.

ਫ਼ਖ਼ਰਿ ਕੌਮ ਅਕਾਲੀ ਕਿ ਫ਼ੁਕਰਿ ਕੌਮ ਅਕਾਲੀ

ਜਦੋਂ ਵੀ ਕਿਸੇ ਕੌਮ ਨੇਂ ਜਮਾਨੇਂ ਕੋਲੋਂ ਮਾਰ ਖਾਦੀ ਹੈ ਉਸਦਾ ਕਾਰਨ ਕੇਵਲ ਉਸ ਕੌਮ ਅੰਦਰ ਬਣੀ ਧੜ੍ਹੇਬਾਜੀ ਤੇ ਆਪਸੀ ਕੁੜ੍ਹੱਤਣ ਹੀ ਰਿਹਾ ਹੈ ਜਦੋਂ ਆਪਸੀ ਵੈਰ ਵਿਰੋਧ ਪੈਦਾ ਹੋ ਜਾਵੇ ਉਸ ਸਮੇਂ ਫ਼ਿਰ ਬਾਹਰੋਂ ਕਿਸੇ ਦੁਸ਼ਮਨ ਦੀ ਜਰੂਰਤ ਨਹੀ ਪੈਂਦੀ ਹੈ ਉਸ ਕੌਮ ਦੇ ਆਪਣੇ ਹੀ ਪੈਰੋਕਾਰ ਉਸਦੇ ਦੁਸ਼ਮਨ ਬਣ ਜਾਂਦੇ ਹਨ। ਜਿਵੇਂ ਆਮ ਹੀ ਕਹਾਵਤ ਵੀ ਹੈ ਕਿ ਜਦੋਂ ਵਾੜ੍ਹ ਹੀ ਖੇਤ ਨੂੰ ਖਾਣ ਲੱਗ ਜਾਵੇ, ਜਾਂ ਖੁਦ ਮਾਂ ਹੀ ਆਪਣੇ ਪੁੱਤ ਦੀ ਵੈਰਨ ਬਣ ਜਾਵੇ ਤਾਂ ਫਿਰ ਉਸਨੂੰ ਹੋਰ ਦੂਜਾ ਕਿਵੇਂ ਬਚਾ ਸਕਦਾ ਹੈ। ਸ਼ੇਖ ਸ਼ਾਅਦੀ ਜੀ ਦਾ ਇੱਕ ਕਥਨ ਹੈ ਕਿ ਇੱਕ ਕੰਬਲ ਵਿੱਚ ਦਸ ਫ਼ਕੀਰ ਤਾਂ ਆਰਾਮ ਕਰ ਸਕਦੇ ਨੇਂ ਪਰ ਇੱਕ ਸ਼ਹਿਰ ਦੇ ਅੰਦਰ ਦੋ ਬਾਦਸ਼ਾਹ ਕਦੇ ਵੀ ਨਹੀ ਰਹਿ ਸਕਦੇ।

ਉਹ ਭਾਵੇਂ ਸਕੇ ਭਰਾ ਹੀ ਕਿਉਂ ਨਾਂ ਹੋਵਨ ਇਹ ਰਾਜਨੀਤੀ ਉਨਾਂ ਦੇ ਦਰਮਿਆਨ ਇੱਕ ਐਸੀ ਨਫ਼ਰਤ ਤੇ ਈਰਖਾ ਦੀ ਦੀਵਾਰ ਖੜ੍ਹੀ ਕਰ ਦੇਂਦੀ ਹੈ ਕਿ ਉਹ ਆਪਣੇ ਸਾਰੇ ਰਿਸ਼ਤੇ ਨਾਤੇ ਭੁੱਲ ਜਾਂਦੇ ਹਨ। ਉਹਨਾਂ ਨੂੰ ਫਿਰ ਸ਼ਿਵਾਏ ਆਪਣੀ ਕੁਰਸੀ ਦੇ ਹੋਰ ਕੁੱਝ ਵੀ ਨਜਰ ਨਹੀ ਆਉਂਦਾ ਹੈ। ਉਦਾਹਰਨ ਦੇ ਤੌਰ ਤੇ ਅਸੀ ਔਰੰਗਜੇਬ ਦੀ ਜਿੰਦਗੀ ਵੀ ਲੈ ਸਕਦੇ ਹਾਂ ਜਿਸ ਨੇ ਬਾਦਸ਼ਾਹਤ ਪ੍ਰਾਪਤ ਕਰਨ ਦੇ ਲਈ ਆਪਣੇ ਪਿਉ ਆਪਣੇ ਭਰਾ ਤੇ ਕਿਸੇ ਵੀ ਦੋਸਤ ਜਾਂ ਰਿਸ਼ਤੇਦਾਰ ਨੂੰ ਨਹੀ ਬਖਸ਼ਿਆ ਸੀ। ਤੇ ਰਾਜਨੀਤੀ ਦੇ ਨਸ਼ੇ ਅੰਦਰ ਐਨੇ ਗਲਤ ਕਦਮ ਉਠਾ ਗਿਆ ਕਿ ਜਦੋਂ ਮਰਿਆ ਤਾਂ ਉਸਦੇ ਬਿਸਤਰੇ ਦੇ ਹੇਠੋਂ ਉਹ ਕਾਗਜ ਮਿਲਿਆ ਜਿਸਤੇ ਉਸਨੇ ਇਹ ਲਿਖਿਆ ਸੀ ਕਿ ਰੱਬ ਕਦੇ ਵੀ ਕਿਸੇ ਮਨੁਖ ਨੂੰ ਬਾਦਸ਼ਾਹ ਨਾਂ ਬਣਾਵੇਂ ਕਿਉਂਕਿ ਬਾਦਸ਼ਾਹ ਸਭ ਤੋਂ ਵੱਧ ਬਦਕਿਸਮਤ ਇਨਸਾਨ ਹੁੰਦਾ ਹੈ। ਉਸਨੇ ਇਹ ਵੀ ਲਿਖਿਆ ਸੀ ਕਿ ਮੈ ਐਨੇਂ ਪਾਪ ਕੀਤੇ ਨੇਂ ਕਿ ਜਦੋਂ ਮੇਰੀ ਕਬਰ ਬਣਾਈ ਜਾਵੇ ਤਾਂ ਉਥੇ ਕੋਈ ਵੀ ਰੁੱਖ ਨਾਂ ਲਾਇਆ ਜਾਵੇ ਕਿਉਂਕਿ ਮੇਰੀ ਕਬਰ ਨੂੰ ਵੀ ਇਹ ਹੱਕ ਨਹੀ ਹੈ ਕਿ ਉਹ ਠੰਡੀ ਛਾਂ ਮਾਣ ਸਕੇ।

ਗੁਰੂਬਾਣੀ ਦੇ ਅੰਦਰ ਇਹ ਸਿੱਖਿਆ ਦਿਤੀ ਹੈ ਬਾਬੇ ਨਾਨਕ ਨੇ ਕਿ ਜੇਕਰ ਬੰਦਾ ਪਹਿਲਾਂ ਹੀ ਸੋਚ ਸਮਝ ਕੇ ਕਦਮ ਉਠਾਵੇ ਤਾਂ ਫਿਰ ਪਛਤਾਉਣਾਂ ਨਹੀਂ ਪੈਂਦਾ ਸਾਹਿਬ ਜੀ ਦਾ ਪਾਵਨ ਕਥਨ ਹੈ …

ਅਗੋ ਦੇ ਜੇ ਚੇਤੀਐ ਤਾਂ ਕਾਇਤ ਮਿਲੈ ਸਜਾਇ॥

ਪਰ ਰਾਜਨੀਤੀ ਦਾ ਜਾਦੂ ਜਦੋਂ ਬੰਦੇ ਉਤੇ ਚੱਲਦਾ ਹੈ ਤਾਂ ਫਿਰ ਰਾਜਨੀਤਕ ਆਦਮੀ ਦੀ ਮਨੋਦਸ਼ਾ ਵੀ ਔਰੰਗਜੇਬ ਜੈਸੀ ਹੀ ਬਣ ਜਾਂਦੀ ਹੈ ਕਿਸੇ ਆਲਮ ਦਾ ਇਹ ਕਥਨ ਵਿਚਾਰਨ ਜੋਗ ਹੈ ਉਹ ਲਿਖਦਾ ਹੈ…

ਤਖਤੇ ਸ਼ਾਹੀ ਤਖਤ ਨਸ਼ੀਂ ਪਰ ਆਪਣਾਂ ਰੰਗ ਚੜ੍ਹਾ ਦੇਤਾ ਹੈ।

ਰਫਤਾ ਰਫਤਾ ਹਰ ਹਾਕਮ ਕੋ ਔਰੰਗਜੇਬ ਬਣਾਂ ਦੇਤਾ ਹੈ।

ਤਖਤ ਦਾ ਰੰਗ ਹੀ ਐਸਾ ਹੈ ਜੋ ਤਖਤ ਤੇ ਬੈਠਣ ਵਾਲੇ ਨੂੰ ਇਹ ਮਹਿਸੂਸ ਕਰਾ ਦੇਂਦਾ ਹੈ ਕਿ ਬੱਸ ਸਾਰਾ ਕੁੱਝ ਤੂੰ ਹੀ ਹੈਂ। ਕੁੱਝ ਐਸਾ ਹੀ ਹਾਲ ਹੈ ਅੱਜ ਦੀ ਪੰਜਾਬ ਦੀ ਰਾਜਨੀਤੀ ਦਾ, ਪੰਜਾਬ ਦੇ ਅੰਦਰ ਦੋ ਹੀ ਪਾਰਟੀਆਂ ਪਾਵਰਫੁੱਲ ਹਨ ਕਾਂਗਰਸ, ਤੇ ਸ਼੍ਰੋਮਣੀ ਅਕਾਲੀ ਦਲ ਬਾਦਲ। ਬਾਦਲਦਲੀਏ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਹਨ ਤੇ ਪੰਥ ਦੇ ਨਾਮ ਤੇ ਇਹਨਾਂ ਦੀ ਰਾਜਨੀਤੀ ਦਾ ਕੰਮ ਚਲਦਾ ਹੈ, ਵੈਸੇ ਇਹਨਾਂ ਨੇ ਕਦੇ ਵੀ ਸਿੱਖਾਂ ਦੇ ਜਾਂ ਸਿੱਖੀ ਦੇ ਹੱਕ ਵਿੱਚ ਕੋਈ ਵੀ ਮਜਬੂਤ ਕਦਮ ਨਹੀ ਉਠਾਏ। ਇਹਨਾਂ ਨੂੰ ਜਦੋ ਵੀ ਵੋਟਾਂ ਦੀ ਜਰੂਰਤ ਪੈਂਦੀ ਹੈ ਇਹ ਸਾਰੇ ਫਿਰ 1984 ਦੇ ਦੰਗਿਆਂ ਨੂੰ ਲੈਕੇ ਕਾਂਗਰਸ ਦੇ ਖਿਲਾਫ ਬੋਲ ਬੋਲ ਕੇ ਪੰਥ ਦੇ ਨਾਮ ਤੇ ਵੋਟਾਂ ਮੰਗਦੇ ਹਨ। ਇਕਬਾਲ ਜੀ ਦਾ ਇਹ ਕਥਨ ਸ਼ਾਇਦ ਮੇਰੀ ਪੂਰੀ ਗੱਲ ਕਹਿ ਸਕਦਾ ਹੈ…

ਇਕਬਾਲ ਬੜ੍ਹਾ ਉਪਦੇਸ਼ਕ ਹੈ ਬਾਤੋਂ ਸੇ ਮਨ ਮੋਹ ਲੇਤਾ ਹੈ।

ਗੁਫਤਾਰ ਕਾ ਗਾਜੀ ਬਣ ਤੋ ਗਇਆ ਕਿਰਦਾਰ ਕਾ ਕਾਜੀ ਬਣ ਨਾਂ ਸਕਾ।

ਹੁਣ ਆਉ ਪੁਰਾਤਨ ਅਕਾਲੀ ਵਿੱਚ ਤੇ ਮਾਡਰਨ ਅਕਾਲੀ ਵਿੱਚ ਕੀ ਫਰਕ ਹੈ ਇਹ ਵਾਚੀਏ ਜੀ। ਪੁਰਾਤਨ ਅਕਾਲੀ

ਫਿੱਡਾ ਜੈਸਾ ਟਟੂਆ ਹੈ, ਜੁਲੜੂ ਕਾ ਕਾਠੀ ਪਾਇ,

ਰੱਸੜੂ ਲਗਾਮੜੂ ਤੇ ਰੱਸੜੂ ਰਕਾਬ ਜੂ।

ਪਾਟਿਆ ਸਾ ਕੱਛੜੂ, ਤੇ ਨੀਲੜੂ ਸਾ ਚਾਦਰੂ,

ਡੁਚੇ ਜੈਸਾ ਪੱਗੜੂ ਬਣਾਇਆ ਸਿਰਤਾਜ ਜੂ।

ਟੁਟਿਆ ਸਾ ਤੇਗੜੂ, ਤੇ ਲੀਰੜੂ ਮਿਆਨ ਜਾਂਕੋ,

ਗੱਠ ਸੱਠ ਗਾਤਰਾ ਬਣਾਇਆ ਸਭ ਸਾਜ ਜੂ।

ਨਾਮ ਤੋ ਅਕਾਲੜੂ ਹੈ, ਫਿਰੇ ਬੁਰੇ ਹਾਲੜੂ ਹੈ,

ਲੁੱਟ ਕੁੱਟ ਖਾਵਣੇਂ ਕੋ ਢਾਡੇ ਉਸਤਾਦ ਜੂ।

ਇਹ ਜੋ ਹਾਲਾਤ ਉਪਰ ਦੱਸੇ ਹਨ ਇਹ ਪੁਰਾਤਨ ਅਕਾਲੀਆਂ ਦੇ ਅਤਿ ਦੀ ਗਰੀਬੀ ਨੂੰ ਸਾਡੇ ਸਾਹਮਨੇਂ ਬਾਖੂਬੀ ਪੇਸ਼ ਕਰਦੇ ਨੇ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਗਰੀਬੀ ਦੀ ਮਾਰ ਦੇ ਨਾਲ ਨਾਲ ਉਸ ਸਮੇਂ ਦੀ ਹਕੂਮਤ ਦੇ ਵੀ ਜੁਲਮ ਉਹ ਹੱਸ-ਹੱਸ ਕੇ ਸਹਿੰਦੇ ਸਨ ਪਰ ਨਾਂ ਤਾਂ ਕਦੇ ਉਹਨਾਂ ਨੇ ਆਪਣੀ ਕੌਮ ਨਾਲ ਹੀ ਗਦਾਰੀ ਕੀਤੀ ਸੀ ਤੇ ਨਾਂ ਹੀ ਉਹ ਕਦੇ ਆਪਣੇ ਗੁਰੂ ਦੀ ਸੋਚ ਤੋਂ ਹੀ ਉਲਟ ਚੱਲਦੇ ਸਨ। ਪਰ ਜੇ ਅਜੋਕੇ ਅਕਾਲੀਆਂ ਦੀ ਬਾਤ ਕਰੀਏ ਤਾਂ ਮੈਂ ਕਹਾਂਗਾ ਕਿ ਅੱਜ ਦਾ ਅਕਾਲੀ ਅਕਲ ਦਾ ਅੰਨਾਂ ਹੋ ਚੁੱਕਾ ਹੈ ਜੋ ਆਪਣੇ ਗੁਰੂ ਨੂੰ ਖੁਸ਼ ਕਰਨ ਦੀ ਬਜਾਏ ਸਮੇਂ ਦੀਆਂ ਸਰਕਾਰਾਂ ਦੇ ਤਲਵੇ ਚੱਟਦਾ ਫਿਰਦਾ ਹੈ। ਹੁਣ ਆਉ ਜਰਾ ਅੱਜ ਦੇ ਅਕਾਲੀਆਂ ਦਾ ਜੀਵਨ ਇਸ ਕਵਿਤਾ ਰਾਹੀਂ ਵਾਚੀਏ ਜੀ…

ਮਾਡਰਨ ਅਕਾਲੀ

ਨਵੀਂ ਏ ਸੀ ਗੱਡੀ ਹੁੰਦੀ, ਹੂਟਰੂ ਲਗਾਕੇ ਉਤੇ,

ਗੰਨਮੈਨ ਅੱਗੇ ਪਿਛੇ ਹੂ ਹੂ ਵੱਜੇ ਸਾਜ ਜੂ।

ਦੁੱਧ ਚਿਟੇ ਕੱਪੜ੍ਹੇ ਨੇਂ, ਹੱਥ ਚ ਮੁਬਾਇਲੜੂ ਹੈ,

ਨੀਲੀ ਪਟਿਆਲਾ ਠੋਕ ਬੰਨੀਂ ਦਸਤਾਰ ਜੂ।

ਸ਼੍ਰੀ ਸਾਹਿਬ ਟਾਵੇਂ ਕੋਲ, ਇਸ ਦੀ ਨਾਂ ਭਾਸੇ ਲੋੜ੍ਹ,

ਗੱਲੀਂ ਬਾਤੀਂ ਸਿੰਘ ਪੂਰੇ ਜਾਪਦੇ ਨਵਾਬ ਜੂ।

ਨਾਮ ਤੋ ਅਕਾਲੜੂ ਹੈ, ਫਿਰੇ ਭਨਿਆਲੜੂ ਹੈ,

ਪੰਥ ਪੰਥ ਕੂਕਣੇਂ ਕੋ ਢਾਡੇ ਉਸਤਾਦ ਜੂ।

ਇਹ ਨੇਂ ਜੀ ਅੱਜ ਦੇ ਮਹਾਨ ਅਕਾਲੀ ਜਿਹਨਾਂ ਨੂੰ ਸਾਢੇ ਚਾਰ ਸਾਲ ਤਾਂ ਪੰਥ ਦਾ ਚੇਤਾ ਨਹੀ ਆਉਦਾ ਤੇ ਜਦੋਂ ਚੋਣਾਂ ਸਿਰ ਤੇ ਆ ਜਾਂਦੀਆਂ ਨੇਂ ਫਿਰ ਇਹ ਪੰਥ ਦੀਆਂ ਦੁਹਾਈਆਂ ਦੇ ਕੇ ਲੋਕਾਂ ਕੋਲੋਂ ਵੋਟਾਂ ਦੀ ਭੀਖ ਮੰਗਦੇ ਨੇਂ। ਤੇ ਵੋਟਾਂ ਦੀ ਖਾਤਰ ਇਹਨਾਂ ਨੂੰ ਭਾਵੇਂ ਫਿਰ ਭਨਿਆਰੇ ਵਾਲੇ ਕੋਲ ਹੀ ਨੱਕ ਕਿਉਂ ਨਾਂ ਰਗੜ੍ਹਨਾਂ ਪਵੇ ਇਹ ਸਭ ਕੁੱਝ ਹੀ ਕਰਦੇ ਨੇਂ।

ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ ਜੋ ਸਿੱਖ ਕੌਮ ਦੇ ਉਹਨਾਂ ਮਹਾਨ ਵਿਦਵਾਨਾਂ ਵਿੱਚੋਂ ਹਨ ਜਿੰਨਾਂ ਨੇਂ ਆਪਣੀਂ ਕੌਮ ਦੀ ਉਸ ਸਮੇਂ ਮਹਾਨ ਸੇਵਾ ਕੀਤੀ ਜਦੋਂ ਸਿੱਖ ਕੌਮ ਵਿਰੋਧੀਆਂ ਦੀਆਂ ਮਾਰਾਂ ਦਾ ਸ਼ਿਕਾਰ ਬਣ ਕੇ ਬਰਬਾਦ ਹੋ ਰਹੀ ਸੀ। ਉਨ੍ਹਾਂ ਦੀ ਸੁ-ਪ੍ਰਸਿੱਧ ਰਚਨਾਂ ਮਹਾਨ ਕੋਸ਼ ਦੇ ਪੰਨਾਂ 173 ਅੰਦਰ ਅਕਾਲੀ ਸ਼ਬਦ ਦੇ ਅਰਥ ਇਸ ਤਰ੍ਹਾਂ ਕੀਤੇ ਹਨ … ਅਕਾਲੀ-ਜਿਸਦਾ ਅਕਾਲ ਨਾਲ ਸਬੰਧ ਹੈ, ਅਕਾਲ ਦਾ ਉਪਾਸ਼ਕ, ਵਾਹਿਗੁਰੂ ਜੀ ਕਾ ਖਾਲਸਾ॥

ਕਮਲ ਜਿਉ ਮਾਇਆ ਜਲ ਵਿੱਚ ਹੈ ਅਲੇਪ ਸਦਾ,

ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ।

ਕਰਕੇ ਕਮਾਈ ਖਾਵੇ ਮੰਗਨਾਂ ਹਰਮ ਜਾਣੇਂ,

ਭਾਣੇ ਵਿੱਚ ਵਿਪਦਾ ਨੂੰ ਮੰਨੇਂ ਖੁਸ਼ਹਾਲੀ ਹੈ।

ਸਵਾਰਥ ਤੋਂ ਬਿਨ੍ਹਾਂ ਗੁਰਦੁਆਰਿਆਂ ਦਾ ਚੌਂਕੀਦਾਰ,

ਧਰਮ ਦੇ ਜੰਗ ਦੀ ਚੜ੍ਹੇ ਮੁਖ ਲਾਲੀ ਹੈ।

ਪੂਜੇ ਨਾਂ ਅਕਾਲ ਬਿਨ੍ਹਾਂ ਹੋਰ ਕੋਈ ਦੇਵੀ ਦੇਵ,

ਸਿੱਖ ਦਸ਼ਮੇਸ਼ ਦਾ ਸੋ ਕਹੀਏ ਅਕਾਲੀ ਹੈ।

ਭਾਈ ਸਾਹਿਬ ਜੀ ਦੇ ਮੁਤਾਬਿਕ ਅਕਾਲੀ ਦੀ ਪਹਿਲੀ ਨਿਸ਼ਾਨੀ ਕੀ ਹੈ ਜਿਸਦਾ ਸਬੰਧ ਅਕਾਲ ਨਾਲ ਹੋਵੇ। ਅਕਾਲ ਦਾ ਅਰਥ ਹੈ ਜੋ ਸਮੇਂ ਕਾਲ ਦੀਆਂ ਹੱਦਾਂ ਤੋਂ ਪਰੇ ਹੈ। ਜਿਸਨੂੰ ਮੌਤ ਨਹੀ ਆਉਂਦੀ। ਪਰ ਕੀ ਅਜੋਕੇ ਸਮੇਂ ਦੇ ਅਕਾਲੀਆਂ ਵੀਰਾਂ ਲਈ ਇਹ ਸ਼ਬਦ ਵਰਤਨਾਂ ਕੀ ਇਸ ਮਹਾਨ ਸ਼ਬਦ ਦੀ ਕਿਤੇ ਤੌਹੀਨ ਹੀ ਤਾਂ ਨਹੀ ਹੈ। ਕਿਉਂਕਿ ਅੱਜ ਦਾ ਅਕਾਲੀ ਤਾਂ ਅਕਾਲ ਦਾ ਉਪਾਸ਼ਕ ਹੀ ਨਹੀ ਰਿਹਾ ਹੈ ਸਗੋਂ ਆਪਣੀ ਚੌਧਰ ਦੀ ਖਾਤਰ ਤਾਂ ਉਹ ਕਦੇ ਪੱਥਰਾਂ ਦੇ ਮੂਹਰੇ ਨੱਕ ਰਗੜ੍ਹਦਾ ਹੈ ਤੇ ਕਦੇ ਉਹ ਆਪਣੇ ਮੱਥੇ ਤੇ ਮੁਕਟ ਪਹਿਨ ਕੇ ਕੇਸਰ ਦਾ ਤਿਲਕ ਲਾਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਉਸਦਾ ਨਾਮ ਹੀ ਅਕਾਲੀ ਹੈ ਪਰ ਅਸਲੋਂ ਤਾਂ ਉਹ ਫੁਕਰਾ ਹੀ ਹੈ। ਅਕਾਲੀ ਵੀਰਾਂ ਨੂੰ ਜੋ ਇਹ ਨਾਮ ਮਿਲਿਆ ਹੈ ਤੇ ਜੋ ਇਹਨਾਂ ਨੇਂ ਇਸ ਨਾਮ ਦੀ ਬੇਕਦਰੀ ਕੀਤੀ ਹੈ ਉਸ ਤੋਂ ਮੈਂਨੂੰ ਇੱਕ ਕਹਾਣੀ ਚੇਤੇ ਆ ਗਈ ਕਹਿੰਦੇ ਇੱਕ ਵਾਰ ਕਿਸੇ ਘੁਮਿਆਰ ਨੂੰ ਰਸਤੇ ਚੋਂ ਲਾਲ ਲੱਭ ਗਿਆ ਤੇ ਉਸਨੇਂ ਫੜ੍ਹਕੇ ਆਪਣੇ ਖੋਤੇ ਦੇ ਗਲ ਵਿੱਚ ਬੰਨ ਦਿੱਤਾ। ਇੱਕ ਵਾਰ ਕਿਸੇ ਜੌਹਾਰੀ ਦੀ ਨਿਗ੍ਹਾ ਉਸ ਲਾਲ ਉਤੇ ਜਾ ਪਈ ਜੋ ਖੋਤੇ ਦੇ ਗਲ ਵਿੱਚ ਬੰਨਿਆਂ ਹੋਇਆ ਸੀ, ਉਸ ਨੇ ਘੁਮਿਆਰ ਨੂੰ ਪੁਛਿਆ ਕਿ ਆਹ ਜੋ ਤੂੰ ਆਪਣੇ ਖੋਤੇ ਦੇ ਗਲ ਵਿੱਚ ਪੱਥਰ ਸਮਝ ਕੇ ਬੰਨ੍ਹੀਂ ਫਿਰਦਾ ਹੈ ਕੀ ਤੈਨੂੰ ਪਤਾ ਹੈ ਕਿ ਇਹ ਕੀ ਹੈ ਤੇ ਇਸਦੀ ਕੀਮਤ ਕੀ ਹੈ, ਭੋਲਾ ਘੋਮਿਆਰ ਅੱਗੋਂ ਕਹਿਣ ਲੱਗਾ ਜੀ ਕਿਉਂ ਐਂਵੇਂ ਹੀ ਮੈਨੂੰ ਗਰੀਬ ਨੂੰ ਮਖੌਲ ਪਏ ਕਰਦੇ ਓ ਇਸ ਪੱਥਰ ਦੀ ਕੀ ਕੀਮਤ ਹੋ ਸਕਦੀ ਹੈ ਇਹਨੂੰ ਲੈਕੇ ਕਿਸੇ ਨੇਂ ਆਪਣੇਂ ਸਿਰ ਚ ਮਾਰਨਾਂ ਹੈ। ਜੌਹਾਰੀ ਅੱਗੋਂ ਹੱਸ ਕੇ ਕਹਿੰਦਾ ਹੈ ਓਏ ਝੱਲਿਆ ਇਸਦੀ ਐਨੀ ਕੀਮਤ ਹੈ ਕਿ ਤੇਰੀਆਂ ਸੱਤ ਪੁਸ਼ਤਾਂ ਵੀ ਬਹਕੇ ਖਾਣ ਤਾਂ ਵੀ ਕਦੇ ਨਹੀ ਮੁਕਣਾਂ। ਇਹ ਸੁਣਦਿਆਂ ਸਾਰ ਹੀ ਉਸ ਘੁਮਿਆਰ ਦੇ ਹੋਸ਼ ਉਡ ਗਏ। ਕਿ ਮੈ ਤਾਂ ਇਸਨੂੰ ਅੱਜ ਤੱਕ ਕੇਵਲ ਇੱਕ ਪੱਥਰ ਹੀ ਸਮਝ ਰਿਹਾ ਸੀ ਪਰ ਇਹ ਤਾਂ ਕੁੱਝ ਹੋਰ ਹੀ ਲਿਕਲਿਆ ਹੈ। ਮੇਰੇ ਖਿਆਲ ਮੁਤਾਬਿਕ ਅਜੋਕੇ ਅਕਾਲੀਆਂ ਦੀ ਹਾਲਤ ਵੀ ਉਸ ਘੁਮਿਆਰ ਜੈਸੀ ਹੀ ਹੈ। ਉਸ ਨੇਂ ਤਾਂ ਲਾਲ ਖੋਤੇ ਦੇ ਗਲ ਵਿੱਚ ਬੰਨ੍ਹ ਛੱਡਿਆ ਸੀ ਪਰ ਸਾਡੇ ਅਕਾਲੀ ਵੀਰਾਂ ਨੇਂ ਤਾਂ ਸਾਰੇ ਖੋਤਿਆਂ ਨੂੰ ਹੀ ਲਾਲ ਦੀ ਡਿਗਰੀ ਦੇਕੇ ਲਾਲ ਦੀ ਕਦਰ ਹੀ ਗਵਾ ਛੱਡੀ ਹੈ। ਕੀ ਅਜੋਕਾ ਅਕਾਲੀ ਵਾਕਿਆ ਹੀ ਇੱਕ ਅਕਾਲ ਦਾ ਪੁਜਾਰੀ ਹੈ ਕਿ ਜਾਂ ਉਹ ਕੇਵਲ ਆਪਣੇਂ ਅਕਾਲੀ ਹੋਣ ਦਾ ਡੌਂਗ ਹੀ ਰਚਾ ਰਿਹਾ ਹੈ ਕਿਥੇ ਸ੍ਰ: ਫੂਲਾ ਸਿੰਘ ਜੈਸੇ ਅਕਾਲੀ ਹੁੰਦੇ ਸੀ ਜਦੋਂ ਤੁਰਦੇ ਸਨ ਤਾਂ ਲੋਕ ਇਹ ਕਿਹਾ ਕਰਦੇ ਸੀ ਬਈ ਦੇਖੋ ਔਹ ਅਕਾਲੀ ਜਾ ਰਿਹਾ ਹੈ ਪਰ ਸਦ ਅਫਸੋਸ ਹੈ ਕਿ ਅੱਜ ਦਾ ਅਕਾਲੀ ਜਦੋਂ ਸੈਂਕੜ੍ਹੇ ਗੰਨਮੈਨਾਂ ਤੇ ਵੱਡੇ ਗੱਡੀਆਂ ਦੇ ਕਾਫਲੇ ਦੇ ਨਾਲ ਜਦੋਂ ਆਉਂਦਾ ਹੈ ਤਾਂ ਲੋਕ ਇਹ ਕਹਿੰਦੇ ਨੇਂ ਔਹ ਦੇਖੋ ਕੌਮ ਦਾ ਗਦਾਰ ਆ ਰਿਹਾ ਹੈ।

ਇਸਦੀ ਵਜ੍ਹਾ ਕੀ ਹੈ ਇਹ ਕਦੇ ਵੀ ਕਿਸੇ ਅਕਾਲੀ ਨੇਂ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹੈ। ਇਹੋ ਹੀ ਕਾਰਨ ਹੈ ਕਿ ਅੱਜ ਪੰਥ ਦਰਦੀਆਂ ਦੀ ਨਿਗ੍ਹਾ ਵਿੱਚ ਅਕਾਲੀ ਸ਼ਬਦ ਹੀ ਬੜ੍ਹਾ ਘਿਰਨਾਜੋਗ ਬਣਦਾ ਜਾ ਰਿਹਾ ਹੈ। ਸੋ ਭਾਈ ਕਾਨ੍ਹ ਸਿੰਘ ਜੀ ਦੇ ਮੁਤਾਬਿਕ ਅਕਾਲੀ ਦਾ ਜੀਵਨ ਕੈਸਾ ਹੋਵੇ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੋਇਆ ਵੀ ਪਾਣੀ ਤੋ ਨਿਰਲੇਪ ਰਹਿੰਦਾ ਹੈ ਤੇ ਕਦੇ ਵੀ ਉਹ ਆਪਣੇਂ ਆਪ ਨੂੰ ਚਿੱਕੜ੍ਹ ਨਹੀਂ ਲੱਗਣ ਦਿੰਦਾ ਪਾਣੀਂ ਦੀ ਸਤ੍ਹਾ ਜਿੰਨੀਂ ਉਚੀ ਹੁੰਦੀ ਜਾਂਦੀ ਹੈ ਉਹ ਉਨਾਂ ਹੀ ਉਚਾ ਹੁੰਦਾ ਜਾਂਦਾ ਹੈ। ਕੀ ਅਜੋਕਾ ਅਕਾਲੀ ਵੀ ਐਸੇ ਜੀਵਨ ਵਾਲਾ ਹੈ, ਜੁਵਾਬ ਹੋਵੇਗਾ ਨਹੀ ਨਹੀ ਨਹੀ ਨਹੀ ਨਹੀ ਪਰ ਕਿਉਂ ਕੀ ਵਜਾ ਹੈ ਕਿ ਅਕਾਲੀਆਂ ਦਾ ਜੀਵਨ ਉਹ ਨਹੀ ਰਿਹਾ ਹੈ। ਉਸ ਦੀ ਵਜ੍ਹਾ ਸ਼ਾਇਦ ਇਹ ਹੀ ਹੋਵੇ ਕਿ ਅਕਾਲੀਆਂ ਦਾ ਆਗੂ ਹੀ ਗਲਤ ਹੈ। ਜਦੋਂ ਅਕਾਲੀਆਂ ਦੇ ਆਗੂ ਹੀ ਨੰਗੀਆਂ ਕੁੜ੍ਹੀਆਂ ਨੂੰ ਨੱਚਦੀਆਂ ਵੇਖਣ ਵਾਸਤੇ ਕਰੋੜ੍ਹਾਂ ਰੁਪਈਆ ਖਰਚ ਸਕਦੇ ਹਨ ਤਾਂ ਫਿਰ ਦੂਜਿਆਂ ਦੀ ਤਾਂ ਖੈਰ ਸਲਾਹ ਹੈ। ਕੀ ਅਜੋਕੇ ਅਕਾਲੀਆਂ ਨੇ ਕੇਵਲ ਪੈਸੇ ਦੀ ਖਾਤਰ ਹੀ ਸਾਰੀ ਸਿਖ ਕੌਮ ਨੂੰ ਹੀ ਹਿੰਦੂਆਂ ਦੇ ਖਾਤੇ ਵਿੱਚ ਨਹੀ ਪਾ ਦਿੱਤਾ, ਕੀ ਪੈਸੇ ਦੀ ਖਾਤਰ ਅਕਾਲੀਆਂ ਨੇ ਗੁਰਦੁਆਰਿਆਂ ਦਾ ਸਿਆਸੀਕਰਨ ਨਹੀਂ ਕਰ ਦਿੱਤਾ? ਕੀ ਅਕਾਲੀਆਂ ਨੇਂ ਕਦੇ ਵੀ ਆਪਣੀਂ ਕੁਰਸੀ ਤੋਂ ਉਠਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਬਾਰੇ ਸੋਚਿਆ ਹੈ? ਅੱਜ ਦਾ ਅਕਾਲੀ ਗਰਕ ਚੁੱਕਾ ਹੈ ਉਸਨੂੰ ਕੇਵਲ ਇਹ ਹੀ ਚਿੰਤਾ ਹੁੰਦੀ ਹੈ ਕਿ ਉਸ ਦਾ ਆਕਾ ਕਦੇ ਵੀ ਉਸ ਤੋਂ ਨਾਰਾਜ ਨਾਂ ਹੋਵੇ ਪਰ ਉਸ ਨੇਂ ਇਹ ਕਦੇ ਵੀ ਨਹੀ ਸੋਚਿਆ ਕਿ ਉਹ ਜਿਸ ਗੁਰੂ ਦੇ ਨਾਮ ਤੇ ਰੋਟੀ ਖਾ ਰਿਹਾ ਹੈ ਉਹ ਬਹੁਤ ਸਮੇਂ ਪਹਿਲਾਂ ਹੀ ਉਸ ਤੋਂ ਨਾਰਾਜ ਹੋ ਬੈਠਾ ਹੈ ਭਾਈ ਸਾਹਿਬ ਜੀ ਕਹਿੰਦੇ ਨੇਂ ਕਿ ਕਮਲ ਦਾ ਫੁੱਲ ਸਭਨਾਂ ਵਿੱਚ ਰਹਿਕੇ ਸਭਦਾ ਪਿਆਰ ਮਾਣਦਾ ਹੈ ਪਰ ਫਿਰ ਵੀ ਉਹ ਸਭ ਤੋਂ ਉਚਾ ਰਹਿਕੇ ਆਪਣੀਂ ਹੋਂਦ ਨੂੰ ਬਰਕਰਾਰ ਰੱਖਦਾ ਹੈ, ਤੇ ਕਿਸੇ ਹੋਰ ਦਾ ਪ੍ਰਭਾਵ ਕਦੇ ਵੀ ਆਪਣੇਂ ਜੀਵਨ ਤੇ ਨਹੀਂ ਪੈਣ ਦਿੰਦਾ, ਪਰ ਹੁਣ ਦੇ ਅਕਾਲੀ ਦਾ ਜੀਵਨ ਕੈਸਾ ਹੈ ਗੰਗਾ ਗਏ ਤਾਂ ਗੰਗਾ ਰਾਮ ਜਮੁਨਾਂ ਗਏ ਤਾਂ ਜਮੁਨਾਂ ਦਾਸ, ਜਿਥੇ ਬੈਠੇ ਵੈਸੇ ਹੀ ਬਣ ਗਏ। ਦੂਜਾ ਅਕਾਲੀ ਦਾ ਗੁਣ ਇਹ ਹੈ ਕਿ ਉਹ ਆਪ ਕਿਰਤੀ ਹੋਵੇ ਤੇ ਕਦੇ ਵੀ ਕਿਸੇ ਪਾਸੋਂ ਮੰਗਕੇ ਨਾਂ ਖਾਵੇ ਤੇ ਮੰਗਣਾਂ ਹਰਾਮ ਸਮਝੇ ਹਰ ਦੁਖ ਨੂੰ ਹਰ ਬਿਪਤਾ ਨੂੰ ਜਿਹੜ੍ਹਾ ਹੱਸਦਿਆਂ ਹੱਸਦਿਆਂ ਹੀ ਬਤੀਤ ਕਰ ਜਾਵੇ ਉਹ ਅਕਾਲੀ ਹੈ। ਪਰ ਅਕਾਲੀ ਵੀਰ ਤਾਂ ਸਦਾ ਹੀ ਰੋਂਦੇ ਹਹਿੰਦੇ ਨੇਂ, ਪਰ ਇਹਨਾਂ ਦਾ ਰੋਣਾਂ ਕੌਮ ਦੇ ਪ੍ਰਤੀ ਨਹੀ ਹੁੰਦਾ ਸਗੋਂ ਆਪਣੀਆਂ ਵੋਟਾ ਲੈਣ ਲਈ ਹੀ ਹੁੰਦਾ ਹੈ। ਇਹਨਾਂ ਦੇ ਮੁਤਾਬਿਕ ਪੰਥਕ ਉਹ ਹੈ ਜੋ ਇਹਨਾਂ ਦੇ ਆਕਾ ਜੀ ਦਾ ਹਰ ਹੁਕਮ ਸਿਰ ਮੱਥੇ ਪਰਵਾਨ ਕਰਦਾ ਹੈ। ਪਰ ਜੋ ਵੀ ਇਹਨਾਂ ਦੀਆਂ ਕਮੀਆਂ ਨੂੰ ਲੋਕਾਂ ਦੇ ਮੂਹਰੇ ਪੇਸ਼ ਕਰਦਾ ਹੈ ਉਹ ਪੰਥਕ ਨਹੀ ਸਗੋਂ ਗਦਾਰ ਹੈ। ਇਹਦੇ ਵਿੱਚ ਕੋਈ ਕੋਈ ਵੀ ਸ਼ੱਕ ਨਹੀਂ ਹੈ ਕਿ ਜਾਨ ਤਲੀ ਤੇ ਧਰਕੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਵੀਰਾਂ ਦਾ ਸਹਿਯੋਗ ਕਰਨ ਦੀ ਬਜਾਏ ਸ਼੍ਰੋਮਣੀਂ ਕਮੇਟੀ ਮੈਂਬਰ ਉਹਨਾਂ ਦਾ ਰੱਜ ਕੇ ਵਿਰੋਧ ਕਰਦੇ ਨੇਂ ਤੇ ਕਈ ਵਾਰ ਤਾਂ ਇਥੋਂ ਤੱਕ ਵੀ ਕਹਿ ਦੇਂਦੇ ਨੇਂ ਕਿ ਇਹ ਅਕਾਲ ਤਖਤ ਦੇ ਖਿਲਾਫ ਬੋਲਦੇ ਨੇ ਇਹਨਾਂ ਨੂੰ ਸੰਗਤਾਂ ਗੁਰੂਦੁਆਰਿਆਂ ਵਿੱਚ ਨਾਂ ਬੋਲਣ ਦੇਣ ਆਪ ਤਾਂ ਬਹੁਤੇ ਮੈਂਬਰ ਸ਼ਰਾਬਾਂ ਪਿਲਾ ਪਿਲਾ ਕੇ ਹੀ ਬਣੇਂ ਹੁੰਦੇ ਨੇਂ ਤੇ ਪ੍ਰਚਾਰਕਾਂ ਨੂੰ ਇਹ ਗਦਾਰ ਕਹਿਕੇ ਭੰਡਦੇ ਨੇਂ ਦਾਸ ਨਾਲ ਵੀ ਇੱਕ ਵਾਰ ਐਸੇ ਹੀ ਇੱਕ ਗਾਦਾਰ ਤੇ ਚੋਰ ਕਹੇ ਜਾਂਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਦਾ ਪੰਗਾ ਪੈ ਚੁੱਕਾ ਹੈ ਜਿਸਤੋਂ ਮੈਂਨੂੰ ਇਹ ਪਤਾ ਚੱਲਿਆ ਹੈ ਕਿ ਇਹ ਆਪਣੀਂ ਕੁਰਸੀ ਦੀ ਆੜ੍ਹ ਵਿੱਚ ਕੁੱਝ ਵੀ ਕਰ ਸਕਦੇ ਹਨ। ਪਰ ਕੀ ਕਰੀਏ ਹਮਾਰੇ ਘਰ ਕੋ ਆਗ ਲਗੀ ਘਰ ਕਿ ਚਿਰਾਗ ਸੇ।

ਕਿਸੇ ਸ਼ਾਇਰ ਦਾ ਇਹ ਕਥਨ ਵੀ ਕਿੰਨਾਂ ਦਮਦਾਰ ਹੈ…

ਬਰਬਾਦ ਗੁਲਸਤਾਂ ਕਰਨੇਂ ਕੋ ਬਸ ਏਕ ਹੀ ਉਲੂ ਕਾਫੀ ਥਾ।

ਹਰ ਸ਼ਾਖ ਪੇ ਉਲੂ ਬੈਠਾ ਹੈ ਅੰਜਾਮੇਂ ਗੁਲਸਤਾਂ ਕਿਆ ਹੋਗਾ।

ਅਕਾਲੀ ਦਾ ਅਗਲਾ ਗੁਣ ਇਹ ਹੈ ਕਿ ਸਵਾਰਥ ਰਹਿਤ ਹੋਕੇ ਗੁਰੂਦੁਆਰਿਆਂ ਦੀ ਸੇਵਾ ਸੰਭਾਲ ਕਰਦਾ ਹੈ ਤੇ ਜੇਕਰ ਕਿਤੇ ਗੁਰੂ ਘਰ ਦੀ ਮਾਣ ਮਰਿਆਦਾ ਦੀ ਖਾਤਰ ਉਸਨੂੰ ਆਪਣੀ ਜਾਨ ਵੀ ਦੇਣੀਂ ਪੈ ਜਾਵੇ ਤਾਂ ਉਹ ਕਦੇ ਵੀ ਪਿਛਾਂਹ ਨਹੀਂ ਹਟਦਾ ਤੇ ਹਮੇਸ਼ਾਂ ਹੀ ਉਹ ਆਪਣੇਂ ਆਪ ਨੂੰ ਗੁਰੂ ਘਰ ਦਾ ਚੌਂਕੀਦਾਰ ਹੀ ਸਮਝਦਾ ਹੈ ਨਾਂ ਕਿ ਮਾਲਕ। ਪਰ ਅਜੋਕਾ ਸਮਾਂ ਤੇ ਅਜੋਕੇ ਅਕਾਲੀ ਬਿਲਕੁੱਲ ਇਸ ਤੋਂ ਉਲਟ ਹੀ ਚਲਦੇ ਹਨ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਗੁਰੂ ਘਰਾਂ ਦੀ ਗੋਲਕ ਉਤੇ ਅਕਾਲੀ ਪੈਲਾਂ ਪਾ ਰਹੇ ਹਨ ਤੇ ਇਹ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਦੇ ਕਿ ਸਾਥੋਂ ਬਗੈਰ ਕੋਈ ਹੋਰ ਇਹਨਾਂ ਦੀ ਥਾਂ ਮੱਲ ਲਵੇ, ਤੇ ਜੇਕਰ ਕਿਤੇ ਕੋਈ ਐਸਾ ਕਰਦਾ ਹੈ ਤਾਂ ਇਹ ਉਸਦਾ ਜੀਣਾਂ ਹਰਾਮ ਕਰ ਦਿੰਦੇ ਨੇਂ। ਗੁਰੂ ਘਰਾਂ ਉਤੇ ਅਕਾਲੀਆਂ ਦਾ ਕਾਬਜ ਹੋ ਜਾਣਾਂ ਅੱਜ ਪੰਥ ਦੀ ਹੋਂਦ ਨੂੰ ਖਤਰਾ ਬਣ ਚੁੱਕਾ ਹੈ ਇਹਨਾਂ ਅਕਾਲੀਆਂ ਦੀ ਹੀ ਕਿਰਪਾ ਹੈ ਕਿ ਅੱਜ ਸਾਡਾ ਪੰਥ ਆਰ ਐਸ ਐਸ ਦਾ ਗੁਲਾਮ ਤੇ ਬ੍ਰਾਹਮਣੀਂ ਸੋਚ ਦਾ ਪਹਿਰੇਦਾਰ ਬਣ ਚੁੱਕਾ ਹੈ। ਗੁਰੂਦੁਆਰੇ ਅੱਜ ਗੁਰੂਦੁਆਰੇ ਹੀ ਨਹੀਂ ਰਹੇ ਬੱਸ ਅਕਾਲੀਆਂ ਦੀ ਰਾਜਨੀਤੀ ਦੇ ਅੱਡੇ ਤੇ ਇਹਨਾਂ ਦੀ ਇਨਕਮ ਦੇ ਸਾਧਨ ਬਣ ਗਏ ਹਨ ਪੰਥ ਦੀ ਸੇਵਾ ਤਾਂ ਇਹਨਾਂ ਨੇ ਕੀ ਕਰਨੀਂ ਹੈ ਇਹ ਅੱਜ ਕੱਲ ਭਾਜਪਾ ਤੇ ਆਰ ਐਸ ਐਸ ਦੀ ਸੇਵਾਂ ਕਰਨ ਲੱਗੇ ਹਨ। ਇਸ ਗੱਲ ਦਾ ਪਤਾ ਅੱਜ ਸਾਰੇ ਸਿੱਖ ਸਮਾਜ ਨੂੰ ਲੱਗ ਚੁੱਕਾ ਹੈ ਕਿ ਅਡਵਾਨੀ ਨੇ ਖੁੱਦ ਆਪਣੀ ਕਿਤਾਬ ਵਿੱਚ ਇਹ ਕਬੂਲ ਕੀਤਾ ਹੈ ਕਿ ਮੈਂ ਹੀ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਲਈ ਮਜਬੂਰ ਕੀਤਾ ਸੀ। ਐਸੇ ਬੰਦੇ ਨੂੰ ਇਹ ਗੱਦਾਰ ਦਰਬਾਰ ਸਾਹਿਬ ਬੁਲਾਕੇ ਸਿਰੋਪਾ ਦੇ ਰਹੇ ਹਨ। ਕੀ ਇਹਨਾਂ ਦਾ ਇਹ ਨੀਚ ਕਰਮ ਇਹ ਸਿੱਧ ਕਰਦਾ ਹੈ ਕਿ ਇਹ ਪੰਥ ਦੇ ਸੇਵਾਦਾਰ ਹਨ। ਤੇ ਦੂਜੇ ਪਾਸੇ ਇਹਨਾਂ ਦਾ ਆਕਾ ਬਾਦਲ ਇਹ ਬਿਆਨ ਦੇ ਰਿਹਾ ਹੈ ਕਿ ਮੈਨੂੰ ਇਹ ਪਤਾ ਵੀ ਨਹੀ ਹੈ ਕਿ ਅਡਵਾਨੀ ਨੇਂ ਕੋਈ ਕਿਤਾਬ ਲਿਖੀ ਹੈ ਤੇ ਨਾਂ ਹੀ ਇਹ ਹੀ ਪਤਾ ਹੈ ਕਿ ਉਸ ਨੇ ਉਸ ਕਿਤਾਬ ਵਿੱਚ ਕੀ ਲਿਖਿਆ ਹੈ। ਜਦੋ ਜੜ੍ਹਾਂ ਹੀ ਗਲਤ ਨੇ ਤਾਂ ਫਿਰ ਤਣਾਂ ਪੱਤੇ ਟਾਹਣੀਆਂ ਫੁੱਲ ਤੇ ਫਲ ਕਿਵੇਂ ਠੀਕ ਹੋ ਸਕਦੇ ਹਨ। ਅਕਾਲੀ ਤਾਂ ਗੁਰੂ ਘਰ ਦਾ ਚੌਂਕੀਦਾਰ ਹੋਣਾਂ ਚਾਹੀਦਾ ਸੀ ਪਰ ਇਹ ਤਾਂ ਚੌਧਰੀ ਬਣ ਬੈਠਾ ਹੈ ਚੌਕੀਦਾਰ ਤਾਂ ਰੱਖੇ ਜਾਂਦੇ ਨੇਂ ਕਿ ਇਹ ਗਲੀ ਮੁਹੱਲੇ ਜਾਂ ਘਰ ਦੀ ਰਾਖੀ ਰੱਖਣ ਪਰ ਜੇਕਰ ਚੌਕੀਦਾਰ ਇਹ ਕਹੇ ਕਿ ਮੈ ਹੀ ਇਸ ਘਰ ਜਾਂ ਮਹੁੱਲੇ ਦਾ ਮਾਲਕ ਹਾਂ ਤਾਂ ਕੀ ਫਿਰ ਉਸਨੂੰ ਲੋਕ ਬਰਦਾਸ਼ਤ ਕਰਦੇ ਨੇਂ, ਨਹੀਂ ਫਿਰ ਉਹ ਵਿਚਾਰਾ ਆਪਣੀ ਨੌਕਰੀ ਤੋਂ ਵੀ ਹੱਥ ਧੋ ਬੈਠਦਾ ਹੈ। ਅਕਾਲੀ ਤਾਂ ਗੁਰੂ ਘਰਾਂ ਦਾ ਚੌਕੀਦਾਰ ਹੁੰਦਾ ਹੈ ਜੋ ਹਰ ਵਕਤ ਗੁਰੂ ਘਰ ਦੀ ਮਾਣ ਮਰਿਆਦਾ ਦੀ ਰਾਖੀ ਕਰਦਾ ਹੈ ਤੇ ਲੋੜ੍ਹ ਪੈਣ ਤੇ ਇਸਦੀ ਖਾਤਰ ਆਪਣੀ ਜਾਨ ਵੀ ਦੇ ਸਕਦਾ ਹੈ। ਪਰ ਕਦੇ ਵੀ ਉਹ ਗੁਰੂ ਦੀ ਗੋਲਕ ਉਤੇ ਆਪਣਾਂ ਹੱਕ ਨਹੀਂ ਜਮਾਉਂਦਾ, ਕਿਉਂਕਿ ਚੌਕੀਦਾਰ ਤੇ ਚੌਧਰ ਦਾ ਆਪਸ ਵਿੱਚ ਕੋਈ ਵੀ ਜੋੜ੍ਹ ਨਹੀਂ ਹੈ ਚੌਕੀਦਾਰੀ ਨਿਮਰਤਾ ਤੇ ਉਪਰਾਮਤਾ ਸਿਖਾਉਂਦੀ ਹੈ ਪਰ ਚੌਧਰਤਾ ਹੰਕਾਰ ਤੇ ਹਰ ਚੀਜ ਉਤੇ ਹੱਕ ਰੱਖਣ ਦੀ ਇਛਾ ਪੈਦਾ ਕਰ ਦੇਂਦੀ ਹੈ ਇਹੋ ਕਾਰਨ ਗੁਰੂ ਦੀ ਨਿਗ੍ਹਾ ਵਿੱਚ ਵੀ ਉਹੋ ਹੀ ਇਨਸਾਨ ਪਰਵਾਨ ਚੜ੍ਹਦੇ ਹਨ ਜੋ ਚੌਧਰਤਾ ਦੀ ਭੁੱਖ ਨਾਂ ਰੱਖਦੇ ਹੋਣ। ਚੌਕੀਦਾਰੀ ਤਾਂ ਇਹਨਾਂ ਨੇਂ ਕੀ ਕਰਨੀਂ ਆ ਇਹਨਾਂ ਨੇਂ ਤਾਂ ਗੁਰੂ ਘਰਾਂ ਨੂੰ ਹੀ ਚੌਂਕੀਆਂ ਬਣਾਂ ਦਿੱਤਾ ਹੈ ਰੱਬ ਇਹਨਾਂ ਨੂੰ ਅਕਲ ਦੀ ਦਾਤ ਬਖਸ਼ੇ। ਅੱਜ ਅਕਾਲੀਆਂ ਦੀ ਇਸ ਚੌਧਰ ਦੀ ਭੁੱਖ ਦਾ ਹੀ ਨਤੀਜਾ ਹੈ ਕਿ ਸਿੱਖ ਗੁਰਬਾਣੀ ਜਾਂ ਗੁਰ ਸਿਧਾਂਤ ਤੋਂ ਕੋਹਾਂ ਦੂਰ ਜਾ ਚੁੱਕਾ ਹੈ। ਅਗਲੀ ਨਿਸ਼ਾਨੀ ਜੋ ਭਾਈ ਸਾਹਿਬ ਜੀ ਨੇ ਦਿੱਤੀ ਹੈ ਉਹ ਇਹ ਹੈ ਕਿ ਅਕਾਲੀ ਕੇਵਲ ਇੱਕ ਵਾਹਿਗੁਰੂ ਦੀ ਹੀ ਆਰਾਧਨਾਂ ਕਰਦਾ ਹੈ, ਤੇ ਕਦੇ ਵੀ ਕਿਸੇ ਦੇਵੀ ਦੇਵਤੇ ਦੇ ਅੱਗੇ ਆਪਣਾਂ ਮੱਥਾ ਨਹੀਂ ਰਗੜ੍ਹਦਾ, ਕਿਉਂਕਿ ਗੁਰੂ ਨੇਂ ਆਪਣੇਂ ਸਿੱਖ ਨੂੰ ਕੇਵਲ ਇੱਕ ਪ੍ਰਮਾਤਮਾਂ ਦੇ ਨਾਲ ਹੀ ਜੋੜ੍ਹਿਆ ਹੈ ਤੇ ਸਦਾ ਦੇ ਲਈ ਇਹ ਆਪਣੇਂ ਵੱਡਮੁੱਲੇ ਵਿਚਾਰ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕਰਕੇ ਸਾਡੇ ਤੇ ਬਹੁਤ ਵੱਡਾ ਉਪਕਾਰ ਵੀ ਕੀਤਾ ਹੈ ਪਰ ਸਾਡੀ ਬਦਕਿਸਮਤੀ ਹੈ ਕਿ ਅਸੀਂ ਉਹ ਵਿਚਾਰ ਹੀ ਨਹੀਂ ਪੜ੍ਹ ਪਾਏ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਹੋਰ ਹੀ ਦੇਵੀ ਦੇਵਤਿਆਂ ਦੀ ਆਰਾਧਨਾਂ ਪਿਛੇ ਚੱਲ ਪਏ ਆਂ। ਅਕਾਲੀ ਉਹ ਹੀ ਹੈ ਜੋ ਕੇਵਲ ਗੁਰੂਬਾਣੀ ਦੀ ਹੀ ਆਰਾਧਨਾਂ ਕਰਦਾ ਹੈ ਪਰ ਅਜੋਕੇ ਅਕਾਲੀ ਵੀਰਾਂ ਅੰਦਰ ਇਸ ਗੁਣ ਦੀ ਵੀ ਬਹੁਤ ਵੱਡੀ ਘਾਟ ਹੈ ਕਿਉਂਕਿ ਅਕਾਲੀ ਵੀਰ ਆਮ ਹੀ ਜਗਰਾਤੇ, ਜਾਂ ਆਪਣੇਂ ਦਫਤਰਾਂ ਵਿੱਚ ਪੰਡਤਾਂ ਕੋਲੋਂ ਜੱਗ ਕਰਵਾਉਂਦੇ ਦੇਖੇ ਜਾਂਦੇ ਹਨ। ਖੁੱਦ ਅਕਾਲੀਆਂ ਦਾ ਆਕਾ ਤੇ ਬਦਕਿਸਮਤੀ ਨਾਲ ਫਖਰਿ ਕੌਮ ਪ੍ਰਕਾਸ਼ ਸਿੰਘ ਬਾਦਲ ਕਈ ਵਾਰ ਆਪਣੇਂ ਸਿਰ ਤੇ ਮੁਕਟ ਪਾਕੇ ਤੇ ਮੱਥੇ ਤੇ ਤਿਲਕ ਲਗਾ ਕੇ ਇਹ ਸਾਬਤ ਕਰ ਚੁੱਕਾ ਹੈ ਕਿ ਅਸੀਂ ਕੇਵਲ ਨਾਮ ਦੇ ਹੀ ਅਕਾਲੀ ਹਾਂ। ਪਹਿਲਾਂ ਤਾਂ ਇਹ ਲਾਜਮੀਂ ਸੀ ਕਿ ਜੇਕਰ ਕਿਸੇ ਨੇ ਅਕਾਲੀ ਦਲ ਨਾਲ ਜੁੜ੍ਹਨਾਂ ਹੈ ਤਾਂ ਉਸਦਾ ਕੇਸਾਧਾਰੀ ਤੇ ਅੰਮ੍ਰਿਤਧਾਰੀ ਤੇ ਗੁਰੂ ਦੇ ਸਿਧਾਂਤ ਅਨੁਸਾਰ ਜੀਵਨ ਢਾਲਣਾਂ ਬਹੁਤ ਜਰੂਰੀ ਹੁੰਦਾ ਸੀ ਪਰ ਹੁਣ ਤਾਂ ਹਾਲਾਤ ਇਹ ਬਣ ਚੁੱਕੇ ਹਨ ਕਿ ਇੱਕ ਪਤਿਤ ਜੁ ਕਿ ਨਾਂ ਕੇਸਾਧਾਰੀ ਹੀ ਹੈ ਤੇ ਨਾਂ ਹੀ ਉਸਨੂੰ ਕੋਈ ਗੁਰੂਬਾਣੀ ਜਾਂ ਸਿਧਾਂਤ ਦੇ ਨਾਲ ਹੀ ਅਰਥ ਹੈ ਤੇ ਭਾਵੇਂ ਉਹ ਕਰੈਕਟਰ ਲੈਸ ਹੋਵੇ ਤੇ ਸ਼ਾਰਾਬੀ ਕਾਬਾਬੀ ਹੀ ਕਿਉਂ ਨਾਂ ਹੋਵੇ, ਤੇ ਰੱਜ ਕੇ ਸਿੱਖੀ ਦਾ ਨੁਕਸਾਨ ਕਰ ਰਿਹਾ ਹੋਵੇ ਉਹ ਵੀ ਹਿੱਕ ਤੇ ਹੱਥ ਮਾਰ ਕੇ ਆਖਦਾ ਹੈ ਜੀ ਮੈਂ ਤਾਂ ਅਕਾਲੀ ਹਾਂ ਕੀ ਅਕਾਲੀ ਬਣਨਾਂ ਇਤਨਾਂ ਆਸਾਨ ਹੋ ਗਿਆ ਹੈ। ਅਕਾਲੀ ਦਲ ਦੇ ਆਗੂ ਹੀ ਜਦੋਂ ਖੁਦ ਗੁਰੂ ਸਿਧਾਂਤਾਂ ਦੇ ਉਲਟ ਜੀਵਨ ਜਿਉ ਰਹੇ ਹਨ ਤਾਂ ਬਾਕੀਆਂ ਦੀ ਤਾਂ ਖੈਰ ਸਲਾ ਹੈ। ਇਹਦੇ ਵਿੱਚ ਕੋਈ ਵੀ ਸ਼ੱਕ ਨਹੀ ਹੈ ਕਿ ਅਜੋਕਾ ਅਕਾਲੀ ਦਲ ਆਪਣੇਂ ਸਿਧਾਂਤ ਤੇ ਅਮਲੀ ਜੀਵਨ ਨੂੰ ਖੂਹ ਖਾਤੇ ਵਿੱਚ ਪਾਕੇ ਕੇਵਲ ਇੱਕ ਧਰਮ ਹੀਣ ਸਿਆਸੀ ਪਾਰਟੀ ਬਣ ਚੁੱਕਾ ਹੈ। ਅਕਾਲੀ ਦਲ ਦੀ ਸੰਪੂਰਨ ਤੌਰ ਤੇ ਗੁਲਾਮ ਹੋ ਚੁੱਕੀ ਸ਼੍ਰੋਮਣੀ ਕਮੇਟੀ ਵੀ ਗੁਰਸਿਧਾਂਤ ਉਤੇ ਪਹਿਰਾ ਦੇਣ ਦੀ ਬਜਾਏ ਬਾਦਲ ਦੇ ਉਪਦੇਸ਼ਾਂ ਨੂੰ ਜਿਆਦਾ ਅਹਿਮੀਅਤ ਦੇ ਰਹੀ ਹੈ, ਇਹੋ ਹੀ ਕਾਰਨ ਹੈ ਕਿ ਸ਼੍ਰੋਮਣੀ ਕਮੇਟੀ ਵੀ ਕੌਮ ਦੀ ਚੜ੍ਹਦੀ ਕਲਾ ਦੀ ਬਜਾਏ ਕੌਮ ਦਾ ਨੁਕਸਾਨ ਹੀ ਕਰ ਰਹੀ ਹੈ, ਕਿਉਂਕਿ ਬਾਦਲ ਜੀ ਭਾਜਪਾ ਆਰ ਐਸ ਐਸ ਦੇ ਝਾੜੂ ਬਰਦਾਰ ਨੇ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਾਦਲ ਦਾ ਝਾੜੂ ਬਰਦਾਰ ਹੈ ਤੇ ਰਹਿਗੀ ਗੱਲ ਅਕਾਲ ਤਖਤ ਦੇ ਜਥੇਦਾਰ ਦੀ ਉਹ ਅੱਗੋਂ ਕਮੇਟੀ ਪ੍ਰਧਾਨ ਦੀ ਸੇਵਕੀ ਕਰਦਾ ਹੈ ਤੇ ਫਿਰ ਦੱਸੋ ਹੁੱਕਮ ਉਹਨਾਂ ਨੇ ਕਿਸ ਦਾ ਵਜਾਉਣਾਂ ਹੈ ਗੁਰੂ ਦਾ ਜਾਂ ਆਪਣੇਂ ਆਕਾ ਜੀ ਦਾ। ਲਿਫਾਫਿਆਂ ਵਿੱਚੋਂ ਨਿਕਲਣ ਵਾਲੇ ਲੋਕ ਕਦੇ ਜਿਉਂਦੀ ਜਾਗਦੀ ਜਮੀਰ ਦੇ ਮਾਲਕ ਨਹੀਂ ਹੁੰਦੇ ਉਹਨਾਂ ਦੀ ਜਮੀਰ ਮਰੀ ਹੁੰਦੀ ਹੈ, ਤੇ ਫਿਰ ਮੁਰਦਿਆਂ ਕੋਲੋਂ ਕੀ ਆਸ ਰੱਖੀ ਜਾ ਸਕਦੀ ਹੈ। ਅਕਾਲੀਆਂ ਨੂੰ ਬਾਬਾ ਗੁਰਬਖਸ਼ ਸਿੰਘ ਜੀ ਦੇ ਜੀਵਨ ਤੋਂ ਹੀ ਸੇਧ ਲੈ ਲੈਣੀਂ ਚਾਹੀਦੀ ਹੈ ਜਿੰਨ੍ਹਾਂ ਨੇ ਕੇਵਲ ਆਪਣੇ ਤੀਹ ਸਾਥੀਆਂ ਦੇ ਨਾਲ ਹੀ ਹਕੂਮਤ ਦਾ ਮੁਕਾਬਲਾ ਕੀਤਾ ਸੀ ਤੇ ਆਪਣੇ ਜੀਉਦੇਂ ਜੀਅ ਦਰਬਾਰ ਸਾਹਿਬ ਦੀ ਬੇਅਦਬੀ ਨਹੀ ਸੀ ਹੋਣ ਦਿੱਤੀ ਤੇ ਇੱਕ ਅੱਜ ਦੇ ਅਕਾਲੀ ਨੇ ਜੋ ਖੁੱਦ ਹੀ ਬੇਅਦਬੀ ਦਾ ਕਾਰਨ ਬਣ ਰਹੇ ਨੇ। ਅਸਲ ਵਿੱਚ ਅਕਾਲੀ ਸਨ ਕਲਗੀਧਰ ਜੀ ਦੇ ਉਹ ਸਾਹਿਬਜਾਦੇ ਜਿੰਨ੍ਹਾਂ ਨੇਂ ਆਪਣੀਂ ਕੌਮ ਦੀ ਆਨ ਬਾਨ ਸ਼ਾਂਨ ਦੀ ਖਾਤਰ ਆਪਣਾਂ ਜੀਵਨ ਹੀ ਲੇਖੇ ਲਾ ਦਿੱਤਾ। ਅਕਾਲੀ ਸਨ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਖਾਤਰ ਆਪਣੀਂ ਖੋਪਰੀ ਤਾਂ ਉਤਰਵਾ ਲਈ ਸੀ ਪਰ ਜਕਰੀਆ ਖਾਂਨ ਦੀ ਗੁਲਾਮੀ ਨੂੰ ਸਵੀਕਾਰ ਨਹੀ ਸੀ ਕੀਤਾ। ਅਕਾਲੀ ਸਨ ਭਾਈ ਸੁਬੇਗ ਸਿੰਘ ਭਾਈ ਸ਼ਾਹਬਾਜ ਸਿੰਘ ਜੀ ਜੋ ਚਰਖੜ੍ਹੀਆਂ ਤੇ ਤਾਂ ਚੜ੍ਹ ਗਏ ਪਰ ਆਪਣੀਂ ਕੌਮ ਦਾ ਸਿਰ ਨੀਵਾਂ ਨਹੀਂ ਸੀ ਹੋਣ ਦਿੱਤਾ। ਪਰ ਕੀ ਸਾਡੇ ਅਜੋਕੇ ਅਕਾਲੀ ਵੀ ਕਦੇ ਆਪਣੀ ਕੌਮ ਦੀ ਖਾਤਰ ਐਸਾ ਕਰ ਸਕਦੇ ਨੇ, ਨਹੀ ਇਹ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਉਹਨਾਂ ਦਾ ਤਾਂ ਅਵਤਾਰ ਹੀ ਕੌਮ ਨੂੰ ਬਰਬਾਦ ਕਰਨ ਲਈ ਹੋਇਆ ਹੈ। ਅਕਾਲੀ ਸਨ ਉਹ ਪੁਰਾਤਨ ਤੇ ਵਰਤਮਾਨ ਗੁਰਸਿੱਖ ਜਿੰਨਾਂ ਨੇਂ ਆਪਣੀ ਕੌਮ ਦੀ ਖਾਤਰ ਆਪਣਾਂ ਜੀਵਨ ਹੀ ਨਹੀ ਸਗੋਂ ਆਪਣਾਂ ਸਾਰਾ ਪਰਿਵਾਰ ਹੀ ਲੇਖੇ ਲਾ ਦਿੱਤਾ ਸੀ। ਧੰਨ ਸਨ ਭਾਈ ਟੋਡਰ ਮੱਲ ਜੀ ਜਿੰਨ੍ਹਾਂ ਨੇ ਇਹ ਪਤਾ ਹੋਣ ਦੇ ਬਾਵਜੂਦ ਵੀ ਕਿ ਜੇਕਰ ਹਕੂਮਤ ਨੂੰ ਇਹ ਪਤਾ ਚੱਲ ਗਿਆ ਕਿ ਮੈ ਕਲਗੀਧਰ ਦੇ ਮਾਤਾ ਤੇ ਬੱਚਿਆਂ ਨੂੰ ਦੁੱਧ ਪਿਲਾ ਰਿਹਾ ਹਾਂ ਤਾਂ ਮੇਰਾ ਬਾਲ ਬੱਚਾ ਪੀੜ੍ਹ ਦਿੱਤਾ ਜਾਵੇਗਾ, ਤੇ ਫਿਰ ਵੀ ਉਹ ਇਹ ਸੇਵਾ ਕਰਦੇ ਰਹੇ ਸਨ ਤੇ ਅੰਤ ਹਕੂਮਤ ਦੇ ਗੁੱਸੇ ਦਾ ਸ਼ਿਕਾਰ ਹੋਕੇ ਸਦਾ ਦੇ ਲਈ ਹੀ ਸਿੱਖੀ ਆਕਾਸ਼ ਦੇ ਧਰੂ ਤਾਰੇ ਹੋ ਨਿੱਬੜ੍ਹੇ ਸਨ। ਮੇਰੀ ਨਜਰੇ ਉਹ ਮਹਾਨ ਅਕਾਲੀ ਸਨ। ਤੇ ਇੱਕ ਅੱਜ ਦੇ ਅਕਾਲੀ ਵੀਰ ਨੇ ਜੋ ਉਹਨਾਂ ਜੇਲ ਵਿੱਚ ਨਜਰਬੰਦ ਵੀਰਾਂ ਦੀ ਸਾਰ ਲੈਣ ਦੀ ਬਜਾਏ ਜਿੰਨ੍ਹਾਂ ਨੇ ਆਪਣੀ ਕੌਮ ਦੀ ਖਾਤਰ ਆਪਣੀਆਂ ਜਵਾਨੀਆਂ ਹੀ ਕੁਰਬਾਣ ਕਰ ਦਿੱਤੀਆਂ। ਸਗੋਂ ਉਹਨ੍ਹਾਂ ਨੂੰ ਖਤਰਨਾਕ ਅਤਵਾਦੀ ਕਹਿਕੇ ਭੰਡਦੇ ਨੇ ਕੀ ਇਹ ਕਦੇ ਭਾਈ ਟੋਡਰ ਮੱਲ ਦੀ ਬਰਾਬਰੀ ਕਰ ਸਕਦੇ ਨੇਂ। ਕੀ ਇਹ ਅਕਾਲੀ, ਅਕਾਲੀ ਅਖਵਾਉਣ ਦੇ ਹੱਕਦਾਰ ਨੇ। ਪੰਜਾਬ ਵਿੱਚ ਰਾਜ ਹੋਵੇ ਅਕਾਲੀਆਂ ਦਾ ਭਾਵ ਅਸਲੀ ਪੰਥਕ ਧਿਰ ਸਮਝਨ ਵਾਲਿਆਂ ਦਾ ਤੇ ਭਨਿਆਰੇ ਵਰਗਾ ਭਈਆ ਸ਼ਰੇਆਮ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇ, ਰਾਜ ਹੋਵੇ ਸਿੱਖਾਂ ਦਾ ਤੇ ਸਰਸੇ ਵਾਲਾ ਸਾਧ ਖੁੱਦ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਵੀ ਵੱਡਾ ਅਖਵਾਵੇ ਤੇ ਰੱਜਕੇ ਉਹਨਾਂ ਦੀ ਬੇਅਦਬੀ ਕਰੇ, ਰਾਜ ਹੋਵੇ ਸਿੱਖਾਂ ਦਾ ਤੇ ਨੂਰਮਹਿਲੀਆ ਬਈਆ ਆਪਣੀਆਂ ਮਨਮਾਨੀਆਂ ਪਿਆ ਕਰੇ, ਤੇ ਜੇ ਸਿੱਖ ਉਹਦਾ ਵਿਰੋਧ ਕਰਨ ਤਾਂ ਅੱਗੋਂ ਇਹ ਅਕਾਲੀਆਂ ਦੀ ਪੁਲਿਸ ਉਹਦੇ ਸਮਾਗਮ ਬੰਦ ਕਰਵਾਉਣ ਦੀ ਬਜਾਏ ਸਗੋਂ ਸਿੱਖਾਂ ਉਤੇ ਹੀ ਅਤਿਆਚਾਰ ਕਰੀ ਜਾਵੇ, ਧਰਮ ਦੀ ਖਾਤਰ ਆਪਣੀ ਜਾਨ ਤਲੀ ਤੇ ਧਰਕੇ ਚੱਲ ਰਹੇ ਸਿੱਖਾਂ ਤੇ ਝੂਠੇ ਕੇਸ ਦਰਜ ਕਰਕੇ ਜੇਲਾਂ ਭਰੇ ਜਾਂ ਝੂਠੇ ਮੁਕਾਬਲੇ ਬਣਾਂਕੇ ਮਾਰ ਮੁਕਾਵੇ ਫਿਰ ਤਾਂ ਸੋਚਣਾਂ ਹੀ ਪਵੇਗਾ ਕੀ ਇਹ ਅਕਾਲੀਆਂ ਦੀ ਸਰਕਾਰ ਹੈ ਕਿ ਜਾਂ ਫਿਰ ਇਹ ਸਿੱਖਾਂ ਦੀ ਵਿਰੋਧੀ ਪਾਰਟੀ ਹੈ। ਅਕਾਲੀ ਵੀਰ ਜੇਕਰ ਆਪਣੀ ਕੌੜ੍ਹੀ ਰਾਜਨੀਤੀ ਜੇਕਰ ਆਪਣੇਂ ਤੱਕ ਹੀ ਸੀਮਤ ਰੱਖਦੇ ਤਾਂ ਸ਼ਾਇਦ ਅਸੀਂ ਸਹਿਣ ਕਰ ਵੀ ਲੈਂਦੇ ਪਰ ਜਦੋਂ ਅੱਜ ਇਹਨਾਂ ਨੇਂ ਗੁਰੂ ਘਰਾਂ ਨੂੰ ਵੀ ਆਪਣੀਂ ਨਿੱਜੀ ਜਾਇਦਾਦ ਬਣਾਂ ਲਿਆ ਹੈ ਹੁਣ ਹੋਰ ਸਾਥੋਂ ਸਹਿਣ ਨਹੀਂ ਹੋ ਸਕਦਾ ਮੈਂ ਇਹ ਵੀ ਕਹਿਣ ਤੋਂ ਗੁਰੇਜ ਨਹੀਂ ਕਰਾਂਗਾ ਕਿ ਅੱਜ ਇਹਨਾਂ ਅਕਾਲੀ ਵੀਰਾਂ ਦੀ ਹੀ ਕਿਰਪਾ ਹੈ ਕਿ ਪੂਰੇ ਪੰਜਾਬ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਤੇ ਜਿਸਦਾ ਕੋਈ ਵੀ ਸਖਤ ਸ਼ਟੈਂਡ ਨਹੀਂ ਲਿਆ ਜਾ ਰਿਹਾ। ਇਹਨਾਂ ਵੱਲ ਤਾਂ ਕੋਈ ਉਂਗਲ ਵੀ ਕਰੇ ਤੇ ਇਹ ੳੇੁਸਦੀ ਜਾਨ ਲੈਣੀ ਕਰ ਦੇਂਦੇ ਨੇਂ ਕੀ ਇਹ ਅਖੌਤੀ ਅਕਾਲੀ ਕੋਈ ਐਸਾ ਕਾਨੂੰਨ ਨਹੀਂ ਬਣਾਂ ਸਕਦੇ ਕਿ ਕੋਈ ਵੀ ਗੁਰੂ ਘਰ ਦਾ ਦੋਖੀ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੀ ਵੀ ਨਾਂ ਸੋਚ ਸਕੇ ਪਰ ਇਹ ਕਦੇ ਵੀ ਐਸਾ ਨਹੀਂ ਕਰ ਸਕਣਗੇ ਕਿਉਂਕਿ ਇਹਨਾਂ ਨੂੰ ਕੇਵਲ ਆਪਣੀ ਕੁਰਸੀ ਦਾ ਹੀ ਖਿਆਲ ਹੈ ਹੋਰ ਕਿਸੇ ਦਾ ਨਹੀਂ ਹੈ। ਮੇਰੀ ਇੱਕ ਬੇਨਤੀ ਹੈ ਅਕਾਲੀ ਵੀਰਾਂ ਦੇ ਅੱਗੇ ਕਿ ਜੇਕਰ ਤੁਹਾਡਾ ਜੀਵਨ ਗੁਰੂਬਾਣੀ ਅਨੁਸਾਰ ਬਣ ਜਾਵੇ ਗੁਰੂ ਸਿਧਾਂਤ ਅਨੁਸਾਰ ਬਣ ਜਾਵੇ ਤਾਂ ਮੈਂ ਕਹਾਂਗਾ ਕਿ ਤੁਹਾਨੂੰ ਫਿਰ ਕਿਸੇ ਕੋਲੋਂ ਵੋਟਾਂ ਮੰਗਣ ਦੀ ਜਰੂਰਤ ਕਦੇ ਨਹੀਂ ਪਵੇਗੀ ਤੁਹਾਡਾ ਜੀਵਨ ਹੀ ਐਸਾ ਬਣ ਜਾਵੇਗਾ ਕਿ ਹਰ ਕੋਈ ਤੁਹਾਡੇ ਨਾਲ ਜੁੜ੍ਹਨਾਂ ਪਸੰਦ ਕਰੇਗਾ ਕਿਉਂਕਿ ਪਾਵਨ ਬਾਣੀ ਦਾ ਇਹ ਕਥਨ ਵੀ ਹੈ…

ਆਪ ਸਵਾਰੇ ਮੈ ਮਿਲੇ ਮੈ ਮਿਲਿਆ ਸੁਖ ਹੋਏ।।

ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ।।

ਪਹਿਲਾਂ ਆਪਣਾਂ ਜੀਵਨ ਗੁਰੂ ਦੇ ਆਸ਼ੇ ਅਨੁਸਾਰ ਢਾਲ ਲਵੋ ਫਿਰ ਇਹ ਕੁਰਸੀਆਂ ਜਿੰਨਾਂ ਦੀ ਖਾਤਰ ਤੁਸੀਂ ਆਪਣੀ ਜਮੀਰ ਵੇਚ ਚੁੱਕੇ ਹੋ, ਤੁਹਾਡੇ ਅੱਗੇ ਪਿਛੇ ਤੁਰੀਆਂ ਫਿਰਨਗੀਆਂ, ਫਿਰ ਤੁਹਾਨੂੰ ਕਿਸੇ ਦੇ ਮੂਹਰੇ ਹੱਥ ਜੋੜ੍ਹਨ ਦੀ ਜਰੂਰਤ ਨਹੀਂ ਪਵੇਗੀ ਜਿਥੇ ਜਾਵੋਗੇ ਲੋਕ ਖੜ੍ਹ ਖੜ੍ਹਕੇ ਸਲਾਮਾਂ ਕਰਨਗੇ। ਅਕਾਲੀ ਨਾਮ ਦੀ ਲਾਜ ਪੱਤ ਰੱਖੋ ਤੇ ਅਕਾਲੀਆਂ ਵਾਲੇ ਉਹ ਗੁਣ ਵੀ ਆਪਣੇ ਅੰਦਰ ਪੈਦਾ ਕਰੋ। ਮੇਰਾ ਇਹ ਲੇਖ ਲਿਖਣ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਹੀ ਅਕਾਲੀ ਵੀਰ ਮਾੜ੍ਹੇ ਹਨ ਕੁੱਝ ਕੁ ਐਸੇ ਵੀ ਹਨ ਜੋ ਆਪ ਤਾਂ ਗੁਰੂ ਆਸ਼ੇ ਅਨੁਸਾਰ ਜੀਵਨ ਢਾਲ ਰਹੇ ਹਨ ਤੇ ਦੂਜਿਆਂ ਨੂੰ ਵੀ ਗੁਰੂਬਾਣੀ ਦੀ ਮਹਿਕ ਵੰਡ ਰਹੇ ਹਨ ਜਿੰਨਾਂ ਦੀ ਜਮੀਰ ਵੀ ਜਿਉਂਦੀ ਜਾਗਦੀ ਹੈ। ਪਰ ਐਸਿਆਂ ਦੀ ਗਿਣਤੀ ਬਹੁਤ ਹੀ ਘਟ ਹੈ। ਗੁਰੂ ਕਿਰਪਾ ਕਰੇ ਕਿਤੇ ਸਾਰੇ ਹੀ ਅਕਾਲੀ ਅਕਾਲ ਦਾ ਰੂਪ ਹੋ ਜਾਣ ਤੇ ਸਿੱਖੀ ਪ੍ਰਤੀ ਸੰਜੀਦਾ ਹੋ ਜਾਣ ਤਾਂ ਕਿ ਫਿਰ ਅਸੀਂ ਗੌਰਵ ਨਾਲ ਇਹ ਕਹਿ ਸਕੀਏ। ਫਖਰਿ ਕੌਮ ਅਕਾਲੀ ਜੀ ਇਹ ਫਖਰਿ ਕੌਮ ਅਕਾਲੀ। ਤੇ ਜੇਕਰ ਐਸਾ ਜੀਵਨ ਨਹੀਂ ਬਣਦਾ ਫਿਰ ਤਾਂ ਜੁਬਾਨ ਆਪਣੇ ਆਪ ਹੀ ਇਹ ਕਹੇਗੀ. . ਫਖਰਿ ਕੌਮ ਅਕਾਲੀ ਕਿ ਫੁਕਰਿ ਕੌਮ ਅਕਾਲੀ।

ਲੇਖਕ-ਭਾਈ ਲਖਵਿੰਦਰ ਸਿੰਘ ਗੰਭੀਰ (ਕਥਾਵਾਚਕ)

ਮੋ: 098721-18848-

094633-65150




.