.

ਸ਼੍ਰੋਮਣੀ ਕਮੇਟੀ ਅਤੇ ਇਸ ਦੇ ਮੈਂਬਰਾਂ ਦੀਆਂ ਜੁੰਮੇਵਾਰੀਆਂ ਕੀ ਹੋਣ!

-ਰਘਬੀਰ ਸਿੰਘ ਮਾਨਾਂਵਾਲੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਐਸੀ ਧਾਰਮਿਕ ਸੰਸਥਾ ਹੈ, ਜਿਸ ਨੇ ਗੁਰਬਾਣੀ ਅਨੁਸਾਰ ਧਾਰਮਿਕ ਸਥਾਨਾਂ ਦੀ ਸਾਂਭ-ਸੰਭਾਲ ਅਤੇ ਸਿੱਖੀ ਸਿਧਾਂਤਾਂ, ਰਵਾਇਤਾਂ ਅਤੇ ਅਸੂਲਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਕੇ ਸਿੱਖੀ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਦੇ ਉਪਰਾਲੇ ਕਰਨੇ ਸਨ। ਇਹ ਜਰੂਰੀ ਹੈ ਕਿ ਇਸ ਦੇ ਮੈਂਬਰ ਸਿੱਖੀ ਸਿਧਾਂਤਾਂ, ਅਸੂਲਾਂ ਅਤੇ ਮਰਿਆਦਾ ਤੋਂ ਪੂਰੀ ਤਰ੍ਹਾਂ ਵਾਕਿਫ਼ ਅਤੇ ਉਹਨਾਂ ਦੇ ਧਾਰਨੀ ਹੋਣ। ਅਤੇ ਇਹ ਸਿੱਖ ਧਰਮ ਦੇ ਪ੍ਰਚਾਰਕ ਦੇ ਤੌਰ `ਤੇ ਸਮਰਪਤ ਹੋਣ। ਪਰ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਢਾਂਚਾ ਉਪਰੋਕਤ ਅਸੂਲਾਂ `ਤੇ ਪੂਰਾ ਨਹੀਂ ਉਤਰਿਆਂ। ਕਮੇਟੀ ਅਤੇ ਇਸ ਦੇ ਸਮੁੱਚੇ ਮੈਂਬਰਾਂ `ਤੇ ਭ੍ਰਿਸ਼ਟਾਚਾਰ ਹੋਣ, ਗੁਰਦੁਆਰੇ ਦੀਆਂ ਗੋਲਕਾਂ ਦੀ ਦੁਰਵਰਤੋਂ ਕਰਨ, ਝੂਠ ਅਤੇ ਕੁਫ਼ਰ ਤੋਲਣ, ਸਿੱਖ ਰਹਿਤ ਮਰਿਆਦਾ `ਤੇ ਪਹਿਰਾ ਨਾ ਦੇਣ, ਸਿੱਖੀ ਸਿਧਾਂਤਾਂ ਨੂੰ ਪਿੱਠ ਦਿਖਾਉਣ, ਸਿਆਸੀ ਆਗੂਆਂ ਦੇ ਗੁਲਾਮ ਹੋਣ, ਗਿਣਤੀ-ਮਿਣਤੀ ਦੇ ਪਾਠਾਂ ਅਤੇ ਕਰਮਕਾਂਡਾਂ ਨੂੰ ਮਾਨਤਾ ਦੇਣ ਦੀਆਂ ਊਜਾਂ ਲੱਗ ਰਹੀਆਂ ਹਨ।
ਅੱਜ ਸਿੱਖੀ ਸਿਧਾਂਤਾਂ ਦਾ ਧਾਰਨੀ ਹਰ ਵਿਅਕਤੀ ਚਾਹੁੰਦਾ ਹੈ ਕਿ ਇਸ ਧਾਰਮਿਕ ਕਮੇਟੀ ਦੀ ਚੋਣ ਗੁਣਾਂ `ਤੇ ਅਧਾਰਿਤ ਹੋਵੇ। ‘ਇਲੈਕਸ਼ਨ` ਨਹੀਂ ‘ਸਿਲੈਕਸ਼ਨ` ਹੋਵੇ। ਇਸ ਧਾਰਮਿਕ ਸੰਸਥਾ ਦੀ `ਇਲੈਕਸ਼ਨ` ਪ੍ਰਣਾਲੀ ਤਾਂ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਲਈ ਹੀ ਬਣਾ ਦਿਤੀ ਗਈ ਸੀ। ਤੇ ਅੱਜ ਇਸ ਪ੍ਰਣਾਲੀ ਰਾਹੀਂ ਹੀ ਸਿੱਖ ਆਪਸ ਵਿੱਚ ਗੁਥਮ-ਗੁਥਾ ਹੋ ਰਹੇ ਹਨ। ਇਕ-ਦੂਜੇ ਦੀਆਂ ਦਸਤਾਰਾਂ ਰੋਲ ਰਹੇ ਹਨ। ਦੂਸ਼ਣਬਾਜੀ ਤੇ ਭੰਡੀ ਪ੍ਰਚਾਰ ਕਰਕੇ ਇਕ-ਦੂਜੇ `ਤੇ ਗੰਦ ਸੁੱਟ ਰਹੇ ਹਨ। ਚੋਣ ਪੁੱਠੇ-ਸਿੱਧੇ ਢੰਗ, ਨਸ਼ੇ ਵੰਡ ਕੇ, ਸਿਆਸੀ ਆਗੂਆਂ ਦੀ ਸ਼ਹਿ `ਤੇ ਜਾਅਲੀ ਵੋਟਾਂ ਬਣਾਕੇ, ਪੈਸੇ ਦੇ ਜੋਰ ਅਤੇ ਧੱਕੇ ਨਾਲ ਲੜੀ ਜਾਂਦੀ ਹੈ। ਮੌਜੂਦਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਜਾਅਲੀ ਵੋਟਾਂ ਦੇ ਅਧਾਰ `ਤੇ ਘੋਨਮੋਨ ਅਤੇ ਕੱਟੀਆਂ ਹੋਈਆਂ ਦਾੜੀਆਂ ਵਾਲਿਆਂ ਨੇ ਹੀ ਚੁਣਿਆ ਹੈ। ਵੋਟਾਂ ਪਾਉਣ ਵਾਲੇ ਗੁਰਬਾਣੀ ਸਿਧਾਂਤ ਤੋਂ ਕੋਹਾਂ ਦੂਰ ਹਨ ਤਾਂ ਚੁਣੇ ਗਏ ਮੈਂਬਰ ਗੁਰਬਾਣੀ ਸਿਧਾਂਤ ਦੇ ਅਨੁਸਾਰ ਕਿਵੇਂ ਚੱਲਣਗੇ? ਇਸ ਕਰਕੇ ਇਲੈਕਸ਼ਨ ਸਿਸਟਮ ਨੂੰ ਖ਼ਤਮ ਕਰਕੇ ਗੁਣਾਂ `ਤੇ ਅਧਾਰਿਤ `ਸਿਲੈਕਸ਼ਨ` ਸਿਸਟਮ ਲਾਗੂ ਕਰਕੇ ਹੀ ਸਿੱਖੀ ਨੂੰ ਚੜ੍ਹਦੀਆਂ ਕਲਾਂ ਵਿੱਚ ਲਿਜਾਇਆ ਜਾ ਸਕਦਾ ਹੈ। ਇਸ ਸਿਸਟਮ ਨੂੰ ਬਦਲਣ ਲਈ ਸ਼੍ਰੋਮਣੀ ਕਮੇਟੀ ਅਤੇ ਇਸ ਦੇ ਮੈਂਬਰਾਂ ਦੇ ਨਾਲ-ਨਾਲ ਸਿੱਖ ਕੌਮ ਦੇ ਵਿਦਵਾਨਾਂ, ਬੁੱਧੀਜੀਵੀ ਅਤੇ ਪੰਥਕ ਹਿੱਤ ਰੱਖਣ ਵਾਲੇ ਵਿਅਕਤੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਗੁਰਬਾਣੀ ਨਾਲ ਜੁੜਿਆ ਹਰ ਸਿੱਖ ਚਾਹੁੰਦਾ ਹੈ ਕਿ ਅੱਜ ਦੀ ਚੋਣ ਪ੍ਰਣਾਲੀ ਰਾਹੀਂ ਚੁਣੀ ਹੋਈ ਕਮੇਟੀ ਅਤੇ ਇਸ ਦੇ ਮੈਂਬਰ ਸਿਆਸੀ ਤੌਰ ` ਤੇ ਗੁਲ਼ਾਮ ਨਾ ਹੋਣ। ਉਹਨਾਂ ਦੀ ਜ਼ਮੀਰ ਮਰੀ ਹੋਈ ਨਾ ਹੋਵੇ। ਸਾਰੇ ਮੈਂਬਰ ਆਪਣੀ ਜ਼ਮੀਰ ਦੀ ਅਵਾਜ਼ ਸੁਣ ਕੇ ਅਤੇ ਗੁਰਬਾਣੀ ਸਿਧਾਂਤ ਅਨੁਸਾਰ ਹੀ ਬੋਲਣ ਅਤੇ ਆਪਣੀ ਜੁੰਮੇਵਾਰੀ ਨਿਭਾਉਣ। ਉਹਨਾਂ ਨੂੰ ਸਿਰਫ ਧਾਰਮਿਕ ਕੰਮਾਂ ਵਿੱਚ ਹੀ ਦਿਲਚਸਪੀ ਹੋਵੇ। ਹੋਰ ਕੰਮਾਂ ਵਿੱਚ ਨਹੀਂ। ਉਹਨਾਂ ਦੇ ਕੰਮਾਂ ਦਾ ਘੇਰਾ ਨਿਰੋਲ ਧਰਮ ਪ੍ਰਚਾਰ ਅਤੇ ਗੁਰਦੁਆਰਾ ਸੁਧਾਰ ਤੱਕ ਹੀ ਸੀਮਤ ਹੋਵੇ। ਕਿਸੇ ਵੀ ਸਮੇਂ ਸਿਆਸਤ ਵਿੱਚ ਰਹਿਣ ਵਾਲੇ ਕਿਸੇ ਵਿਅਕਤੀ ਨੂੰ ਇਸ ਦਾ ਮੈਂਬਰ ਬਿਲਕੁਲ ਨਾ ਬਣਾਇਆ ਜਾਵੇ। ਅੱਜ ਹਰ ਸਿੱਖ ਬਿਪਰਵਾਦ ਅਤੇ ਕਰਮਕਾਂਡਾਂ ਵਿੱਚ ਉੱਲਝ ਚੁੱਕਾ ਹੈ। ਸਿੱਖ ਧਰਮ ਵਿੱਚ ਪੈਦਾ ਹੋ ਚੁੱਕੀਆਂ ਮਨਮਤਾਂ ਨੂੰ ਉਹ ਦੂਰ ਕਰਨ। ਗੁਰਦੁਆਰਿਆਂ ਦੇ ਅੰਦਰ ਅਤੇ ਬਾਹਰ ਜਣੇ-ਖਣੇ ਅਤੇ ਐਰੇ-ਗੈਰੇ ਵਿਅਕਤੀ ਨੂੰ ਸਿਰੋਪਾਓ ਦੇਣ ਦੀ ਰੀਤ ਬੰਦ ਕਰਵਾਉਣ। ਸਿਰਪਾਓ ਸਿਰਫ ਧਰਮ, ਮਨੁੱਖਤਾ, ਸਮਾਜ ਅਤੇ ਕੌਮ ਲਈ ਕੀਤੇ ਵੱਡਮੁੱਲੇ ਕਾਰਜਾਂ ਕਰਕੇ ਹੀ ਦਿਤਾ ਜਾਵੇ। ਸਿੱਖਾਂ ਦੇ ਕੇਂਦਰੀ ਅਸਥਾਨ ਸਿਰੀ ਹਰਿਮੰਦਰ ਸਾਹਿਬ ਵਿੱਚ ਸੌ ਰੁਪਏ ਦਾ ਤਹਿ ਕੀਤਾ ਸਿਰਪਾਓ ਵੇਚਣਾ ਵੀ ਬੰਦ ਕਰਵਾਵੇ। ਗੁਰੂ ਘਰ ਵਿੱਚ ਇਹ ਪ੍ਰੰਪਰਾ ਕਿਸੇ ਵੀ ਤਰ੍ਹਾਂ ਠੀਕ ਨਹੀਂ। ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਵਿੱਚ ਬੇਹਿਸਾਬੇ ਅਤੇ ਬੇਲੋੜੇ ਰੁਮਾਲੇ ਚੜ੍ਹਾਉਣ ਦੀ ਰਿਵਾਇਤ ਨੂੰ ਬੰਦ ਕਰਵਾਏ। ਹਰ ਗੁਰੁਦਆਰੇ ਦੀ ਲੋੜ ਅਨੁਸਾਰ ਸੰਗਤਾਂ ਵਲੋਂ ਵਸਤਾਂ ਦਿਤੀਆਂ ਜਾਣ। ਇਥੇ ਅਤੇ ਹੋਰ ਗੁਰਦੁਆਰਿਆਂ ਵਿੱਚ ਵਿਸ਼ੇਸ਼ ਤੌਰ `ਤੇ ਆਰਤੀ ਦੇ ਸ਼ਬਦ ਪੜ੍ਹਨ ਅਤੇ ਜੋਤਾਂ ਜਗਾਉਣ ਨੂੰ ਬੰਦ ਕਰਵਾਏ। ਦੀਵਾਲੀ ਅਤੇ ਹੋਰ ਧਾਰਮਿਕ ਵਿਸ਼ੇਸ਼ ਦਿਹਾੜਿਆਂ ਸਮੇਂ ਹੁੰਦੀ ਆਤਿਸ਼ਬਾਜ਼ੀ ਬੰਦ ਕਰਵਾਵੇ। ਲੋਹੜੀ ਅਤੇ ਰੱਖੜੀ ਦਾ ਤਿਉਹਾਰ ਨਾ ਮਨਾਉਣ ਲਈ ਸਿੱਖ ਕੌਮ ਨੂੰ ਹਦਾਇਤ ਕਰੇ। ਕਿਉਂਕਿ ਇਹਨਾਂ ਤਿਉਹਾਰਾਂ ਨਾਲ ਕੰਨਿਆਂ ਭਰੂਣ ਹੱਤਿਆ ਕਰਨ ਦਾ ਰੁਝਾਨ ਵੱਧ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਅਤੇ ਹੋਰ ਗੁਰਦੁਆਰਿਆਂ ਵਿੱਚ ਪ੍ਰਸ਼ਾਦ ਕਰਾਉਣ ਲਈ ਕੱਟੀ ਜਾਂਦੀ ਪਰਚੀ ਨੂੰ ਬੰਦ ਕਰਵਾਇਆ ਜਾਵੇ। ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਸਿੱਖਾਂ ਦੇ ਸਰਬਉਚ ਅਸਥਾਨ ਸਿਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਵਲੋਂ ਖਰੀਦ ਕੇ ਚੜਾਇਆ ਪ੍ਰਸ਼ਾਦ ਹੀ ਸੰਗਤ ਨੂੰ ਦਿਤਾ ਜਾਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਨੂੰ ਕੋਈ ਪ੍ਰ਼ਸ਼ਾਦ ਨਹੀਂ ਦਿਤਾ ਜਾਂਦਾ। ਪ੍ਰਸ਼ਾਦ ਦੇ ਮੌਜੂਦਾ ਪਰਚੀ ਸਿਸਟਮ ਅਤੇ ਮਾਇਆ ਦੀ ਭੇਟਾ ਅਨੁਸਾਰ ਦਿਤੇ ਜਾਂਦੇ ਸਿਰਪਾਓ ਵੇਖ ਕੇ ਗੁਰਦੁਆਰੇ ਵਪਾਰਕ ਸਥਾਨ ਪ੍ਰਤੀਤ ਹੁੰਦੇ ਹਨ। ਇਸ ਤਰ੍ਹਾਂ ਗੁਰੂ ਘਰ ਵਿੱਚ ਅਮੀਰ ਅਤੇ ਗਰੀਬ ਵਿੱਚ ਫਰਕ ਨਜ਼ਰ ਆਉਂਦਾ ਹੈ। ਜੋ ਗੁਰੂ ਘਰ ਦੀ ਪ੍ਰੰਪਰਾ ਨਹੀਂ ਹੈ। ਸ਼੍ਰੋਮਣੀ ਕਮੇਟੀ ਅਤੇ ਇਸ ਦੇ ਮੈਂਬਰ ਵਿਖਾਵੇ ਦੇ ਨਗਰ ਕੀਰਤਨ ਕੱਢਣੇ ਬੰਦ ਕਰਵਾਉਣ। ਕਿਉਂਕਿ ਇਸ ਦਾ ਸਿੱਖ ਕੌਮ ਨੂੰ ਕੋਈ ਲਾਭ ਨਹੀਂ ਹੋ ਰਿਹਾ। ਸਗੋਂ ਇਸ ਨਾਲ ਟ੍ਰੈਫਿਕ ਵਿੱਚ ਵਿਘਨ ਪੈ ਰਿਹਾ ਹੈ ਅਤੇ ਸੜਕਾਂ `ਤੇ ਜਾਂਦੇ ਲੋਕਾਂ ਦੀ ਖੱਜਲ-ਖੁਆਰੀ ਹੋ ਰਹੀ ਹੈ। ਸਿੱਖ ਕੌਮ ਦਾ ਕੀਮਤੀ ਪੈਸਾ ਅਤੇ ਸਮਾਂ ਅਜਾਈਂ ਜਾ ਰਿਹਾ ਹੈ। ਨਗਰ ਕੀਰਤਨਾਂ `ਤੇ ਖਰਚ ਕੀਤਾ ਜਾ ਰਿਹਾ ਪੈਸਾ ਸਿੱਖੀ ਪ੍ਰਚਾਰ `ਤੇ ਅਤੇ ਗਰੀਬਾਂ ਦੀ ਭਲਾਈ ਲਈ ਖਰਚ ਕੀਤਾ ਜਾਵੇ। ਹਰ ਗੁਰਪੁਰਬ `ਤੇ ਸਿੱਖ ਇਤਿਹਾਸ, ਗੁਰੂਆਂ ਅਤੇ ਗੁਰਬਾਣੀ ਦੇ ਮੁੱਢਲੇ ਅਸੂਲਾਂ ਬਾਰੇ ਛੋਟੇ ਕਿਤਾਬਚੇ ਲੱਖਾਂ ਦੀ ਗਿਣਤੀ ਵਿੱਚ ਛੱਪਵਾ ਕੇ ਇਹ ਕਮੇਟੀ ਪੰਜਾਬ ਦੇ ਹਰ ਪਿੰਡ ਵਿੱਚ ਪਹੁੰਚਦੇ ਕਰਕੇ ਸੰਗਤ ਵਿੱਚ ਮੁਫ਼ਤ ਵੰਡੇ ਜਾਣ ਦਾ ਪ੍ਰਬੰਧ ਕਰੇ, ਖੂਨਦਾਨ ਕੈਂਪ ਲਾਏ ਜਾਣ ਅਤੇ ਹਰ ਗੁਰਦੁਆਰੇ ਦੀ ਕਮੇਟੀ ਵਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਖ਼ਾਲੀ ਅਤੇ ਢੁਕਵੀਆਂ ਥਾਵਾਂ `ਤੇ ਦਰਖੱਤ ਲਗਾਉਣ ਦੀ ਰੀਤ ਸ਼ੁਰੂ ਕੀਤੀ ਜਾਵੇ। ਹਰ ਮਹੀਨੇ ਦੇ ਪਹਿਲੇ ਐਤਵਾਰ ਪੰਜਾਬ ਦੇ ਸਾਰੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਗੁਰਬਾਣੀ ਵਿਆਖਿਆ ਦਾ ਪ੍ਰੋਗਰਾਮ ਸ਼ੁਰੂ ਕਰਵਾਏ ਜਾਣ ਦਾ ਆਦੇਸ਼ ਕਰੇ। ਸਿੱਖ ਸੰਗਤ ਨੂੰ ਇਹ ਆਦੇਸ਼ ਵੀ ਦਿਤੇ ਜਾਣ ਕਿ ਉਹ ਘਰਾਂ ਵਿੱਚ ਪਰਿਵਾਰ ਸਮੇਤ ਆਪ, ਅਖੰਡ ਪਾਠ ਨਾਲੋਂ ਸਹਿਜ ਪਾਠ ਕਰਨ। ਡੇਰਿਆਂ ਅਤੇ ਹੋਰ ਗੁਰਦੁਆਰਿਆਂ ਵਿੱਚ ਇਕੱਠੇ ਸੌ-ਸੌ ਅਖੰਡ ਪਾਠ ਕਰਨ ਦੀ ਮਨਮਤਿ ਰੀਤ ਨੂੰ ਬੰਦ ਕੀਤਾ ਜਾਵੇ। ਇਸ ਤਰ੍ਹਾਂ ਬਾਣੀ ਦਾ ਨਿਰਾਦਰ ਹੋ ਰਿਹਾ ਹੈ। ਪਰਚੀ ਅਖੰਡ ਪਾਠ ਦੀ ਰੀਤ ਖ਼ਤਮ ਕੀਤੀ ਜਾਵੇ। ਇਕੋਤਰੀ ਅਤੇ ਪਰਚੀ ਅਖੰਡ ਪਾਠ ਰਾਹੀਂ ਕੁੱਝ ਪਾਠੀਆਂ ਨੂੰ ਰੁਜ਼ਗਾਰ ਜਰੂਰ ਮਿਲਿਆ ਹੈ। ਪਰ ਇਸ ਰੀਤੀ ਨਾਲ ਸਿੱਖੀ ਸਿਧਾਂਤਾਂ ਨੂੰ ਢਾਅ ਲੱਗ ਰਹੀ ਹੈ। ਬਾਣੀ ਦਾ ਨਿਰਾਦਰ ਹੋ ਰਿਹਾ ਹੈ। ਗੁਰਬਾਣੀ ਦੇ ਸਤਿਕਾਰ ਅਤੇ ਸਿੱਖ ਰਹਿਤ ਮਰਿਆਦਾ ਨਾਲ ਕਿਸੇ ਤਰ੍ਹਾਂ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ। ਜਣੇ-ਖਣੇ ਨੂੰ ਧਾਰਮਿਕ ਸਨਮਾਨ ਦੇਣੇ ਬੰਦ ਕਰਵਾਏ ਜਾਣ। ਧਾਰਮਿਕ ਸਨਮਾਨ ਦੇਣ ਲਈ ਉੱਚ ਕੋਟੀ ਦੇ ਵਿਦਵਾਨਾਂ ਨਾਲ ਸਲਾਹ ਮਸ਼ਵਰਾ ਕਰਕੇ ਕੋਈ ਸਿਧਾਂਤ ਤਹਿ ਕੀਤੇ ਜਾਣ। ਅਤੇ ਵਿਦਵਾਨਾਂ ਦੁਆਰਾ ਵਿਚਾਰਾਂ ਕਰਕੇ ਉਹਨਾਂ ਸਿਧਾਂਤਾਂ ਦੀ ਪ੍ਰਵਾਨਗੀ ਸਾਰੀ ਸਿੱਖ ਕੌਮ ਤੋਂ ਲਈ ਜਾਵੇ।
ਗੁਰਦੁਆਰੇ ਦੇ ਗ੍ਰੰਥੀਆਂ ਅਤੇ ਕਮੇਟੀ ਦੁਆਰਾ ਸਮਾਜਿਕ ਬੁਰਾਈਆਂ ਬਾਰੇ ਸੰਗਤ ਨੂੰ ਸੁਚੇਤ ਕਰਦੇ ਰਹਿਣ ਦੀ ਹਦਾਇਤ ਹੋਵੇ। ਨਸ਼ੇ ਤਿਆਗਣ, ਸਾਦੇ ਵਿਆਹ ਕਰਨ, ਦਾਜ਼-ਦਹੇਜ਼ ਨਾ ਲੈਣ, ਕੰਨਿਆ ਭਰੂਣ ਹੱਤਿਆ ਰੋਕਣ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਗੁਰਦੁਆਰਿਆਂ ਵਿੱਚ ਪ੍ਰਚਾਰ ਕੀਤਾ ਜਾਵੇ। ਗੁਰਦੁਆਰਿਆਂ ਅਤੇ ਘਰਾਂ ਵਿੱਚ ਮਨਮਤਾਂ ਕਰਨ ਵਾਲਿਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰੇ। ਅਤੇ ਮਨਮਤਾਂ ਨੂੰ ਰੋਕਣ ਵਾਲੀ ਸੰਗਤ ਦਾ ਕਮੇਟੀ ਦੇ ਮੈਂਬਰ ਡੱਟ ਕੇ ਸਾਥ ਦੇਣ। ਨੌਜਵਾਨਾਂ ਵਿੱਚ ਵੱਧ ਰਹੇ ਪਤਿਤਪੁਣੇ ਨੂੰ ਰੋਕਣ ਦਾ ਯਤਨ ਕਰਨ। ਉਹਨਾਂ ਨੂੰ ਗੁਰਬਾਣੀ ਅਨੁਸਾਰ ਜੀਵਨ ਧਾਰਨ ਕਰਨ ਲਈ ਪ੍ਰੇਰਿਤ ਕਰਨ। ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਨੌਜਵਾਨਾਂ ਨੂੰ ਸ਼ਾਮਲ ਕੀਤਾ ਜਾਵੇ। ਹਰ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਾਰੀਆਂ ਜਾਤਾਂ ਵਿਚੋਂ ਮੈਂਬਰ ਲਏ ਜਾਣ। ਪੰਜ ਤਖ਼ਤਾਂ, ਡੇਰਿਆਂ ਅਤੇ ਸਭ ਗੁਰਦੁਆਰਿਆਂ ਵਿੱਚ ਪੰਥ-ਪ੍ਰਵਾਨਤ ਸਿੱਖ ਰਹਿਤ ਮਰਿਆਦਾ ਨੂੰ ਇੱਕ ਸਾਰ ਲਾਗੂ ਕਰਨ ਦਾ ਉਪਰਾਲਾ ਹੀ ਨਹੀਂ, ਸਗੋਂ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਕਾਰਵਾਈ ਕਰਨ। ਨਿੱਜੀ ਗੁਰਦੁਆਰਿਆਂ ਨੂੰ ਬੰਦ ਕਰਵਾਉਣ ਦਾ ਉਪਰਾਲਾ ਕਰਨ। ਦੁਨੀਆਂ ਭਰ ਦੇ ਗੁਰਦੁਆਰਿਆਂ ਦੀ ਲਿਸਟ ਤਿਆਰ ਕਰੇ। ਅਤੇ ਹਰ ਗੁਰਦੁਆਰੇ ਦੀ ਕਮੇਟੀ ਦੀ ਜਾਣਕਾਰੀ ਰੱਖੇ। ਨਵੇਂ ਗੁਰਦੁਆਰੇ ਖੋਲਣ `ਤੇ ਪੂਰਨ ਪਾਬੰਦੀ ਲਾਵੇ। ਸਮਾਧਾਂ, ਮੜ੍ਹੀਆਂ, ਕਬਰਾਂ ਅਤੇ ਮੱਟੀਆਂ `ਤੇ ਅਖੰਡ ਪਾਠ ਰੱਖਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਭਾਵੇਂ ਇਹਨਾਂ ਥਾਵਾਂ `ਤੇ ਅਖੰਡ ਪਾਠ ਨਾ ਰੱਖਣ ਦੀ ਹਦਾਇਤ ਅਕਾਲ ਤਖ਼ਤ ਤੋਂ ਕੀਤੀ ਜਾ ਚੁੱਕੀ ਹੈ, ਪਰ ਫਿਰ ਵੀ ਸਿਆਸੀ ਆਗੂਆਂ ਅਤੇ ਸਾਧਾਂ-ਸੰਤਾਂ ਦੀ ਮਿਲੀ ਭੁਗਤ ਨਾਲ ਉਥੇ ਅਖੰਡ ਪਾਠ ਰੱਖੇ ਜਾ ਰਹੇ ਹਨ। ਕਮੇਟੀ ਅਤੇ ਕਮੇਟੀ ਮੈਂਬਰ ਗੁਰੂਆਂ ਦੇ ਨਾਵਾਂ ਨਾਲ ਜੋੜੀਆਂ ਕਰਾਮਾਤਾਂ ਦਾ ਖੰਡਨ ਕਰਨ, ਗੁਰੂ ਨਾਨਕ ਸਾਹਿਬ ਦੀਆਂ ਪ੍ਰਕਾਸ਼ ਤਰੀਕਾਂ ਨੂੰ ਦੁਰਸਤ ਕਰਨ ਅਤੇ ਸਾਧਾਂ-ਸੰਤਾਂ ਵਲੋਂ ਗੁਰਬਾਣੀ ਅਤੇ ਗੁਰੂ ਸਾਹਿਬਾਨਾਂ ਦੇ ਵਿਰੁੱਧ ਲਿਖੀਆਂ ਕਰਮਕਾਂਡਾਂ ਵਿੱਚ ਵਾਧਾ ਕਰਨ, ਗਿਣਤੀ-ਮਿਣਤੀ ਦੇ ਪਾਠਾਂ ਦਾ ਭਰਮ ਪੈਦਾ ਕਰਨ ਵਾਲੀਆਂ ਅਤੇ ਵੱਖ-ਵੱਖ ਤਰ੍ਹਾਂ ਦੇ ਪਾਖੰਡਾਂ ਨੂੰ ਮਾਨਤਾਂ ਦੇਣ ਵਾਲੀਆਂ ਛੱਪੀਆਂ ਪੁਸਤਕਾਂ ਨੂੰ ਜ਼ਬਤ ਕਰੇ। ਸਿਆਸਤ ਦੀ ਗੁਲਾਮ ਹੋਈ ਸ਼੍ਰੋਮਣੀ ਕਮੇਟੀ ਦੁਆਰਾ ਪੰਥਕ ਮਸਲੇ ਲਟਕਾਉਣ ਅਤੇ ਉਹਨਾਂ ਪ੍ਰਤੀ ਚੁੱਪ ਧਾਰਨ ਕਰਕੇ ਸਿੱਖ ਕੌਮ ਵਿੱਚ ਵੰਡੀਆਂ ਪੈ ਰਹੀਆਂ ਹਨ। ਇਹ ਕਮੇਟੀ ਗੁਰਬਾਣੀ ਦੀ ਰੋਸ਼ਨੀ ਵਿੱਚ ਲੰਮੇ ਸਮੇਂ ਤੋਂ ਲਟਕਦੇ ਪੰਥਕ ਮਸਲੇ ਹੱਲ ਕਰਵਾਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਇਸ ਦੇ ਮੈਂਬਰ ਕਿਸੇ ਦੂਸਰੇ ਵਿਅਕਤੀ ਨੂੰ ਨਾ ਭੰਡੇ। ਨਾ ਹੀ ਉਸ ਨੂੰ ਕਿਸੇ ਦੂਸਰੀ ਪਾਰਟੀ ਦਾ ਏਜੰਟ ਸਿੱਧ ਕਰਨ ਲਈ ਜ਼ੋਰ ਲਗਾਵੇ। ਸਾਲ 2003 ਵਿੱਚ ਪੰਥ ਦੀ ਸਹਿਮਤੀ ਨਾਲ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਹੀ ਲਾਗੂ ਕਰਵਾ ਕੇ ਸਿੱਖ ਕੌਮ ਨੂੰ ਇੱਕ ਵੱਖਰੀ ਕੌਮ ਵਜੋਂ ਪਹਿਚਾਣ ਕਰਵਾਏ।
ਕਮੇਟੀ ਅਤੇ ਇਸ ਦੇ ਮੈਂਬਰ ਹੋਲੇ-ਮੁਹੱਲੇ ਦੇ ਮੌਕੇ `ਤੇ ਅੰਨਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਪੈਰ-ਪੈਰ `ਤੇ ਲੰਗਰ ਲਾਉਣ ਦੇ ਰੁਝਾਨ ਨੂੰ ਬੰਦ ਕਰਾਏ ਅਤੇ ਇਹ ਸਖ਼ਤ ਹਦਾਇਤ ਕਰੇ ਕਿ ਸਿਰਫ਼ ਬਾਰਾਂ ਕਿਲੋਮੀਟਰ ਦੇ ਫ਼ਾਸਲੇ `ਤੇ ਹੀ ਚਾਹਵਾਨ ਪਿੰਡਾਂ ਦਾ ਇੱਕ ਸਾਂਝਾ ਲੰਗਰ ਲਗਾਇਆ ਜਾਵੇ। ਕਿਸੇ ਨੂੰ ਜ਼ਬਰਦਸਤੀ ਲੰਗਰ ਛੱਕਣ ਲਈ ਮਜਬੂਰ ਨਾ ਕੀਤਾ ਜਾਵੇ। ਲੰਗਰ ਅਸਥਾਨ `ਤੇ ਸ਼ੋਰ ਪ੍ਰਦੂਸ਼ਣ ਨਾ ਫੈਲਾਇਆ ਜਾਵੇ। ਲੰਗਰ ਅਸਥਾਨ ਅਤੇ ਉਸ ਦੇ ਆਲੇ-ਦੁਆਲੇ ਖਾਧ ਪਦਾਰਥ ਅਤੇ ਉਸਦੀ ਜੂਠ ਦਾ ਗੰਦ ਨਾ ਪਾਇਆ ਜਾਵੇ। ਲੰਗਰ ਲਗਾਉਣ ਸਮੇਂ ਸੜਕੀ ਟ੍ਰੈਫਿਕ ਵਿੱਚ ਵਿਘਨ ਨਾ ਪਾਇਆ ਜਾਵੇ। ਇਸ ਸਮੇਂ ਸਿੱਖੀ ਦੀ ਮਹਾਨਤਾ, ਖਾਲਸੇ ਦੇ ਕੰਮਾਂ ਦਾ ਸੰਖੇਪ ਵੇਰਵਾ, ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਦਾ ਸੰਖੇਪ ਜ਼ਿਕਰ ਅਤੇ ਗੁਰਬਾਣੀ ਦੇ ਉੱਚੇ ਤੇ ਸੁੱਚੇ ਸਿਧਾਂਤਾਂ ਦੀ ਜਾਣਕਾਰੀ ਦੇਣ ਵਾਲੇ ਛੋਟੇ ਕਿਤਾਬਚੇ ਛੱਪਵਾ ਕੇ ਲੰਗਰ ਛੱਕਣ ਵਾਲੀ ਸੰਗਤ ਵਿੱਚ ਵੰਡੇ ਜਾਣ ਤਾਂ ਕਿ ਉਹ ਪੜ੍ਹ ਕੇ ਸਿੱਖ ਇਤਿਹਾਸ ਅਤੇ ਗੁਰਬਾਣੀ ਬਾਰੇ ਜਾਣਕਾਰੀ ਹਾਸਲ ਕਰ ਸਕਣ। ਲੰਗਰਾਂ `ਤੇ ਲੱਖਾਂ ਰੁਪਏ ਖਰਚ ਕਰਨ ਵਾਲਿਆਂ ਕੀ ਕਦੀ ਗੁਰਬਾਣੀ ਦੇ ਪ੍ਰਚਾਰ ਲਈ ਛੋਟੇ ਕਿਤਾਬਚੇ ਛੱਪਵਾ ਕੇ ਇਹਨਾਂ ਨੂੰ ਵੰਡਣ ਦਾ ਲੰਗਰ ਲਾਇਆ ਹੈ? ਗੁਰਬਾਣੀ ਸਬੰਧੀ ਕਿਤਾਬਾਂ ਦਾ ਲੰਗਰ ਲਗਾਉਣਾ ਵੀ ਬਹੁਤ ਜਰੂਰੀ ਹੈ। ਇਹ ਕਿਤਾਬਚੇ ਮੁਹੱਈਆ ਕਰਵਾਉਣ ਦੀ ਜੁੰਮੇਵਾਰੀ ਸ਼ੋਰਮਣੀ ਕਮੇਟੀ ਦੀ ਹੋਵੇ।
ਗਰਮੀਆਂ ਦੀ ਰੁੱਤੇ ਜ਼ਹਿਰੀਲੇ ਨਕਲੀ ਰੰਗ ਪਾ ਕੇ ਮਿੱਠੀਆਂ ਛਬੀਲਾਂ ਲਾਉਣ ਦੀ ਪਿਰਤ ਦਾ ਵੀ ਭੋਗ ਪਾਇਆ ਜਾਵੇ। ਅਤੇ ਇਸ ਦੀ ਥਾਂ `ਤੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰਾਂ ਨੂੰ ਨਿਕਲਣ ਵਾਲੀਆਂ ਸਾਰੀਆਂ ਸੜਕਾਂ `ਤੇ ਹਰ ਸਾਲ ਅਪਰੈਲ ਮਹੀਨੇ ਤੋਂ ਅਕਤੂਬਰ ਮਹੀਨੇ ਤੱਕ ਠੰਡੇ, ਸਾਫ-ਸੁਥਰੇ ਤੇ ਫੋਕੇ ਪਾਣੀ ਦੀ ਛਬੀਲ ਲਗਾਈ ਜਾਵੇ। ਸੇਵਾ ਕਰਨ ਦੇ ਚਾਹਵਾਨ ਇਥੇ ਸੇਵਾ ਕਰਨ। ਇਸ ਦਾ ਸਾਰਾ ਪ੍ਰਬੰਧ ਸਥਾਨਿਕ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਅਤੇ ਗੁਰਦੁਆਰੇ ਰਲ ਕੇ ਕਰਨ। ਗੁਰਦੁਆਰੇ ਦੀ ਹਦੂਦ ਅੰਦਰ ਸਿਆਸੀ ਗਤੀਵਿਧੀਆਂ ਨਾ ਕੀਤੀਆਂ ਜਾਣ। ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣ ਦੀ ਮਨਾਹੀ ਕੀਤੀ ਜਾਵੇ ਅਤੇ ਗੁਰਦੁਆਰੇ ਵਿੱਚ ਦੇਸੀ ਘਿਓ ਦੀ ਜੋਤ ਜਗਾਉਣੀ ਬੰਦ ਕੀਤੀ ਜਾਵੇ। ਅਜਿਹਾ ਕਰਨ ਵਾਲੇ ਦੇ ਵਿਰੁੱਧ ਸਖ਼ਤ ਕਾਰਵਾਈ ਕਰੇ। ਗੁਰਦੁਆਰਿਆਂ ਵਿੱਚ ਹਲਵਾਈਆਂ ਦੁਆਰਾ ਬਣਾਈਆਂ ਗਈਆਂ ਮਿੱਠਿਆਈਆਂ ਦਾ ਪ੍ਰਸ਼ਾਦ ਚੜਾਉਣ `ਤੇ ਪੂਰਨ ਪਾਬੰਦੀ ਲਾਵੇ। ਸ਼੍ਰੋਮਣੀ ਕਮੇਟੀ ਦੇ ਚੁਣੇ ਹੋਏ ਮੈਂਬਰ ਆਪਣੇ ਆਪ ਨੂੰ ਵ਼ੀ ਆੲ਼ੀ ਪ਼ੀ ਨਾ ਸਮਝਣ। ਉਹ ਸਧਾਰਨ ਵਿਅਕਤੀ ਵਾਂਗ ਵਿਚਰਨ। ਸਵਾਗਤ ਲਈ ਕਿਸੇ ਕਿਸਮ ਦੇ ਹਾਰ ਅਤੇ ਸਿਰੋਪਾਓ ਗਲ਼ਾ ਵਿੱਚ ਨਾ ਪੁਵਾਉਣ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੇ ਮੈਂਬਰ ਭੇਖੀ ਅਤੇ ਪਾਖੰਡੀ ਸਾਧਾਂ ਦੇ ਟੋਲਿਆਂ, ਡੇਰੇਵਾਦ ਮਹੰਤਗੀਰੀ ਅਤੇ ਬ੍ਰਾਹਮਣੀ ਸਰ੍ਹਾਲ ਦੇ ਤਿੱਖੇ ਦੰਦਾਂ ਤੋਂ ਸਿੱਖ ਕੌਮ ਨੂੰ ਬਚਾਉਣ ਦਾ ਉਪਰਾਲਾ ਕਰਨ। ਸਿੱਖ ਰਹਿਤ ਮਰਿਆਦਾ ਨੂੰ ਨਾ ਮੰਨਣ ਵਾਲੇ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦੀ ਮਨਾਹੀ ਕਰਨ। ਸੰਤ-ਬਾਬਿਆਂ ਨੂੰ ਵੱਖਰੀਆਂ ਗੱਦੀਆਂ ਲਗਾਉਣ ਤੋਂ ਰੋਕਣ ਦਾ ਉਪਰਾਲਾ ਕਰਨ। ਰਾਗੀਆਂ ਢਾਡੀਆਂ ਅਤੇ ਕਥਾ ਵਾਚਕਾਂ ਦੁਆਰਾ ਮਨਘੜ੍ਹਤ ਕਹਾਣੀਆਂ, ਵਹਿਮਾਂ ਭਰਮਾਂ ਅਤੇ ਪਾਖੰਡਾਂ ਵਾਲੇ ਪ੍ਰਚਾਰ ਨੂੰ ਬੰਦ ਕਰਵਾਉਣ। ਗੁਰਦੁਆਰਿਆਂ ਵਿੱਚ ਧਾਰਨਾ ਦੇ ਰੂਪ ਵਿੱਚ ਕੱਚੀ ਬਾਣੀ ਪੜ੍ਹਨ `ਤੇ ਪਾਬੰਦੀ ਲਗਾਉਣ। ਅਨੰਦ ਮੈਰਿਜ ਐਕਟ ਬਨਾਉਣ ਲਈ ਸਰਕਾਰ `ਤੇ ਲਗਾਤਾਰ ਦਬਾਅ ਪਾਉਣ। ਪੁਜਾਰੀਵਾਦ ਨੂੰ ਬੰਦ ਕਰਕੇ ਗੁਰੂ ਨਾਨਕ ਜੀ ਦੀ ਬਾਣੀ ਅਤੇ ਉਸ ਦੇ ਸਿਧਾਂਤ ਦੀ ਗੱਲ ਕਰਨ ਵਾਲੇ ਕੌਮੀ ਹੀਰਿਆਂ ਨੂੰ ਪੰਥ ਵਿਚੋਂ ਛੇਕਣ ਦੀਆਂ ਕਾਰਵਾਈਆਂ ਬੰਦ ਕਰਵਾਵੇ। ਗੁਰਦੁਆਰਿਆਂ ਦੇ ਨਾਮ ਜਾਤਾਂ ਦੇ ਅਧਾਰ `ਤੇ ਰੱਖਣ ਦੇ ਰੁਝਾਨ ਨੂੰ ਬੰਦ ਕਰਵਾਏ ਅਤੇ ਰੱਖੇ ਗਏ ਨਾਵਾਂ ਨੂੰ ਬਦਲਣ ਲਈ ਹੁਕਮ ਜਾਰੀ ਕਰੇ। ਸ਼੍ਰੋਮਣੀ ਕਮੇਟੀ ਹਰ ਵਰ੍ਹੇ ਦੋ ਵਾਰੀ ਇਜਲਾਸ ਸੱਦੇ ਅਤੇ ਇਹ ਇੱਕ ਹਫਤੇ ਦਾ ਹੋਵੇ। ਉਸ ਸਮੇਂ ਹਰੇਕ ਮੈਂਬਰ ਨੂੰ ਵਿਚਾਰ ਰੱਖਣ ਦਾ ਮੌਕਾ ਦਿਤਾ ਜਾਵੇ ਅਤੇ ਹਰੇਕ ਮੈਂਬਰ ਤੋਂ ਆਪਣੇ ਹਲਕੇ ਵਿੱਚ ਧਰਮ ਪ੍ਰਚਾਰ ਲਈ ਕੀਤੀਆਂ ਸਰਗਰਮੀਆਂ ਦਾ ਲੇਖਾ-ਜੋਖਾ ਲਵੇ। ਸਵੇਰੇ-ਸ਼ਾਮ ਨਿੱਤਨੇਮ ਵੇਲੇ ਗੁਰੁਦਆਰਿਆਂ ਵਿੱਚ ਬਾਹਰਲੇ ਸਪੀਕਰਾਂ ਰਾਹੀਂ ਹੋ ਰਹੇ ਅਵਾਜ਼ ਪ੍ਰਦੂਸ਼ਣ ਨੂੰ ਬੰਦ ਕਰਵਾਏ। ਸਿਰਫ ਹੁਕਮਨਾਮਾ ਹੀ ਬਾਹਰਲੇ ਸਪੀਕਰਾਂ ਰਾਹੀਂ ਸੁਣਾਇਆ ਜਾਵੇ। ਜਾਂ ਕਥਾ ਅਤੇ ਵਿਆਖਿਆ ਦੇ ਵਿਸ਼ੇਸ਼ ਪ੍ਰੋਗਰਾਮ ਹੀ ਸੁਣਾਏ ਜਾਣੇ ਜਰੂਰੀ ਹੋਣ।
ਕੀ ਇਹਨਾਂ ਕਾਰਜ਼ਾਂ ਨੂੰ ਸੰਪੂਰਨ ਕਰਨ ਲਈ ਨਵੀਂ ਬਣੀ ਕਮੇਟੀ ਅਤੇ ਇਸ ਦੇ ਮੈਂਬਰਾਂ ਤੋਂ ਆਸ ਕੀਤੀ ਜਾ ਸਕਦੀ ਹੈ? ਕੀ ਚੁਣੇ ਗਏ ਮੈਂਬਰ ਗੁਰੂ ਸਾਹਿਬਾਨ ਦਾ ਡਰ ਮੰਨ ਕੇ ਇਹ ਸਾਰੇ ਕੰਮ ਕਰਨਗੇ? ਕੀ ਉਹ ਗੁਰਬਾਣੀ ਦੇ ਅਨੁਸਾਰ ਆਪ ਅਤੇ ਪੂਰੇ ਪਰਿਵਾਰ ਨੂੰ ਗੁਰਮਤਿ ਦੇ ਧਾਰਨੀ ਬਨਾਉਣਗੇ? ਅਗਰ ਸਾਰੇ ਚੁਣੇ ਗਏ ਮੈਂਬਰ ਜੇ ਪੂਰੀ ਨਿਸ਼ਕਾਮਤਾ, ਸੁਹਿਰਦਤਾ, ਨਿਰੋਲ ਪੰਥ ਦਰਦ, ਨਿਸੁਆਰਥ, ਨਿਰਪੱਖਤਾ ਅਤੇ ਇਮਾਨਦਾਰੀ ਨਾਲ ਪੂਰੀ ਯੋਜਨਾ ਸਹਿਤ ਇਸ ਧਾਰਮਿਕ ਕਮੇਟੀ ਵਿੱਚ ਰਹਿ ਕੇ ਇਹ ਕੰਮ ਕਰਨ ਤਾਂ ਜਰੂਰ ਸਿੱਖ ਧਰਮ ਅਤੇ ਸਿੱਖ ਸਭਿਆਚਾਰ ਵਿੱਚ ਇਨਕਲਾਬ ਆ ਜਾਵੇਗਾ। ਨਹੀਂ ਤਾਂ ਸਿੱਖ ਆਪਣੇ ਆਪ ਨੂੰ ਨਿਗਲੇ ਜਾਣ ਤੋਂ ਨਹੀਂ ਬਚਾ ਸਕੇਗਾ।
ਪਿੰਡ ਮਾਨਾਂਵਾਲੀ ਡਾਕ: ਚਾਚੋਕੀ (ਫਾਗਵਾੜਾ)
ਮੋਬਾਇਲ: 88728-54500




.