.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੁਰਮਤ ਅਨੁਸਾਰ ਮੁਕਤੀ
ਭਾਗ ਪਹਿਲਾ

ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਮੁਕਤ’ ਸ਼ਬਦ ਵੱਖ ਵੱਖ ਰੂਪਾਂ ਵਿੱਚ ਆਇਆ ਹੈ। ਸਭ ਤੋਂ ਪਹਿਲਾਂ ਤਤਾ ਮੁਕਤ ਵਾਲਾ ਹੀ ‘ਮੁਕਤ’ ਸ਼ਬਦ ਦੇਖਦੇ ਹਾਂ ਇਹ ਸ਼ਬਦ ਲਗ-ਪਗ ਸੋਲ਼੍ਹਾਂ ਵਾਰ ਆਇਆ ਹੈ।
ਦੂਸਰੀ ਪ੍ਰਕਾਰ ਦਾ ‘ਮੁਕਤੁ’ ਜੋ ਤਤੇ ਨੂੰ ਔਂਕੜ ਨਾਲ ਆਇਆ ਹੈ ਉਹ ਤ੍ਰਿਵੰਜਾ ਵਾਰ ਆਇਆ ਹੈ।
ਤੀਜੀ ਪ੍ਰਕਾਰ ਦਾ ‘ਮੁਕਤਿ’ ਸ਼ਬਦ ਤਤੇ ਨੂੰ ਸਿਾਹਰੀ ਵਾਲਾ ਆਇਆ ਹੈ ਜੋ ਦੋ ਸੌ ਛਿਆਹਠ ਵਾਰ ਆਇਆ ਹੈ।
ਚੌਥੀ ਪ੍ਰਕਾਰ ਦਾ ‘ਮੁਕਤਿ’ ਸ਼ਬਦ ਤਤੇ ਨੂੰ ਬਿਹਾਰੀ ਵਾਲਾ ਹੈ ਜੋ ਕੇਵਲ ਛੇ ਵਾਰ ਆਇਆ ਹੈ।
ਮਹਾਨ ਕੋਸ਼ ਵਿੱਚ ਭਾਈ ਕਾਹਨ ਸਿੰਘ ਜੀ ਨਾਭਾ ਨੇ ਮੁਕਤਿ ਸ਼ਬਦ ਦੇ ਅਰਥ ਇੰਜ ਕੀਤੇ ਹਨ—
ਮੁਕਤਿ ਸੰਗਯਾ ਹੈ—ਛੁਟਕਾਰਾ ਰਿਹਾਈ, ਇਸ ਦਾ ਮੂਲ ਮੁਚੁ ਧਾਤ ਹੈ “ਹਉਮੈ ਪੈਖੜੁ ਤੇਰੇ ਮਨੈ ਮਾਹਿ॥ ਹਰਿ ਨ ਚੇਤਹਿ ਮੂੜੇ ਮੁਕਤਿ ਜਾਹਿ”। ਬਸੰਤ ਮਹਲਾ ੧ ਪੰਨਾ ੧੧੮੯ ਤਾਂ ਕਿ ਛੁੱਟ ਜਾਵੇਂ।
੨ ਅਵਿਦਿਆ ਦੇ ਬੰਧਨਾਂ ਤੋਂ ਛੁਟਕਾਰਾ, ਕਲੇਸ਼ ਤੋਂ ਰਿਹਾਈ “ਮੁਕਤਿ ਪਾਈਐ ਸਾਧ ਸੰਗਤਿ ਬਿਨਸਿ ਜਾਇ ਅੰਧਾਰੁ” ਧਨਾਸਰੀ ਮਹਲਾ ੫ ਪੰਨਾ ੬੭੫
ਮਤਾਂ ਦੇ ਭੇਦ ਕਰਕੇ ਮੁਕਤੀ ਦੇ ਸਰੂਪ ਵੀ ਜੁਦੇ ਜੁਦੇ ਹਨ—
(ੳ) ਨਿਯਾਯ ਸ਼ਾਸਤ੍ਰ ਅਨੁਸਾਰ ਸਰੀਰ ਮਨ ਸਮੇਤ ਛੀ ਇੰਦ੍ਰੀਆਂ, ਇੰਦ੍ਰੀਆਂ ਦੇ ਛੀ ਵਿਸ਼ੇ, ਇੰਦ੍ਰੀਆਂ ਦੇ ਛੀ ਗਯਾਨ, ਸੁੱਖ ਦੁੱਖ, ਇਹਨਾਂ ਇੱਕੀਆਂ ਦੁੱਖਾਂ ਦਾ ਜੋ ਨਾਸ਼ ਹੋ ਜਾਣ ਹੈ, ਇਹ ਮੁਕਤਿ ਹੈ।
(ਅ) ਵੈਸ਼ੇਸ਼ਕ ਮਤ ਅਨੁਸਾਰ ਜੀਵ ਆਤਮਾ, ਨੌ ਗੁਣ (ਗਿਆਨ, ਸੁੱਖ, ਦੁੱਖ, ਇੱਛਾ, ਦਵੈਸ਼, ਪ੍ਰਯਤਨ, ਧਰਮ, ਅਧਰਮ ਅਤੇ ਭਾਵਨਾ) ਧਾਰਨ ਵਾਲਾ ਵਿਆਪਕ ਹੈ, ਵਿਚਾਰ ਅਤੇ ਅਭਿਆਸ ਨਾਲ ਨੌਂ ਗੁਣਾਂ ਤੋਂ ਜੀਵਾਤਮਾ ਦਾ ਅਸੰਗ ਹੋ ਜਾਣਾ ਮੁਕਤਿ ਹੈ।
(ੲ) ਪ੍ਰਕ੍ਰਿਤਿ ਅਤੇ ਪੁਰਸ਼ ਦਾ ਭਿੰਨ ਭਿੰਨ ਗਿਆਨ ਹੋਣ ਤੋਂ ਆਧਯਾਤਮਿਕ, ਆਧਿਭੌਤਿਕ ਅਤੇ ਆਧਿਦੈਵਕ ਤਿੰਨ ਪ੍ਰਕਾਰ ਦੇ ਦੁੱਖਾਂ ਦਾ ਪੂਰੀ ਤਰ੍ਹਾਂ ਹੱਟ ਜਾਣਾ, ਸਾਂਖਯਮਤ ਦੀ ਮੁਕਤਿ ਹੈ।
(ਸ) ਯੋਗਮਤ ਅਨੁਸਾਰ ਅਵਿਦਿਯਾ ਆਦਿ ਪੰਜ ਕਲੇਸ਼ਾਂ ਦਾ ਨਾਂ ਸਮਾਧਿ ਅਤੇ ਅਭਯਾਸ ਦੁਵਾਰਾ ਮਿਟ ਜਾਣਾ ਅਤੇ ਜੀਵਾਤਮਾ ਨੂੰ ਸਵਤੰਤ੍ਰਤਾ ਦੀ ਪ੍ਰਾਪਤੀ ਹੋਣੀ ਮੁਕਤਿ ਹੈ।
(ਹ) ਅਗਨਿਹੋਤ੍ਰ ਜਪ ਦਾਨ ਆਦਿ ਕਰਮਾਂ ਤੋਂ ਅਖੈ ਸੁਰਗ ਸੁਖ ਦੀ ਪ੍ਰਾਪਤੀ, ਮੀਮਸਾਂ ਮਤ ਦੀ ਮੁਕਤਿ ਹੈ।
(ਕ) ਆਤਮਗਯਾਨ ਦੁਵਾਰਾ ਅਵਿਦਿਆ ਦੀ ਉਪਾਧੀ ਦੂਰ ਕਰਕੇ ਜੀਵ ਦਾ ਬ੍ਰਹਮ ਨਾਲ ਅਭੇਦ ਹੋਣਾ, ਵੇਦਾਂਤ ਮਤ ਦੀ ਮੁਕਤਿ ਹੈ।
(ਖ) ਸ਼ੈਵ ਵੈਸ਼ਨਵ ਆਦਿ ਮਤਾਂ ਦੀ ਮੁਕਤਿ ਹੈ ਕਿ ਆਪਣੇ ਆਪਣੇ ਇਸ਼ਟ ਦੇਵਤਾ ਦਾ ਪੂਜਨ ਧਯਾਨ ਕਰਨ ਤੋਂ ਉਪਾਸਯ ਦੇਵਤਾ ਲੋਕ ਵਿੱਚ ਜਾ ਕੇ ਅਖੈ ਸੁੱਖ ਭੋਗਣੇ।
(ਗ) ਜੈਨ ਮਤ ਅਨੁਸਾਰ ਤਪ ਅਹਿੰਸਾ ਆਦਿ ਕਰਮ ਕਰਨ ਤੋਂ ਕਰਮਾਂ ਦੇ ਬੰਧਨਾਂ ਦਾ ਅਭਾਵ ਹੋਣਾ ਤੇ ਜੀਵ ਦਾ ਉੱਚੇ ਲੋਕ ਵਿੱਚ ਲਗਾਤਾਰ ਚਲੇ ਜਾਣਾ ਅਤੇ ਮੁੜ ਹੇਠਾਂ ਨਾ ਆਉਣਾ ਹੀ ਮੁਕਤਿ ਹੈ।
(ਘ) ਇਸਲਾਮ ਮਤ ਅਨੁਸਾਰ ਕੁਰਾਨ ਸ਼ਰੀਫ ਦੇ ਵਚਨਾ ਤੇ ਅਮਲ ਕਰਨਾ ਅਤੇ ਨਮਾਜ਼ ਰੋਜ਼ੇ ਆਦਿ ਪੰਜ ਨਿਯਮਾਂ ਦੇ ਪੱਕੇ ਰਹਿਣਾ, ਪੈਗੰਬਰ ਮੁਹੰਮਦ ਤੇ ਨਿਸ਼ਚਾ ਰੱਖਣਾ, ਇਸ ਤੋਂ ਕਯਾਮਤ ਦੇ ਦਿਨ ਦੇ ਫੈਸਲੇ ਅਨੁਸਾਰ ਹਮੇਸ਼ਾਂ ਲਈ ਬਹਿਸ਼ਤ ਦੀ ਪ੍ਰਾਪਤੀ ਮੁਕਤੀ ਹੈ।
ਸੂਫ਼ੀ ਮੁਸਲਮਾਨ ਪਰਮਾਤਮਾ ਵਿੱਚ ਰੂਹ ਦੇ ਮਿਲਾਪ ਨੂੰ ਮੁਕਤਿ ਮੰਨਦੇ ਹਨ। ਇਹ ਮਤ ਵੇਦਾਂਤ ਨਾਲ ਹੀ ਜਾ ਮਿਲਦਾ ਹੈ।
(ਙ) ਈਸਾਈ ਮਤ ਅਨੁਸਾਰ ਖੁਦਾ ਦੇ ਪੁੱਤਰ ਹਜ਼ਰਤ ਈਸਾ ਤੇ ਪੂਰਾ ਭਰੋਸਾ ਕਰਨ ਤੋਂ ਪਾਪਾਂ ਤੋਂ ਛੁਟਕਾਰਾ ਅਤੇ ਅਖੈਜੀਵਨ ਪਾਉਣਾ ਮੁਕਤਿ ਹੈ। ਉਹਨਾਂ ਦਾ ਖ਼ਿਆਲ ਹੈ ਕਿ ਕੋਈ ਆਦਮੀ ਬਿਨਾ ਪਾਪ ਨਹੀਂ ਅਰ ਪਾਪ ਦਾ ਫਲ ਮੌਤ ਹੈ। ਪੈਗੰਬਰ ਈਸਾ ਨੇ ਆਪਣੇ ਪ੍ਰਾਣ ਦੇ ਕੇ ਲੋਕਾਂ ਦੇ ਪਾਪਾਂ ਦਾ ਪ੍ਰਾਯਸ਼ਚਿੱਤ ਕੀਤਾ ਹੈ ਜੋ ਉਸ ਤੇ ਈਮਾਨ ਲਿਆਉਣਗੇ, ਉਹ ਪਾਪਾਂ ਤੋਂ ਛੁਟਕਾਰਾ ਪਾਉਣਗੇ ਅਤੇ ਅਵਿਨਾਸ਼ੀ ਜੀਵਨ ਪ੍ਰਾਪਤ ਕਰਨਗੇ।
(ਚ) ਬੁੱਧਮਤ ਅਨੁਸਾਰ ਅੱਠ ਸ਼ੁਭ ਗੁਣਾਂ ਦੇ ਧਾਰਨ ਤੋਂ ਸਰਵ ਇੱਛਾ ਦਾ ਤਯਾਗ ਹੋਣ ਤੇ ਨਿਰਵਾਣਪਦ ਦੀ ਮੁਕਤਿ ਹੈ। ਇਸ ਨੂੰ ਅਸਟ ਮਾਰਗ ਵੀ ਕਹਿੰਦੇ ਹਨ—ਸਦ ਵਿਸ਼ਵਾਸ, ਸਦ ਵਿਚਾਰ, ਸਦ ਵਾਕਿਆ, ਸਦ ਕਰਮ, ਸਦ ਜੀਵਨ, ਸਦ ਪ੍ਰਯਤਨ, ਸਦ ਚਿੰਤਨ ਤੇ ਸਦ ਧਿਆਨ।
(ਛ) ਸਿੱਖ ਮਤ ਦੀ ਮੁਕਤਿ ਹੈ-- ਗੁਰਮੁਖਾਂ ਦੀ ਸੰਗਤ ਦੁਆਰਾ ਨਾਮ ਦੇ ਤੱਤਵ ਅਤੇ ਅਭਿਆਸ ਦੇ ਪ੍ਰਕਾਰ ਨੂੰ ਜਾਣ ਕੇ ਸਿਰਜਣਹਾਰ ਨਾਲ ਲਿਵ ਦਾ ਜੋੜਨਾ, ਹੌਮੇ ਤਯਾਗ ਕੇ ਪਰੋਪਕਾਰ ਕਰਨਾ ਅੰਤਹਕਰਣ ਨੂੰ ਅਵਿਦਿਯਾ ਅਤੇ ਭਰਮ ਜਾਲ ਤੇ ਸਰੀਰ ਨੂੰ ਅਪਿਵੱਤ੍ਰਤਾ ਤੋਂ ਪਾਕ ਰੱਖਣਾ, ਅਰਥਾਤ ਨਾਮ ਦਾਨ ਇਸ਼ਨਾਨ ਦਾ ਸੇਵਨ ਕਰਨਾ—
ਉੱਪਰ ਲਿਖੇ ਮੁਕਤਿ ਦੇ ਸਾਧਨਾਂ ਦਾ ਗੁਰਬਾਣੀ ਵਿੱਚ ਇਉਂ ਵਰਣਨ ਹੈ---
ਕਰਮ ਧਰਮ ਕਰਿ ਮੁਕਤਿ ਮੰਗਾਹੀ॥ ਮੁਕਤਿ ਪਦਾਰਥੁ ਸਬਦਿ ਸਲਾਹੀ॥
ਬਿਨੁ ਗੁਰ ਸਬਦੈ ਮੁਕਤਿ ਨ ਹੋਈ ਪਰਪੰਚੁ ਕਰਿ ਭਰਮਾਈ ਹੇ॥
ਮਾਰੂ ਸਹਲੇ ਮਹਲਾ ੧ ਪੰਨਾ ੧੦੨੪
ਅਰਥ----ਸਿਰਜਣਹਾਰ ਨੇ ਇਹ ਜਗਤ-ਰਚਨਾ ਕਰ ਕੇ ਜੀਵਾਂ ਨੂੰ ਅਜਬ ਭੁਲੇਖੇ ਵਿੱਚ ਪਾਇਆ ਹੋਇਆ ਹੈ ਕਿ (ਦਾਨ-ਪੁੰਨ ਤੀਰਥ ਆਦਿਕ) ਕਰਮ ਕਰ ਕੇ ਮੁਕਤੀ ਮੰਗਦੇ ਹਨ । ਪਰ ਮੁਕਤੀ ਦੇਣ ਵਾਲਾ ਨਾਮ-ਪਦਾਰਥ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਹੀ ਮਿਲਦਾ ਹੈ । (ਇਹ ਪੱਕੀ ਗੱਲ ਹੈ ਕਿ ਸਮੇ ਦਾ ਨਾਮ ਚਾਹੇ ਸਤਜੁਗ ਰੱਖ ਲਵੋ ਚਾਹੇ ਤ੍ਰੇਤਾ ਤੇ ਚਾਹੇ ਦੁਆਪੁਰ) ਗੁਰੂ ਦੇ ਸ਼ਬਦ ਤੋਂ ਬਿਨਾ ਮੁਕਤੀ ਨਹੀਂ ਮਿਲ ਸਕਦੀ ।
ਭਾਰਤੀ ਸਭਿਆਚਾਰ ਅਨੁਸਾਰ ਧਰਮ ਦੇ ਨਾਂ `ਤੇ ਕਰਮ ਕਰਨ ਨਾਲ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਜਿਸ ਤਰ੍ਹਾਂ ਤੀਰਥਾਂ `ਤੇ ਇਸ਼ਨਾਨ ਕਰਨਾ, ਵਰਤ ਰੱਖਣੇ, ਚਲੀਹੇ ਕੱਟਣੇ, ਦਾਨ ਦੇਣਾ ਜਾਂ ਵੱਖ ਵੱਖ ਦੇਵਤਿਆਂ ਦੇ ਮੰਤ੍ਰਾਂ ਦਾ ਜਾਪ ਕਰਨ ਨਾਲ ਮੁਕਤੀ ਪ੍ਰਾਪਤੀ ਦੱਸੀ ਜਾਂਦੀ ਰਹੀ ਹੈ। ਫੋਕਟ ਦੇ ਕਰਮ ਕਰਨ ਨਾਲ ਗੁਰਮਤ ਸਹਿਮਤ ਨਹੀਂ ਹੁੰਦੀ। ਇਹ `ਤੇ ਸ਼ਬਦ ਦੇ ਉਪਦੇਸ਼ ਅਨੁਸਾਰ ਜੀਵਨ ਬਤੀਤ ਕਰਨ ਵਿੱਚ ਹੀ ਭਲਾ ਸਮਝਦੀ ਹੈ। ਜੇ ਅਸੀਂ ਔਖਿਆਂ ਹੋ ਕੇ ਧਰਮ ਦੇ ਨਾਂ `ਤੇ ਕਰਮ ਨਿਭਾਅ ਰਹੇ ਹਾਂ ਪਰ ਮਨ ਵਿਚੋਂ ਹੰਕਾਰ ਛੱਡਣ ਲਈ ਤਿਆਰ ਨਹੀਂ ਹਾਂ ਤਾਂ ਅਸੀਂ ਕਦੇ ਵੀ ਆਪਣੇ ਜੀਵਨ ਵਿੱਚ ਸਹਿਜ ਅਵਸਥਾ ਪ੍ਰਾਪਤ ਨਹੀਂ ਕਰ ਸਕਦੇ।
(ਜ) ਹੋਰ ਚਾਰ ਵਾਕ ਆਦਿ ਅਨੰਤਮਤ ਹਨ, ਜਿੰਨ੍ਹਾਂ ਦੀਆਂ ਮੁਕਤੀਆਂ ਅਨੇਕ ਹਨ। ਮੁਕਤਿ ਵਿਸ਼ਯ ਸਭ ਦਾ ਸਿਧਾਂਤ ਵਿਚਾਰੀਏ ਤਾਂ ਦੁਖਾਂ ਤੋਂ ਛੁਟਕਾਰਾ ਅਤੇ ਅਨੰਦ ਦੀ ਪ੍ਰਾਪਤੀ ਹੀ ਮੁਕਤਿ ਸਿੱਧ ਹੁੰਦੀ ਹੈ।
ਡਾਕਟਰ ਗੁਰਸ਼ਰਨਜੀਤ ਸਿੰਘ ਜੀ ਨੇ ਇੱਕ ਜਗ੍ਹਾ ਬੜਾ ਪਿਆਰਾ ਲਿਖਿਆ ਹੈ। ਧਰਮ ਦਾ ਅੰਤਮ ਮਨੋਰਥ ਮੁਕਤੀ ਹੈ। ਮੁਕਤੀ ਤੋਂ ਭਾਵ ਛੁਟਕਾਰਾ ਹੈ। ਇਹ ਮੰਨਿਆਂ ਜਾਂਦਾ ਹੈ ਕਿ ਜੀਵ ਅਗਿਆਨਤਾ ਕਾਰਣ ਵਿਸ਼ੇ-ਵਿਕਾਰਾਂ ਅਤੇ ਮਾਇਆ ਦੇ ਬੰਧਨ ਵਿੱਚ ਫਸ ਜਾਂਦਾ ਹੈ। ਇਹ ਬੰਧਨ ਹੀ ਮਨੁੱਖ ਦੀ ਅਸਲ ਸਮੱਸਿਆ ਹੈ। ਇਸ ਬੰਧਨ ਤੋਂ ਮੁਕਤ ਹੋ ਕੇ ਜੀਵਨ ਮਨੋਰਥ ਨੂੰ ਪ੍ਰਾਪਤ ਕਰਨਾ ਹੈ।
ਗੁਰਮਤ ਵਿੱਚ ਬੰਦ ਖਲਾਸੀ, ਮੋਖ, ਪਰਮ ਪਦ, ਚੌਥਾ ਪਦ, ਨਿਰਭਉ ਪਦ, ਚੌਥਾ ਪਦ, ਨਿਰਭਉ ਪਦ, ਤੁਰੀਆ ਅਵਸਥਾ, ਅਮਰ ਪਦ, ਨਿਰਵਾਣ ਪਦ, ਆਦਿ ਸਾਰੇ ਸ਼ਬਦ ਮੁਕਤੀ ਦੇ ਲਖਾਇਕ ਹਨ। ਅਮਰਤਾ ਗੁਰਮਤ ਦਾ ਅਦਰਸ਼ ਨਹੀਂ। ਮੌਤ ਦਾ ਭੈਅ ਸਿੱਖ ਨੂੰ ਹੋ ਨਹੀਂ ਸਕਦਾ। ਆਵਾ ਗਉਣ ਅਤੇ ਨਰਕ ਸਵਰਗ ਦੇ ਬਚਾ ਵਾਲੀ ਮੁਕਤੀ ਸਿੱਖ ਦਾ ਅਦਰਸ਼ ਨਹੀਂ ਹੈ।
ਆਮ ਕਰਕੇ ਮੁਕਤੀ ਦੋ ਪ੍ਰਕਾਰ ਦੀ ਮੰਨੀ ਗਈ ਹੈ—
੧ ਮੌਤ ਉਪਰੰਤ ਮੁਕਤੀ ਭਾਵ ਵਿਦੇਹ ਮੁਕਤੀ
੨ ਜੀਵਨ ਦੌਰਾਨ ਭਾਵ ਜੀਵਨ ਮੁਕਤ
ਗੁਰਬਾਣੀ ਵਿੱਚ ਇਹਨਾਂ ਦੋਹਾਂ ਹੀ ਤਰ੍ਹਾਂ ਦੀ ਮੁਕਤ ਦੇ ਹਵਾਲੇ ਮਿਲ ਜਾਂਦੇ ਹਨ। ਮੌਤ ਉਪਰੰਤ ਮੁਕਤੀ ਵਿੱਚ ਨਰਕ ਸਵਰਗ ਅਤੇ ਆਵਾ ਗਉਣ ਦੀ ਚਰਚਾ ਹੋਈ ਹੈ। ਇਹ ਕੇਵਲ ਪ੍ਰਤੀਕ ਹਨ, ਅਦਰਸ਼ ਨਹੀਂ। ਸਗੋਂ ਇਸ ਤਰ੍ਹਾਂ ਦੀ ਮੁਕਤੀ ਦਾ ਖੰਡਨ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ ਹੈ—
ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥
ਮਹਲਾ ੫ ਪੰਨਾ ੫੩੪
ਗੁਰਮਤ ਨੇ ਪੁਰਾਣੀ ਪ੍ਰੰਪਰਾ ਵਿੱਚ ਜਿਸ ਮੁਕਤੀ ਦੀ ਗੱਲ ਕੀਤੀ ਗਈ ਹੈ ਉਸ ਨੂੰ ਰੱਦ ਕੀਤਾ ਹੈ। ਇਸ ਦੀ ਥਾਂ ਪ੍ਰਭੂ ਨਾਲ ਅਭੇਦ ਹੋਣਾ ਹੀ ਸ੍ਰੇਸ਼ਠ ਮੰਨਿਆ ਹੈ। ਗੁਰਮਤ ਨੇ ਜਿਸ ਮੁਕਤੀ ਨੂੰ ਬਣਾਇਆ ਹੈ ਉਹ ਜੀਵਨ ਮੁਕਤੀ ਹੈ। ਇਸ ਮੁਕਤੀ ਨੂੰ ਪ੍ਰਾਪਤ ਕਰਨ ਵਿੱਚ ਨੈਤਿਕਤਾ, ਨਾਮ ਸਿਮਰਣ ਦਾ ਅਭਿਆਸ (ਭਾਵ ਰੱਬੀ ਗੁਣਾਂ ਦਾ ਹਰ ਵੇਲੇ ਅਭਿਆਸ ਕਰਦੇ ਰਹਿਣਾ) ਸੰਗਤ, ਸੇਵਾ, ਅਤੇ ਕੁਰਬਾਨੀ ਦਾ ਬਹੁਤ ਮਹੱਤਵ ਹੈ। ਗੁਰੂ ਦੇ ਦੱਸੇ ਰਾਹ `ਤੇ ਚੱਲ ਕੇ ਪ੍ਰਭੂ ਨਲ ਅਭੇਦ ਹੋਣ ਨਾਲ ਮਨੁੱਖ ਪਰਉਪਕਾਰ ਵਿੱਚ ਲੱਗ ਜਾਂਦਾ ਹੈ।
ਆਪ ਮੁਕਤੀ ਪ੍ਰਾਪਤ ਕਰਕੇ, ਦੂਜਿਆਂ ਦੇ ਕਲਿਆਣ ਲਈ ਯਤਨ ਕਰਨਾ ਗੁਰਮਤ ਵਿੱਚ ਆਦਰਸ਼ ਹੈ। ਇਸ ਕਰਕੇ ਸਿੱਖ ਨੂੰ ਜੰਗਲ਼ਾਂ-ਪਹਾੜਾਂ ਵਿੱਚ ਜਾ ਕੇ ਭਗਤੀ ਕਰਨ ਦੀ ਲੋੜ ਨਹੀਂ, ਗ੍ਰਹਿਸਤ ਤਿਆਗਣ ਦੀ ਲੋੜ ਨਹੀਂ ਅਤੇ ਕਿਰਤ ਕਰਦਿਆਂ, ਗੁਰੂ ਦੇ ਸ਼ਬਦ ਅਨੁਸਾਰ ਜੀਵਨ ਗੁਜ਼ਾਰਨ ਨੂੰ ਕਿਹਾ ਹੈ।
ਇਸ ਮੁਕਤੀ ਨੂੰ ਪ੍ਰਾਪਤ ਕਰਨ ਲਈ ਕਿਸੇ ਪ੍ਰਾਣਾ ਯਾਮ ਜਾਂ ਕੁੰਡਲਨੀ ਦੇ ਅਭਿਆਸ ਦੀ ਲੋੜ ਨਹੀਂ। ਇਹ ਸਿੱਖ ਨੂੰ ਸਹਿਜ ਪ੍ਰਾਪਤੀ ਹੁੰਦੀ ਹੈ। ਅਫਸੋਸ ਹੈ ਕਿ ਸਾਡੇ ਹਰ ਸੰਕਲਪ ਦੀ ਵਿਆਖਿਆ ਵੇਦਾਂਤ ਅਤੇ ਯੋਗ ਮਤ ਦੇ ਅਨੁਸਾਰ ਹੋਣ ਲੱਗ ਪਈ ਹੈ। ਅਸੀਂ ਗਲਤ ਧਾਰਣਾ ਬਣਾ ਲਈ ਹੈ ਕਿ ਵੇਦਾਂਤ ਹੀ ਗੁਰਮਤ ਦਾ ਮੂਲ ਹੈ। ਇਸ ਤਰ੍ਹਾਂ ਤਾਂ ਅਸੀਂ ਆਪ ਹੀ ਸਿੱਖੀ ਨੂੰ ਹਿੰਦੂ ਧਰਮ ਦੇ ਮਹਾਂ ਬੋਹੜ ਦੀ ਇੱਕ ਸ਼ਾਖਾ ਸਿੱਧ ਕਰਦੇ ਜਾ ਰਹੇ ਹਾਂ। ਬ੍ਰਹਾਮਣ ਦੀਆਂ ਜੜ੍ਹਾਂ ਬਹੁਤ ਗਹਿਰੀਆਂ ਹੋਣ ਕਰਕੇ ਗੁਰਬਾਣੀ ਵਿਆਖਿਆ ਨੂੰ ਇਸ ਦੇ ਪ੍ਰਭਾਵ ਤੋਂ ਮੁਕਤ ਕਰਨ ਲਈ ਅਜੇ ਕਾਫ਼ੀ ਸਮਾਂ ਲੱਗਣਾ ਹੈ।
ਗੁਰਬਾਣੀ ਸਾਨੂੰ ਸਮਾਜਕ ਕੁਰੀਤੀਆਂ, ਧਾਰਮਕ ਅੰਧਵਿਸ਼ਵਾਸ ਤੇ ਬੇ-ਲੋੜੇ ਰਸਮਾਂ ਤੋਂ ਮੁਕਤੀ ਦਿਵਾਉਂਦੀ ਹੈ। ਅਫਸੋਸ ਹੈ ਕਿ ਜਿਹੜੀਆਂ ਰਸਮਾਂ ਗੁਰਮਤ ਨਿਕਾਰਦੀ ਹੈ ਅੱਜ ਉਹ ਹੀ ਸਾਡੇ ਘਰ ਵਿੱਚ ਪ੍ਰਧਾਨ ਹਨ। ਅਸੀਂ ਮੁਕਤ ਨਹੀਂ ਹੋਏ ਸਗੋਂ ਅੱਗੇ ਨਾਲੋਂ ਵੀ ਜ਼ਿਆਦਾ ਪੁਜਾਰੀਆਂ ਦੀਆਂ ਰਸਮਾਂ ਵਿੱਚ ਗ਼ੁਲਾਮ ਹੁੰਦੇ ਦਿਸ ਰਹੇ ਹਾਂ। ਇੰਜ ਲੱਗ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਵਲੋਂ ਵਰਤਮਾਨ ਜੀਵਨ ਵਿੱਚ ਸਚਿਆਰ ਦੇ ਅਦਰਸ਼ ਨੂੰ ਭੁੱਲ ਕੇ ਬ੍ਰਹਾਮਣੀ ਕਰਮ ਕਾਂਡ ਵਾਲੀ ਮੁਕਤੀ ਦੀ ਭਾਲ ਵਿੱਚ ਅਸੀਂ ਲੱਗੇ ਹੋਏ ਹਾਂ। ਮਰਨ ਉਪਰੰਤ ਵਾਲੀ ਮੁਕਤੀ ਲਈ, ਸਿਮਰਣ ਦੇ ਨਾਂ `ਤੇ ਕਿਤੇ ਕੂਕਾਂ ਵੱਜ ਰਹੀਆਂ ਹਨ, ਕਿਤੇ ਚਿਮਟੇ ਖੜਕ ਰਹੇ ਹਨ ਜਨੀ ਕਿ ਇਸ ਜੀਵਨ ਨੂੰ ਬੇ ਲੋੜੇ ਕਰਮ ਕਾਂਡਾਂ ਨਾਲ ਭਰ ਲਿਆ ਹੈ।
.