.

ਜਸਬੀਰ ਸਿੰਘ ਵੈਨਕੂਵਰ

ਗੁਰਿ ਪੂਰੈ ਮੇਰੀ ਰਾਖਿ ਲਈ

ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਬਹੁਤ ਹੀ ਸਪਸ਼ਟ ਅਤੇ ਨਿਰਣਾਇਕ ਰੂਪ ਵਿੱਚ ਦਰਸਾਈ ਗਈ ਹੈ ਕਿ ‘ਕਰਣੀ ਬਾਝਹੁ ਤਰੈ ਨ ਕੋਇ’। ਇਸ ਲਈ ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਗੁਰੂ ਦੀ ਬਖ਼ਸ਼ਿਸ਼ ਦਾ ਉਸ ਮਨੁੱਖ ਨੂੰ ਹੀ ਪਾਤਰ ਮੰਨਿਆ ਗਿਆ ਹੈ ਜਿਹੜਾ ਗੁਰੂ ਨੂੰ ਆਪਣਾ-ਆਪ ਸਮਰਪਣ ਕਰਕੇ ਗੁਰੂ ਦੀ ਰਜ਼ਾ ਵਿੱਚ ਚਲਦਾ ਹੈ: ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ (ਪੰਨਾ ੬੦੧); ਅਜਿਹਾ ਪ੍ਰਾਣੀ ਹੀ ਗੁਰੂ ਦੀ ਬਖ਼ਸ਼ਿਸ਼ ਦਾ ਪਾਤਰ ਬਣਦਾ ਹੈ। ਅਜਿਹੇ ਵਿਅਕਤੀ ਦੀ ਹੀ ਗੁਰੂ ਪਤ ਰੱਖਦਾ ਹੈ।
ਪਰ ਇਹ ਆਮ ਹੀ ਦੇਖਣ ਸੁਣਨ ਵਿੱਚ ਆਉਂਦਾ ਹੈ ਕਿ ਜਦ ਕਦੀਂ ਕੋਈ ਮਨੁੱਖ ਆਪਣੇ ਕਿਸੇ ਗ਼ਲਤ ਕੰਮ ਨੂੰ ਦੂਜਿਆਂ ਦੀਆਂ ਨਜ਼ਰਾਂ `ਚੋਂ ਬਚਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਕਹਿੰਦਾ ਹੈ ਕਿ ਗੁਰੂ ਨੇ ਉਸ ਦੀ ਇੱਜ਼ਤ ਰੱਖ ਲਈ ਹੈ। ਕਈ ਤਾਂ ਮਨੁੱਖਤਾ ਨੂੰ ਕਲੰਕਤ ਕਰਨ ਵਾਲੇ ਕਾਰਨਾਮੇ ਕਰਦੇ ਹੋਏ ਜੇਕਰ ਕਾਨੂੰਨ ਦੇ ਸਿਕੰਜੇ ਵਿੱਚ ਆਉਣੋਂ ਬਚ ਜਾਂਦੇ ਹਨ ਤਾਂ ਉਹ ਵੀ ਅਕਸਰ ਐਸਾ ਕਹਿੰਦੇ ਸੁਣੇ ਗਏ ਹਨ ਕਿ ਗੁਰੂ ਨੇ ਆਪਣਾ ਹੱਥ ਦੇ ਕੇ ਉਨ੍ਹਾਂ ਦੀ ਪਤ ਰੱਖੀ, ਅਥਵਾ ਪੜਦਾ ਢਕਿਆ ਹੈ। ਪਰੰਤੂ ਇਸ ਤਰ੍ਹਾਂ ਦੀ ਧਾਰਨਾ ਗੁਰੁਬਾਣੀ ਦੀ ਜੀਵਨ-ਜੁਗਤ ਦੇ ਅਨੁਸਾਰ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇਹ ਗੱਲ ਸਪਸ਼ਟ ਅਤੇ ਨਿਰਣਾਇਕ ਰੂਪ ਵਿੱਚ ਆਖੀ ਹੈ ਕਿ ਗੁਰੂ ਕਦੀਂ ਵੀ, ਕਿਸੇ ਵੀ ਭੈੜੇ, ਬਦਚਲਨ, ਬੇਈਮਾਨ, ਦੂਜਿਆਂ ਦਾ ਹੱਕ ਮਾਰਨ ਵਾਲੇ ਜਾਂ ਲੁੱਟ-ਖਸੁੱਟ ਕਰਨ ਵਾਲੇ, ਨਿਰਦਈ ਅਤੇ ਕੁਕਰਮੀ ਮਨੁੱਖ ਦੇ ਹੀ ਨਹੀਂ ਬਲਕਿ ਕਿਸੇ ਦੇ ਵੀ ਗ਼ਲਤ ਕੰਮ ਦੀ ਹਾਮੀ ਨਹੀਂ ਭਰਦਾ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਨੂੰ ਇਉਂ ਦਰਸਾਇਆ ਹੈ:
ਚੋਰ ਕੀ ਹਾਮਾ ਭਰੇ ਨ ਕੋਇ॥ ਪੰਨਾ ੬੬੨) ਅਰਥ:-ਕੋਈ ਭੀ ਮਨੁੱਖ ਕਿਸੇ ਚੋਰ ਦੇ ਚੰਗੇ ਹੋਣ ਦੀ ਗਵਾਹੀ ਨਹੀਂ ਦੇ ਸਕਦਾ।
ਅਥਵਾ: ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ (ਪੰਨਾ ੧੪੧) ਅਰਥ: ਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ। ਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਹ ਵਰਤੇ।
ਇਤਿਹਾਸ ਵਿੱਚ ਇੱਕ ਘਟਨਾ ਦਾ ਵਰਣਨ ਆਉਂਦਾ ਹੈ ਕਿ ਭਾਈ ਲਹੌਰਾ ਸਿੰਘ ਨਾਮੀ ਸਿੱਖ ਭਾਈ ਮਾਲਾ ਸਿੰਘ ਤੋਂ ਕੁੱਝ ਪੈਸੇ ਉਧਾਰ ਲੈ ਕੇ ਫਿਰ ਵਾਪਸ ਕਰਨ ਦਾ ਨਾਉਂ ਨਹੀਂ ਸੀ ਲੈਂਦਾ। ਜਦ ਭਾਈ ਮਾਲਾ ਸਿੰਘ ਨੇ ਇਸ ਤੋਂ ਪੈਸੇ ਮੰਗਣੇ, ਇਸ ਨੇ ਹਮੇਸ਼ਾਂ ਹੀ ਟਾਲ-ਮਟੋਲਾ ਕਰ ਛਡਣਾ। ਇੱਕ ਦਿਨ ਭਾਈ ਮਾਲਾ ਸਿੰਘ ਭਾਈ ਲਹੌਰਾ ਸਿੰਘ ਦੇ ਘਰ ਪੈਸੇ ਮੰਗਣ ਗਿਆ ਤਾਂ ਇਸ ਨੇ ਪੈਸੇ ਵਾਪਸ ਮੋੜਨ ਤੋਂ ਬਿਲਕੁਲ ਇਨਕਾਰ ਹੀ ਕਰ ਦਿੱਤਾ। ਭਾਈ ਮਾਲਾ ਸਿੰਘ ਦੇ ਇਹ ਕਹਿਣ ਤੇ ਕਿ ਪੈਸੇ ਉਧਾਰ ਲੈ ਕੇ ਵਾਪਸ ਨਾ ਮੋੜਨੇ ਗੁਰਸਿੱਖ ਦਾ ਧਰਮ ਨਹੀਂ ਹੈ। ਭਾਈ ਮਾਲਾ ਸਿੰਘ ਦੀ ਇਹ ਗੱਲ ਸੁਣ ਕੇ ਭਾਈ ਲਹੌਰਾ ਸਿੰਘ ਨੇ ਆਪਣੀ ਗ਼ਲਤੀ ਮਹਿਸੂਸ ਕਰਨ ਦੀ ਥਾਂ ਸਗੋਂ ਉਲਟਾ ਇਹ ਕਿਹਾ ਕਿ ‘ਸਿੱਖ ਸਿੱਖ ਦਾ ਖਾਇ ਕਰਿ ਚਿੰਤਾ ਕਰੀਅਹਿ ਦੂਰ’। ਇਤਨਾ ਹੀ ਨਹੀਂ ਆਪਣੀ ਗ਼ਲਤੀ ਨੂੰ ਸਹੀ ਸਾਬਤ ਕਰਨ ਲਈ ਫਿਰ ਕਹਿਣ ਲੱਗਾ ‘ਲੇਖਾ ਕੋਇ ਨ ਪੁੱਛਸੀ ਜਾਂ ਗੁਰ ਬਖਸ਼ੰਦਾ’। (ਨੋਟ: ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪੰਗਤੀ ਇਉਂ ਹੈ: ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ) ਗੁਰੂ ਗੋਬਿੰਦ ਸਿੰਘ ਜੀ, ਜੋ ਇਨ੍ਹਾਂ ਦੀ ਗੱਲ ਬਾਤ ਸੁਣ ਰਹੇ ਸਨ, ਨੇ ਲਹੌਰਾ ਸਿੰਘ ਦਾ ਹੀ ਨਹੀਂ ਸਗੋਂ ਇਹੋ ਜਿਹੀ ਸੋਚ ਰੱਖਣ ਵਾਲੇ ਹਰੇਕ ਪ੍ਰਾਣੀ ਦੇ ਅਜਿਹੇ ਭਰਮ ਨੂੰ ਮਿਟਾਉਂਦਿਆਂ ਹੋਇਆਂ ਕਿਹਾ: ਸਹਜਿ ਸੁਭਾਇਕ ਆਪ ਹੀ ਸਤਿਗੁਰ ਕਹਯੋ ਸੁਨਾਇ। ਉੱਤਰ ਦੇ ਤੁਕ ਪ੍ਰਥਮ ਕੋ ਜਥਾ ਜੋਗ ਤਿਸ ਭਾਇ। ਖਾਵੈ ਖਰਚੁ ਨ ਦ੍ਰੋਹ ਕਰਿ ਰਹੀਐ ਬੰਦ ਹਜ਼ੂਰ। ਸਮਝ ਕਰਹੁ ਨਿਜ ਕ੍ਰਿਆ ਸਭਿ ਜਿਸ ਤੇ ਧਰਮ ਨ ਦੂਰ। ਜੈਸੇ ਕਰਮ ਕਰਤਾ ਕਰੈ ਤੈਸਾ ਗੁਰ ਭੁਗਤਾਇ: ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ (ਗੁਰ ਪ੍ਰਤਾਪ ਸੂਰਜ)
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰਬਾਣੀ ਵਿੱਚ ਇਸ ਗੱਲ ਦਾ ਕਈ ਥਾਈਂ ਵਰਣਨ ਆਇਆ ਹੈ ਕਿ ਗੁਰੂ ਆਪਣੀ ਚਰਨ-ਸ਼ਰਨ ਵਿੱਚ ਆਉਣ ਵਾਲੇ ਅਥਵਾ ਗੁਰੂ ਵਲੋਂ ਬਖਸ਼ਿਸ਼ ਕੀਤੀ ਹੋਈ ਜੀਵਨ-ਜੁਗਤ ਨੂੰ ਅਪਣਾਉਣ ਨਾਲ ਮਨੁੱਖ ਬੇਪਤ ਨਹੀਂ ਹੁੰਦਾ। ਗੁਰਬਾਣੀ ਵਿਚਲੇ ਇਸ ਭਾਵ ਨੂੰ ਸਮਝਣ ਲਈ ਗੁਰਬਾਣੀ ਵਿਚੋਂ ਹੀ ਇਸ ਭਾਵ ਨੂੰ ਸਮਝਣ ਦੀ ਲੋੜ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਇਸ ਗੱਲ ਦਾ ਵਰਣਨ ਹੈ ਕਿ ਗੁਰੂ ਆਪਣੀ ਚਰਨ-ਸ਼ਰਨ ਵਿੱਚ ਆਉਣ ਵਾਲੇ ਦੀ ਇੱਜ਼ਤ ਰੱਖਦਾ ਹੈ। ਇਸ ਦਾ ਕੋਈ ਗ਼ਲਤ ਭਾਵ ਨਾ ਸਮਝ ਲਵੇ, ਇਸ ਲਈ ਇਹ ਵੀ ਨਾਲ ਹੀ ਸਪਸ਼ਟ ਕਰ ਦਿੱਤਾ ਹੈ ਕਿ ਗੁਰੂ ਇੱਜ਼ਤ ਵਿਕਾਰਾਂ, ਮਾਇਆ ਦੇ ਮੋਹ ਆਦਿ ਤੋਂ ਰੱਖਦਾ ਹੈ। ਵਿਕਾਰਾਂ ਅਥਵਾ ਮਾਇਆ ਦੇ ਰੂਪ ਦਾ ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿਚੋਂ ਦੇਖਿਆ ਜਾ ਸਕਦਾ ਹੈ:
(ੳ) ਛਲੰ ਛਿਦ੍ਰੰ ਕੋਟਿ ਬਿਘਨੰ ਅਪਰਾਧੰ ਕਿਲਬਿਖ ਮਲੰ॥ ਭਰਮ ਮੋਹੰ ਮਾਨ ਅਪਮਾਨੰ ਮਦੰ ਮਾਯਾ ਬਿਆਪਿਤੰ॥ ਮ੍ਰਿਤ੍ਯ੍ਯੁ ਜਨਮ ਭ੍ਰਮੰਤਿ ਨਰਕਹ ਅਨਿਕ ਉਪਾਵੰ ਨ ਸਿਧ੍ਯ੍ਯਤੇ॥ (ਪੰਨਾ ੧੩੫੭) ਅਰਥ: (ਦੂਜਿਆਂ ਨੂੰ) ਧੋਖਾ (ਦੇਣਾ), (ਕਿਸੇ ਦੇ) ਐਬ (ਫਰੋਲਣੇ), (ਹੋਰਨਾਂ ਦੇ ਰਸਤੇ ਵਿਚ) ਕ੍ਰੋੜਾਂ ਰੁਕਾਵਟਾਂ (ਪਾਣੀਆਂ), ਵਿਕਾਰ, ਪਾਪ, ਭਟਕਣਾ, ਮੋਹ, ਆਦਰ, ਨਿਰਾਦਰੀ, ਅਹੰਕਾਰ— (ਜਿਨੑਾਂ ਲੋਕਾਂ ਨੂੰ ਇਹਨਾਂ ਤਰੀਕਿਆਂ ਨਾਲ) ਮਾਇਆ ਆਪਣੇ ਦਬਾਉ ਹੇਠ ਰੱਖਦੀ ਹੈ, ਉਹ ਜਨਮ ਮਰਨ ਵਿੱਚ ਭਟਕਦੇ ਰਹਿੰਦੇ ਹਨ, ਨਰਕ ਭੋਗਦੇ ਰਹਿੰਦੇ ਹਨ।
(ਅ) ਮਿਰਤ ਮੋਹੰ ਅਲਪ ਬੁਧ੍ਯ੍ਯੰ ਰਚੰਤਿ ਬਨਿਤਾ ਬਿਨੋਦ ਸਾਹੰ॥ ਜੌਬਨ ਬਹਿਕ੍ਰਮ ਕਨਿਕ ਕੁੰਡਲਹ॥ ਬਚਿਤ੍ਰ ਮੰਦਿਰ ਸੋਭੰਤਿ ਬਸਤ੍ਰਾ ਇਤ੍ਯ੍ਯੰਤ ਮਾਇਆ ਬ੍ਯ੍ਯਾਪਿਤੰ॥ (ਪੰਨਾ ੧੩੫੪) ਅਰਥ: ਹੋਛੀ ਮੱਤ ਵਾਲਾ ਮਨੁੱਖ ਨਾਸਵੰਤ ਪਦਾਰਥਾਂ ਦੇ ਮੋਹ ਵਿੱਚ ਲੀਨ ਰਹਿੰਦਾ ਹੈ, ਇਸਤ੍ਰੀ ਦੇ ਕਲੋਲ ਤੇ ਚਾਵਾਂ ਵਿੱਚ ਮਸਤ ਰਹਿੰਦਾ ਹੈ। ਜੁਆਨੀ, ਤਾਕਤ, ਸੋਨੇ ਦੇ ਕੁੰਡਲ (ਆਦਿਕ), ਰੰਗਾ-ਰੰਗ ਦੇ ਮਹਲ-ਮਾੜੀਆਂ, ਸੋਹਣੇ ਬਸਤ੍ਰ—ਇਹਨਾਂ ਤਰੀਕਿਆਂ ਨਾਲ ਉਸ ਨੂੰ ਮਾਇਆ ਵਿਆਪਦੀ ਹੈ (ਆਪਣਾ ਪ੍ਰਭਾਵ ਪਾਂਦੀ ਹੈ)।
ਇਨ੍ਹਾਂ ਉਪਰੋਕਤ ਫ਼ਰਮਾਨਾਂ ਵਿੱਚ ਮਾਇਆ ਅਥਵਾ ਵਿਕਾਰਾਂ ਦੇ ਅਨੇਕਾਂ ਰੂਪਾਂ ਵਿਚੋਂ ਕੁੱਝ ਕੁ ਦਾ ਵਰਣਨ ਕੀਤਾ ਹੈ। ਗੁਰਬਾਣੀ ਦੀ ਜੀਵਨ-ਜੁਗਤ ਅਨੁਸਾਰ ਇਨ੍ਹਾਂ ਵਿਕਾਰਾਂ ਦੇ ਢਹੇ ਚੜ੍ਹ ਕੇ ਅਰਥਾਤ ਇਹੋ ਜਿਹੇ ਕਰਮ ਕਰਨ ਵਾਲਾ ਮਨੁੱਖ ਆਪਣੀ ਪਤ ਗਵਾ ਦੇਂਦਾ ਹੈ। ਇਹ ਮਨੁੱਖ ਹੁੰਦਾ ਹੋਇਆ ਵੀ ਮਨੁੱਖਤਾ ਤੋਂ ਕੋਹਾਂ ਦੂਰ ਹੋ ਜਾਂਦਾ ਹੈ। ਦੈਵੀ ਗੁਣਾਂ ਦੀ ਸੰਪਤੀ ਤੋਂ ਸੱਖਣਾ ਆਤਮਕ ਮੌਤ ਦਾ ਸ਼ਿਕਾਰ ਹੋ ਕੇ ਜਾਂਦਾ ਹੈ। ਗੱਲ ਕੀ, ਅਜਿਹਾ ਮਨੁੱਖ ਰਾਜ ਮਾਲ ਆਦਿ ਵਿੱਚ ਮਸਤ ਹੋਇਆ ਬੇਸ਼ਰਮ ਹੋ ਕੇ ਨੱਚਣ ਲੱਗ ਪੈਂਦਾ ਹੈ: ਰਾਜਿ ਰੰਗੁ ਮਾਲਿ ਰੰਗੁ॥ ਰੰਗਿ ਰਤਾ ਨਚੈ ਨੰਗੁ॥ ਨਾਨਕ ਠਗਿਆ ਮੁਠਾ ਜਾਇ॥ ਵਿਣੁ ਨਾਵੈ ਪਤਿ ਗਇਆ ਗਵਾਇ॥ (ਪੰਨਾ ੧੪੩) ਗੁਰੂ ਸਿੱਖ ਨੂੰ ਅਜਿਹੀ ਸੋਝੀ ਬਖ਼ਸ਼ਸ਼ ਕਰਦਾ ਹੈ ਜਿਸ ਦੀ ਬਰਕਤ ਨਾਲ ਗੁਰੂ ਦੀ ਚਰਨ–ਸ਼ਰਨ ਵਿੱਚ ਆਉਣ ਵਾਲਾ ਇਨ੍ਹਾਂ ਵਿਕਾਰਾਂ ਤੋਂ ਆਪਣੇ ਆਪ ਨੂੰ ਉਪਰ ਉਠਾਉਣ ਵਿੱਚ ਕਾਮਯਾਬ ਹੁੰਦਾ ਹੈ। ਗੁਰਬਾਣੀ ਦੇ ਹੇਠ ਲਿਖੇ ਫ਼ਰਮਾਨਾਂ ਵਿਚੋਂ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:
(ੳ) ਗੁਰਿ ਪੂਰੈ ਮੇਰੀ ਰਾਖਿ ਲਈ॥ ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ॥ ੧॥ ਰਹਾਉ॥ ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ॥ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ॥ ੧॥ ਪੰਨਾ ੮੨੩) ਅਰਥ: (ਹੇ ਭਾਈ! ਵਿਕਾਰਾਂ ਦੇ ਟਾਕਰੇ ਤੇ) ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ। ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ, (ਉਸ ਨਾਮ ਦੀ ਬਰਕਤਿ ਨਾਲ) ਅਨੇਕਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਮੇਰੇ ਮਨ ਵਿਚੋਂ ਦੂਰ ਹੋ ਗਈ ਹੈ।੧।ਰਹਾਉ। ਹੇ ਭਾਈ! ਪੂਰੇ ਗੁਰੂ ਦਾ ਦੱਸਿਆ ਹੋਇਆ ਹਰਿ-ਨਾਮ ਦਾ ਜਾਪ ਜਦੋਂ ਤੋਂ ਮੈਂ ਜਪਣਾ ਸ਼ੁਰੂ ਕੀਤਾ ਹੈ, (ਕਾਮਾਦਿਕ) ਸਾਰੇ ਵੈਰੀ ਦੁਰਜਨ ਨੱਸ ਗਏ ਹਨ। ਮੇਰੇ ਪ੍ਰਭੂ ਦੀ ਬੜੀ ਤਾਕਤ ਹੈ, ਹੁਣ (ਇਹਨਾਂ ਵਿਚੋਂ) ਕੋਈ ਭੀ ਮੇਰਾ ਕੁਝ ਵਿਗਾੜ ਨਹੀਂ ਸਕਦਾ।੧।
(ਅ) ਹਉ ਬਲਿਹਾਰੀ ਸਤਿਗੁਰ ਪੂਰੇ॥ ਜਿਨਿ ਬੰਧਨ ਕਾਟੇ ਸਗਲੇ ਮੇਰੇ॥ ਹਿਰਦੈ ਨਾਮੁ ਦੇ ਨਿਰਮਲ ਕੀਏ ਨਾਨਕ ਰੰਗਿ ਰਸਾਲਾ ਜੀਉ॥ (ਪੰਨਾ ੯੯) ਅਰਥ: ਮੈਂ ਪੂਰੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ, ਉਸ ਨੇ ਮੇਰੇ ਸਾਰੇ ਮਾਇਆ ਦੇ ਬੰਧਨ ਤੋੜ ਦਿੱਤੇ ਹਨ। ਹੇ ਨਾਨਕ! ਗੁਰੂ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਦੇ ਕੇ ਪਵਿੱਤ੍ਰ ਜੀਵਨ ਵਾਲਾ ਬਣਾ ਦਿੱਤਾ, ਉਹ ਪ੍ਰਭੂ ਦੇ ਪ੍ਰੇਮ ਵਿੱਚ ਲੀਨ ਹੋ ਕੇ ਆਤਮਕ ਆਨੰਦ ਦਾ ਘਰ ਬਣ ਜਾਂਦੇ ਹਨ।
ਭਾਈ ਗੁਰਦਾਸ ਇਸ ਨੂੰ ਇਉਂ ਬਿਆਨ ਕਰਦੇ ਹਨ:
ਪਰਤਨ ਪਰਧਨ ਪਰਨਿੰਦ ਮੇਟਿ ਨਾਮੁ ਦਾਨੁ ਇਸਨਾਨੁ ਦਿੜਾਇਆ॥ ਗੁਰਮਤਿ ਮਨੁ ਸਮਝਾਇ ਕੈ ਬਾਹਰਿ ਜਾਂਦਾ ਵਰਜਿ ਰਹਾਇਆ॥ (ਵਾਰ ੨੯, ਪਉੜੀ ੨) ਅਰਥ:-ਪਰ ਇਸਤ੍ਰੀ, ਪਰਧਨ, ਪਰਾਈ ਨਿੰਦਾ ਦੇ ਵਿਕਾਰ ਨੂੰ ਮੇਟਕੇ ਨਾਮ ਦਾਨ, ਇਸ਼ਨਾਨ ਦੀ ਕ੍ਰਿਯਾ ਦ੍ਰਿੜ੍ਹ ਕਰਾਈ ਹੈ। ਗੁਰੂ ਦੀ ਸਿੱਖਿਆ ਨਾਲ ਮਨ ਨੂੰ ਸਮਝਾ ਕੇ ਵਿਸ਼ਿਆਂ ਵਿਖੇ ਭਟਕਦੇ ਨੂੰ ਅੰਤਰਮੁਖ ਕੀਤਾ ਹੈ।
ਧਿਆਨ ਰਹੇ ਕਿ ਗੁਰੂ ਆਪਣੀ ਚਰਨ-ਸ਼ਰਨ ਵਿੱਚ ਆਉਣ ਵਾਲੇ ਨੂੰ ਨਿਰਮਲ ਜੀਵਨ-ਜੁਗਤ ਦ੍ਰਿੜ ਕਰਾਉਂਦਾ ਹੈ। ਇਸ ਜੀਵਨ-ਜੁਗਤ ਨੂੰ ਕੇਵਲ ਮੰਨਣ, ਮੱਥਾ ਟੇਕਣ ਜਾਂ ਇਸ ਵਿੱਚ ਸ਼ਰਧਾ ਰੱਖਣ ਨਾਲ ਹੀ ਇਸ ਦੇ ਧਾਰਨੀ ਨਹੀਂ ਬਣ ਸਕੀਦਾ ਹੈ ਬਲਕਿ ਇਸ ਜੀਵਨ-ਜੁਗਤ ਨੂੰ ਅਪਣਾਉਣ ਨਾਲ ਹੀ ਇਸ ਦੇ ਧਾਰਨੀ ਬਣ ਸਕੀਦਾ ਹੈ। ਇਸ ਦੇ ਧਾਰਨੀ ਬਣਿਆਂ ਹੀ ਵਿਕਾਰਾਂ ਤੋਂ ਆਪਣੇ ਆਪ ਨੂੰ ਬਚਾਉਣ ਵਿੱਚ ਕਾਮਯਾਬ ਹੋ ਸਕੀਦਾ ਹੈ, ਮਨੁੱਖ ਦੀ ਪਤ ਰਹਿੰਦੀ ਹੈ। ਗੁਰਬਾਣੀ ਦੇ ਇਸ ਫ਼ਰਮਾਨ ਵਿੱਚ ਇਸ ਗੱਲ ਨੂੰ ਸਪਸ਼ਟ ਰੂਪ ਵਿੱਚ ਦਰਸਾਇਆ ਹੈ:
ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ॥ ਗੁਰ ਬਚਨੀ ਹਰਿ ਨਾਮੁ ਉਚਰੈ॥ ਸਤਿਗੁਰੁ ਸਿਖ ਕੇ ਬੰਧਨ ਕਾਟੈ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ॥ ਸਤਿਗੁਰੁ ਸਿਖ ਕਉ ਨਾਮ ਧਨੁ ਦੇਇ॥ ਗੁਰ ਕਾ ਸਿਖੁ ਵਡਭਾਗੀ ਹੇ॥ (ਪੰਨਾ ੨੮੬) ਅਰਥ: ਸਤਿਗੁਰੂ ਆਪਣੇ ਸਿੱਖ ਦੀ ਭੈੜੀ ਮਤਿ-ਰੂਪੀ ਮੈਲ ਦੂਰ ਕਰ ਦੇਂਦਾ ਹੈ, ਕਿਉਂਕਿ ਸਿੱਖ ਆਪਣੇ ਸਤਿਗੁਰੂ ਦੇ ਉਪਦੇਸ਼ ਦੀ ਰਾਹੀਂ ਪ੍ਰਭੂ ਦਾ ਨਾਮ ਸਿਮਰਦਾ ਹੈ। ਸਤਿਗੁਰੂ ਆਪਣੇ ਸਿੱਖ ਦੇ (ਮਾਇਆ ਦੇ ਵਿਕਾਰ ਰੂਪੀ) ਬੰਧਨ ਕੱਟ ਦੇਂਦਾ ਹੈ (ਅਤੇ) ਗੁਰੂ ਦਾ ਸਿੱਖ ਵਿਕਾਰਾਂ ਵਲੋਂ ਹਟ ਜਾਂਦਾ ਹੈ; (ਕਿਉਂਕਿ) ਸਤਿਗੁਰੂ ਆਪਣੇ ਸਿੱਖ ਨੂੰ ਪ੍ਰਭੂ ਦਾ ਨਾਮ-ਰੂਪੀ ਧਨ ਦੇਂਦਾ ਹੈ (ਤੇ ਇਸ ਤਰ੍ਹਾਂ) ਸਤਿਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ।
ਸੋ, ਗੁਰੂ ਵਲੋਂ ਪਤ ਰੱਖਣ ਤੋਂ ਭਾਵ ਕਿਸੇ ਮੰਦ ਕਰਮ ਜਾਂ ਮਨੁੱਖਤਾ ਨੂੰ ਕਲੰਕਤ ਕਰਨ ਵਾਲੇ ਕਿਸੇ ਕਰਮ ਤੇ ਪੜਦਾ ਪਾਉਣ ਤੋਂ ਨਹੀਂ ਹੈ। ਇਸ ਤੋਂ ਭਾਵ ਹੈ ਕਿ ਗੁਰੂ ਦੀ ਸ਼ਰਨ ਆਉਣ ਵਾਲਾ ਮਨੁੱਖ ਵਿਕਾਰਾਂ ਤੋਂ, ਮਾਇਆ ਦੇ ਮੋਹ ਆਦਿ ਤੋਂ ਰਹਿਤ ਹੋ ਕੇ ਪਵਿੱਤਰਤਾ ਦੀ ਜ਼ਿੰਦਗੀ ਜਿਊਣ ਵਿੱਚ ਸਫਲ ਹੁੰਦਾ ਹੈ।
.