.

ਸਿਧ ਗੋਸਟਿ (ਕਿਸ਼ਤ ਨੰ: 10)

ਨਾਨਕ ਪਾਤਸਾਹ ਜੀ ਦਾ ਜਵਾਬ: -

ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੇ ਸਮਾਈ।।

ਏਸੁ ਸਬਦ ਕਉ ਜੋ ਅਰਥਾਵੈ ਤਿਸੁ ਗੁਰ ਤਿਲੁ ਨ ਤਮਾਈ।।

ਕਿਉ ਤਤੈ ਅਵਿਗਤੈ ਪਾਵੈ ਗੁਰਮੁਖਿ ਲਗੈ ਪਿਆਰੋ।।

ਆਪੇ ਸੁਰਤਾ ਆਪੇ ਕਰਤਾ ਕਹੁ ਨਾਨਕ ਬੀਚਾਰੋ।।

ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੇ ਸਮਾਈ।।

ਪੂਰੇ ਗੁਰ ਤੇ ਸਾਚੁ ਕਮਾਵੈ ਗਤਿ ਮਿਤਿ ਸਬਦੇ ਪਾਈ।। ੨੨।।

ਪਦ ਅਰਥ: - ਕਹਾ – ਕਿਵੇਂ। ਕਹਾਂ ਤੇ ਆਵੈ ‘ਕੁਜਾ ਆਮਦ` – ਕਿਵੇਂ ਇਸ ਗੱਲ ਦੀ ਸਮਝ ਪਏ। ਕਹਾ ਇਹੁ ਜਾਵੈ ‘ਕੁਜਾ ਰਫਤੀ` – ਕਿਵੇਂ ਇਸ ਗੱਲ ਨੂੰ ਜਾਣਿਆ ਜਾਏ। ਕਹਾ ਇਹ ਰਹੇ ਸਮਾਈ – ‘ਕੁਜਾ ਮੇ ਰਵੀ` ਕਿਵੇਂ ਇਹ ਜਾਣਿਆ ਜਾਏ ਕਿ ਉਹ ਘਟਿ ਘਟਿ ਵਿੱਚ ਸਮਾ ਰਿਹਾ ਹੈ [ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ॥ ਪੰਨਾ ੭੨੭ ]। ਏਸੁ ਸਬਦ ਕਉ ਜੋ ਅਰਥਾਵੈ – ਉਸ ਦੀ ਬਖ਼ਸ਼ਿਸ਼ ਦੀ ਜੇ ਕੋਈ ਮਿਸਾਲ ਮੰਗੇ। ਅਰਥਾਵੈ – ਮਿਸਾਲ, ਤੁੱਲਣਾ, ਉਦਾਹਰਣ, ਖ਼ੁਲਾਸਾ। ਤਿਸੁ – ਉਸ। ਤਿਲੁ – ਤਿਲਾਂ ਦਾ ਦਾਣਾ, ਛੋਟੀ ਮਿਸਾਲ ਦੇਣ ਲਈ ਇਕਾਈ, [੭੯੨, ਨਾਨਕ ਵੇਪਰਵਾਹੁ ਹੈ ਤਿਸੁ ਤਿਲੁ ਨ ਤਮਾਈ।। , ੯੧੨, ਆਪੇ ਮਾਰਿ ਜੀਵਾਲੇ ਆਪੇ ਤਿਸ ਨੋ ਤਿਲੁ ਨ ਤਮਾਈ ॥ ੧੦੨੧, ਸਬਦੁ ਬੁਝਾਏ ਸਤਿਗੁਰੁ ਪੂਰਾ ॥ ਸਰਬ ਕਲਾ ਸਾਚੇ ਭਰਪੂਰਾ ॥ ਅਫਰਿਓ ਵੇਪਰਵਾਹੁ ਸਦਾ ਤੂ ਨਾ ਤਿਸੁ ਤਿਲੁ ਨ ਤਮਾਈ ਹੇ ॥]ਤਿਸੁ ਗੁਰ – ਉਸ ਦੀ ਬਖ਼ਸ਼ਿਸ਼। ਗੁਰ – ਬਖ਼ਸ਼ਿਸ਼। ਨ ਤਮਾਈ – ਨਹੀਂ ਕੀਤੀ ਜਾ ਸਕਦੀ। ਤਿਸੁ ਗੁਰ ਤਿਲੁ ਨ ਤਮਾਈ – ਉਸ ਕਰਤੇ ਦੀ ਬਖਸ਼ਿਸ਼ ਲੈਣ ਭਾਵ ਸੱਚ ਨੂੰ ਜਾਨਣ ਵਿੱਚ ਰੱਤੀ ਭਰ ਵੀ ਰੁਚੀ ਨਹੀਂ, ਭਾਵ ਜਿਸ ਦੀ ਰੁਚੀ ਹੀ ਨਹੀ ਉਹ ਇਹ ਸੱਚ ਜਾਣ ਹੀ ਨਹੀਂ ਸਕਦਾ। ਕਿਉ ਤਤੈ ਅਵਿਗਤੇ ਪਾਵੈ - ਜਿਸ ਨੂੰ ਰੱਤੀ ਭਰ ਵੀ ਉਸ ਵਿੱਚ ਰੁਚੀ ਨਹੀਂ, ਉਹ ਕਿਵੇਂ ਇਸ ਅਸਲੀਅਤ ਤੱਕ ਪਹੁੰਚ ਸਕਦਾ ਹੈ। ਸੁਰਤਾ – ਉੱਤਮ, ਸ੍ਰੇਸਟ, ਗਿਆਨਵਾਨ। ਆਪੇ ਸੁਰਤਾ ਆਪੇ ਕਰਤਾ – ਜੋ ਆਪਣੇ ਆਪ ਨੂੰ ਗਿਆਨੀ ਅਤੇ ਆਪਣੇ ਆਪ ਨੂੰ ਹੀ ਕਰਤਾ ਸਮਝਦਾ ਹੈ। ਕਹੁ ਨਾਨਕ ਬੀਚਾਰੋ – ਨਾਨਕ ਆਖਦਾ ਹੈ ਉਸ ਨੂੰ ਆਪ ਹੀ ਵੀਚਾਰਨਾ ਚਾਹੀਦਾ ਹੈ। ਹੁਕਮੇ ਆਵੈ ਹੁਕਮੇ ਜਾਵੈ – ਜਿਸ ਦੇ ਹੁਕਮ ਵਿੱਚ ਆਪਣੇ ਆਪ ਨੂੰ ਕਰਤਾ ਅਤੇ ਸੁਰਤਾ ਅਖਵਾਉਣ ਵਾਲੇ ਦਾ ਅਤੇ ਹਰੇਕ ਦਾ ਆਉਣ ਅਤੇ ਜਾਣ ਹੈ। ਹੁਕਮੇ ਰਹੇ ਸਮਾਈ – ਉਹ ਜਿਸ ਦੇ ਹੁਕਮ ਵਿੱਚ ਮਨੁੱਖ ਦਾ ਆਉਣ ਜਾਣ ਹੈ, ਉਹ ਹੀ ਸਰਬ-ਵਿਆਪਕ ਹੈ, ਉਸ ਦਾ ਹੀ ਘਟਿ ਘਟਿ ਵਿੱਚ ਵਾਸਾ ਹੈ। ਪੂਰੇ ਗੁਰ ਤੇ ਸਾਚੁ ਕਮਾਵੈ – ਉਸ ਪੂਰੇ, ਸਮਰੱਥ ਗੁਰ ਦੀ ਬਖ਼ਸ਼ਿਸ਼ ਨਾਲ ਸੱਚ ਦੀ ਆਪਣੇ ਜੀਵਣ ਵਿੱਚ ਕਮਾਈ (practice) ਕਰੇ। ਗਤਿ – ਪ੍ਰਾਪਤੀ, ਭਾਵ ਜਾਣ ਲੈਣਾ, ਇਲਮ, । ਮਿਤਿ – ਗਿਆਨ। ਗਤਿ ਮਿਤਿ ਸਬਦੇ ਪਾਈ – ਆਪਣੇ ਜੀਵਣ ਵਿੱਚ ਸੱਚੇ ਦੇ ਸੱਚ ਦੀ ਕਮਾਈ ਕਰਨ ਵਾਲਾ ਹੀ ਉਸ ਦੀ ਬਖ਼ਸ਼ਿਸ਼ ਆਤਮਿਕ ਗਿਆਨ ਦੁਆਰਾ ਇਸ ਸੱਚ ਨੂੰ ਜਾਣ ਸਕਦਾ ਹੈ।

ਅਰਥ: - ਹੇ ਭਾਈ ਜੇਕਰ ਇਹ ਪੁੱਛਦੇ ਹੋ ਕਿ ਕਿਵੇਂ ਇਸ ਗੱਲ ਦੀ ਸਮਝ ਪਏ, ਕਿਵੇਂ ਇਹ ਸੱਚ ਜਾਣਿਆ ਜਾਏ ਕਿ ਉਹ ਘਟਿ ਘਟਿ ਵਿੱਚ ਸਮਾ ਰਿਹਾ ਹੈ। ਪਹਿਲੀ ਗੱਲ ਉਸ ਕਰਤੇ ਅਤੇ ਉਸ ਦੀ ਬਖ਼ਸ਼ਿਸ਼ ਦੇ ਬਰਾਬਰ ਹੋਰ ਕੋਈ ਨਿਕੀ ਜਿਨੀ ਵੀ ਉਦਾਹਰਣ ਨਹੀਂ ਹੈ, ਜਿਸ ਨਾਲ ਉਸ ਦੀ ਤੁਲਣਾ ਕੀਤੀ ਜਾ ਸਕੇ। ਨਾਨਕ ਆਖਦਾ ਹੈ ਜੋ ਮਨੁੱਖ ਆਪਣੇ ਆਪ ਨੂੰ ਸ੍ਰੇਸ਼ਟ ਅਤੇ ਆਪਣੇ ਆਪ ਨੂੰ ਹੀ ਕਰਤਾ ਸਮਝਦਾ ਹੈ, ਉਹ ਇਸ ਗੱਲ ਉੱਪਰ ਆਪ ਵੀਚਾਰ ਕਰੇ ਕਿ ਜਿਸਦੇ ਹੁਕਮ ਵਿੱਚ ਮਨੁੱਖ ਦਾ ਆਉਣਾ ਅਤੇ ਜਾਣਾ ਸੰਸਾਰ ਵਿੱਚ ਬਣਿਆ ਹੈ, ਉਸ ਕਰਤੇ ਦਾ ਹੀ ਹੁਕਮ ਸੰਸਾਰ ਵਿੱਚ ਵਰਤ ਰਿਹਾ ਹੈ। ਜੋ ਮਨੁੱਖ ਆਪਣੇ ਆਪ ਨੂੰ ਸ੍ਰੇਸ਼ਟ ਅਤੇ ਕਰਤਾ ਜਾਣੇ, ਉਹ ਕਿਵੇਂ ਅਦ੍ਰਿਸ਼ਟ ਪ੍ਰਭੂ ਦੀ ਅਸਲੀਅਤ ਨੂੰ ਜਾਣ ਸਕਦਾ ਹੈ। ਆਪਣੇ ਆਪ ਨੂੰ ਕਰਤਾ ਜਾਨਣ ਵਾਲਾ ਮਨੁੱਖ ਉਸ ਕਰਤੇ ਦੇ ਪਿਆਰ ਵਿੱਚ ਜੁੜ ਹੀ ਨਹੀਂ ਸਕਦਾ। ਜੋ ਉਸ ਪੂਰੇ ਸਮਰੱਥ ਦੀ ਗੁਰ-ਬਖਸ਼ਿਸ਼ ਨਾਲ ਸੱਚ ਦੀ ਆਪਣੇ ਜੀਵਣ ਵਿੱਚ ਕਮਾਈ (practice) ਕਰੇ ਤਾਂ ਉਹ ਇਸ ਅਸਲੀਅਤ ਨੂੰ ਜਾਣ ਸਕਦਾ ਹੈ, ਕਿ ਕਿਵੇਂ ਉਹ ਸੱਚਾ ਅਕਾਲ ਪੁਰਖ ਹੀ ਸ੍ਰਿਸ਼ਟੀ ਦਾ ਰਚਣਹਾਰਾ ਹੈ।

ਨੋਟ: - ਜਿਨ੍ਹਾਂ ਜੋਗੀਆਂ ਦੀ ਮੰਡਲੀ ਨਾਲ ਗੋਸਟਿ ਹੋਈ ਹੈ ਉਹ ਆਪਣੇ ਆਪ ਨੂੰ ਸਿੱਧ ਭਾਵ ਸ੍ਰੇਸ਼ਟ ਸਮਝਦੇ ਸਨ। ਇਸ ਪਉੜੀ ਅੰਦਰ ਇਹ ਗੱਲ ਵੀ ਸੁਤੇ-ਸਿੱਧ ਹੀ ਸਪਸ਼ਟ ਹੋ ਗਈ ਹੈ ਕਿ ਇਸ ਮੰਡਲੀ ਦਾ ਮੁੱਖੀ ਆਪਣੇ ਆਪ ਨੂੰ ਸ੍ਰੇਸ਼ਟ ਅਤੇ ਕਰਤਾ ਸਮਝਦਾ ਸੀ। ਜਿਸ ਨੂੰ ਨਾਨਕ ਜੀ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਹੈ ਕਿ ਮਨੁੱਖ ਆਪਣੇ ਆਪ ਨੂੰ ਸ੍ਰੇਸਟ ਅਤੇ ਕਰਤਾ ਅਖਵਾਉਣ ਵਾਲੇ ਦਾ ਜੰਮਣ ਮਰਨ ਜਿਸਦੇ ਹੱਥ ਵਿੱਚ ਹੈ ਦਰਅਸਲ ਉਹ ਹੀ ਕਰਤਾ ਹੈ। (ਸੁਰਤ ਦੇ ਅਰਥ ਹਨ ਉੱਤਮ, ਸ੍ਰੇਸ਼ਟ) ਦੇਖੋ ਸੁਰਤ, ਸੁਰਤਾ ਮ: ਕੋਸ਼।

ਅਉਧੂ ਦਾ ਸਵਾਲ: -

ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ।।

ਅਕਲਪਤ ਮੁਦ੍ਰਾ ਗੁਰ ਗਿਆਨੁ ਬੀਚਾਰੀਅਲੇ ਘਟਿ ਘਟਿ ਸਾਚਾ ਸਰਬ ਜੀਆ।।

ਗੁਰ ਬਚਨੀ ਅਵਿਗਤਿ ਸਮਾਈਐ ਤਤੁ ਨਿਰੰਜਨੁ ਸਹਜਿ ਲਹੈ।।

ਨਾਨਕ ਦੂਜੀ ਕਾਰ ਨ ਕਰਣੀ ਸੇਵੈ ਸਿਖੁ ਸੁ ਖੋਜਿ ਲਹੈ।।

ਹੁਕਮੁ ਬਿਸਮਾਦੁ ਹੁਕਮਿ ਪਛਾਣੈ ਜੀਅ ਜੁਗਤਿ ਸਚੁ ਜਾਣੈ ਸੋਈ।।

ਆਪੁ ਮੇਟਿ ਨਿਰਾਲਮੁ ਹੋਵੇ ਅੰਤਰਿ ਸਾਚੁ ਜੋਗੀ ਕਹੀਐ ਸੋਈ।। ੨੩।।

ਪਦ ਅਰਥ: - ਆਦਿ ਕਉ ਬਿਸਮਾਦੁ ਬੀਚਾਰੁ – ਸ਼ੁਰੂ ਤੋ ਜੋ ਤੂੰ ਅਸਚਰਜ ਨਿਰਗੁਣ ਸੁਧ ਬ੍ਰਹਮ ਕਰਤਾ। ਨਿਰੰਤਰਿ – ਇਕਸਾਰ। ਸੁੰਨ ਜਾਣਕੇ। ਸੁੰਨ ਦੇ ਅਰਥ ਸਾਂਤ ਅਵਸਥਾ ਵੀ ਹਨ, ਪਰ ਸ਼ਾਤ ਅਵਸਥਾ ਜਾਨਣ ਤੋਂ ਬਾਅਦ ਹੀ ਹੁੰਦੀ ਹੈ। ਨਿਰੰਤਰਿ – ਚੰਗੀ ਤਰ੍ਹਾਂ, ਦ੍ਰਿੜਤਾ ਨਾਲ ਇਕਸਾਰ ਜਾਣ ਲੈਣਾ, ਲਗਾਤਾਰ। ਵਾਸੁ ਲੀਆ – ਵਸਾ ਲਿਆ ਹੈ। ਅਕਲਪਤ ਮੁਦ੍ਰਾ – ਅਸਲੀ ਮੁੰਦ੍ਰਾਂ। ਗੁਰ ਗਿਆਨ ਬੀਚਾਰੀਅਲੇ – ਅਸੀਂ ਵੀ ਗਿਆਨ ਵਾਲੀਆਂ ਮੁੰਦ੍ਰਾਂ ਬਾਰੇ ਵੀਚਾਰ ਲੈਂਦੇ ਹਾਂ। ਬੀਚਾਰੀਅਲੇ – ਅਸੀਂਵੀ ਵੀਚਾਰ ਕਰ ਲੈਂਦੇ ਹਾਂ। ਘਟਿ ਘਟਿ ਸਾਚਾ ਸਰਬ ਜੀਆ – ਕਿ ਸਰਬ ਜੀਆਂ ਨੂੰ ਜੀਵਣ ਦੇਣ ਵਾਲਾ ਹੀ ਰਮਿਆ ਹੋਇਆ ਹੈ, ਸਰਵ-ਵਿਆਪਕ ਹੈ। ਗੁਰ ਬਚਨੀ ਅਵਿਗਤਿ – ਅਦ੍ਰਿਸ਼ਟ ਪ੍ਰਭੂ ਨੂੰ ਜਾਨਣ ਲਈ ਗੁਰੂ ਬਚਨਾਂ, ਗਿਆਨ ਦੀ ਸਿੱਖਿਆ, ਦੀ ਤੇ ਫਿਰ ਵੀ ਲੋੜ ਹੈ। ਤਤੁ ਨਿਰੰਜਨੁ ਸਹਿਜ ਲਹੈ – ਤਾਂ ਹੀ ਸੁਧ-ਸਰੂਪ ਅਡੋਲ ਦੀ ਅਸਲੀਅਤ ਨੂੰ ਜਾਣਿਆ ਜਾ ਸਕਦਾ ਹੈ। ਨਾਨਕ ਦੂਜੀ ਕਾਰ ਨ ਕਰਣੀ – ਇਸ ਕਰਕੇ ਨਾਨਕ ਜੋ ਤੇਰਾ ਇਹ ਕਥਨ ਹੈ ਕਿ ਇੱਕ ਕਰਤੇ ਤੋਂ ਸਿਵਾਏ ਹੋਰ ਕਾਰ (ਕਿਰਤ) ਨੂੰ ਮੰਨੇ ਹੀ ਨਾ। ਸੇਵੈ ਸਿਖੁ ਸੁ ਖੋਜਿ ਲਹੈ – ਉਸ ਸਿਖਿਆ ਨੂੰ ਮੁੜ ਵੀਚਾਰ ਲੈ। ਖੋਜਿ ਲਹੈ – ਮੁੜਿ ਵੀਚਾਰ ਕਰ। ਹੁਕਮੁ ਬਿਸਮਾਦੁ – ਅਸਚਰਜ ਬਖ਼ਸ਼ਿਸ਼। ਹੁਕਮਿ ਪਛਾਣੈ – ਬਖ਼ਸ਼ਿਸ਼ ਨਾਲ ਹੀ ਜਾਣਿਆ ਜਾ ਸਕਦਾ ਹੈ। ਜੀਅ ਜੁਗਤਿ ਸਚੁ ਜਾਣੈ ਸੋਈ – ਹੋਰ ਜੀਵ ਵੀ ਇਸ ਅਸਚਰਜ ਜੁਗਤਿ ਨੂੰ ਜਾਣ ਸਕਣ। ਆਪੁ ਮੇਟਿ ਨਿਰਾਲਮੁ – ਇਸ ਕਰਕੇ ਆਪਾ ਖ਼ਤਮ ਕਰਕੇ ਆਪਣੇ ਆਪ ਨੂੰ ਜੋਗਿ ਮਤ ਵਿੱਚ ਤਬਦੀਲ ਕਰ ਲੈ। ਨਿਰਾਲਮੁ ਹੋਵੇ – ਆਪਣੇ ਆਪ ਨੂੰ ਤਬਦੀਲ ਕਰ ਲੈ। ਅੰਤਰਿ – ਅਖ਼ੀਰ। ਅੰਤਰਿ ਸਾਚੁ ਕਹੀਐ ਸੋਈ – ਅਖੀਰ ਵਿੱਚ ਤੈਨੂੰ ਇਹ ਆਖਣਾ ਹੀ ਪਵੇਗਾ ਕਿ ਜੋਗੀ ਤੂੰ ਸੱਚ ਆਖਿਆ ਹੈ।

ਅਰਥ: - ਜੋ ਸ਼ੁਰੂ ਤੋ ਅਸਚਰਜ ਨਿਰਗੁਣ ਸ਼ੁੱਧ-ਸਰੂਪ ਬ੍ਰਹਮ ਦੀ ਵੀਚਾਰ, ਜਿਸ ਨੂੰ ਤੂੰ ਆਪਣੇ ਹਿਰਦੇ ਵਿੱਚ ਦ੍ਰਿੜਤਾ ਨਾਲ ਇਕਸਾਰ ਜਾਣ ਕੇ ਵਸਾ ਲਿਆ ਹੈ, ਅਸੀਂ ਵੀ ਉਸੇ ਦੀਆਂ ਅਸਲ ਗਿਆਨ ਦੀਆਂ ਬਖਸ਼ਿਸ਼ ਰੂਪ ਮੁੰਦ੍ਰਾਂ ਵਾਲੀ ਗੱਲ ਨੂੰ ਵੀ ਵੀਚਾਰ ਲੈਦੇ ਹਾਂ, ਅਤੇ ਇਹ ਵੀ ਮੰਨ ਲੈਦੇ ਹਾਂ ਸਾਰੇ ਜੀਵਾਂ ਨੂੰ ਜੀਵਣ ਦੇਣ ਵਾਲਾ ਸੱਚਾ ਪ੍ਰਭੂ ਘਟਿ ਘਟਿ ਵਿੱਚ ਵੱਸ ਰਿਹਾ ਹੈ। ਫਿਰ ਵੀ ਅਦ੍ਰਿਸ਼ਟ ਰਮੇ ਹੋਏ ਪ੍ਰਭੂ ਦੀ ਅਸਲੀਅਤ ਨੂੰ ਬਖ਼ਸ਼ਿਸ਼ ਰੂਪ ਵਿੱਚ ਪ੍ਰਾਪਤ ਕਰਨ ਲਈ ਗੁਰੂ ਦੇ ਬਚਨਾਂ (ਗਿਆਨ ਦੀ ਸਿਖਿਆ) ਦੀ ਤੇ ਫਿਰ ਵੀ ਲੋੜ ਪਵੇਗੀ। ਭਾਵ ਗੁਰੂ ਤੇ ਫਿਰ ਵੀ ਕਿਸੇ ਵਿਅਕਤੀ ਨੂੰ ਮੰਨਣਾ ਹੀ ਪਵੇਗਾ। ਪਰ ਹੇ ਨਾਨਕ! ਜੋ ਤੇਰਾ ਇਹ ਵਿਚਾਰ ਹੈ ਕਿ ਇੱਕ ਕਰਤੇ ਤੋਂ ਸਿਵਾਏ ਹੋਰ ਕੋਈ ਕਾਰ (ਕਿਰਤ, ਸਰੀਰ) ਨੂੰ ਗੁਰੂ ਮੰਨੇ ਹੀ ਨਾਂ, ਉਸ ਗੱਲ ਤੇ ਜ਼ਰਾ ਹੋਰ ਵਿਚਾਰ ਕਰ ਲੈ। ਸ਼ੁੱਧ-ਸਰੂਪ ਅਸਚਰਜ ਬਖ਼ਸ਼ਿਸ਼ ਨੂੰ ਗੁਰੂ ਦੀ ਬਖ਼ਸ਼ਿਸ਼ ਨਾਲ ਹੀ ਪਛਾਣਕੇ ਇਸ ਸੱਚ-ਸਰੂਪ, ਇਸ ਅਸਚਰਜ ਜੁਗਤਿ ਨੂੰ ਹੋਰ ਜੀਵ ਤਾਂ ਹੀ ਜਾਣ ਸਕਦੇ ਹਨ। ਇਸ ਲਈ ਆਪਾ ਖ਼ਤਮ ਕਰਕੇ ਜੋਗ ਮਤ ਦਾ ਧਾਰਨੀ ਹੋ ਜਾ। ਅਖ਼ੀਰ ਨੂੰ ਤੈਨੂੰ ਇਹ ਮੰਨਣਾ ਹੀ ਪਵੇਗਾ ਕਿ ਜੋਗੀ ਤੂੰ ਸੱਚ ਆਖਿਆ ਹੈ। ਭਾਵ, ਸਿੱਧ ਨੇ ਅਸਿੱਧੇ ਢੰਗ ਨਾਲ ਤੀਰ ਦਾਗਿਆ ਹੈ ਕਿ ਨਾਨਕ ਤੂੰ ਜੋਗ ਮਤ ਦੀ ਗੁਰੂ-ਵਿਧੀ ਨੂੰ ਸਵੀਕਾਰ ਕਰ ਲੈ, ਕਿਓਂਕਿ ਅਖੀਰ ਤੈਨੂੰ ਵੀ ਇਹ ਕਹਿਣਾ ਹੀ ਪਵੇਗਾ ਕਿ ਜੋਗੀ ਤੂੰ ਸੱਚ ਕਹਿ ਰਿਹਾ ਹੈਂ।

ਇਥੇ ਜੋਗੀ ਨੇ ਬਹੁਤ ਹੀ ਡੂੰਘਾ ਸਵਾਲ ਕੀਤਾ ਹੈ, ਕਿ ਜਾਂ ਨਾਨਕ ਆਪਣੇ ਆਪ ਨੂੰ ਗੁਰੂ ਮਨਾਉਣ ਲਈ ਕਹੇਗਾ, ਅਤੇ ਜਾਂ ਸਿੱਧਾਂ ਦੇ ਮੁਖੀ ਨੂੰ ਗੁਰੂ ਮੰਨ ਲੈਣ ਲਈ ਰਜ਼ਾਮੰਦ ਹੋ ਜਾਵੇਗਾ। ਅੱਗੇ ਦੇਖੋ ਨਾਨਕ ਜੀ ਦਾ ਜਵਾਬ।

ਨਾਨਕ ਪਾਤਸਾਹ ਜੀ ਦਾ ਜਵਾਬ: -

ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ ਥੀਆ।।

ਸਤਿਗੁਰ ਪਰਚੈ ਪਰਮ ਪਦੁ ਪਾਈਐ ਸਾਚੈ ਸਬਦਿ ਸਮਾਇ ਲੀਆ।।

ਏਕੇ ਕਉ ਸਚੁ ਏਕਾ ਜਾਣੈ ਹਉਮੈ ਦੂਜਾ ਦੂਰਿ ਕੀਆ।।

ਸੋ ਜੋਗੀ ਗੁਰ ਸਬਦੁ ਪਛਾਣੈ ਅੰਤਰਿ ਕਮਲੁ ਪ੍ਰਗਾਸੁ ਥੀਆ।।

ਜੀਵਤੁ ਮਰੈ ਤਾ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ।।

ਨਾਨਕ ਤਾ ਕਉ ਮਿਲੈ ਵਡਾਈ ਆਪੁ ਪਛਾਣੈ ਸਰਬ ਜੀਆ।। ੨੪।।

ਪਦ ਅਰਥ: - ਅਵਿਗਤੋ – ਅਦ੍ਰਿਸ਼ਟ ਪ੍ਰਭੂ, ਜੋ ਜਨਮ ਵਿੱਚ ਨਹੀਂ, । ਨਿਰਮਾਇਲੁ - ਬਦਲਣ ਲਈ। ਨਿਰਮਾਇਲ ਉਪਜੇ – ਬਦਲਣ ਲਈ ਪੈਦਾਇਸ਼ ਨਹੀਂ ਹੋਈ। ਉਪਜੇ – ਪੈਦਾ ਹੋਣਾ। ਨਿਰਗੁਣ – ਸ੍ਰੇਸ਼ਟ ਪ੍ਰਭੂ। ਸਰਗੁਣੁ – ਸਰਵ ਸ੍ਰੇਸਟ। ਥੀਆ - ਹੋਇਆ। ਸਤਿਗੁਰ – ਸਦੀਵੀ ਕਰਤਾ। ਪਰਚੈ – ਬਖ਼ਸ਼ਿਸ਼ ਨਾਲ। ਪਰਮ ਪਦੁ ਪਾਈਐ – ਸ੍ਰੇਸਟ ਬਖਸ਼ਿਸ਼ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਸਭ ਤੋਂ ਉੱਚੀ ਅਵਸਥਾ ਨੂੰ, ਸਭ ਤੋਂ ਉੱਚੇ ਨੂੰ। ਸਮਾਇ – ਮਯਾ, ਕ੍ਰਿਪਾ ਸਹਿਤ। ਸਮਾਇ ਲੀਆ – ਕ੍ਰਿਪਾ ਨਾਲ ਹੀ ਲਿਆ ਜਾਣਿਆ ਜਾ ਸਕਦਾ ਹੈ, ਲੀਣ ਕਰ ਲਿਆ। ਸਾਚੈ ਸਬਦਿ – ਸੱਚੀ, ਉੱਤਮ, ਬਖ਼ਸ਼ਿਸ਼। ਸਤਿਗੁਰ ਦੀ ਬਖ਼ਸ਼ਿਸ਼ ਨਾਲ ਹੀ, ਪਰਮ ਸ੍ਰੇਸਟ ਨੂੰ ਉਸ ਦੀ ਕ੍ਰਿਪਾ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਏਕੇ ਕਉ ਸਚੁ ਏਕਾ ਜਾਣੈ ਹਉਮੈ ਦੂਜਾ ਦੂਰਿ ਕੀਆ – ਨਾਨਕ ਤਾਂ ਇਕੁ ਏਕੇ ਨੂੰ ਹੀ ਸੱਚਾ ਜਾਣਦਾ ਹੈ, ਹੋਰ ਕਿਸੇ ਮਨੁੱਖ (ਜੋ ਆਪਣੇ ਆਪ ਨੂੰ ਕਰਤਾ ਸਮਝਦਾ ਹੈ) ਦੀ ਹਉਮੈ ਤੋਂ ਆਪਣੇ ਆਪ ਨੂੰ ਦੂਰ ਰਖਿਆ ਹੋਇਆ ਹੈ। ਸੋ ਜੋਗੀ ਗੁਰ ਸ਼ਬਦੁ ਪਛਾਣੈ – ਜੋਗੀ ਵੀ ਦਰਅਸਲ ਉਹੀ ਹੈ ਜੋ ਇੱਕ ਕਰਤੇ ਦੀ ਬਖ਼ਸ਼ਿਸ਼ ਨੂੰ ਹੀ ਗੁਰੂ ਕਰਕੇ ਜਾਣੈ। ਅੰਤਰਿ ਕਮਲੁ ਪ੍ਰਗਾਸ ਕੀਆ – ਉਸਦੇ ਹੀ ਅੰਦਰ ਕਮਲ ਵਰਗਾ ਪਕਾਸ਼ੁ, ਭਾਵ ਨਿਰਲੇਪ ਪ੍ਰਕਾਸ਼ ਹੋਇਆ। ਕਮਲ ਨਿਰਲੇਪਤਾ ਦਾ ਪ੍ਰਤੀਕ ਹੈ। ਜੀਵਤੁ ਮਰੈ ਤਾਂ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ – ਜੀਵਨ ਵਿੱਚ ਆਪਣੀ ਹਉਮੈ ਨੂੰ ਖ਼ਤਮ ਕਰਕੇ ਰੱਖੇ ਤਾਂ ਸਮੂਹ ਜੀਵਾਂ ਤੇ ਉਸ ਕਰਤੇ ਦੀ ਬਖ਼ਸ਼ਿਸ਼ ਦੀ ਸਮਝ ਪੈਂਦੀ ਹੈ। ਨਾਨਕ ਤਾ ਕਉ ਮਿਲੈ ਵਡਾਈ ਆਪੁ ਪਛਾਣੈ ਸਰਬ ਜੀਆ – ਨਾਨਕ ਤਾਂ ਆਖਦਾ ਹੈ ਕਿ ਬਖਸ਼ਿਸ਼ ਉਸ ਨੂੰ ਹੀ ਪ੍ਰਾਪਤ ਹੁੰਦੀ ਹੈ ਜੋ ਇਹ ਗੱਲ ਸਮਝ ਲਵੇ ਕਿ ਜੋ ਜੋਤ ਮੇਰੇ ਵਿੱਚ ਵਰਤ ਰਹੀ ਹੈ ਉਸ ਦਾ ਹੀ ਪ੍ਰਕਾਸ਼ ਸਾਰੇ ਜੀਵਾਂ ਅਤੇ ਬ੍ਰਹਮੰਡ ਵਿੱਚ ਹੈ।

ਅਰਥ: - ਹੇ ਜੋਗੀ ਜੋ ਤੂੰ ਇਹ ਗੱਲ ਕਹੀ ਹੈ ਕਿ ਨਾਨਕ ਅਖੀਰ ਨੂੰ ਇਹ ਮੰਨਣਾ ਹੀ ਪਵੇਗਾ ਕਿ ਜੋਗੀ ਨੇ ਸੱਚ ਹੀ ਆਖਿਆ ਹੈ, ਜੋਗ ਮਤ ਹੀ ਉੱਤਮ ਹੈ, ਇਸ ਲਈ ਆਪਣੀ ਮੱਤ ਨੂੰ ਤਬਦੀਲ ਕਰਕੇ ਜੋਗ ਮਤ ਧਾਰਣ ਕਰ ਲੈ। ਹੇ ਜੋਗੀ, ਉਹ ਅਦ੍ਰਿਸ਼ਟ ਪ੍ਰਭੂ ਜੋ ਜਨਮ ਵਿੱਚ ਨਹੀਂ ਆਉਂਦਾ, ਜਿਸ ਦੀ ਬਖ਼ਸ਼ਿਸ਼ ਨਾਲ ਹੀ ਮੇਰੇ ਜੀਵਣ ਵਿੱਚ ਇਸ ਬਦਲਾਅ ਦੀ ਉਪਜ ਹੋਈ ਹੈ, ਉਸਦੀ ਬਖ਼ਸ਼ਿਸ਼ ਨਾਲ ਹੀ ਪਰਮ-ਪਦੁ ਭਾਵ ਉਸ ਉੱਚੇ ਨੂੰ ਜਾਣਿਆ ਜਾ ਸਕਦਾ ਹੈ ਅਤੇ ਸੱਚੇ ਦੀ ਸੱਚੀ ਬਖ਼ਸ਼ਿਸ਼ ਨਾਲ ਮੈਂ ਆਪਣੇ ਆਪ ਨੂੰ ਉਸ ਵਿੱਚ ਲੀਨ ਕਰ ਲਿਆ ਹੈ। ਉਸ ਰੰਮੇ ਹੋੇਏ ਸਰਵ ਸ੍ਰੇਸ਼ਟ ਸਤਿਗੁਰ ਦੀ ਬਖ਼ਸ਼ਿਸ਼ ਦੀ ਉਪਜ ਹੀ ਮੇਰੇ ਲਈ ਸੱਭ ਤੋ ਵੱਡੀ ਤਬਦੀਲੀ ਹੈ। ਇਸ ਕਰਕੇ ਨਾਨਕ ਤਾਂ ਇੱਕ ਸਰਬ ਵਿਆਪਕ ਨੂੰ ਹੀ ਸੱਚਾ ਜਾਣਦਾ ਹੈ, ਹੋਰ ਕਿਸੇ ਮਨੁੱਖ (ਜੋ ਆਪਣੇ ਆਪ ਨੂੰ ਕਰਤਾ ਸਮਝਦਾ ਹੈ) ਦੀ ਹਉਮੈ ਤੋ ਨਾਨਕ ਨੇ ਆਪਣੇ ਆਪ ਨੂੰ ਦੂਰ ਰੱਖਿਆ ਹੋਇਆ ਹੈ। ਜੋਗੀ ਵੀ ਦਰਅਸਲ ਉਹੀ ਹੈ ਜੋ ਉਸ ਸਰਵ-ਸ੍ਰੇਸ਼ਟ ਅਦ੍ਰਿਸ਼ਟ (ਅਵਿਆਕਤ) ਦੀ ਬਖ਼ਸ਼ਿਸ਼ ਨੂੰ ਹੀ ਗੁਰੂ ਕਰਕੇ ਜਾਣੇ। ਜਿਸ ਨੇ ਉਸ ਦੀ ਬਖਸ਼ਿਸ਼ ਗਿਆਨ ਨੂੰ ਗੁਰੂ ਰੂਪ ਕਰਕੇ ਜਾਣਿਆ, ਉਸਦੇ ਅੰਦਰ ਹੀ ਕਮਲ ਵਰਗਾ ਨਿਰਲੇਪ ਪ੍ਰਕਾਸ਼ ਹੋਇਆ। (ਉਹ ਕਰਤੇ ਦੀ ਗੁਰੂ ਰੂਪ ਗਿਆਨ ਦੀ ਬਖ਼ਸ਼ਿਸ਼ ਨਾਲ ਉਹ ਸੰਸਾਰ ਵਿੱਚ ਨਿਰਲੇਪ ਰਹਿੰਦਾ ਹੈ) ਭਾਵ ਕਿਸੇ ਮਨੁੱਖ ਦੀ ਸੋਚ ਜੋ ਆਪਣੇ ਆਪ ਨੂੰ ਕਰਤਾ ਅਖਵਾਉਂਦਾ ਹੈ, ਦੀ ਚਿਕੜ ਰੂਪ ਸੋਚ ਤੋ ਕਮਲ ਦੀ ਤਰ੍ਹਾਂ ਨਿਰਲੇਪ ਰਹਿੰਦਾ ਹੈ। ਹੇ ਭਾਈ ਨਾਨਕ ਆਖਦਾ ਹੈ ਕਿ ਉਸ ਦੀ ਬਖਸ਼ਿਸ਼ ਉਸ ਮਨੱਖ ਨੂੰ ਹੀ ਪ੍ਰਾਪਤ ਹੋ ਸਕਦੀ ਹੈ ਜੋ ਆਪਣੇ ਆਪ ਨੂੰ ਸਾਰਿਆ ਜੀਵਾਂ ਵਰਗਾ ਜੀਵ ਹੀ ਸਮਝੇ ਆਪਣੇ ਆਪ ਨੂੰ ਸਿੱਧ (ਸ੍ਰੇਸਟ) ਨਾ ਸਮਝੇ, ਅਤੇ ਜੋ ਇਹ ਗੱਲ ਸਮਝ ਲਵੇ ਕਿ ਜੋ ਜੋਤ ਉਸ ਵਿਅਕਤੀ ਵਿੱਚ ਵਰਤ ਰਹੀ ਹੈ ਉਸ ਜੋਤ ਦਾ ਹੀ ਪ੍ਰਕਾਸ਼ ਸਾਰੇ ਜੀਵਾਂ ਅਤੇ ਬ੍ਰਹਮੰਡ ਵਿੱਚ ਹੈ।

ਆਪਣੇ ਆਪ ਨੂੰ ਕਰਤਾ ਅਖਵਾਉਣ ਵਾਲਾ ਜੀਵਨ ਵਿੱਚ ਆਪਣੀ ਹਉਮੈ ਨੂੰ ਤਿਆਗੇ ਤਾਂ ਹੀ ਅੰਤ ਉਸਨੂੰ ਇਹ ਸਮਝ ਪੈ ਸਕਦੀ ਹੈ ਕਿ ਸਾਰਿਆ ਜੀਵਾਂ ਉੱਪਰ ਉਸਦੀ ਇੱਕ ਸੱਚੇ ਦੀ ਹੀ ਬਖ਼ਸ਼ਿਸ਼ ਵਰਤ ਰਹੀ ਹੈ ਕਿਸੇ ਮਨੁੱਖ ਦੀ ਨਹੀਂ। ਕੋਈ ਮਨੁੱਖ ਕਿਸੇ ਉੱਪਰ ਬਖ਼ਸ਼ਿਸ਼ ਕਰ ਹੀ ਨਹੀਂ ਸਕਦਾ। ਇਹ ਨਾਨਕ ਜੀ ਨੇ ਜਵਾਬ ਦਿੱਤਾ।

ਅਉਧੂ ਦਾ ਸਵਾਲ: -

ਸਾਚੌ ਉਪਜੈ ਸਾਚਿ ਸਮਾਵੈ ਸਾਚੇ ਸੂਚੇ ਏਕ ਮਇਆ।।

ਝੂਠੇ ਆਵਹਿ ਠਵਰ ਨ ਪਾਵਹਿ ਦੂਜੈ ਆਵਾ ਗਉਣੁ ਭਇਆ।।

ਆਵਾ ਗਉਣੁ ਮਿਟੈ ਗੁਰ ਸਬਦੀ ਆਪੇ ਪਰਖੈ ਬਖਸਿ ਲਇਆ।।

ਏਕਾ ਬੇਦਨ ਦੂਜੈ ਬਿਆਪੀ ਨਾਮੁ ਰਸਾਇਣੁ ਵੀਸਰਿਆ।।

ਸੋ ਬੂਝੈ ਜਿਸੁ ਆਪਿ ਬੁਝਾਏ ਗੁਰ ਕੈ ਸਬਦਿ ਸੁ ਮੁਕਤੁ ਭਇਆ।।

ਨਾਨਕ ਤਾਰੇ ਤਾਰਣਹਾਰਾ ਹਉਮੈ ਦੂਜਾ ਪਰਹਰਿਆ।। ੨੫।।

ਪਦ ਅਰਥ: - ਸਾਚੌ ਉਪਜੈ ਸਾਚਿ ਸਮਾਵੈ – ਜਿਸ ਦੀ ਉਪਜ (ਪੈਦਾਇਸ਼) ਹੀ ਸੱਚ ਵਿੱਚੋਂ ਹੋਵੇ ਅਤੇ ਸੱਚ ਵਿੱਚ ਹੀ ਸਮਾਇਆ ਹੋਵੇ। ਸਾਚੇ ਸੂਚੇ ਏਕ ਮਇਆ – ਉਸ ਉੋੱਪਰ ਇੱਕ ਸੱਚੇ ਦੀ ਹੀ ਬਖ਼ਸ਼ਿਸ਼ ਹੋਈ ਹੋਵੇ। ਮਇਆ – ਬਖ਼ਸ਼ਿਸ਼, ਕ੍ਰਿਪਾ। ਝੂਠੇ ਆਵਹਿ – ਝੂਠੇ ਜੋ ਆਉਂਦੇ ਹਨ। ਠਵਰ ਨ ਪਾਵਹਿ – ਉਸ ਅਗੇ ਟਿਕ ਹੀ ਨਹੀਂ ਸਕਦੇ। ਦੂਜੈ ਆਵਾ ਗਉਣੁ ਭਇਆ – ਦੂਈ ਵਿੱਚ ਫਸੇ ਜਿੰਨੇ ਵੀ ਹਨ ਸਾਰੇ ਆਵ-ਗਾਉਣ ਦੇ ਚੱਕਰ ਵਿੱਚ ਪੈ ਜਾਂਦੇ ਹਨ। ਆਵਾ ਗਉਣੁ ਮਿਟੈ ਗੁਰ ਸ਼ਬਦੀ – ਆਵਾ-ਗਾਉਣ ਉਸ ਗੁਰੂ ਦੀ ਬਖ਼ਸ਼ਿਸ਼ ਨਾਲ ਹੀ ਮਿਟ ਸਕਦਾ ਹੈ। ਆਪੇ ਪਰਖੈ ਬਖਸਿ ਲਇਆ – ਆਪਣੀ ਸ਼ਰਨ ਆਉਣ ਵਾਲੇ ਨੂੰ ਆਪ ਹੀ ਉਹ ਬਖ਼ਸ਼ਿ ਲੈਂਦਾ ਹੈ। ਏਕਾ ਬੇਦਨ ਦੂਜੈ – ਜਿਸ ਨੂੰ ਏਕੇ ਦੀ ਪੀੜਾ ਵਿਆਪੀ ਹੋਵੇ। ਨਾਮੁ ਰਸਾਇਣੁ ਵੀਸਰਿਆ – ਅਤੇ ਸੱਚ ਰੂਪ ਰਸ ਜਿਸ ਨੂੰ ਵਿਸਰਿਆ ਹੋਵੇ। ਸੋ ਬੂਝੈ ਜਿਸੁ ਆਪ ਬੁਝਾਏ – ਬੁੱਝਦਾ ਵੀ ਦਰਅਸਲ ਉਹ ਹੀ ਹੈ ਜਿਸ ਨੂੰ ਉਹ ਆਪ ਸੋਝੀ ਬਖ਼ਸ਼ਿ ਦੇਵੇ। ਗੁਰ ਕੈ ਸਬਦਿ ਸੁ ਮੁਕਤੁ ਭਇਆ। ਇਸ ਵਾਸਤੇ ਜੇਕਰ ਕੋਈ ਉਸ ਦੀ ਸ਼ਰਣ ਵੀ ਆ ਜਾਵੇ ਸਮਝੋ ਉਹ ਵੀ ਗੁਰ ਦੀ ਬਖ਼ਸ਼ਿਸ਼ ਦੁਆਰਾ ਮੁਕਤੀ ਨੂੰ ਪ੍ਰਾਪਤ ਹੋ ਸਕਦਾ ਹੈ। ਨਾਨਕ ਤਾਰੇ ਤਾਰਣਹਾਰਾ – ਨਾਨਕ! ਇਸ ਕਰਕੇ ਉਹੀ ਤਾਰਣਹਾਰਾ ਹੈ। ਹਉਮੈ ਦੂਜਾ ਪਰਹਰਿਆ – ਜਿਸਨੇ ਆਪਣੀ ਹਉਮੈ ਅਤੇ ਦੂਜਾ ਭਾਵ ਤਿਆਗ ਦਿੱਤਾ ਹੈ, ਉਸ ਨੂੰ ਹੀ ਤਾਰਣਹਾਰਾ ਤਾਰਦਾ ਹੈ।

ਨੋਟ:- ਇਹ ਸਵਾਲ ਜੋਗੀ ਦਾ ਹੈ। ਬਹੁਤ ਹੀ ਧਿਆਨ ਨਾਲ ਆਪਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਇਸ ਸਵਾਲ ਵਿੱਚ ਜੋ ਸ਼ਬਦ ਨਾਨਕ ਜੀ ਨੇ ਅਕਾਲ ਰੂਪ ਗੁਰੂ ਕਰਤੇ ਵਾਸਤੇ ਵਰਤੇ ਹਨ। ਉਹੀ ਹੂ-ਬਹੂ ਸ਼ਬਦ ਜੋਗੀ ਨੇ ਆਪਣੇ ਮੁਖੀ ਸਿੱਧ ਵਾਸਤੇ ਵਰਤੇ ਹਨ। ਕਿ ਉਹ ਹੀ ਗੁਰੂ ਕਰਤਾ ਹੈ, ਉਹ ਹੀ ਆਪਣੀ ਸ਼ਰਨ ਆਉਣ ਵਾਲਿਆਂ ਨੂੰ ਆਪਣੀ ਗੁਰ ਬਖ਼ਸ਼ਿਸ਼ ਕਰਕੇ ਬਖ਼ਸ਼ ਲੈਂਦਾ ਹੈ। ਜੋਗੀ, ਨਾਨਕ ਜੀ ਨੂੰ ਜੋਗ ਮੱਤ ਮੰਨ ਲੈਣ ਲਈ ਪ੍ਰੇਰਣਾ ਕਰਦਾ ਹੈ।

ਅਰਥ: - ਸਿੱਧ ਗੁਰੂ ਸਾਹਿਬ ਨੂੰ ਸਵਾਲ ਕਰਦਾ ਹੈ, ਕਿ ਹੇ ਨਾਨਕ ਜੋ ਆਪ ਹੀ ਸੱਚਾ ਹੋਵੇ, (ਜੋਗੀ ਆਪਣੇ ਮੁਖੀ ਲਈ ‘ਸੱਚਾ` ਸ਼ਬਦ ਵਰਤ ਰਿਹਾ ਹੈ), ਜਿਸ ਦੀ ਉਪਜ ਹੀ ਸੱਚ ਤੋਂ ਹੋਈ ਹੋਵੇ ਸੱਚ ਵਿੱਚ ਹੀ ਸਮਾਇਆ ਹੋਵੇ, ਉਸ ਸੱਚੇ ਦੀ ਹੀ ਬਖ਼ਸ਼ਿਸ਼ ਹੋਵੇ, ਉਸ ਅੱਗੇ ਜੇ ਕੋਈ ਝੂਠਾ ਆਵੇ, ਉਹ ਟਿਕ ਹੀ ਕਿਵੇਂ ਸਕਦਾ ਹੈ। ਉਸ ਅੱਗੇ ਆਉਣ ਵਾਲੇ ਦੂਜੇ (ਹੋਰ) ਤਾਂ ਸਭ ਆਵਾਗਉਣ ਦੇ ਚੱਕਰ ਵਿੱਚ ਪਏ ਹੋਏ ਹਨ। ਉਨ੍ਹਾਂ ਦਾ ਆਵਾਗਉਣ ਸਾਡੇ ਮੁਖੀ ਦੀ ਬਖ਼ਸ਼ਿਸ਼ ਨਾਲ ਹੀ ਮਿਟ ਸਕਦਾ ਹੈ। ਉਹ ਆਪਣੀ ਸ਼ਰਨ ਆਉਣ ਵਾਲੇ ਦੀ ਪਰਖ ਕਰਕੇ ਆਪ ਬਖਸ਼ ਲੈਂਦਾ ਹੈ। ਉਸ ਤੋਂ ਬਗ਼ੈਰ ਜਿਹੜਾ ਕੋਈ ਏਕੇ ਦੀ ਵੇਦਨ ਵਿੱਚ ਵਿਆਪਿਆ ਹੋਇਆ ਹੈ, ਜਿਸਨੇ ਸਾਡੇ ਮੁਖੀ ਦੇ ਸੱਚ ਰੂਪੀ ਰਸ ਨੂੰ ਵਿਸ਼ਾਰਿਆ ਹੋਇਆ ਹੈ, ਉਸ ਦਾ ਵੀ ਜੋਗ ਮਤ ਦੇ ਗੁਰੂ ਦੀ ਸ਼ਰਣ ਆਉਣ ਨਾਲ ਆਵਾਗਉਣ ਮਿਟ ਜਾਂਦਾ ਹੈ। ਜੇਕਰ ਉਹ ਆਪ ਬਖ਼ਸ਼ਿਸ਼ ਕਰਕੇ ਜਿਸ ਨੂੰ ਆਪਣੇ ਬਾਰੇ ਗਿਆਨ ਦੇਵੇ ਉਸ ਨੂੰ ਵੀ ਮੁਕਤਿ ਹੋਇਆ ਸਮਝੋ। ਹੇ ਨਾਨਕ ਜਿਸਨੇ ਵੀ ਉਸ ਅੱਗੇ ਆਪਣੀ ਹਉਮੈ ਅਤੇ ਦੂਜਾ ਭਾਵ ਤਿਆਗ ਦਿੱਤਾ ਹੈ, ਉਸ ਨੂੰ ਹੀ ਸਾਡਾ ਮੁਖੀ ਤਾਰਣਹਾਰਾ ਤਾਰਦਾ ਹੈ। ਇਸ ਕਰਕੇ ਜੋਗ ਮਤ ਦੇ ਮੁਖੀ ਨੂੰ ਹੀ ਗੁਰੂ ਧਾਰਣ ਨਾਲ ਆਵਾਗਉਣ ਦਾ ਚੱਕਰ ਖ਼ਤਮ ਹੋ ਜਾਵੇਗਾ। ਇਹ ਸਿੱਧ ਦੀ ਨਾਨਕ ਸਾਹਿਬ ਨੂੰ ਪ੍ਰੇਰਿਨਾ ਸੀ।

ਬਲਦੇਵ ਸਿੰਘ ਟੋਰਾਂਟੋ




.