.

ਜਸਬੀਰ ਸਿੰਘ ਵੈਨਕੂਵਰ

ਨਿੰਦਾ ਭਲੀ ਕਿਸੈ ਕੀ ਨਾਹੀ

ਗੁਰੂ ਗ੍ਰੰਥ ਸਾਹਿਬ ਵਿੱਚ ਨਿੰਦਾ ਨੂੰ ਕੁਕਰਮ ਅਤੇ ਭਿਆਨਕ ਆਤਮਕ ਰੋਗ ਦੇ ਰੂਪ ਵਜੋਂ ਦਰਸਾਇਆ ਗਿਆ ਹੈ। ਗੁਰਦੇਵ ਨੇ ਇਸ ਦੇ ਭਿਆਨਕ ਮਾਰੂ ਸਿੱਟਿਆਂ ਤੋਂ ਮਨੁੱਖ ਨੂੰ ਸੁਚੇਤ ਕਰਦਿਆਂ ਹੋਇਆਂ ਇਸ ਤੋਂ ਬਚਣ ਦੀ ਭਰਪੂਰ ਪ੍ਰੇਰਨਾ ਕੀਤੀ ਹੈ। ਗੁਰਬਾਣੀ ਵਿੱਚ ਨਿੰਦਾ ਨੂੰ ਪਰਾਈ ਮੈਲ ਨੂੰ ਮੂੰਹ ਵਿੱਚ ਪਾਉਣਾ, ਦੂਜਿਆਂ ਦੀ ਮੈਲ ਧੋਣਾ, ਬਿਨਾਂ ਮਜ਼ਦੂਰੀ ਤੋਂ ਦੂਜਿਆਂ ਦਾ ਭਾਰ ਉਠਾਉਣ ਵਾਲਾ ਮੂਰਖ ਆਖਿਆ ਗਿਆ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:
(ੳ) ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ॥ (ਪੰਨਾ ੧੫) ਅਰਥ: ਪਰਾਈ ਨਿੰਦਿਆ ਮੇਰੇ ਮੂੰਹ ਵਿੱਚ ਸਮੂਲਚੀ ਪਰਾਈ ਮੈਲ ਹੈ, ਕ੍ਰੋਧ-ਅੱਗ (ਮੇਰੇ ਅੰਦਰ) ਚੰਡਾਲ (ਬਣੀ ਪਈ ਹੈ)।
(ਅ) ਪਰ ਨਿੰਦਾ ਕਰੇ ਅੰਤਰਿ ਮਲੁ ਲਾਏ॥ ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ॥ (ਪੰਨਾ ੮੮) ਅਰਥ: (ਜੀਵ) ਪਰਾਈ ਨਿੰਦਾ ਕਰ ਕੇ ਹਿਰਦੇ ਵਿੱਚ ਮੈਲ ਲਾਈ ਜਾਵੇ, (ਤੇ) ਬਾਹਰੋਂ (ਸਰੀਰ ਦੀ) ਮੈਲ (ਇਸ਼ਨਾਨ ਆਦਿਕ ਨਾਲ) ਧੋਂਦਾ ਰਹੇ, (ਇਸ ਤਰ੍ਹਾਂ) ਮਨ ਦੀ ਜੂਠ ਦੂਰ ਨਹੀਂ ਹੁੰਦੀ।
(ੲ) ਮਨਮੁਖਿ ਅੰਧੇ ਸੁਧਿ ਨ ਕਾਈ॥ ਆਤਮ ਘਾਤੀ ਹੈ ਜਗਤ ਕਸਾਈ॥ ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ॥ (ਪੰਨਾ ੧੧੮) ਅਰਥ: ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਜੇਹੜਾ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਰਹਿੰਦਾ ਹੈ ਉਸ ਨੂੰ (ਇਹ ਆਪਾ-ਭਾਵ ਨਿਵਾਰਨ ਦੀ) ਕੋਈ ਸੂਝ ਨਹੀਂ ਪੈਂਦੀ। (ਇਸ ਤਰ੍ਹਾਂ ਉਹ) ਆਪਣਾ ਆਤਮਕ ਜੀਵਨ (ਭੀ) ਤਬਾਹ ਕਰ ਲੈਂਦਾ ਹੈ ਤੇ ਜਗਤ ਦਾ ਵੈਰੀ (ਭੀ ਬਣਿਆ ਰਹਿੰਦਾ ਹੈ)। ਉਹ ਹੋਰਨਾਂ ਦੀ ਨਿੰਦਾ ਕਰ ਕਰ ਕੇ ਆਪਣੇ ਸਿਰ ਉੱਤੇ (ਵਿਕਾਰਾਂ ਦਾ) ਬਹੁਤ ਭਾਰ ਚੁੱਕੀ ਜਾਂਦਾ ਹੈ (ਉਹ ਮਨਮੁਖ ਉਸ ਮਜੂਰ ਵਾਂਗ ਸਮਝੋ ਜੋ) ਭਾੜਾ ਲੈਣ ਤੋਂ ਬਿਨਾ ਹੀ ਦੂਜਿਆਂ ਦਾ ਭਾਰ (ਚੁੱਕ ਚੁੱਕ ਕੇ) ਅਪੜਾਂਦਾ ਰਹਿੰਦਾ ਹੈ।
(ਸ) ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ॥ (ਪੰਨਾ ੫੦੭) ਅਰਥ: ਹੇ ਭਾਈ! ਨਿੰਦਾ ਕਰਨ ਵਾਲਾ ਮਨੁੱਖ (ਦੂਜਿਆਂ ਦੀ) ਨਿੰਦਾ ਕਰ ਕਰ ਕੇ (ਉਹਨਾਂ ਦੇ ਕੀਤੇ ਮੰਦ-ਕਰਮਾਂ ਦੀ) ਮੈਲ ਤਾਂ ਧੋ ਦੇਂਦਾ ਹੈ, ਪਰ ਉਹ ਆਪ ਮਾਇਆ-ਵੇੜ੍ਹਿਆ ਮਨੁੱਖ ਪਰਾਈ ਮੈਲ ਖਾਣ ਦਾ ਆਦੀ ਬਣ ਜਾਂਦਾ ਹੈ।
ਗੁਰੁਰਗੁਰਬਾਣੀ ਵਿੱਚ ਨਿੰਦਕ ਸਬੰਧੀ ਇਤਨਾ ਹੀ ਨਹੀਂ ਕਿਹਾ ਸਗੋਂ ਇੱਥੋਂ ਤੀਕ ਆਖਿਆ ਹੈ ਕਿ ਨਿੰਦਿਆ ਕਰਨ ਵਾਲੇ ਦਾ ਕੋਈ ਵੀ ਧਰਮ ਕਰਮ ਫਲੀਭੂਤ ਨਹੀਂ ਹੁੰਦਾ:
ਜੇ ਓਹੁ ਅਠਸਠਿ ਤੀਰਥ ਨਾੑਵੈ॥ ਜੇ ਓਹੁ ਦੁਆਦਸ ਸਿਲਾ ਪੂਜਾਵੈ॥ ਜੇ ਓਹੁ ਕੂਪ ਤਟਾ ਦੇਵਾਵੈ॥ ਕਰੈ ਨਿੰਦ ਸਭ ਬਿਰਥਾ ਜਾਵੈ॥ ੧॥ ਸਾਧ ਕਾ ਨਿੰਦਕੁ ਕੈਸੇ ਤਰੈ॥ ਸਰਪਰ ਜਾਨਹੁ ਨਰਕ ਹੀ ਪਰੈ॥ ੧॥ ਰਹਾਉ॥ ਜੇ ਓਹੁ ਗ੍ਰਹਨ ਕਰੈ ਕੁਲਖੇਤਿ॥ ਅਰਪੈ ਨਾਰਿ ਸੀਗਾਰ ਸਮੇਤਿ॥ ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ॥ ਕਰੈ ਨਿੰਦ ਕਵਨੈ ਨਹੀ ਗੁਨੈ॥ ੨॥ ਜੇ ਓਹੁ ਅਨਿਕ ਪ੍ਰਸਾਦ ਕਰਾਵੈ॥ ਭੂਮਿ ਦਾਨ ਸੋਭਾ ਮੰਡਪਿ ਪਾਵੈ॥ ਅਪਨਾ ਬਿਗਾਰਿ ਬਿਰਾਂਨਾ ਸਾਂਢੈ॥ ਕਰੈ ਨਿੰਦ ਬਹੁ ਜੋਨੀ ਹਾਂਢੈ॥ ੩॥ ਨਿੰਦਾ ਕਹਾ ਕਰਹੁ ਸੰਸਾਰਾ॥ ਨਿੰਦਕ ਕਾ ਪਰਗਟਿ ਪਾਹਾਰਾ॥ ਨਿੰਦਕੁ ਸੋਧਿ ਸਾਧਿ ਬੀਚਾਰਿਆ॥ ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ॥ ੪॥ (ਪੰਨਾ ੮੭੫)
ਅਰਥ:- ਸਾਧੂ ਗੁਰਮੁਖਿ ਦੀ ਨਿੰਦਾ ਕਰਨ ਵਾਲਾ ਮਨੁੱਖ (ਜਗਤ ਦੀਆਂ ਨਿਵਾਣਾਂ ਵਿਚੋਂ) ਪਾਰ ਨਹੀਂ ਲੰਘ ਸਕਦਾ, ਯਕੀਨ ਨਾਲ ਜਾਣੋ ਉਹ ਸਦਾ ਨਰਕ ਵਿੱਚ ਹੀ ਪਿਆ ਰਹਿੰਦਾ ਹੈ। ੧। ਰਹਾਉ। ਜੇ ਕੋਈ ਮਨੁੱਖ ਅਠਾਹਠ ਤੀਰਥਾਂ ਦਾ ਇਸ਼ਨਾਨ (ਭੀ) ਕਰੇ, ਜੇ ਬਾਰਾਂ ਸ਼ਿਵਲਿੰਗਾਂ ਦੀ ਪੂਜਾ ਭੀ ਕਰੇ, ਜੇ (ਲੋਕਾਂ ਦੇ ਭਲੇ ਲਈ) ਖੂਹ ਤਲਾਬ (ਆਦਿਕ) ਲਵਾਏ; ਪਰ ਜੇ ਉਹ (ਗੁਰਮੁਖਾਂ ਦੀ ਨਿੰਦਿਆ ਕਰਦਾ ਹੈ, ਤਾਂ ਉਸ ਦੀ ਇਹ ਸਾਰੀ ਮਿਹਨਤ ਵਿਅਰਥ ਜਾਂਦੀ ਹੈ। ੧। ਜੇ ਕੋਈ ਮਨੁੱਖ ਕੁਲਖੇਤ੍ਰ ਤੇ (ਜਾ ਕੇ) ਗ੍ਰਹਿਣ (ਦਾ ਇਸ਼ਨਾਨ) ਕਰੇ, ਗਹਿਣਿਆਂ ਸਮੇਤ ਆਪਣੀ ਵਹੁਟੀ (ਬ੍ਰਾਹਮਣ ਨੂੰ) ਦਾਨ ਕਰ ਦੇਵੇ, ਸਾਰੀਆਂ ਸਿਮ੍ਰਿਤੀਆਂ ਧਿਆਨ ਨਾਲ ਸੁਣਾ; ਪਰ ਜੇ ਉਹ ਭਲਿਆਂ ਦੀ ਨਿੰਦਿਆ ਕਰਦਾ ਹੈ, ਤਾਂ ਇਹਨਾਂ ਸਾਰੇ ਕੰਮਾਂ ਤੋਂ ਕੋਈ ਲਾਭ ਨਹੀਂ। ੨। ਜੇ ਕੋਈ ਮਨੁੱਖ ਠਾਕਰਾਂ ਨੂੰ ਕਈ ਤਰ੍ਹਾਂ ਦੇ ਭੋਗ ਲਵਾਵੇ, ਜ਼ਮੀਨ ਦਾ ਦਾਨ ਕਰੇ (ਜਿਸ ਕਰਕੇ) ਜਗਤ ਵਿੱਚ ਸ਼ੋਭਾ ਖੱਟ ਲਏ, ਜੇ ਆਪਣਾ ਨੁਕਸਾਨ ਕਰ ਕੇ ਭੀ ਦੂਜਿਆਂ ਦੇ ਕੰਮ ਸਵਾਰੇ, ਤਾਂ ਭੀ ਜੇ ਉਹ ਭਲਿਆਂ ਦੀ ਨਿੰਦਿਆ ਕਰਦਾ ਹੈ ਤਾਂ ਕਈ ਜੂਨਾਂ ਵਿੱਚ ਭਟਕਦਾ ਹੈ। ੩। ਹੇ ਦੁਨੀਆਂ ਦੇ ਲੋਕੋ! ਤੁਸੀਂ (ਸੰਤਾਂ ਦੀ) ਨਿੰਦਿਆਂ ਕਿਉਂ ਕਰਦੋ ਹੋ? (ਭਾਵੇਂ ਬਾਹਰੋਂ ਕਈ ਧਾਰਮਿਕ ਕੰਮ ਕਰੇ, ਪਰ ਜੇ ਮਨੁੱਖ ਸੰਤ ਦੀ ਨਿੰਦਾ ਕਰਦਾ ਹੈ ਤਾਂ ਸਾਰੇ ਧਾਰਮਿਕ ਕੰਮ ਇੱਕ ਠੱਗੀ ਹੀ ਹੈ, ਤੇ) ਨਿੰਦਕ ਦੀ ਇਹ ਠੱਗੀ ਦੀ ਦੁਕਾਨ ਉੱਘੜ ਪੈਂਦੀ ਹੈ। ਹੇ ਰਵਿਦਾਸ! ਆਖ-ਅਸਾਂ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਿਆ ਹੈ ਕਿ ਸੰਤ ਦਾ ਨਿੰਦਕ ਕੁਕਰਮੀ ਰਹਿੰਦਾ ਹੈ ਤੇ ਨਰਕ ਵਿੱਚ ਪਿਆ ਰਹਿੰਦਾ ਹੈ। ੪।
ਭਾਈ ਗੁਰਦਾਸ ਜੀ ਨਿੰਦਕ ਸਬੰਧੀ ਚਰਚਾ ਕਰਦਿਆਂ ਹੋਇਆਂ ਇੱਥੋਂ ਤੱਕ ਕਹਿੰਦੇ ਹਨ ਕਿ ਉਹ ਆਪਣੀ ਜੜ ਨੂੰ ਆਪ ਹੀ ਪੁੱਟ ਸੁੱਟਦਾ ਹੈ:
ਕੁਤਾ ਰਾਜਿ ਬਹਾਲੀਐ ਫਿਰਿ ਚਕੀ ਚਟੈ॥ ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ਸਟੈ॥ ਪਥਰੁ ਪਾਣੀ ਰਖੀਐ ਮਨਿ ਹਠੁ ਨ ਘਟੈ॥ ਚੋਆ ਚੰਦਨੁ ਪਰਹਰੈ ਖਰੁ ਖੇਹ ਪਲਟੈ॥ ਤਿਉ ਨਿੰਦਕ ਪਰ ਨਿੰਦਹੂ ਹਥਿ ਮੂਲਿ ਨ ਹਟੈ॥ ਆਪਣ ਹਥੀਂ ਆਪਣੀ ਜੜ ਆਪਿ ਉਪਟੈ॥ (ਵਾਰ ੩੫, ਪਉੜੀ ੧)
ਗੁਰਬਾਣੀ ਵਿੱਚ ਮਨੁੱਖ ਨੂੰ ਨਿੰਦਾ ਕਰਨ ਤੋਂ ਹੀ ਨਹੀਂ ਸਗੋਂ ਨਿੰਦਾ ਸੁਣਨ ਤੋਂ ਵੀ ਵਰਜਿਆ ਗਿਆ ਹੈ:
ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ॥ (ਪੰਨਾ ੨੬੮) ਅਰਥ: (ਮਨੁੱਖ ਦੇ) ਕੰਨ ਵਿਅਰਥ ਹਨ (ਜੇ ਉਹ) ਪਰਾਈ ਬਖ਼ੀਲੀ ਸੁਣਦੇ ਹਨ।
ਭਾਈ ਗੁਰਦਾਸ ਜੀ ਗੁਰਸਿੱਖਾਂ ਦੀ ਰਹਿਣੀ ਦੇ ਦੂਜੇ ਗੁਣਾਂ ਨਾਲ ਇਸ ਦੈਵੀ ਗੁਣ ਦਾ ਵੀ ਜ਼ਿਕਰ ਕਰਦੇ ਹੋਏ ਲਿਖਦੇ ਹਨ: ਹਉਂ ਤਿਸ ਘੋਲ ਘੁਮਾਇਆ ਪਰਨਿੰਦਾ ਸੁਣਿ ਆਪ ਹਟਾਵੈ। (ਵਾਰ ੧੨, ਪਉੜੀ ੪)
ਗੁਰੂ ਗ੍ਰੰਥ ਸਾਹਿਬ ਵਿੱਚ ਉਂਜ ਤਾਂ ਹਰੇਕ ਮਨੁੱਖ ਦੀ ਨਿੰਦਿਆਂ ਤੋਂ ਮਨੁੱਖ ਨੂੰ ਵਰਜਿਆ ਗਿਆ ਹੈ (ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ॥ ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ॥ (ਪੰਨਾ ੭੫੫) ਪਰ ਵਿਸ਼ੇਸ਼ ਤੌਰ `ਤੇ ਆਤਮਕ ਬੁਲੰਦੀਆਂ ਨੂੰ ਛੂਹਿਣ ਵਾਲਿਆਂ ਦੀ ਨਿੰਦਾ ਨੂੰ ਤਾਂ ਬਹੁਤ ਹੀ ਬੁਰਾ ਕਿਹਾ ਹੈ:
ਸੰਤ ਕੀ ਨਿੰਦਾ ਦੋਖ ਮਹਿ ਦੋਖੁ॥ (ਪੰਨਾ ੨੮੦) ਅਰਥ: ਸੰਤਾਂ ਦੀ ਨਿੰਦਿਆ ਕਰਨੀ ਬਹੁਤ ਹੀ ਮਾੜਾ ਕੰਮ ਹੈ।
ਅਤੇ ਭਾਈ ਗੁਰਦਾਸ ਜੀ ਅਨੁਸਾਰ: ਨਿੰਦਾ ਭਲੀ ਨਾ ਕਿਸੈ ਦੀ ਗੁਰੁ ਨਿੰਦ ਕੁਢੰਗੈ। (ਵਾਰ ੨੫, ਪਉੜੀ ੪)
ਗੁਰਬਾਣੀ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਆਤਮਕ ਬੁਲੰਦੀ ਨੂੰ ਛੁਹਿਣ ਵਾਲਾ ਆਪਣੀ ਨਿੰਦਿਆਂ ਨੂੰ ਸੁਣ ਕੇ ਘਬਰਾਉਂਦਾ ਨਹੀਂ ਹੈ। ਪਰ ਮਨੁੱਖਤਾ ਦਾ ਸੱਚਾ ਹਮਦਰਦ ਹੋਣ ਕਾਰਨ, ਮਨੁੱਖਤਾ ਨੂੰ ਨਿੰਦਕ ਦੇ ਗੁਮਰਾਹ ਕੁੰਨ ਪਰਚਾਰ ਤੋਂ ਸੁਚੇਤ ਕਰਨਾ ਆਪਣਾ ਫ਼ਰਜ਼ ਸਮਝਦਾ ਹੈ। ਇਸ ਲਈ ਨਿੰਦਕ ਦੀ ਕਾਰਗੁਜ਼ਾਰੀ ਦਾ ਕੱਚਾ ਚਿੱਠਾ ਲੋਕਾਈ ਦੇ ਸਾਹਮਣੇ ਰੱਖ ਕੇ ਜਨ-ਸਾਧਾਰਨ ਨੂੰ ਉਸ ਦੀਆਂ ਚਾਲਾਂ ਤੋਂ ਸੁਚੇਤ ਅਵੱਸ਼ ਕਰਦਾ ਹੈ:
ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ॥ ਨਿੰਦਾ ਜਨ ਕਉ ਖਰੀ ਪਿਆਰੀ॥ ਨਿੰਦਾ ਬਾਪੁ ਨਿੰਦਾ ਮਹਤਾਰੀ॥ ੧॥ ਰਹਾਉ॥ ਨਿੰਦਾ ਹੋਇ ਤ ਬੈਕੁੰਠਿ ਜਾਈਐ॥ ਨਾਮੁ ਪਦਾਰਥੁ ਮਨਹਿ ਬਸਾਈਐ॥ ਰਿਦੈ ਸੁਧ ਜਉ ਨਿੰਦਾ ਹੋਇ॥ ਹਮਰੇ ਕਪਰੇ ਨਿੰਦਕੁ ਧੋਇ॥ ੧॥ ਨਿੰਦਾ ਕਰੈ ਸੁ ਹਮਰਾ ਮੀਤੁ॥ ਨਿੰਦਕ ਮਾਹਿ ਹਮਾਰਾ ਚੀਤੁ॥ ਨਿੰਦਕੁ ਸੋ ਜੋ ਨਿੰਦਾ ਹੋਰੈ॥ ਹਮਰਾ ਜੀਵਨੁ ਨਿੰਦਕੁ ਲੋਰੈ॥ ੨॥ ਨਿੰਦਾ ਹਮਰੀ ਪ੍ਰੇਮ ਪਿਆਰੁ॥ ਨਿੰਦਾ ਹਮਰਾ ਕਰੈ ਉਧਾਰੁ॥ ਜਨ ਕਬੀਰ ਕਉ ਨਿੰਦਾ ਸਾਰੁ॥ ਨਿੰਦਕੁ ਡੂਬਾ ਹਮ ਉਤਰੇ ਪਾਰਿ॥ ੩॥ (ਪੰਨਾ ੩੩੯)
ਅਰਥ: ਜਗਤ ਬੇਸ਼ੱਕ ਮੇਰੀ ਨਿੰਦਾ ਕਰੇ, ਬੇਸ਼ੱਕ ਮੇਰੇ ਔਗੁਣ ਭੰਡੇ; ਪ੍ਰਭੂ ਦੇ ਸੇਵਕ ਨੂੰ ਆਪਣੀ ਨਿੰਦਿਆ ਹੁੰਦੀ ਚੰਗੀ ਲੱਗਦੀ ਹੈ, ਕਿਉਂਕਿ ਨਿੰਦਿਆ ਸੇਵਕ ਦਾ ਮਾਂ ਪਿਉ ਹੈ (ਭਾਵ, ਜਿਵੇਂ ਮਾਪੇ ਆਪਣੇ ਬਾਲ ਵਿੱਚ ਸ਼ੁਭ ਗੁਣ ਵਧਦੇ ਵੇਖਣਾ ਲੋੜਦੇ ਹਨ, ਤਿਵੇਂ ਨਿੰਦਿਆ ਭੀ ਔਗੁਣ ਨਸ਼ਰ ਕਰ ਕੇ ਭਲੇ ਗੁਣਾਂ ਲਈ ਸਹਾਇਤਾ ਕਰਦੀ ਹੈ)। ੧। ਰਹਾਉ। ਜੇ ਲੋਕ ਔਗੁਣ ਨਸ਼ਰ ਕਰਨ ਤਾਂ ਹੀ ਬੈਕੁੰਠ ਵਿੱਚ ਜਾ ਸਕੀਦਾ ਹੈ (ਕਿਉਂਕਿ ਇਸ ਤਰ੍ਹਾਂ ਆਪਣੇ ਔਗੁਣ ਛੱਡ ਕੇ) ਪ੍ਰਭੂ ਦਾ ਨਾਮ-ਰੂਪ ਧਨ ਮਨ ਵਿੱਚ ਵਸਾ ਸਕੀਦਾ ਹੈ। ਜੇ ਹਿਰਦਾ ਸੁੱਧ ਹੁੰਦਿਆਂ ਸਾਡੀ ਨਿੰਦਿਆ ਹੋਵੇ (ਭਾਵ, ਜੇ ਸੁੱਧ ਭਾਵਨਾ ਨਾਲ ਅਸੀ ਆਪਣੇ ਔਗੁਣ ਨਸ਼ਰ ਹੁੰਦੇ ਸੁਣੀਏ) ਤਾਂ ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ ਵਿੱਚ ਸਹਾਇਤਾ ਕਰਦਾ ਹੈ। ੧। (ਤਾਂ ਤੇ) ਜੋ ਮਨੁੱਖ ਸਾਨੂੰ ਭੰਡਦਾ ਹੈ, ਉਹ ਸਾਡਾ ਮਿੱਤਰ ਹੈ, ਕਿਉਂਕਿ ਸਾਡੀ ਸੁਰਤ ਆਪਣੇ ਨਿੰਦਕ ਵਿੱਚ ਰਹਿੰਦੀ ਹੈ (ਭਾਵ, ਅਸੀ ਆਪਣੇ ਨਿੰਦਕ ਦੀ ਗੱਲ ਬੜੇ ਧਿਆਨ ਨਾਲ ਸੁਣਦੇ ਹਾਂ)। (ਅਸਲ ਵਿਚ) ਸਾਡਾ ਮੰਦਾ ਚਿਤਵਣ ਵਾਲਾ ਮਨੁੱਖ ਉਹ ਹੈ, ਜੋ ਸਾਡੇ ਐਬ ਨਸ਼ਰ ਹੋਣੋਂ ਰੋਕਦਾ ਹੈ। ਨਿੰਦਕ ਤਾਂ ਸਗੋਂ ਇਹ ਚਾਹੁੰਦਾ ਹੈ ਕਿ ਸਾਡਾ ਜੀਵਨ ਚੰਗਾ ਬਣੇ। ੨। ਜਿਉਂ ਜਿਉਂ ਸਾਡੀ ਨਿੰਦਿਆ ਹੁੰਦੀ ਹੈ, ਤਿਉਂ ਤਿਉਂ ਸਾਡੇ ਅੰਦਰ ਪ੍ਰਭੂ ਦਾ ਪ੍ਰੇਮ-ਪਿਆਰ ਪੈਦਾ ਹੁੰਦਾ ਹੈ, ਕਿਉਂਕਿ ਸਾਡੀ ਨਿੰਦਿਆ ਸਾਨੂੰ ਔਗੁਣਾਂ ਵਲੋਂ ਬਚਾਉਂਦੀ ਹੈ। ਸੋ, ਦਾਸ ਕਬੀਰ ਲਈ ਤਾਂ ਉਸ ਦੇ ਔਗੁਣਾਂ ਦਾ ਨਸ਼ਰ ਹੋਣਾ ਸਭ ਤੋਂ ਵਧੀਆ ਗੱਲ ਹੈ। ਪਰ (ਵਿਚਾਰਾ) ਨਿੰਦਕ (ਸਦਾ ਦੂਜਿਆਂ ਦੇ ਔਗੁਣਾਂ ਦੀਆਂ ਗੱਲਾਂ ਕਰ ਕਰ ਕੇ ਆਪ ਉਹਨਾਂ ਔਗੁਣਾਂ ਵਿਚ) ਡੁੱਬ ਜਾਂਦਾ ਹੈ, ਤੇ ਅਸੀਂ (ਆਪਣੇ ਔਗੁਣਾਂ ਦੀ ਚੇਤਾਵਨੀ ਨਾਲ ਉਹਨਾਂ ਤੋਂ) ਬਚ ਨਿਕਲਦੇ ਹਾਂ। ੩।
ਕਈ ਸੱਜਣ ਸੱਚ ਅਤੇ ਨਿੰਦਾ ਦੇ ਫ਼ਰਕ ਨੂੰ ਨਾ ਸਮਝਣ ਕਾਰਨ ਕਿਸੇ ਪ੍ਰਤੀ ਸੱਚ ਬੋਲਣ ਨੂੰ ਵੀ ਨਿੰਦਾ ਸਮਝਣ ਲੱਗ ਪੈਂਦੇ ਹਨ। ਇਸ ਲਈ ਨਿੰਦਾ ਦੇ ਭਾਵ ਨੂੰ ਸਮਝ ਲੈਣਾ ਜ਼ਰੂਰੀ ਹੈ। ਨਿੰਦਾ ਦਾ ਅਰਥ ਹੈ “ਦੋਸ਼ ਕਹਿਣ ਦੀ ਕ੍ਰਿਯਾ; ਗੁਣਾਂ ਵਿੱਚ ਦੋਸ਼ ਥਾਪਣ ਦਾ ਕਰਮ।” ਨਿੰਦਕ ਤੋਂ ਭਾਵ ਹੈ “ਗੁਣਾਂ ਨੂੰ ਦੋਸ਼ ਕਹਿਣ ਵਾਲਾ।”
ਗੁਰੂ ਗ੍ਰੰਥ ਸਾਹਿਬ ਵਿੱਚ ਨੀਚ, ਪਾਖੰਡੀ, ਜ਼ਾਲਮ, ਅਨਿਆਂ ਕਰਨ ਵਾਲੇ, ਦੂਜਿਆਂ ਦਾ ਹੱਕ ਆਦਿ ਮਾਰਨ ਵਾਲੇ ਮਨੁੱਖਾਂ ਦੀ ਬਹੁਤ ਹੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:-
(ੳ) ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥ ਗਲੀ ਜਿਨਾੑ ਜਪਮਾਲੀਆ ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥ ੧॥ ਐਸੇ ਸੰਤ ਨ ਮੋ ਕਉ ਭਾਵਹਿ॥ ਡਾਲਾ ਸਿਉ ਪੇਡਾ ਗਟਕਾਵਹਿ॥ ੧॥ ਰਹਾਉ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ॥ ਬਸੁਧਾ ਖੋਦਿ ਕਰਹਿ ਦੁਇ ਚੂਲੇੑ ਸਾਰੇ ਮਾਣਸ ਖਾਵਹਿ॥ ੨॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ॥ ੩॥ (ਪੰਨਾ ੪੭੬)
ਅਰਥ: (ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿੱਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ, (ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ। ੧। ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ (ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ)। ੧। ਰਹਾਉ। (ਇਹ ਲੋਕ) ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, ਭਾਂਡੇ ਮਾਂਜ ਕੇ (ਚੁੱਲ੍ਹਿਆਂ) ਉੱਤੇ ਰੱਖਦੇ ਹਨ, (ਹੇਠਾਂ) ਲੱਕੜੀਆਂ ਧੋ ਕੇ ਬਾਲਦੇ ਹਨ (ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ) ਸਮੂਲਚੇ ਮਨੁੱਖ ਖਾ ਜਾਂਦੇ ਹਨ। ੨। ਇਹੋ ਜਿਹੇ ਮੰਦ-ਕਰਮੀ ਮਨੁੱਖ ਸਦਾ ਵਿਕਾਰਾਂ ਵਿੱਚ ਹੀ ਖਚਿਤ ਫਿਰਦੇ ਹਨ, ਉਂਞ ਮੂੰਹੋਂ ਅਖਵਾਂਦੇ ਹਨ ਕਿ ਅਸੀ ਮਾਇਆ ਦੇ ਨੇੜੇ ਨਹੀਂ ਛੋਂਹਦੇ। ਸਦਾ ਅਹੰਕਾਰ ਵਿੱਚ ਮੱਤੇ ਫਿਰਦੇ ਹਨ, (ਇਹ ਆਪ ਤਾਂ ਡੁੱਬੇ ਹੀ ਸਨ) ਸਾਰੇ ਸਾਥੀਆਂ ਨੂੰ ਭੀ (ਇਹਨਾਂ ਮੰਦ-ਕਰਮਾਂ ਵਿਚ) ਡੋਬਦੇ ਹਨ।
(ਅ) ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿੑ ਬੈਠੇ ਸੁਤੇ॥ ਚਾਕਰ ਨਹਦਾ ਪਾਇਨਿੑ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ (ਪੰਨਾ ੧੨੮੮) ਅਰਥ: ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਲਕਾਰ (ਮਾਨੋ) ਕੁੱਤੇ ਹਨ, ਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ ਹਨ)। ਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ, (ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ।
ਨੋਟ: ਕਿਸੇ ਮਨੁੱਖ ਦੇ ਦੋਸ਼ਾਂ ਨੂੰ ਨਸ਼ਰ ਕਰਕੇ ਜਨ-ਸਾਧਾਰਨ ਨੂੰ ਉਸ ਤੋਂ ਸੁਚੇਤ ਕਰਨ ਨੂੰ ਪਰਿਵਾਦ ਕਿਹਾ ਜਾਂਦਾ ਹੈ। ਪਰ ਨਿੰਦਾ ਵਿੱਚ ਕਿਸੇ ਦੇ ਗੁਣਾਂ ਨੂੰ ਔਗੁਣ ਦੱਸ ਕੇ ਉਸ ਦੀ ਬਦਨਾਮੀ ਕਰਨ ਦਾ ਭਾਵ ਹੁੰਦਾ ਹੈ। ਨਿੰਦਾ ਅਤੇ ਪਰਿਵਾਦ ਵਿੱਚ ਇਹ ਹੀ ਬੁਨਿਆਦੀ ਭੇਦ ਹੈ। ਇਸ ਲਈ ਕੂੜ ਤੇ ਦੰਭ ਨੂੰ ਨੰਗਾ ਕਰਨਾ ਨਿੰਦਾ ਨਹੀਂ, ਸਿਰਜਨਾਤਮਕ ਆਲੋਚਨਾ ਹੈ। ਅਜਿਹੀ ਅਲੋਚਨਾ ਤੋਂ ਬਿਨਾਂ ਸਮਾਜ ਵਿੱਚ ਸੁਧਾਰ ਨਹੀਂ ਲਿਆਂਦਾ ਜਾ ਸਕਦਾ ਹੈ।
ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖ ਨੂੰ ਨਿੰਦਿਆ ਤੋਂ ਵਰਜਿਆ ਗਿਆ ਹੈ ਨਾ ਕਿ ਸੱਚ ਬੋਲਣ ਤੋਂ। ਕਈ ਸੱਜਣਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਕੀ ਪਤਾ ਹੈ ਕਿ ਕੋਈ ਵਿਅਕਤੀ ਬਲਾਤਕਾਰੀ, ਪਾਖੰਡੀ, ਅਨਿਆਈਂ ਜਾਂ ਜ਼ੁਲਮ ਢਾਹੁਣ ਵਾਲਾ ਹੈ। ਇਸ ਸਬੰਧ ਵਿੱਚ ਇਤਨੀ ਕੁ ਹੀ ਬੇਨਤੀ ਹੈ ਕਿ ਇਹ ਠੀਕ ਹੈ ਜਿਸ ਬਾਰੇ ਮਨੁੱਖ ਪਾਸ ਕੋਈ ਜਾਣਕਾਰੀ ਨਹੀਂ, ਉਸ ਦੇ ਸਬੰਧ ਵਿੱਚ ਕੁੱਝ ਕਹਿਣਾ ਯੋਗ ਨਹੀਂ ਹੈ। ਪਰੰਤੂ ਜਿਹੜੇ ਪ੍ਰਾਣੀ ਸ਼ਰੇਆਮ ਮਨੁੱਖਤਾ ਨੂੰ ਗੁਮਰਾਹ ਕਰ ਰਹੇ ਹਨ, ਕਈਆਂ ਵਲੋਂ ਆਪਣੇ ਮੂੰਹੋਂ ਆਪਣੇ ਗ਼ੁਨਾਹਾਂ ਨੂੰ ਕਬੂਲ ਵੀ ਕਰ ਲਿਆ ਗਿਆ ਹੈ, ਆਮ ਮਨੁੱਖ ਨੂੰ ਕਰਮ ਕਾਡਾਂ ਵਿੱਚ ਉਲਝਾ ਕੇ ਸੱਚੀ ਜੀਵਨ-ਜੁਗਤ ਨਾਲੋਂ ਤੋੜ ਰਹੇ ਹਨ, ਕੀ ਇਨ੍ਹਾਂ ਬਾਰੇ ਕਿਸੇ ਹੋਰ ਪਾਸੋਂ ਸਰਟੀਫੀਕੇਟ ਲੈਣ ਦੀ ਲੋੜ ਰਹਿ ਜਾਂਦੀ ਹੈ? ਕੀ ਅਜਿਹੇ ਵਿਅਕਤੀਆਂ ਦੇ ਅਜਿਹੇ ਕਾਰਨਾਮਿਆਂ ਤੋਂ ਨਿਖੇਧੀ ਕਰਨੀ ਜਾਂ ਉਨ੍ਹਾਂ ਨੂੰ ਜੱਗ ਜ਼ਾਹਰ ਕਰਨਾ ਨਿੰਦਿਆ ਹੈ? ਨਹੀਂ, ਹਰਗ਼ਿਜ਼ ਨਹੀਂ। ਅਜਿਹੇ ਪਾਖੰਡੀਆਂ, ਬੇਈਮਾਨਾਂ ਆਦਿ ਦੀ ਨਿਖੇਧੀ ਕਰਨ ਵਾਲਾ ਜਾਂ ਇਨ੍ਹਾਂ ਨੂੰ ਜੱਗ ਜ਼ਾਹਰ ਕਰਨ ਵਾਲਾ ਵਿਅਕਤੀ ਮਨੁੱਖਤਾ ਦਾ ਸੱਚਾ ਹਮਦਰਦ ਅਤੇ ਇਨਸਾਨੀਅਤ ਦੀ ਸੇਵਾ ਕਰਨ ਵਾਲਾ ਹੈ।
ਸੋ, ਗੱਲ ਕੀ, ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਨਿੰਦਾ ਨੂੰ ਭਿਆਨਕ ਆਤਮਕ ਰੋਗ ਕਰਾਰ ਦੇਂਦਿਆਂ, ਮਨੁੱਖ ਨੂੰ ਇਸ ਰੋਗ ਤੋਂ ਬਚਣ ਲਈ ਕਿਹਾ ਗਿਆ ਹੈ ਪਰ ਸੱਚ ਬੋਲਣ ਤੋਂ ਨਹੀਂ ਵਰਜਿਆ ਹੈ। ਇਸ ਲਈ ਸਾਨੂੰ ਨਿੰਦਾ ਤੋਂ ਜ਼ਰੂਰ ਗ਼ੁਰੇਜ਼ ਕਰਨ ਦੀ ਲੋੜ ਹੈ ਪਰ ਸੱਚ ਤੋਂ ਨਹੀਂ। ਮਨੁੱਖਤਾ ਦੀ ਤਨੋ ਮਨੋ ਸੇਵਾ ਕਰਨ ਵਾਲਿਆਂ ਨੂੰ ਹਰੇਕ ਤਰ੍ਹਾਂ ਦਾ ਸਹਿਯੋਗ ਦੇਣ ਦੀ ਲੋੜ ਹੈ ਅਤੇ ਇਨਸਾਨੀਅਤ ਦੇ ਦੁਸ਼ਮਨਾਂ ਤੋਂ ਜਨ-ਸਾਧਾਰਨ ਨੂੰ ਸੁਚੇਤ ਕਰਕੇ ਅਜਿਹੇ ਪਾਖੰਡੀਆਂ ਦੇ ਚੁੰਗਲ ਤੋਂ ਬਚਾਉਣ ਦੀ ਜ਼ਰੂਰਤ ਹੈ।
.