.

ਆਤਮਾ ਅਤੇ ਆਤਮਕ ਅਵਸਥਾ

(ਭਾਗ-੨)

ਪ੍ਰਿੰਸੀਪਲ ਗਿ: ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਇਸ ਦਾ ਪਹਿਲਾ ਭਾਗ ਜ਼ਰੂਰ ਪੜੋ ਜੀ)

ਜਦਕਿ ਗੁਰਮੱਤ ਵੀ ਭਿੰਨ ਭਿੰਨ ਜੂਨਾਂ, ਜਨਮ-ਮਰਣ ਵਾਲੇ ਵਿਸ਼ਵਾਸ ਤੇ ਕਰਮ ਫ਼ਿਲਾਸਫ਼ੀ `ਚ ਪੂਰਾ ਯਕੀਣ ਰਖਦੀ ਹੈ ਪਰ ਉਹ ਸਭ ਵਿਸ਼ਵਾਸ ਨਿਰੋਲ ਗੁਰਬਾਣੀ ਆਧਾਰਤ ਤੇ ਬਿਲਕੁਲ ਨਿਵੇਕਲਾ ਵਿਸ਼ਾ ਹੈ। ਇਸ ਲਈ ਉਸ ਨੂੰ ਕੇਵਲ ਗੁਰਬਾਣੀ `ਚੌਂ ਹੀ ਸਮਝਿਆ ਜਾ ਸਕਦਾ ਹੈ, ਬਾਹਰੋਂ ਕਿਧਰੋਂ ਵੀ ਨਹੀਂ। ਇਸ ਲਈ ਉਸ ਵੇਰਵੇ `ਚ ਜਾਣ ਲਈ ਇਸ ਪੱਖੌ, ਪੂਰੀ ਤਰ੍ਹਾਂ ਗੁਰਬਾਣੀ ਸੋਝੀ ਦੀ ਵੀ ਲੋੜ ਹੈ।

ਫ਼ਿਰ ਵੀ ਜੇਕਰ ਇਸ ਬਾਰੇ ਗੁਰਮੱਤ ਪੱਖੋਂ ਬਿਲਕੁਲ ਥੋੜੇ ਲਫ਼ਜ਼ਾਂ `ਚ ਤੇ ਇਸ਼ਾਰੇ ਮਾਤ੍ਰ ਹੀ ਗੱਲ ਕਰਣੀ ਹੋਵੇ ਤਾਂ ਸਮਝਣਾ ਹੈ ਕਿ ਸਾਡੇ ਸਰੀਰ ਅੰਦਰ ‘ਆਤਮਾ’ ਕਰਤੇ ਦਾ ‘ਅੰਸ਼’ ਹੈ ਜੋ ਕਰਤੇ ਤੋਂ ਭਿੰਨ ਨਹੀਂ। ਫ਼ਿਰ ਇਸ ਤੋਂ ਬਾਅਦ ‘ਮਨ’ ਵਾਲਾ ਵਜੂਦ ਵੀ ਹੈ। ਜਦਕਿ ਇਹ ‘ਮਨ’ ਸਾਡੇ ਸਰੀਰ `ਚ, ਉਸ ਤਰ੍ਹਾਂ ਸਥੂਲ ਅੰਗ ਨਹੀਂ ਜਿਵੇਂ ਸਾਡਾ ਦਿਲ, ਦਿਮਾਗ਼ ਆਦਿ। ਗੁਰਮੱਤ ਰਾਹੀਂ ਪ੍ਰਗਟ ‘ਮਨ’ ਕੇਵਲ ਸਾਡੇ ਵਿਚਾਰਾਂ ਤੇ ਕਰਣੀਆਂ ਦਾ ਸਮੂਹ ਤੇ ਮਨੁੱਖ ਲਈ ਪ੍ਰਭੂ ਮਿਲਾਪ ਦਾ ਸਾਧਨ ਹੈ। ਫ਼ਿਰ ਜਦੋਂ ਹਊਮੈ ਅਧੀਨ ਮਨੁੱਖ ਦਾ ਇਹੀ ਇਹੀ ‘ਮਨ’, ਕੁਰਾਹੇ ਪੈ ਕੇ ਸੰਸਾਰਕ ਪ੍ਰਾਪਤੀਆਂ ਵੱਲ ਦੌੜਣ ਲੱਗ ਜਾਂਦਾ ਹੈ। ਇਸੇ ਤੋਂ ਇਸ ਦੀ ਪ੍ਰਭੂ ਤੋਂ ਅੱਡਰੀ ਤੇ ਆਪਣੀ ਇੱਕ ਵੱਖਰੀ ਹੋਂਦ ਬਣ ਜਾਂਦੀ ਹੈ। ਜੋ ਕਿ ਮਨੁੱਖ ਰਾਹੀਂ ਹਉਮੈ ਅਧੀਨ ਕੀਤੇ ਜਾ ਰਹੇ ਚੰਗੇ ਭਾਵੇਂ ਮਾੜੇ ਕਰਮਾਂ ਦਾ ਸਮੂਹ ਹੀ ਹੁੰਦਾ ਹੈ।

ਇਹੀ ਕਾਰਨ ਹੈ ਕਿ ਸਰੀਰ ਦੀ ਤਾਂ ਮੌਤ ਹੋ ਜਾਂਦੀ ਹੈ। ਇਸ ਤਰ੍ਹਾਂ ਸਾਡਾ ਸਰੀਰ ਇੱਕ ਦਿਨ ਮੁੱਕ ਜਾਂਦਾ ਹੈ ਜਦਕਿ ਹਉਮੈ ਤੋਂ ਬਣ ਚੁੱਕੇ ਇਸ ‘ਮਨ’ ਦੀ ਹੋਂਦ ਖ਼ਤਮ ਨਹੀਂ ਹੁੰਦੀ। ਜੀਵ ਦਾ ਪ੍ਰਭੂ ਤੋਂ ਬਣ ਚੁੱਕਾ ਇਸ ‘ਮਨ’ ਵਾਲਾ ਨਿਖੇੜਾ, ਇਸ ਰਾਹੀਂ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ ਅਨੁਸਾਰ ਭਿੰਨ ਭਿੰਨ ਜਨਮਾਂ-ਜੂਨਾਂ ਤੇ ਭਿੰਨ ਭਿੰਨ ਸਰੀਰਾਂ ਨੂੰ ਭੋਗਣ ਲਈ, ਕਾਰਣ ਬਣ ਜਾਂਦਾ ਹੈ। ਜੀਵ ਲਈ ਇਹ ਸਿਲਸਲਾ ਤੱਦ ਤੱਕ ਚਲਦਾ ਹੈ ਜਦ ਤੱਕ ਫ਼ਿਰ ਕਿਸੇ ਮਨੁੱਖਾ ਜਨਮ ਸਮੇਂ ਗੁਰੂ-ਗੁਰਬਾਣੀ ਦੀ ਕਮਾਈ ਕਰਕੇ ਜੀਵ ਦਾ ਇਹ ਮਨ ਆਪਣੇ ਅਸਲੇ ਪ੍ਰਭੂ `ਚ ਅਭੇਦ ਹੀ ਨਹੀਂ ਹੋ ਜਾਂਦਾ। ਦੂਜਾ, ਇਹ ਵੀ ਸਮਝਣਾ ਹੈ ਕਿ ਮਨੁੱਖ ਦੀ ਮੌਤ ਤੋਂ ਬਾਅਦ ਆਤਮਾ ਤੇ ਵਿਚਾਰਾਂ-ਕਰਮਾਂ ਦਾ ਸਮੂਹ ਸਾਡਾ ਮਨ, ਦੋਵੇਂ ਕਿਸੇ ਕੈਮਰੇ ਆਦਿ ਰਾਹੀਂ ਦੀ ਪਕੜ `ਚ ਨਹੀਂ ਆਉਂਦੇ, ਕਿਉਂਕਿ ਇਹ ਦੋਵੇ ਰੂਪ ਰੰਗ ਰੇਖ ਤੋਂ ਨਿਆਰੇ ਹੁੰਦੇ ਹਨ।

ਤੀਜੀ ਗੱਲ, ਬ੍ਰਾਹਮਣ ਮੱਤ ਦਾ ਜੂਨਾਂ ਜਨਮਾਂ ਵਾਲਾ ਸਿਲਸਿਲਾ ਬਿਲਕੁਲ ਭਿੰਨ ਤੇ ਅਮੁੱਕ ਹੈ ਤੇ ਉਥੇ ਪ੍ਰਭੂ `ਚ ਅਭੇਦ ਹੋਣ ਵਾਲਾ ਵਿਸ਼ਾ ਲਾਗੂ ਹੀ ਨਹੀਂ ਹੁੰਦਾ। ਬਲਕਿ ਉਥੇ ਤਾਂ ਜੀਵ ਦੱਸੇ ਜਾਂਦੇ ਕਿਸੇ ਮਹਾਕਾਲ ਅਧੀਨ ਭੂਤਾਂ ਪ੍ਰੇਤਾਂ ਤੇ ਰੂਹਾਂ, ਬਦ-ਰੂਹਾਂ ਆਦਿ ਦੀਆਂ ਜੂਨਾਂ `ਚ ਵੀ ਪਿਆ ਰਹਿੰਦਾ ਹੈ। ਕਿਉਂਕਿ ਉਥੇ ਜੀਵ ਵੀ ਅਨਾਦੀ ਹੈ ਤੇ ਕਰਤੇ ਦਾ ਅੰਸ਼ ਨਹੀਂ। ਜਦਕਿ ਗੁਰਮੱਤ `ਚ ਮਹਾਕਾਲ, ਭੂਤਾਂ ਪ੍ਰੇਤਾਂ, ਰੂਹਾਂ ਬਦ-ਰੂਹਾਂ ਦੀਆਂ ਜੂਨਾਂ ਤੇ ਉਸ ਸਬੰਧ `ਚ ਦਿੱਤੇ ਹੋਏ ਕਿਸੇ ਵੀ ਵਿਸ਼ਵਾਸ ਨੂੰ ਉੱਕਾ ਹੀ ਪ੍ਰਵਾਣ ਨਹੀਂ ਕਰਦੀ।

ਗੁਰਮੱਤ ਅਨਸੁਾਰ ਕਰਮਜਾਲ? - ਦੇਖ ਚੁੱਕੇ ਹਾਂ ਕਿ ਜੇਹਾ ਵੇਖਹਿ ਤੇਹਾ ਵੇਖੁ” (ਪੰ: 466) ਮਨੁੱਖ ਜਿਹੋ ਜਹੇ ਵਾਤਾਵਰਣ `ਚ ਪਲ ਰਿਹਾ ਹੁੰਦਾ ਹੈ ਉਸੇ ਤਰ੍ਹਾਂ ਦੀ ਉਸ ਦੇ ਮਨਦੀ ਘਾੜਤ ਬਣ ਜਾਂਦੀ ਹੈ। ਅੰਦਰ ਵੱਸ ਰਹੇ, ਪ੍ਰਭੂ ਤੋਂ ਅਨਜਾਣ ਰਹਿ ਕੇ ਆਪਣੀ ਹਉਮੈ ਅਧੀਨ ਮਨੁੱਖ ਜੋ ਕੁੱਝ ਕਰਦਾ ਹੈ ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ” ਅਤੇ ੳਸੇ ਦਾ ਨਤੀਜਾ ਹੁੰਦਾ ਹੈ ਕਿ “ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ” (ਬਾਣੀ ਜਪੁ) ਭਾਵ ਮਨੁੱਖਾ ਜਨਮ ਸਮੇਂ ਹਉਮੈ ਅਧੀਨ ਕੀਤੇ ਚੰਗੇ ਭਾਵੇਂ ਮਾੜੇ ਕਰਮਾ-ਸੰਸਕਾਰਾਂ ਕਰਕੇ ਹੀ ਇਸ ਨੂੰ ਬਾਰ ਬਾਰ ਦੀਆਂ ਜੂਨਾਂ ਤੇ ਜਨਮਾਂ ਦੇ ਗੇੜ੍ਹ `ਚ ਪੈਣਾ ਪੈਂਦਾ ਹੈ। ਇਸੇ ਵਿਸ਼ੇ ਤੇ ਹੋਰ ਗੁਰਬਾਣੀ ਫ਼ੁਰਮਾਨ “ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ” (ਪੰ: ੨੭੮) ਭਾਵ ਮਨੁੱਖਾ ਜਨਮ ਸਮੇਂ ਇਸੇ ਤੋਂ ਉਸਦੇ ਆਪਣੇ ਲਈ, ਆਪਣੇ ਆਪ ਕਰਮ-ਸੰਸਕਾਰ ਬਣਦੇ ਜਾਂਦੇ ਹਨ।

ਇਸ ਤਰ੍ਹਾਂ ਜੀਵ ਨੂੰ ਮਨੁੱਖਾ ਜੂਨ ਸਮੇਂ ਆਪਣੇ ਕੀਤੇ ਕਰਮਾਂ ਦਾ ਲੇਖਾ ਭਿੰਨ ਭਿੰਨ ਜੂਨਾਂ ਦੇ ਰੂਪ `ਚ ਸਜ਼ਾਵਾਂ ਵੱਜੋਂ ਹਉ ਵਿਚਿ ਨਰਕਿ ਸੁਰਗਿ ਅਵਤਾਰੁ” (ਪੰ: 466) ਅਨੁਸਾਰ ਭੁਗਤਣਾ ਪੈਂਦਾ ਹੈ। ਫ਼ਰਕ ਹੁੰਦਾ ਹੈ ਕਿ ਔਖੇ ਤੇ ਸੌਖੇ ਜਨਮਾਂ ਦੇ ਰੂਪ `ਚ ਭਿੰਨ ਭਿੰਨ ਜੂਨਾਂ ਤੇ ਸਰੀਰ ਮਿਲਦੇ ਹਨ ਤੇ ਉਸੇ ਜਨਮ ਮਰਣ ਦੇ ਗੇੜ੍ਹ ਵਾਲੀ ਗਿਣਤੀ `ਚ, ਸਾਡਾ ਇਹ ਮਨੁੱਖਾ ਜਨਮ ਵੀ ਚੱਲ ਰਿਹਾ ਹੈ ਤੇ ਜਿਸ ਨੂੰ ਅਸੀਂ ਅੱਜ ਵੀ ਭੋਗ ਰਹੇ ਹਾਂ। ਪਿਛਲੇ ਮਨੁੱਖਾ ਜਨਮ ਸਮੇਂ ਕੀਤੇ ਹੋਏ ਚੰਗੇ ਕਰਮਾਂ ਬਦਲੇ ਸੌਖੇ ਜੀਵਨ (ਸੁਰਗ) ਤੇ ਮਾੜੇ ਕਰਮਾਂ ਬਦਲੇ ਜ਼ਲਾਲਤ, ਦੁਖਾਂ-ਰੋਗਾਂ ਭਰੇ, ਔਖੇ ਜਨਮ (ਨਰਕ) ਮਿਲਦੇ ਹਨ। ਇਸ ਤਰ੍ਹਾਂ ਕਰਤੇ ਤੇ ਜੀਵ ਵਿਚਕਾਰ, ਇਸ ਮਾਇਕ ਪਕੜ ਕਾਰਣ ਜਦੋਂ ਤੱਕ ਸਾਡੇ ਕਰਮਾਂ ਸੰਸਕਾਰਾਂ ਤੋਂ ਬਣੀ ਹੋਈ ਸਾਡੇ ਇਸੇ ਮਨਵਾਲੀ ਪ੍ਰਭੂ ਤੋਂ ਵਿੱਥ, ਦਿਵਾਰ ਜਾਂ ‘ਕੂੜ ਦੀ ਪਾਲ (ਕੰਧ) ‘ਨਹੀਂ ਟੁੱਟਦੀ ਤੇ ਮੁੱਕਦੀ, ਉਤਨੀ ਦੇਰ ਸਾਡੇ ਲਈ ਜਨਮ-ਮਰਨ ਵਾਲਾ ਇਹ ਗੇੜ ਵੀ ਬਣਿਆ ਰਹਿੰਦਾ ਹੈ। ਕਰਤੇ ਦੀ ਬੇਅੰਤ ਰਚਨਾ `ਚ ਉਸਦੇ ਹੁਕਮ ਵਾਲੀ ਇਹ ਖੇਡ ਆਪ ਮੁਹਾਰੇ ਤੇ ਹਰ ਪਲ ਚੱਲਦੀ ਰਹਿੰਦੀ ਹੈ।

ਜਦਕਿ ਇਥੇ ਇਹ ਦੌਰਾਨਾ ਵੀ ਜ਼ਰੂਰੀ ਹੈ ਕਿ ਗੁਰਮੱਤ ਅਨੁਸਾਰ, ਬ੍ਰਾਹਮਣੀ ਵਿਚਾਰਧਾਰਾ ਵਾਂਗ ਜੀਵ ਅਨਾਦੀ ਨਹੀਂ ਤੇ ਨਾ ਹੀ ਇਹ ਸਦਾ ਲਈ ਕਿਸੇ ਮਹਾਕਾਲ ਅਧੀਨ ਕਾਲਚਕਰ `ਚ ਫ਼ਸਿਆ ਰਹਿੰਦਾ ਹੈ। ਗੁਰਮੱਤ ਅਨੁਸਾਰ ਇਸ ਤਰ੍ਹਾਂ ਨਾ ਇਸ ਨੂੰ ਕਿਸੇ ਰੂਹਾਂ ਬਦਰੂਹਾਂ ਜਾਂ ਭੂਤਾਂ ਪ੍ਰੇਤਾਂ ਦੀਆਂ ਜੂਨਾਂ `ਚ ਸਮਾਂ ਕਟਣਾ ਪੈਂਦਾ ਹੈ। ਇਸ ਤੋਂ ਵਧ, ਗੁਰਮੱਤ ਕਿਸੇ ਮਹਾਕਾਲ, ਕਾਲਚਕਰ ਜਾਂ ਰੂਹਾਂ ਬਦਰੂਹਾਂ, ਭੂਤਾਂ ਪ੍ਰੇਤਾਂ ਆਦਿ ਦੀਆਂ ਜੂਨਾਂ ਦੀ ਹੋਂਦ ਨੂੰ ਹੀ ਪ੍ਰਵਾਣ ਹੀਂ ਕਰਦੀ। ਇਥੇ ਤਾਂ ਜੀਵ ਕਰਤੇ ਦਾ ਹੀ ਅੰਸ਼ (ਨੂਰ) ਹੈ ਜੋ ਕਿਸੇ ਮਨੁੱਖ ਜਨਮ ਸਮੇਂ ਹਉਮੈ ਅਧੀਨ ਕੀਤੇ ਆਪਣੇ ਕਰਮਾਂ ਤੇ ਸੰਸਕਾਰਾਂ ਕਾਰਣ ਮਨ ਦੇ ਰੂਪ `ਚ ਪ੍ਰਭੂ ਤੋਂ ਵਿਛੜਿਆ ਹੋਇਆ ਜੂਨਾਂ ਤੇ ਜਨਮਾਂ ਦੇ ਗੇੜ੍ਹ `ਚ ਪਿਆ ਹੁੰਦਾ ਹੈ।

ਇਸ ਲਈ, ਅੰਤ ਇਸ ਨੇ “ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ” (ਪੰ: 678) ਅਨੁਸਾਰ ਫ਼ਿਰ ਕਿਸੇ ਮਨੁੱਖਾ ਜਨਮ ਸਮੇਂ, ਜੀਵਨ ਦੀ ਕਮਾਈ ਕਰਕੇ ਵਾਪਿਸ ਕਰਤੇ `ਚ ਹੀ ਸਮਾ ਜਾਣਾ ਹੁੰਦਾ ਹੈ। ਇਹੀ ਹੈ ਇਸ ਦੇ ਮਨੁੱਖਾ ਜਨਮ ਦੀ ਸਫ਼ਲਤਾ। ਇਸੇ ਨੂੰ ਜੀਵਨ ਮੁਕਤ ਹੋਣਾ ਤੇ ਸਚਿਆਰੇ ਦੀ ਅਵਸਥਾ ਨੂੰ ਪ੍ਰਾਪਤ ਕਰਣਾ ਆਦਿ ਵੀ ਕਿਹਾ ਹੈ।

ਗੁਰਮੱਤ ਅਨੁਸਾਰ ਕਰਮਜਾਲ-ਸਾਡੇ ਕਰਮ ਕੀ ਹਨ? ਕਰਮ ਬਣਦੇ ਕਿਵੇਂ ਹਨ ਅਤੇ ਨਾਸ ਕਿਵੇਂ ਹੁੰਦੇ ਹਨ? ਅਸਲ `ਚ ‘ਮਨ’ ਦੀ ਵੱਖਰੀ ਹੋਂਦ ਦਾ ਮੁੱਕ ਜਾਣਾ ਹੀ ਕਰਮਾਂ-ਸੰਸਕਾਰਾਂ ਦਾ ਖਤਮ ਹੋਣਾ ਹੈ। ਇਹੀ ਹੈ ਜੀਊਂਦੇ ਜੀਅ ਪ੍ਰਭੂ `ਚ ਇੱਕ ਮਿੱਕ ਹੋ ਜਾਣਾ, ਨਿਜ ਘਰ ਦਾ ਵਾਸੀ ਹੋ ਜਾਣਾ, ਜੀਵਨ ਮੁਕਤ ਹੋ ਜਾਣਾ, ਸਚਿਆਰੇ ਪ੍ਰਭੂ ਦਾ ਰੂਪ ਹੋ ਜਾਣਾ, ਕਰਤੇ `ਚ ਸਮਾ ਜਾਣਾ ਆਦਿ। ਇਹੀ ਹੈ ਇਸ ਮਨੁੱਖਾ ਜੀਵਨ ਦਾ ਮਨੋਰਥ ਤੇ ਪ੍ਰਾਪਤੀ। ਦੂਜੇ ਲਫ਼ਜ਼ਾਂ `ਚ ਮਨਦਾ ਆਪਣੀ ਮੂਲ ਅਵਸਥਾ `ਚ ਆ ਜਾਣਾ, ਆਤਮਕ ਅਵਸਥਾ ਦੀ ਉੱਚਤਾ ਨੂੰ ਪ੍ਰਾਪਤ ਕਰ ਲੈਣਾ ਤੇ ਕਰਤੇ `ਚ ਹੀ ਵਾਪਿਸ ਸਮਾ ਜਾਣਾ, ਇਹੀ ਹੈ ਮਨਅਤੇ ਆਤਮਾਦਾ ਸੁਮੇਲ ਵੀ। ਇਸ ਤਰ੍ਹਾਂ ‘ਮਨ’ ਦੀ ਜਦੋਂ ਵੱਖਰੀ ਤੇ ਅੱਡੇਰੀ ਹੋਂਦ ਹੀ ਮੁੱਕ ਜਾਂਦੀ ਹੈ, ਆਤਮਾ-ਪ੍ਰਮਾਤਮਾ ਇੱਕ ਹੋ ਜਾਂਦੇ ਹਨ ਤਾਂ ਜੀਵ ਜਨਮ ਮਰਨ ਦੇ ਗੇੜ ਚੋਂ ਨਿਕਲ ਜਾਂਦਾ ਹੈ। ਇਸੇ ਲਈ ਪਾਤਸ਼ਾਹ ਨੈ ਸੰਪੂਰਣ ਗੁਰਬਾਣੀ `ਚ ਮਨੁੱਖ ਦੇ ਮਨ ਨੂੰ ਹੀ ਸੰਬੋਧਨ ਕਰ ਕੇ, ਹਲੂਣੇ ਦਿੱਤੇ ਤੇ ਚੇਤਾਇਆ ਵੀ ਹੈ।

ਮਨੁੱਖਾ ਜਨਮ ਇੱਕ ਵਿਸ਼ੇਸ਼ ਅਵਸਰ- ਗੁਰਬਾਣੀ `ਚ ਮਨੁੱਖਾ ਜੂਨ ਨੂੰ ਸਾਰੀਆਂ ਜੂਨਾਂ ਤੋਂ ਸ੍ਰੇਸ਼ਟ ਦੱਸਿਆ ਤੇ ਸਾਬਤ ਵੀ ਕੀਤਾ ਹੈ। ਪਹਿਲੇ ਪਾਤਸ਼ਾਹ ਤਾਂ ਮਨੁੱਖਾ ਸਰੀਰ ਨੂੰ ਹੀ ਪ੍ਰਭੂ ਦੇ ਨਿਜ ਰੂਪ ਦਾ ਪ੍ਰਗਟਾਵਾ ਜਾਂ ਰੱਬ ਦੀ ਖਾਸ ਪਸੰਦ ਕਹਿ ਕੇ ਵੀ ਬਿਆਣਦੇ ਹਨ ਜਿਵੇਂ “ਤੇਰੇ ਬੰਕੇ ਲੋਇਣ ਦੰਤ ਰੀਸਾਲਾ॥ ਸੋਹਣੇ ਨਕ ਜਿਨ ਲੰਮੜੇ ਵਾਲਾ” (ਪੰ: 567)। ਇਸਦੇ ਨਾਲ, ਕੇਵਲ ਇਸ ਮਨੁੱਖਾ ਜੂਨ ਸਮੇਂ ਹੀ ਕਰਤੇ ਵੱਲੋਂ ਮਨੁੱਖ ਨੂੰ ‘ਮਨ’ ਵਾਲੀ ਦਾਤ ਵੀ ਮਿਲਦੀ ਹੈ ਜੋ ਦੂਜੀਆਂ ਜੂਨਾਂ ਸਮੇਂ ਨਹੀਂ ਮਿਲਦੀ ਜੀਵ ਅੰਦਰ ਕਰਤੇ ਦੀ ਦਾਤ ‘ਸੁਰਤ’ ਉਪ੍ਰੰਤ ਮੱਤ ਤੋਂ ਵਜੂਦ `ਚ ਆਏ ‘ਮਨ’ ਦੇ ਮਨੁੱਖਾ ਜੂਨ ਸਮੇਂ ਤਿਆਰੀ ਅਨੁਸਾਰ ਤਿੰਨ ਰੂਪ ਵਿਕਸਤ ਹੁੰਦੇ ਹਨ ਸੁਬੁਧ’, ‘ਕਬੁਧ ਤੇ ਵਿਵੇਕ ਬੁਧ ਇਸ ਬਾਰੇ ਵੇਰਵਾ ਆ ਚੁੱਕਾ ਹੈ। ਇਨ੍ਹਾਂ ਤਿੰਨਾਂ ਰੂਪਾਂ `ਚੋਂ ਕੇਵਲ ਵਿਵੇਕ ਬੁਧਦੀ ਪ੍ਰਾਪਤੀ ਹੀ ਜੀਵਨ ਦੀ ਅਜਿਹੀ ਅਵਸਥਾ ਹੈ ਜਿਸ ਨੂੰ ਮਨੁੱਖਾ ਜਨਮ ਦੀ ਸਫ਼ਲਤਾ ਵੀ ਕਿਹਾ ਹੈ। ਗੁਰਬਾਣੀ-ਗੁਰੂ ਦੀ ਕਮਾਈ ਰਾਹੀਂ ਜੀਵਨ `ਚ ਚਾਨਣਾ ਭਾਵ ਵਿਵੇਕ ਬੁਧ ਦੀ ਪ੍ਰਪਤੀ ਲਈ ਹੀ ਸਾਨੂੰ ਮਨੁੱਖਾ ਜੂਨ ਮਿਲੀ ਹੁੰਦੀ ਹੈ। ਜੀਵਨ ਅੰਦਰੋਂ ਇਸ ਵਿਵੇਕ ਬੁਧ ਦੇ ਪ੍ਰਗਟ ਹੋਣ ਨਾਲ ਹੀ, ਮਨੁੱਖ ਨੂੰ ਆਪਣੇ ਅੰਦਰ ਵੱਸ ਰਹੇ ਕਰਤੇ ਦੀ ਪਛਾਣ ਆ ਜਾਂਦੀ ਹੈ ਤੇ ਉਹ ਜੀਉਂਦੇ ਜੀਅ ਉਸ `ਚ ਅਭੇਦ ਹੋ ਜਾਂਦਾ ਹੈ। ਇਸ ਪ੍ਰਾਪਤੀ ਲਈ ਹੀ ਗੁਰਬਾਣੀ `ਚ ਅਨੇਕਾਂ ਫ਼ੁਰਮਾਨ ਹਨ ਜਿਵੇਂ “ਮਿਲੁ ਜਗਦੀਸ ਮਿਲਨ ਕੀ ਬਰੀਆ” (ਪੰ: ੧੭੬) ਅਤੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ (ਪੰ: ੧੨) ਆਦਿ। ਜਦਕਿ ਬਰੀਆ ਦਾ ਅਰਥ ਹੀ ਵਾਰੀ ਹੈ ਭਾਵ ਉਹ ਵਾਰੀ, ਜਿਸ ਵਾਰੀ ਦੂਜੇ ਵੀ ਖੜੇ ਹਨ।

“ਅਵਰ ਜੋਨਿ ਤੇਰੀ ਪਨਿਹਾਰੀ” - ਆਤਮਕ ਜੀਵਨ ਤੋਂ ਟੁੱਟੇ ਹੋਏ ਅਗਿਆਨੀ ਮਨੁੱਖ ਦੇ ਜੀਵਨ ਅੰਦਰ ਸਬਰ ਸੰਤੋਖ ਨਹੀਂ ਬਲਕਿ ਹਊਮੈ, ਤ੍ਰਿਸ਼ਨਾ ਕਾਰਣ ਮਾਇਕ ਪਦਾਰਥਾਂ ਦੀ ਪ੍ਰਾਪਤੀ ਲਈ ਦੌੜ ਹੀ ਵਧਦੀ ਹੈ। ਕਰਤੇ ਨੇ ਤਾਂ ਮਨੁੱਖ ਨੂੰ ਸਾਰੀ ਰਚਨਾ ਦਾ ਸਰਦਾਰ ਬਣਾ ਕੇ ਭੇਜਿਆ ਹੁੰਦਾ ਹੈ। ਜਿਵੇਂ ਕਿ ਫ਼ੁਰਮਾਣ ਹੈ ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ” (ਪੰ: 374) ਪਰ ਹਊਮੈ, ਤ੍ਰਿਸ਼ਨ ਤੋਂ ਬਣੇ ਸੰਸਕਾਰਾਂ ਦੇ ਸਮੂਹ, ਇਸ ਮਨਦੀ ਪ੍ਰਭੂ ਤੋਂ ਬਣ ਚੁੱਕੀ ਅੱਡਰੀ ਹੋਂਦ ਕਾਰਣ, ਮਨੁੱਖ ਸਾਰੀ ਉਮਰ ਰਚਨਾ ਦੀ ਗੁਲਾਮੀ ਕਰਦਾ ਹੋਇਆ ਆਪਣੇ ਮਨਪਿੱਛੇ ਹੀ ਦੌੜਦਾ ਰਹਿੰਦਾ ਹੈ। ਜਿਨਾਂ ਵੱਧ ਮਨੁੱਖ ਮਨਪਿਛੇ ਦੌੜਦਾ ਹੈ, ਇਸ ਦਾ ਰੱਜ ਨਹੀਂ ਹੁੰਦਾ ਉਲਟਾ “ਉਡਹਿ ਬੇਗੁਲ ਬੇਗੁਲੇ, ਤਾਕਹਿ ਚੋਗ ਘਣੀ॥ ਪੰਖ ਤੁਟੇ ਫਾਹੀ ਪੜੀ, ਅਵਗੁਣਿ ਭੀੜ ਬਣੀ ਇਸ ਦੇ ਜੀਵਨ ਅੰਦਰ ਮਾਇਕ ਪਦਾਰਥਾਂ ਲਈ ਭੁਖ ਤੇ ਭਟਕਣਾ ਹੋਰ ਤੇ ਹੋਰ ਵਧਦੀ ਹੈ। ਜੇਕਰ ਇਸ ਦੀ ਇੱਕ ਮੰਗ ਪੂਰੀ ਹੁੰਦੀ ਹੈ ਤਾਂ ਉਸੇ ਤੋਂ ਇਸ ਦੇ ਜੀਵਨ ਅੰਦਰ ਹੋਰ ਬੇਅੰਤ ਮੰਗਾਂ ਜਨਮ ਲੈ ਲੈਂਦੀਆਂ ਹਨ। ਇਸ ਹਾਲਤ `ਚ ਮਨੁੱਖ ਮਰਦੇ ਦਮ ਤੱਕ ਇਸ ਪੱਖੋਂ ਭੁੱਖਾ ਹੀ ਰਹਿੰਦਾ ਹੈ ਤੇ ਹਰ ਸਮੇਂ ਹਾਇ ਤੋਬਾ ਹੀ ਮਚੀ ਰੰਹਿਦੀ ਹੈ।

ਕਾਰਣ ਹੁੰਦਾ ਹੈ, ਆਤਮਕ ਪੱਖੋ ਮਰਿਆ ਹੋਇਆ ਤੇ ਗੁਰਮੱਤ ਗਿਆਨ ਪੱਖੋਂ ਕੋਰੇ ਮਨੁੱਖ ਦੀ ਆਪਣੇ ਅਜਿਹੇ ਮਨਪਿਛੇ ਹਰ ਸਮੇਂ ਲੱਗੀ ਹੋਈ ਦੌੜ। ਫ਼ਿਰ ਇਸ ਸਰੀਰ ਦੀ ਤਾਂ ਸੀਮਾਂ ਹੈ, ਸਰੀਰ ਨਾਸ਼ਵਾਣ ਹੈ, ਸਰੀਰ ਦਾ ਜਨਮ ਵੀ ਹੈ ਤੇ ਮਰਨ ਵੀ। ਇਸ ਅੰਦਰ ਵੱਸ ਰਹੀ ਆਤਮਾ, ਜਿਸ ਕਾਰਨ ਇਹ ਸਰੀਰ ਕਾਇਮ ਹੁੰਦਾ ਹੈ, ਸਦਾ ਥਿਰ ਪ੍ਰਭੂ ਦਾ ਅੰਸ਼ ਹੈ। ਪ੍ਰਭੂ ਸਦੀਵੀ ਹੈ, ਇਸ ਲਈ ਸਾਡੇ ਅੰਦਰ ਵੱਸ ਰਹੀ ਆਤਮਾ ਭਾਵ ਕਰਤੇ ਦਾ ਨੂਰ ਵੀ ਸਦੀਵੀ ਹੈ। ਫੁਰਮਾਣ ਹੈ ਨਾ ਜੀਉ ਮਰੈ ਨ ਮਾਰਿਆ ਜਾਈ, ਕਰਿ ਦੇਖੈ ਸਬਦਿ ਰਜਾਈ ਹੇ” (ਪੰ: 1026)। ਸਾਡਾ ਸਰੀਰ ਤਾਂ ਮੁੱਕ ਜਾਂਦਾ ਹੈ ਪਰ ਹਉਮੈ ਅਧੀਨ ਸੰਸਕਾਰਾਂ ਤੋਂ ਬਣਿਆ ਕਰਮਾਂ-ਸੰਸਕਾਰਾਂ ਦਾ ਸਮੂਹ ਸਾਡਾ ਅਜਿਹਾ ਮਨਸਾਡੇ ਨਾਲ ਹੀ ਜਾਂਦਾ ਹੈ। ਇਸ ਤਰ੍ਹਾਂ, ਹਉਮੈ ਤ੍ਰਿਸ਼ਨਾ ਕਾਰਣ ਪ੍ਰਭੂ ਤੋਂ ਵੱਖਰੀ ਹੋਂਦ ਬਣਾਈ ਬੈਠੇ ਇਸ ‘ਮਨ’ ਦੀ ਹੋਂਦ ਉਦੋਂ ਤੱਕ ਕਾਇਮ ਰਹਿੰਦੀ ਹੈ, ਜਦੋਂ ਤੱਕ ਫ਼ਿਰ ਕਿਸੇ ਮਨੁੱਖਾ ਜਨਮ ਸਮੇਂ ਕਰਮਾਂ ਤੇ ਸੰਸਕਾਰਾਂ ਦੇ ਸਮੂਹ, ਭਾਵ ਪ੍ਰਭੂ ਤੋਂ ਬਣੀ ਹੋਈ ਇਸ ਮਨ ਵਾਲੀ ਅੱਡਰੀ ਹੋਂਦ ਖਤਮ ਨਹੀਂ ਹੋ ਜਾਂਦੀ। ਇਸ ਤਰ੍ਹਾਂ ਇਹ ਜੀਵ ਆਪਣੇ ਅਸਲੇ ਅਕਾਲਪੁਰਖ `ਚ ਅਭੇਦ ਹੀ ਨਹੀਂ ਹੋ ਜਾਂਦਾ ਜਦਕਿ ਅਜਿਹਾ ਹੋ ਜਾਣਾ ਕਿਸੇ ਮਨੁੱਖਾ ਜਨਮ ਸਮੇਂ ਹੀ ਸੰਭਵ ਹੈ।

“ਵਿਣੁ ਨਾਵੈ ਦੁਖਿ ਪਾਇ, ਆਵਣ ਜਾਣਿਆ” - ਇਸ ਤਰ੍ਹਾਂ ਇਸ ਸਰੀਰ ਨੇ ਤਾਂ ਮੁੱਕਣਾ ਹੀ ਹੈ। ਜਦਕਿ ਸੰਸਕਾਰਾਂ ਦਾ ਸਮੂਹ ਅਜਿਹਾ ‘ਮਨ’ ਜੋ ਮਨੁੱਖਾ ਜਨਮ ਸਮੇਂ ਪ੍ਰਭੂ ਮਿਲਾਪ ਲਈ ਮਿਲਿਆ ਹੁੰਦਾ ਹੈ, ਜਾਂ ਤਾਂ ਮਾਇਕ ਪਦਾਰਥਾ ਦੀ ਪਕੜ `ਚ, ਪ੍ਰਭੂ ਤੋਂ ਆਪਣੀ ਅੱਡਰੀ ਹੋਂਦ ਪੱਕੀ ਕਰ ਲੈਂਦਾ ਹੈ ਜਾਂ ਗੁਰਬਾਣੀ ਗੁਰੂ ਦੀ ਕਮਾਈ ਰਾਹੀਂ ਜੀਊਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦਾ ਹੈ। ਇਸ ਤਰ੍ਹਾਂ ਜੇਕਰ ਜੀਊਂਦੇ ਜੀਅ ਇਹ ਪ੍ਰਭੂ `ਚ ਹੀ ਅਭੇਦ ਹੋ ਜਾਂਦਾ ਹੈ ਤਾਂ ਤੇ ਇਸਦੀ ਆਪਣੀ ਹੋਂਦ ਵੀ ਮੁੱਕ ਜਾਂਦੀ ਹੈ। ਇਸ ਤਰ੍ਹਾਂ ਕਰਿ ਕਿਰਪਾ ਪ੍ਰਭ ਅੰਤਰਜਾਮੀ, ਸਾਧਸੰਗਿ ਹਰਿ ਪਾਈਐ॥ ਖੋਲਿ ਕਿਵਾਰ ਦਿਖਾਲੇ ਦਰਸਨੁ, ਪੁਨਰਪਿ ਜਨਮਿ ਆਈਐ(ਪੰ: ੩੮੩) ਅਨੁਸਾਰ ਸਰੀਰ ਬਿਨਸਨ ਬਾਅਦ, ਮਨੁੱਖ ਵੀ ਜਨਮ ਮਰਣ ਦੇ ਗੇੜ੍ਹ `ਚ ਨਹੀਂ ਆਉਂਦਾ। ਇਸ ਦੇ ਉਲਟ ਜਦੋਂ ਤੱਕ ਹਉਮੈ ਤ੍ਰਿਸ਼ਨਾ ਅਧੀਨ ਕਾਇਮ ਹੋ ਚੁੱਕੇ ਮਨ ਦੀ, ਪ੍ਰਭੂ ਤੋਂ ਆਪਣੀ ਵੱਖਰੀ ਹੋਂਦ ਕਾਇਮ ਰਹਿੰਦੀ ਹੈ, ਚੰਗੇ ਕੰਮ ਕਰੇ ਭਾਵੇਂ ਮਾੜੇ ਪਰ ਹਰ ਸਮੇਂ ਇਸ ਦੇ ਮਨ `ਚ ਕਰਮ-ਸੰਸਕਾਰ ਬਣਦੇ ਰਹਿੰਦੇ ਹਨ। ਇਸ ਤਰ੍ਹਾਂ ਮਨੁੱਖਾ ਜਨਮ ਸਮੇਂ ਬਣੇ ਅਜਿਹੇ ਕਰਮਾਂ ਸੰਸਕਾਰਾਂ ਨੂੰ ਮੁਕਾਉਣ ਲਈ ਹੀ, ਸਰੀਰ ਦੇ ਬਿਨਸਨ ਬਾਅਦ ਵੀ ਇਸ ਨੂੰ ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ” (ਪੰ: 488) ਅਨੁਸਾਰ ਇੱਕ ਜਾਂ ਦੂਜੇ ਸਰੀਰ ਪ੍ਰਾਪਤ ਹੁੰਦੇ ਰਹਿੰਦੇ ਹਨ।

ਇਸੇ ਤੋਂ “ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ, ਸਤਿਗੁਰੂ ਸਬਦੁ ਸੁਣਾਏ॥ ਕਹੈ ਨਾਨਕੁ ਵੀਚਾਰਿ ਦੇਖਹੁ, ਵਿਣੁ ਸਤਿਗੁਰ ਮੁਕਤਿ ਨ ਪਾਏ” (ਪੰ: ੯੨੦) ਅਨੁਸਾਰ ਇਹ ਸਿਲਸਿਲਾ ਉਦੋਂ ਤੱਕ ਚਲਦਾ ਹੈ ਜਦੋਂ ਤੱਕ ਫ਼ਿਰ ਕਿਸੇ ਮਨੁੱਖਾ ਜਨਮ ਸਮੇਂ ਗੁਰੂ ਗਿਆਨ ਦੀ ਕਮਾਈ ਰਾਹੀਂ, ਇਸ ਮਨਦੀ ਪ੍ਰਭੂ ਤੋਂ ਬਣੀ ਹੋਈ ਵਿੱਥ ਅਥਵਾ ਅੱਡਰੀ ਹੋਂਦ ਖ਼ਤਮ ਹੀ ਨਾ ਹੋ ਜਾਵੇ। ਇਸ ਤਰ੍ਹਾਂ ਇਹ ਆਪਣੇ ਅਸਲੇ ਪ੍ਰਭੂ `ਚ ਹੀ ਨਾ ਸਮਾ ਜਾਵੇ। ਤਾਂ ਤੇ ਮਨੁੱਖਾ ਸਰੀਰ ਅੰਦਰ ਇਸੇ ਇਕੋ ‘ਮਨ’ ਤੋਂ ਤਿਆਰ ਹੋਣ ਵਾਲੇ ਦੋ ਵਿਰੋਧੀ ਜੀਵਨਾਂ ਨੂੰ ਗੁਰਦੇਵ ਇਸ ਤਰ੍ਹਾਂ ਵੀ ਬਿਆਣ ਕਰਦੇ ਹਨ ਜਿਵੇਂ “ਵਿਣੁ ਨਾਵੈ ਦੁਖਿ ਪਾਇ ਆਵਣ ਜਾਣਿਆ॥ ਨਾਨਕ ਪਾਰਖੁ ਆਪਿ, ਜਿਨਿ ਖੋਟਾ ਖਰਾ ਪਛਾਣਿਆ” (ਪੰ: ੧੪੪)। ਸਪਸ਼ਟ ਹੈ ਜੇ ਮਨੁੱਖ ਸਾਧਸੰਗਤ `ਚ ਵਿਚਰ ਕੇ, ਪ੍ਰਭੂ ਵੱਲੌਂ ਮਨੁੱਖਾ ਜਨਮ `ਚ ਪ੍ਰਾਪਤ ਇਸ ਮਨਦੀ ਗੁਰੂ ਗਿਆਨ ਦੀ ਕਮਾਈ ਨਾਲ ਸੁਵਰਤੋਂ ਕਰਦਾ ਹੈ ਤਾਂ ਇਸ ਮਨੁੱਖ ਦੇ ਜੀਵਨ ਅੰਦਰ ਵਿਵੇਕ ਬੁਧ ਤਿਆਰ ਹੁੰਦੀ ਹੈ ਜਿਸ ਤੋਂ ਇਸ ਦਾ ਜੀਵਨ ਸਫ਼ਲ ਹੋ ਜਾਂਦਾ ਹੈ। ਇਸ ਦੇ ਉਲਟ ਜੇ ਕਰ ਮਨੁੱਖ ਆਪਣੇ ਇਸੇ ਮਨਨੂੰ ਬਿਨਸਨਹਾਰ ਪਦਾਰਥਾਂ ਦੇ ਮੋਹ ਤੇ ਪਕੜ `ਚ ਹੀ ਉਲਝਾਈ ਰਖਦਾ ਹੈ ਤਾਂ ਇਸ ਤੋਂ ਫ਼ਿਰ ਮਨੁੱਖ ਦੇ ਜੀਵਨ ਅੰਦਰ ਇਸ ਰਾਹੀਂ ਸੁਬੁਧਬਣੇ ਚਾਹੇ ਕੁਬੁੱਧ’, ਪਰ ਇਸ ਦੀ ਇਸੇ ਅਤੇ ਅਜਿਹੇ ਮਨਵਾਲੀ ਹੋਂਦ ਕਾਰਣ, ਇਸ ਨੂੰ ਫ਼ਿਰ ਤੋਂ ਜਨਮ-ਮਰਣ ਦੇ ਗੇੜ੍ਹ `ਚ ਹੀ ਪੈਣਾ ਪੈਂਦਾ ਹੈ।

ਮਨੁੱਖਾ ਸਰੀਰ, ਆਤਮਾ ਤੇ ਮਨ-ਇੱਕ ਪਾਸੇ ਮਨੁੱਖਾ ਸਰੀਰ ਹੈ ਤੇ ਦੂਜੇ ਪਾਸੇ ਦੂਜੀਆਂ ਬੇਅੰਤ ਜੂਨਾਂ ਦੇ ਸਰੀਰ। ਕਰਤੇ ਦੀ ਰਚਨਾ `ਚੋਂ ਇਸ ਫ਼ਰਕ ਨੂੰ ਦੇਖਣਾ ਜ਼ਰੂਰੀ ਵੀ ਹੈ ਤੇ ਸੁਆਦਲਾ ਵੀ। ਅਕਾਲਪੁਰਖ ਵੱਲੋਂ ਮਨੁੱਖ ਨੂੰ ਜਿਹੜਾ ਸਰੀਰ ਮਿਲਿਆ ਹੈ ਅਜਿਹਾ ਸਰੀਰ ਤੇ ਇਸ ਵਿਚਲਾ ਦਿਮਾਗ਼ ਦੋਵੇਂ ਬਹੁਪੱਖੀ, ਮਹੱਤਵਪੂਰਨ ਤੇ ਬੇਅੰਤ ਢੰਗਾਂ ਨਾਲ ਵਰਤਣ ਯੋਗ (Well Balanced & multy usable mind & body) ਹਨ। ਜਦਕਿ ਅਜਿਹਾ ਸਰੀਰ ਤੇ ਦਿਮਾਗ਼, ਹੋਰ ਕਿਸੇ ਵੀ ਜੂਨ `ਚ ਨਹੀਂ ਮਿਲਦਾ।

ਇਸੇ ਕਰਕੇ ਬੇਅੰਤ ਜੂਨੀਆਂ `ਚੋਂ ਮਨੁੱਖਾ ਸਰੀਰ ਤੇ ਇਸ `ਚ ਇਹ ਦਿਮਾਗ਼ ਹੀ ਹੈ ਜਿਸਦੀ ਪਹੁੰਚ ਜ਼ਮੀਨ, ਆਕਾਸ਼, ਪਾਤਾਲ ਭਾਵ ਰਚਨਾਂ ਦੇ ਹਰੇਕ ਅੰਗ ਤੱਕ ਹੈ ਤੇ ਇਹ ਉਨ੍ਹਾਂ ਦੀ ਵਰਤੋਂ ਵੀ ਕਰਦਾ ਹੈ। ਫ਼ਿਰ ਮਨੁੱਖ ਦੀ ਆਪਣੇ ਸਰੀਰ ਦੇ ਵੀ ਹਰੇਕ’ ਅੰਗ ਤੱਕ ਪਹੁੰਚ ਹੈ ਜਿਸ ਤੋਂ ਇਹ ਆਪਣੇ ਸਰੀਰ ਦੇ ਹਰੇਕ ਅੰਗ ਤੱਕ ਪਹੁੰਚ ਕਰਕੇ, ਉਨ੍ਹਾਂ ਦੀ ਪੂਰੀ ਤਰ੍ਹਾਂ ਸਾਫ਼, ਸਫਾਈ, ਸੰਭਾਲ ਤੇ ਵਰਤੌਂ ਵੀ ਕਰ ਸਕਦਾ ਹੈ ਜਿਹੜੀ ਕਿ ਹੋਰ ਕਿਸੇ ਵੀ ਜੂਨ `ਚ ਸੰਭਵ ਨਹੀਂ।

ਇਸ ਤੋਂ ਬਾਅਦ, ਇਸੇ ਪ੍ਰਕਰਣ `ਚ ਇੱਕ ਹੋਰ ਵਿਸ਼ਾ ਵੀ ਖਾਸ ਧਿਆਨ ਮੰਗਦਾ ਹੈ। ਉਹ ਵਿਸ਼ਾ ਹੈ ਕਿ ਕਰਤੇ ਦੀ ‘ਆਤਮਾ’ (ਨੂਰ) ਤਾਂ ਰਚਨਾ ਦੇ ਜ਼ਰੇ ਜ਼ਰੇ `ਚ ਹੈ। ਇਸ ਲਈ ਕਰਤੇ ਦੀ ਆਤਮਾ ਕੇਵਲ ਮਨੁੱਖਾ ਸਰੀਰ `ਚ ਹੀ ਨਹੀਂ ਬਲਕਿ ਦੂਜੀਆਂ ਜੂਨਾਂ `ਚ ਵੀ ਉਸੇ ਤਰ੍ਹਾਂ ਹੈ। ਫ਼ਿਰ ਵੀ ਮਨੁੱਖ ਪਾਸ ਉਸੇ ਆਤਮਾ ਦੇ ਨਾਲ ਕਰਤੇ ਵੱਲੋਂ ਮਨਵਾਲਾ ਵਾਧਾ ਹੈ ਤੇ ਕੇਵਲ ਇਸ ਆਤਮਾ ਤੇ ਮਨ ਦੇ ਮਿਲਾਪ ਤੋਂ ਹੀ:-

(੧) ਅਨੰਤ ਜੂਨੀਆਂ ਹਨ ਪਰ ਉਨ੍ਹਾਂ `ਚੋਂ ਕੇਵਲ ਮਨੁੱਖਾ ਜੂਨ ਹੀ ਹੈ ਜਦੋਂ ਇਸ ਦੇ ਜੀਵਨ ਅੰਦਰ ਇੱਕ ਨਹੀਂ ‘ਸੁਬੁਧ’, ਕਬੁੱਧਤੇ ਵਿਵੇਕ ਬੁਧ ਭਾਵ ਤਿੰਨ ਤਰ੍ਹਾਂ ਦੀ ਬੁਧਤਿਆਰ ਹੁੰਦੀ ਹੈ। ਦੇਖਣਾ ਇਹ ਵੀ ਹੈ ਕਿ ਮਨੁੱਖ ਤਾਂ ਉਹੀ ਹੁੰਦਾ ਹੈ ਤੇ ਸਾਰੇ ਮਨੁੱਖਾਂ ਕੋਲ ਮਨ ਵੀ ਉਹੀ ਹੁੰਦਾ ਹੈ। ਫ਼ਿਰ ਵੀ ਮਨੁੱਖ-ਮਨੁੱਖ ਵਿਚਲੀ ਜੀਵਨ ਰਹਿਣੀ ਦੇ ਫ਼ਰਕ ਨਾਲ, ਉਨ੍ਹਾਂ ਅੰਦਰਲੇ ਇਕੋ ਮਨਤੋਂ ਵੱਖ ਵੱਖ ਤੇ ਤਿੰਨ ਪ੍ਰਕਾਰ ਦੀ ਬੁਧਤਿਆਰ ਹੋ ਜਾਂਦੀ ਹੈ। ਇਸੇ ਤੋਂ ਤਿੰਨਾ ਦੇ ਜੀਵਨ ਵੀ ਆਪਸ `ਚ ਨਹੀਂ ਰਲਦੇ।

(੨) ਬੇਸ਼ਕ ਇਸੇ ਮਨੁੱਖਾ ਜੂਨ `ਚ ਸਰੀਰ ਤੇ ਦਿਮਾਗ਼ ਇਹੀ ਤੇ ਬਹੁ ਪੱਖੀ ਹੀ ਮਿਲੇ ਹੁੰਦੇ। ਫ਼ਿਰ ਵੀ ਜੇ ਇਸ ਉਪਰ ਪ੍ਰਭੂ ਮਿਲਾਵੇ ਮਨਵਾਲਾ ਕੁੰਡਾ ਹੀ ਨਾ ਹੁੰਦਾ ਤਾਂ ਅੱਜ ਸਾਡੀ ਕੀ ਹਾਲਤ ਹੁੰਦੀ? ਸਮਝਦੇ ਦੇਰ ਨਹੀਂ ਲਗਦੀ। ਫ਼ਿਰ ਮਨੁੱਖ ਦਾ ਇਹੀ ਮਨਜਦੋਂ ਹਉਮੈ ਤੇ ਤ੍ਰਿਸ਼ਨਾ ਅਧੀਨ ਕੁਰਾਹੇ ਪਿਆ ਹੁੰਦਾ ਹੈ ਤਾਂ ਵੀ ਮਨੁੱਖ ਨੂੰ ਜਨਮਾਂ ਦੇ ਗੇੜ੍ਹਾਂ `ਚ ਪਾਉਣ ਵਾਲੀ ਮਨੁੱਖਾ ਸਰੀਰ `ਚ ਆਤਮਾ ਤੇ ਮਨ ਵਾਲੀ ਕੜੀ ਇਹੀ ਹੁੰਦੀ ਹੈ। ਕਿਉਂਕਿ ਇਸੇ ਕੜੀ ਤੋਂ ਫ਼ਰਕ ਆਉਂਦਾ ਹੈ ਹਰੇਕ ਦੀ ਆਤਮਕ ਅਵਸਥਾ `ਚ।

(੩) ਮਨੁੱਖਾ ਸਰੀਰ `ਚ ਆਤਮਾਦੇ ਨਾਲ ਕੇਵਲ ਇਹ ‘ਮਨ’ ਵਾਲਾ ਜੋੜ ਹੀ ਹੈ ਜਿਸ ਤੋਂ ਇੱਕੋ ਜੀਵਨ ਅੰਦਰ ਤਿਆਰ ਹੋ ਰਹੀ ਵਿਵੇਕ ਬੁਧ’, ‘ਸਬੁਧਤੇ ‘ਕਬੁਧ’ ਤੋਂ ਸਾਡੀ ਇਕੋ ਜੂਨ ਤੇ ਇਕੋ ਤਰ੍ਹਾਂ ਦੇ ਤਿੰਨ ਸਰੀਰਾਂ ਤੋ ਸਾਡੇ ਜੀਵਨ ਦੇ ਭਿੰਨ ਭਿੰਨ ਤੇ ਤਿੰਨ-ਤਿੰਨ ਪ੍ਰਗਟਾਵੇ ਹੋ ਜਾਂਦੇ ਹਨ।

(੪) ਮਨੁਖਾ ਸਰੀਰ ਵਿਚਲੀ ਇਸੇ ਆਤਮਾਤੇ ਇਸੇ ਮਨਵਾਲਾ ਸੁਮੇਲ ਹੀ ਹੁੰਦਾ ਹੈ ਜਿਸ ਤੋਂ ਮਨੁੱਖ, ਇਸ ਬਹੁਪੱਖੀ ਸਰੀਰ ਤੇ ਇਸ ਵਿਚਲੇ ਵਿਲਖਣ ਤੇ ਬਹੁਪੱਖੀ ਦਿਮਾਗ਼ ਦੀ ਕੇਵਲ ਸੁਵਰਤੋਂਹੀ ਨਹੀਂ ਬਲਕਿ ਇਸਦੀ ਕੁਵਰਤੋਂਵੀ ਮਨੁੱਖ ਹੀ ਕਰਦਾ ਹੈ।

ਇਹ ਵੀ ਮਨ ਤੇ ਆਤਮਾ ਦੇ ਮਿਲਾਪ ਦਾ ਹੀ ਕ੍ਰਿਸ਼ਮਾ ਹੈ- ਬੇਸ਼ਕ ਮਨੁੱਖ ਕੋਲ ਸਰੀਰ ਤੇ ਦਿਮਾਗ਼ ਇਹੀ ਤੇ ਬਹੁਪੱਖੀ ਹੀ ਹੁੰਦੇ। ਤਾਂ ਵੀ ਕਰਤੇ ਨੇ ਜੇਕਰ ਮਨੁੱਖ ਨੂੰ ਅਜਿਹਾ ਤਿੰਨ ਪੱਖੀ ਮਨਹੀ ਨਾ ਦਿੱਤਾ ਹੁੰਦਾ ਤਾਂ ਵੀ ਮਨੁੱਖ ਕਰਤੇ ਦੀ ਬੇਅੰਤ ਰਚਨਾ ਦੀ ਬਹੁਪੱਖੀ ਤੇ ਭਰਪੂਰ ਵਰਤੋਂ ਨਹੀਂ ਸੀ ਕਰ ਸਕਦਾ। ਕਿਉਂਕਿ ਮਨੁੱਖ ਦਾ ਮਨਤਿੰਨ ਪੱਖੀ ਹੈ, ਇਸ ਲਈ ਇਸੇ ਮਨਦੀ ਸੰਸਾਰ ਤੱਲ ਤੇ `ਚੰਗੀਤਿਆਰੀ ਹੋਵੇ ਜਾਂ ਮਾੜੀਜਾਂ ਪ੍ਰਭੂ ਨਾਲ ਆਤਮਕ ਮਿਲਾਪ ਵਾਲੀਨਤੀਜੇ ਵੀ ਉਸੇ ਤਰ੍ਹਾਂ ਵਿਰੋਧੀ ਤੇ ਵੱਖ ਵੱਖ ਹੀ ਹੁੰਦੇ ਹਨ। ਜਦਕਿ ਬਾਕੀ ਜੂਨਾਂ `ਚ ਇਹ ਵੀ ਸੰਭਵ ਨਹੀਂ ਅਤੇ ਇਸੇ ਤੋਂ ਮਨੁੱਖ ਤਾਂ:

(੧) ਪ੍ਰਭੂ ਦੀ ਬੇਅੰਤ ਰਚਨਾ `ਚੋਂ ਕਾਢਾਂ ਕੱਢ ਸਕਦਾ ਹੈ ਤੇ ਕੱਢ ਵੀ ਰਿਹਾ ਹੈ।

(੨) ਮਨੁੱਖ ਦੇ ਸੁਆਦਾਂ ਦੀ ਵੀ ਸੀਮਾਂ ਨਹੀਂ। ਜਦਕਿ ਬਾਕੀ ਜੂਨਾਂ `ਚ ਜੀਵ ਨੂੰ ਜੋ ਚੰਗਾ-ਮਾੜਾ, ਜਾਂ ਗੰਦ-ਮੰਦ ਤੇ ਜਿਸ ਤਰ੍ਹਾਂ ਦਾ ਮਿਲੇ, ਪੇਟ ਭਰਣਾ ਤੇ ਪੇਟ ਦੀ ਅੱਗ ਨੂੰ ਬੁਝਾਉਣਾ ਹੀ ਪੈਂਦਾ ਹੈ। ਜਦਕਿ ਮਨੁੱਖ ਉਸੇ ਰਚਨਾ `ਚੋਂ ਆਪਣੇ ਬੇਅੰਤ ਪ੍ਰਕਾਰ ਦੇ ਸੁਆਦ ਪੂਰੇ ਕਰ ਰਿਹਾ ਹੈ। ਇਤਨਾ ਕਰਕੇ ਵੀ ਇਸਦੀ ਤਸੱਲੀ ਨਹੀਂ ਹੁੰਦੀ ਅਤੇ ਇਸ ਲਈ ਵੀ ਨਿੱਤ ਨਵੇਂ ਤੋਂ ਨਵੇਂ ਢੰਗ ਢੂੰਡਦਾ ਰਹਿੰਦਾ ਹੈ।

(੩) ਇਹ ਵੀ ਕੇਵਲ ਮਨੁੱਖ ਹੀ ਹੈ ਜਿਹੜਾ ਅਨੇਕ ਤਰ੍ਹਾਂ ਦੀ ਚੀਰਫਾੜ ਕਰਕੇ ਵੀ ਆਪਣੇ ਸਰੀਰ ਦਾ ਇਲਾਜ ਕਰ ਤੇ ਕਰਵਾ ਲੈਂਦਾ ਹੈ। ਜਦਕਿ ਚੋਟਾਂ, ਬਿਮਾਰੀਆਂ, ਤਕਲੀਫ਼ਾਂ ਸਭ ਜੂਨਾਂ `ਚ ਹਨ। ਇਹ ਵੱਖਰੀ ਗੱਲ ਹੈ ਕਿ ਇਸੇ ਹੁੱਨਰ ਦੀ ਕੁਵਰਤੋਂ ਕਰਕੇ ਮਨੁੱਖਾ ਨਸਲ ਦੀ ਤਬਾਹੀ, ਬਰਬਾਦੀ ਦੇ ਢੰਗ ਤੇ ਦੂਜਿਆਂ ਨੂੰ ਜ਼ਹਿਰ ਦੇ ਕੇ ਮਾਰਣਾ, ਇਹ ਵੀ ਮਨੁੱਖ ਹੀ ਕਰਦਾ ਹੈ ਕੋਈ ਦੂਜਾ ਨਹੀਂ।

(੫) ਸਰੀਰਕ ਆਰਾਮ ਦਾ ਵਿਸ਼ਾ ਲੈ ਲਵੀਏ। ਮਨੁੱਖ, ਇਸ ਸਰੀਰ ਦੀਆਂ ਲੋੜ ਅਨੁਸਾਰ ਅਨੇਕਾਂ ਮੁਦਰਾ (Positions) ਬਣਾ ਲੈਂਦਾ ਹੈ। ਜਦਕਿ ਪੰਛੀ ਵਿਚਾਰੇ ਆਪਣੀ ਥਕਾਵਟ, ਨੀਂਦ, ਆਰਾਮ ਤੇ ਬਾਕੀ ਸਰੀਰਕ ਲੋੜਾਂ ਲਈ ਸਾਰਾ ਜੀਵਨ ਕੇਵਲ ਦੋ ਪੈਰਾਂ `ਤੇ ਖਲੋ ਕੇ ਬਤੀਤ ਕਰਦੇ ਹਨ। ਪੇੜ-ਪੌਦੇ, ਸਾਰੀ ਉਮਰ ਕੇਵਲ ਇੱਕ ਪੈਰ `ਤੇ ਖੜੇ ਰਹਿ ਕੇ ਬਤੀਤ ਕਰਦੇ ਹਨ ਤੇ ਇਸੇ ਤਰ੍ਹਾਂ ਬਾਕੀ ਜੂਨਾਂ ਵੀ ਆਪਣੀ ਆਪਣੀ ਸੀਮਾ `ਚ, ਉਸ ਤੋਂ ਬਾਹਿਰ ਨਹੀਂ ਜਾ ਸਕਦੀਆਂ।

(੬) ਮਨੁੱਖ ਤਾਂ ਮੌਸਮ ਤੇ ਇਲਾਕੇ ਦੇ ਵਾਧੇ ਘਾਟੇ ਨਾਲ ਆਪਣੀ ਲੋੜ ਅਨੁਸਾਰ ਕਿਨੇਂ ਪਹਿਰਾਵੇ ਤੇ ਆਪਣੇ ਸ਼ੌਕ ਅਨੁਸਾਰ ਫ਼ੈਸ਼ਨ ਵੀ ਬਦਲਦਾ ਹੈ। ਜਦਕਿ ਅਜਿਹੀ ਸਹੂਲੀਅਤ ਵੀ ਹੋਰ ਕਿਸੇ ਜੀਵ ਸ਼੍ਰੇਣੀ `ਚ ਨਹੀਂ ਬਲਕਿ ਉਨ੍ਹਾਂ ਨੂੰ ਹਰੇਕ ਮੌਸਮ ਤੇ ਹਰੇਕ ਇਲਾਕੇ `ਚ ਵੀ ਨੰਗੇ ਹੀ ਰਹਿਣਾ ਪੈਂਦਾ ਹੈ। ਵੱਧ ਤੋਂ ਵੱਧ ਜਗ੍ਹਾ-ਸਥਾਨ ਬਦਲ ਕੇ ਮੌਸਮ ਅਨੁਸਾਰ ਸਮਾਂ ਟਪਾ ਲੈਂਦੇ ਹਨ। ਇਸ ਤੋਂ ਬਾਅਦ, ਮੱਛੀ ਆਦਿ ਪਾਣੀ ਦੀਆਂ ਜੂਨਾਂ ਸਮੇਂ ਤਾਂ ਉਨ੍ਹਾਂ ਨੂੰ ਸਰਦੀ ਗਰਮੀ ਅਤੇ ਬਾਹਰ ਖੁੱਲੇ `ਚ ਘੜੀ ਕਟਣੀ ਵੀ ਨਸੀਬ ਨਹੀਂ ਹੁੰਦੀ।

(੭) ਕੁਦਰਤ ਅੰਦਰ ਸੋਨਾ, ਚਾਂਦੀ, ਹੀਰੇ, ਰਤਨ, ਜਵਾਹਰਾਤ ਤੇ ਬੜੇ ਬੜੇ ਕਮਿਤੀ ਪਦਾਰਥ ਪਏ ਹਨ। ਮਨੁੱਖ ਉਨ੍ਹਾਂ ਤੋਂ ਕਈ ਤਰ੍ਹਾਂ ਦੇ ਗਹਿਣੇ ਆਦਿ ਬਨਵਾਉਂਦਾ ਤੇ ਪਹਿਣਦਾ ਹੈ। ਜਦਕਿ ਹੋਰ ਇੱਕ ਵੀ ਜੂਨ ਅਜਿਹੀ ਨਹੀਂ ਜਿਹੜੀ ਇਨ੍ਹਾਂ ਵਸਤਾਂ ਦਾ ਅਜਿਹਾ ਲਾਭ ਲੈ ਸਕੇ ਜਾਂ ਉਨ੍ਹਾਂ ਦੀ ਸੰਸਾਰ ਪੱਧਰ ਦੀ ਅਮੁਲਤਾ ਦੀ ਪਹਿਚਾਣ ਕਰ ਸਕੇ। ਇਹ ਵੱਖਰੀ ਗੱਲ ਹੈ ਕਿ ਜਦੋਂ ਮਨੁੱਖ ਦਾ ਇਹੀ ਮਨ’, ‘ਵਿਵੇਕ ਬੁਧਦੀ ਅਵਸਥਾ `ਚ ਪੁੱਜ ਜਾਂਦਾ ਹੈ ਤਾਂ ਉਸ ਦੀ ਸੋਚ `ਚ ਹੀਰੇ ਜਵਾਹਰਾਤਾਂ ਦਾ ਅਰਥ ਵੀ ਬਦਲ ਜਾਂਦਾ ਹੈ।

(੮) ਕੁਦਰਤ `ਚ ਹੀ ਹਰ ਸਮੇਂ ਅਜਿਹੇ ਪਦਾਰਥ ਵੀ ਮੌਜੂਦ ਹਨ ਜਿਨ੍ਹਾਂ ਤੋਂ ਮਨੁੱਖ ਇਤਰ, ਫ਼ਲੇਲ, ਸੈਂਟ ਆਦਿ ਖੁਸ਼ਬੂਆਂ ਬਨਾਉਂਦਾ, ਵਰਤਦਾ ਤੇ ਲੋੜ ਅਨੁਸਾਰ ਆਪਣੇ ਵਾਤਵਰਣ ਨੂੰ ਸੁਹਾਵਣਾ ਬਣਾ ਲੈਂਦਾ ਹੈ। ਜਦਕਿ ਮਨੁੱਖ ਤੋਂ ਇਲਾਵਾ ਇੱਕ ਵੀ ਅਜਿਹੀ ਜੂਨ ਨਹੀਂ ਜੋ ਚਾਹੁੰਦੇ ਹੋਏ ਵੀ ਸਬੰਧਤ ਵਸਤਾਂ ਦਾ ਅਜਿਹਾ ਲਾਭ ਲੈ ਸਕੇ।

(੯) ਕੇਵਲ ਮਨੁੱਖਾ ਜੂਨ ਸਮੇਂ ਹੀ ਸੰਭਵ ਹੈ ਕਿ ਆਪਣੇ ਬਣੇ ਹੋਏ ਵਿਸ਼ਵਾਸਾਂ ਅਨੁਸਾਰ ਸਮੇਂ ਨਾਲ ਜੀਵ ਇਸ਼ਨਾਨ ਪਾਣੀ ਤੇ ਪੂਜਾ-ਪਾਠ ਆਦਿ ਧਰਮ ਕਰਮ ਕਰ ਸਕਦਾ ਹੈ। ਜਦਕਿ ਕਿਸੇ ਹੋਰ ਜੂਨ ਸਮੇਂ ਅਜਿਹਾ ਵੀ ਸੰਭਵ ਨਹੀਂ ਉਥੇ ਤਾਂ ਹਰ ਸਮੇਂ ਉਸੇ ਗੰਦੇ-ਮੰਦੇ ਸਰੀਰ ਤੇ ਉਸੇ ਹਾਲਤ `ਚ ਰਹਿਣਾ ਪੈਂਦਾ ਹੈ।

ਇਸ ਸਬੰਧ ਇਹ ਕੇਵਲ, ਇਹੀ ਕੁੱਝ ਵਿਸ਼ੇ ਨਹੀਂ ਬਲਕਿ ਹੋਰ ਵੀ ਅਨੰਤ ਵਾਧੇ ਹਨ ਜੋ ਜੀਵ ਨੂੰ ਬਾਕੀ ਜੂਨਾਂ ਦੇ ਮੁਕਾਬਲੇ ਕੇਵਲ ਮਨੁੱਖਾ ਜੂਨ ਸਮੇਂ ਹੀ ਪ੍ਰਾਪਤ ਹਨ। ਜਦਕਿ ਹੱਥਲੇ ਗੁਰਮੱਤ ਪਾਠ ਅਨੁਸਾਰ ਜਿਸ ਪੱਖੋਂ ਇਸ ਨੂੰ ਘੌਖਣ ਦੀ ਲੋੜ ਹੈ ਉਹ ਇਹ ਕਿ ਉਪਰ ਵਰਣਤ ਹਰੇਕ ਕਦਮ ਸਮੇਂ, ਬੇਸ਼ਕ ਮਨੁੱਖ ਸ਼੍ਰੇਣੀ ਇੱਕੋ ਹੈ ਪਰ ਉਸ ਦੀ ਆਤਮਕ ਅਵਸਥਾ ਅਨੁਸਾਰ ਉਨ੍ਹਾਂ ਦੇ ਜੀਵਨ ਦੀ ਹਰ ਪੱਖੋਂ ਵੰਡ ਹੋ ਜਾਂਦੀ ਹੈ। ਇਹ ਵੰਡ ਉਨ੍ਹਾਂ ਦੇ ਖਾਣ- ਪਾਣ, ਵਰਤਣ-ਵਰਤਾਉਣ, ਰਹਿਨੀ-ਬਹਿਣੀ, ਬੋਲ-ਚਾਲ, ਗਲ ਬਾਤ ਭਾਵ ਹਰੇਕ ਵਿਸ਼ੇ `ਤੇ ਮਨੁੱਖ-ਮਨੁੱਖ ਦੇ ਜੀਵਨ ਵਿਚਕਾਰ ਫ਼ਰਕ ਹੁੰਦਾ ਤੇ ਆ ਜਾਂਦਾ ਹੈ।

ਤਾਂ ਫ਼ਿਰ ‘ਆਤਮਕ ਅਵਸਥਾ’ ਕੀ ਹੈ? - ਇਹ ਆਤਮਕ ਅਵਸਥਾ ਹੈ ਕਿ ਪ੍ਰਭੂ ਦਾ ਨੂਰ ਭਾਵ ਆਤਮਾ ਤਾਂ ਸਾਰੇ ਮਨੁਖਾਂ ਅੰਦਰ ਉਹੀ ਹੈ ਜੋ ਸਾਰੀਆਂ ਜੀਵ ਸ਼੍ਰੇਣੀਆਂ ਤੇ ਰਚਨਾ ਦੇ ਜ਼ਰੇ ਜ਼ਰੇ `ਚ ਮੌਜੂਦ ਹੈ। ਫ਼ਿਰ ਇਹ ਵੀ ਦੇਖ ਚੁੱਕੇ ਹਾਂ ਕਿ “ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ” (ਬਾਣੀ ਜਪੁ) ਭਾਵ ਸਾਡੀ ਸੁਰਤ ਜੇਕਰ ਗੁਰਬਾਣੀ ਜੀਵਨ ਰਾਹੀਂ ‘ਘੜੀ ਹੋਈ’ ਹੋਵੇ ਤਾਂ ‘ਮਨ’ ਤੋਂ ਅਗਲੀ ਅਵਸਥਾ ‘ਬੁਧ’ ਤੱਕ ਪਹੁੰਚਣ ਤੋਂ ਬਾਅਦ ਇਸੇ ਸੁਰਤ ਤੋਂ ਸਾਡੇ ਜੀਵਨ ਅੰਦਰ ‘ਵਿਵੇਕ ਬੁਧ’ ਤਿਆਰ ਹੋ ਜਾਂਦੀ ਹੈ।

ਇਸ ਦੇ ਉਲਟ ਜੇਕਰ ਸਾਡੀ ਇਸੇ ਸੁਰਤ ਦੀ ‘ਘਾੜਤ’ ਗੁਰਬਾਣੀ ਜੀਵਨ ਜਾਚ ਦੀ ਬਜਾਏ ਹਉਮੈ ਤ੍ਰਿਸ਼ਨਾ ਆਦਿ ਤੋਂ ਹੁੰਦੀ ਹੈ ਤਾਂ ਸਾਡੇ ਇਸੇ ‘ਮਨ’ ਤੋਂ ਜਿਹੜੀ ਬੁਧ ਤਿਆਰ ਹੁੰਦੀ ਹੈ ਉਸ ਦੇ ਵੀ ਭਿੰਨ ਭਿੰਨ ਦੋ ਰੂਪ ਹੁੰਦੇ ਹਨ ‘ਸੁਬੁਧ’ ਤੇ ‘ਕੁਬੁਧ’। ਫ਼ਿਰ ਇਸੇ ਸੁਬੁਧ ਭਾਵੇਂ ਕੁਬੁਧ ਤੋਂ ਜੋ ਵੀ ਸਾਡੇ ਜੀਵਨ ਅੰਦਰ ਜਿਹੜੀ ‘ਆਤਮਕ ਅਵਸਥਾ’ ਤਿਆਰ ਹੁੰਦੀ ਹੈ ਉਹੀ ਸਾਡੇ ਲਈ ਮੁੜ ਜਨਮਾਂ, ਜੂਨਾਂ ਤੇ ਭਿੰਨ ਭਿੰਨ ਗਰਭਾਂ ਦਾ ਕਾਰਣ ਹੀ ਬਣਦੀ ਹੈ। ਉਸੇ ਤੋਂ “ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ॥ ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ॥ ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ॥ ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ” ਭਾਵੇਂ ਕਿ ਇਸ ਸਾਰੇ, ਸਾਡੀ ‘ਸੁਬੁਧ’ ਦੀ ਉਪਜ ਹਨ ਨਾ ਕਿ ‘ਕੁਬੁਧ’ ਦੀਂ। ਤਾਂ ਵੀ “ਨਾਨਕ ਮਤੀ ਮਿਥਿਆ” ਹੋਣ ਕਾਰਣ “ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ” ਭਾਵ ਸਾਡੇ ਲਈ ਮੁੜ ਜਨਮਾਂ, ਜੂਨਾਂ, ਗਰਭਾਂ ਦੇ ਗੇੜ੍ਹ ਹੀ ਤਿਆਰ ਹੁੰਦੇ ਹਨ। ਕਿਉਂਕਿ ਉਥੇ ਅਸਾਂ “ਕਰਮੁ ਸਚਾ ਨੀਸਾਣੁ” (ਪੰ: ੪੬੭) ਵਾਲੀ ਹਉਮੈ ਰਹਿਤ ਉੱਤਮ ‘ਆਤਮਕ ਅਵਸਥਾ’ ਨੂੰ ਪ੍ਰਾਪਤ ਨਹੀਂ ਕੀਤਾ ਹੁੰਦਾ।

ਇਸ ਲਈ ਮਨੁੱਖਾ ਜੂਨ ਸਮੇਂ ਜਿਸ ਤਰ੍ਹਾਂ ਦੀ ਕਿਸੇ ਦੇ ‘ਮਨ’ ਦੀ ਤਿਆਰੀ ਹੋਵੇਗੀ ਉਸੇ ਤੋ ਉਸ ਦੇ ਜੀਵਨ ਅੰਦਰ ‘ਸੁਬੁਧ’, ‘ਕੁਬੁਧ’ ਜਾਂ ‘ਵਿਵੇਕਬੁਧ’ ਭਾਵ ਤੇ ਉਸੇ ਤੋਂ ਸਾਡੇ ਜੀਵਨ ਅੰਦਰ ਸਾਡੀ ਭਿੰਨ ਭਿੰਨ ‘ਆਤਮਕ ਅਵਸਥਾ’ ਅਥਵਾ ਸਾਡਾ ‘ਆਤਮਕ ਜੀਵਨ’ ਤਿਆਰ ਹੋ ਜਾਵੇਗਾ। ਉਪ੍ਰੰਤ ਉਸੇ ‘ਆਤਮਕ ਅਵਸਥਾ’ ਅਥਵਾ ‘ਆਤਮਕ ਜੀਵਨ’ ਤੋਂ ਹੀ ਮਨੁੱਖ ਦਾ ‘ਸਫ਼ਲ’ ਅਥਵਾ ‘ਅਸਫ਼ਲ’ ਜੀਵਨ ਤਿਆਰ ਹੋਵੇਗਾ। ਬੱਸ ਇਹੀ ਹੈ ਮਨੁੱਖਾ ਜਨਮ ਸਮੇਂ ਕਿਸੇ ਦੀ ‘ਆਤਮਕ ਅਵਸਥਾ’ ਅਥਵਾ ‘ਆਤਮਕ ਜੀਵਨ’ ਅਥਵਾ ‘ਆਤਮਾ’ ਤੇ ‘ਮਨ’ ਵਿਚਕਾਰ ‘ਸੁਮੇਲ’ ਜਾਂ ‘ਵਿੱਥ’ ਤੋਂ ਤਿਆਰ ਹੋਇਆ ਸਾਡਾ ਜੀਵਨ।

ਕਹਿਣ ਤੋਂ ਭਾਵ, ਮਨੁੱਖਾ ਸਰੀਰ ਅਤੇ ਮਨੁੱਖਾ ਜਨਮ, ਪ੍ਰਭੂ ਕਰਤੇ ਤੋਂ ਵਿੱਛੜੇ ਜੀਵ ਲਈ ਬਾਕੀ ਬੇਅੰਤ ਜੂਨਾਂ ਦੇ ਮੁਕਾਬਲੇ ਇੱਕ ਵਿਸ਼ੇਸ਼ ਤੋਹਫਾ ਹੁੰਦਾ ਹੈ। ਅਜਿਹੀ ਜੂਨ ਜਿਸ `ਚ ਉਸ ਨੂੰ ਹਰ ਤਰ੍ਹਾਂ ਦੀ ਸਹੂਲੀਅਤ, ਮੌਕਾ ਤੇ ਸੋਝੀ ਪ੍ਰਾਪਤ ਹੁੰਦੀ ਹੈ ਤਾ ਕਿ ਮਨੁੱਖ ਆਸਾਨੀ ਨਾਲ ਇਨ੍ਹਾਂ ਸਹੂਲਤਾਂ ਦਾ ਲਾਭ ਲੈ ਕੇ ਆਪਣੇ ਨਿਜ ਰੂਪ `ਚ ਸਮਾ ਜਾਵੇ। ਜਿਸ ਪ੍ਰਭੂ ਦਾ ਇਹ ਅੰਸ਼ ਹੈ, ਉਸੇ ਰਾਹੀਂ ਇਸ ਨੂੰ ਇਸ ਜਨਮ `ਚ ਬਖ਼ਸ਼ੀ ਹੋਈ ਨਿਵੇਕਲੀ ਦਾਤ ਮਨਦੀ ਗੁਰੂ ਗਿਆਨ ਦੀ ਕਮਾਈ ਨਾਲ ਵਰਤੌ ਕਰਕੇ, ਵਾਪਿਸ ਪ੍ਰਭੂ `ਚ ਅਭੇਦ ਹੋ ਜਾਵੇ। ਜਿਸ ਤੋਂ ਇਸ ਨੂੰ ਬਾਰ ਬਾਰ ਵਾਲੇ ਜਨਮ-ਮਰਨ ਦੇ ਦੁਖਾਂ, ਗਰਭਾਂ ਤੇ ਸਰੀਰਾਂ ਤੋ ਨਿਜਾਤ ਹਾਸਲ ਹੋ ਜਾਵੇ। ਜਦਕਿ ਇਹ ਵੀ ਗੁਰਬਾਣੀ ਦਾ ਹੀ ਨਿਰਣਾ ਹੈ ਕਿ ਬੇਸ਼ੱਕ ਮਨੁੱਖਾ ਜਨਮ `ਚ ਆਉਣ ਤੋਂ ਬਾਅਦ ਇਹ ਸੁ-ਅਵਸਰ ਤਾਂ ਹਰੇਕ ਮਨੁੱਖ ਲਈ ਹੁੰਦਾ ਹੈ। ਫ਼ਿਰ ਵੀ ਆਮ ਤੋਰ `ਤੇ ਹੁੰਦਾ ਇਸਦੇ ਉਲਟ ਹੀ ਹੈ। ਇਸ ਖੇਡ `ਚ ਵੀ ਵਿਰਲੇ ਹੀ ਹੁੰਦੇ ਹਨ ਜੋ ਆਪਣਾ ਇਹ ਜਨਮ ਸਫ਼ਲਾ ਕਰਦੇ ਹਣ। ਨਹੀਂ ਤਾਂ ਪੂਰਾਂ ਦੇ ਪੂਰ ਫ਼ਿਰ ਤੋਂ ਡੁੱਬਦੇ ਹੀ ਹਨ। ਭਾਵ ਮੁੜ ਜਨਮ ਮਰਣ ਵਾਲੀ ਉਸੇ ਖੱਡ `ਚ ਜਾ ਡਿਗਦੇ ਹਨ। #G 0106-IIs011.02.011# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No G 0106-II

ਆਤਮਾ ਅਤੇ ਆਤਮਕ ਅਵਸਥਾ (ਭਾਗ-੨)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.