.

ਸਿੱਖ ਕਿਉਂ ਨਹੀ ਛੱਡਦੇ ਬ੍ਰਾਹਮਣਵਾਦ ਦਾ ਪੱਲਾ? ? ?

ਜਾਣੇਂ ਅਣਜਾਣੇਂ ਹੀ ਕਈ ਦਫਾ ਅਸੀਂ ਐਸੇ ਕੰਮ ਕਰ ਜਾਂਦੇ ਹਾਂ ਜਿੰਨ੍ਹਾਂ ਬਾਰੇ ਕਿ ਸਾਨੂੰ ਬਿਲਕੁੱਲ ਵੀ ਪਤਾ ਨਹੀ ਹੁੰਦਾ ਕਿ ਇਹ ਸਹੀ ਆ ਕਿ ਗਲਤ, ਪਰ ਦੂਜੀ ਗੱਲ ਇਹ ਕਿ ਮਾਨੋਂ ਜੇਕਰ ਸਾਨੂੰ ਇਹ ਪਤਾ ਵੀ ਲੱਗ ਜਾਵੇ ਕਿ ਇਹ ਕਰਮ ਕਰਨਾਂ ਯੋਗ ਨਹੀ ਹੈ ਤਾਂ ਫਿਰ ਸਾਡਾ ਦੂਜਾ ਖਿਆਲ ਇਹ ਆ ਜਾਂਦਾ ਹੈ ਕਿ ਜੀ ਇਹ ਕੰਮ ਤਾਂ ਸਾਡੇ ਵੱਡੇ ਵਡੇਰੇ ਵੀ ਕਰਦੇ ਆਏ ਹਨ ਫਿਰ ਅਸੀਂ ਕਿਵੇਂ ਛੱਡ ਸਕਦੇ ਆਂ। ਇਸ ਨੂੰ ਅਸੀ ਆਪਣੀ ਬੋਲੀ ਵਿੱਚ ਆਖ ਸਕਦੇ ਆਂ ਭੇਡ ਚਾਲ, ਜਿਵੇਂ ਕੋਈ ਇੱਕ ਭੇਡ ਖੂਹ ਵਿੱਚ ਛਾਲ ਮਾਰ ਦੇਵੇ ਤਾਂ ਬਾਕੀ ਵੀ ਸਾਰੀਆਂ ਉਹਦੇ ਮਗਰ ਹੀ ਕੁੱਦ ਪੈਂਦੀਆਂ ਹਨ, ਤਿਵੇਂ ਹੀ ਸਾਡੇ ਸਮਾਜ਼ ਦੀ ਹਾਲਤ ਹੋ ਗਈ ਹੈ, ਅਸੀਂ ਬਿਨ੍ਹਾਂ ਸੋਚੇ-ਸਮਝੇ ਹੀ ਉਹ ਕਰਮ ਕਰੀ ਜਾ ਰਹੇ ਆਂ ਜੋ ਨਾਂ ਸਾਡਾ ਹੀ ਕੁੱਝ ਸਵਾਰ ਸਕਦੇ ਨੇਂ ਤੇ ਨਾਂ ਹੀ ਸਾਡੇ ਸਮਾਜ਼ ਦਾ। ਪਰ ਫੇਰ ਵੀ ਅਸੀਂ ਪੀੜ੍ਹੀ ਦਰ ਪੀੜ੍ਹੀ ਉਹ ਵਾਧੂ ਦੇ ਫੋਟਕ ਕਰਮ ਕਰੀ ਹੀ ਜਾ ਰਹੇ ਹਾਂ। ਜਿਥੇ ਉਹਨਾਂ ਕੰਮਾਂ ਲਈ ਅਸੀ ਪੈਸੇ ਦੀ ਬਰਬਾਦੀ ਕਰਦੇ ਆਂ ਉਥੇ ਅਸੀ ਆਪਣੇਂ ਗੁਰੂ ਦੀ ਨਿਗ੍ਹਾ ਵਿੱਚ ਵੀ ਬਹੁਤ ਡਿੱਗਦੇ ਜਾ ਰਹੇ ਆਂ। ਇੱਕ ਗੱਲ ਮੇਰੀ ਸਮਝ ਵਿੱਚ ਇਹ ਨਹੀਂ ਆਉਂਦੀ ਕਿ ਅਸੀ ਜਦੋਂ ਵੀ ਕੋਈ ਕੰਮ ਆਪਣੇਂ ਗੁਰੂ ਦੀ ਮੱਤ ਤੋਂ ਉਲੱਟ ਕਰਦੇ ਆਂ, ਤੇ ਨਾਲ ਹੀ ਜੇਕਰ ਕੋਈ ਸਾਨੂੰ ਉਹ ਕੰਮ ਕਰਨ ਤੋਂ ਵਰਜੇ ਤਾਂ ਅਸੀ ਇਹ ਗੱਲ ਕਹਿ ਕੇ ਆਪਣੀ ਜਾਨ ਛੁੱਡਾ ਲੈਂਨੇ ਆਂ ਕਿ ਇਹ ਤਾਂ ਸਾਡੇ ਬਜੁਰਗ ਵੀਕਰਦੇ ਸੀ ਤਾਂ ਫਿਰ ਅਸੀਂ ਕਿਉਂ ਨਾਂ ਕਰੀਏ? ਮੈਂ ਐਸੇ ਜੁਵਾਬ ਦੇਣ ਵਾਲਿਆਂ ਤੋਂ ਇੱਕ ਗੱਲ ਪੁਛਣੀ ਚਾਹੁੰਦਾ ਹਾਂ ਕਿ ਕੀ ਜੋ ਕੰਮ ਤੁਹਾਡੇ ਬਾਬੇ ਕਰਦੇ ਸੀ ਤੁਸੀ ਸਾਰੇ ਕੰਮ ਉਹੀ ਕਰਦੇ ਓ, ਕਿ ਜਾਂ ਜੋ ਤੁਹਾਨੂੰ ਚੰਗੇ ਲੱਗਦੇ ਨੇਂ ਉਹ ਕਰਦੇ ਓ? ਸਾਡੇ ਬਾਬਿਆਂ ਨੇਂ ਤਾਂ ਕਦੀ ਆਪਣੇਂ ਕੇਸ਼ ਦਾੜ੍ਹੀ ਗੁਰੂ ਜੀ ਦੀ ਮੋਹਰ ਸਮਝ ਕੇ ਉਨ੍ਹਾਂ ਨੂੰ ਕੈਂਚੀ ਤੱਕ ਨਹੀਂ ਸੀ ਲਾਈ ਤੇ ਅਸੀ ਆਹ ਕੀ ਬਣੀ ਜਾਂਦੇ ਆਂ, ਕੀ ਸਾਨੂੰ ਆਪਣੇਂ ਬਜੁਰਗਾਂ ਦੀ ਇਹ ਗੱਲ ਚੰਗੀ ਨਹੀ ਲੱਗਦੀ? ਸਾਡੇ ਬਾਬੇ ਤਾਂ ਨਸ਼ਿਆਂ ਦੀ ਬੀਮਾਰੀ ਤੋਂ ਕੋਹਾਂ ਦੂਰ ਰਿਹਾ ਕਰਦੇ ਸੀ, ਪਰ ਸਾਡੀਆਂ ਤਾਂ ਅੱਖਾਂ ਹੀ ਬਾਰਾਂ ਕੈਪਸੂਲ ਖਾਕੇ ਖੁਲਦੀਆਂ ਨੇਂ, ਕੀ ਅਸੀ ਕਦੇ ਆਪਣਿਆਂ ਬਾਬਿਆਂ ਦੀ ਇਹ ਗੱਲ ਵੀ ਮੰਨੀਂ ਹੈ ਕਿ ਨਸ਼ੇ ਨਹੀ ਕਰਨੇਂ ਚਾਹੀਦੇ? ਸਾਡੇ ਵੱਡੇ ਵਡੇਰਿਆਂ ਨੇਂ ਕਦੇ ਭਈਆਂ ਪਾਸੋਂ ਕੋਈ ਕੰਮ ਨਹੀਂ ਸੀ ਕਰਵਾਇਆ ਉਹ ਕਿਰਤੀ ਸਨ ਤੇ ਹਰ ਕੰਮ ਆਪਣੇਂ ਹੱਥੀਂ ਕਰਿਆ ਕਰਦੇ ਸੀ। ਪਰ ਸਾਡੇ ਕੋਲੋਂ ਤਾਂ ਹੁਣ ਇੱਕ ਤੀਲਾ ਵੀ ਨਹੀਂ ਟੁਟਦਾ ਅਸੀ ਹਰ ਪਾਸਿਓਂ ਭਈਆਂ ਦੇ ਮੁਹਤਾਜ਼ ਹੋ ਗਏ ਆਂ, ਇਹੋ ਕਾਰਨ ਹੈ ਅੱਜ ਉਹ ਸਾਡੇ ਤੇ ਪੂਰੀ ਤਰ੍ਹਾਂ ਹਾਵੀ ਹੋ ਗਏ ਨੇ ਤੇ ਉਹ ਦਿਨ ਦੂਰ ਨਹੀ ਜਦੋਂ ਉਹ ਪੂਰੀ ਤਰ੍ਹਾਂ ਸਾਡੇ ਮਾਲਕ ਹੋਣਗੇ ਤੇ ਅਸੀ ਉਨ੍ਹਾਂ ਦੇ ਨੌਕਰ ਹੋਵਾਂਗੇ, ਅੱਜ ਜਦੋਂ ਸਾਡੇ ਸ਼ਰੀਰਾਂ ਨੂੰ ਪੂਰੀ ਤਰ੍ਹਾਂ ਨਸ਼ਿਆਂ ਨੇਂ ਖੋਖਲਾ ਕਰ ਛੱਡਿਆ ਹੈ ਤਾਂ ਅਸੀ ਕੋਈ ਕੰਮ ਕਰ ਵੀ ਕਿਵੇਂ ਸਕਦੇ ਆਂ, ਕੀ ਕਦੀ ਅਸੀ ਆਪਣਿਆਂ ਬਾਬਿਆਂ ਦੀ ਇਹ ਗੱਲ ਵੀ ਮੰਨੀ ਹੈ?
ਸ਼ਾਡੇ ਬਜੁਰਗਾਂ ਦਾ ਪਹਿਰਵਾ ਵੀ ਸਿੱਧਾ ਸਾਧਾ ਤੇ ਨੰਗੇਜ਼ ਢੱਕਣ ਵਾਲਾ ਹੋਇਆ ਕਰਦਾ ਸੀ, ਪਰ ਆਹ ਕੀ ਜੋ ਅੱਜ ਅਸੀ ਪਾਈ ਫਿਰਦੇ ਆਂ ਅੱਧੇ ਨੰਗੇ ਅੱਧੇ ਕੱਜੇ, ਕੀ ਇਹ ਵੀ ਤੁਹਾਨੂੰ ਬਜੁਰਗਾਂ ਨੇਂ ਹੀ ਦਿੱਤਾ ਹੈ? ਜਦੋਂ ਇਹ ਗੱਲਾਂ ਹੁੰਦੀਆਂ ਹਨ ਤਾਂ ਅਸੀ ਸਹਜ ਭਾਏ ਹੀ ਕਹਿ ਦੇਂਦੇ ਆਂ ਕਿ ਹੁਣ ਜ਼ਮਾਨਾਂ ਬਦਲ ਗਿਆ ਹੈ। ਐਸੀਆਂ ਹੋਰ ਵੀ ਕਈ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ ਪਰ ਇਥੇ ਮੇਰਾ ਅੱਜ ਦਾ ਵਿਸ਼ਾ ਇਹ ਨਹੀ ਕੋਈ ਹੋਰ ਹੈ। ਸਿਰੇ ਦੀ ਤਾਂ ਇਹ ਗੱਲ ਹੈ ਕਿ ਜੋ ਕੰਮ ਸਾਨੂੰ ਚੰਗੇ ਲੱਗਦੇ ਨੇਂ ਅਸੀ ਉਹ ਹੀ ਕਰਦੇ ਆਂ ਜੋ ਨਹੀ ਭਾਉਂਦੇ ਉਹ ਅਸੀਂ ਨਹੀਂ ਕਰਦੇ। ਹੁਣ ਆਉ ਇਹ ਵੀਚਾਰ ਕਰੀਏ ਕਿ ਅਸੀਂ ਕਿਹੜ੍ਹੇ ਉਹ ਕੰਮ ਜਾਣੇਂ ਅਣਜਾਣੇਂ ਕਰ ਰਹੇ ਆਂ ਜੋ ਸਾਨੂੰ ਗੁਰਮਤਿ ਮਨ੍ਹਾਂ ਕਰਦੀ ਹੈ। ਕੀ ਕਦੇ ਅਸੀ ਇਹ ਸੋਚਿਆ ਹੈ ਜਦੋਂ ਵੀ ਸਾਡੇ ਘਰਾਂ ਅੰਦਰ ਕੋਈ ਖੁਸ਼ੀ ਦਾ ਸਮਾਂ ਆਉਂਦਾ ਹੈ ਤਾਂ ਅਸੀਂ ਕਦੇ ਲੱਡੂ ਲਿਆਉਣਾਂ ਨਹੀਂ ਭੁਲਦੇ, ਵਿਆਹ ਵੇਲੇ ਅਰਦਾਸ ਕਰਾਉਂਣੀ ਹੋਵੇ ਤਾਂ ਲੱਡੂ, ਮੁੰਡਾ ਜੰਮਿਆਂ ਤਾਂ ਲੱਡੂ, ਗੱਡੀ ਖਰੀਦੀ ਤਾਂ ਲੱਡੂ, ਘਰ ਲਿਆ ਤਾਂ ਲੱਡੂ, ਹਰ ਖੁਸ਼ੀ ਦੇ ਮੌਕੇ ਲੱਡੂ ਹੀ ਕਿਉਂ ਲਿਆਂਦੇ ਜਾਂਦੇ ਹਨ। ਕੀ ਕਦੇ ਵੀ ਅਸੀਂ ਇਸਦਾ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਹੈ? ਜੁਵਾਬ ਨਹੀ ਵਿੱਚ ਹੀ ਹੋਵੇਗਾ ਕਿਉਂਕਿ ਸਾਨੂੰ ਨਾਂ ਤਾਂ ਕਿਸੇ ਨੇਂ ਇਹ ਕਦੀ ਦੱਸਿਆ ਹੀ ਹੈ ਤੇ ਨਾਂ ਹੀ ਅਸੀਂ ਕਦੇ ਕਿਸੇ ਵਿਦਵਾਨ ਪਾਸੋਂ ਇਹ ਪੁਛਣ ਦੀ ਹੀ ਖੇਚਲ ਕੀਤੀ ਹੈ।
ਅਸਲ ਕਾਰਨ ਕੇਵਲ ਸ਼ੁੱਧ ਸ਼ਬਦਾਂ ਵਿੱਚ ਦੇਖੀਏ ਤਾਂ ਸਾਨੂੰ ਬ੍ਰਾਹਮਣਵਾਦ ਹੀ ਨਜ਼ਰ ਆਵੇਗਾ। ਹਿੰਦੂ ਧਰਮ ਦੇ ਅੰਦਰ ਪ੍ਰਥਮ ਪੂਜਾ ਗਣੇਸ਼ ਦੀ ਮੰਨੀਂ ਗਈ ਹੈ ਤੇ ਗਣੇਸ਼ ਦੀ ਆਰਾਧਣਾਂ ਦੇ ਵਾਸਤੇ ਹਿੰਦੂ ਮੱਤ ਅਨੁਸਾਰ ਲੱਡੂਆਂ ਦਾ ਭੋਗ ਲਵਾਇਆ ਜਾਂਦਾ ਹੈ। ਪਰ ਅਫਸੋਸ ਹੈ ਕਿ ਅਸੀਂ ਆਪਣੇਂ ਗੁਰੂ ਦੀ ਸਿਖਿੱਆ ਦਾ ਤਿਆਗ ਕਰਕੇ ਦੂਜਿਆਂ ਦੀਆਂ ਭੈੜ੍ਹੀਆਂ ਆਦਤਾਂ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਂ ਲਿਆ ਹੈ। ਸਿੱਖ ਧਰਮ ਅਨੁਸਾਰ ਹਰ ਖੁਸ਼ੀ ਜਾਂ ਗਮੀ ਦੇ ਸਮੇਂ ਕੇਵਲ ਕੜ੍ਹਾਹ ਪ੍ਰਸ਼ਾਦ ਵਰਤਾਉਣ ਦੀ ਹੀ ਮਰਆਦਾ ਹੈ ਜੋ ਕਿ ਅੱਜ ਸਾਨੂੰ ਯਾਦ ਨਹੀ ਰਹੀ ਹੈ। ਪਰ ਲੱਡੂਆਂ ਦੇ ਜਰੀਏ ਅਸੀ ਕਿਸੇ ਨਾਂ ਕਿਸੇ ਰੂਪ ਵਿੱਚ ਗਣੇਸ਼ ਦੀ ਅਰਾਧਣਾਂ ਕਰ ਰਹੇ ਹੁੰਦੇ ਹਾਂ।
ਜੇਕਰ ਇਹ ਗੱਲ ਕੋਈ ਪ੍ਰਚਾਰਕ ਸਟੇਜ਼ ਤੇ ਕਹਿ ਦੇਵੇ ਤਾਂ ਅਸੀ ਸਿੱਖ ਅਖਵਾਉਣ ਵਾਲੇ ਗੱਲ ਨੂੰ ਸਮਝਣ ਦੀ ਬਜਾਏ ਉਸ ਦੇ ਗਲ ਜਰੂਰ ਪੈ ਜਾਂਦੇ ਹਾਂ। ਆਉ ਹੁਣ ਇੱਕ ਹੋਰ ਕੁਰੀਤ ਜੋ ਸਾਡੀ ਰੀਤ ਬਣ ਗਈ ਹੈ ਉਸ ਦੇ ਬਾਰੇ ਥੋੜ੍ਹਾ ਜਾਣੀਏਂ, ਉਸ ਕੁਰੀਤ ਦੀ ਅਸਲੀਅਤ ਨੂੰ ਸਮਝਾਉਣ ਦੇ ਲਈ ਮੈ ਇੱਕ ਘਟਨਾਂ ਪਾਠਕਾਂ ਦੇ ਨਾਲ ਸਾਂਝੀ ਕਰਨੀਂ ਚਾਹਾਂਗਾ ਜੋ ਮੇਰੇ ਨਾਲ ਸੁਲਤਾਨਪੁਰ ਲੋਧੀ ਦੇ ਕੋਲ ਪੈਂਦੇ ਇੱਕ ਕਸਬਾ ਲੋਹੀਆਂ ਖਾਸ ਵਿੱਚ ਘਟੀ, ਉਥੇ ਮੈ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਲਾਇਆ ਕਰਦਾ ਸੀ ਇੱਕ ਦਿਨ ਅਚਾਨਕ ਇੱਕ ਔਰਤ ਮੇਰੇ ਕੋਲ ਦੌੜ੍ਹੀ ਹੋਈ ਆਈ ਤੇ ਮੇਰੇ ਸਾਹਮਣੇਂ ਹੱਥ ਜੋੜ੍ਹ ਕੇ ਕਹਿਣ ਲੱਗੀ ਵੀਰ ਜੀ ਜਿਹੜ੍ਹੀ ਗੱਲ ਦਾ ਮੈਨੂੰ ਸਾਰੀ ਜਿੰਦਗੀ ਪਤਾ ਨਹੀ ਸੀ ਲਗਾ ਤੇ ਅਸੀ ਸਿੱਖ ਹੋਕੇ ਵੀ ਉਹ ਕੁਕਰਮ ਕਰੀ ਜਾਂਦੇ ਸੀ ਤੇ ਕਦੇ ਵੀ ਇਹ ਨਹੀਂ ਸੀ ਸੋਚਿਆ ਕਿ ਜੋ ਆਹ ਕੰਮ ਅਸੀ ਕਰ ਰਹੇ ਹਾਂ ਉਸ ਦਾ ਮਤਲਬ ਕੀ ਹੈ? ਪਰ ਅੱਜ਼ ਮੇਰੀਆਂ ਅੱਖਾਂ ਮੇਰੀ ਅੱਠ ਨੌ ਸਾਲ ਦੀ ਬੱਚੀ ਨੇ ਹੀ ਖੋਲ ਦਿੱਤੀਆਂ ਹਨ। ਮੈ ਉਸ ਔਰਤ ਨੂੰ ਪੁਛਿਆ ਕਿ ਗੱਲ ਕੀ ਹੋਈ ਹੈ, ਤਾਂ ਉਸ ਨੇ ਦੱਸਿਆ ਕਿ ਕੱਲ ਸ਼ਾਮੀਂ ਮੇਰੇ ਪਤੀ ਜੀ ਨਵਾਂ ਟੀ. ਵੀ ਖਰੀਦ ਕੇ ਲਿਆਏ ਤੇ ਜਦੋਂ ਮੈਂ ਸਰ੍ਹੋਂ ਦੇ ਤੇਲ ਦੀ ਬੋਤਲ ਲੈਕੇ ਬੂਹੇ ਵਿੱਚ ਤੇਲ ਚੋਕੇ ਸ਼ਗਨ ਕਰਨ ਲੱਗੀ ਤਾਂ ਮੇਰੀ ਬੇਟੀ ਨੇਂ ਮੇਰਾ ਹੱਥ ਫੜ੍ਹ ਲਿਆ ਤੇ ਮੈਂਨੂੰ ਕਹਿਣ ਲੱਗੀ ਮੰਮੀ ਜੀ ਇਹ ਬ੍ਰਾਹਮਣਵਾਦ ਹੈ, ਤੇ ਨਾਲੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਾਸ਼ਕ ਹਾਂ ਨਾਂ ਕਿ ਸ਼ਨੀ ਦੇਵਤੇ ਦੇ ਕਿਉਂਕਿ ਇਹ ਤੇਲ ਚੋਕੇ ਸ਼ਗਨ ਕਰਨਾਂ ਇੱਕ ਕਿਸਮ ਦੀ ਸ਼ਨੀ ਦੇਵਤੇ ਦੀ ਉਪਾਸ਼ਨਾਂ ਹੈ। ਪਾਠਕੋ ਮੇਰਾ ਇਥੇ ਇਹ ਘਟਨਾਂ ਦੇ ਲਿਖਨ ਦਾ ਕੇਵਲ ਇਤਨਾਂ ਹੀ ਮਕਸਦ ਹੈ ਕਿ ਸਾਨੂੰ ਸੱਚ ਦੀ ਸਮਝ ਆ ਜਾਵੇ ਤੇ ਜੋ ਵੀ ਅਸੀ ਜਾਣੇ ਅਣਜਾਣੇ ਇਹ ਬ੍ਰਾਹਮਣਵਾਦ ਦਾ ਜੂਲਾ ਆਪਣੇਂ ਗਲੇ ਵਿੱਚ ਪਾਈ ਬੈਠੇ ਹਾਂ ਇਸਨੂੰ ਲਾਹ ਕੇ ਪਰਾਂ ਸੁੱਟਣ ਜੋਗ ਹੋ ਸਕੀਏ। ਆਉ ਹੁਣ ਥੋੜ੍ਹੀ ਇਹ ਤੇਲ ਚੋਣ ਵਾਲੀ ਕੁਰੀਤ ਬਾਰੇ ਜਾਣੀਏ। ਹਿੰਦੂ ਮੱਤ ਦੇ ਅੰਦਰ ਸ਼ਨੀ ਦੇਵ ਦੀ ਬੜ੍ਹੀ ਹੀ ਆਰਾਧਣਾਂ ਕੀਤੀ ਜਾਂਦੀ ਹੈ ਕਿਉਂਕਿ ਬ੍ਰਾਹਮਣ ਜੀ ਨੇਂ ਸ਼ਨੀ ਜੋਕਿ ਇੱਕ ਕਿਸਮ ਦਾ ਵਿਹਲੜ੍ਹ ਤੇ ਨਖੱਟੂ ਇਨਸਾਨ ਸੀ ਉਸਨੂੰ ਵੀ ਦੇਵਤਾ ਬਣਾਂ ਛੱਡਿਆ ਹੈ, ਹਿੰਦੂਆਂ ਦੇ ਇਸ ਦੇਵਤੇ ਸ਼ਨੀ ਨੂੰ ਬਹੁਤ ਜਾਲਮ ਤੇ ਨਿਰਦਈ ਸਿੱਧ ਕੀਤਾ ਗਿਆ ਹੈ ਕਿ ਇਹ ਹੀ ਸਾਰਿਆਂ ਨੂੰ ਦੁਖ ਤਕਲੀਫਾਂ ਦਿੰਦਾ ਹੈ ਤੇ ਜਿਸਦੇ ਉਤੇ ਇਸਦੀ ਭੈੜ੍ਹੀ ਦ੍ਰਿਸ਼ਟੀ ਪੈ ਜਾਵੇ ਉਸ ਨੂੰ ਇਹ ਕੰਗਾਲ ਕਰ ਦਿੰਦਾ ਹੈ, ਇਸ ਲਈ ਹਿੰਦੂਆਂ ਦੇ ਅੰਦਰ ਇਸਤੋਂ ਬਚਣ ਦੇ ਲਈ ਤੇ ਸ਼ਨੀ ਨੂੰ ਹਮੇਸ਼ਾਂ ਖੁਸ਼ ਰੱਖਣ ਦੇ ਲਈ ਕਈ ਉਪਾ ਕੀਤੇ ਜਾਂਦੇ ਹਨ, ਜਿਵੇਂ ਸ਼ਨੀਵਾਰ ਨੂੰ ਸ਼ਨੀ ਦਾ ਦਿਨ ਮੰਨ ਕੇ ਉਸ ਦੀ ਆਰਾਧਨਾਂ ਮੰਦਰਾਂ ਅੰਦਰ ਜਾਂ ਗੁਰੂਦੁਆਰਿਆਂ ਦੇ ਅੰਦਰ ਸਰੋਂ ਦਾ ਤੇਲ, ਮਾਂਹ ਦੀ ਦਾਲ ਕਾਲੇ ਛੋਲੇ, ਕਾਲਾ ਕੱਪੜ੍ਹਾ, ਜਾਂ ਲੋਹਾ ਚੜ੍ਹਾ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ, ਬ੍ਰਾਹਮਣਵਾਦ ਦੀ ਇਹ ਪ੍ਰੰਪਰਾ ਹੈ ਕਿ ਜਦੋਂ ਵੀ ਘਰ ਵਿੱਚ ਕੋਈ ਨਵੀ ਵਸਤੂ ਲਿਆਦੀ ਜਾਵੇ ਤਾਂ ਸਰੋਂ ਦਾ ਹੀ ਤੇਲ ਚੋਇਆ ਜਾਵੇ ਜੋ ਕਿ ਸ਼ਨੀ ਦੀ ਆਰਾਧਨਾਂ ਦਾ ਪ੍ਰਤੀਕ ਹੈ ਜਿਸਤੋ ਬਾਅਦ ਪਰਿਵਾਰ ਉਤੇ ਸ਼ਨੀ ਦੀ ਭੈੜ੍ਹੀ ਨਿਗ੍ਹਾ ਨਹੀ ਪੈਂਦੀ, ਅਸੀ ਆਮ ਕਰਕੇ ਇਹ ਦੇਖਦੇ ਹਾਂ ਕਿ ਜੇਕਰ ਅਸੀ ਆਪਣੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਸਰੂਪ ਲਿਆਉਣਾਂ ਹੋਵੇ ਤਾਂ ਵੀ ਅਸੀ ਬੂਹੇ ਵਿੱਚ ਸਰੋਂ ਦਾ ਤੇਲ ਜਰੂਰ ਚੋਂਦੇ ਹਾਂ ਇਸਦਾ ਅਰਥ ਹੈ ਕਿ ਸਾਨੂੰ ਆਪਣੇ ਗੁਰੂ ਤੇ ਵੀ ਕੋਈ ਭਰੋਸਾ ਨਹੀ ਹੈ ਤੇ ਅਜੇ ਵੀ ਸ਼ਨੀ ਦਾ ਡਰ ਲੱਗਾ ਹੈ।
ਚਲੋ ਜੇਕਰ ਇਹ ਵੀ ਮੰਨ ਲਈਏ ਕਿ ਇਹ ਇੱਕ ਸ਼ਗਨ ਦੇ ਤੌਰ ਤੇ ਹੀ ਕੀਤਾ ਜਾਂਦਾ ਹੈ ਤਾਂ ਵੀ ਗੁਰਮਤਿ ਇਸਨੂੰ ਪ੍ਰਵਾਨ ਨਹੀ ਕਰਦੀ ਕਿਉਂਕਿ ਗੁਰਮਤਿ ਅਨੁਸਾਰ ਸ਼ਗਨ ਜਾਂ ਅਪਸ਼ਗਨ ਦੀ ਕੋਈ ਵੀ ਮਹਾਨਤਾ ਨਹੀ ਹੈ ਗੁਰਬਾਣੀ ਦਾ ਪਾਵਨ ਫੁਰਣਾਨ ਹੈ…
ਸ਼ਗਨ ਅਪਸ਼ਗਨ ਤਿਸ ਕਉ ਲਗੇ ਜਿਸ ਚੀਤ ਨ ਆਵੈ॥
ਗੁਰੁ ਮਹਾਰਾਜ ਜੀ ਨੇਂ ਤਾਂ ਆਪਣੇਂ ਸਿੱਖ ਨੂੰ ਇਹਨਾਂ ਸ਼ਗਨਾਂ ਅਪਸ਼ਗਨਾਂ ਦੇ ਨੇੜ੍ਹੇ ਵੀ ਨਹੀ ਜਾਣ ਦਿੱਤਾ ਸੀ ਪਰ ਸਾਡੀ ਇਹ ਬਦਕਿਸਮਤੀ ਹੀ ਹੈ ਕਿ ਅਸੀ ਆਪਣੇਂ ਗੁਰੂ ਬਾਪੂ ਦੀ ਉਂਗਲ ਛੁਡਾ ਕੇ ਫਿਰ ਬ੍ਰਾਹਮਣ ਦੇ ਪੁਤ ਬਣਦੇ ਜਾ ਰਹੇ ਹਾਂ। ਅਸੀਂ ਤਾਂ ਬੱਸ ਐਂਵੇਂ ਹੀ ਇਹ ਫੜ੍ਹਾਂ ਮਾਰਦੇ ਰਹਿੰਦੇ ਆਂ ਕਿ ਅਸੀ ਸਭ ਤੋਂ ਨਿਆਰੇ ਹਾਂ, ਮੈਨੂੰ ਇਹ ਨਹੀ ਸਮਝ ਆਉਂਦੀ ਕਿ ਕੰਮ ਤਾਂ ਅਸੀ ਸਾਰੇ ਦੇ ਸਾਰੇ ਹੀ ਪੰਡਤਾਂ ਵਾਲੇ ਕਰਦੇ ਹਾਂ ਫਿਰ ਸਾਡਾ ਨਿਆਰਾਪਨ ਕੀ ਖਾਕ ਹੈ। ਨਿਆਰਾ ਤਾਂ ਸਾਨੂੰ ਬਾਬੇ ਨਾਨਕ ਜੀ ਨੇ ਬਣਾਇਆਂ ਸੀ ਪਰ ਸਾਨੂੰ ਬਾਬੇ ਦਾ ਉਹ ਦਿੱਤਾ ਹੋਇਆ ਰੂਪ ਹੀ ਨਹੀ ਚੰਗਾ ਲੱਗਾ ਤੇ ਅਸੀ ਲਾਹ ਕੇ ਫਿਰ ਉਹੋ ਹੀ ਚਿੱਕੜ੍ਹ ਨੂੰ ਆਪਣੇ ਉਤੇ ਮਲ ਲਿਆ ਹੈ ਜੋ ਬ੍ਰਾਹਮਣ ਦੀ ਦੇਣ ਹੈ। ਗੁਰਦੁਆਰਿਆਂ ਦੇ ਅੰਦਰ ਅਸੀ ਸੰਖ ਵਜਾਉਂਦੇ ਫਿਰਦੇ ਆਂ, ਮਹਾਰਾਜ ਜੀ ਦੇ ਅੱਗੇ ਅਸੀ ਘੜ੍ਹਿਆਲ ਖੜ੍ਹਕਾਈ ਜਾਂਦੇ ਆਂ ਜੋ ਕਿ ਕਈ ਜਗਾ ਤੇ ਮੁਰਦਿਆਂ ਦੇ ਮੂਹਰੇ ਵਜਾਇਆ ਜਾਂਦਾ ਹੈ, ਇੱਕ ਪਾਸੇ ਅਸੀ ਸੰਗ ਪਾੜ੍ਹ-ਪਾੜ੍ਹ ਕੇ ਇਹ ਆਖਦੇ ਆਂ ਕਿ ਸਾਡਾ ਗੁਰੂ ਦੀਨ-ਦੁਨੀ ਦਾ ਪਾਤਸ਼ਾਹ ਹੈ ਕੀ ਤੁਸੀਂ ਕਦੀ ਇਹ ਦੇਖਿਆ ਹੈ ਕੇ ਕਿਸੇ ਬਾਦਸ਼ਾਹ ਦੇ ਮੂਹਰੇ ਕਦੀ ਕਿਸੇ ਨੇ ਘੜ੍ਹਿਆਲ ਵਜਾਈ ਹੋਵੇ? ਬਾਦਸ਼ਾਹ ਦੇ ਅੱਗੇ ਤਾਂ ਨਗਾਰਾ ਵਜਾਇਆ ਜਾਂਦਾ ਹੈ ਤੇ ਅਸੀ ਘੜ੍ਹਿਆਲ ਵਜਾਕੇ ਹੀ ਕੰਮ ਸਾਰੀ ਜਾਂਦੇ ਆਂ, ਜਿਹੜੀ ਕੌਮ ਨਗਾਰੇ ਤੋਂ ਘੜ੍ਹਿਆਲ ਤੱਕ ਆ ਜਾਵੇ ਉਹ ਕੌਮ ਕੀ ਖਾਕ ਦੁਨੀਆਂ ਤੇ ਰਾਜ਼ ਕਰ ਸਕਦੀ ਹੈ। ਦੂਜੀ ਗੱਲ ਤੁਸੀ ਕਦੇ ਵੀ ਇਹ ਦੇਖੋ ਕਿ ਜਦੋਂ ਵੀ ਕੋਈ ਹੁਕਮਰਾਨ ਜਾ ਰਿਹਾ ਹੋਵੇ ਤਾਂ ਉਸਦੇ ਅਹਿਲਕਾਰ ਕਦੇ ਵੀ ਇਹ ਨਹੀ ਕਹਿੰਦੇ ਕਿ ਸਾਡਾ ਬਾਦਸ਼ਾਹ ਜਾ ਰਿਹਾ ਹੈ ਤੇ ਅਸੀ ਉਸਦੇ ਨਾਲ ਨੰਗੇ ਪੈਂਰੀ ਹੀ ਯਾਤਰਾ ਕਰਾਂਗੇ?
ਸਗੋਂ ਜਦੋਂ ਉਹ ਤਿਆਰ ਬਰ ਤਿਆਰ ਹੋਕੇ ਆਪਣੇਂ ਹੁਕਮਰਾਨ ਦੇ ਨਾਲ ਤੁਰਦੇ ਹਨ ਤਾਂ ਬਾਦਸ਼ਾਹ ਦੀ ਸ਼ਾਨੋਂ-ਸ਼ੌਕਤ ਨੂੰ ਹੋਰ ਚਾਰ ਚੰਨ ਲੱਗ ਜਾਂਦੇ ਹਨ। ਪਰ ਅਸੀ ਬ੍ਰਾਹਮਣ ਦੇ ਐਸੇ ਪੁਤ ਬਣੇਂ ਹਾਂ ਕਿ ਸਾਨੂੰ ਤਾਂ ਆਪਣੇਂ ਗੁਰੂ ਦੀ ਕੋਈ ਵੀ ਗੱਲ ਚੰਗੀ ਹੀ ਨਹੀ ਲੱਗਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਤੁਰਨ ਵੇਲੇ ਅਸੀ ਨੰਗੇ ਪੈਰੀਂ ਕਿਉਂ ਜਾਂਦੇ ਹਾਂ? ਇਸਦਾ ਜੁਵਾਬ ਆਮ ਲੋਕਾਂ ਤੋਂ ਲੈਕੇ ਵਿਦਵਾਨਾਂ ਤੱਕ ਇਹ ਹੀ ਦਿਤਾ ਜਾਂਦਾ ਹੈ ਕਿ ਇਹ ਕੇਵਲ ਸਤਿਕਾਰ ਦੇ ਤੌਰ ਤੇ ਹੀ ਕੀਤਾ ਜਾਂਦਾ ਹੈ, ਜਦ ਕਿ ਕਈ ਵਾਰੀ ਐਸੇ ਵੀ ਭਾਣੇਂ ਵਾਪਰੇ ਹਨ ਜਦ ਅੱਤ ਦੀ ਗਰਮੀਂ ਹੋਣ ਦੇ ਬਾਵਜ਼ੂਦ ਵੀ ਜੋੜ੍ਹਾ ਨਹੀ ਪਾਇਆ ਜਾਂਦਾ ਤੇ ਫਿਰ ਜਦੋਂ ਪੈਰ ਗਰਮੀਂ ਦੇ ਨਾਲ ਸੜ੍ਹਦੇ ਹਨ ਤਾਂ ਗੁਰੂ ਮਹਾਰਾਜ਼ ਜੀ ਦੀ ਸਵਾਰੀ ਵੀ ਸੰਭਾਲਣੀਂ ਔਖੀ ਹੋ ਜਾਂਦੀ ਹੈ ਤੇ ਬਹੁਤ ਜਗ੍ਹਾ ਤੇ ਮਹਾਰਾਜ਼ ਦੇ ਸਰੂਪਾਂ ਦੇ ਡਿੱਗਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਇਸਦਾ ਜੁੰਮੇਂਵਾਰ ਕੌਣ ਹੈ?
ਨੰਗੇ ਪੈਰੀਂ ਤੁਰਦੇ ਸਮੇਂ ਜੋ ਵੀ ਗਲੀਆਂ ਦਾ ਗੰਦ-ਮੰਦ ਹੁੰਦਾ ਹੈ ਉਹ ਸਾਰਾ ਦਾ ਸਾਰਾ ਹੀ ਪੈਰਾਂ ਨੂੰ ਲੱਗ ਜਾਂਦਾ ਹੈ। ਤਾਂਹੀ ਤਾਂ ਦਸਵੇਂ ਬਾਬੇ ਨਾਨਕ ਨੇਂ ਨੰਗੇ ਪੈਰੀਂ ਤੁਰਨ ਦਾ ਪਾਖੰਡ ਕਰਨ ਵਾਲੇ ਲੋਕਾਂ ਦੀ ਬਾਂਦਰ ਦੇ ਨਾਲ ਤੁਲਨਾਂ ਕੀਤੀ ਹੈ। ਆਸਾ ਦੀ ਵਾਰ ਅੰਦਰ ਬਾਬੇ ਨਾਨਕ ਜੀ ਦਾ ਇਹ ਪਾਵਨ ਬਚਨ ਵੀ ਅਸੀ ਕਦੇ ਨਹੀ ਵਿਚਾਰਿਆ…
ਪਗ ਉਪੇਤਾਣਾ ਆਪਣਾ ਕੀਆ ਕਮਾਣਾ॥
ਜੇਕਰ ਕਿਤੇ ਵੀਚਾਰ ਲੈਂਦੇ ਤਾਂ ਸ਼ਾਇਦ ਸਾਨੂੰ ਸੱਚ ਦੀ ਸਮਝ ਆ ਜਾਂਦੀ, ਸਾਹਿਬ ਜੀ ਦਾ ਇਹ ਪਾਕ ਬਚਨ ਕਿ ਨੰਗੇ ਪੈਂਰੀ ਤੁਰਨ ਦਾ ਪਾਖੰਡ ਕਰਨ ਵਾਲਾ ਪਾਖੰਡੀ ਬੰਦਾ ਆਪਣਾਂ ਕੀਤਾ ਆਪ ਹੀ ਪਾਉਂਦਾ ਹੈ। ਭਾਵ ਕਿ ਜਦੋਂ ਉਸਦੇ ਪੈਰਾਂ ਨੂੰ ਵਿਸ਼ਟਾ ਆਦਿ ਲੱਗਦੀ ਹੈ ਤਾਂ ਫਿਰ ਉਸਨੂੰ ਪਛਤਾਵਾ ਹੁੰਦਾ ਹੈ। ਸਿੱਖ ਰਹਿਤ ਮਰਆਦਾ ਦੇ ਪੰਨਾਂ ਨੰ: 13 ਤੇ ਗੁਰਦੁਆਰੇ ਸਿਰਲੇਖ ਦੀ ਲੜ੍ਹੀ ਦੇ ਨੰ: (ਖ) ਤੇ ਇਹ ਸ਼ਬਦ ਅੰਕਿਤ ਹਨ. .
ਇੱਕ ਤੋਂ ਦੂਜੀ ਥਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਲੈ ਜਾਣ ਵੇਲੇ ਅਰਦਾਸ ਕਰਨੀ ਚਾਹੀਏ।
ਜਿਸ ਨੇ ਸਿਰ ਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਚੁੱਕਿਆ ਹੋਵੇ, ਉਹ ਨੰਗੇ ਪੈਰੀਂ ਚੱਲੇ, ਪਰ ਜੇਕਰ ਕਿਸੇ ਮੌਕੇ ਜੋੜ੍ਹੇ ਪਾਣ ਦੀ ਅਤਿ ਲ਼ੋੜ੍ਹ ਪੈ ਜਾਵੇ, ਤਾਂ ਭਰਮ ਨਹੀਂ ਕਰਨਾਂ।
ਇਥੇ ਇੱਕ ਗੱਲ ਦੀ ਇਹ ਸਮਝ ਨਹੀ ਆਉਂਦੀ ਕਿ ਰਹਿਤ ਮਰਆਦਾ ਲ਼ਿਖਣ ਵੇਲੇ ਜਦੋਂ ਪਹਿਲਾਂ ਇਹ ਸ਼ਬਦ ਲਿਖ ਦਿੱਤੇ ਗਏ ਕਿ ਜਿਸ ਨੇ ਮਹਾਰਾਜ਼ ਦਾ ਸਰੂਪ ਲਿਆ ਹੋਵੇ ਉਹ ਨੰਗੇ ਪੈਂਰੀ ਚੱਲੇ, ਤਾਂ ਫਿਰ ਦੂਸਰੀ ਲਾਈਨ ਵਿੱਚ ਜਾਕੇ ਕਿਉਂ ਆਪਣੇਂ ਵੀਚਾਰ ਬਦਲਦਿਆਂ ਇਹ ਗੱਲ ਲਿਖ ਦਿਤੀ ਕਿ ਜੇਕਰ ਕਿਸੇ ਸਮੇਂ ਜੋੜ੍ਹਾ ਪਾਉਣਾਂ ਪਵੇ ਤਾਂ ਭਰਮ ਨਹੀ ਕਰਨਾਂ। ਇਸਦਾ ਮਤਲਬ ਇਹ ਹੈ ਕਿ ਜਦੋਂ ਰਹਿਤ ਮਰਆਦਾ ਬਣੀਂ ਹੋਵੇਗੀ ਉਥੇ ਮੌਜੂਦ ਵਿਦਵਾਨਾਂ ਦੇ ਦੋ ਧੜ੍ਹੇ ਹੋਣਗੇ ਇੱਕ ਤਤ ਗੁਰਮਤਿ ਦੀ ਗੱਲ ਕਰਨ ਵਾਲੇ ਤੇ ਇੱਕ ਸੰਤ-ਸਾਧ ਬ੍ਰਾਹਮਣਵਾਦੀ ਸੋਚ ਦੇ ਉਪਾਸ਼ਕ। ਜਿਸ ਕਾਰਨ ਇਹ ਜੋੜਿਆਂ ਦਾ ਮਸਲਾ ਵੀ ਹੱਲ ਨਾਂ ਹੋ ਸਕਿਆ, ਤੇ ਐਵੇ ਹੀ ਦੋਵੇਂ ਧਿਰਾਂ ਨੂੰ ਖੁਸ਼ ਰੱਖਣ ਦੇ ਲਈ ਇਹ ਦੁਬਿਧਾ ਪੂਰਨ ਅਧੂਰੀ ਤੇ ਗੁਰੂ ਦੀ ਸੋਚ ਤੋਂ ਉਲਟ ਗੱਲ ਲਿਖ ਕੇ ਸਦਾ ਦੇ ਲਈ ਹੀ ਪੰਥ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ। ਜਦਕਿ ਜੋੜ੍ਹੇ ਪਾਕੇ ਵੀ ਜੇਕਰ ਮਹਾਰਜ਼ ਜੀ ਦਾ ਸਰੂਪ ਲਿਜਾਇਆ ਜਾਵੇ ਤਾਂ ਉਸ ਦੇ ਨਾਲ ਕੋਈ ਵੀ ਫਰਕ ਨਹੀ ਪੈਂਦਾ। ਪਰ ਐਵੇਂ ਹੀ ਅਸੀ ਇਸ ਗੱਲ ਨੂੰ ਰਾਈ ਦਾ ਪਹਾੜ੍ਹ ਬਣਾਂ ਕੇ ਬੈਠ ਜਾਂਦੇ ਆਂ।
ਗੁਰੂ ਮਹਾਰਾਜ ਜੀ ਦਾ ਅਸਲ ਸਤਿਕਾਰ ਹੈ ਉਹਨਾਂ ਦੇ ਹਰ ਹੁਕਮ ਨੂੰ ਸਿਰ ਮੱਥੇ ਸਵੀਕਾਰ ਕਰਨਾਂ ਜੋ ਕਿ ਅਸੀ ਕਦੇ ਵੀ ਨਹੀ ਕਰ ਪਾਏ।
ਇੱਕ ਹੋਰ ਮਸਲਾ ਇਥੇ ਪਾਠਕਾਂ ਦੇ ਲਈ ਵੀਚਾਰਨ ਜੋਗ ਹੈ, ਉਹ ਇਹ ਹੈ ਕਿ ਗੁਰੂ ਜੀ ਦਾ ਸਰੂਪ ਲੈਜਾਣ ਸਮੇਂ ਅੱਗੇ ਅੱਗੇ ਪਾਣੀਂ ਦਾ ਤਰੌਂਕਾ ਦੇਣਾਂ ਕੀ ਗੁਰਮਤਿ ਅਨੁਸਾਰ ਠੀਕ ਹੈ ਜਾਂ ਗਲਤ? ਜੇਕਰ ਇਸ ਗੱਲ ਨੂੰ ਸਮਝਣਾਂ ਹੋਵੇ ਤਾਂ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ ਕਿ ਪੁਰਾਨੇ ਸਮੇਂ ਅੰਦਰ ਜਦੋਂ ਕਿ ਸਾਰੇ ਰਸਤੇ ਕੱਚੇ ਹੀ ਹੋਇਆ ਕਰਦੇ ਸਨ, ਤਾਂ ਜਦੋਂ ਗੁਰੂ ਮਹਾਰਾਜ ਦੀ ਸਵਾਰੀ ਲੈਕੇ ਲੋਕ ਆਇਆ ਕਰਦੇ ਸਨ ਤਾਂ ਉਸ ਸਾਰੇ ਰਸਤੇ ਵਿੱਚ ਹੀ ਚੰਗੀ ਤਰ੍ਹਾਂ ਪਾਣੀ ਛਿੜ੍ਹਕ ਦਿੱਤਾ ਜਾਂਦਾ ਸੀ ਤਾਂਕਿ ਪੈਰਾਂ ਦੇ ਨਾਲ ਧੂੜ੍ਹ ਮਿੱਟੀ ਨਾਂ ਉਡੇ ਤੇ ਗੁਰੂ ਮਹਾਰਾਜ ਜੀ ਦਾ ਸਤਿਕਾਰ ਵੀ ਕਾਇਮ ਰਹਿ ਸਕੇ। ਪਰ ਜਿਵੇਂ ਅੱਜ ਵੇਖਣ ਵਿੱਚ ਆ ਰਿਹਾ ਹੈ ਕਿ ਮਹਾਰਾਜ ਦੇ ਮੂਹਰੇ ਇੱਕ ਸਿੰਘ ਨੇਂ ਛੋਟਾ ਜਿਹਾ ਕੋਈ ਬਰਤਨ ਫੜ੍ਹਿਆ ਹੁੰਦਾ ਹੈ ਤੇ ਉਹ ਅੱਗੇ ਅੱਗੇ ਐਵੇਂ ਹੀ ਨਾਂ ਮਾਤਰ ਜਿਹਾ ਛੱਟਾ ਦਈ ਜਾਂਦਾ ਹੈ। ਜਿਸ ਦੇ ਨਾਲ ਕਈ ਵਾਰੀ ਤਾਂ ਹੇਠਾਂ ਤੋਂ ਧੂੜ੍ਹ ਉੱਡ-ਉੱਡ ਕੇ ਵੀ ਉਤੇ ਪੈਣ ਲੱਗ ਜਾਂਦੀ ਹੈ। ਕੀ ਜੇਕਰ ਅਸੀ ਐਨਾਂ ਹੀ ਸਤਿਕਾਰ ਕਰਦੇ ਹਾਂ ਤਾਂ ਸਾਨੂੰ ਚਾਹੀਦਾ ਤਾਂ ਇਹ ਹੈ ਕਿ ਜਿਸ ਰਸਤੇ ਮਹਾਰਾਜ ਜੀ ਦਾ ਸਰੂਪ ਆਉਣਾਂ ਹੋਵੇ ਉਸ ਸਾਰੇ ਰਸਤੇ ਨੂੰ ਹੀ ਐਂਨ ਸ਼ੀਸ਼ੇ ਦੀ ਤਰ੍ਹਾਂ ਚਮਕਾ ਦਿੱਤਾ ਜਾਵੇ ਪਰ ਅਸੀ ਐਸਾ ਕਦੇ ਵੀ ਨਹੀ ਕਰਦੇ ਕਿਉਂਕਿ ਅਸਲੀਅਤ ਤਾਂ ਇਹ ਹੈ ਕਿ ਅਸੀ ਐਵੇਂ ਖਾਨਾਂ ਪੂਰਤੀ ਹੀ ਕਰਦੇ ਆਂ ਸਾਡਾ ਕੋਵੀ ਵੀ ਪਿਆਰ ਗੁਰੂ ਘਰ ਨਾਲ ਨਹੀ ਰਿਹਾ।
ਮੈਂ ਤਾਂ ਬਹੁਤ ਵਾਰ ਇਹ ਗੱਲ ਨੋਟ ਕੀਤੀ ਹੈ ਕਿ ਜਿਸ ਗਲੀ ਵਿੱਚੋਂ ਦੀ ਗੁਰੂ ਦੀ ਅਸਵਾਰੀ ਆ ਰਹੀ ਹੁੰਦੀ ਹੈ ਉਸ ਗਲੀ ਵਿੱਚ ਹੀ ਐਨਾਂ ਗੰਦ ਪਿਆ ਹੁੰਦਾ ਹੈ ਕਿ ਸਾਨੂੰ ਆਪਣੇਂ ਪੈਰ ਬਚਾ ਬਚਾ ਕੇ ਲੰਗਣਾਂ ਪੈਂਦਾ ਹੈ, ਜਦ ਪਹਿਲਾਂ ਹੀ ਐਨਾਂ ਗੰਦ ਪਿਆ ਹੈ ਤਾਂ ਸਾਡਾ ਆਹ ਤੁਪਕਾ-ਤੁਪਕਾ ਪਾਣੀ ਸੁਟਣ ਨਾਲ ਕੀ ਫਰਕ ਪੈ ਜਾਉਗਾ। ਪੁਰਾਨੇਂ ਸਮੇਂ ਵਿੱਚ ਤਾਂ ਇਹ ਇੱਕ ਜਰੂਰਤ ਸੀ ਪਰ ਅੱਜ ਦੀ ਇਹ ਐਂਵੇਂ ਹੀ ਬੇਲੋੜ੍ਹੀ ਤੇ ਵਾਧੂ ਜਿਹੀ ਰੀਤ ਬਣ ਗਈ ਹੈ। ਜੇਕਰ ਇਸਨੂੰ ਅੱਜ ਦੇ ਸਿੱਖਾਂ ਦੀ ਸੋਚ ਤੋ ਲਈਏ ਤਾਂ ਅਜੋਕਾ ਸਿੱਖ ਤਬਕਾ ਇਸਨੂੰ ਕੇਵਲ ਸੁੱਚਮਤਾ ਦੇ ਤੌਰ ਤੇ ਹੀ ਲੈਂਦਾ ਹੈ, ਕਿਉਂਕਿ ਬ੍ਰਾਹਮਣ ਜੀ ਮੁਤਾਬਿਕ ਪਾਣੀ ਵੀ ਇੱਕ ਦੇਵਤਾ ਹੈ ਜਿਸਤੋਂ ਬਗੈਰ ਕੋਈ ਵੀ ਜਗਾ ਪਵਿੱਤਰ ਨਹੀ ਹੋ ਸਕਦੀ। ਜਿਵੇਂ ਕਈ ਵਾਰ ਸਾਡੇ ਸਿੱਖ ਵੀਰ ਵੀ ਇਹ ਕਹਿੰਦੇ ਸੁਣੇ ਜਾਂਦੇ ਹਨ, ਕਿ ਪੈਰ ਸੁੱਚੇ ਕਰ ਲਉ, ਹੱਥ ਸੁੱਚੇ ਕਰ ਲਉ, ਉਨ੍ਹਾਂ ਵੀਰਾਂ ਦੇ ਹੱਥ ਜਾਂ ਪੈਰ ਸੁਚੇ ਕਰਨ ਦਾ ਅਰਥ ਕੇਵਲ ਹੱਥਾਂ ਜਾਂ ਪੈਰਾਂ ਉਤੇ ਐਵੇਂ ਹੀ ਥੋੜ੍ਹਾ ਜਿਹਾ ਪਾਣੀ ਪਾਉਣਾਂ ਹੀ ਹੁੰਦਾ ਹੈ। ਭਾਵੇਂ ਹੱਥਾਂ ਨੂੰ ਕਿਨੀ ਹੀ ਮੈਲ ਕਿਉਂ ਨਾਂ ਲੱਗੀ ਹੋਵੇ ਬੱਸ ਜਦੋਂ ਥੋੜ੍ਹਾ ਜਿਹਾ ਪਾਣੀ ਹੱਥਾਂ ਤੇ ਪੈ ਜਾਂਦਾ ਹੈ ਤਾਂ ਉਹ ਇਹ ਸਮਝਣ ਲੱਗ ਜਾਂਦੇ ਹਨ ਕਿ ਹੁਣ ਬੱਸ ਸਾਡੇ ਹੱਥ ਜਾਂ ਪੈਰ ਸੁਚੇ ਹੋ ਗਏ ਹਨ। ਸ਼ਰੀਰ ਦੀ ਸਫਾਈ ਨੂੰ ਤਾਂ ਜਰੂਰ ਗੁਰਮਤਿ ਪਹਿਲ ਦਿੰਦੀ ਹੈ ਪਰ ਆਹ ਪੰਡਤਾਂ ਵਾਲੀ ਵਾਧੂ ਦੀ ਸੁੱਚਮਤਾ ਦਾ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਕੋਈ ਵੀ ਸਥਾਂਨ ਨਹੀਂ ਹੈ। ਸਗੋਂ ਮਹਾਰਾਜ ਜੀ ਨੇ ਤਾਂ ਗੁਰਬਾਣੀ ਅੰਦਰ ਬਹੁਤ ਜਗਾ ਤੇ ਇਸ ਸੁੱਚ-ਭਿੱਟ ਦਾ ਵਿਰੋਧ ਵੀ ਕੀਤਾ ਹੈ। ਜਿਵੇਂ ਜਪੁਜੀ ਸਾਹਿਬ ਅੰਦਰ. .
ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ॥ ਜਾਂ ਆਸਾ ਕੀ ਵਾਰ ਦੇ ਅੰਦਰ. .
ਸੁਚ ਹੋਵੈ ਤ ਸੱਚ ਪਾਈਐ॥ ਲਿਖਕੇ ਸਦੀਵੀ ਕਾਲ ਹੀ ਸਾਨੂੰ ਇਹਨਾਂ ਪੰਡਿਤਾਂ ਦਿਆਂ ਚੱਕਰਾਂ ਤੋਂ ਆਜ਼ਾਦ ਕਰਵਾ ਦਿੱਤਾ ਸੀ ਪਰ ਅਸੀ ਫਿਰ ਉਨ੍ਹਾਂ ਹੀ ਕਰਮਕਾਂਡਾਂ ਦੇ ਪੁਜਾਰੀ ਬਣ ਗਏ ਆਂ। ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪਾਣੀ ਦਾ ਤਰੌਂਕਾ ਦੇਣਾਂ ਜਾਂ ਆਹ ਹੱਥਾਂ ਦਾ ਸੁੱਚੇ ਕਰਨਾਂ ਇਹ ਸਾਰੇ ਦਾ ਸਾਰਾ ਹੀ ਪਾਖੰਡ ਹੈ ਜਿਸਦਾ ਕਿ ਗੁਰਮਤਿ ਦੇ ਨਾਲ ਕੋਈ ਵੀ ਵਾਸਤਾ ਨਹੀਂ ਹੈ, ਸਾਨੂੰ ਐਸੇ ਵਾਧੂ ਦੇ ਕੰਮਾਂ ਦਾ ਤਿਆਗ ਕਰਕੇ ਨਿਰੋਲ ਗੁਰੂ ਦੀ ਮੱਤ ਹੀ ਗ੍ਰਹਿਣ ਕਰਨੀਂ ਚਾਹੀਦੀ ਹੈ। ਇਹ ਸਾਰੀ ਸਾਡੀ ਕੌਮ ਉਤੇ ਸਾਧ ਕਿਰਪਾ ਹੀ ਹੋਈ ਹੈ ਕਿ ਅਸੀ ਸੱਚ ਦੀ ਆਵਾਜ ਤੋਂ ਕੋਹਾਂ ਹੀ ਦੂਰ ਹੋ ਗਏ ਆਂ। ਇਹ ਭਾਂਵੇ ਕਿ ਬਹੁਤ ਹੀ ਨਿੱਕੀਆਂ ਨਿੱਕੀਆਂ ਗੱਲਾਂ ਨੇਂ ਪਰ ਆਉਣ ਵਾਲੇ ਸਮੇਂ ਚ ਇਹ ਸਾਡੀ ਕੌਮ ਦਾ ਬਹੁਤ ਵੱਡਾ ਨੁਕਸਾਨ ਕਰ ਸਕਦੀਆਂ ਹਨ। ਇਹਦੇ ਵਿੱਚ ਕੋਈ ਵੀ ਸ਼ੱਕ ਨਹੀ ਹੈ ਕਿ ਅੱਜ ਸਾਡੀ ਜਿੰਦਗੀ ਦਾ ਤਕਰੀਬਨ ਹਰ ਹਿੱਸਾ ਬ੍ਰਾਹਮਣਵਾਦੀ ਸੋਚ ਦਾ ਗੁਲਾਮ ਹੋ ਗਿਆ ਹੈ, ਜਾਣੇ ਅਣਜਾਣੇ ਵਿੱਚ ਹੀ ਅਸੀ ਦੂਸਰਿਆਂ ਦੀ ਸੋਚ ਮੁਤਾਬਿਕ ਚੱਲਕੇ ਆਪਣੇ ਗੁਰੂ ਦੀ ਸੋਚ ਨੂੰ ਪਿੱਠ ਦੇਈ ਜਾ ਰਹੇ ਹਾਂ। ਹੁਣ ਇੱਕ ਐਸਾ ਮਸਲਾ ਮੈ ਆਪ ਜੀ ਦੇ ਸਨਮੁਖ ਰੱਖਣ ਲੱਗਾਂ ਹਾਂ ਜੋ ਕਿ ਸਾਡੇ ਕਦੀ ਖਿਆਲ ਵਿੱਚ ਹੀ ਨਹੀ ਆਇਆ ਹੈ। ਜਦੋ ਅਸੀ ਆਪਣੇ ਵਾਸਤੇ ਨਵਾਂ ਘਰ ਬਣਾਉਂਦੇ ਆਂ ਤਾਂ ਸਭ ਤੋਂ ਪਹਿਲਾਂ ਉਸਦਾ ਨੀਂਹ-ਪੱਥਰ ਰੱਖਣ ਸਮੇਂ ਅਸੀ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਅਰਦਾਸ ਵਾਸਤੇ ਬੁਲਾਉਂਦੇ ਆਂ। ਅਰਦਾਸ ਕਰਨ ਤੋਂ ਪਹਿਲਾਂ ਇਹ ਜਰੂਰ ਨੋਟ ਕੀਤਾ ਜਾਂਦਾ ਹੈ ਕਿ ਕਿਤੇ ਸਾਡੇ ਕੰਮ ਵਿੱਚ ਪਾਉਣ ਨਾਂ ਪੈ ਜਾਵੇ, ਇਸੇ ਕਰਕੇ ਅਸੀ ਜਦੋਂ ਵੀ ਨੀਹ ਪੱਥਰ ਰੱਖਦੇ ਹਾਂ ਤਾਂ ਪੌਣੇ ਦਸ, ਪੌਣੇ ਗਿਅਰਾਂ, ਜਾਂ ਪੌਣੇ ਬਾਰਾਂ ਨਹੀ ਰੱਖਦੇ ਅਸੀ ਗ੍ਰੰਥੀ ਜੀ ਨੂੰ ਵੀ ਕਹਿ ਦੇਂਦੇ ਆਂ ਕਿ ਅਜੇ ਠਹਿਰ ਜਾਉ ਪਾਉਣ ਲੰਗ ਜਾਵੇ। ਇੱਕ ਵਾਰੀ ਤਾਂ ਐਸਾ ਹੋਇਆ ਕਿ ਕਿਸੇ ਸਿੰਘ ਦੇ ਘਰ ਆਖੰਡ ਪਾਠ ਸੀ ਤੇ ਜਦੋ ਅਰਦਾਸ ਕਰਕੇ ਪਾਠ ਆਰੰਭ ਕੀਤਾ ਜਾਣ ਲੱਗਾ ਤਾਂ ਸੰਗਤ ਵਿੱਚੋ ਹੀ ਉਹਨਾਂ ਦੇ ਪ੍ਰਵਾਰ ਦਾ ਇੱਕ ਮੈਂਬਰ ਖੜ੍ਹਾ ਹੋਕੇ ਕਹਿਣ ਲੱਗਾ ਕਿ ਬਾਬਾ ਜੀ ਅਜੇ ਪਾਠ ਨਾਂ ਆਰੰਭ ਕਰਿਉ, ਮੈਂ ਵੀ ਉਸ ਸਮੇਂ ਉਥੇ ਹੀ ਮੌਜੂਦ ਸੀ ਮੈ ਉਹਨੂੰ ਪੁਛਿਆ ਕਿ ਕੀ ਕਾਰਨ ਹੈ ਤਾਂ ਉਹਦਾ ਜੁਵਾਬ ਸੀ ਕਿ ਅਜੇ ਪੌਣੇ ਗਿਆਰਾਂ ਦਾ ਟਾਈਮ ਹੈ ਇਸ ਲਈ ਦੋ ਮਿੰਟ ਠਹਿਰ ਕੇ ਆਰੰਭ ਕਰਿਉ ਤਾਂ ਕਿ ਪਾਉਣ ਲੰਗ ਜਾਵੇ ਮੇਰੇ ਇਹ ਪੁਛਣ ਤੇ ਕਿ ਇਸ ਨਾਲ ਕੀ ਹੋਵੇਗਾ ਤਾਂ ਉਹ ਅੱਗੋਂ ਕਹਿਣ ਲੱਗਾ ਕਿ ਕਿ ਜੇਕਰ ਕਿਸੇ ਕੰਮ ਚ ਪਾਉਣ ਪੈ ਜਾਵੇ ਤਾਂ ਇਹ ਅਪਸ਼ਗਨ ਹੁੰਦਾ ਹੈ। ਇਹ ਵੀ ਸਾਨੂੰ ਬ੍ਰਾਹਮਣ ਜੀ ਦੀ ਹੀ ਬਖਸ਼ਿਸ ਹੈ ਕਿ ਅਸੀ ਗੁਰੂ ਨੂੰ ਘੱਟ ਤੇ ਬ੍ਰਾਹਮਣ ਦੀ ਸਿੱਖਿਆ ਨੂੰ ਜਿਆਦਾ ਅਹਿਮੀਅਤ ਦਿੰਦੇ ਆਂ। ਮੈ ਐਸੇ ਵਹਿਮੀਂ ਲੋਕਾਂ ਤੋਂ ਇੱਕ ਗੱਲ ਪੁਛਣਾਂ ਚਾਹੁੰਦਾ ਹਾਂ ਕਿ ਮਾਨੋਂ ਜੇਕਰ ਤੁਹਾਡੇ ਘਰ ਕੋਈ ਬੱਚਾ ਹੀ ਪਾਉਣੇ ਬਾਰਾਂ ਪਾਉਣੇਂ ਗਿਆਰਾਂ ਜਾਂ ਕਿਸੇ ਵੀ ਐਸੇ ਸਮੇਂ ਪੈਦਾ ਹੋ ਜਾਵੁੇ ਜਦੋ ਸਮੇ ਵਿੱਚ ਪਾਉਣ ਹੋਵੇ ਤਾਂ ਕੀ ਉਸ ਬੱਚੇ ਨੂੰ ਬੇਸ਼ਗਨਾਂ ਸਮਝ ਕੇ ਤੁਸੀ ਬਾਹਰ ਸੁੱਟ ਦਿਉਗੇ? ਐਸਾ ਅਸੀ ਕਦੀ ਵੀ ਨਹੀ ਕਰਾਗੇ।
ਮੇਰਾ ਇਹ ਲੇਖ ਲਿਖਣ ਦਾ ਕੇਵਲ ਇਤਨਾਂ ਹੀ ਮਨੋਰਥ ਹੈ ਕਿ ਐਸੇ ਜੋ ਹਾਜਾਰਾਂ ਹੀ ਵਹਿਮ ਸਾਡੇ ਜੀਵਨ ਵਿੱਚ ਆ ਗਏ ਹਨ ਉਹਨਾਂ ਤੋਂ ਕਿਨਾਰਾ ਕਰੀਏ ਤਾਂ ਹੀ ਅਸੀ ਸਹੀ ਮਾਈਨੇ ਵਿੱਚ ਗੁਰੂ ਮਹਾਰਾਜ ਦੀ ਖੁਸ਼ੀ ਦੇ ਪਾਤਰ ਬਣ ਸਕਾਂਗੇ।
ਭਾਈ ਲਖਵਿੰਦਰ ਸਿੰਘ ਗੰਭੀਰ (ਕਥਾਵਾਚਕ)
ਮੋ: 098721-18848




.