.

ਪਿੰਡੁ ਪਤਲਿ ਕਿਰਿਆ ਦੀਵਾ ਫੁਲ, ਹਰਿ ਸਰਿ ਪਾਵਏ॥

ਗੁਰਸ਼ਰਨ ਸਿੰਘ ਕਸੇਲ

ਸਿੱਖ ਧਰਮ ਵਿੱਚ ਕਈ ਹੋਰਨਾਂ ਧਰਮਾ ਨਾਲੋਂ ਇਹ ਵੀ ਵਿਸ਼ੇਸ਼ਤਾ ਹੈ ਕਿ ਇਸਦੇ ਪੈਰੋਕਾਰਾਂ ਨੂੰ ਕਿਸੇ ਸਿੱਖ ਦੀ ਸਰੀਰਕ ਮੌਤ ਹੋ ਜਾਣ ਉਪਰੰਤ ਉਸਦੇ ਪੰਜ ਭੂਤਕ ਸਰੀਰ ਦੀਆਂ ਅਸਥੀਆਂ ਨੂੰ ਕਿਸੇ ਪਵਿਤਰ ਸਮਝੇ ਜਾਂਦੇ ਤੀਰਥ ਅਸਥਾਨ ਵਿੱਚ ਵਹਾਉਣ ਦੀ ਕੋਈ ਮਹੱਤਤਾ ਨਹੀਂ ਹੈ। ਕਿਉਂਕਿ ਇਨਸਾਨ ਆਪਣੇ ਜਿਉਂਦੇ ਜੀਅ ਜੋ ਕਰਮ ਕਰਦਾ ਹੈ ਦੁਨੀਆਂ ਉਸ ਅਨੁਸਾਰ ਹੀ ਉਸਦੀ ਮੌਤ ਦੇ ਪਿੱਛੋਂ ਉਸਦਾ ਲੇਖਾ ਚੋਖਾ ਕਰਦੀ ਹੈ। ਇਸ ਬਾਰੇ ਗੁਰਬਾਣੀ ਦੀਆਂ ਪਵਿਤਰ ਪੰਗਤੀਆਂ ਸਾਨੂੰ ਸੋਝੀ ਦੇਂਦੀਆਂ ਹਨ: ਮੁਇਆ ਗੰਢੁ ਨੇਕੀ ਸਤੁ ਹੋਏ॥ ਏਤੁ ਗੰਢੁ ਵਰਤੈ ਸੰਸਾਰੁ॥ (ਮ: 1, ਪੰਨਾ 143) ਪਰ ਫਿਰ ਵੀ ਕਈ ਸਿੱਖ ਹੋਰਨਾਂ ਧਰਮਾਂ ਦੀ ਵੇਖੋ ਵੇਖੀ ਮਿਰਤਕ ਪ੍ਰਾਣੀ ਦੀਆਂ ਅਸਥੀਆਂ ਨੂੰ ਕਿਸੇ ਖਾਸ ਤੀਰਥ ਅਸਥਾਨ ਤੇ ਲੈਕੇ ਜਾਂਦੇ ਹਨ। ਇਸ ਬਾਰੇ ਕਈ ਸਿੱਖ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਹਵਾਲਾ ਵੀ ਦੇਂਦੇ ਹਨ।
ਸਿੱਖ ਧਰਮ ਅਨੁਸਾਰ ਜੇਕਰ ਅਸੀਂ ਮਿਰਤਕ ਪ੍ਰਾਣੀ ਦੀ ਦੇਹ ਜਾਂ ਅਸਥੀਆਂ ਨੂੰ ਬਹੁਤ ਸਤਿਕਾਰ ਦੇਂਦੇ ਹਾਂ ਤਾਂ ਵੀ ਉਸਨੂੰ ਦੇਹ ਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਜੇ ਘੱਟ ਸਤਿਕਾਰ ਦੇਂਦੇ ਹਾਂ ਤਾਂ ਵੀ ਉਸਨੂੰ ਕੋਈ ਫਰਕ ਨਹੀਂ ਪੈਂਦਾ; ਉਸਨੂੰ ਸਤਿਕਾਰ ਦੇਣਾ ਸਾਡਾ ਆਪਣੇ ਵੱਲੋਂ ਪਿਆਰ ਤੇ ਇਜ਼ਤ ਹੁੰਦੀ ਹੈ। ਗੁਰਬਾਣੀ ਇਸ ਬਾਰੇ ਦੱਸਦੀ ਹੈ: ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਕਿਆ ਘਟਿ ਜਾਈ॥ (ਮ: ੫, ੧੧੬੦)
ਸਿੱਖ ਧਰਮ ਇਨਸਾਨ ਨੂੰ ਜੀਉਂਦੇ ਜੀਅ ਚੰਗਾ ਕਾਰਵਿਹਾਰ ਕਰਨ ਵੱਲ ਜਿਆਦਾ ਉਪਦੇਸ਼ ਦੇਂਦਾ ਹੈ। ਗੁਰੂ ਸਾਹਿਬਾਨ ਨੇ ਕਿਸੇ ਮਨੁੱਖ ਨੂੰ ਇਸ ਭੁਲੇਖੇ ਵਿੱਚ ਨਹੀਂ ਰਹਿਣ ਦਿਤਾ ਕਿ ਉਹ ਸੋਚੇ ਕਿ ਸ਼ਾਇਦ ਮੇਰੇ ਮਰਨ ਪਿਛੋ ਮੇਰੇ ਰਿਸ਼ਤੇਦਾਰ ਮੇਰੀਆਂ ਅਸਥੀਆਂ (ਫੁੱਲਾਂ) ਨੂੰ ਕਿਸੇ ਚੰਗੇ ਸਮਝੇ ਜਾਂਦੇ ਤੀਰਥ ਅਸਥਾਨ ਤੇ ਜਾ ਕੇ ਪਾਉਣਗੇ ਜਾਂ ਕੋਈ ਹੋਰ ਧਾਰਮਿਕ ਸੰਸਕਾਰ ਕਰਨਗੇ ਤੇ ਮੇਰੀਆਂ ਸਾਰੀਆਂ ਗਲਤੀਆਂ ਮਾਫ ਹੋ ਜਾਣਗੀਆਂ; ਨਹੀਂ। ਗੁਰਬਾਣੀ ਦਾ ਸਪੱਸ਼ਟ ਫੁਰਮਾਨ ਹੈ: ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤੁ॥ (ਮ: ੫, ਪੰਨਾ ੧੩੪) ਕਰਮੀ ਕਰਮੀ ਹੋਇ ਵੀਚਾਰੁ॥ ਸਚਾ ਆਪਿ ਸਚਾ ਦਰਬਾਰੁ॥ (ਜਪੁ ਜੀ)
ਇੰਝ ਹੀ ਗੁਰਬਾਣੀ ਨੇ ਲੋਕਾਈ ਨੂੰ ਸਮਝਾਇਆ ਹੈ ਕਿ ਜੋ ਲੋਕ ਆਪਣੇ ਵਡਿਆਂ ਵਡੇਰਿਆਂ ਦੇ ਸਿਰਾਧ ਕਰਦੇ ਹਨ ਤਾਂ ਉਹ ਸਮਝਦੇ ਹਨ ਕਿ ਇਹ ਜੋ ਖਾਣਾ ਅਸੀਂ ਲੋਕਾਂ ਨੂੰ ਖਵਾ ਰਹੇ ਹਾਂ ਇਹ ਸਾਡੇ ਪਿਤਰਾਂ ਨੂੰ ਪਹੁੰਚੇਗਾ। ਇਸ ਬਾਰੇ ਵੀ ਗੁਰਬਾਣੀ ਸਾਨੂੰ ਕੋਈ ਭਲੇਖਾ ਨਹੀਂ ਰਹਿਣ ਦੇਂਦੀ: ਜੀਵਤ ਪਿਤਰ ਨ ਮਾਨੈ ਕੋਊ, ਮੂਏਂ ਸਿਰਾਧ ਕਰਾਹੀ॥ ਪਿਤਰ ਭੀ ਬਪੁਰੇ, ਕਹੁ, ਕਿਉ ਪਾਵਹਿ, ਕਊਆ ਕੂਕਰ ਖਾਹੀ॥ (ਕਬੀਰ ਜੀ, ਪੰਨਾ 332)
ਹੁਣ ਵੇਖਦੇ ਹਾਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਹੈ, ਉਸ ਵਿੱਚ ਮਿਰਤਕ ਸੰਸਕਾਰ ਬਾਰੇ ਕੀ ਲਿਖਿਆ ਹੈ: (ਹ) …. । ਦੁਸਿਹਰੇ' ਦੇ ਪਿਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ।
ਕ) ਮਿਰਤਕ ਪ੍ਰਾਣੀ ਦਾ 'ਅੰਗੀਠਾ' ਠੰਡਾ ਹੋਣ ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਵਿੱਚ ਪ੍ਰਵਾਹ ਕਰ ਦਿੱਤੀ ਜਾਵੇ, ਜਾਂ ਉਥੇ ਹੀ ਦੱਬ ਕੇ ਜਿਮੀਂ ਬਰਾਬਰ ਕਰ ਦਿੱਤੀ ਜਾਵੇ। ਸਸਕਾਰ ਅਸਥਾਨ ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾੳੇੁਣੀ ਮਨ੍ਹਾ ਹੈ।
ਖ) ਅਧ ਮਾਰਗ, ਸਿਆਪਾ, ਫੂਹੜੀ, ਦੀਵਾ, ਪਿੰਡ, ਕਿਰਿਆ, ਸਰਾਧ, ਬੁਢਾ, ਮਰਨਾ ਆਦਿ ਕਰਨਾ ਮਨਮਤ ਹੈ। ਅੰਗੀਠੇ ਵਿਚੋ ਫੁੱਲ ਚੁਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿੱਚ ਜਾ ਕੇ ਪਾਣੇ ਮਨਮਤ ਹੈ।
ਗੁਰਬਾਣੀ ਦੇ ਕਈ ਅਜਿਹੇ ਸ਼ਬਦ ਵੀ ਹਨ ਜੋ ਸਾਨੂੰ ਆਮ ਸਿੱਖਾਂ ਨੂੰ ਉਹਨਾ ਬਾਰੇ ਇਹ ਪਤਾ ਨਹੀਂ ਲਗਦਾ ਕਿ ਸ਼ਬਦ ਦਾ ਅਸਲ ਮਤਲਬ ਕੀ ਹੈ। ਅਸੀਂ ਕਈ ਵਾਰ ਗੁਰਬਾਣੀ ਦੀ ਚੰਗੀ ਤਰ੍ਹਾਂ ਸੋਝੀ ਨਾ ਹੋਣ ਕਰਕੇ ਸ਼ਬਦ ਦੇ ਅਰਥ ਆਪਣੀ ਮੱਤ ਅਨੁਸਾਰ ਕਰ ਲੈਂਦੇ ਹਾਂ। ਮੈਂਨੂੰ ਆਪਣੇ ਪਿੰਡ ਦੇ ਇੱਕ ਬੰਦੇ ਦੀ ਗੱਲ ਚੇਤੇ ਆ ਗਈ। ਇੱਕ ਦਿਨ ਪਿੰਡ ਦੇ ਕੁੱਝ ਬੰਦੇ ਬੈਠੇ ਸਨ, ਉਹ ਆਖਦਾ, “ਅੱਜ ਮੈਂ ਆਪਣੇ ਘਰ ਵਾਲਿਆਂ ਨੂੰ ਕਹਿ ਦਿਤਾ ਹੈ ਕਿ ਜਿਸ ਦਿਨ ਵੀ ਆਪਣੇ ਗੁਰਦੁਆਰੇ ਤੋਂ ਇਹ ਮੁੱਖਵਾਕ ਆਵੇ, ਰਾਮਦਾਸਿ ਸਰੋਵਰ ਨਾਤੇ॥ ਸਭ ਲਾਥੇ ਪਾਪ ਕਮਾਤੇ॥ (ਮ: 5, ਪੰਨਾ 624) ਮੈਂ ਉਸ ਦਿਨ ਅੰਮ੍ਰਿਤਸਰ ਦਰਬਾਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਨ ਜ਼ਰੂਰ ਜਾਣਾ ਹੈ”। ਉਸਨੇ ਆਪਣੀ ਮੱਤ ਅਨੁਸਾਰ ਰਾਮਦਾਸ ਸਰੋਵਰ ਦਾ ਮਤਲਬ ਦਰਬਾਰ ਸਾਹਿਬ ਦਾ ਸਰੋਵਰ ਸਮਝ ਲਿਆ ਸੀ।
ਇੰਝ ਹੀ ਇੱਕ ਸ਼ਬਦ ਗੁਰੂ ਰਾਮਦਾਸ ਜੀ ਦਾ ਹੈ: ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ॥ (ਮ: 4, ਪੰਨਾ 305)
ਹੁਣ ਜੇਕਰ ਅਸੀਂ ਇਸ ਸ਼ਬਦ ਦੇ ਆਪਣੀ ਮੱਤ ਅਨੁਸਾਰ ‘ਅੰਮ੍ਰਿਤਸਰ’ ਦੇ ਅਰਥ ਦਰਬਾਰ ਸਾਹਿਬ ਵਾਲਾ ਸਰੋਵਰ ਕਰਾਂਗੇ ਤਾਂ ਫਿਰ ਸਿੱਖ ਤਾਂ ਸਿਰਫ ਉਹ ਹੀ ਹੈ ਜਿਹੜਾ ਰੋਜਾਨਾ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿਖੇ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ। ਜਿਹੜੇ ਅੰਮ੍ਰਿਤਸਰ ਸ਼ਹਿਰ ਵਿੱਚ ਨਹੀਂ ਰਹਿੰਦੇ ਫਿਰ ਉਹ ਕੀ ਕਰਨ?
ਇਸੇ ਤਰ੍ਹਾਂ ਹੀ ਕਈ ਮੇਰੇ ਵਰਗੇ ਆਪਣੀ ਮੱਤ ਅਨੁਸਾਰ ਗੁਰਬਾਣੀ ਦੀਆਂ ਇਹਨਾਂ ਪਵਿਤਰ ਪੰਗਤੀਆਂ “ਪਿੰਡੁ ਪਤਲਿ ਕਿਰਿਆ ਦੀਵਾ ਫੁਲ, ਹਰਿ ਸਰਿ ਪਾਵਏ”॥ ਦੇ ਅਰਥ ਹਿੰਦੂ ਧਰਮ ਦੇ ਤੀਰਥ ਅਸਥਾਨ ਹਰਿਦੁਆਰ ਕੱਢ ਲੈਂਦੇ ਹਨ। ਜ਼ਰਾ ਸੋਚੀਏ, ਜੇਕਰ ਗੁਰੂ ਜੀ ਨੇ ਸਿੱਖਾਂ ਨੂੰ ਹਿੰਦੂ ਧਰਮ ਨੂੰ ਮੰਨਣ ਵਾਲਿਆ ਵਾਲੇ ਹੀ ਕਰਮਕਾਂਡ ਅਤੇ ਅੰਧਵਿਸ਼ਵਾਸਾਂ ਵਿੱਚ ਹੀ ਪਾਉਣਾ ਸੀ ਤਾਂ ਫਿਰ ਸਿੱਖ ਧਰਮ ਦੀ ਕੀ ਲੋੜ ਸੀ।
ਹੁਣ ਵੇਖਦੇ ਹਾਂ ਇਸ ਸ਼ਬਦ ਬਾਰੇ ਸਿੱਖ ਕੌਮ ਦੇ ਮਹਾਨ ਵਿਦਵਾਨ ਪ੍ਰੋ. ਸਾਹਿਬ ਸਿੰਘ ਜੀ ਕੀ ਵਿਆਖਿਆ ਕਰਦੇ ਹਨ:
ਅੰਤੇ ਸਤਿਗੁਰੁ ਬੋਲਿਆ, ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ॥ ਕੇਸੋ ਗੋਪਾਲ ਪੰਡਿਤ ਸਦਿਅਹੁ, ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥ ਹਰਿ ਕਥਾ ਪੜੀਐ, ਹਰਿ ਨਾਮੁ ਸੁਣੀਐ, ਬੇਬਾਣੁ, ਹਰਿ ਰੰਗੁ ਗੁਰ ਭਾਵਏ॥ ਪਿੰਡੁ ਪਤਲਿ ਕਿਰਿਆ ਦੀਵਾ ਫੁਲ, ਹਰਿ ਸਰਿ ਪਾਵਏ॥ ਹਰਿ ਭਾਇਆ ਸਤਿਗੁਰੁ ਬੋਲਿਆ, ਹਰਿ ਮਿਲਿਆ ਪੁਰਖੁ ਸੁਜਾਣੁ ਜੀਉ॥ ਰਾਮਦਾਸ ਸੋਢੀ ਤਿਲਕੁ ਦੀਆ, ਗੁਰ ਸਬਦੁ ਸਚੁ ਨੀਸਾਣੁ ਜੀਉ॥ (ਬਾਬਾ ਸੁੰਦਰ ਜੀ, ਪੰਨਾ ੯੨੩}
ਪਦ ਅਰਥ: —ਅੰਤੇ—ਅਖ਼ੀਰ ਦੇ ਵੇਲੇ, ਜੋਤੀ ਜੋਤਿ ਸਮਾਣ ਵੇਲੇ। ਨਿਰਬਾਣੁ ਕੀਰਤਨੁ—ਨਿਰਾ ਕੀਰਤਨ, ਨਿਰੋਲ ਕੀਰਤਨ। ਕਰਿਅਹੁ—ਤੁਸੀ ਕਰਿਓ। ਹਰਿ ਰੰਗੁ—ਅਕਾਲ ਪੁਰਖ ਦਾ ਪਿਆਰ। ਗੁਰ ਭਾਵਏ—ਗੁਰੂ ਨੂੰ ਚੰਗਾ ਲੱਗਦਾ ਹੈ। ਹਰਿ ਸਰਿ—ਹਰੀ ਦੇ ਸਰ ਵਿਚ, ਅਕਾਲ ਪੁਰਖ ਦੇ ਸਰੋਵਰ ਵਿਚ। ਪਾਵਏ— (ਗੁਰੁ) ਪਾਵਏ, ਗੁਰੂ ਪਾਂਦਾ ਹੈ। ਅਰਥ: —ਜੋਤੀ ਜੋਤਿ ਸਮਾਣ ਵੇਲੇ ਗੁਰੂ ਅਮਰਦਾਸ ਜੀ ਨੇ ਆਖਿਆ— (ਹੇ ਭਾਈ!) `ਮੇਰੇ ਪਿੱਛੋਂ ਨਿਰੋਲ ਕੀਰਤਨ ਕਰਿਓ, ਕੇਸੋ ਗੋਪਾਲ (ਅਕਾਲ ਪੁਰਖ) ਦੇ ਪੰਡਿਤਾਂ ਨੂੰ ਸੱਦ ਘੱਲਿਓ, ਜੋ (ਆ ਕੇ) ਅਕਾਲ ਪੁਰਖ ਦੀ ਕਥਾ ਵਾਰਤਾ-ਰੂਪ ਪੁਰਾਣ ਪੜ੍ਹਨ। (ਚੇਤਾ ਰੱਖਿਓ, ਮੇਰੇ ਪਿੱਛੋਂ) ਅਕਾਲ ਪੁਰਖ ਦੀ ਕਥਾ (ਹੀ) ਪੜ੍ਹਨੀ ਚਾਹੀਦੀ ਹੈ, ਅਕਾਲ ਪੁਰਖ ਦਾ ਨਾਮ ਹੀ ਸੁਣਨਾ ਚਾਹੀਦਾ ਹੈ, ਬੇਬਾਣ ਭੀ ਗੁਰੂ ਨੂੰ (ਕੇਵਲ) ਅਕਾਲ ਪੁਰਖ ਦਾ ਪਿਆਰ ਹੀ ਚੰਗਾ ਲੱਗਦਾ ਹੈ। ਗੁਰੂ (ਤਾਂ) ਪਿੰਡ ਪਤਲਿ, ਕਿਰਿਆ, ਦੀਵਾ ਅਤੇ ਫੁੱਲ—ਇਹਨਾਂ ਸਭਨਾਂ ਨੂੰ ਸਤਸੰਗ ਤੋਂ ਸਦਕੇ ਕਰਦਾ ਹੈ। ` ਅਕਾਲ ਪੁਰਖ ਨੂੰ ਪਿਆਰੇ ਲੱਗੇ ਹੋਏ ਗੁਰੂ ਨੇ (ਉਸ ਵੇਲੇ) ਇਉਂ ਆਖਿਆ। ਸਤਿਗੁਰੂ ਨੂੰ ਸੁਜਾਣ ਅਕਾਲ ਪੁਰਖ ਮਿਲ ਪਿਆ। ਗੁਰੂ ਅਮਰਦਾਸ ਜੀ ਨੇ ਸੋਢੀ (ਗੁਰੂ) ਰਾਮਦਾਸ ਜੀ ਨੂੰ (ਗੁਰਿਆਈ ਦਾ) ਤਿਲਕ (ਅਤੇ) ਗੁਰੂ ਦਾ ਸ਼ਬਦ-ਰੂਪ ਸੱਚੀ ਰਾਹਦਾਰੀ ਬਖ਼ਸ਼ੀ। ੫। ਇਸ ਸ਼ਬਦ ਬਾਰੇ ਹੋਰ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰੋ. ਸਾਹਿਬ ਸਿੰਘ ਜੀ ਵੱਲੋ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਵਿਆਖਿਆ ਦੇ ਪੰਨਾ 923 ਤੋਂ ਪੜ੍ਹ ਸਕਦੇ ਹੋ।
ਚੰਗਾ ਤਾਂ ਇਹ ਹੈ ਕਿ ਸਾਨੂੰ ਗੁਰਮਤਿ ਸਿਧਾਂਤ ਬਾਰੇ ਜਾਣਕਾਰੀ ਹੋਵੇ। ਜੇਕਰ ਸਾਨੂੰ ਸਿੱਖ ਧਰਮ ਦੇ ਸਿਧਾਂਤ ਬਾਰੇ ਜਾਣਕਾਰੀ ਹੋਵੇਗੀ ਤਾਂ ਫਿਰ ਅਸੀਂ ਗੁਰਬਾਣੀ ਨੂੰ ਸਮਝ ਸਕਾਂਗੇ ਅਤੇ ਕੋਈ ਪ੍ਰਚਾਰਕ ਸਾਨੂੰ ਆਪਣੀ ਮਨਮੱਤ ਅਨੁਸਾਰ ਕਥਾ ਕਹਾਣੀਆਂ ਸੁਣਾ ਕੇ ਗੁਰਮਤਿ ਬਾਰੇ ਗੁਮਰਾਹ ਨਹੀਂ ਕਰ ਸਕੇਗਾ।
.