤੋੜੇ ਬਲਕਿ ਕਈ ਵਾਰ ਉਨਾਂ ਦੇ ਸਿਰ ਵੀ ਧੜੋਂ ਅਲਗ ਕੀਤੇ। ਇਹ ਘਟਨਾਵਾਂ ਅਲਗ-ਅਲਗ ਪਰਿਸਥਿਤੀਆਂ ਦੀ ਮੰਗ ਸਨ। ਕੀ ਇਸ ਤੋਂ ਇਨਕਾਰੀ ਹੋਇਆ ਜਾ ਸਕਦਾ ਹੈ? ਦਸ਼ਮੇਸ਼ ਜੀ ਨੇ ਤਾਂ ਅਪਣੀ ਅੱਖੀ ਅਪਣੇ ਪੁੱਤਰਾਂ ਨੂੰ ਜਾਨਾਂ ਲੇਂਦੇ ਹੋਏ ਜਾਨਾਂ ਦਿੰਦੇ ਵੇਖਿਆ ਸੀ।

ਕੀ ਗੁਰਮਤਿ ਵਿੱਚ ਕਿਸੇ ਦੇ ਜੀਣ ਦੇ ਹੱਕ ਨੂੰ ਖੋਹਣ ਦੀ ਇਜਾਜ਼ਤ ਹੈ? ਨਿਰਸੰਦੇਹ ਨਹੀਂ! ਪਰ ਇਹ ਗੁਰਮਤਿ ਦਾ ‘ਇਕ ਪੱਖ` ਹੈ ‘ਸਰਵਪੱਖੀ` ਨਹੀਂ ਕਿਉਂਕਿ ਇਤਹਾਸ ਗਵਾਹ ਹੈ ਕਿ ਵਿਸ਼ੇਸ ਹਾਲਾਤਾਂ ਵਿੱਚ ਗੁਰੂਆਂ ਅਤੇ ਉਨ੍ਹਾਂ ਦੇ ਜਾਂਨਿਸਾਰਾਂ ਨੇ ਜੰਗ ਵਿੱਚ ਅਪਣੇ ਤੇ ਚੜ ਆਇਆਂ ਫ਼ੌਜਾਂ ਵੇਲੇ ਹਰ ਪ੍ਰਕਾਰ ਦੇ ਜੋਹਰ ਦਿਖਾਉਂਦੇ ਸੀਸ ਦਿੱਤੇ ਵੀ ਸੀ ਅਤੇ ਲਏ ਵੀ। ਸਬੰਧ ਤਰਕ ਕਰਨਾ ਤਾਂ ਛੋਟੀ ਗਲ ਹੈ ਜਾਨ ਲੇਂਣ ਨਾਲੋਂ! ਜੇਕਰ ਜਾਨਾਂ ਲਈਆਂ ਜਾ ਸਕਦੀਆਂ ਸਨ ਤਾਂ ਸਬੰਧ ਤਰਕ ਕਰਨਾ ਕਿਵੇਂ ਗੁਰਮਤਿ ਨਹੀਂ ਸੀ? ਗੁਰੂਆਂ ਵੇਲੇ ਗੁਰਮਤਿ ਵੱਖਰੇ-ਵੱਖਰੇ ਹਾਲਾਤਾਂ ਵਿੱਚ ਸਰਵਪੱਖੀ ਹੋ ਲਾਗੂ ਹੁੰਦੀ ਸੀ।

ਖ਼ੈਰ! ਯੁਗ (ਸਮਾਂ) ਬਦਲ ਗਏ ਹਨ ਅਤੇ ਹਾਲਾਤ ਵੀ। ਅਸੀਂ ਅੱਜ ਇੱਕ ਜ਼ਿਆਦਾ ਸੱਭਯ ਅਤੇ ਉਨੱਤ ਕਹੇ ਜਾਦੇ ਸੰਸਾਰ/ਸਮਾਜ ਵਿੱਚ ਰਹਿ ਰਹੇ ਹਾਂ। ਗੁਲਾਮੀ ਨਾਲ ਭਰੇ ਸਾਮੰਤਵਾਦ` ਤੋਂ ਰਾਜਿਆਂ ਦੇ ਰਾਜ` ਅਤੇ ਫ਼ਿਰ ਨੇਸ਼ਨ ਸਟੇਟ` ਵੱਲ ਵੱਧਦੇ ਹੋਏ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਨਵੇਂ ਤੌਰ ਤਰੀਕੇ ਹੋਂਦ ਵਿੱਚ ਆ ਚੁੱਕੇ ਹਨ ਪਰ ਇੱਕ ਗਲ ਜੋ ਨਹੀਂ ਬਦਲੀ ਉਹ ਇਹ ਹੈ ਕਿ ਸਜ਼ਾ ਦੀ ਕਿਸਮ ਕੋਈ ਵੀ ਹੋਏ ਪਰ ਜੁਰਮ ਸਾਬਤ ਹੋ ਜਾਣ ਤੇ ਦੋਸ਼ੀ ਨੂੰ ਬਿਨਾ ਸਜ਼ਾ ਮੁਆਫ਼ ਨਹੀਂ ਕੀਤਾ ਜਾਂਦਾ ਵਿਸ਼ੇਸ਼ ਰੂਪ ਵਿੱਚ ਉਸ ਵੇਲੇ ਜਿਸ ਵੇਲੇ ਕਿ ਜੁਰਮ (ਗਲਤੀ) ਕਰਨ ਵਾਲਾ ਉਸ ਨੂੰ ਦੁਹਰਾਉਂਦਾ ਜਾਏ। ਜਿਹੜੇ ਸੰਵਿਧਾਨ ਅਤੇ ਜਿਹੜੀਆਂ ਅਦਾਲਤਾਂ ਮਨੁੱਖਾਂ ਹੱਕਾਂ ਦੀ ਆਧੁਨਿਕ ਢੰਗ ਨਾਲ ਵਿਆਖਿਆ/ਰਾਖੀ ਕਰਦੀਆਂ ਹਨ ਉਹੀ ਸੰਵਿਧਾਨ ਅਤੇ ਅਦਾਲਤਾਂ ਮਨੁੱਖੀ ਹੱਕਾਂ ਦੀ ਰਾਖੀ ਲਈ ਵਿਸ਼ੇਸ਼ ਅਪਰਾਧ ਲਈ ਮਨੁੱਖਾਂ ਦੀ ਜਾਨ ਤਕ ਲੇ ਲੇਂਦਿਆਂ ਹਨ। ਲੱਖਾਂ ਮਾਮਲਿਆਂ ਵਿੱਚ ਤਾਂ ਦੋਸ਼ੀ ਨੂੰ ਸਮਾਜ ਤੋਂ ਅਲਗ ਕਰ ਕੇ ਸਾਲਾਂ ਬੱਧੀ ਜੇਲਾਂ ਵਿੱਚ ਬੰਧ ਕਰ ਦਿੱਤਾ ਜਾਂਦਾ ਹੈ। ਫ਼ਾਂਸੀ ਤਕ ਦੇ ਦਿੱਤੀ ਜਾਂਦੀ ਹੈ। ਕਿਉਂ? ਗਲ ਉਹੀ ਹੈ ਨਿਜ਼ਾਮ ਅਤੇ ਨਿਰਨੇ ਅਲਗ-ਅਲਗ ਪਰਿਸਥਿਤੀਆਂ ਦਿਆਂ ਉਪਜ ਅਤੇ ਮੰਗ ਹੁੰਦੇ ਹਨ। ਸੰਸਾਰ ਇੱਕ ਪ੍ਰਕਾਰ ਦੇ ‘ਫ਼ਤਵੇ` ਨਾਲ ਹੀ ਚਲਦਾ ਹੈ ਜਿਸਨੂੰ ਆਧੁਨਿਕ ਜ਼ੁਬਾਨ ਵਿੱਚ ਕਾਨੂਨ ਦੀ ਵਿਵਸਥਾ ਕਿਹਾ ਜਾਂਦਾ ਹੈ। ਜ਼ਿਆਦਾਤਰ ਤਾਂ ਕਾਨੂਨ ਐਸੇ ਹਨ ਜਿੱਥੇ ਕਾਨੂਨ ਤੋੜਨ ਵਾਲੇ ਨੂੰ ਮਾਫ਼ੀ ਮੰਗਣ ਦੇ ਬਾਦ ਵੀ ਮਾਫ਼ੀ ਦੀ ਕੋਈ ਵਿਵਸਥਾ ਨਹੀਂ। ਪਰ ਗੁਰੂਘਰ ਦਿਆਂ ਪਰੰਪਰਾਵਾਂ ਵਿੱਚ ਮਾਫ਼ੀ ਦੀ ਹੀ ਪਰੰਪਰਾ ਸੀ ਬਾਸ਼ਰਤੇ ਕਿ ਗਲਤੀ ਕਰਨ ਵਾਲਾ ਗਲਤੀ ਬਾਰੇ ਗੁਰਮੁਖ ਹੇ ਜਾਏ। ਗੁਰੂ ਤਾਂ ਸ਼ਰਨ ਵਿੱਚ ਆਏ ਖੋਟੇ ਨੂੰ ਵੀ ਖਰਾ ਕਰਨ ਦਾ ਜਤਨਸ਼ੀਲ ਰਹਿੰਦਾ ਸੀ।

ਕੋਈ ਕਹਿ ਸਕਦਾ ਹੈ ਕਿ ਵੀਰ ਜੀ ਸੰਸਾਰਕ ਮਿਸਾਲਾਂ ਛੱਡੇ ਗੁਰਮਤਿ ਦੀ ਗਲ ਕਰਿਆ ਕਰੋ! ਬੇਨਤੀ ਹੈ ਕਿ ਗੁਰਮਤਿ ਸਾਨੂੰ ਕੁਦਰਤ ਤੋਂ ਵੀ ਸਿੱਖਣ ਦੀ ਸਿੱਖਿਆ ਦਿੰਦੀ ਹੈ। ਦਾਸ ਗੁਰਮਤਿ ਦੇ ਨਾਲ ਕੁਦਰਤ ਦੇ ਅੰਦਰ ਦੀ ਮਿਸਾਲ ਵਰਤ ਕੇ ਗੁਰਮਤਿ ਦਾ ਹੀ ਪਾਲਨ ਕਰਦਾ ਹੈ। ਕੁਦਰਤ ਦੇ ਰੰਗਾਂ ਵਿੱਚ ਹੀ ਸਾਰੇ ਰੰਗ ਹਨ। ਜਿਹੜਾ ਸੱਜਣ ਕੁਦਰਤ ਤੋਂ ਨਹੀਂ ਸਿੱਖਦਾ ਉਹ ਇਸ ਮਾਮਲੇ ਵਿੱਚ ਗੁਰੂ ਤੋਂ ਵੀ ਸਿੱਖਿਆ ਹੋਇਆ ਨਹੀਂ ਕਹਿ ਜਾ ਸਕਦਾ। ਗੁਰੂਆਂ ਨੇ ਤਾਂ ਪ੍ਰਚਲਤ ਝੂਠੀਆਂ ਕਹਾਣਿਆਂ ਅਤੇ ਉਨ੍ਹਾਂ ਦੇ ਕਿਰਦਾਰਾਂ ਦੇ ਮਾਧਿਅਮ ਨੂੰ ਵੀ ਵਰਤਿਆ ਅਪਣੀ ਮਤ ਨੂੰ ਸਪਸ਼ਟ ਕਰਨ ਲਈ। ਨੁੱਕਤੇ ਸਪਸ਼ਟ ਕਰਨ ਲਈ ਕਈ ਵਾਰ ਕੁਦਰਤ ਦੇ ਅੰਦਰ ਦੇ ਦ੍ਰਿਸ਼ਟਾਂਤ ਵਰਤਣਾ ਮਨਮਤਿ ਨਹੀਂ। ਕੁਦਰਤ` ਕੀ ਹੈ? ‘ਕੁਦਰਤ` ਕੁਦਰਤ ਦਾ ਹਰ ਰੰਗ ਹੈ ਨਾ ਕਿ ਮਨੁੱਖਾ ਸੰਸਾਰ ਨੂੰ ਛੱਡ ਕੇ ਕੇਵਲ ਠੋਸ ਪਦਾਰਥ!

ਖ਼ੈਰ! ਗਲ ਧਰਮ ਦੀ ਹੋਵੇ ਤਾਂ ਭਾਈ ਗੁਰਦਾਸ ਨੇ ਅਪਣਿਆਂ ਵਾਰ (੩੬) ਵਿੱਚ ਗੁਰੂਘਰ ਦੇ ਦੋਖਿਆਂ (ਮੀਣਿਆਂ) ਪ੍ਰਤੀ ਗੁਰਮਤਿ ਦ੍ਰਿਸ਼ਟੀਕੋਣ ਨੂੰ ਉਜਾਗਰ ਕੀਤਾ ਹੈ। ਗੁਰੂਘਰ ਨੇ ਮੀਣਿਆਂ ਨਾਲ ਉਂਝ ਹੀ ਸਬੰਧ ਤਰਕ ਕੀਤੇ ਸਨ ਜਿਵੇਂ ਕਿ ਦਸ਼ਮੇਸ਼ ਜੀ ਨੇ ਮਸੰਦਾ ਦੇ ਨਾਲ ਅਤੇ ਸਿੱਖਾਂ ਨੂੰ ਇਹ ਤਾਕੀਦ ਕੀਤੀ ਸੀ ਕਿ ਸਿੱਖ ਸੰਗਤਾਂ ਮਸੰਦਾਂ ਦੇ ਨਾਲ ਕੋਈ ਵਰਤਣ ਨਾ ਰੱਖਣ। ਕੀ ਇਹ ਗੁਰਮਤਿ ਨਹੀਂ ਪੁਜਾਰੀਵਾਦ ਸੀ? ਰਹਿਤਮਾਮਿਆਂ ਵਿੱਚ ਵੀ ਤਨਖਾਇਆ ਸ਼ਬਦ ਵਰਤਿਆ ਗਿਆ ਸੀ। ਯਾਨਿ ਕਿ ਸਿੱਖ ਪੰਖ ਦੇ ਅੰਦਰ ਗੁਰੂ ਦੀ ਰਹਿਤ ਤੋੜਨ ਵਾਲੇ ਨੂੰ ਤਨਖਾਇਆ ਕਰਾਰ ਦਿੱਤਾ ਜਾਂਦਾ ਸੀ। ਇਹ ਵੀ ਸਬੰਧ ਨਿਰਦਾਰਕ ਸ਼ਬਦ ਸੀ।

ਇਸ ਤੋਂ ਇਲਾਵਾ ‘ਭੱਟ ਵਹੀ` ਦੇ ਰਹਿਤ ਬਾਰੇ ਇੱਕ ਪ੍ਰਮਾਣਿਕ ਪ੍ਰਚੀਨ ਸਮਕਾਲੀ ਲੇਖ ਵਿੱਚ ੧੬੯੯ ਵਿੱਚ ਖੰਡੇ ਦੀ ਪਾਹੂਲ ਦੇ ਕੋਤਕ ਬਾਰੇ ਇੰਦਰਾਜ ਮੁਤਾਬਕ ਦਸ਼ਮੇਸ਼ ਵਲੋਂ ਗੁਰੂਘਰ ਦੇ ਦੋਖਿਆਂ ਲਈ ਦਿੱਤਾ ਨਿਰਦੇਸ਼ ਇੰਝ ਦਰਜ ਹੈ:-

ਹੁੱਕਾ, ਹਲਾਲ, ਹਜਾਮਤ, ਹਰਾਮ, ਟਿੱਕਾ, ਜੰਝੂ, ਧੋਤੀ ਦਾ ਤਿਆਗ ਕਰਾਇਆ।

ਮੀਣੇ, ਧੀਰਮੱਲੀਏ, ਰਾਮਰਾਈਏ, ਸਿਰਗੁੰਮੇਂ, ਮਸੰਦੋਂ ਕੀ ਵਰਤਣ ਬੰਦ ਕੀ”

ਦਸ਼ਮੇਸ਼ ਜੀ ਦੇ ਇਸ ਆਦੇਸ਼ ਬਾਰੇ ਸੂਚਨਾ ਨਾਲ ਇੱਕ ਗੱਲ ਬਿਲਕੁਲ ਸਪਸ਼ਟ ਹੁੰਦੀ ਹੈ ਕਿ ਉਨ੍ਹਾਂ ਨੇ ਅਪਣੇ ਕਾਰਜਕਾਲ ਤੋਂ ਪਹਿਲੇ ਦੇ ਰਹਿਤੀ ਆਦੇਸ਼ਾਂ ਨੂੰ ਵੀ ਦੁਹਰਾਇਆ ਸੀ ਕਿਉਂਕਿ ਮੀਣੇ, ਧੀਰਮੱਲੀਏ ਅਤੇ ਰਾਮਰਾਈਏ ਵਾਲੀਆਂ ਘਟਨਾਵਾਂ ਦਸ਼ਮੇਸ਼ ਜੀ ਤੋਂ ਪਹਿਲਾਂ ਵਾਪਰੀਆਂ ਸਨ। ਗੁਰਵਿਰੌਧੀ ਕੰਮ ਕਰਕੇ ਇਨ੍ਹਾਂ ਲੋਕਾਂ ਨੇ ਆਪ ਗੁਰਘਰ ਨਾਲ ਰਿਸ਼ਤੇ ਤੋੜੇ ਸਨ। ਹੁਣ ਜੇਕਰ ਕਦੇ ਕੋਈ ਆਪ ਗੁਰਮਤਿ ਨੂੰ ਪਿੱਠ ਦੇ ਦੇਵੇ ਤਾਂ ਉਹ ਇਹ ਗਿਲਾ ਕਿਵੇਂ ਕਰ ਸਕਦਾ ਹੈ ਕਿ ਪੰਥ ਨੇ ਉਸ ਨੂੰ ਪਿੱਠ ਦਿੱਤੀ ਹੈ?

ਕੀ ਗੁਰੂਆਂ ਅਤੇ ਗੁਰੂ ਦੇ ਸਿੱਖਾਂ ਨੇ ਵਿਸ਼ੇਸ਼ ਹਾਲਾਤਾਂ ਵਿੱਚ ਗੁਰਮਤਿ ਵਿਰੌਧੀਆਂ ਨਾਲੋਂ ਨਾਤਾ ਤੋੜ ਕੇ ਗੁਰਮਤਿ ਭੰਗ ਕੀਤੀ ਸੀ? ਨਿਰਸੰਦੇਹ ਨਹੀਂ! ਇਹ ਨਾਤਾ ਤੋੜਨ ਦਾ ਫ਼ਲਸਫ਼ਾ ਕਿਸੇ ਨੂੰ ਬਾਤੋਰ ਸਜ਼ਾ ਕੈਦ ਵਿੱਚ ਪਾਉਂਣਾ ਜਾਂ ਉਸਦੀ ਰੋਟੀ-ਪਾਣੀ ਬੰਦ ਕਰਨਾ ਨਹੀਂ ਸੀ ਬਲਕਿ ਇਹ ਇੱਕ ਪ੍ਰਕਾਰ ਕਿਸੇ ਦੇ ਗੁਰੂ ਵਿਰੌਧੀ ਕੰਮ ਨੂੰ ਨਖਿੱਦਦੇ ਹੋਏ ਖ਼ੁਦ ਨੂੰ ਉਸ ਬੰਦੇ ਨਾਲੋਂ ਵੱਖਰਾ ਕਰਨ ਦੀ ਕ੍ਰਿਆ ਸੀ ਜਿਸ ਨੇ ਪਹਿਲ ਕੀਤੀ ਅਤੇ ਜਿਸ ਨੇ ਪਹਿਲ ਕਰਕੇ ਅਤੇ ਉਸ ਤੇ ਅੜ ਕੇ ਖ਼ੁਦ ਸਬੰਧ ਤੋੜਨ ਵਲ ਪਹਿਲਾ ਕਦਮ ਚੁੱਕਿਆ ਹੋਵੇ।

ਅਸੀਂ ਆਮ ਜੀਵਨ ਦੀ ਹੀ ਗਲ ਕਰੀਏ। ਜੇਕਰ ਕੋਈ ਬੰਦਾ ਦੂਜੇ ਬੰਦੇ ਅਤੇ ਉਸਦੇ ਪਰਿਵਾਰਕ ਸੱਜਣਾ ਨੂੰ ਭੱਦਿਆਂ ਗਾਲਾਂ ਕੱਡੇ ਅਤੇ ਬੁਰਾ ਸਲੂਕ ਕਰੇ ਤਾਂ ਉਸਦੇ ਖਿਲਾਫ਼ ਕਾਨੂਨੀ ਕਰਵਾਈ ਹੋ ਸਕਦੀ ਹੈ। ਨਾਲ ਹੀ ਗਲਾਂ ਖਾਂਣ ਵਾਲਾ ਪਰਿਵਾਰ ਮੁਨਾਸਬ ਤੋਰ ਤੇ ਸ਼ਰਾਫ਼ਤ ਨਾਲ ਉਸ ਬੰਦੇ ਨਾਲ ਸਬੰਧ ਤੋੜ ਲਵੇਗਾ। ਕੀ ਇਹ ਗ਼ੈਰ ਮੁਨਾਸਬ ਅਤੇ ਗੁਰਮਤਿ ਦੇ ਉਲਟ ਵਿਚਾਰ ਕਿਹਾ ਜਾਏਗਾ? ਆਧੁਨਿਕ ਕਾਨੂਨ ਵੀ ਕਿਸੇ ਦਿਆਂ ਧਾਰਮਕ ਭਾਵਨਾਵਾਂ ਭੜਕਾਉਂਣ ਤੇ ਕਾਰਵਾਈ ਕਰਦਾ ਹੈ ਅਤੇ ਦੋਸ਼ੀ ਪਾਏ ਜਾਣ ਤੇ ਸਜ਼ਾ ਵੀ ਦਿੰਦਾ ਹੈ। ਇਸ ਬਾਰੇ ਕਾਨੂਨ ਨੂੰ ਅਸੀਂ ਸਾਰੇ ਜਾਣਦੇ ਹਾਂ। ਕੀ ਐਸੇ ਕਾਨੂਨ ਬਾਨਉਂਣ ਵਾਲੇ ਅਤੇ ਲਾਗੂ ਕਰਨ ਵਾਲੀਆਂ ਅਦਾਲਤਾਂ ਦੀ ਵਿਵਸਥਾ ਕੋਈ ਨਿਜ਼ਾਮ ਹੈ ਜਾਂ ਪੁਜਾਰੀਵਾਦ?

ਜੇਕਰ ਅੱਜ ਦੇ ਦੌਰ ਵਿੱਚ ਵੀ ਕੌਈ ਸਿੱਖ ਹੀ ਗੁਰਘਰ ਦੇ ਖਿਲਾਫ਼ ਵਿਸ਼ੇਸ਼ ਆਪੱਤਿਜਨਕ ਹਰਕਤ ਕਰੇ ਤਾਂ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ? ਕੀ ਉਹ ਉਸ ਨੂੰ ਮਾਰਨ-ਕੁੱਟਣ? ਕੀ ਉਹ ਉਸ ਦੀ ਜਾਨ ਲੇ ਲੇਂਣ? ਜਾਂ ਫ਼ਿਰ ਇਕੱਠੇ ਹੋ ਉਸਦੀ ਘਰ-ਸੰਪੱਤੀ ਨੂੰ ਸਾੜ ਦੇਂਣ? ਨਹੀਂ, ਨਿਰਸੰਦੇਹ ਇੰਝ ਨਹੀਂ ਹੋਣਾ ਚਾਹੀਦਾ! ਤਾਂ ਫ਼ਿਰ ਕੀ ਹੋਂਣਾ ਚਾਹੀਦਾ ਹੈ? ਕੀ ਐਸੀਆਂ ਗੱਲਾਂ ਨੂੰ ਕੇਵਲ ਕਾਨੂਨੀ ਅਦਾਲਤਾਂ ਤੇ ਛੱਡ ਦਿੱਤਾ ਜਾਏ ਜੋ ਕਿ ਗੁਰਮਤਿ ਬਾਰੇ ਵਿਸ਼ੇਸ਼ ਜਾਣਕਾਰੀ ਨਹੀਂ ਰੱਖਦਿਆਂ? ਨਹੀਂ ਇੰਝ ਵੀ ਨਹੀਂ ਹੋ ਸਕਦਾ! ਤਾਂ ਫਿਰ ਕੀ ਹੋਣਾਂ ਚਾਹੀਦਾ ਹੈ? ਇਹੀ ਹੋ ਸਕਦਾ ਹੈ ਕਿ ਅਸੀਂ ਐਸੇ ਵਿਸ਼ੇਸ਼ ਮਾਮਲਿਆਂ ਨੂੰ ਗੁਰਮਤਿ ਪਰੰਪਰਾਵਾਂ ਰਾਹੀਂ ਨਿਪਟਣ ਦਾ ਢੰਗ ਇਖ਼ਤਿਆਰ ਕਰੀਏ। ਇਹ ਰਸਤਾ ਕੇਵਲ ਉਹੀ ਰਸਤਾ ਹੈ ਜਿਸ ਦੇ ਚਲਦੇ ਸਿੱਖ ਭਾਈਚਾਰਾ ਦੋਸ਼ੀ ਨਾਲ ਅਪਣੇ ਸਬੰਧ ਤਰਕ (Suspend) ਕਰ ਦਿੰਦਾ ਹੈ ਕੇਵਲ ਉਸ ਸੂਰਤ ਵਿੱਚ ਜਿਸ ਵੇਲੇ ਕਿ ਦੋਸ਼ ਸਾਬਤ ਹੋਂਣ ਤੇ ਵੀ ਦੋਸ਼ੀ ਅਪਣੇ ਦੋਸ਼ ਨੂੰ ਜਾਰੀ ਰੱਖੇ ਜਾਂ ਫ਼ਿਰ ਜਵਾਬਦੇਹੀ ਤੋਂ ਹੀ ਮੁਨਕਰ ਹੋ ਜਾਏ।

ਦਾਸ ਨੂੰ ਇੱਕ ਵਾਰ ਕਿਸੇ ਸਲੇਕਸ਼ਨ ਲਿਸਟ ਦੇ ਮਾਮਲੇ ਬਾਰੇ ਬਹੁਤ ਸਾਰੇ ਸਾਥੀਆ ਨਾਲ ਅਦਾਲਤ ਜਾਣਾ ਪਿਆ। ਹਾਈ ਕੋਰਟ ਤੋਂ ਬਾਦ ਸੁਪਰੀਮ ਕੋਰਟ ਤਕ। ਕੇਸ ਦਾ ਮੈਰਿਟ ਸਾਡੇ ਹੱਕ ਵਿੱਚ ਸੀ ਪਰ ਅਸੀਂ ਕੇਸ ਹਾਰ ਗਏ। ਉਸ ਕੇਸ ਵਿੱਚ ਬਹੁਤ ਸਾਰੇ ਬੇਰੋਜ਼ਗਾਰ ਨੋਜਵਾਨਾਂ ਨੇ ਪਰਿਵਾਰਕ ਤੰਗਹਾਲੀ ਵਿੱਚ ਵੀ ਬੜੀ ਮੁਸ਼ਕਲ ਨਾਲ ਕੇਸ ਲਈ ਪੈਸੇ ਇੱਕਠੇ ਕੀਤੇ ਸੀ। ਉਸ ਦਿਨ ਮੇਰੇ ਨਾਲ ਦਾ ਸਾਥੀ ਅਦਾਲਤ ਦੇ ਬਾਹਰ ਆ ਕੇ ਰੋ ਪਿਆ। ਖ਼ੈਰ ਅਸੀਂ ਵਾਪਸ ਆ ਗਏ। ਇਸ ਗਲ ਨੂੰ ਕਈ ਸਾਲ ਬੀਤ ਗਏ ਹਨ। ਅੱਜ ਵੀ ਮਹਸੂਸ ਹੁੰਦਾ ਹੈ ਕਿ ਸਾਡੇ ਨਾਲ ਇਨਸਾਫ਼ ਨਹੀਂ ਸੀ ਹੋਈਆ। ਪਰ ਇਸਦਾ ਮਤਲਭ ਇਹ ਨਹੀਂ ਕਿ ਦਾਸ ਨਿੱਜਤਾ ਨਾਲ ਜੂੜੇ ਉਸ ਕੇਸ ਤੇ ਹੋਏ ੳੱਚਤਮ ਅਦਾਲਤ ਦੇ ਫ਼ੈਸਲੇ ਤੋਂ ਇਹ ਦਲੀਲ ਘੜ ਲਵੇ ਕਿ ਅਦਾਲਤਾਂ ਹੋਣਿਆਂ ਹੀ ਨਹੀਂ ਚਾਹੀਦੀਆਂ! ਕੀ ਸਮਾਜ ਨੇ ਕੇਵਲ ਇੱਕ ਪੀੜੀ ਲਈ ਹੀ ਚੱਲਣਾ ਹੈ? ਨਿਰਸੰਦੇਹ ਨਹੀਂ! ਕੋਈ ਵੀ ਨਿਜ਼ਾਮ ਬਿਨਾ ਰਹਿਤ ਦੇ ਨਹੀਂ ਹੁੰਦਾ ਅਤੇ ਇਸ ਲਈ ਰਹਿਤ ਨੂੰ ਤੌੜਨ ਦੀ ਇੱਕ ਸੀਮਾ ਹੁੰਦੀ ਹੈ। ਉਸ ਸੀਮਾ ਤੋਂ ਬਾਹਰ ਗਏ ਬੰਦੇ ਨੂੰ ਜਵਾਬਦੇਹ ਹੋਂਣਾ ਹੀ ਪਵੇਗਾ ਨਹੀਂ ਤਾਂ ਬੇ-ਨਿਜ਼ਾਮੀ ਹੋਵੇਗੀ।

ਮਨੁੱਖ ਅਜ਼ਾਦ ਹੋਂਣਾ ਚਾਹੀਦਾ ਹੈ ਪਰ ਕੀ ਇਨ੍ਹਾਂ ਅਜ਼ਾਦ ਕਿ ਉਸ ਤੇ ਕੋਈ ਜ਼ਿੰਮੇਦਾਰੀ ਹੀ ਨਾ ਹੋਵੇ ਅਤੇ ਨਾ ਹੀ ਜਿੰਮੇਦਾਰੀ ਦਾ ਭਾਵ? ਅਪਣੀ ਅਜ਼ਾਦੀ ਦੀ ਤਲਾਸ਼ ਵਿੱਚ ਦੂਜੀਆਂ ਦੀ ਅਜ਼ਾਦੀ ਨੂੰ ਵੀ ਭੁੱਲਣਾ ਨਹੀਂ ਚਾਹੀਦਾ। ਇਸ ਨੁੱਕਤੇ ਤੇ ਇੱਕ ਪ੍ਰਕਾਰ ਦੇ ਸੰਤੁਲਨ ਦੀ ਲੋੜ ਹੁੰਦੀ ਹੈ। ਇਹ ਸੰਤੁਲਨ ਕਿਸੇ ਨਿਜ਼ਾਮ ਰਾਹੀਂ ਹੀ ਬਰਕਰਾਰ ਰਹਿ ਸਕਦਾ ਹੈ। ਗੁਰੂਘਰ ਵਿੱਚ ਵੀ ਵਿਸ਼ੇਸ਼ ਹਾਲਾਤਾਂ ਵਿੱਚ ਕਿਸੇ ਨਾਲ ਸਬੰਧ ਤਰਕ ਕਰਨ ਦਾ ਐਸਾ ਨਿਜ਼ਾਮ ਸੀ ਜੋ ਕਿ ਗੁਰਮਤਿ ਅਨੁਸਾਰੀ ਹੀ ਸੀ। ਅੱਜ ਪੰਥ ਦਾ ਕੰਮ ਹੈ ਉਸ ਪਰੰਪਰਾ ਨੂੰ ਸੋਚ ਸਮਝ ਕੇ ਗੁਰਮਤਿ ਅਨੁਸਾਰ ਵਰਤਣ ਦੇ ਪ੍ਰਬੰਧ ਨੂੰ ਦ੍ਰਿੜ ਕਰਨਾ। ਨਿਜ਼ਾਮ ਹੋਂਣਾ ਹੀ ਚਾਹੀਦਾ ਹੈ ਅਤੇ ਨਿਰਸੰਦੇਹ ਉਸ ਦੀ ਦੁਰਵਰਤੋਂ ਨਹੀਂ ਹੋਂਣੀ ਚਾਹੀਦੀ।

ਹਰਦੇਵ ਸਿੰਘ, ਜੰਮੂ

੨੯. ੦੧. ੨੦੧੨




.