.

“ਤਿਨਾੑ ਸਵਾਰੇ ਨਾਨਕਾ

ਜਿਨੑ ਕਉ ਨਦਰਿ ਕਰੇ”

(ਭਾਗ 5)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਇਸ ਤੋਂ ਪਹਿਲੇ ਚਾਰੋਂ ਭਾਗ ਨੰਬਰਵਾਰ ਜ਼ਰੂਰ ਪੜੋ ਜੀ)

ਹੱਥਲੇ ਗੁਰਮੱਤ ਪਾਠ G 0105 ਦੀਆਂ ਲੜੀਵਾਰ ਚਾਰ ਕਿਸ਼ਤਾਂ `ਚ ਵਿਚਾਰ ਕਰਦਿਆਂ ਭਲੀ ਭਾਂਤੀ ਦੇਖ ਚੁੱਕੇ ਹਾਂ ਕਿ ਸਬੰਧਤ ਸਲੋਕ ਵਿਚਲੀਆਂ ਪੰਕਤੀਆਂ “ਤਿਨਾੑ ਸਵਾਰੇ ਨਾਨਕਾ, ਜਿਨੑ ਕਉ ਨਦਰਿ ਕਰੇ” `ਚ ਲਫ਼ਜ਼ ‘ਤਿਨਾੑ’ ਤੇ ‘ਜਿਨੑ’ ਦਾ ਸਬੰਧ ਕਰਤੇ ਦੀਆਂ ਅਰਬਾਂ-ਖਰਬਾਂ ਜੂਨਾਂ ਵਿੱਚੋਂ ਕੇਵਲ ਤੇ ਕੇਵਲ ਮਨੁੱਖਾ ਜੂਨ ਤੇ ਮਨੁੱਖਾ ਜਨਮ ਨਾਲ ਹੀ ਹੈ। ਇਥੇ ਬਾਕੀ ਹੋਰ ਕਿਸੇ ਵੀ ਜੂਨ ਨਾਲ ਇਨ੍ਹਾਂ ਦੋਨਾਂ ਲਫ਼ਜ਼ਾਂ ਦਾ ਸਬੰਧ ਨਹੀਂ। ਇਸੇ ਤਰ੍ਹਾਂ ਇਸ ਗੁਰਮੱਤ ਪਾਠ ਦੇ ਪਹਿਲੇ ਭਾਗ `ਚ ਅਸਾਂ ਇਹ ਵੀ ਦੇਖਿਆ ਹੈ ਕਿ ਇਹ ਵਿਸ਼ਾ ਵੀ ਕੇਵਲ ਮਨੁੱਖਾ ਜੂਨ ਨਾਲ ਹੀ ਸਬੰਧਤ ਹੈ ਕਿ ਮਨੁੱਖ ਦੀ ਕਰਣੀ ਦਾ ਲੇਖਾ, ਕਰਤੇ ਦੇ ਨਿਆਂ ਤੇ ਉਸ ਦੀ ਦਰਗਾਹ `ਚ ਪਲ ਪਲ ਤੇ ਸੁਆਸ ਸੁਆਸ ਦਾ ਅਤੇ ਨਾਲੋ ਨਾਲ ਹੁੰਦਾ ਹੈ। ਉਪ੍ਰੰਤ ਉਸੇ ਤੋਂ ਹੀ ਮਨੁੱਖਾ ਜਨਮ ਦੀ ਸਫ਼ਲਤਾ ਅਥਵਾ ਅਸਫ਼ਲਤਾ ਦਾ ਦਾਰੋਮਦਾਰ ਹੈ।

“ਮਿਲੁ ਜਗਦੀਸ, ਮਿਲਨ ਕੀ ਬਰੀਆ” -ਉਸ ਸਾਰੇ ਦਾ ਮੁੱਖ ਕਾਰਨ ਵੀ ਇਕੋ ਹੈ ਅਤੇ ਉਹ ਮਨੁੱਖਾ ਜਨਮ ਵਾਲੀ ਵਾਰੀ ਤੇ ਬਰੀਆ। ਉਹ ਇਸ ਲਈ ਕਿ ਇਹ ਕੇਵਲ ਇਕੋ ਇੱਕ ਮਨੁੱਖਾ ਜੂਨ ਹੀ ਹੈ ਜਿਸਦੇ ਜੀਵਨ ਦੇ ਇੱਕ ਨਹੀਂ ਬਲਕਿ ਮਨਮੁਖ ਅਤੇ ਗੁਰਮੁਖ ਭਾਵ ਦੋ ਵਿਰੋਧੀ ਰੁਖ ਹਨ। ਇਸੇ ਲਈ ਅਰਬਾਂ-ਖਰਬਾਂ ਜੂਨਾਂ `ਚ ਕੇਵਲ ਮਨੁੱਖਾ ਜਨਮ ਹੀ ਇਕੋ ਇੱਕ ਜੂਨ ਹੈ ਜਿਸ ਲਈ ਗੁਰਦੇਵ ਫ਼ੁਰਮਾਉਂਦੇ ਹਨ “ਕਰਮ ਧਰਤੀ, ਸਰੀਰੁ ਜੁਗ ਅੰਤਰਿ, ਜੋ ਬੋਵੈ ਸੋ ਖਾਤਿ॥ ਕਹੁ ਨਾਨਕ ਭਗਤ ਸੋਹਹਿ ਦਰਵਾਰੇ, ਮਨਮੁਖ ਸਦਾ ਭਵਾਤਿ” (ਪੰ: ੭੮)। ਇਸੇ ਤਰ੍ਹਾਂ ਇਹ ਹੀ ਇਕੋ ਇੱਕ ਜਨਮ ਹੈ ਜਿਸ ਲਈ ਗੁਰਦੇਵ ਫ਼ੁਰਮਾਉਂਦੇ ਹਨ “ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ॥ ਨਾਨਕ ਕਹਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀ” (ਪੰ: ੬੩੦) ਅਥਵਾ “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਜਾਂ “ਮਿਲੁ ਜਗਦੀਸ, ਮਿਲਨ ਕੀ ਬਰੀਆ ਚਿਰੰਕਾਲ ਇਹ ਦੇਹ ਸੰਜਰੀਆ” (ਪੰ: ੧੭੬)। ਕਿ ਐ ਭਾਈ! ਬੇਅੰਤ ਜੂਨਾਂ ਭੋਗਣ ਤੋਂ ਬਾਅਦ ਤੈਨੂੰ ਇਹ ਮਨੁੱਖਾ ਜਨਮ ਮਿਲਿਆ ਹੈ, ਇਸ ਲਈ ਤੂੰ ਇਸ ਦੀ ਅਮੁਲਤਾ ਦੀ ਪਹਿਚਾਣ ਕਰ ਤੇ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਜਾ, ਪ੍ਰਭੂ ਦਾ ਰੂਪ ਬਣ ਜਾ। ਇਥੇ ਇਹ ਵੀ ਸਮਝਣਾ ਹੈ ਕਿ ਆਪਣੇ ਆਪ `ਚ ਵਾਰੀ ਦਾ ਮਤਲਬ ਹੀ ਇਹੀ ਹੈ ਕਿ ਇਸ ਕੱਤਾਰ `ਚ ਤੂੰ ਇਕੱਲਾ ਨਹੀਂ ਸੀ। ਬਲਕਿ ਇਸੇ ਕੱਤਾਰ `ਚ ਦੂਜੀਆਂ ਜੂਨਾਂ ਵੀ ਸਨ ਜਿਨ੍ਹਾਂ `ਚੋਂ ਪ੍ਰਭੂ ਵੱਲੋਂ ਤੈਨੂੰ ਇਹ ‘ਚਿਰੰਕਾਲ’ ਭਾਵ ਲੰਮੇ ਅਰਸੇ ਬਾਅਦ ਤੇ ‘ਬਰੀਆ’ ਭਾਵ ਵਾਰੀ ਮਿਲੀ ਹੈ।

ਇਸ ਲਈ ਅਰਬਾਂ ਖਰਬਾਂ ਜੂਨਾਂ ਵਿੱਚੋਂ ਇਕੋ ਇੱਕ ਮਨੁੱਖਾ ਜੂਨ ਹੀ ਹੈ ਜਿਸ ਦਾ ‘ਸੁਆਸ ਸੁਆਸ’ ਤੇ ‘ਦਮ ਦਮ’ ਅਮੁਲਾ ਹੈ ਅਤੇ ਪ੍ਰਭੂ ਵੱਲੋਂ ਮਨੁੱਖ ਕੋਲ ਇਹ ਸੁਆਸ ਕੇਵਲ ਜੂਨ ਭੋਗਣ ਲਈ ਨਹੀਂ ਬਲਕਿ ਇਸਨੂੰ ਸਫ਼ਲਾ ਕਰਣ ਲਈ ‘ਰਾਸ ਪੂੰਜੀ’ ਵੀ ਹਨ। ਇਸ ਦੇ ਉਲਟ, ਮਨੁੱਖਾ ਜਨਮ ਤੋਂ ਇਲਾਵਾ ਬਾਕੀ ਅਰਬਾਂ-ਖਰਬਾਂ ਜੂਨਾਂ `ਚ ਉਨ੍ਹਾਂ ਜੀਵਾਂ ਕੋਲ ਸੁਆਸਾਂ ਵਾਲੀ ਪੂੰਜੀ ਤਾਂ ਹੁੰਦੀ ਹੈ, ਪਰ ਉਹ ਕੇਵਲ ਜੂਨਾਂ ਨੂੰ ਭੋਗਣ ਲਈ। ਉਥੇ ਇਨ੍ਹਾਂ ਸੁਆਸਾਂ ਦਾ ਇਸ ਤੋਂ ਵਧ, ਹੋਰ ਕੁੱਝ ਮਤਲਬ ਨਹੀਂ ਹੁੰਦਾ। ਉਨ੍ਹਾਂ ਜੂਨਾਂ ਸਮੇਂ ਘੜੀ ਘੜੀ ਤੇ ਸੁਆਸ ਦਾ ਲੇਖਾ ਵੀ ਨਹੀਂ ਹੁੰਦਾ। ਉਹ ਜੂਨਾਂ ਤਾਂ ਕੇਵਲ “ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ” (ਬਾਣੀ ਜਪੁ) ਅਨੁਸਾਰ ਪਿਛਲੇ ਬਿਤਾਏ ਜਾ ਚੁੱਕੇ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ-ਸੰਸਕਾਰਾਂ ਦਾ ਲੇਖਾ ਜੋਖਾ ਮਾਤ੍ਰ ਹੀ ਹੁੰਦੀਆਂ ਹਨ।

ਉਹ ਸਾਰੀਆਂ ਜੂਨਾਂ ਭਿੰਨ ਭਿੰਨ ਸਰੀਰਾਂ ਦੇ ਰੂਪ `ਚ ਮਨੁੱਖਾ ਜਨਮ ਸਮੇਂ ਕੀਤੇ ਕਰਮਾ-ਸੰਸਕਾਰਾਂ ਨੂੰ ਭੋਗਣ ਲਈ ਸਜ਼ਾਵਾਂ ਲਈ ਭਿੰਨ ਭਿੰਨ ਸਰੀਰਾਂ ਦੇ ਰੂਪ `ਚ ਕੋਠਰੀਆਂ (Cells) ਹੁੰਦੀਆਂ ਹਨ। ਉਥੇ ਜੀਵ ਆਪਣੇ ਜੀਵਨ ਢੰਗ `ਚ, ਜਿਹੜਾ ਕਿ ਉਸ ਨੂੰ ਪ੍ਰਭੂ ਵੱਲੋਂ ਪ੍ਰਾਪਤ ਹੋਇਆ ਹੁੰਦਾ ਹੈ, ਰਤੀ-ਮਾਸਾ ਵੀ ਵਾਧਾ ਘਾਟਾ ਨਹੀਂ ਕਰ ਸਕਦਾ। ਉਥੇ ਸ਼ਹਿਦ ਦੀ ਮਖੀ ਦੀ ਜੂਨ ਸਮੇਂ ਉਸ ਨੇ ਫੁਲਾਂ ਦੀ ਖੁਸ਼ਬੂ ਸੁੰਘਣੀ ਤੇ ਸ਼ਹਿਦ ਬਨਾਉਣਾ ਤਾਂ ਹੈ। ਫ਼ਿਰ ਉਸਨੂੰ ਆਪਣਾ ਹੀ ਬਨਾਇਆ ਹੋਇਆ ਸ਼ਹਿਦ ਵੀ ਵਰਤਣਾ ਨਸੀਬ ਨਹੀਂ ਹੁੰਦਾ। ਕਿਉਂਕਿ ਉਸ ਦਾ ਬਣਾਇਆ ਉਹ ਸ਼ਹਿਦ ਵੀ ਦੂਜੇ ਹੀ ਲੈ ਜਾਂਦੇ ਹਨ। ਇਹੀ ਨਹੀਂ, ਦੂਜੇ ਪਾਸੇ ਸਾਧਾਰਣ ਵੀ ਮਖੀ ਦੀ ਜੂਨ ਹੀ ਹੁੰਦੀ ਹੈ ਪਰ ਉਸ ਜੂਨ ਸਮੇਂ ਜੀਵ ਨੂੰ ਵਿਸ਼ਟਾ `ਤੇ ਜਾ ਕੇ ਹੀ ਬੈਠਨਾ ਪਵੇਗਾ। ਇਸੇ ਤਰ੍ਹਾਂ ਮੱਛੀ ਦੀ ਜੂਨ ਸਮੇਂ ਜੀਵ ਨੂੰ ਜ਼ਿੰਦਗੀ ਭਰ ਪਾਣੀ ਤੋਂ ਬਾਹਰ, ਮੈਦਾਨ `ਤੇ ਰਹਿਣਾ ਤੇ ਘੁਮਣਾ ਫ਼ਿਰਣਾ ਵੀ ਨਸੀਬ ਨਹੀਂ ਹੁੰਦਾ।

ਇਹ ਤਾਂ ਕੇਵਲ ਮਨੁੱਖਾ ਜੂਨ ਹੀ ਹੈ ਜਿੱਥੇ ਕੋਈ ਅਧਮ ਨੀਚ ਤੇ ਚੰਡਾਲ ਸੁਭਾਉ ਵਾਲਾ ਮਨੁੱਖ ਵੀ ਰਾਤੋ ਰਾਤ ਕਰਤੇ ਦੀ ਬਖ਼ਸ਼ਿਸ਼ ਨਾਲ ਗੁਰਮੁਖ ਜੀਵਨ ਨੂੰ ਪ੍ਰਾਪਤ ਕਰ ਸਕਦਾ ਹੈ। ਇਹ ਮਨੁੱਖਾ ਜਨਮ ਹੀ ਹੈ, ਜਿੱਥੇ ਸਮੇਂ ਦਾ ਬਦਨਾਮ ਧਾੜਵੀ ਬਿਧੀਆ ਵੀ ਗੁਰਦੇਵ ਦੀ ਬਖ਼ਸ਼ਿਸ਼ ਦਾ ਵਾਰਿਸ ਬਣ ਕੇ, ਵੱਡੇ ਜਰਨੈਲ ਤੇ ਧਰਮੀ ਯੋਧੇ ਦੇ ਰੂਪ `ਚ ਸੰਸਾਰ ਤੱਲ `ਤੇ ਭਾਈ ਬਿਧੀ ਚੰਦ ਦੇ ਨਾਮ ਨਾਲ ਉਭਰਿਆ। ਮਨੁੱਖਾ ਜਨਮ ਸਬੰਧੀ ਇਸੇ ਇਲਾਹੀ ਸੱਚ ਨੂੰ ਸਮਝਣ ਲਈ ਇਸੇ ਗੁਰਮੱਤ ਪਾਠ ਦੇ ਪਹਿਲੇ ਭਾਗਾਂ `ਚ ਕੁੱਝ ਹੋਰ ਗੁਰਬਾਣੀ ਫ਼ੁਰਮਾਨ ਤੇ ਇਤਿਹਾਸਕ ਮਿਸਾਲਾਂ ਵੀ ਦੇ ਚੁੱਕੇ ਹਾਂ।

“ਜਪ ਤਪ ਕਾ ਬੰਧੁ ਬੇੜੁਲਾ” -ਹੋਰ ਤਾਂ ਹੋਰ, ਗੁਰਬਾਣੀ `ਚ ਇਸ ਸੱਚ ਨੂੰ ਵੀ ਪ੍ਰਗਟ ਕੀਤਾ ਗਿਆ ਹੈ ਕਿ ਇਹ ਵਾਧਾ ਵੀ ਮਨੁੱਖਾ ਜਨਮ ਸਮੇਂ ਹੀ ਹੈ, ਜਦੋਂ ਕਿਸੇ ਕਾਰਨ ਜੇ ਸਾਰੀ ਆਰਜਾ ਵੀ ਅਨਜਾਣੇ ਹੀ ਬਤੀਤ ਹੋ ਜਾਵੇ। ਉਪ੍ਰੰਤ ਉਮਰ ਦੇ ਆਖ਼ਰੀ ਪੜਾਅ ਭਾਵ ਬੁਢਾਪੇ `ਚ ਪੁੱਜ ਕੇ ਵੀ ਜੇਕਰ ਸੋਝੀ ਆ ਜਾਵੇ ਤਾਂ ਵੀ ਇਸ ਜਨਮ ਦੀ ਸੰਭਾਲ ਕੀਤੀ ਜਾ ਸਕਦੀ ਹੈ। ਮਨੁੱਖਾ ਜੀਵਨ ਦੇ ਇਸੇ ਸੱਚ ਨੂੰ ਪ੍ਰਗਟ ਕਰਣ ਲਈ ਗੁਰਦੇਵ ਨੇ ਗੁਰਬਾਣੀ ਵਿਚਲੇ ਫ਼ਰੀਦ ਸਾਹਿਬ ਦੇ ਸ਼ਬਦ “ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥ ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ” (ਪੰ: ੭੯੪) ਅਤੇ ਪਹਿਲੇ ਪਾਤਸ਼ਾਹ ਦੇ ਸ਼ਬਦ “ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ॥ ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ” (ਪ: ੭੨੯) ਵਾਲੇ ਦੋਨਾਂ ਸ਼ਬਦਾਂ `ਚ ਮਨੁੱਖਾ ਜੀਵਨ ਦੇ ਇਸੇ ਸੱਚ ਨੂੰ ਪ੍ਰਗਟ ਕੀਤਾ ਹੈ।

ਇਤਨਾ ਹੀ ਨਹੀਂ, ਬਲਕਿ ਮਨੁੱਖਾ ਜੀਵਨ ਦਾ ਦੂਜਾ ਪਾਸਾ ਵੀ ਹੈ ਜਿਸ ਨੂੰ ਗੁਰਦੇਵ ਕਬੀਰ ਸਾਹਿਬ ਦੀ ਰਚਨਾ ਨਾਲ ਇਸ ਤਰ੍ਹਾਂ ਵੀ ਸਪਸ਼ਟ ਕੀਤਾ ਹੈ ਜਿਵੇਂ “ਕਬੀਰ ਗਰਬੁ ਨ ਕੀਜੀਐ, ਰੰਕੁ ਨ ਹਸੀਐ ਕੋਇ॥ ਅਜਹੁ ਸੁ ਨਾਉ ਸਮੁੰਦ੍ਰ ਮਹਿ, ਕਿਆ ਜਾਨਉ ਕਿਆ ਹੋਇ” (ਪੰ: ੧੩੬੬) ਭਾਵ ਮਨੁੱਖਾ ਜੀਵਨ ਅਜਿਹੀ ਤਿਲਕਣਬਾਜ਼ੀ ਹੈ ਕਿ ਚੰਗਾ ਭਲਾ ਸਫ਼ਲ ਜੀਵਨ ਵੱਲ ਵਧ ਰਿਹਾ ਮਨੁੱਖ ਵੀ “ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ” (ਪੰ: ੪੧੭) ਅਨੁਸਾਰ ਆਪਣੇ ਆਖ਼ਰੀ ਸੁਆਸਾਂ ਵੇਲੇ ਵੀ ਥਿੜਕ ਸਕਦਾ ਹੈ। ਇਸੇ ਲਈ ਗੁਰਦੇਵ ਨੇ ਜੀਵਨ ਦੀ ਸਫ਼ਲਤਾ ਲਈ ਸਫ਼ਲ ਜੀਵਨ ਦਾ ਆਧਾਰ ਤੇ ਪ੍ਰਾਪਤੀ ਦੇ ਢੰਗ ਬਾਰੇ ਵੀ ਅਨੇਕਾਂ ਵਾਰੀ ਸੁਚੇਤ ਕੀਤਾ ਹੈ ਜਿਵੇਂ “ਭਉ ਭਗਤਿ ਕਰਿ ਨੀਚੁ ਸਦਾਏ॥ ਤਉ ਨਾਨਕ ਮੋਖੰਤਰੁ ਪਾਏ” (ਪੰ: ੪੭੦)। ਭਾਵ, ਸਫ਼ਲ ਜੀਵਨ ਦੀ ਪ੍ਰਾਪਤੀ ਲਈ ਜ਼ਰੂਰੀ ਹੈ ਕਿ ਮਨੁੱਖ ਨੇ ਸਦਾ ਹਉਮੈ ਵਾਲੇ ਪਾਸਿਉਂ ਬੱਚ ਕੇ ਰਹਿਣਾ ਹੈ ਤੇ ਕਰਤੇ ਦੀ ਕਰਣੀ ਨੂੰ ਸਦਾ ਉਸ ਦੀ ਰਜ਼ਾ `ਚ ਖਿੜੇ ਮਥੇ ਪ੍ਰਵਾਣ ਕਰਨਾ ਹੈ। ਇਹੀ ਢੰਗ ਹੈ ਜਿਸ ਨਾਲ ਮਨੁੱਖਾ ਜਨਮ ਨੇ ਸਫ਼ਲ ਹੋਣਾ ਹੈ।

“ਘੜੀ ਮੁਹਤ ਕਾ ਲੇਖਾ ਲੇਵੈ” ਅਤੇ “ਅੰਤ ਕਾਲ” - ਇਸ ਸਾਰੇ ਦੇ ਬਾਵਜੂਦ ਅੱਜ ਵੀ ਗੁਰੂ ਕੀਆਂ ਸੰਗਤਾਂ `ਚੋਂ ਬਹੁਤਿਆਂ ਦੇ ਮਨ `ਤੇ ਇਹੀ ਵਿਸ਼ਵਾਸ ਭਾਰੂ ਹਨ ਕਿ ਮੌਤ ਤੋਂ ਬਾਅਦ ਮਨੁੱਖ ਨੂੰ ੳੇੁਸੇ ਤਰ੍ਹਾਂ ਦੀ ਜੂਨ ਮਿਲਦੀ ਹੈ ਜਿਸ ਤਰ੍ਹਾਂ ਉਸ ਦੀ ਅੰਤ (ਮਰਣ) ਸਮੇਂ ਸੋਚ ਹੁੰਦੀ ਹੈ। ਜਦਕਿ ਅਜਿਹੇ ਵਿਸ਼ਵਾਸ ਨਿਰੋਲ ਬ੍ਰਾਹਮਣੀ ਜਾਂ ਅਣਮੱਤੀ ਹਨ। ਗੁਰਮੱਤ ਅਜਿਹੇ ਵਿਸ਼ਵਾਸਾਂ ਨਾਲ ਉੱਕਾ ਸਹਿਮਤ ਨਹੀਂ। ਬਲਕਿ ਗੁਰਮੱਤ ਤਾਂ ਅਜਿਹੇ ਵਿਸ਼ਵਾਸਾਂ ਨੂੰ ਪੂਰੀ ਤਰ੍ਹਾਂ ਨਕਾਰਦੀ ਹੈ। ਦੇਖ ਚੁੱਕੇ ਹਾਂ, ਗੁਰਮੱਤ ਅਨੁਸਾਰ ਤਾਂ “ਘੜੀ ਮੁਹਤ ਕਾ ਲੇਖਾ ਲੇਵੈ, ਰਤੀਅਹੁ ਮਾਸਾ ਤੋਲ ਕਢਾਵਣਿਆ” (ਪੰ: ੧੨੭) ਭਾਵ ਮਨੁੱਖਾ ਜਨਮ ਦੇ ਵਾਧੇ-ਘਾਟੇ ਤੇ ਸਫ਼ਲ-ਅਸਫ਼ਲ ਦਾ ਸਬੰਧ ਕੇਵਲ ਇਸ ਦੇ ਪਿਛਲੇ ਜਨਮਾਂ ਨਾਲ ਹੀ ਨਹੀਂ ਬਲਕਿ ਬੀਤ ਰਹੇ ਜਨਮ ਦੇ ਸੁਆਸ ਸੁਆਸ ਤੇ ਪਲ ਪਲ ਦੀ ਸੰਭਾਲ ਨਾਲ ਵੀ ਹੈ। ਕਿਉਂਕਿ ਗੁਰਮੱਤ ਅਨੁਸਾਰ ਮਨੁੱਖਾ ਜਨਮ ਗੁਰਮੁਖ ਤੇ ਮਨਮੁਖ ਵਾਲੇ ਦੋ ਵਿਰੋਧੀ ਕਿਨਾਰਿਆਂ ਤੇ ਖੜਾ ਹੈ। ਇਸ ਤਰ੍ਹਾਂ ਇਸ ਜਨਮ ਦਾ ਸਬੰਧ ‘ਅੰਤ ਕਾਲ’ ਉੱਕਾ ਹੀ ਨਹੀਂ ਬਲਕਿ ਜੀਵਨ ਦੇ ਸੁਆਸ ਸੁਆਸ ਦੀ ਤਿਆਰੀ ਨਾਲ ਹੈ।

ਇਤਨਾ ਹੀ ਨਹੀਂ, ਗੁਰਮੱਤ ਪੱਖੋਂ ਇਸੇ ਅਗਿਆਨਤ ਦਾ ਸਿੱਟਾ ਹੈ ਕਿ ਅੱਜ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ੯੯% ਘਰਾਣਿਆਂ `ਚ ਵੀ ਚਲਾਣੇ ਦੀਆਂ ਰਸਮਾਂ ਨਿਰੋਲ ਗਰੁੜ ਪੁਰਾਣ ਅਨੁਸਾਰ ਹੋ ਰਹੀਆਂ ਹਨ। ਦੇਖਣ ਤੇ ਸਮਝਣ ਦਾ ਵਿਸ਼ਾ ਹੈ ਕਿ ਉਥੇ ਪ੍ਰਕਾਸ਼, ਪਾਠ ਤੇ ਹੁਕਮਨਾਮਾ ਆਦਿ ਉਪਰਲੇ ਸਾਰੇ ਕੰਮ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਹੁੰਦੇ ਹਨ। ਇਥੋਂ ਤੱਕ ਕਿ ਪ੍ਰਾਣੀ ਦੇ ਸਸਕਾਰ ਤੋਂ ਬਾਅਦ ਗੁਰਦੁਆਰੇ ਪੁੱਜ ਕੇ ਪਾਠ ਵੀ ਅਲਾਹਣੀਆਂ ਜਾਂ ਸਦ ਬਾਣੀ ਦਾ ਹੁੰਦਾ ਹੈ। ਫ਼ਿਰ ਵੀ ਹਰੇਕ ਕਾਰਜ, ਗੁਰਬਾਣੀ ਆਦੇਸ਼ਾਂ ਦੇ ਵਿਰੁਧ ਤੇ ਬ੍ਰਾਹਮਣੀ ਕਰਮਕਾਂਡ ਤੇ ਬ੍ਰਾਹਮਣੀ ਵਿਚਾਰਧਾਰਾ ਅਨੁਸਾਰ ਹੀ ਹੋ ਰਿਹਾ ਹੁੰਦਾ ਹੈ ਤਾਂ ਕਸੂਰ ਕਿਸ ਦਾ?

ਹੋਰ ਤਾਂ ਹੋਰ, ਪੰਜਾਬ ਜਿਹੜਾ ਸਿੱਖ ਧਰਮ ਦੀ ਜਨਮਭੂਮੀ ਹੈ, ਅੱਜ ੯੫% ਤੋਂ ਉਪਰ ਪੰਜਾਬ ਦੀ ਜਵਾਨੀ ਪਤਿਤ ਤੇ ਨਸ਼ਿਆਂ `ਚ ਡੁੱਬੀ ਪਈ ਹੈ। ਜੇ ਕਰ ਉਨ੍ਹਾਂ `ਚ ਵਿਚਰੋ ਤਾਂ ਉਹ ਵੀ ਬਹੁਤਾ ਕਰਕੇ ਸਾਮਵਾਦੀ ਅਥਵਾ ਕਮਿਉਨਿਸਟ ਪ੍ਰਭਾਵ ਦਾ ਸ਼ਿਕਾਰ ਹੋਏ ਪਏ ਹਨ, ਨਹੀਂ ਤਾਂ ਪੂਰੀ ਤਰ੍ਹਾਂ ਇਸਾਈ ਮੱਤ ਵੱਲ ਵਧ ਰਹੇ ਹਨ। ਬੇਸ਼ੱਕ ਉਹ ਵੀ ਗੁਰੂਡੰਮਾ ਤੇ ਪਾਖੰਡੀ ਬਾਬਿਆਂ ਦੇ ਚੁੰਗਲ `ਚ ਨਹੀਂ ਫ਼ਸਦੇ, ਕਲਾਈਆਂ ਤੇ ਮੌਲੀਆਂ ਆਦਿ ਨਹੀਂ ਬੰਨਦੇ ਜਾਂ ਹੋਰ ਅਜਿਹੇ ਬ੍ਰਾਹਮਣੀ ਕਰਮ ਨਹੀਂ ਕਰਦੇ। ਪਰ, ਉਹ ਇਸ ਲਈ ਨਹੀਂ ਕਿ ਉਹ ਗੁਰਮੱਤ ਤੋਂ ਪ੍ਰਭਾਵਿਤ ਹਨ ਅਤੇ ਇਸ ਲਈ ਅਜਿਹੇ ਕਾਰਜ ਨਹੀਂ ਕਰਦੇ। ਬਲਕਿ ਇਸ ਲਈ ਕਿ ਕਮਿਉਨਿਸਟ ਪ੍ਰਭਾਵ `ਚ ਆ ਜਾਣ ਕਾਰਨ ਉਹ ਕਿਸੇ ਵੀ ਧਰਮ ਕਰਮ ਅਤੇ ਰੱਬ ਦੀ ਹੋਂਦ ਨੂੰ ਹੀ ਨਹੀਂ ਮੰਨਦੇ। ਉਥੇ ਤਾਂ ਅੱਜ ਇੱਕ ਤਕਰਸ਼ੀਲ ਸੋਸਾਇਟੀ ਵੀ ਉਭਰ ਰਹੀ ਹੈ ਪਰ ਉਹ ਵੀ ਗੁਰਮੱਤ ਦੇ ਪ੍ਰਭਾਵ `ਚ ਨਹੀਂ ਬਲਕਿ ਸਾਮਵਾਦੀ ਪ੍ਰਭਾਵ ਹੇਠ।

ਜੇ ਕਰ ਸਚਮੁਚ ਇਹ ਸਭ ਗੁਰਮੱਤ ਦੇ ਪ੍ਰਭਾਵ `ਚ ਕਰ ਰਹੇ ਹੋਣ ਤੋਂ ਉਨ੍ਹਾਂ ਤਰਕਸ਼ੀਲਾਂ ਅੰਦਰ ਨਿਰੀਪੁਰੀ ਅੰਧਵਿਸ਼ਵਾਸਾਂ ਤੋਂ ਬਗ਼ਾਵਤ ਜਾਂ ਅੰਧਵਿਸ਼ਵਾਸਾਂ ਦਾ ਵਿਰੋਧ ਹੀ ਨਾ ਹੋਵੇ ਬਲਕਿ ਉਨ੍ਹਾਂ ਅੰਦਰ ਜੀਵਨ ਤੇ ਮਨ ਕਰਕੇ ਗੁਰਮੱਤ ਪੱਖੋਂ ਜਾਗ੍ਰਿਤੀ ਵੀ ਹੋਵੇ, ਜਿਹੜੀ ਕਿ ਉਥੇ ਨਦਾਰਦ ਹੈ। ਸਪਸ਼ਟ ਹੈ ਕਿ ਇਹ ਸਭ ਤਾਂ ਹੋ ਰਿਹਾ ਹੈ ਕਿਉਂਕਿ ਸੰਗਤਾਂ ਵਿਚਕਾਰ ਇਸ ਪੱਖੋਂ ਗੁਰਮੱਤ ਨੂੰ ਨਿਖਾਰ ਕੇ ਪੇਸ਼ ਹੀ ਨਹੀਂ ਕੀਤਾ ਜਾ ਰਿਹਾ। ਜਦਕਿ ਗੁਰਮੱਤ ਅਜਿਹੀ ਅਕੱਟ ਸਚਾਈ ਹੇ ਕਿ ਜਿਸ ਹਿਰਦੇ ਅੰਦਰ ਇੱਕ ਵਾਰੀ ਇਸ ਦਾ ਵਾਸਾ ਹੋ ਜਾਂਦਾ ਹੈ ਉਥੇ ਕੇਵਲ ਬ੍ਰਾਹਮਣੀ ਕਰਮਕਾਂਡ ਹੀ ਨਹੀਂ ਬਲਕਿ ਸੰਸਾਰ ਭਰ ਦੇ ਅੰਧਵਿਸ਼ਵਾਸ ਵੀ ਉਥੇ ਪਰ ਨਹੀਂ ਮਾਰ ਸਕਦੇ।

ਇਹ ਤਾਂ ਕੁੱਦਰਤੀ ‘ਅੰਤਕਾਲ’ ਵਾਲਾ ਵਿਸ਼ਾ ਵਿਚਾਲੇ ਆ ਜਾਣ ਕਰਕੇ ਥੋੜਾ `ਚਲਾਣੇ’ ਤੇ ‘ਅੰਤਮ ਭੋਗ’ ਵਾਲੇ ਵਿਸ਼ੇ ਵੱਲ ਵੀ ਵਧਣਾ ਪਿਆ। ਨਹੀਂ ਤਾਂ ੯੯% ਅਜੋਕੇ ਸਿੱਖ ਪ੍ਰਵਾਰਾਂ `ਚ ਫ਼ਿਰ ਚਾਹੇ ਅਨਂਦ ਕਾਰਜ ਹੋਵੇ ਜਾਂ ਕੋਈ ਵੀ ਅਜਿਹਾ ਘਰੇਲੂ ਸਮਾਗਮ ਹੋਵੇ, ਉਥੇ ਸਿਵਾਏ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੇ ਪ੍ਰਕਾਸ਼ ਦੇ ਬਾਕੀ ਹਰੇਕ ਕੰਮ ਗੁਰਬਾਣੀ ਆਦੇਸ਼ਾਂ ਦੇ ਉਲਟ ਹੋ ਰਿਹਾ ਹੁੰਦਾ ਹੈ। ਉਥੇ ਕੇਵਲ ਬ੍ਰਾਹਮਣੀ, ਅਨਮੱਤੀ, ਹੂੜਮੱਤੀ ਬਲਕਿ ਬਹੁਤਾ ਤਾਂ ਸ਼ਰਾਬਾਂ ਦੀਆਂ ਬਾਰਾਂ ਆਦਿ ਵਾਲੇ ਦੁਰਮੱਤੀ ਕਰਮ ਵੀ ਦਿਖਾਈ ਦਿੰਦੇ ਹਨ। ਜਦਕਿ ਉਥੇ ਗੁਰਮੱਤ ਵਾਲਾ ਵਾਤਾਵਰਣ ਘਟ ਹੀ ਨਜ਼ਰ ਆਉਂਦਾ ਹੈ।

ਇਹ ਵੀ ਠੀਕ ਤੇ ਪ੍ਰਸੰਗਕ ਵੀ ਹੈ ਕਿ ਇਥੇ ਉਪ੍ਰੋਕਤ “ਅੰਤ ਕਾਲ” ਵਿਸ਼ੇ `ਤੇ ਵੀ ਗੁਰਮੱਤ ਪੱਖੋਂ ਕੁੱਝ ਗੱਲ ਕਰ ਲਈ ਜਾਵੇ। ਕਾਰਨ, ਇੱਕ ਤਾਂ ਅਜੋਕੇ ਸਮੇਂ ਅਜਿਹੇ ਸਿੱਖ ਪ੍ਰਵਾਰਾਂ ਦਾ ਵੀ ਘਾਟਾ ਨਹੀਂ ਜੋ ਸਚਮੁਚ ਇਹੀ ਮੰਨੀ ਬੈਠੇ ਹਨ ਕਿ ਮੌਤ ਤੋਂ ਬਾਅਦ ਮਨੁੱਖ ਨੂੰ ੳੇੁਸੇ ਤਰ੍ਹਾਂ ਦੀ ਜੂਨ ਮਿਲਦੀ ਹੈ ਜਿਸ ਤਰ੍ਹਾਂ ਉਸ ਦੀ ਅੰਤ (ਮਰਣ) ਸਮੇਂ ਸੋਚ ਹੁੰਦੀ ਹੈ। ਦੂਜਾ, ਇਸ ਲਈ ਕਿ ਉਸ ਅੰਤ ਕਾਲ ਵਾਲੇ ਫੋਕਟ ਵਿਸ਼ਵਾਸ ਦਾ ਤੋੜ ਪਹਿਲਾਂ ਹੀ ਹੱਥਲੇ ਗੁਰਮੱਤ ਪਾਠ `ਚ ਗੁਰਮੱਤ ਨਾਲ ਸਬੰਧਤ ਦੋ ਵਿਸ਼ੇ ਲਏ ਜਾ ਚੁੱਕੇ ਹਨ। ਪਹਿਲਾ ਇਹ ਕਿ ਜਦੋਂ ਗੁਰਮੱਤ ਅਨੁਸਾਰ ਕਰਤੇ ਦੇ ਨਿਆਂ ਤੇ ਉਸ ਦੀ ਦਰਗਾਹ `ਚ ਮਨੁੱਖਾ ਜਨਮ ਦੇ ਸੁਆਸ ਸੁਆਸ ਤੇ ਪਲ ਪਲ ਦਾ ਲੇਖਾ ਹੋਣਾ ਹੈ ਤਾਂ ‘ਅੰਤ ਕਾਲ’ ਵਾਲੀ ਸੋਚਣੀ ਵਾਲਾ ਆਧਾਰ ਹੀ ਨਹੀਂ ਰਹਿੰਦਾ।

ਦੂਜਾ, ਗੁਰਬਾਣੀ ਜਦਕਿ ਵਿਸ਼ਾ ਹੀ ਮਨੁੱਖਾ ਜਨਮ ਦੇ ਸੁਆਸ ਸੁਆਸ ਤੇ ਦਮ ਦਮ ਦੀ ਸੰਭਾਲ ਦਾ ਹੈ ਤਾਂ ਉਥੇ ਅੰਤ ਕਾਲ ਵਾਲੀ ਬਾਕੀ ਗੱਲ ਹੀ ਕਿਹੜੀ ਰਹਿ ਜਾਂਦੀ ਹੈ? ਇਸ ਤਰ੍ਹਾਂ ਇਸ ਸਬੰਧ `ਚ ਗੁਰਮੱਤ ਦੇ ਇਤਨੇ ਸਪਸ਼ਟ ਤੇ ਅਕੱਟ ਸਿਧਾਂਤਾਂ ਸਾਹਮਣੇ, ‘ਅੰਤ ਕਾਲ’ ਵਾਲਾ ਵਿਸ਼ਵਾਸ ਹੀ ਨਿਗੁਣਾ ਤੇ ਖੋਖਲਾ ਸਾਬਤ ਹੋ ਜਾਂਦਾ ਹੈ। ਇਸ ਲਈ ਜਦੋਂ ‘ਅੰਤ ਕਾਲ’ ਵਾਲੇ ਭਰਮ ਜਾਲ ਨਾਲ ਸਬੰਧਤ ਗੁਰਬਾਣੀ ਆਧਾਰਤ ਦੋ ਮਜ਼ਬੂਤ ਤੇ ਅਕੱਟ ਪੱਖ ਲਏ ਹੀ ਜਾ ਚੁੱਕੇ ਹਨ ਤਾਂ ਇਸ ਬਾਰੇ ਹੋਰ ਵਿਆਖਿਆ ਦੀ ਲੋੜ ਹੀ ਨਹੀਂ ਰਹਿ ਜਾਂਦੀ। ਫ਼ਿਰ ਵੀ ਸੰਗਤਾਂ ਦੀ ਜਾਗ੍ਰਿਤੀ ਲਈ ਜ਼ਰੂਰੀ ਸਮਝਦੇ ਹਾਂ ਕਿ ਗੁਰਮੱਤ ਪਾਠ `ਚ ਇਸ ‘ਅੰਤ ਕਾਲ’ ਵਾਲੇ ਪੱਖ ਨੂੰ ਵੀ ਕੁੱਝ ਹੋਰ ਘੋਖ ਲਿਆ ਜਾਵੇ।

ਇਤਨਾ ਹੀ ਨਹੀਂ, ਬਲਕਿ ਇਸੇ ਵਿਸ਼ੇ ਨਾਲ ਪੂਰੀ ਤਰ੍ਹਾਂ ਸਬੰਧਤ ਗੁਰਬਾਣੀ `ਚ ਪੰਨਾ ਨੰ: ੫੨੬ `ਤੇ ਭਗਤ ਤ੍ਰਲੋਚਨ ਜੀ ਦਾ ਵੀ ਇੱਕ ਸ਼ਬਦ ਆਇਆ ਹੈ ਜਿਸ `ਚ ਭਗਤ ਜੀ ਨੇ ‘ਅੰਤ ਕਾਲ’ ਵਾਲੇ ਇਸ ਪੁਰਾਤਨ ਤੇ ਬ੍ਰਾਹਮਣੀ ਵਿਸ਼ਵਾਸ ਨੂੰ ਪੂਰੀ ਤਰ੍ਹਾਂ ਕੱਟਿਆ ਤੇ ਨਕਾਰਿਆ ਤੇ ਤਾਰ ਤਾਰ ਕੀਤਾ ਹੈ। ਜਦਕਿ ਉਸ ਸ਼ਬਦ ਬਾਰੇ ਅਸੀਂ ਗੁਰਮੱਤ ਪਾਠ ਨੰ: ੧੮੦ `ਚ ਵੱਖਰੇ ਤੌਰ `ਤੇ ਵੀ ਵਿਚਾਰ ਕਰ ਚੁੱਕੇ ਹਾਂ। ਤਾਂ ਵੀ ਵਿਸ਼ੇ ਦੀ ਲੋੜ ਨੂੰ ਮੁੱਖ ਰਖਦੇ ਹੋਏ ਅਸੀਂ ਇਥੇ ਚਲਦੁੇ ਪ੍ਰਕਰਣ `ਚ ਵੀ ਉਸ ਸ਼ਬਦ ਨੂੰ ਵੀ ਬੇਸ਼ਕ ਪ੍ਰਮਾਣ ਦੇ ਤੌਰ `ਤੇ ਹੀ ਸਹੀ, ਫ਼ਿਰ ਵੀ ਕਿਸੇ ਹਦ ਤੱਕ ਲੈਣ ਦਾ ਯਤਣ ਕਰਾਂਗੇ ਤਾ ਕਿ ਹੱਥਲਾ ਵਿਸ਼ਾ ਹੋਰ ਵੀ ਪੂਰੀ ਤਰ੍ਹਾਂ ਸਪਸ਼ਟ ਹੋ ਜਾਵੇ।

“ਹਮ ਆਦਮੀ ਹਾਂ ਇੱਕ ਦਮੀ” - ਖ਼ੂਬੀ ਇਹ ਕਿ ਅੰਤ ਸਮੇਂ ਮਨੁੱਖ ਦੀ ਸੋਚ ਕੀ ਹੋਵੇਗੀ, ਬਹੁਤ ਵਾਰੀ ਤਾਂ ਖ਼ੁਦ ਮਨੁੱਖ ਨੂੰ ਹੀ ਪਤਾ ਨਹੀਂ ਹੁੰਦਾ ਤੇ ਉਹ ਬੈਠਾ ਬੈਠਾ ਜਾਂ ਚਲਦਾ ਫ਼ਿਰਦਾ ਹੀ ਮਿੱਟੀ ਦਾ ਢੇਰ ਵੀ ਹੋ ਜਾਂਦਾ ਹੈ। ਸਮਝਣਾ ਹੈ ਕਿ ਅਜਿਹੀ ਹਾਲਤ `ਚ ਉਹ ਕਦੋਂ ਤੇ ਕੀ ਸੋਚੇਗਾ? ਬੇਅੰਤ ਵਾਰੀ ਤਾਂ ਕੁਦਰਤੀ ਆਫ਼ਤਾਂ ਜਿਵੇਂ ਭੂਚਾਲ, ਸੁਨਾਮੀ ਲਹਿਰਾਂ, ਦੰਗੇ ਫ਼ਸਾਦ ਤੇ ਕਤਲੇਆਮ ਹੋ ਜਾਂਦੇ ਹਨ। ਕੁਦਰਤੀ ਆਫ਼ਤਾਂ ਤੇ ਅਚਣਚੇਤ ਭਿਆਨਕ ਬਿਮਾਰੀਆਂ ਫੈਲ ਜਾਂਦੀਆਂ ਹਨ, ਦੁਰਘਟਣਾਵਾਂ `ਚ ਮੌਤਾਂ ਹੋ ਜਾਂਦੀਆਂ ਹਨ, ਜਿਨ੍ਹਾਂ ਬਾਰੇ ਕਿਸੇ ਨੂੰ ਪਹਿਲਾਂ ਅੰਦਾਜ਼ਾ ਹੀ ਨਹੀਂ ਹੁੰਦਾ, ਦੇਖਦੇ ਦੇਖਦੇ ਬੇਅੰਤ ਮੌਤਾਂ ਹੋ ਜਾਂਦੀਆਂ ਹਨ। ਉਨ੍ਹਾਂ ਦੇ ਅੰਤ ਸਮੇਂ ਬਾਰੇ ਕੋਈ ਕੀ ਕਹੇਗਾ ਤੇ ਕੀ ਹਿਸਾਬ ਲਗਾਵੇਗਾ?

ਗੁਰਬਾਣੀ ਅਨੁਸਾਰ ਤਾਂ ਮਨੁਖਾ ਜੀਵਨ ਦੇ ਅੰਤ ਬਾਰੇ ਸਪਸ਼ਟ ਫ਼ੈਸਲਾ ਹੈ, ਹਮ ਆਦਮੀ ਹਾਂ ਇੱਕ ਦਮੀ ਮੁਹਲਤਿ ਮੁਹਤੁ ਨ ਜਾਣਾ॥ ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ” (ਪੰ: ੬੬੦) ਭਾਵ ਮਨੁੱਖ ਦਾ ਜੀਵਨ ਤਾਂ ਆਉਣ ਵਾਲੇ ਕੇਵਲ ਇੱਕੋ ਦੰਮ ਤੇ ਖੜਾ ਹੈ, ਜਦਕਿ ਕਰਤੇ ਵੱਲੌਂ ਉਸ ਦੇ ਲਈ ਕਿਸੇ ਨੂੰ ਮੋਹਲਤ ਮਿਲਣੀ ਵੀ ਹੈ ਜਾਂ ਨਹੀਂ। ਤਾਂ ਅਜਿਹੇ ਸਮੇਂ ਮਨੁੱਖ ਨੇ ਕੀ ਤੇ ਕਿਵੇਂ ਸੋਚਣਾ ਹੈ?

ਇਸ ਤਰ੍ਹਾਂ ਮੌਤ ਤੋਂ ਬਾਅਦ ਮਨੁੱਖ ਦੀਆਂ ਅਗਲੀਆਂ ਜੂਨਾਂ ਕਿਹੜੀਆਂ ਤੇ ਕਿਹੋ ਜਿਹੀਆਂ ਹੋਣੀਆਂ ਹਨ? ਅਜਿਹੇ ਵਿਸ਼ਿਆਂ `ਤੇ ਅਜਿਹੀਆਂ ਫ਼ੈਸਲਾ ਕੁਣ ਗੱਲਾਂ ਦਾ ਸਬੰਧ ਹੀ ਕੇਵਲ ਬ੍ਰਾਹਮਣੀ ਤੇ ਅਨਮੱਤੀ ਵਿਚਾਰਧਾਰਾਵਾਂ ਨਾਲ ਹੈ। ਗੁਰਮੱਤ ਨਾਲ ਅਜਿਹੇ ਵਿਸ਼ਵਾਸਾ ਦਾ ਦੂਰ ਦਾ ਵੀ ਸਬੰਧ ਤੇ ਵਾਸਤਾ ਨਹੀਂ। ਬਲਕਿ ਗੁਰਮੱਤ ਤਾਂ ਅਜਿਹੇ ਵਿਸ਼ਵਾਸਾਂ ਨੂੰ ਮੂਲੋਂ ਹੀ ਕੱਟਦੀ ਤੇ ਨਕਾਰਦੀ ਹੈ।

ਗੁਰਮੱਤ ਅਨੁਸਾਰ ਅਜਿਹੇ ਫ਼ੈਸਲੇ ਹੀ “ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ” (ਬਾਣੀ ਜਪੁ) ਅਥਵਾ “ਦੀਬਾਨੁ ਏਕੋ ਕਲਮ ਏਕਾ ਹਮਾ ਤੁਮਾੑ ਮੇਲੁ॥ ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ” (ਪੰ: ੪੭੩) ਭਾਵ ਕਰਤੇ ਦੀ ਆਪਣੇ ਨਿਆਂ `ਚ ਹਨ, ਮਨੁੱਖ ਦੀ ਸੋਚ ਸੀਮਾ `ਚ ਹੈਣ ਹੀ ਨਹੀਂ। #G0105Vs011.02.011# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No G0105-V

“ਤਿਨਾੑ ਸਵਾਰੇ ਨਾਨਕਾ

ਜਿਨੑ ਕਉ ਨਦਰਿ ਕਰੇ” (ਭਾਗ )

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.