.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੁਰਮਤਿ ਅਨੁਸਾਰ ਮੁਕਤੀ

ਭਾਗ ਦੂਜਾ

ਗੁਰਬਾਣੀ ਵਿੱਚ ਮੁਕਤ ਉਸ ਨੂੰ ਕਿਹਾ ਗਿਆ ਹੈ ਜਿਸ ਨੇ ਹਰਿ ਜੀ ਅਰਾਧਿਆ ਹੈ। ਹੁਣ ਹਰਿ ਜੀ ਨੂੰ ਅਰਾਧਣ ਦਾ ਅਰਥ ਇਹ ਨਹੀਂ ਕਿ ਕੇਵਲ ਬਾਰ ਬਾਰ ਰੱਟਾ ਲਗਾਇਆ ਜਾਏ। ਹਰਿ ਜੀ ਦੇ ਗੁਣਾਂ ਨੂੰ ਸਮਝਦਿਆਂ ਅੰਦਰਲੇ ਵਿਕਾਰ ਰੂਪੀ ਜਮ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਲਣਾ ਹੈ, ਨਿਤਾ ਪ੍ਰਤੀ ਏਹੀ ਤਾਂ ਪੜ੍ਹਦੇ ਹਾਂ---

ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ।।

ਰਾਗ ਆਸਾ ਮਹਲਾ ੪ ਪੰਨਾ ੧੧

ਉਪਰੋਕਤ ਕਥਨ ਅਨੁਸਾਰ ਮਨੁੱਖ ਕਈ ਪ੍ਰਕਾਰ ਦੀਆਂ ਫਾਹੀਆਂ ਵਿੱਚ ਫਸਿਆ ਪਿਆ ਹੈ। ਸਮਝਿਆ ਜਾਂਦਾ ਹੈ ਕਿ ਮਰਨ ਉਪਰੰਤ ਮਨੁੱਖ ਦੀ ਆਤਮਾ ਨੂੰ ਧਰਮਰਾਜ ਦੀ ਕਚਹਿਰੀ ਵਿਚੋਂ ਜਮ ਜਾਂ ਜਮਦੂਤ ਲੈਣ ਲਈ ਆਉਂਦੇ ਹਨ ਜੋ ਇਸ ਨੂੰ ਬਹੁਤ ਹੀ ਭਿਆਨਕ ਤਰੀਕੇ ਨਾਲ ਖਿਚ ਧੂਅ ਕਰਦਿਆਂ ਲੈ ਕੇ ਜਾਂਦੇ ਹਨ। ਗੁਰਬਾਣੀ ਸਮਝਾ ਰਹੀ ਹੈ ਕਿ ਇਸ ਜੀਵਨ ਵਿੱਚ ਹੀ ਕਈ ਪ੍ਰਕਾਰ ਦੇ ਵਿਕਾਰਾਂ ਦੇ ਜਮਾਂ ਦੀ ਫਾਹੀ ਪਈ ਹੋਈ ਹੈ। ਹਰਿ ਜੀ ਨੂੰ ਧਿਆਉਣ ਨਾਲ ਵਿਕਾਰਾਂ ਦੀ ਫਾਹੀ ਕਟੀ ਜਾਂਦੀ ਹੈ। ਥੋੜਾ ਜੇਹਾ ਵਿਚਾਰਣ ਦੀ ਜ਼ਰੂਰਤ ਹੈ, ਕਿ ਹਰਿ ਜੀ ਨੂੰ ਧਿਆਉਣ ਨਾਲ ਮੁਕਤ ਕਿਦਾਂ ਹੋਣਾ ਹੈ। ਮੰਗਲਾ ਚਰਣ ਵਿੱਚ ਨਿਰਭਉ ਆਉਂਦਾ ਹੈ, ਜੇ ਅਸੀਂ ਨਿਰਭਉ ਹੋ ਗਏ ਤਾਂ ਜ਼ਰੂਰ ਅਸੀਂ ਡਰ ਤੋਂ ਰਹਿਤ ਹੋ ਸਕਦੇ ਹਾਂ। ਜ਼ਿਆਦਾਤਰ ਨਿਰਭਉ ਦਾ ਜਾਪ ਕਰਨ ਵਾਲਿਆਂ ਦੇ ਹੱਥਾਂ ਵਿੱਚ ਲਾਲ ਰੰਗ ਦੀਆਂ ਮੌਲ਼ੀਆਂ ਬੰਨ੍ਹੀਆਂ ਪਈਆਂ ਹਨ। ਜੇ ਵਾਕਿਆ ਹੀ ਹਰਿ ਜੀ ਨੂੰ ਧਿਆਇਆ ਹੁੰਦਾ ਤਾਂ ਘੱਟੋ ਘੱਟ ਇਹਨਾਂ ਲਾਲ ਧਾਗਿਆਂ ਵਲੋਂ ਤਾਂ ਅਸੀਂ ਮੁਕਤ ਹੋ ਜਾਂਦੇ। ਧਾਰਮਕ ਅੰਧਵਿਸ਼ਵਾਸ ਵਿੱਚ ਜਕੜਿਆ ਪਿਆ ਮਨੁੱਖ ਜਮਾਂ ਦੀ ਫਾਹੀ ਵਿੱਚ ਫਸਿਆ ਪਿਆ ਹੈ। ਰੱਬੀ ਗੁਣਾਂ ਨੂੰ ਸਮਝ ਕੇ ਅਪਨਾਉਣ ਵਾਲਾ ਬੇ-ਲੋੜੇ ਜਮਾਂ ਵਲੋਂ ਛੁੱਟ ਜਾਂਦਾ ਹੈ।

ਸੰਸਾਰ ਦੀ ਭਾਸ਼ਾ ਵਿੱਚ ਜਦੋਂ ਕਿਸੇ ਮਨੁੱਖ ਨੂੰ ਕਿਸੇ ਕੰਮ ਸਬੰਧੀ ਪੂਰੀ ਜਾਣਕਾਰੀ ਨਾ ਹੋਵੇ ਤਾਂ ਓਦੋਂ ਉਹ ਕਿਸੇ ਗੁਣਵਾਨ ਪਾਸੋਂ ਤਕਨੀਕ ਸਿੱਖਦਾ ਹੈ। ਸਕੂਲ ਕਾਲਜ ਖੋਲ੍ਹੇ ਹੀ ਇਸ ਵਾਸਤੇ ਗਏ ਹਨ, ਤਾਂ ਕਿ ਸਾਡੇ ਬੱਚੇ ਅਧਿਆਪਕਾਂ ਪਾਸੋਂ ਗੁੰਝਲ਼ਾਂ ਖੋਲ੍ਹਣੀਆਂ ਸਿੱਖ ਲੈਣ। ਗੁਰੂ ਸਾਹਿਬ ਜੀ ਗਉੜੀ ਰਾਗ ਵਿੱਚ ਏਸੇ ਤਰ੍ਹਾਂ ਸਮਝਾ ਰਹੇ ਹਨ ਕਿ ਗੁਰੂ ਦੇ ਗਿਆਨ ਵਿਚੋਂ ਜੋ ਗੁਣ ਪ੍ਰਗਟ ਹੁੰਦੇ ਹਨ ਉਹਨਾਂ `ਤੇ ਚੱਲਣ ਨਾਲ ਬੰਦਾ ਅਜ਼ਾਦੀ ਦੇ ਸਵਾਸ ਲੈਂਦਾ ਹੈ ਹਰਿ ਗੁਣ ਗਾਏ ਦਾ ਅਰਥ ਹੈ ਗੁਣਾਂ ਨੂੰ ਧਾਰਨ ਕਰਕੇ ਉਹਨਾਂ ਅਨੁਸਾਰ ਜਿਉਣ ਦਾ ਯਤਨ ਕਰਦੇ ਰਹਿਣਾ ---

ਮੁਕਤੁ ਭਇਆ ਬੰਧਨ ਗੁਰਿ ਖੋਲੇ ਜਨ ਨਾਨਕ ਹਰਿ ਗੁਣ ਗਾਏ।।

ਗਉੜੀ ਪੂਰਬੀ ਮਹਲਾ ੫ ਪੰਨਾ ੨੧੩

ਕੀ ਕਰਮ ਕਾਂਡ ਨਿਭਾਉਣ ਨਾਲ ਅਸੀਂ ਮੁਕਤ ਹੋ ਸਕਦੇ ਹਾਂ?

ਧਾਰਮਕ ਰਵਾਇਤਾਂ ਨਿਭਾਹੁੰਣ ਵਾਲੇ ਨੂੰ ਅਸੀਂ ਸਮਝਦੇ ਹਾਂ ਕਿ ਇਹ ਰੱਬ ਜੀ ਦੇ ਬਹੁਤ ਨੇੜੇ ਹੋਵੇਗਾ। ਇਹ ਜ਼ਰੂਰੀ ਨਹੀਂ ਧਾਰਮਕ ਰਸਮਾਂ ਨਿਭਾਹੁੰਣ ਵਾਲਾ ਮੁਕਤ ਹੋਵੇ। ਕਈ ਵਾਰੀ ਤਾਂ ਇੰਝ ਸਮਝ ਲੱਗਦੀ ਹੈ ਕਿ ਧਾਰਮਕ ਅੰਧ-ਵਿਸ਼ਵਾਸ ਨਿਭਾਹੁੰਣ ਵਾਲਾ ਜ਼ਿੰਦਗੀ ਵਿੱਚ ਕਦੇ ਵੀ ਅਜ਼ਾਦ ਨਹੀਂ ਹੋ ਸਕਦਾ। ਇਹ ਤੇ ਵਿਚਾਰਾ ਔਖਿਆਂ ਹੋ ਧਾਰਮਕ ਰਸਮਾਂ ਹੀ ਨਿਭਾਅ ਰਿਹਾ ਹੈ। ਗੁਰਬਾਣੀ ਨੇ ਇਸ ਸਬੰਧੀ ਬੜਾ ਪਿਆਰਾ ਖ਼ਿਆਲ ਦਿੱਤਾ ਹੈ ਕਿ ਜੋ ਕਿ ਗਉੜੀ ਰਾਗ ਵਿੱਚ ਅੰਕਤ ਹੈ।

ਨਗਨ ਫਿਰਤ ਜੌ ਪਾਈਐ ਜੋਗੁ।। ਬਨ ਕਾ ਮਿਰਗੁ ਮੁਕਤਿ ਸਭੁ ਹੋਗੁ।। ੧।।

ਕਿਆ ਨਾਗੇ ਕਿਆ ਬਾਧੇ ਚਾਮ।। ਜਬ ਨਹੀ ਚੀਨਸਿ ਆਤਮ ਰਾਮ।। ੧।। ਰਹਾਉ।।

ਮੂੰਡ ਮੁੰਡਾਏ ਜੌ ਸਿਧਿ ਪਾਈ।। ਮੁਕਤੀ ਭੇਡ ਨ ਗਈਆ ਕਾਈ।। ੨।।

ਬਿੰਦੁ ਰਾਖਿ ਜੌ ਤਰੀਐ ਭਾਈ।। ਖੁਸਰੈ ਕਿਉ ਨ ਪਰਮ ਗਤਿ ਪਾਈ।। ੩।।

ਕਹੁ ਕਬੀਰ ਸੁਨਹੁ ਨਰ ਭਾਈ।। ਰਾਮ ਨਾਮ ਬਿਨੁ ਕਿਨਿ ਗਤਿ ਪਾਈ।।

ਰਾਗ ਗਉੜੀ ਮਹਲਾ ੫ ਪੰਨਾ ੩੨੪

ਮੁਕਤੀ ਦੀ ਪ੍ਰਾਪਤੀ ਲਈ ਭਾਰਤ ਵਿੱਚ ਉਪਰੋਕਤ ਤਰੀਕੇ ਪ੍ਰਚੱਲਤ ਸਨ। ਅੱਜ ਵੀ ਅਜੇਹੇ ਕੁੱਝ ਤਰੀਕੇ ਸਾਨੂੰ ਦੇਖਣ ਨੂੰ ਮਿਲ ਜਾਂਦੇ ਹਨ। ਹਰ ਬੰਦੇ ਦੀ ਸਮਝ ਵਿੱਚ ਆਉਣ ਵਾਲ ਫਰਮਾਣ ਹੈ ਕਿ ਨੰਗੇ ਰਹਿਣ ਨਾਲ ਕੋਈ ਮੁਕਤੀ ਨਹੀਂ ਮਿਲਣੀ। ਜੇ ਏਦ੍ਹਾਂ ਮੁਕਤੀ ਮਿਲਦੀ ਹੈ ਤਾਂ ਜੰਗਲ ਵਿੱਚ ਰਹਿਣ ਵਾਲੇ ਮਿਰਗ ਨੂੰ ਜ਼ਰੂਰ ਮੁਕਤੀ ਮਿਲ ਜਾਂਦੀ। ਸਾਧੜਿਆਂ ਨੇ ਸਮਝ ਲਿਆ ਹੈ ਕਿ ਲੱਤਾਂ ਨੰਗੀਆਂ ਰੱਖਣ ਨਾਲ ਸ਼ਾਇਦ ਅਸੀਂ ਮੁਕਤ ਹੋ ਜਾਵਾਂਗੇ? ਜਿੰਨਾਂ ਚਿਰ ਆਪਣੇ ਆਪ ਦੀ ਪਹਿਛਾਣ ਨਹੀਂ ਕਰਦੇ ਉਹਨਾਂ ਚਿਰ ਮੁਕਤੀ ਦੀ ਸਭੰਵਾਨਾ ਨਹੀਂ ਹੈ। ਸਿੱਖੀ ਵਿੱਚ ਇੱਕ ਅਜੀਬੋ ਗਰੀਬ ਦੇ ਲੋਕ ਪੈਦਾ ਹੋ ਗਏ ਹਨ ਕਿ ਜੀ ਇਹਨਾਂ ਨੇ ਵਿਆਹ ਨਹੀਂ ਕਰਾਇਆ ਇਸ ਲਈ ਇਹ ਸਾਰੇ ਮੁਕਤ ਹਨ। ਭਾਵ ਵਿਆਹ ਨਾ ਕਰਉਣ ਵਾਲਾ ਹੀ ਮੁਕਤ ਹੁੰਦਾ ਹੈ। ਇਸ ਵਿਚਾਰ ਦਾ ਭਾਂਡਾ ਕਬੀਰ ਸਾਹਿਬ ਜੀ ਨੇ ਭੰਨਿਆ ਹੈ ਕਿ ਫਿਰ ਖੁਸਰੇ ਵਿਚਾਰੇ ਸਾਰੇ ਹੀ ਮੁਕਤ ਹੋ ਜਾਂਦੇ ਉਹ `ਤੇ ਸਾਰੀ ਉਮਰ ਖੁਸਰੇ ਦੇ ਖੁਸਰੇ ਹੀ ਰਹਿੰਦੇ ਹਨ। ਜੈਨੀ ਵਿਚਾਰੇ ਘਰੋੜ ਘਰੋੜ ਕੇ ਸਿਰ ਮਨਾਉਣ ਨੂੰ ਮੁਕਤੀ ਦਾ ਰਾਹ ਦਸਦੇ ਹਨ। ਜੇ ਏਦ੍ਹਾਂ ਹੀ ਹੁੰਦਾ ਤਾਂ ਭੇਡਾਂ ਕਦੋਂ ਦੀਆਂ ਮੁਕਤ ਹੋ ਜਾਂਦੀਆਂ। ਸਿੱਖ ਸਿਧਾਂਤ ਅਨੁਸਾਰ ਰੱਬੀ ਗੁਣਾਂ ਦੀ ਵਰਤੋਂ ਕਰਨ ਵਾਲਾ ਹੀ ਮੁਕਤ ਹੈ।

ਜਿੱਥੇ ਵੀ ਦੋ ਆਦਮੀ ਬੈਠਣਗੇ ਓੱਥੇ ਆਮ ਕਰਕੇ ਇੱਕੋ ਗੱਲ ਹੀ ਹੁੰਦੀ ਹੈ ਕਿ ਮਰਨ ਉਪਰੰਤ ਅਸੀਂ ਕਿਹੜੀ ਜੂਨ ਵਿੱਚ ਪੈਣਾ ਹੈ। ਜਾਂ ਕੋਈ ਅਜੇਹਾ ਕੰਮ ਕੀਤਾ ਜਾਏ ਜਿਸ ਨਾਲ ਸਾਨੂੰ ਦੁਬਾਰਾ ਫਿਰ ਮਨੁੱਖ ਜੀਵਨ ਹੀ ਮਿਲ ਜਾਏ। ਕੋਈ ਇਹ ਪੁੱਛੇਗਾ ਕਿ ਮੁਕਤ ਕਿਦ੍ਹਾਂ ਹੋਈਦਾ ਹੈ? ਗੁਰੂ ਤੇਗ ਬਹਾਦਰ ਜੀ ਦਾ ਪਿਆਰਾ ਵਾਕ ਹੈ ਕਿ ਮਨੁੱਖਾ ਜੀਵਨ ਮੁੜ ਨਹੀਂ ਮਿਲਣਾ ਇਸ ਲਈ ਅਸੀਂ ਕਿਉਂ ਕਰਮ ਕਾਂਡਾਂ ਦੁਆਰਾ ਆਪਣਾ ਸਮਾਂ ਬਰਬਾਦ ਕਰ ਰਹੇ ਹਾਂ—ਜੇਹਾ ਕਿ

ਨਰ ਅਚੇਤ, ਪਾਪ ਤੇ ਡਰੁ ਰੇ।।

------------------

ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ।।

ਨਾਨਕੁ ਕਹਤ ਗਾਇ ਕਰੁਨਾਮੈ ਭਵ ਸਾਗਰ ਕੈ ਪਾਰਿ ਉਤਰੁ ਰੇ।।

ਗਉੜੀ ਮਹਲਾ ੯ ਪੰਨਾ ੨੨੧

ਮਨ ਨੂੰ ਮਲੀਨ ਸੋਚ ਤੋਂ ਬਚਾਉਣ ਲਈ ਪ੍ਰਭੂ ਜੀ ਦੀ ਸਰਣ ਵਿੱਚ ਆਉਣਾ ਪੈਣਾ ਹੈ।

ਜੇ ਮਨੁੱਖੀ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਨਹੀਂ ਸਮਝਦੇ ਤਾਂ ਫਿਰ ਅਸੀਂ ਜ਼ਿਉਂਦੇ ਹੀ ਚੌਰਾਸੀ ਲੱਖ ਜੂਨਾਂ ਭੋਗ ਰਹੇ ਹਾਂ ਕਿਉਂ ਕਿ ਅਸੀਂ ਕਰਮ-ਕਾਂਡ ਨਿਭਾਉਣ ਨੂੰ ਹੀ ਮੁਕਤੀ ਦਾ ਰਾਹ ਸਮਝ ਰਹੇ ਹਾਂ।

ਪੰਡਿਤ ਪੜਿ ਪੜਿ ਵਾਦੁ ਵਖਾਣਹਿ ਬਿਨੁ ਗੁਰ ਭਰਮਿ ਭੁਲਾਏ।।

ਲਖ ਚਉਰਾਸੀਹ ਫੇਰੁ ਪਇਆ ਬਿਨੁ ਸਬਦੈ ਮੁਕਤਿ ਨ ਪਾਏ।।

ਜਾ ਨਾਉ ਚੇਤੈ ਤਾ ਗਤਿ ਪਾਏ, ਜਾ ਸਤਿਗੁਰੁ ਮੇਲਿ ਮਿਲਾਏ।। ੬

ਸਿਰੀ ਰਾਗ ਮਹਲਾ ੩ ਪੰਨਾ ੬੭

ਮਾਨਨੀਏ ਪੰਡਤ ਜੀ ਦੀਆਂ ਰਹੁ ਰੀਤੀਆਂ ਨਿਭਾਉਣ ਕਰਕੇ ਮਨੁਖ ਇਸੇ ਜਨਮ ਵਿੱਚ ਹੀ ਚਉਰਾਸੀ ਲੱਖ ਜੂਨਾਂ ਭੋਗ ਰਿਹਾ ਹੈ। ਫਿਰ ਇਸ ਨੂੰ ਮੁਕਤੀ ਕਿਥੋਂ ਮਿਲ ਸਕਦੀ ਹੈ? ਸਮਝੀਏ ਇਸ ਵਾਕ ਨੂੰ –

ਲਖ ਚਉਰਾਸੀਹ ਫਿਰਦੇ ਰਹੇ ਬਿਨੁ ਸਤਿਗੁਰ ਮੁਕਤਿ ਨ ਹੋਈ।।

ਪੜਿ ਪੜਿ ਪੰਡਿਤ ਮੋਨੀ ਥਕੇ ਦੂਜੈ ਭਾਇ ਪਤਿ ਖੋਈ।।

ਸਤਿਗੁਰਿ ਸਬਦੁ ਸੁਣਾਇਆ ਬਿਨੁ ਸਚੇ ਅਵਰੁ ਨ ਕੋਈ।। ੭।।

ਸਿਰੀ ਰਾਗ ਮਹਲਾ ੩ ਪੰਨਾ ੭੦

ਜੇਹੜੇ ਗੁਰੂ ਦੀ ਸਰਨ ਤੋਂ ਵਾਂਝੇ ਰਹੇ ਉਹ) ਚੌਰਸੀ ਲੱਖ ਜੂਨਾਂ ਦੇ ਗੇੜ ਵਿੱਚ ਭਟਕਦੇ ਫਿਰਦੇ ਹਨ, ਗੁਰੂ ਤੋਂ ਬਿਨਾ (ਇਸ ਗੇੜ ਵਿਚੋਂ) ਖ਼ਲਾਸੀ ਨਹੀਂ ਮਿਲਦੀ। ਪੰਡਿਤ ਲੋਕ (ਸ਼ਾਸਤ੍ਰ ਆਦਿ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ ਥੱਕ ਗਏ, ਮੋਨ-ਧਾਰੀ ਸਾਧੂ ਸਮਾਧੀਆਂ ਲਾ ਲਾ ਕੇ ਥੱਕ ਗਏ (ਗੁਰੂ ਦੀ ਸਰਨ ਤੋਂ ਬਿਨਾ ਚੌਰਾਸੀ ਦੇ ਗੇੜ ਤੋਂ ਖ਼ਲਾਸੀ ਪ੍ਰਾਪਤ ਨਾਹ ਕਰ ਸਕੇ, ਉਹਨਾਂ ਨੇ ਸਗੋਂ) ਪ੍ਰਭੂ ਤੋਂ ਬਿਨਾ ਹੋਰ ਦੇ ਪਿਆਰ ਵਿੱਚ ਆਪਣੀ ਇੱਜ਼ਤ ਗਵਾ ਲਈ। ਜਿਸ ਮਨੁੱਖ ਨੂੰ ਗੁਰੂ ਨੇ ਆਪਣਾ ਸ਼ਬਦ ਸੁਣਾ ਦਿੱਤਾ (ਉਸ ਨੂੰ ਨਿਸ਼ਚਾ ਹੋ ਗਿਆ ਕਿ) ਸਦਾ-ਥਿਰ ਪ੍ਰਭੂ ਤੋਂ ਬਿਨਾ ਹੋਰ ਕੋਈ (ਜੀਵ ਦਾ ਰਾਖਾ) ਨਹੀਂ ਹੈ। ੭

ਇਹ ਸਪਸ਼ਟ ਹੈ ਕਿ ਗੁਰ-ਗਿਆਨ ਦੇ ਚਾਨਣ ਵਿੱਚ ਤੁਰਨ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ।

ਭਗਤ ਬੇਣੀ ਜੀ ਨੇ ਪੰਡਤ ਦੇ ਉਸ ਖ਼ਿਆਲ ਨੂੰ ਨਿਕਾਰਿਆ ਹੈ ਜਿਸ ਵਿੱਚ ਪੰਡਤ ਜੀ ਦਾ ਆਸ਼ਾ ਹੈ ਕਿ ਜ਼ਿਉਂਦੇ ਜੀਅ ਮੈਨੂੰ ਦਾਨ ਪੁੰਨ ਜਾਂ ਰਸਮਾਂ ਨਿਭਾਈ ਜਾਓ ਮਰਨ ਉਪਰੰਤ ਮੁਕਤੀ ਮਿਲ ਜਾਏਗੀ। ਬੇਣੀ ਜੀ ਫਰਮਾਉਂਦੇ ਹਨ ਕਿ ਮਰਨ ਉਪਰੰਤ ਅਜੇਹੀ ਮੁਕਤੀ ਕਿਨ ਦੇਖੀ ਹੈ—

ਨਿਕੁਟੀ ਦੇਹ ਦੇਖਿ ਧੁਨਿ ਉਪਜੈ, ਮਾਨ ਕਰਤ ਨਹੀ ਬੂਝੈ।।

ਲਾਲਚੁ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨ ਸੂਝੈ।।

ਥਾਕਾ ਤੇਜੁ, ਉਡਿਆ ਮਨੁ ਪੰਖੀ, ਘਰਿ ਆਂਗਨਿ ਨ ਸੁਖਾਈ।।

ਬੇਣੀ ਕਹੈ ਸੁਨਹੁ ਰੇ ਭਗਤਹੁ, ਮਰਨ ਮੁਕਤਿ ਕਿਨਿ ਪਾਈ।।

ਨਿੱਕੇ ਨਿੱਕੇ ਬਾਲ (ਪੁੱਤਰ ਪੋਤਰੇ) ਵੇਖ ਕੇ (ਮਨੁੱਖ ਦੇ ਮਨ ਵਿੱਚ ਉਹਨਾਂ ਲਈ) ਮੋਹ ਪੈਦਾ ਹੁੰਦਾ ਹੈ, ਅਹੰਕਾਰ ਕਰਦਾ ਹੈ, ਪਰ ਇਸ ਨੂੰ (ਇਹ) ਸਮਝ ਨਹੀਂ ਆਉਂਦੀ (ਕਿ ਸਭ ਕੁੱਝ ਛੱਡ ਜਾਣਾ ਹੈ)। ਅੱਖਾਂ ਤੋਂ ਦਿੱਸਣੋਂ ਰਹਿ ਜਾਂਦਾ ਹੈ (ਫਿਰ ਭੀ ਮਨੁੱਖ) ਹੋਰ ਜੀਊਣ ਲਈ ਲਾਲਚ ਕਰਦਾ ਹੈ। (ਆਖ਼ਰ) ਸਰੀਰ ਦਾ ਬਲ ਮੁੱਕ ਜਾਂਦਾ ਹੈ, (ਤੇ ਜਦੋਂ) ਜੀਵ ਪੰਛੀ (ਸਰੀਰ ਵਿਚੋਂ) ਉੱਡ ਜਾਂਦਾ ਹੈ (ਤਦੋਂ ਮੁਰਦਾ ਦੇਹ) ਘਰ ਵਿਚ, ਵਿਹੜੇ ਵਿਚ, ਪਈ ਹੋਈ ਚੰਗੀ ਨਹੀਂ ਲੱਗਦੀ।

ਬੇਣੀ ਆਖਦਾ ਹੈ—ਹੇ ਸੰਤ ਜਨੋ! (ਜੇ ਮਨੁੱਖ ਦਾ ਸਾਰੀ ਜ਼ਿੰਦਗੀ ਵਿੱਚ ਇਹੀ ਹਾਲ ਰਿਹਾ, ਭਾਵ ਜੀਊਂਦਿਆਂ ਕਿਸੇ ਵੇਲੇ ਭੀ ਵਿਕਾਰਾਂ ਤੇ ਮੋਹ ਤੋਂ ਮੁਕਤ ਨਾਹ ਹੋਇਆ, ਜੇ ਜੀਵਨ-ਮੁਕਤ ਨਾਹ ਹੋਇਆ, ਤਾਂ ਇਹ ਸੱਚ ਜਾਣੋ ਕਿ) ਮਰਨ ਤੋਂ ਪਿੱਛੋਂ ਮੁਕਤੀ ਕਿਸੇ ਨੂੰ ਨਹੀਂ ਮਿਲਦੀ

ਗੁਰਬਾਣੀ ਵਿੱਚ ਬਾਰ ਬਾਰ ਇਸ ਗੱਲ `ਤੇ ਜ਼ੋਰ ਦਿੱਤਾ ਗਿਆ ਹੈ ਧਰਮ ਦੇ ਨਾਂ `ਤੇ ਕਰਮ-ਕਾਂਡੀ ਰਹੁ ਰੀਤਾਂ ਨਿਭਾਉਣ ਵਾਲਾ ਕਦੇ ਵੀ ਮੁਕਤ ਨਹੀਂ ਹੋ ਸਕਦਾ।

ਬਹੁ ਕਰਮ ਕਮਾਵੈ ਮੁਕਤਿ ਨ ਪਾਏ।। ਦੇਸੰਤਰੁ ਭਵੈ ਦੂਜੈ ਭਾਇ ਖੁਆਏ।।

ਬਿਰਥਾ ਜਨਮੁ ਗਵਾਇਆ ਕਪਟੀ, ਬਿਨੁ ਸਬਦੈ ਦੁਖੁ ਪਾਵਣਿਆ।।

ਮਾਝ ਮਹਲਾ ੩ ਪੰਨਾ ੧੨੩

(ਭਗਤੀ ਤੋਂ ਬਿਨਾ) ਜੇ ਮਨੁੱਖ ਅਨੇਕਾਂ ਹੋਰ (ਮਿਥੇ ਹੋਏ ਧਾਰਮਿਕ) ਕੰਮ ਕਰਦਾ ਹੈ (ਤਾਂ ਭੀ ਵਿਕਾਰਾਂ ਤੋਂ) ਆਜ਼ਾਦੀ ਪ੍ਰਾਪਤ ਨਹੀਂ ਕਰ ਸਕਦਾ। ਜੇ ਹੋਰ ਹੋਰ ਦੇਸਾਂ ਦਾ ਰਟਨ ਕਰਦਾ ਫਿਰੇ, ਤਾਂ ਭੀ ਮਾਇਆ ਦੇ ਮੋਹ ਵਿੱਚ ਰਹਿ ਕੇ ਕੁਰਾਹੇ ਹੀ ਪਿਆ ਰਹਿੰਦਾ ਹੈ। (ਅਸਲ ਵਿੱਚ ਉਹ ਮਨੁੱਖ ਛਲ ਹੀ ਕਰਦਾ ਹੈ ਤੇ) ਛਲੀ ਮਨੁੱਖ ਆਪਣਾ ਮਨੁੱਖਾਂ ਜੀਵਨ ਵਿਅਰਥ ਗਵਾਂਦਾ ਹੈ, ਗੁਰੂ ਦੇ ਸ਼ਬਦ (ਦਾ ਆਸਰਾ ਲੈਣ) ਤੋਂ ਬਿਨਾ ਉਹ ਦੁੱਖ ਹੀ ਪਾਂਦਾ ਰਹਿਂਦਾ ਹੈ।

ਇਹ ਜ਼ਰੂਰੀ ਹੈ ਕਿ ਸਤਿਗੁਰ ਦਾ ਗਿਆਨ ਮਿਲਣ ਨਾਲ ਅੰਦਰੋਂ ਬੰਦਾ ਮੁਕਤ ਹੁੰਦਾ ਹੈ ਜੇਹਾ ਕਿ ਆਸਾ ਦੀ ਵਾਰ ਹਰ ਰੋਜ਼ ਪੜ੍ਹਦੇ ਸੁਣਦੇ ਹਾਂ---

ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ।।

ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ।।

ਜਗ ਜੀਵਨੁ ਦਾਤਾ ਪਾਇਆ।।

ਆਸਾ ਕੀ ਵਾਰ ਮ: ੧ ਪੰਨਾ ੪੬੬

ਓੇੱਥੇ ਇੱਕ ਸ਼ਰਤ ਰੱਖੀ ਹੈ ਕਿ ਜਿਸ ਨੇ ਸਤਿਗੁਰ ਨਾਲ ਚਿੱਤ ਲਗਾਇਆਂ ਭਾਵ ਗੁਰੂ ਦੇ ਗਿਆਨ ਨੂੰ ਆਪਣੀ ਸੋਚ ਦਾ ਹਿੱਸਾ ਬਣਾਇਆ। ਜਗ ਜੀਵਨ ਦਾਤਾ ਪਾਉਣ ਦਾ ਅਰਥ ਹੀ ਅੰਦਰੋਂ ਮੁਕਤ ਹੋਣਾ ਹੈ।

ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਭਰਮ ਤੋੜਿਆ ਹੈ ਕਿ ਕੇਵਲ ਬ੍ਰਹਾਮਣ ਹੀ ਮੁਕਤੀ ਦਾ ਹੱਕਦਾਰ ਨਹੀਂ ਹੈ ਸਗੋਂ ਉਹ ਸਾਰੇ ਜਿੰਨ੍ਹਾਂ ਨੂੰ ਬ੍ਰਹਾਮਣ ਨੀਵੀਂ ਜਾਤੀ ਦੇ ਦੱਸਦਾ ਹੈ ਰੱਬੀ ਗੁਣਾਂ ਨੂੰ ਮਨ ਵਿੱਚ ਵਸਾਉਣ ਨਾਲ ਅੰਦਰੋਂ ਬਾਹਰੋਂ ਮੁਕਤ ਹੋ ਗਏ---

ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ।।

ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ।।

ਗੂਜਰੀ ਮਹਲਾ ੫ ਪੰਨਾ ੪੯੮

ਕਬੀਰ ਜੀ ਤੇ ਗੁਰੂ ਅਮਰਦਾਸ ਜੀ ਦਾ ਇੱਕ ਸੰਵਾਦ ਬੜਾ ਪਿਆਰਾ ਹੈ---

ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ।।

ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ।।

ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ।।

ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ।। ੧।।

ਪੰਨਾ ੫੦੯

ਅਰਥ--ਹੇ ਕਬੀਰ ! (ਮਾਇਆ ਦੇ ਮੋਹ ਤੋਂ) ਖ਼ਲਾਸੀ (ਪਾਣ) ਦਾ ਦਰਵਾਜ਼ਾ ਇਤਨਾ ਸੁੰਗੜਿਆ ਹੋਇਆ ਹੈ ਕਿ ਰਾਈ ਦੇ ਦਾਣੇ ਤੋਂ ਭੀ ਦਸਵਾਂ ਹਿੱਸਾ ਹੈ; ਪਰ (ਅਸਾਡਾ) ਮਨ (ਹਉਮੈ ਨਾਲ) ਮਸਤ ਹਾਥੀ ਬਣਿਆ ਪਿਆ ਹੈ (ਇਸ ਵਿਚੋਂ) ਕਿਵੇਂ ਲੰਘਿਆ ਜਾ ਸਕੇ ? ਜੇ ਕੋਈ ਅਜੇਹਾ ਗੁਰੂ ਮਿਲ ਪਏ ਜੋ ਪ੍ਰਸੰਨ ਹੋ ਕੇ (ਅਸਾਡੇ ਉਤੇ ਕਿਰਪਾ ਕਰੇ, ਤਾਂ ਮੁਕਤੀ ਦਾ ਰਾਹ ਬੜਾ ਖੁਲ੍ਹਾ ਹੋ ਜਾਂਦਾ ਹੈ, ਉਸ ਵਿਚੋਂ ਸੌਖੇ ਹੀ ਆ ਜਾ ਸਕੀਦਾ ਹੈ।

ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨਾੑ ਹੋਇ ਸੁ ਜਾਇ।।

ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ।।

ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ।।

ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ।। ੨।।

ਸਲੋਕ ਮ: ੩ ਪੰਨਾ ੫੦੯

ਕਬੀਰ ਜੀ ਨੇ ਲਿਖਿਆ “ਮਨ ਤਉ ਮੈਗਲੁ ਹੋਇ ਰਹਾ”। ਗੁਰੂ ਅਮਰਦਾਸ ਜੀ ਨੇ ਇਸ ਦੀ ਵਿਆਖਿਆ ਕੀਤੀ ਹੈ ਕਿ “ਹਉਮੈ ਮਨੁ ਅਸਥੂਲੁ ਹੈ” ; ‘ਮੈਗਲੁ` ਬਣਨ ਦਾ ਕਾਰਣ ਹੈ ‘ਹਉਮੈ`।

ਅਰਥ : —ਹੇ ਨਾਨਕ ! ਮਾਇਆ ਦੇ ਮੋਹ ਤੋਂ ਬਚ ਕੇ ਲੰਘਣ ਦਾ ਰਸਤਾ ਬਹੁਤ ਨਿੱਕਾ ਜਿਹਾ ਹੈ, ਉਹੀ ਇਸ ਵਿਚੋਂ ਲੰਘ ਸਕਦਾ ਹੈ ਜੋ ਬਹੁਤ ਨਿੱਕਾ ਹੋ ਜਾਏ। ਪਰ ਜੇ ਮਨ ਹਉਮੈ ਨਾਲ ਮੋਟਾ ਹੋ ਗਿਆ, ਤਾਂ ਇਸ (ਨਿੱਕੇ ਜਿਹੇ ਦਰਵਾਜ਼ੇ) ਵਿਚੋਂ ਦੀ ਕਿਵੇਂ ਲੰਘਿਆ ਜਾ ਸਕੇ ?

ਜਦੋਂ ਗੁਰੂ ਮਿਲਿਆਂ ਹਉਮੈ ਦੂਰ ਹੋ ਜਾਏ ਤਾਂ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਇਹ ਆਤਮਾ ਸਦਾ (ਮਾਇਆ-ਮੋਹ ਤੋਂ) ਆਜ਼ਾਦ ਰਹਿੰਦਾ ਹੈ ਤੇ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ

ਗੁਰਬਾਣੀ ਨੇ ਕਰਮ-ਕਾਂਡੀ ਮੁਕਤੀ ਨੂੰ ਰੱਦ ਕਰਦਿਆਂ ਗੁਰੂ ਦੇ ਚਰਨਾਂ ਵਿੱਚ ਰਹਿਣ ਨੂੰ ਤਰਜੀਹ ਦਿੱਤੀ ਹੈ ਭਾਵ ਚਰਨ `ਤੇ ਚਲਣਾ ਹੈ।

ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ।।

ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ।।

ਦੇਵਗੰਧਾਰੀ ਮਹਲਾ ੫ ਪੰਨਾ ੫੩੪




.