.

ਸਿਧ ਗੋਸਟਿ (ਕਿਸ਼ਤ ਨੰ: 07)

ਨਾਨਕ ਪਾਤਸਾਹ ਜੀ ਦਾ ਉੱਤਰ ਹੈ:
ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ॥
ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ॥
ਆਸਣਿ ਬੈਸਣਿ ਥਿਰੁ ਨਾਰਾਇਣੁ ਐਸੀ ਗੁਰਮਤਿ ਪਾਏ॥
ਗੁਰਮੁਖਿ ਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ॥ ੩॥
ਪਦ ਅਰਥ:- ਘਟਿ ਘਟਿ – ਜ਼ਰੇ ਜ਼ਰੇ ਵਿੱਚ। ਬੈਸਿ ਨਿਰੰਤਰਿ ਰਹੀਐ – ਇੱਕ ਰਸ ਨਿਰੰਤਰਿ ਵਸ ਰਿਹਾ ਹੈ, ਰਮਿਆ ਹੋਇਆ ਹੈ। ਚਾਲਹਿ ਸਤਿਗੁਰ ਭਾਏ – ਸਦੀਵੀ ਸਥਿਰ ਰਹਿਣ ਵਾਲੇ ਸਤਿਗੁਰ ਦੀ ਮਰਜ਼ੀ ਅਨੁਸਾਰ ਚੱਲਦਾ ਹਾਂ। ਭਾਏ – ਮਰਜੀ ਅਨੁਸਾਰ। ਸਹਜੇ ਆਏ – ਇਥੇ ਆ ਕੇ ਵੀ ਅਡੋਲ ਹਾਂ, ਸਹਜੇ – ਅਡੋਲ। ਭਾਵ ਆਪਣੇ ਅਕੀਦੇ ਤੋਂ ਡੋਲ ਨਹੀਂ ਸਕਦਾ। ਕਿਉਂਕਿ ਜਿਸ ਦੀ ਰਜ਼ਾ ਵਿੱਚ ਮੈਂ ਹਾਂ ਉਹ ਘਟਿ ਘਟਿ ਵਿੱਚ ਵਸ ਰਿਹਾ ਹੈ, ਹਰਿ ਜਗ੍ਹਾ ਮੌਜੂਦ ਹੈ। ਹੁਕਮਿ ਸਿਧਾਏ ਨਾਨਕ ਸਦਾ ਰਜਾਇ – ਕਿਉਂਕਿ ਉਹ ਹਰੇਕ ਜਗ੍ਹਾ ਮੌਜੂਦ ਹੈ, ਨਾਨਕ ਹਮੇਸ਼ਾ ਉਸਦੇ ਹੁਕਮ, ਉਸ ਦੀ ਰਜ਼ਾ, ਵਿੱਚ ਹੀ ਚੱਲਦਾ ਹੈ। ਆਸਣਿ – ਟਿਕਾਣਾ। ਬੈਸਣਿ – ਅਧੀਨ ਹੋਣਾ। ਆਸਣਿ ਬੈਸਣਿ – ਰਜ਼ਾ ਅਧੀਨ ਟਿਕਣਾ, ਅਧੀਨਗੀ ਕਬੂਲਣੀ। ਭਾਵ ਮੇਰੇ ਹਿਰਦੇ ਅੰਦਰ ਵੱਸਿਆ ਹੋਇਆ ਹੈ ਅਤੇ ਮੈਂ ਉਸਦੀ ਰਜ਼ਾ ਅਧੀਨ ਟਿਕਿਆ ਹੋਇਆ ਹਾਂ। ਥਿਰੁ ਨਾਰਾਇਣੁ – ਸਦੀਵੀ, ਸਥਿਰ ਰਹਿਣ ਵਾਲਾ ਕਰਤਾਰ। ਐਸੀ ਗੁਰਮਤਿ ਪਾਏ – ਇਹ ਮੈਨੂੰ ਉਸਦੀ ਗੁਰਮਤਿ ਦੀ ਪ੍ਰਾਪਤੀ ਹੈ। ਗੁਰਮੁਖਿ – ਕਰਤਾ, “ਗੁਰਮੁਖਿ ਸਾਚੈ ਕੀਆ ਅਕਾਰਾ॥ ਗੁਰਮੁਖਿ ਪਸਰਿਆ ਸਭਿ ਪਾਸਾਰਾ॥” ਬੂਝੈ – ਜਾਣੇ। ਗੁਰਮੁਖਿ ਬੂਝੈ – ਕਰਤੇ ਨੂੰ ਹੀ ਕਰਤਾ ਜਾਣੇ। ਆਪੁ ਪਛਾਣੇ – ਆਪੇ ਨੂੰ ਪਛਾਣੇ। ਸਚੇ ਸਚਿ ਸਮਾਏ – ਤਾਂ ਸੱਚੇ ਦੇ ਸੱਚ ਦਾ ਅਭਿਆਸ ਕੀਤਾ ਜਾ ਸਕਦਾ ਹੈ। ਸਮਾਏ – ਅਭਿਆਸ ਕਰਨਾ।
ਅਰਥ – ਜਿਸ ਸੱਚੇ ਅਪਰ ਅਪਾਰ ਦੇ ਅੱਗੇ ਮੇਰੀ ਅਰਦਾਸ ਹੈ, ਜਿਸ ਅੱਗੇ ਮੈਂ ਆਪਾ ਅਰਪਣ ਕੀਤਾ ਹੋਇਆ ਹੈ। ਉਹ ਘਟਿ ਘਟਿ, ਜ਼ੱਰੇ-ਜ਼ੱਰੇ ਵਿੱਚ ਇਕਸਾਰ ਵੱਸ ਰਿਹਾ ਹੈ। ਮੇਰਾ ਹਰਿ ਕਦਮ ਉਸ ਸਦਾ ਰਹਿਣ ਵਾਲੇ ਸਤਿਗੁਰ ਦੀ ਮਰਜ਼ੀ, ਰਜ਼ਾ ਅਧੀਨ ਹੈ। ਹਮੇਸ਼ਾ ਹੀ ਉਸਦੀ ਰਜ਼ਾ ਅਧੀਨ ਹੀ ਵਿਚਰਦਾ ਹਾਂ। ਉਹ ਜ਼ੱਰੇ-ਜ਼ੱਰੇ ਵਿੱਚ ਰੰਮਿਆ ਹੋਇਆ ਹੈ, (ਉਸਦਾ ਕੋਈ ਇੱਕ ਟਿਕਾਣਾ ਨਹੀਂ, ਸਭ ਜਗ੍ਹਾਂ ਮੌਜੂਦ ਹੈ) ਇਸ ਲਈ ਮੈਂ ਇਥੇ ਆ ਕੇ ਵੀ ਉਸਦੀ ਦੀ ਰਜ਼ਾ ਵਿੱਚ ਅਡੋਲ ਹਾਂ ਤਨ ਮਨ ਉਸ ਤੋਂ ਹੀ ਅਰਪਣ ਹੈ। ਕਿਉਕਿ ਉਹ ਸਦੀਵੀ ਸਥਿਰ ਰਹਿਣ ਵਾਲਾ ਜ਼ੱਰੇ-ਜ਼ੱਰੇ ਵਿੱਚ ਰੰਮਿਆ ਹੋਇਆ ਹੈ। ਉਸਦਾ ਆਸਣ ਤੇ ਟਿਕਾਣਾ ਹਮੇਸ਼ਾ ਮੇਰੇ ਹਿਰਦੇ ਅੰਦਰ ਹੈ, ਭਾਵ ਮੇਰੇ ਹਿਰਦੇ ਅੰਦਰ ਵਸਿਆ ਅਤੇ ਟਿਕਿਆ ਹੋਇਆ ਹੈ। ਇਸ ਕਰ ਕੇ ਮਨੁੱਖ ਆਪਣੀ ਔਕਾਤ ਨੂੰ ਪਛਾਣੇ ਭਾਵ ਆਪਣੇ ਆਪ ਨੂੰ ਕਰਤਾ ਨ ਜਾਣੇ ਅਤੇ ਉਸ ਕਰਤੇ ਨੂੰ ਹੀ ਸੱਚਾ ਕਰਤਾ ਜਾਣੇ, ਤਾਂ ਹੀ ਸੱਚੇ ਦੇ ਸੱਚ ਨੂੰ ਆਪਣੇ ਜੀਵਣ ਵਿੱਚ ਅਭਿਆਸ
(Practice) ਕਰ ਸਕਦਾ ਹੈ। ਸੱਚ ਨੂੰ ਆਪਣੇ ਜੀਵਣ ਵਿੱਚ ਅਪਣਾਉਣਾ ਹੀ ਮੇਰੀ ਮੰਜ਼ਿਲ ਹੈ, ਇਹੀ ਜੀਵਨ ਦਾ ਮਨੋਰਥ।
ਅਉਧੂ: -
ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ॥
ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ॥
ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ॥
ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ॥ ੪॥
ਪਦ ਅਰਥ: – ਦੁਨੀਆ – ਜਗਤ। ਸਾਗਰੁ – ਸਮੁੰਦਰ। ਦੁਤਰੁ - ਨਾ ਤਰਿਆ ਜਾਣ ਵਾਲਾ। ਕਹੀਐ – ਕਹਿਆ ਜਾਂਦਾ ਹੈ। ਕਿਉਕਰਿ - ਕਿਹੜਾ ਯਤਨ ਕਰਕੇ। ਪਾਈਐ ਪਾਰੋ – ਪਾਰ ਹੋਇਆ ਜਾ ਸਕਦਾ ਹੈ। ਚਰਪਟੁ ਬੋਲੈ ਅਉਧੂ – ਚਰਪਟੁ ਦੇ ‘ਟ’ ਨੂੰ ਔਂਕੜ ਹੈ, ਚਰਪਟੁ – ਚਰਪਟ ਨੂੰ। ਅਉਧੂ ਚਰਪਟ ਨੂੰ ਸੰਬੋਧਨ ਹੋ ਕੇ ਬੋਲਿਆ। ਨਾਨਕ ਦੇਹੁ ਸਚਾ ਬੀਚਾਰੋ – ਨਾਨਕ ਨੂੰ ਸੱਚ ਦੀ ਵੀਚਾਰ ਦੇਹ, ਭਾਵ ਸਮਝਾ। ਆਪੇ ਆਖੈ – ਨਾਨਕ ਤੈਨੂੰ ਹੀ ਸੱਚਾ ਆਖੇ। ਆਪੇ ਸਮਝੈ – ਤੈਨੂੰ ਹੀ ਸੱਚਾ ਸਮਝੇ, ਅਤੇ ਤੈਨੂੰ ਹੀ ਪਾਰਗਰਾਮੀ, ਸੰਸਾਰ ਸੰਮੁਦਰ ਤੋ ਪਾਰ ਲੈ ਕੇ ਜਾਣ ਵਾਲਾ ਕਹੈ। ਤਿਸੁ ਕਿਆ ਉਤਰੁ ਦੀਜੈ – ਨਾਨਕ ਨੂੰ ਕੋਈ ਇਸ ਤਰ੍ਹਾਂ ਦਾ ਉੱਤਰ ਦੇਹ। ਕਿਆ – ਕਿਹੜਾ। ਤੁਝੁ ਕਿਆ ਬੈਸਣੁ ਦੀਜੈ – ਕਿਵੇਂ ਤੇਰੀ ਅਧੀਨਗੀ ਕਬੂਲੇ ਐਸੀ ਮਤ ਨਾਨਕ ਨੂੰ ਦੇਹ। ਬੈਸਣੁ – ਅਧੀਨ ਹੋਣਾ ਦੇਖੋ ਮ: ਕੋਸ਼ ਭਾਈ ਕਾਨ੍ਹ ਸਿੰਘ ਜੀ ਨਾਭਾ।
ਅਰਥ – ਅਉਧੂ ਚਰਪਟ ਨੂੰ ਸੰਬੋਧਨ ਹੋ ਕਿ ਬੋਲਿਆ ਕਿ ਦੁਨੀਆ ਨਾ ਤਰਿਆ ਜਾਣ ਵਾਲਾ ਸਮੁੰਦਰ ਕਹਿਆ ਜਾਂਦਾ ਹੈ। ਇਹ ਜੋਗ ਮੱਤ ਰਾਹੀਂ ਕਿਵੇਂ ਪਾਰ ਕੀਤਾ ਜਾ ਸਕਦਾ ਹੈ। ਇਹ ਆਪਣੇ ਜੋਗ ਮੱਤ ਦੇ ਸੱਚ ਦੀ ਵੀਚਾਰਧਾਰਾ ਨਾਨਕ ਨੂੰ ਦੇਹ, ਭਾਵ ਸਮਝਾ ਕਿ ਇਹ ਨਾ ਤਰਿਆ ਜਾਣ ਵਾਲਾ ਕਹਿਆ ਜਾਂਦਾ ਸੰਸਾਰ ਸਮੁੰਦਰ ਜੋਗ ਮੱਤ ਰਾਹੀਂ ਕਿਵੇਂ ਤਰਿਆ ਜਾ ਸਕਦਾ ਹੈ। ਨਾਨਕ ਨੂੰ ਇਹ ਗੱਲ ਵੀ ਸਮਝਾ ਕਿ ਨਾਨਕ ਆਪ ਨੂੰ (ਚਰਪਟ ਨੂੰ) ਹੀ ਸੱਚਾ ਆਖੇ, ਤੈਨੂੰ ਹੀ ਸੱਚਾ ਸਮਝੇ ਅਤੇ ਤੈਨੂੰ ਹੀ ਪਾਰਗਰਾਮੀ ਭਾਵ ਸੰਸਾਰ ਸਮੁੰਦਰ ਤੋਂ ਪਾਰ ਲੈ ਕੇ ਜਾਣ ਵਾਲਾ ਕਹੇ। ਵੀਚਾਰ ਕਰਨ ਤੋਂ ਬਗ਼ੈਰ ਕਿਵੇਂ ਤੇਰੀ ਬੈਸਣੁ (ਅਧੀਨਗੀ) ਕਬੂਲੇ, ਇਸ ਕਰਕੇ ਨਾਨਕ ਨੂੰ ਆਪਣੀ ਵੀਚਾਰਧਾਰਾ ਦੱਸ ਤਾਂ ਜੋ ਨਾਨਕ ਤੈਨੂੰ ਹੀ ਸੰਸਾਰ ਸਮੁੰਦਰ ਤੋਂ ਪਾਰ ਲੈ ਜਾਣ ਵਾਲਾ ਪਾਰਗਰਾਮੀ ਮੰਨ ਲਵੇ।
ਅਉਧੂ: -
ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥
ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ॥
ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ॥ ੫॥
ਪਦ ਅਰਥ – ਜੈਸੇ ਜਲ ਮਹਿ ਕਮਲ – ਜਿਵੇਂ ਪਾਣੀ ਦੇ ਵਿੱਚ ਰਹਿਣ ਵਾਲਾ ਕੰਵਲ ਦਾ ਫੁੱਲ ਨਿਰਮਲ ਹੈ, ਪਾਣੀ ਦੇ ਨਾਲ ਭਿੱਜਦਾ ਨਹੀਂ; ਮੁਰਗਾਈ ਨੈ ਸਾਣੇ – ਜਿਵੇਂ ਜਲ ਵਿੱਚ ਰਹਿਣ ਵਾਲੀ ਮੁਰਗ਼ਾਬੀ ਪਾਣੀ ਨਾਲ ਭਿੱਜਦੀ ਨਹੀਂ। ਸੁਰਤਿ – ਸੁਰਤ ਵਿੱਚ। ਸਬਦਿ – ਬਖ਼ਸ਼ਿਸ਼ ਨੂੰ। ਸੁਰਤਿ ਸਬਦਿ –ਆਪਣੀ ਸੁਰਤਿ ਨੂੰ ਉਸਦੀ ਬਖ਼ਸ਼ਿਸ਼ ਵਿੱਚ ਜੋੜੇ। ਭਵ ਸਾਗਰੁ ਤਰੀਐ – ਨਾ ਤਰਿਆ ਜਾਣ ਵਾਲਾ ਭਿਆਨਕ ਸਮੁੰਦਰ। ਨਾਨਕ ਨਾਮੁ ਵਖਾਣੇ – ਉਸ (ਨਾਮੁ) ਸੱਚ ਰੂਪ ਦੀ ਬਖਸ਼ਿਸ਼ ਨਾਨਕ ਦੱਸ ਰਿਹਾ ਹੈ, ਉਸ ਸੱਚ ਨਾਲ ਹੀ ਤਰਿਆ ਜਾ ਸਕਦਾ ਹੈ। ਰਹਹਿ ਇਕਾਂਤ ਏਕੋ ਮਨਿ ਵਸਿਆ – ਅਗਮ ਅਗੋਚਰ ਜੋ ਇਕੁ ਹੀ ਹੈ ਨੂੰ ਮਨ ਵਿੱਚ ਵਸਾਈ ਰੱਖੇ, ਇਹੀ ਇਕਾਂਤ ਹੈ। ਆਸਾ ਮਾਹਿ ਨਿਰਾਸੋ – ਆਸ ਵਿੱਚੋ ਨਿਰਾਸਤਾ ਨਹੀਂ ਹੁੰਦੀ। ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ – ਦੇਖ! ਨਾਨਕ ਤਾਂ ਹੋਰ ਹੀ ਅਗਮ ਅਗੋਚਰ ਦਿਖਾ ਰਿਹਾ ਹੈ, ਜਿਸ ਦਾ ਉਹ ਦਾਸ ਹੈ।
ਅਰਥ:- ਹੇ ਨਾਨਕ! ਜਿਵੇਂ ਪਾਣੀ ਵਿੱਚ ਰਹਿਣ ਵਾਲਾ ਕੰਵਲ ਫੁੱਲ ਨਿਰਮਲ ਹੈ, ਬੇਸੱਕ ਉਸਦੀ ਜੜ੍ਹ ਚਿੱਕੜ ਵਿੱਚ ਹੈ ਪਰ ਫਿਰ ਵੀ ਨਿਰਲੇਪ ਹੈ। ਜਿਵੇਂ ਪਾਣੀ ਵਿੱਚ ਰਹਿਣ ਵਾਲੀ ਮੁਰਗ਼ਾਬੀ ਪਾਣੀ ਨਾਲ ਭਿੱਜਦੀ ਨਹੀ, ਉਸ ਵਿੱਚ ਡੁੱਬਦੀ ਨਹੀਂ, ਇਸੇ ਤਰ੍ਹਾਂ ਆਪਣੀ ਸੁਰਤਿ ਨੂੰ ਜਿਹੜਾ ਮਨੁੱਖ ਅਗਮ ਅਗੋਚਰ, ਨਾਨਕ ਤੂੰ ਦਰਸਾ ਰਿਹਾ ਹੈਂ, ਉਸਦੀ ਬਖਸ਼ਿਸ਼ ਆਤਮਿਕ ਗਿਆਨ ਨਾਲ ਆਪਣੇ ਆਪ ਨੂੰ ਜੋੜਦਾ ਹੈ, ਉਹ ਸੰਸਾਰ ਸਾਗਰ ਵਿੱਚ ਰਹਿੰਦਾ ਹੋਇਆ (ਗ੍ਰਿਹਸਤ ਨਾਂਹ ਤਿਆਗ ਕੇ) ਵੀ ਨਿਰਲੇਪ ਰਹਿ ਕੇ, ਨਾਂਹ ਤਰਿਆ ਜਾਣ ਵਾਲਾ ਸੰਸਾਰ ਸਮੁੰਦਰ ਤਰ ਸਕਦਾ ਹੈ। ਇਕਾਂਤ ਵੀ ਤੇਰੇ ਲਈ ਇਹੀ ਹੈ (ਇਕਾਂਤ ਵੀ ਤੇਰੇ ਮੁਤਾਬਕ ਜੰਗਲ `ਚ ਵਾਸ ਦਾ ਨਾਮ ਨਹੀਂ) ਕਿ ਇਕੁ ਅਗਮੁ ਅਗੋਚਰੁ ਹੀ ਮਨ ਵਿੱਚ ਵਸਿਆ ਰਹੇ। ਨਾਨਕ! ਕੀ ਤੇਰੇ ਅਨੁਸਾਰ ਇਹੀ ਇਕਾਂਤ ਹੈ? ਕੀ ਇਕੁ ਅਗਮੁ ਅਗੋਚਰੁ ਵਿੱਚ ਵਿਸ਼ਵਾਸ਼ ਰੱਖਣ ਨਾਲ ਨਾ ਤਰਿਆ ਜਾਣ ਵਾਲਾ ਕਹੇ ਜਾਂਦੇ ਸੰਸਾਰ ਸਮੁੰਦਰ ਵਿੱਚ ਰਹਿੰਦਿਆਂ ਵੀ ਨਿਰਾਸਤਾ ਨਹੀਂ ਹੁੰਦੀ? ਹੇ ਭਾਈ ਇਹ ਸ਼ਬਦ ਮੈਨੂੰ - ਨਾਨਕ ਨੂੰ ਸੰਬੋਧਨ ਹੋ ਕੇ ਅਉਧੂ ਨੇ ਕਹੇ ਕਿ ਹੇ ਨਾਨਕ, ਜਿਸਦਾ ਤੂੰ ਆਪਣੇ ਆਪ ਨੂੰ ਦਾਸ ਦਰਸਾ ਰਿਹਾ ਹੈਂ, ਕੀ ਤੇਰੇ ਲਈ ਉਹ ਹੀ ਅਗਮੁ ਅਗੋਚਰ ਹੈ? ਕੀ ਉਸਦਾ ਦਾਸ ਹੋਣ ਨਾਲ ਗ੍ਰਿਹਸਤ ਵਿੱਚ ਰਹਿੰਦਿਆਂ ਹੋਇਆਂ ਵੀ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ?
ਨੋਟ: - ਅਉਧੂ ਗੋਸਟਿ ਸ਼ੁਰੂ ਕਰਨ ਤੋਂ ਪਹਿਲਾਂ ਇਹ ਗੱਲ ਚੰਗੀ ਤਰ੍ਹਾਂ ਸਮਝਣ ਅਤੇ ਆਪਣੇ ਮੁਖੀ ਨੂੰ ਸਮਝਾਣ ਲਈ ਕਿ ਨਾਨਕ ਜੀ ਦੀ ਗੱਲਬਾਤ, ਗੋਸਟਿ ਦਾ ਵਿਸ਼ਾ ਕੀ ਹੈ, ਇਸ ਨੂੰ ਨਿਸਚਿਤ ਕਰ ਲੈਣਾ ਚਾਹੁੰਦਾ ਹੈ, ਤਾਕਿ ਗੋਸਟਿ ਇਸੇ ਵਿਸ਼ੇ ਦਾਇਰੇ ਤੱਕ ਸੀਮਤ ਰਹੇ। ਇਸ ਗੱਲ ਉੱਪਰ ਹੀ ਆਪਾਂ ਸਾਰਾ ਧਿਆਨ ਲਗਾਉਣਾ ਹੈ, ਵੀਚਾਰ ਕਰਨੀ ਹੈ, ਭਾਵ ਕਿ ਨਾਨਕ! ਕੀ ਇਹੀ ਤੇਰੇ ਸਵਾਲ ਹਨ? ਇਹ ਉੱਪਰਲੀ ਪਉੜੀ ਨੰ: ੫ ਅੰਦਰ ਦਰਜ ਹੈ। ਇਸ ਤੋਂ ਅਗਲੀ ਪਉੜੀ ਅੰਦਰ ਅਉਧੂ ਆਪਣੇ ਮੁਖੀ ਨੂੰ ਸੁਆਮੀ ਕਹਿ ਕੇ ਇਹ ਕਹਿ ਰਿਹਾ ਹੈ ਕਿ ਨਾਨਕ ਦੀ ਗੱਲ ਦਾ ਗੱਸਾ ਨਾ ਕਰ, ਉਸਦਾ ਉੱਤਰ ਦੇਹ।
ਨੋਟ ਕਰਨ ਯੋਗ ਗੱਲ ਇਹ ਹੈ ਕਿ ਇੱਕ ਸਵਾਲ ਕਰਨ ਤੋਂ ਬਆਦ ਚਰਪਟ ਨਹੀਂ ਬੋਲਿਆ, ਲਾਜਵਾਬ ਹੋਣ ਕਰਕੇ ਗੁੱਸਾ ਪਰਗਟਾਉਂਦਾ ਹੈ। ਇਸ ਕਰਕੇ ਅਗਲੀ ਪਉੜੀ ਅੰਦਰ ਅਉਧੂ ਆਪਣੇ ਮੁਖੀ ਨੂੰ ਸੰਬੋਧਨ ਹੋ ਕੇ ਨਾਨਕ ਦੀ ਗੱਲ ਦਾ ਗੁੱਸਾ ਨਾਂਹ ਕਰਨ ਅਤੇ ਨਾਨਕ ਜੀ ਨਾਲ ਗੱਲ ਕਰਨ ਲਈ ਅੱਗੇ ਆਉਣ ਲਈ ਪ੍ਰੇਰਣਾ ਕਰਦਾ ਹੈ: -
ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ॥
ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ॥
ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ॥
ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ॥ ੬॥
ਪਦ ਅਰਥ: - ਸੁਣਿ ਸੁਆਮੀ ਅਰਦਾਸਿ ਹਮਾਰੀ – ਅਉਧੂ ਚਰਪਟ ਨੂੰ ਸੰਬੋਧਨ ਹੋ ਕੇ ਬੋਲਿਆ, ਹੇ ਸੁਆਮੀ! ਮੇਰੀ ਬੇਨਤੀ ਸੁਣ। ਪੂਛਉ ਸਾਚੁ ਬੀਚਾਰੋ – ਜਿਹੜੇ ਸੱਚ ਦੀ ਨਾਨਕ ਗੱਲ ਕਰਦਾ ਹੈ, ਉਸਨੂੰ ਉਸ ਦੀ ਵੀਚਾਰਧਾਰਾ ਅਨੁਸਾਰ ‘ਸੱਚ’ ਬਾਰੇ ਪੁੱਛ। ਰੋਸ ਨ ਕੀਜੈ – ਨਾਨਕ ਦੀ ਗੱਲ ਦਾ ਗੁੱਸਾ ਨਾ ਕਰ, ਗੁੱਸਾ ਕਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ। ਉਤਰ ਦੀਜੈ – ਨਾਨਕ ਜੀ ਦੀ ਗੱਲ ਦਾ ਉੱਤਰ ਦੇਹ। ਕਿਉ ਪਾਈਐ – ਅਸੀਂ ਕਿਉ ਉਸ ਸੱਚ ਦੀ ਪ੍ਰਾਪਤੀ ਕਰੀਏ? ਪਾਈਐ – ਭਾਵ ਅਪਣਾਈਏ। ਕਿਉ – ਕਿਉ। ਇਸ ਪਉੜੀ ਅੰਦਰ ਸਵਾਲ ਉਠਾਇਆ ਗਿਆ ਹੈ। ਗੁਰ ਦੁਆਰੋ – ਗੁਰੂ ਦੁਆਰਾ। ਕਿਉ ਪਾਈਐ ਗੁਰ ਦੁਆਰੋ – ਅਸੀਂ ਕਿਉ ਉਸ ਗੁਰੂ ਦਾ ਦੁਆਰਾ ਅਪਣਾਈਏ? ਇਹੁ ਮਨ ਚਲਤਉ – ਇਸਦਾ ਮਨ ਚੰਚਲ ਹੈ। ਇਹੁ – ਇਸਦਾ। ਸਚ ਘਰਿ ਬੈਸੈ – ਸੱਚ ਘਰਿ ਵਿੱਚ ਟਿਕੇ। ਨਾਨਕ ਨਾਮੁ ਅਧਾਰੋ – ਨਾਨਕ ਵੀ ਯੋਗ ਮੱਤ ਨੂੰ ਸੱਚ ਜਾਣ ਕੇ ਆਪਣੇ ਜੀਵਣ ਦਾ ਅਧਾਰ ਬਣਾ ਲਵੇ। ਨਾਮੁ – ਸੱਚ ਅਪਣਾਉਣਾ। ਆਪੇ ਮੇਲਿ ਮਿਲਾਏ ਕਰਤਾ – ਨਾਨਕ ਨੂੰ ਆਪਣੇ ਨਾਲ ਮਿਲਾ ਲੈ ਅਤੇ ਇਹ ਦੱਸ ਕਿ ਕਰਤਾ ਤੂੰ ਆਪ ਹੀ ਹੈਂ। ਮੇਲਿ ਮਿਲਾਏ – ਆਪਣੇ ਨਾਲ ਮਿਲਾ ਲੈਣਾ, ਜੋੜਿ ਲੈਣਾ। ਲਾਗੈ ਸਾਚਿ ਪਿਆਰੋ – ਤਾਂ ਜੋ ਨਾਨਕ ਤੈਨੂੰ ਸੱਚਾ ਜਾਣ ਕੇ ਜੋਗ ਮੱਤ ਵੱਲ ਆਕਰਸ਼ਿਤ ਹੋ ਜਾਵੇ।
ਨੋਟ: - ਪਰਚਲਤ ਵਿਆਖਿਆ ਅੰਦਰ ਇਹ ਵਿਆਖਿਆ ਕੀਤੀ ਗਈ ਹੈ ਕਿ ਨਾਨਕ ਜੀ ਜੋਗ ਮੁਖੀ ਨੂੰ ਸੁਆਮੀ ਕਹਿ ਕਰ ਸੰਬੋਧਨ ਹੋਏ ਹਨ। ਜਦੋ ਕਿ ਇਹ ਸੱਚ ਨਹੀ ਹੈ। ਪਾਉੜੀ ਨੰਬਰ ੫੮ ਅੰਦਰ ਨਾਨਕ ਜੀ ਆਪ ਕਹਿ ਰਹੇ ਹਨ ਕਿ ਮੈ ਕਿਵੇ ਇੱਕ ਜੰਮ ਕੇ ਮਰ ਜਾਣ ਵਾਲੇ ਨੂੰ ਸੁਆਮੀ ਮੰਨ ਲਵਾਂ।
ਅਰਥ: - ਅਉਧੂ ਚਰਪਟ ਨੂੰ ਸੰਬੋਧਨ ਹੁੰਦਾ ਹੈ, ਹੇ ਸੁਆਮੀ! ਮੇਰੀ ਬੇਨਤੀ ਸੁਣ, ਨਾਨਕ ਦੀ ਗੱਲ ਦਾ ਗੁੱਸਾ ਨਾਂਹ ਕਰਕੇ ਉੱਤਰ ਦੇਹ। ਗੁੱਸਾ ਕਰਨ ਵਾਲੀ ਤੇ ਕੋਈ ਗੱਲ ਹੀ ਨਹੀਂ, ਜਿਹੜੇ ਸੱਚ ਦੀ ਨਾਨਕ ਗੱਲ ਕਰਦਾ ਹੈ ਉਸ ਸੱਚ ਬਾਰੇ ਨਾਨਕ ਨਾਲ ਵੀਚਾਰ ਕਰ, ਅਤੇ ਇਹ ਪੁੱਛ ਕਿ ਜਿਸ ਗੁਰੂ ਦੁਆਰੇ ਦੀ ਨਾਨਕ ਤੂੰ ਗੱਲ ਕਰਦਾ ਹੈ, ਅਸੀਂ ਉਸ ਗੁਰੂ ਦੇ ਦੁਆਰੇ ਨੂੰ ਕਿਉਂ ਅਪਣਾਈਏ, ਭਾਵ ਉਸਨੂੰ ਗੁਰੂ ਕਿਉਂ ਮੰਨੀਏ। ਹੇ ਸੁਆਮੀ ਇਸਦਾ (ਭਾਵ ਨਾਨਕ ਦਾ) ਮਨ ਚੰਚਲ ਹੈ। ਇਸ ਨੂੰ ਜੋਗ ਮੱਤ ਦੀ ਸਿਖਿਆ ਦੇਹ ਤਾਂ ਜੋ ਇਹ ਵੀ ਜੋਗ ਮੱਤ ਨੂੰ ਹੀ ਸੱਚ ਜਾਣੇ, ਅਤੇ ਇਸਦਾ ਮਨ ਵੀ ਟਿਕੇ ਅਤੇ ਜੋਗ ਵਿਧੀ ਨੂੰ ਸੱਚ ਜਾਣਕੇ ਆਪਣੇ ਜੀਵਣ ਦਾ ਅਧਾਰ ਬਣਾ ਲਵੇ। ਇਸ ਕਰਕੇ ਸੁਆਮੀ, ਗੁੱਸਾ ਛੱਡਕੇ ਨਾਨਕ ਨਾਲ ਪਿਆਰ ਨਾਲ ਗੱਲਬਾਤ ਕਰ ਅਤੇ ਨਾਨਕ ਨੂੰ ਆਪਣੇ ਜੋਗ ਮੱਤ ਨਾਲ ਜੋੜ ਤਾਂ ਜੋ ਨਾਨਕ ਤੈਨੂੰ ਸੱਚ ਰੂਪ ਵਿੱਚ ਕਰਤਾ ਮੰਨ ਲਵੇ।
ਅਉਧੂ ਦੀ ਇਹ ਬੇਨਤੀ ਸੁਣ ਕੇ ਚਰਪਟ ਨਾਨਕ ਜੀ ਨਾਲ ਵੀਚਾਰ ਕਰਨ ਲਈ ਤਿਆਰ ਨਹੀਂ ਹੋਇਆ। ਫਿਰ ਅਗਲੀ ਪਉੜੀ ਅੰਦਰ ਲੋਹਾਰੀਪਾ ਵਲੋਂ ਅਉਧੂ ਨੂੰ ਨਾਨਕ ਜੀ ਨਾਲ ਗੋਸਟਿ ਕਰਨ ਅਤੇ ਨਾਨਕ ਜੀ ਨੂੰ ਯੋਗ ਮੱਤ ਦੀ ਸ੍ਰੇਸ਼ਟਾ ਬਾਰੇ ਸਮਝਾਉਣ ਲਈ ਕਿਹਾ ਗਿਆ ਹੈ।
ਪਉੜੀ ਨੰ: ੭ ਅੰਦਰ ਅਉਧੂ ਨੂੰ ਲੋਹਾਰੀਪਾ ਆਖਦਾ ਹੈ ਕਿ ਹੇ ਅਉਧੂ ਨਾਨਕ ਨੂੰ ਤੂੰ ਇਹ ਦੱਸ ਕਿ ਜੋਗ ਮੱਤ ਦੀ ਵੀਚਾਰਧਾਰਾ ਹੀ ਸੱਭ ਤੋਂ ਉੱਤਮ ਹੈ। ਤੂੰ ਹੀ ਨਾਨਕ ਨਾਲ ਇਹ ਗੋਸਟਿ ਕਰ, ਨਾਨਕ ਨੂੰ ਤੂੰ ਹੀ ਸਮਝਾ। ਇਸ ਤਰ੍ਹਾਂ ਜੋਗੀਆਂ ਵਲੋਂ ਨਾਨਕ ਜੀ ਨਾਲ ਗੱਲਬਾਤ ਕਰਨ ਲਈ ਪਾਤਰ ਅਉਧੂ ਨੂੰ ਚੁਣਿਆ ਗਿਆ। ਇਸ ਤੋਂ ਅੱਗੇ ਸਾਰੀ ਗੋਸਟਿ ਨਾਨਕ ਜੀ ਅਤੇ ਅਉਧੂ ਵਿੱਚਕਾਰ ਹੀ ਹੈ।
ਚਰਪਟ ਨਾਨਕ ਜੀ ਨਾਲ ਵੀਚਾਰ ਗੋਸਟਿ ਕਰਨ ਲਈ ਤਿਆਰ ਨਹੀਂ ਹੋਇਆ। ਲੋਹਾਰੀਪਾ ਨੇ ਅਉਧੂ ਨੂੰ ਹੀ ਨਾਨਕ ਜੀ ਨਾਲ ਵੀਚਾਰ ਕਰਨ ਲਈ ਅੱਗੇ ਆਉਣ ਲਈ ਪ੍ਰੇਰਿਆ ਹੈ। ਇਸ ਤਰ੍ਹਾਂ ਜੋਗੀਆਂ ਨੇ ਨਾਨਕ ਜੀ ਨਾਲ ਗੱਲਬਾਤ ਕਰਨ ਲਈ ਅਉਧੂ ਨੂੰ ਹੀ ਆਪਣਾ ਪਾਤਰ ਚੁਣਿਆ। ਇਸ ਪਾਉੜੀ ਨੰਬਰ ੭ ਤੋਂ ਅੱਗੇ ਸਾਰੀ ਹੀ ਵੀਚਾਰ ਅਉਧੂ ਅਤੇ ਨਾਨਕ ਜੀ ਦੇ ਵਿੱਚਕਾਰ ਹੋਈ।

ਬਲਦੇਵ ਸਿੰਘ ਟੋਰਾਂਟੋ




.