.

ਇਕਿ ਭੇਖ ਕਰਹਿ ਫਿਰਹਿ ਅਭਿਮਾਨੀ

ਬਾਹਰਲਾ ਕੋਈ ਵੀ ਵੇਸ ਕਿਸੇ ਕਿੱਤੇ ਦੀ ਨਿਪੁੰਨਤਾ ਦਾ ਪ੍ਰਗਟਾਵਾ ਨਹੀ ਹੁੰਦਾ। ਡਾਕਟਰ ਦੇ (ਇਕੱਲੇ) ਵੇਸ ਨਾਲ ਕੋਈ ਡਾਕਟਰ ਨਹੀ ਬਣ ਜਾਂਦਾ, ਜੱਜ ਦੇ (ਇਕੱਲੇ) ਵੇਸ ਨਾਲ ਕੋਈ ਜੱਜ ਨਹੀ ਬਣ ਸਕਦਾ ਪਰ ਧਰਮ, ਜੋ ਕੇ ਇੱਕ ਅੰਦਰੂਨੀ ਮਨ ਦੀ ਸਾਧਨਾ ਹੈ, ਵਿੱਚ (ਧਰਮਾਂ ਦੇ ਮਿਥੇ ਵੇਸਾਂ ਨਾਲ) ਹਰ ਕੋਈ ਆਪਣੇ ਆਪ ਨੂੰ ਧਰਮੀ ਅਖਵਾ ਰਿਹਾ ਹੈ। ਦੁਨਿਆਵੀ ਤੌਰ ਤੇ ਅਗਰ ਕੋਈ, ਬਿਨਾ ਵਿਧਿਆ ਹਾਸਲ ਕੀਤੇ, (ਇਕੱਲੇ) ਵੇਸ ਨਾਲ ਹੀ ਡਾਕਟਰ ਜਾਂ ਜੱਜ ਬਣਨ ਦੀ ਕੋਸ਼ਿਸ਼ ਕਰੇ ਤਾਂ ਇਹ ਇੱਕ ਗੁਨਾਹ ਵੀ ਮੰਨਿਆ ਜਾਂਦਾ ਹੈ ਪਰ ਧਰਮ ਦੀ ਦੁਨੀਆਂ ਵਿੱਚ ਐਸੇ ਭੇਖੀ ਨੂੰ ਉਲਟਾ ਧਰਮ ਆਗੂ ਦੀ ਪਦਵੀ ਨਾਲ ਸਤਿਕਾਰਿਆ ਜਾਂਦਾ ਹੈ। ਜੋ ਆਪਣੀਆਂ ਗ੍ਰਹਿਸਤੀ ਜੀਵਨ ਦੀਆਂ ਜ਼ਿਮੇਵਾਰੀਆਂ ਤੋਂ ਭਗੌੜਾ ਹੋ ਕੇ ਕਿਸੇ ਮਿਥੇ ਹੋਏ ਧਾਰਮਕ ਵੇਸ ਨੂੰ ਧਾਰਨ ਕਰ ਲੈਂਦਾ ਹੈ ਉਸਨੂੰ ਤਿਆਗੀ ਸਾਧ, ਸੰਤ, ਬ੍ਰਹਿਮਗਿਆਨੀ, ਜਾਂ ਬਾਬਾ ਜੀ ਦੇ ਖਿਤਾਬ ਨਾਲ ਨਿਵਾਜਿਆ ਜਾਂਦਾ ਹੈ। ਇਹ ਇੱਕ ਧੋਖਾ ਹੀ ਨਹੀ ਬਲਿਕੇ ਗੁਨਾਹ ਵੀ ਹੈ ਜਿਸ ਦੁਆਰਾ ਆਮ ਮਨੁੱਖ ਦੀ ਅਗਿਆਨਤਾ ਵਸ ਸ਼ਰਧਾ ਜਾਂ ਭਾਵਨਾ ਨਾਲ ਖਿਲਵਾੜ ਕੀਤਾ ਜਾਂਦਾ ਹੈ। ਇੱਕ ਛੋਟਾ ਜਿਹਾ ਵਾਕਿਆ ਯਾਦ ਹੈ ਕਿ ਕਿਸੇ ਬਾਬੇ ਨੂੰ ਏਅਰਪੋਰਟ ਤੇ ਵਿਦਾ ਕਰਨ ਚੱਲੇ ਤਾਂ ਇੱਕ ਪ੍ਰਬੰਧਕ ਨੇ ਸੰਗਤ ਨੂੰ ਸੰਬੋਧਨ ਹੋ ਕੇ ਕਿਹਾ ਕਿ ਸੰਗਤ ਜੀ ਬਾਬਾ ਜੀ ਨੂੰ ਇਥੇ ਹੀ ਮੱਥਾ ਟੇਕ ਲਉ ਕਿਉਂਕਿ ਏਅਰਪੋਰਟ ਤੇ ਗੋਰਿਆਂ ਸਾਹਮਣੇ ਕੀਤਾ ਇਹ ਕਰਮ ਚੰਗਾ ਨਹੀ ਲਗਦਾ। ਬਾਬਾ ਜੀ ਨੇ ਉਸੇ ਵੇਲੇ ਝਾੜ ਪਾਉਂਦਿਆਂ ਕਿਹਾ ਕਿ ਕਿਸੇ ਦੀ ਸ਼ਰਧਾ ਨਹੀ ਤੋੜਨੀ ਚਾਹੀਦੀ। ਜਿਸ ਕਿਸੇ ਦੀ ਵੀ ਸ਼ਰਧਾ ਹੈ ਉਹ ਨਿਸੰਗ ਪੂਰੀ ਕਰ ਲਵੇ। ਬਸ ਫਿਰ ਕੀ ਸੀ, ਏਅਰਪੋਰਟ ਤੇ ਕਾਫੀ ਇਕੱਠ ਹੋ ਗਿਆ ਤੇ ਜੋ ਘਰੇ ਵੀ ਮੱਥਾ ਟੇਕ ਕੇ ਤੁਰੇ ਸਨ ਉਹਨਾ ਏਅਰਪੋਰਟ ਤੇ ਵੀ ਮੁੜ ਮੁੜ ਫੇਰ ਦਿਖਾਵੇ ਲਈ ਮੱਥੇ ਟੇਕੇ। ਸੁਣਦੇ ਤਾਂ ਇਹ ਆਏ ਹਾਂ ਕਿ ਸਿੱਖ ਦਾ ਸੀਸ ਗੁਰੂ (ਗੁਰਬਾਣੀ) ਤੋਂ ਬਿਨਾ ਕਿਸੇ ਹੋਰ ਅੱਗੇ ਨਹੀ ਝੁੱਕ ਸਕਦਾ ਪਰ ਅਗਿਆਨਤਾ ਤੇ ਅੰਨ੍ਹੀ ਸ਼ਰਧਾ ਵਸ ਹੋ ਕੇ ਅੱਜ ਇਸ ਨੂੰ ਥਾਂ ਥਾਂ ਝੁਕਦੇ ਵੇਖਿਆ ਜਾ ਸਕਦਾ ਹੈ। ਕਾਸ਼, ਗੁਰਮਤਿ ਅਨੁਸਾਰ ਗੁਰੂ ਨੂੰ ਇੱਕ ਵਾਰ ਮੱਥਾ ਟੇਕਿਆ ਹੁੰਦਾ ਤਾਂ ਹੋਰ ਥਾਂ ਮੱਥਾ ਟੇਕਣ ਦੀ ਜ਼ਰੂਰਤ ਹੀ ਨਾ ਰਹਿ ਜਾਂਦੀ। ਤੁਧਨੋ ਨਿਵਣੁ ਮੰਨਣੁ ਤੇਰਾ ਨਾਉ ॥ (੮੭੮)। ਹੇ ਪ੍ਰਭੂ, ਤੇਰੇ ਹੁਕਮ (ਗੁਰ ਉਪਦੇਸ਼) ਵਿੱਚ ਚੱਲਣਾ ਹੀ ਤੇਰੇ ਅਗੇ ਸਿਰ ਨਿਵਾਉਣਾ ਹੈ। ਗੁਰਬਾਣੀ ਤੇ ਚਲਣ ਤੋਂ ਬਿਨਾ ਗੁਰੂ ਨੂੰ ਮੱਥਾ ਟੇਕਣਾ ਇੱਕ ਰਸਮ ਤੋਂ ਵੱਧ ਹੋਰ ਕੁਛ ਵੀ ਨਹੀ।

ਮਨੁੱਖ ਦੀ ਅਗਿਆਨਤਾ ਦਾ ਲਾਭ ਉਠਾ ਕੇ ਉਸ ਦੀ ਸ਼ਰਧਾ ਦਾ ਮਜ਼ਾਕ ਉਡਾਇਆ ਜਾਂਦਾ ਹੈ। ਇਹ ਆਪੂ ਬਣੇ ਭੇਖੀ ਸਾਧ, ਸੰਤ, ਬਾਬੇ ਤੇ ਹੋਰ ਧਾਰਮਕ ਆਗੂਆਂ ਨੇ ਕੋਈ ਮਨ ਦੀ ਸਾਧਨਾ ਨਹੀ ਕੀਤੀ ਹੁੰਦੀ ਪਰ ਆਪਣੇ ਆਪ ਨੂੰ ਭੇਖਾਂ, ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੁਆਰਾ ਧਰਮ ਦੀਆਂ ਉਚ ਪਦਵੀਆਂ ਦੇ ਰੱਖੀਆਂ ਹਨ ਤੇ ਇਹਨਾ ਸਦਕਾ ਹੀ ਅਗਿਆਨਤਾ ਇਨੀ ਵਧ ਚੁੱਕੀ ਹੈ ਕਿ ਮਨੁੱਖ ਨੂੰ ਧਰਮ ਅਤੇ ਅਧਰਮ ਦੀ ਪਛਾਣ ਹੀ ਨਹੀ ਰਹੀ। ਧਰਮ ਮਨ ਦੀ ਨਿਜੀ ਸਾਧਨਾ ਹੈ, ਮਨ ਨੂੰ ਵਿਕਾਰਾਂ ਤੋਂ ਰਹਿਤ ਕਰਕੇ ਨਿਰਮਲ ਜਾਂ ਪਵਿੱਤ੍ਰ ਕਰਨਾ ਹੈ, ਜੋ ਸੰਪ੍ਰਦਾ ਨਹੀ ਹੋ ਸਕਦੀ ਇਸ ਲਈ ਧਰਮ ਵਿੱਚ ਕਿਸੇ ਦੂਸਰੇ ਦਾ ਕੋਈ ਦਖਲ ਨਹੀ ਹੋ ਸਕਦਾ। ਨਾ ਕੋਈ ਕਿਸੇ ਨੂੰ ਧਰਮ ਵਿੱਚ ਦਾਖਲ ਕਰ ਸਕਦਾ ਹੈ ਤੇ ਨਾਂ ਕੋਈ ਕਿਸੇ ਨੂੰ ਧਰਮ ਵਿਚੋਂ ਛੇਕ ਸਕਦਾ ਹੈ। ਅਗਰ ਧਰਮ ਕੋਈ ਠੋਸ ਵਸਤੂ ਹੈ ਤਾਂ ਉਹ ਖੋਹਿਆ ਜਾ ਸਕਦਾ ਹੈ ਪਰ ਅਗਰ ਉਹ ਇੱਕ ਗਿਆਨ ਤੇ ਗੁਣਾਂ ਭਰਪੁਰ ਆਤਮਕ ਅਵਸਥਾ ਹੈ ਤਾਂ ਉਹ ਕਿਵੇਂ ਖੋਹੀ ਜਾਂ ਦਿੱਤੀ ਜਾ ਸਕਦੀ ਹੈ? ਮਸਾਲ ਦੇ ਤੌਰ ਤੇ ਜਿਨ੍ਹਾ ਨੂੰ ਧਰਮ ਵਿਚੋਂ ਛੇਕਿਆ ਗਿਆ ਹੈ, ਕੀ ਉਹਨਾਂ ਵਿਚੋਂ ਧਰਮ ਅਲੋਪ ਹੋ ਗਿਆ ਹੈ? ਕੀ ਉਹ ਹੁਣ ਆਪਣਾ ਧਰਮ ਗੁਆ ਬੈਠੇ ਹਨ ਤੇ ਅਧਰਮੀ ਹੋ ਗਏ ਹਨ? ਕਿਹੜੀ ਵਸਤੂ ਉਹਨਾਂ ਤੋਂ ਖੋਹ ਲਈ ਗਈ ਹੈ ਜਿਸ ਕਾਰਨ ਉਹ ਧਰਮੀ ਸਨ? ਕੀ ਕਿਸੇ ਹੁਕਮ ਨਾਮੇ ਨਾਲ ਹੀ ਕੋਈ ਧਰਮੀ ਤੇ ਕੋਈ ਅਧਰਮੀ ਕਰਾਰ ਦਿੱਤਾ ਜਾ ਸਕਦਾ ਹੈ? ਕੀ ਗੁਰੂ ਸਾਹਿਬਾਨਾਂ ਨੇ ਆਪਣੇ ਸਮੇ ਵਿੱਚ ਕਿਸੇ ਸਿੱਖ ਨੂੰ ਧਰਮ ਚੋਂ ਛੇਕਣ ਦਾ ਹੁਕਮਨਾਮਾ ਜਾਰੀ ਕੀਤਾ ਸੀ? ਕੈਸੀ ਤਰਸਯੋਗ ਹਾਲਤ ਹੈ ਕਿ ਅਧਰਮ ਹੀ ਧਰਮ ਦੇ ਫੈਸਲੇ ਕਰ ਰਿਹਾ ਹੈ। ਮਨੁੱਖ ਦੀ ਇਹ ਭੁੱਲ ਹੈ ਕਿ ਇਸ ਨੇ ਗੁਰਮਤਿ ਵਿਰੁੱਧ ਧਰਮ ਨੂੰ ਭੇਖਾਂ ਤੇ ਨਿਰਭਰ ਕਰ ਦਿੱਤਾ ਤੇ ਹੁਣ ਜਦੋਂ ਅਧਰਮੀ ਨੇ ਵੀ ਧਰਮ ਦਾ ਭੇਖ ਪਾ ਲਿਆ ਤਾਂ ਪਛਾਣ ਔਖੀ ਹੋ ਗਈ ਕਿ ਕੌਣ ਧਰਮੀ ਹੈ ਤੇ ਕੌਣ ਅਧਰਮੀ। ਦੋਨੋਂ ਇੱਕ ਦੂਜੇ ਨੂੰ ਅਧਰਮੀ ਕਹੀ ਜਾਂਦੇ ਹਨ। ਜਿਹੜੀ ਧਰਮ ਦੀ ਪਛਾਣ ਬਾਹਰੀ ਭੇਖ ਤੇ ਨਿਰਧਾਰਿਤ ਕੀਤੀ ਸੀ ਉਹ ਤਾਂ ਨਿਸਫਲ ਹੋ ਗਈ, ਉਸ ਦਾ ਤਾਂ ਕੋਈ ਲਾਭ ਨਾ ਹੋਇਆ ਕਿਉਂਕਿ ਉਹ ਗੁਰੂ ਦੀ ਬਣਾਈ ਹੀ ਨਹੀ ਸੀ। ਇਕੱਲੇ ਬਾਹਰਲੇ ਪਹਿਰਾਵੇ ਤੇ ਆਪਣੇ ਆਪ ਨੂੰ ਧਰਮੀ ਹੋਣ ਦਾ ਅਹੰਕਾਰ ਕਰਨ ਵਾਲੇ ਨੂੰ ਗੁਰੂ ਧਰਮੀ ਕਬੂਲ ਨਹੀ ਕਰਦਾ ਤੇ ਭੇਖੀ ਕਹਿ ਰਿਹਾ ਹੈ: ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥ ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ ॥ (੨੬)। ਭਾਵ: ਬਹੁਤੇ ਧਾਰਮਕ ਪਹਿਰਾਵੇ ਪਹਿਨ ਕੇ (ਦੂਜਿਆਂ ਨੂੰ ਠੱਗਣ ਲਈ ਆਪਣੇ) ਮਨ ਵਿੱਚ ਖੋਟ ਕਮਾ ਕੇ (ਆਪ ਹੀ) ਭਟਕਣਾ ਵਿੱਚ ਪੈ ਜਾਈਦਾ ਹੈ। ਜੋ ਇਹ ਵਿਖਾਵਾ ਠੱਗੀ ਕਰਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀ ਕਰ ਸਕਦਾ ਪਰ ਆਤਮਕ ਮੌਤ ਸਹੇੜ ਕੇ (ਵਿਕਾਰਾਂ) ਦੇ ਗੰਦ ਵਿੱਚ ਫਸਿਆ ਰਹਿੰਦਾ ਹੈ। ਇਹੀ ਅੱਜ ਧਰਮ ਵਿੱਚ ਪ੍ਰਤੱਖ ਵਾਪਰ ਰਿਹਾ ਹੈ, ਬਾਹਰਲਾ ਵਿਖਾਵਾ ਕਰਕੇ ਹੀ ਠੱਗੀ ਹੋ ਰਹੀ ਹੈ, ਤੇ ਧਰਮੀ ਅਤੇ ਅਧਰਮੀ ਮਨੁੱਖ ਦੀ ਬਾਹਰਲੇ ਭੇਖ ਤੋਂ ਪਛਾਣ ਕਰਨੀ ਔਖੀ ਹੋ ਗਈ ਹੈ। ਇਕਿ ਭੇਖ ਕਰਹਿ ਫਿਰਹਿ ਅਭਿਮਾਨੀ ਤਿਨ ਜੂਐ ਬਾਜੀ ਹਾਰੀ ॥ (੯੧੦)। ਭਾਵ: ਜਿਹੜੇ ਅਨੇਕ ਜੀਵ ਧਾਰਮਕ ਬਾਣਾ ਪਾਈ ਫਿਰਦੇ ਹਨ ਤੇ ਉਸ ਭੇਖ ਦੇ ਕਾਰਨ ਅਹੰਕਾਰੀ ਹੋਏ ਫਿਰਦੇ ਹਨ, ਉਹਨਾ ਨੇ ਮਨੁੱਖਾ ਜਨਮ ਦੀ ਖੇਡ ਜੂਏ ਵਿੱਚ ਹਾਰ ਲਈ। ਸੋ, ਧਰਮ ਦਾ ਬਾਹਰਲਾ ਪਹਿਰਾਵਾ, ਜੋ ਅਹੰਕਾਰ ਪੈਦਾ ਕਰਦਾ ਹੈ, ਧਰਮ ਦੀ ਪਛਾਣ ਨਹੀ ਹੋ ਸਕਦਾ। ਤਿਲਕੁ ਕਢਹਿ ਇਸਨਾਨੁ ਕਰਿ ਅੰਤਰਿ ਕਾਲੇਖੰ ॥ ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ ॥ (੧੦੯੯)। ਭਾਵ: ਕਈ ਇਸ਼ਨਾਨ ਕਰਕੇ (ਮੱਥੇ ਉਤੇ) ਤਿਲਕ ਲਾਂਦੇ ਹਨ ਪਰ ਮਨ ਵਿੱਚ ਵਿਕਾਂਰਾ ਦੀ ਕਾਲਖ ਹੁੰਦੀ ਹੈ (ਉਹਨਾਂ ਨੂੰ ਵੀ ਰੱਬ ਨਹੀ ਮਿਲਦਾ)। ਪਰਮਾਤਮਾ ਭੇਖਾਂ ਰਾਹੀਂ ਨਹੀ ਲੱਭਦਾ, (ਗੁਰੂ ਦੇ) ਸੱਚੇ ਉਪਦੇਸ਼ ਬਿਨਾ ਨਹੀ ਮਿਲਦਾ। ਇਥੇ ਤਿਲਕ ਅਤੇ ਇਸ਼ਨਾਨ ਬਾਹਰਲੇ ਕਰਮ ਕਾਂਡਾਂ ਦੇ ਹੀ ਸੂਚਤ ਹਨ। ਉਪਦੇਸ਼ ਸਭ ਨੂੰ ਸਾਂਝਾ ਹੈ। ਗੁਰੂ ਨੇ ਸਪਸ਼ਟ ਕਰ ਦਿੱਤਾ ਕਿ ਮਨ ਦੀ ਸਾਧਨਾ, (ਮਨ ਨੂੰ ਨਿਰਮਲ, ਸ਼ੁੱਧ, ਪਵਿੱਤ੍ਰ ਕੀਤੇ) ਬਿਨਾ ਬਾਹਰਲੇ ਕਿਸੇ ਕਰਮ ਕਾਂਡ ਜਾਂ ਭੇਖ ਨਾਲ ਪਰਮਾਤਮਾ ਨਾਲ ਸਾਂਝ ਨਹੀ ਪੈ ਸਕਦੀ ਇਸ ਲਈ ਗੁਰਮਤਿ ਅਨੁਸਾਰ ਬਾਹਰਲਾ ਕੋਈ ਕਰਮ ਕਾਂਡ ਜਾਂ ਵੇਸ ਧਰਮੀ ਹੋਣ ਦੀ ਕਸਵੱਟੀ ਨਹੀ ਮਿਥਿਆ ਜਾ ਸਕਦਾ।

ਗੁਰੂ (ਪਰਮਾਤਮਾ) ਨੂੰ ਛੱਡ ਕੇ ਸਰਬ ਉੱਚਤਾ ਦੀ ਪਦਵੀ ਕਿਸੇ ਇਮਾਰਤ ਜਾਂ ਕਿਸੇ ਵਿਅਕਤੀ ਨੂੰ ਦੇਣ ਦੀ ਭੁੱਲ ਸਦਾ ਹੀ ਧਰਮ ਦਾ ਸੰਕਟ ਬਣੀ ਰਹੇਗੀ ਪਰ ਅਗਰ ਸਰਬ ਊਚ ਗੁਰੂ ਦਾ ਸਿਧਾਂਤ (ਗੁਰਬਾਣੀ) ਹੈ ਤਾਂ ਧਰਮ ਦਾ ਹਰ ਫੈਸਲਾ ਗੁਰੂ ਦੀ ਕਸਵੱਟੀ ਨਾਲ ਹੀ ਨਿਪਟਾਇਆ ਜਾਣਾ ਚਾਹੀਦਾ ਹੈ। ਧਰਮੀ ਹੋਣ ਦਾ ਰਾਹ ਤਾਂ ਇੱਕ ਅਵਘਟ ਘਾਟੀ, ਬਿਖੜਾ ਪੰਥ ਜਾਂ ਖੰਡੇਧਾਰ ਮਾਰਗ ਹੈ ਜਿਸ ਤੇ ਕੋਈ ਵਿਰਲਾ ਸੂਰਮਾ ਹੀ ਚਲਦਾ ਹੈ। ਗੁਰੂ ਤੋਂ ਪੁਛਿਆ ਗਿਆ ਕਿ ਧਰਮ ਦਾ ਵੇਸ ਕਿਹੜਾ ਹੈ? ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥ ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥ {ਪੰਨਾ 1384} ਤਾਂ ਸਤਿਗੁਰ ਦਾ ਜਵਾਬ ਹੈ ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥ ਆਤਮਕ ਰੱਬੀ ਗੁਣਾਂ ਦਾ ਵੇਸ ਪਾਏ ਬਿਨਾ ਧਰਮੀ ਨਹੀ ਹੋਇਆ ਜਾ ਸਕਦਾ ਇਸੇ ਲਈ ਗੁਰੂ ਇਸ਼ਾਰਾ ਕਰਦਾ ਹੈ: ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ ॥ ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ ॥ {ਪੰਨਾ 812}। (ਹੇ ਪ੍ਰਭੂ ਮਿਹਰ ਕਰ ਕਿ ਮੈ ਸਤ, ਸੰਤੋਖ ਤੇ ਦਇਆ (ਰੱਬੀ ਗੁਣਾਂ) ਨੂੰ ਧਰਮ ਦਾ ਵੇਸ (ਸ਼ਿੰਗਾਰ) ਬਣਾ ਕੇ ਆਪਣੇ ਪ੍ਰਭੂ ਪਤੀ ਨੂੰ ਭਾਅ ਜਾਵਾਂ। ਇਸ ਧਰਮ ਦੇ ਵੇਸ ਵਿੱਚ ਗਿਆਨ ਵੀ ਇੱਕ ਉਤਮ ਧਾਰਮਕ ਵੇਸ ਹੈ: ਗਿਆਨ ਅਪਾਰੁ ਸੀਗਾਰੁ ਹੈ ਸੋਭਾਵੰਤੀ ਨਾਰਿ ॥ ਸਾ ਸਭਰਾਈ ਸੁੰਦਰੀ ਪਿਰ ਕੈ ਹੇਤਿ ਪਿਆਰਿ ॥ (੪੨੬)। ਭਾਵ: ਜੀਵ ਇਸਤ੍ਰੀ ਲਈ ਗੁਰੂ ਦਾ ਬਖਸ਼ਿਆ ਅਮੁੱਕ ਗਿਆਨ ਵੀ ਧਰਮ ਦਾ ਸ਼ਿੰਗਾਰ (ਵੇਸ) ਹੈ ਜਿਸ ਨਾਲ ਪ੍ਰਭੂ ਪਤੀ ਨਾਲ ਪਿਆਰ ਪੈਂਦਾ ਹੈ ਤੇ ਸੋਹਣੇ ਜੀਵਨ ਵਾਲੀ ਪਟਰਾਣੀ ਬਣ ਜਾਂਦੀ ਹੈ। ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥ ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ ॥ (੭੫੯)। ਭਾਵ: ਹੇ ਭਾਈ, ਗੁਰੂ ਦੀ ਦਿੱਤੀ ਹੋਈ ਸੂਝ ਹੀ ਕੀਮਤੀ ਨਾਮ ਪਦਾਰਥ ਹੈ ਜੋ ਗੁਰੂ ਹਿਰਦੇ ਵਿੱਚ ਪੱਕਾ ਕਰਾਉਂਦਾ ਹੈ। ਜਿਸ ਮਨੁੱਖ ਦੇ ਭਾਗਾਂ ਵਿੱਚ ਇਸ ਦੀ ਪ੍ਰਾਪਤੀ ਲਿਖੀ ਹੈ (ਭਾਵ ਜੋ ਕੋਸ਼ਿਸ਼ ਕਰਦਾ ਹੈ) ਉਹ ਗੁਰੂ ਦੀ ਚਰਨੀ ਲੱਗ ਕੇ (ਭਾਵ ਉਸ ਦੀ ਸਿਖਿਆ ਤੇ ਚਲ ਕੇ) ਇਹ ਪਦਾਰਥ ਹਾਸਲ ਕਰ ਲੈਂਦਾ ਹੈ। ਸਪਸ਼ਟ ਹੈ ਕਿ ਜੋ ਕੀਮਤੀ ਆਤਮਕ ਗਿਆਨ (ਨਾਮ) ਗੁਰੂ ਹਿਰਦੇ ਵਿੱਚ ਪੱਕਾ ਕਰਦਾ ਹੈ ਉਹ ਹੀ ਅਸਲ ਧਰਮ (ਦਾ ਵੇਸ) ਹੈ ਕਿਉਂਕਿ ਇਸੇ ਨਾਲ ਹੀ ਅਗਿਆਨਤਾ ਦਾ ਵਿਨਾਸ ਹੋਣਾ ਹੈ।

ਦੂਖੁ ਅੰਧੇਰਾ ਘਰ ਤੇ ਮਿਟਿਓ ॥ ਗੁਰਿ ਗਿਆਨੁ ਦ੍ਰਿੜਾਇਓ ਦੀਪ ਬਲਿਓ ॥ (੨੪੧) ਆਤਮਕ ਗਿਆਨ ਨੂੰ ਦ੍ਰਿੜ (ਪੱਕਾ) ਕੀਤੇ ਬਿਨਾ ਧਰਮੀ ਨਹੀ ਹੋਇਆ ਜਾ ਸਕਦਾ ਤੇ ਜੀਵਨ ਬਿਰਥਾ ਹੀ ਚਲਾ ਜਾਂਦਾ ਹੈ। ਇਸ ਆਤਮਕ ਗਿਆਨ ਦਾ ਚੋਲਾ ਪਹਿਨੇ ਬਿਨਾ ਧਰਮੀ ਹੋਣਾ ਮੁਮਕਿਨ ਨਹੀ। ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ ॥ ਬਿਰਥਾ ਜਨਮੁ ਗਵਾਇਆ ॥ (੭੯੩)। ਹੇ ਪਾਗਲ ਮਨੁੱਖ, ਤੂੰ ਪਰਮਾਤਮਾ ਨਾਲ ਜਾਣ ਪਛਾਣ ਪਾਉਣ ਵਾਲੀ ਸੂਝ ਪ੍ਰਾਪਤ ਨਹੀ ਕੀਤੀ ਤੇ ਸਾਰੀ ਉਮਰ ਵਿਅਰਥ ਗਵਾ ਲਈ। ਬਾਹਰਲੇ ਅਧਰਮੀ ਚੋਲੇ ਪਾ ਕੇ ਤੇ ਅਹੰਕਾਰੀ ਹੋ ਕੇ ਹੀ ਜੀਵਨ ਗਵਾ ਲਿਆ। ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ ॥ ਸਤਿਗੁਰੁ ਸੇਵੀ ਅਵਰੁ ਨ ਦੂਜਾ ॥ (੧੦੬੯)। ਭਾਵ: ਹੇ ਭਾਈ, ਗੁਰੂ ਆਤਮਕ ਜੀਵਨ ਦੀ ਸੂਝ (ਦੇਣ ਵਾਲਾ) ਹੈ, ਗੁਰੂ (ਪਰਮਾਤਮਾ ਦੀ) ਭਗਤੀ (ਸਿਖਾਉਣ ਵਾਲਾ) ਹੈ। ਸਤਿਗੁਰ ਤੋਂ ਬਿਨਾ ਮੈ ਹੋਰ ਕਿਸੇ ਦੀ ਸ਼ਰਨ ਨਹੀ ਪੈਂਦਾ। ਜਿਸ ਗੁਰੂ ਕੋਲੋਂ ਧਰਮੀ ਵੇਸ (ਆਤਮਕ ਗਿਆਨ) ਪ੍ਰਾਪਤ ਹੋਣਾ ਸੀ ਉਸਨੂੰ ਤਾਂ ਕਦੇ ਮੱਥਾ ਟੇਕਿਆ ਹੀ ਨਹੀ (ਭਾਵ ਉਸ ਦਾ ਹੁਕਮ ਮੰਨਿਆ ਹੀ ਨਹੀ) ਤੇ ਸਾਰਾ ਜੀਵਨ ਬਾਹਰਲੇ ਭੇਖ ਕਰਦਿਆਂ ਹੀ ਗੁਜ਼ਾਰ ਦਿੱਤਾ। ਕਬੀਰ ਜੀ ਨੇ ਆਪਣਾ ਫੈਸਲਾ ਦਿੱਤਾ: ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥ {ਪੰਨਾ 1372} ਜਿੱਥੇ ਗਿਆਨ ਤੇ ਗੁਣ ਹਨ ਉਥੇ ਹੀ ਧਰਮ ਹੈ, ਜਿੱਥੇ ਝੂਠ ਤੇ ਲੋਭ ਹੈ ਉਥੇ ਪਾਪ ਤੇ ਆਤਮਕ ਮੌਤ ਹੈ। ਇਹੀ ਹੈ ਨਿਰਮਲ ਪੰਥ ਦਾ ਆਤਮਕ ਪਹਿਰਾਵਾ ਜਿਸ ਤੋਂ ਧਰਮੀ ਪੁਰਸ਼ ਦੀ ਪਹਿਚਾਨ ਕੀਤੀ ਜਾ ਸਕਦੀ ਹੈ। ਜਿਸ ਮਨੁੱਖ ਨੇ ਧੀਰਜ, ਸੰਤੋਖ, ਦਇਆ, ਮਿਠਾਸ, ਨਿਮਰਤਾ, ਖਿਮਾ, ਤੇ ਪਿਆਰ ਦਾ ਪਹਿਰਾਵਾ ਪਾਉਣ ਦੀ ਥਾਂ ਵੈਰ, ਵਿਰੋਧਤਾ, ਕੂੜ, ਕੁੜੱਤਣ, ਅਹੰਕਾਰ, ਧੋਖਾ, ਲਾਲਚ ਤੇ ਕ੍ਰੋਧ ਵਰਗੇ ਗੂਹੜੇ ਰੰਗਾਂ ਦੇ ਵਿਕਾਰੀ ਚੋਲੇ ਪਹਿਨੇ ਹੋਣ ਤਾਂ ਉਹ ਧਰਮੀ ਕਿਵੇਂ ਹੋ ਸਕਦਾ ਹੈ? ਗੁਰੂ ਦੀ ਸਿਖਿਆ ਨੂੰ ਵਿਸਾਰ ਕੇ ਸਦਾ ਭਰਮਾਂ ਭੁਲੇਖਿਆਂ ਦੀ ਉਲਝਣਾ ਰਹੇਗੀ ਭਾਵੇ ਜਿਨੇ ਮਰਜ਼ੀ ਯਤਨ ਕੀਤੇ ਜਾਣ। ਇਕੋ ਵਾਰੀ ਗੁਰੂ ਨੂੰ ਮੱਥਾ ਟੇਕਣ ਨਾਲ (ਉਸ ਦੇ ਉਪਦੇਸ਼ਾਂ ਤੇ ਚੱਲਣ ਨਾਲ) ਦਰ ਦਰ ਤੇ ਮੱਥਾ ਟੇਕਣ ਦੀ ਮੁਸੀਬਤ ਦੂਰ ਹੋ ਜਾਵੇਗੀ, ਇਕੋ ਵਾਰੀ ਰੱਬੀ ਗਿਆਨ ਤੇ ਗੁਣਾਂ ਦਾ ਵੇਸ ਪਾ ਕੇ ਬਾਹਰਲੇ ਭੇਖਾਂ, ਰੀਤਾਂ, ਰਸਮਾਂ ਤੇ ਕਰਮ ਕਾਂਡਾਂ ਤੋਂ ਛੁਟਕਾਰਾ ਹੋ ਜਾਵੇਗਾ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.