.

ਭਰੋਸਾ-ਜੋ ਅੱਜ ਗੁਰਬਾਣੀਂ ਤੇ ਨਹੀ ਰਿਹਾ

ਭਰੋਸਾ ਇੱਕ ਐਸਾ ਸ਼ਬਦ ਹੈ ਜਿਸ ਤੋਂ ਬਗੈਰ ਇਹ ਸੰਸਾਰ ਨਾਂ ਕਦੀਂ ਚੱਲਿਆ ਹੈ ਤੇ ਨਾਂ ਹੀ ਕਦੇ ਚੱਲ ਹੀ ਸਕੇਗਾ। ਇਹ ਆਸਮਾਨ ਧਰਤੀ ਚੰਨ ਤਾਰੇ ਸਾਰੇ ਹੀ ਕੇਵਲ ਵਾਹਿਗੁਰੂ ਜੀ ਦੇ ਭਰੋਸੇ ਤੇ ਹੀ ਖੜ੍ਹੇ ਹਨ, ਸੰਸਾਰ ਦਾ ਸਾਰਾ ਦਾ ਸਾਰਾ ਕਾਰੋਬਾਰ ਬੱਸ ਭਰੋਸੇ ਤੇ ਹੀ ਚੱਲਦਾ ਹੈ, ਕਦੇ ਦੇਖੋ ਪੰਛੀ ਹਵਾ ਵਿੱਚ ਉਡਦੇ ਨੇਂ ਉਹਨਾਂ ਨੂੰ ਕਿਸਦਾ ਸਹਾਰਾ ਹੁੰਦਾ ਹੈ ਬੱਸ ਆਪਣੇਂ ਪਰਾਂ ਦਾ ਤੇ ਆਪਣੇਂ ਪਰਾਂ ਦੇ ਭਰੋਸੇ ਤੇ ਹੀ ਸਾਰਾ ਆਸਮਾਨ ਗਾਹ ਮਾਰਦੇ ਹਨ। ਦੁਨੀਆਂ ਦਾ ਹਰ ਸ਼ਖਸ਼ ਕਿਸੇ ਨਾਂ ਕਿਸੇ ਉਤੇ ਭਰੋਸਾ ਜਰੂਰ ਕਰਦਾ ਹੈ ਤਾਂ ਹੀ ਤਾਂ ਇਹ ਸੰਸਾਰ ਚੱਲ ਰਿਹਾ ਹੈ ਇੱਕ ਪਤੀ ਪਤਨੀਂ ਜਦੋਂ ਤੱਕ ਇੱਕ ਦੂਜੇ ਤੇ ਭਰੋਸਾ ਕਰਦੇ ਹਨ ਤਾਂ ਘਰ ਚੱਲਦੇ ਹਨ ਪਰ ਜਦੋਂ ਹੀ ਇਹ ਭਰੋਸੇ ਦੀ ਤਾਰ ਟੁਟਦੀ ਹੈ ਤਾਂ ਸਾਰਾ ਘਰ ਉਜੜ੍ਹ ਜਾਂਦਾ ਹੈ। ਕੋਈ ਇਨਸਾਨ ਆਪਣੇਂ ਸਾਕ ਸਬੰਧੀਆਂ ਤੇ ਭਰੋਸਾ ਕਰਦਾ ਹੈ ਕੋਈ ਆਪਣੇਂ ਸ਼ਰੀਰ ਤੇ ਭਰੋਸਾ ਕਰਦਾ ਹੈ ਕੋਈ ਆਪਣੇਂ ਧਨ ਤੇ ਭਰੋਸਾ ਕਰਦਾ ਹੈ, ਕੋਈ ਆਪਣੇ ਅਹੁਦੇ ਤੇ ਆਕੜ੍ਹਿਆ ਫਿਰਦਾ ਹੈ ਇਸ ਤਰਾਂ ਹੀ ਇਹ ਸਾਰਾ ਸੰਸਾਰ ਕਿਸੇ ਨਾਂ ਕਿਸੇ ਦੇ ਭਰੋਸੇ ਤੇ ਹੀ ਖੜ੍ਹਾ ਹੈ। ਪਰ ਵਾਹਿਗੁਰੂ ਦੇ ਨਾਲ ਜੁੜ੍ਹਿਆ ਇਨਸਾਨ ਕੇਵਲ ਤੇ ਕੇਵਲ ਆਪਣੇ ਵਾਹਿਗੁਰੂ ਤੇ ਹੀ ਭਰੋਸਾ ਕਰਦਾ ਹੈ। ਕਿਉਕਿ ਉਸਨੂੰ ਪਤਾ ਹੈ ਅੰਤ ਦੇ ਸਮੇਂ ਜਦੋਂ ਸਾਰੇ ਸ਼ਾਥ ਛੱਡ ਜਾਂਦੇ ਹਨ ਤਾਂ ਕੇਵਲ ਪ੍ਰਮਾਤਮਾਂ ਹੀ ਸਹਾਈ ਹੁੰਦਾ ਹੈ, ਗੁਰਮਤਿ ਦਾ ਇਹ ਸਿਧਾਂਤ ਹੈ…

ਕਾ ਕੀ ਮਾਈ ਕਾ ਕੋ ਬਾਪ ਨਾਮ ਧਾਰੀਕ ਝੂਠੇ ਸਭ ਸਾਕ॥ ੧॥ (ਪੰਨਾਂ-੧੮੮)

ਇਤਿਹਾਸ ਵਿੱਚੋ ਵੀ ਜੇਕਰ ਦੇਖੀਏ ਤਾਂ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਜੀਵਨ ਵਿੱਚੋਂ ਵੀ ਸਾਨੂੰ ਇਹੋ ਹੀ ਸੇਧ ਮਿਲਦੀ ਹੈ, ਜਦੋਂ ਸੁਲਹੀ ਖਾਨ ਪ੍ਰਿਥੀ ਚੰਦ ਦੇ ਕਹਿਣ ਤੇ ਗੁਰੂ ਅਰਜਨ ਦੇਵ ਜੀ ਤੇ ਹਮਲਾ ਕਰਨ ਲਈ ਆਇਆ ਤਾਂ ਕਿਸੇ ਨੇਂ ਗੁਰੂ ਜੀ ਨੂੰ ਇਹ ਕਹਿਕੇ ਸਲਾਹ ਦਿੱਤੀ ਕੇ ਤੁਸੀਂ ਕੋਈ ਚਿੱਠੀ ਪੱਤਰ ਦੇ ਰਾਹੀ ਸੁਲਹੀ ਖਾਨ ਦੇ ਨਾਲ ਰਾਬਤਾ ਕਾਇਮ ਕਰੋ ਸ਼ਾਇਦ ਕੋਈ ਇਸਦਾ ਹੱਲ ਹੋ ਜਾਵੇ, ਕਿਸੇ ਨੇਂ ਕਿਹਾ ਤੁਸੀ ਦੋ ਚਾਰ ਆਦਮੀ ਸੁਲਹੀ ਦੇ ਪਾਸ ਭੇਜ ਕੇ ਉਸਨੂੰ ਇਹ ਪੁਛੋ ਕਿ ਤੂੰ ਸਾਡੇ ਤੇ ਕਿਉਂ ਹਮਲਾ ਕਰਨ ਲੱਗਾ ਹੈ ਅਸੀਂ ਤੇਰਾ ਕੀ ਵਿਗਾੜ੍ਹਿਆ ਹੈ। ਤੇ ਕਿਸੇ ਨੇਂ ਕਿਹਾ ਕਿ ਸਾਨੂੰ ਵੀ ਸੁਲਹੀ ਖਾਨ ਦਾ ਮੁਕਾਬਲਾ ਕਰਨ ਦੇ ਲਈ ਕੋਈ ਬੰਦੋਬਸਤ ਕਰਨਾਂ ਚਾਹੀਦਾ ਹੈ। ਪਰ ਸਾਰਿਆਂ ਦੀਆਂ ਸਲਾਹਾਂ ਸੁਣ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੇਵਲ ਵਾਹਿਗੁਰੂ ਜੀ ਦੇ ਅੱਗੇ ਇੱਕ ਅਰਦਾਸ ਹੀ ਕੀਤੀ ਕਿ ਹੇ ਵਾਹਿਗੁਰੂ ਮੈਨੂੰ ਤੇਰੇ ਤੇ ਭਰੋਸਾ ਹੈ ਕਿ ਤੂੰ ਆਪਣੇਂ ਦਾਸਾਂ ਦੀ ਲਾਜ਼ ਪੱਤ ਆਪ ਰੱਖਦਾ ਹੈਂ ਤੇ ਸਾਡੀ ਵੀ ਪੈਜ ਤੂੰ ਹੀ ਰੱਖਣੀ ਹੈ, ਉਥੇ ਮਹਾਰਾਜ ਜੀ ਨੇਂ ਇਹ ਪਾਵਨ ਬਚਨ ਉਚਾਰਨ ਕੀਤਾ…

ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ॥

ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ॥

ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ॥

ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ॥ (ਪੰਨਾਂ-੩੭੧)

ਮੈਂ ਦੁਨੀਆਂ ਦੇ ਸਾਰੇ ਸਹਾਰੇ ਤਿਆਗ ਕੇ ਬੱਸ ਤੇਰੇ ਚਰਨਾਂ ਦਾ ਹੀ ਆਸਰਾ ਲਿਆ ਹੈ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਦੋਂ ਸੁਲਹੀ ਗੁਰੂ ਪਾਤਸ਼ਾਹ ਉਤੇ ਹਮਲਾ ਕਰਨ ਲਈ ਵਧਣ ਲੱਗਾ ਤਾਂ ਐਸੀ ਬਿਧਿ ਬਣੀ ਕਿ ਜਦੋਂ ਸੁਲਹੀ ਖਾਨ ਪ੍ਰਿਥੀ ਚੰਦ ਦਾ ਭੱਠਾ ਦੇਖਣ ਲਈ ਗਿਆ ਤਾਂ ਉਸਦਾ ਘੋੜ੍ਹਾ ਕਿਸੇ ਕਾਰਨ ਡਰ ਗਿਆ ਤੇ ਸੁਲਹੀ ਆਪਣੇਂ ਘੋੜ੍ਹੇ ਦੇ ਸਮੇਤ ਹੀ ਭੱਠੇ ਵਿੱਚ ਸੜ੍ਹ ਕੇ ਮਰ ਗਿਆ, ਜਦੋਂ ਮਹਾਰਾਜ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾਂ ਕਰਦਿਆਂ ਇਹ ਪਾਵਨ ਸ਼ਬਦ ਉਚਾਰਨ ਕੀਤਾ… ਸੁਲਹੀ ਤੇ ਨਾਰਾਇਣ ਰਾਖੁ॥

ਸੁਲਹੀ ਕਾ ਹਾਥੁ ਕਹੀ ਨਾ ਪਹੁਚੈ ਸੁਲਹੀ ਮੂਆ ਹੋਇ ਨਾਪਾਕੁ॥ (ਪੰਨਾਂ-੮੨੫)

ਇਸਲਾਮੀਂ ਸ਼ਰਾ ਦੇ ਮੁਤਾਬਿਕ ਜੋ ਮੁਸਲਮਾਨ ਅੱਗ ਵਿੱਚ ਸੜ੍ਹ ਕੇ ਮਰ ਜਾਵੇ ਉਹ ਖੁਦਾ ਦੇ ਘਰ ਕਬੂਲ ਨਹੀ ਪੈਂਦਾ ਤੇ ਦੋਜ਼ਕ ਦੀ ਮਾਰ ਸਹਾਰਦਾ ਹੈ। ਮਹਾਰਜ ਕਹਿੰਦੇ ਨੇ ਹੇ ਵਾਹਿਗੁਰੂ ਤੂੰ ਆਪ ਹੀ ਸੁਲਹੀ ਖਾਨ ਤੋਂ ਮੇਰੀ ਰੱਖਿਆ ਕੀਤੀ ਹੈ, ਸੁਲਹੀ ਖਾਨ ਦਾ ਹੱਥ ਵੀ ਮੇਰੇ ਤੱਕ ਨਹੀ ਪਹੁਚਣ ਦਿੱਤਾ, ਤੇ ਸੁਲਹੀ ਖਾਨ ਜਿਉਦਾ ਹੀ ਅੱਗ ਵਿੱਚ ਸੜ੍ਹਕੇ ਮਰ ਗਿਆ ਹੈ। ਇਸਲਾਮੀ ਸ਼ਰ੍ਹਾ ਦੇ ਮੁਤਾਬਿਕ ਅਪਵਿੱਤਰ ਮੌਤੇ ਮਾਰਕੇ ਉਸ ਨੂੰ ਦੋਜ਼ਕ ਵਿੱਚ ਭੇਜ ਦਿੱਤਾ ਹੈ। ਪਰ ਅਸੀਂ ਇਥੇ ਇਹ ਵੀ ਨਹੀਂ ਕਹਿ ਸਕਦੇ ਕਿ ਮਹਾਰਾਜ ਨੇਂ ਕੋਈ ਹੀਲਾ ਵਸੀਲਾ ਨਾਂ ਕੀਤਾ ਹੋਵੇਗਾ, ਪਰ ਗੱਲ ਵਿਚਾਰਨ ਵਾਲੀ ਇਹ ਹੈ ਕਿ ਸਤਿਗੁਰੂ ਜੀ ਨੇਂ ਸਿੱਖਾਂ ਦੀ ਅਪਾਰ ਤਾਕਤ ਹੋਣ ਦੇ ਬਾਵਜੂਦ ਵੀ ਸੰਸਾਰਕ ਤਾਕਤ ਤੇ ਮਾਣ ਹੀ ਨਹੀ ਕੀਤਾ ਤੇ ਪ੍ਰਮਾਤਮਾਂ ਦੀ ਵਡਿਆਈ ਨੂੰ ਹੀ ਪਹਿਲ ਦਿੱਤੀ ਹੈ। ਇਥੇ ਮੈ ਇੱਕ ਨਿੱਕੀ ਜਿਹੀ ਕਹਾਣੀ ਅਰਜ਼ ਕਰਾਂਗਾ ਇੱਕ ਵਾਰ ਕਿਸੇ ਪਿੰਡ ਵਿੱਚ ਮੀਂਹ ਨਾਂ ਪਿਆ ਜਿਸ ਕਾਰਨ ਸਾਰੇ ਖੇਤ ਸੁੱਕ ਗਏ ਲੋਕ ਪਾਣੀਂ ਦੇ ਤੁੱਪਕੇ ਤੁੱਪਕੇ ਤੋਂ ਆਤੁਰ ਹੋ ਗਏ, ਕਿਸੇ ਸਿਆਣੇਂ ਦੇ ਕਹਿਣ ਤੇ ਕਿ ਸਾਨੂੰ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ, ਕੀ ਪਤਾ ਹੈ ਰੱਬ ਸਾਡੀ ਅਰਜੋਈ ਸੁਣਕੇ ਮੀਂਹ ਪਾ ਹੀ ਦੇਵੇ। ਕਹਿੰਦੇ ਉਹ ਲੋਕ ਆਪਣੇਂ ਖੇਤਾਂ ਚ ਜਾਕੇ ਅਰਦਾਸ ਕਰਨ ਲਈ ਚਲੇ ਗਏ। ਇਹ ਸਚਾਈ ਹੈ ਕਿ ਰੱਬ ਵੀ ਉਦੋਂ ਹੀ ਯਾਦ ਆਉਂਦਾ ਹੈ ਜਦੋਂ ਸਾਨੂੰ ਰੱਬ ਦੀ ਲੋੜ੍ਹ ਹੁੰਦੀ ਹੈ ਉਸ ਤਰ੍ਹਾਂ ਅਸੀਂ ਕਦੇ ਵੀ ਉਸਨੂੰ ਯਾਦ ਨਹੀਂ ਕਰਦੇ। ਕਬੀਰ ਜੀ ਦਾ ਇਹ ਪਾਵਨ ਬਚਨ ਬੜ੍ਹਾ ਕਮਾਲ ਦਾ ਹੈ. .

ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰਹੁ ਨਿੱਤ॥

ਅਮਰਾਪੁਰ ਬਾਸਾ ਕਰਹੁ ਹਰਿ ਗਇਆ ਬਹੋਰੈ ਬਿਤ॥

ਭਾਵ-ਜਦੋਂ ਰੱਬ ਦੇ ਨਾਲ ਕੰਮ ਹੁੰਦਾ ਹੈ ਉਦੋਂ ਤਾਂ ਅਸੀਂ ਰੱਬ ਨੂੰ ਯਾਦ ਕਰਦੇ ਹਾਂ ਤੇ ਜਦੋਂ ਕੰਮ ਹੋ ਜਾਵੇ ਫਿਰ ਵਿਸਰ ਜਾਂਦੇ ਹਾਂ, ਐਸਾ ਜੀਵਣ ਨਹੀ ਹੋਣਾਂ ਚਾਹੀਦਾ ਇਹ ਤਾਂ ਅਕ੍ਰਿਤਘਣਾਂ ਵਾਲੀ ਗੱਲ ਹੈ। ਕਹਾਣੀਂਕਾਰ ਕਹਿੰਦਾ ਹੈ ਜਦੋਂ ਉਹ ਲੋਕ ਅਰਦਾਸ ਕਰ ਰਹੇ ਸਨ ਉਸ ਸਮੇਂ ਕੋਈ ਫ਼ਕੀਰ ਕੋਲੋਂ ਦੀ ਗੁਜ਼ਰਿਆ ਜਦੋਂ ਉਸ ਨੇਂ ਅਰਦਾਸ ਦੇ ਬੋਲ ਸੁਣੇਂ ਤਾਂ ਫ਼ਕੀਰ ਉਚੀ ਆਵਾਜ਼ ਵਿੱਚ ਕਹਿਣ ਲੱਗਾ ਤੁਹਾਡੀ ਅਰਦਾਸ ਕਦੇ ਵੀ ਕਬੂਲ ਨਹੀਂ ਹੋ ਸਕਦੀ, ਕਿਉਂਕਿ ਤੁਸੀਂ ਜਿਸ ਦੇ ਅੱਗੇ ਅਰਦਾਸ ਕਰ ਰਹੇ ਹੋ ਉਸ ਤੇ ਤਾਂ ਤੁਹਾਨੂੰ ਭਰੋਸਾ ਹੀ ਨਹੀਂ ਹੈ। ਉਹ ਸਾਰੇ ਲੋਕ ਉਸ ਫ਼ਕੀਰ ਦੇ ਗਲ ਪੈ ਗਏ ਕਿ ਤੂੰ ਕੋਈ ਭਗਵਾਨ ਆਂ ਜਿਹੜਾ ਆਪਣਾਂ ਫੈਸਲਾ ਸੁਣਾਂ ਰਿਹਾਂ ਐ।

ਇਹ ਦੁਨੀਆਂ ਦੀ ਫ਼ਿਦਰਤ ਹੈ ਜਦੋਂ ਵੀ ਕੋਈ ਸ਼ਖਸ਼ ਸੱਚੀ ਗੱਲ ਕਹਿੰਦਾ ਹੈ ਲੋਕ ਉਸਨੂੰ ਸਮਝਣ ਦੀ ਬਜਾਏ ਉਸ ਬੰਦੇ ਦੇ ਹੀ ਗਲ ਪੈ ਜਾਂਦੇ ਨੇਂ। ਉਹ ਫਕੀਰ ਅੱਗੋਂ ਕਹਿਣ ਲੱਗਾ ਮੂਰਖੋ ਜਿ ਤੁਹਾਨੂੰ ਆਪਣੇਂ ਰੱਬ ਤੇ ਭਰੋਸਾ ਹੁੰਦਾ ਤਾਂ ਤੁਸੀਂ ਘਰੋਂ ਛੱਤਰੀਆਂ ਲੈਕੇ ਆਉਣਾਂ ਸੀ ਕਿ ਅਸੀਂ ਅਰਦਾਸ ਕਰਨ ਚੱਲੇ ਆਂ ਮੀਂਹ ਜਰੂਰ ਪਵੇਗਾ ਪਰ ਤੁਹਾਨੂੰ ਤਾਂ ਆਪਣੇਂ ਰੱਬ ਤੇ ਵਿਸ਼ਵਾਸ਼ ਹੀ ਨਹੀਂ ਹੈ, ਜੇ ਵਿਸ਼ਵਾਸ਼ ਨਹੀ ਤਾਂ ਫਿਰ ਇਹ ਕਰਮਕਾਂਡ ਕਰਨ ਦਾ ਵੀ ਕੋਈ ਲਾਭ ਨਹੀਂ ਹੈ। (ਨੋਟ-ਮੀਂਹ ਪੈਣਾਂ ਨਾਂ ਪੈਣਾਂ ਇਹ ਸਭ ਕੁਦਰਤ ਦੇ ਅਟੱਲ ਨਿਯਮ ਅਨੁਸਾਰ ਹੈ ਇਹ ਸਿਰਫ ਇੱਕ ਸਿੱਖਿਆ ਦਾਇਕ ਕਹਾਣੀਂ ਹੈ) ਇਹ ਅਟੱਲ ਸਚਾਈ ਹੈ ਕਿ ਬਗੈਰ ਭਰੋਸੇ ਤੋਂ ਕੀਤਾ ਕੋਈ ਵੀ ਧਾਰਮਿਕ ਕੰਮ ਕੇਵਲ ਕਰਮਕਾਂਡ ਹੈ ਉਸਦਾ ਤੁਹਾਡੇ ਆਤਮਿਕ ਜੀਵਨ ਨਾਲ ਕੋਈ ਵੀ ਸਰੋਕਾਰ ਨਹੀ ਹੈ।

ਭਾਈ ਗੁਰਦਾਸ ਜੀ ਨੇ ਆਪਣੇਂ ਇੱਕ ਕਬਿੱਤ ਅੰਦਰ ਇੱਕ ਬੜ੍ਹਾ ਕਮਾਲ ਦਾ ਦ੍ਰਿਸ਼ਟਾਂਤ ਦਿੱਤਾ ਹੈ ਭਾਈ ਸਾਹਿਬ ਜੀ ਕਥਨ ਕਰਦੇ ਨੇ ਕਿ ਜਦੋਂ ਇਨਸਾਨ ਨੇ ਸੰਸਾਰ ਅੰਦਰ ਆਉਣਾਂ ਸੀ ਉਸ ਸਮੇਂ ਇਨਸਾਨ ਨੇਂ ਵਾਹਿਗੁਰੂ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਮੈਂ ਸੰਸਾਰ ਅੰਦਰ ਜਾਕੇ ਤੇਰਾ ਨਾਮ ਜਪਾਂਗਾ ਪਰ ਜਦੋਂ ਹੀ ਬੰਦਾ ਇਸ ਦੁਨੀਆਂ ਦਾ ਮੂੰਹ ਦੇਖਦਾ ਹੈ ਤਾਂ ਮਾਇਆ ਦੇ ਪ੍ਰਭਾਵ ਕਾਰਨ ਵਾਹਿਗੁਰੂ ਤੇ ਵਾਹਿਗੁਰੂ ਦੇ ਨਾਲ ਕੀਤੇ ਹਰ ਵਾਅਦੇ ਨੂੰ ਭੁੱਲਾ ਦਿੰਦਾ ਹੈ। ਸਾਹਿਬਾਂ ਦਾ ਪਾਵਨ ਕਥਨ ਵੀ ਹੈ…

ਦੁਖ ਤਦੇ ਜਾਂ ਵੀਸਰ ਜਾਵੈ॥

ਇਧਰ ਰੱਬ ਦਾ ਚੇਤਾ ਭੁੱਲਿਆ ਤੇ ਨਾਲ ਹੀ ਹਜ਼ਾਰਾਂ ਦੁੱਖਾਂ ਨੇ ਇਨਸਾਨ ਨੂੰ ਆ ਘੇਰਾ ਪਾ ਲਿਆ। ਬਸ ਫਿਰ ਐਸਾ ਜਨਮ ਤੋਂ ਲੈਕੇ ਮੌਤ ਤੱਕ ਪੰਜਾਂ ਵਿਕਾਰਾਂ ਰੂਪ ਭੂਤਾਂ ਵਿੱਚ ਘਿਰਿਆ ਕਿ ਆਪਣੀਂ ਜ਼ਿੰਦਗੀ ਨੂੰ ਹੀ ਗਰਕ ਕਰਕੇ ਬੈਠ ਗਿਆ।

ਅਸਨ ਬਸਨ ਸੰਗ ਲੀਨੇ ਅਉ ਬਚਨ ਕੀਨੇ,

ਜਨਮ ਲੈ ਸਾਧਸੰਗ ਸ੍ਰੀਗੁਰ ਆਰਾਧਿ ਹੈ॥

ਈਹਾਂ ਆਏ ਦਾਤਾ ਬਿਸਰਾਏ ਦਾਸੀ ਲਪਟਾਏ,

ਪੰਚ ਦੂਤ ਭੂਤ ਭ੍ਰਮ ਭ੍ਰਮਤ ਅਸਾਧਿ ਹੈ॥

ਸਾਚੁ ਮਰਨੋ ਬਿਸਾਰ ਜੀਵਨ ਮਿਥਿਆ ਸੰਸਾਰ,

ਸਮਝੈ ਨ ਜੀਤੁ ਹਾਰੁ ਸੁਪਨ ਸਮਾਧਿ ਹੈ॥

ਅਉਸਰ ਹੁਇ ਹੈ ਬਿਤੀਤਿ ਲੀਜੀਐ ਜਨਮੁ ਜੀਤਿ,

ਕੀਜੀਏ ਸਾਧਸੰਗਿ ਪ੍ਰੀਤ ਅਗਮ ਆਗਾਧਿ ਹੈ॥ (ਭ: ਗੁ; ਜੀ੪੯੮)

ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵੀ ਅਲੱਗ ਅਲੱਗ ਉਦਾਹਰਨਾਂ ਦੇਕੇ ਬੰਦੇ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਐ ਇਨਸਾਨ ਰੱਬ ਉਤੇ ਭਰੋਸਾ ਕਰ ਕਿਉਂਕਿ ਇਸ ਦੁਨੀਆਂ ਅੰਦਰ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਵੀ ਤੇਰੀ ਸਹਾਇਤਾ ਕਰਨ ਵਾਲਾ ਨਹੀ ਹੈ। ਬਾਬਾ ਕਬੀਰ ਜੀ ਦੀ ਰਸਨਾਂ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ …

ਰਾਮ ਜਪਉ ਜੀ ਐਸੇ ਐਸੇ॥ ਧ੍ਰੂ ਪ੍ਰਹਿਲਾਦ ਜਪਿਉ ਹਰਿ ਜੈਸੇ॥ (ਪੰਨਾਂ-੩੩੭)

ਵੀ ਇਹੋ ਹੀ ਇਸ਼ਾਰਾ ਕਰਦਾ ਹੈ ਕਿ ਜਿਵੇਂ ਧ੍ਰੂ ਤੇ ਪ੍ਰਹਿਲਾਦ ਨੇ ਵਾਹਿਗੁਰੂ ਜੀ ਤੇ ਵਿਸ਼ਵਾਸ਼ ਰੱਖ ਕੇ ਉਸ ਦਾ ਸਿਮਰਨ ਕੀਤਾ ਤਾਂ ਵਾਹਿਗੁਰੂ ਜੀ ਨੇ ਉਨਾਂ ਦੀ ਹਰ ਪੈਰ ਤੇ ਲਾਜ ਰੱਖੀ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਐ ਵਾਹਿਗੁਰੂ ਮੈਂ ਤੇਰਾ ਸਿਮਰਨ ਧ੍ਰੂ ਪ੍ਰਹਿਲਾਦ ਦੀ ਤਰ੍ਹਾਂ ਹੀ ਪੂਰੇ ਵਿਸ਼ਵਾਸ਼ ਨਾਲ ਕਰਾਂਗਾ। ਮੈਂ ਵਾਅਦਾ ਕਰਦਾ ਹਾਂ ਕਿ ਭਾਵੇਂ ਲੱਖਾਂ ਹੀ ਦੁਖ ਤਕਲੀਫਾਂ ਆਉਣ ਪਰ ਮੈ ਕਦੇ ਵੀ ਤੈਥੋਂ ਆਪਣਾਂ ਮੂੰਹ ਨਹੀਂ ਮੋੜ੍ਹਾਂਗਾ। ਕਿਉਂਕਿ ਐ ਗਰੀਬਾਂ ਤੇ ਦਇਆ ਕਰਨ ਵਾਲੇ ਵਾਹਿਗੁਰੂ ਮੈਂ ਤੇਰੇ ਭਰੋਸੇ ਉਤੇ ਹੀ ਆਪਣੇਂ ਸ਼ਰੀਰ ਦੇ ਸਾਰੇ ਗਿਆਨ ਇੰਦਰਿਆਂ ਦਾ ਪਰਿਵਾਰ ਤੇਰੇ ਨਾਮ ਦੇ ਬੇੜ੍ਹੇ ਤੇ ਚੜ੍ਹਾ ਦਿੱਤਾ ਹੈ। ਭਾਵ ਕਿ ਆਪਣੀਆਂ ਅੱਖਾਂ ਨੂੰ ਮੈਂ ਕੇਵਲ ਤੇਰਾ ਦੀਦਾਰ ਕਰਨ ਤੇ ਹੀ ਲਾ ਦਿੱਤਾ ਹੈ, ਪਹਿਲਾਂ ਮੇਰੀਆਂ ਅੱਖਾਂ ਦੁਨੀਆਂ ਦੇ ਰੰਗ ਤਮਾਸ਼ਿਆਂ ਵੱਲ ਲੱਗੀਆਂ ਸਨ ਪਰ ਤੇਰੀ ਮਿਹਰ ਸਦਕਾ ਹੁਣ ਇਹ ਨਾਂ ਪਰਾਇਆ ਤਨ ਦੇਖਦੀਆਂ ਹਨ ਤੇ ਨਾਂ ਹੀ ਪਰਾਇਆ ਧਨ ਵੇਖਦੀਆਂ ਹਨ, ਹੁਣ ਬੱਸ ਤੇਰਾ ਹੀ ਰੂਪ ਤੱਕਦੀਆਂ ਹਨ। ਮੇਰੇ ਕੰਨ੍ਹ ਹੁਣ ਕਿਸੇ ਦੀ ਨਿੰਦਿਆ ਚੁਗਲੀ ਨਹੀ ਸੁਣਦੇ, ਬੱਸ ਤੇਰੀ ਕੀਰਤੀ ਹੀ ਸੁਣਦੇ ਹਨ। ਮੇਰੀ ਜ਼ੁਬਾਨ ਵੀ ਹੁਣ ਕਿਸੇ ਨੂੰ ਮਾੜ੍ਹਾ ਨਹੀ ਬੋਲਦੀ ਇਹ ਵੀ ਬੱਸ ਤੇਰੀ ਬੰਦਗੀ ਹੀ ਕਰਦੀ ਹੈ। ਇਹ ਸਾਰੇ ਗਿਆਨ ਇਦਰੇ ਹੁਣ ਮੈ ਤੇਰੇ ਵੱਲ ਹੀ ਲਗਾ ਦਿੱਤੇ ਹਨ, ਮੈਨੂੰ ਤੇਰੇ ਉਤੇ ਪੂਰਾ ਭਰੋਸਾ ਹੈ ਕਿ ਤੂੰ ਆਪੇ ਹੀ ਮਿਹਰ ਕਰਕੇ ਇਹਨਾਂ ਨੂੰ ਪਾਰ ਲਗਾ ਦੇਵੇਂਗਾ।

ਦੀਨ ਦਇਆਲ ਭਰੋਸੇ ਤੇਰੇ॥ ਸਭੁ ਪਰਵਾਰੁ ਚੜ੍ਹਾਇਆ ਬੇੜ੍ਹੇ॥ (ਪੰਨਾਂ-੩੩੭)

ਅਸੀਂ ਜੀਵ ਇੱਕ ਨਾਸ਼ਵੰਤ ਚੀਜ਼ਾਂ ਤੇ ਤਾਂ ਭਰੋਸਾ ਰੱਖ ਲੈਂਦੇ ਆਂ ਪਰ ਕਦੇ ਵੀ ਇਸ ਦੁਨੀਆਂ ਨੂੰ ਰਚਨਹਾਰੇ ਤੇ ਭਰਸਾ ਨਹੀਂ ਕਰਦੇ। ਇੱਕ ਮਾਂ ਆਪਣੀਂ ਗੋਦ ਚ ਲੈਕੇ ਆਪਣੇਂ ਪੁੱਤਰ ਨੂੰ ਲਾਡ ਲਡਾਉਂਦੀ ਆਪਣੇਂ ਮਨ ਹੀ ਮਨ ਸੋਚਦੀ ਹੈ ਕਿ ਮੇਰਾ ਪੁਤਰ ਵੱਡਾ ਹੋਕੇ ਮੇਰੇ ਬੁਡੇਪੇ ਦਾ ਸਹਾਰਾ ਬਣੇਂਗਾ, ਇਸ ਦੀ ਇੱਕ ਸੋਹਣੀ ਘਰਵਾਲੀ ਆਵੇਗੀ ਫਿਰ ਮੇਰੇ ਪੋਤਰੇ- ਪੋਤਰੀਆਂ ਹੋਣਗੇ ਮੈਂ ਉਹਨਾਂ ਨੂੰ ਲਾਡ ਲਡਾਵਾਂਗੀ। ਇਸ ਤਰਾਂ ਸੋਚਦੀ ਸੋਚਦੀ ਹੀ ਮਾਂ ਇਹ ਭੁੱਲ ਜਾਂਦੀ ਹੈ ਕਿ ਇਸਦੀ ਉਮਰ ਪਤਾ ਨਹੀ ਇੱਕ ਸਾਲ ਹੈ ਜਾਂ ਸੌ ਸਾਲ ਜਾਂ ਇੱਕ ਦਿਨ। ਹੋ ਸਕਦਾ ਹੈ ਇਹ ਅੱਜ ਹੀ ਮਰ ਜਾਵੇ ਤੇ ਜ਼ੇਕਰ ਇਹ ਵੱਡਾ ਹੋ ਵੀ ਗਿਆ ਤਾਂ ਇਹ ਵੀ ਕੋਈ ਪੱਕਾ ਪਤਾ ਨਹੀ ਕਿ ਇਸਨੇਂ ਸੁਖ ਦੇਣੇਂ ਵੀ ਹਨ ਕਿ ਨਹੀ, ਹੋ ਸਕਦਾ ਹੈ ਇਹ ਵੱਡਾ ਹੋਕੇ ਮਾਂ ਨੂੰ ਹੀ ਘਰੋਂ ਕੱਢ ਦੇਵੇ ਪਰ ਫਿਰ ਵੀ ਮਾਂ ਦੇਖੋ ਸੌ ਸਾਲ ਤੱਕ ਦਾ ਅੰਦਾਜ਼ਾ ਹੁਣੇਂ ਹੀ ਲਗਾ ਕੇ ਬੈਠੀ ਹੈ। ਪਰ ਕਦੇ ਅਸੀਂ ਇਨ੍ਹਾਂ ਭਰੋਸਾ ਆਪਣੇਂ ਗੁਰੂ ਤੇ ਕੀਤਾ ਹੈ?

ਜੁਵਾਬ ਹੋਵੇਗਾ ਨਹੀਂ ਕਿਉਂਕਿ ਅਸੀ ਨਾਂ ਆਪਣੇਂ ਗੁਰੂ ਨੂੰ ਗੁਰੂ ਸਮਝਿਆ ਹੈ ਤੇ ਨਾਂ ਹੀ ਕਦੇ ਵਾਹਿਗੁਰੂ ਜੀ ਦੀ ਹੋਂਦ ਦਾ ਹੀ ਅਹਿਸਾਸ ਕੀਤਾ ਹੈ। ਕਿੰਨ੍ਹਾਂ ਭਰੋਸਾ ਸੀ ਆਪਣੇਂ ਗੁਰੂ ਤੇ ਉਹਨਾਂ ਬੀਬੀਆਂ ਨੂੰ ਜਿਹੜ੍ਹੀਆਂ ਮੀਰ ਮੰਨੂੰ ਦੀ ਕੈਦ ਵਿੱਚ ਰਹਿਕੇ ਆਪਣੇਂ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾ ਕੇ ਖੰਨੀ-ਖੰਨੀ ਰੋਟੀ ਤੇ ਗੁਜ਼ਾਰਾ ਕਰਦੀਆਂ ਅਤਿ ਦੇ ਜੁਲਮ ਸਹਿਦੀਆਂ, ਪਰ ਫਿਰ ਵੀ ਦੇਖੋ ਅਰਦਾਸ ਵਿੱਚ ਇਹੋ ਹੀ ਗਲ ਕਹਿੰਦੀਆਂ ਸਨ ਹੇ ਵਾਹਿਗੁਰੂ ਜੀ ਤੁਹਾਡੀ ਮਿਹਰ ਸਦਕਾ ਦਿਨ ਆਇਆ ਸੀ ਸੁਖਾਂ ਭਰਿਆ ਬਿਤੀਤ ਹੋਇਆ ਹੈ ਰੈਣ ਆਈ ਹੈ ਕਿਰਪਾ ਕਰਕੇ ਆਪਣੇਂ ਭਾਣੇਂ ਅੰਦਰ ਹੀ ਬਿਤੀਤ ਕਰਵਾ ਲੈਣੀਂ ਜੀ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਣੀ ਜੀ। ਦੇਖੋ ਕੈਸੀਆਂ ਮਾਵਾਂ ਸਨ ਉਹ ਪੁਤਾਂ ਦੀਆਂ ਬੋਟੀਆਂ ਝੋਲੀ ਵਿੱਚ ਨੇ ਪਰ ਫਿਰ ਵੀ ਵਾਹਿਗੁਰੂ ਦਾ ਸ਼ੁਕਰ ਹੀ ਮਨਾਂ ਰਹੀਆਂ ਨੇਂ। ਆਉ ਜਰਾ ਇਹ ਵਿਚਾਰ ਕਰੀਏ ਕਿ ਗੁਰਬਾਣੀ ਅੰਦਰ ਕਿੰਨ੍ਹਾਂ-ਕਿਨ੍ਹਾਂ ਅਰਥਾਂ ਵਿੱਚ ਭਰੋਸਾ ਸ਼ਬਦ ਲਿਆ ਗਿਆ ਹੈ. .

ਭਭਾ ਭੇਦਹਿ ਭੇਦ ਮਿਲਾਵਾ॥ ਅਬ ਭਉ ਭਾਨਿ ਭਰੋਸਉ ਆਵਾ॥ (ਪੰਨਾਂ-੩੪੩)

ਅਰਥ:- ਜੋ ਮਨੁਖ (ਪ੍ਰਭੂ ਨਾਲੋ ਪਈ) ਵਿਥ ਮੁਕਾ ਕੇ (ਆਪਣੇਂ ਮਨ ਨੂੰ ਪ੍ਰਭੂ ਦੀ ਯਾਦ ਵਿਚ) ਜੋੜਦਾ ਹੈ, ਉਸ ਯਾਦ ਦੀ ਬਰਕਤਿ ਨਾਲ (ਸੰਸਾਰਕ) ਡਰ ਦੂਰ ਕੀਤਿਆਂ ਉਸ ਪ੍ਰਭੂ ਤੇ ਸ਼ਰਧਾ ਬਣ ਜਾਂਦੀ ਹੈ।

ਅਬ ਮੋਹਿ ਰਾਮ ਭਰੋਸਉ ਪਾਏ॥

ਜੋ ਜੋ ਸਰਂਿਣ ਪਰਿਓ ਕਰੁਣਾਨਿਧਿ ਤੇ ਤੇ ਭਵਹਿ ਤਰਾਏ॥ ੧॥ ਰਹਾਉ॥ (ਪੰਨਾਂ-੧੨੦੪)

ਅਰਥ:- ਹੇ ਭਾਈ! (ਪਰਮਾਤਮਾ ਦੀ ਸਰਨ ਪੈ ਕੇ) ਹੁਣ ਮੈਂ ਪਰਮਾਤਮਾ ਦੀ ਬਾਬਤ ਇਹ ਨਿਸ਼ਚਾ ਬਣਾਂ ਲਿਆ ਹੈ ਕਿ ਜਿਹੜਾ ਜਿਹੜਾ ਮਨੁਖ ਉਸ ਤਰਸ ਦੇ ਸਮੁੰਦਰ ਪ੍ਰਭੂ ਦੀ ਸਰਨ ਪੈਂਦਾ ਹੈ, ਉਹਨਾਂ ਸਭਨਾਂ ਨੂੰ ਪਰਮਾਤਮਾ ਸੰਸਾਰ ਸਮੁੰਦਰ ਤੋਂ ਪਾਰ ਲਘਾ ਲੈਂਦਾ ਹੈ॥ ੧॥ ਰਹਾਉ॥

ਰਾਮ ਜਨਾ ਕਉ ਰਾਮ ਭਰੋਸਾ॥

ਨਾਮੁ ਜਪਤ ਸਭੁ ਮਿਟਿਓ ਅੰਦੇਸਾ॥ ੧॥ ਰਹਾਉ॥ (ਪੰਨਾਂ-੧੯੫)

ਅਰਥ:- (ਹੇ ਭਾਈ!) ਪਰਮਾਤਮਾ ਦੇ ਸੇਵਕਾਂ ਨੂੰ (ਹਰ ਵੇਲੇ) ਪਰਮਾਤਮਾ (ਦੀ ਸਹਾਇਤਾ) ਦਾ ਭਰੋਸਾ ਬਂਿਣਆ ਰਹਿੰਦਾ ਹੈ (ਇਸ ਵਾਸਤੇ) ਪਰਮਾਤਮਾ ਦਾ ਨਾਮ ਜਪਦਿਆਂ (ਉਹਨਾਂ ਦੇ ਅੰਦਰੋਂ) ਹਰੇਕ ਫਿਕਰ ਮਿਟਿਆ ਰਹਿੰਦਾ ਹੈ॥ ੧॥ ਰਹਾਉ॥

ਸਚਾ ਗੁਣੀ ਨਿਧਾਨੁ ਤੂੰ ਪ੍ਰਭ ਗਹਿਰ ਗੰਭੀਰੇ॥

ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ॥ (ਪੰਨਾਂ-੩੮੭)

ਅਰਥ:-ਹੇ ਪ੍ਰਭੂ! ਤੂੰ ਡੂੰਘਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਾਰੇ ਗੁਣਾਂ ਦਾ ਖਜ਼ਾਨਾਂ ਹੈਂ। ਹੇ ਨਾਨਕ ਦੀ ਜਿੰਦੇ! ਇਸ ਖਸਮ ਪ੍ਰਭੂ ਦੀ ਹੀ (ਤੋੜ ਨਿਭਣ ਵਾਲੇ ਸਾਥ ਦੀ) ਆਸ ਰੱਖ, ਖਸਮ ਪ੍ਰਭੂ ਦਾ ਹੀ ਭਰੋਸਾ ਰੱਖ॥ ੪॥

ਜੋ ਮਾਗਉ ਸੋਈ ਸੋਈ ਪਾਵਉ ਅਪਨੇ ਖਸਮ ਭਰੋਸਾ॥

ਕਹੁ ਨਾਨਕ ਗੁਰੁ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ॥ ੨॥ (ਪੰਨਾਂ-੬੨੦)

ਅਰਥ:- (ਹੇ ਭਾਈ)! ਮੈਂ ਤਾਂ ਜੋ ਕੁੱਝ (ਪ੍ਰਭੂ ਪਾਸੋਂ) ਮੰਗਦਾ ਹਾਂ, ਉਹੀ ਕੁੱਝ ਪ੍ਰਾਪਤ ਕਰ ਲੈਂਦਾ ਹਾਂ। ਮੈਨੂੰ ਆਪਣੇਂ ਮਾਲਕ, ਪ੍ਰਭੂ ਉਤੇ (ਪੂਰਾ) ਇਤਬਾਰ (ਬਣ ਚੁਕਾ) ਹੈ। ਹੇ ਨਾਨਕ! ਆਖ, ਜਿਸ ਮਨੁਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਦੇ ਸਾਰੇ ਚਿੰਤਾ ਫਿਕਰ ਦੂਰ ਹੋ ਜਾਂਦੇ ਹਨ॥ ੨॥

ਤੁਮਰੀ ਆਸ ਭਰੋਸਾ ਤੁਮਰਾ ਤੁਮਰਾ ਨਾਮੁ ਰਿਦੈ ਲੈ ਧਰਨਾ॥

ਤੁਮਰੋ ਬਲੁ ਤੁਮ ਸੰਗਿ ਸੁਹੇਲੇ ਜੋ ਜੋ ਕਹਹੁ ਸੋਈ ਸੋਈ ਕਰਨਾ॥ ੧॥ (ਪੰਨਾਂ-੧੩੦੦)

ਅਰਥ:- ਹੇ ਪ੍ਰਭੂ ਜੀ! ਮੈਨੂੰ ਤੇਰੀ ਹੀ ਆਸ ਹੈ, ਤੇਰੇ ਉਤੇ ਹੀ ਭਰੋਸਾ ਹੈ, ਮੈਂ ਤੇਰਾ ਹੀ ਨਾਮ (ਆਪਣੇਂ) ਹਿਰਦੇ ਵਿੱਚ ਟਿਕਾਇਆ ਹੋਇਆ ਹੈ। ਮੈਨੂੰ ਤੇਰਾ ਹੀ ਤਾਣ ਹੈ, ਤੇਰੇ ਚਰਨਾਂ ਵਿੱਚ ਮੈਂ ਸੁਖੀ ਰਹਿੰਦਾ ਹਾਂ। ਜੋ ਕੁੱਝ ਤੂ ਆਖਦਾ ਹੈਂ, ਮੈਂ ਉਹੀ ਕੁੱਝ ਕਰ ਸਕਦਾ ਹਾਂ।

ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ॥

ਪਹਿਲੇ ਦਰਸਨੁ ਮਗਹਰ ਪਾਇਓ ਫੁਨਿ ਕਾਸੀ ਬਸੇ ਆਈ॥ ੨॥ (ਪੰਨਾਂ-੯੬੯-ਕਬੀਰ ਜੀ)

ਅਰਥ:- (ਲੋਕ ਆਖਦੇ ਹਨ ਮਗਹਰ ਸਰਾਪੀ ਹੋਈ ਧਰਤੀ ਹੈ, ਪਰ) ਮੈਂ ਤੇਰੇ ਉਤੇ ਸ਼ਰਧਾ ਧਾਰ ਕੇ ਮਗਹਰ ਜਾ ਵਸਿਆ (ਤੂੰ ਮਿਹਰ ਕੀਤੀ ਤੇ) ਮੇਰੇ ਸਰੀਰ ਦੀ (ਵਿਕਾਰਾਂ ਦੀ) ਤਪਸ਼ (ਮਗਹਰ ਵਿੱਚ ਹੀ) ਬੁਝਾ ਦਿਤੀ। ਮੈਂ, ਹੇ ਪ੍ਰਭੂ! ਤੇਰਾ ਦੀਦਾਰ ਪਹਿਲਾਂ ਮਗਹਰ ਵਿੱਚ ਰਹਿੰਦਿਆਂ ਹੀ ਕੀਤਾ ਸੀ, ਤੇ ਫੇਰ ਮੈਂ ਕਾਸ਼ੀ ਵਿੱਚ ਆ ਵਸਿਆ॥ ੨॥

ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ ਮੁਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ॥

ਹਮਰੇ ਰਾਮ ਨਾਮ ਕਹਿ ਉਬਰੇ ਬੇਦ ਭਰੋਸੇ ਪਾਂਡੇ ਡੂਬਿ ਮਰਹਿ॥ ੩॥ (੯੭੦-ਕਬੀਰ ਜੀ)

ਅਰਥ:-ਤੂੰ (ਆਪਣੇਂ ਆਪ ਨੂੰ ਉੱਚੀ ਕੁਲ ਦਾ) ਬ੍ਰਹਮਣ (ਸਮਝਦਾ ਹੈਂ), ਮੈਂ (ਤੇਰੀਆਂ ਨਜ਼ਰਾਂ ਵਿਚ) ਕਾਸ਼ੀ ਦਾ (ਗਰੀਬ) ਜੁਲਾਹਾ ਹਾਂ। ਸੋ, ਮੇਰੀ ਤੇਰੀ ਬਰਾਬਰੀ ਕਿਵੇਂ ਹੋ ਸਕਦੀ ਹੈ? (ਭਾਵ, ਤੂੰ ਮੇਰੀ ਗਲ ਆਪਣੇਂ ਮਾਣ ਵਿੱਚ ਗਹੁ ਨਾਲ ਸੁਣਨ ਨੂੰ ਤਿਆਰ ਨਹੀਂ ਹੋ ਸਕਦਾ)। ਪਰ ਅਸੀ (ਜੁਲਾਹੇ ਤਾਂ) ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ ਸਮੁੰਦਰ ਤੋਂ) ਬਚ ਰਹੇ ਹਾਂ, ਤੇ ਤੁਸੀਂ, ਹੇ ਪਾਂਡੇ! ਵੇਦਾਂ ਦੇ (ਦੱਸੇ ਕਰਮ ਕਾਂਡ ਦੇ) ਭਰੋਸੇ ਰਹਿ ਕੇ ਹੀ ਡੁੱਬ ਕੇ ਮਰ ਰਹੇ ਹੋ॥ ੩॥

ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ॥

ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ॥ ੧॥ (ਪੰਨਾਂ-੫੧)

ਅਰਥ:-ਹੇ ਪਿਆਰੇ (ਪ੍ਰਭੂ ਪਿਤਾ)! ਤੇਰੇ ਪਿਆਰ ਦੇ ਭਰੋਸੇ ਤੇ ਮੈਂ ਲਾਡਾਂ ਵਿੱਚ ਹੀ ਦਿਨ ਗੁਗ਼ਾਰ ਦਿੱਤੇ ਹਨ। (ਮੈਨੂੰ ਯਕੀਨ ਹੈ ਕਿ) ਤੂੰ ਸਾਡਾ ਮਾਂ ਪਿਉ ਹੈਂ, ਤੇ ਬੱਚੇ ਭੁੱਲਾਂ ਤੇ ਉਕਾਈਆਂ ਕਰਿਆ ਹੀ ਕਰਦੇ ਹਨ॥ ੧॥

ਤਉ ਮੈ ਆਇਆ ਸਰਨੀ ਆਇਆ॥

ਭਰੋਸੈ ਆਇਆ ਕਿਰਪਾ ਆਇਆ॥

ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ॥ ੧॥ ਰਹਾਉ॥ (ਪੰਨਾਂ-੭੪੬)

ਅਰਥ:- ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਇਸ ਭਰੋਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਂਗਾ। ਸੋ, ਹੇ ਮਾਲਕ ਪ੍ਰਭੂ! ਜਿਵੇਂ ਤੈਨੂੰ ਚੰਗਾ ਲਗੇ, ਮੇਰੀ ਰੱਖਿਆ ਕਰ। (ਮੈਨੂੰ ਤੇਰੇ ਦਰ ਤੇ) ਗੁਰੂ ਨੇ ਭੇਜਿਆ ਹੈ (ਮੈਨੂੰ ਤੇਰੇ ਦਰ ਦਾ) ਰਸਤਾ ਗੁਰੂ ਨੇ (ਵਿਖਾਇਆ ਹੈ)॥ ੧॥ ਰਹਾਉ॥

ਜਿਹ ਨਰ ਜਸੁ ਕਿਰਪਾ ਨਿਧਿ ਗਾਇਓ ਤਾ ਕਉ ਭਇਓ ਸਹਾਈ॥

ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ॥ ੨॥ (ਪੰਨਾਂ-੧੦੮)

ਅਰਥ:- (ਹੇ ਭਾਈ)! ਜਿਨ੍ਹਾਂ ਭੀ ਬੰਦਿਆਂ ਨੇ ਕਿਰਪਾ ਦੇ ਖਜ਼ਾਨੇ ਪਰਮਾਤਮਾ ਦੀ ਸਿਫ਼ਤਿ ਸਾਲਾਹ ਕੀਤੀ, ਪਰਮਾਤਮਾ ਉਹਨਾਂ ਨੂੰ ਮਦਦਗਾਰ (ਹੋ ਕੇ) ਬਹੁੜਿਆ। ਹੇ ਨਾਨਕ! ਆਖ, ਮੈਂ ਭੀ ਇਸੇ ਹੀ ਭਰੋਸੇ ਤੇ ਆ ਕੇ ਪਰਮਾਤਮਾ ਦੀ ਹੀ ਸਰਨ ਲਈ ਹੈ॥ ੨॥ ੧॥

ਇਹ ਕੁੱਝ ਕੁ ਗੁਰੂਬਾਣੀ ਦੇ ਪ੍ਰਮਾਣਾਂ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਵਾਹਿਗੁਰੂ ਜੀ ਦੇ ਭਰੋਸੇ ਸਦਕਾ ਹੀ ਅਸੀਂ ਇਹ ਜੀਵਨ ਸਫਲ ਬਣਾਂ ਸਕਦੇ ਹਾਂ। ਜਦੋਂ ਗੁਰੂ ਸਾਹਿਬਾਨ ਸ਼ਰੀਰਕ ਰੂਪ ਵਿੱਚ ਹੁੰਦੇ ਸਨ ਉਸ ਸਮੇਂ ਸਿੱਖਾਂ ਨੂੰ ਆਪਣੇਂ ਗੁਰੂ ਤੇ ਬਹੁਤ ਵਿਸ਼ਵਾਸ਼ ਹੋਇਆ ਕਰਦਾ ਸੀ ਇਸ ਗੱਲ ਦਾ ਪਤਾ ਸਾਨੂੰ ਆਪਣੇਂ ਇਤਿਹਾਸ ਤੋਂ ਲਗਦਾ ਹੈ। ਪਰ ਜਦੋਂ ਸ਼ਰੀਰਕ ਗੱਦੀ ਦੀ ਗੱਲ ਖਤਮ ਹੋਈ ਤਾਂ ਦਸਮੇਂ ਸਤਿਗੁਰੂ ਜੀ ਨੇਂ ਸ਼ਪੱਸ਼ਟ ਹੀ ਕਹਿ ਦਿੱਤਾ ਸੀ ਐ ‘ਸਿੱਖੋ ਅੱਜ ਤੋਂ ਬਾਅਦ ਗੁਰੂ ਗ੍ਰੰਥ ਹੀ ਤੁਹਾਡਾ ਗੁਰੂ ਹੋਵੇਗਾ ਜਿਵੇਂ ਤੁਸੀਂ ਸਾਡਾ ਸਤਿਕਾਰ ਕਰਦੇ ਰਹੇ ਹੋ ਤਿਵੇਂ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾਂ ਇਸ਼ਟ ਸਮਝਦਿਆਂ ਇਨ੍ਹਾਂ ਦਾ ਹਰ ਹੁਕਮ ਸਿਰ ਮੱਥੇ ਪ੍ਰਵਾਨ ਕਰਨਾਂ ਹੈ। ਅੱਜ ਤੋਂ ਬਾਅਦ ਕੋਈ ਵੀ ਦੇਹਧਾਰੀ ਤੁਹਾਡਾ ਗੁਰੂ ਨਹੀ ਹੋਵੇਗਾ, ਗੁਰਬਾਣੀਂ ਨੂੰ ਹੀ ਦਸ਼ਾਂ ਗੁਰੂਆਂ ਦੀ ਆਤਮਿਕ ਜੋਤ ਸਮਝਦਿਆਂ ਹਰ ਸਮੇਂ ਇਹਨ੍ਹਾਂ ਨੂੰ ਅੰਗ ਸੰਗ ਸਮਝਣਾਂ ਹੈ। ਇਹ ਗੱਲ ਕਹਿਕੇ. . ਆਗਿਆ ਭਈ ਅਕਾਲ ਕੀ ਤਬੀ ਚਲਾਇਉ ਪੰਥ॥

ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉਂ ਗ੍ਰੰਥ॥

ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਕੀ ਦੇਹ॥

ਜੋ ਪ੍ਰਭ ਕੋ ਮਿਲਬੋ ਚਹੈ ਖੋਜ਼ ਸ਼ਬਦ ਮੇਂ ਲੇਹ॥

ਸਭ ਸਿੱਖਾਂ ਨੂੰ ਕੇਵਲ ਤੇ ਕੇਵਲ ਗੁਰੂ ਸ਼ਬਦ ਦੇ ਨਾਲ ਜੋੜ੍ਹ ਕੇ ਦੇਹਧਾਰੀ ਗੁਰੂ ਦੀ ਪ੍ਰੰਪਰਾ ਹੀ ਖਤਮ ਕਰ ਦਿੱਤੀ। ਗੁਰੂ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖਾਂ ਉਤੇ ਅੱਤ ਦੇ ਜ਼ੁਲਮ ਹੋਏ ਪਰ ਫਿਰ ਵੀ ਕਦੇ ਕਿਸੇ ਸਿੱਖ ਦਾ ਸਿੱਦਕ ਨਹੀ ਡੋਲਿਆ। ਹੱਸ ਹੱਸ ਕੁਰਬਾਨੀਆਂ ਦੇਣ ਵਾਲੀ ਇਸ ਕੌਮ ਦੇ ਸਿਰਾਂ ਦੇ ਮੁੱਲ ਪਏ। ਪਰ ਕਿਸੇ ਸਿੱਖ ਨੇਂ ਸਿੱਖੀ ਸਿਦਕ ਤੇ ਅਪਣਾਂ ਭਰੋਸਾ ਨਹੀ ਤਿਆਗਿਆ। ਪਰ ਬਦਕਿਸਮਤੀ ਹੈ ਕਿ ਅੱਜ ਸਾਡਾ ਭਰੋਸਾ ਗੁਰਬਾਣੀ ਤੇ ਨਹੀ ਰਿਹਾ। ਜਿਹੜੀ ਕੌਮ ਸ਼ਬਦ ਦੀ ਆਰਾਧਨਾਂ ਕਰਦੀ ਹੋਵੇ ਉਹ ਹੀ ਕੁਰਾਹੇ ਪੈ ਜਾਵੇ ਬੜ੍ਹੀ ਹੈਰਾਨੀ ਦੀ ਗੱਲ ਹੈ। ਸਿੱਖ ਨੇ ਨਿੱਤ ਸ਼ਬਦ ਤੋਂ ਨਵੀਂ ਸੇਧ ਲੈਣੀਂ ਸੀ ਹਰ ਕਰਮ ਸ਼ਬਦ ਦੀ ਸੇਧ ਤੋਂ ਹੀ ਕਰਨਾਂ ਸੀ ਪਰ ਅਸੀ ਕੇਵਲ਼ ਸੁੰਦਰ ਰੁਮਾਲਿਆਂ ਵੱਡੀਆਂ ਬਿਲਡਿੰਗਾਂ ਜਾਂ ਆਪਣੀ ਚੌਧਰ ਤੱਕ ਹੀ ਸੀਮਤ ਰਹਿ ਗਏ। ਇਹੋ ਹੀ ਕਾਰਨ ਹੈ ਅੱਜ ਦਾ ਸਿੱਖ ਸਿੱਖ ਹੀ ਨਹੀ ਰਿਹਾ। ਭੇਸ ਜਰੂਰ ਸਿੱਖਾਂ ਜੈਸਾ ਹੈ ਪਰ ਇਹ ਪਤਾ ਨਹੀ ਲੱਗਦਾ ਕਿ ਇਹ ਹਿੰਦੂ ਹੈ, ਮੁਸਲਮਾਨ ਹੈ, ਇਸਾਈ ਹੈ ਜਾਂ ਕੋਈ ਹੋਰ ਹੈ। ਕਿਉਕਿ ਅਸੀ ਕਬਰਾਂ ਵੀ ਪੂਜਦੇ ਹਾਂ ਪੀਰਾਂ ਦੀ ਪੂਜਾ ਵੀ ਕਰਦੇ ਹਾਂ ਤੇ ਹਿੰਦੂ ਮੱਤ ਦੇ ਵੀ ਸਾਰੇ ਕਰਮ ਕਰਦੇ ਹਾਂ। ਅੱਜ ਦੇ ਸਿੱਖ ਦਾ ਭਰੋਸਾ ਦੇਵੀ ਦੇਵਤਿਆਂ ਤੇ ਤਾਂ ਹੋ ਸਕਦਾ ਹੈ ਪਰ ਗੁਰੂਬਾਣੀ ਤੇ ਨਹੀ ਹੈ। ਇਹੋ ਕਾਰਨ ਕਿ ਸ਼ਨੀਵਾਰ ਨੂੰ ਅਸੀ ਸ਼ਨੀ ਦੀ ਕਰੋਪੀ ਤੋਂ ਬਚਣ ਦੇ ਲਈ ਗੁਰਦੁਆਰਿਆਂ ਅੰਦਰ ਕਾਲੇ ਛੋਲਿਆਂ ਦੇ ਤੇ ਮਾਂਹ ਦੀ ਦਾਲ ਦੇ ਢੇਰ ਲਾਏ ਹੁੰਦੇ ਹਨ। ਹੱਥਾਂ ਨੂੰ ਅਸੀਂ ਮੌਲੀਆਂ ਬੰਨੀ ਫਿਰਦੇ ਹਾਂ ਗਲਾਂ ਚ ਅਸੀਂ ਕਾਲੇ ਧਾਗੇ ਪਾਈ ਫਿਰਦੇ ਹਾਂ, ਘਰਾਂ ਜਾਂ ਦੁਕਾਨਾਂ ਤੇ ਅਸੀਂ ਨਿੰਬੂ ਤੇ ਮਿਰਚਾਂ ਬੰਨ੍ਹੀਂ ਫਿਰਦੇ ਹਾਂ। ਤੇ ਫਿਰ ਵੀ ਅਸੀ ਮੁੱਛ ਤੇ ਵੱਟ ਚੜ੍ਹਾ ਕੇ ਆਖਦੇ ਹਾਂ ਜੀ ਅਸੀ ਸਿੱਖ ਹਾਂ। ਸਾਡਾ ਕਿਹੜ੍ਹਾ ਕੰਮ ਹੈ ਗੁਰਸਿੱਖਾਂ ਵਾਲਾ ਜਿਸ ਕਾਰਨ ਅਸੀਂ ਆਪਣੇਂ ਆਪ ਤੇ ਮਾਣ ਕਰ ਸਕੀਏ।

ਅਸੀ ਅਪਣੇ ਧੀਆਂ ਪੁਤਾਂ ਦਾ ਵਿਆਹ ਕਰਦੇ ਆਂ ਤਾਂ ਪਹਿਲਾਂ ਸਾਹਾ ਕਢਵਾਉਣ ਪੰਡਿਤ ਦੇ ਕੋਲ ਜਾਂਦੇ ਆਂ, ਲਾਵਾਂ ਤੋਂ ਪਹਿਲਾਂ ਜੈ ਮਾਲਾ ਦੀ ਰਸਮ ਕਰਕੇ ਫਿਰ ਅਸੀ ਕੇਵਲ ਆਪਣਾਂ ਨੱਕ ਰੱਖਣ ਲਈ ਜਾਂ ਗੁਰਦਆਰੇ ਦਾ ਸ਼ਰਟੀਫਿਕੇਟ ਲੈਣ ਲਈ ਲਾਵਾਂ ਵੀ ਕਰਵਾ ਲੈਂਦੇ ਆਂ ਕਿ ਲੋਕ ਇਹ ਨਾਂ ਕਹਿਣ ਕਿ ਇਹ ਤਾਂ ਸਿੱਖ ਸੀ ਫਿਰ ਇਸਨੇਂ ਆਹ ਕੀ ਕੀਤਾ। ਜਦ ਕਿ ਜੈ ਮਾਲਾ ਪਾਉਣ ਦਾ ਮਤਲਬ ਹੀ ਇਹ ਹੈ ਕਿ ਵਿਆਹ ਹੋ ਗਿਆ ਹੈ। ਸਾਰੇ ਕਰਮ ਜਦੋਂ ਅਸੀਂ ਦੂਜਿਆਂ ਦੇ ਕਰਦੇ ਹਾਂ, ਫਿਰ ਵੀ ਅਸੀਂ ਕਹਿੰਦੇ ਆਂ ਕਿ ਅਸੀ ਸਿੱਖ ਹਾਂ।

ਸਾਡਾ ਭਰੋਸਾ ਅੱਜ ਬਿਲਕੁਲ ਵੀ ਗੁਰਬਾਣੀ ਤੇ ਨਹੀ ਰਿਹਾ। ਇੱਕ ਗ੍ਰੰਥੀ ਅਰਦਾਸ ਕਰਦਾ ਕਰਦਾ ਕਿਤੇ ਸਾਡਾ ਨਾਮ ਲੈਣਾਂ ਭੁੱਲ ਜਾਵੇ ਅਸੀ ਤੂਫਾਨ ਲਿਆ ਦੇਂਦੇ ਆਂ ਕਿ ਸਾਡਾ ਨਾਮ ਕਿਉਂ ਨਹੀ ਲਿਆ ਗਿਆ, ਪਹਿਲੀ ਗੱਲ ਤਾਂ ਇਹ ਹੈ ਕੇ ਜੇਕਰ ਸਾਨੂੰ ਆਪਣੇਂ ਗੁਰੂ ਤੇ ਭਰੋਸਾ ਹੁੰਦਾ ਤਾਂ ਅਸੀਂ ਕਦੇ ਆਪਣੇਂ ਨਾਮਾਂ ਦੀ ਲਿਸ਼ਟ ਹੀ ਨਾਂ ਦੇਂਦੇ, ਕਿਉਂਕਿ ਗੁਰੂ ਅੰਤਰਜਾਮੀਂ ਹੈ ਗੁਰੂ ਨੂੰ ਇਹ ਦੱਸਣ ਦੀ ਜਰੂਰਤ ਨਹੀ ਹੈ ਕਿ ਸਾਡਾ ਆ ਨਾਮ ਹੈ ਸਾਡਾ ਆ ਕਾਰਜ ਹੈ ਸਵਾਰ ਦਿਉ, ਜੇ ਭਰੋਸਾ ਹੋਵੇ ਤਾਂ ਫਿਰ ਬੋਲਣ ਦੀ ਵੀ ਕੋਈ ਜ਼ਰੂਰਤ ਨਹੀ ਹੈ। ਕਦੇ ਇਸ ਪਾਵਨ ਸ਼ਬਦ ਦੀ ਵੀ ਵਿਚਾਰ ਕਰ ਲੈਣਾਂ, ,

ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸ॥ (ਪੰਨਾਂ-੧੪੨੦)

ਸਾਨੂੰ ਭਰੋਸਾ ਸ਼ਰੀਰਾਂ ਤੇ ਹੈ ਗੂਰੂਬਾਣੀ ਤੇ ਨਹੀ ਹੈ, ਸਾਨੂੰ ਕਈ ਪਾਖੰਡੀ ਬਾਬਾ ਆਖੇ ਨਾਂ ਕਿ ਤੂੰ ਰਾਤ ਬਾਰ੍ਹਾਂ ਵਜੇ ਉਠ ਕੇ ਸ਼ਮਸ਼ਾਨ ਘਾਟ ਜਾਵੀਂ ਉਥੇ ਦੀਵਾ ਜਗਾਕੇ ਆਂਵੀ ਤਾਂ ਅਸੀ ਮਾਸਾ ਵੀ ਦੇਰ ਨਹੀ ਲਾਉਂਦੇ। ਤੇ ਜੇਕਰ ਗੁਰੂ ਕਹੇ ਸਿੱਖਾ ਤੂੰ ਸਵੇਰੇ ਉੱਠ ਕੇ ਸੰਗਤ ਵਿੱਚ ਜਾਕੇ ਗੁਰੂਬਾਣੀ ਸੁਣਿਆਂ ਕਰ ਕਥਾ ਸੁਣਿਆਂ ਕਰ ਤਾਂ ਅਸੀ ਕਹਾਂਗੇ ਸਾਡੇ ਕੋਲ ਤਾਂ ਟਾਈਮ ਹੀ ਨਹੀ ਹੈ। ਪਾਖੰਡੀ ਬਾਬੇ ਸਾਨੂੰ ਜੋ ਕਹਿਣ ਅਸੀ ਤੁਰੰਤ ਕਰਦੇ ਹਾਂ ਪਰ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨਹੀ ਮੰਨਦੇ।

ਕੀ ਸਾਡਾ ਭਰੋਸਾ ਬਾਬਿਆਂ ਤੇ ਹੈ ਜਾਂ ਸ਼ਬਦ ਤੇ ਹੈ? ? ? ? ?

ਗੁਰੂਬਾਣੀ ਦਾ ਤਾਂ ਅਸੀ ਕਦੇ ਅੰਮ੍ਰਿਤ ਪੀਦੇ ਨਹੀ ਸਰੋਵਰਾਂ ਦਾ ਪਾਣੀ ਬੋਤਲਾਂ ਵਿੱਚ ਇਕੱਠਾ ਕਰਕੇ ਲੈ ਜਾਂਦੇ ਹਾਂ ਫਿਰ ਆਪਣੇਂ ਘਰਾਂ ਵਿੱਚ ਉਸਦਾ ਤ੍ਰੋਂਕਾ ਦੇਂਦੇ ਆਂ ਕਿ ਇਸ ਦੇ ਨਾਲ ਮਾੜ੍ਹੀਆਂ ਬਲਾਵਾਂ ਘਰ ਨਹੀ ਆਉਂਦੀਆਂ। ਭਰੋਸਾ ਹੋ ਗਿਆ ਸਰੋਵਰਾਂ ਦੇ ਜਲ ਤੇ ਗੁਰੂ ਤੇ ਨਹੀ। ਜਲੰਧਰ ਦੀ ਗੱਲ ਹੈ ਇੱਕ ਬਜੁਰਗ ਨੇ ਮੈਨੂੰ ਕਿਹਾ ਮੈ ਤਾਂ ਫਲਾਣੇਂ ਸੰਤ ਕੋਲੋਂ ਨਾਮ ਲਿਆ ਹੈ ਉਹ ਕਹਿੰਦੇ ਆ ਹੁਣ ਤੈਨੂੰ ਅੰਮ੍ਰਿਤ ਦੀ ਕੋਈ ਲੋੜ੍ਹ ਨਹੀ ਹੈ। ਜੋ ਗੁਰੂ ਨੇ ਕਿਹਾ ਉਹ ਨਹੀ ਮੰਨਣਾਂ ਭਾਵੇ ਜੋ ਮਰਜੀ ਹੋ ਜਾਵੇ ਪਰ ਜੋ ਬਾਬਾ ਜੀ ਨੇ ਕਿਹਾ ਹੈ ਉਹ ਤਾਂ ਅਟੱਲ ਬਚਨ ਹੈ। ਪਹਿਲਾਂ ਸਿੱਖ ਗੁਰੂਬਾਣੀ ਇਸ ਕਰਕੇ ਪੜ੍ਹਿਆ ਕਰਦੇ ਸੀ ਕਿ ਗੁਰਬਾਣੀਂ ਜੀਵਣ ਜਾਂਚ ਸਿਖਾਉਂਦੀ ਹੈ, ਤੇ ਅੱਜ ਅਸੀਂ ਬਾਣੀ ਕੇਵਲ ਫ਼ਲ ਲੈਣ ਲਈ ਹੀ ਪੜ੍ਹਦੇ ਆਂ। ਤੇ ਕੁੱਝ ਕਿਰਪਾ ਮਾਤਾ ਕੌਲਾਂ ਵਾਲਿਆਂ ਨੇ ਕਰ ਦਿੱਤੀ ਕਿ ਜਪੁਜੀ ਸਾਹਿਬ ਦੇ ਐਨੇਂ ਪਾਠ ਕਰਨ ਨਾਲ ਅਖੰਡ ਪਾਠ ਦਾ ਫਲ ਮਿਲਦਾ ਹੈ ਸੁਖਮਨੀ ਸਾਹਿਬ ਜਾਂ ਚੌਪਈ ਦੇ ਐਨੇ ਪਾਠ ਕਰਨ ਨਾਲ ਸੰਪਟ ਪਾਠ ਦਾ ਫਲ ਮਿਲਦਾ ਹੈ, ਅਸੀ ਫਲ ਲੱਭਦੇ ਆਂ ਪਰ ਕਦੇ ਗੁਰਬਾਣੀ ਦੀ ਦਿੱਤੀ ਸਿੱਖਿਆ ਨੂੰ ਨਹੀ ਮੰਨਦੇ। ਸਾਡੀ ਢਹਿੰਦੀ ਕਲਾ ਦਾ ਕਾਰਨ ਵੀ ਇਹੋ ਹੀ ਹੈ। ਦੇਹਧਾਰੀ ਗੁਰੂਆਂ ਦੀਆਂ ਦੁਕਾਨਾਂ ਤੇ ਅੱਜ ਕਿਉਂ ਭੀੜ ਹੈ ਉਸਦੀ ਵਜ਼ਾ ਵੀ ਇਹੋ ਹੀ ਹੈ, ਕਿ ਅੱਜ ਸਾਡਾ ਭਰੋਸਾ ਆਪਣੇਂ ਗੁਰੂ ਤੇ ਨਹੀ ਰਿਹਾ। ਦੂਜੀ ਗੱਲ ਕਿ ਭਰੋਸਾ ਨਾਂ ਹੋਣ ਦੀ ਕੀ ਵਜ਼ਾ ਹੈ? ਉਤਰ ਇਹ ਹੈ ਕਿ ਗੁਰਬਾਣੀ ਇੱਕ ਜੀਵਣ ਜਾਂਚ ਹੈ ਨਾਂ ਕਿ ਕਰਾਮਾਤੀ ਸ਼ਕਤੀ। ਸ਼ਾਇਦ ਇਹ ਗੱਲ ਕਈ ਵੀਰਾਂ ਨੂੰ ਨਾਂ ਰਾਸ ਆਵੇ, ਪਰ ਮੈ ਇਹ ਜਰੂਰ ਕਹਾਂਗਾ ਕਿਉਂਕਿ ਕਿ ਸਾਡੇ ਪ੍ਰਚਾਰਕ ਵੀਰਾਂ ਨੇ ਜਾਂ ਅਖੌਤੀ ਮਹਾਂਪੁਰਸ਼ਾਂ ਨੇਂ ਗੁਰਬਾਣੀ ਨੂੰ ਮਹਿਜ ਇੱਕ ਸਾਡੀਆਂ ਅਰਦਾਸਾਂ ਪੂਰੀਆਂ ਕਰਨ ਵਾਲੀ ਕਰਾਮਾਤੀ ਸ਼ਕਤੀ ਬਣਾਂ ਦਿਤਾ ਹੈ। ਜਿਵੇਂ ਮੰਦਰਾਂ ਵਿੱਚ ਸੁਖਣਾਂ ਸੁੱਖੀਆਂ ਜਾਂਦੀਆਂ ਹਨ ਤੇ ਫਿਰ ਲਾਹੀਆਂ ਜਾਂਦੀਆਂ ਹਨ। ਉਹੀ ਕੰਮ ਹੁਣ ਗੁਰਦੁਆਰਿਆਂ ਵਿੱਚ ਹੋ ਰਹੇ ਨੇ। ਮੈਂ ਖੁਦ ਕਥਾਵਾਚਕ ਹਾਂ ਤੇ ਮੈਨੂੰ ਅਫਸੋਸ ਹੈ ਕਿ ਸਾਡੇ ਪ੍ਰਚਾਰਕ ਵੀਰ ਕੇਵਲ ਲੋਕਾਂ ਦੀ ਵਡਿਆਈ ਲੈਣ ਵਾਸਤੇ ਗੁਰਮਤਿ ਦੇ ਅਸਲ ਸਿਧਾਂਤ ਤੋਂ ਦੂਰ ਹੋ ਰਹੇ ਹਨ। ਅਸੀ ਜਦੋਂ ਆਮ ਹੀ ਇਹ ਗੱਲ ਕਹਿੰਦੇ ਹਾਂ ਕਿ ਗੁਰੂ ਘਰ ਤੋਂ ਜੋ ਮੰਗੋ ਉਹ ਮਿਲਦਾ ਹੈ, ਉਸ ਸਮੇਂ ਹੀ ਕਈ ਲੋਕ ਆਪਣੀਆਂ ਮੰਗਾਂ ਗੁਰੂ ਘਰ ਰੱਖ ਜਾਂਦੇ ਹਨ ਕਿ ਮਹਾਰਾਜ ਜੇ ਤੂੰ ਮੇਰੀ ਮੰਗ ਪੂਰੀ ਕਰ ਦਿੱਤੀ ਤਾਂ ਮੈਂ ਆਹ ਸੇਵਾ ਤੇਰੇ ਦਰ ਦੀ ਕਰਾਂਗਾ। ਜੇ ਤਾਂ ਉਹ ਮੰਗ ਪੂਰੀ ਹੋ ਗਈ ਤਾਂ ਸਾਡਾ ਭਰੋਸਾ ਹੋਰ ਵਧੇਗਾ ਜੇ ਨਾਂ ਪੂਰੀ ਹੋਈ ਤਾਂ ਫਿਰ ਅਸੀ ਕੋਈ ਹੋਰ ਦਰ ਲੱਭਾਂਗੇ। ਬੱਸ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀ ਗੁਰੂ ਘਰ ਨੂੰ ਵੀ ਆਪਣੀਆਂ ਮੰਗਾਂ ਦੀ ਪੂਰਤੀ ਦਾ ਅਸਥਾਨ ਸਮਝ ਲਿਆ ਹੈ। ਜਦ ਕਿ ਗੁਰੂ ਘਰ ਕੇਵਲ ਇਨਸਾਨ ਨੂੰ ਜੀਵਨ ਜਾਂਚ ਸਿਖਾਉਂਣ ਲਈ ਹੀ ਕਾਇਮ ਕੀਤੇ ਗਏ ਸਨ, ਪਰ ਬਦਕਿਸਮਤੀ ਹੈ ਕੇ ਅਸੀ ਦੁਨੀਆਂ ਤੱਕ ਗੁਰੂ ਨਾਨਾਕ ਸਾਹਿਬ ਦੀ ਆਵਾਜ ਸਹੀ ਤਰ੍ਹਾਂ ਨਹੀ ਪਹੁੰਚਾ ਸਕੇ, ਜਿਸ ਕਾਰਨ ਸਾਡੀ ਆਹ ਹਾਲਤ ਹੋ ਗਈ ਹੈ।

ਸਾਡਾ ਜੀਵਨ ਐਸਾ ਹੋਵੇ ਕਿ ਅਸੀ ਆਖੀਏ ਹੇ ਸੱਚੇ ਪਾਤਸ਼ਾਹ ਮੈ ਤੇਰੇ ਦਰ ਤੇ ਆ ਗਿਆਂ ਹਾਂ ਹੁਣ ਭਾਵੇਂ ਰੱਖ ਲੈ ਤੇ ਭਾਵੇਂ ਮਾਰ ਦੇ ਮੇਰਾ ਤੇਰੇ ਤੋਂ ਬਿਨਾਂ ਕੋਈ ਹੋਰ ਦੂਜਾ ਹੈ ਹੀ ਨਹੀਂ ਹੈ।

ਅਬ ਹਮ ਚਲੀ ਠਾਕੁਰ ਪਹਿ ਹਾਰਿ॥ ਜਬ ਹਮ ਸਰਨਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ॥ (ਪੰਨਾਂ੫੨੭) ਗੁਰੂ ਮਿਹਰ ਕਰੇ ਸਾਡਾ ਭਰੋਸਾ ਫਿਰ ਆਪਣੇਂ ਸ਼ਬਦ ਰੂਪ ਗੁਰੂ ਤੇ ਬਣ ਆਵੇ ਜੀ।

ਲੇਖਕ-ਭਾਈ ਲਖਵਿੰਦਰ ਸਿੰਘ ਗੰਭੀਰ (ਕਥਾਵਾਚਕ)

ਮੋਬਾਈਲ ਨੰ: ੦੯੮੭੨੧-੧੮੮੪੮

੦੯੪੬੩੩-੬੫੧੫੦  
.