.

ਬਿਨੁ ਗੁਰ ਪੰਥੁ ਨ ਸੂਝਈ

ਮਨੁੱਖ ਦੀ ਸਦੀਵੀ ਸੁੱਖ ਦੀ ਭਾਲ ਹੀ ਧਰਮ ਦੀ ਉਪਜ ਹੈ ਪਰ (ਅਗਿਆਨਤਾ ਕਾਰਨ) ਇਸ ਦੀ ਦੁਰ-ਵਰਤੋਂ ਹੀ, ਮਨੁੱਖ ਦੇ ਬੰਧਨਾਂ ਤੇ ਦੁੱਖਾਂ ਦਾ ਕਾਰਨ ਬਣ ਗਈ ਹੈ। ਜਿਸ ਧਰਮ ਨੇ ਮਨੁੱਖਤਾ ਜੀਵਨ ਨੂੰ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੇ ਬੰਧਨਾਂ ਤੋਂ ਮੁਕਤ ਕਰਕੇ ਸ਼ਾਂਤ, ਸੁਖਦਾਇਕ ਤੇ ਅਨੰਦਤ ਬਣਾ ਕੇ ਇੱਕ ਭਾਈ-ਚਾਰੇ ਦੀ ਮਾਲਾ ਵਿੱਚ ਪਰੋਣਾ ਸੀ ਉਸ ਦੇ ਨਾਂ ਤੇ ਹੀ ਅੱਜ ਧੋਖਾ, ਵੈਰ, ਵਿਰੋਧਤਾ ਧੜੇਬਾਜੀ ਤੇ ਗਰੀਬ ਲੁਟ-ਮਾਰ ਹੋ ਰਹੀ ਹੈ। ਹਰ ਧਰਮ ਧੜਾ ਆਪੋ ਆਪਣੀ ਮਰਦਮਸ਼ੁਮਾਰੀ ਵਧਾਉਣ ਤੇ ਰੀਤਾਂ ਰਸਮਾਂ ਨਿਭਾਉਣ ਵਿੱਚ ਹੀ ਮਸਰੂਫ ਹੈ। ਸ਼ਿਆਸਤ ਨੇ ਮਨੁੱਖ ਦਾ ਧਿਆਨ ਧਰਮ (ਮਨ ਦੀ ਸਾਧਨਾ) ਵਲੋਂ ਹਟਾ ਕੇ ਕਰਮ ਕਾਂਡਾਂ ਵਿੱਚ ਉਲਝਾ ਦਿੱਤਾ ਹੈ। ਸਿੱਖ ਜਗਤ ਵਿੱਚ ਸ਼ਿਆਸਤਦਾਨਾਂ ਨੇ ਗੁਰੂ ਦੇ ਨਾਂ ਤੇ ਮੀਰੀ (ਸ਼ਿਆਸਤ) ਤੇ ਪੀਰੀ (ਧਰਮ) ਨੂੰ ਇਕੱਠਿਆਂ ਹੀ ਨਹੀ ਕੀਤਾ ਬਲਿਕੇ ਮੀਰੀ ਨੂੰ ਪੀਰੀ ਦੇ ਸਿਰ ਤੇ ਬਿਠਾ ਦਿੱਤਾ (ਭਾਵ ਹਾਵੀ ਕਰ ਦਿੱਤਾ) ਜਿਸ ਦਾ ਨਤੀਜਾ ਅੱਜ ਸਾਹਮਣੇ ਹੈ ਕਿ ਸ਼ਿਆਸਤ ਧਰਮ ਤੇ ਹਾਵੀ ਹੋ ਕੇ ਸ਼ਰੇਆਮ ਧਰਮ ਦੀਆਂ ਧੱਜੀਆਂ ਉਡਾ ਰਹੀ ਹੈ ਤੇ ਹੁਣ ਇਹਨਾਂ ਨੂੰ ਅਲੱਗ ਕਰਨਾ ਵੀ ਮੁਸ਼ਕਿਲ ਹੀ ਨਹੀ ਬਲਿਕੇ ਅਸੰਭਵ ਹੀ ਜਾਪਦਾ ਹੈ। ਇਹ ਕੋਈ ਨਵੀਂ ਗਲ ਨਹੀ ਬਲਿਕੇ ਸਦੀਆਂ ਤੋਂ ਧਰਮ ਨਾਲ ਇਹੀ ਹੁੰਦਾ ਆਇਆ ਹੈ ਕਿਉਂਕਿ ਮਨੁੱਖ ਲੋਭੀ ਤੇ ਖੁਦਗਰਜ਼ ਬਣ ਕੇ ਧਰਮ ਦੀ ਪਹਿਚਾਨ ਨੂੰ ਭੁਲਾ ਬੈਠਾ ਹੈ। ਆਪਣੇ ਸੁਆਰਥਾਂ ਲਈ ਅਖੌਤੀ ਧਰਮ ਦੇ ਆਗੁਆਂ ਨੇ ਧਰਮ ਨੂੰ ਪੁੱਠਾ ਗੇੜਾ ਦੇਕੇ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੁਆਰਾ ਇੱਕ ਹਊਆ ਹੀ ਬਣਾ ਕੇ ਰੱਖ ਦਿੱਤਾ ਜਿਸਦਾ ਸਿੱਟਾ ਇਹ ਕਿ ਅੱਜ ਧਰਮ ਦਾ ਹਰ ਕਰਮ ਗੁਰਮਤਿ ਤੋਂ ਉਲਟ ਹੀ ਹੋ ਰਿਹਾ ਹੈ। ਧਰਮ ਮਨ ਦੀ ਨਿੱਜੀ ਸਾਧਨਾ ਹੈ ਜੋ ਮਨੁੱਖ ਨੂੰ ਜੀਵਨ ਦਾ ਸਹੀ ਢੰਗ ਸਖਾਉਂਦੀ ਹੈ, ਜਿਸ ਦੁਆਰਾ ਸ਼ਾਂਤੀ, ਸੁੱਖ ਤੇ ਅਨੰਦ ਦੀ ਪ੍ਰਾਪਤੀ ਤੇ ਪਰਮਾਤਮਾ ਨਾਲ ਮੇਲ ਸੰਭਵ ਹੈ। ਜਿਵੇਂ ਹਰ ਉੱਤਮ ਕਰਮ ਦੀ ਸਫਲਤਾ ਲਈ ਭਾਰੀ ਮਿਹਨਤਾਂ ਦੀ ਜ਼ਰੂਰਤ ਹੈ ਤਿਵੇਂ ਮਨ ਦੀ ਸਾਧਨਾ ਲਈ ਵੀ ਮੁਸ਼ਕਤਾਂ ਘਾਲਣੀਆਂ ਪੈਂਦੀਆਂ ਹਨ ਪਰ ਮਨੁੱਖ ਦੀ ਫਿਤਰਤ ਹੈ ਕਿ ਇਹ ਹਰ ਕੰਮ ਲਈ ਸਦਾ ਸੌਖਾ ਰਾਹ ਹੀ ਭਾਲਦਾ ਹੈ ਜੋ ਸਦਾ ਲਾਹੇਵੰਦ ਸਾਬਤ ਨਹੀ ਹੁੰਦਾ। ਮਨ ਦੀ ਸਾਧਨਾ ਦਾ ਕੰਮ ਮੁਸ਼ਕਿਲ ਇਸ ਲਈ ਲਗਦਾ ਹੈ ਕਿਉਂਕਿ ਜੋ ਮਨ ਜਨਮ ਤੋਂ ਹੀ ਕਰਮ ਇੰਦ੍ਰੀਆਂ ਰਾਹੀਂ ਬਾਹਰ (ਉਲਟੀ ਦਸ਼ਾ ਵਲ) ਭੱਜਣ ਦਾ ਆਦੀ ਹੋ ਚੁਕਾ ਹੈ, ਚੰਚਲ ਬਣ ਚੁੱਕਾ ਹੈ, ਉਸ ਨੂੰ ਰੋਕਣ ਲਈ ਸਮਾਂ ਤਾਂ ਲੱਗੇਗਾ ਹੀ। ਇਸ ਮਨ ਦੀ ਉਲਟੀ ਦਸ਼ਾ ਦਾ ਜ਼ਿਕਰ ਗੁਰਬਾਣੀ ਕਰਦੀ ਹੈ:

ਮਾਧੋ ਹਮ ਐਸੇ ਤੂ ਐਸਾ ॥ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥ ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥ (613)। ਭਾਵ: ਹੇ ਪ੍ਰਭੂ ਅਸੀਂ ਜੀਵ ਇਹੋ ਜਿਹੇ (ਵਿਕਾਰੀ) ਹਾਂ ਤੇ ਤੂੰ ਇਹੋ ਜਿਹਾ (ਉਪਕਾਰੀ) ਹੈਂ। ਅਸੀਂ ਪਾਪ ਕਮਾਉਣ ਵਾਲੇ ਹਾਂ ਤੇ ਤੂੰ ਸਾਡੇ ਪਾਪਾਂ ਦਾ ਨਾਸ ਕਰਨ ਵਾਲਾ ਹੈਂ। ਅਸੀਂ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਦੀ ਮੈਲ ਨਾਲ ਭਰੇ ਰਹਿੰਦੇ ਹਾਂ, ਤੂੰ ਸਾਨੂੰ ਪਵਿੱਤ੍ਰ ਕਰਨ ਵਾਲਾ ਹੈਂ। ਅਸੀਂ ਗੁਣ (ਸਤ, ਸੰਤੋਖ, ਦਇਆ, ਨਿਮਰਤਾ, ਪਿਆਰ. . ਆਦਿਕ) ਹੀਣ ਹਾਂ, ਤੂੰ ਗੁਣਾਂ ਦਾ ਭੰਡਾਰੀ ਹੈਂ। ਅਸੀਂ ਜੀਵ ਮੂਰਖ ਹਾਂ, ਤੂੰ ਦਾਨਾ ਤੇ ਸਿਆਣਾ ਹੈਂ, ਤੂੰ (ਸਾਨੂੰ ਚੰਗਾ ਬਣਾ ਸਕਣ ਵਾਲੇ) ਸਾਰੇ ਹੁਨਰਾਂ ਦਾ ਜਾਨਣ ਵਾਲਾ ਹੈਂ। ਸਪਸ਼ਟ ਹੈ ਕਿ ਮਨੁੱਖ ਅਗਿਆਨਤਾ ਕਾਰਨ ਗੁਰਮਤਿ ਨਾਲੋਂ ਸਦਾ ਉਲਟੇ ਰਾਹ ਹੀ ਪਿਆ ਰਹਿੰਦਾ ਹੈ ਕਿਉਂਕਿ ਮਨੁੱਖ ਦੇ ਮਨ ਨੂੰ ਜਨਮਾਂ ਜਨਮਾਂ ਦੀ ਮੈਲ (ਧੂੜ) ਲੱਗੀ ਹੋਈ ਹੈ।

ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥ ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ ॥ {ਪੰਨਾ 651} ਇਹ ਮੈਲ ਵਿਕਾਰਾਂ ਦੀ ਹੈ, ਕੋਈ ਬਾਹਰਲੀ ਦੁਨਿਆਵੀ ਮੈਲ (ਜਾਂ ਧੂੜ) ਨਹੀ ਜੋ ਪਾਣੀ ਨਾਲ ਧੋਤੀ ਜਾ ਸਕੇ। ਹੁਣ ਜੇ ਮਨੁੱਖ ਦੇ ਹਰ ਕਰਮ ਦਾ ਜ਼ਿਮੇਦਾਰ ਮਨ ਹੈ ਤੇ ਉਹ ਮਨ (ਵਿਕਾਰਾਂ ਨਾਲ) ਮੈਲਾ ਹੈ ਤਾਂ ਉਸ ਮੈਲੇ ਮਨ ਨਾਲ ਜੋ ਵੀ ਧਰਮ ਕਰਮ ਹੋਵੇਗਾ ਉਹ ਮੈਲਾ ਹੀ ਹੋਵੇਗਾ:

ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ (558)I ਇਹੀ ਵਡ੍ਹਾ ਕਾਰਨ ਹੈ ਕਿ ਗੁਰੂ ਦੀ ਮਤ (ਗੁਣਾਂ ਨੂੰ) ਲਏ ਬਿਨਾ ਮਨ ਮੈਲਾ ਹੀ ਰਹਿੰਦਾ ਹੈ ਤੇ ਮੈਲੇ ਮਨ ਨਾਲ ਕੀਤਾ ਹਰ ਧਰਮ ਕਰਮ ਗੁਰਮਤਿ ਦੇ ਉਲਟ ਹੀ ਹੋਵੇਗਾ। ਮੈਲੇ (ਗੁਣ ਹੀਨ) ਮਨੁੱਖੀ ਮਨ ਨਾਲ ਉਲੀਕੀ ਜੀਵਨ ਜਾਚ ਕਦੇ ਵੀ ਗੁਰਮਤਿ ਦੀ ਜੀਵਨ ਜਾਚ ਨਾਲੋਂ ਉਤਮ ਨਹੀ ਹੋ ਸਕਦੀ। ਜਿਹੜਾ ਮਨ ਪਲਿਆ ਹੀ ਮੈਲ ਵਿੱਚ ਹੋਵੇ ਉਸ ਨੂੰ ਪਵਿੱਤ੍ਰਤਾ ਕਿਵੇਂ ਭਾਅ ਸਕਦੀ ਹੈ? ਚਿਰਾਂ ਤੋਂ ਮੈਲਾ ਰਹਿਣ ਨਾਲ ਹੁਣ (ਮਨ ਨੂੰ) ਮੈਲ ਪਵਿੱਤ੍ਰ, ਤੇ ਪਵਿੱਤ੍ਰਤਾ ਮੈਲ ਜਾਪਦੀ ਹੈ। ਹੁਣ ਗੁਰੂ ਦੇ ਗਿਆਨ (ਗੁਰਬਾਣੀ) ਤੋਂ ਬਿਨਾ ਅਗਿਆਨੀ ਹੀ ਗਿਆਨੀ ਬਣੇ ਬੈਠੇ ਹਨ, ਖਰੇ ਦੀ ਪਛਾਣ ਬਿਨਾ ਖੋਟਾ ਹੀ ਖਰਾ ਲਗਦਾ ਹੈ, ਅਕਲ ਦੇ ਅੰਨ੍ਹੇ ਹੀ ਅਕਲਾਂ ਦੇ ਰਹੇ ਹਨ, ਮੋਹ ਮਾਇਆ ਦੀ ਨੀਂਦ ਵਿੱਚ ਸੁੱਤੇ (ਖੱਚਤ ਹੋਏ) ਧਰਮ ਆਗੂ ਬਣੇ ਬੈਠੇ ਹਨ, ਆਤਮਕ ਮੌਤੇ ਮਰੇ ਹੋਏ ਜੀਵਨ ਜਾਚਾਂ ਸਿਖਾ ਰਹੇ ਹਨ, ਮਨਮੁਖ, ਗੁਰਮੁਖਿ ਬਣੇ ਬੈਠੇ ਹਨ ਤੇ ਗੁਰਮੁਖਾਂ ਨੂੰ ਨਕਾਰਿਆ ਜਾ ਰਿਹਾ ਹੈ, ਪਰਮਾਤਮਾ ਨੂੰ ਛੱਡ ਕੇ ਪਰਾਈ ਮਾਇਆ ਪੂਜੀ ਜਾ ਰਹੀ ਹੈ, ਗੁਰੂ ਦੇ ਸੱਚੇ (ਗਿਆਨ ਭਰਪੂਰ) ਬਚਨ (ਗੁਰਬਾਣੀ) ਕੌੜੇ ਤੇ ਅਖੌਤੀ ਸਾਧਾਂ, ਸੰਤਾਂ, ਪੀਰਾਂ ਤੇ ਬਾਬਿਆਂ ਦਾ ਕੱਚਾ ਰੋਲ ਘਚੋਲਾ ਮਿੱਠਾ ਲਗਦਾ ਹੈ। ਇਹਨਾਂ ਅਕਲ ਦੇ ਅੰਨ੍ਹਿਆਂ ਨੂੰ ਕਿਵੇਂ ਸਮਝਾਇਆ ਜਾਵੇ ਕਿ ਗੁਰੂ ਦੀ ਸ਼ਰਨ ਬਿਨਾ ਜੀਵਨ ਦੀ ਸਹੀ ਜਾਚ ਪ੍ਰਾਪਤ ਨਹੀ ਹੋ ਸਕਦੀ।

ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥ ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥੨॥ ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥੩॥ ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ ॥ ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ ॥੪॥ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ॥ ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ ॥੫॥ ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ ॥ ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ ॥੬॥ ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ ॥ ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ ॥੭॥ (229)।

ਗੁਰਬਾਣੀ ਤੋਂ ਬਿਨਾ ਜੀਵਨ ਦੀ ਸਹੀ ਜਾਚ ਦੀ ਕਸਵੱਟੀ ਕਿਤੋਂ ਹੋਰ ਤਲਾਸ਼ ਕਰਨੀ ਕੀਮਤੀ ਸਮੇ ਦੀ ਬਰਬਾਦੀ ਤੇ ਵਡ੍ਹੀ ਭੁੱਲ ਹੈ। ਜਿਉਂ ਜਿਉਂ ਗੁਰਬਾਣੀ ਦੀ ਸਮਝ ਲੱਗਣੀ ਸ਼ੁਰੂ ਹੁੰਦੀ ਹੈ ਤਿਉਂ ਤਿਉਂ ਇੱਕ ਪਛਤਾਵਾ ਜਿਹਾ ਹੋਣ ਲੱਗ ਜਾਂਦਾ ਹੈ ਕਿ ਕਾਸ਼ ਇਹੋ ਸਮਝ ਜੀਵਨ ਵਿੱਚ ਪਹਿਲਾਂ ਕਿਉਂ ਨਹੀ ਆਈ। ਅੱਜ ਗੁਰਬਾਣੀ ਦੀਆਂ ਖੋਜਾਂ ਇੰਟਰਨੈੱਟ ਤੇ ਉਪਲਬਧ ਹਨ ਤੇ ਅਖੌਤੀ ਸਾਧਾਂ, ਸੰਤਾਂ ਤੇ ਬਾਬਿਆਂ ਉਤੇ ਪੈਸੇ ਬਰਬਾਦ ਕਰਨ ਨਾਲੋਂ ਇੱਕ ਕੰਪਿਊਟਰ ਲੈ ਕੇ ਉਸ ਰਾਹੀਂ ਗੁਰਗਿਆਨ ਪ੍ਰਾਪਤ ਕਰਨਾ ਬਹੁਤ ਲਾਹੇਵੰਦ ਸਾਬਤ ਹੋ ਸਕਦਾ ਹੈ। ਗੁਰਮਤਿ ਤੋਂ ਉਲਟੀ ਹੋਈ ਇਸ ਮਨ ਦੀ ਮਤ ਨੂੰ ਸੁਧਾਰ ਕੇ ਸਿੱਧੀ ਕਰਨ ਦਾ ਇਹ ਇੱਕ ਸੌਖਾ ਰਾਹ ਹੈ। ਧਰਮ ਨਿੱਜੀ ਤੇ ਅੰਦਰੂਨੀ ਮਨ ਦੀ ਕਾਰਵਾਈ ਹੈ ਤੇ ਇਹ ਕਿੱਤਾ ਨਹੀ ਹੋ ਸਕਦਾ ਪਰ ਮਨੁੱਖ ਨੇ ਧਰਮ ਨੂੰ ਅੱਜ ਇੱਕ ਕਿੱਤਾ ਹੀ ਬਣਾ ਲਿਆ ਜਿੱਥੇ ਹਰ ਧਰਮ ਕਰਮ ਲਈ ਮਾਇਅ ਵਸੂਲੀ ਜਾਂਦੀ ਹੈ। ਧਰਮ ਦਾ ਹਰ ਕਰਮ ਮਾਇਆ ਦੀ ਲਪੇਟ ਵਿੱਚ ਹੈ ਤੇ ਬਹੁਤੇ ਧਰਮ ਅਸਥਾਨ ਅੱਜ ਵਾਪਾਰਕ ਅੱਡੇ ਹੀ ਬਣ ਕੇ ਰਹਿ ਗਏ ਹਨ। ਇਸ ਮਾਇਆ ਦੇ ਰੌਲੇ ਰੱਪੇ ਵਿੱਚ ਹੀ ਧਰਮ ਅਲੋਪ ਹੁੰਦਾ ਜਾ ਰਿਹਾ ਹੈ। ਕੈਸੀ ਉਲਟੀ ਧਾਰਮਕ ਰੀਤ ਹੈ ਕਿ ਜਿਸ ਪਾਠ, ਅਰਦਾਸ, ਕਥਾ ਤੇ ਕੀਰਤਨ ਨੂੰ ਆਪ ਕਰ, ਸੁਣ ਕੇ ਵਿਚਾਰਨਾ ਤੇ ਮਨ ਵਸਾਉਣਾ ਸੀ ਉਸਨੂੰ ਮਾਇਆ ਨਾਲ ਖਰੀਦ ਕੇ ਧਰਮੀ ਹੋਣ ਦਾ ਅਹੰਕਾਰ ਕੀਤਾ ਜਾ ਰਿਹਾ ਹੈ। ਇਸੇ ਲਈ ਤਾਂ ਗੁਰੂ ਸੂਚਤ ਕਰਦਾ ਹੈ:

ਉਲਟੀ ਰੇ ਮਨ ਉਲਟੀ ਰੇ ॥ ਸਾਕਤ ਸਿਉ ਕਰਿ ਉਲਟੀ ਰੇ ॥ ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ ॥੧॥ (535)। ਭਾਵ: ਹੇ ਮੇਰੇ ਮਨ, ਮਨਮੁੱਖਾਂ (ਜੋ ਗੁਰਮਤਿ ਤੋਂ ਉਲਟ ਚਲਦੇ ਹਨ) ਨਾਲੋਂ ਆਪਣੇ ਆਪ ਨੂੰ ਸਦਾ ਪਰੇ ਰੱਖ, ਪਰੇ ਰੱਖ। ਮਨਮੁੱਖ ਦੀ ਪ੍ਰੀਤ ਨੂੰ ਭੀ ਝੂਠੀ ਹੀ ਸਮਝ, ਇਹ ਤੋੜ ਨਹੀ ਨਿਭਦੀ ਤੇ ਵਿਚੇ ਹੀ ਟੁੱਟ ਜਾਂਦੀ ਹੈ। ਮਨਮੁੱਖ ਦੀ ਸੰਗਤ ਨਾਲ ਕਦੇ ਵਿਕਾਰਾਂ ਤੋਂ ਖਲਾਸੀ ਨਹੀ ਹੋ ਸਕਦੀ। ਜਿੱਥੇ ਵੀ ਗੁਰਮਤਿ ਤੋਂ ਉਲਟ ਰੀਤਾਂ, ਰਸਮਾਂ ਤੇ ਕਰਮ ਕਾਂਡ ਹੋ ਰਹੇ ਹਨ, ਇਹ ਮਨਮੁੱਖ ਦੇ ਹੀ ਕਰਮ ਹਨ ਤੇ ਗੁਰੂ ਮਨਮੁੱਖਾਂ ਕੋਲੋਂ ਪਰੇ ਰਹਿਣ ਲਈ ਕਹਿ ਰਿਹਾ ਹੈ ਕਿਉਂਕਿ ਇਹਨਾਂ (ਕਰਮ ਕਾਂਡਾਂ ਤੇ ਰਹੁ ਰੀਤਾਂ) ਨਾਲ ਵਿਕਾਰਾਂ ਤੋਂ ਖਲਾਸੀ ਨਹੀ ਹੋਣੀ। ਗੁਰੂ ਤਾਂ ਗੁਰਮਤਿ ਦੁਆਰਾ ਮਨਮਤ ਦੇ ਬੰਧਨਾਂ ਤੋਂ ਮੁਕਤ ਕਰਕੇ ਮਨੁੱਖ ਦਾ ਭਲਾ ਕਰਨਾ ਚਹੁੰਦਾ ਹੈ (ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ॥ 302) ਪਰ ਮਨੁੱਖ ਦੀ ਉਲਟੀ ਮਤ ਇਸ ਭਲਾਈ ਨੂੰ ਜਾਨਣ ਹੀ ਨਹੀ ਦਿੰਦੀ। ਗੁਰੂ ਫੇਰ ਵੀ ਕੋਈ ਗਿਲਾ ਨਹੀ ਕਰਦਾ ਤੇ ਸਦਾ ਦਇਆਵਾਨ ਹੈ ਕਿਉਂਕਿ ਉਹ ਜਾਣਦਾ ਹੈ ਕਿ ਆਪਣੇ ਹੀ ਪਾਏ ਬੰਧਨਾਂ ਤੋਂ ਦੁਖੀ ਹੋ ਕੇ ਇੱਕ ਦਿਨ ਜ਼ਰੂਰ ਪਲਟ ਆਵੇਗਾ। ਉਹ ਫਿਰ ਵੀ ਮਨੁੱਖ ਨੂੰ ਸੁੱਖ ਦੇਣ ਦਾ ਇੱਛਕ ਹੈ ਤੇ ਸਦਾ ਆਪਣੇ ਬੱਚਿਆਂ ਦੀ ਰਾਖੀ ਕਰਦਾ ਹੈ। ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥ ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥ ਬੜਾ ਪੁਰਾਣਾ ਇੱਕ ਸ਼ੇਖਚਿਲੀ ਦਾ ਚੁਟਲਾ ਹੈ ਕਿ ਜਿਸ ਪੇੜ ਦੀ ਡਾਲ੍ਹੀ ਤੇ ਬੈਠਾ ਸੀ ਉਸ ਨੂੰ ਹੀ ਮੁੱਢ ਵਲੋਂ ਵੱਡ੍ਹੀ ਜਾ ਰਿਹਾ ਸੀ। ਕਿਸੇ ਰਾਹ ਲੰਘਦੇ ਸਿਆਣੇ ਨੇ ਵੇਖ ਕੇ ਆਖਿਆ ਕਿ ਪਾਗਲਾ ਇਹ ਕੀ ਕਰਦਾ ਏਂ। ਜਿਸ ਡਾਲ੍ਹੀ ਤੇ ਬੈਠਾ ਏਂ ਉਸੇ ਨੂੰ ਹੀ ਮੁੱਢੋਂ ਵੱਢੀ ਜਾਨਾ ਏਂ, ਡਿੱਗ ਪਏਂਗਾ ਤੇ ਸੱਟ ਫੇਟ ਲੱਗ ਜਾਵੇਗੀ। ਸ਼ੇਖਚਿਲੀ ਅੱਗੋਂ ਭੜਕ ਉਠਿਆ ਕਿ ਤੂੰ ਮੈਨੂੰ ਨਸੀਹਤਾਂ ਦੇਣ ਵਾਲਾ ਕੌਣ ਏਂ। ਤੂੰ ਆਪਣਾ ਕੰਮ ਕਰ ਤੇ ਤੁਰਦਾ ਫਿਰਦਾ ਨਜ਼ਰ ਆ। ਰਾਹੀ ਤਾਂ ਹੱਸ ਕੇ ਅੱਗੇ ਤੁਰ ਗਿਆ ਪਰ ਸ਼ੇਖਚਿਲੀ ਧੜੰਮ ਕਰਕੇ ਸਿਰ ਭਾਰ ਥੱਲੇ ਆ ਡਿੱਗਾ ਤੇ ਸੱਟਾਂ ਖਾ ਕੇ ਬੜਾ ਦੁਖੀ ਹੋਇਆ। ਇਹ ਕਿਸੇ ਸ਼ੇਖਚਿਲੀ ਦਾ ਚੁਟਕਲਾ ਨਹੀ ਬਲਿਕੇ ਜ਼ਿੰਦਗੀ ਦੀ ਹਕੀਕਤ ਹੈ ਤੇ ਹਰ ਮਨੁੱਖ ਦੀ ਉਲਟੀ ਮਤ ਦਾ ਹੀ ਪ੍ਰਗਟਾਵਾ ਹੈ।

ਕਾਟੈ ਪੇਡੁ ਡਾਲ ਪਰਿ ਠਾਢੌ ਖਾਇ ਖਾਇ ਮੁਸਕਾਰੈ ॥ ਗਿਰਿਓ ਜਾਇ ਰਸਾਤਲਿ ਪਰਿਓ ਛਿਟੀ ਛਿਟੀ ਸਿਰ ਭਾਰੈ ॥੩॥ (1205)। ਭਾਵ: ਹੇ ਭਾਈ, (ਵਿਕਾਰਾਂ ਵਿੱਚ ਫਸਿਆਂ ਹੋਇਆ ਮਨੁੱਖ ਮਾਨੋ ਰੁੱਖ ਦੀ ਹੀ) ਟਾਹਣੀ ਉੱਤੇ ਖਲੋਤਾ ਹੋਇਆ ਉਸਨੂੰ ਮੁੱਢ ਵਲੋਂ ਵੱਢ੍ਹ ਰਿਹਾ ਹੈ (ਨਾਲ ਨਾਲ ਹੀ ਮਠਿਆਈ ਅਦਿਕ) ਖਾ ਖਾ ਕੇ ਮੁਸਕ੍ਰਾ ਰਿਹਾ ਹੈ। (ਪਰ ਰੁੱਖ ਵਡ੍ਹਿਆ ਜਾਣ ਤੇ ਉਹ ਮਨੁੱਖ) ਡੂੰਗੇ ਟੋਏ ਵਿੱਚ ਜਾ ਡਿਗਦਾ ਹੈ, ਸਿਰ ਭਾਰ ਡਿੱਗ ਕੇ ਹੱਢੀ ਹੱਢੀ ਹੋ ਜਾਂਦਾ ਹੈ। ਭਾਵ ਇਹੀ ਹੈ ਕਿ ਮਨਮਤ (ਗੁਰਮਤਿ ਤੋਂ ਉਲਟੇ) ਕਰਮ ਕਰਨ ਤੋਂ (ਜਿਸ ਡਾਲ੍ਹੀ ਤੇ ਖੜਾ ਹੈ ਉਸਨੂੰ ਮੁੱਢੋਂ ਵੱਢਣੋਂ) ਹਟ ਜਾਵੇਗਾ ਤਾਂ ਦੁੱਖਾਂ (ਸੱਟ ਫੇਟ) ਤੋਂ ਬਚ ਜਾਵੇਗਾ। ਪਰ ਮਨੁੱਖ ਦੇ ਵੀ ਕੀ ਵਸ ਹੈ, ਉਸ ਦੀ ਫਿਤਰਤ ਹੀ ਸ਼ੇਖਚਿਲੀ ਵਾਂਗ ਹੈ ਜੋ ਸੱਟ ਫੇਟ ਖਾਧੇ ਬਿਨਾ, ਦੁੱਖਾਂ ਵਿੱਚ ਪਏ ਬਿਨਾ ਆਪਣੇ ਭਲੇ ਦੀ ਗੱਲ ਨੂੰ ਜਾਣਦਾ ਹੀ ਨਹੀ। ਧਰਮ ਤਾਂ ਦੁੱਖਾਂ ਦੇ ਬੰਧਨ ਕੱਟ ਕੇ ਸੁਖੀ ਤੇ ਅਨੰਦਤ ਜੀਵਨ ਜਾਚ ਸਿਖਾਉਂਦਾ ਹੈ, ਪਰ ਮਨੁੱਖ ਆਪ ਹੀ ਬੰਧਨਾਂ ਦਾ ਹਾਰ ਪਰੋ ਕੇ ਆਪਣੇ ਗਲ ਪਾ ਕੇ ਦੁਖੀ ਹੋ ਰਿਹਾ ਹੈ। ਗੁਰੂ ਤਾਂ ਮਨੁੱਖ ਦਾ ਸਦਾ ਭਲਾ ਹੀ ਸੋਚਦਾ ਹੈ ਤੇ ਬਹੁਤ ਹੋੜਦਾ ਹੈ:

ਅਨਿਕ ਕਰਮ ਕੀਏ ਬਹੁਤੇਰੇ ॥ ਜੋ ਕੀਜੈ ਸੋ ਬੰਧਨੁ ਪੈਰੇ ॥ ਕੁਰੁਤਾ ਬੀਜੁ ਬੀਜੇ ਨਹੀ ਜੰਮੈ ਸਭੁ ਲਾਹਾ ਮੂਲੁ ਗਵਾਇਦਾ ॥੫॥ ਭਾਵ: ਗੁਰਮਤਿ ਤੇ ਚੱਲੇ ਬਿਨਾ ਬਾਕੀ ਦੇ ਕੀਤੇ ਸਾਰੇ ਕਰਮ ਧਰਮ ਜੀਵਨ ਸਫਰ ਵਿੱਚ ਮਨੁੱਖ ਦੇ ਪੈਰਾਂ ਵਿੱਚ ਫਾਹੀ ਬਣ ਜਾਂਦੇ ਹਨ। ਬੇ- ਬਹਾਰਾ ਬੀਜਿਆ ਬੀਜ ਉਗਦਾ ਨਹੀ ਤੇ ਮਨੁੱਖ ਖੱਟੀ ਦੇ ਨਾਲ ਨਾਲ ਰਾਸ ਪੂੰਜੀ ਵੀ ਗਵਾ ਲੈਂਦਾ ਹੈ। ਜੱਟ ਨੇ ਕਿਸੇ ਨੂੰ ਖੇਤ ਵਿਚੋਂ ਛੱਲੀ ਤੋੜਦਿਆਂ ਫੜ ਲਿਆ। ਉਸ ਨੇ ਬੜੇ ਤਰਲੇ ਕੱਢੇ ਪਰ ਜੱਟ ਇਹੀ ਕਹੀ ਜਾਵੇ “ਇਹ ਤਾਂ ਗਲ ਤੇਰੀ ਮੰਨੀ, ਪਰ ਤੂੰ ਛੱਲੀ ਕਿਉਂ ਭੰਨੀ” … ਬਸ ਇਹੀ ਮਨੁੱਖ ਦੀ ਫਿਤਰਤ ਹੈ ਕਿ ਗੁਰੂ ਨੂੰ ਮੱਥੇ ਵੀ ਟੇਕੀ ਜਾਣੇ ਹਨ ਤੇ ਉਹਦੀ ਗਲ ਵੀ ਕੋਈ ਨਹੀ ਸੁਣਨੀ।

ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥੨॥ {ਪੰਨਾ 474} ਪਰਨਾਲਾ ਉਥੇ ਦਾ ਉਥੇ। ਗੁਰੂ ਤਾਂ ਬਹੁਤ ਕਰਮ ਕਾਂਡਾਂ ਤੋਂ ਵਰਜਦਾ ਹੈ ਪਰ ਮਨੁੱਖ ਗੁਰੂ ਦੀ ਗਲ ਵਲ ਕਦੇ ਧਿਆਨ ਹੀ ਨਹੀ ਦਿੰਦਾ। ਬਹੁ ਕਰਮ ਕਰੇ ਸਤਿਗੁਰੁ ਨਹੀ ਪਾਇਆ ॥ ਬਿਨੁ ਗੁਰ ਭਰਮਿ ਭੂਲੇ ਬਹੁ ਮਾਇਆ ॥ (1261)। ਭਾਵ: ਹੇ ਭਾਈ, ਗੁਰੂ ਦੀ ਸ਼ਰਨ ਪੈਣ ਬਿਨਾ ਜੋ ਮਨੁੱਖ ਮਿਥੇ ਹੋਏ ਕਰਮ ਧਰਮ ਕਰਦਾ ਫਿਰਦਾ ਹੈ, ਉਹ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਗੁਰੂ ਤਾਂ ਬਾਰ ਬਾਰ ਮਨੁੱਖ ਨੂੰ ਕਰਮ ਧਰਮ ਦੇ ਬੰਧਨਾਂ ਤੋਂ ਹੋੜਦਾ ਹੈ ਪਰ ਮਨੁੱਖ ਨੇ ਵੀ ਜਿਵੇਂ ਸਹੁੰ ਖਾਧੀ ਹੋਵੇ ਕਿ “ਬਚਨ ਮੋੜਨਾ ਨਹੀ ਤੇ ਡੱਕਾ ਤੋੜਨਾ ਨਹੀ”। ਮੁੜ ਮੁੜ ਵਰਜਿਤ ਕਰਮ ਕਾਂਡਾਂ ਨੂੰ ਅਪਨਾਉਣ ਤੇ ਤੁਲਿਆ ਹੋਇਆ ਹੈ।

ਹਰਿ ਨਿਰਮਲੁ ਅਤਿ ਊਜਲਾ ਬਿਨੁ ਗੁਰ ਪਾਇਆ ਨ ਜਾਇ ॥ ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ ॥ ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ ॥ (66)। ਭਾਵ: ਪਰਮਾਤਮਾ ਬਹੁਤ ਹੀ ਪਵਿੱਤ੍ਰ ਸਰੂਪ ਹੈ ਤੇ ਗੁਰੂ ਦੀ ਸ਼ਰਨ ਪਏ ਬਿਨਾ ਉਸ ਨਾਲ ਮਿਲਾਪ ਨਹੀ ਹੋ ਸਕਦਾ। ਜੋ ਮਨੁੱਖ ਧਾਰਮਕ ਪੁਸਤਕਾਂ ਦਾ (ਵਿਚਾਰ ਤੋਂ ਬਿਨਾ) ਨਿਰਾ ਪਾਠ ਹੀ ਪੜ੍ਹੀ ਜਾਂਦਾ ਹੈ, ਉਹ (ਇਸ ਭੇਤ ਨੂੰ) ਨਹੀ ਸਮਝਦਾ ਤੇ (ਨਿਰੇ) ਧਾਰਮਕ ਭੇਖਾਂ ਨਾਲ (ਸਗੋਂ) ਭਟਕਣਾ ਵਿੱਚ ਪੈ ਕੇ ਕੁਰਾਹੇ ਪੈ ਜਾਂਦਾ ਹੈ। ਗੁਰਮਤਿ ਤੇ ਚਲ ਕੇ ਹੀ ਸਦਾ ਪਰਮਾਤਮਾ ਮਿਲਦਾ ਹੈ ਤੇ ਰਸਨਾ ਤੇ ਪਰਮਾਤਮਾ ਦੇ ਗੁਣਾਂ ਦਾ ਵਾਸਾ ਟਿਕਿਆ ਰਹਿੰਦਾ ਹੈ। ਹੁਣ ਜਿੱਥੇ (ਮਨ ਮਤ ਕਾਰਨ) ਵਿਚਾਰ ਤੋਂ ਬਿਨਾ ਪਾਠਾਂ ਦੀਆਂ ਲੜੀਆਂ ਚਲਦੀਆਂ ਹੋਣ ਉਥੇ ਹੀ ਮਨਮੁੱਖਾਂ ਦਾ ਵਾਸਾ ਹੈ ਜਿਸ ਤੋਂ ਗੁਰੂ ਪਰੇ ਰਹਿਣ ਨੂੰ ਕਹਿ ਰਿਹਾ ਹੈ ਕਿਉਂਕਿ ਇਹਨਾਂ ਕਰਮ ਕਾਂਡਾਂ ਨਾਲ ਵਿਕਾਰਾਂ ਤੋਂ ਖਲਾਸੀ ਨਹੀ ਹੋਣੀ। ਰੀਤਾਂ ਰਸਮਾਂ ਤੇ ਕਰਮ ਕਾਂਡ ਮਨੁੱਖ ਵਿੱਚ ਹਉਮੈ ਦਾ ਰੋਗ ਪੈਦਾ ਕਰ ਦਿੰਦੇ ਹਨ ਜੋ ਧਰਮ ਦੇ ਰਾਹ ਦਾ ਰੋੜਾ ਬਣ ਜਾਂਦਾ ਹੈ।

ਕਰਮ ਕਾਂਡ ਬਹੁ ਕਰਹਿ ਅਚਾਰ ॥ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥੩॥ ਬੰਧਨਿ ਬਾਧਿਓ ਮਾਇਆ ਫਾਸ ॥ ਜਨ ਨਾਨਕ ਛੂਟੈ ਗੁਰ ਪਰਗਾਸ ॥ (162)। ਅਨੇਕ ਤਰਾਂ ਦੀਆਂ ਰੀਤਾਂ ਰਸਮਾ ਤੇ ਕਰਮ ਕਾਂਡ ਕਰਨ ਵਾਲੇ ਪਰਮਾਤਮਾ ਦੇ ਨਾਮ (ਹੁਕਮ) ਤੋਂ ਵਾਂਝੇ ਰਹਿੰਦੇ ਹਨ ਕਿਉਂਕਿ ਇਹ (ਕਰਮ ਕਾਂਡ) ਅਹੰਕਾਰ ਪੈਦਾ ਕਰ ਕੇ ਜੀਵਨ ਨੂੰ ਫਿਟਕਾਰ-ਜੋਗ ਬਣਾ ਦਿੰਦਾ ਹੈ। ਇਸ ਮੋਹ ਮਾਇਆ ਦੇ ਬੰਧਨਾਂ ਵਿੱਚ ਬੱਝਾ ਮਨੁੱਖ ਗੁਰਗਿਆਨ ਦੇ ਚਾਨਣ ਨਾਲ ਹੀ ਮੁਕਤ ਹੋ ਸਕਦਾ ਹੈ। ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨੂੰ ਨਕਾਰਦੇ ਅਨੇਕਾਂ ਗੁਰ ਪ੍ਰਮਾਣ ਦਿੱਤੇ ਜਾ ਸਕਦੇ ਹਨ ਪਰ ਜਿਵੇਂ ਕਹਾਵਤ ਹੈ ਕਿ “ਅਕਲਮੰਦ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ”। ਜੋ ਮਨੁੱਖ ਬੁਰੇ ਭਲੇ ਦੀ ਪਛਾਣ ਨਹੀ ਕਰਿ ਸਕਦਾ ਉਸ ਦੇ ਜੀਵਨ ਦਾ ਰਾਹ ਬੜਾ ਦੁੱਖਦਾਈ ਬਣ ਜਾਂਦਾ ਹੈ। ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ ॥ (77)।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.