.

ਆਸਾ ਬੰਧੇ ਦਾਨੁ ਕਰਾਏ

ਪੰਜਾਬੀ ਕੋਸ਼ ਅਨੁਸਾਰ ਦਾਨ ਦੇ ਅਰਥ ਖੈਰਾਤ ਤੇ ਪੁੰਨ ਦੇ ਅਰਥ ਸ਼ੁੱਭ ਕਰਮ ਕੀਤੇ ਗਏ ਹਨ ਇਸ ਲਈ ਮੰਗਣ ਆਏ ਨੂੰ ਖੇਰਾਤ ਪਉਣ ਦੇ ਸ਼ੁੱਭ ਕਰਮ ਨੂੰ ਦਾਨ ਪੁੰਨ ਕਿਹਾ ਜਾਂਦਾ ਹੈ। ਪਿਛਲੇ ਸਮਿਆਂ ਵਿੱਚ ਬਚਪਨ ਤੋਂ ਹੀ ਇਹ ਸਿਖਾਇਆ ਜਾਂਦਾ ਸੀ ਕਿ ਦਾਨ ਕਰਨਾ ਇੱਕ ਪੁੰਨ (ਸ਼ੁਭ ਕਰਮ) ਹੈ ਪਰ ਇਹ ਕਦੇ ਨਹੀ ਸੁਣਿਆ ਸੀ ਕਿ ਇਹ ਕਰਮ ਗੁਰਮਤਿ ਅਨੁਸਾਰ ਕਰਨਾ ਹੀ ਉਚਿਤ ਹੈ। ਜੇ ਪਿੱਛੇ ਕੀਤੇ ਦਾਨ ਪੁੰਨ ਨੂੰ ਅੱਜ ਦੇ ਮਹੌਲ ਵਿੱਚ ਵੀਚਾਰਿਆ ਜਾਵੇ ਤਾਂ ਕੀਤਾ ਦਾਨ ਪੁੰਨ ਇੱਕ ਪਾਪ ਜਾਪਣ ਲੱਗ ਜਾਂਦਾ ਹੈ। ਅਗਿਆਨਤਾ ਨਾਲ ਕੀਤੇ ਦਾਨ ਪੁੰਨ ਦੇ ਕਾਰਨ ਹੀ ਪਾਪ ਦੇ ਰੂਪ ਵਿੱਚ ਅਨੇਕਾਂ ਵਿਹਲੜ, ਆਲਸੀ ਤੇ ਪਖੰਡੀ ਅਖੌਤੀ ਸਾਧ, ਸੰਤ, ਪੀਰ ਤੇ ਬਾਬੇ ਉਗ ਖੜੋਤੇ ਜੋ ਕਿਰਤੀਆਂ ਦੀ ਹੱਢਭੰਨ ਮਿਹਨਤ ਦੀ ਕਮਾਈ ਤੇ ਗੁਲਛਰੇ ਉਡਾ ਰਹੇ ਹਨ। ਇਸੇ ਦਾਨ ਪੁੰਨ ਸਦਕਾ ਹੀ ਅਨੇਕਾਂ ਗੁਰਦੁਆਰੇ, ਦਰਬਾਰ, ਠਾਠ ਤੇ ਡੇਰੇ ਗੁਰਮਤਿ ਪ੍ਰਚਾਰ ਲਈ ਹੋਂਦ ਵਿੱਚ ਆਏ ਪਰ ਅੱਜ ਉਹ ਵੀ ਇੱਕ ਵਾਪਾਰ ਦੇ ਅੱਡੇ ਬਣ ਕੇ ਵਿਅਰਥ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਵਿੱਚ ਹੀ ਉਲਝ ਗਏ। ਗੁਰੂ ਦੀ ਮਤਿ ਅਨੁਸਾਰ ਦਾਨ ਪੁੰਨ ਦੀ ਅਸਲੀਅਤ ਨੂੰ ਜਾਨਣ ਦਾ ਖਿਆਲ ਨਾ ਪੁਜਾਰੀਆਂ ਨੇ ਪਹਿਲਾਂ ਕਦੇ ਆਉਣ ਦਿੱਤਾ ਹੈ ਤੇ ਨਾ ਕਦੇ ਅੱਗੇ ਨੂੰ ਆਉਣ ਦੇਣਗੇ ਕਿਉਂਕਿ ਇਸ ਵਿੱਚ ਉਹਨਾਂ ਦੀ ਹੋਂਦ ਨੂੰ ਖਤਰਾ ਹੈ ਇਸ ਲਈ ਉਹਨਾਂ ਨੇ ਗੁਰਮਤਿ ਨੂੰ ਗੁਰਦੁਆਰਿਆਂ, ਦਰਬਾਰਾਂ, ਡੇਰਿਆਂ ਤੇ ਠਾਠਾਂ ਵਿਚੋਂ ਨਿਕਾਲਾ ਹੀ ਦੇ ਦਿੱਤਾ। ਇਉਂ ਜਾਪਦਾ ਹੈ ਜਿਵੇਂ ਅਗਿਆਨਤਾ ਵਿੱਚ ਕੀਤਾ ਦਾਨ ਪੁੰਨ, ਪਾਪ ਦਾ ਰੂਪ ਧਾਰ ਗਿਆ ਹੋਵੇ। ਪਰ ਜਿਵੇਂ ਇੱਕ ਕਹਾਵਤ ਹੈ ਕਿ “ਡੁੱਲੇ ਬੇਰਾਂ ਦਾ ਅਜੇ ਵੀ ਕੁੱਝ ਨਹੀ ਵਿਗੜਿਆ” ਜੇ ਅਜੇ ਵੀ ਜਾਗ ਕੇ ਗੁਰੂ ਦੀ ਸਿਖਿਆ ਨੂੰ ਸਮਝ ਕੇ ਮੰਨ ਲਈਏ ਤਾਂ ਮੋੜਾ ਪੈਣ ਦੀ ਉਮੀਦ ਕੀਤੀ ਜਾ ਸਕਦੀ ਹੈ। ਗੁਰ ਫੁਰਮਾਨ ਸੁਚੇਤ ਕਰਦਾ ਹੈ:

ਮਨਮੁਖ ਚੰਚਲ ਮਤਿ ਹੈ ਅੰਤਰਿ ਬਹੁਤੁ ਚਤੁਰਾਈ ॥ ਕੀਤਾ ਕਰਤਿਆ ਬਿਰਥਾ ਗਇਆ ਇਕੁ ਤਿਲੁ ਥਾਇ ਨ ਪਾਈ ॥ ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ ॥ ਬਿਨੁ ਸਤਿਗੁਰੂ ਜਮਕਾਲੁ ਨ ਛੋਡਈ ਦੂਜੈ ਭਾਇ ਖੁਆਈ ॥ (1414)। ਭਾਵ: ਹੇ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੀ ਮਤ ਹਰ ਵੇਲੇ ਭਟਕਦੀ ਰਹਿੰਦੀ ਹੈ, ਉਹਨਾ ਨੂੰ ਆਪਣੇ ਮਨ ਦੀ ਚਤੁਰਾਈ ਦਾ ਬਹੁਤ ਮਾਣ ਹੁੰਦਾ ਹੈ। ਉਹਨਾਂ ਦਾ (ਆਪਣੀ ਅਕਲ ਦੇ ਆਸਰੇ) ਕੀਤਾ ਪੁੰਨ ਦਾਨ ਦਾ ਕਰਮ ਵਿਅਰਥ ਚਲਾ ਜਾਂਦਾ ਹੈ ਤੇ ਦਰ ਪ੍ਰਵਾਨ ਨਹੀ ਹੁੰਦਾ। ਪੁੰਨ ਦਾਨ ਦੀ ਇਹ ਸਾਰੀ ਮਿਹਨਤ ਧਰਮਰਾਜ ਦੇ ਹਵਾਲੇ ਹੋ ਜਾਂਦੀ ਹੈ। ਗੁਰਮਤਿ ਤੇ ਚਲੇ ਬਿਨਾ (ਜਨਮ) ਮਰਨ ਦਾ ਗੇੜ (ਮਨੁੱਖ ਨੂੰ) ਛੱਡਦਾ ਨਹੀ ਤੇ ਮੋਹ ਮਾਇਆ ਕਾਰਨ ਖੁਆਰ ਹੁੰਦਾ ਹੈ। ਸਪਸ਼ਟ ਹੈ ਕਿ ਅਗਿਆਨਤਾ ਵਿੱਚ ਕੀਤਾ ਦਾਨ ਪੁੰਨ ਵਿਅਰਥ ਹੋ ਜਾਂਦਾ ਹੈ। ਸਤਗੁਰੁ ਪੁਰਖੁ ਨ ਮੰਨਿਓ ਸਬਦਿ ਨ ਲਗੋ ਪਿਆਰੁ ॥ ਇਸਨਾਨੁ ਦਾਨੁ ਜੇਤਾ ਕਰਹਿ ਦੂਜੈ ਭਾਇ ਖੁਆਰੁ ॥ (34)। ਭਾਵ: ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨੂੰ ਨਹੀ ਮੰਨਿਆ, ਗੁਰੂ ਦੀ ਸਿਖਿਆ ਨੂੰ ਨਹੀ ਅਪਨਾਇਆ, ਉਹ (ਆਪਣੀ ਮਤ ਅਨੁਸਾਰ) ਜਿਤਨੇ ਵੀ ਤੀਰਥ ਇਸ਼ਨਾਨ ਕਰਦੇ ਹਨ, ਜਿਤਨਾ ਵੀ ਦਾਨ ਪੁੰਨ ਕਰਦੇ ਹਨ ਉਹ (ਮਾਇਆ ਦੇ ਪਿਆਰ ਕਾਰਨ) ਖੁਆਰ ਹੀ ਕਰਦਾ ਹੈ। ਧਰਮ ਦੇ ਲੋਭੀ ਪੁਜਾਰੀਆਂ ਨੇ (ਆਪਣੇ ਸੁਆਰਥਾਂ ਲਈ) ਦਾਨ ਦੇਣ ਨੂੰ ਇੱਕ ਕਰਮ ਕਾਂਡ ਹੀ ਬਣਾ ਦਿੱਤਾ। ਮਨੁੱਖਤਾ ਨੂੰ ਮਿਥਿਹਾਸ ਦੁਆਰਾ ਇਹ ਵਿਸ਼ਵਾਸ ਦਿਲਾਇਆ ਕਿ ਧਰਮੀ ਪੁਰਸ਼ਾਂ ਨੂੰ ਦਾਨ ਪੁੰਨ ਕਰਨ ਦਾ ਕਿਤਨਾ ਵਡ੍ਹਾ ਫਲ ਹੈ

1. ਪਾਪਾਂ ਤੇ ਦੁੱਖਾਂ ਤੋਂ ਮੁਕਤੀ ਹੋ ਜਾਵੇਗੀ

2. ਸਵਰਗਾਂ ਦੇ ਸੁੱਖ ਤੇ ਪਦਾਰਥ ਪ੍ਰਾਪਤ ਹੋ ਜਾਣਗੇ

3. ਦਾਨੀ ਦੀ ਲੋਕ ਪ੍ਰਲੋਕ ਵਿੱਚ ਜੈ ਜੈ ਕਾਰ ਹੋਵੇਗੀ

4. ਪ੍ਰਲੋਕ ਵਿੱਚ ਪਿੱਤ੍ਰਾਂ ਨੂੰ ਸਹਾਇਤਾ ਪੁੱਜ ਜਾਵੇਗੀ

5. ਲੋਕ ਵਿੱਚ ਦਿੱਤਾ ਦਾਨ ਪ੍ਰਲੋਕ ਵਿੱਚ ਕਈ ਗੁਣਾਂ ਵੱਧ ਮਿਲੇਗਾ

ਦਾਨ ਪੁੰਨ ਦੀਆਂ ਵਸਤੂਆਂ ਦਾ ਚਿੱਠਾ ਵੀ ਇੱਕ ਖੁੱਲਾ ਖਾਤਾ ਹੈ ਜਿਸ ਵਿੱਚ ਕਦੇ ਅਤੇ ਕੋਈ ਵੀ, ਪੁਜਾਰੀਆਂ ਦੀ ਲੋੜ ਮੁਤਾਬਿਕ, ਵਾਧਾ ਹੋ ਸਕਦਾ ਹੈ। ਇਹ ਸਾਰੇ ਭਰਮ ਪੁਜਾਰੀਆਂ ਨੇ ਮਨੁੱਖਤਾ ਦੇ ਦਿਲ ਵਿੱਚ ਪਾ ਦਿੱਤੇ ਜੋ ਅੱਜ ਤਕ ਦੂਰ ਨਹੀ ਹੋ ਸਕੇ। ਗਲ ਕੀ, ਅੱਜ ਵੀ ਦਾਨ ਪੁੰਨ ਕਰਨ ਦੇ ਪਿਛੇ ਸਦਾ ਕੁੱਝ ਲੈਣ ਦੀ ਆਸ ਬੱਝੀ ਰਹਿੰਦੀ ਹੈ ਕਿਉਂਕਿ ਮਨੁੱਖ ਦੀ ਬਿਰਤੀ ਵਾਪਾਰਕ ਬਣ ਚੁੱਕੀ ਹੈ ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ॥ 495 ਮਨੁੱਖ ਦਾਨ ਪੁੰਨ ਵੀ ਕੁੱਝ ਲੈਣ ਲਈ ਹੀ ਕਰਦਾ ਹੈ। ਗੁਰਬਾਣੀ ਫੁਰਮਾਨ ਹੈ: ਰਾਜੇ ਧਰਮੁ ਕਰਹਿ ਪਰਥਾਏ॥ ਆਸਾ ਬੰਧੇ ਦਾਨੁ ਕਰਾਏ॥ ਰਾਮ ਨਾਮ ਬਿਨੁ ਮੁਕਤਿ ਨ ਹੋਈ ਥਾਕੇ ਕਰਮ ਕਰਾਹੀ ਹੇ॥ (1023)। ਭਾਵ: ਰਾਜੇ ਲੋਕ ਕਿਸੇ ਗਰਜ਼ ਦੀ ਖਾਤਰ ਧਰਮ ਕਮਾਂਦੇ ਹਨ, ਦੁਨਿਆਵੀ ਆਸਾਂ ਦੇ ਬੱਝੇ ਦਾਨ ਪੁੰਨ ਕਰਦੇ ਹਨ। ਦਾਨ ਪੁੰਨ ਦੇ ਕਰਮ ਕਰਕੇ ਥੱਕ ਜਾਂਦੇ ਹਨ ਪਰ ਪਰਮਾਤਮਾ ਦੇ ਨਾਮ (ਹੁਕਮ ਰਜਾਈ ਚਲਕੇ ਗੁਣਾਂ ਨੂੰ ਧਾਰਨ ਕਰਨ) ਬਿਨਾ ਉਹਨਾਂ ਨੂੰ ਖਲਾਸੀ ਨਹੀ ਮਿਲ ਸਕਦੀ। ਇਹ ਕਿਸੇ ਰਾਜੇ ਦੀ ਕਹਾਣੀ ਨਹੀ, ਬਲਿਕੇ ਹਰ ਮਨੁੱਖ ਦੀ ਇਹੋ ਹੀ ਕਹਾਣੀ ਹੈ। ਗੁਰੂ ਨੇ ਸਪਸ਼ਟ ਕਰ ਦਿੱਤਾ ਕਿ ਕੁੱਝ ਲੈਣ ਦੀ ਆਸ ਰੱਖ ਕੇ ਕੀਤਾ ਦਾਨ ਇੱਕ ਵਿਅਰਥ ਕਰਮ ਹੈ। ਦਾਨੀ ਦਾ ਹੱਥ, ਦਾਨ ਲੈਣ ਵਾਲੇ ਦੇ ਹੱਥ ਨਾਲੋਂ, ਉੱਪਰ ਹੁੰਦਾ ਹੈ ਤੇ ਇਹੀ ਸੂਖਛਮ ਕਰਮ ਅਹੰਕਾਰ ਦਾ ਬੀਜ ਬਣ ਜਾਂਦਾ ਹੈ। ਮਨੁੱਖ ਸਦਾ ਆਪਣੇ ਆਪ ਨੂੰ ਦੂਸਰੇ ਨਾਲੋਂ ਉਪਰ (ਉੱਤਮ) ਸਮਝਕੇ ਪ੍ਰਸੰਨ ਹੁੰਦਾ ਹੈ ਤੇ ਇਹ ਦਾਨ ਦੇਣ ਦਾ ਕਰਮ ਉਸਦੇ (ਦਾਤਾ ਬਣਨ ਦੇ) ਅਹੰਕਾਰ ਨੂੰ ਪ੍ਰਫੁਲਤ ਕਰਦਾ ਹੈ। ਮੰਗਣ ਵਾਲਾ ਸ਼ਰਮ ਨਾਲ ਘਟੀਆਪਨ ਮਹਿਸੂਸ ਕਰਦਾ ਹੈ ਤੇ ਦਾਨੀ ਦਾ ਅਹੰਕਾਰ ਉਸਨੂੰ ਵਡੱਪਣ ਦੇ ਭਰਮ ਵਿੱਚ ਪਾ ਦਿੰਦਾ ਹੈ। ਮੰਗਣ ਵਾਲਾ ਝੁੱਕ ਜਾਂਦਾ ਹੈ ਤੇ ਦਾਨੀ ਮਾਣ ਨਾਲ ਫੁਲ ਜਾਂਦਾ ਹੈ। ਪਰ ਜੋ ਮਨੁੱਖ ਗੁਰੂ (ਸ਼ਬਦ) ਨਾਲ ਜੁੜਦਾ ਹੈ ਉਸਨੂੰ ਗੁਰੂ ਇਸ ਹਉਮੈ ਦਾ ਸ਼ਿਕਾਰ ਹੋਣ ਤੋਂ ਬਚਾ ਲੈਂਦਾ ਹੈ। ਗੁਰੂ ਦਾ ਆਦੇਸ਼ ਹੈ ਕਿ:

1. ਨਾਨਕ ਦਾਤਾ ਏਕੁ ਹੈ ਦੂਜਾ ਅਉਰੁ ਨ ਕੋਇ ॥ ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥ (65)

2. ਜੀਅਨ ਕਾ ਦਾਤਾ ਏਕੁ ਹੈ ਬੀਆ ਨਹੀ ਹੋਰੁ ॥ ਨਾਨਕ ਕੀ ਬੇਨੰਤੀਆ ਮੈ ਤੇਰਾ ਜੋਰੁ ॥ {ਪੰਨਾ 818}

3. ਥਾਨ ਥਨੰਤਰਿ ਰਵਿ ਰਹਿਆ ਪਾਰਬ੍ਰਹਮੁ ਪ੍ਰਭੁ ਸੋਇ ॥ ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ ॥

ਸਾਰੀ ਸ੍ਰਿਸ਼ਟੀ ਦਾ ਦਾਤਾ (ਦਾਨੀ) ਇੱਕ ਪਰਮਾਤਮਾ ਹੀ ਹੈ ਤੇ ਦੂਸਰਾ ਕੋਈ ਹੋਰ ਦਾਤਾ ਨਹੀ ਹੋ ਸਕਦਾ। ਮਨੁੱਖ ਨੇ ਮਨ ਵਿੱਚ ਦਾਨੀ ਹੋਣ ਦਾ ਇਹ ਭਰਮ ਤੇ ਅਹੰਕਾਰ ਅਗਿਆਨਤਾ ਕਾਰਨ ਪਾਲ ਰੱਖਿਆ ਹੈ ਜਦੋਂ ਕੇ ਇਸ ਦੇ ਹੱਥ ਵਿੱਚ ਦਾਨ ਦੇਣ ਲਈ ਆਪਣਾ ਕੁਛ ਹੈ ਹੀ ਨਹੀ। ਗੁਰ ਆਦੇਸ਼ ਨੂੰ ਮੁੱਖ ਰੱਖਣ ਵਾਲਾ ਦਾਤਾ (ਦਾਨੀ) ਹੋਣ ਦਾ ਹੰਕਾਰ ਨਹੀ ਕਰ ਸਕਦਾ। ਕੀਤਾ ਕਹਾ ਕਰੇ ਮਨਿ ਮਾਨੁ ॥ ਦੇਵਣਹਾਰੇ ਕੈ ਹਥਿ ਦਾਨੁ ॥ (25)। ਭਾਵ: (ਦੁਨੀਆਂ ਦੇ ਪਦਾਰਥਾਂ ਦੀ ਵੰਡ) ਪ੍ਰਭੂ ਦੇ ਆਪਣੇ ਹੱਥ ਵਿੱਚ ਹੈ (ਭਾਵ ਦਾਨ ਕਰਨਾ ਕੇਵਲ ਪਰਮਾਤਮਾ ਦੇ ਹੀ ਹੱਥ ਵਿੱਚ ਹੈ), ਪ੍ਰਭੂ ਦਾ ਪੈਦਾ ਕੀਤਾ ਹੋਇਆ ਜੀਵ ਦਾਨ ਦੇਣ ਦਾ ਅਹੰਕਾਰ ਕਿਵੇਂ ਕਰ ਸਕਦਾ ਹੈ? ਇਸ ਲਈ ਸੰਸਾਰ ਵਿੱਚ ਪਰਮਾਤਮਾ (ਗੁਰੂ) ਤੋਂ ਬਿਨਾ ਹੋਰ ਕੋਈ ਵੀ ਦਾਨੀ (ਦਾਤਾ) ਨਹੀ ਹੋ ਸਕਦਾ। ਮਨੁੱਖ ਨੇ ਤਾਂ ਕੇਵਲ ਦਾਨੀ ਹੋਣ ਦਾ ਨਿਸਫਲ ਭਰਮ ਤੇ ਅਹੰਕਾਰ ਹੀ ਪਾਲਿਆ ਹੋਇਆ ਹੈ। ਸਿੱਖੀ ਦੇ ਮੁਢਲੇ ਅਸੂਲ ਹਨ ਨਾਮ ਜਪਣਾ (ਹੁਕਮ ਰਜਾਈ ਚਲ ਕੇ ਗੁਣ ਧਾਰਨ ਕਰਨੇ), ਕਿਰਤ ਕਰਨੀ ਤੇ ਵੰਡ ਛਕਣਾ। ਵੰਡ ਛਕਣ ਤੋਂ ਭਾਵ ਇਹੀ ਹੈ ਕਿ ਪਰਮਾਤਮਾ ਤੋਂ ਮਿਲੇ ਦਾਨ ਨੂੰ ਬਿਨਾ ਹੰਕਾਰ ਵੰਡ ਕੇ ਵਰਤਣਾ ਹੈ, ਲੋੜ ਵੇਲੇ ਕਿਸੇ ਦੀ, ਬਿਨਾ ਹੰਕਾਰ, ਮੱਦਤ ਕਰਨੀ ਵੰਡ ਛਕਣਾ ਹੈ। ਜੋ ਪਦਾਰਥ ਪਹਿਲਾਂ ਹੀ (ਪਰਮਾਤਮਾ ਤੋਂ) ਦਾਨ ਵਿੱਚ ਮਿਲਿਆ ਹੈ ਉਸਨੂੰ ਅੱਗੇ ਵੰਡਿਆ ਤਾਂ ਜਾ ਸਕਦਾ ਹੈ ਪਰ ਦਾਨ ਕਹਿ ਕੇ ਕਿਵੇਂ ਦਿੱਤਾ ਜਾ ਸਕਦਾ ਹੈ? ਇਹ ਧੋਖਾ ਤੇ ਅਹੰਕਾਰ ਭਰੀ ਚਤੁਰਾਈ ਪ੍ਰਭੂ ਅੱਗੇ ਨਹੀ ਚਲ ਸਕਦੀ। ਚਤੁਰਾਈ ਸਿਆਣਪਾ ਕਿਤੈ ਕਾਮ ਨ ਆਈਐ॥ (62)। ਇਸ ਲਈ ਦਾਨੀ ਬਣ ਕੇ ਦਾਨ ਦੇਣ ਦਾ ਭਰਮ ਧੋਖਾ ਹੈ ਜਿਸ ਵਿੱਚ ਸੁਭਾਵਕ ਹੀ ਅਹੰਕਾਰ ਉੱਠ ਖਲੋਂਦਾ ਹੈ:

ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ ॥ ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ ॥ ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ ॥(62) ਭਾਵ: ਜੇ ਮੈ ਸੋਨੇ ਦੇ ਕਿਲੇ ਦਾਨ ਕਰਾਂ, ਬਹੁਤ ਸਾਰੇ ਘੋੜੇ ਤੇ ਹਾਥੀ ਦਾਨ ਕਰਾਂ, ਜ਼ਮੀਨ ਤੇ ਬਹੁਤ ਸਾਰੀਆਂ ਗਊਆਂ ਦਾਨ ਕਰਾਂ ਤਾਂ ਇਹ ਦਾਨ ਹੀ ਮਨ ਵਿੱਚ ਅਹੰਕਾਰ ਬਣ ਜਾਂਦਾ ਹੈ। ਜਿਸ ਮਨੁੱਖ ਨੂੰ ਸਤਿਗੁਰ ਨੇ ਨਾਮ (ਹੁਕਮ, ਗੁਣ) ਬਖਸ਼ਿਸ਼ ਕੀਤਾ ਉਸ ਦਾ ਮਨ ਦਾਤਾਰ ਨੂੰ ਚੇਤੇ ਰੱਖਦਾ ਹੈ (ਤੇ ਅਹੰਕਾਰ ਵਿੱਚ ਨਹੀ ਆਉਂਦਾ)। ਅਹੰਕਾਰ ਹੀ ਧਰਮ ਦੇ ਹਰ ਕਰਮ ਨੂੰ ਨਿਸਫਲ ਬਣਾ ਦਿੰਦਾ ਹੈ ਕਿਉਂਕਿ: (1) ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ ॥ ਅਹੰਕਾਰਿ ਮੁਏ ਸੇ ਵਿਗਤੀ ਗਏ ਮਰਿ ਜਨਮਹਿ ਫਿਰਿ ਆਵਹਿ ॥{ਪੰਨਾ 1089}। (2) ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥ ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ ॥ {ਪੰਨਾ 1428}। ਅਹੰਕਾਰ ਤੇ ਨਿਰੰਕਾਰ ਆਪਾ ਵਿਰੋਧੀ ਹਨ। ਜਿੱਥੇ ਅਹੰਕਾਰ ਹੈ ਉਥੇ ਨਿਰੰਕਾਰ ਨਹੀ ਹੋ ਸਕਦਾ। ਆਮ ਤੌਰ ਤੇ ਦਾਨ ਦੁਨਿਆਵੀ ਪਦਾਰਥਾਂ ਨਾਲ ਹੀ ਕੀਤਾ ਮੰਨਿਆ ਜਾਂਦਾ ਹੈ ਪਰ ਗੁਰਬਾਣੀ ਕਥਨ ਹੈ ਕਿ: ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥ ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥ ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥ (136)। ਭਾਵ: ਮਾਘ ਵਿੱਚ (ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰਨਾ ਬਹੁਤ ਪੁੰਨ ਸਮਝਦੇ ਹਨ ਪਰ ਤੂੰ ਹੇ ਭਾਈ) ਗੁਰਮੁਖਾਂ ਦੀ ਸੰਗਤਿ ਵਿੱਚ (ਬੈਠ, ਇਹੀ ਹੈ ਤੀਰਥਾਂ ਦਾ) ਇਸ਼ਨਾਨ, ਉਹਨਾਂ ਦੀ ਚਰਨ ਧੂੜ (ਸਿਖਿਆ, ਗਿਆਨ) ਵਿੱਚ ਇਸ਼ਨਾਨ ਕਰ, ਪਰਮਾਤਮਾ ਦਾ ਨਾਮ ਜਪ (ਰੱਬੀ ਗੁਣਾਂ ਨੂੰ ਧਾਰਨ ਕਰ) ਤੇ ਹੋਰ ਸਭਨਾ ਨੂੰ ਇਹ ਨਾਮ ਦੀ ਦਾਤ ਵੰਡ, ਇਸ ਤਰਾਂ ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ (ਤੇਰੇ ਮਨ) ਤੋਂ ਲਹਿ ਜਾਏਗੀ ਤੇ ਤੇਰੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਏਗਾ। ਪਰਮਾਤਮਾ ਤੋਂ ਮਿਲੇ ਆਤਮਕ ਨਾਮ ਦਾਨ (ਰੱਬੀ ਗੁਣਾਂ) ਨੂੰ, ਰੱਬੀ ਗਿਆਨ ਨੂੰ ਅੱਗੇ ਵੰਡਣਾ ਇੱਕ ਉੱਤਮ ਦਾਨ ਪੁੰਨ ਹੈ। ਕੋਟਿ ਮਜਨ ਕੀਨੋ ਇਸਨਾਨ ॥ ਲਾਖ ਅਰਬ ਖਰਬ ਦੀਨੋ ਦਾਨੁ ॥ ਜਾ ਮਨਿ ਵਸਿਓ ਹਰਿ ਕੋ ਨਾਮੁ ॥ (202) ਭਾਵ: ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਨਾਮ (ਹੁਕਮ, ਗੁਣ) ਆ ਵਸਦਾ ਹੈ, ਉਸ ਨੇ (ਮਾਨੋ) ਕ੍ਰੋੜਾਂ ਤੀਰਥਾਂ ਵਿੱਚ ਚੁੱਭੀਆਂ ਲਾ ਲਈਆਂ, ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਕਰ ਲਏ, ਉਸ ਨੇ (ਮਾਨੋ) ਲੱਖਾਂ, ਅਰਬਾਂ ਤੇ ਖਰਬਾਂ ਰੁਪਏ ਦਾਨ ਕਰ ਲਏ। ਪਹਿਲਾਂ ਇਹ ਨਾਮ ਦਾਨ ਪਰਮਾਤਮਾ (ਗੁਰੂ) ਕੋਲੋਂ ਪ੍ਰਾਪਤ ਕਰਕੇ ਹੀ ਅੱਗੇ ਵੰਡਿਆ ਜਾ ਸਕਦਾ ਹੈ। ਬੜੇ ਅਸਚਰਜਤਾ ਦੀ ਗਲ ਹੈ, ਕਿ ਜੋ ਨਾਮ ਦੀ ਵਸਤੂ ਅਖੌਤੀ ਸਾਧ ਲਾਣੇ ਕੋਲ ਹੈ ਹੀ ਨਹੀ, ਉਸੇ ਦਾ ਦਾਨ ਪੁੰਨ ਕਰਨ ਦਾ ਹੰਕਾਰ ਕੀਤਾ ਜਾ ਰਿਹਾ ਹੈ। ਅੱਜ ਇਸ ਉੱਤਮ ਨਾਮ ਦਾਨ ਨੂੰ ਵਿਸਾਰ ਕੇ ਮਨੁੱਖ ਇੱਕ ਛੋਟੇ ਜਿਹੇ ਤਲਾ ਵਿੱਚ ਨ੍ਹਾਉਣ ਨੂੰ ਪੁੰਨ ਤੇ ਕੁੱਝ ਧਨ ਪਦਾਰਥਾਂ ਨੂੰ ਦਾਨ ਕਰਕੇ ਦਾਨ ਪੁੰਨ ਦਾ ਗੁਮਾਨ ਕਰਦਾ ਨਹੀ ਥੱਕਦਾ। ਗੁਰੂ ਦੀ ਗਲ ਵਲ ਇਸ ਨੇ ਕਦੇ ਧਿਆਨ ਹੀ ਨਹੀ ਦਿੱਤਾ: ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥ ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥੪॥ {ਪੰਨਾ 641-642} ਭਾਵ: ਹੇ ਭਾਈ, ਕੋਈ ਮਨੁੱਖ ਸੋਨਾ, ਇਸਤ੍ਰੀ, ਵਧੀਆ ਘੋੜੇ, ਵਧੀਆ ਹਾਥੀ (ਅਤੇ ਇਹੋ ਜਿਹੇ) ਕਈ ਕਿਸਮਾਂ ਦੇ ਦਾਨ ਕਰਨ ਵਾਲਾ ਹੈ। ਕੋਈ ਮਨੁੱਖ ਅੰਨ ਦਾਨ ਕਰਦਾ ਹੈ, ਕੱਪੜੇ ਦਾਨ ਕਰਦਾ ਹੈ, ਜ਼ਮੀਨ ਦਾਨ ਕਰਦਾ ਹੈ ਪਰ (ਇਸ ਤਰਾਂ ਵੀ) ਪਰਮਾਤਮਾ ਦੇ ਦਰ ਤੇ ਪਹੁੰਚਿਆ ਨਹੀ ਜਾ ਸਕਦਾ। ਇਹਨਾਂ ਕਰਮ ਕਾਂਡਾਂ ਨਾਲ ਹਉਮੈ ਦਾ ਰੋਗ ਨਹੀ ਜਾਣਾ ਤੇ ਇਸ ਦੇ ਪ੍ਰਭਾਵ ਵਿੱਚ ਕੀਤੇ ਸਭ ਦਾਨ ਪੁੰਨ ਵਿਅਰਥ ਚਲੇ ਜਾਣੇ ਹਨ ਇਸ ਲਈ ਇਹਨਾਂ ਸਾਰਿਆਂ ਕਰਮ ਕਾਂਡਾਂ ਤੇ ਪਦਾਰਥਾਂ ਦੇ ਦਾਨਾਂ ਤੋ ਉੱਤਮ ਆਤਮਕ ਦਾਨ “ਨਾਮ ਦਾਨ” ਹੀ ਹੈ ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ ॥ (401)। ਗੁਰਮਤਿ ਤੇ ਚੱਲ ਕੇ ਗੁਣਾਂ ਨੂੰ ਧਾਰਨ ਕਰਨਾ ਹੀ ੳੱਤਮ ਨਾਮ ਦਾਨ ਹੈ ਪਰ ਇਸ ਦੀ ਸੂਝ ਹੀ ਅਖੌਤੀ ਸਾਧ ਲਾਣੇ ਤੇ ਪੁਜਾਰੀ-ਪੁਣੇ ਦੀ ਮੌਤ ਹੈ ਇਸ ਲਈ ਉਹਨਾਂ ਨੇ ਇਹ ਸੂਝ ਦੇਣ ਵਾਲੀ ਗੁਰਬਾਣੀ ਨੂੰ ਹੀ ਨਿਕਾਲਾ ਦੇ ਦਿੱਤਾ। ਹੁਣ ਉਹ ਆਪਣੀ ਮਰਜ਼ੀ ਅਨੁਸਾਰ ਆਪਣੇ ਸੇਵਕਾਂ ਕੋਲੋਂ ਦਾਨ ਜੋਰੀਂ ਮੰਗਣ ਵਿੱਚ ਰਤੀ ਸੰਗ ਨਹੀ ਕਰਦੇ। ਆਪਣੇ ਵਡ੍ਹੇ ਬਾਬਿਆਂ ਦੇ ਪ੍ਰਸੰਗ ਸੁਣਾ ਕੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਦਾਨ ਦੇ ਨਾਮ ਤੇ ਖੂਬ ਲੁਟਦੇ ਹਨ। ਬਾਬਰ ਤਾਂ ਪਾਪ ਦੀ ਜੰਞ ਕਾਬਲ ਤੋਂ ਲ਼ੈ ਕੇ ਧਾਇਆ ਤੇ ਜੋਰੀਂ ਦਾਨ (ਡੰਨ) ਮੰਗਦਾ ਸੀ ਪਰ ਇਹ ਪਾਪ ਦੀ ਜੰਞ ਪੰਜਾਬ ਤੋਂ ਲੈ ਕੇ ਹੀ ਉੱਠ ਖਲੋਤੇ ਤੇ ਜੋਰੀ ਦਾਨ ਮੰਗੀ ਜਾਂਦੇ ਹਨ। ਕੇਵਲ ਨਾਮ ਹੀ ਬਦਲੇ ਹਨ, ਕਰਮ ਨਹੀ। ਇਹਨਾਂ ਪ੍ਰਥਾਇ ਹੀ ਗੁਰੂ ਨੇ ਕਿਹਾ ਹੈ: (1) ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ (722) (2) ਪੂਜਾ ਤਿਲਕ ਕਰਤ ਇਸਨਾਨਾਂ ॥ ਛੁਰੀ ਕਾਢਿ ਲੇਵੈ ਹਥਿ ਦਾਨਾ ॥੨॥ (201) ਇਹ ਪਾਪਾਂ, ਨਰਕਾਂ, ਧਰਮਰਾਜ, ਤੇ ਜਮਾ ਦਾ ਡਰ ਦੇ ਕੇ ਜਨਤਾ ਨੂੰ ਲੁੱਟਣਾ “ਛੁਰੀ ਕਾਢਿ ਲੇਵੈ ਹਥਿ ਦਾਨਾ” ਨਾਲੋਂ ਘੱਟ ਨਹੀ। ਗੁਰੂ ਤਾਂ ਪੁਕਾਰ ਪੁਕਾਰ ਕੇ ਸੁਚੇਤ ਕਰਦਾ ਹੈ: ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ ॥ ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ ॥ ਜੇਹਾ ਰਾਧੇ ਤੇਹਾ ਲੁਣੈ ਬਿਨੁ ਗੁਣ ਜਨਮੁ ਵਿਣਾਸੁ ॥੧॥ (56)। ਭਾਵ: ਜੇ (ਮੰਤ੍ਰਾਂ ਦਾ) ਪਾਠ ਕੀਤਾ ਜਾਵੇ, ਸਰੀਰ ਨੂੰ ਕਸ਼ਟ ਦੇਣ ਵਾਲੇ ਤੱਪ ਕੀਤੇ ਜਾਣ, ਇੰਦ੍ਰੀਆਂ ਵਸ ਕਰਨ ਦੇ ਸਾਧਨ ਕੀਤੇ ਜਾਣ, ਕਿਸੇ ਤੀਰਥ ਤੇ ਨਿਵਾਸ ਕੀਤਾ ਜਾਵੇ, (ਜੇ ਖਲਕਤ ਦੇ ਭਲੇ ਵਾਸਤੇ) ਦਾਨ ਪੁੰਨ ਆਦਿਕ ਚੰਗੇ ਕੰਮ ਕੀਤੇ ਜਾਵਣ, ਪ੍ਰਭੂ ਸਿਮਰਨ (ਗੁਰਗਿਆਨ ਦੁਆਰਾ ਗੁਣਾਂ ਨੂੰ ਹਾਸਲ ਕਰਨ) ਬਿਨਾ ਉਪਰਲੇ ਸਾਰੇ ਹੀ ਉਦਮਾਂ ਦਾ ਕੋਈ ਲਾਭ ਨਹੀ। ਮਨੁੱਖ ਜੋ ਬੀਜਦਾ ਹੈ ਉਹੀ ਵੱਢਦਾ ਹੈ, (ਗੁਰ) ਗਿਆਨ ਦੁਆਰਾ ਗੁਣਾਂ ਨੂੰ ਧਾਰਨ ਕੀਤੇ ਬਿਨਾ ਜ਼ਿੰਦਗੀ ਵਿਅਰਥ ਹੈ। ਇਹੀ ਆਤਮਕ ਨਾਮ ਦਾਨ ਸਭਨਾਂ ਦਾਨਾਂ ਨਾਲੋਂ ਉੱਤਮ ਹੈ ਜੋ ਪਰਮਾਤਮਾ ਤੋਂ ਮੰਗਣਾਂ ਹੈ ਤੇ ਇਹੀ ਅਗੇ ਵੰਡਣਾ ਹੈ। ਸਚੁ ਜਿ ਮੰਗਹਿ ਦਾਨੁ ਸਿ ਤੁਧੈ ਜੇਹਿਆ ॥ ਸਚੁ ਤੇਰਾ ਫੁਰਮਾਨੁ ਸਬਦੇ ਸੋਹਿਆ ॥ (150)। ਭਾਵ: ਹੇ ਪ੍ਰਭੂ, ਜੋ ਬੰਦੇ ਤੇਰਾ ਉੱਤਮ ਨਾਮ ਦਾਨ ਤੈਥੋਂ ਮੰਗਦੇ ਹਨ ਉਹ ਤੇਰੇ ਵਰਗੇ ਹੋ ਜਾਂਦੇ ਹਨ, ਤੇਰਾ ਅਟੱਲ ਹੁਕਮ, ਗੁਰਸ਼ਬਦ ਦੀ ਬਰਕਤ ਨਾਲ, ਉਹਨਾਂ ਨੂੰ ਮਿੱਠਾ ਲਗਦਾ ਹੈ। ਅਗਿਆਨਤਾ ਵਿੱਚ ਕੀਤੇ ਦਾਨ ਪੁੰਨ ਨੇ ਪਹਿਲਾਂ ਹੀ ਬੜਾ ਨੁਕਸਾਨ ਪਹੁੰਚਾਇਆ ਹੈ, ਇਸ ਲਈ ਅੱਜ ਸੰਭਲ ਕੇ ਗੁਰਮਤਿ ਅਨੁਸਾਰ ਦਾਨ ਪੁੰਨ ਕਰਨ ਦੀ ਲੋੜ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.