.

“ਤਿਨਾੑ ਸਵਾਰੇ ਨਾਨਕਾ

ਜਿਨੑ ਕਉ ਨਦਰਿ ਕਰੇ”

(ਭਾਗ 6)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਨੰਬਰਵਾਰ ਇਸ ਤੋਂ ਪਹਿਲੇ ਪੰਜੇ ਭਾਗ ਜ਼ਰੂਰ ਪੜੋ ਜੀ)

“ਖਰੇ ਖਜਾਨੈ ਪਾਈਅਹਿ, ਖੋਟੇ ਸਟੀਅਹਿ ਬਾਹਰ ਵਾਰਿ” (ਪੰ: ੧੪੩) - ਹੁਣ ਤੱਕ ਦੀ ਵਿਚਾਰ ਤੋਂ ਸਪਸ਼ਟ ਹੋ ਚੁੱਕਾ ਹੈ ਕਿ ਗੁਰਬਾਣੀ ਆਧਾਰ `ਤੇ ਮਨੁੱਖਾ ਜੂਨ ਸਮੇਂ, ਮਨੁੱਖ ਦੇ ਸੁਆਸ, ਕੇਵਲ ਮਨੁੱਖ ਦੇ ਜ਼ਿੰਦਗੀ ਲਈ ਹੀ ਨਹੀਂ ਬਲਕਿ ਇਸ ਪੱਖੋਂ ਵੀ ਬਹੁਮੁਲੇ ਹੁੰਦੇ ਹਨ ਕਿ ਇਨ੍ਹਾਂ ਸੁਆਸਾਂ ਦੀ ਸੁਵਰਤੋਂ ਅਥਵਾ ਕੁਵਰਤੋਂ `ਤੇ ਮਨੁੱਖਾ ਜਨਮ ਦੀ ਸਫ਼ਲਤਾ ਅਥਵਾ ਅਸਫ਼ਲਤਾ ਦਾ ਦਾਰੋਮਦਾਰ ਵੀ ਹੈ। ਮਨੁੱਖਾ ਜਨਮ ਸਮੇਂ ਹਰੇਕ ਸੁਆਸ, ਜੀਵ ਰਾਹੀਂ ਆਪਣੇ ਅਸਲੇ ਪ੍ਰਭੂ ਦੇ ਮਿਲਾਪ ਲਈ ਪੂੰਜੀ ਹੈ। “ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ” (ਪੰ: ੧੦੪੨) ਅਨੁਸਾਰ ਇਸ ਜਨਮ ਸਮੇਂ ਕਰਤੇ ਦੇ ਨਿਆਂ `ਚ ਮਨੁੱਖ ਦੇ ਸੁਆਸ ਸੁਆਸ ਤੇ ਪਲ ਪਲ ਦਾ ਹਿਸਾਬ ਵੀ ਨਾਲੋ ਨਾਲ ਹੁੰਦਾ ਹੈ। ਉਪ੍ਰੰਤ ਇਸੇ ਤੋਂ ਇਸਦੇ ਜੀਵਨ ਦਾ ਵਾਧਾ ਘਾਟਾ ਵੀ ਚਲਦਾ ਹੈ। ਉਸੇ ਦਾ ਨਤੀਜਾ ਹੁੰਦਾ ਹੈ ਜੋ “ਖਰੇ ਖਜਾਨੈ ਪਾਈਅਹਿ, ਖੋਟੇ ਸਟੀਅਹਿ ਬਾਹਰ ਵਾਰਿ” (ਪੰ: ੧੪੩) ਭਾਵ ਕਰਤੇ ਦੇ ਨਿਆਂ `ਚ ਸਫ਼ਲ ਜੀਵਨ ਪ੍ਰਭੂ `ਚ ਸਮਾ ਜਾਂਦੇ ਹਨ। ਉਹ ਮੁੜ ਜਨਮ ਮਰਣ ਤੇ ਭਿੰਨ ਭਿੰਨ ਜੂਨਾਂ `ਚ ਨਹੀਂ ਆਉਂਦੇ ਜਦਕਿ ਅਸਫ਼ਲ ਜੀਵਨ ਫ਼ਿਰ ਤੋਂ ਜਨਮ ਮਰਣ ਦੇ ਚੱਕਰ ਅਤੇ ਭਿੰਨ ਭਿੰਨ ਜੂਨਾਂ ਦੇ ਗੇੜ `ਚ ਹੀ ਪਾ ਦਿੱਤੇ ਜਾਂਦੇ ਹਨ।

ਇਸ ਦੇ ਬਾਵਜੂਦ ਆਪਣੇ ਆਪ ਨੂੰ ਗੁਰਬਾਣੀ-ਗੁਰੂ ਦੇ ਸਿੱਖ ਅਖਵਾਉਣ ਵਾਲੇ ਵੀ ਕੁੱਝ ਸੱਜਨ ਜੇਕਰ ਅਜੇ ਵੀ ਇਸ ਸੋਚਣੀ ਦਾ ਸ਼ਿਕਾਰ ਹੋਣ ਕਿ ‘ਮੌਤ ਸਮੇਂ’ ਅਥਵਾ ‘ਅੰਤ ਸਮੇਂ’ ਮਨੁੱਖ ਦੀ ਜੋ ਸੋਚ ਹੁੰਦੀ ਹੈ, ਮਨੁੱਖ ਨੂੰ ਮੌਤ ਤੋਂ ਬਾਅਦ ਉਸੇ ਤਰ੍ਹਾਂ ਦੀ ਜੂਨ ਮਿਲਦੀ ਹੈ।

ਤਾਂ ਤੇ ਯਕੀਨਣ ਇਹੀ ਕਹਿਣਾ ਪਵੇਗਾ ਕਿ ਉਨ੍ਹਾਂ ਨੇ ਇਸ ਬਾਰੇ ਗੁਰਬਾਣੀ ਸਿਧਾਂਤ ਨੂੰ ਗੁਰਬਾਣੀ `ਚੋਂ ਕਦੇ ਸਮਝਣ ਦਾ ਯਤਨ ਹੀ ਨਹੀਂ ਕੀਤਾ। ਜਦਕਿ ਗੁਰਬਾਣੀ ਅਨੁਸਾਰ ਜੂਨਾਂ ਵਾਲਾ ਵਿਸ਼ਾ ਵੀ ਬ੍ਰਾਹਮਣੀ ਵਿਚਾਰਧਾਰਾ ਅਨੁਸਾਰ, ਜੀਵ ਦਾ ਸਦਾ ਲਈ ਕਿਸੇ ਮਹਾਕਾਲ ਦੇ ਅਧੀਨ, ਕਾਲਚਕਰ `ਚ ਫਸੇ ਰਹਿਣਾ ਨਹੀਂ, ਬਿਲਕੁਲ ਵੱਖਰਾ ਤੇ ਨਿਵੇਕਲਾ ਹੈ। ਇਥੇ ਤਾਂ ਬਿਰਥਾ ਜਨਮ ਹੋਣ ਦੀ ਸੂਰਤ `ਚ ਹੀ ਮੁੜ ਜੂਨਾਂ ਦੇ ਗੇੜ੍ਹ `ਚ ਪੈਣਾ ਪੈਂਦਾ ਹੈ ਨਹੀਂ ਤਾਂ ਜੀਵਨ ਦੇ ਸਫ਼ਲ ਹੋਣ ਦੀ ਸੂਰਤ `ਚ, ਕਰਤੇ `ਚ ਹੀ ਅਭੇਦ ਹੋ ਜਾਣਾ ਹੈ। ਜਦਕਿ ਬ੍ਰਾਹਮਣ ਮੱਤ ਅਨੁਸਾਰ ਤਾਂ ਪ੍ਰਭੂ `ਚ ਅਭੇਦ ਹੋਣ ਵਾਲਾ ਵਿਸ਼ਾ, ਹੈ ਹੀ ਨਹੀਂ। ਇਸ ਲਈ ਇਥੇ ਮਨੁੱਖ ਦੇ ‘ਅੰਤ ਕਾਲ’ ਵਾਲਾ ਅਣਮੱਤੀ ਸਿਧਾਂਤ ਵੀ ਲਾਗੂ ਨਹੀਂ ਹੁੰਦਾ। ਇਥੇ ਤਾਂ ਸਾਰਾ ਵਿਸ਼ਾ ਹੀ ਮਨੁੱਖਾ ਜਨਮ ਦੇ ਸੁਆਸ ਸੁਆਸ ਦੀ ਚੰਗੀ ਅਥਵਾ ਮਾੜੀ ਕਮਾਈ ਨਾਲ ਸਬੰਧਤ ਹੈ। ਇਥੇ ਕਰਮਾ ਦਾ ਲੇਖਾ ਜੋਖਾ ਵੀ ਬ੍ਰਾਹਮਣੀ ਤੇ ਗਰੁੜ ਪੁਰਾਨ ਵਾਲਾ ਨਹੀਂ ਬਲਕਿ ਗੁਰਬਾਣੀ ਅਨੁਸਾਰ ਹੀ ਹੁੰਦਾ ਹੈ।

ਕਿਉਂਕਿ ਗੁਰਮੱਤ ਅਨੁਸਾਰ, ਮਨੁੱਖਾ ਜਨਮ ਸਮੇਂ, ਜੀਵਨ ਦੇ ਸੁਆਸ ਸੁਆਸ ਤੇ ਪਲ ਪਲ ਦਾ ਲੇਖਾ ਤੇ ਉਸ ਦਾ ਵਾਧਾ ਘਾਟਾ ਨਾਲੋ ਨਾਲ ਚਲਦਾ ਹੈ। ਇਹੀ ਕਾਰਨ ਹੈ ਕਿ ਕਲ ਤੱਕ ਮਾਨਸ ਤੱਲ ਖਾਣੇ ਭੀਲਾਂ ਦੇ ਸਰਦਾਰ ਕੌਡੇ ਨੇ, ਗੁਰੂ ਨਾਨਕ ਪਾਤਸ਼ਾਹ ਦੀ ਬਖ਼ਸ਼ਿਸ਼ ਸਦਕਾ ਸਿੱਖੀ ਜੀਵਨ ਤੇ ਸਿੱਖ ਧਰਮ ਦੇ ਪ੍ਰਚਾਰਕ ਵਾਲੇ ਉੱਚਤਮ ਰੁਤਬੇ ਨੂੰ ਵੀ ਇਸੇ ਜਨਮ `ਚ ਪ੍ਰਾਪਤ ਕਰ ਲਿਆ। ਗੁਰੂ ਨਾਨਕ ਪਾਤਸ਼ਾਹ ਦੀ ਬਖ਼ਸ਼ਿਸ਼ ਸਦਕਾ ਹੀ ਜਦੋਂ ਸ਼ਿਵਾ ਦੇ ਉਪਾਸ਼ਕ ਲਾਹੌਰ ਨਿਵਾਸੀ ਮਨਸੁਖ ਦਾ ਜੀਵਨ ਬਦਲ ਗਿਆ ਤਾਂ ਉਸੇ ਭਾਈ ਮਨਸੁਖ ਅੰਦਰ, ਲੰਕਾ ਦੇ ਰਾਜਾ ਸ਼ਿਵਨਾਭ ਤੱਕ ਨੂੰ ਵੀ ਵਰਤਾਂ ਆਦਿ ਤੋਂ ਹੋੜਣ ਤੇ ਫੋਕਟ ਕਰਮਕਾਂਡਾਂ ਤੋਂ ਸੁਚੇਤ ਕਰਣ ਵਾਲੀ ਜੁਰੱਤ ਆ ਗਈ। ਹੋਰ ਤਾਂ ਹੋਰ, ਕਲ ਤੱਕ ਸ਼ਿਵਾ ਦਾ ਪੁਜਾਰੀ ਮਨਸੁਖ ਇਸੇ ਜਨਮ `ਚ ਹੀ, ਕੇਵਲ ਜੀਵਨ ਤਬਦੀਲ ਹੋਣ ਬਾਅਦ, ਲਾਹੌਰ `ਚ ਨਿੱਤ ਤਿਆਰ ਹੋ ਰਹੀਆਂ ਗੁਰੂ ਕੀਆ ਸੰਗਤਾਂ ਲਈ ਗੁਰਮੱਤ ਦਾ ਵੱਡਾ ਪ੍ਰਚਾਰਕ ਤੇ ਭਾਈ ਮਨਸੁਖ ਵਜੋਂ ਪ੍ਰਗਟ ਹੋਇਆ।

ਇਸ ਤਰ੍ਹਾਂ ਭਾਈ ਮਨਸੁਖ ਦੇ ਮਨ `ਚ ਵੀ ਜੇਕਰ ਬ੍ਰਾਹਮਣੀ ‘ਅੰਤਕਾਲ’ ਵਾਲੇ ਵਿਸ਼ਵਾਸ ਹੀ ਅਟਕੇ ਰਹਿੰਦੇ ਤਾਂ ਉਸ ਦੇ ਜੀਵਨ `ਚ ਅਜਿਹੀ ਹੈਰਾਣਕੁਣ ਤਬਦੀਲੀ ਸੰਭਵ ਹੀ ਨਹੀਂ ਸੀ। ਇਹ ਤਾਂ ਕੇਵਲ ਦੋ ਮਿਸਾਲਾਂ ਹਨ ਵਰਨਾ “ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ” (ਭਾ: ਗੁ: ਵਾਰ ੧/੨੭) ਅਨੁਸਾਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਦਸਾਂ ਜਾਮਿਆਂ `ਚ ਕਿਤਣਿਆਂ ਦੇ ਜੀਵਨ ਬਦਲੇ ਤੇ ਉਨ੍ਹਾਂ ਦੇ ਜੀਵਨ `ਚ ਗੁਰਬਾਣੀ ਵਾਲਾ ਚਾਨਣ ਪ੍ਰਗਟ ਕੀਤਾ। ਬਲਕਿ ਗੁਰਬਾਣੀ ਵਾਲਾ ਸੱਚ ਅੱਜ ਤੱਕ ਵੀ ਕਿਤਣਿਆ ਦੇ ਜੀਵਨ ਬਦਲ ਚੁੱਕਾ ਹੈ ਤੇ ਸਦਾ ਬਦਲਦਾ ਰਵੇਗਾ, ਇਸ ਦਾ ਅੰਦਾਜ਼ਾ ਲਾਉਣਾ ਹੀ ਸੰਭਵ ਨਹੀਂ। ਇਸ ਸਭ ਇਸ ਲਈ ਹੋਇਆ ਕਿ ਮਨੁੱਖਾ ਜੀਵਨ ਦਾ ਲੇਖਾ ਜੋਖਾ ਤੇ ਵਾਧਾ ਘਾਟਾ, ਸੁਆਸ ਸੁਆਸ ਤੇ ਪਲ ਪਲ ਹੁੰਦਾ ਹੈ।

“ਨਾਨਕ ਏਵ ਨ ਜਾਪਈ, ਕਿਥੈ ਜਾਇ ਸਮਾਹਿ” - ਸਰੀਰ ਤਿਆਗਣ ਬਾਅਦ ਮਨੁੱਖ ਦਾ ਕੀ ਹੋਇਆ ਤੇ ਉਹ ਕਿੱਥੇ ਗਿਆ। ਪ੍ਰਭੂ `ਚ ਅਭੇਦ ਹੋਇਆ ਜਾਂ ਜਨਮ ਬਿਰਥਾ ਕਰਕੇ ਮੁੜ ਜੂਨਾਂ ਦੇ ਗੇੜ੍ਹ `ਚ ਪਾ ਦਿੱਤਾ ਗਿਆ। “ਵਡੀ ਵਡਿਆਈ ਜਾ ਸਚੁ ਨਿਆਉ” (ਪੰ: ੪੬੩) ਗੁਰਮੱਤ ਅਨੁਸਾਰ ਇਹ ਵਿਸ਼ਾ ਹੀ ਪ੍ਰਭੂ ਦੇ ਨਿਆਂ ਵਾਲਾ ਹੈ। ਗੁਰਬਾਣੀ ਅਨੁਸਾਰ ਤਾਂ “ਨਾਨਕ ਏਵ ਨ ਜਾਪਈ, ਕਿਥੈ ਜਾਇ ਸਮਾਹਿ” (ਪੰ: ੬੪੮) ਅਥਵਾ ਨਾਨਕ “ਜਿਨਿ ਕਰਤੈ ਕਾਰਣੁ ਕੀਆ, ਸੋ ਜਾਣੈ ਕਰਤਾਰੁ” (ਪੰ: ੪੬੬) ਅਨੁਸਾਰ ਇਹ ਫ਼ੈਸਲਾ ਮਨੁੱਖ ਦੇ ਹੱਥ `ਚ ਹੈ ਹੀ ਨਹੀਂ।

ਇਸ ਲਈ ਇਹ ਕਿਵੇਂ ਸੰਭਵ ਹੈ ਕਿ ਗੁਰਬਾਣੀ `ਚ ਪ੍ਰਵਾਣਤ ਕਿਸੇ ਵੀ ਰਚਨਾ `ਚ, ਬੇਸ਼ਕ ਉਹ ਰਚਨਾ ਕਿਸੇ ਭਗਤ ਦੀ ਹੋਵੇ, ਉਥੇ ਗੁਰਬਾਣੀ ਸਿਧਾਂਤ ਵਿਰੁਧ ਗੱਲ ਕੀਤੀ ਗਈ ਹੋਵੇ। ਉਥੇ ਅਜਿਹੇ ਫ਼ੈਸਲੇ ਦਿੱਤੇ ਹੋਣ ਕਿ ਮਰਨ ਤੋਂ ਬਾਅਦ ਕੋਈ ਕਿੱਥੇ ਜਾਂਦਾ ਜਾਂ ਕਿੱਥੇ ਗਿਆ ਹੈ। ਜਿਵੇਂ ਕਿ ਸਾਡੇ ਹੀ ਕੁੱਝ ਵਿਦਵਾਨ, ਭਗਤ ਤ੍ਰਿਲੋਚਨ ਜੀ ਦੇ ਰਾਗ ਗੂਜਰੀ ਵਿਚਲੇ ਇੱਕ ਸ਼ਬਦ “ਅੰਤਿ ਕਾਲਿ ਜੋ ਲਛਮੀ ਸਿਮਰੈ. .” ਦੇ ਅਰਥਾਂ ਦਾ ਅਨਰਥ ਕਰਕੇ, ਗੁਰਮੱਤ ਸਿਧਾਂਤ ਵਿਰੁਧ ਬ੍ਰਾਹਮਣੀ ਅਰਥ ਪੇਸ਼ ਕਰਦੇ ਹਨ।

ਇਸ ਤਰ੍ਹਾਂ ਕਿਸੇ ਰਾਹੀਂ ਇਹ ਠੇਕਾ ਲੈ ਲੈਣਾ ਕਿ ਮੌਤ ਸਮੇਂ ਕਿਸੇ ਦੀ ਜੋ ਸੋਚ ਹੋਵੇਗੀ, ਮੌਤ ਤੋਂ ਬਾਅਦ ਉਸ ਨੂੰ ਇਹ ਜਾਂ ਉਹ ਜੂਨ ਮਿਲੇਗੀ, ਇਹ ਗੁਰਮੱਤ ਵਿਰੁਧ ਹੈ। ਬਲਕਿ ਇਹ ਨਿਰੋਲ ਪੌਰਾਣਕ ਅਥਵਾ ਬ੍ਰਾਹਮਣੀ ਵਿਸ਼ਵਾਸ ਹਨ ਜਿਨ੍ਹਾਂ ਦਾ ਗੁਰਮੱਤ ਨਾਲ ਕੁੱਝ ਵੀ ਲੈਣਾ ਦੇਣਾ ਨਹੀਂ। ਜਦਕਿ ਵਾਇਦੇ ਮੁਤਾਬਕ ਫ਼ਿਰ ਵੀ ਸਬੰਧਤ ਸ਼ਬਦ ਦੇ ਅਰਥ ਭਾਵ ਨੂੰ ਹੱਥਲੇ ਗੁਰਮੱਤ ਪਾਠ ` ਵੀ ਕੁੱਝ ਸਪਸ਼ਟ ਕਰਾਂਗੇ।

“ਅੰਤਿ ਕਾਲਿ ਨਾਰਾਇਣੁ ਸਿਮਰੈ” - ਦਰਅਸਲ ਭਗਤ ਜੀ ਦੇ ਅੰਤ ਕਾਲ ਵਾਲੇ ਸ਼ਬਦ `ਚ ਵੀ ਭਗਤ ਜੀ ਵੱਲੋਂ ਉਹ ਵੇਰਵਾ, ਇਨ੍ਹਾਂ ਬ੍ਰਾਹਮਣੀ ਵਿਸ਼ਵਾਸਾਂ ਨੂੰ ਕੱਟਣ ਤੇ ਬਦਲੇ `ਚ ਗੁਰਮੱਤ ਸਿਧਾਂਤ ਨੂੰ ਪ੍ਰਗਟ ਕਰਣ ਲਈ ਹੀ ਹੈ। ਉਥੇ ਅੰਤ ਕਾਲਵਾਲੀ ਗੱਲ ਕੇਵਲ ‘ਉਸ਼ਟ ਲਸ਼ਟਿਕਾ ਪ੍ਰਮਾਣ’ ਵਜੋਂ ਹੈ; ਜਿਸਦੀ ਪਹਿਚਾਣ ਕਰਣ ਦੀ ਲੋੜ ਹੈ। ਬਲਕਿ ਉਥੇ ਤਾਂ ਫ਼ੈਸਲੇ ਵਾਲੇ ਅੰਤਮ ਬੰਦ `ਚ ਵੀ ਸਪਸ਼ਟ ਕੀਤਾ ਹੋਇਆ ਹੈ “ਅੰਤਿ ਕਾਲਿ ਨਾਰਾਇਣੁ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ” ਅਤੇ ਉਸੇ ਸ਼ਬਦ ਦੇਰਹਾਉਵਾਲੇ ਬੰਦ ` ਵੀ ਇਹੀ ਸੇਧ ਤੇ ਅਜਿਹਾ ਭਾਵ ਹੈ ਕਿ “ਵਾ ਕੇ ਰਿਦੈ ਬਸੈ” ਜਿਹੜਾ ਤਾਂ ਹੀ ਸੰਭਵ ਹੈ ਜਦੋਂ “ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ॥ ਰਹਾਉ॥” ਭਾਵ ਜਦੋਂ ਮਨੁੱਖ ਜੀਵਨ ਭਰ ਆਪਣੀ ਸੁਰਤ ਨੂੰ ਕਰਤੇ ਪ੍ਰਭੂ ਨਾਲ ਜੋੜ ਕੇ ਰਖੇ, ਨਾ ਕਿ ਕੇਵਲ ‘ਅੰਤ ਕਾਲ’ ਅਥਵਾ ‘ਅੰਤ ਸਮੇਂ’ ਹੀ। ਇਸ ਲਈ ਸਾਡੇ ਅਜਿਹੇ ਪ੍ਰਚਾਰਕ, ਜਿਨ੍ਹਾਂ ਰਾਹੀਂ ਉਸ ਸ਼ਬਦ ਦੇ ਬ੍ਰਾਹਮਣੀ ਅਰਥ ਕੀਤੇ ਜਾ ਰਹੇ ਹਨ, ਲੋੜ ਹੈ ਉਹ ਲੋਕ ਆਪਣੀ ਤਿਆਰੀ ਨੂੰ ਇਸ ਪੱਖੋਂ ਗੁਰਬਾਣੀ ਸਿਧਾਂਤ ਦੀ ਕਸਵਟੀ `ਤੇ ਘੋਖਣ ਤੇ ਸੁਚੇਤ ਹੋਣ ਤਾ ਕਿ ਨਾ ਖੁਦ ਗੁਮਰਾਹ ਹੋਣ ਤੇ ਨਾ ਹੀ ਸੰਗਤਾਂ ਨੂੰ ਗੁਮਰਾਹ ਕਰਣ ਦਾ ਕਾਰਨ ਬਣਨ।

“ਅੰਤਕਾਲ ਕੈਸੇ ਹਰਿਨਾਮ ਲਿਵ ਲਾਈਐ” - ਦਰਅਸਲ ਭਗਤ ਜੀ ਆਪਣੇ ਅੰਤ ਕਾਲਵਾਲੇ ਸ਼ਬਦ ਰਾਹੀਂ ਵੀ ਗੁਰਮੱਤ ਸਿਧਾਂਤ ਨੂੰ ਹੀ ਪ੍ਰਗਟ ਕੀਤਾ ਹੈ। ਬਲਕਿ ਉਸ ਅੰਤਕਾਲ ਵਾਲੇ ਸ਼ਬਦ ਰਾਹੀਂ ਭਗਤ ਜੀ ਵੀ ਅੰਤ ਕਾਲ ਵਾਲੇ ਬ੍ਰਾਹਮਣੀ ਵਿਸ਼ਵਾਸ ਨੂੰ ਹੀ ਕੱਟ ਰਹੇ ਹਨ, ਉਸ ਦੀ ਪ੍ਰੌੜਤਾ ਨਹੀਂ ਕਰ ਰਹੇ। ਉਥੇ ਭਗਤ ਜੀ “ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ” ਅਤੇ ਅੰਤਮ ਫ਼ੈਸਲਾਕੁਣ ਬੰਦ `ਚ “ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ” ਵਾਲੀ ਸ਼ਬਦਾਵਲੀ ਰਾਹੀਂ ਜੇਤੇ ਸਾਸ ਸਾਸ ਹਮ ਲੇਤੇ, ਤੇਤੇ ਹੀ ਗੁਣ ਗਾਇਆ॥ ਨਿਮਖ ਬਿਛੁਰੈ, ਘਰੀ ਬਿਸਰੈ, ਸਦ ਸੰਗੇ ਜਤ ਜਾਇਆ(ਪੰ: ੧੨੧੨) ਵਾਲੇ ਪ੍ਰਮਾਣ ਵਾਂਗ, ਗੁਰਮੱਤ ਸਿਧਾਂਤ ਨੂੰ ਹੀ ਪੱਕਾ ਕਰ ਰਹੇ ਹਨ ਜਿਸ ਲਈ ਗੁਰਬਾਣੀ `ਚ ਹੌਰ ਵੀ ਬੇਅੰਤ ਪ੍ਰਮਾਣ ਤੇ ਚੇਤਾਵਣੀਆਂ ਹਨ

ਉਸ ਸ਼ਬਦ `ਚ ਭਗਤ ਜੀ ਵੀ ਇਹੀ ਦੱਸ ਰਹੇ ਹਨ ਕਿ ਮਨੁੱਖਾ ਜਨਮ ਪ੍ਰਭੂ ਮਿਲਾਪ ਲਈ ਵਿਸ਼ੇਸ਼ ਅਵਸਰ ਹੈ ਤੇ ਮਨੁੱਖ ਨੇ ਇਸ ਦੀ ਸੁਆਸ ਸੁਆਸ ਸੰਭਾਲ ਕਰਣੀ ਹੈ। ਭਗਤ ਜੀ ਵੀ ਆਪਣੇ ਉਸ ‘ਅੰਤ ਕਾਲ’ ਵਾਲੇ ਸ਼ਬਦ `ਚ, ਇਹੀ ਕਹਿ ਰਹੇ ਹਨ, ਪਰ ਨਿਵੇਕਲੇ ਢੰਗ ਨਾਲ। ਫ਼ੁਰਮਾਅ ਇਹੀ ਰਹੇ ਹਨ “ਇਕੁ ਤਿਲੁ ਪਿਆਰਾ ਵਿਸਰੈ, ਦੁਖੁ ਲਾਗੈ ਸੁਖੁ ਜਾਇ॥ ਜਿਹਵਾ ਜਲਉ ਜਲਾਵਣੀ ਨਾਮੁ ਨ ਜਪੈ ਰਸਾਇ॥ ਘਟੁ ਬਿਨਸੈ ਦੁਖੁ ਅਗਲੋ ਜਮੁ ਪਕੜੈ ਪਛੁਤਾਇ” (ਪੰ: ੫੯) ਅਤੇ “ਉਪਜੈ ਪਚੈ ਹਰਿ ਬੂਝੈ ਨਾਹੀ॥ ਅਨਦਿਨੁ ਦੂਜੈ ਭਾਇ ਫਿਰਾਹੀ॥ ਮਨਮੁਖ ਜਨਮੁ ਗਇਆ ਹੈ ਬਿਰਥਾ, ਅੰਤਿ ਗਇਆ ਪਛੁਤਾਵਣਿਆ” (ਪੰ: ੧੨੮)।

ਇਸ ਦੇ ਸਪਸ਼ਟ ਅਰਥ ਭਾਵ ਹਨ ਕਿ ਮਨੁਖਾ ਜਨਮ ਦਾ ਸੁਆਸ ਸੁਆਸ ਪ੍ਰਭੂ ਮਿਲਾਪ ਤੇ ਮਨੁੱਖਾ ਜਨਮ ਦੀ ਸੰਭਾਲ ਲਈ ਅਮੁਲਾ ਹੈ। ਇਸ ਲਈ ਚੇਤੇ ਰਖ ਕਿ ਅੰਤਕਾਲ ਤਾਂ ਤੇਰੇ `ਤੇ ਉਹੀ ਸੰਸਕਾਰ ਭਾਰੂ ਹੋਣ ਗੇ ਜਿਸ ਤਰ੍ਹਾਂ ਦੀ ਤੂੰ ਜੀਵਨ ਭਰ ਕਮਾਈ ਕਰੇਂਗਾ। ਇਸ ਲਈ ਤੂੰ ਜੀਵਨ ਭਰ, ਅਸਲੇ ਪ੍ਰਭੂ ਨਾਲ ਚਿੱਤ ਨੂੰ ਜੋੜ ਕੇ ਰਖ, ਤਾ ਕਿ ਤੇਰੀ ਅੰਤ ਕਾਲ ਵਾਲੀ ਸੋਚਣੀ ਅਨੁਸਾਰ ਵੀ ਅੰਤ ਸਮੇਂ ਤੇਰਾ ਚਿੱਤ ਕਰਤੇ `ਚ ਹੀ ਹੋਵੇ। ਇਸੇ ਤੋਂ ਮੌਤ ਤੋਂ ਬਾਅਦ ਤੇਰੇ ਲਈ ਬਾਕੀ ਜੂਨਾਂ ਵਾਲੀ ਗੱਲ ਹੀ ਮੁੱਕ ਜਾਵੇਗੀ ਤੇ ਆਪਣੇ ਆਪ ਤੇਰਾ ਮਿਲਾਪ ਪ੍ਰਭੂ ਨਾਲ ਹੀ ਹੋ ਜਾਵੇਗਾ। ਉਹ ਵੀ ਤਾਂ ਜੇਕਰ “ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ” ਅਤੇ ਇਥੇ ਵੀ ਕਿਹਾ ਹੈ “ਇਕੁ ਤਿਲੁ ਪਿਆਰਾ ਵਿਸਰੈ, ਦੁਖੁ ਲਾਗੈ, ਸੁਖੁ ਜਾਇ” ਫ਼ਰਕ ਹੈ ਤਾਂ ਸ਼ਬਦਾਵਲੀ `ਚ, ਅਰਥਾਂ `ਚ ਨਹੀਂ। ਇਸ ਤਰ੍ਹਾਂ ਭਗਤ ਜੀ ਵੀ ਉਸ ਅੰਤਕਾਲ ਵਾਲੇ ਸ਼ਬਦ `ਚ ਇਹੀ ਕਹਿ ਰਹੇ ਹਨ, ਪਰ ਆਪਣੇ ਲਫ਼ਜ਼ਾਂ `ਚ ਕਿ “ਅੰਤਿ ਕਾਲਿ ਪਛੁਤਾਸੀ ਅੰਧੁਲੇ, ਜਾ ਜਮਿ ਪਕੜਿ ਚਲਾਇਆ” (ਪੰ: ੭੬) ਭਾਵ ਐ ਮਨੁੱਖ! ਜੇ ਤੂੰ ਜੀਵਨ ਭਰ ਵਿਕਾਰਾਂ `ਚ ਹੀ ਡੁੱਬਾ ਰਿਹਾ ਤਾਂ ਅੰਤ ਕਾਲ ਤਾਂ ਪਛਤਾਏਂਗਾ ਹੀ ਬਲਕਿ ਮੌਤ ਤੋਂ ਬਾਅਦ ਵੀ “ਜਮਿ ਪਕੜਿ ਚਲਾਇਆ” ਅਨੁਸਾਰ ਮੁੜ ਜਨਮ ਮਰਣ ਦੇ ਗੇੜ੍ਹ `ਚ ਹੀ ਪਾ ਦਿੱਤਾ ਜਾਵੇਗਾ।

ਭਾਈ ਗੁਰਦਾਸ ਜੀ ਵੀ “ਅੰਤਿ ਕਾਲਿ” ਵਾਲੇ ਪ੍ਰਚਲਤ ਵਿਸ਼ਵਾਸ ਨੂੰ ਆਪਣੇ ਕਬਿਤ ਨੰ: ੪੯੫ `ਚ ਕੁੱਝ ਮਿਸਾਲਾਂ ਸਹਿਤ ਇਸ ਤਰ੍ਹਾਂ ਕੱਟਦੇ ਹਨ। ਉਨ੍ਹਾਂ ਦੇ ਸ਼ਬਦਾਂ `ਚ, “ਜੈਸੇ ਘਰਿ ਲਾਗੈ ਆਗਿ ਜਾਗਿ ਕੂਆ ਖੋਦੀਓ ਚਾਹੈ॥ ਕਾਰਜ ਨ ਸਿਧਿ ਹੋਇ ਰੋਇ ਪਛੁਤਾਈਐ। ਜੈਸੇ ਤਉ ਸੰਗ੍ਰਾਮ ਸਮੈ ਸੀਖਿਓ ਚਾਹੈ ਬੀਰ ਬਿਦਿਆ॥ ਅਨਿਥਾ ਉਦਮ ਜੈਤ ਪਦਵੀ ਨ ਪਾਈਐ। ਜੈਸੇ ਨਿਸਿ ਸੋਵਤ ਸੰਘਾਤੀ ਚਲਿ ਜਾਤਿ ਪਾਛੇ॥ ਭੋਰ ਭਏ ਭਾਰ ਬਾਧ ਚਲੇ ਕਤ ਜਾਈਐ। ਤੈਸੇ ਮਾਇਆ ਧੰਧ ਅੰਧ ਅਵਿਧ ਬਿਹਾਇ ਜਾਇ॥ ਅੰਤਕਾਲ ਕੈਸੇ ਹਰਿਨਾਮ ਲਿਵ ਲਾਈਐ” (ਭਾ: ਗੁ: )। ਇਸ ਤਰ੍ਹਾਂ ਜੇ ਕੋਈ ਸੋਚੇ ਕਿ ਜ਼ਿੰਦਗੀ ਨੂੰ ਤਾਂ ਕਿਵੇਂ ਵੀ ਬਿਤਾਅ ਦੇਵੀਏ ਤੇ ਬੁਢਾਪੇ `ਚ ਪੁੱਜ ਕੇ (ਅੰਤ ਸਮੇਂ) ਪ੍ਰਭੂ ਭਗਤੀ ਕਰ ਲਵਾਂਗੇ ਤਾਂ ਇਹ ਗੁਰਮੱਤ ਸਿਧਾਂਤ ਨਹੀਂ।

ਇਹੀ ਨਹੀਂ, ਕਈ ਵਾਰ ਤਾਂ ਲੋਕ ਇਹ ਕਹਿੰਦੇ ਵੀ ਸੁਨੇ ਜਾਂਦੇ ਹਨ “ਅਜੇ ਤਾਂ ਸਾਰੀ ਉਮਰ ਪਈ ਹੈ…. ਅਜੇ ਤਾਂ ਸਾਡੀ ਖੇਡਣ ਦੀ ਉਮਰ ਹੈ…. ਅਜੇ ਤਾਂ ਖਾਣ ਕਮਾਉਣ ਦੀ ਉਮਰ ਹੈ … ਅਜੇ ਪ੍ਰਵਾਰਕ ਰੁਝੇਵੇਂ ਬਹੁਤ ਹਨ. . ਆਦਿ” ਇਸ ਲਈ ਪ੍ਰਭੂ ਭਗਤੀ ਤਾਂ ਅੰਤ ਸਮੇਂ ਵੀ ਕਰ ਲਵਾਂਗੇ। ਜਦਕਿ ਗੁਰਮੱਤ ਅਜਿਹੇ ਵਿਸ਼ਵਾਸਾਂ ਨੂੰ ਕੱਟਦੀ ਹੈ ਤੇ ਮਨੁੱਖਾ ਜਨਮ ਦੇ ਪਲ ਪਲ ਦੀ ਸੰਭਾਲ ਲਈ ਚੇਤਾਵਣੀ ਦਿੰਦੀ ਹੈ।

“ਬਾਰੇ ਬੂਢੇ ਤਰੁਨੇ ਭਈਆ” - ਦਰਅਸਲ ਅਜਿਹੇ ਵਿਸ਼ਵਾਸ ਵੀ ਵਰਣ ਆਸ਼੍ਰਮ ਵਾਲੇ ਵਿਸ਼ਵਾਸਾਂ ਦੀ ਹੀ ਦੇਣ ਹਨ। ਅਜਿਹੇ ਵਿਸ਼ਵਾਸ, ਜਿਨ੍ਹਾਂ ਅਨੁਸਾਰ ਕੁਲ ਉਮਰ ਸੌ ਸਾਲ ਮਿਥ ਲਈ ਗਈ। ਉਨ੍ਹਾਂ ਸੌ ਸਾਲਾਂ `ਚੋਂ ਪੰਜੀ ਸਾਲ ਬਚਪਣ, ਛਬੀ ਤੋਂ ਪੰਜਾਹ ਦੀ ਉਮਰ ਗ੍ਰਿਹਸਥ ਆਸ਼ਰਮ, ਇਕਵੰਜਾ ਤੋਂ ਪੰਜ੍ਹਤਰ ਦੀ ਉਮਰ ਘਰ-ਪ੍ਰਵਾਰ ਵਸਾਉਣਾ, ਉਪ੍ਰੰਤ ਛੇਹਤਰ ਤੋਂ ਸੌ ਸਾਲ ਦੀ ਉਮਰ ਬਾਣਪ੍ਰਸਤ ਆਸ਼੍ਰਮ ਭਾਵ ਜੰਗਲਾਂ `ਚ ਜਾਣਾ ਤੇ ਬੈਰਾਗੀ, ਸਨਿਆਸੀ ਆਦਿ ਬਣ ਕੇ ਪ੍ਰਭੂ ਭਗਤੀ ਕਰਣਾ। ਜਦਕਿ ਗੁਰਮੱਤ ਅਜਿਹੇ ਸਾਰੇ ਵਿਸ਼ਵਾਸਾਂ ਦਾ ਪੂਰੀ ਤਰ੍ਹਾਂ ਵਿਰੋਧ ਕਰਦੀ ਹੈ।

ਗੁਰਮੱਤ ਸਾਫ਼ ਕਰਦੀ ਹੈ ਕਿ ਐ ਮਨੁੱਖ! ਤੇਰੀ ਕਿਤਨੀ ਉਮਰ ਹੈ ਇਹ ਵਿਸ਼ਾ ਤੇਰਾ ਨਹੀਂ। ਇਹ ਤਾਂ ਕਰਤੇ ਦੀ ਖੇਡ ਹੈ ਕਿ “ਬਾਰੇ ਬੂਢੇ ਤਰੁਨੇ ਭਈਆ, ਸਭਹੂ ਜਮੁ ਲੈ ਜਈਹੈ ਰੇ॥ ਮਾਨਸੁ ਬਪੁਰਾ ਮੂਸਾ ਕੀਨੋ, ਮੀਚੁ ਬਿਲਈਆ ਖਈ ਹੈ ਰੇ(ਪੰ: ੮੫੫) ਇਸ ਤਰ੍ਹਾਂ ਪ੍ਰਭੂ ਜਦੋਂ ਚਾਹੇ, ਕਿਸੇ ਦੀ ਉਮਰ ਮੁਕਾਅ ਦੇਵੇ। ਇਹ ਵਿਸ਼ਾ ਮਨੁੱਖ ਦੇ ਹੱਥ `ਚ ਹੈ ਹੀ ਨਹੀਂ। ਇਸ ਸਬੰਧ `ਚ ਇਹ ਵੀ ਦੇਖ ਚੁੱਕੇ ਹਾਂ ਕਿ ਬੁਢਾਪੇ ਦੀ ਉਡੀਕ ਬਾਰੇ ਅਜਿਹੇ ਵਿਸ਼ਵਾਸਾਂ ਦਾ ਕੇਵਲ ਫ਼ਰੀਦ ਸਾਹਿਬ ਦੇ ਸ਼ਬਦ “ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ॥ ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ” ਰਾਹੀਂ ਹੀ ਵਿਰੋਧ ਨਹੀਂ ਕੀਤਾ ਗਿਆ ਬਲਕਿ ਗੁਰਬਾਣੀ ਵਿਚਲੇ ਅਨੇਕਾਂ ਸ਼ਬਦਾਂ ਰਾਹੀਂ ਅਜਿਹੇ ਫ਼ੋਕਟ ਵਿਸ਼ਵਾਸਾਂ ਦਾ ਖੰਡਣ ਕੀਤਾ ਗਿਆ ਹੈ ਤੇ ਮਨੁੱਖ ਨੂੰ ਜੀਵਨ ਦੇ ਪਲ ਪਲ ਦੀ ਸੰਭਾਲ ਲਈ ਸੁਚੇਤ ਕੀਤਾ ਗਿਆ ਹੈ। .

ਗੁਰਬਾਣੀ `ਚ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਵਾਰੀ, ਇਸ ਅਮੁਲੇ ਜਨਮ ਨੂੰ ਬਿਰਥਾ ਕਰਣ ਦੀ ਸੂਰਤ `ਚ, ਹੋਣ ਵਾਲੇ ਨੁਕਸਾਨ ਪ੍ਰਤੀ ਵੀ ਸਪਸ਼ਟ ਤੇ ਸੁਚੇਤ ਕੀਤਾ ਗਿਆ ਹੈ। ਕਿਹਾ ਹੈ ਐ ਭਾਈ! ਇਸ ਜਨਮ ਨੂੰ ਬਿਰਥਾ ਕਰਣ ਤੋਂ ਬਾਅਦ ਤੈਨੂੰ ਫ਼ਿਰ ਤੋਂ ਜੂਨਾਂ-ਜਨਮਾਂ ਦੇ ਗੇੜ੍ਹ `ਚ ਹੀ ਪੈਣਾ ਪਵੇਗਾ। ਇਸ ਦੇ ਲਈ ਹੀ ਬੇਅੰਤ ਵਾਰੀ ਸਪਸ਼ਟ ਕੀਤਾ ਜਿਵੇਂ “ਮਨਿ ਅੰਧੈ ਜਨਮੁ ਗਵਾਇਆ” (ਪੰ: 464) ਅਤੇ “ਮੂਰਖ ਸਚੁ ਨ ਜਾਣਨੀੑ ਮਨਮੁਖੀ ਜਨਮੁ ਗਵਾਇਆ॥ ਵਿਚਿ ਦੁਨੀਆ ਕਾਹੇ ਆਇਆ” (ਪੰ: ੪੬੭) ਅਥਵਾ “ਨਾ ਮਰਜਾਦੁ ਆਇਆ ਕਲਿ ਭੀਤਰਿ, ਬਾਹੁੜਿ ਜਾਸੀ ਨਾਗਾ” (ਪੰ: ੭੪) ਭਾਵ ਐ ਭਾਈ! ਤੇਰੇ ਸੰਸਾਰ `ਚ ਆਉਣ ਦਾ ਕਾਰਨ ਵੀ ਇਹੀ ਸੀ ਕਿ ਤੂੰ ਪਿਛਲਾ ਮਨੁੱਖਾ ਜਨਮ ਬਿਰਥਾ ਕਰ ਦਿੱਤਾ ਸੀ। ਉਸੇ ਤਰ੍ਹਾਂ ਤੂੰ ਇਸ ਅਮੁਲੇ ਮਨੁੱਖਾ ਜਨਮ ਦੀ ਵੀ ਪਛਾਣ ਨਾ ਕਰਣ ਕਰਕੇ, ਇਸ ਨੂੰ ਵੀ ਬਿਰਥਾ ਕਰਕੇ ਖਾਲੀ ਹੱਥ ਚਲਾ ਜਾਵੇਂਗਾ ਭਾਵ ਫ਼ਿਰ ਜਨਮ ਮਰਣ ਦੇ ਗੇੜ੍ਹ `ਚ ਪਵੇਂਗਾ। ਹੋਰ ਬਿਨੁ ਸਤਿਗੁਰ ਸੇਵੇ ਜਗਤੁ ਮੁਆ ਬਿਰਥਾ ਜਨਮੁ ਗਵਾਇ॥ ਦੂਜੈ ਭਾਇ ਅਤਿ ਦੁਖੁ ਲਗਾ, ਮਰਿ ਜੰਮੈ ਆਵੈ ਜਾਇ॥ ਵਿਸਟਾ ਅੰਦਰਿ ਵਾਸੁ ਹੈ, ਫਿਰਿ ਫਿਰਿ ਜੂਨੀ ਪਾਇ॥ ਨਾਨਕ ਬਿਨੁ ਨਾਵੈ ਜਮੁ ਮਾਰਸੀ, ਅੰਤਿ ਗਇਆ ਪਛੁਤਾਇ (ਪੰ: ੫੯੧) ਬਿਨੁ ਨਾਵੈ ਜਮੁ ਮਾਰਸੀਦੇ ਅਰਥ ਹਨ ਕਿ ਤੈਨੂੰ ਮੁੜ ਜਨਮ ਮਰਣ ਵਾਲਾ ਗੇੜ੍ਹ ਹੀ ਪਵੇਗਾ। ਅਥਵਾ ਸਤਿਗੁਰੁ ਜਿਨੀ ਸੇਵਿਓ ਸੇ ਕਿਤੁ ਆਏ ਸੰਸਾਰਿ॥ ਜਮ ਦਰਿ ਬਧੇ ਮਾਰੀਅਹਿ ਕੂਕ ਸੁਣੈ ਪੂਕਾਰ॥ ਬਿਰਥਾ ਜਨਮੁ ਗਵਾਇਆ ਮਰਿ ਜੰਮਹਿ ਵਾਰੋ ਵਾਰ(ਪੰ: ੬੯) ਜਦਕਿ ਇਸ ਵਿਸ਼ੇ `ਤੇ ਹੋਰ ਬੇਅੰਤ ਗੁਰਬਾਣੀ ਪ੍ਰਮਾਣ ਦਿੱਤੇ ਜਾ ਸਕਦੇ ਹਨ।

ਦਿਅਨਤਦਾਰੀ ਨਾਲ ਸਮਝਣ ਦਾ ਜੱਤਣ ਕੀਤਾ ਜਾਵੇ ਤਾਂ ਭਗਤ ਜੀ ਵੀ ਆਪਣੇ ਉਸ ‘ਅੰਤ ਕਾਲ’ ਸ਼ਬਦ `ਚ, ਆਪਣੇ ਢੰਗ ਨਾਲ ਇਸੇ ਗੁਰਬਾਣੀ ਸਿਧਾਂਤ ਨੂੰ ਹੀ ਦ੍ਰਿੜ ਕਰਵਾ ਰਹੇ ਹਨ। ਉਹ ਵੀ ਇਹੀ ਕਹਿ ਰਹੇ ਹਨ ਕਿ “ਅੰਤਿ ਕਾਲਿ ਪਛੁਤਾਸੀ ਅੰਧੁਲੇ, ਜਾ ਜਮਿ ਪਕੜਿ ਚਲਾਇਆ” (ਪੰ: ੭੬) ਅਤੇ ਉਹ ਵੀ ਕਹਿ ਰਹੇ ਹਨ “ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ” ਭਾਵ ਹੇ ਭੈਣੇ! ਤੈਨੂੰ ਪ੍ਰਭੂ ਦਾ ਨਾਮ ਕਦੇ ਨਾ ਵਿਸਰੇ, ਦੂਜੇ ਲਫ਼ਜ਼ਾਂ `ਚ ਤੇ ਭਗਤ ਜੀ ਵੀ ਆਪਣੇ ਢੰਗ ਨਾਲ ਉਸ ਅੰਤ ਕਾਲ’ ਵਾਲੇ ਪ੍ਰਚਲਤ ਬ੍ਰਾਹਮਣੀ ਵਿਸ਼ਵਾਸ ਨੂੰ ਹੀ ਕੱਟ ਰਹੇ ਹਨ।

ਭਗਤ ਜੀ ਵੀ ਕਹਿ ਰਹੇ ਹਨ, ਐ ਭਾਈ! ਤੂੰ ਆਪ ਕਹਿੰਦਾ ਹੈਂ ਕਿ ਅੰਤ ਸਮੇਂ (ਅੰਤਕਾਲ) ਮਨੁੱਖ ਦੀ ਜੋ ਸੋਚ ਹੁੰਦੀ ਹੈ ਉਸ ਮੁਤਾਬਕ ਹੀ ਮੌਤ ਤੋਂ ਬਾਅਦ ਉਸ ਨੂੰ ਵੇਸ਼ਵਾ, ਸੱਪ, ਸੂਰ, ਪ੍ਰੇਤ ਆਦਿ ਜੂਨਾਂ ਮਿਲਦੀਆਂ ਹਨ। ਜਦਕਿ ਇਹ ਵੀ ਸੱਚ ਹੈ ਕਿ ਅੰਤ ਸਮੇਂ ਮਨੁੱਖ ਦੀ ਸੋਚ ਅਚਾਨਕ ਤਿਆਰ ਨਹੀਂ ਹੁੰਦੀ। ਉਸ ਸਮੇਂ ਮਨੁੱਖ ਦੀ ਸੋਚ ਉਹੀ ਹੋਵੇਗੀ ਜਿਸ ਤਰ੍ਹਾਂ ਦੇ ਉਸਦੇ ਜੀਵਨ ਭਰ ਦੇ ਸੰਸਕਾਰ ਹੋਣਗੇ। ਇਸ ਲਈ ਚੇਤੇ ਰਖ! ਕਰਤਾਰ ਨੇ ਤੈਨੂੰ ਮਨੁੱਖਾ ਜਨਮ ਬਖ਼ਸ਼ਿਆ ਹੀ ਇਸ ਲਈ ਹੈ ਕਿ ਤੂੰ ਇਸ ਦੀ ਸੰਭਾਲ ਕਰੇਂ ਤੇ ਜੀਊਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਵੇਂ ਅਤੇ ਤੈਨੂੰ ਜੂਨਾ ਵਾਲੇ ਗੇੜ੍ਹ `ਚ ਪੈਣਾ ਹੀ ਨਾ ਪਵੇ। ਇਸ ਲਈ ਤੂੰ ਸੁਆਸ ਸੁਆਸ, ਪ੍ਰਭੂ ਦੀ ਯਾਦ `ਚ ਆਪਣੇ ਜਨਮ ਦੀ ਸੰਭਾਲ ਕਰ। ਇਸੇ ਤੋਂ ਅੰਤਸਮੇਂ (ਅੰਤਕਾਲ) ਤੇਰੇ ਚੇਤੇ `ਚ ਵੀ ਕਰਤਾ ਹੀ ਹੋਵੇਗਾ। ਇਸ ਤਰ੍ਹਾਂ ਮੌਤ ਤੋਂ ਬਾਅਦ ਤੈਨੂੰ ਵੇਸ਼ਿਆ, ਸਪ, ਸੂਰ, ਪ੍ਰੇਤ ਆਦਿ ਦੀਆਂ ਜੂਨਾਂ `ਚ ਭਟਲਣਾ ਨਹੀਂ ਪਵੇਗਾ, ਤੂੰ ਕਰਤੇ `ਚ ਹੀ ਅਭੇਦ ਹੋ ਜਾਵੇਂਗਾ।

“ਅੰਤਿ ਕਾਲਿ ਨਾਰਾਇਣੁ ਸਿਮਰੈ” -ਵਿਸ਼ੇ ਦੀ ਸਮਾਪਤੀ `ਤੇ ਪੁੱਜ ਕੇ ਰਾਗ ਗੂਜਰੀ, ਪੰਨਾ ੧੨੬ ਤੋਂ ਅਸੀਂ ਭਗਤ ਤ੍ਰਲੋਚਨ ਜੀ ਦਾ ਉਹ ਸ਼ਬਦ ਵੀ ਲੈਣਾ ਜ਼ਰੂਰੀ ਸਮਝਦੇ ਹਾਂ ਜਿਸ ਬਾਰੇ ਇਸ ਗੁਰਮੱਤ ਪਾਠ `ਚ, ਬੇਸ਼ਕ ਪ੍ਰਮਾਣ ਵਜੋਂ ਹੀ ਸਹੀ ਪਰ ਕਾਫ਼ੀ ਹੱਦ ਤੱਕ ਵਿਚਾਰ ਹੋ ਚੁੱਕੀ ਹੈ। ਤਾਂ ਤੇ ਉਹ ਸ਼ਬਦ ਹੈ “ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਸਰਪ ਜੋਨਿ ਵਲਿ ਵਲਿ ਅਉਤਰੈ॥ ੧ ॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ॥ ਰਹਾਉ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬੇਸਵਾ ਜੋਨਿ ਵਲਿ ਵਲਿ ਅਉਤਰੈ॥ ੨ ॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਸੂਕਰ ਜੋਨਿ ਵਲਿ ਵਲਿ ਅਉਤਰੈ॥ ੩ ॥ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ॥ ੪ ॥ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥ ੫ ॥ ੨ ॥” ਇਸ ਲਈ ਚਲਦੇ ਵਿਸ਼ੇ ਦੇ ਨਾਲ ਨਾਲ ਇਸ ਸ਼ਬਦ ਨੂੰ ਪਹਿਚਾਨਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਤਾ ਕਿ ਪੂਰੀ ਤਰ੍ਹਾਂ ਗੱਲ ਸਮਝ `ਚ ਆ ਸਕੇ।

ਉਹ ਵੀ ਇਸ ਲਈ ਵੀ ਕਿ ਇਹ ਸ਼ਬਦ, ਗੁਰਬਾਣੀ ਦੇ ਉਨ੍ਹਾਂ ਗਿਣੇ ਚੁਣੇ ਸ਼ਬਦਾਂ `ਚੋਂ ਹੀ ਇੱਕ ਸ਼ਬਦ ਹੈ ਜਿਨ੍ਹਾਂ ਸ਼ਬਦਾਂ ਬਾਰੇ ਸਾਡੇ ਬਹੁਤੇ ਵਿਦਵਨਾਂ ਨੇ ਬਹੁਤ ਹੀ ਗ਼ਲਤ ਤੇ ਗੁਰਮੱਤ ਸਿਧਾਂਤ ਵਿਰੁਧ ਅਰਥ ਕੀਤੇ ਹਨ ਤੇ ਅੱਜ ਵੀ ਕਰ ਰਹੇ ਹਨ। ਇਸ ਦੇ ਨਾਲ ਇਹ ਵੀ ਕਹਿਣਾ ਪਵੇਗਾ, ਜੇਕਰ ਸਾਡੇ ਕਿਸੇ ਵਿਦਵਾਨ ਨੇ ਇਸ ਸ਼ਬਦ ਦੇ ਸਿਧਾਂਤਕ ਅਰਥ ਕੀਤੇ ਹਨ ਤਾਂ ਉਹ ਕੇਵਲ ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਿਟੀ ਪ੍ਰੋ: ਸਾਹਿਬ ਸਿੰਘ ਜੀ ਹੀ ਹਨ। ਜਦਕਿ ਉਥੇ ਵੀ ਇਹ ਸ਼ਬਦ ਕੁੱਝ ਹੋਰ ਨਿਖਾਰ ਮੰਗਦਾ ਹੈ ਤਾ ਕਿ ਸ਼ਬਦ ਦਾ ਪੂਰਾ ਲਾਹਾ ਲਿਆ ਜਾ ਸਕੇ। ਉਸ ਬਾਰੇ ਇਤਨੀ ਸਪਸ਼ਟ ਵਿਚਾਰ ਹੋ ਜਾਣ ਤੋਂ ਬਾਅਦ ਇਹ ਵੀ ਠੀਕ ਹੈ ਕਿ ਉਸ ਸ਼ਬਦ ਦੇ ਇਥੇ ਅੱਖਰ ਅੱਖਰ ਅਰਥਾਂ ਦੀ ਲੋੜ ਨਹੀਂ ਅਤੇ ਲੋੜ ਅਨੁਸਾਰ ਵਿਸ਼ੇ ਨੂੰ ਖੌਲਣ ਦਾ ਯਤਣ ਕੀਤਾ ਹੀ ਜਾ ਚੁੱਕਾ ਹੈ। ਇਸ ਤੋਂ ਬਾਅਦ ਜਦੋਂ ਚਲਦੇ ਗੁਰਮੱਤ ਪਾਠ ਦਾ ਇਸ ਸ਼ਬਦ ਨਾਲ ਸੁਭਾਵਕ ਤੌਰ `ਤੇ ਪ੍ਰਮਾਣ ਵੱਜੋਂ ਸਬੰਧ ਜੁੜ ਹੀ ਗਿਆ ਤਾਂ ਭਗਤ ਜੀ ਦੇ ‘ਅੰਤ ਕਾਲ’ ਵਾਲੇ ਇਸ ਸ਼ਬਦ ਦੇ ਸਬੰਧ `ਚ ਕੁੱਝ ਹੋਰ ਨੁੱਕਤੇ ਵੀ ਖਾਸ ਧਿਆਣ ਮੰਗਦੇ ਹਨ ਜੋ ਇਸ ਤਰ੍ਹਾਂ ਹਨ:-

(੧) “ਇਕਾ ਬਾਣੀ ਇਕੁ ਗੁਰੁ ਸਬਦੁ ਵੀਚਾਰਿ” - ਗੁਰਦੇਵ ਦਾ ਫ਼ੈਸਲਾ ਹੈ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਬੇਸ਼ਕ ਛੇ ਗੁਰੂ ਪਾਤਸ਼ਾਹੀਆਂ, ੧੫ ਭਗਤਾਂ, ੧੧ ਭੱਟਾਂ ਤੇ ਤਿੰਨ ਸਿੱਖਾਂ ਭਾਵ ਪੈਂਤੀ ਲਿਖਾਰੀਆਂ ਦੀ ਬਾਣੀ ਦਰਜ ਹੈ। ਫ਼ਿਰ ਇਨ੍ਹਾਂ ਪੈਂਤੀ ਲਿਖਾਰੀਆਂ `ਚੋਂ ਚਾਹੇ ਕੋਈ ਵੀ ਰਚਨਾ ਤੇ ਚਾਹੇ ਕਿਸੇ ਲਿਖਾਰੀ ਦੀ ਵੀ ਕਿਉਂ ਨਾ ਹੋਵੇ; ਤੋਂ ਤਨੁ ਮਨੁ ਥੀਵੈ ਹਰਿਆਤੱਕ ਸੰਪੂਰਣ ਗੁਰਬਾਣੀ `ਚ “ਇਕਾ ਬਾਣੀ ਇਕੁ ਗੁਰੁ ਸਬਦੁ ਵੀਚਾਰਿ” (ਪੰ: ੬੪੬) ਅਨੁਸਾਰ ਇਕੋ ਜੀਵਨ ਸੇਧ, ਇਕੋ ਇਲਾਹੀ ਗੁਰੂ ਤੇ ਇਕੋ ਅਕਾਲਪੁਰਖ ਨਾਲ ਮਿਲਾਉਣ ਵਾਲਾ ਸਿਧਾਂਤ ਕੰਮ ਕਰ ਰਿਹਾ ਹੈ। ਇਸ ਲਈ ਇਹ ਸੰਭਵ ਹੀ ਨਹੀਂ ਕਿ ਗੁਰਬਾਣੀ `ਚ ਕਿਧਰੇ ਤੇ ਕੋਈ ਵੀ ਸਵੈ-ਵਿਰੋਧੀ ਰਚਨਾ ਅੰਕਿਤ ਹੋਈ ਹੋਵੇ ਜੋ ਗੁਰਬਾਣੀ ਦੇ ਕਿਸੇ ਵੀ ਸਿਧਾਂਤ ਤੋਂ ਬਾਹਿਰ ਜਾਂਦੀ ਹੋਵੇ।

(੨) “ਅੰਤਿ ਕਾਲਿ ਜੋ ਲੜਿਕੇ ਸਿਮਰੈ” - “ਅੰਤਿ ਕਾਲਿ” ਵਾਲੇ ਸਬੰਧਤ ਸ਼ਬਦ ਵਿਚਲੇ ਅਨਮੱਤੀ ਵਿਸ਼ਵਾਸਾਂ ਵਾਲੇ ਚਾਰਾਂ ਬੰਦਾ `ਚ ਪ੍ਰਗਟਾਏ ਵਿਸ਼ਵਾਸ, ਨਿਰੋਲ ਬ੍ਰਾਹਮਣੀ ਵਿਸ਼ਵਾਸ ਹਨ। ਉਹ ਭਗਤ ਜੀ ਦੇ ਆਪਣੇ ਵਿਸ਼ਵਾਸ ਨਹੀਂ ਹਨ। ਇਸ ਸਚਾਈ ਦੇ ਹੋਰ ਅਕੱਟ ਸਬੂਤ ਵੀ ਇਸ ਸ਼ਬਦ `ਚੋਂ ਹੀ ਮਿਲਦੇ ਹਨ। ਇਨ੍ਹਾਂ ਬੰਦਾਂ `ਚੋਂ ਸ਼ਬਦ ਵਿਚਲੀ ਪੰਕਤੀ “ਅੰਤਿ ਕਾਲਿ ਜੋ ਲੜਿਕੇ ਸਿਮਰੈ” `ਤੇ ਖਾਸ ਧਿਆਣ ਦੇਣ ਦੀ ਲੋੜ ਹੈ। ਇਥੇ ਅੰਤ ਸਮੇਂਨਾਲ ਸਬੰਧਤ ਜੋ ਗੱਲ ਵੀ ਕੀਤੀ ਹੈ ਤਾਂ ਉਹ ਵੀ ਕੇਵਲ ਲੜਕੇ ਦੀ, ਨਾ ਕਿ ਲੜਕੀ ਦੀ। ਕਿਉਂਕਿ ਬ੍ਰਾਹਮਣ ਮੱਤ ਅਨੁਸਾਰ ਪ੍ਰਵਾਰ `ਚ ਜੋ ਦਰਜਾ ਲੜਕੇ ਦਾ ਹੈ, ਉਹ ਲੜਕੀ ਜਾਂ ਬੇਟੀ ਦਾ ਕਦੇ ਵੀ ਨਹੀਂ।

ਬ੍ਰਾਹਮਣ ਮੱਤ `ਚ ਬੇਟੀ, ਕੇਵਨ ਦਾਨ ਦੀ ਵਸਤੁ ਹੈ। ਉਸ ਦਾ ਵਿਆਹ ਨਹੀਂ ਬਲਕਿ, ‘ਕਨਿਆਂ ਦਾਨ’ ਹੁੰਦਾ ਹੈ। ਜੰਜੂ ਦਾ ਹੱਕ ਵੀ ਲੜਕੇ ਨੂੰ ਹੈ, ਲੜਕੀ ਜਾਂ ਅਖਉਤੀ ਸ਼ੂਦਰ ਨੂੰ ਨਹੀਂ। ਭਈਆ ਦੂਜ, ਕਰਵਾਚੌਥ ਆਦਿ ਤਿਉਹਾਰਾਂ ਰਾਹੀਂ, ਵੀਰ ਤੇ ਪਤੀ ਦੇ ਰੂਪ `ਚ ਕਾਮਨਾ ਕੇਵਲ ਪੁਰਸ਼ ਵਰਗ ਦੀ ਲੰਮੀ ਉਮਰ ਦੀ ਹੀ ਕੀਤੀ ਜਾਂਦੀ ਹੈ, ਇਸਤ੍ਰੀ ਵਰਗ `ਚੋਂ ਕਿਸੇ ਦੀ ਨਹੀਂ। ਉਥੇ ਇੱਕ ਵੀ ਅਜਿਹਾ ਤਿਉਹਾਰ ਨਹੀਂ ਜਦੋਂ ਇਸਤ੍ਰੀ ਵਰਗ `ਚੋਂ ਭੈਣ, ਬੇਟੀ, ਪਤਨੀ ਆਦਿ ਕਿਸੇ ਦੀ ਵੀ ਲੰਮੀ ਉਮਰ ਦੀ ਕਾਮਨਾ ਕੀਤੀ ਗਈ ਹੋਵੇ। ਵਿਧਵਾ ਆਡੰਬਰ, ਸਤੀ ਪ੍ਰਥਾ, ਦੇਵ ਦਾਸੀ ਪ੍ਰਥਾ, ਰਾਮਜ਼ਨੀ ਪ੍ਰਥਾ, ਦਹੇਜ ਪ੍ਰਥਾ, ਤੇ “ਸਿਹਜਾ ਨਾਰੀ ਭੂਮਿ ਦਾਨ” (ਪੰ: ੯੭੩) ਆਦਿ ਵੀ ਕੇਵਲ ਲੜਕੀਆਂ ਨਾਲ ਸਬੰਧਤ ਹਨ। ਆਪਣੇ ਆਪ ਨੂੰ ਪਤੀ ਬ੍ਰਤਾ ਸਾਬਤ ਕਰਣ ਲਈ ਬਾਰ ਬਾਰ ਅਗਨੀ ਪ੍ਰੀਖਿਆ ਸੀਤਾ ਲਈ ਜ਼ਰੂਰੀ ਸੀ, ਰਾਮ ਲਈ ਨਹੀਂ। ਪੁੱਤਰ ਦੀ ਪੈਦਾਇਸ਼ ਲਈ ਨਿਯੋਗ ਵਰਗੇ ਵਿਭਚਾਰ ਭਰਪੂਰ ਪ੍ਰਬੰਧ ਵੀ ਇਸੇ ਸਮਾਜ ਦੀ ਦੇਣ ਹਨ।

ਉਥੇ ਅਰਥੀ ਨੂੰ ਵੀ ਮੋਂਡਾ ਪੁਰਸ਼ ਵਰਗ ਹੀ ਦੇ ਸਕਦਾ ਹੈ। ਇਥੋਂ ਤੱਕ ਕਿ ਦੀਵਾ-ਵੱਟੀ ਤੇ ਹੋਰ ਜਿਨੇਂ ਵੀ ਪਿਤ੍ਰੀ ਕਰਮ ਦੱਸੇ ਹਨ, ਸਾਰਿਆ ਦਾ ਹੱਕ ਕੇਵਲ ਪੁਤ੍ਰ ਜਾਂ ਪੌਤ੍ਰ (ਪੁਰਸ਼ ਵਰਗ) ਨੂੰ ਹੈ। ਜਦਕਿ ਇਹ ਹੱਕ ਪੁਤ੍ਰੀ, ਪੁਤ੍ਰ ਵਧੂ (ਬਹੂ), ਮਾਂ, ਪਤਨੀ ਭਾਵ ਕਿਸੇ ਵੀ ਰੂਪ `ਚ, ਇਸਤ੍ਰੀ ਵਰਗ ਨੂੰ ਨਹੀਂ। ਇਸਤ੍ਰੀ ਵਰਗ ਲਈ ਅਬਲਾ, ਅਰਧੰਗਣੀ ਆਦਿ ‘ਵਧੀਆ’ ਸ਼ਬਦਾਵਲੀਆਂ ਵੀ ਇਥੇ ਹਨ। ਭੈਣ-ਭਾਈ ਦੇ ਪਿਆਰ ਦੇ ਨਾਂ `ਤੇ ਰਖੜੀ (ਰਕਸ਼ਾ ਬੰਧਨ) ਵਰਗੇ ਤਿਉਹਾਰ ਰਚ ਕੇ ਹਰ ਸਾਲ ਭੈਣ ਨੂੰ ਹੀ ਪੱਕਾ ਕਰਵਾਇਆ ਜਾਂਦਾ ਹੈ ਕਿ ਉਹ (ਇਸਤ੍ਰੀ ਵਰਗ) ਆਪਣੀ ਰਖਿਆ ਦੇ ਕਾਬਿਲ ਨਹੀਂ।

ਸਪਸ਼ਟ ਹੈ ਇਥੇ “ਅੰਤਿ ਕਾਲਿ ਜੋ ਲੜਿਕੇ ਸਿਮਰੈ” ਵਾਲੀ ਸ਼ਬਦਾਵਲੀ ਵੀ ਇਸੇ ਬ੍ਰਾਹਮਣੀ ਸੋਚ ਨੂੰ ਹੀ ਪ੍ਰਗਟ ਕਰ ਰਹੀ ਹੈ। ਠੀਕ ਉਸੇ ਤਰ੍ਹਾਂ, ਜਿਵੇਂ ਕਰਵਾਚੌਥ ਦੇ ਵਰਤ ਸਮੇਂ ਵੀ, ਸੁਹਾਗਣ ਭਾਵੇਂ ਉਮਰ ਦੇ ਆਖਿਰੀ ਸੁਆਸ ਗਿਣ ਰਹੀ ਹੋਵੇ ਜਾਂ ਜਿਸ ਨੇ ਬੇਸ਼ੱਕ ਨਸਬੰਦੀ ਆਦਿ ਵੀ ਕਰਵਾ ਰਖੀ ਹੋਵੇ ਪਰ ਉਸ ਲਈ ਵੀ ਬ੍ਰਾਹਮਣੀ ਵੱਲੋਂ ਜਵੰਦਾ ਝੋਲੀ ਪਾਇਆਵਾਲਾ ਵਰਦਾਨ ਹੁੰਦਾ ਹੈ, ਜਵੰਦੀ ਝੋਲੀ ਪਾਈਨਹੀ।

ਬਲਕਿ ਕਰਵਾ ਚੌਥ ਦੇ ਵਰਤ `ਚ ਗਹਿਰਾਈ ਨਾਲ ਦੇਖੋ ਤਾਂ “… ਕੱਤੀਂ ਨਾ ਅਟੇਰੀਂ ਨਾ, ਘੁੰਮ ਚਰਖੜਾ ਫੇਰੀ ਨਾ; ਵਾਹਣ ਪੈਰ ਪਾਈਂ ਨਾ, ਸੁੱਤੇ ਨੂੰ ਜਗਾਈਂ ਨਾ; ਰੁੱਸੇ ਨੂੰ ਮਨਾਈ ਨਾ, ਪਾਟੜਾ ਸੀਵੀਂ ਨਾ… ਕਰਵੜਾ ਵਟਾਇਆ, ਜਵੰਦਾ ਝੋਲੀ ਪਾਇਆ”। ਇਸ ਤਰ੍ਹਾਂ ਬਿਆ ਵਟਾਉਣ ਸਮੇਂ ਬ੍ਰਾਹਮਣੀ ਵਲੋਂ ਇਸ ਗੀਤ `ਚ ਵੀ ਪੱਤਨੀ ਨੂੰ ‘ਪਤੀ ਪ੍ਰਮੇਸ਼ਵਰ’ ਦੀ ਪੂਰੀ ਤਰ੍ਹਾਂ, ਦਾਸੀ ਬਨਾਉਣਾ ਹੀ ਹੈ। ਇਤਨਾ ਹੀ ਨਹੀਂ ਇਸੇ ਲੜੀ `ਚ ਜੇ ਬਾਕੀ ਬ੍ਰਾਹਮਣੀ ਰਸਮਾਂ, ਰੀਤਾਂ, ਪ੍ਰੰਪਰਾਵਾਂ ਨੂੰ ਗਿਨਣ ਲਗੋ ਤਾਂ ਵੀ ਅੰਤ ਨਹੀਂ। ਇਹ ਆਪਣੇ ਆਪ `ਚ ਸਬੂਤ ਹੈ ਕਿ ਭਗਤ ਜੀ ਇਸ ਸ਼ਬਦ `ਚ ਜਦੋਂ “ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ” ਵਾਲਾ ਗੁਰਮੱਤ ਸਿਧਾਂਤ ਪੇਸ਼ ਕਰਦੇ ਹੋਏ ਬਦਲੇ `ਚ ‘ਅੰਤ ਕਾਲ’ ਵਾਲੇ ਪ੍ਰਚਲਤ ਵਿਸ਼ਵਾਸਾਂ ਨੂੰ ਕੱਟਦੇ ਹਨ ਤਾਂ ਉਨ੍ਹਾਂ ਵਿਸ਼ਵਾਸਾਂ ਦੀ ਲੜੀ `ਚ ਲਫ਼ਜ਼ “ਅੰਤਿ ਕਾਲਿ ਜੋ ਲੜਿਕੇ ਸਿਮਰੈ” ਹੀ ਵਰਤਦੇ ਹਨ ਲੜਕੀ ਨਹੀਂ ਸਪਸ਼ਟ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਉਥੇ ਸਮਾਜ ਸਾਹਮਣੇ ਕਿਸ ਦੀ ਵਿਚਾਰਧਾਰਾ ਨੂੰ ਪੇਸ਼ ਕਰ ਰਹੇ ਹਨ?

(੩) “ਪ੍ਰੇਤ ਜੋਨਿ ਵਲਿ ਵਲਿ ਅਉਤਰੈ” - ਇਸੇ ਤਰ੍ਹਾਂ ਭਗਤ ਤ੍ਰਲੋਚਨ ਜੀ ਦੇ ਉਪ੍ਰੋਕਤ ‘ਅੰਤ ਕਾਲ’ ਵਾਲੇ ਸ਼ਬਦ ਵਿਚਲਾ ਬੰਦ “ਪ੍ਰੇਤ ਜੋਨਿ ਵਲਿ ਵਲਿ ਅਉਤਰੈ” ਵੀ “ਅੰਤਿ ਕਾਲਿ ਜੋ ਲੜਿਕੇ ਸਿਮਰੈ” ਵਾਲੇ ਬੰਦ ਵਾਂਗ, ਸ਼ਬਦ ਦੇ ਅਰਥਾਂ ਦੀ ਤਹਿ ਤੱਕ ਪੁੱਜਣ ਲਈ ਖ਼ਾਸ ਧਿਆਨ ਮੰਗਦਾ ਹੈ। ਇਥੇ ਵੀ ਭਗਤ ਜੀ ਨੇ ਜਦੋਂ ਵੇਸ਼ਿਆ, ਸੱਪ, ਲੜਕੇ ਦੀ ਜੂਨ ਦੀ ਗੱਲ ਕੀਤੀ ਤਾਂ ਉਥੇ ਪ੍ਰੇਤ ਜੂਨ ਦੀ ਗੱਲ ਵੀ ੁਨ੍ਹਾਂ ਨਾਲ ਹੀ ਕੀਤੀ।

ਜਦਕਿ ਗੁਰਮੱਤ ਰੂਹਾਂ, ਬਦਰੂਹਾਂ, ਭੂਤਾਂ ਪ੍ਰੇਤਾਂ ਦੀਆਂ ਜੂਨਾਂ ਨੂੰ ਹੀ ਨਕਾਰਦੀ ਹੈ। ਗੁਰਮੱਤ ਇਨ੍ਹਾਂ ਜੂਨਾਂ ਦੀ ਹੋਂਦ ਨੂੰ ਹੀ ਨਹੀਂ ਮੰਣਦੀ ਇਹ ਜੂਨਾਂ ਮੂਲੋਂ ਹੈਣ ਹੀ ਮਹਾਕਾਲ ਤੇ ਕਾਲਚਕਰ ਵਾਲੀਆਂ ਜੂਨਾਂ ਦੀ ਗਿਣਤੀ `ਚ ਜਿਥੇ ਜੀਵ ਅਨਾਦੀ ਹੈ ਤੇ ਪ੍ਰਭੂ `ਚ ਕਦੇ ਵੀ ਅਭੇਦ ਹੁੰਦਾ ਹੀ ਨਹੀ। ਬਲਕਿ ਉਹ ਮਹਾਕਾਲ ਤੇ ਕਾਲਚਕਰ ਜਿਸ `ਚ ਗੁਰਮਤ ਉੱਕਾ ਵਿਸ਼ਵਾਸ ਨਹੀਂ ਰਖਦੀ।

ਉਪ੍ਰੰਤ ਉਸੇ ਸ਼ਬਦ `ਚ ਭਗਤ ਜੀ ਵੀ, ਗੁਰਮੱਤ ਸਿਧਾਂਤ ਪੇਸ਼ ਕਰਣ ਸਮੇਂ ਜੋ ਸ਼ਬਦਾਵਲੀ ਵਰਤ ਰਹੇ ਹਨ ਉਹ ਹੈ “ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ” ਤੇ ਰਹਾਉ `ਚ ਵੀ “ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ”॥ ਰਹਾਉ॥” ਭਾਵ ਸਪਸ਼ਟ ਪ੍ਰਭੂ `ਚ ਅਭੇਦ ਹੋਣ ਵਾਲਾ ਵਿਸ਼ਾ।

ਭਗਤ ਤ੍ਰਿਲੋਚਨ ਜੀ ਤੇ ਗੁਰਮੱਤ? ਗੁਰਬਾਣੀ ਵਿਚਲੇ ੧੫ ਭਗਤਾਂ `ਚੋ ਹੀ ਇੱਕ ਤ੍ਰਿਲੋਚਨ ਜੀ ਵੀ ਹਨ। ਇਹ ਤਾਂ ਦੇਖ ਚੁੱਕੇ ਹਾਂ ਕਿ ਗੁਰਬਾਣੀ `ਚ “ਇਕਾ ਬਾਣੀ ਇਕੁ ਗੁਰੁ ਸਬਦੁ ਵੀਚਾਰਿ” (ਪੰ: ੬੪੬) ਵਾਲਾ ਸਿਧਾਂਤ ਕੰਮ ਕਰ ਰਿਹਾ ਹੈ। ਉਪ੍ਰੰਤ ਇਹ ਵੀ ਦੇਖਣਾ ਹੈ ਕਿ ਗੁਰਬਾਣੀ `ਚ ਇਨ੍ਹਾਂ ਦੇ ਚਾਰ ਸ਼ਬਦ ਆਏ ਹਨ ਜੋ ਇਸ ਤਰ੍ਹਾਂ ਹਨ। ਇੱਕ ਸ਼ਬਦ ਸਿਰੀਰਾਗੁ `ਚ “ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ, ਜਰਾ ਮਰਣੁ ਭਉ ਵਿਸਰਿ ਗਇਆ. .” (ਪੰ: ੯੨) ਦੋ ਸ਼ਬਦ ਰਾਗ ਗੂਜਰੀ `ਚ “ਅੰਤਰੁ ਮਲਿ ਨਿਰਮਲੁ ਨਹੀ ਕੀਨਾ, ਬਾਹਰਿ ਭੇਖ ਉਦਾਸੀ. .” (ਪੰ: ੫੨੫) ਤੇ “ਅੰਤਿ ਕਾਲਿ ਜੋ ਲਛਮੀ ਸਿਮਰੈ…” (ਪੰ: ੫੨੬)। ਉਪ੍ਰੰਤ ਚੌਥਾ ਸ਼ਬਦ, ਰਾਗ ਧਨਾਸਰੀ `ਚ “ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ…” (ਪੰ: ੬੯੫)।

ਧਿਆਣ ਰਹੇ ਕਿ ਭਗਤ ਤ੍ਰਿਲੋਚਨ ਜੀ ਬੰਗਾਲ ਨਿਵਾਸੀ ਤੇ ਜਨਮ ਦੇ ਬ੍ਰਾਹਮਣ ਸਨ। ਇਹੀ ਕਾਰਨ ਹੈ ਕਿ ਉਹ ਬ੍ਰਾਹਮਣੀ ਵਿਸ਼ਵਾਸਾਂ ਤੇ ਕਰਮਕਾਂਡਾਂ ਦੇ ਗਹਿਰਾਈ ਤੋਂ ਜਾਨੂੰ ਸਨ। ਇਸ ਤਰ੍ਹਾਂ “ਪੰਚਾ ਕਾ ਗੁਰੁ ਏਕੁ ਧਿਆਨੁ” (ਜਪੁ) ਅਨੁਸਾਰ ਜਦੋਂ ਆਪ ਜੀਵਨ ਦੀ ਸਫ਼ਲ ਅਵਸਥਾ ਨੂੰ ਪੁੱਜੇ ਤਾਂ ਆਪ ਨੇ ਵੀ ਕੱਚੇ ਬ੍ਰਾਹਮਣੀ ਵਿਸ਼ਵਾਸਾਂ ਤੇ ਕਰਮਕਾਂਡਾ ਦੇ ਖੋਖਲੇਪਣ ਨੂੰ ਪ੍ਰਗਟ ਕੀਤਾ। ਇਨ੍ਹਾਂ ਸ਼ਬਦਾਂ ਚੋਂ ਕੇਵਲ ਅੰਤ ਕਾਲ ਵਾਲਾ ਸ਼ਬਦ ਹੀ ਨਹੀਂ ਬਲਕਿ “ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ…” (ਪੰ: ੬੯੫) ਵਾਲਾ ਸ਼ਬਦ ਵੀ ਇਸੇ ਲੜੀ `ਚ ਹੈ। ਉਥੇ ਵੀ ਉਨ੍ਹਾਂ ਨੇ ਖੁੱਲ ਕੇ ਬ੍ਰਾਹਮਣੀ ਵਿਸ਼ਵਾਸਾਂ ਨੂੰ ਕੱਟਿਆ ਤੇ ਗੁਰਮੱਤ ਨੂੰ ਪ੍ਰਗਟ ਕੀਤਾ। ਜਦਕਿ ਬਾਕੀ ਸ਼ਬਦਾਂ `ਚ ਵੀ ਗੁਰਮੱਤ ਸਿਧਾਂਤ ਸਪਸ਼ਟ ਕੀਤੇ ਨਾ ਕਿ ਬ੍ਰਾਹਮਣੀ ਸਿਧਾਂਤਾਂ ਦੀ ਪ੍ਰੌੜਤਾ ਕੀਤੀ, ਜਿਵੇਂ ਕਿ ਅੰਤ ਕਾਲਵਾਲੇ ਸ਼ਬਦ ਬਾਰੇ ਕੁੱਝ ਲੋਕ ਅਜਿਹਾ ਗ਼ਲਤ ਪ੍ਰਚਾਰ ਕਰਦੇ ਹਨ।

“ਦਮਿ ਦਮਿ ਸਦਾ ਸਮਾਲਦਾ” -ਗੁਰਮੱਤ ਪਾਠ ਦੀ ਸਮਾਪਤੀ `ਤੇ ਅਸੀਂ ਫ਼ਿਰ ਇੱਕ ਵਾਰੀ ਇਸ ਗੁਰਮੱਤ ਪਾਠ ਦੇ ਅਰੰਭ ਵੱਲ ਪਰਤਦੇ ਹਾਂ, ਜਿੱਥੋਂ ਕਿ ਵਿਸ਼ੇ ਦਾ ਅਰੰਭ ਹੋਇਆ ਸੀ। ਸਪਸ਼ਟ ਹੈ ਕਿ ਮਨੁੱਖਾ ਜਨਮ ਦੌਰਾਨ, ਮਨੁੱਖ ਦਾ ਇੱਕ ਇੱਕ ਸੁਆਸ ਪ੍ਰਭੂ ਮਿਲਾਪ ਲਈ, ਕਰਤਾਰ ਵੱਲੋਂ ਜੀਵ ਪਾਸ ਕੀਮਤੀ ਪੂੰਜੀ ਹੈ। ਇਥੇ ਗੁਰਬਾਣੀ ਰਾਹੀਂ ਮਨੁੱਖ ਨੂੰ “ਸਾਸਿ ਸਾਸਿ ਸਿਮਰਉ ਪ੍ਰਭੁ ਅਪੁਨਾ, ਸੰਤ ਸੰਗਿ ਨਿਤ ਰਹੀਐ” (ਪੰ: ੫੩੩) ਵਾਲੀ ਪ੍ਰੇਰਣਾ ਮਿਲਦੀ ਹੈ। ਇਸੇ ਤਰ੍ਹਾਂ “ਜਾ ਕੋ ਨਾਮੁ ਲੈਤ ਤੂ ਸੁਖੀ॥ ਸਾਸਿ ਸਾਸਿ ਧਿਆਵਹੁ ਠਾਕੁਰ ਕਉ, ਮਨ ਤਨ ਜੀਅਰੇ ਮੁਖੀ” (ਪੰ: ੬੧੭) ਬਲਕਿ ਮਨੁੱਖ ਵੱਲੋਂ ਇਸ ਜਨਮ ਸਮੇਂ ਤਾਂ ਪ੍ਰਭੂ ਚਰਨਾਂ `ਚ ਅਰਦਾਸ ਹੁੰਦੀ ਹੈ ਕਿ “ਸਾ ਬੁਧਿ ਦੀਜੈ, ਜਿਤੁ ਵਿਸਰਹਿ ਨਾਹੀ॥ ਸਾ ਮਤਿ ਦੀਜੈ ਜਿਤੁ ਤੁਧੁ ਧਿਆਈ॥ ਸਾਸ ਸਾਸ ਤੇਰੇ ਗੁਣ ਗਾਵਾ, ਓਟ ਨਾਨਕ ਗੁਰ ਚਰਣਾ ਜੀਉ” (ਪੰ: ੧੦੦)। ਗੁਰਦੇਵ ਤਾਂ ਮਨੁੱਖ ਨੂੰ ਇਥੋਂ ਤੱਕ ਪੱਕਾ ਕਰਦੇ ਹਨ “ਦਮਿ ਦਮਿ ਸਦਾ ਸਮਾਲਦਾ, ਦੰਮੁ ਨ ਬਿਰਥਾ ਜਾਇ” ਅਤੇ ਉਸੇ ਦਾ ਨਤੀਜਾ ਹੋਵੇਗਾ “ਜਨਮ ਮਰਨ ਕਾ ਭਉ ਗਇਆ, ਜੀਵਨ ਪਦਵੀ ਪਾਇ” (ਪੰ: ੫੫੬)।

ਇਸ ਤਰ੍ਹਾਂ ਵਿਸ਼ੇ ਵੱਲ ਵਧਦੇ, ਹੱਥਲੇ ਗੁਰਮੱਤ ਪਾਠ ਨਾਲ, ਪ੍ਰਚਲਤ ਬ੍ਰਾਹਮਣੀ ਅਥਵਾ ਪੌਰਾਣਕ ਅੰਤ ਕਾਲਵਾਲੇ ਵਿਸ਼ਵਾਸ ਦਾ ਜੁੜ ਜਾਣਾ ਵੀ ਸੁਭਾਵਕ ਸੀ। ਇਹੀ ਨਹੀਂ, ਸ਼ਾਇਦ ਇਸ ਅੰਤ ਕਾਲ ਵਾਲੀ ਪ੍ਰਚਲਤ ਧਾਰਣਾ ਨੂੰ ਕੱਟਣ ਲਈ ਹੀ ਪਾਤਸ਼ਾਹ ਨੂੰ ਬਾਣੀ `ਚ ਉਚੇਚੇ ਤੌਰ `ਤੇ ਭਗਤ ਤ੍ਰਲੋਚਨ ਜੀ ਦੇ ਸ਼ਬਦ ਨੂੰ ਦੇਣ ਦੀ ਲੋੜ ਪਈ। ਨਹੀਂ ਤਾਂ ਭਗਤ ਜੀ ਦੇ ਇਸ ਸ਼ਬਦ ਤੋਂ ਇਲਾਵਾ ਗੁਰਬਾਣੀ `ਚ ਇੱਕ ਵੀ ਅਜਿਹਾ ਸ਼ਬਦ ਨਹੀਂ ਜਿੱਥੇ ਗੁਰਦੇਵ ਨੇ ਲੋਕਾਈ `ਚ ਲੰਮੇ ਸਮੇਂ ਤੋਂ ਪ੍ਰਚਲਤ ਇਸ ਅੰਤ ਕਾਲਵਿਸ਼ੇ ਨੂੰ ਪੂਰੀ ਤਰ੍ਹਾਂ ਖੋਲ ਕੇ ਸਪਸ਼ਟ ਕੀਤਾ ਤੇ ਕੱਟਿਆ ਹੋਵੇ। ਇਸੇ ਲਈ ਪ੍ਰਕਰਣ ਅਨੁਸਾਰ ਹੱਥਲੇ ਗੁਰਮੱਤ ਪਾਠ `ਚ ਵੀ ਇਸ ਸ਼ਬਦ ਬਾਰੇ ਸਾਨੂੰ ਕੁੱਝ ਵਿਸਤ੍ਰਿਤ ਵਿਚਾਰ ਕਰਣੀ ਪਈ।

ਇਸ ਤੋਂ ਇਲਾਵਾ ਹੁਣ ਤੱਕ ਇਹ ਵੀ ਸਪਸ਼ਟ ਹੋ ਚੁੱਕਾ ਹੈ ਕਿ ਮਨੁੱਖਾ ਜਨਮ ਦਾ ਵਾਧਾ-ਘਾਟਾ ਤੇ ਲੇਖਾ ਜੋਖਾ ਸੁਆਸ ਸੁਆਸ ਤੇ ਇਸ ਦੇ ਪਲ ਪਲ ਦੀ ਵਰਤੋਂ ਦਾ ਹੁੰਦਾ ਹੈ। ਇਹੀ ਕਾਰਨ ਕਿ ਸਿੱਖ ਇਤਿਹਾਸ ਅਨਗਿਣਤ ਮਰਜੀਵੜਿਆਂ, ਸੂਰਮਿਆਂ ਤੇ ਅਜਿਹੇ ਗੁਰਮੁਖਾਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਦੇ ਅਰੰਭਕ ਜੀਵਨ ਇਸ ਉੱਤਮ ਅਵਸਥਾ `ਚ ਨਹੀਂ ਸਨ, ਜਿਸ ਉੱਤਮ ਅਵਸਥਾ `ਚ ਉਹ ਗੁਰੂਦਰ `ਤੇ ਪੁੱਜਣ ਤੋਂ ਬਾਅਦ ਉਘੜੇ। ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ(ਪੰ: ੧੦) ਅਨੁਸਾਰ ਉਨ੍ਹਾਂ ਦੇ ਜੀਵਨਾਂ `ਚ ਵੱਡਾ ਪਲਟਾ ਆਇਆ, ਕਿਉਂਕਿ ਮਨੁੱਖਾ ਦਾ ਜੀਵਨ ਸੁਆਸ ਸੁਆਸ ਦੀ ਸੰਭਾਲ ਤੇ ਖੜਾ ਹੈ। ਇਸ ਲਈ ਉਨ੍ਹਾਂ ਦੇ ਇਨ੍ਹਾਂ ਸੁਆਸਾਂ ਦੀ ਜਦੋਂ ਗੁਰੂ ਗਿਆਨ ਦੀ ਕਮਾਈ ਨਾਲ ਸੁਵਰਤੋਂ ਹੋ ਗਈ ਤਾਂ ਉਨ੍ਹਾਂ ਦੇ ਜੀਵਨ ਪਲਟ ਗਏ।

ਦਰਅਸਲ ਇਹੀ ਹੈ ਹੱਥਲੇ ਗੁਰਮੱਤ ਪਾਠ ਦਾ ਮੂਲ, ਜਿਸ ਨੂੰ ਨਿਭਾਇਆ ਗਿਆ ਹੈ। ਉਪ੍ਰੰਤ ਅਰਬਾਂ-ਖਰਬਾਂ ਜੂਨੀਆਂ ਲਈ ਨਹੀਂ ਬਲਕਿ ਇਕੋ ਇੱਕ ਮਨੁੱਖਾ ਜੂਨ `ਤੇ ਹੀ ਲਾਗੂ ਹੁੰਦਾ ਹੈ “ਤਿਨਾੑ ਸਵਾਰੇ ਨਾਨਕਾ, ਜਿਨੑ ਕਉ ਨਦਰਿ ਕਰੇ”। ਇਹ ਇਕੋ ਇੱਕ ਮਨੁੱਖਾ ਜਨਮ ਹੀ ਹੈ ਜੇ ਕਰ ਬਿਰਥਾ ਚਲਾ ਜਾਏ ਤਾਂ ਫ਼ਿਰ ਤੋਂ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ-ਸੰਸਕਾਰਾਂ ਅਨੁਸਾਰ ਇਸ ਦੇ ਲਈ ਭਿੰਨ ਭਿੰਨ ਜੂਨਾਂ, ਜਨਮਾਂ ਦੇ ਗੇੜ੍ਹ ਸ਼ੁਰੂ ਹੋ ਜਾਂਦੇ ਹਨ। ਦੂਜੇ ਪਾਸੇ ਜੇ ਗੁਰੂ-ਗੁਰਬਾਣੀ ਦੀ ਕਮਾਈ ਨਾਲ ਇਸ ਜਨਮ ਦੀ ਸੰਭਾਲ ਕੀਤੀ ਗਈ ਹੋਵੇ ਤਾਂ ਜੀਊਂਦੇ ਜੀਅ ਹੀ, ਕਰਤੇ ਨਾਲ ਇੱਕ ਮਿਕ ਹੋ ਕੇ ਜੀਵਨ ਨੂੰ ਅਨੰਦਮਈ, ਟਿਕਾਅ ਵਾਲਾ ਤੇ ਗੁਣਾ ਦੀ ਖਾਣ ਬਣਾਇਆ ਜਾ ਸਕਦ ਹੈ। ਗੁਰਬਾਣੀ ਅਨੁਸਾਰ ਅਜਿਹਾ ਸਫ਼ਲ ਜੀਵਨ, ਸਰੀਰ ਤਿਆਗਣ ਬਾਅਦ ਫ਼ਿਰ ਜਨਮ ਮਰਣ ਦੇ ਗੇੜ੍ਹ `ਚ ਨਹੀਂ ਆਉਦਾ, ਕਰਤੇ ਪ੍ਰਭੂ `ਚ ਹੀ ਸਮਾ ਜਾਂਦਾ ਹੈ।

ਫ਼ਿਰ ਇਤਨਾ ਹੀ ਨਹੀਂ ਬਲਕਿ ਮਨੁੱਖਾ ਜਨਮ `ਚ ਇਹ ਵਾਧਾ ਵੀ ਹੈ, ਜੇਕਰ ਕਿਸੇ ਕਾਰਨ ਜੀਵਨ ਦਾ ਵੱਡਾ ਹਿੱਸਾ ਅਜ਼ਾਈਂ ਹੋ ਵੀ ਗਿਆ ਹੋਵੇ ਤਾਂ ਵੀ ਜੀਵਨ ਦੀ ਸਚਾਈ ਪ੍ਰਗਟ ਹੋ ਜਾਣ `ਤੇ ਜ਼ਿੰਦਗੀ ਦੇ ਕਿਸੇ ਹਿੱਸੇ `ਚ ਵੀ ਇਸ ਜਨਮ ਦੀ ਸੰਭਾਲ ਹੋ ਸਕਦੀ ਹੈ। #G0105-Vs11.03#.11# (ਸਮਾਪਤ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
.