.

ਜਸਬੀਰ ਸਿੰਘ ਵੈਨਕੂਵਰ

ਖ਼ੁਸਾਮਦ

ਨਿੰਦਾ ਦਾ ਵਿਪਰੀਤ ਸ਼ਬਦ ਖ਼ੁਸ਼ਾਮਦ ਹੈ। ਨਿੰਦਾ ਵਿੱਚ ਮਨੁੱਖ ਦੂਜਿਆਂ ਦੇ ਗੁਣਾਂ ਨੂੰ ਛੁਟਿਆ ਕੇ ਪੇਸ਼ ਕਰਦਾ ਹੈ ਜਦਕਿ ਖ਼ੁਸਾਮਦ ਵਿੱਚ ਮਨੁੱਖ ਦੂਜਿਆਂ ਦੇ ਅਉਗੁਣਾਂ ਨੂੰ ਗੁਣਾਂ ਵਿੱਚ ਪਰਿਵਰਤਨ ਕਰਕੇ ਦਰਸਾਉਂਦਾ ਹੈ। ਆਮ ਤੌਰ `ਤੇ ਨਿੰਦਾ ਮਨੁੱਖ ਈਰਖਾ ਆਦਿ ਦੇ ਵੱਸ ਹੋ ਕੇ ਕਰਦਾ ਹੈ ਪਰ ਖ਼ੁਸ਼ਾਮਦ ਦੂਜਿਆਂ ਤੋਂ ਕੁਛ ਲੈਣ ਦੀ ਭਾਵਨਾ ਨਾਲ ਜਾਂ ਭੈ ਕਾਰਨ ਕਰਦਾ ਹੈ। ਇਸ ਲਈ ਹੀ ਖ਼ੁਸ਼ਾਮਦ ਮਨੁੱਖ ਉਨ੍ਹਾਂ ਦੀ ਕਰਦਾ ਹੈ ਜਿਨ੍ਹਾਂ ਤੋਂ ਇਸ ਨੂੰ ਕੁੱਝ ਮਿਲਣ ਦੀ ਆਸ ਹੈ ਜਾਂ ਉਨ੍ਹਾਂ ਤੋਂ ਭੈ ਭੀਤ ਹੈ। ਨਿੰਦਾ ਆਮ ਤੌਰ `ਤੇ ਮਨੁੱਖ ਦੀ ਪਿੱਠ ਪਿੱਛੇ ਕੀਤੀ ਜਾਂਦੀ ਹੈ ਅਤੇ ਖ਼ੁਸ਼ਾਮਦ ਮਨੁੱਖ ਦੇ ਮੂੰਹ `ਤੇ। ਪਰ ਅਜੋਕੇ ਯੁਗ ਵਿੱਚ ਨਿੰਦਾ ਅਤੇ ਖ਼ੁਸ਼ਾਮਦ ਲਈ ਪ੍ਰਿੰਟ ਮੀਡੀਏ ਅਤੇ ਇਲੈਕਟ੍ਰੋਨਕ ਮੀਡੀਏ ਦੀ ਵਰਤੋਂ ਵੀ ਕੀਤੀ ਜਾਂਦੀ ਹੈ।
ਖ਼ੁਸ਼ਾਮਦ ਦੇ ਹੀ ਸਮਾਨਾਰਥਕ ਸ਼ਬਦ ਚਾਪਲੂਸੀ, ਝੋਲੀ-ਚੁੱਕ, ਚਮਚਾਗਿਰੀ, ਟੋਡੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਖ਼ੁਸ਼ਾਮਦ ਸ਼ਬਦ ਦੀ ਥਾਂ ਉਸਤਤ ਸ਼ਬਦ ਆਇਆ ਹੈ। ਗੁਰਬਾਣੀ ਵਿੱਚ ਜਿੱਥੇ ਵੀ ਨਿੰਦਾ ਸ਼ਬਦ ਦੇ ਨਾਲ ਉਸਤਤ ਸ਼ਬਦ ਆਇਆ ਹੈ, ਉੱਥੇ ਉਸਤਤ ਤੋਂ ਭਾਵ ਖ਼ੁਸ਼ਾਮਦ ਤੋਂ ਹੀ ਹੈ। ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਜਿੱਥੇ ਮਨੁੱਖ ਨੂੰ ਨਿੰਦਾ ਤੋਂ ਵਰਜਿਆ ਹੈ ਉੱਥੇ ਨਾਲ ਹੀ ਖ਼ੁਸ਼ਾਮਦ ਤੋਂ ਵੀ ਵਰਜਿਆ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿਚੋਂ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:
(ੳ) ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ॥ (ਪੰਨਾ ੧੧੨੩) ਅਰਥ: ਹੇ ਭਾਈ! ਕਿਸੇ ਮਨੁੱਖ ਦੀ ਖ਼ੁਸ਼ਾਮਦ ਕਰਨੀ ਜਾਂ ਕਿਸੇ ਦੀ ਨਿੰਦਾ ਕਰਨੀ—ਇਹ ਦੋਵੇਂ ਕੰਮ ਮਾੜੇ ਹਨ। (ਇਹ ਖ਼ਿਆਲ ਭੀ) ਛੱਡ ਦਿਉ (ਕਿ ਕੋਈ ਤੁਹਾਡਾ) ਆਦਰ (ਕਰਦਾ ਹੈ ਜਾਂ ਕੋਈ) ਆਕੜ (ਵਿਖਾਉਂਦਾ ਹੈ)।
(ਅ) ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ॥ ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ॥ (ਪੰਨਾ ੯੬੩) ਅਰਥ: ਹੇ ਨਾਨਕ! (ਆਖ—ਹੇ ਪ੍ਰਭੂ) ਜੀ! ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਆਖਣਾ—ਇਹ ਮੈਂ ਸਭ ਕੁੱਝ ਛੱਡ ਦਿੱਤਾ ਹੈ, ਤਿਆਗ ਦਿੱਤਾ ਹੈ; ਮੈਂ ਵੇਖ ਲਿਆ ਹੈ ਕਿ (ਦੁਨੀਆ ਦੇ) ਸਾਰੇ ਸਾਕ ਝੂਠੇ ਹਨ (ਭਾਵ, ਕੋਈ ਤੋੜ ਨਿਭਣ ਵਾਲਾ ਨਹੀਂ), ਇਸ ਲਈ (ਹੇ ਪ੍ਰਭੂ!) ਮੈਂ ਤੇਰੇ ਲੜ ਆ ਲੱਗੀ ਹਾਂ।
ਪ੍ਰਭੂ ਨਾਲ ਅਭੇਦ ਹੋਏ ਮਨੁੱਖ ਦੇ ਲੱਛਣ ਦਰਸਾਉਂਦਿਆਂ ਗੁਰਦੇਵ ਨੇ ਜਿੱਥੇ ਇਹ ਫ਼ਰਮਾਇਆ ਹੈ ਕਿ ਉਹ ਮਨੁੱਖ ਦੁੱਖਾਂ ਵਿੱਚ ਘਬਰਾਂਦਾ ਨਹੀਂ, ਸੁਖਾਂ ਨਾਲ ਉਸ ਦਾ ਮੋਹ ਨਹੀਂ ਹੁੰਦਾ, ਉਸ ਦੇ ਮਨ ਵਿੱਚ ਕਿਸੇ ਕਿਸਮ ਦਾ ਡਰ ਨਹੀਂ ਹੁੰਦਾ, ਸੋਨੇ ਨੂੰ ਉਹ ਮਿੱਟੀ ਸਮਾਨ ਸਮਝਦਾ ਹੈ, ਉਸ ਦੇ ਮਨ ਵਿੱਚ ਲੋਭ, ਮੋਹ, ਅਹੰਕਾਰ ਨਹੀਂ ਹੁੰਦਾ, ਨਾ ਹੀ ਉਸ ਨੂੰ ਆਦਰ ਪੋਂਹਦਾ ਹੈ ਅਤੇ ਨਾ ਹੀ ਨਿਰਾਦਰ, ਉਹ ਦੁਨਿਆਵੀ ਆਸਾਂ ਉਮੀਦਾਂ ਦਾ ਤਿਆਗ ਕਰਕੇ ਸੰਸਾਰ ਤੋਂ ਨਿਰਮੋਹ ਰਹਿੰਦਾ ਹੈ, ਉਸ ਨੂੰ ਨਾ ਕਾਮ-ਵਾਸ਼ਨਾ ਛੁੰਹਦੀ ਹੈ ਅਤੇ ਨਾ ਹੀ ਕ੍ਰੋਧ; ਉੱਥੇ ਹਜ਼ੂਰ ਨੇ ਨਿੰਦਾ ਅਤੇ ਖ਼ੁਸ਼ਾਮਦ ਦਾ ਵੀ ਵਰਣਨ ਕਰਦਿਆਂ ਕਿਹਾ ਹੈ ਕਿ ਉਹ ਮਨੁੱਖ ਨਾ ਤਾਂ ਕਿਸੇ ਦੀ ਨਿੰਦਿਆ ਕਰਦਾ ਹੈ ਅਤੇ ਨਾ ਹੀ ਕਿਸੇ ਦੀ ਖ਼ੁਸ਼ਾਮਦ:
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥ ੧॥ ਰਹਾਉ॥ ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ॥ ੧॥ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ॥ ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ॥ ੨॥ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ॥ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ॥ ੩॥ (ਪੰਨਾ ੬੩੩)
ਗੁਰਬਾਣੀ ਵਿੱਚ ਜਿਸ ਤਰ੍ਹਾਂ ਨਿੰਦਾ ਨੂੰ ਆਤਮਕ ਰੋਗ ਆਖਿਆ ਹੈ ਉਸੇ ਤਰ੍ਹਾਂ ਖ਼ੁਸ਼ਾਮਦ ਨੂੰ ਵੀ ਆਤਮਕ ਰੋਗ ਕਿਹਾ ਗਿਆ ਹੈ। ਜਿਵੇਂ ਨਿੰਦਾ ਨੂੰ ਮਨੁੱਖ ਦੀ ਆਤਮਕ ਕਮਜ਼ੋਰੀ ਦਾ ਪ੍ਰਤੀਕ ਮੰਨਿਆ ਹੈ, ਉਸੇ ਤਰ੍ਹਾਂ ਹੀ ਖ਼ੁਸ਼ਾਮਦ ਨੂੰ ਵੀ ਆਤਮਕ ਕਮਜ਼ੋਰੀ ਦਾ ਹੀ ਲਖਾਇਕ ਮੰਨਿਆ ਗਿਆ ਹੈ। ਇਸ ਲਈ ਖ਼ੁਸ਼ਾਮਦੀ ਮਨੁੱਖ ਦੀ ਗਿਣਤੀ ਗੁਰਮੁਖਾਂ ਵਿੱਚ ਨਹੀਂ, ਬਲਕਿ ਮਨਮੁਖਾਂ ਵਿੱਚ ਹੀ ਕੀਤੀ ਗਈ ਹੈ। ਇਸ ਕਰਕੇ ਹੀ ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਜਿੱਥੇ ਮਨੁੱਖ ਨੂੰ ਨਿੰਦਾ ਕਰਨ ਤੋਂ ਵਰਜਿਆ ਹੈ ਉੱਥੇ ਖ਼ੁਸ਼ਾਮਦ ਤੋਂ ਵੀ ਹੋੜਿਆ ਹੈ:
ਉਸਤਤਿ ਨਿੰਦਾ ਦੋਊ ਪਰਹਰਿ ਹਰਿ ਕੀਰਤਿ ਉਰਿ ਆਨੋ॥ ਅਰਥ: ਹੇ ਭਾਈ! ਕਿਸੇ ਦੀ ਖ਼ੁਸ਼ਾਮਦ ਕਿਸੇ ਦੀ ਨਿੰਦਿਆ—ਇਹ ਦੋਵੇਂ ਕੰਮ ਛੱਡ ਦੇ। ਸਿਰਫ਼ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਹਿਰਦੇ ਵਿੱਚ ਵਸਾਓ। (ਭਾਵ ਸੱਚ ਦੇ ਦਾਮਨ ਨੂੰ ਹੀ ਘੁੱਟ ਕੇ ਫੜ; ਨਾ ਤਾਂ ਕਿਸੇ ਦੇ ਗੁਣਾਂ ਨੂੰ ਅਉਗੁਣਾਂ ਵਿੱਚ ਤਬਦੀਲ ਕਰਕੇ ਆਖ ਅਤੇ ਨਾ ਹੀ ਕਿਸੇ ਦੇ ਅਉਗੁਣਾਂ ਨੂੰ ਗੁਣ ਆਖ ਕੇ ਵਡਿਆ।)
ਗੁਰਬਾਣੀ ਵਿੱਚ ਖ਼ੁਸ਼ਾਮਦ ਲਈ ਸਲਾਹੇ ਸ਼ਬਦ ਵੀ ਆਇਆ ਹੈ: ਚੋਰੁ ਸਲਾਹੇ ਚੀਤੁ ਨ ਭੀਜੈ॥ (ਪੰਨਾ ੬੬੨) ਅਰਥ: ਜੇ ਕੋਈ ਚੋਰ (ਉਸ ਹਾਕਮ ਦੀ ਜਿਸ ਦੇ ਸਾਹਮਣੇ ਉਸ ਦਾ ਮੁਕੱਦਮਾ ਪੇਸ਼ ਹੈ) ਖ਼ੁਸ਼ਾਮਦ ਕਰੇ, ਤਾਂ ਉਸ ਨੂੰ (ਇਹ) ਯਕੀਨ ਨਹੀਂ ਬਣ ਸਕਦਾ (ਕਿ ਇਹ ਸੱਚਾ ਹੈ)।
ਕਈ ਸੱਜਣ ਸੱਚ ਅਤੇ ਖ਼ੁਸ਼ਾਮਦ ਨੂੰ ਰਲ਼ਗੱਡ ਕਰ ਦੇਂਦੇ ਹਨ। ਕਿਸੇ ਮਨੁੱਖ ਦੀਆਂ ਖ਼ੂਬੀਆਂ ਦੀ ਚਰਚਾ ਕਰਦਿਆਂ ਹੋਇਆਂ ਉਸ ਨੂੰ ਵਡਿਆਉਣਾ ਜਾਂ ਸ਼ਾਬਾਸ਼ ਦੇਣੀ ਖ਼ੁਸ਼ਾਮਦ ਨਹੀਂ ਹੈ। ਇਹ ਤਾਂ ਨਿਰੋਲ ਸੱਚ ਨੂੰ ਪ੍ਰਗਟਾਉਣਾ ਹੈ। ਇਸ ਸੱਚ ਨੂੰ ਪ੍ਰਗਟ ਕਰਕੇ ਦੂਜਿਆਂ ਨੂੰ ਵੀ ਚੰਗੇ ਕੰਮਾਂ ਲਈ ਉਤਸ਼ਾਹਤ ਕਰਨਾ ਹੈ। ਇਸ ਲਈ ਗੁਰਬਾਣੀ ਵਿੱਚ ਗੁਰਮੁਖ ਦੀ ਕਾਰਜ ਸ਼ੈਲੀ ਨੂੰ ਹਰ ਪੱਖੋ ਸਾਲਾਹਿਆ ਗਿਆ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨ ਵਿੱਚ ਗੁਰਮਤਿ ਦੇ ਇਸ ਪੱਖ ਨੂੰ ਦੇਖਿਆ ਜਾ ਸਕਦਾ ਹੈ:
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜੋ ਸਤਿਗੁਰ ਚਰਣੀ ਜਾਇ ਪਇਆ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਸੁ ਹਰਿ ਨਾਮਿ ਸੁਣਿਐ ਮਨਿ ਅਨਦੁ ਭਇਆ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਸਤਿਗੁਰ ਸੇਵਾ ਕਰਿ ਹਰਿ ਨਾਮੁ ਲਇਆ॥ ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ॥ (ਪੰਨਾ ੫੯੩)
ਅਰਥ: ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜੋ ਆਪਣੇ ਸਤਿਗੁਰੂ ਦੀ ਚਰਨੀ ਜਾ ਲੱਗਦਾ ਹੈ, ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ, ਜਿਸ ਨੇ ਮੂੰਹੋਂ ਹਰੀ ਦਾ ਨਾਮ ਉਚਾਰਿਆ ਹੈ। ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ, ਜਿਸ ਦੇ ਮਨ ਵਿੱਚ ਹਰੀ ਦਾ ਨਾਮ ਸੁਣ ਕੇ ਚਾਅ ਪੈਦਾ ਹੁੰਦਾ ਹੈ, ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜਿਸ ਨੇ ਸਤਿਗੁਰੂ ਦੀ ਸੇਵਾ ਕਰਕੇ ਪਰਮਾਤਮਾ ਦਾ ਨਾਮ ਲੱਭਾ ਹੈ। ਮੈਂ ਸਦਾ ਉਸ ਗੁਰਸਿੱਖ ਅੱਗੇ ਆਪਣਾ ਸਿਰ ਨਿਵਾਉਂਦਾ ਹਾਂ, ਜੋ ਗੁਰਸਿੱਖ ਸਤਿਗੁਰੂ ਦੇ ਭਾਣੇ ਵਿੱਚ ਚੱਲਦਾ ਹੈ।
ਕਈ ਸੱਜਣ ਕਿਸੇ ਮਨੁੱਖ ਦੇ ਚੰਗੇ ਕੰਮਾਂ ਦੀ ਪ੍ਰਸੰਸਾ ਕਰਨ ਨੂੰ ਯੋਗ ਨਹੀਂ ਸਮਝਦੇ; ਇਸ ਦੀ ਪੁਸ਼ਟੀ ਵਜੋਂ ਅਜਿਹੇ ਸੱਜਣ ਗੁਰਬਾਣੀ ਦੀ ਇਸ ਪੰਗਤੀ ਦਾ ਪ੍ਰਮਾਣ ਦੇਂਦੇ ਹਨ: ਸੁਣਿਐ ਮੁਖਿ ਸਾਲਾਹਣ ਮੰਦੁ॥ (ਪੰਨਾ ੨) ਪਰ ਇਸ ਪੰਗਤੀ ਦਾ ਅਜਿਹਾ ਭਾਵ ਨਹੀਂ ਹੈ। ਇਸ ਤੁਕ ਵਿੱਚ ਤਾਂ ਗੁਰੂ ਨਾਨਕ ਸਾਹਿਬ ਇਹ ਫ਼ਰਮਾ ਰਹੇ ਹਨ ਕਿ ਪ੍ਰਭੂ ਦਾ ਨਾਮ ਸੁਣਨ ਨਾਲ ਮਾੜੇ ਮਨੁੱਖ ਵੀ ਚੰਗੇ ਬਣ ਜਾਂਦੇ ਹਨ। ਜੇਕਰ ਅਸੀਂ ਜਪੁਜੀ ਦੀ ਜਿਸ ਪਉੜੀ ਦੀ ਇਹ ਪੰਗਤੀ ਹੈ ਉਸ ਨੂੰ ਧਿਆਨ ਨਾਲ ਪੜ੍ਹਾਂਗੇ ਤਾਂ ਇਸ ਭਾਵ ਨੂੰ ਚੰਗੀ ਤਰ੍ਹਾਂ ਸਮਝ ਸਕਾਂਗੇ। ਪੂਰੀ ਪਉੜੀ ਇਸ ਤਰ੍ਹਾਂ ਹੈ: ਸੁਣਿਐ ਈਸਰੁ ਬਰਮਾ ਇੰਦੁ॥ ਸੁਣਿਐ ਮੁਖਿ ਸਾਲਾਹਣ ਮੰਦੁ॥ ਸੁਣਿਐ ਜੋਗ ਜੁਗਤਿ ਤਨਿ ਭੇਦ॥ ਸੁਣਿਐ ਸਾਸਤ ਸਿਮ੍ਰਿਤਿ ਵੇਦ॥ ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ॥ ਅਰਥ: ਹੇ ਨਾਨਕ! (ਨਾਮ ਨਾਲ ਪ੍ਰੀਤ ਕਰਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿੱਚ ਸਦਾ ਖਿੜਾਉ ਬਣਿਆ ਰਹਿੰਦਾ ਹੈ; (ਕਿਉਂਕਿ) ਰੱਬ ਦੀ ਸਿਫ਼ਤਿ ਸਾਲਾਹ ਸੁਣਨ ਕਰਕੇ (ਮਨੁੱਖ ਦੇ) ਦੁਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਦਾ ਸਦਕਾ ਸਾਧਾਰਨ ਮਨੁੱਖ ਸ਼ਿਵ, ਬ੍ਰਹਮਾ ਤੇ ਇੰਦਰ ਦੀ ਪਦਵੀ `ਤੇ ਅੱਪੜ ਜਾਂਦਾ ਹੈ, ਮੰਦਾ ਮਨੁੱਖ ਭੀ ਮੂੰਹੋਂ ਰੱਬ ਦੀਆਂ ਸਿਫ਼ਤਾਂ ਕਰਨ ਲੱਗ ਪੈਂਦਾ ਹੈ, (ਸਾਧਾਰਨ ਬੁੱਧ ਵਾਲੇ ਨੂੰ ਭੀ) ਸਰੀਰ ਵਿੱਚ ਦੀਆਂ ਗੁੱਝੀਆਂ ਗੱਲਾਂ, (ਭਾਵ, ਅੱਖਾਂ, ਕੰਨ, ਜੀਭ ਆਦਿਕ ਇੰਦਰੀਆਂ ਦੇ ਚਾਲਿਆਂ ਤੇ ਵਿਕਾਰ ਆਦਿਕਾਂ ਵੱਲ ਦੌੜ-ਭੱਜ) ਦੇ ਭੇਦ ਦਾ ਪਤਾ ਲੱਗ ਜਾਂਦਾ ਹੈ, ਪ੍ਰਭੂ-ਮੇਲ ਦੀ ਜੁਗਤੀ ਦੀ ਸਮਝ ਪੈ ਜਾਂਦੀ ਹੈ, ਸ਼ਾਸਤ੍ਰਾਂ ਸਿਮ੍ਰਿਤੀਆਂ ਤੇ ਵੇਦਾਂ ਦੀ ਸਮਝ ਪੈ ਜਾਂਦੀ ਹੈ (ਭਾਵ, ਧਾਰਮਿਕ ਪੁਸਤਕਾਂ ਦਾ ਅਸਲ ਉੱਚਾ ਨਿਸ਼ਾਨਾ ਤਦੋਂ ਸਮਝ ਪੈਂਦਾ ਹੈ ਜਦੋਂ ਅਸੀਂ ਨਾਮ ਵਿੱਚ ਸੁਰਤ ਜੋੜਦੇ ਹਾਂ, ਨਹੀਂ ਤਾਂ ਨਿਰੇ ਲਫ਼ਜ਼ਾਂ ਨੂੰ ਹੀ ਪੜ੍ਹ ਛਡਦੇ ਹਾਂ, ਉਸ ਅਸਲੀ ਜਜ਼ਬੇ ਵਿੱਚ ਨਹੀਂ ਪਹੁੰਚਦੇ ਜਿਸ ਜਜ਼ਬੇ ਵਿੱਚ ਅਪੜ ਕੇ ਉਹ ਧਾਰਮਿਕ ਪੁਸਤਕਾਂ ਉਚਾਰੀਆਂ ਹੁੰਦੀਆਂ ਹਨ)।
ਇਹ ਸੱਚ ਹੈ ਕਿ ਗੁਰਬਾਣੀ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਜਿਹੜੇ ਪ੍ਰਭੂ ਨਾਲ ਅਭੇਦ ਹਨ, ਉਨ੍ਹਾਂ ਨੂੰ ਨਾ ਤਾਂ ਨਿੰਦਾ ਦਾ ਡਰ ਹੈ ਅਤੇ ਨਾ ਹੀ ਉਹ ਆਪਣੀ ਪ੍ਰਸੰਸਾ ਸੁਣਨ ਦੇ ਚਾਹਵਾਨ ਹਨ:
(ੳ) ਮਰੁ ਮੁਇਆ ਸਬਦੇ ਮਰਿ ਜਾਇ॥ ਉਸਤਤਿ ਨਿੰਦਾ ਗੁਰਿ ਸਮ ਜਾਣਾਈ ਇਸੁ ਜੁਗ ਮਹਿ ਲਾਹਾ ਹਰਿ ਜਪਿ ਲੈ ਜਾਇ॥ (ਪੰਨਾ ੩੬੨) ਅਰਥ: ਕੋਈ ਚੰਗਾ ਆਖੇ, ਕੋਈ ਮੰਦਾ ਆਖੇ, ਇਸ ਨੂੰ ਇਕੋ ਜਿਹਾ ਸਹਾਰਨਾ—ਗੁਰੂ ਨੇ ਜਿਸ ਮਨੁੱਖ ਨੂੰ ਇਹ ਸੂਝ ਬਖ਼ਸ਼ ਦਿੱਤੀ ਹੈ, ਉਹ ਮਨੁੱਖ ਇਸ ਜੀਵਨ ਵਿੱਚ ਪਰਮਾਤਮਾ ਦਾ ਨਾਮ ਜਪ ਕੇ (ਜਗਤ ਤੋਂ) ਖੱਟੀ ਖੱਟ ਕੇ ਜਾਂਦਾ ਹੈ, ਉਹ ਮਨੁੱਖ (ਮਾਇਆ ਦੇ ਮੋਹ ਵਲੋਂ) ਸੁਰਖਰੂਈ ਮੌਤ ਮਰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਮੋਹ ਵਲੋਂ) ਉਹ ਅਛੋਹ ਰਹਿੰਦਾ ਹੈ।
(ਅ) ਉਸਤਤਿ ਨਿੰਦਾ ਕਰੈ ਨਰੁ ਕੋਈ॥ ਨਾਮੇ ਸ੍ਰੀਰੰਗੁ ਭੇਟਲ ਸੋਈ॥ (ਪੰਨਾ ੧੧੬੪) ਅਰਥ: ਕੋਈ ਮਨੁੱਖ ਮੈਨੂੰ ਚੰਗਾ ਆਖੇ, ਚਾਹੇ ਕੋਈ ਮੰਦਾ ਆਖੇ (ਇਸ ਗੱਲ ਦੀ ਮੈਨੂੰ ਪਰਵਾਹ ਨਹੀਂ ਰਹੀ), ਮੈਨੂੰ ਨਾਮੇ ਨੂੰ (ਲੱਛਮੀ ਦਾ ਪਤੀ) ਪਰਮਾਤਮਾ ਮਿਲ ਪਿਆ ਹੈ।
ਇਸ ਲਈ ਅਜਿਹੇ ਪ੍ਰਾਣੀਆਂ ਦੀ ਉਸਤਤ ਇਸ ਲਈ ਨਹੀਂ ਕਰਨੀ ਹੈ ਕਿ ਉਨ੍ਹਾਂ ਨੂੰ ਇਸ ਦੀ ਲੋੜ ਹੈ ਬਲਕਿ ਇਸ ਲਈ ਕਰਨੀ ਹੈ ਕਿ ਅਜਿਹੇ ਪ੍ਰਾਣੀਆਂ ਦੀ ਉਸਤਤ ਦੂਜਿਆਂ ਲਈ ਪ੍ਰੇਰਿਤ ਹੀ ਨਹੀਂ ਸਗੋਂ ਉਨ੍ਹਾਂ ਨੂੰ ਉਤਸ਼ਾਹਤ ਕਰਨ ਵਿੱਚ ਸਹਾਇਕ ਹੈ। ਇਸ ਲਈ ਅਜਿਹਾ ਕਰਨਾ ਕਈ ਹਾਲਤਾਂ ਵਿੱਚ ਜ਼ਰੂਰੀ ਹੋ ਜਾਂਦਾ ਹੈ। ਇਸ ਤਾਰੀਫ਼ ਨੂੰ ਆਤਮਕ ਕਮਜ਼ੋਰੀ ਦੇ ਰੂਪ ਵਿੱਚ ਦੇਖਣਾ ਯੋਗ ਨਹੀਂ ਹੈ।
ਧਿਆਨ ਰਹੇ ਕਿਸੇ ਕਿ ਪ੍ਰਾਣੀ ਨੂੰ ਚੰਗੇ ਕੰਮ ਲਈ ਹੱਲਾ-ਸ਼ੇਰੀ ਦੇਣੀ ਅਥਵਾ ਉਸ ਦੀ ਕਿਸੇ ਖ਼ਾਮੀ ਨੂੰ ਨਜ਼ਰ-ਅੰਦਾਜ਼ ਕਰਕੇ ਉਸ ਨੂੰ ਉਸ ਕੰਮ ਲਈ ਉਤਸ਼ਾਹਤ ਕਰਨਾ ਖ਼ੁਸ਼ਾਮਦ ਨਹੀਂ ਹੈ। ਇਸ ਤਰ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਨ ਪਿੱਛੇ ਮਨੁੱਖ ਦੀ ਨੀਅਤ ਵਿੱਚ ਕਿਸੇ ਤਰ੍ਹਾਂ ਦਾ ਖੋਟ ਜਾਂ ਸਵਾਰਥ ਦੀ ਭਾਵਨਾ ਨਹੀਂ ਹੁੰਦੀ ਹੈ। ਅਜਿਹੀ ਪ੍ਰਸੰਸਾ ਦਾ ਮਨੋਰਥ ਕਿਸੇ ਮਨੁੱਖ ਨੂੰ ਚੰਗੇ ਕੰਮ ਲਈ ਉਤਸ਼ਾਹਤ ਕਰਨ ਦੀ ਭਾਵਨਾ ਹੁੰਦੀ ਹੈ ਤਾਂ ਕਿ ਉਹ ਨਿਰਾਸ਼ ਹੋ ਕੇ ਢੇਰੀ ਢਾਹ ਕੇ ਨਾ ਬੈਠ ਜਾਵੇ। ਦੂਜੇ ਵਲੋਂ ਹੌਸਲਾ-ਅਫ਼ਜ਼ਾਈ ਕਰਨ `ਤੇ ਉਹ ਉਤਸ਼ਾਹਤ ਹੋ ਕੇ ਉਸ ਕੰਮ ਵਿੱਚ ਜੁੱਟ ਪੈਂਦਾ ਹੈ। ਇਸ ਲਈ ਇੰਜ ਕਰਨਾ ਅਉਗੁਣ ਨਹੀਂ ਬਲਕਿ ਇੱਕ ਗੁਣ ਹੈ ਜਿਸ ਦੀ ਮਨੁੱਖ ਦੀ ਜ਼ਿੰਦਗੀ ਵਿੱਚ ਆਪਣੀ ਮਹੱਤਾ ਹੈ। ਇਸ ਤਰ੍ਹਾਂ ਦੀ ਪ੍ਰਸੰਸਾ ਪਿੱਛੇ ਮਨੁੱਖ ਦੀ ਭਾਵਨਾ ਵਿੱਚ ਕਿਸੇ ਤਰ੍ਹਾਂ ਦਾ ਖੋਟ ਨਹੀਂ ਹੁੰਦਾ। ਅਜਿਹੀ ਪ੍ਰਸੰਸਾ ਤਾਂ ਸਗੋਂ ਕਈ ਮਨੁੱਖਾਂ ਨੂੰ ਹੀਣਤਾ-ਭਾਵ ਤੋਂ ਉਪਰ ਉਠਣ ਵਿੱਚ ਮਦਦ ਕਰਦੀ ਹੈ। ਜੇਕਰ ਇਹ ਪ੍ਰਸੰਸਾ ਕਿਸੇ ਦੀ ਹੌਸਲਾ-ਅਫ਼ਜ਼ਾਈ ਅਰਥਾਤ ਕਿਸੇ ਚੰਗੇ ਕੰਮ ਲਈ ਉਤਸ਼ਾਹਤ ਕਰਨ ਦੀ ਭਾਵਨਾ ਨਾਲ ਹੈ ਤਾਂ ਇਸ ਨੂੰ ਖ਼ੁਸ਼ਾਮਦ ਨਹੀਂ ਕਿਹਾ ਗਿਆ ਹੈ
ਇਸੇ ਤਰ੍ਹਾਂ ਕਈ ਵਾਰ ਮਨੁੱਖ ਕਿਸੇ ਗੱਲ ਨੂੰ ਸੁਆਦਲੀ ਅਤੇ ਦਿਲਚਸਪ ਬਣਾਉਣ ਲਈ ਵਧਾ ਘਟਾ ਕੇ ਪੇਸ਼ ਕਰਦਾ ਹੈ। ਭਾਵ ਕਿਸੇ ਗੱਲ ਨੂੰ ਲੂਣ ਮਿਰਚ ਲਗਾ ਕੇ ਪੇਸ਼ ਕਰਨਾ। ਪਰੰਤੂ ਇਸ ਤਰ੍ਹਾਂ ਦੀ ਗੱਲ-ਬਾਤ ਖ਼ੁਸ਼ਾਮਦ ਦੇ ਘੇਰੇ ਵਿੱਚ ਨਹੀਂ ਆਉਂਦੀ। ਖ਼ੁਸ਼ਾਮਦ ਤਾਂ ਚੋਰ ਨੂੰ ਸਾਧ ਕਹਿਣਾ, ਬੇਈਮਾਨ, ਵੱਢੀ ਖ਼ੋਰ ਆਦਿ ਨੂੰ ਸੱਚਾ-ਸੁੱਚਾ ਇਨਸਾਨ ਆਖਣ `ਚ ਹੈ।
ਆਮ ਤੌਰ `ਤੇ ਮਨੁੱਖ ਜਾਂ ਤਾਂ ਨਿੰਦਿਆ ਕਰਦਾ ਹੈ ਜਾਂ ਖ਼ੁਸ਼ਾਮਦ। ਮਨੁੱਖੀ ਸੁਭਾਅ ਵਿੱਚ ਇਹ ਕਮਜ਼ੋਰੀ ਆਮ ਹੀ ਦੇਖਣ ਵਿੱਚ ਆਉਂਦੀ ਹੈ ਕਿ ਮਨੁੱਖ ਆਪਣੀਆਂ ਕਮਜ਼ੋਰੀਆਂ ਤੋਂ ਜਾਣੂੰ ਹੁੰਦਿਆਂ ਹੋਇਆਂ ਵੀ ਦੂਜਿਆਂ ਦੇ ਮੂੰਹੋਂ ਆਪਣੀ ਝੂਠੀ ਪ੍ਰਸੰਸਾ ਸੁਣ ਕੇ ਅਜਿਹੇ ਖ਼ੁਸ਼ਾਮਦੀ ਨੂੰ ਆਪਣੇ ਸ਼ੁਭਚਿੰਤਕਾਂ ਵਿੱਚ ਸ਼ਾਮਲ ਕਰ ਲੈਂਦਾ ਹੈ। ਮਨੁੱਖ ਦਾ ਇਹ ਰਵੱਈਆ ਇਸ ਦੀ ਆਤਮਕ ਕਮਜ਼ੋਰੀ ਦਾ ਪ੍ਰਤੀਕ ਹੈ। ਗੁਰਮਤਿ ਦੀ ਜੀਵਨ-ਜੁਗਤ ਵਿੱਚ ਖ਼ੁਸ਼ਾਮਦੀ ਮਨੁੱਖਾਂ ਤੋਂ ਸਾਵਧਾਨ ਰਹਿਣ ਦੀ ਤਾਕੀਦ ਹੈ, ਚੂੰਕਿ ਖ਼ੁਸ਼ਾਮਦੀ ਮਨੁੱਖ ਸਾਡੇ ਸੱਜਣ ਨਹੀਂ ਸਗੋਂ ਸਹੀ ਅਰਥਾਂ ਵਿੱਚ ਦੁਸ਼ਮਨ ਹੁੰਦੇ ਹਨ। ਜੋ ਵਿਅਕਤੀ ਮਨੁੱਖ ਦੀਆਂ ਗ਼ਲਤੀਆਂ ਨੂੰ ਗ਼ਲਤੀਆਂ ਕਹਿਣ ਦੀ ਬਜਾਏ ਇਨ੍ਹਾਂ ਨੂੰ ਚੰਗਿਆਈਆਂ ਆਖਣ, ਉਹ ਮਨੁੱਖ ਦੇ ਸੁਹਿਰਦ ਕਿਵੇਂ ਹੋ ਸਕਦੇ ਹਨ? ਅਜਿਹੇ ਪ੍ਰਾਣੀ ਤਾਂ ਮਨੁੱਖ ਦੇ ਆਤਮਕ ਵਿਕਾਸ ਵਿੱਚ ਰੁਕਾਵਟ ਪਾਉਣ ਦਾ ਪਾਰਟ ਅਦਾ ਕਰ ਰਹੇ ਹੁੰਦੇ ਹਨ। ਇਸ ਲਈ ਜਾਗਰੂਕ ਮਨੁੱਖ ਖ਼ੁਸ਼ਾਮਦੀ ਮਨੁੱਖ ਨੂੰ ਆਪਣਾ ਸੱਜਣ ਸਮਝਣ ਦੀ ਭੁੱਲ ਹਰਗ਼ਿਜ਼ ਨਹੀਂ ਕਰਦੇ।
ਸ਼ੇਖ ਸਾਅਦੀ ਦਾ ਇਸ ਸਬੰਧੀ ਕਥਨ ਹੈ ਕਿ, “ਮੈਂ ਆਪਣੇ ਮਿੱਤਰਾਂ ਤੋਂ ਬਹੁਤ ਔਖਾ ਹਾਂ ਕਿਉਂਕਿ ਇਹ ਮੇਰੇ ਕੰਡਿਆਂ ਨੂੰ ਫੁੱਲ ਆਖਦੇ ਹਨ। ਮੇਰੇ ਗ਼ੁਨਾਹਾਂ ਨੂੰ ਪੁੰਨ ਤੇ ਮੇਰੇ ਅਵਗੁਣਾਂ ਨੂੰ ਗੁਣ ਕਹਿੰਦੇ ਹਨ।”
ਆਤਮਕ ਮੌਤ ਦਾ ਸ਼ਿਕਾਰ ਹੋਏ ਹੋਏ ਪ੍ਰਾਣੀ ਹੀ ਖ਼ੁਸ਼ਾਮਦੀ ਮਨੁੱਖ ਨੂੰ ਆਪਣਾ ਸੱਜਣ ਸਮਝਣ ਦੀ ਭੁੱਲ ਕਰਦੇ ਹਨ। ਅਜਿਹੇ ਆਤਮਕ ਤਲ `ਤੇ ਮਰੇ ਹੋਏ ਜ਼ੁਮੇਵਾਰ ਵਿਅਕਤੀਆਂ ਦੀ ਬਦੌਲਤ ਹਰੇਕ ਖ਼ੇਤਰ ਵਿੱਚ ਜ਼ੁੰਮੇਵਾਰ ਪਦਵੀਆਂ `ਤੇ ਕਈ ਥਾਈਂ ਨਲਾਇਕ, ਨਿਕੰਮੇ, ਆਚਰਣਹੀਣ ਅਤੇ ਅਯੋਗ ਵਿਅਕਤੀ ਨਿਯੁਕਤ ਹੋਏ ਹੋਏ ਹਨ। ਇਨ੍ਹਾਂ ਵਿਅਕਤੀਆਂ ਨੇ ਆਪਣੇ ਫ਼ਰਜ਼ ਦੀ ਪਾਲਣਾ ਕਰਨ ਦੀ ਥਾਂ, ਆਪਣੇ ਅਕਾਵਾਂ ਦੀ ਚਾਪਲੂਸੀ ਨੂੰ ਹੀ ਆਪਣਾ ਮੁੱਖ ਕਰਤੱਬ ਸਮਝਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖ ਦੀ ਇਸ ਰੁਚੀ ਨੂੰ ਹੀ ਕਲਜੁਗ ਆਖਿਆ ਹੈ:
ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ॥ ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ॥ ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ॥ ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ॥ (ਪੰਨਾ ੧੨੮੮)
ਅਰਥ: ਕੰਗਾਲ ਦਾ ਨਾਮ ਬਾਦਸ਼ਾਹ (ਰੱਖਿਆ ਜਾਂਦਾ ਹੈ), ਮੂਰਖ ਦਾ ਪੰਡਿਤ ਨਾਮ (ਪਾਇਆ ਜਾਂਦਾ ਹੈ), ਅੰਨ੍ਹੇ ਨੂੰ ਪਾਰਖੂ (ਆਖਿਆ ਜਾਂਦਾ ਹੈ) — (ਬੱਸ! ਜਗਤ) ਇਸ ਤਰ੍ਹਾਂ ਦੀਆਂ (ਉਲਟੀਆਂ) ਗੱਲਾਂ ਕਰਦਾ ਹੈ। ਸ਼ਰਾਰਤਿ (ਕਰਨ ਵਾਲੇ) ਦਾ ਨਾਮ ਚੌਧਰੀ (ਪੈ ਜਾਂਦਾ ਹੈ) ਤੇ ਝੂਠੀ ਜ਼ਨਾਨੀ ਸਭ ਤੋਂ ਅੱਗੇ ਥਾਂ ਮੱਲਦੀ ਹੈ (ਭਾਵ, ਹਰ ਥਾਂ ਪ੍ਰਧਾਨ ਬਣਦੀ ਹੈ)। ਹੇ ਨਾਨਕ! ਇਹ ਹੈ ਨਿਆਂ ਕਲਿਜੁਗ ਦਾ (ਭਾਵ, ਜਿੱਥੇ ਇਹ ਰਵਈਆ ਵਰਤੀਂਦਾ ਹੈ ਓਥੇ ਕਲਿਜੁਗ ਦਾ ਪਹਰਾ ਜਾਣੋ)। ਪਰ, ਗੁਰੂ ਦੇ ਸਨਮੁਖ ਹੋਇਆਂ ਹੀ ਇਹ ਸਮਝ ਪੈਂਦੀ ਹੈ (ਕਿ ਇਹ ਵਤੀਰਾ ਮਾੜਾ ਹੈ। ਮਨ ਦੇ ਪਿੱਛੇ ਤੁਰਨ ਵਾਲੇ ਲੋਕ ਇਸ ਰਵਈਏ ਦੇ ਆਦੀ ਹੋਏ ਰਹਿੰਦੇ ਹਨ)।
ਸੋ, ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਜਿੱਥੇ ਕਿਸੇ ਦੇ ਗੁਣਾਂ ਨੂੰ ਛੁਟਿਆ ਕੇ ਪੇਸ਼ ਕਰਨ ਤੋਂ ਮਨੁੱਖ ਨੂੰ ਵਰਜਿਆ ਗਿਆ ਹੈ, ਉੱਥੇ ਕਿਸੇ ਦੇ ਅਉਗੁਣਾਂ ਨੂੰ ਗੁਣ ਆਖ ਕੇ ਉਸ ਨੂੰ ਵਡਿਆਉਣ ਤੋਂ ਵੀ ਰੋਕਿਆ ਹੈ। ਮਨੁੱਖ ਨੂੰ ਕੇਵਲ ਸੱਚ ਭਾਵ ਚੋਰ ਨੂੰ ਚੋਰ ਅਤੇ ਸਾਧ ਨੂੰ ਸਾਧ ਕਹਿਣ ਦੀ ਹੀ ਭਰਪੂਰ ਪ੍ਰੇਰਨਾ ਕੀਤੀ ਗਈ ਹੈ।
.